ਅਮਰੀਕਾ ਵਿਚ ਭਾਰਤੀ ਡਾਂਸਰ ਅਮਰਨਾਥ ਘੋਸ਼ ਦੀ ਅਣਪਛਾਤੇ ਹਮਲਾਵਰ ਵੱਲੋਂ ਗੋਲੀਆਂ ਮਾਰ ਕੇ ਹੱਤਿਆ

ਅਯੁੱਧਿਆ ਫਾਊਂਡੇਸ਼ਨ ਦਾ ਸੰਸਥਾਪਕ ਸੀ ਘੋਸ਼

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਭਾਰਤੀ ਡਾਂਸਰ ਅਮਰਨਾਥ ਘੋਸ਼ ਜੋ ਵਾਸ਼ਿੰਗਟਨ ਯੁਨੀਵਰਸਿਟੀ ਵਿਖੇ ਪੀ ਐਚ ਡੀ ਕਰ ਰਿਹਾ ਸੀ, ਦੀ ਸੇਂਟ ਲੋਇਸ, ਮਿਸੋਰੀ  ਵਿਚ ਉਸ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ ਜਦੋਂ ਉਹ ਸ਼ਾਮ ਦੀ ਸੈਰ ਕਰ ਰਿਹਾ ਸੀ। ਮੁੱਢਲੀਆਂ ਰਿਪੋਰਟਾਂ ਅਨੁਸਾਰ ਅਣਪਛਾਤੇ ਹਮਲਾਵਰ ਨੇ ਘੋਸ਼ ਦੇ ਕਈ ਗੋਲੀਆਂ ਮਾਰੀਆਂ।

ਹਾਲਾਂ ਕਿ ਇਸ ਸਬੰਧੀ ਅਜੇ ਤੱਕ ਪੁਲਿਸ ਦਾ ਕੋਈ ਬਿਆਨ ਨਹੀਂ ਆਇਆ ਹੈ ਪਰੰਤੂ ਸੋਸ਼ਲ ਮੀਡੀਆ ਉਪਰ ਮੀਨਾਕਸ਼ੀ ਸ਼ਰਨ ਵੱਲੋਂ ਪਾਈ ਇਕ ਪੋਸਟ ਵਿਚ ਕਿਹਾ ਗਿਆ ਹੈ ਕਿ ” ਅਯੁੱਧਿਆ ਫਾਊਂਡੇਸ਼ਨ ਦੇ ਸੰਸਥਾਪਕ ਡਾਂਸਰ ਅਮਰਨਾਥ ਘੋਸ਼ ਨੂੰ ਸੇਂਟ ਲੋਇਸ, ਮਿਸੋਰੀ ਵਿਚ ਗੋਲੀ ਮਾਰ ਦਿੱਤੀ ਗਈ ਹੈ। ਪਰਿਵਾਰ ਦੇ ਇਕੋ ਇਕ ਬੱਚੇ ਨੇ ਬਹੁਤ ਹੀ ਛੋਟੀ ਉਮਰ ਵਿਚ ਆਪਣਾ ਪਿਤਾ ਸਦਾ ਲਈ ਗਵਾ ਲਿਆ ਹੈ ਜਿਸ ਦੀ ਮਾਂ ਦੀ 3 ਸਾਲ ਪਹਿਲਾਂ ਹੀ ਮੌਤ ਹੋ ਗਈ ਸੀ।”

ਕੋਲਕਤਾ ਵਾਸੀ ਟੀ ਵੀ ਅਦਾਕਾਰਾ ਤੇ ‘ਬਿੱਗ ਬੌਸ’ ਕਲਾਕਾਰ ਡੀਵੋਲੀਨਾ ਭੱਟਾਚਾਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਮਿੱਤਰ ਘੋਸ਼ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿਚ ਮੱਦਦ ਕੀਤੀ ਜਾਵੇ।

Comments are closed, but trackbacks and pingbacks are open.