ਅਮਰੀਕਾ ਦੇ ਲੇਵਿਸਟਨ ਸ਼ਹਿਰ ਵਿਚ ਅੰਧਾਧੁੰਦ ਗੋਲੀਬਾਰੀ ਵਿੱਚ 20 ਮੌਤਾਂ ਤੇ 50 ਤੋਂ ਵਧ ਜ਼ਖਮੀ

ਹਮਲਾਵਰ ਹੋਇਆ ਫਰਾਰ, ਸ਼ਹਿਰ ਵਿਚ ਸਹਿਮ ਤੇ ਅਫਰਾ ਤਫਰੀ ਦਾ ਮਾਹੌਲ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਮੇਨੇ ਰਾਜ ਦੇ ਲੇਵਿਸਟਨ ਸ਼ਹਿਰ ਵਿਚ ਬੀਤੀ ਰਾਤ ਇਕ ਹਮਲਾਵਰ ਵੱਲੋਂ ਕੀਤੀ ਅੰਧਾਧੁੰਦ ਗੋਲੀਬਾਰੀ ਵਿੱਚ ਘੱਟੋ ਘੱਟ 20 ਲੋਕਾਂ ਦੇ ਮਾਰੇ ਜਾਣ ਤੇ 50 ਤੋਂ ਵਧ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਹਾਲਾਂ ਕਿ ਮੌਤਾਂ ਦੀ ਅਸਲ ਗਿਣਤੀ ਬਾਰੇ ਅਜੇ ਕਿਸੇ ਵੀ ਪੁਲਿਸ ਅਧਿਕਾਰੀ ਨੇ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਹੈ ਪਰੰਤੂ ਮੀਡੀਆ ਤੇ ਹੋਰ ਸੂਤਰਾਂ ਅਨੁਸਾਰ 20 ਲੋਕਾਂ ਦੀ ਮੌਤ ਹੋਈ ਹੈ ਤੇ ਇਹ ਗਿਣਤੀ ਵਧ ਸਕਦੀ ਹੈ। ਇਸ ਘਟਨਾ ਤੋਂ ਬਾਅਦ ਖੇਤਰ ਵਿਚ ਅਫਰਾ ਤਫਰੀ ਤੇ ਸਹਿਮ ਦਾ ਮਹੌਲ ਹੈ। ਇਹ ਜਾਣਕਾਰੀ ਲਾਅ ਇਨਫੋਰਸਮੈਂਟ ਸੂਤਰਾਂ ਨੇ ਦਿੱਤੀ ਹੈ।

ਐਂਡਰੋਸਕੋਗਿਨ ਕਾਊਂਟੀ ਸ਼ੈਰਿਫ ਦਫਤਰ ਨੇ ਫੇਸਬੁੱਕ ਉਪਰ ਦਿਤੀ ਜਾਣਕਾਰੀ ਵਿਚ ਕਿਹਾ ਹੈ ਕਿ ਗੋਲੀਬਾਰੀ ਉਪਰੰਤ ਸ਼ੱਕੀ ਹਮਲਾਵਰ ਫਰਾਰ ਹੋ ਗਿਆ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ । ਸ਼ੈਰਿਫ ਦਫਤਰ ਨੇ ਸ਼ੱਕੀ ਹਮਲਾਵਰ ਦੀਆਂ ਦੋ ਤਸਵੀਰਾਂ ਜਾਰੀ ਕੀਤੀਆਂ ਹਨ ਜਿਨਾਂ ਵਿਚ ਉਹ ਗੋਲੀਆਂ ਚਲਾਉਂਦਾ ਹੋਇਆ ਨਜਰ ਆ ਰਿਹਾ ਹੈ। ਪੁਲਿਸ ਨੇ ਕਿਹਾ ਹੈ ਕਿ ਸ਼ੱਕੀ ਕੋਲ ਉੱਚ ਸ਼ਕਤੀਸ਼ਾਲੀ ਅਸਾਲਟ ਕਿਸਮ ਦੀ ਰਾਈਫਲ ਹੈ। ਉਹ ਖਤਰਨਾਕ ਹੈ ਤੇ ਹੋਰ ਲੋਕਾਂ ਦੀ ਵੀ ਜਾਨ ਲੈ ਸਕਦਾ ਹੈ।

