ਖਾਲਸਾ ਪੰਥ ਦੀ ਸਿਰਜਣਾ ਦਾ ਗਵਾਹ ਬਣੀ 1699 ਦੀ ਵਿਸਾਖੀ

ਹਾਸ਼ੀਏ `ਤੇ ਰਹਿ ਗਏ, ਪਛੜੇ ਵਰਗ ਦੇ ਲੋਕਾਂ ਦਾ 1699 ਦੀ ਇਤਿਹਾਸਕ ਵਿਸਾਖੀ ਨਾਲ ਡੂੰਘਾ ਸਬੰਧ ਹੈ। ਇਸ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ `ਤੇ ਐਸਾ ਇਨਕਲਾਬ ਵਾਪਰਿਆ ਸੀ ਜਿਸ ਨੇ ਭਾਰਤੀ ਸਮਾਜ ਵਿਚ ਸੱਤਾ ਦੇ ਸਮੀਕਰਨ ਬਦਲ ਦਿੱਤੇ ਸਨ ਅਤੇ ਪਛੜੇ ਵਰਗ ਨੂੰ ਸੱਤਾ ਵਿਚ ਹਿੱਸੇਦਾਰੀ ਦੁਆਉਣ ਦਾ ਰਾਹ ਪੱਧਰਾ ਕਰ ਦਿੱਤਾ ਸੀ।

ਇਤਿਹਾਸ ਸਾਖੀ ਹੈ ਕਿ ਭਾਰਤੀ ਸਮਾਜ ਦਾ ਇਕ ਵੱਡਾ ਵਰਗ ਪੁਰਾਤਨ ਸਮਿਆਂ ਤੋਂ ਵਿਤਕਰਿਆਂ ਦਾ ਸ਼ਿਕਾਰ ਰਿਹਾ ਹੈ ਅਤੇ ਇਸ ਵਰਗ ਨੂੰ ਵਿਉਾਤਬੱਧ ਤਰੀਕੇ ਨਾਲ ਹਾਸ਼ੀਏ ਵੱਲ ਧੱਕਿਆ ਜਾਂਦਾ ਰਿਹਾ ਹੈ। ਇਹ ਵੀ ਇਕ ਕੌੜੀ ਸਚਾਈ ਹੈ ਕਿ ਸਮਾਜ ਦੇ ਇਸ ਵਰਗ ਦੀ, ਸੱਤਾ ਦੀ ਵਿਉਾਤ ਵਿਚ ਕਿਸੇ ਤਰ੍ਹਾਂ ਦੀ ਸਿੱਧੀ ਤੇ ਪ੍ਰਭਾਵਕਾਰੀ ਹਿੱਸੇਦਾਰੀ ਨਹੀਂ ਰਹੀ। ਦੱਬੇ-ਕੁਚਲੇ ਅਤੇ ਪਿਛੇ ਰਹਿ ਗਏ ਸਮਾਜ ਦੇ ਇਸ ਹਿੱਸੇ ਦੀ ਭੂਮਿਕਾ ਸਿਰਫ ਇਥੋਂ ਤੱਕ ਮਹਿਦੂਦ ਰਹੀ ਹੈ ਕਿ ਉਸ ਨੇ ਕਿਸੇ ਇਕ ਜਾਂ ਦੂਜੀ ਧਿਰ ਦਾ ਮੂਕ ਸਮਰਥਕ ਬਣ ਕੇ ਰਹਿਣਾ ਹੈ। ਆਪਣੇ ਹਿਤਾਂ ਤੇ ਹੱਕਾਂ ਦੀ ਗੱਲ ਕਰਨਾ ਇਸ ਵਰਗ ਲਈ ਹਮੇਸ਼ਾ ਵਰਜਿਤ ਰਿਹਾ ਹੈ।

