ਸਿੱਖ ਇਤਿਹਾਸ ਵਿਚ ਸਾਕਾ ਗੁਰਦੁਆਰਾ ਪਾਉਂਟਾ ਸਾਹਿਬ 22 ਮਈ 1964 ਦਾ ਮਹੱਤਵ

ਪਾਉਂਟਾ ਸਾਹਿਬ ਇੱਕ ਇਹੋ ਜਿਹਾ ਪਵਿੱਤਰ ਸਥਾਨ ਹੈ, ਜਿਥੇ ਆਨੰਦਪੁਰ ਸਾਹਿਬ ਤੋਂ ਪਿੱਛੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1685 ਤੋਂ 1689 ਤੱਕ ਲਗਭਗ ਚਾਰ ਸਾਲ ਨਿਵਾਸ ਕੀਤਾ। ਡਾ. ਸੁਖਦਿਆਲ ਸਿੰਘ ਨੇ ਆਪਣੀ ਪੁਸਤਕ ਪੰਜਾਬ ਦਾ ਇਤਿਹਾਸ ਵਿਚ ਗੁਰੂ ਕੀਆਂ ਸਾਖੀਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਗੁਰੂ ਜੀ 1685 ਈ.ਨੂੰ ਵਿਸਾਖ ਮਹੀਨੇ ਦੇ ਅਖੀਰ ਵਿਚ ਪਾਉਂਦਾ ਸਾਹਿਬ ਪਹੁੰਚੇ। ਜੇਠ ਮਹੀਨੇ ਦੀ ਸੰਗਰਾਂਦ ਨੂੰ ਦੀਵਾਨ ਨੰਦ ਚੰਦ ਨੇ ਅਰਦਾਸ ਕੀਤੀ ਅਤੇ ਭਾਈ ਰਾਮ ਕੋਇਰ ਨੇ ਆਪਣੇ ਹੱਥਾਂ ਨਾਲ ਨਵੇਂ ਮਕਾਨ ਦੀ ਨੀਂਹ ਰਖੀ।ਕੁਝ ਮਹੀਨਿਆਂ ਵਿਚ ਹੀ ਰਿਹਾਇਸ਼ੀ ਮਕਾਨ ਉਸਾਰ ਦਿੱਤੇ ਗਏ। ਇਹ ਮਕਾਨ ਕਿਲਾ- ਨੁਮਾ ਸਨ। ਕੁਝ ਲੇਖਕਾਂ ਇੱਥੇ ਕਿੱਲਾ ਉਸਾਰਨ ਦੀ ਗੱਲ ਲਿਖੀ ਹੈ ਪਰ ਉਹ ਇਸ ਵਿਚਾਰ ਨਾਲ ਸਹਿਮਤ ਨਹੀਂ । ਉਨ੍ਹਾਂ ਅਨੁਸਾਰ ਅਜਕਲ ਇੱਥੇ ਕਿਲੇ ਦੇ ਕੋਈ ਨਿਸ਼ਾਨ ਨਹੀਂ ਹਨ ਅਤੇ ਨਾ ਹੀ ਕਿਲਾ ਢਹਿ ਜਾਣ ਕਰਕੇ ਕੋਈ ਥੇਹ ਦੇ ਨਿਸ਼ਾਨ ਹਨ।ਜੇ ਇੱਥੇ ਕਿਲਾ ਹੁੰਦਾ ਤਾਂ ਉਸ ਦੇ ਢਹਿ ਜਾਣ ਨਾਲ ਉਸ ਨੇ ਥੇਹ ਦਾ ਰੂਪ ਲੈ ਲੈਣਾ ਸੀ। ਜਿੱਥੋਂ ਤੀਕ ਭੰਗਾਣੀ ਦੇ ਯੁੱਧ ਦਾ ਸਬੰਧ ਹੈ ਉਹ ਇਸ ਜਗਾਹ ਤੋਂ ਕੋਈ 7 ਮੀਲ ਦੀ ਦੂਰੀ ‘ਤੇ ਲੜਿਆ ਗਿਆ ਸੀ।

ਮੌਜੂਦਾ ਗੁਰਦੁਆਰਾ ਜਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਉਸ ਸਮੇਂ ਸਰਦਾਰ ਸਾਹਿਬ ਸਿੰਘ ਸੰਧਾਵਾਲੀਆ ਨੇ ਬਾਬਾ ਕਪੂਰ ਸਿੰਘ ਤੋਂ ਮਾਇਕ ਸਹਾਇਤਾ ਲੈ ਕੇ ਇਹ ਰਮਣੀਕ ਥਾਂ ਜਮਨਾ ਦਾ ਕੰਢਾ ਬਹੁਤ ਹੀ ਮਨਮੋਹਕ ਦ੍ਰਿਸ਼ ਅਤੇ ਕੁਦਰਤ ਦੀਆਂ ਬਖਸ਼ਿਸ਼ਾਂ ਨਾਲ ਭਰਪੂਰ ਹੈ। ਇੱਥੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ 11ਫਰਵਰੀ 1687 ਈ. ਨੂੰ ਹੋਇਆ।ਇਸੇ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਨੇ 52 ਕਵੀ ਰੱਖ ਕੇ ਕੋਮਲ ਹੁਨਰ ਤੇ ਸਾਹਿਤ ਰਚ ਕੇ ਉਸ ਦਾ ਸਤਿਕਾਰ ਕਰਨਾ ਸਿਖਾਇਆ। ਇਸੇ ਜਗ੍ਹਾ ਤੇ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਚਾਰ ਬੇਟੇ ਬਾਈਧਾਰ ਦੇ ਰਾਜਿਆਂ ਨਾਲ ਭੰਗਾਣੀ ਦੇ ਯੁੱਧ ਸਮੇਂ ਗੁਰੂ ਜੀ ਤੋਂ ਕੁਰਬਾਨ ਕੀਤੇ। ਪੀਰ ਬੁੱਧੂ ਸ਼ਾਹ ਜਦੋਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਤਾਂ ਗੁਰੂ ਸਾਹਿਬ ਉਸ ਸਮੇਂ ਕੇਸਾਂ ਵਿੱਚ ਕੰਘਾ ਕਰ ਰਹੇ ਸਨ। ਗੁਰੂ ਸਾਹਿਬ ਤੋਂ ਕੰਘੇ ਵਿੱਚ ਅੜੇ ਕੇਸਾਂ ਸਮੇਤ ਕੰਘੇ ਦੀ ਦਾਤ ਮੰਗੀ ਤੇ ਗੁਰੂ ਜੀ ਨੇ ਆਪਣੇ ਸੇਵਕ ਦੀ ਮੰਗ ਪੂਰੀ ਕੀਤੀ। ਗੁਰੂ ਜੀ ਇਸ ਪਵਿੱਤਰ ਜਗ੍ਹਾ ਤੇ ਕਵੀ ਦਰਬਾਰ, ਕੀਰਤਨ ਦਰਬਾਰ ਅਤੇ ਦਸਤਾਰ ਮੁਕਾਬਲੇ ਕਰਾਉਂਦੇ ਰਹੇ।ਭੰਗਾਣੀ ਦੇ ਯੁੱਧ ਤੋਂ ਬਾਦ ਜਦ ਗੁਰੂ ਜੀ ਵਾਪਿਸ ਆਨੰਦਪੁਰ ਸਾਹਿਬ ਗਏ ਤਾਂ ਏਥੋਂ ਦਾ ਪ੍ਰਬੰਧ ਬਾਬਾ ਬਿਸ਼ਨ ਸਿੰਘ ਨੂੰ ਸੌਂਪ ਦਿੱਤਾ। ਉਨ੍ਹਾਂ ਤੋਂ ਬਾਦ ਇਸ ਸਥਾਨ ਦਾ ਪ੍ਰਬੰਧ ਮਹੰਤਾਂ ਕੋਲ ਆ ਗਿਆ।

ਗੁਰਦੁਆਰਾ ਸੁਧਾਰ ਲਹਿਰ ਸਮੇਂ ਗੁਰਦੁਆਰਾ ਪਾਉਂਟਾ ਸਾਹਿਬ ਦਾ ਮਹੰਤ ਲਹਿਣਾ ਸਿੰਘ, ਆਪ ਚਾਬੀਆਂ ਲੈ ਕੇ ਅੰਮ੍ਰਿਤਸਰ ਪੁੱਜੇ। ਪੰਥ ਨੇ ਮਹੰਤ ਜੀ ਦੀ ਕੁਰਬਾਨੀ ਤੇ ਨਿਮਰਤਾ ਦੇਖ ਕੇ ਉਨ੍ਹਾਂ ਨੂੰ ਸੇਵਾ-ਸੰਭਾਲ ਦਾ ਕੰਮ ਸੌਂਪੀ ਰੱਖਣ ਦਾ ਵੱਖਰਾ ਮਤਾ ਪਾਸ ਕਰ ਦਿੱਤਾ। ਮਹੰਤ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੁਰਦਿਆਲ ਸਿੰਘ ਨੇ ਗੁਰਦੁਆਰੇ ‘ਤੇ ਆਪਣਾ ਹੱਕ ਸਮਝਦੇ ਹੋਏ ਕਬਜ਼ਾ ਕਰ ਲਿਆ ਅਤੇ ਆਪਣੇ ਇੱਕ ਰਿਸ਼ਤੇਦਾਰ ਮੂਲਾ ਸਿੰਘ ਰਾਹੀਂ ਲੀਡਰਾਂ ਤਕ ਪਹੁੰਚ ਬਣਾ ਲਈ ਸੀ। ਸਰਕਾਰੇ-ਦਰਬਾਰੇ ਅਫ਼ਸਰਾਂ ਨਾਲ ਉਸ ਦਾ ਚੰਗਾ ਰਸੂਖ ਸੀ, ਜਿਸ ਕਰਕੇ ਉਹ ਸਰਕਾਰ ਦੀ ਸ਼ਹਿ ਤੇ ਮਨਮੱਤੀਆਂ ਤੇ ਕੁਰੀਤੀਆਂ ਕਰਦਾ ਸੀ। ਗੁਰਦੁਆਰੇ ਦੇ ਪ੍ਰਬੰਧ ਨੂੰ ਚੰਗੀ ਤਰ੍ਹਾਂ ਨਾ ਚਲਾਉਣ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਸੀ। ਸੰਗਤਾਂ ਨੇ ਪੰਥਕ ਲੀਡਰ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਸ. ਹੁਕਮ ਸਿੰਘ ਅਤੇ ਬਹੁਤ ਸਾਰੇ ਅਕਾਲੀ ਆਗੂਆਂ ਨੂੰ ਅਤੇ ਸਾਬਕਾ ਪ੍ਰਧਾਨ ਸੰਤਾ ਸਿੰਘ ਨੂੰ ਆਪਣੇ ਪ੍ਰਤੀਨਿਧ ਮੰਡਲ ਨਾਲ ਮਿਲ ਕੇ ਮਹੰਤ ਦੀਆਂ ਕਮਜ਼ੋਰੀਆਂ ਬਾਰੇ ਦੱਸਿਆ, ਪਰ ਇਹ ਮਹੰਤ ਵਿਰੁੱਧ ਐਕਸ਼ਨ ਨਾ ਲੈ ਸਕੇ।

ਜਦ ਮਨਮਤੀਆਂ ਦੀ ਚਰਚਾ ਚਰਚਾ ਆਮ ਹੋਣ ਲੱਗ ਪਈ ਤਾਂ ਪਾਉਂਟਾ ਸਾਹਿਬ ਦੇ ਆਸ-ਪਾਸ ਦੇ ਪਿੰਡਾਂ ਦੀ ਸੰਗਤ ਇੱਕ ਵਿਸ਼ੇਸ਼ ਜਥਾ ਲੈ ਕੇ ਦੁਆਬੇ ਦੇ ਇਤਿਹਾਸਕ ਪਿੰਡ ਗੁਰਦੁਆਰਾ ਹਰੀਆਂ ਵੇਲਾਂ(ਹੁਸ਼ਿਆਰਪੁਰ) ਪਹੁੰਚਿਆ ਤੇ ਤਰੁਨਾ ਦਲ ਹਰੀਆਂ ਵੇਲਾਂ ਦੇ ਮੁਖੀ ਨਿਹੰਗ ਸਿੰਘ ਜਥੇਦਾਰ ਹਰਭਜਨ ਸਿੰਘ ਨੂੰ ਪ੍ਰਬੰਧ ਬਾਰੇ ਸਾਰੀ ਜਾਣਕਾਰੀ ਦਿੱਤੀ। ਗੁਰਦੁਆਰਾ ਸਾਹਿਬ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਬਾਬਾ ਜੀ ਨੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰ ਲਈ। ਜਥੇਦਾਰ ਬਾਬਾ ਨਿਹਾਲ ਸਿੰਘ ਅਨੁਸਾਰ ਬਾਬਾ ਹਰਭਜਨ ਸਿੰਘ ਦੀ ਅਗਵਾਈ ਹੇਠ 10 ਮਾਰਚ 1964 ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸ਼ਸਤਰਧਾਰੀ ਨਿਹੰਗ ਸਿੰਘਾਂ ਦਾ ਦਲ ਪਾਉਂਟਾ ਸਾਹਿਬ ਪਹੁੰਚ ਗਿਆ, ਜਿਸ ਨੂੰ ਦੇਖ ਕੇ ਮਹੰਤ ਘਬਰਾ ਗਿਆ ਅਤੇ ਉਸ ਨੇ ਭਾੜੇ ਦੇ ਬਦਮਾਸ਼ ਆਪਣੇ ਪਾਸ ਬੁਲਾ ਲਏ ਅਤੇ ਪੁਲਿਸ ਦਾ ਪ੍ਰਬੰਧ ਆਪਣੀ ਪਹੁੰਚ ਨਾਲ ਕਰ ਲਿਆ। ਇਹ ਮਹੰਤ ਬਹੁਤ ਚਤੁਰ ਚਲਾਕ ਸੀ।

ਇਧਰ ਗੁਰੂ ਕੇ ਸਿੰਘਾਂ ਨੇ ਪੁਰਾਤਨ ਮਰਯਾਦਾ ਅਨੁਸਾਰ ਸੰਗਤਾਂ ਵੱਲੋਂ ਰਸਦਾਂ ਇਕੱਠੀਆਂ ਹੋਣ ਤੇ ਗੁਰੂ ਕਾ ਲੰਗਰ ਅਤੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸ਼ਾਮ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਚਲਾ ਦਿੱਤਾ। ਦਲ ਦੇ ਆਉਣ ਕਾਰਨ ਸਾਰੇ ਪਾਸੇ ਭਾਰੀ ਰੌਣਕਾਂ ਲੱਗ ਗਈਆਂ। ਮਹੰਤ ਦੇ ਬੰਦਿਆਂ ਨੇ ਸਿੰਘਾਂ ਨਾਲ ਹੱਥੋਪਾਈ ਵੀ ਕੀਤੀ ਪਰ ਸਿੰਘਾਂ ਨੇ ਸਿਆਣਪ ਤੋਂ ਕੰਮ ਲਿਆ। ਬਾਬਾ ਜੀ ਨੇ ਪਾਉਂਟਾ ਸਾਹਿਬ ਦੀ ਪਵਿੱਤਰਤਾ ਲਈ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੀ ਲੜੀ ਆਰੰਭ ਦਿੱਤੀ। ਹਿਮਾਚਲ ਪ੍ਰਸ਼ਾਸਨ ਨੇ ਬਾਬਾ ਹਰਭਜਨ ਸਿੰਘ ਜੀ ਨੂੰ ਗੈਸਟ ਹਾਊਸ ਬੁਲਾ ਕੇ ਸਮਝੌਤੇ ਦੇ ਬਹਾਨੇ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਕਮਿਸ਼ਨਰ ਆਰ. ਕੇ. ਚੰਡੋਲ ਦੀ ਅਗਵਾਈ ਹੇਠ ਸਪੀਕਰ ਰਾਹੀਂ ਅਖੰਡ ਪਾਠ ਬੰਦ ਕਰਕੇ ਬਾਹਰ ਆਉਣ ਦੀ ਚਿਤਾਵਨੀ ਦਿੱਤੀ। ਪਰ ਕੋਈ ਬਾਹਰ ਨਾ ਆਇਆ। ਆਖਿਰ ਪੁਲਿਸ ਪੌੜੀਆਂ ਲਾ ਕੇ ਅੰਦਰ ਦਾਖਲ ਹੋ ਗਈ ਅਤੇ ਇਕਦਮ ਗੋਲੀਆਂ ਦੀ ਬੁਛਾੜ ਕਰ ਦਿੱਤੀ।

ਸਰਕਾਰ ਦੇ ਕਰਮਚਾਰੀਆਂ ਨੇ 22 ਮਈ 1964 ਸ਼ੁਕਰਵਾਰ ਦੇ ਦਿਨ ਜੋ ਅਤਿਆਚਾਰ ਕੀਤਾ, ਉਹ ਸੁਣ ਕੇ ਸਮੁੱਚੇ ਪੰਥ ਦੀ ਰੂਹ ਤੜਫ ਉਠਦੀ ਹੈ। 22 ਮਈ ਦਾ ਇਹ ਸਾਕਾ ਸਰਕਾਰ ਦੇ ਮੱਥੇ ਉੱਪਰ ਨਾ ਮਿਟਾਏ ਜਾਣ ਵਾਲੇ ਕਲੰਕ ਵਾਂਗ ਲੱਗ ਗਿਆ ਹੈ। ਦਿਨ ਦਿਹਾੜੇ ਨਿਹੱਥੇ ਲੰਗਰ ਪਕਾਉਂਦੇ, ਸੇਵਾ ਕਰਦੇ, ਪਾਠ ਕਰਦੇ ਸਿੰਘਾਂ ਉੱਪਰ ਸ਼ਰ੍ਹੇਆਮ ਗੋਲੀ ਚਲਾਈ ਗਈ। ਗੁਰਦੁਆਰਾ ਸਾਹਿਬ ਦੇ ਅੰਦਰ ਦਰਵਾਜ਼ੇ ਤੋੜ ਕੇ, ਖਿੜਕੀਆਂ ਭੰਨ੍ਹ ਕੇ, ਬੂਟਾਂ ਸਮੇਤ ਜਾ ਕੇ ਅਖੰਡ ਪਾਠ ਕਰਦੇ ਸਿੰਘਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਤੋਂ ਵੀ ਨੀਚ ਕੰਮ ਉਸ ਸਮੇਂ ਕੀਤਾ ਗਿਆ, ਜਦੋਂ ਪਾਠ ਕਰਦੇ ਸਿੰਘ ਨੇ ਇਸ਼ਾਰੇ ਨਾਲ ਹੱਥ ਉੱਪਰ ਕਰਕੇ ਪਾਠ ਵਿੱਚ ਵਿਘਨ ਨਾ ਪਾਉਣ ਲਈ ਕਿਹਾ ਤਾਂ ਉਸ ਦੀ ਹਥੇਲੀ ਦਾ ਨਿਸ਼ਾਨਾ ਲਗਾ ਕੇ ਉਸ ਵਿੱਚ ਗੋਲੀ ਦਾਗ ਦਿੱਤੀ ਗਈ। ਜ਼ਖਮੀ ਹਾਲਤ ਵਿੱਚ ਉਸ ਨੇ ਪਾਠ ਜਾਰੀ ਰੱਖਿਆ ਤਾਂ ਉਸ ਉੱਤੇ ਹੋਰ ਗੋਲੀ ਦਾਗ ਦਿੱਤੀ, ਜੋ ਉਸ ਦੇ ਸੀਨੇ ਨੂੰ ਚੀਰ ਕੇ ਪਾਰ ਹੋ ਗਈ ਤੇ ਉਹ ਲਹੂ-ਲੁਹਾਨ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਦੇਹ ਤੇ ਡਿੱਗ ਪਿਆ।

ਕੋਲ ਖੜ੍ਹੇ ਸਿੰਘ ਬਾਬਾ ਨਿਹਾਲ ਸਿੰਘ ਜੀ, ਜੋ ਚੌਰ ਕਰ ਰਹੇ ਸਨ ਨੇ ਡਿਗਦੇ ਪਾਠੀ ਦੀ ਥਾਂ ਲੈਣੀ ਚਾਹੀ ਤਾਂ ਕਿ ਅਖੰਡ ਪਾਠ ਖੰਡਿਤ ਨਾ ਹੋ ਸਕੇ ਤਾਂ ਉਸ ਨੂੰ ਵੀ ਥਾਂ ਉਤੇ ਹੀ ਗੋਲੀ ਮਾਰ ਦਿੱਤੀ ਗਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਮੌਕੇ ਗੁਰਦੁਆਰਾ ਸਾਹਿਬ ਅੰਦਰ ਸਿਰਫ 9 ਸਿੰਘ ਸਨ, ਜਿਨ੍ਹਾਂ ਵਿਚੋਂ 8 ਸ਼ਹੀਦ ਹੋ ਗਏ। ਸ਼ਹੀਦ ਸਿੰਘਾਂ ਦੀਆਂ ਦੇਹਾਂ ਨੂੰ ਟਰੱਕਾਂ ਵਿੱਚ ਸੁੱਟ ਕੇ ਜੰਗਲ ਵਿੱਚ ਲਿਜਾ ਕੇ ਸਸਕਾਰ ਕਰ ਦਿੱਤਾ ਗਿਆ। ਸਿਰਫ ਤਿੰਨ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਦਿੱਤੀਆਂ ਗਈਆਂ, ਜੋ ਬਾਹਰ ਸ਼ਹੀਦ ਕੀਤੇ ਗਏ ਸਨ। ਉਨ੍ਹਾਂ ਤਿੰਨਾਂ ਦਾ ਸਸਕਾਰ ਜਮਨਾ ਦੇ ਕਿਨਾਰੇ, ਪੂਰਨ ਮਰਯਾਦਾ ਅਨੁਸਾਰ 24 ਮਈ 1964 ਨੂੰ ਕੀਤਾ ਗਿਆ। ਪੁਲਿਸ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ, ਇੱਕ ਗੁਰੂ ਗ੍ਰੰਥ ਸਾਹਿਬ ਜੀ ਤੇ ਇੱਕ ਦਸਮ ਗ੍ਰੰਥ ਸਾਹਿਬ ਦੀ ਬੀੜ ਤੇ ਰੁਮਾਲੇ ਨਾਲ ਲੈ ਗਈ। ਸਾਰਾ ਗੁਰਦੁਆਰਾ ਸਾਹਿਬ ਅੰਦਰੋਂ ਲਹੂ-ਲੁਹਾਨ ਹੋ ਗਿਆ ਸੀ, ਜੋ ਨਾਲ ਲੱਗਦੇ ਪਾਣੀ ਦੇ ਚੁਬੱਚੇ ਵਿੱਚ ਪੈ ਕੇ ਸਾਰਾ ਪਾਣੀ ਲਾਲੋ ਲਾਲ ਹੋ ਗਿਆ ਸੀ। ਭਾਈ ਸਰਦਾਰਾ ਸਿੰਘ ਨੇ ਆਪ ਜਾ ਕੇ ਉਸ ਚੁਬੱਚੇ ਨੂੰ ਖੂਨ ਨਾਲ ਭਰਿਆ ਦੇਖਿਆ। ਗੁਰਦੁਆਰਾ ਸਾਹਿਬ ਦੀਆਂ ਚਾਰੇ ਦੀਵਾਰਾਂ ਗੋਲੀਆਂ ਨਾਲ ਛਲਣੀ ਛਲਣੀ ਹੋ ਗਈਆਂ ਸਨ। ਦੀਵਾਰਾਂ ਤੋਂ ਗੋਲੀਆਂ ਦੇ ਨਿਸ਼ਾਨ ਕਰਮਚਾਰੀਆਂ ਨੇ ਸੀਮਿੰਟ ਨਾਲ ਮਿਟਾਉਣ ਤੇ ਭਰਨ ਦੀ ਵੀ ਕੋਸ਼ਿਸ਼ ਕੀਤੀ।

47 ਨਿਸ਼ਾਨ ਉਨ੍ਹਾਂ ਦੀ ਕੀਤੀ ਕਾਰੀਗਰੀ ਤੋਂ ਬਾਅਦ ਵੀ ਦਿਖਾਈ ਦੇ ਰਹੇ ਸਨ। ਇੱਕ ਸਿੰਘ ਨਗਾਰਾ ਵਜਾ ਕੇ ਇਸ ਹਮਲੇ ਦੀ ਸੂਚਨਾ ਬਾਹਰ ਪਹੁੰਚਾ ਰਿਹਾ ਸੀ, ਉਸ ਨੂੰ ਵੀ ਗੋਲੀਆਂ ਮਾਰ ਕੇ ਉਥੇ ਹੀ ਖਤਮ ਕਰ ਦਿੱਤਾ ਗਿਆ। ਨਗਾਰੇ ਲਾਗੇ ਗੋਲੀਆਂ ਦੇ ਨਿਸ਼ਾਨ ਇਸ ਗੱਲ ਦੀ ਗਵਾਹੀ ਦੇ ਰਹੇ ਸਨ।ਦਰੀਆਂ, ਚਾਦਰਾਂ ਜਿਨ੍ਹਾਂ ਉੱਪਰ ਖੂਨ ਡੁੱਲ੍ਹਾ ਹੋਇਆ ਸੀ, ਪੁਲਿਸ ਨਾਲ ਲੈ ਗਈ, ਪਰ ਜਿਸ ਕੱਪੜੇ ਨਾਲ ਖੂਨ ਦੇ ਧੱਬੇ ਫਰਸ਼ ਤੋਂ ਸਾਫ ਕੀਤੇ ਗਏ ਸਨ, ਉਹ ਉਥੇ ਹੀ ਛੱਡ ਗਏ, ਜੋ ਖੂਨੀ ਦਾਸਤਾਨ ਦੀ ਕਹਾਣੀ ਸੁਣਾ ਰਿਹਾ ਸੀ।

ਇਸ ਮੌਕੇ ਤੇ ਅੱਠ ਨਿਹੰਗ 1. ਸ. ਪ੍ਰੀਤਮ ਸਿੰਘ ਫਤਹਿ ਪੁਰ ਕੋਠੀ, ਹੁਸ਼ਿਆਰਪੁਰ 2. ਸ. ਮੰਗਲ ਸਿੰਘ ਬਜਰੋਰ, ਹੁਸ਼ਿਆਰਪੁਰ 3. ਸ. ਹਰਭਜਨ ਸਿੰਘ ਟੌਹੜਾ ਹੁਸ਼ਿਆਰਪੁਰ 4. ਸ. ਧੰਨਾ ਸਿੰਘ ਭਦੋੜ, ਸੰਗਰੂਰ 5. ਸ. ਸੰਤੋਖ ਸਿੰਘ ਅੰਮ੍ਰਿਤਸਰ 6. ਸ. ਲਾਭ ਸਿੰਘ ਫਿਰੋਜ਼ਪੁਰ 7. ਸ.ਦਲੀਪ ਸਿੰਘ ਕਾਂਗੜਾ 8. ਸ ਉਦੈ ਸਿੰਘ ਮਤੇਵਾਲ, ਅੰਮ੍ਰਿਤਸਰ ਤੇ ਤਿੰਨ ਯਾਤਰੀ : 1 ਨਾਮਧਾਰੀ ਸਿੰਘ 2. ਬਾਬਾ ਸੂਬੇਦਾਰ ਜੀ 3 ਇਕ ਹੋਰ ਯਾਤਰੀ ਸ਼ਹੀਦੀ ਪ੍ਰਾਪਤ ਕਰ ਗਏ। ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੰਘ ਤਰੁਨਾ ਦਲ ਹਰੀਆਂ ਵੇਲਾਂ ਦੇ ਨਿਹੰਗ ਸਿੰਘ ਸਨ, ਜਿਨ੍ਹਾਂ ਦੀ ਅਗਵਾਈ ਮੁੱਖ ਜਥੇਦਾਰ ਬਾਬਾ ਹਰਭਜਨ ਸਿੰਘ ਜੀ ਕਰ ਰਹੇ ਸਨ। ਉਸ ਮੌਕੇ ਤੇ ਸਖ਼ਤ ਜ਼ਖਮੀ ਹੋਏ ਬਾਬਾ ਨਿਹਾਲ ਸਿੰਘ ਜੀ ਜੋ ਅੱਜਕਲ੍ਹ ਤਰੁਨਾ ਦਲ ਹਰੀਆਂ ਬੇਲਾਂ ਦੇ ਮੁੱਖ ਜਥੇਦਾਰ ਹਨ।ਇਸ ਤਰ੍ਹਾਂ ਬਾਕੀ ਗੁਰਦੁਆਰਿਆਂ ਵਾਂਗ ਇਸ ਨੂੰ ਵੀ ਮਹੰਤਾਂ ਦੇ ਕਬਜੇ ਤੋਂ ਛੁਡਾ ਲਿਆ ਗਿਆ।

ਡਾ.ਚਰਨਜੀਤ ਸਿੰਘ ਗੁਮਟਾਲਾ
919417533060
gumtalacs@gmail.com
mailto:gumtalacs@gmail.com

ਅਵਤਾਰ ਪੁਰਬ ‘ਤੇ ਵਿਸ਼ੇਸ਼

ਸ੍ਰੀ ਗੁਰੂ ਅੰਗਦ ਦੇਵ ਦੀ ਸਿੱਖ ਧਰਮ ਤੇ ਪੰਜਾਬੀ ਭਾਸ਼ਾ ਨੂੰ ਦੇਣ

ਸ੍ਰੀ ਗੁਰੂ ਅੰਗਦ ਦੇਵ ਜੀ ਨੇ 5 ਵੈਸਾਖ ਸੰਮਤ 1561 ਬਿਕਰਮੀ ਮੁਤਾਬਿਕ 31 ਮਾਰਚ ਸੰਨ 1504 ਈ. ਨੂੰ ਮੱਤੇ ਦੀ ਸਰਾਂ (ਪ੍ਰਚਲਤ ਨਾਂ ਨਾਗੇ ਦੀ ਸਰਾਂ) ਜ਼ਿਲ੍ਹਾ ਫਰੀਦਕੋਟ ਵਿਖੇ ਅਵਤਾਰ ਧਾਰਿਆ। ਆਪ ਜੀ ਦੇ ਪਿਤਾ ਦਾ ਨਾਂ ਭਾਈ ਫੇਰੂ ਮੱਲ ਸੀ ਤੇ ਮਾਤਾ ਦਾ ਨਾਂ ਸਭਰਾਈ ਸੀ ।ਇਨ੍ਹਾਂ ਦਾ ਮੁੱਢਲਾ ਨਾਂ ਭਾਈ ਲਹਿਣਾ ਸੀ। ਆਪ ਦਾ ਵਿਆਹ ਸੰਮਤ 1576 ਬਿਕਰਮੀ ਮੁਤਾਬਿਕ ਸੰਨ 1519 ਨੂੰ ਖਡੂਰ ਸਾਹਿਬ ਵਿੱਖੇ ਭਾਈ ਦੇਵੀ ਚੰਦ ਜੀ ਖੱਤਰੀ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ। ਆਪ ਜੀ ਦੇ ਦੋ ਸੁਪੱਤਰ ਸ੍ਰੀ ਦਾਸੂ ਅਤੇ ਸ੍ਰੀ ਦਾਤੂ ਜੀ ਅਤੇ ਦੋ ਸਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਣੋਖੀ ਜੀ ਸਨ।

ਉਸ ਸਮੇਂ ਪੰਜਾਬ ਵਿਚ ਹਫ਼ੜਾ ਦਫੜੀ ਮੱਚੀ ਹੋਈ ਸੀ। ਜਦ ਮੱਤੇ ਦੀ ਸਰ੍ਹਾਂ ਮੁਗ਼ਲਾਂ ਅਤੇ ਬਲੋਚਾਂ ਨੇ ਉਜਾੜ ਦਿੱਤੀ, ਤਾਂ ਫੇਰੂ ਜੀ ਅਤੇ ਭਾਈ ਲਹਿਣਾ ਜੀ ਦੇ ਪਰਿਵਾਰ ਖਡੂਰ ਵਿੱਚ ਰਹਿਣ ਲਈ ਚਲੇ ਗਏ।ਗੋਇੰਦਵਾਲ ਅਜੇ ਵਸਿਆ ਨਹੀਂ ਸੀ।ਖਡੂਰ ਆਪ ਦੀ ਭੂਆ ਵਿਆਹੀ ਹੋਈ ਸੀ, ਉਸੇ ਦੀ ਰਾਹੀਂ ਆਪ ਦਾ ਰਿਸ਼ਤਾ ਖਡੂਰ ਹੋਇਆ।ਖਡੂਰ ਆ ਕੇ ਬਾਬਾ ਫੇਰੂ ਨੇ ਪ੍ਰਚੂਨ ਦੀ ਦੁਕਾਨ ਪਾ ਲਈ।ਆਪ ਦੀ ਉਸ ਸਮੇਂ ਉਮਰ ਵੀਹ ਸਾਲ ਦੀ ਸੀ।
ਬਾਬਾ ਫੇਰੂ ਜੀ ਵੈਸ਼ਨੋ ਦੇਵੀ ਦੇ ਭਗਤ ਸਨ ਤੇ ਹਰ ਸਾਲ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪੈਦਲ ਜੰਮੂ ਕਟੜਾ ਜਾਂਦੇ ਸਨ ।ਸੰਮਤ 1583 (1526 ਈ.) ਵਿਚ ਬਾਬਾ ਫੇਰੂ ਜੀ ਅਕਾਲ ਚਲਾਣਾ ਕਰ ਗਏ ।ਉਨ੍ਹਾਂ ਤੋਂ ਪਿੱਛੋਂ ਆਪ ਨੇ ਇਹ ਸੇਵਾ ਸੰਭਾਲ ਲਈ।

ਖਡੂਰ ਵਿੱਚ ਇੱਕ ਸਿੱਖ ਭਾਈ ਜੋਧਾ ਰਹਿੰਦਾ ਸੀ। ਭਾਈ ਜੋਧਾ ਹਰ ਰੋਜ਼ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਉੱਠਦਾ ਸੀ ਅਤੇ ਜਪੁਜੀ ਤੇ ਆਸਾ ਕੀ ਵਾਰ ਦਾ ਪਾਠ ਕਰਦਾ ਸੀ।ਉਸ ਰਾਹੀਂ ਆਪ ਜੀ ਦਾ ਮੇਲ ਗੁਰੂ ਨਾਨਕ ਦੇਵ ਜੀ ਨਾਲ ਰਾਵੀ ਦੇ ਕੰਢੇ ਕਰਤਾਰਪੁਰ ਵਿੱਚ ਹੋਇਆ।ਭਾਈ ਲਹਿਣਾ ਨੇ ਬਹੁਤ ਮਨ ਲਾ ਕੇ 6-7 ਸਾਲ ਗੁਰੂ ਜੀ ਦੀ ਸੇਵਾ ਕੀਤੀ ਤੇ ਗੁਰੂ ਸਾਹਿਬ ਨੇ ਵੀ ਕਈ ਤਰ੍ਹਾਂ ਦੀਆਂ ਪਰਖਾਂ ਕੀਤੀਆਂ। ਅੰਤ ਵਿੱਚ ਗੁਰੁ ਨਾਨਕ ਦੇਵ ਨੇ ਅਸੂ ਵਦੀ 10(7 ਅਸੂ) ਸੰਮਤ 1596 ( 7 ਸਤੰਬਰ1539 ਈ.) ਨੂੰ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ 2 ਅਸੂ ਸੰਮਤ 1596(ਅਸੂ ਵਦੀ5) ਮੁਤਾਬਿਕ 2 ਸਤੰਬਰ ਸੰਨ 1539 ਨੂੰ ਲਹਿਣੇ ਨੂੰ ਅੰਗਦ ਬਣਾ ਕੇ ਗੁਰਿਆਈ ਦੇ ਦਿੱਤੀ ਗਈ। ਸ੍ਰੀ ਚੰਦ ਤੇ ਲਖਮੀਦਾਸ ਦੀ ਨਰਾਜ਼ਗੀ ਕਾਰਨ ਸਿੱਖ ਸੰਗਤਾਂ ਵਿੱਚ ਫੁੱਟ ਦਾ ਬੀਜ ਨਾ ਬੀਜਿਆ ਜਾਵੇ, ਇਸ ਲਈ ਗੁਰੂ ਨਾਨਕ ਜੀ ਦੀ ਆਗਿਆ ਅਨੁਸਾਰ ਆਪ ਕਰਤਾਰਪੁਰ ਛੱਡ ਕੇ ਖਡੂਰ ਆ ਗਏ।
ਸ੍ਰੀ ਗੁਰੁ ਨਾਨਕ ਦੇਵ ਜੀ ਨੇ ਲੋਕਾਂ ਦੀ ਭਾਸ਼ਾ ਪੰਜਾਬੀ ਵਿਚ ਲਿਖਣ ਦੀ ਜੋ ਸ਼ੁਰੂਆਤ ਕੀਤੀ ਸੀ ਉਸ ਨੂੰ ਹੀ ਗੁਰੁ ਅੰਗਦ ਜੀ ਨੇ ਅੱਗੇ ਤੋਰਿਆ ਤੇ ਉਸ ਦੇ ਪ੍ਰਚਾਰ ਤੇ ਪਾਸਾਰ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ।ਗੋਕਲ ਚੰਦ ਨਾਰੰਗ ਅਨੁਸਾਰ ਉਸ ਸਮੇਂ ਬ੍ਰਾਹਮਣ ਦੇ ਮਹੱਤਵ ਦਾ ਇੱਕ ਵੱਡਾ ਆਧਾਰ ਉਸ ਦਾ ਸੰਸਕ੍ਰਿਤ ਦਾ ਗਿਆਨ ਸੀ ਜੋ ਕਿ ਧਰਮ ਦੀ ਭਾਸ਼ਾ ਸੀ। ਜਦੋਂ ਗੁਰਮੁੱਖੀ ਅੱਖਰਾਂ ਵਿੱਚ ਲਿਪੀ ਪੰਜਾਬੀ ਨੂੰ ਵੀ ਉਹੀ ਸੁਚਮਤਾ ਪ੍ਰਾਪਤ ਹੋ ਗਈ, ਤਾਂ ਬ੍ਰਾਹਮਣ ਦੀ ਪ੍ਰਤਿਸ਼ਠਾ ਨੂੰ ਧੱਕਾ ਲੱਗਣਾ ਜ਼ਰੂਰੀ ਸੀ। ਇਸ ਨਵੀਨ ਲਿਪੀ ਦੀ ਵਰਤੋਂ ਦਾ ਪ੍ਰਭਾਵ ਇਹ ਪਿਆ ਕਿ ਪੜ੍ਹੇ ਲਿਖੇ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਅਤੇ ਜਨਤਾ ਤੱਕ ਉਨ੍ਹਾਂ ਦੀ ਮਾਤਰੀ ਭਾਸ਼ਾ ਵਿੱਚ ਧਾਰਮਿਕ ਸਾਹਿਤ ਦੀ ਰਸਾਈ ਕਰਨ ਕਰਕੇ, ਗੁਰੂਆਂ ਦੇ ਸੁਧਾਰ-ਕਾਰਜ ਨੂੰ ਉਤਸ਼ਾਹ ਮਿਲਿਆ।

ਗੁਰੂ ਅੰਗਦ ਦੇਵ ਨੇ ਦੂਸਰਾ ਕਦਮ ਗੁਰੂ ਨਾਨਕ ਦੀਆਂ ਸਾਖੀਆਂ ਦੇ ਸੰਗ੍ਰਹਿ ਸੰਬੰਧੀ ਚੁੱਕਿਆ। ਬਾਲੇ ਨੇ, ਜੋ ਕਿ ਜੋਤੀ ਜੋਤ ਸਮਾ ਚੁੱਕੇ ਗੁਰੂ ਸਾਹਿਬ ਦਾ ਜੀਵਨ ਸੰਗੀ ਰਿਹਾ ਸੀ ਅਤੇ ਉਨ੍ਹਾਂ ਦੀਆਂ ਸਾਰੀਆਂ ਉਦਾਸੀਆਂ ਵਿੱਚ ਉਨ੍ਹਾਂ ਦੇ ਨਾਲ ਰਿਹਾ ਸੀ, ਆਪਣੀ ਯਾਦਾਸ਼ਤ ਦੁਆਰਾ ਸਭ ਕੁਝ ਬਿਆਨ ਕੀਤਾ ਜੋ ਉਸ ਨੇ ਗੁਰੂ ਨਾਨਕ ਦੇ ਬਾਲਪਨ ਤੋਂ ਲੈ ਕੇ ਮ੍ਰਿਤੂ ਤੱਕ ਵੇਖਿਆ ਸੀ ਜਾਂ ਸੁਣਿਆ ਸੀ ਅਤੇ ਗੁਰੂ ਅੰਗਦ ਨੇ ਇਸ ਨੂੰ ਲਿਪੀ ਬੱਧ ਕਰਨ ਦਾ ਨਿਸ਼ਚਾ ਧਾਰ ਲਿਆ। ਗੁਰੂ ਨਾਨਕ ਪਹਿਲੇ ਪੰਜਾਬੀ ਕਵੀ ਸਨ ਜਿਨ੍ਹਾਂ ਨੂੰ ਲੋਕ-ਪ੍ਰਿਯਤਾ ਅਤੇ ਪ੍ਰਸਿੱਧੀ ਪ੍ਰਾਪਤ ਹੋਈ ਅਤੇ ਗੁਰੂ ਅੰਗਦ ਦੁਆਰਾ ਸੰਪਾਦਿਤ ਉਨ੍ਹਾਂ ਦੀ ਸਾਖੀ ਪੰਜਾਬੀ ਭਾਸ਼ਾ ਦੀ ਸਭ ਤੋਂ ਪਹਿਲੀ ਗੱਦ-ਰਚਨਾ ਬਣੀ। ਗੁਰੂ ਨਾਨਕ ਦੇ ਸਿੱਖਾਂ ਵਿੱਚ ਇਹ ਪੁਸਤਕ ਛੇਤੀ ਹੀ ਹਰਮਨ-ਪਿਆਰੀ ਹੋ ਗਈ ਅਤੇ ਕਿਉਂਕਿ ਇਸ ਪੁਸਤਕ ਵਿੱਚ ਗੁਰੂ ਸਾਹਿਬ ਦੀ ਸਿੱਖਿਆ ਅਤੇ ਜੀਵਨ ਦੋਵੇਂ ਹੀ ਦਰਜ ਸਨ, ਇਸ ਨੇ ਸਿੱਖਾਂ ਦੇ ਧਾਰਮਿਕ ਗ੍ਰੰਥ ਹੋਣ ਦਾ ਮਾਣ ਤੁਰੰਤ ਪ੍ਰਾਪਤ ਕਰ ਲਿਆ।