ਸਟੇਟ ਪੁਲਿਸ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਤੇ ਸ਼ੱਕੀ ਬਾਰੇ ਕੋਈ ਜਾਣਕਾਰੀ ਮਿਲਣ ‘ਤੇ ਫੋਨ ਉਪਰ ਇਤਲਾਹ ਦੇਣ ਲਈ ਕਿਹਾ ਹੈ। ਮੇਨੇ ਦੇ ਜਨਤਿਕ ਸੁਰੱਖਿਆ ਵਿਭਾਗ ਦੇ ਬੁਲਾਰੇ ਸ਼ਾਨੋਨ ਮੌਸ ਨੇ ਲੋਕਾਂ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਉਹ ਸੜਕਾਂ ਉਪਰ ਨਾ ਆਉਣ ਤੇ ਅਧਿਕਾਰੀਆਂ ਨੂੰ ਹਾਲਾਤ ਨਾਲ ਨਜਿੱਠਣ ਲਈ ਕੰਮ ਕਰਨ ਦੇਣ। ਉਨਾਂ ਕਿਹਾ ਹੈ ਕਿ ਅਧਿਕਾਰੀ ਇਸ ਸਮੇ ਦੋ ਥਾਵਾਂ ‘ਤੇ ਹੋਈ ਗੋਲੀਬਾਰੀ ਦੀ ਜਾਂਚ ਵਿਚ ਲਗੇ ਹੋਏ ਹਨ।

ਇਕ ਹੋਰ ਰਿਪੋਰਟ ਅਨੁਸਾਰ 3 ਥਾਵਾਂ ‘ਤੇ ਗੋਲੀਬਾਰੀ ਹੋਈ ਹੈ। ਸਭ ਤੋਂ ਪਹਿਲਾਂ ਸੁਪਰਟਾਈਮ ਰੀਕ੍ਰੀਏਸ਼ਨ ਵਿਚ ਗੋਲੀਬਾਰੀ ਹੋਈ ਉਪਰੰਤ ਹਮਲਾਵਰ ਨੇ ਸਕੀਮੈਨਜੀਸ ਬਾਰ ਐਂਡ ਗਰਿਲ ਰੈਸਟੋਰੈਂਟ ਵਿਚ ਗੋਲੀਬਾਰੀ ਕੀਤੀ। ਇਸ ਦੇ ਕੁਝ ਮਿੰਟਾਂ ਬਾਅਦ ਰਾਤ 8.15 ਵਜੇ ਵਾਲਮਾਰਟ ਡਿਸਟ੍ਰੀਬਿਊਸ਼ਨ ਸੈਂਟਰ ਵਿਚ ਹਮਲਾ ਹੋਇਆ। ਗੋਲੀਬਾਰੀ ਦਾ ਇਹ ਸਿਲਸਿਲਾ ਤਕਰੀਬਨ 7 ਵਜੇ ਸ਼ੁਰੂ ਹੋਇਆ ਜੋ 8.30 ਵਜੇ ਤੱਕ ਜਾਰੀ ਰਿਹਾ। ਲੇਵਿਸਟਨ ਸ਼ਹਿਰ ਪੋਰਟਲੈਂਡ ਦੇ ਉੱਤਰ ਵਿਚ 36 ਮੀਲ ਦੂਰ ਸਥਿੱਤ ਹੈ ਤੇ ਇਹ ਮੇਨੇ ਰਾਜ ਦਾ ਦੂਸਰਾ ਵੱਡਾ ਸ਼ਹਿਰ ਹੈ।

Comments are closed, but trackbacks and pingbacks are open.