ਪਰ ਹੁਣ ਹਾਲਾਤ ਬਦਲ ਰਹੇ ਹਨ । ਦੇਸ਼ ਦੀ ਰਾਜਨੀਤੀ ਵਿਚ ਇਕ ਨਵੀਂ ਹਕੀਕਤ ਉੱਭਰ ਕੇ ਸਾਹਮਣੇ ਆ ਰਹੀ ਹੈ ਅਤੇ ਇਹ ਨਵੀਂ ਹਕੀਕਤ ਹੈ, ਹਾਸ਼ੀਏ `ਤੇ ਚਲੇ ਗਏ ਇਸ ਪਛੜੇ ਵਰਗ ਦਾ, ਸੱਤਾ ਦੀ ਰਾਜਨੀਤੀ ਵਿਚ ਮੂਹਰਲੀ ਕਤਾਰ ਵਿਚ ਆ ਖੜ੍ਹੇ ਹੋਣਾ । ਅਸੀਂ ਵੇਖ ਰਹੇ ਹਾਂ ਕਿ ਦੇਸ਼ ਦੀ ਰਾਜਨੀਤਕ ਬਣਤਰ ਵਿਚ ਇਹ ਵਰਗ, ਅੱਜ ਆਪਣੀ ਨਵੀਂ ਅਤੇ ਉਸਾਰੂ ਭੂਮਿਕਾ ਤਲਾਸ਼ ਰਿਹਾ ਹੈ। ਵਾਕਿਆ ਹੀ ਇਹ ਪਰਿਵਰਤਨ ਮਹੱਤਵਪੂਰਨ ਹੈ ਅਤੇ ਇਸ ਦਾ ਪੂਰੀ ਰਾਜਸੀ ਤੇ ਸਮਾਜੀ ਸਥਿਤੀ ਉੱਪਰ ਖਾਸਾ ਪ੍ਰਭਾਵ ਪੈ ਰਿਹਾ ਹੈ।

ਪਰ ਇਹ ਬਦਲਾਅ ਕਿਉਾ ਆਇਆ ਹੈ? ਕਿੱਦਾਂ ਰਾਜਸੀ ਸੱਤਾ `ਤੇ ਕਾਬਜ ਧੜੇ, ਅੱਜ ਪਛੜੇ ਵਰਗ ਨੂੰ ਸੱਤਾ ਵਿਚ ਹਿੱਸੇਦਾਰੀ ਦੇਣ ਲਈ ਤਿਆਰ ਹੋ ਗਏ ਹਨ ? ਇਹ ਸੁਆਲ ਬਹੁਤ ਅਹਿਮ ਹੈ। ਰਤਾ ਗੰਭੀਰਤਾ ਨਾਲ ਵਿਚਾਰੀਏ ਤਾਂ ਇਹ ਹਕੀਕਤ ਬੜੀ ਸ਼ਿੱਦਤ ਨਾਲ ਉਭਰ ਕੇ ਸਾਹਮਣੇ ਆਉਦੀ ਹੈ ਕਿ ਸਿੱਖ ਪਰੰਪਰਾ ਦੇ ਅਚੇਤਨ ਵਿਚ ਸ਼ੁਰੂ ਤੋਂ ਹੀ ਇਹ ਵਿਚਾਰ ਡੂੰਘਾ ਲੱਥਾ ਹੋਇਆ ਸੀ ਕਿ ਧਰਤੀ ਉੱਪਰ ਕੀੜਿਆਂ ਵਾਂਗ ਵਿਚਰਦੇ ਲੋਕੀਂ, ਇਕ ਦਿਨ ਪਾਤਸ਼ਾਹੀ ਦਾ ਦਾਅਵਾ ਕਰਨਗੇ । ਵਿਗੋਚੇ-ਵਿਹੂਣੇ ਲੋਕਾਂ ਨੂੰ ਰਾਦਣ ਵਾਲੇ ਲਸ਼ਕਰ, ਇਕ ਦਿਨ ਖ਼ਾਕਸਾਰ ਹੋ ਜਾਣਗੇ। ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹੋ, ਵਾਲਾ ਗੁਰੂ ਨਾਨਕ ਸਾਹਿਬ ਦਾ ਬਚਨ ਇਕ ਨਵੇਂ ਇਤਿਹਾਸਕ ਬਦਲਾਅ ਦਾ ਸੁਨੇਹਾ ਲੈ ਕੇ ਆਵੇਗਾ। ਅਸਲ ਵਿਚ, ਲੋਕ ਪਾਤਸ਼ਾਹੀ ਵਰਗੀ ਕੋਈ ਸ਼ੈਅ, ਜਿਹੜੀ ਮੱਧਕਾਲ ਵਿਚ ਅਸੰਭਵ ਜਾਪਦੀ ਸੀ, ਸ਼ੋਸ਼ਿਤ ਵਰਗ ਦੀ ਸੱਤਾ ਵਿਚ ਹਿੱਸੇਦਾਰੀ, ਜਿਸ ਦਾ ਤਸੱਵਰ ਵੀ ਨਹੀਂ ਸੀ ਕੀਤਾ ਜਾ ਸਕਦਾ, ਉਸ ਨੂੰ ਗੁਰੂ ਪਰੰਪਰਾ ਭਾਰਤ ਦੇ ਲੋਕ-ਮਨ ਵਿਚ ਉਤਾਰਨਾ ਚਾਹੁੰਦੀ ਸੀ।