ਆਪ ਜੀ ਨੇੇ ਲੰਗਰ ਪ੍ਰਣਾਲੀ ਜੋ ਗੁਰੂ ਨਾਨਕ ਜੀ ਨੇ ਸ਼ੁਰੂ ਕੀਤੀ ਸੀ ਉਸ ਨੂੰ ਅੱਗੇ ਤੋਰਿਆ।ਸਿੱਖ ਹੁਣ ਪੁਰਾਤਨ ਹਿੰਦੂ ਸਮਾਜ ਤੋਂ ਹੌਲੀ-ਹੌਲੀ ਦੂਰ ਹੋਣ ਲੱਗੇ ਅਤੇ ਇੱਕ ਨਵੀਂ ਸ਼੍ਰੇਣੀ ਅਥਵਾ ਇੱਕ ਕਿਸਮ ਦੇ ਨਵੇਂ ਭਾਈਚਾਰੇ ਵਿੱਚ ਬੱਝਣ ਲੱਗੇ।

ਗੁਰੂ ਬਣਾਣ ਵੇਲੇ ਸਤਿਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਆਪਣੀ ਉਹ ‘ਕਿਤਾਬ’ ਵੀ ਦੇ ਦਿੱਤੀ, ਜਿਸ ਵਿੱਚ ਉਨ੍ਹਾਂ ਆਪਣੀ ਸਾਰੀ ਹੀ ਬਾਣੀ ਲਿਖ ਕੇ ਰੱਖੀ ਹੋਈ ਸੀ, ਅਤੇ ਬਾਬਾ ਫ਼ਰੀਦ, ਭਗਤ ਨਾਮਦੇਵ, ਕਬੀਰ, ਰਵਿਦਾਸ ਆਦਿਕ ਸਾਰੇ ਭਗਤਾਂ ਦੀ ਬਾਣੀ ਵੀ ਲਿਖੀ ਹੋਈ ਸੀ। ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਗਏ ਸਨ ਤਾਂ ਹਾਜੀਆਂ ਨੇ ਵੀ ਇਸੇ ‘ਕਿਤਾਬ’ ਬਾਰੇ ਆਖਿਆ ਸੀ ਕਿ ਇਸ ਨੂੰ ਖੋਲ੍ਹ ਕੇ ਸਾਨੂੰ ਆਪਣੀ ਰਾਇ ਦੱਸੋ ਕਿ ਹਿੰਦੂ ਵੱਡਾ ਹੈ ਜਾਂ ਮੁਸਲਮਾਨ।ਇਹ ਹੁਕਮ ਵੀ ਕੀਤਾ ਕਿ ਰਾਵੀ ਬਿਆਸ ਵਿਚਲੇ ਇਲਾਕੇ ਮਾਝੇ ਵਿੱਚ ਦੇ ਕਿਸਾਨ ਆਦਿਕ ਲੋਕਾਂ ਵਿੱਚ ਪ੍ਰਚਾਰ ਕਰੋ ਅਤੇ ਉਨ੍ਹਾਂ ਨੂੰ ਹਂੌਸਲਾ ਦਿਉ।ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਤੋਂ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਖਡੂਰ ਵਿੱਚ ਆ ਬਣਾਇਆ।

Gurdwara Khadoor Sahib

ਗੋਇੰਦਵਾਲ ਵਾਲ਼ੀ ਜਗਾਹ ਪਹਿਲਾਂ ਇਕ ਥੇਹ ਸੀ ਤੇ ਇੱਕ ਮਰਵਾਹੇ ਖੱਤਰੀ ਗੋਂਦੇ ਦੇ ਵੱਡਿਆਂ ਦੀ ਮਾਲਕੀ। ਗੋਂਦਾ ਆਪਣੇ ਵੱਡਿਆਂ ਦਾ ਨਾਮ ਉਜਾਗਰ ਕਰਨ ਲਈ ਉੱਥੇ ਨਗਰ ਵਸਾਣਾ ਚਾਹੁੰਦਾ ਸੀ। ਗੋਂਦਾ ਇਸ ਬਾਰੇ ਗੁਰੂ ਅੰਗਦ ਦੇਵ ਜੀ ਪਾਸ ਆਇਆ।ਗੁਰੂ ਅੰਗਦ ਸਾਹਿਬ ਨੇ ਨਗਰ ਵਸਾਣ ਦੀ ਇਹ ਜ਼ਿੰਮੇਵਾਰੀ (ਗੁਰੂ) ਅਮਰਦਾਸ ਜੀ ਨੂੰ ਸੌਂਪੀ, ਅਤੇ ਹੁਕਮ ਦਿੱਤਾ ਕਿ ਨਗਰ ਬਣਾ ਕੇ ਬਾਸਰਕੇ ਤੋਂ ਆਪਣੇ ਨਿਕਟੀ ਸਾਕ-ਸੰਬੰਧੀਆਂ ਨੂੰ ਉੱਥੇ ਲਿਆ ਵਸਾਓ। ਇਹ ਜ਼ਿਕਰ ਸੰਨ 1546 (ਸੰਮਤ 1603) ਦਾ ਹੈ। ਨਗਰ ਦਾ ਨਾਮ ਗੋਇੰਦਵਾਲ ਰੱਖਿਆ ਗਿਆ। (ਗੁਰੂ) ਅਮਰਦਾਸ ਜੀ ਆਪਣੇ ਕਈ ਸਾਕ-ਸੰਬੰਧੀਆਂ ਨੂੰ ਗੋਇੰਦਵਾਲ ਲੈ ਆਏ।

ਜਿੱਥੋਂ ਤੀਕ ਗੁਰਮੁੱਖੀ ਲਿਪੀ ਦਾ ਸੰਬੰਧ ਹੈ ਇਸ ਨੂੰ ਅਜੋਕਾ ਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਦਿੱਤਾ ਸੀ।ਡਾ. ਜ.ਸ.ਜੋਸ਼ੀ ਅਨੁਸਾਰ ਗੁਰਮੁਖੀ ਦੇ ਅੱਖਰ ਵਰਤਮਾਨ ਦੇਵਨਾਗਰੀ ਨਾਲੋਂ ਵੀ ਪੁਰਾਣੇ ਹਨ। ਕੋਈ ਪੈਂਤੀ ਅੱਖਰਾਂ ਦੀ ਵਰਣਮਾਲਾ ਗੁਰੂ ਨਾਨਕ ਸਾਹਿਬ ਦੇ ਬਚਪਨ ਵੇਲੇ ਮੌਜੂਦ ਸੀ। ਇਹ ਵਰਣਮਾਲਾ ਪਾਂਧੇ ਤੋਂ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਅਤੇ ਇਸ ਨੂੰ ਮੁੱਖ ਰੱਖਕੇ ‘ਪੱਟੀ’ ਵਾਲੀ ਰਚਨਾ ਕੀਤੀ। ਇਹ ਵਰਣਮਾਲਾ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਦਾ ਮੁੱਢ ਸੀ। ਇਹੋ ਵਰਣਮਾਲਾ ਹੀ ਪਿੱਛੋਂ ‘ਗੁਰਮੁਖੀ’ ਅਖਵਾਉਣ ਵਾਲੀ ਹੋ ਸਕਦੀ ਹੈ, ਜੇ ਪੈੜੇ ਮੋਖੇ ਦੇ ਜਨਮਸਾਖੀ ਲਿਖਣ ਵਾਲੀ ਕਹਾਣੀ ਨੂੰ ਜਿਸ ਤਰ੍ਹਾਂ ਉਹ ਬਾਲੇ ਵਾਲੀ ਜਨਮ ਸਾਖੀ ਵਿੱਚ ਦਿੱਤੀ ਗਈ ਹੈ। ਸੱਚ ਮੰਨ ਲਈਏ ਤਾਂ ਪ੍ਰਤੱਖ ਹੈ ਕਿ ਪੈੜੇ ਮੋਖੇ ਨੂੰ ਗੁਰਮੁਖੀ ਲਿਖਣੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਿਲਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਆਉਂਦੀ ਸੀ, ਜਿਸ ਤੋਂ ਗੁਰੂ ਅੰਗਦ ਦੇਵ ਜੀ ਨੇ ਐਡਾ ਵੱਡਾ ਕੰਮ ਉਸ ਦੇ ਸਪੁਰਦ ਕੀਤਾ। ਡਾ. ਜੋਸ਼ੀ ਅੱਗੇ ਲਿਖਦੇ ਹਨ ਕਿ ਗੁਰਮੁਖੀ ਅੱਖਰਾਂ ਦੀ ਵਰਤਮਾਨ ਤਰਤੀਬ ਆਧੁਨਿਕ ਯੁਗ ਦੀਆਂ ਧੁਨੀ ਵਿਗਿਆਨ ਦੇ ਖੇਤਰ ਦੀਆਂ ਖੋਜਾਂ ਦੀ ਕਸਵਟੀ ‘ਤੇ ਪੂਰੀ ਤਰ੍ਹਾਂ ਠੀਕ ਉਤਰਦੀ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਸ ਤੋਂ ਵੱਧ ਮਹੱਤਵਪੂਰਨ ਯੋਗਦਾਨ ਗੁਰਮੁਖੀ ਲਿਪੀ ਨੂੰ ਗੁਰਬਾਣੀ ਅਤੇ ਬਾਕੀ ਗੁਰਮਤਿ ਸਾਹਿਤ ਨੂੰ ਲਿਖਤੀ ਰੂਪ ਦੇਣ ਲਈ ਢੁੱਕਵੀਂ ਮੰਨ ਕੇ ਮਾਧਿਅਮ ਵਜੋਂ ਅਪਨਾਉਣਾ ਹੈ। ਬੱਚਿਆਂ ਨੂੰ ਇਸਦੀ ਸਿੱਖਿਆ ਪ੍ਰਦਾਨ ਕਰਨ ਲਈ ਆਪ ਜੀ ਨੇ ‘ਬਾਲ ਬੋਧ’ ਦੀ ਰਚਨਾ ਕੀਤੀ। ਗੁਰਮੁਖੀ ਅੱਖਰਾਂ ਤੋਂ ਜਾਣੂੰ ਲਿਖਾਰੀਆਂ ਨੂੰ ਵਰਤਮਾਨ ਲਿਪੀ ਵਿੱਚ ਪੰਜਾਬੀ ਸਾਹਿਤ ਲਿਖਣ ਦੀ ਪ੍ਰੇਰਣਾ ਅਤੇ ਉਤਸ਼ਾਹ ਦਿੱਤਾ।ਸ਼ਾਇਦ ਇਸੇ ਕਰਕੇ ਗੁਰਮੁਖਾਂ ਨੇ ਆਪ ਜੀ ਨੂੰ ਗੁਰਮੁਖੀ ਲਿਪੀ ਦਾ ਨਿਰਮਾਤਾ ਮੰਨ ਲਿਆ।

ਡਾ.ਚਰਨਜੀਤ ਸਿੰਘ
ਗੁਮਟਾਲਾ

ਆਪ ਨੇ ਕੇਵਲ ਸਲੋਕ ਹੀ ਲਿਖੇ ਜਿਨ੍ਹਾਂ ਦਾ ਗਿਣਤੀ 63 ਹੈ।ਗੁਰੂ ਗ੍ਰੰਥ ਦੀ ਬੀੜ ਤਿਆਰ ਕਰਨ ਸਮੇਂ ਇਨ੍ਹਾਂ ਸਲੋਕਾਂ ਨੂੰ ਗੁਰੂ ਅਰਜਨ ਦੇਵ ਨੇ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੀਆਂ ਲਿਖੀਆਂ ਵਾਰਾਂ ਦੀਆਂ ਕੁਝ ਪਉੜੀਆਂ ਦੇ ਨਾਲ ਦਰਜ ਕਰ ਦਿੱਤਾ।ਸਿਰੀਰਾਗ ਕੀ ਵਾਰ ਮਹਲਾ ਪਹਿਲਾ ਚੌਥਾ ਵਿਚ 2 ਸਲੋਕ, ਮਾਝ ਕੀ ਵਾਰ ਮਹਲਾ ਪਹਿਲਾ ਵਿਚ 12 ਸਲੋਕ, ਆਸਾ ਕੀ ਵਾਰ ਮਹਲਾ ਪਹਿਲਾ ਵਿਚ 15,ਸੋਰਿਠ ਕੀ ਵਾਰ ਮਹਲਾ ਚਾਰ ਵਿਚ 1, ਸੂਹੀ ਕੀ ਵਾਰ ਮਹਲਾ ਤਿੰਨ ਵਿਚ 11 ਸਲੋਕ, ਰਾਮਕਲੀ ਕੀ ਵਾਰ ਮਹਲਾ ਤੀਜਾ 7,ਮਾਰੂ ਕੀ ਵਾਰ ਮਹਲਾ ਤੀਜਾ 1 ਸਲੋਕ, ਸਾਰੰਗ ਕੀ ਵਾਰ ਮਹਲਾ ਮਹਲਾ ਚਾਰ 9 ਸਲੋਕ, ਮਲਾਰ ਕੀ ਵਾਰ ਮਹਲਾ ਪਹਿਲਾ ਵਿਚ 5 ਸਲੋਕ = 63
ਸ੍ਰੀ ਗੁਰੂ ਅੰਗਦ ਸਾਹਿਬ ਖਡੂਰ ਨਗਰ ਵਿੱਚ 3 ਵੈਸਾਖ ਸੰਮਤ 1609 (ਚੇਤਰ ਸੁਦੀ 4) ਨੂੰ ਜੋਤੀ ਜੋਤਿ ਸਮਾਏ। ਈਸਵੀ ਸੰਨ ਅਨੁਸਾਰ 29 ਮਾਰਚ ਸੰਨ 1552 ਦਿਨ ਮੰਗਲਵਾਰ ਸੀ। ਕੁਲ ਉਮਰ 48 ਸਾਲ ਦੀ ਸੀ।

ਡਾ.ਚਰਨਜੀਤ ਸਿੰਘ ਗੁਮਟਾਲਾ
919417533060
gumtalacs@gmail.com
mailto:gumtalacs@gmail.com

ਅਵਤਾਰ ਪੁਰਬ ‘ਤੇ ਵਿਸ਼ੇਸ਼

ਸ੍ਰੀ ਗੁਰੂ ਅਰਜਨ ਦੇਵ ਜੀ

ਹਰਿਮੰਦਰ ਸਾਹਿਬ ਅੰਮ੍ਰਿਤਸਰ

ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 15 ਅਪ੍ਰੈਲ 1563 ਈ: ਨੂੰ ਚੌਥੇ ਗੁਰੂ ਸ੍ਰੀ ਗਰੁੂ ਸ੍ਰੀ ਰਾਮਦਾਸ ਜੀ ਦੇ ਗ੍ਰਹਿ ਗੋਇੰਦਵਾਲ ਸਾਹਿਬ ਵਿਖੇ ਅਵਤਾਰ ਧਾਰਿਆ। ਆਪ ਜੀ ਦੀ ਮਾਤਾ ਦਾ ਨਾਂ ਬੀਬੀ ਭਾਨੀ ਸੀ। ਇਹ ਸਥਾਨ ਬਿਆਸ ਦਰਿਆ ਦੇ ਕੰਢੇ ਹੈ। ਆਪ ਦੇ ਵੱਡੇ ਭਰਾ ਸ੍ਰੀ ਪ੍ਰਿਥੀ ਚੰਦ ਤੇ ਸ੍ਰੀ ਮਹਾਂਦੇਵ ਸਨ। ਆਪ ਬਹੁਤ ਹੀ ਸੂਝਵਾਨ ਸਨ, ਇਹੋ ਕਾਰਨ ਸੀ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਨੂੰ ਗੁਰਗੱਦੀ ਸੌਂਪੀ।ਸ੍ਰੀ ਗੁਰੂ ਅਮਰਦਾਸ ਜੀ ਨੇ ਇਨ੍ਹਾਂ ਦੇ ਚੱਕਰ ਨੂੰ ਵੇਖ ਕੇ ‘ਦੋਹਿਤਾ ਬਾਣੀ ਦਾ ਬੋਹਿਥਾ’ ਕਹਿ ਕੇ ਸੰਬੋਧਿਤ ਕੀਤਾ ।ਇਸ ਦਾ ਭਾਵ ਹੈ ਕਿ ਬਾਣੀ ਦਾ ਵੱਡਾ ਜਹਾਜ਼ ।1581 ਈ.ਵਿਚ 18 ਸਾਲ ਦੀ ਉਮਰ ਵਿਚ ਆਪ ਗੁਰਗੱਦੀ ‘ਤੇ ਬਿਰਾਜਮਾਨ ਹੋਇ।

ਗੁਰਗੱਦੀ ਧਾਰਨ ਤੋਂ ਪਹਿਲਾਂ ਆਪ ਬਤੌਰ ਇੱਕ ਸਫ਼ਲ ਪ੍ਰਚਾਰਕ ਦਾ ਕੰਮ ਕਰ ਚੁੱਕੇ ਸਨ। ਭਾਵੇਂ ਸ੍ਰੀ ਗੁਰੂ ਰਾਮਦਾਸ ਜੀ ਆਪਣੇ ਜਨਮ ਅਸਥਾਨ ਲਾਹੌਰ ਵਿਖੇ ਬਹੁਤਾ ਸਮਾਂ ਨਾ ਰਹਿ ਸਕੇ ਪਰ ਉਨ੍ਹਾਂ ਨੇ ਆਪ ਨੂੰੰ ਇੱਥੇ ਪ੍ਰਚਾਰ ਕਰਨ ਲਈ ਭੇਜਿਆ। ਲਾਹੌਰ ਉਸ ਸਮੇਂ ਸੂਬਾਈ ਰਾਜਧਾਨੀ ਹੋਣ ਕਰਕੇ ਬਹੁਤ ਪ੍ਰਸਿੱਧੀ ਵਾਲਾ ਸ਼ਹਿਰ ਸੀ। ਇੱਥੇ ਹੀ ਆਪ ਜੀ ਨੇ ਸ਼ਬਦ ਹਜ਼ਾਰੇ ਆਪਣੇ ਪਿਤਾ ਜੀ ਨੂੰ ਚਿੱਠੀਆਂ ਦੇ ਰੂਪ ਵਿੱਚ ਭੇਜੇ ਜੋ ਕਿ ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ।

ਆਪ ਨੇ ਦਸਵੰਧ ਦੀ ਪ੍ਰਥਾ ਸ਼ੁਰੂ ਕੀਤੀ। ਮਸੰਦਾਂ ਨੂੰ ਇਹ ਕੰਮ ਸੌਂਪਿਆ ਗਿਆ ਕਿ ਉਹ ਸੰਗਤਾਂ ਪਾਸ ਦਸਵੰਧ ਉਗਰਾਹ ਕੇ ਆਪ ਪਾਸ ਜਮਾਂ ਕਰਾਉਣ ਤਾਂ ਜੋ ਲੰਗਰ ਅਤੇ ਇਮਾਰਤਾਂ ਦੀ ਉਸਾਰੀ ਦਾ ਕੰਮ ਨਿਰਵਿਘਨ ਚੱਲਦਾ ਰਹੇ। ਆਦਿ ਗ੍ਰੰਥ ਜਿਸ ਨੂੰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਦੀ ਸੰਪਾਦਨਾ ਆਪ ਜੀ ਦੀ ਇੱਕ ਮਹਾਨ ਦੇਣ ਹੈ। ਭਾਈ ਗੁਰਦਾਸ ਜੀ ਦੀ ਸਹਾਇਤਾ ਨਾਲ ਆਪ ਨੇ ਇਹ ਕੰਮ 1604 ਈ: ਵਿੱਚ ਮੁਕੰਮਲ ਕਰਕੇ ਇਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਕੀਤਾ। ਇਹ ਇੱਕ ਐਸਾ ਗ੍ਰੰਥ ਹੈ, ਜੋ ਕਿ ਸਭ ਧਰਮਾਂ ਦਾ ਸਾਂਝਾ ਹੈ। ਇਸ ਵਿੱਚ ਗੁਰੂ ਸਾਹਿਬਾਨ ਤੋਂ ਇਲਾਵਾ ਹਿੰਦੂ ਅਤੇ ਮੁਸਲਮਾਨ ਵਿਦਵਾਨਾਂ ਦੀ ਬਾਣੀ ਦਰਜ਼ ਹੈ। ਇਸ ਦਾ ਉਦੇਸ਼ ਚੌਂਹ ਵਰਣਾਂ ਲਈ ਸਾਂਝਾ ਹੈ।

ਗੁਰਦੁਆਰਾ ਗੁਰੂ ਕਾ ਮਹਿਲ ਅੰਮ੍ਰਿਤਸਰ

ਬਾਣੀ ਰਾਗਾਂ ਵਿੱਚ ਹੈ। ਕੁਝ 30 ਰਾਗ ਹਨ। ਆਰੰਭ ਵਿੱਚ ਮੂਲ ਮੰਤਰ ਤੋਂ ਬਾਅਦ ਜਪੁਜੀ ਸਾਹਿਬ ਹੈ। ਹਰ ਰਾਗ ਵਿੱਚ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਤੇ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੈ।ਸ੍ਰੀ ਗੁਰੂ ਗੋਬਿੰਦ ਸਿੰਘ ਨੇ ਨੌਵੀਂ ਪਾਤਸ਼ਹੀ ਦੀ ਬਾਣੀ ਬਾਦ ਵਿਚ ਦਰਜ ਕੀਤੀ। ਗੁਰੂਆਂ ਦੇੇ ਬਾਦ ਭਗਤਾਂ ਦੀ ਬਾਣੀ ਹੈ ਜੋ ਕਿ ਸਮੇਂ ਅਨੁਸਾਰ ਦਰਜ਼ ਹੈ। ਜਿਨ੍ਹਾਂ ਭਗਤਾਂ ਦੀ ਬਾਣੀ ਦਰਜ ਕੀਤੀ ਗਈ ਹੈ, ਉਨ੍ਹਾਂ ਵਿੱਚ ਫ਼ਰੀਦ ਜੀ ,ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਰਾਮਾਨੰਦ ਜੀ, ਜੈਦੇਵ ਜੀ, ਤ੍ਰਿਲੋਚਨ ਜੀ, ਧੰਨਾ ਜੀ, ਸੈਣ ਜੀ, ਪੀਪਾ ਜੀ, ਭੀਖਣ ਜੀ, ਸਧਨਾ ਜੀ, ਪਰਮਾਨੰਦ ਜੀ, ਸੂਰਦਾਸ ਜੀ, ਬੈਣੀ ਜੀ ਸ਼ਾਮਿਲ ਹਨ। ਭਾਈ ਮਰਦਾਨਾ ਦੇ 3 ਸਲੋਕ ਦਿੱਤੇ ਗਏ ਹਨ।

ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸ਼ੁਰੂ ਕੀਤੇ ਕੰਮਾਂ ਨੂੰ ਪੂਰਾ ਕਰਨ ਵੱਲ ਆਪ ਨੇ ਧਿਆਨ ਦਿੱਤਾ। ਅੰਮ੍ਰਿਤਸਰ ਦੇ ਸਰੋਵਰ ਨੂੰ ਪੱਕਾ ਕਰਵਾਇਆ। ਇਸ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ, ਜਿਸ ਦੀ ਨੀਂਹ ਮੁਸਲਮਾਨ ਸੂਫ਼ੀ ਫ਼ਕੀਰ ਸਾਈਂ ਮੀਆਂ ਮੀਰ ਪਾਸੋਂ ਰਖਵਾਈ, ਜਿਨ੍ਹਾਂ ਦਾ ਗੁਰੂ ਘਰ ਨਾਲ ਮੇਲ ਮਿਲਾਪ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਸੀ। ਇਹ ਸਥਾਨ ਸਿੱਖ ਕੌਮ ਲਈ ਇੱਕ ਅਜੂਬਾ ਬਣ ਗਿਆ। ਇਹ ਪਹਿਲਾ ਗੁਰਦੁਆਰਾ ਸੀ ਜਿਸ ਦੀ ਉਸਾਰੀ ਗੁਰੂ ਸਾਹਿਬ ਦੀ ਦੇਖ ਰੇਖ ਵਿੱਚ ਹੋਈ। ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾਣ ਲਈ ਆਲੀਸ਼ਾਨ ਦਰਸ਼ਨੀ ਡਿਊਢੀ ਬਣਾਈ। ਸ੍ਰੀ ਦਰਬਾਰ ਸਾਹਿਬ ਅੰਦਰ ਗੁਰਬਾਣੀ ਦਾ ਮਨੋਹਰ ਕੀਰਤਨ ਹੁੰਦਾ ਹੈ, ਜਿਸ ਦਾ ਦੁਨੀਆਂ ਭਰ ਦੇ ਸ਼ਰਧਾਲੀ ਆਨੰਦ ਮਾਣ ਰਹੇ ਹਨ।

ਗੁਰੂ ਸਾਹਿਬ ਨੇ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ 1590 ਈ. ਵਿੱਚ ਤਰਨਤਾਰਨ ਦਾ ਗੁਰਦੁਆਰਾ ਉਸਾਰਿਆ। ਇਸ ਵਿੱਚ ਗੁਰਦੁਆਰੇ ਦੀ ਇਮਾਰਤ ਸਰੋਵਰ ਦੇ ਇੱਕ ਪਾਸੇ ਹੈ। ਇਹ ਤਰਨਤਾਰਨ ਦੇ ਆਲੇ-ਦੁਆਲੇ ਦੀਆਂ ਸੰਗਤਾਂ ਲਈ ਇਹ ਕੇਂਦਰ ਬਣ ਗਿਆ। ਜਦ ਆਪ ਬਿਆਸ ਦਰਿਆ ਪਾਰ ਕਰਕੇ ਦੁਆਬੇ ਗਏ ਤਾਂ ਆਪ ਨੇ ਇੱਕ ਨਵਾਂ ਕੇਂਦਰ ਕਰਤਾਰਪੁਰ 1594 ਈ. ਦੇ ਆਸ ਪਾਸ ਵਸਾਇਆ ਤੇ ਗੁਰਦੁਆਰੇ ਦੀ ਸਥਾਪਨਾ ਕੀਤੀ।

ਗੁਰੂ ਜੀ ਵਡਾਲੀ ਵਿਖੇ ਕੁਝ ਜ਼ਮੀਨ ਲੈ ਕੇ ਆਪ ਨੇ ਖੇਤੀ ਕਰਵਾਈ। ਇੱਥੇ ਹੀ 1595 ਈ: ਵਿੱਚ ਗੁਰੂ ਹਰਿਗੋਬਿੰਦ ਜੀ ਦਾ ਜਨਮ ਹੋਇਆ। ਇਸ ਦੀ ਖ਼ੁਸ਼ੀ ਵਿੱਚ ਆਪ ਨੇ ਛੇ ਹਰਟਾਂ ਵਾਲਾ ਖੂਹ ਲਗਵਾਇਆ। ਅਜਿਹੇ ਖੂਹ ਵਿੱਚ ਪੰਜਾਬ ਵਿੱਚ ਕੇਵਲ ਬਾਦਸ਼ਾਹ ਹੀ ਲਵਾਉਂਦੇ ਸਨ ਤੇ ਉਹ ਵੀ ਇੱਕ ਹਰਟ ਜਾਂ ਦੋ ਹਰਟਾਂ ਵਾਲਾ। ਇੱਕ ਹਰਟ ਨੂੰ ਗੇੜਨ ਲਈ ਇੱਕ ਬਲਦਾਂ ਦੀ ਜੋੜੀ ਹੁੰਦੀ ਸੀ ਜਾਂ ਇੱਕ ਊਠ ਨਾਲ ਉਸ ਨੂੰ ਗੇੜਿਆ ਜਾਂਦਾ ਸੀ। ਅੱਜ ਕੱਲ੍ਹ ਇੱਥੇ ਗੁਰਦੁਆਰਾ ਛੇਹਰਟਾ ਸਾਹਿਬ ਸਥਿਤ ਹੈ।

ਗੁਰਦੁਆਰਾ ਸਾਹਿਬ ਤਰਨਤਾਰਨ

ਜ਼ਿਲ੍ਹਾ ਗੁਰਦਾਸਪੁਰ ਵਿੱਚ ਬਿਆਸ ਦਰਿਆ ਕੰਢੇ ਤਹਿਸੀਲ ਬਟਾਲਾ ਘੁਮਾਣ ਪਿੰਡ ਲਾਗੇ ਆਪਣੇ ਸਪੁੱਤਰ ਦੇ ਨਾਂ ’ਤੇ ਸ੍ਰੀ ਹਰਿਗੋਬਿੰਦਪੁਰ ਵਸਾਇਆ। ਇਸ ਲਈ ਇੱਕ ਮੁਰੱਬਾ ਜ਼ਮੀਨ ਖ਼੍ਰੀਦੀ।ਲਾਹੌਰ ਵਿੱਚ ਆਪ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ’ਤੇ ਸੰਗਤਾਂ ਦੀ ਸਹੂਲਤ ਲਈ ਬਾਉਲੀ ਲਗਵਾਈ।

ਆਪ ਨੇ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਅਰਬ ਮੁਲਕਾਂ ਵਿੱਚ ਭੇਜਿਆ ਜਿਸ ਤੋਂ ਆਪ ਦੀ ਦੂਰ ਅੰਦੇਸ਼ੀ ਦਾ ਪਤਾ ਲਗਦਾ ਹੈ।ਆਪ ਵੱਲੋਂ ਬਾਦਸ਼ਾਹ ਅਕਬਰ ਪਾਸੋਂ ਕਿਸਾਨਾਂ ਦੇ ਲਗਾਨ ਮੁਆਫ਼ ਕਰਾਉਣ ਦਾ ਹਵਾਲਾ ਸਮਕਾਲੀ ਲੇਖਕ ਸੁਜਾਨ ਰਾਏ ਭੰਡਾਰੀ ਦੀ ਲਿਖਤ ਤੋਂ ਮਿਲਦਾ ਹੈ ਕਿ ਜਦ ਅਕਬਰ ਲਾਹੌਰ ਤੋਂ ਦੱਖਣ ਬਟਾਲੇ ਗਏ ਜਿੱਥੇ ਕਿ ਮੁਸਲਮਾਨ ਫ਼ਕੀਰ ਤੇ ਹਿੰਦੂ ਸਨਿਆਸੀ ਦੀ ਲੜਾਈ ਕਰਕੇ ਮੰਦਰ ਢਾਹ ਦਿੱਤਾ ਗਿਆ। ਅਕਬਰ ਨੇ ਇਹ ਮੰਦਰ ਦੁਬਾਰਾ ਬਣਵਾਇਆ ਤੇ ਵਧੀਕੀ ਕਰਨ ਵਾਲਿਆਂ ਵਿੱਚੋਂ ਕਈ ਕੈਦ ਕਰ ਦਿੱਤੇ। ਫਿਰ ਅਕਬਰ ਗੁਰੂ ਅਰਜਨ ਦੇਵ ਜੀ ਦੇ ਸਥਾਨ ਪੁੱਜਾ ਤੇ ਗੁਰੂ ਨਾਨਕ ਜੀ ਦੀ ਬਾਣੀ ਸੁਣ ਕੇ ਬਹੁਤ ਪ੍ਰਸੰਨ ਹੋਇਆ। ਉਨ੍ਹਾਂ ਨੇ ਗੁਰੂ ਜੀ ਦੇ ਕਹਿਣ ’ਤੇ ਲਗਾਨ ਦਾ ਛੇਵਾਂ ਭਾਗ ਮੁਆਫ਼ ਕਰ ਦਿੱਤਾ ਕਿਉਂਕਿ ਅਨਾਜ ਸਸਤਾ ਹੋਣ ਕਰਕੇ ਕਿਸਾਨ ਏਨਾਂ ਲਗਾਨ ਨਹੀਂ ਦੇ ਸਕਦੇ ਸਨ।

ਆਪ ਨੇ ਗੁਰੂ ਨਾਨਕ ਰਾਹੀਂ ਸਥਾਪਤ ਕੀਤੇ ਗਏ ਸਿਧਾਂਤਾਂ ਨੂੰ ਸਿੱਖਾਂ ਦੇ ਮਨ ਵਿੱਚ ਵਸਾਇਆ। ਆਪ ਜੀ ਗੁਰਿਆਈ ਸਮੇਂ ਸਿੱਖ ਧਰਮ ਨੇ ਬਹੁਤ ਤਰੱਕੀ ਕੀਤੀ। ਮਾਲਵੇ ਦੇ ਜੰਗਜੂ ਜੱਟ ਕਬੀਲਿਆਂ ਨੂੰ ਆਪ ਨੇ ਸਿੱਖ ਧਰਮ ਦੀ ਮੁੱਖ ਧਾਰਾ ਵਿੱਚ ਲਿਆਂਦਾ ਤੇ ਸਿੱਖਾਂ ਨੂੰ ਸਰਬਪੱਖੀ ਵਿਕਾਸ ਦੇ ਰਾਹ ’ਤੇ ਤੋਰਿਆ।

ਜਿੱਥੋਂ ਤੀਕ ਗੁਰੂ ਜੀ ਦੀ ਸ਼ਹਾਦਤ ਦਾ ਸੰਬੰਧ ਹੈ, ਉਸ ਬਾਰੇ ਵੱਖ-ਵੱਖ ਰਾਵਾਂ ਹਨ। ਸ਼ਾਂਤੀ ਦੇ ਪੁੰਜ ਤੇ ਸਬਰ ਸੰਤੋਖ ਵਾਲੀ ਸ਼ਖਸੀਅਤ ਦੇ ਮਾਲਕ ਗੁਰੂ ਜੀ ਦਾ ਅੰਤ ਬਹੁਤ ਦੁੱਖਾਂਤਿਕ ਸੀ। ਬਾਦਸ਼ਾਹ ਜਹਾਂਗੀਰ ਦੀ ਆਪਣੀ ਲਿਖਤ ਜੋ ਕਿ ਤੁਜ਼ਕੇ ਜਹਾਂਗੀਰੀ ਵਿੱਚ ਦਰਜ਼ ਹੈ, “ਗੋਇੰਦਵਾਲ ਵਿਖੇ ਜਿਹੜਾ ਕਿ ਦਰਿਆ ਬਿਆਸ ਦੇ ਕਿਨਾਰੇ ਸਥਿਤ ਹੈ ਪੀਰ ਅਤੇ ਸ਼ੇਖ ਦੇ ਬੁਰਕੇ ਵਿੱਚ ਇੱਕ ਅਰਜਨ ਨਾਂ ਦਾ ਹਿੰਦੂ ਰਹਿੰਦਾ ਹੈ। ਉਸ ਨੇ ਆਪਣੇ ਤੌਰ ਤਰੀਕਿਆਂ ਰਾਹੀਂ ਆਪਣੇ ਬਾਰੇ ਧਾਰਮਿਕ ਅਤੇ ਸੰਸਾਰਿਕ ਨੇਤਾ ਦਾ ਐਸਾ ਰੌਲਾ ਪੁਆ ਰੱਖਿਆ ਹੈ ਕਿ ਸਿੱਧੇ ਸਾਦੇ ਦਿਲ ਵਾਲੇ ਹਿੰਦੂ ਇੱਥੋਂ ਤੀਕ ਕਿ ਮੂਰਖ ਅਤੇ ਬੁੱਧੂ ਕਿਸਮ ਦੇ ਮੁਸਲਮਾਨਾਂ ਨੂੰ ਆਪਣੇ ਵੱਲ ਖਿੱਚ ਰੱਖਿਆ ਹੈ। ਉਹ ਉਸ ਨੂੰ ਗੁਰੂ ਕਹਿੰਦੇ ਹਨ। ਸਾਰੀਆਂ ਦਿਸ਼ਾਵਾਂ ਤੋਂ ਮੂਰਖ ਅਤੇ ਮੂਰਖਾਂ ਦੀ ਪੂਜਾ ਕਰਨ ਵਾਲੇ ਲੋਕ ਉਸ ਵੱਲ ਖਿੱਚੇ ਆਉਂਦੇ ਹਨ ਅਤੇ ਉਸ ਵਿੱਚ ਪੂਰਾ ਵਿਸ਼ਵਾਸ ਪ੍ਰਗਟ ਕਰਦੇ ਹਨ। ਤਿੰਨ ਜਾਂ ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਗਰਮ ਚੱਲੀ ਆ ਰਹੀ ਹੈ। ਕੁਝ ਸਾਲਾਂ ਤੋਂ ਇਹ ਵਿਚਾਰ ਮੇਰੇ ਮਨ ਵਿੱਚ ਚੱਲਦਾ ਆ ਰਿਹਾ ਹੈ ਕਿ ਜਾਂ ਤਾਂ ਇਸ ਝੂਠੀ ਦੁਕਾਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਉਣਾ ਚਾਹੀਦਾ ਹੈ।”

ਗੁਰਦੁਆਰਾ ਡੇਹਰਾ ਸਾਹਿਬ ਲਾਹੌਰ

ਜਦ ਗੁਰੂ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਹਿੰਦੂਆਂ ਨੇ ਬਾਦਸ਼ਾਹ ਨੂੰ ਛੱਡਣ ਲਈ ਅਪੀਲ ਕੀਤੀ। ਅਖ਼ੀਰ ਵਿੱਚ ਇਹ ਤਹਿ ਹੋਇਆ ਕਿ ਉਸ ਨੂੰ ਇੱਕ ਲੱਖ ਰੁਪਏ ਜੁਰਮਾਨੇ ਦੇ ਤੌਰ ’ਤੇ ਅਦਾ ਕਰਨੇ ਚਾਹੀਦੇ ਹਨ। ਇਹ ਕੰਮ ਇੱਕ ਅਮੀਰ ਹਿੰਦੂ ਵੱਲੋਂ ਜਮਾਨਤ ਦੇਣ ਪਿੱਛੋਂ ਕੀਤਾ ਗਿਆ। ਇਸ ਅਮੀਰ ਹਿੰਦੂ ਨਹੀਂ ਸੀ ਪਤਾ ਕਿ ਗੁਰੂ ਜੀ ਪਾਸ ਏਨੀ ਵੱਡੀ ਰਕਮ ਨਹੀਂ ਹੋ ਸਕਦੀ। ਇਸ ਅਮੀਰ ਹਿੰਦੂ ਦਾ ਨਾਂ ਚੰਦੂ ਸੀ। ਚੰਦੂ ਨੇ ਗੁਰੂ ਜੀ ਨੂੰ ਇਹ ਰਕਮ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਪਰ ਗੁਰੂ ਜੀ ਜੁਰਮਾਨਾ ਦੇਣਾ ਨਾ ਮੰਨੇ। ਗੁਰੂ ਜੀ ਨੂੰ ਕੜਕਦੀ ਧੁੱਪ ਵਿੱਚ ਕਿੱਲ੍ਹੇ ਦੇ ਇੱਕ ਬੁਰਜ਼ ਦੀ ਛੱਤ ਉੱਪਰ ਬਿਠਾਇਆ ਗਿਆ। ਉਨ੍ਹਾਂ ਨੂੰ ਤਪਦੀ ਤੱਤੀ ਲੋਹ ਉਪਰ ਬਠਾ ਕੇ ਸਰੀਰ ਉਪਰ ਤੱਪਦੀ ਤੱਤੀ ਰੇਤ ਪਾਈ ਗਈ। ਇਸ ਤਰ੍ਹਾਂ ਉਨ੍ਹਾਂ ਦਾ ਸਰੀਰ ਛਾਲਿਆਂ ਨਾਲ ਭਰ ਗਿਆ। ਉਨ੍ਹਾਂ ਨੂੰ ਹੋਰ ਤੜਪਾਉਣ ਲਈ ਉਨ੍ਹਾਂ ਨੂੰ ਦਰਿਆ ਦੇ ਪਾਣੀ ਵਿੱਚ ਲਮਕਾਇਆ ਜਾਂਦਾ ਸੀ। ਰਾਵੀ ਦਰਿਆ ਉਸ ਸਮੇਂ ਲਾਹੌਰ ਕਿੱਲ੍ਹੇ ਦੀ ਕੰਧ ਨਾਲ ਹੀ ਵੱਗਦਾ ਸੀ, ਇੰਜ ਕਰਨ ਨਾਲ ਗੁਰੂ ਜੀ 30 ਮਈ 1606 ਈ: ਨੂੰ ਸ਼ਹੀਦ ਹੋ ਗਏ।

