ਪੁਲਿਸ ਨੇ ਮੌਤ ਪਿੱਛੇ ਕਿਸੇ ਸਾਜਿਸ਼ ਤੋਂ ਕੀਤਾ ਇਨਕਾਰ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਬੋਸਟਨ (ਮਾਸਾਚੂਸੈਟਸ) ਪੜਾਈ ਕਰਨ ਗਏ 20 ਸਾਲਾ ਭਾਰਤੀ ਵਿਦਿਆਰਥੀ ਅਭੀਜੀਤ ਪਰਚੂਰ ਦੀ ਭੇਦਭਰੀ ਮੌਤ ਹੋ ਜਾਣ ਦੀ ਖਬਰ ਹੈ।
ਆਂਧਰਾ ਪ੍ਰਦੇਸ਼ ਦਾ ਰਹਿਣਾ ਵਾਲਾ ਪਰਚੂਰ ਮ੍ਰਿਤਕ ਹਾਲਤ ਵਿਚ ਮਿਲਿਆ ਹੈ। ਨਿਊਯਾਰਕ ਵਿਚਲੇ ਭਾਰਤੀ ਕੌਂਸਲਖਾਨੇ ਨੇ ਕਿਹਾ ਹੈ ਕਿ ਪੁਲਿਸ ਦੀ ਮੁੱਢਲੀ ਜਾਂਚ ਵਿਚ ਪਰਚੂਰ ਦੀ ਮੌਤ ਪਿੱਛੇ ਕਿਸੇ ਸਾਜਿਸ਼ ਨੂੰ ਰੱਦ ਕੀਤਾ ਗਿਆ ਹੈ ਤੇ ਕਿਹਾ ਹੈ ਕਿ ਇਹ ਇਕ ਆਮ ਮੌਤ ਲੱਗਦੀ ਹੈ ਹਾਲਾਂ ਕਿ ਮਾਮਲਾ ਅਜੇ ਜਾਂਚ ਅਧੀਨ ਹੈ।
ਸੋਸ਼ਲ ਮੀਡੀਆ ਐਕਸ ਉਪਰ ਪਾਏ ਇਕ ਬਿਆਨ ਵਿਚ ਕੌਂਸਲਖਾਨੇ ਨੇ ਪਰਚੂਰ ਦੀ ਮੌਤ ਉਪਰ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਕੌਂਸਲਖਾਨੇ ਨੇ ਇਹ ਵੀ ਕਿਹਾ ਹੈ ਕਿ ਪਰਚੂਰ ਦੀ ਮੌਤ ਦੇ ਕਾਰਨ ਦੀ ਜਾਂਚ ਹੋ ਰਹੀ ਹੈ ਤੇ ਵਿਦਿਆਰਥੀ ਦੇ ਮਾਪੇ ਜਾਂਚਕਾਰਾਂ ਦੇ ਸੰਪਰਕ ਵਿਚ ਹਨ। ਪਰਚੂਰ ਆਂਧਰਾ ਪ੍ਰਦੇਸ਼ ਦੇ ਗੰਟੂਰ ਦਾ ਰਹਿਣ ਵਾਲਾ ਸੀ ਤੇ ਉਹ ਬੋਸਟਨ ਯੁਨੀਵਰਸਿਟੀ ਵਿਚ ਇੰਜੀਨੀਅਰਿੰਗ ਦੀ ਪੜਾਈ ਕਰ ਰਿਹਾ ਸੀ। ਉਹ ਇਕ ਹੋਰ ਵਿਦਿਆਰਥੀ ਨਾਲ ਇਕ ਕਮਰੇ ਵਿਚ ਰਹਿੰਦਾ ਸੀ।
ਪੁਲਿਸ ਨੇ ਉਸ ਦੀ ਲਾਸ਼ ਯੁਨੀਵਰਸਿਟੀ ਕੈਂਪਸ ਨੇੜੇ ਜੰਗਲੀ ਖੇਤਰ ਵਿਚ ਲਾਵਾਰਸ ਛੱਡੇ ਇਕ ਵਾਹਣ ਵਿਚੋਂ ਬਰਾਮਦ ਕੀਤੀ ਹੈ। ਇਸ ਸਾਲ ਭਾਰਤੀ ਮੂਲ ਦੇ ਕਿਸੇ ਵਿਅਕਤੀ ਨਾਲ ਵਾਪਰੀ ਇਸ ਕਿਸਮ ਦੀ ਇਹ 9ਵੀਂ ਘਟਨਾ ਹੈ ਜਿਸ ਕਾਰਨ ਭਾਰਤੀ ਭਾਈਚਾਰੇ ਵਿਚ ਚਿੰਤਾ ਤੇ ਡਰ ਦੀ ਭਾਵਨਾ ਪਾਈ ਜਾ ਰਹੀ ਹੈ।
Comments are closed, but trackbacks and pingbacks are open.