ਫਿਰ ਜਿਹੜਾ ਵਿਚਾਰ ਗੁਰੂ ਨਾਨਕ ਪਾਤਸ਼ਾਹ ਵੇਲੇ ਬੀਜ ਰੂਪ ਵਿਚ ਸਾਹਮਣੇ ਆਇਆ ਸੀ, ਉਹੀ ਵਿਚਾਰ ਗੁਰੂ ਗੋਬਿੰਦ ਸਿੰਘ ਦੇ ਗੁਰੂ-ਕਾਲ ਵਿਚ ਵਿਗਸਿਤ ਹੋ ਕੇ, ਲੋਕਾਂ ਦੇ ਜ਼ਿਹਨ ਵਿਚ ਕਰਾਂਤੀ ਦੀ ਰੂਹ ਫੂਕ ਗਿਆ ਸੀ। ਜਿਹੜਾ ਸੰਕਲਪ, ਜਿਹੜਾ ਨਿਸਚਾ ਲੰਮੇ ਸਮੇਂ ਤੋਂ ਪੁੰਗਰ ਰਿਹਾ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਮੁੱਢ ਬੰਨ੍ਹ ਦਿੱਤਾ ਸੀ। ਐਲਾਨੀਆ ਤੌਰ `ਤੇ, ਹਾਸ਼ੀਏ `ਤੇ ਰਹਿ ਗਏ ਲੋਕਾਂ ਨੂੰ ਸੱਤਾ ਉੱਪਰ ਦਾਅਵੇਦਾਰੀ ਪੇਸ਼ ਕਰਨ ਦਾ ਮੌਕਾ ਮੁਹੱਈਆ ਕਰ ਦਿੱਤਾ ਸੀ । ਫਿਰ ਇਥੇ ਹੀ ਬਸ ਨਹੀਂ। ਇਸ ਵਿਚਾਰਧਾਰਕ ਇਨਕਲਾਬੀ ਲਹਿਰ ਨੂੰ ਮੰਜ਼ਲ ਤੱਕ ਪਹੁੰਚਾਉਣ ਲਈ ਇਕ ਐਸੀ ਯੋਜਨਾ ਬਣਾਈ ਸੀ, ਜਿਸ ਨੇ ਇਤਿਹਾਸ ਦਾ ਰੁਖ ਮੋੜ ਦਿੱਤਾ ਸੀ। ਹਕੀਕਤ ਦੁਨੀਆਂ ਦੇ ਸਾਹਮਣੇ ਹੈ । 1699 ਦੀ ਵਿਸਾਖੀ, ਖਾਲਸਾ ਪੰਥ ਦੀ ਸਿਰਜਣਾ ਦੀ ਗੁਆਹ ਬਣੀ ਸੀ ਅਤੇ ਖਾਲਸਾ ਪੰਥ ਦੀ ਮੁਹਿੰਮ ਨੇ ਸਦੀਆਂ ਤੋਂ ਵਹਿਣ ਵਿਚ ਰਹੇ ਭਾਰਤੀ ਇਤਿਹਾਸ ਦੀ ਬੁਣਤੀ ਤੇ ਬਣਤਰ ਬਦਲ ਦਿੱਤੀ ਸੀ। ਇਸ ਦਿਨ ਤੋਂ ਪਹਿਲਾਂ ਦੇ ਭਾਰਤ ਅਤੇ ਬਾਅਦ ਦੇ ਭਾਰਤ ਵਿਚ ਜ਼ਮੀਨ-ਆਸਮਾਨ ਦਾ ਅੰਤਰ, ਅੱਜ ਵੀ ਸਪੱਸ਼ਟ ਨਜ਼ਰ ਆਉਾਦਾ ਹੈ।