ਸਿੱਖ ਇਤਿਹਾਸ ਵਿਚ ਇਹ ਪਹਿਲੀ ਸ਼ਹਾਦਤ ਸੀ। ਇਸ ਪਿੱਛੋਂ ਸਿੱਖਾਂ ਦੀਆਂ ਸ਼ਹਾਦਤਾਂ ਦੀ ਝੜੀ ਲੱਗ ਗਈ। ਸ੍ਰੀ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਹਥਿਆਰਬੰਦ ਕਰਕੇ ਮੁਗ਼ਲਾਂ ਨਾਲ ਟੱਕਰ ਲੈਣੀ ਸ਼ੁਰੂ ਕੀਤੀ।ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਮੁਗ਼ਲ ਹਕੂਮਤ ਵਿਰੁਧ ਲੜਾਈਆਂ ਲੜੀਆਂ।ਸ.ਬੰਦਾ ਸਿੰਘ ਬਹਾਦਰ ਨੇ ਇਸ ਸਘੰਰਸ਼ ਨੂੰ ਹੋਰ ਪ੍ਰਚੰਡ ਕੀਤਾ ਤੇ ਕਈ ਇਲਾਕੇ ਆਪਣੇ ਕਬਲੇ ਵਿਚ ਲਏ।ਸ.ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਦ ਸਿੱਖ ਮਿਸਲਾਂ ਦਾ ਰਾਜ ਕਾਇਮ ਹੋਇਆ। ਉਪਰੰਤ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ,ਜਿਸ ਨੇ ਦੁਨੀਆ ਦਾ ਨਕਸ਼ਾ ਬਦਲ ਦਿੱਤਾ। ਇਸ ਤਰ੍ਹਾਂ ਦੁਨੀਆਂ ਦੇ ਇਤਿਹਾਸ ਵਿਚ ਇਹ ਸ਼ਹਾਦਤ ਵਿਸ਼ੇਸ਼ ਸਥਾਨ ਰਖਦੀ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸਾਹਿਬਾਨ : ਸਿੱਖੀ ਵਿਕੀ ਵੈਬਸਾਇਟ ਇਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ: 1.ਹਰਿਮੰਦਰ ਸਾਹਿਬ ਅੰਮ੍ਰਿਤਸਰ 2. ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ 3. ਸੰਤੋਖਸਰ ਸਾਹਿਬ ਅੰਮ੍ਰਿਤਸਰ 4. ਗੁਰਦੁਆਰਾ ਗੁਰੂ ਕਾ ਮਹਿਲ ਅੰਮ੍ਰਿਤਸਰ 5. ਗੁਰਦੁਆਰਾ ਛੇਹਰਟਾ ਸਾਹਿਬ 6. ਗੁਰਦੁਆਰਾ ਸਾਹਿਬ ਤਰਨਤਾਰਨ 7. ਗੁਰਦੁਆਰਾ ਬਿਲਗਾ ਸਾਹਿਬ 8. ਗੁਰਦੁਆਰਾ ਧਾਮ ਸਾਹਿਬ ਕਰਤਾਰਪੁਰ 9. ਗੁਰਦੁਆਰਾ ਗੰਗਸਰ ਸਾਹਿਬ 10. ਗੁਰਦੁਆਰਾ ਬਾਰਠ ਸਾਹਿਬ ਗੁਰਦਾਸਪੁਰ 11. ਸ੍ਰੀ ਹਰਿਗੋਬਿੰਦਪੁਰ ਗੁਰਦਾਸਪੁਰ 12. ਗੁਰਦੁਆਰਾ ਚੌਬਾਰਾ ਸਾਹਿਬ 13. ਗੁਰਦੁਆਰਾ ਡੇਹਰਾ ਸਾਹਿਬ ਲਾਹੌਰ 14. ਗੁਰਦੁਆਰਾ ਬਾਉਲੀ ਸਾਹਿਬ ਗੁਰੂ ਅਰਜਨ ਦੇਵ ਜੀ ਲਾਹੌਰ 15. ਗੁਰਦੁਆਰਾ ਲਾਲ ਖੂਹ ਲਾਹੌਰ

ਡਾ.ਚਰਨਜੀਤ ਸਿੰਘ ਗੁਮਟਾਲਾ
919417533060
gumtalacs@gmail.com
mailto:gumtalacs@gmail.com

20 ਅਪ੍ਰੈਲ 2024 ਦੇ ਅੰਕ ਲਈ
ਜਨਮ ਦਿਨ ‘ਤੇ ਵਿਸ਼ੇਸ਼

ਲਾਸਾਨੀ ਸ਼ਹੀਦ ਭਾਈ ਮਨੀ ਸਿੰਘ ਜੀ

ਸਿੱਖ ਧਰਮ ਦਾ ਇਤਿਹਾਸ ਲਹੂ ਦੀ ਸਿਆਹੀ ਨਾਲ ਲਿਖਿਆ ਗਿਆ ਹੈ ਕਿਉਂਕਿ ਸੱਚੇ ਧਰਮ ਦੀ ਸਥਾਪਨਾ ਲਈ ਜੋ ਔਕੜਾਂ ਸਿੱਖਾਂ ਨੂੰ ਸਹਿਣੀਆਂ ਪਈਆਂ, ਅਤੇ ਜਿਸ ਉਤਸ਼ਾਹ ਅਤੇ ਚਾਅ ਨਾਲ ਸਿੱਖਾਂ ਨੂੰ ਦੇਸ਼ ਅਤੇ ਧਰਮ ਤੋਂ ਕੁਰਬਾਨ ਹੋਣਾ ਪਿਆ, ਸ਼ਾਇਦ ਉਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚੋਂ ਲੱਭਣੀ ਮੁਸ਼ਕਿਲ ਹੋਵੇ। ਭਾਈ ਮਨੀ ਸਿੰਘ ਸਿੱਖ ਸ਼ਹੀਦਾਂ ਦੀ ਮਾਲਾ ਦਾ ਇੱਕ ਅਦੁੱਤੀ ਮੋਤੀ ਹੈ ਜਿਸ ਨੇ ਆਪਣੇ ਬੰਦ ਬੰਦ ਕਟਵਾ ਕੇ ਸੰਕਟ-ਕਾਲ ਵਿੱਚ ਸਿੱਖ ਧਰਮ ਦੀ ਸ਼ਾਨ ਅਤੇ ਗੌਰਵ ਨੂੰ ਕਾਇਮ ਰੱਖਿਆ। ਭਾਈ ਮਨੀ ਸਿੰਘ ਦਾ ਚਰਿੱਤਰ ਆਤਮ-ਉਤਸਰਗੀ ਸਾਧਕਾਂ ਅਤੇ ਧਰਮ ਦੇ ਜਿਗਿਆਸੂਆਂ ਲਈ ਇੱਕ ਚਾਨਣ ਮੁਨਾਰਾ ਹੈ, ਜਿਸ ਦੀਆਂ ਚਰਿੱਤਰਗਤ ਵਿਸ਼ਿਸ਼ਟਤਾਵਾਂ ਦਾ ਅਨੁਕਰਣ ਕਰਕੇ ਕੋਈ ਵੀ ਧਰਮ-ਸਾਧਕ ਧੰਨ ਹੋ ਸਕਦਾ ਹੈ।

ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਪਿੰਡ ਕੈਬੋਵਾਲ, 1701 ਬਿ. ਨੂੰ ਐਤਵਾਰ ਚੇਤਰ ਸੁਦੀ ਬਾਰ੍ਹਵੀਂ (10 ਮਾਰਚ 1662 ਈ. )ਨੂੰ ਮਾਈ ਦਾਸ ਤੇ ਮਾਤਾ ਮਧੁਰੀ ਬਾਈ ਦੇ ਗ੍ਰਹਿ ਵਿੱਚ ਹੋਇਆ।ਮਾਤਾ ਪਿਤਾ ਨੇ ਇਨ੍ਹਾਂ ਦਾ ਨਾਮ ਮਨੀਆ ਰਖ ਦਿੱਤਾ। ਆਪ ਦੇ ਵੱਡੇ ਵਡੇਰੇ ਮੁਗਲਾਂ ਦੀ ਨੌਕਰੀ ਕਰਦੇ ਸਨ ਜੋ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸਿੱਖ ਹੋਏ ਤੇ ਉਨ੍ਹਾਂ ਦੀ ਸੇਵਾ ਵਿੱਚ ਰਹਿਣ ਲੱਗੇ। ਆਪ ਦੇੇ ਦਾਦਾ ਜੋ ਬਹੁਤ ਸੂਰਬੀਰ ਯੋਧਾ ਸਨ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੇ ਜਰਨੈਲ ਰਹਿ ਚੁੱਕੇ ਸਨ। ਭਾਈ ਮਨੀ ਸਿੰਘ, ਕੁਲ ਮਿਲਾ ਕੇ 12 ਭਰਾ ਸੀ। ਜਿਨ੍ਹਾਂ ਵਿੱਚੋਂ ਇੱਕ ਦੀ ਬਚਪਨ ਵਿੱਚ ਹੀ ਮੌਤ ਹੋ ਗਈ, ਗਿਆਰਾਂ ਭਰਾ ਪੰਥ ਲਈ ਸ਼ਹੀਦ ਹੋਏ ਜਿਨ੍ਹਾਂ ਵਿੱਚੋਂ ਇੱਕ ਭਾਈ ਦਿਆਲਾ ਚਾਂਦਨੀ ਚੌਂਕ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਇਆ। ਇਹ ਪਰਿਵਾਰ ਸ਼ਹੀਦ ਦਾ ਪਰਿਵਾਰ ਕਿਹਾ ਜਾਂਦਾ ਹੈ ਕਿਉਂਕਿ ਇਕੱਲੇ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚ ਭਾਈ ਮਨੀ ਸਿੰਘ ਜੀ ਦਾ ਦਾਦਾ ਸ਼ਹੀਦ, ਉਨ੍ਹਾਂ ਸਮੇਤ ਇਹ 11 ਭਰਾ ਸਹੀਦ, 10 ਪੁੱਤਰਾਂ ਵਿੱਚੋਂ 7 ਪੁਤਰ ਤੇ ਅਗੋਂ ਭਰਾਵਾਂ ਦੇ ਪੁੱਤਰ ਕੁਲ ਮਿਲਾ 29 ਸ਼ਹੀਦ ਹੋਏ ਹਨ।

13 ਵਰ੍ਹਿਆਂ ਦੀ ਆਯੂ ਵਿੱਚ ਮਨੀ ਸਿੰਘ ਆਪਣੇ ਪਿਤਾ ਦੇ ਸੰਗ ਸੱਤਵੇਂ ਗੁਰੂ ਹਰਿ ਰਾਇ ਸਾਹਿਬ ਦੇ ਦਰਸ਼ਨ ਲਈ ਕੀਰਤਪੁਰ ਆਏ ਤੇ ਗੁਰੂ ਦਰਬਾਰ ਵਿੱਚ ਦੋ ਵਰ੍ਹੇ ਰਹੇ। ਸਾਰਮੌਰ (ਸਿਰਮੌਰ) ਦੇ ਰਾਜੇ ਫਤਹ ਸ਼ਾਹ ਨੇ 1745 ਬਿ. (ਸੰਨ 1688) ਦੇ 18 ਅਸੂ ਨੂੰ ਗੁਰੂ ਜੀ ਉਪਰ ਧਾਵਾ ਕੀਤਾ ਤਾਂ ਗੁਰੂ ਜੀ ਦੇ ਜਿਨ੍ਹਾਂ ਨਾਮੀ ਸਿੱਖਾਂ ਨੇ ਇਸ ਭੰਗਾਣੀ ਦੇ ਪ੍ਰਸਿੱਧ ਯੁੱਧ ਵਿੱਚ ਹਿੱਸਾ ਲਿਆ, ਉਨ੍ਹਾਂ ਵਿੱਚ ਭਾਈ ਮਨੀ ਸਿੰਘ ਦਾ ਨਾਂ ਵਿਸ਼ੇਸ਼ ਉਲੇਖਯੋਗ ਹੈ।

ਕਹਿਲੂਰ ਦੇ ਰਾਜੇ ਭੀਮ ਚੰਦ ਨੇ ਸੰਕਟ ਬਣਨ ‘ਤੇ ਗੁਰੂ ਜੀ ਨੂੰ ਸਹਾਇਤਾ ਦੇਣ ਦੀ ਪ੍ਰਾਰਥਨਾ ਕੀਤੀ। ਗੁਰੂ ਜੀ ਨਦੌਣ ਸਾਹਿਬ ਲਈ ਗਏ। ਸੰਮਤ 1747 ਸੰਨ 1691 ਦੇ ਚੇਤਰ ਮਹੀਨੇ ਦੀ 22 ਨੂੰ ਹੋਏ ਨਦੌਣ ਯੁੱਧ ਵਿੱਚ ਭਾਈ ਮਨੀ ਸਿੰਘ ਸਮੇਤ ਚੋਣਵੇਂ ਸਿੱਖ ਸ਼ਾਮਲ ਹੋਏ। ਨਦੌਣੋਂ ਪਰਤਣ ‘ਤੇ ਭਾਈ ਮਨੀ ਸਿੰਘ ਦੇ ਸਿੱਖੀ ਸਿਦਕ ਤੋਂ ਪ੍ਰਸੰਨ ਹੋ ਕੇ ਦਸਮ ਗੁਰੂ ਜੀ ਨੇ ਭਾਈ ਮਨੀ ਸਿੰਘ ਨੂੰ ਗੁਰੂ ਦਰਬਾਰ ਦੀ ਦੀਵਾਨਗੀ ਦੀ ਪਦਵੀ ਬਖਸ਼ੀ।
ਸੰਮਤ 1783 ਦੀ ਵਿਸਾਖੀ ਨੂੰ ਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਉਸ ਸਮੇਂ ਭਾਈ ਮਨੀ ਸਿੰਘ ਦੇ ਨਾਲ ਉਨ੍ਹਾਂ ਦੇ ਦੋ ਭਰਾਵਾਂ ਤੇ ਪੰਜ ਪੁੱਤਰਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਉਹ ਮਨੀ ਰਾਮ ਤੋਂ ਮਨੀ ਸਿੰਘ ਬਣ ਗਏ।ਸੰਮਤ 1752 ਬਿ. (1695 ਈ.) ਵਿੱਚ ਹੁਸੈਨ ਖ਼ਾਨ ਨਾਲ ਹੋਏ ਯੁੱਧ ਵਿੱਚ ਗੁਰੂ ਜੀ ਦੇ ਨਾਲ ਆਪ ਨੇ ਵੀ ਜੌਹਰ ਦਿਖਾਏ।

ਦਰਬਾਰ ਸਾਹਿਬ ਅੰਮ੍ਰਿਤਸਰ ਕੁਝ ਸਾਲਾਂ ਬਾਅਦ ਜਦ ਸੋਢੀ ਹਰਿ ਜੀ ਦੀ ਮੌਤ ਹੋ ਗਈ ਤਾਂ ਉਸਦਾ ਪੁੱਤਰ ਸੋਢੀ ਨਿਰੰਜਨ ਰਾਇ ਗੱਦੀ ‘ਤੇ ਬੈਠਾ। ਉਸ ਦੀ ਸ਼ਕਾਇਤ ਸੰਗਤ ਨੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਆ ਕੀਤੀ। ਸਿੱਟੇ ਵਜੋਂ ਗੁਰੂ ਜੀ ਨੇ ਅਕਾਲ ਬੁੰਗੇ ਅਤੇ ਹਰਿਮੰਦਰ ਸਾਹਿਬ ਦੀ ਸੇਵਾ ਕਰਨ ਲਈ ਆਪ ਨੂੰ ਪੰਜ ਸਿਦਕੀ ਸਿੰਘਾਂ-ਭਪਤਿ ਸਿੰਘ, ਗੁਲਜ਼ਾਰ ਸਿੰਘ, ਕੋਇਰ ਸਿੰਘ, ਦਾਨ ਸਿੰਘ ਅਤੇ ਕੀਰਤ ਸਿੰਘ-ਸਹਿਤ ਸੰਗਤ ਨਾਲ ਅੰਮ੍ਰਿਤਸਰ ਦੀ ਵਿਵਸਥਾ ਠੀਕ ਕਰਨ ਲਈ ਭੇਜਿਆ।ਆਪ ਨੇ ਅੰਮ੍ਰਿਤਸਰ ਪਹੁੰਚ ਕੇ ਮੀਣਿਆਂ ਵਲੋਂ ਪਾਈਆਂ ਕੁਪ੍ਰਥਾਵਾਂ ਨੂੰ ਦੂਰ ਕੀਤਾ ਅਤੇ ਸਿੱਖੀ ਦੀ ਮਰਯਾਦਾ ਨੂੰ ਫਿਰ ਤੋਂ ਭਰਪੂਰ ਰੂਪ ਵਿੱਚ ਪ੍ਰਚੱਲਿਤ ਕੀਤਾ।

ਬੰਦਾ ਬਹਾਦਰ ਦੀ ਸ਼ਹੀਦੀ ਤੋਂ ਛੇ ਸਾਲ ਪਿੱਛੋਂ ਸਿੱਖਾਂ ਦੇ ਦੋ ਧੜੇ ਬਣ ਗਏ। ਇੱਕ ਧੜਾ ਅਕਾਲ ਪੁਰਖੀਆਂ (ਤੱਤ ਖਾਲਸਾ-ਨਿਹੰਗ ਸਿੰਘਾਂ) ਦਾ ਸੀ ਜੋ ਦਸਮ ਪਾਤਸ਼ਾਹ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਸੀ। ਦੂਜਾ ਧੜਾ ਬੰਦਈ ਖਾਲਸਾ ਸੀ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਗਿਆਰਵਾਂ ਗੁਰੂ ਮੰਨਦਾ ਸੀ ਤੇ ਉਸ ਸਮੇਂ ਇਸ ਧੜੇ ਦਾ ਨੇਤਾ ਮਹੰਤ ਅਮਰ ਸਿੰਘ ਖੇਮਕਰਨੀਆਂ ਸੀ।ਭਾਈ ਮਨੀ ਸਿੰਘ ਨੇ ਦੋਹਾਂ ਧੜਿਆਂ ਵਿੱਚ ਏਕਤਾ ਕਰਵਾ ਦਿੱਤੀ।

ਸੰਮਤ 1790 ਬਿ. (1733 ਈ.) ਦੀ ਦੀਵਾਲੀ ਦਾ ਪੁਰਬ ਨੇੜੇ ਆ ਚੁੱਕਾ ਸੀ। ਉਸ ਨੂੰ ਮਨਾਉਣ ਲਈ ਲਾਹੌਰ ਦੇ ਨਾਮੀ ਸਿੰਘਾਂ ਸੂਬਦਾਰ (ਜ਼ਕਰੀਆ ਖਾਨ) ਨਾਲ ਗੱਲ ਤੋਰੀ।ਉਸ ਨੇ ਮੇਲੇ ਦੀ ਇਜਾਜ਼ਤ ਦੇਣ ਬਦਲੇ ਜਜ਼ੀਆ (ਕਰ) ਮੰਗਿਆ। ਭਾਈ ਸਾਹਿਬ ਜਜ਼ੀਏ ਦੀ ਰਕਮ ਮੇਲੇ ਉਪਰੰਤ ਦੇਣੀ ਪੱਕੀ ਕਰਕੇ ਵਾਪਸ ਅੰਮ੍ਰਿਤਸਰ ਪਰਤੇ। ਚਿੱਠੀਆਂ ਰਾਹੀਂ ਸਾਰੇ ਸਿੱਖਾਂ ਨੂੰ ਸ਼ਾਮਲ ਹੋਣ ਲਈ ਸਦਾ ਪੱਤਰ ਭੇਜੇ ਗਏ। ਇਧਰ ਮੀਣਿਆਂ ਨੇ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀਆਂ ਗੋਂਦਾਂ ਗੁੰਦੀਆਂ ਅਤੇ ਸੂਬੇ ਨੂੰ ਉਕਸਾਇਆ।

ਲਾਹੌਰ ਨਿਵਾਸੀ ਸਿੰਘਾਂ ਨੂੰ ਸਾਰੀ ਸਾਜ਼ਿਸ਼ ਦਾ ਪਤਾ ਲੱਗਣ ‘ਤੇ ਉਨ੍ਹਾਂ ਨੇ ਭਾਈ ਮਨੀ ਸਿੰਘ ਨੂੰ ਤੁਰੰਤ ਸੂਚਿਤ ਕੀਤਾ। ਆਪ ਨੇ ਤੁਰੰਤ ਚਿੱਠੀਆਂ ਲਿਖਕੇ ਸਿੰਘਾਂ ਨੂੰ ਅੰਮ੍ਰਿਤਸਰ ਆਉਣ ਤੋਂ ਵਰਜ ਦਿੱਤਾ। ਫਲਸਰੂਪ, ਦਰਬਾਰ ਸਾਹਿਬ ਵਿੱਚ ਚੜ੍ਹਤ ਬਹੁਤ ਘਟ ਚੜ੍ਹੀ, ਜਿਸ ਕਰਕੇ ਕਰ ਦੀ ਰਕਮ ਅਦਾ ਨਾ ਕੀਤੀ ਜਾ ਸਕੀ।

ਸੂਬੇ ਨੂੰ ਕਰ ਨਾ ਮਿਲਣ ਕਾਰਨ ਉਸ ਨੇ ਭਾਈ ਮਨੀ ਸਿੰਘ ਦੀ ਜਵਾਬ-ਤਲਬੀ ਕੀਤੀ। ਭਾਈ ਮਨੀ ਸਿੰਘ ਨੇ ਸਥਿਤੀ ਸਪੱਸ਼ਟ ਕਰਨ ਲਈ ਭਾਈ ਭੂਪਤਿ ਸਿੰਘ ਅਤੇ ਭਾਈ ਗੁਲਜ਼ਾਰਾ ਸਿੰਘ ਨੂੰ ਲਾਹੌਰ ਭੇਜਿਆ। ਇਨ੍ਹਾਂ ਨੇ ਸਾਰਾ ਕੁਝ ਦਸਿਆ ਤੇ ਇਹ ਰਕਮ ਵਿਸਾਖੀ ਪੁਰਬ ‘ਤੇ ਦੇਣ ਦਾ ਵਾਅਦਾ ਕੀਤਾ।ਸੂਬੇ ਨੇ ਕੁਰਾਨ ਦੀ ਕਸਮ ਚੁੱਕ ਕੇ ਪਰਸਪਰ ਮੇਲ ਅਤੇ ਸ਼ਾਂਤੀ ਦਾ ਵਿਸ਼ਵਾਸ ਦਿਵਾਇਆ। ਸਿੰਘਾਂ ਨੇ ਦਸ ਦਿਨਾਂ ਲਈ ਵਿਸਾਖੀ ਦਾ ਪੁਰਬ ਮਨਾਉਣ ਲਈ ਦਸ ਹਜ਼ਾਰ ਰੁਪਏ ਦੇਣੇ ਕਰਕੇ ਪ੍ਰਵਾਨਗੀ ਲਿਖਤੀ ਰੂਪ ਵਿੱਚ ਪ੍ਰਾਪਤ ਕਰ ਲਈ। ਦੋਹਾਂ ਸਿੰਘਾਂ ਨੇ ਪਰਤ ਕੇ ਸਾਰੀ ਗੱਲ ਭਾਈ ਮਨੀ ਸਿੰਘ ਨੂੰ ਦੱਸੀ।

ਵਿਸਾਖੀ ਦਾ ਪੁਰਬ ਆ ਗਿਆ। ਜੁਝਾਰੂ ਖਾਲਸਾ ਦੂਰ ਰਿਹਾ ਕਿਉਂਕਿ ਭਾਈ ਮਨੀ ਸਿੰਘ ਨੂੰ ਪਹਿਲਾਂ ਹੀ ਖਬਰ ਮਿਲ ਚੁੱਕੀ ਸੀ ਕਿ ਲਖੂ (ਲਖਪਤ ਰਾਇ) ਨਾਂ ਦੇ ਵਜ਼ੀਰ ਨੂੰ ਲਾਹੌਰ ਦੇ ਸੂਬੇ ਨੇ ਸਿੱਖਾਂ ਨੂੰ ਕੁਚਲਣ ਲਈ ਫੌਜ ਸਹਿਤ ਰਾਮ ਤੀਰਥ ਠਹਿਰਾ ਰਖਿਆ ਸੀ। ਪਰ ਸਿੰਘਾਂ ਦੇ ਨਾ ਆਉਣ ਕਰਕੇ ਹਾਕਮਾਂ ਦੀ ਸਾਰੀ ਸਾਜ਼ਿਸ਼ ਵਿਅਰਥ ਸਿੱਧ ਹੋਈ। ਇਸ ‘ਤੇ ਸਭ ਵੈਰੀਆਂ ਨੇ ਰਲ ਕੇ ਸੂਬੇ ਦੇ ਕੰਨ ਭਰੇ ਕਿ ਬੁਕਲ ਦੇ ਸੱਪ ਵਰਗੇ ਸਿੱਖਾਂ ਦੇ ਮੁਖੀਏ ਭਾਈ ਮਨੀ ਸਿੰਘ ਨੂੰ ਜਲਦੀ ਖਤਮ ਕਰਨਾ ਚਾਹੀਦਾ ਹੈ। ਫਲਸਰੂਪ ਲਾਹੌਰ ਦੀ ਫੌਜ ਨੇ ਅੰਮ੍ਰਿਤਸਰ ਨੂੰ ਘੇਰ ਲਿਆ ਅਤੇ ਭਾਈ ਮਨੀ ਸਿੰਘ ਆਦਿ ਨਾਮੀ ਸਿੱਖਾਂ ਨੂੰ ਫੜ ਕੇ ਲਾਹੌਰ ਲੈ ਗਏ। ਇਸ ਤੋਂ ਇਲਾਵਾ ਹੋਰ ਨੇੜੇ ਤੇੜੇ ਦੇ ਸਿੱਖ ਵੀ ਫੜ ਲਏ ਗਏ ਅਤੇ ਸਭ ਸਿੱਖਾਂ ਦੇ ਘਰ ਬਾਰ ਲੁਟ ਲਏ ਗਏ।ਸਭ ਪਾਸੇ ਹਾਹਾਕਾਰ ਮਚ ਗਿਆ। ਸਥਿਤੀ ਅਨੁਕੂਲ ਨਾ ਵੇਖ ਕੇ ਸੁਖਾ ਸਿੰਘ ਵਰਗੇ ਜੁਝਾਰੂ ਸਿੰਘ ਜੈਪੁਰ ਵੱਲ ਚਲ ਗਏ। ਲਾਹੌਰ ਦੇ ਸੂਬੇ ਨੇ ਅੰਮ੍ਰਿਤ ਸਰੋਵਰ ਮਿੱਟੀ, ਹੱਡ, ਚੰਮ ਆਦਿ ਨਾਲ ਪੂਰ ਦਿੱਤਾ।

ਲਾਹੌਰ ਦੇ ਜ਼ੇਲਖਾਨੇ ਵਿੱਚ ਭਾਈ ਮਨੀ ਸਿੰਘ ਸਿੰਘਾਂ ਨੂੰ ਨਿੱਤਪ੍ਰਿਤ ਕਥਾ ਸੁਣਾਂਦੇ ਰਹੇ। ਸੂਬੇ ਨੇ ਭਾਈ ਮਨੀ ਸਿੰਘ ਨੂੰ ਬੁਲਾ ਕੇ ਕਿਹਾ ਕਿ ਉਸ ਪਾਸ ਨਿੱਤ ਸਿੱਖ ਆਂਉਂਦੇ ਜਾਂਦੇ ਰਹਿੰਦੇ ਹਨ, ਉਹ ਉਨ੍ਹਾਂ ਸਾਰਿਆਂ ਨੂੰ ਪਕੜਾ ਦੇਵੇ ਨਹੀਂ ਤਾਂ ਉਸ ਦੀ ਆਪਣੀ ਸ਼ਾਮਤ ਆਵੇਗੀ। ਪਰ ਭਾਈ ਮਨੀ ਸਿੰਘ ਨੇ ਰੋਹ ਵਿੱਚ ਆ ਕੇ ਕਿਹਾ :-
ਮਨੀ ਸਿੰਘ ਤਬ ਇਮ ਕਹਿਯੋ : ‘ਸੁਣੇ ਬਹਾਦਰ ਖਾਨ।ਨਿਸ ਦਿਨ ਬੋਲੋਂ ਝੂਠ ਤਉਂ, ਖਾ ਕੇ ਕਸਮ ਕੁਰਾਨ।198।
ਝੂਠ ਬੋਲਣਾ ਖਾਨ ਜੀ।ਨਹਿ ਸਿੰਘਨ ਕਾ ਕਾਮ।ਕੱਟ ਜਾਏ ਅੰਗ ਅੰਗ ਭੀ, ਦੇਣਾ ਦਗਾ ਹਰਾਮ।199।

ਹੋਰਨਾਂ ਮੁੱਖੀ ਸਿੰਘਾਂ ਨੇ ਵੀ ਡੱਟ ਕੇ ਭਾਈ ਮਨੀ ਸਿੰਘ ਦਾ ਸਾਥ ਦਿੱਤਾ। ਸੂਬੇ ਨੇ ਭਾਈ ਗੁਲਜ਼ਾਰ ਸਿੰਘ, ਭਾਈ ਭੂਪਤਿ ਸਿੰਘ, ਭਾਈ ਮੁਹਕਮ ਸਿੰਘ, ਭਾਈ ਚੈਨ ਸਿੰਘ, ਭਾਈ ਕੀਰਤ ਸਿੰਘ, ਭਾਈ ਆਲਮ ਸਿੰਘ, ਭਾਈ ਅਉਲੀਆ ਸਿੰਘ, ਭਾਈ ਸੰਗਤ ਸਿੰਘ, ਭਾਈ ਕਾਨ੍ਹ ਸਿੰਘ ਆਦਿਕ ਮੁੱਖੀ ਸਿੰਘਾਂ ਨੂੰ ਭਾਈ ਮਨੀ ਸਿੰਘ ਸਹਿਤ ਬਹੁਤ ਕਸ਼ਟ ਅਤੇ ਦੁੱਖ ਦਿੱਤੇ ਅਤੇ ਅੰਤ ਸੰਮਤ 1791 (1734 ਈ.) ਹਾੜ ਸੁਦੀ ਪੰਚਮੀ ਨੂੰ ਭਾਈ ਮਨੀ ਸਿੰਘ ਨੂੰ ਹੋਰ ਸਿੰਘਾਂ ਸਹਿਤ ਨਿਖਾਸ ਚੌਂਕ (ਜਿਥੇ ਹੁਣ ਗੁਰਦੁਆਰਾ ਸ਼ਹੀਦ ਗੰਜ ਹੈ), ਵਿੱਚ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ।

ਇਸ ਤਰ੍ਹਾਂ ਭਾਈ ਮਨੀ ਸਿੰਘ ਨੇ 90 ਵਰ੍ਹਿਆਂ ਦੀ ਉਮਰ ਵਿੱਚ ਬੰਦ ਬੰਦ ਕਟਵਾਕੇ ਆਪਣੀ ਸ਼ਹਾਦਤ ਦਿੱਤੀ। ਭਾਈ ਮਨੀ ਸਿੰਘ ਦੇ ਸੰਮਤ 1791 (1734) ਈ. ਵਿੱਚ ਬੰਦ ਬੰਦ ਕੱਟੇ ਜਾਣ ਦੀ ਘਟਨਾ ਨਾਲ ਲਗਭਗ ਸਾਰੇ ਇਤਿਹਾਸਕਾਰ ਅਤੇ ਭੱਟ-ਵਹੀਆਂ ਸਹਿਮਤ ਹਨ।

ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਪੜ੍ਹੋ ਪੁਸਤਕ, ਭਾਈ ਮਨੀ ਸਿੰਘ , ਜੀਵਨ ਤੇ ਰਚਨਾ,ਲੇਖਕ ਡਾ.ਰਤਨ ਸਿੰਘ ਜੱਗੀ, ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ ਪਟਿਆਲਾ,1993

ਡਾ.ਚਰਨਜੀਤ ਸਿੰਘ ਗੁਮਟਾਲਾ
919417533060
gumtalacs@gmail.com
mailto:gumtalacs@gmail.com

12 ਅਪ੍ਰੈਲ 2024

ਬੇਲੋੜੀ ਇਸ਼ਤਿਹਾਰਬਾਜੀ ਵੀ ਚੋਣ ਮੁੱਦਾ ਬਣੇ

ਅਗਾਂਹਵਧੂ ਦੇਸ਼ਾਂ ਵਿੱਚ ਮੁੱਢਲੀਆਂ ਸੇਵਾਵਾਂ ਜਿਵੇਂ ਸਿਹਤ ਸਿੱਖਿਆ, ਸਮਾਜਿਕ ਸੁਰੱਖਿਆ ਆਦਿ ਦੇਣਾ ਸਰਕਾਰਾਂ ਦੀ ਮੁੱਢਲੀ ਜ਼ੁੰਮੇਵਾਰੀ ਹੈ। ਫਜ਼ੂਲ ਖ਼ਰਚੀ ਨੂੰ ਰੋਕਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਹਨ ਪਰ ਭਾਰਤ ਵਿੱਚ ਕੇਂਦਰੀ ਤੇ ਸੂਬਾਈ ਸਰਕਾਰਾਂ ਬੇਲੋੜੀ ਇਸ਼ਤਿਹਾਰਬਾਜ਼ੀ ਵਿੱਚ ਅਰਬਾਂ ਖਰਬਾਂ ਰੁਪਏ ਹਰ ਸਾਲ ਖਰਚ ਕਰ ਰਹੀਆਂ ਹਨ। ਅਜਿਹੀ ਬੇਲੋੜੀ ਇਸ਼ਤਿਹਾਰਬਾਜ਼ੀ ਤੁਸੀਂ ਅਮਰੀਕਾ, ਕੈਨੇਡਾ ਤੇ ਹੋਰ ਅਗਾਂਹਵਧੂ ਦੇਸ਼ਾਂ ਵਿੱਚ ਨਹੀਂ ਵੇਖੋਗੇ।

14 ਦਸੰਬਰ 2022 ਨੂੰ ਲੋਕ ਸਭਾ ਵਿੱਚ ਸੂਚਨਾ ਤੇ ਪ੍ਰਸਾਰਨ ਮੰਤਰੀ ਸ੍ਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਨੇ ਪਿਛਲੇ 8 ਸਾਲਾਂ ਵਿੱਚ ਇਲੈਕਟ੍ਰਾਨਿਕ ਮੀਡੀਆ ਭਾਵ ਟੀ.ਵੀ. ਚੈਨਲਾਂ ‘ਤੇ ਇਸ਼ਤਿਹਾਰਬਾਜ਼ੀ ‘ਤੇ 3260 ਕਰੋੜ 79 ਲੱਖ ਰੁਪਏ ਤੇ ਪ੍ਰਿੰਟ ਮੀਡਿਆ ਭਾਵ ਅਖ਼ਬਾਰਾਂ ਵਿੱਚ ਇਸ਼ਤਿਹਾਰਬਾਜ਼ੀ ਵਿੱਚ 3230 ਕਰੋੜ 77 ਲੱਖ ਰੁਪਏ ਖਰਚ ਕੀਤੇ। ਇਸ ਤਰ੍ਹਾਂ ਕੁਲ ਖਰਚ ਦੀ ਰਕਮ 6491 ਕਰੋੜ 56 ਲੱਖ ਰੁਪਏ ਬਣਦੀ ਹੈੇ।

ਮੰਤਰੀ ਨੇ ਇਹ ਜਾਣਕਾਰੀ ਸੀ ਪੀ ਆਈ ਐਮ ਪੀ ਮੁਨੀਆਨ ਸੇਲਵਾਰਾਜ ਵਲੋਂ ਮੰਗੀ ਜਾਣਕਾਰੀ ਦੇ ਜੁਆਬ ਵਿਚ ਦਿਤੀ।ਉਨ੍ਹਾਂ ਇਹ ਵੀ ਜਾਣਕਾਰੀ ਮੰਗੀ ਸੀ ਕਿ ਕੀ ਵਿਦੇਸ਼ੀ ਮੀਡੀਆ ਨੂੰ ਇਸ਼ਤਿਹਾਰ ਦਿੱਤੇ ਗਏ?

ਇਸ ਤੋਂ ਪਹਿਲਾਂ 27 ਜੂਨ 2019 ਨੂੰ ਸੂਚਨਾ ਅਧਿਕਾਰ ਅਧੀਨ ਜਾਣਕਾਰੀ ਦਿੱਤੀ ਸੀ ਗਈ ਕਿ ਪਹਿਲੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਮੋਦੀ ਸਰਕਾਰ ਨੇ 5900 ਕਰੋੜ 39 ਲੱਖ 51 ਹਜ਼ਾਰ ਰੁਪਏ ਖ਼ਰਚ ਕੀਤੇ ਗਏ।

ਜਿਥੋਂ ਤੀਕ ਭਗਵੰਤ ਮਾਨ ਸਰਕਾਰ ਦਾ ਸੰਬੰਧ ਹੈ 6 ਜੁਲਾਈ 2022 ਦੀ ਇੱਕ ਅਖਬਾਰ ਨੇ ਸੂਚਨਾ ਅਧਿਕਾਰ ਅਧੀਨ ਜਾਣਕਾਰੀ ਦਿੱਤੀ ਕਿ 1 ਮਾਰਚ 2022 ਤੋਂ 10 ਮਈ 2022 ਨਿਊਜ ਚੈਨਲਾਂ ਤੇ ਅਖਬਾਰਾਂ ਨੂੰ 37 ਕਰੋੜ 36 ਲੱਖ 19 ਹਜ਼ਾਰ 938 ਰੁਪਏ ਦੇ ਇਸ਼ਤਿਹਾਰ ਦਿੱਤੇ।ਵਿਰੋਧੀ ਧਿਰ ਦੇ ਨੇਤਾ ਸ.ਪ੍ਰਤਾਪ ਸਿੰਘ ਬਾਜਵਾ ਨੇ 22 ਨਵੰਬਰ 2023 ਨੂੰ ਇਕ ਬਿਆਨ ਵਿਚ ਕਿਹਾ ਕਿ ਮਾਨ ਸਰਕਾਰ ਨੇ ਫ਼ਰਜੀ ਇਸ਼ਤਿਹਾਰਾਂ ਲਈ 750 ਕ੍ਰੋੜ ਰੁਪਏ ਰਖੇ ਹਨ ਜਦ ਕਿ ਕਿਸਾਨਾਂ ਨੂੰ ਪਰਾਲੀ ਸਾਂਭਣ ਲਈ ਕੋਈ ਰਕਮ ਜਾਰੀ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਬੇਲੋੜੀ ਇਸ਼ਤਿਹਾਰੀ ਦਾ ਕੈਗ਼ ਕੋਲੋਂ ਆਡਿਟ ਕਰਵਾਇਆ ਜਾਵੇ।ਉਨ੍ਹਾਂ ਅਨੁਸਾਰ ਸੂਬੇ ਦੀਆਂ ਸਾਰੀਆਂ ਅਖ਼ਬਾਰਾਂ ਨੂੰ ਇਸ਼ਤਿਹਾਰ ਦੇਣ ਦੀ ਥਾਂ ‘ਤੇ ਸਰਕਾਰ ਦੂਜੇ ਸੂਬਿਆਂ ਦੀ ਅਖ਼ਬਾਰਾਂ ਨੂੰ ਇਸ਼ਤਿਹਾਰ ਦੇ ਰਹੀ ਹੈ। ਸਰਕਾਰ ਨੇ ਬਾਹਰਲੇ ਸੂਬਿਆਂ ਨੂੰ ਜਿਹੜੇ ਇਸ਼ਤਿਹਾਰ ਦਿੱਤੇ ਉਸ ਦੀ ਰਕਮ 13 ਕਰੋੜ 34 ਲੱਖ 18 ਹਜ਼ਾਰ 911 ਬਣਦੀ ਹੈ । ਮੁੱਖ ਮੰਤਰੀ ਬਣਨ ਦੇ ਬਾਅਦ ਐਂਟੀ ਕੁਰੱਪਸ਼ਨ ਹੈਪਲ ਲਾਈਨ ਦਾ ਐਲਾਨ ਉਨ੍ਹਾਂ ਨੇ ਸ਼ਹੀਦੀ ਦਿਵਸ ‘ਤੇ ਕੀਤਾ ਸੀ। ਉਸ ‘ਤੇ ਇੱਕ ਅਪ੍ਰੈਲ 2022 ਤੋਂ 15 ਅਪ੍ਰੈਲ 2022 ਤੀਕ ਇਸ ‘ਤੇ ਸਰਕਾਰ ਨੇ 14.5 ਕਰੋੜ ਟੀ ਵੀ ਚੈਨਲਾਂ ਨੂੰ ਦਿੱਤੇ।

ਮਜ਼ੇਦਾਰ ਗੱਲ ਹੈ ਕਿ ਪੰਜਾਬ ਸਰਕਾਰ ਨੇ ਬਜਟ ਨੂੰ ਕਾਗਜ ਰਹਿਤ (ਪੇਪਰ ਲੈਸ) ਕਰਕੇ 21 ਲੱਖ ਰੁਪਏ ਬਚਾਏ ਪਰ ਇਸ ਦੇ ਪ੍ਰਚਾਰ ਲਈ 42 ਲੱਖ 70 ਹਜ਼ਾਰ ਰੁਪਏ ਇਸ਼ਤਿਹਾਰ ਉਪਰ ਖਰਚ ਕਰ ਦਿੱਤੇ। ਇਹ ਆਪ ਸਰਕਾਰ ਜੋ ਕਿ ਇਹ ਕਹੇ ਕਿ ਸਤਾ ਵਿਚ ਆਈ ਸੀ ਕਿ ਉਹ ਖਜਾਨੇ ਦਾ ਪੈਸਾ ਸੋਚ ਸਮਝ ਕੇ ਖ਼ਰਚ ਕਰੇਗੀ, ਉਸ ਨੇ 16 ਮਾਰਚ ਨੂੰ ਮੁੱਖ ਮੰਤਰੀ ਦੀ ਸਹੁੰ ਚੁਕ ਸਮਾਗਮ ਵਿੱਚ ਟੀ ਵੀ ਚੈਨਲਾਂ ਅਤੇ ਅਖਬਾਰਾਂ ‘ਤੇ ਖੂਬ ਪੈਸਾ ਖਰਚਿਆ। ਸੂਚਨਾ ਅਧਿਕਾਰ ਅਧੀਨ ਦਿੱਤੀ ਗਈ ਜਾਣਕਾਰੀ ਜੋ ਕਿ ਮਾਨਸਾ ਦੇ ਵਸਨੀਕ ਮਾਨਿਕ ਗੋਇਲ ਨੇ ਦਿੱਤੀ ਹੈ, ਇਸ ਲੇਖ ਵਿੱਚ ਦਿੱਤੀ ਜਾ ਰਹੀ ਹੈ, ਅਨੁਸਾਰ ਕੈਗ (ਕੰਟਰੋਲਰ ਆਫ਼ ਅਕਾਊਂਟਸ ਜਨਰਲ ) ਅਗਸਤ 2025 ਤੀਕ ਪੰਜਾਬ ਸਰਕਾਰ ਦਾ ਕਰਜਾ ਵੱਧ ਕੇ 2025 ਤੀਕ 3.73 ਲੱਖ ਕਰੋੜ ਹੋ ਜਾਵੇਗਾ।

ਕੇਜਰੀਵਾਲ ਦੀ ਦਿੱਲੀ ਸਰਕਾਰ ਦੀ ਇਸ਼ਤਿਹਾਰਾਂ ਬਾਰੇ ਪਹੁੰਚ ਬਹੁਤ ਤਰਕ ਰਹਿਤ ਹੈ ਜਿਵੇਂ ਕਿ ਦਿੱਲੀ ਸਰਕਾਰ ਨੇ ਦੋ ਸਾਲ ਵਿੱਚ ਬਾਇਓ ਡੀ ਕੰਮਪੋਜ਼ਰ ਦੇ ਛਿੜਕਾਅ ਲਈ 68 ਲੱਖ ਰੁਪਏ ਖ਼ਰਚੇ ਪਰ ਇਸ਼ਤਿਹਾਰਬਾਜ਼ੀ ‘ਤੇ 23 ਕਰੋੜ ਰੁਪਏ ਖ਼ਰਚ ਕਰ ਦਿੱਤੇ।

ਅੰਗਰੇਜ਼ੀ ਵਿਚ ਛਪਣ ਵਾਲੇ ਅੰਤਰ-ਰਾਸ਼ਟਰੀ ਮੈਗਜ਼ੀਨ ਰੀਡਰਜ਼ ਡਾਇਜੈਸਟ ਨੇ ਆਪਣੇ 2013 ਦੇ ਸੰਪਾਦਕੀ ਵਿਚ ਇਸ ਵਿਸ਼ੇ ਪ੍ਰਤੀ ਬਹੁਤ ਹੀ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਹਨ। ਉਸ ਨੇ ਪਾਠਕਾਂ ਨੂੰ ਸੁਆਲ ਕੀਤਾ ਹੈ ਕਿ ਜੇ ਤੁਹਾਡੀ ਸਰਕਾਰੇ ਦਰਬਾਰੇ ਪਹੁੰਚ ਹੋਵੇ ਤੇ ਤੁਹਾਨੂੰ ਹਜ਼ਾਰਾਂ ਕ੍ਰੋੜਾਂ ਰੁਪਏ ਖਰਚ ਕਰਨ ਲਈ ਦਿਤੇ ਜਾਣ ਤਾਂ ਕੀ ਤੁਸੀਂ ਕਦੋਂ ਦੇ ਮਰ ਖਪ ਚੁੱਕੇ ਕੌਮੀ ਲੀਡਰਾਂ ਨੂੰ ਚਮਕਾਉਣ ਲਈ ਇਸ਼ਤਿਹਾਰਾਂ ਉਪਰ ਬੇ-ਲੋੜਾ ਖਰਚਾ ਕਰੋਗੇ ਕਿ ਜਾਂ ਭੁਖਿਆਂ ਲਈ ਅਨਾਜ ਦਾ ਪ੍ਰਬੰਧ ਕਰਨ ਤੋਂ ਇਲਾਵਾ, ਸਕੂਲਾਂ ਅਤੇ ਸਿਹਤ ਕੇਂਦਰਾਂ ਉਪਰ ਖਰਚ ਕਰੋਗੇ?

