ਅਮਰੀਕਾ ਦੇ ਲੂਇਸਿਆਨਾ ਰਾਜ ਵਿਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਕਈ ਵਾਹਣ ਆਪਸ ਵਿਚ ਟਕਰਾਏ

7 ਮੌਤਾਂ ਤੇ ਕਈ ਹੋਰ ਜ਼ਖਮੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਲੂਇਸਿਆਨਾ ਰਾਜ ਵਿਚ ਇੰਟਰਸਟੇਟ 55 ਉਪਰ ਨਿਊ ਓਰਲੀਨਜ ਨੇੜੇ ਸੰਘਣੀ ਧੁੰਦ ਕਾਰਨ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਘੱਟੋ ਘੱਟ 7 ਵਿਅਕਤੀਆਂ ਦੇ ਮਾਰੇ ਜਾਣ ਤੇ ਕਈ ਹੋਰਨਾਂ ਦੇ  ਜ਼ਖਮੀ ਹੋ ਜਾਣ ਦੀ ਖਬਰ ਹੈ। ਲੂਇਸਿਆਨਾ ਸਟੇਟ ਪੁਲਿਸ ਅਨੁਸਾਰ ਹਾਦਸੇ ਦੌਰਾਨ 158 ਵਾਹਣ ਆਪਸ ਵਿਚ ਟਕਰਾਏ।

ਪੁਲਿਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ 25 ਤੋਂ ਵਧ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਨਾਂ ਵਿਚ ਗੰਭੀਰ ਜ਼ਖਮੀ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ  ਕੁਝ ਜ਼ਖਮੀ ਖੁਦ ਹੀ ਹਸਪਤਾਲਾਂ ਵਿਚ ਪਹੁੰਚੇ ਹਨ। ਹਾਦਸੇ ਉਪਰੰਤ ਕੁਝ ਵਾਹਣਾਂ ਨੂੰ ਅੱਗ ਲੱਗ ਜਾਣ ਦੀ ਵੀ ਰਿਪੋਰਟ ਹੈ। ਲੂਇਸਿਆਨਾ ਦੇ ਗਵਰਨਰ ਜੌਹਨ ਬੈਲ ਐਡਵਰਡਜ ਨੇ ਹਾਦਸੇ ਉਪਰ ਚਿੰਤਾ ਪ੍ਰਗਟ ਕਰਦਿਆਂ ਪੀੜਤਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।

ਪੁਲਿਸ ਅਨੁਸਾਰ ਹਾਦਸੇ ਉਪਰੰਤ ਇੰਟਰਸਟੇਟ 55 ਤੋਂ ਇਲਾਵਾ ਇੰਟਰਸਟੇਟ 10 ਤੇ 310 ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

Comments are closed, but trackbacks and pingbacks are open.