ਮਹਾਂਕਵੀ ਸੰਤੋਖ ਸਿੰਘ ਦੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ 1699 ਦੀ ਵਿਸਾਖੀ ਵਾਲੀ ਘਟਨਾ ਦਾ ਬਾਤਫਸੀਲ ਜ਼ਿਕਰ ਹੈ। ਉਸ ਦਾ ਇਕ ਸੰਖੇਪ ਜਿਹਾ ਹਵਾਲਾ ਇਥੇ ਦਰਜ ਕਰਨਾ ਚਾਹੁੰਦਾ ਹਾਂ। ਇਸ ਰਿਵਾਇਤੀ ਲਿਖਤ ਮੁਤਾਬਿਕ ਉਸ ਇਤਿਹਾਸਕ ਦਿਨ `ਤੇ ਸਿੱਖਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਨੇ ਕਿਹਾ ਸੀ- `ਸਾਰੀ ਸੰਗਤ ਮੈਨੂੰ ਬਹੁਤ ਪਿਆਰੀ ਹੈ- `ਸਭਿ ਸੰਗਤਿ ਗੁਰ ਪਿਯਾ ਮਹਾਨੀ`। ਪਰ ਕੀ ਕੋਈ ਐਸਾ ਪਿਆਰਾ ਸਿੱਖ ਹੈ ਜਿਹੜਾ ਅੱਜ ਇਸੇ ਵੇਲੇ ਆਪਣਾ ਸਿਰ ਭੇਟ ਕਰਨ ਲਈ ਤਿਆਰ ਹੋਵੇ । ਲੋੜ ਆਣ ਪਈ ਹੈ ਇਸ ਵਕਤ ਇਕ ਸਿਰ ਦੀ।` ਸਾਰੇ ਇਕੱਠ ਵਿਚ ਖਾਮੋਸ਼ੀ ਛਾ ਗਈ । ਗੁਰੂ ਸਾਹਿਬ ਨੇ ਫਿਰ ਕਿਹਾ- `ਹੈ ਕੋਈ ਗੁਰੂ ਕਾ ਪਿਆਰਾ ਸਿੱਖ, ਜਿਹੜਾ ਮੈਨੂੰ ਇਹ ਦਾਨ ਦੇਵੇ। ਆਪਣੇ ਪਰਾਣ ਅਰਪਨ ਕਰੇ । ਸਰੀਰ ਦਾ ਮੋਹ ਤਿਆਗ ਕੇ ਧੀਰਜ ਨਾਲ ਸੀਸ ਭੇਟ ਕਰੇ`। ਲਾਹੌਰ ਦੇ ਰਹਿਣ ਵਾਲੇ ਖੱਤਰੀ ਦਯਾ ਰਾਮ ਨੇ, ਇਹ ਸੁਣ ਕੇ ਮਨ ਵਿਚ ਵਿਚਾਰ ਕੀਤੀ ਕਿ ਸਰੀਰ ਨੇ ਤਾਂ ਹਮੇਸ਼ਾਂ ਨਹੀਂ ਰਹਿਣਾ। ਫਿਰ ਸ਼ਾਇਦ ਇਹੋ ਜਿਹਾ ਸਮਾਂ ਵੀ ਦੁਬਾਰਾ ਕਦੇ ਨਾ ਆਵੇ, ਜਦੋਂ ਮੇਰਾ ਸੀਸ ਸਤਿਗੁਰੂ ਦੇ ਲੇਖੇ ਲੱਗ ਜਾਵੇ। ਉਹ ਉੱਠ ਖੜਾ ਹੋਇਆ ਅਤੇ ਬੋਲ ਉੱਠਿਆ- `ਲੀਜਹਿ ਸਤਿਗੁਰ ਮੇਰੇ ਸਿਰ ਕੋ।