ਪਰਚੇ ਨੇ ਆਪੇ ਹੀ ਇਸ ਦਾ ਉਤਰ ਦਿੱਤਾ ਹੈ ਕਿ ਸਕੂਲਾਂ, ਸਿਹਤ ਕੇਂਦਰਾਂ ਤੇ ਜ਼ਰੂਰੀ ਸੇਵਾਵਾਂ ਤੇ ਖਰਚਾ ਕਰਨਾ ਤਾਂ ਠੀਕ ਹੈ ਪਰ ਕੇਂਦਰੀ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਵਿਚ ਜਿਹੜੇ ਬੇ-ਲੋੜੀ ਇਸ਼ਤਿਹਾਰਬਾਜ਼ੀ ਉਪਰ 142 ਕ੍ਰੋੜ ਰੁਪਏ ਖਰਚ ਕੀਤੇ ਗਏ,ਉਸ ਦੀ ਆਲੋਚਨਾ ਕਰਦੇ ਹੋਏ ਪਰਚੇ ਨੇ ਇਸ ਨੂੰ ਆਉਟ੍ਰੇਜਸ ਭਾਵ ਮੁਜਰਮਾਨਾ ਜਾਂ ਸ਼ਰਮਨਾਕ ਕਿਹਾ ਹੈ। ਸਾਦਗੀ ਦਾ ਮੁਜੱਸਮਾ ਮਹਾਤਮਾ ਗਾਂਧੀ ਜੋ ਕਿ ਤੀਜੇ ਦਰਜੇ ਵਿਚ ਸਫ਼ਰ ਕਰਦੇ ਸਨ ਤੇ ਸਾਨੂੰ ਬਚਤ ਕਰਨ ਦਾ ਸੰਦੇਸ਼ ਦਿੰਦੇ ਹਨ ਦੇ ਜਨਮ ਦਿਨ ਅਤੇ ਬਰਸੀ ਦੇ ਮੌਕੇ ‘ਤੇ ਅਖ਼ਬਾਰੀ ਇਸ਼ਤਿਹਾਰਾਂ ‘ਤੇ 38 ਕ੍ਰੋੜ ਰੁਪਏ ਖਰਚੇ ਗਏ। ਰਾਜੀਵ ਗਾਂਧੀ ਵੀ ਪਿੱਛੇ ਨਹੀਂ ਉਸ ਉਪਰ ਵੀ 25 ਕ੍ਰੋੜ 40 ਲੱਖ ਰੁਪਏ ਖਰਚ ਕੀਤੇ ਗਏ। ਇਸੇ ਤਰ੍ਹਾਂ ਇੰਦਰਾ ਗਾਂਧੀ ਦੇ ਇਸ਼ਤਿਹਾਰ ਉੱਤੇ 16 ਕ੍ਰੋੜ 90 ਲੱਖ ,ਜਵਾਹਰ ਲਾਲ ਨਹਿਰੂ ਉੱਤੇ 10 ਕ੍ਰੋੜ 90 ਲੱਖ, ਡਾ.ਬੀ.ਆਰ. ਅੰਬੇਦਕਰ ਉੱਤੇ 17 ਕ੍ਰੋੜ 90 ਲੱਖ ਰੁਪਏ ਖਰਚੇ ਗਏ। ਇਸ ਪਰਚੇ ਅਨੁਸਾਰ ਇਨ੍ਹਾਂ ਇਸ਼ਤਿਹਾਰਾਂ ਨੂੰ ਪੜ੍ਹਦਾ ਜਾਂ ਵੇਖਦਾ ਕੌਣ ਹੈ? ਆਮ ਤੌਰ ‘ਤੇ ਪਾਠਕ ਉਸੇ ਸਮੇਂ ਵਰਕਾ ਥਲ ਲੈਂਦਾ ਹੈ ਜਾਂ ਚੈਨਲ ਬਦਲ ਲੈਂਦਾ ਹੈ। ਫਿਰ ਇਸ ਫ਼ਜੂਲਖਰਚੀ ਦਾ ਮਕਸਦ ਕੀ ਹੈ? ਕੀ ਇੰਨ੍ਹਾਂ ਇਸ਼ਤਿਹਾਰਾਂ ਤੋਂ ਬਗੈਰ ਸਰਕਾਰ ਦੀਆਂ ਪ੍ਰਾਪਤੀਆਂ ਦਾ ਲੋਕਾਂ ਨੂੰ ਪਤਾ ਨਹੀਂ?

ਰੀਡਰਜ਼ ਡਾਈਜੈਸਟ ਲਿਖਦਾ ਹੈ ਕਿ ਕੇਵਲ ਇਨ੍ਹਾਂ ਚਾਰ ਸਾਲਾਂ ਦੀ ਇਕੋ ਕੇਂਦਰੀ ਫਜੂਲਖਰਚੀ ਬਚਾ ਕੇ ਹੀ ਪਿੰਡਾਂ ਵਿਚ ਘੱਟੋ-ਘੱਟ 280 ਛੋਟੇ ਹਸਪਤਾਲ ਅਤੇ 1000 ਪ੍ਰਾਇਮਰੀ ਸਕੂਲ ਖੁਲ ਸਕਦੇ ਹਨ। ਉਸ ਅਨੁਸਾਰ ਆਉਂਦੀਆਂ ਲੋਕ ਸਭਾ ਚੋਣਾਂ ਲਈ ਕੇਂਦਰ ਸਰਕਾਰ ਨੇ ਇਸ਼ਤਿਹਾਰੀ ਹਨੇਰੀ ਲਿਆਉਣ ਲਈ 500 ਕ੍ਰੋੜ ਰੁਪਏ ਰਖੇ ਹਨ।ਵੈਸੇ ਜੇ ਸਾਰੇ ਭਾਰਤ ਦੀ ਅਜਿਹੀ ਬੇ-ਲੋੜੀ ਇਸ਼ਤਿਹਾਰਬਾਜ਼ੀ ਦੇ ਕੁਲ ਖਰਚੇ ਦਾ ਪਤਾ ਲਾਇਆ ਜਾਵੇ ਤਾਂ ਇਹ ਅਰਬਾਂ ਰੁਪਏ ਬਣਦਾ ਹੈ।ਜਿਸ ਨਾਲ ਹਜਾਰਾਂ ਛੋਟੇ ਹਸਪਤਾਲ ਤੇ ਸਕੂਲ ਖੁਲ ਸਕਦੇ ਹਨ,ਜਿਨ੍ਹਾਂ ਦੀ ਦੇਸ਼ ਨੂੰ ਬਹੁਤ ਜਰੂਰਤ ਹੈ।

ਰੀਡਰਜ਼ ਡਾਈਜੈਸਟ ਨੂੰ ਇਹ ਲੇਖ ਭਾਰਤੀ ਸੰਸਕਰਨ ਲਈ ਲਿਖਣ ਦੀ ਲੋੜ ਕਿਉਂ ਪਈ? ਇਸ ਦਾ ਕਾਰਨ ਇਹ ਹੈ ਕਿ ਵਿਦੇਸ਼ਾਂ ਵਿਚ ਸਰਕਾਰਾਂ ਵਲੋਂ ਅਜਿਹੇ ਇਸ਼ਤਿਹਾਰ ਨਹੀਂ ਦਿੱਤੇ ਜਾਂਦੇ। ਸਰਕਾਰਾਂ ਆਪਣੀਆਂ ਪ੍ਰਾਪਤੀਆਂ ਦੇ ਇਸ਼ਤਿਹਾਰ ਜਾਂ ਆਪਣੇ ਲੀਡਰਾਂ ਨੂੰ ਚਮਕਾਉਣ ਜਾਂ ਤਿਉਹਾਰਾਂ ਅਤੇ ਹੋਰ ਅਵਸਰਾਂ ਦੀਆਂ ਵਧਾਈਆਂ ਵਗੈਰਾ ਦੇ ਇਸ਼ਤਿਹਾਰ ਨਹੀਂ ਛਪਵਾ ਸਕਦੀਆਂ ਅਤੇ ਨਾ ਹੀ 108 ਨੰਬਰ ਐਮਬੂਲੈਂਸਾਂ ਅਤੇ ਸਕੂਲਾਂ ਵਿਚ ਮੁਫ਼ਤ ਵੰਡੇ ਜਾਂਦੇ ਸਾਈਕਲਾਂ ਉਪਰ ਮੁੱਖ ਮੰਤਰੀ ਅਤੇ ਮੰਤਰੀ ਆਪਣੀ ਫੋਟੋ ਲਾ ਸਕਦੇ ਹਨ ਜਿਵੇਂ ਕਿ ਪੰਜਾਬ ਵਿਚ ਹੋ ਰਿਹਾ ਹੈ।

ਭਾਰਤ ਵਿਚ ਅਖਬਾਰਾਂ ਨੂੰ ਇਸ਼ਤਿਹਾਰ ਦੇਣ ਸਮੇਂ ਪੱਖਪਾਤ ਤੋਂ ਕੰਮ ਲਿਆ ਜਾਂਦਾ ਹੈ। ਪਿਛਲੇ ਸਾਲ ਦੀਵਾਲੀ ਦੇ ਤਿਉਹਾਰ ਸਮੇਂ ਨਿਊਜ਼ ਲਾਂਡਰੀ ਡਾਟ ਕਾਮ ਦੇ 15 ਨਵੰਬਰ 2023 ਦੀ ਖਬਰ ਅਨੁਸਾਰ ਟਾਇਮਕ ਆਫ ਇੰਡੀਆ ਨੇ 177, ਹਿੰਦੁਸਤਾਨ ਟਾਇਮਜ਼ ਨੇ 157 ਇਸ਼ਤਿਹਾਰ, ਇੰਡੀਅਨ ਐਕਸਪ੍ਰੈਸ ਨੇ 78 ਇਸ਼ਤਿਹਾਰ ਤੇ ਸਭ ਤੋਂ ਘੱਟ ਦਾ ਹਿੰਦੂ ਨੇ 61 ਇਸ਼ਤਿਹਾਰ ਪ੍ਰਕਾਸ਼ਿਤ ਕੀਤੇ। ਨਿਊਜ ਲਾਂਡਰੀ ਵੈਬਸਾਈਟ ਨੇ 5 ਨਵੰਬਰ ਤੋਂ 12 ਨਵੰਬਰ ਦੀਆਂ ਦਿੱਲੀ ਤੋਂ ਪ੍ਰਕਾਸ਼ਿਤ ਹੁੰਦੀਆਂ ਪ੍ਰਮੁੱਖ ਅੰਗਰੇਜ਼ੀ ਦੀਆਂ ਚਾਰ ਅਖਬਾਰਾਂ ਟਾਈਮਜ਼ ਆਫ਼ ਇੰਡੀਆ, ਹਿੰਦੁਸਤਾਨ ਟਾਈਮਜ਼, ਇੰਡੀਅਨ ਐਕਸਪ੍ਰੈਸ ਤੇ ਦਾ ਹਿੰਦੂ ਵਿੱਚ ਛਪੇ ਇਸ਼ਤਿਹਾਰ ਦਾ ਜਦ ਵਿਸ਼ਲੇਸ਼ਣ ਕੀਤਾ ਤਾਂ ਪਤਾ ਲੱਗਾ ਟਾਈਮਜ਼ ਆਫ਼ ਇੰਡੀਆ ਨੇ ਜਿਹੜੇ 177 ਇਸ਼ਤਿਹਾਰ ਛਾਪੇ ਉਨ੍ਹਾਂ ਵਿੱਚ 135 ਪ੍ਰਾਈਵੇਟ ਸਨ, 24 ਰਾਜ ਸਰਕਾਰਾਂ ਦੇ 6 ਕੇਂਦਰੀ ਸਰਕਾਰ ਦੇ ਮੰਤਰਾਲਿਆ ਦੇ ਤੇ 12 ਸਰਕਾਰ ਨਾਲ ਸੰਬੰਧਿਤ ਸੰਸਥਾਵਾਂ ਦੇ ਸਨ। ਜਿੱਥੋਂ ਤੀਕ ਹਿੰਦੁਸਤਾਨ ਟਾਈਮਜ਼ ਦਾ ਸੰਬੰਧ ਹੈ, 157 ਇਸ਼ਤਿਹਾਰਾ ਵਿੱਚੋਂ 108 ਪ੍ਰਾਈਵੇਟ ਕੰਪਨੀਆਂ ਦੇ ,ਚਾਰ ਕੇਂਦਰੀ ਸਰਕਾਰ ਦੇ , 31 ਸੂਬਾਈ ਰਾਜ ਸਰਕਾਰਾਂ ਦੇ 31 ਸੂਬਾਈ ਸਰਕਾਰਾਂ ਨਾਲ ਸੰਬੰਧਿਤ ਅਤੇ 14 ਸਰਕਾਰ ਨਾਲ ਸੰਬੰਧਿਤ ਜਥੇਬੰਦੀਆਂ ਦੇ ਸਨ। ਸਭ ਤੋਂ ਜ਼ਿਆਦਾ 10 ਨਵੰਬਰ ਦੀ ਅਖਬਾਰ ਵਿੱਚ ਪ੍ਰਕਾਸ਼ਿਤ ਇਸ਼ਤਿਹਾਰ ਸਨ ਜਿਨ੍ਹਾਂ ਦੀ ਗਿਣਤੀ 29 ਸੀ ਇਨ੍ਹਾਂ ਵਿੱਚ 22 ਪ੍ਰਾਈਵੇਟ ਫਰਮਾਂ ਦੇ, ਚਾਰ ਰਾਜ ਸਰਕਾਰਾਂ ਤੇ ਤਿੰਨ ਸਰਕਾਰ ਨਾਲ ਸੰਬੰਧਿਤ ਜਥੇਬੰਦੀਆਂ ਸਨ। ਇਸ਼ਤਿਹਾਰ ਦੇ ਪੂਰੇ ਸਫੇ ਦੇ ਇਸ਼ਤਿਹਾਰ ਦੀ ਕੀਮਤ 2819480 ਰੁਪਏ, ਅੱਧੇ ਸਫੇ ਦੀ 1506132 ਰੁਪਏ ਤੇ ਸਫੇ ਦੇ ਚੌਥੇ ਹਿੱਸੇ ਦੀ ਕੀਮਤ 803271 ਰੁਪਏ। ਸਭ ਤੋਂ ਪਹਿਲੇ ਪੰਨੇ (ਫਰੰਟ-ਸਾਇਡ ਜੈਕਟ) ਦੀ ਕੀਮਤ ਇੱਕ ਇਸ਼ਤਿਹਾਰ ਦੀ 4117231 ਰੁਪਏ। ਪੂਰੇ ਸਫੇ ਦੇ ਇਸ਼ਤਿਹਾਰ ਦੇਣ ਵਾਲਿਆਂ ਵਿੱਚ ਨਿਪਨ ਇੰਡੀਆ, ਉਤਰ ਪ੍ਰਦੇਸ਼ ਸਰਕਾਰ ,ਉਤਰਾ ਖੰਡ, ਵਿਅਯਨ ਆਈ ਏ ਐਸ, ਵੀਨਾ ਵਰਲਡ, ਗੁਗਲ ਪਿਨਸਲ ਅਤੇ ਹਰਿਆਣਾ ਟੂਰਿਜ਼ਮ ਸ਼ਾਮਲ ਸਨ।

ਦਾ ਹਿੰਦੂ ਨੇ ਸਭ ਤੋਂ ਘੱਟ ਇਸ਼ਤਿਹਾਰ ਛਾਪੇ। ਇਸ ਨੂੰ 8 ਦਿਨਾਂ ਲਈ 61 ਇਸ਼ਤਿਹਾਰ ਮਿਲੇ। ਇਸ ਵਿੱਚ 44 ਪ੍ਰਾਈਵੇਟ ਫਰਮਾਂ, 11 ਸੂਬਾਈ ਸਰਕਾਰਾਂ, ਇੱਕ ਕੇਂਦਰੀ ਸਰਕਾਰ ਦਾ 5 ਸਰਕਾਰ ਨਾਲ ਸੰਬੰਧਿਤ ਜਥੇਬੰਦੀਆਂ ਦੇ ਸਨ। ਪੰਜਾਬ ਸਰਕਾਰ, ਝਾਰਖੰਡ, ਉਤਰਾਖੰਡ ਸਰਕਾਰ ਨੇ ਪੂਰੇ ਸਫੇ ਦੇ ਇਸ਼ਤਿਹਾਰ ਦਿੱਤੇੇ। ਇਸ ਅਖਬਾਰ ਦੇ ਪਹਿਲੇ ਪੂਰੇ ਸਫੇ ਦੀ ਕੀਮਤ 12,13,466 ਰੁਪਏ, ਵੈਸੇ ਬਨੂਾਕੀ ਅਖਬਾਰਾਂ ਦੇ ਪੂਰੇ ਸਫੇ ਦੀ ਕੀਮਤ 776617 ਰੁਪਏ ਹੈ।

ਇਸ ਫ਼ਜੂਲਖ਼ਰਚੀ ਨੂੰ ਰੋਕਣ ਲਈ ਜਨਤਕ ਲਹਿਰ ਉਸਾਰਨ ਦੀ ਲੋੜ ਹੈ। ਵੱਖ ਵੱਖ ਪਾਰਟੀਆਂ ਚੋਣ ਮਨੋਰਥ ਤਿਆਰ ਕਰ ਰਹੀਆਂ । ਸਮਾਜ ਸੇਵੀ ਸੰਸਥਾਵਾਂ, ਕਿਸਾਨ, ਮਜਦੂਰ ਤੇ ਮੁਲਾਜ਼ਮ ਜਥੇਬੰਦੀਆਂ ਨੂੰ ਇਕ ਜੁਟ ਹੋ ਕੇ ਇਹ ਮੰਗ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਮਨੋਰਥ ਪੱਤਰ ਵਿਚ ਇਹ ਯਕੀਨੀ ਬਨਾਉਣਗੇ ਕਿ ਜੇ ਉਹ ਤਾਕਤ ਵਿਚ ਆਉਂਦੀਆਂ ਹਨ ਤਾਂ ਉਹ ਅਜਿਹੀ ਬੇਲੋੜੀ ਇਸ਼ਤਹਿਾਰਬਾਜੀ ਨਹੀਂ ਕਰਨਗੀਆਂ।ਜਿਹੜੀਆਂ ਨਹੀਂ ਕਰਦੀਆਂ ਉਨ੍ਹਾਂ ਦੀ ਚੋਣਾਂ ਵਿਚ ਵਿਰੋਧਤਾ ਕਰਨੀ ਚਾਹੀਦੀ ਹੈ।

ਡਾ.ਚਰਨਜੀਤ ਸਿੰਘ ਗੁਮਟਾਲਾ
919417533060
gumtalacs@gmail.com
mailto:gumtalacs@gmail.com

ਮਜੂਦਾ ਸਥਿਤੀ ਦੇ ਮੱਦੇਨਜਰ ਭਾਰਤ ਦੀਆਂ ਖੇਤੀ ਨੀਤੀਆਂ ਵਿੱਚ ਸੁਧਾਰ ਉੱਤੇ ਸਰਵੇਖਣ

ਅਮਨਪ੍ਰੀਤ ਸਿੰਘ ਛੀਨਾ

ਖੇਤੀਬਾੜੀ ਸੈਕਟਰ ਦੇ ਵਿਕਾਸ ਲਈ ਠੋਸ ਨੀਤੀਆਂ ਅਤੇ ਬੁਨਿਆਦੀ ਢਾਂਚੇ ਦੀ ਲੋੜ ਹੁੰਦੀ ਹੈ। ਹਾਲਾਂਕਿ, ਭਾਰਤ ਦੇ ਉੱਤਰੀ ਰਾਜਾਂ ਨੂੰ ਖੇਤੀਬਾੜੀ ਖਿੱਤੇ ਵਿਭਿੰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਛੋਟੀਆਂ ਜ਼ਮੀਨਾਂ ਤੋਂ ਲੈ ਕੇ ਰਾਜਸਥਾਨ ਵਿੱਚ ਪਾਣੀ ਦੀ ਕਮੀ, ਜੰਮੂ ਅਤੇ ਕਸ਼ਮੀਰ ਵਿੱਚ ਅਸਥਿਰਤਾ, ਪੰਜਾਬ, ਰਾਜਿਸਥਾਨ ਅਤੇ ਜੰਮੂ ਅਤੇ ਕਸ਼ਮੀਰ ਰਾਜਾਂ ਦਾ ਬਾਡਰ ਨਾਲ ਜੁੜਨਾ ਆਦਿ ਸ਼ਾਮਲ ਹਨ। ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਸਹਿਕਾਰਤਾ ਮੰਤਰਾਲੇ (2021) ਦੇ ਅਨੁਸਾਰ, ਦੇਸ਼ ਦੀ ਔਸਤ ਕਾਰਜਸ਼ੀਲ ਹੋਲਡਿੰਗ 1.08 ਹੈਕਟੇਅਰ (2.67 ਏਕੜ) ਹੈ। ਇਹਨਾਂ ਅਸਮਾਨਤਾਵਾਂ ਦੇ ਮੱਦੇਨਜ਼ਰ, ਰਣਨੀਤਕ ਤੌਰ ‘ਤੇ ਖੇਤੀ-ਉਦਯੋਗਿਕ ਵਪਾਰ ਅਤੇ ਪ੍ਰੋਸੈਸਿੰਗ ਹੱਬਾਂ ਨੂੰ ਅਰਥਵਿਵਸਥਾ ਵਿੱਚ ਜੋੜਨਾ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ।

ਭਾਰਤ ਵਿੱਚ, ਜਿੱਥੇ 60% ਆਬਾਦੀ ਖੇਤੀਬਾੜੀ ਖੇਤਰ ਉੱਤੇ ਨਿਰਭਰ ਕਰਦੀ ਹੈ, ਇਸ ਲਈ ਖੇਤੀਬਾੜੀ ਦੇ ਵਿਕਾਸ ਨੂੰ ਵਧਾਉਣਾ ਹੋਰ ਵੀ ਜਰੂਰੀ ਬਣ ਜਾਂਦਾ ਹੈ। ਹਲਾਤਾਂ ਨੂੰ ਸਮਝਦੇ ਹੋਏ, ਵਿਸ਼ੇਸ਼ ਆਰਥਿਕ ਜ਼ੋਨਾਂ (SEZs) ਦੇ ਅੰਦਰ ਖੇਤੀ-ਵਪਾਰ ਅਤੇ ਫੂਡ ਪ੍ਰੋਸੈਸਿੰਗ ਹੱਬਾਂ ਦੀ ਸਥਾਪਨਾ ਭਾਰਤ ਦੇ ਖੇਤੀਬਾੜੀ ਭਵਿੱਖ ਲਈ ਇੱਕ ਰਣਨੀਤਕ ਪਹਿਲਕਦਮੀ ਵਜੋਂ ਉੱਭਰਨੀ ਚਾਹੀਦੀ ਹੈ। ਪਰ ਇਹਨਾਂ ਰਾਜਾਂ ਦਾ ਸਮੁੰਦਰੀ ਬੰਦਰਗਾ ਤੋਂ ਦੂਰ ਹੋਣ ਕਰਕੇ ਬਹੁਤ ਵਿਕਾਸ ਨਹੀਂ ਹੋ ਸਕਿਆ ਅਤੇ ਨਾਂ ਹੀ ਕੋਈ ਖੇਤੀਬਾੜੀ ਨਿਰਥਾਰਿਤ SEZs ਇਹਨਾਂ ਰਾਜਾਂ ਵਿੱਚ ਸਥਾਪਿਤ ਹੋਏ ਹਨ, ਜਿਸ ਨਾਲ ਇਹਨਾਂ ਰਾਜਾਂ ਦਾ ਆਰਥਿਕ ਵਿਕਾਸ ਨਹੀਂ ਹੋਇਆ ਹੈ । ਆਉਣ ਵਾਲੇ ਸਮੇ ਵਿੱਚ ਆਸ ਕੀਤੀ ਜਾਂਦੀ ਹੈ ਕਿ ਇਹਨਾਂ ਰਾਜਾਂ ਦੀਆਂ ਸਰਕਾਰਾਂ ਅਤੇ ਕੇਂਦਰ ਸਰਕਾਰ ਮਿਲਕੇ ਰਣਨੀਤੀ ਹੇਠ ਖੇਤੀਬਾੜੀ ਸੰਬੰਧਿਤ SEZs ਨੂੰ ਖੋਲਕੇ ਭਾਰਤਮਾਲਾ ਰੋਡ ਨੈੱਟਵਰਕ ਨਾਲ ਜੋੜਦਿਆਂ ਘਰੇਲੂ ਉਤਪਾਦ ਅਤੇ ਰਾਜਾਂ ਦੇ ਆਪਸੀ ਸੰਪਰਕ ਨੂੰ ਮਜਬੂਤ ਕਰਨ ਵਿੱਚ ਕਾਮਜਾਬ ਹੋਣਗੀਆਂ । ਮੌਜੂਦਾ ਅੰਤਰਰਾਸ਼ਟਰੀ ਰਾਜਨੀਤਿਕ ਜਟਿਲਤਾਵਾਂ ਨੂੰ ਸਵੀਕਾਰ ਕਰਦੇ ਹੋਏ, ਅਸੀਂ ਸਮਝਦੇ ਹਾਂ ਕਿ ਭਾਰਤਮਾਲਾ ਰੋਡ ਨੈੱਟਵਰਕ ਨੂੰ ਪ੍ਰਾਚੀਨ ਸਿਲਕ ਰੋਡ ਨਾਲ ਜੋੜਨਾ ਅੱਜ ਸੰਭਵ ਨਹੀਂ ਹੈ । ਪਰ ਆਉਣ ਵਾਲੇ ਸਮੇ ਵਿੱਚ ਜੇਕਰ ਭਾਰਤ ਪਾਕਿਸਤਾਨ ਰਹੀ ਪ੍ਰਾਚੀਨ ਸਿਲਕ ਰੋਡ ਨੂੰ ਆਪਣੇ ਭਾਰਤਮਾਲਾ ਰੋਡ ਨੈੱਟਵਰਕ ਨਾਲ ਜੋੜਨ ਵਿੱਚ ਕਾਮਜਾਬ ਹੁੰਦਾ ਹੈ ਤਾਂ ਮੱਧ ਏਸ਼ੀਆ ਅਤੇ ਯੂਰੋਪੀਅਨ ਮੁਲਕਾਂ ਨਾਲ ਵਪਾਰ ਖੁਲ੍ਹੇਗਾ ਅਤੇ ਜਿਸਦਾ ਸਿੱਧਾ ਫਾਇਦਾ ਪੰਜਾਬ, ਹਰਿਆਣਾ, ਹਿਮਾਚਲ, ਰਾਜਿਸਥਾਨ, ਉੱਤਰ ਪ੍ਰਦੇਸ਼ ਆਦਿ ਰਾਜਾਂ ਨੂੰ ਹੋਵੇਗਾ ਅਤੇ ਭਾਰਤੀ ਅਰਥ ਵਿਵਸਥਾ 10 ਟ੍ਰਿਲੀਅਨ ਡਾਲਰ ਵਿੱਚ ਯਕੀਨੀ ਦਾਖ਼ਲ ਹੋ ਜਾਵੇਗੀ।

ਮਜੂਦਾ ਹਲਾਤਾਂ ਵਿੱਚ ਉੱਤਰੀ ਰਾਜਾਂ ਤੋਂ ਵੱਡੇ ਪੱਧਰ ‘ਤੇ ਪ੍ਰਵਾਸ ਕਾਰਨ ਖੇਤੀਬਾੜੀ ਸਿੱਖਿਆ ਸੰਸਥਾਵਾਂ ਇੱਕ ਚੁਣੌਤੀ ਵਿਚੋਂ ਨਿਕਲ ਰਹੀਆਂ ਹਨ, ਜਿਸ ਕਾਰਨ ਬਹੁਤ ਵਿਦਿਆਰਥੀ ਜਾਂ ਤਾਂ ਖੇਤੀਬਾੜੀ ਵਿਸ਼ਾ ਨਹੀਂ ਚੁਣਦੇ ਜਾਂ ਵਿਦੇਸ਼ੀ ਵਿਧਿਅਕ ਅਦਾਰਿਆਂ ਵਿੱਚ ਦਾਖ਼ਲਾ ਲੈ ਲੈਂਦੇ ਹਨ। ਇਸ ਸਮਸਿਆ ਨੂੰ ਸਮਝਦੇ ਹੋਏ, ਹਰ ਰਾਜ ਸਰਕਾਰ ਨੂੰ ਆਪਣੇ ਸਕੂਲਾਂ ਵਿੱਚ ਗਿਆਰਵੀਂ ਤੋਂ ਖੇਤੀਬਾੜੀ ਵਿਸ਼ੇ ਨੂੰ ਖੇਤਰੀ ਭਾਸ਼ਾ ਵਿੱਚ ਪੜ੍ਹਾਉਣ ਦੀ ਜਰੂਰਤ ਹੈ, ਤਾਂ ਜੋ ਬੱਚਿਆਂ ਦੀ ਰੁਚੀ ਖੇਤੀਬਾੜੀ ਵਿਸ਼ੇ ਵਿਚ ਬਣੀ ਰਹੇ ਅਤੇ ਉਹ ਆਪਣੇ ਪੂਰਵਕਾਂ ਦੇ ਕਿੱਤੇ ਨਾਲ ਪੱਕੇ ਤੌਰ ਤੇ ਜੁੜੇ ਰਹਿਣ। ਆਧੁਨਿਕ ਖੇਤੀ ਦੀਆਂ ਉੱਭਰਦੀਆਂ ਚੁਣੌਤੀਆਂ ਨੂੰ ਸਮਝਦਿਆਂ ਆਪਣੀ ਨਵੀ ਪੀੜ੍ਹੀ ਇਹਨਾਂ ਖੇਤੀਬਾੜੀ ਸਿੱਖਿਆ ਸੰਬੰਧਿਤ ਵਿਸ਼ਿਆਂ ਵਿੱਚ ਦਾਖਲੇ ਲੈਕੇ ਉੱਚ ਮਹਾਰਤ ਪ੍ਰਾਪਤ ਕਰੇ ਅਤੇ ਖੇਤੀ ਦੇ ਕਿੱਤੇ ਨੂੰ ਇਕ ਕਾਮਜਾਬ ਕਿੱਤਾ ਬਣਾਵੇ । ਖੇਤੀਬਾੜੀ ਸਿੱਖਿਆ ਵਿੱਚ ਰੁਚੀ ਵਧਾਉਣ ਲਈ ਰਾਜ ਸਰਕਾਰਾਂ ਨੂੰ ਖੇਤੀਬਾੜੀ ਅਧਿਐਨ ਨੂੰ ਅੱਗੇ ਵਧਾਉਣ ਅਤੇ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਜੇਕਰ ਸਰਕਾਰਾਂ ਇਸ ਵਿੱਚ ਕਾਮਜਾਬ ਹੁੰਦੀਆਂ ਹਨ ਤਾਂ ਆਪਣੇ ਬੱਚੇ ਆਉਣ ਵਾਲੇ ਸਮੇ ਦੇ ਹਾਣੀ ਬਣਕੇ ਇਸ ਕਿੱਤੇ ਨੂੰ ਮਜੂਦਾ ਦਲਦਲ ਵਿਚੋਂ ਕੱਢਣ ਵਿੱਚ ਕਾਮਜਾਬ ਹੋ ਸਕਦੇ ਹਨ।

ਹਰੇਕ ਰਾਜ ਸਰਕਾਰ ਨੂੰ ਆਪਣੇ ਖੇਤਰ ਦੀਆਂ ਵਿਲੱਖਣ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਮਜ਼ਬੂਤ ਖੇਤੀਬਾੜੀ ਨੀਤੀ ਤਿਆਰ ਕਰਨੀ ਚਾਹੀਦੀ ਹੈ। ਇਸ ਪ੍ਰਕਿਰਿਆ ਵਿੱਚ ਰਾਜਨੀਤਿਕ ਪਾਰਟੀਆਂ ਅਤੇ ਰਾਜ ਕਿਸਾਨ ਯੂਨੀਅਨਾਂ ਸਮੇਤ ਸਾਰੇ ਸਬੰਧਤ ਹਿੱਸੇਦਾਰਾਂ ਨਾਲ ਡੂੰਘਾਈ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ। ਪੂਰੀ ਤਰ੍ਹਾਂ ਲਾਗੂ ਹੋਣ ਤੋਂ ਪਹਿਲਾਂ, ਪ੍ਰਸਤਾਵਿਤ ਨੀਤੀਆਂ ਦੀ ਕੁਸ਼ਲਤਾ ਨੂੰ ਪਰਖਣ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਭਾਰਤ ਸਰਕਾਰ ਨੂੰ ਦੇਸ਼ ਭਰ ਵਿੱਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਆਪਕ ਕਾਨੂੰਨ ਪੇਸ਼ ਕਰਨੇ ਚਾਹੀਦੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾਵੇਕਿ ਕਿਸਾਨ ਆਪਣੀਆਂ ਫਸਲਾਂ ਵੇਚਣ ਵੇਲੇ ਘੱਟੋ-ਘੱਟ ਸਮਰਥਨ ਮੁੱਲ (MSP) ਜਰੂਰ ਪ੍ਰਾਪਤ ਕਰੇਗਾ । ਜਿਸ ਨਾਲ ਕਿਸਾਨ ਖੁਸ਼ਹਾਲ ਜਿੰਦਗੀ ਬਸਰ ਕਰਦਿਆਂ ਆਪਣੇ ਬੱਚੇ ਇਜ਼ਤ ਨਾਲ ਪਾਲ ਸਕੇ ।

ਭਾਰਤ ਸਰਕਾਰ ਦਾ ਮਿਤੀ 9 ਦਸੰਬਰ, 2021 ਨੂੰ ਸੰਯੁਕਤ ਕਿਸਾਨ ਮੋਰਚਾ (SKM) ਨਾਲ ਹਸਤਾਖਰ ਕੀਤੇ ਗਏ ਸਮਝੌਤੇ ਵਿੱਚ ਦਰਸਾਏ ਅਨੁਸਾਰ, ਕਿਸਾਨਾਂ ਪ੍ਰਤੀ ਆਪਣੀਆਂ ਵਚਨਬੱਧਤਾਵਾਂ ਨੂੰ ਬਰਕਰਾਰ ਰੱਖਣਾ ਅਤੀ ਜਰੂਰੀ ਹੈ। ਇਹਨਾਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਵਿੱਚ ਅਸਫਲਤਾ ਨਾ ਸਿਰਫ ਕਿਸਾਨਾਂ ਦੀ ਆਰਥਿਕ ਸੁਰੱਖਿਆ ਨੂੰ ਕਮਜ਼ੋਰ ਕਰੇਗੀ ਬਲਕਿ ਸਰਕਾਰ ਅਤੇ ਸਿਆਸੀ ਪਾਰਟੀਆਂ ਪ੍ਰਤੀ ਵਿਸ਼ਵਾਸ ਅਤੇ ਏਕਤਾ ਨੂੰ ਵੀ ਖਤਮ ਕਰ ਸਕਦੀ ਹੈ।

ਕੁਝ “ਮਾਹਿਰਾਂ” ਅਤੇ ਮੀਡੀਆ ਸੰਪਾਦਕੀ ਦੁਆਰਾ ਪ੍ਰਚਾਰਿਆ ਗਿਆ ਦਲੀਲ, ਦਾਅਵਾ ਕਰਦਾ ਹੈ ਕਿ ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਖਰੀਦ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰਨਾ ਵਿੱਤੀ ਤਬਾਹੀ ਦਾ ਕਾਰਨ ਬਣ ਸਕਦਾ ਹੈ, ਅਤੇ ਕਾਰਪੋਰੇਟ ਹਿੱਤਾਂ ਦੀ ਪੂਰਤੀ ਕਰਦਾ ਹੈ। ਕਿਸਾਨ ਜਥੇਬੰਦੀਆਂ ਦਾ ਮਨਣਾ ਹੈ ਕਿ ਵਾਸਤਵ ਵਿੱਚ, ਐਮਐਸਪੀ ਦੀ ਅਣਹੋਂਦ ਮਨੁੱਖੀ ਤਬਾਹੀ ਵੱਲ ਲੈ ਜਾਂਦੀ ਹੈ, ਜਿਵੇਂ ਕਿ ਪੇਂਡੂ ਖੇਤਰਾਂ ਵਿੱਚ ਵਧਦੀ ਗਰੀਬੀ, ਕਰਜ਼ਾ, ਬੇਰੁਜ਼ਗਾਰੀ ਅਤੇ ਮਹਿੰਗਾਈ ਦਾ ਸਬੂਤ ਹੈ। ਕਿਸਾਨੀ ਖੇਤੀ, ਖਾਸ ਤੌਰ ‘ਤੇ ਝੋਨੇ ਅਤੇ ਕਣਕ ਵਰਗੇ ਮੁੱਖ ਭੋਜਨ ਉਤਪਾਦਨ ਨੂੰ ਬਚਾਉਣ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਇਹ ਯਕੀਨੀ ਬਣਾ ਕੇ ਕਿ ਕਿਸਾਨਾਂ ਨੂੰ ਲਾਹੇਵੰਦ ਆਮਦਨ ਅਤੇ ਉਤਪਾਦਨ ਲਾਗਤਾਂ ਨੂੰ ਘਟਾਉਣ ਲਈ ਸਬਸਿਡੀਆਂ ਮਿਲਣ। ਇਹਨਾਂ ਪ੍ਰਸਿਥੀਆਂ ਨੂੰ ਸਮਝਦਿਆਂ ਮਿਤੀ 18 ਫਰਵਰੀ, 2024 ਨੂੰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ SKM (NP) ਅਤੇ ਕਿਸਾਨ ਮਜ਼ਦੂਰ ਮਹਾਸੰਘ ਦੁਆਰਾ ਠੇਕਾ ਖੇਤੀ ਅਤੇ ਫਸਲੀ ਵਿਭਿੰਨਤਾ ਦੇ ਭਾਰਤ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਨਾ ਕਿਸਾਨਾਂ ਦੇ ਆਪਣੇ ਹਿੱਤਾਂ ਦੀ ਰਾਖੀ ਲਈ ਅਟੱਲ ਸੰਕਲਪ ਨੂੰ ਦਰਸਾਉਂਦਾ ਹੈ।