` ਉਸ ਨੇ ਆਪਣਾ ਸਿਰ ਭੇਟ ਕਰ ਦਿੱਤਾ ਅਤੇ ਗੁਰੂ ਸਾਹਿਬ ਦੇ ਪਿੱਛੇ-ਪਿੱਛੇ ਨੇੜੇ ਬਣੇ ਤੰਬੂ ਵੱਲ ਤੁਰ ਪਿਆ। ਕੁਝ ਦੇਰ ਬਾਅਦ ਲਹੂ-ਭਿਜੀ ਸ਼ਮਸ਼ੀਰ ਲੈ ਕੇ ਗੁਰੂ ਸਾਹਿਬ ਤੰਬੂ ਤੋਂ ਬਾਹਰ ਆਏ ਅਤੇ ਇਕ ਹੋਰ ਸਿਰ ਦੀ ਮੰਗ ਕੀਤੀ। ਇਸ ਵਾਰ ਹਸਤਨਾਪੁਰ ਦਾ ਇਕ ਜੱਟ, ਧਰਮ ਦਾਸ ਸੰਗਤ ਚੋਂ ਉੱਠਿਆ ਅਤੇ ਗੁਰੂ ਸਾਹਿਬ ਪਿੱਛੇ ਤੁਰ ਪਿਆ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਤਿੰਨ ਵਾਰ ਹੋਰ ਸੀਸ ਦੀ ਮੰਗੀ ਕੀਤੀ। ਦੁਆਰਕਾ ਦਾ ਰਹਿਣ ਵਾਲਾ ਛੀਬਾ ਜਾਤ ਦਾ ਮੋਹਕਮ ਚੰਦ, ਬਿਦਰ ਤੋਂ ਆਇਆ ਨਾਈ ਜਾਤ ਦਾ ਸਾਹਿਬ ਚੰਦ ਅਤੇ ਜਗਨ-ਨਾਥ ਪੁਰੀ ਦਾ ਰਹਿਣ ਵਾਲਾ ਝੀਵਰ ਜਾਤ ਦਾ ਹਿੰਮਤ ਰਾਇ ਇਕ-ਇਕ ਕਰਕੇ ਖੜ੍ਹੇ ਹੋਏ ਅਤੇ ਉਨ੍ਹਾਂ ਨੇ ਆਪਣਾ ਸਿਰ ਗੁਰੂ ਸਾਹਿਬ ਨੂੰ ਭੇਟ ਕਰ ਦਿੱਤਾ।

ਕੁਝ ਸਮੇਂ ਬਾਅਦ ਸੀਸ ਭੇਟ ਕਰਨ ਵਾਲੇ ਇਨ੍ਹਾਂ ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਤੰਬੂ ਤੋਂ ਬਾਹਰ ਆਏ। ਇਨ੍ਹਾਂ ਪੰਜਾਂ ਮਰਜੀਵੜਿਆਂ, ਜਿਨ੍ਹਾਂ ਵਿਚੋਂ ਤਿੰਨ ਨੀਵੀਆਂ ਕਹੀਆਂ ਜਾਣ ਵਾਲੀਆਂ ਜਾਤੀਆਂ ਨਾਲ ਸਬੰਧ ਰੱਖਣ ਵਾਲੇ ਸਨ, ਨੂੰ ਗੁਰੂ ਸਾਹਿਬ ਨੇ ਅੰਮਿਤ ਦੀ ਦਾਤ ਬਖਸ਼ ਕੇ `ਪੰਜਾਂ ਪਿਆਰਿਆਂ` ਦਾ ਖਿਤਾਬ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਕੇਂਦਰ ਵਿਚ ਰੱਖ ਕੇ, ਵਿਤਕਰਿਆਂ ਤੋਂ ਮੁਕਤ ਬਰਾਬਰੀ ਵਾਲੇ, ਪਿਛੇ ਰਹਿ ਗਏ ਲੋਕਾਂ ਨੂੰ ਮਾਣ ਦੇਣ ਵਾਲੇ ਭਾਈਚਾਰੇ `ਖਾਲਸਾ ਪੰਥ` ਦੀ ਸਿਰਜਣਾ ਕੀਤੀ। ਖਾਲਸਾ ਪੰਥ ਦੀ ਸਿਰਜਨਾ ਦੇ ਸੰਦਰਭ ਵਿਚ ਹੀ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿਚ ਦਰਜ ਇਕ ਹੋਰ ਮਹੱਤਵਪੂਰਨ ਇਤਿਹਾਸਕ ਘਟਨਾ ਦੀ ਉਚੇਚੀ ਚਰਚਾ ਕਰਨਾ ਚਾਹੁੰਦਾ ਹਾਂ। ਇਹ ਇਤਿਹਾਸਕ ਲਿਖਤ ਦੱਸਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਹਾੜੀ ਰਾਜਿਆਂ ਨੂੰ ਖਾਲਸਾ ਪੰਥ ਦੀ ਮੁਹਿੰਮ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਸੀ। ਪਰ ਪਹਾੜੀ ਰਾਜਿਆਂ ਨੇ ਆਪਣੀ ਵੱਡੀ ਕੁੱਲ ਅਤੇ ਜਾਤੀ ਦੇ ਅਹੰਕਾਰ-ਵੱਸ ਇਸ ਪੇਸ਼ਕਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੀ ਦਲੀਲ ਸੀ ਕਿ ਗੁਰੂ ਦਾ ਖਾਲਸਾ ਪੰਥ, ਚਾਰੇ ਵਰਨਾਂ ਨੂੰ ਇਕੋ ਮੰਨਦਾ ਹੈ ਅਤੇ ਜਾਤ-ਭੇਦ ਵਿਚ ਵਿਸ਼ਵਾਸ ਨਹੀਂ ਰੱਖਦਾ। ਐਸੀ ਮੁਹਿੰਮ ਨੂੰ ਹੁੰਗਾਰਾ ਦੇ ਕੇ ਉਹ ਨੀਵੀਂ ਜਾਤ ਦੇ ਲੋਕਾਂ ਅਰਥਾਤ ਸ਼ੂਦਰਾਂ ਵਿਚ ਸ਼ਾਮਿਲ ਨਹੀਂ ਹੋ ਸਕਦੇ। ਪਹਾੜੀ ਰਾਜਿਆਂ ਦੀ ਇਸ ਬੇਤੁਕੀ ਦਲੀਲ ਦੇ ਜੁਆਬ ਵਿਚ ਚਿਤਾਵਨੀ ਦਿੰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਇਸ ਦਿੜ੍ਹ ਨਿਸਚੇ ਦਾ ਪ੍ਰਗਟਾਵਾ ਕੀਤਾ ਸੀ ਕਿ ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿੰਦੇ ਹੋ, ਉਨ੍ਹਾਂ ਨੂੰ ਰਾਜ-ਸ਼ਕਤੀ ਦਾ ਮਾਲਕ ਬਣਾਉਣਾ ਹੀ ਮੇਰਾ ਮੁੱਖ ਉਦੇਸ਼ ਹੈ। ਇਕ ਦਿਨ ਹਾਸ਼ੀਏ `ਤੇ ਰਹਿ ਗਏ ਇਨ੍ਹਾਂ ਤਬਕਿਆਂ ਦਾ ਯਮੁਨਾ ਤੋਂ ਕਾਬਲ ਤੱਕ ਰਾਜ ਕਾਇਮ ਹੋਵੇਗਾ ਅਤੇ ਤੁਸੀਂ ਉਨ੍ਹਾਂ ਦੀ ਪਰਜਾ ਬਣ ਕੇ ਰਹੋਗੇ :

ਪਰਜਾ ਤੇ ਹਾਕਮ ਕਰ ਦੀਨੇ,
ਹਿੰਦੂ ਤੁਰਕ ਤੈਂ ਨਿਆਰੇ।
ਜਮਨਾ ਤੇ ਕਾਬਲ ਲੋ ਇਨ ਕਾ,
ਰਾਜ ਹੋਇ ਹੈ ਸਾਰੇ।
ਤੁਮ ਭੀ ਇਨਕੀ ਪਰਜਾ ਥੈਹੋ,
ਸੂਦਰ ਜਿਨੈ ਬਤੈ ਹੋ।
ਦੀਨ ਬੰਧ ਮੈਂ ਤਬੈਂ ਸਦਾਉਂ,
ਦੀਨਨ ਰਾਜ ਭੁਗੈ ਹੋ।

ਇਥੇ ਮੈਂ ਇਤਿਹਾਸਕ ਲਿਖਤਾਂ ਵਿਚੋਂ ਕੁਝ ਹੋਰ ਹਵਾਲੇ ਦਰਜ ਕਰਨਾ ਚਾਹੁੰਦਾ ਹਾਂ। ਇਨ੍ਹਾਂ ਹਵਾਲਿਆਂ ਰਾਹੀਂ ਉਸ ਮਨੋ-ਸਥਿਤੀ ਨੂੰ ਸਮਝਿਆ ਜਾ ਸਕਦਾ ਹੈ, ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਪਛੜੇ ਵਰਗ ਨਾਲ ਪ੍ਰਤੀਬੱਧਤਾ ਦੇ ਪਿਛੋਕੜ ਵਿਚ ਕਾਰਜਸ਼ੀਲ ਸੀ। ਰਤਨ ਸਿੰਘ ਭੰਗੂ ਨੇ ਆਪਣੀ ਇਕ ਰਚਨਾ ਵਿਚ ਬਹੁਤ ਸਾਰੀਆਂ ਨੀਵੀਆਂ ਮੰਨੀਆਂ ਜਾਣ ਵਾਲੀਆਂ ਜਾਤੀਆਂ ਅਤੇ ਬਹੁਤ ਸਾਰੇ ਉਨ੍ਹਾਂ ਵਰਗਾਂ ਦੇ ਨਾਂਅ ਗਿਣਾਏ ਹਨ ਜਿਨ੍ਹਾਂ ਦਾ ਰਾਜਨੀਤੀ ਵਿਚ ਕੋਈ ਦਖਲ ਨਹੀਂ ਸੀ ਅਤੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉਸ ਦਿੜ੍ਹ ਸੰਕਲਪ ਦੀ ਗੱਲ ਕੀਤੀ ਹੈ, ਜਿਸ ਵਿਚ ਇਨ੍ਹਾਂ ਤਬਕਿਆਂ ਨੂੰ ਪਾਤਸ਼ਾਹੀ ਤੱਕ ਪਹੁੰਚਾਉਣ ਦਾ ਅਹਿਦ ਹੈ:

ਸਤ ਸਨਾਤਿ ਔ ਬਾਰਹ ਜਾਤ,
ਜਾਨੈ ਨਹਿ ਰਾਜਨੀਤ ਕੀ ਬਾਤ ।