ਭਾਰਤ ਸਰਕਾਰ ਅਤੇ ਕਿਸਾਨ ਸੰਗਠਨਾਂ ਵਿੱਚ ਤਾਲਮੇਲ ਅਤੇ ਵਿਸ਼ਵਾਸ਼ ਦੀ ਕਮੀ ਨੂੰ ਸਮਝਦਿਆਂ ਭਾਰਤ ਦੀ ਸੁਪਰੀਮ ਕੋਰਟ ਨੂੰ ਮੌਜੂਦਾ ਸਥਿਤੀ ਵਿੱਚ ਦਖਲ ਦੇਣਾ ਚਾਹੀਦਾ ਹੈ ਤਾਂ ਜੋ ਚੱਲ ਰਹੇ ਖੇਤੀ ਸੰਕਟ ਦਾ ਸਥਾਈ ਹੱਲ ਕੱਢਿਆ ਜਾ ਸਕੇ। ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਫੈਸਲਾਕੁੰਨ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੀਤੀਆਂ ਨੂੰ ਲਾਗੂ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਜੋ ਕਿਸਾਨਾਂ ਦੇ ਹੱਕਾਂ ਅਤੇ ਭਲਾਈ ਦੀ ਗਾਰੰਟੀ ਦਿੰਦੀਆਂ ਹਨ। ਇਸ ਤੋਂ ਇਲਾਵਾ, ਸੁਪਰੀਮ ਕੋਰਟ ਨੂੰ ਇਹ ਹੁਕਮ ਦੇਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੇ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨੀ ਦਸਤਾਵੇਜ਼ਾਂ ਵਜੋਂ ਮੰਨਿਆ ਜਾਵੇ ਤਾਂ ਜੋ ਸਿਆਸੀ ਪਾਰਟੀਆਂ ਲੋਕਾਂ ਨੂੰ ਬੇਵਜ੍ਹਾ ਵਾਅਦਿਆਂ ਨਾਲ ਗੁੰਮਰਾਹ ਕਰਨ ਤੋਂ ਰੋਕਿਆ ਜਾ ਸਕੇ। ਇਹ ਪਾਰਟੀਆਂ ਨੂੰ ਉਨ੍ਹਾਂ ਦੇ ਚੋਣ ਵਾਅਦੇ ਲਈ ਜਵਾਬਦੇਹ ਬਣਾਏਗਾ ਅਤੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਵਧਾਵਾ ਦੇਵੇਗਾ।

ਜੇਕਰ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਆਪਸੀ ਤਾਲਮੇਲ ਨਾਲ ਕੰਮ ਨਹੀਂ ਕਰਨਗੀਆਂ ਤਾਂ ਰਾਜ ਸਰਕਾਰਾਂ ਦੇ ਵਿੱਤੀ ਹਲਾਤ ਠੀਕ ਨਹੀਂ ਹੋ ਸਕਦੇ । ਆਪਸੀ ਤਾਲਮੇਲ ਨੂੰ ਬਣਾਉਂਦਿਆਂ ਜੇਕਰ ਸਰਕਾਰਾਂ ਲੋਕ ਹਿੱਤਾਂ ਵਿੱਚ ਹੇਠ ਲਿਖੇ ਕਦਮ ਚੁੱਕਦੀਆਂ ਹਨ ਤਾਂ ਖੇਤੀਬਾੜੀ ਖੇਤਰ ਦੀ ਉਨੂੰਤੀ ਜਕੀਨੀ ਹੈ । ਪਹਿਲਾ, ਹਰ ਰਾਜ ਸਰਕਾਰਾਂ ਦਾ ਮੁੱਖ ਉਦੇਸ਼ ਕਿਸਾਨਾਂ ਲਈ ਉਚਿਤ ਮੁਆਵਜ਼ਾ, ਫਸਲਾਂ ਦਾ ਮੰਡੀਕਰਨ ਆਦਿ ਯਕੀਨੀ ਬਣਾਉਣ ਵਰਗੀਆਂ ਚੁਣੌਤੀਆਂ ਨੂੰ ਸੁਲਝਉਂਣ ਲਈ ਕੇਂਦਰ ਸਰਕਾਰ ਅੱਗੇ ਖੇਤੀਬਾੜੀ ਵਿਕਾਸ ਦੀ ਵਕਾਲਤ ਕਰਦਿਆਂ ਕਿਸਾਨ ਹਿੱਤੀ ਫੈਸਲੇ ਲੈਣੇ ਚਾਹਿਦੇ ਹਨ |। ਦੂਸਰਾ, ਭਾਰਤ ਸਰਕਾਰ ਸਵੈ ਸਿਆਸੀ ਇੱਛਾ ਦਾ ਇਸ਼ਤਮਲ ਕਰਦਿਆਂ ਕਿਸਾਨਾਂ ਨੂੰ ਸਾਲਾਨਾ ਨਿਰਧਾਰਿਤ ਅਤੇ ਕਾਨੂੰਨ ਦੁਆਰਾ ਗਾਰੰਟੀਸ਼ੁਦਾ ਘੱਟੋ-ਘੱਟ ਸਮਰਥਨ ਮੁੱਲ (MSP) ਲੱਗਭਗ 23 ਫਸਲਾਂ ਉੱਤੇ ਲਾਗੂ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇ। ਤੀਸਰਾ, ਭਾਰਤ ਸਰਕਾਰ ਉੱਤਰੀ ਰਾਜਾਂ ਵਿੱਚ ਖੇਤੀਬਾੜੀ ਸੰਬੰਧਿਤ SEZs ਖੋਲ੍ਹੇ ਅਤੇ ਇਹਨਾਂ ਰਾਜਾਂ ਦੇ ਖੇਤੀਬਾੜੀ ਖਿੱਤੇ ਨੂੰ ਲਾਭਕਾਰ ਬਣਾਵੇ। ਚੋਥਾ, ਬੱਚਿਆਂ ਨੂੰ ਖੇਤੀਬਾੜੀ ਦੇ ਸੈਮੀਨਾਰ ਅਤੇ ਕੋਰਸਾਂ ਵਿੱਚ ਦਾਖ਼ਲ ਕਰਵਾਉਣ ਲਈ ਅਨੁਕੂਲ ਯੋਜਨਾਬੰਦੀ ਕਰੇ । ਪੰਜਵਾਂ, ਪ੍ਰਾਚੀਨ ਸਿਲਕ ਰੋਡ ਨੂੰ ਆਪਣੇ ਭਾਰਤਮਾਲਾ ਰੋਡ ਨੈੱਟਵਰਕ ਨਾਲ ਜੋੜਨ ਪ੍ਰੱਤਿ ਯੋਜਨਾਬੰਦੀ ਕਰੇ । ਛੇਵਾਂ, ਕਿਸਾਨਾਂ ਅਤੇ ਕਿਸਾਨ ਸੰਗਠਨਾਂ ਨਾਲ ਤਾਲਮੇਲ ਨਾਲ ਕਿਸਾਨਾਂ ਦੇ ਹੱਕ ਵਿੱਚ ਯੋਜਨਾਬੰਦੀ ਨਾਲ ਕੰਮ ਕੀਤਾ ਜਾਵੇ ਤਾਂ ਜੋ ਦੇਸ਼ ਦਾ 60% ਹਿੱਸਾ ਚੈਨ ਦੀ ਨੀਂਦ ਸੋਂ ਸਕੇ । ਸੱਤਵਾਂ, ਆਪਣੀ ਨੈਤਿਕ ਜੁੰਮੇਵਾਰੀ ਸਮਝਦਿਆਂ ਸਰਕਾਰ, ਸਿਆਸੀ ਪਾਰਟੀਆਂ, ਅਤੇ ਕਿਸਾਨ ਸੰਗਠਨ ਲੋਕਾਂ ਨਾਲ ਨਾ ਪੁਰੇ ਹੋਣ ਵਾਲੇ ਵਾਧੇ ਕਰਕੇ ਉਹਨਾਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ ।

ਅਮਨਪ੍ਰੀਤ ਸਿੰਘ ਛੀਨਾ
+44 7886229063
AML/CFT International Consultant  
Solicitor of England & Wales
MSc Contemporary India
University of Oxford

ਅਜੋਕੇ ਸਮਿਆਂ ਵਿਚ ਮੀਡੀਆ ਨੂੰ ਦਰਪੇਸ਼ ਚੁਣੌਤੀਆਂ

ਸ਼ੁਰੂ ਤੋਂ ਸੁਣਦੇ ਆ ਰਹੇ ਹਾਂ ਕਿ ਮੀਡੀਆ ਦੀ ਜ਼ਿੰਮੇਵਾਰੀ ਸਿੱਖਿਆ, ਸੂਚਨਾ ਤੇ ਮਨੋਰੰਜਨ ਮਹੱਈਆ ਕਰਨਾ ਹੈ। ਇਸ ਵਿਚ ਕੋਈ ਸ਼ੱਕ ਨਹੀ ਕਿ ਮੀਡੀਆ ਦਾ ਸਮਾਜ ʼਤੇ ਵੱਡਾ ਸਮਾਜਕ ਤੇ ਸਭਿਆਚਾਰਕ ਪ੍ਰਭਾਵ ਹੈ। ਪਰ ਸਮਾਂ ਤੇ ਸਮਾਜ, ਦੇਸ਼ ਤੇ ਦੁਨੀਆਂ ਬੜੀ ਤੇਜ਼ੀ ਨਾਲ ਬਦਲ ਰਹੇ ਹਨ। ਏਸ਼ੀਆ ਦੀ ਸਥਿਤੀ ਅੱਜ ਉਹ ਨਹੀਂ ਹੈ ਜੋ ਦੋ ਦਹਾਕੇ ਪਹਿਲਾਂ ਸੀ। ਮੀਡੀਆ ਅੱਜ ਉਹ ਨਹੀਂ ਹੈ ਜੋ ਪੰਦਰਾਂ ਵਰ੍ਹੇ ਪਹਿਲਾਂ ਸੀ। ਲੋਕ-ਮਾਨਸਿਕਤਾ ਅੱਜ ਉਹ ਨਹੀਂ ਹੈ ਜੋ ਵੀਹ ਸਾਲ ਪਹਿਲਾਂ ਸੀ। ਫਿਰ ਮੀਡੀਆ ਕੇਵਲ ਸਿੱਖਿਆ, ਸੂਚਨਾ ਤੇ ਮਨੋਰੰਜਨ ਤੱਕ ਸੀਮਤ ਕਿਵੇਂ ਰਹਿ ਸਕਦਾ ਹੈ?

ਇਕ ਪਾਸੇ ਮੀਡੀਆ ਨਵੇਂ ਰਾਹ-ਰਸਤੇ ਤਲਾਸ਼ ਰਿਹਾ ਹੈ ਦੂਸਰੇ ਪਾਸੇ ਮੀਡੀਆ ਦੀਆਂ ਆਪਣੀਆਂ ਮੁਸ਼ਕਲਾਂ ਵਿਚ ਢੇਰ ਵਾਧਾ ਹੋ ਗਿਆ ਹੈ। ਇਕੋ ਵੇਲੇ ਉਸ ਨੂੰ ਕਈ ਮੁਹਾਜ਼ ʼਤੇ ਲੜ੍ਹਾਈ ਲੜ੍ਹਨੀ ਪੈ ਰਹੀ ਹੈ। ਪਹਿਲਾਂ ਪਹਿਲ ਕਾਗਜ਼ ਮਹਿੰਗਾ ਹੋ ਜਾਂਦਾ ਸੀ, ਸਿਆਹੀ ਮਹਿੰਗੀ ਹੋ ਜਾਂਦੀ ਸੀ ਤਾਂ ਅਖ਼ਬਾਰ ਦੀ ਕੀਮਤ ਥੋੜ੍ਹੀ ਵਧਾ ਕੇ ਇਸ਼ਤਿਹਾਰ ਦੇ ਰੇਟ ਤਬਦੀਲ ਕਰਕੇ ਮਸਲਾ ਹੱਲ ਹੋ ਜਾਂਦਾ ਸੀ। ਟੈਲੀਵਿਜ਼ਨ ਚਲਾਉਣ ਦੇ ਖਰਚੇ ਵਧ ਜਾਂਦੇ ਸਨ ਤਾਂ ਉਹ ਵੀ ਇਸ਼ਤਿਹਾਰ ਰੇਟ ਵਧਾ ਕੇ ਸਥਿਤੀ ਸਾਵੀਂ ਕਰ ਲੈਂਦੇ ਸਨ। ਅੱਜ ਸਮੱਸਿਆਵਾਂ ਐਨੀਆਂ ਸਿੱਧੀਆਂ ਤੇ ਸਰਲ ਨਹੀਂ ਹਨ। ਸਮੱਸਿਆਵਾਂ ਗੁੰਝਲਦਾਰ, ਪੇਚੀਦਾ ਤੇ ਟੇਢੀਆਂ ਮੇਢੀਆਂ ਹਨ ਤਾਂ ਉਨ੍ਹਾਂ ਦੇ ਹੱਲ ਅਤੇ ਉਨ੍ਹਾਂ ਚੋਂ ਨਿਕਲਣ ਦੇ ਰਾਹ-ਰਸਤੇ ਵੀ ਇੰਝ ਦੇ ਹੀ ਹਨ।

ਨਿੱਤ ਨਵੀਂ ਕਿਸਮ ਦੇ ਮੀਡੀਆ ਦਾ ਉਭਾਰ ਹੋ ਰਿਹਾ ਹੈ। ਨਿੱਤ ਨਵੀਂ ਤਕਨੀਕ ਆ ਰਹੀ ਹੈ। ਨਿੱਤ ਸਰੋਤੇ, ਦਰਸ਼ਕ, ਪਾਠਕ ਬਦਲ ਰਹੇ ਹਨ। ਪੁਰਾਣੇ ਤੇ ਨਵੇਂ ਮੀਡੀਆ ਨੂੰ ਇਕੱਠਾ ਕਰਨਾ, ਤਾਲਮੇਲ ਬਠਾਉਣਾ ਮੁਸ਼ਕਲ ਹੋ ਗਿਆ ਹੈ। ਸਿਆਸਤ ਅਤੇ ਚੋਣਾਵੀਂ ਜਿੱਤ ਹਾਰ ਮੀਡੀਆ ਨੂੰ ਪ੍ਰਭਾਵਤ ਕਰ ਰਹੀ ਹੈ। ਇਸ਼ਤਿਹਾਰਬਾਜ਼ੀ ਦੀ ਦਿਸ਼ਾ ਅਤੇ ਢੰਗ-ਤਰੀਕਿਆਂ ਵਿਚ ਵੱਡੇ ਬਦਲਾਅ ਵਾਪਰ ਰਹੇ ਹਨ।

ਜਾਅਲੀ ਖ਼ਬਰਾਂ ਪਾਠਕਾਂ ਤੇ ਦਰਸ਼ਕਾਂ ਦੇ ਨਾਲ ਨਾਲ ਮੁਖ ਧਾਰਾ ਮੀਡੀਆ ਲਈ ਵੀ ਚੁਣੌਤੀ ਬਣ ਗਈਆਂ ਹਨ। ਭਰੋਸੇਯੋਗਤਾ ਅਤੇ ਮਿਆਰ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਸਿਹਤ ਸਬੰਧੀ ਗ਼ੈਰ-ਮਿਆਰੀ ਜਾਣਕਾਰੀ ਦਾ ਹੜ੍ਹ ਆਇਆ ਹੋਇਆ ਹੈ। ਗ਼ਲਤ ਜਾਣਕਾਰੀ ʼਤੇ ਕਿਸੇ ਦਾ ਕੋਈ ਕੰਟਰੋਲ ਨਹੀਂ ਹੈ। ਇਹ ਸੋਸ਼ਲ ਮੀਡੀਆ ʼਤੇ ਅੱਗੇ ਤੋਂ ਅੱਗੇ ਫੈਲਦੀ ਜਾਂਦੀ ਹੈ।
ਮੀਡਆ ʼਤੇ ਕਈ ਤਰ੍ਹਾਂ ਨਾਲ ਹਮਲੇ ਹੋ ਰਹੇ ਹਨ। ਕਈ ਤਰ੍ਹਾਂ ਦੇ ਦਬਾਅ ਹੇਠ ਕੰਮ ਕਰਨਾ ਪੈ ਰਿਹਾ ਹੈ। ਦੁਨੀਆਂ ਦੇ, ਏਸ਼ੀਆ ਦੇ ਅੰਕੜੇ ਵੇਖ ਕੇ ਹੈਰਾਨੀ ਹੁੰਦੀ ਹੈ।

ਪਾਰਦਰਸ਼ਤਾ ਦੀ ਘਾਟ ਦਾ, ਨਿਯਮ-ਕਾਨੂੰਨ ਦੀ ਉਲੰਘਣਾ ਦਾ, ਡਾਟਾ ਦੀ ਨਿੱਜਤਾ ਦਾ, ਵਿੱਤੀ ਮਦਦ ਦੀ ਕਮੀ ਦਾ, ਮੀਡੀਆ ਦੇ ਵੱਕਾਰ ਦਾ ਅਨੇਕਾਂ ਮੁੱਦੇ ਮਸਲੇ ਹਨ ਜਿਨ੍ਹਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਮੁਸ਼ਕਲਾਂ ਤੇ ਚੁਣੌਤੀਆਂ ਦਾ ਸਾਹਮਣਾ ਟੈਲੀਵਿਜ਼ਨ, ਰੇਡੀਓ, ਪ੍ਰਿੰਟ ਮੀਡੀਆ, ਸਿਨੇਮਾ, ਡਿਜ਼ੀਟਲ ਮੀਡੀਆ, ਸੋਸ਼ਲ ਮੀਡੀਆ ਨੂੰ ਸਮੁੱਚੇ ਤੌਰ ʼਤੇ ਅਤੇ ਇਕੱਲੇ ਤੌਰ ʼਤੇ ਕਰਨਾ ਪੈ ਰਿਹਾ ਹੈ। ਨਵੀਨਤਮ ਤਕਨੀਕ ਦੇ ਇਸ ਯੁਗ ਵਿਚ ਲੋਕਾਂ ਨੇ ਇਕ ਨਵੀਂ ਤਰ੍ਹਾਂ ਦੀ ਜੀਵਨ-ਸ਼ੈਲੀ ਨੂੰ ਅਪਣਾ ਲਿਆ ਹੈ। ਉਸ ਜੀਵਨ-ਸ਼ੈਲੀ ਨੇ ਜਿੱਥੇ ਮਨੁੱਖਾ ਜੀਵਨ, ਮਨੁੱਖੀ ਸਿਹਤ ਅਤੇ ਸਮਾਜ ਨੂੰ ਪ੍ਰਭਾਵਤ ਕੀਤਾ ਹੈ ਉਥੇ ਸਿੱਧੇ ਅਸਿੱਧੇ ਤੌਰ ʼਤੇ ਮੀਡੀਆ ਵੀ ਇਸਤੋਂ ਨਹੀਂ ਬਚਿਆ। ਰਿਵਾਇਤੀ ਮੀਡੀਆ ਨੂੰ ਆਪਣੇ ਵਿਰਾਸਤੀ ਤੱਤਾਂ ਨੂੰ ਕਾਇਮ ਰੱਖਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਪਭੋਗਤਾ ਨੂੰ ਰੁਝਾਉਣ ਦੇ ਨਵੇਂ ਨਵੇਂ ਢੰਗ-ਤਰੀਕੇ ਖੋਜਣੇ ਅਪਨਾਉਣੇ ਪੈ ਰਹੇ ਹਨ।

ਰਿਵਾਇਤੀ ਮੀਡੀਆ ਨੂੰ ਡਿਜ਼ੀਟਲ ਯੁਗ ਵਿਚ ਦਰਸ਼ਕਾਂ, ਸਰੋਤਿਆਂ, ਪਾਠਕਾਂ ਦੇ ਬਦਲਦੇ ਵਿਵਹਾਰ ਦਾ, ਡਿਜ਼ੀਟਲ ਮੰਚਾਂ ਨਾਲ ਮੁਕਾਬਲੇ ਦਾ, ਨਿੱਤ ਨਵੀਆਂ ਤਕਨੀਕਾਂ ਅਤੇ ਬਦਲਦੇ ਕਾਰੋਬਾਰੀ ਮਾਡਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੋਟੇ ਅਦਾਰਿਆਂ ਨੂੰ ਸੀਮਤ ਸਾਧਨਾਂ ਅਤੇ ਸੀਮਤ ਬੱਜਟ ਨਾਲ ਕੰਮ ਕਰਦਿਆਂ ਹੋਰ ਵੀ ਵੱਡੀਆਂ ਚੁਣੌਤੀਆਂ ਵਿਚੋਂ ਲੰਘਣਾ ਪੈ ਰਿਹਾ ਹੈ। ਇੰਟਰਨੈਟ ਨੇ ਮੀਡੀਆ ਨੂੰ ਬੇਹੱਦ ਪ੍ਰਭਾਵਤ ਕੀਤਾ ਹੈ। ਇਸਦੀ ਪਹੁੰਚ ਵਿਸ਼ਾਲ ਹੈ ਪਰੰਤੂ ਇਸਦੇ ਨੁਕਸਾਨ ਵੀ ਹਨ। ਜਾਣਕਾਰੀ ਦਾ ਹੜ੍ਹ ਆ ਗਿਆ ਹੈ ਅਤੇ ਭਰੋਸੇਯੋਗਤਾ ਦਾ ਸੰਕਟ ਪੈਦਾ ਹੋ ਗਿਆ ਹੈ। ਨਿੱਜਤਾ ਅਤੇ ਸਰੱਖਿਆ ਦਾ ਭੈਅ ਬਣਿਆ ਰਹਿੰਦਾ ਹੈ ਅਤੇ ਇਸਦੀ ਉਮਰ ਬੜ੍ਹੀ ਥੋੜ੍ਹੀ ਹੈ।

ਨਵੀਂ ਤਕਨੀਕ, ਨਵੇਂ ਸਾਧਨ, ਨਵੀਂ ਭਰਤੀ ਕਾਰਨ ਇਸਦੀ ਲਾਗਤ ਵਧੇਰੇ ਹੈ। ਹਰ ਪਲ ਅਪ-ਡੇਟ ਦੀ ਚੁਣੌਤੀ ਬਣੀ ਰਹਿੰਦੀ ਹੈ। ਕਾਹਲ ਵਿਚ ਸਥਾਨਕ, ਕੌਮੀ ਤੇ ਕੌਮਾਂਤਰੀ ਖ਼ਬਰਾਂ ਦੇ ਵੱਖ ਵੱਖ ਰੰਗ ਰੂਪ ਵੇਖਣ, ਸੁਣਨ, ਪੜ੍ਹਨ ਨੂੰ ਮਿਲ ਰਹੇ ਹਨ। ਇਹ ਅਜੋਕੇ ਮੀਡੀਆ ਦਾ ਸੱਚ ਹੈ। ਇਹ ਸੱਚ ਵੀ ਤਾਂ ਇਕ ਚੁਣੌਤੀ ਹੈ।

- ਪ੍ਰੋ. ਕੁਲਬੀਰ ਸਿੰਘ
ਜਨਮ ਦਿਨ ‘ਤੇ ਵਿਸ਼ੇਸ਼

ਬਾਬਾ ਦੀਪ ਸਿੰਘ ਜੀ ਸ਼ਹੀਦ

ਬਾਬਾ ਦੀਪ ਸਿੰਘ ਦਾ ਜਨਮ 14 ਮਾਘ ਸੰਮਤ 1739 ਬਿਕਰਮੀ ਨੂੰ ਪਿੰਡ ਪਹੂਵਿੰਡ ਜ਼ਿਲ੍ਹਾ ਤਰਨਤਾਰਨ ਵਿੱਚ ਮਾਤਾ ਜਿਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿੱਚ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਦੀਪਾ ਸੀ। ਛੋਟੇ ਹੁੰਦਿਆਂ ਹੀ ਉਨ੍ਹਾਂ ਨੇ ਗੁਰਮੁੱਖੀ ਪੜ੍ਹੀ ਤੇ ਗੁਰਬਾਣੀ ਦਾ ਪਾਠ ਕਰਨਾ ਸਿੱਖਿਆ। ਵਾਹੀ ਵੀ ਕੀਤੀ , ਨੇਜ਼ਾ ਸੁੱਟਣ ਅਤੇ ਘੋੜ ਸਵਾਰੀ ਵੀ ਕੀਤੀ। ਸਰੀਰਕ ਤੌਰ ਤੇ ਉਹ ਰਿਸ਼ਟ ਪੁਸ਼ਟ, ਚੰਗੇ ਕੱਦ ਕਾਠ ਵਾਲੇ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ।

ਜਦ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਸਾਜਿਆ ਤਾਂ ਇਸ ਦੀ ਚਰਚਾ ਪਿੰਡ ਪਿੰਡ ਹੋਣ ਲੱਗੀ। ਜਦ ਆਪ ਨੇ ਵੀ ਇਸ ਬਾਰੇ ਸੁਣਿਆ ਤਾਂ ਆਪ ਵੀ ਮਾਤਾ ਪਿਤਾ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜਾ ਨਿਵਾਜੇ। ਉਨ੍ਹਾਂ ਨੇ ਵੀ ਗੁਰੂ ਜੀ ਪਾਸੋਂ ਅੰਮ੍ਰਿਤਪਾਨ ਕੀਤਾ। ਉਸ ਸਮੇਂ ਆਪ ਜੀ ਦੀ ਉਮਰ 18 ਸਾਲ ਸੀ।ਗੁਰੂ ਜੀ ਨੇ ਉਨ੍ਹਾਂ ਨੂੰ ਕੁਝ ਸਮਾਂ ਅਨੰਦਪੁਰ ਸਾਹਿਬ ਰਹਿਣ ਲਈ ਕਿਹਾ। ਉੱਥੇ ਰਹਿ ਕੇ ਆਪ ਲੰਗਰ ਦੀ ਸੇਵਾ ਦੇ ਨਾਲ ਛੋਟੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣ ਤੇ ਅਰਥ ਸਮਝਾਉਣ ਦੀ ਸੇਵਾ ਕਰਦੇ ਰਹੇ। ਸਤਿਗੁਰੂ ਜੀ ਨੇ ਆਪ ਨੂੰ ਗੁਰਮੁੱਖੀ, ਅਰਬੀ, ਫਾਰਸੀ ਭਾਸ਼ਾ ਦੀ ਪੜ੍ਹਾਈ ਕਰਾਕੇ ਇੱਕ ਸੁਘੜ ਵਿਦਵਾਨ ਬਣਾ ਦਿੱਤਾ।

ਅਨੰਦਪੁਰ ਵਿਖੇ ਰਹਿੰਦੇ ਹੋਏ ਉਨ੍ਹਾਂ ਭਾਈ ਮਨੀ ਸਿੰਘ ਪਾਸੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ ਤੇ ਨਾਲ ਹੀ ਸ਼ਸਤਰ ਯੁੱਧ ਵਿੱਚ ਵੀ ਜੂਝਣ ਦੀ ਸਿੱਖਿਆ ਗ੍ਰਹਿਣ ਕੀਤੀ। ਇਸ ਤਰ੍ਹਾਂ 20-22 ਸਾਲ ਦੀ ਉਮਰ ਵਿੱਚ ਆਪ ਇੱਕ ਸੂਝਵਾਨ ਵਿਦਵਾਨ ਤੇ ਸੂਰਬੀਰ ਜੋਧੇ ਬਣ ਗਏ। ਇੱਕ ਪਾਸੇ ਪਵਿੱਤਰ ਗੁਰਬਾਣੀ ਦਾ ਗਿਆਨ ਕਰਵਾਉਂਦੇ, ਗੁਰੂ ਜੀ ਦੇ ਆਦੇਸ਼ ਅਨੁਸਾਰ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਾਕੇ ਸਿੱਖਾਂ ਵਿੱਚ ਨਵਾਂ ਧਾਰਮਿਕ ਜੋਸ਼ ਭਰਦੇ, ਦੂਜੇ ਪਾਸੇ ਸਿੰਘ ਸੂਰਮਿਆਂ ਦੇ ਜਥੇ ਤਿਆਰ ਕਰਕੇ ਲੋੜ ਸਮੇਂ ਮੈਦਾਨੇ ਜੰਗ ਭੇਜਦੇ।

Gurdwar Shaheed Ganj Amritsar Chatiwnd Chowk

ਮੁਕਤਸਰ ਦੀ ਜੰਗ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਈ ਪਿੰਡਾਂ ਤੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ ਪਹੁੰਚੇ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਇਸ ਥਾਂ ਗੁਰੂ ਜੀ ਨੂੰ ਮਿਲੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭਾਈ ਮਨੀ ਸਿੰਘ ਤੋਂ ਲਿਖਵਾਉਂਦਿਆਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਣੀ ਨੂੰ ਵੀ ਸ਼ਾਮਿਲ ਕਰਵਾਇਆ। ਅੰਤਮ ਰੂਪ ਦਿੰਦਿਆਂ ਬਾਬਾ ਦੀਪ ਸਿੰਘ ਜੀ ਨੇ ਵੀ ਸਹਾਇਤਾ ਕੀਤੀ, ਜਿਨ੍ਹਾਂ ਨੂੰ ਇੱਕ ਸਿੰਘ ਭਾਈ ਸ਼ੇਰ ਸਿੰਘ ਨੂੰ ਪਹੁੰਵਿੰਡ ਭੇਜ ਕੇ ਬੁਲਾਇਆ ਗਿਆ ਸੀ। ਆਪ ਕਲਮਾਂ, ਸਿਆਹੀ ਅਤੇ ਕਾਗਜ਼ ਆਦਿ ਤਿਆਰ ਕਰਦੇ ਸਨ। ਇਸ ਬੀੜ ਨੂੰ ਦਮਦਮੇ ਸਾਹਿਬ ਵਾਲੀ ਬੀੜ ਕਿਹਾ ਜਾਂਦਾ ਹੈ ਜੋ ਇਸ ਸਮੇਂ ਗੁਰਦੁਆਰਿਆਂ ਵਿੱਚ ਸੁਸ਼ੋਭਿਤ ਹੈ।

ਬਾਬਾ ਦੀਪ ਸਿੰਘ ਦੀ ਲਿਖਾਈ ਅਤੇ ਅੱਖਰਾਂ ਦੀ ਬਨਾਵਟ ਬਹੁਤ ਸੁੰਦਰ ਸੀ। ਗੁਰੂ ਜੀ ਨੇ ਆਪ ਨੂੰ ਚਾਰ ਹੱਥ ਲਿਖਤਾਂ ਬੀੜ ਤਿਆਰ ਕਰਨ ਲਈ ਕਿਹਾ। ਇਹ ਕੰਮ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸੰਪੂਰਨ ਕੀਤਾ ਤੇ ਇਸ ਉਪਰ 1716 ਤੋਂ 1726 ਈ. ਤੱਕ ਦਾ ਸਮਾਂ ਲੱਗਾ ਤੇ ਇਨ੍ਹਾਂ ਬੀੜਾਂ ਨੂੰ ਚਾਰੇ ਤਖ਼ਤਾਂ ਨੂੰ ਭੇਜਿਆ।

ਬਾਬਾ ਦੀਪ ਸਿੰਘ ਅਰਬੀ ਫ਼ਾਰਸੀ ਦੇ ਵੀ ਵਿਦਵਾਨ ਸਨ। ਆਪ ਜੀ ਨੇ ਲਗਾਤਾਰ ਮਿਹਨਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਰਬੀ ਭਾਸ਼ਾ ਵਿੱਚ ਤਰਜਮਾ ਕੀਤਾ। ਇਹ ਪਵਿੱਤਰ ਬੀੜ ਡਾ. ਕ੍ਰਿਪਾਲ ਸਿੰਘ ਦੇ ਕਥਨ ਅਨੁਸਾਰ ਅੱਜ ਕੱਲ੍ਹ ਬਗ਼ਦਾਦ ਯੂਨੀਵਰਸਿਟੀ ਵਿੱਚ ਸੰਭਾਲ ਕੇ ਰੱਖੀ ਹੋਈ ਹੈ।

Gurdwara Janam Asthan Pahuwind

ਜਦ ਬੰਦਾ ਸਿੰਘ ਬਹਾਦਰ 1709 ਈ. ਵਿੱਚ ਪੰਜਾਬ ਆਇਆ ਤਾਂ ਗੁਰੂ ਸਾਹਿਬ ਦੇ ਅਨੁਯਾਈਆਂ ਵਿੱਚ ਬਾਬਾ ਦੀਪ ਸਿੰਘ ਵੀ ਸਾਬੋ ਕੀ ਤਲਵੰਡੀ ਤੋਂ ਆਣ ਮਿਲੇ। ਉਨ੍ਹਾਂ ਨੇ ਵੱਖ ਵੱਖ ਇਲਾਕਿਆਂ ਨੂੰ ਜਿੱਤਣ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਕੀਤੀ। ਬਾਬਾ ਦੀਪ ਸਿੰਘ ਜੀ ਨੇ ਸਿਆਲਕੋਟ ਦੇ ਕੁਝ ਇਲਾਕੇਤੇ ਕਬਜ਼ਾ ਲਿਆ ਜਿਹੜਾ ਮੁਹੰਮਦ ਅਮੀਨ ਖਾਂ ਕੋਲ ਸੀ ਤੇ ਫਿਰ ਆਪਣੇ ਸਾਥੀਆਂ ਦਯਾਲ ਸਿੰਘ ਤੇ ਨੱਥਾ ਸਿੰਘ ਨੂੰ ਸੌਂਪ ਦਿੱਤਾ। ਸੰਨ 1708 ਤੋਂ 1715 ਸੰਨ ਤੀਕ ਆਪ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਡ ਗੁਰਦਾਸ ਨੰਗਲ (ਨੇੜੇ ਗੁਰਦਾਸਪੁਰ) ਵਿੱਚ ਸ਼ਾਹੀ ਫੌਜਾਂ ਘੇਰ ਲਿਆ। ਉਸ ਦਾ ਸਾਥ ਆਪਣੇ ਹੀ ਕਈ ਸਾਥੀ ਛੱਡ ਗਏ। ਹਵੇਲੀ ਅੰਦਰ ਖਾਣ ਪੀਣ ਦਾ ਸਾਮਾਨ ਖ਼ਤਮ ਹੋ ਗਿਆ। ਉਸ ਨੂੰ ਸਾਥੀਆਂ ਸਮੇਤ 7 ਦਸੰਬਰ ਸੰਨ 1715 ਈ. ਨੂੰ ਗ੍ਰਿਫ਼ਤਾਰ ਕਰ ਲਿਆ ਤੇ ਦਿੱਲੀ ਲਿਜਾ ਕੇ 700 ਸਾਥੀਆਂ ਸਮੇਤ ਸ਼ਹੀਦ ਕਰ ਦਿੱਤਾ ਗਿਆ।

Gurdwara Burj Baba Deep Singh Talwandi sabo

17 ਵੀਂ ਸਦੀ ਵਿੱਚ ਸਾਰਾ ਖ਼ਾਲਸਾ ਪੰਥ ਜੰਗਲਾਂ ਅਤੇ ਪਹਾੜਾਂ ਵਿੱਚੋਂ ਬਾਹਰ ਆ ਕੇ ਇਕੱਠਾ ਹੋ ਗਿਆ। ਖ਼ਾਲਸਾ ਪੰਥ 12 ਮਿਸਲਾਂ ਵਿੱਚ ਵੰਡਿਆ ਗਿਆ ਜਿਸ ਦੇ 12 ਮੁੱਖ ਜਥੇਦਾਰ ਥਾਪੇ ਗਏ। ਇਨ੍ਹਾਂ ਵਿੱਚੋਂ ਇੱਕ ਮਿਸਲ ਸੀ ਸ਼ਹੀਦ ਮਿਸਲ । ਬਾਬਾ ਦੀਪ ਸਿੰਘ, ਸ਼ਹੀਦ ਮਿਸਲ ਦੇ ਮੁੱਖ ਜਥੇਦਾਰ ਥਾਪੇ ਗਏ। ਇਸ ਸਦੀ ਅੰਦਰ ਭਾਰਤ ਨੂੰ ਵਿਦੇਸ਼ੀ ਹਮਲਾਵਰਾਂ ਨੇ ਖ਼ੂਬ ਲੁਟਿਆ ਤੇ ਇੱਥੋਂ ਦੀਆਂ ਬਹੁ-ਬੇਟੀਆਂ ਦੀ ਇੱਜ਼ਤ ਦਾ ਵੀ ਖਿਲਵਾੜ ਕੀਤਾ। ਮਿਸਲਾਂ ਦੇ ਜਥੇਦਾਰਾਂ ਨੇ ਇਕੱਠੇ ਹੋ ਕੇ ਅਫ਼ਗਾਨ ਧਾੜਵੀਆਂ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਭਾਰਤ ਦਾ ਲੁਟਿਆ ਬਹੁਤ ਕੀਮਤੀ ਸਾਮਾਨ ਵਾਪਿਸ ਦਿਵਾਇਆ ਜਾਂਦਾ ਰਿਹਾ।

5 ਫਰਵਰੀ ਸੰਨ 1762 ਈ. ਨੂੰ ਕੁੱਪ ਰਹੀੜੇ ਦੇ ਅਸਥਾਨ ਤੇ ਹੋਏ ਵੱਡੇ ਘਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਜਦ ਮੁੜਦਿਆਂ ਵਾਪਸ ਲਾਹੌਰ ਵੱਲ ਆਇਆ ਤਾਂ ਰਸਤੇ ਵਿੱਚ ਸਿੰਘਾਂ ਉੱਪਰ ਖਿਝੇ ਹੋਏ ਨੇ ਸਿੰਘਾਂ ਦਾ ਬੀਜ ਨਾਸ ਕਰਨ ਲਈ ਸ੍ਰੀ ਅੰਮ੍ਰਿਤਸਰ ਦਾ ਤਾਲ ਮਿੱਟੀ ਨਾਲ ਭਰਵਾ ਦਿੱਤਾ ਤੇ 10 ਅਪ੍ਰੈਲ ਸੰਨ 1762 ਈ. ਮੁ. 1819 ਬਿਕਰਮੀ ਨੂੰ ਨੀਹਾਂ ਹੇਠ ਬਾਰੂਦ ਦੇ ਕੁੱਪੇ ਰੱਖਵਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਉਡਾ ਦਿੱਤਾ।

ਇਸ ਹਮਲੇ ਸਮੇਂ ਅੰਮ੍ਰਿਤਸਰ ਸ਼ਹਿਰ ਦੇ ਇਨਚਾਰਜ ਜਮਾਲ ਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਸਾਬੋ ਕੀ ਤਲਵੰਡੀ ਦੇ ਅਸਥਾਨਤੇ ਪੁੱਜੀ ਤਾਂ ਆਪ ਦੇ ਦਿਲ ਤੇ ਅਸਹਿ ਸੱਟ ਵੱਜੀ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤ੍ਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਆਸ-ਪਾਸ ਦੇ ਨਗਰਾਂ ਤੇ ਟਿਕਾਣਿਆਂਤੇ ਇਤਲਾਹ ਦਿੱਤੀ ਗਈ। ਵੱਖ-ਵੱਖ ਨਗਰਾਂ ਤੋਂ ਅਣਗਿਣਤ ਸਿੰਘ ਬਾਬਾ ਜੀ ਦੀ ਅਗਵਾਈ ਵਿੱਚ ਪਾਵਨ ਧਰਮ ਅਸਥਾਨ ਦੀ ਰੱਖਿਆ ਲਈ ਹਾਜ਼ਰ ਹੋਏ। ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤੀ ਅਣਗਿਣਤ ਹੋ ਗਈ। ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜੱਥਾ ਮਾਝੇ ਦੇ ਇਲਾਕੇ ਅੰਦਰ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ਵਿਖੇ ਪਹੁੰਚ ਕੇ ਸਿੰਘਾਂ ਦੇ ਸਾਰੇ ਸਮੂਹ ਨੇ ਅਰਦਾਸ ਕੀਤੀ। । ਇਸ ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ। ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਵਧਣ ਲੱਗੇ।