ਇਨ ਗਰੀਬ ਸਿੰਘਨ ਕੋ ਦਯੈ ਪਾਤਿਸ਼ਾਹੀ,
ਏ ਯਾਦ ਰਖੈ ਹਮਰੀ ਗੁਰਿਆਈ ।

ਕੁਇਰ ਸਿੰਘ ਦੇ `ਗੁਰ ਬਿਲਾਸ ਪਾਤਸ਼ਾਹੀ 10` ਅਤੇ ਗਿਆਨ ਸਿੰਘ ਦੇ `ਪੰਥ ਪ੍ਰਕਾਸ਼` ਦੀਆਂ ਹੇਠਲੀਆਂ ਸਤਰਾਂ ਵੀ ਇਸ ਸੰਦਰਭ ਵਿਚ ਵੇਖਣ ਵਾਲੀਆਂ ਹਨ:

ਮੈ ਅਸਿਪਾਨਜ ਤਬ ਲਖੋਂ,
ਕਰੋਂ ਐਸ ਯੋ ਕਾਮ ।
ਚਿੜੀਅਨ ਬਾਜ ਤੁਰਾਯ ਹੋਂ,
ਸਸੇ ਕਰੋ ਸਿੰਘ ਸਾਮ ।
-0-
ਜਿਨ ਕੀ ਜਾਤ ਔਰ ਕੁਲ ਮਾਹੀ,
ਸਰਦਾਰੀ ਨਹਿ ਭਈ ਕਦਾਹੀ ।
ਇਨ ਹੀ ਕੋ ਸਰਦਾਰ ਬਨਾਵੋਂ,
ਤਬੈ ਗੋਬਿੰਦ ਸਿੰਘ ਨਾਮ ਕਹਾਵੋਂ ।

ਬਹੁਤ ਸਪੱਸ਼ਟ ਹੈ, ਖਾਲਸਾ ਪੰਥ ਦੀ ਸਿਰਜਣਾ ਦੇ ਪਿਛੋਕੜ ਵਿਚ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ, `ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ`, `ਚਿੜੀਅਨ ਬਾਜ ਤੁਰਾਯ ਹੋਂ`, `ਇਨ ਹੀ ਕੋ ਸਰਦਾਰ ਬਨਾਵੋਂ` ਵਾਲਾ ਅਹਿਦ ਅਤੇ `ਪਰਜਾ ਨੂੰ ਹਾਕਮ` ਕਰ ਦੇਣ ਵਾਲਾ ਦਿੜ੍ਹ ਸੰਕਲਪ ਬੜੀ ਪ੍ਰਚੰਡਤਾ ਨਾਲ ਕਾਰਜਸ਼ੀਲ ਸੀ। ਇਤਿਹਾਸ ਇਸ ਹਕੀਕਤ ਦੀ ਤਸਦੀਕ ਕਰਦਾ ਹੈ ਕਿ ਖਾਲਸਾ ਪੰਥ ਦੀ ਸਿਰਜਣਾ ਰਾਹੀਂ, ਹਾਸ਼ੀਏ `ਤੇ ਚਲੇ ਗਏ, ਪਛੜੇ ਵਰਗ ਦੇ ਲੋਕਾਂ ਨੂੰ ਗੁਰੂ ਸਾਹਿਬ ਨੇ ਭਾਰਤ ਦੀ ਮੁੱਖ ਧਾਰਾ ਵਿਚ ਲਿਆ ਖੜ੍ਹਾ ਕੀਤਾ ਸੀ ਅਤੇ ਉਨ੍ਹਾਂ ਨੂੰ, ਸੱਤਾ ਵਿਚ ਭਾਈਵਾਲੀ ਹਾਸਲ ਕਰਕੇ, ਉਸਾਰੂ ਭੂਮਿਕਾ ਨਿਭਾਉਣ ਦੀ ਰਾਹ `ਤੇ ਤੋਰ ਦਿੱਤਾ ਸੀ।

– ਡਾ: ਜਸਪਾਲ ਸਿੰਘ