Gurdwara in Daarbar Sahib Parkarma

ਤਰਨ ਤਾਰਨ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਗੋਹਲਵੜ ਪਿੰਡ ਕੋਲ ਜਾ ਕੇ ਬਾਬਾ ਜੀ ਨੇ ਆਪਣੇ ਸਿੰਘਾਂ ਦੇ ਜਥੇ ਨਾਲ ਦੁਸ਼ਮਣ ਦੀ ਫ਼ੌਜ ਨੂੰ ਲੜਾਈ ਲਈ ਲਲਕਾਰਿਆ। ਇਸ ਜਗ੍ਹਾ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ। ਗੋਹਲਵੜ ਵਿੱਚ ਬਾਬਾ ਜੀ ਦਾ ਸਾਹਮਣਾ ਜਮਾਲ ਖ਼ਾਨ ਨਾਲ ਹੋਇਆ। ਬਾਬਾ ਦੀਪ ਸਿੰਘ ਜੀ 8 ਸੇਰ ਕੱਚੇ ਦਾ ਦੋ-ਧਾਰਾ ਖੰਡਾ ਖੜਕਾਉਂਦੇ ਵੈਰੀਆਂ ਨੂੰ ਸਦਾ ਦੀ ਨੀਂਦ ਸੁਆਉਂਦੇ ਹੋਏ ਅੱਗੇ ਵਧਦੇ ਜਾ ਰਹੇ ਸਨ। ਜਮਾਲ ਖਾਨ ਅੱਗੇ ਵਧਿਆ ਤੇ ਬਾਬਾ ਜੀਤੇ ਵਾਰ ਕਰਨ ਲੱਗਾ। ਅੱਗੋਂ ਬਾਬਾ ਜੀ ਨੇ ਵੀ ਵਾਰ ਕੀਤਾ। ਇਸ ਸਾਂਝੇ ਵਾਰ ਵਿੱਚ ਬਾਬਾ ਜੀ ਨੇ ਉਸ ਮੁਗ਼ਲ ਕਮਾਂਡਰ ਨੂੰ ਤਾਂ ਥਾਂ `ਤੇ ਹੀ ਖ਼ਤਮ ਕਰ ਦਿੱਤਾ ਪਰ ਨਾਲ ਹੀ ਇਨ੍ਹਾਂ ਦੀ ਧੌਣ ਉੱਤੇ ਇੱਕ ਘਾਤਕ ਘਾਉ ਲੱਗਾ, ਜਿਸ ਨਾਲ ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਗਿਆ। ਇੱਕ ਸਿੰਘ ਨੇ ਹੱਥ ਜੋੜਕੇ ਬਾਬਾ ਜੀ ਨੂੰ ਆਪਣਾ ਪ੍ਰਣ ਯਾਦ ਕਰਵਾਇਆ । ਫੇਰ ਕੀ ਸੀ ਬਚਨ ਕੇ ਬਲੀ ਸ਼ੂਰਬੀਰ ਯੋਧੇ ਬਾਬਾ ਜੀ ਦਾ ਧੜ ਹਰਕਤ ਵਿੱਚ ਆ ਗਿਆ ਤੇ ਉਨ੍ਹਾਂ ਆਪਣਾ ਪਾਵਨ ਸੀਸ਼ ਖੱਬੇ ਹੱਥ ਤੇ ਧਰ ਕੇ ਆਪਣਾ ਸਵਾ ਮਣ ਦਾ ਖੰਡਾ ਵਾਹੁੰਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਤਕ ਜਾ ਪਹੁੰਚੇ। ਇਥੋਂ ਤਕ ਅੱਪੜਦਿਆਂ ਬਾਬਾ ਜੀ ਨੇ ਕਈ ਪਠਾਣ ਤੇ ਅਫ਼ਗਾਨ ਮਾਰ ਮੁਕਾਏ ਸਨ। ਇਸ ਤਰ੍ਹਾਂ ਇਸ ਘਮਸਾਨ ਦੀ ਜੰਗ ਅੰਦਰ ਅਫ਼ਗਾਨ ਜਰਨੈਲਾਂ ਦੇ ਮਾਰੇ ਜਾਣ ਨਾਲ ਅਫ਼ਗਾਨੀ ਫੌਜ ਦੇ ਹੌਸਲੇ ਟੁੱਟ ਗਏ ਤੇ ਬਾਬਾ ਦੀਪ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਅੰਦਰ ਪਹੁੰਚ ਕੇ ਸ਼ਹੀਦੀ ਪ੍ਰਾਪਤ ਕਰ ਗਏ।

1. ਬਾਬਾ ਦੀਪ ਸਿੰਘ ਜੀ ਸ਼ਹੀਦ ਹੈੱਡ ਜਥੇਦਾਰ
2.ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ
3.ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ
4.ਬਾਬਾ ਗੰਡਾ ਸਿੰਘ ਜੀ ਸ਼ਹੀਦ ਜਥੇਦਾਰ
5.ਬਾਬਾ ਲਹਿਣਾ ਸਿੰਘ ਜੀ ਸ਼ਹੀਦ ਜਥੇਦਾਰ
6.ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ
7.ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜਥੇਦਾਰ
8.ਬਾਬਾ ਭਾਗ ਸਿੰਘ ਜੀ ਸ਼ਹੀਦ ਜਥੇਦਾਰ
9.ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ
10.ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ

ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਜ਼ਾਲਮਾਂ ਤੋਂ ਬਦਲਾ ਲੈਂਦੇ ਹੋਏ ਅਤੇ ਧਰਮ ਤੇ ਕੌਮ ਦੀ ਸ਼ਾਨ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ।

ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਹੈ, ਜਿੱਥੇ ਅੱਜਕਲ੍ਹ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸੁਸ਼ੋਭਿਤ ਹੈ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾਂ ਵਿੱਚ ਜਿੱਥੇ ਬਾਬਾ ਜੀ ਨੇ ਸੀਸ ਭੇਟ ਕੀਤਾ ਸੀ, ਉਥੇ ਵੀ ਪਾਵਨ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਬਾਬਾ ਦੀਪ ਸਿੰਘ ਜੀ ਦਾ ਉਹ ਦੋ-ਧਾਰਾ ਖੰਡਾ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਸਤਰਾਂ ਵਿੱਚ ਸੰਭਾਲ ਕੇ ਰੱਖਿਆ ਗਿਆ, ਜਿਸ ਦੇ ਹਰ ਰੋਜ਼ ਸ਼ਾਮ ਨੂੰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ । ਦੁਨੀਆਂ ਭਰ ਵਿਚ 27 ਜਨਵਰੀ ਨੂੰ ਆਪ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।

ਡਾ.ਚਰਨਜੀਤ ਸਿੰਘ ਗੁਮਟਾਲਾ
919417533060
gumtalacs@gmail.com
mailto:gumtalacs@gmail.com

ਭਾਨੇ ਦੀ ਸਲਾਹ

ਭਾਨੇ ਅਮਲੀ ਨੇ ਪਰਿਵਾਰਕ ਹਿੱਸੇ ਵਿੱਚ ਆਈ ਤਿੰਨ ਕਨਾਲਾਂ ਜ਼ਮੀਨ ਵੇਚ ਕੇ ਤਿੰਨ ਚਾਰ ਬੱਕਰੀਆਂ ਤੇ ਪੰਜ ਸੱਤ ਭੇਡਾਂ ਖਰੀਦ ਲਈਆਂ। ਹੌਲੀ-ਹੌਲੀ ਉਹ ਇੱਜੜ ਬਣ ਗਿਆ। ਭਾਨੇ ਦੇ ਗੁਆਂਢੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਅੜੇ ਥੁੜੇ ਭਾਨੇ ਤੋਂ ਦੁੱਧ ਬਗੈਰਾ ਲੈ ਜਾਂਦੇ। ਗਰੀਬੀ ਤੇ ਅਨਪੜ੍ਹਤਾ ਦਾ ਆਪਸ ਵਿੱਚ ਗੂੜ੍ਹਾ ਸਬੰਧ ਆ ਜਿਸ ਤੋਂ ਬਾਅਦ ਲੋਕ ਅੰਧਵਿਸ਼ਵਾਸੀ ਦੀ ਹੱਦ ਪਾਰ ਕਰਦੇ ਆ। ਉਹ ਪਰਿਵਾਰ ਵੀ ਪੂਰਾ ਵਹਿਮਾਂ ਭਰਮਾਂ ਵਿੱਚ ਗ੍ਰਸਤ ਸੀ। ਘਰ ਵਿੱਚ ਹਰੇਕ ਦੇਵੀ ਦੇਵਤੇ ਦੀ ਪੂਜਾ, ਮੰਗਲਵਾਰ ਦੇਵੀ ਦੇ ਦੀਵੇ ਜਲਦੇ ਤੇ ਵੀਰਵਾਰ ਪੀਰਾਂ ਦੇ ਚਿਰਾਗ। ਘਰ ਦੀਆਂ ਕੱਚੀਆਂ ਤੇ ਧੂੰਆਂਖੀਆਂ ਕੰਧਾਂ ਵੱਖ ਵੱਖ ਧਰਮਾਂ ਦੇ ਰਹਿਬਰਾਂ ਦੀਆਂ ਫੋਟੋਆਂ ਨਾਲ ਭਰੀਆਂ ਰਹਿੰਦੀਆਂ। ਮਹੀਨੇ ਪੰਦਰੀਂ ਦਿਨੀਂ ਸਾਰਾ ਟੱਬਰ ਕਿਸੇ ਨਾ ਕਿਸੇ ਧਾਰਮਿਕ ਅਸਥਾਨ ਤੇ ਤੁਰਿਆ ਰਹਿੰਦਾ। ਲੰਙੇਆਣੇ ਪਿੰਡ ਕੋਲ ਨਿਗਾਹੇ ਵਾਲੇ ਪੀਰ ਦੀ ਚੌੰਕੀ ਹਰ ਵੀਰਵਾਰ ਭਰੀ ਜਾਂਦੀ। ਹਰੇਕ ਸਾਲ ਜਾਂ ਛੇ ਮਹੀਨੇ ਬਾਅਦ ਘਰ ਵਿੱਚ ਬੱਕਰਾ ਜਾਂ ਪੱਠ ( ਛੋਟੀ ਬੱਕਰੀ) ਦੀ ਬਲੀ ਦਿੱਤੀ ਜਾਂਦੀ। ਬਲੀ ਦੇਣ ਵਾਲੇ ਦਿਨ ਘਰ ਵਿੱਚ ਰਿਸ਼ਤੇਦਾਰਾਂ ਸਮੇਤ ਸ਼ਰੀਕੇ ਭਾਈਚਾਰੇ ਦਾ ਵੀ ਵਾਹਵਾ ਇਕੱਠ ਹੋ ਜਾਂਦਾ। ਕਰਜ਼ਈ ਹੋ ਕੇ ਬਲੀ ਦਿੱਤੀ ਜਾਂਦੀ। ਹੋਰਨਾਂ ਦੁਕਾਨਦਾਰਾਂ ਦੇ ਨਾਲ ਨਾਲ ਉਹ ਭਾਨੇ ਅਮਲੀ ਦੇ ਵੀ ਕਰਜ਼ਦਾਰ ਹੋ ਗਏ। ਹਰੇਕ ਸੁੱਖ ਦੇਣ ਵੇਲੇ ਉਹ ਪੱਠ, ਪਠੋਰਾ ਭਾਨੇ ਦੇ ਇੱਜੜ ਚੋਂ ਖ਼ਰੀਦਦੇ। ਅੱਧ ਪਚੱਧੇ ਪੈਸੇ ਦੇ ਕੇ ਬਾਕੀ ਉਧਾਰ ਕਰ ਲੈੰਦੇ। ਕਰਦੇ ਕਰਾਉੰਦੇ ਭਾਨੇ ਦਾ ਦਸ ਬਾਰਾਂ ਹਜ਼ਾਰ ਦਾ ਉਧਾਰ ਹੋ ਗਿਆ।

ਸਿਆਲ ਸ਼ੁਰੂ ਹੋ ਗਿਆ ਸੀ, ਸਵੇਰੇ ਸਵੇਰੇ ਭਾਨੇ ਦਾ ਗੁਆਂਢੀ ਵੱਡਾ ਬਜ਼ੁਰਗ ਘੁੱਦਾ ਬਾਬਾ ਭਾਨੇ ਦੇ ਬਾੜੇ ਵਿੱਚ ਆ ਗਿਆ, ਮੈਲੇ ਕੁਚੈਲੇ ਤੇ ਅੱਧੋਰਾਣੇ ਖੇਸ ਦੀ ਬੁੱਕਲ ਮਾਰਕੇ। ਭਾਨੇ ਨੇ ਭੇਡ ਦੇ ਦੁੱਧ ਦੀ ਕੈੜੀ ਜਿਹੀ ਤੇ ਸੰਘਣੀ ਚਾਹ ਬਣਾਈ ਸੀ। ਭਾਨੇ ਨੇ ਚਾਹ ਦੀ ਬਾਟੀ ਘੁੱਦੇ ਲਈ ਵੀ ਭਰ ਦਿੱਤੀ। ਚਾਰ ਪੰਜ ਚਮਚੇ ਭੁੱਕੀ ਦੇ ਮੂੰਹ ਚ ਪਾਕੇ ਵੱਡੀ ਸਾਰੀ ਘੁੱਟ ਦਾ ਸੁੜਾਕਾ ਮਾਰਿਆ। ਲਿਫ਼ਾਫਾ ਬੰਦ ਕਰਨ ਤੋਂ ਪਹਿਲਾਂ ਸਰਸਰੀ ਜਿਹੀ ਘੁੱਦੇ ਨੂੰ ਵੀ ਸੁਲਾਹ ਮਾਰੀ।, “ਲੌਣਾ ਭੋਰਾ ਚਮਚਾ ਬੁੜਿਆ? ਘੁੱਧੇ ਨੇ ਬਗੈਰ ਬੋਲਿਓਂ ਤਲ਼ੀ ਅੱਗੇ ਕਰ ਦਿੱਤੀ ਤੇ ਭਾਨੇ ਨੇ ਪੌਣਾਂ ਕੁ ਚਮਚਾ ਉਹਦੇ ਹੱਥ ਤੇ ਢੇਰੀ ਕਰ ਦਿੱਤਾ। ਚਾਹ ਚੂਹ ਪੀ ਕੇ ਪੰਦਰਾਂ ਵੀਹਾਂ ਕੁ ਮਿੰਟਾਂ ਬਾਅਦ ਭਾਨੇ ਦੇ ਸਰੀਰ ਨੇ ਤੰਤ ਜਿਆ ਫੜਿਆ। ਘੁੱਦੇ ਦੇ ਸਵੇਰੇ ਸੁਵੱਖ਼ਤੇ ਆਉਣ ਦਾ ਕਾਰਨ ਤਾਂ ਉਹ ਸਮਝ ਗਿਆ ਸੀ ਪਰ ਫਿਰ ਵੀ ਪੁੱਛਣਾ ਜ਼ਰੂਰੀ ਸੀ।, “ਘੁੱਧਾ ਸਿਆਂ ਐਨੀਂ ਠੰਡ ਵਿੱਚ ਤਾਂ ਜੁੱਲ ਛੱਡਣ ਨੀ ਦਿੰਦਾਂ ਤੂੰ ਕਿਵੇਂ ਠਰੂੰ ਠਰੂੰ ਕਰਦਾ ਤੁਰਿਆ ਫਿਰਦਾਂ? ਘੁੱਧੇ ਨੇ ਖੰਗੂਰਾ ਜਿਆ ਮਾਰਕੇ ਅੱਧਾ ਕੁ ਗਲ਼ਾ ਸਾਫ ਕੀਤਾ ਤੇ ਬੋਲਿਆ,” ਭਗਵਾਨ ਸਿਆਂ ਸਾਡੇ ਗਰੀਬਾਂ ਨੂੰ ਤੇਰਾ ਈ ਰੱਬ ਵਰਗਾ ਆਸਰਾ ਹੁੰਦਾ। ਹਧਾਰ ਤਾਂ ਤੇਰਾ ਪੁਰਾਣਾ ਵੀ ਵਾਹਵਾ ਹੋਇਆ ਪਿਆ ਏ ਪਰ ਐਤਕੀਂ ਸੁੱਖ ਫਿਰ ਆ ਗਈ ਇਕ ਜਾਨਵਰ ਦੇ ਛੋਟੇ ਭਾਈ।”

ਭਾਨੇ ਨੂੰ ਗੁੱਸਾ ਵੀ ਆਇਆ ਤੇ ਤਰਸ ਵੀ। ਪੈਰ ਰਜਾਈ ਵਿੱਚ ਚੰਗੀ ਤਰ੍ਹਾਂ ਨੱਪਕੇ ਕੰਧ ਨਾਲ ਢੋਹ ਲਾ ਕੇ ਘੁੱਦੇ ਦੇ ਬਿਲਕੁੱਲ ਸਾਹਮਣੇ ਬੈਠ ਗਿਆ।,” ਵੇਖ ਬੀ ਘੁੱਦਿਆ ਮੈਂ ਵੀ ਤੇਰੇ ਵਾਂਗੂ ਕੋਰਾ ਅਨਪੜ੍ਹ ਆਂ। ਤੁਸੀਂ ਸਾਰਾ ਟੱਬਰ ਮਿਹਨਤ ਮਜ਼ਦੂਰੀ ਕਰਦੇ ਓ ਪਰ ਫਿਰ ਵੀ ਦਲਿੱਦਰ ਥੋਡਾ ਖਹਿੜਾ ਨੀ ਛੱਡਦਾ। ਜਦੋਂ ਚਾਰ ਛਿੱਲ਼ੜ ਕੱਠੇ ਹੁੰਦੇ ਆ ਤੁਸੀਂ ਸਾਰਾ ਟੱਬਰ ਸੁੱਖਾਂ ਲਾਹੁਣ ਤੁਰ ਪੈੰਦੇ ਓ। ਲੋਕ ਤਾਂ ਕਰਜ਼ਾ ਚੁੱਕਦੇ ਆ ਕੋਈ ਵਣਜ ਵਪਾਰ ਕਰਨ ਲਈ ਤੇ ਤੁਸੀ ਪੀਰਾਂ ਦੀ ਸੁੱਖ ਪੂਰੀ ਕਰਨ ਲਈ ਝੁੱਗਾ ਚੌੜ ਕਰਵਾਈ ਫਿਰਦੇ ਓ। ਪਤਾ ਨਹੀਂ ਤੁਸੀਂ ਕਿਹੜੇ ਰੱਬ ਨੂੰ ਖੁਸ਼ ਕਰਨਾਂ? ਘੁੱਦਾ ਨੀਂਵੀ ਪਾਈ ਭਾਨੇ ਦੀਆਂ ਖਰੀਆਂ ਖਰੀਆਂ ਸੁਣ ਰਿਹਾ ਸੀ ਤੇ ਹੌਲੀ ਕੁ ਦੇਣੇ ਬੋਲਣ ਲੱਗਾ, “ਗੱਲ ਤਾਂ ਤੇਰੀ ਖਰੀ ਆ ਭਗਵਾਨ ਸਿਆਂ ਪਰ ਕੀ ਕਰੀਏ। ਲੋਕ ਤਾਂ ਯਕੀਨ ਨਹੀ ਕਰਦੇ ਪਰ ਜਿਸ ਤਨ ਲੱਗਦੀ ਆ ਓਹੀ ਜਾਣਦਾ ਹੁੰਦਾ, ਜੇ ਅਸੀਂ ਸੁੱਖਣਾ ਨਹੀਂ ਦਿੰਦੇ ਤਾਂ ਸਾਡੇ ਵੱਡ ਵਡੇਰੇ ਸਾਨੂੰ ਬਹੁਤ ਤੰਗ ਕਰਦੇ ਆ। ਕਦੇ ਕੋਈ ਨਿਆਣਾ ਬਿਮਾਰ ਕਦੇ ਡੰਗਰ ਮਰ ਗਿਆ। ਹੋਰ ਨਹੀਂ ਤਾਂ ਦਿਨ ਪੁਰ ਰਾਤ ਘਰ ਚ ਕਲੇਸ਼ ਦਾ ਪਹਿਰਾ ਲੱਗ ਜਾਂਦਾ। ਹੁਣ ਤੂੰ ਈ ਦੱਸ ਅਸੀਂ ਕਿਹੜੇ ਪਾਸੇ ਜਾਈਏ? ਭਾਨੇ ਨੇ ਆਪਣੀ ਆਖਰੀ ਸਲਾਹ ਦੇ ਕੇ ਗੱਲ ਨਬੇੜਨ ਦੀ ਕੀਤੀ। ‘”ਫਿਰ ਐਦਾਂ ਕਰੋ, ਇਕ ਦਿਨ ਆਪਣੇ ਵੱਡ ਵਡੇਰਿਆਂ ਨਾਲ ਬੈਠ ਕੇ ਫੈਸਲਾ ਕਰੋ, ਉਹਨਾਂ ਨੂੰ ਆਖੋ ਕਿ ਮਹਾਂਪੁਰਖੋ ਜੋ ਤੁਸੀਂ ਸਾਡੇ ਲਈ ਇਸ ਘਰ ਵਿੱਚ ਵੱਡੀਆਂ ਵੱਡੀਆਂ ਜ਼ਮੀਨਾਂ ਜੈਦਾਦਾਂ ਛੱਡ ਕੇ ਗਏ ਓਂ ਉਹ ਸਾਡੇ ਤੋਂ ਵਾਪਸ ਲੈ ਲਵੋ ਤੇ ਸਾਡਾ ਖਹਿੜਾ ਛੱਡੋ।”

ਅਮਰ ਮੀਨੀਆਂ ਗਲਾਸਗੋ 

ਜਾਅਲੀ ਡਿਜ਼ੀਟਲ-ਸੰਦੇਸ਼ਾਂ ਤੋਂ ਬਚਣ ਦੀ ਲੋੜ

ਰੋਜ਼ਾਨਾ ਬਹੁਤ ਸਾਰੇ ਜਾਅਲੀ ਸੰਦੇਸ਼ ਮਿਲਣ ਕਾਰਨ ਲੋਕਾਂ ਦਾ ਡਿਜ਼ੀਟਲ-ਸੰਚਾਰ ਤੋਂ ਵਿਸ਼ਵਾਸ –ਥਿੜਕਣ ਲੱਗਾ ਹੈ। ਲੋਕ ਡਰਨ ਲੱਗੇ ਹਨ ਕਿ ਆਪਣੇ ਆਪਨੂੰ, ਆਪਣੇ ਡਾਟਾ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ। ਚਾਲੀ ਫੀਸਦੀ ਲੋਕਾਂ ਦਾ ਭਰੋਸਾ ਡਗਮਗਾ ਗਿਆ ਹੈ। ਹਰ ਕੋਈ ਡਿਜ਼ੀਟਲ ਖੇਤਰ ਦਾ ਮਾਹਿਰ ਨਹੀਂ ਹੈ, ਹਰ ਕੋਈ ਮੁਹਾਰਤ ਨਹੀਂ ਰੱਖਦਾ। ਬਹੁਤਿਆਂ ਕੋਲ ਖ਼ੁਦ ਨੂੰ ਸੁਰੱਖਿਅਤ ਰੱਖਣ ਦੀ ਜਾਣਕਾਰੀ ਤੇ ਗਿਆਨ ਵੀ ਨਹੀਂ ਹੈ। ਕੋਈ ਅਜਿਹੇ ਸੰਦੇਸ਼ਾਂ ਨੂੰ ਪੜ੍ਹਦਾ ਹੀ ਨਹੀਂ, ਕੋਈ ਬਲਾਕ ਕਰ ਦਿੰਦਾ ਹੈ ਅਤੇ ਕੋਈ ਰਿਪੋਰਟ ਕਰਦਾ ਹੈ।

ਵਧੇਰੇ ਜਾਅਲੀ ਸੰਦੇਸ਼ ਬੈਂਕ ਅਤੇ ਰੁਜ਼ਗਾਰ ਨਾਲ ਜੁੜੇ ਹੁੰਦੇ ਹਨ। ਦੋਵੇਂ ਖੇਤਰ ਮਹੱਤਵਪੂਰਨ ਤੇ ਜ਼ਰੂਰੀ ਹਨ। ਬੈਂਕ ਪੈਸੇ ਨਾਲ ਜੁੜੇ ਹਨ ਅਤੇ ਰੁਜ਼ਗਾਰ ਨੌਕਰੀ ਨਾਲ। ਇਸ ਲਈ ਬਹੁਤੇ ਲੋਕ ਤੱਤਫਟ ਪ੍ਰਤੀਕਰਮ ਦਿੰਦੇ ਹਨ।

ਬੀਤੇ ਦਿਨੀਂ ਸਾਹਮਣੇ ਆਈ ਇਕ ਰਿਪੋਰਟ ਅਨੁਸਾਰ ਇਕ ਸਰਵੇ ਦੌਰਾਨ 82 ਫੀਸਦੀ ਲੋਕ ਜਾਅਲੀ ਸੰਦੇਸ਼ਾਂ ਨੂੰ ਸਹੀ ਮੰਨ ਬੈਠੇ। ਵੱਡੀ ਗਿਣਤੀ ਭਾਰਤੀਆਂ ਨੇ ਮੰਨਿਆ ਕਿ ਇਨਬਿਨ ਅਸਲੀ ਵਰਗੇ ਹੋਣ ਕਾਰਨ ਜਾਅਲੀ ਸੰਦੇਸ਼ਾਂ ਦੀ ਸ਼ਨਾਖਤ ਕਰਨੀ ਮੁਸ਼ਕਲ ਹੈ। ਅੱਧੇ ਤੋਂ ਵੱਧ ਜਾਅਲੀ ਸੰਦੇਸ਼ ਨੌਕਰੀ ਨਾਲ ਸੰਬੰਧਤ ਹੁੰਦੇ ਹਨ ਅਤੇ 52 ਫੀਸਦੀ ਬੈਂਕ ਅਲਰਟ ਹੁੰਦੇ ਹਨ।

ਵਧੇਰੇ ਲੋਕਾਂ ਨੇ ਕਿਹਾ ਕਿ ਜਾਅਲੀ ਸੰਦੇਸ਼ਾਂ ਨੂੰ ਪਹਿਚਾਨਣਾ ਬੜਾ ਮੁਸ਼ਕਲ ਹੋ ਗਿਆ ਹੈ ਅਤੇ ਇਹ ਈ-ਮੇਲ ਜਾਂ ਟੈੱਕਸਟ ਦੇ ਰੂਪ ਵਿਚ ਆਉਂਦੇ ਹਨ।

ਨਤੀਜੇ ਵਜੋਂ ਲੋਕਾਂ ਨੰ ਮਾਨਸਿਕ ਅਤੇ ਮਾਇਕ ਤਣਾਅ ਦਿੰਦੇ ਹਨ। ਇਨ੍ਹਾਂ ਨੂੰ ਐਨੀ ਮੁਹਾਰਤ ਨਾਲ ਤਿਆਰ ਕੀਤਾ ਜਾਂਦਾ ਹੈ ਕਿ ਅਸਲੀ ਨਕਲੀ ਵਿਚਲਾ ਅੰਤਰ ਮਿਟ ਜਾਂਦਾ ਹੈ। ਨਤੀਜੇ ਵਜੋਂ ਹਰ ਕੋਈ ਡਰਿਆ ਹੋਇਆ ਹੈ ਅਤੇ ਕੋਈ ਵੀ ਸੁਰੱਖਿਅਤ ਨਹੀਂ ਹੈ। ਸਰੱਖਿਅਤ ਰਹਿਣ ਲਈ ਗਿਆਨ ਚਾਹੀਦਾ ਹੈ, ਜਾਣਕਾਰੀ ਚਾਹੀਦੀ ਹੈ, ਮੁਹਾਰਤ ਲੋੜੀਂਦੀ ਹੈ, ਆਪਣੇ ਆਪ ʼਤੇ ਭਰੋਸਾ ਚਾਹੀਦਾ ਹੈ, ਚੌਕਸੀ ਦੀ ਲੋੜ ਹੈ। ਆਮ ਆਦਮੀ ਕੋਲ ਇਨ੍ਹਾਂ ਵਿਚੋਂ ਕੁਝ ਵੀ ਨਹੀਂ ਹੁੰਦਾ।

ਦਰਅਸਲ ਇਹ ਅਜਿਹੇ ਕੰਪਿਊਟਰ ਦੁਆਰਾ ਤਿਆਰ ਕੀਤੇ ਜਾਂਦੇ ਹਨ ਜਿਸਨੂੰ ਰੋਬੋਟ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੀ ਸ਼ਨਾਖਤ ਲਈ ਹੋਰ ਵਿਕਸਤ ਨਕਲੀ ਬੌਧਿਕ ਤਕਨੀਕ ਦੀ ਜ਼ਰੂਰਤ ਹੈ।

ਡੀਪਫੇਕ ਮਾਮਲਾ

ਹੁਣ ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ਜਾਅਲੀ ਡੀਵੀਓ (ਡੀਪਫੇਕ) ਨਾਲ ਹੱਦ ਹੀ ਹੋ ਗਈ ਹੈ। ਡੀਪਫੇਕ ਵੱਡਾ ਖ਼ਤਰਾ ਬਣ ਕੇ ਉੱਭਰ ਰਿਹਾ ਹੈ। ਭਾਵੇਂ ਤਕਨੀਕੀ ਮਾਹਿਰ ਇਸਦੇ ਮੁਕਾਬਲੇ ਲਈ ਲਗਾਤਾਰ ਯਤਨਸ਼ੀਲ ਹਨ ਪਰ ਰਸ਼ਮਿਕਾ ਦੇ ਮਾਮਲੇ ਨੇ ਇਕ ਵਾਰ ਸੱਭ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।

ਡੀਪਫੇਕ ਤਕਨੀਕ ਤਹਿਤ ਕਿਸੇ ਹੋਰ ਦੇ ਚਿਹਰੇ ਉਪਰ ਕਿਸੇ ਹੋਰ ਦਾ ਚਿਹਰਾ ਲਗਾ ਦਿੱਤਾ ਜਾਂਦਾ ਹੈ ਅਤੇ ਇਤਰਾਜ਼ਯੋਗ ਵੀਡੀਓ ਤਿਆਰ ਕਰ ਲਈ ਜਾਂਦੀ ਹੈ। ਰਸ਼ਮਿਕਾ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਕੇਂਦਰੀ ਮੰਤਰੀ ਨੂੰ ਵੀ ਦਖ਼ਲ ਦੇਣਾ ਪਿਆ ਹੈ। ਅਜਿਹਾ ਮਸ਼ੀਨ ਲਰਨਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਕੀਤਾ ਜਾਂਦਾ ਹੈ। ਆਮ ਵਿਅਕਤੀ ਨੂੰ ਪਹਿਚਾਨਣ ਵਿਚ ਦਿੱਕਤ ਆਉਂਦੀ ਹੈ ਕਿ ਵੀਡੀਓ ਅਸਲੀ ਹੈ ਜਾਂ ਨਕਲੀ ਪਰੰਤੂ ਇਸ ਖੇਤਰ ਦੇ ਮਾਹਿਰ ਲਈ ਇਹ ਬੜਾ ਅਸਾਨ ਹੈ ਕਿਉਂਕਿ ਰੰਗ ਅਤੇ ਰੌਸ਼ਨੀ ਦਾ ਅੰਤਰ ਹੁੰਦਾ ਹੈ। ਕਈ ਹੋਰ ਗਲਤੀਆਂ ਵੀ ਰਹਿ ਜਾਂਦੀਆਂ ਹਨ।

ਮਾਹਿਰ ਮੰਨਦੇ ਹਨ ਕਿ ਜਾਅਲੀ ਵੀਡੀਓ ਤਿਆਰ ਕਰਨਾ ਐਨਾ ਸੁਖ਼ਾਲਾ ਨਹੀਂ, ਪਰ ਐਨਾ ਔਖਾ ਵੀ ਨਹੀਂ। ਤਕਨੀਕ ਨਕਲ ਤਾਂ ਕਰ ਸਕਦੀ ਹੈ ਅਤੇ ਨਕਲ ਕਦੇ ਅਸਲ ਨਹੀਂ ਹੁੰਦੀ। ਇਸ ਲਈ ਰਹਿ ਗਏ ਅੰਤਰ ਕਿਤੇ ਨਾ ਕਿਤੇ ਦਿਸ ਹੀ ਪੈਂਦੇ ਹਨ।

ਭਵਿੱਖ ਵਿਚ ਅਜਿਹੀਆਂ ਸਰਗਰਮੀਆਂ ਵਧਣ ਦੇ ਆਸਾਰ ਵੇਖਦਿਆਂ ਬਹੁਤ ਸਾਰੇ ਮੁਲਕਾਂ ਨੇ ਚੌਕਸੀ ਵਧਾ ਦਿੱਤੀ ਹੈ। ਨਿਯਮ-ਕਾਨੂੰਨ ਸਖ਼ਤ ਕਰ ਦਿੱਤੇ ਹਨ। ਚੀਨ, ਇੰਗਲਡ, ਦੱਖਣੀ ਕੋਰੀਆ, ਯੂਰਪੀਅਨ ਯੂਨੀਅਨ ਇਸ ਮਾਮਲੇ ਵਿਚ ਸੱਭ ਤੋਂ ਅੱਗੇ ਹਨ। ਡੀਪਫੇਕ ਦੇ ਵੱਧਦੇ ਰੁਝਾਨ ਦੇ ਮੱਦੇ-ਨਜ਼ਰ ਭਾਰਤ ਨੂੰ ਵੀ ਸਖ਼ਤ ਕਾਨੂੰਨ ਲਿਆਉਣ ਦੀ ਲੋੜ ਹੈ।

ਅਜਿਹਾ ਪਹਿਲੀ ਵਾਰ 2016-17 ਵਿਚ ਹੋਇਆ ਸੀ ਜਦ ਅਮਰੀਕਾ ਦੇ ਬਹੁਤ ਸਾਰੇ ਪ੍ਰਸਿੱਧ ਵਿਅਕਤੀਆਂ ਦੇ ਨਕਲੀ ਵੀਡੀਓ ਸਾਹਮਣੇ ਆਏ ਸਨ।

ਭਾਰਤ ਵਿਚ ਅਜਿਹਾ ਕਰਨ ਵਾਲਿਆਂ ਨੂੰ ਆਈ.ਪੀ.ਐਕਟ 2000 ਦੇ ਆਧਾਰ ʼਤੇ ਇਕ ਲੱਖ ਰੁਪਏ ਜੁਰਮਾਨਾ ਅਤੇ 3 ਸਾਲ ਤੱਕ ਕੈਦ ਹੋ ਸਕਦੀ ਹੈ। ਪੀੜਤ ਵਿਅਕਤੀ ਅਦਾਲਤ ਵਿਚ ਮਾਨਹਾਨੀ ਦਾ ਦਾਅਵਾ ਵੀ ਕਰ ਸਕਦਾ ਹੈ।

ਤਕਨੀਕ ਤੇਜ਼ੀ ਨਾਲ ਬਦਲ ਰਹੀ ਹੈ। ਅਜਿਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਭਵਿੱਖ ਵਿਚ ਅਜਿਹੇ ਖਤਰੇ ਵਧਣ ਦੀ ਸੰਭਾਵਨਾ ਹੈ। ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਆਪੋ ਆਪਣੇ ਹਾਲਾਤ ਅਨੁਸਾਰ ਕਦਮ ਚੁੱਕ ਰਹੀਆਂ ਹਨ। ਬੀਤੇ ਸਾਲਾਂ ਦੌਰਾਨ ਭਾਰਤ ਸਰਕਾਰ ਨੇ ਵੀ ਕਈ ਨਵੇਂ ਨਿਯਮ ਕਾਨੂੰਨ ਲਿਆਂਦੇ ਹਨ ਜਿਨ੍ਹਾਂ ਨਾਲ ਕੁਝ ਫ਼ਰਕ ਵੀ ਪਿਆ ਹੈ। ਪਰੰਤੂ ਨਵੇਂ ਖ਼ਤਰਿਆਂ ਨਾਲ ਨਜਿੱਠਣ ਲਈ ਹੋਰ ਸਖ਼ਤ ਕਦਮ ਉਠਾਉਣ ਦੀ ਲੋੜ ਹੈ ਤਾਂ ਜੋ ਲੋਕਾਂ ਦੀ ਨਿੱਜਤਾ ਅਤੇ ਵਿਸ਼ਵਾਸ ਬਰਕਰਾਰ ਰਹੇ। ਇਹ ਬੇਹੱਦ ਗੰਭੀਰ ਮਾਮਲਾ ਹੈ ਇਸੇ ਲਈ ਦਿੱਲੀ ਪੁਲਿਸ ਤੁਰੰਤ ਹਰਕਤ ਵਿਚ ਆ ਗਈ ਹੈ ਅਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਸਰਕਾਰ ਨੇ ਵੀ ਇਸਨੂੰ ਅਤਿ ਗੰਭੀਰਤਾ ਨਾਲ ਲੈਂਦਿਆਂ ਕੁਝ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

-ਪ੍ਰੋ. ਕੁਲਬੀਰ ਸਿੰਘ

ਪਰਵਾਸੀ ਸਰੋਕਾਰਾਂ ਬਾਰੇ ਸਾਰਥਕ ਗੱਲਬਾਤ

ਪੰਜਾਬ ਤੋਂ ਪਰਵਾਸ ਅਤੇ ਪੰਜਾਬ ਵੱਲ ਪਰਵਾਸ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਹੈ। ਇਨ੍ਹਾਂ ਦੋ ਤਰ੍ਹਾਂ ਦੇ ਪਰਵਾਸ ਨੇ ਸਿੱਧੇ ਅਸਿੱਧੇ ਤੌਰ ʼਤੇ ਪੰਜਾਬ ਨੂੰ ਅਨੇਕਾਂ ਪੱਖਾਂ ਤੋਂ ਪ੍ਰਭਾਵਤ ਤੇ ਪੀੜਤ ਕੀਤਾ ਹੈ। ਪ੍ਰਭਾਵਤ ਹੀ ਨਹੀਂ ਕੀਤਾ ਇਸਦਾ ਮੂੰਹ-ਮੁਹਾਂਦਰਾ ਬਦਲ ਦਿੱਤਾ ਹੈ। ਸਮੇਂ ਨਾਲ ਪੰਜਾਬ ਤੋਂ ਪਰਵਾਸ ਅਤੇ ਪੰਜਾਬ ਵੱਲ ਪਰਵਾਸ ਦੀ ਗਤੀ ਘੱਟਣ ਦੀ ਬਜਾਏ ਵੱਧ ਗਈ ਹੈ।

ਸ਼ਾਇਦ ਇਹ ਵੀ ਰਿਕਾਰਡ ਹੈ ਕਿ ਦੁਨੀਆਂ ਵਿਚ ਸੱਭ ਤੋਂ ਵੱਧ ਪਰਵਾਸ ਭਾਰਤੀ ਲੋਕ ਕਰਦੇ ਹਨ। ਤਿੰਨ ਕਰੋੜ ਤੋਂ ਵਧੇਰੇ ਭਾਰਤੀ ਆਪਣੇ ਮੁਲਕ ਵਿਚੋਂ ਜਾ ਕੇ ਸੰਸਾਰ ਦੇ 30 ਦੇਸ਼ਾਂ ਵਿਚ ਵੱਸ ਗਏ ਹਨ। ਜਿਵੇਂ ਵਿਦੇਸ਼ਾਂ ਵਿਚ ਜਾ ਕੇ ਵੱਸਣ ਦੀ ਇਨ੍ਹਾਂ ਦੀ ਮਨਸਾ ਅਲੱਗ ਅਲੱਗ ਹੋਵੇਗੀ ਤਿਵੇਂ ਇਨ੍ਹਾਂ ਦੇ ਕੰਮ-ਧੰਦੇ ਵੀ ਵੱਖ ਵੱਖ ਹਨ। ਇਨ੍ਹਾਂ ਵਿਚ ਡਾਕਟਰ, ਇੰਜੀਨੀਅਰ, ਕਾਰੀਗਰ, ਵਿਉਪਾਰੀ, ਮਿਹਨਤ-ਮਜ਼ਦੂਰੀ ਕਰਨ ਵਾਲਿਆਂ ਨਾਲ ਧਨਾਢ ਲੋਕ ਵੀ ਸ਼ਾਮਲ ਹਨ। ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਨੇ ਇਨ੍ਹਾਂ ਦੀਆਂ ਵੱਖ ਸ਼੍ਰੇਣੀਆਂ ਬਣਾਈਆਂ ਹੋਈਆਂ ਹਨ ਅਤੇ ਵੱਖ ਵੱਖ ਤਰ੍ਹਾਂ ਦਾ ਵੀਜ਼ਾ ਮੁਹੱਈਆ ਕੀਤਾ ਜਾਂਦਾ ਹੈ। ਇਨ੍ਹਾਂ ਸ਼੍ਰੇਣੀਆਂ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਹੜੇ ਜੀਵਨ ਦੀ ਗੁਣਵਤਾ, ਬਿਹਤਰ ਜੀਵਨ ਹਾਲਾਤਾਂ, ਬਿਹਤਰ ਸਿਸਟਮ ਅਤੇ ਬਿਹਤਰ ਭਵਿੱਖ ਲਈ ਵਿਕਸਤ ਮੁਲਕਾਂ ਵੱਲ ਪਰਵਾਸ ਕਰਦੇ ਹਨ। ਇਨ੍ਹਾਂ ਵਿਚੋਂ ਇਕ ਵੱਡੀ ਪ੍ਰਤੀਸ਼ਤ ਉਨ੍ਹਾਂ ਲੋਕਾਂ ਦੀ ਹੈ ਜਿਹੜੇ ਬੱਚਿਆਂ, ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਉਨ੍ਹਾਂ ਨੂੰ ਪੰਜਾਬ ਵਿਚੋਂ ਕਿਵੇਂ ਨਾ ਕਿਵੇਂ ਕੱਢ ਕੇ ਵਿਕਸਤ ਮੁਲਕਾਂ ਵਿਚ ਭੇਜਣਾ ਚਾਹੁੰਦੇ ਹਨ।

ਸਾਨੂੰ ਇਉਂ ਲੱਗਦਾ ਹੈ ਕਿ ਪਰਵਾਸ ਕੁਝ ਦਹਾਕਿਆਂ ਦੀ ਕਹਾਣੀ ਹੈ। ਅਜਿਹਾ ਨਹੀਂ ਹੈ। ਪਰਵਾਸ ਦਾ ਇਤਿਹਾਸ ਬੜਾ ਪੁਰਾਣਾ ਹੈ। ਇੰਗਲੈਂਡ ਵਿਚ ਰਹਿਣ ਵਾਲੇ ਭਾਰਤੀਆਂ ਦੀ ਅੱਜ ਤੀਸਰੀ ਪੀੜ੍ਹੀ ਜਵਾਨ ਹੈ। ਆਸਟਰੇਲੀਆ ਅਤੇ ਕੈਨੇਡਾ ਵਿਚ ਵੀ ਪੰਜਾਬੀ ਬਹੁਤ ਸਮਾਂ ਪਹਿਲਾਂ ਪਹੁੰਚ ਗਏ ਸਨ। ਉਦੋਂ ਭੂਗੋਲਿਕ, ਸਮਾਜਕ, ਆਰਥਿਕ ਸਥਿਤੀਆਂ ਬਿਲਕੁਲ ਭਿੰਨ ਸਨ।

ਸਮੇਂ ਨਾਲ ਪਰਵਾਸ ਦੀ ਗਤੀ ਤੇਜ਼ ਹੋਣ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ-ਪ੍ਰੇਸ਼ਾਨੀਆਂ ਵੀ ਵੱਧ ਗਈਆਂ ਹਨ। ਨਤੀਜੇ ਵਜੋਂ ਮੀਡੀਆ ਤਰਜੀਹੀ ਆਧਾਰ ʼਤੇ ਇਸ ਬਾਰੇ ਗੱਲਬਾਤ ਕਰਦਾ ਕਰਵਾਉਂਦਾ ਰਹਿੰਦਾ ਹੈ। ਬੀਤੇ ਦਿਨੀਂ ਡੀ ਡੀ ਪੰਜਾਬੀ ਨੇ ਆਪਣੇ ਚਰਚਿਤ ਪ੍ਰੋਗਰਾਮ 'ਗੱਲਾਂ ਤੇ ਗੀਤ' ਤਹਿਤ 'ਪਰਵਾਸ ਦੇ ਸਰੋਕਾਰ' ਵਿਸ਼ੇ ʼਤੇ ਖੁਲ੍ਹੀ-ਲੰਮੀ ਗੱਲਬਾਤ ਪ੍ਰਸਾਰਿਤ ਕੀਤੀ। ਪ੍ਰੋਗਰਾਮ ਵਿਚ ਮਾਹਿਰ ਵਜੋਂ ਚਰਚਿਤ ਸ਼ਾਇਰ ਮਲਵਿੰਦਰ ਸਿੰਘ ਮੌਜੂਦ ਸਨ। ਐਂਕਰ ਰਾਜੀਵ ਖੰਨਾ ਸਨ ਜਦ ਕਿ ਪ੍ਰੋਡਿਊਸਰ ਤੇ ਨਿਗਰਾਨ ਸ਼੍ਰੀ ਕੇਵਲ ਕ੍ਰਿਸ਼ਨ ਅਤੇ ਸ਼੍ਰੀ ਸੁਖਵਿੰਦਰ ਸਨ।

ਮਲਵਿੰਦਰ ਸਿੰਘ ਦੀਆਂ ਕਵਿਤਾ ਤੇ ਵਾਰਤਕ ਦੀਆਂ 8-10 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਹ ਸਾਹਿਤਕ, ਸਮਾਜਕ, ਸਭਿਆਚਾਰਕ ਸਰਗਰਮੀਆਂ ਵਿਚ ਰੁੱਝੇ ਰਹਿੰਦੇ ਹਨ। ਸਾਲ ਵਿਚੋਂ ਬਹੁਤਾ ਸਮਾਂ ਕੈਨੇਡਾ ਵਿਚ ਰਹਿੰਦੇ ਹਨ। ਉਥੇ ਵੀ ਆਪਣੀਆਂ ਸਾਹਿਤਕ ਗਤੀਵਿਧੀਆਂ ਲਗਾਤਾਰ ਜਾਰੀ ਰੱਖਦੇ ਹਨ।

'ਪਰਵਾਸ ਦੇ ਸਰੋਕਾਰ' ਵਿਸ਼ੇ ʼਤੇ ਗੱਲਬਾਤ ਕਰਦਿਆਂ ਉਨ੍ਹਾਂ ਖੁਲ੍ਹ ਕੇ ਆਪਣੇ ਵਿਚਾਰ ਵਿਅਕਤ ਕੀਤੇ। ਬਹੁਤੀਆਂ ਗੱਲਾਂ ਉਨ੍ਹਾਂ ਨੇ ਅੱਖੀਂ ਵੇਖੇ, ਕੰਨੀਂ ਸੁਣੇ ʼਤੇ ਆਧਾਰਿਤ ਸਨ। ਇਸ ਵਿਸ਼ੇ ʼਤੇ ਉਨ੍ਹਾਂ ਦੇ ਬਹੁਤ ਸਾਰੇ ਆਰਟੀਕਲ ਵੱਖ ਵੱਖ ਅਖ਼ਬਾਰਾਂ ਵਿਚ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। 

ਗੱਲਬਾਤ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਪਰਵਾਸ ਪੰਜਾਬੀਆਂ ਦੇ ਸੁਭਾਅ ਵਿਚ ਹੈ। ਇਨ੍ਹਾਂ ਦਾ ਜਲਦੀ ਇਕ ਥਾਂ ਤੋਂ ਮੋਹ ਭੰਗ ਹੋ ਜਾਂਦਾ ਹੈ। ਪਹਿਲਾਂ ਪਹਿਲ ਘਰ ਦਾ ਇਕ ਜੀਅ ਵਿਦੇਸ਼ ਜਾਂਦਾ ਸੀ ਉਹ ਖੱਟੀ ਕਮਾਈ ਕਰਕੇ ਵਾਪਿਸ ਆ ਜਾਂਦਾ ਸੀ। ਅੱਜ ਇਹ ਰੁਝਾਨ, ਇਹ ਸੋਚ ਨਹੀਂ ਹੈ। ਅੱਜ ਹਰ ਕੋਈ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਦੀ ਪੀ.ਆਰ. ਲੈਣੀ ਲੋਚਦਾ ਹੈ।

ਅੱਜ ਘੱਟ ਪੜ੍ਹੇ, ਅੱਧ ਪੜ੍ਹੇ, ਵੱਧ ਪੜ੍ਹੇ ਹਰ ਤਰ੍ਹਾਂ ਦੇ ਨੌਜਵਾਨ ਵਿਦੇਸ਼ੀ ਧਰਤੀ ʼਤੇ ਪਹੁੰਚ ਰਹੇ ਹਨ। ਬਾਬੇ ਨਾਨਕ ਦਾ ਕਿਰਤ ਦਾ ਸੰਕਲਪ ਉੱਥੇ ਜਾ ਕੇ ਪੂਰਾ ਹੁੰਦਾ ਹੈ। ਪਰ ਉਥੇ ਪਹਿਚਾਣ ਦੀ ਸਮੱਸਿਆ ਹੈ। ਇਥੇ ਅਫ਼ਸਰੀ ਕਰਦੇ ਲੋਕ ਉਥੇ ਜਾ ਕੇ ਲੇਬਰ ਕਰਦੇ ਨਜ਼ਰ ਆਉਂਦੇ ਹਨ। ਇਹ ਘੋਖ ਦਾ, ਖੋਜ ਦਾ ਵਿਸ਼ਾ ਹੈ ਕਿ ਇਸ ਪਿੱਛੇ ਕਿਹੜੀ ਸੋਚ, ਕਿਹੜੀ ਮਾਨਸਿਕਤਾ ਕਾਰਜਸ਼ੀਲ ਹੈ।

ਉਥੇ ਸੱਭ ਕੁਝ ਆਸਾਨ ਨਹੀਂ ਹੈ। ਸੱਭ ਕੁਝ ਸਖ਼ਤ ਮਿਹਨਤ ਦੀ ਮੰਗ ਕਰਦਾ ਹੈ। ਸ਼ਿਫ਼ਟਾਂ ਵਿਚ ਕੰਮ ਕਰਨਾ ਪੈਂਦਾ ਹੈ। ਰਹਿਣ ਦੇ, ਖਾਣ-ਪੀਣ ਦੇ, ਆਵਾਜਾਈ ਦੇ ਵੱਡੇ ਖਰਚੇ ਹਨ। ਮੁਢਲੇ ਸਾਲਾਂ ਵਿਚ ਖਰਚੇ ਵਧੇਰੇ ਹੁੰਦੇ ਹਨ, ਆਮਦਨ ਘੱਟ ਹੁੰਦੀ ਹੈ। ਇਸੇ ਲਈ ਕਈ ਵਾਰ ਨੌਜਵਾਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਵੀ ਹੋ ਜਾਂਦੇ ਹਨ। ਇਧਰਲੇ ਪੈਸੇ ਦੀ ਓਧਰ ਵੁੱਕਤ ਨਹੀਂ ਹੈ। ਕੈਨੇਡਾ ਵਿਚ ਚੀਨੀ ਸੱਭ ਤੋਂ ਵੱਧ ਹਨ। ਦੂਸਰਾ ਨੰਬਰ ਭਾਰਤੀਆਂ ਦਾ ਹੈ।

ਇਨ੍ਹੀਂ ਦਿਨੀਂ ਵਧੇਰੇ ਨੌਜਵਾਨ ਪੜਾਈ-ਵੀਜ਼ਾ ʼਤੇ ਜਾ ਰਹੇ ਹਨ ਅਤੇ ਬਾਅਦ ਵਿਚ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਵੇਂ ਕਿਵੇਂ ਉਥੇ ਪੱਕਾ ਹੋਇਆ ਜਾਵੇ।

ਪੰਜਾਬੀ ਬੋਲੀ, ਪੰਜਾਬੀ ਸਾਹਿਤ ਅਤੇ ਪੰਜਾਬੀ ਪੁਸਤਕਾਂ ਪ੍ਰਤੀ ਉਥੇ ਨੌਜਵਾਨਾਂ ਵਿਚ ਬਹੁਤ ਘੱਟ ਰੁਝਾਨ ਹੈ। ਲਾਇਬਰੇਰੀਆਂ ਵਿਚ ਕਦੇ ਕਦਾਈਂ ਕੋਈ ਨੌਜਵਾਨ ਪੰਜਾਬੀ ਦੇ ਕਿਤਾਬ ਲੈਣ ਆਉਂਦਾ ਹੈ। ਜਿਹੜੇ ਪੰਜਾਬੀ ਬੱਚੇ ਉੱਥੇ ਜੰਮੇ ਪਲੇ ਹਨ ਉਨ੍ਹਾਂ ਦਾ ਮੁਲਕ, ਉਨ੍ਹਾਂ ਦੀ ਭਾਸ਼ਾ ਉਹੀ ਹੈ। ਪਰ ਇਥੋਂ ਜਿਹੜੇ ਬਜ਼ੁਰਗ ਉਥੇ ਜਾਂਦੇ ਹਨ ਉਹ ਆਪਣੇ ਇਧਰਲੇ ਘਰ, ਇਧਰਲੀ ਜ਼ੁਬਾਨ ਨਾਲ ਜਜ਼ਬਾਤੀ ਤੌਰ ʼਤੇ ਜੁੜੇ ਹਨ। ਉਥੇ ਉਹ ਜਿੰਨੀ ਦੇਰ ਰਹਿੰਦੇ ਹਨ ਅਜਨਬੀਆਂ ਵਾਂਗ ਰਹਿੰਦੇ ਹਨ।

ਚੇਤੰਨ ਲੋਕ ਉਥੇ ਲੋਕਾਂ ਨੂੰ ਪੰਜਾਬੀ ਬੋਲੀ ਨਾਲ, ਪੰਜਾਬੀ ਸਭਿਆਚਾਰ ਨਾਲ ਜੋੜਨ ਲਈ ਵੱਖ ਵੱਖ ਤਰ੍ਹਾਂ ਨਾਲ ਉਪਰਾਲੇ ਕਰਦੇ ਰਹਿੰਦੇ ਹਨ। ਉਥੇ ਮਿੰਨੀ ਪੰਜਾਬ ਇਸ ਲਈ ਬਣ ਗਿਆ ਕਿਉਂ ਕਿ ਅਜੇ ਬਹੁਗਿਣਤੀ ਵੱਡੀ ਉਮਰ ਦੇ ਲੋਕਾਂ ਦੀ ਹੈ।
ਉਨ੍ਹਾਂ ਮੀਡੀਆ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮੀਡੀਆ ਪੰਜਾਬ ਅਤੇ ਪਰਵਾਸੀ ਪੰਜਾਬੀਆਂ ਵਿਚਾਲੇ ਪੁਲ ਬਣਕੇ ਬਾਖ਼ੁਬੀ ਜ਼ਿੰਮੇਵਾਰੀ ਨਿਭਾ ਰਿਹਾ ਹੈ।

-ਪ੍ਰੋ. ਕੁਲਬੀਰ ਸਿੰਘ

ਪ੍ਰਵਾਸੀ ਅਤੇ ਐਨ.ਆਰ.ਆਈ ਸਭਾ ਬਨਾਮ ਪੰਜਾਬ ਸਰਕਾਰ

ਬਲਵਿੰਦਰ ਮੱਲ੍ਹੀ, ਐਮ.ਏ.

ਦੁਆਬੇ ਵਿੱਚ ਜੋਤ ਹੇਠ ਘੱਟ ਭੈਅ ਦੀ ਮਾਲਕੀਅਤ, ਹੁਸ਼ਿਆਰਪੁਰ ਵਿੱਚ ਪੈਂਦੇ ਚੋਅ ਅਤੇ ਰੇਤਾ ਦੇ ਥੇਹ ਅਤੇ ਹੋਰ ਆਰਥਿਕ ਹਾਲਾਤਾਂ ਦੀ ਕਮਜ਼ੋਰੀ ਨੇ, ਇਥੋਂ ਦੇ ਲੋਕਾਂ ਨੂੰ 1950 ਦੇ ਮੱਧ ਵਿੱਚ ਬਾਹਰਲੇ ਦੇਸ਼ਾਂ ਨੂੰ ਜਾਣ ਲਈ ਮਜ਼ਬੂਰ ਕੀਤਾ। ਅਗਰੇਜ਼ ਸਰਕਾਰ ਨੇ ਵੀ ਮਨੁੱਖੀ ਤਾਕਤ ਦੀ ਘਾਟ ਕਾਰਨ, ਸੁਡੌਲ ਜੁੱਸੇ ਦੇ ਪੰਜਾਬੀਆਂ ਨੂੰ ਸੁਰੱਖਿਆਕਰਮੀ, ਗੁਜਰਾਤੀਆਂ ਨੂੰ ਆਰਈਜਨ ਅਤੇ ਪੜ੍ਹੇ ਲਿਖੇ ਬੰਗਾਲੀਆਂ ਨੂੰ ਕਲਰਕ ਬਾਬੂਆਂ ਦੀ ਭਰਤੀ ਲਈ ਸੱਦਾ ਦਿੱਤਾ। ਆਪਣੀ ਮਾਲੀ ਹਾਲਾਤਾਂ ਦੀ ਬੇਹਤਰੀ ਵਾਸਤੇ, ਇਹ ਆਪਣੇ ਹਿੱਸੇ ਦੀ ਬਣਦੀ ਜ਼ਮੀਨ ਜਾਇਦਾਦ ਆਪਣੇ ਨਜ਼ਦੀਕੀਆਂ ਨੂੰ ਦੇ ਜਲਾਵਤਨੀ ਹੋ ਗਏ। ਕਈ ਬਹੁਤ ਲੰਮਾ ਸਮਾਂ ਵਾਪਸ ਨਹੀਂ ਪਰਤੇ ਅਤੇ ਕਈਆਂ ਨੇ ਵਾਪਸ ਪਰਤਣ ਦੀ ਚਾਹਤ ਹੀ ਛੱਡ ਦਿੱਤੀ ਅਤੇ ਪ੍ਰਦੇਸ਼ਾ ਵਿੱਚ ਹੀ ਰੱਬ ਨੂੰ ਪਿਆਰੇ ਹੋ ਗਏ। ਪਿੱਛੇ ਨਜ਼ਦੀਕੀਆਂ ਦੇ ਪਰਿਵਾਰਾਂ ਦੇ ਵਾਧੇ ਕਾਰਨ ਉਹ ਪਰਵਾਸੀਆਂ ਦੀਆਂ ਜ਼ਮੀਨਾਂ ਜਾਇਦਾਦਾ ’ਤੇ ਨਿਰਭਰ ਹੋ ਕੇ ਆਪਣਾ ਹੱਕ ਜਮਾਉਣ ਲੱਗੇ। ਫਿਰ ਸਮੇਂ ਦੀ ਚਾਲ ਨਾਲ ਇਨ੍ਹਾਂ ਜਾਇਦਾਦਾ ਦੀਆਂ ਕੀਮਤਾਂ ਜੋ ਕੱਖਾਂ ਵਿੱਚ ਹੁੰਦੀਆਂ ਸਨ, ਅੱਜ ਲੱਖਾ ਵਿੱਚ ਹੋ ਗਈਆਂ। ਇਨ੍ਹਾਂ ਕਾਰਨਾ ਕਰਕੇ, ਨਜ਼ਦੀਕੀਆਂ ਵਿੱਚ ਲਾਲਚ ਦੀ ਭਾਵਨਾ ਉਤਪਨ ਹੋਣ ਕਾਰਨ, ਨਾਜਾਇਜ਼ ਕਬਜ਼ੇ, ਗਲਤ ਮੁਖਤਾਰਨਾਮੇ ਬਣਾਕੇ ਜ਼ਮੀਨਾਂ ਦੀ ਖਰਦੋ ਫਰੋਖਤ, ਸਿਆਸੀ ਸ਼ਹਿ ਤੇ ਭੂਮੀ ਮਾਫ਼ੀਆਂ ਰਾਹੀਆਂ ਜ਼ਮੀਨਾਂ ਜਾਇਦਾਦਾਂ ਨੂੰ ਹਥਿਆਉਣ ਵਰਗੇ ਘਣੌਏ ਕਾਰਨਾਮਿਆਂ ਨਾਲ ਪ੍ਰਵਾਸੀ ਵੀਰਾਂ ਨੂੰ ਆਰਥਿਕ, ਜਜ਼ਬਾਤੀ ਅਤੇ ਜਾਨੀ ਕਸ਼ਟ ਵੀ ਝੱਲਣੇ ਪੈਂਦੇ ਹਨ। ਇਨ੍ਹਾਂ ਮੁਸ਼ਕਲਾਂ ਨਾਲ ਨਜਿੱਠਣ ਸਮੇਂ, ਪੰਜਾਬ ਵਿੱਚ ਆਪਣੇ ਪਰਿਵਾਰ ਤੋਂ ਦੂਰ ਬੈਠਾ ਪ੍ਰਵਾਸੀ ਆਪਣੇ ਆਪ ਨੂੰ ਬੇਸਹਾਰਾ, ਕਮਜ਼ੋਰ ਅਤੇ ਮਜ਼ਬੂਰ ਮਹਿਸੂਸ ਕਰਨ ਲੱਗਾ।

ਆਪਣੀ ਸਖ਼ਤ ਮਿਹਨਤ ਕਾਰਨ ਹਰ ਪ੍ਰਵਾਸੀ ਕਾਫ਼ੀ ਖੁਸ਼ਹਾਲ ਹੋ ਚੁੱਕਾ ਹੈ। ਕਈਆਂ ਨੇ ਤਾਂ ਬਾਹਰਲੀ ਧਰਤੀ ’ਤੇ ਹਰ ਖੇਤਰ ਵਿੱਚ ਵੱਡਾ ਨਾਮਣਾ ਵੀ ਖੱਟਿਆ ਹੈ। ਇਸ ਖੁਸ਼ਹਾਲੀ ਦੇ ਮੱਦੇਨਜ਼ਰ ਉਸਨੇ ਭਾਰਤ ਵਿੱਚ ਖਾਸ ਕਰਕੇ ਪੰਜਾਬ ਵਿੱਚ ਪੈਸਾ ਨਿਵੇਸ਼ ਕਰ, ਵੱਡੀਆਂ ਵੱਡੀਆਂ ਕੋਠੀਆਂ ਦਾ ਨਿਰਮਾਣ ਕੀਤਾ ਹੋਰ ਜ਼ਮੀਨਾਂ ਜਾਇਦਾਦਾਂ ਖਰੀਦੀਆਂ ਅਤੇ ਉਥੇ ਲੋਕ ਭਲਾਈ ਕੰਮਾਂ ਵਿੱਚ ਵੱਧ ਚੜ੍ਹਕੇ ਪੈਸਾ ਲਾਇਆ। ਇਸਦੇ ਬਾਵਜੂਦ ਵੀ ਮਾੜ੍ਹੇ ਨਿਜ਼ਾਮ ਦੇ ਹੁੰਦਿਆਂ, ਪਿੱਛੇ ਉਸਦੀਆਂ ਮੁਸ਼ਕਲਾਂ ਵਿੱਚ ਵਾਧਾ ਹੁੰਦਾ ਗਿਆ। ਬਾਹਰੀ ਨਾਗਰਿਕਤਾਂ ਹਾਸਲ ਕਰਨ ਨਾਲ ਉਸਨੂੰ ਭਾਰਤੀ ਨਾਗਰਿਕਤਾ ਛੱਡਣ ਲਈ ਮਜ਼ਬੂਰ ਹੋਣਾ ਪਿਆ। ਜਿਸ ਕਾਰਨ ਵੀਜ਼ਾ, ਦਿੱਲੀ ਏਅਰਪੋਰਟ ’ਤੇ ਵਾਧੂ ਪੁੱਛਗਿੱਛ ਅਤੇ ਜੱਦੀ ਜਾਇਦਾਦ ਦੇ ਹੱਕਾਂ ਬਾਰੇ ਖਦਸ਼ੇ ਕਾਰਨ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਇਆ। ਨਜ਼ਦੀਕੀਆਂ ਲਈ ਵੱਧ ਤੋਂ ਵੱਧ ਬਾਹਰੀ ਸਮਾਨ ਭਾਰਤ ਵਿੱਚ ਲੈ ਜਾਣ ਦੇ ਇੱਛੁਕ ਪ੍ਰਵਾਸੀਆਂ ਨੂੰ ਕਸਟਮ ਅਧਿਕਾਰੀਆਂ ਵਲੋ ਵੱਧ ਤੋਂ ਵੱਧ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਦੋਹਰੀ ਨਾਗਰਿਕਤਾ ਨੂੰ ਲੈਕੇ ਆਮ ਭਾਰਤੀਆਂ ਰਾਹੀਂ ਹੀ ਨਹੀਂ, ਆਈ.ਡਬਲਯੂ.ਏ. ਵਲੋਂ ਵੀ ਕਾਫ਼ੀ ਜਦੋ ਜਹਿਦ ਕੀਤੀ ਗਈ। 1974 ਵਿੱਚ ਇਕ ਵਫ਼ਦ ਦੇ ਤੌਰ ’ਤੇ, ਆਈ.ਡਬਲਯੂ.ਏ. ਸਾੳੂਥਾਲ ਬਰਾਂਚ ਦੇ ਮੁੱਖੀ ਅਜੀਤ ਸਿੰਘ ਰਾਏ, ਹਰਬੰਸ ਸਿੰਘ ਰੂਪਰਾਏ, ਤਰਸੇਮ ਸਿੰਘ ਤੂਰ ਅਤੇ ਮੁਹਿੰਦਰ ਸਿੰਘ ਪੱਡਾਂ, ਦੋਹਰੀ ਨਾਗਰਿਕਤਾ ਅਤੇ ਦਿੱਲੀ ਏਅਰਪੋਰਟ ’ਤੇ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਉਸ ਸਮੇਂ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਨੂੰ ਮਿਲੇ। ਭਾਵੇਂ ਇੰਦਰਾਂ ਗਾਂਧੀ ਨੇ ਇਨ੍ਹਾਂ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਦਿੱਤਾ, ਪਰ ਫਿਰ ਵੀ ਦੋਹਰੀ ਨਾਗਰਿਕਤਾ ਦਾ ਮੁੱਦਾ ਲੱਟਕਦਾ ਰਿਹਾ। ਇਸੇ ਦੇ ਮੱਦੇਨਜ਼ਰ ਹੀ ਮੋਦੀ ਸਰਕਾਰ ਰਾਹੀਂ ਕੁੱਲ ਸਾਲਾਂ ਤੋਂ ਪ੍ਰਵਾਸੀਆਂ ਵਾਸਤੇ ਓ.ਸੀ.ਆਈ. ਕਾਰਡ ਦੀ ਵਿਵਸਥਾ ਚਾਲੂ ਕੀਤੀ ਗਈ ਹੈ। ਇਸ ਨਾਲ ਕੁਝ ਅਧਿਕਾਰ ਜ਼ਰੂਰ ਦਿੱਤੇ ਗਏ ਹਨ, ਪਰ ਫਿਰ ਵੀ ਪ੍ਰਵਾਸੀ ਭਾਰਤੀ ਖੇਤੀਬਾੜੀ ਯੋਗ ਜ਼ਮੀਨ ਨਹੀਂ ਖਰੀਦ ਸਕਦਾ। ਭਾਰਤ ਵਿੱਚ ਅਗਰ ਉਹ ਕੋਈ ਕੰਪਨੀ ਸਥਾਪਤ ਕਰਨਾ ਚਾਹੁੰਦੇ ਹੋ ਤਾਂ ਉਸਨੂੰ ਇਸਦਾ ਇੱਕ ਡਾਇਰੈਕਟਰ ਭਾਰਤੀ ਹੀ ਨਹੀਂ ਉਥੋਂ ਦੇ ਬਸ਼ਿੰਦੇ ਨੂੰ ਨਿਯੁਕਤ ਕਰਨਾ ਪਵੇਗਾ।

ਪ੍ਰਵਾਸੀ ਭਾਰਤੀਆਂ ਨੂੰ ਜਿਸ ਵਿੱਚ ਵਧੇਰੇ ਪੰਜਾਬੀ ਹਨ, ਨੂੰ ਆਪਣੇ ਵਿਰਸੇ ਨਾਲ ਜੋੜਨ, ਉਨ੍ਹਾਂ ਦੇ ਹਿੱਤਾਂ ਦਾ ਖਿਆਲ ਕਰਦਿਆਂ, ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਵਾਸਤੇ ਅਕਤੂਬਰ 1996 ਵਿੱਚ, ਉਸ ਸਮੇਂ ਦੇ ਪੰਜਾਬ ਦੇ ਗਵਰਨਰ, ਸੇਵਾਮੁਕਤ ਹੋ ਚੁੱਕੇ ਲੈਫ਼ਟੀਨੈਟ ਜਨਰਲ ਬੀ.ਕੇ.ਐਨ. ਛਿੱਬਰ ਰਾਹੀਂ ਐਨ.ਆਰ.ਆਈ. ਸਭਾ ਦੀ ਸਥਾਪਨਾ ਕੀਤੀ ਗਈ। ਪੰਜਾਬ ਸਰਕਾਰ ਨੇ ਇਸਦੇ ਸੰਵਿਧਾਨ ਅਤੇ ਇਸਨੂੰ ਰਜਿਸਟਰ ਕਰਨ ਦੀ ਮਨਜ਼ੂਰੀ 5.3.98 ਨੂੰ ਦਿੱਤੀ। ਇਸ ਤਰ੍ਹਾਂ ਇਹ ਸਭਾ, ਸੋਸਾਇਟੀ ਰਜਿਸਟਰੇਸ਼ਨ ਐਕਟ ਦੇ ਮੁਤਾਬਕ 20.3.1998 ਨੂੰ ਰਜਿਸਟਰ ਹੋ ਗਈ, ਤਾਂ ਜੋ ਆਪਣੇ ਮੈਂਬਰ ਬਣਾ ਸਕੇ। ਹਰ 2 ਸਾਲ ਬਾਅਦ ਇਸਦੇ ਪ੍ਰਧਾਨ ਦੀ ਚੋਣ ਹੋਵੇਗੀ। ਇਕ ਪ੍ਰਵਾਸੀ ਭਾਰਤੀ ਹੀ 10,500 ਰੁਪਏ ਦੀ ਫ਼ੀਸ ਦੇ ਕੇ ਸਦਾ ਲਈ ਇਸਦਾ ਮੈਂਬਰ ਬਣ ਸਕਦਾ ਹੈ। ਇਹ ਬਣੇ ਹੋਏ ਮੈਂਬਰ ਹੀ ਸਭਾ ਦੀ ਚੋਣ ਵਿੱਚ ਹਿੱਸਾ ਲੈ ਸਕਦੇ ਹਨ। ਭਾਵੇਂ ਦੁਨੀਆਂ ਭਰ ਵਿੱਚ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਕੋਈ 50 ਤੋਂ 55 ਲੱਖ ਹੈ ਪਰ ਸਭਾ ਦੇ ਮੈਂਬਰਾਂ ਦੀ ਗਿਣਤੀ ਲਗਭਗ 23000 ਦੇ ਕਰੀਬ ਹੈ। ਇਹ ਸਭਾ ਬਾਰੇ ਘੱਟ ਚੇਤਨਾ ਨੂੰ ਦਰਸਾਉਦਾ ਹੈ।

ਪਹਿਲੀਆਂ ਵਿੱਚ ਐਨ.ਆਰ.ਆਈ. ਸਭਾ ਦਾ ਮੁੱਖ ਕੇਂਦਰ ਜਲੰਧਰ ਹੋਇਆ ਕਰਦਾ ਸੀ ਜੋ ਉਥੋਂ ਦੇ ਕਮਿਸ਼ਨਰ ਦੀ ਸਰਪ੍ਰਸਤੀ ਹੇਠ ਇਕ ਮਹਿਕਮੇ ਦੇ ਤੌਰ ’ਤੇ ਦਫ਼ਤਰ ਦੇ ਰੂਪ ਵਿੱਚ ਕੰਮ ਕਰਿਆ ਕਰਦਾ ਸੀ। ਇਥੇ ਸੇਵਾ ਮੁਕਤ ਹੋਏ ਜੱਜ ਅਤੇ ਵਕੀਲ ਲੋਕਾਂ ਨੂੰ ਨਿਸ਼ਕਾਮ ਸੇਵਾਵਾਂ ਪ੍ਰਧਾਨ ਕਰਦੇ ਸਨ। ਪਰ ਨਿਆਂ ਪਾਲਿਕਾ ਦੀ ਸੁਸਤ ਚਾਲ ਅਤੇ ਉੱਚ ਅਦਾਲਤਾਂ ਵਿੱਚ ਅਪੀਲ ਦੀ ਵਿਵਸਥਾ ਕਾਰਨ ਸਮੇਂ ਸਿਰ ਨਿਆਂ ਨਾ ਮਿਲਣ ਕਰਕੇ, ਕੋਈ ਵੀ ਸਫ਼ਲਤਾਂ ਹਾਸਲ ਨਾ ਹੋ ਸਕੀ। ਆਮ ਚਰਚਾ ਪਾਈ ਜਾਂਦੀ ਸੀ ਕਿ ਫਾਸਟ ਟਰੈਕ ਅਦਾਲਤਾਂ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਸਮਾਂ (ਨਿਸ਼ਚਿਤ ਸਮੇਂ) ਬੰਦ ਨਿਆਂ ਮਿਲ ਸਕੇ। ਇਸ ਬਾਰੇ ਕਾਨੂੰਨੀ ਪ੍ਰਤੀ ਿਆ ਕੀਤੀ ਜਾਂਦੀ ਰਹੀ। ਸੰਨੀ ਦਿਓਲ ਦੀ ਇਕ ਫ਼ਿਲਮ ਨੂੰ ਮੁਖਾਤਫ਼ ਰੱਖਦਿਆਂ, ਨਿਆਂਪਾਲਿਕਾਂ ’ਤੇ ਟਿੱਪਣੀ ਕੀਤੀ ਜਾ ਸਕਦੀ ਹੈ, ਮਿਲੀ ਤੋਂ ਤਾਰੀਖ਼। ਮੇਰੇ ਆਪਣੇ ਦੋ ਨਿੱਜੀ ਦਿਵਾਨੀ ਕੇਸਾਂ ਬਾਰੇ ਮੈਂ ਉਦਾਹਰਣ ਦੇ ਕੇ ਕਹਿ ਸਕਦਾ ਹਾਂ ਕਿ 25 ਸਾਲ ਬਾਅਦ ਵੀ ਉਨ੍ਹਾਂ ਦਾ ਫੈਸਲਾ, ਕਾਨੂੰਨੀ ਪ੍ਰਤੀਿਆ ਨਾਲ ਨਹੀਂ ਬਲਕਿ ਆਪਸੀ ਸਮਝੌਤੇ ਨਾਲ ‘ਲੋਕ ਅਦਾਲਤ’ ਵਿੱਚ ਹੋਇਆ ਹੈ। ਜਲੰਧਰ ਵਿੱਚ ਫਾਸਟ ਟਰੈਕ ਅਦਾਲਤ ਚੱਲ ਰਹੀ ਹੈ। ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੋ ਐਨ.ਆਰ.ਆਈ ਕਮਿਸ਼ਨ ਚੰਡੀਗੜ੍ਹ ਦੇ ਸਰਪ੍ਰਸਤ ਹਨ, ਮੁਤਾਬਕ 2500 ਕੇਸਾਂ ਦਾ ਨਿਪਟਾਰਾ ਨਾ ਹੋਣ ਕਰਕੇ ਪੰਜ ਹੋਰ ਫਾਸਟ ਟਰੈਕ ਅਦਾਲਤਾਂ, ਬਠਿੰਡਾ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), ਪਟਿਆਲਾ, ਹੁਸ਼ਿਆਰਪੁਰ ਅਤੇ ਮੋਗਾ ਵਿਖੇ ਸਥਾਪਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਸਿਵਲ ਕੇਸਾਂ ਨੂੰ ਲੈ ਕੇ ਜਲੰਧਰ ਵਿਖੇ ਫਾਸਟ ਟਰੈਕ ਅਦਾਲਤ ਦਾ ਨਿਰਮਾਣ ਹੋ ਚੁੱਕਾ ਹੈ। ਲੁਧਿਆਣੇ ਅਤੇ ਮੋਗੇ ਬਾਰੇ ਤਜਵੀਜ਼ ਰੱਖੀ ਜਾ ਚੁੱਕੀ ਹੈ। ਭਾਰਤ ਅਤੇ ਪੰਜਾਬ ਦੀ ਨਿਆਂ ਪ੍ਰਣਾਲੀ ਦੀ ਇਕ ਹੋਰ ਤ੍ਰਾਸਦੀ ਹੈ ਕਿ ਤੁਹਾਡਾ ਕੋਈ ਵੀ ਵਿਰੋਧੀ 20,25 ਹਜ਼ਾਰ ਦਾ ਝੂਠਾ ਵਕੀਲ ਕਰਕੇ ਤੁਹਾਡੇ ’ਤੇ ਝੂਠਾ ਕੇਸ ਦਾਇਰ ਕਰ ਸਕਦਾ ਹੈ। ਅਦਾਲਤਾਂ ਵੀ ਕਿਸੇ ਵੀ ਕੇਸ ਦੀ ਛਾਣ-ਬੀਣ ਕਰਨ ਤੋਂ ਬਗੈਰ ਹੀ ਇਹੋ ਜਿਹੇ ਝੂਠੇ ਅਤੇ ਬੇ-ਬੁਨਿਆਦ ਕੇਸਾਂ ਨੂੰ ਸੁਣਨ ਦੀ ਇਜਾਜ਼ਤ ਦੇ ਦੇਂਦੀਆਂ ਹਨ। ਇਸਤੋਂ ਬਾਅਦ ਤੁਹਾਨੂੰ ਇਕ ਲੰਮੀ ਕਾਨੂੰਨੀ ਪ੍ਰਤੀਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਛੋਟੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਅਪੀਲ ਦਰ ਅਪੀਲ ਦੀ ਵਿਵਸਥਾ ਕਾਰਨ ਕਈ ਕਈ ਸਾਲਾਂ ਦਾ ਸਮਾਂ ਅਤੇ ਧਨ ਨਸ਼ਟ ਹੁੰਦਾ ਹੈ। ਕੇਸ ਦਾਇਰ ਹੁੰਦਿਆਂ ਹੀ ਸਟੇਅ ਅਤੇ ਸਟੇਟਸ, ਦੀ ਵਿਵਸਥਾ ਅਦਾਲਤਾਂ ਵਿੱਚ ਆਮ ਪ੍ਰਚਲੱਤ ਹੈ। ਬਸ ਫਿਰ ਕੀ ? ਅਦਾਲਤ ਦੇ ਫੈਸਲੇ ਤੱਕ ਕੋਈ ਵੀ ਪ੍ਰਸ਼ਾਸ਼ਕੀ ਮਹਿਕਮਾਂ ਜਾਂ ਐਨ.ਆਰ.ਆਈ. ਸਭਾ ਇਸ ਵਿੱਚ ਦਖ਼ਲ ਨਹੀਂ ਦੇ ਸਕਦੀ। ਸਮੇਂ ਦੀਆਂ ਪਾਬੰਧੀਆਂ ਅਤੇ ਪਿੱਛੇ ਪ੍ਰਵਾਰਕ ਕਾਰ ਵਿਵਹਾਰਾਂ ਕਾਰਨ, ਇਨ੍ਹਾਂ ਲੰਮਾਂ ਸਮਾਂ ਇਤਜ਼ਾਰ ਨਾ ਕਰ ਸਕਣ ਕਾਰਨ, ਹਰ ਪ੍ਰਦੇਸੀ ਆਪਣੇ ਆਪ ਨੂੰ ਬੇਵਸ ਮਹਿਸੂਸ ਕਰਦਾ ਹੈ। ਚੰਗੇ ਪ੍ਰਬੰਧਕੀ ਢਾਂਚੇ ਵਿਚੋਂ ਵਿਚਰ ਰਿਹਾ ਪ੍ਰਵਾਸੀ, ਭਾਰਤ ਜਾ ਕੇ ਸ਼ਸ਼ੋਪੰਜ ਜਾਂ ਕਹਿ ਲਓ ਦੁਚਿੱਤੀ ਵਿੱਚ ਪੈ ਜਾਂਦਾ ਹੈ।

ਐਨ.ਆਰ.ਆਈ. ਸਭਾ ਦੀ ਕਾਰਜਵਿਧੀ ਦੇ ਮੁਤਾਬਕ ਕਿਸੇ ਵੀ ਪ੍ਰਵਾਸੀ ਦੀ ਸ਼ਕਾਇਤ, ਪਹਿਲ ਦੇ ਆਧਾਰ ’ਤੇ ਸਬੰਧਤ ਮਹਿਕਮੇ ਨੂੰ ਦਿੱਤੀ ਜਾਂਦੀ ਹੈ। ਸਭਾ ਵਲੋਂ ਇਸਦੀ ਪੈਰਵਾਈ ਵੀ ਕੀਤੀ ਜਾਂਦੀ ਹੈ। ਪਰ ਇਹ ਇਕ ਲੀਗਲ ਇਕਾਈ ਨਾ ਹੋਣ ਕਰਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਨਹੀਂ ਕਰ ਸਕਦੀ। ਸਬੰਧਤ ਮਹਿਕਮਿਆਂ ਨੂੰ ਲੈ ਕੇ ਉਥੋਂ ਦੀ ਅਫ਼ਸਰਸ਼ਾਹੀ ਤੋਂ ਅਸੀਂ ਸਭ ਜਾਣੂੰ ਹਾਂ। ਉਹ ਆਪਣੇ ਆਪਨੂੰ ਲੋਕਾਂ ਦੇ ਕਰਮਚਾਰੀ ਨਹੀਂ, ਬਲਕਿ ਲੋਕਾਂ ਨੂੰ ਆਪਣੇ ਕਰਮਚਾਰੀ ਸਮਝਦੀ ਹੈ। ਸਮਾਂ ਦੇ ਕੇ ਅਫ਼ਸਰਾਂ ਦਾ ਨਾ ਮਿਲਣਾ, ਰਿਸ਼ਵਤਖੋਰੀ, ਸਿਆਸੀ ਦਬਾਅ, ਜਾਤੀ ਜਾਣ ਪਛਾਣ ਵਰਗੀਆ ਸਮੱਸਿਆਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਹੈ। ਮੇਰੇ ਇਕ ਜਾਤੀ ਤਜ਼ਰਬੇ ਦੇ ਮੁਤਾਬਕ, ਕੋਈ ਪੰਜ ਸਾਲ ਪਹਿਲਾਂ, ਇਕ ਪਰਿਵਾਰਕ ਸਾਂਝੇ ਖਾਤੇ ਦੇ ਪਲਾਟ ਦੇ ਝਗੜੇ ਕਾਰਨ ਮੇਰਾ ਵਾਹ ਵੀ ਇਕ ਗੈਂਗਸਟਰ ਨਾਂ ਪਿਆ। ਇਸਨੂੰ ਲੈ ਕੇ ਮੈਂ ਐਨ.ਆਰ.ਆਈ. ਸਭਾ ਦੇ ਹੋਨੋਰੇਰੀ ਮੈਂਬਰ, ਸ. ਦਲਜੀਤ ਸਿੰਘ ਸਹੋਤਾ ਨਾਲ ਸੰਪਰਕ ਕੀਤਾ। ਮੈਂ ਹਾਲਾ ਤੱਕ ਉਨ੍ਹਾਂ ਦਾ ਮਸਕੂਰ ਹਾਂ ਕਿ ਉਨ੍ਹਾਂ ਨੇ ਮੇਰੀ ਗੱਲ ਬੜੀ ਤਵਜੋਂ, ਹਮਦਰਦੀ ਅਤੇ ਸਤਿਕਾਰ ਨਾਲ ਸੁਣੀ ਅਤੇ ਉਸ ਸਮੇਂ ਦੇ ਬਟਾਲੇ ਨਾਲ ਸਬੰਧਤ ਐਸ.ਐਸ.ਪੀ. ਬਰਾੜ ਤੋਂ ਸਮਾਂ ਲੈ ਕੇ ਦਿੱਤਾ। ਐਸ.ਐਸ.ਪੀ. ਸਾਹਿਬ ਨੇ ਮੇਰੀ ਗੱਲਬਾਤ ਸੁਨਣ ਤੋਂ ਬਾਅਦ ਫ਼ੋਨ ਚੁੱਕ ਕੇ ਉਸ ਆਦਮੀ ਦੇ ਲੋਕਲ ਥਾਣੇ ਰਾਹੀਂ ਤਕੜੇ ਢੰਗ ਨਾਲ ਦਬਕਾ ਜ਼ਰੂਰ ਮਾਰਿਆ, ਪਰ ਇਸਤੋਂ ਬਾਅਦ ਕੋਈ ਪੈਰਵਾਈ ਨਹੀਂ ਹੋਈ। ਇਸੇ ਝਗੜੇ ਦੇ ਸਬੰਧ ਵਿੱਚ ਮੈਂ ਕਾਂਗਰਸ ਸਰਕਾਰ ਦੇ ਉਸ ਸਮੇਂ ਦੇ ਮੰਤਰੀ ਤ੍ਰਿਪਤ ਬਾਜਵਾ ਨੂੰ ਵੀ ਮਿਲਿਆ। ਖ਼ੈਰ ਮੇਰੇ ਨਜ਼ਦੀਕੀ ਮੱਲ੍ਹੀ ਭਰਾਵਾਂ ਨਾਲ ਰਿਸ਼ਤੇਦਾਰੀ ਹੋਣ ਕਰਕੇ ਮੈਨੂੰ ਕਾਫ਼ੀ ਤਰਜੀਹ ਦਿੱਤੀ ਅਤੇ ਬਟਾਲੇ ਦੇ ਸਬੰਧਤ ਥਾਣੇ ਦੇ ਐੱਸ.ਐੱਚ.ਓ. ਨੂੰ ਮਿਲਣ ਲਈ ਕਿਹਾ। ਐੱਸ.ਐੱਚ.ਓ. ਸਾਹਿਬ ਸਮਾਂ ਦੇ ਕਿ ਵੀ ਕਦੇ ਬੈਂਸ ਭਰਾਵਾਂ ਨਾਲ ਸਬੰਧਤ ਰੈਲੀ ਅਤੇ ਕਦੇ ਕੈਪਟਨ ਸਾਹਿਬ ਦੇ ਰੋਜ਼ਗਾਰ ਮੇਲੇ ਵਿੱਚ ਚਲੇ ਜਾਂਦੇ। ਬਾਅਦ ਵਿੱਚ ਮੇਰਾ ਕੇਸ ਇਕ ਏ.ਐੱਸ.ਆਈ. ਦੇ ਸਪੁਰਦ ਕਰ ਦਿੱਤਾ। ਸਾਡੀ ਅਤੇ ਵਿਰੋਧੀ ਧਿਰ ਦੀ ਮਿਲਣੀ ਦੇ ਸਮੇਂ ਉਸ ਏ.ਐੱਸ.ਆਈ. ਦੀ ਹੋਂਦ ਅਣਹੋਂਦ ਦੇ ਬਰਾਬਰ ਸੀ। ਆਖਰ ਵਿੱਚ ਮੈਨੂੰ ਇਸ ਕੇਸ ਦਾ ਨਿਪਟਾਰਾ ਆਪਸੀ ਮੇਲ ਮਿਲਾਪ ਨਾਲ ਹੀ ਕਰਨਾ ਪਿਆ।
ਅੱਜ ਪੰਜਾਬ ਵਿੱਚ ਪ੍ਰਵਾਸੀਆਂ ਦੇ ਕੇਸਾਂ ਨੂੰ ਲੈ ਕੇ 15 ਜ਼ਿਲ੍ਹਿਆਂ ਵਿੱਚ ਐਨ.ਆਰ.ਆਈ. ਥਾਣੇ ਸਥਾਪਤ ਕੀਤੇ ਗਏ ਹਨ। ਕਿਉਕਿ ਮੈਂ ਆਪਣੇ ਬਟਾਲੇ ਵਿੱਚ ਸਥਿਤ ਸਟਾਰ ਹੋਟਲ ’ਤੇ ਨਜਾਇਜ਼ ਕਬਜ਼ੇ ਨੂੰ ਲੈ ਕੇ, ਕੰਮਪਲੇਟ ਸੈਲ੍ਹ, ਐਨ.ਆਰ.ਆਈ. ਚੰਡੀਗੜ੍ਹ ਨੂੰ ਸ਼ਿਕਾਇਤ ਪਾ ਚੁੱਕਾ ਸਾਂ, ਇਸ ਕਰਕੇ ਮੈਨੂੰ ਆਪਣੇ ਸਬੰਧਤ ਐਨ.ਆਰ.ਆਈ. ਥਾਣੇ ਗੁਰਦਾਸਪੁਰ ਨਾਲ ਸੰਪਰਕ ਕਰਨ ਲਈ ਕਿਹਾ ਗਿਆ। ਮੈਂ ਉਥੇ ਇੱਕ ਹਸਮੁੱਖ ਨੌਜਵਾਨ ਅਧਿਕਾਰੀ ਸ੍ਰੀਮਾਨ ਬੈਂਸ ਸਾਹਿਬ ਨੂੰ ਮਿਲਿਆ। ਉਸਨੇ ਮੇਰੀ ਸ਼ਿਕਾਇਤ ਦੇ ਅਧਾਰਤ ’ਤੇ ਮੇਰੇ ਬਿਆਨ ਦਰਜ਼ ਕੀਤੇ। ਮੇਰੀ ਰਾਹੀਂ ਅੱਗੇ ਦੀ ਕਾਰਵਾਈ ਪੁੱਛਣ ਉਸਨੇ ਦੱਸਿਆ ਕਿ ਉਹ ਵਿਰੋਧੀ ਧਿਰ ਦਾ ਪੱਖ ਲੈਣ ਲਈ ਉਸਦੇ ਬਿਆਨ ਵੀ ਦਰਜ ਕਰਨਗੇ ਅਤੇ ਫਿਰ ਸਾਰੀ ਰਿਪੋਰਟ ਚੰਡੀਗੜ੍ਹ ਕੰਮਪਲੇਟ ਸੈਲ੍ਹ ਨੂੰ ਭੇਜ ਦਿੱਤੀ ਜਾਵੇਗੀ। ਅੱਜ ਮੇਰੇ ਦੋ ਮਹੀਨੇ ਬਾਅਦ ਪੁੱਛਣ ’ਤੇ ਬੈਂਸ ਸਾਹਿਬ ਤੋਂ ਪਤਾ ਲੱਗਾ, ਕਿ ਉਹ ਜੋ ਭਗੌੜਾ ਇਕਰਾਰ ਹੈ, ਅਜੇ ਤੱਕ ਵੀ ਆਪਣੇ ਬਿਆਨਾ ਲਈ ਪੇਸ਼ ਨਹੀਂ ਹੋਇਆ। ਮੈਨੂੰ ਇਕ ਕਾਗਜ਼ੀ ਕਾਰਵਾਈ ਤੋਂ ਬਗੈਰ ਕੁੱਝ ਵੀ ਹਾਸਲ ਨਹੀਂ ਹੋ ਸਕਿਆ। ਮੈਂ ਮਹਿਸੂਸ ਕਰ ਰਿਹਾ ਹਾਂ ਕਿ ਐਨ.ਆਰ.ਆਈ ਸਭਾ Got No Legal Teeth to Grind or Bite. ਗੁਰਦਾਸਪੁਰ ਦੀ ਪੁਰਾਣੀ ਕਚਿਹਰੀ ਦੀ ਪੁਰਾਣੀ ਇਮਾਰਤ, ਜੋ ਢਹਿਣ ਦੇ ਨੇੜੇ ਹੋਵੇ, ਛੋਟੇ ਜਿਹੇ 8 ਫੁੱਟ ਬਾਈ 6 ਫੁੱਟ ਦੇ ਕਮਰੇ ਵਿੱਚ ਸਥਿਤ ਇਹ ਥਾਣਾ, ਜਿਸ ਵਿੱਚ ਮੇਰੇ ਮੁਤਾਬਕ ਇਕ ਹੀ ਕਰਮਚਾਰੀ ਇੰਚਾਰਜ਼ ਹੋਵੇ, ਵੀ ਇਕ ਅਚੰਭੇ ਦੀ ਗੱਲ ਹੈ। ਫਰਨੀਚਰ ਪੱਖੋਂ ਵੀ ਆਮ ਲੋਕਾਂ ਦੇ ਬੈਠਣ ਲਈ ਇਕ ਕੰਧ ਨਾਲ ਲੱਗਾ ਲੱਕੜ੍ਹ ਦਾ ਬੈਂਚ ਅਤੇ ਕੁਰਸੀ ਹੀ ਸ਼ਾਮਿਲ ਸੀ। ਖ਼ੈਰ ਬੈਂਸ ਸਾਹਿਬ ਦੇ ਸੁੱਚਝੇ ਵਿਵਹਾਰ ਦੀ ਮੈਂ ਸ਼ਲਾਘਾ ਕਰਦਾ ਹਾਂ।

ਵੱਖਰੀਆਂ ਵੱਖਰੀਆਂ ਸਰਕਾਰਾਂ ਰਾਹੀਂ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਉਪਰਾਲੇ ਕੀਤੇ ਗਏ ਹਨ, ਜਿਵੇਂ 2004 ਵਿੱਚ ਕੇਂਦਰ ਸਰਕਾਰ ਰਾਹੀਂ The Ministery of Overseas Indian Affairs ਮਹਿਕਮੇ ਦਾ ਨਿਰਮਾਣ, 2011 ਵਿੱਚ Punjab State Commission for NRI ਦਾ ਨਿਰਮਾਣ ਅਤੇ 22.2.23 ਨੂੰ ਐਨ.ਆਰ.ਆਈ. ਮਹਿਕਮਾਂ ਚੰਡੀਗੜ੍ਹ ਦਾ ਨਿਰਮਾਣ ਕੀਤਾ ਗਿਆ। ਇਨ੍ਹਾਂ ਨੂੰ One Stop ਜਾਂ ਇੱਕ ਖਿੜਕੀ ਏਜੰਸੀ ਕਿਹਾ ਜਾ ਸਕਦਾ ਹੈ। ਐਨ.ਆਰ.ਆਈ. ਮਹਿਕਮਾਂ ਚੰਡੀਗੜ੍ਹ ਰਾਹੀਂ ਕੰਮਪਲੇਟ ਸੈਲ੍ਹ ਦੀ ਵਿਵਸਥਾ ਵੀ ਕੀਤੀ ਗਈ ਹੈ।
31.3.2017 ਨੂੰ Rent Act 1995, ਵਿੱਚ ਪੰਜਾਬ ਸਰਕਾਰ ਰਾਹੀਂ ਤਰਮੀਮ ਕੀਤੀ ਗਈ ਸੀ, ਕਿ ਇਕ ਪ੍ਰਵੇਸ਼ੀ ਇੱਕ ਤੋਂ ਵੱਧ ਜਾਇਦਾਦਾਂ ਕਿਰਾਏਦਾਰ ਤੋਂ ਖਾਲੀ ਕਰਾ ਸਕਦਾ ਹੈ। ਪੰਜਾਬ ਅਰਬਨ ਐਕਟ ਵਿੱਚ ਵੀ ਤਬਦੀਲੀ ਕੀਤੀ ਗਈ ਹੈ, ਤਾਂ ਜੋ ਪ੍ਰਵਾਸੀ ਕਿਰਾਏਦਾਰ ਤੋਂ ਛੇਤੀ ਤੋਂ ਛੇਤੀ ਜਾਇਦਾਦ ਖਾਲੀ ਕਰਾ ਸਕੇ।

ਇਸੇ ਤਰ੍ਹਾਂ The New Punjab Security of Land Tenure Amendment Act 2013 ਵਿੱਚ ਵੀ ਸੋਧ ਕੀਤੀ ਗਈ ਹੈ ਤਾਂ ਕਿ ਇਕ ਐਨ.ਆਰ.ਆਈ. ਆਪਣੀ ਪਿਤਾ ਪੁਰਖੀ ਅਤੇ ਖਰੀਦੀ ਵਾਹੀਯੋਗ ਜ਼ਮੀਨ ਵੀ ਖਾਲੀ ਕਰਾ ਸਕੇ। ਆਪ ਸਰਕਾਰ ਰਾਹੀਂ ਸ਼ਿਕਾਇਤਾਂ ਦੀ Feed Back ਸਰਵਿਸ ਅਤੇ ਉਨ੍ਹਾਂ ਦੇ ਸਰਵੇ ਵਾਸਤੇ ਜ਼ਿਲ੍ਹਾਂ ਪੱਧਰ ’ਤੇ ਉੱਚ ਅਫ਼ਸਰ, ਨੋਡਲ ਅਫ਼ਸਰਾਂ ਦੇ ਤੌਰ ’ਤੇ ਨਿਯੁਕਤ ਕੀਤੇ ਜਾ ਰਹੇ ਹਨ।
ਇਨ੍ਹਾਂ ਸਾਰਿਆਂ ਮਸਲਿਆਂ ਦੇ ਹੱਲ ਲਈ ਯੂਰਪੀਅਨ ਦੇਸ਼ਾਂ ਵਰਗਾ ਪ੍ਰਬੰਧਕੀ ਢਾਂਚਾਂ ਅਤੇ ਅਫ਼ਸਰਾਂ ਰਾਹੀਂ ਕਾਨੂੰਨੀ ਵਿਵਸਥਾ ਬਹਾਲ ਕਰਨ ਲਈ ਇੱਛਾ ਸ਼ਕਤੀ ਜ਼ਰੂਰੀ ਹੈ।

ਬਲਵਿੰਦਰ ਮੱਲ੍ਹੀ ਲੈਸਟਰ, ਯੂ.ਕੇ

ਪੰਜਾਬ ਨਾਲ ਬੇਗਾਨਗੀ ਦਾ ਅਹਿਸਾਸ ਕਰਵਾਉਦੀ ਪ੍ਰਵਾਸੀ ਪੰਜਾਬੀ ਦੀ ਆਪਬੀਤੀ

ਜਦੋਂ 1976 ਵਿੱਚ ਮੈਂ ਪੰਜਾਬ ਛੱਡ ਇੰਗਲੈਂਡ ਆਇਆ ਸਾਂ ਤਾਂ ਮੈਂ ਬੁੱਕਾ ਮੂੰਹੀ ਰੋਇਆ ਸਾਂ ਅਤੇ ਮੇਰੇ ਤੋਂ ਕਈ ਗੁਣਾ ਵੱਧ ਮੇਰੇ ਮੇਰੀ ਮਾਂ ਅਤੇ ਪਿਉ। ਉਹ ਸਮਾਂ ਸੀ, ਜਦੋਂ ਸਾਰਾ ਪਿੰਡ ਅਤੇ ਭੈਣ ਭਰਾ ਅਤੇ ਰਿਸ਼ਤੇਦਾਰ ਤੁਹਾਨੂੰ ਵਿਦਾਅ ਕਰਦੇ ਸਨ। ਅੱਜ ਅਪਣੱਤ ਅਤੇ ਗਰਮਜੋਸ਼ੀ ਨਾਲ ਮੇਲ ਮਿਲਾਪ ਉਥੋਂ ਖਤਮ ਹੋ ਗਿਆ ਹੈ। ਅੱਜ ਪੰਜਾਬ ਜਾ ਕੇ ਮੈਨੂੰ ਉਦਾਸੀ ਘੇਰ ਲੈਂਦੀ ਹੈ, ਜਿਵੇਂ ਮੈਂ ਲੁੱਟਿਆ ਗਿਆ ਹੋਵਾ! ਮੈਨੂੰ ਨਾਂ ਤਾਂ ਮੇਰੇ ਪੁਰਾਣੇ ਦੋਸਤ ਦਿਸਦੇ ਨੇ ਅਤੇ ਨਾਂ ਹੀ ਆਪਣੇਪਨ ਵਰਗਾ ਮਾਹੌਲ। ਸਮੇਂ ਸਮੇਂ ’ਤੇ ਪੰਜਾਬ ਜਾਣ ’ਤੇ ਮੈਨੂੰ ਆਪਣਾ ਆਪ ਭੁੱਲ ਜਾਂਦਾ ਸੀ। ਮਾਂ ਪਿਉ ਅਤੇ ਭੈਣ ਭਰਾਵਾਂ ਨਾਲ ਪਿਆਰ ਅਤੇ ਯਾਰਾਂ ਦੋਸਤਾਂ ਨਾਲ ਹਾਸੇ ਅਤੇ ਠੱਠਾ ਮਜ਼ਾਕ ਕਾਰਨ ਵਾਪਸ ਆਉਣ ’ਤੇ ਜੀਅ ਨਹੀਂ ਸੀ ਕਰਦਾ। ਇਗਲੈਂਡ ਆਉਣ ’ਤੇ ਕਈ ਕਈ ਦਿਨ ਦਿਲ ਨਹੀਂ ਸੀ ਲੱਗਦਾ ਅਤੇ ਫਿਰ ਪੰਜਾਬ ਨੂੰ ਫੇਰੀ ਦਾ ਬੇਸਬਰੀ ਨਾਲ ਇੰਤਜ਼ਾਰ। ਅੱਜ ਮੈਨੂੰ ਉਥੋਂ ਦਿਆਂ ਲੋਕਾਂ ਦੀਆਂ ਬਗਿਆੜੀ ਅੱਖਾਂ ਅਤੇ ਸੋਚ ਤੋਂ ਡਰ ਲੱਗਦਾ ਹੈ। ਮੈਂ ਪੰਜਾਬ ਵਿੱਚ ਹੁਣ ਆਪਣੇ ਆਪ ਨੂੰ ਝੱਖੜਾਂ ਨਾਲ ਝੰਬੇ ਇਕ ਦਰਖ਼ਤ ਵਾਂਗ ਮਹਿਸੂਸ ਕਰਦਾਂ ਹਾਂ, ਜਿਸਦੀਆਂ ਅੱਧ ਪਚੱਧ ਜੜ੍ਹਾਂ ਪੁੱਟੀਆਂ ਜਾ ਚੁੱਕੀਆਂ ਹੋਣ। ਉਥੋਂ ਦੀ ਜਵਾਨੀ ਅਤੇ ਪ੍ਰਬੰਧਕੀ ਢਾਂਚਾ ਮੈਨੂੰ ਇਕ ਸ਼ਿਕਾਰ ਸਮਝਦਿਆਂ, ਜਿਵੇਂ ਨਿਗਲ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਥੋਂ ਦੇ ਮੇਰੇ ਪੈਰੋਕਾਰ ਵੀ ਮੇਰੇ ਨਹੀਂ। ਉਹ ਦੋਗਲੀ ਨੀਤੀ ’ਤੇ ਚੱਲਦੇ ਨੇ। ਮੈਂ ਵੀ ਉਨ੍ਹਾਂ ਨੂੰ ਦੋਸ਼ ਨਹੀਂ ਦੇਂਦਾਂ, ਕਿਉਕਿ ਕੁੱਝ ਚਿਰ ਤੋਂ ਬਾਅਦ ਮੈਂ ਵਾਪਸ ਆ ਜਾਵਾਂਗਾ ਅਤੇ ਉਹ ਉਥੋਂ ਦੇ ਲੋਕਾਂ ਨਾਲ ਸੁਆਰਥੀ ਢੰਗ ਨਾਲ ਜੁੜ੍ਹੇ ਰਹਿਣਗੇ।

ਬਚਪਨ ਵਿੱਚ ਕਦੇ ਰਾਤਾਂ ਦੇ ਅੰਧੇਰੇ ਵਿੱਚ ਲੁਕਣਮੀਟੀ ਖੇਡਿਆ ਕਰਦੇ ਸਾਂ। ਕੋਠਿਆਂ ਦੀਆਂ ਛੱਤਾਂ ਉਪਰ ਤਾਰਿਆਂ ਦੀ ਲੋਅ ਹੇਠ, ਠਿੱਡਰ ਹੋ ਨੀਂਦ ਦਾ ਅਨੰਦ ਮਾਣਿਆ ਕਰਦੇ ਸਾਂ। ਅੱਧੀ ਅੱਧੀ ਰਾਤ ਨੂੰ ਦੂਸਰੇ ਪਿੰਡਾਂ ਤੋਂ ਦੋਸਤਾਂ ਦੀਆਂ ਢਾਣੀਆਂ ਨਾਲ ਰਾਸ ਵੇਖ ਪਿੰਡ ਪਰਤਦੇ ਸੀ। ਇਸੇ ਤਰ੍ਹਾਂ ਵੱਖਰੀ ਹੁੰਦੀ ਸੀ, ਮੇਲਿਆਂ ਦੀ ਮੌਜਮਸਤੀ। ਪਰ ਅੱਜ ਮੈਨੂੰ ਆਪਣੇ ਹੀ ਪੰਜਾਬ ਵਿੱਚ ਮਾਹੌਲ ਡਰਾਉਣਾ ਜਿਹਾ ਲੱਗਦਾ ਹੈ, ਜੋ ਮੈਨੂੰ ਪਿੱਛੇ ਝਾਕਣ ਲਈ ਮਜ਼ਬੂਰ ਕਰਦਾ ਹੈ। ਕੋਈ ਦੋ ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਾ ਕਿ ਮੈਂ ਉਥੋਂ ਦੀ ਬੇਸਮਝੀ ਕਾਰਨ, ਆਪਣਾ ਬਟਾਲੇ ਵਿੱਚ ਸਥਿਤ ਸਟਾਰ ਹੋਟਲ ਇੱਕ ਇਹੋ ਜਿਹੇ ਮਾੜ੍ਹੇ ਅਨਸਰ ਨੂੰ ਕਿਰਾਏ ’ਤੇ ਦੇ ਚੁੱਕਾ ਹਾਂ, ਕਿ ਜਿਸ ’ਤੇ 11 ਤੋਂ ਲੈਕੇ 13 ਮੁਕੱਦਮੇ ਹੇਰਾਫੇਰੀ ਦੇ ਵੱਖਰੇ-ਵੱਖਰੇ ਥਾਣਿਆ ਅਤੇ ਅਦਾਲਤਾਂ ਵਿੱਚ ਚੱਲ ਰਹੇ ਹਨ। ਇਨ੍ਹਾਂ ਵਿਚੋਂ ਕੁਝ ਤਾਂ ਲੋਕਾਂ ਨੂੰ ਬਾਹਰ ਭੇਜਣ ’ਤੇ ਹੇਰਾਫੇਰੀ ਨਾਲ ਸਬੰਧਤ ਹਨ। ਇਸ ਤੋਂ ਪਹਿਲਾਂ ਕਿ ਮੈਂ ਕੋਈ ਅਦਾਲਤੀ ਕਾਰਵਾਈ ਕਰਦਾਂ, ਉਹ ਉਸਤੋਂ ਪਹਿਲਾਂ ਹੀ ਅਦਾਲਤ ਰਾਹੀਂ ਸਟੇਅ ਲੈ ਚੁੱਕਾ ਹੈ। ਅਫ਼ਸੋਸ ਹੈ ਮੈਨੂੰ ਇਹੋ ਜਿਹੇ ਅਦਾਲਤੀ ਢਾਂਚੇ ’ਤੇ ਜਿਨ੍ਹਾਂ ਬਿਨ੍ਹਾਂ ਸਾਡਾ ਪੱਖ ਸੁਣਿਆ ਸਟੇਅ ਕਿਵੇਂ ਦੇ ਦਿੱਤਾ ? ਅਦਾਲਤਾਂ ਵਿੱਚ ਚੱਕਰ ਅਤੇ ਲੰਮਾਂ ਸਮਾਂ ਨਿਆਂ ਨਾ ਮਿਲ ਸਕਣ ਤੋਂ ਮੈਂ ਵਾਕਫ਼ ਹਾਂ। 3 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੇ ਹੋਟਲ ਦਾ ਛੇਤੀ ਕਬਜ਼ਾ ਲੈਣ ਲਈ ਮੈਂ ਬੇਵਸੀ ਅਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ। ਇਹ ਵੀ ਇੱਕ ਦੁੱਖਦਾਈ ਪੀੜ੍ਹਾ ਹੈ ਕਿ ਮੇਰੇ ਰਾਹੀਂ ਆਪਣੇ ਬਜ਼ੁਰਗਾਂ ਦੀ ਹਵੇਲੀ ਵਿੱਚ ਬਣਾਏ ਗਏ ਸਟਾਰ ਹੋਟਲ ਦਾ ਨਾਮ ਬਦਲ ਕੇ, ਪ੍ਰੀਮੀਅਰ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੀਟਰ ਵੀ ਮੇਰੇ ਨਾਂ ਹੋਣ ਕਰਕੇ 3 ਲੱਖ ਤੋਂ ਉੱਪਰ ਬਿਜਲੀ ਦੇ ਬਿੱਲ ਦੀ ਜ਼ਿੰਮੇਵਾਰੀ ਮੇਰੀ ਬਣਦੀ ਹੈ। ਬਿਜਲੀ ਮਹਿਕਮਾਂ ਕੁਨੈਕਸ਼ਨ ਨਾ ਕੱਟ ਸਕੇ, ’ਤੇ ਵੀ ਇਸ ਅਨਸਰ ਰਾਹੀਂ ਅਦਾਲਤਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਅਫ਼ਸੋਸ ਹੈ, ਇਹੋ ਜਿਹੇ ਢਾਂਚੇ ’ਤੇ ਜੋ ਝੂਠ ਨੂੰ ਸ਼ਹਿ ਦੇ ਰਿਹਾ ਹੈ। ਇਸੇ ਤਰ੍ਹਾਂ ਅਗਰ ਕਿਰਾਏ ਦੀ ਅਦਾਇਗੀ ਨੂੰ ਜਮ੍ਹਾਂ ਕੀਤਾ ਜਾਵੇ, ਤਾਂ ਉਹ ਮੈਨੂੰ 12 ਤੋਂ 13 ਲੱਖ ਰੁਪਏ ਦਾ ਚੂਨਾ ਲਾ ਚੁੱਕਾ ਹੈ, ਜਿਸ ਦੀ ਆਉਣ ਵਾਲੇ ਸਮੇਂ ਵਿੱਚ ਵੱਧਣ ਦੀ ਸੰਭਾਵਨਾ ਹੈ। ਉਸ ਦੀ ਇਕ ਹੋਰ ਬਦਮਾਸ਼ੀ, ਮੇਰੇ ਵਿਰੁੱਧ ਲੋਕਲ ਥਾਣੇ ਵਿੱਚ ਰਪਟ, ਕਿ ਮੈਂ ਉਹਨੂੰ ਡਰਾ ਧਮਕਾ ਰਿਹਾ ਹਾਂ। ਪੁਲਿਸ ਆਉਣ ’ਤੇ ਮੇਰਾ ਉਨ੍ਹਾਂ ਨੂੰ ਇਕੋ ਸੁਆਲ ਸੀ ਕਿ ਉਹ ਆਦਮੀ ਜੋ ਪੀ.ਓ. ਹੈ, ਉਸਨੂੰ ਫੜ੍ਹਣ ਦੀ ਜਗਾਹ ਤੁਸੀਂ ਮੇਰੇ ਤੱਕ ਪਹੁੰਚ ਕਰ ਰਹੇ ਹੋ ? ਇੱਕ 33 ਸਾਲ ਦੇ ਨੌਜਵਾਨ ਨੂੰ ਇੱਕ 74 ਸਾਲ ਦੇ ਐਨ.ਆਰ.ਆਈ. ਤੋਂ ਕੀ ਖ਼ਤਰਾ ਹੋ ਸਕਦਾ ਹੈ ? ਅਗਰ ਉਹ ਭਗੌੜਾ ਹੈ, ਤਾਂ ਥਾਣੇ ਵਿੱਚ ਰਪਟ ਕਿਸ ਨੇ ਦਿੱਤੀ ? ਖ਼ੈਰ ਪੁਲਿਸ ਕੋਲ ਮੇਰੇ ਕਿਸੇ ਸੁਆਲ ਦਾ ਜਵਾਬ ਨਹੀਂ ਸੀ। ਉਹ ਤਾਂ ਇਕ ਐਨ.ਆਰ.ਆਈ. ਨੂੰ ਫਸੀ ਹੋਈ ਸਰਮਾਏਦਾਰ ਸਾਮੀ ਦੇ ਤੌਰ ’ਤੇ ਝਾਂਕ ਰਹੇ ਸਨ। ਉਹ ਭਗੌੜਾ ਹੋਣ ਦੇ ਬਾਵਜੂਦ ਵੀ ਆਪਣੇ ਕੈਮਰਿਆਂ ਦੇ ਨੈਟਵੱਰਨ ਕਰਕੇ ਮੈਨੇਜ਼ਮੈਂਟ ਰਾਹੀਂ ਹੋਟਲ ਵਿੱਚ ਬਾਲਗ ਅਤੇ ਨਾਬਾਲਗ ਲੜਕੇ, ਲੜਕੀਆਂ ਦਾ ਜਸਮਾਨੀ ਧੰਦਾ ਚੱਲਾ ਰਿਹਾ ਹੈ। ਮੇਰੇ ਰਾਹੀਂ ਇਸ ਬਾਰੇ ਲੋਕਲ ਥਾਣੇ ਵਿੱਚ ਰਿਪੋਰਟ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਮੈਂ ਐਨ.ਆਰ.ਆਈ ਸੈਲ, ਚੰਡੀਗੜ੍ਹ ਨੂੰ ਵੀ ਸ਼ਿਕਾਇਤ ਕਰ ਚੁੱਕਾ ਹੈ, ਪਰ ਕਾਗਜ਼ੀ ਕਾਰਵਾਈ ਤੋਂ ਬਗੈਰ ਕੁਝ ਹਾਸਲ ਨਹੀਂ ਹੋ ਸਕਿਆ। ਹੋਟਲ ਦੇ ਆਲੇ-ਦੁਆਲੇ, ਮੈਂ ਅੱਜ ਤੋਂ 20 ਸਾਲ ਪਹਿਲਾਂ 50 ਤੋਂ ਉਪਰ ਦੁਕਾਨਾਂ ਦੀ ਉਸਾਰੀ ਕਰ ਚੁੱਕਾ ਹਾਂ। ਬਾਕੀ ਭਰਾਵਾਂ ਦੇ ਦੋ ਪਰਿਵਾਰਾਂ ਨੂੰ ਉਨ੍ਹਾਂ ਦੇ ਹਿੱਸੇ ਦੀਆਂ ਬਣਦੀਆਂ ਦੁਕਾਨਾਂ ਉਨ੍ਹਾਂ ਨੂੰ ਦੇਣ ਦੇ ਬਾਵਜੂਦ ਉਹ ਖੁਸ਼ ਨਹੀਂ। ਐਨ.ਆਰ.ਆਈ ਭਾਰਾਵਾਂ ਦੀ ਇਹ ਵੀ ਤ੍ਰਾਸਦੀ ਰਹੀ ਹੈ ਕਿ ਸਖ਼ਤ ਮਿਹਨਤ ਦੀ ਕਮਾਈ ਨੂੰ ਪਿੱਛੇ ਭੇਜਣ ’ਤੇ ਵੀ ਅਸੀਂ ਪਿਤਾ ਪੁਰਖੀ ਪਰਿਵਾਰ ਨੂੰ ਖੁਸ਼ ਨਹੀਂ ਕਰ ਸਕੇ। ਇਨ੍ਹਾਂ ਦੁਕਾਨਾਂ ਦੇ ਲੰਮੇ ਸਮੇਂ ਤੋਂ ਕਰਾਏਦਾਰ, ਮੈਨੂੰ ਨਹੀਂ ਆਪਣੇ ਆਪਨੂੰ ਇਨ੍ਹਾਂ ਦੇ ਮਾਲਕ ਸਮਝਦੇ ਨੇ। ਮੈਨੂੰ ਇਕ ਪੀੜ੍ਹਾ ਕਿ ਜਿਵੇਂ ਮੇਰੀ ਇਥੇ ਪਹਿਚਾਣ ਅਤੇ ਹੋਂਦ ਆਖ਼ਰੀ ਪੜਾਅ ’ਤੇ ਹੋਵੇ। ਮੈਂ ਕੋਈ ਇਕ ਮਹੀਨਾ, ਆਪਣੇ ਹੋਟਲ ਵਿੱਚ ਇਕ ਕਮਰੇ ਵਿੱਚ ਰਿਹਾ। 11 ਮਹੀਨਿਆਂ ਦੇ ਇਕਰਾਰਨਾਮੇ ਦੀ ਮਿਆਦ ਮੁੱਕਣ ਤੋਂ ਬਾਅਦ, ਅੱਜ ਮੇਰਾ ਉਹ ਕਾਨੂੰਨੀ ਕਰਾਏਦਾਰ ਨਹੀਂ, ਪਰ ਫਿਰ ਵੀ ਉਸਦੇ ਹਮਾਇਤੀ ਆਪਣੀ ਹੋਂਦ ਦਰਸਾਅ ਕੇ ਮੈਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰਦੇ ਰਹੇ। ਇਸੇ ਸਮੇਂ ਦੇ ਦੌਰਾਨ, ਸਾਡੇ ਮੁਹੱਲੇ ਵਿੱਚ ਰਹਿੰਦੇ ਹਿੰਦੂ ਪਰਿਵਾਰ ਦੇ ਤਿੰਨ ਜੀਆਂ ਨੂੰ ਦੋ ਨੌਜਵਾਨਾਂ ਰਾਹੀਂ ਗੋਲੀਆਂ ਮਾਰਕੇ ਬੁੱਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ, ਕਿਉਕਿ ਪਰਿਵਾਰ ਦਾ ਮੁਖੀਆ, ਬਟਾਲੇ ਹਲਕੇ ਦਾ ਸ਼ਿਵ ਸੈਨਾ ਦਾ ਪ੍ਰਧਾਨ ਸੀ। ਇਹੋ ਜਿਹੇ ਖੌਫ਼ਨਾਕ ਮਾਹੌਲ ਵਿੱਚ ਮੈਨੂੰ ਇਕ ਨਜ਼ਦੀਕੀ ਪਰਿਵਾਰ ਦੇ ਘਰ ਰਹਿਣਾ ਪਿਆ। ਮੇਰੀ ਨਿੱਜੀ ਆਜ਼ਾਦੀ ਦੇ ਨਾਲ ਨਾਲ ਮੈਨੂੰ ਮਹਿਸੂਸ ਹੋ ਰਿਹਾ ਸੀ, ਜਿਵੇਂ ਮੈਂ ਉਨ੍ਹਾਂ ’ਤੇ ਭਾਰ ਹੋਵਾ ? ਕਿੱਥੇ ਗਿਆ ਉਹ ਪੰਜਾਬ, ਜਿਥੋਂ ਅੱਜ ਹਾਸੇ ਖੇੜ੍ਹੇ, ਚਾਅ ਮਿਲਾਪ, ਜਿਵੇਂ ਪਰ ਲਾ ਉੱਡ ਗਏ ਹੋਣ। ਇਸ ਨੱਚਦੇ ਗਾਉਦੇ ਪੰਜਾਬ ਨੂੰ ਨਿਜ਼ਾਮ ਅਤੇ ਸਮਾਜ ਨੇ ਬੋਲਾ ਅਤੇ ਅਪੰਗ ਬਣਾ ਦਿੱਤਾ ਹੈ। ਉਥੋਂ ਦੇ ਮੇਰੇ ਵਰਗੇ ਪੰਜਾਬ ਵਿੱਚ ਜੰਮੇ ਪਲਿਆਂ ਦੇ ਹਾਲਤਾਂ ਨਾਲ ਇਹੋ ਜਿਹੀ ਬੇਰੁੱਖੀ ਹੈ, ਤਾਂ ਸਾਡੀਆਂ ਬਾਹਰ ਪੈਦਾ ਹੋਈਆ ਪੀੜ੍ਹੀਆਂ ਦੇ ਹਾਲਾਤਾਂ ਦੀ ਬੇਰੁੱਖੀ ਦਾ ਅਨੁਮਾਨ ਵੀ ਨਹੀਂ ਲਾਇਆ ਜਾ ਸਕਦਾ।

ਇਕ ਫਿਲਾਸਫ਼ਰ ਦੇ ਮੁਤਾਬਕ, ਅਗਰ ਸਰਕਾਰ, ਕਾਨੂੰਨੀ ਵਿਵਸਥਾ ਬਰਕਰਾਰ ਨਹੀਂ ਰੱਖ ਸਕਦੀ, ਤਾਂ ਸਰਕਾਰ ਉਥੋਂ ਦੇ ਲੋਕਾਂ ਦੀ ਗੁਨਾਹਗਾਰ ਹੈ। ਭਾਰਤ ਅਤੇ ਪੰਜਾਬ ਸਰਕਾਰ ਬਾਹਰੀ ਲੋਕਾਂ ਤੋਂ ਨਿਵੇਸ਼ ਦੀ ਹਰ ਰੋਜ਼ ਕਾਮਨਾ ਹੀ ਨਹੀਂ ਅਪੀਲ ਵੀ ਕਰ ਰਹੀ ਹੈ। ਸੁਖਾਵੇਂ ਮਾਹੌਲ ਦੀ ਜਗਾਹ, ਇਹੋ ਜਿਹੇ ਮਾਹੌਲ ਵਿੱਚ ਕੌਣ ਕਰੇਗਾ ਨਿਵੇਸ਼ ? ਮੇਰੇ ਵਰਗੇ ਪਹਿਲਾਂ ਹੀ ਕੀਤੇ ਨਿਵੇਸ਼ ਤੋਂ ਡਰ ਅਤੇ ਭੈਅ ਕਾਰਨ ਪਛੋਤਾਪ ਕਰ ਰਹੇ ਹਨ। ਅਖ਼ਬਾਰੀ ਖ਼ਬਰਾਂ ਦੇ ਮੁਤਾਬਕ ਬਹੁਤ ਵੱਡੀ ਗਿਣਤੀ ਵਿੱਚ ਲੋਕ ਭਾਰਤੀ ਨਾਗਰਿਕਤਾ ਹੀ ਨਹੀਂ ਛੱਡ ਰਹੇ ਬਲਕਿ ਚੰਗੇ ਅਵਸਰਾਂ ਦੀ ਭਾਲ ਵਿੱਚ ਬਾਹਰਲੇ ਦੇਸ਼ਾ ਵਿੱਚ ਪੂੰਜੀ ਲਾ ਰਹੇ ਹਨ। ਹਵਾਈ ਜਹਾਜ਼ਾਂ ਵਿੱਚ ਗੁਫ਼ਤ ਗੂ ਦੇ ਮੁਤਾਬਕ ਕਦੇ ਪੰਜਾਬੀ ਕੋਠੀਆਂ ਬਨਾਉਣ ਜਾਂ ਜ਼ਮੀਨ ਖਰੀਦਣ ਲਈ ਪੰਜਾਬ ਜਾਂਦੇ ਸਨ, ਅੱਜ ਉਨ੍ਹਾਂ ਨੂੰ ਗਲੋਂ ਲਾਹੁਣ ਲਈ ਜਾ ਰਹੇ ਹਨ। ਪੰਜਾਬ ਨਾਲ ਤਿੱੜਕਦੇ ਸਬੰਧਾਂ ਕਰਕੇ ਹੀ ਦੁਆਬੇ ਵਿੱਚ, ਇਕ ਇਕ ਕਰੋੜ ਵਾਲੀ ਕੋਠੀ ਕੋਈ 20 ਲੱਖ ਦੀ ਨਹੀਂ ਖਰੀਦ ਰਿਹਾ, ਕਿਉਕਿ ਵੇਚਣ ਵਾਲੇ ਵੱਧ ਅਤੇ ਖਰੀਦਣ ਵਾਲੇ ਘੱਟ। ਕਦੇ ਦੇਸ਼ ਦੀ ਵਿਦੇਸ਼ੀ ਆਮਦਨ ਦਾ 6 ਫ਼ੀਸਦੀ ਹਿੱਸਾ ਬਾਹਰ ਗਏ ਪੰਜਾਬੀਆਂ ਅਤੇ ਭਾਰਤੀਆਂ ਦੀ ਸਖ਼ਤ ਮਿਹਨਤ ਨਾਲ ਕੀਤੀ ਕਮਾਈ ਵਿਚੋਂ ਭੇਜਿਆ ਜਾਂਦਾ ਸੀ। ਅੱਜ ਗੰਗਾ ਉਲਟ ਵਗਦਿਆਂ, ਜਿਥੇ ਵਿਦਿਆਰਥੀਆਂ ਰਾਹੀਂ ਪੈਸਾ ਬਾਹਰ ਜਾ ਰਿਹਾ ਹੈ, ਉਸਤੋਂ ਕਿਤੇ ਵੱਧ ਬਾਹਰ ਵੱਸਦੇ ਪੰਜਾਬੀਆਂ ਰਾਹੀਂ ਇਥੋਂ ਪੈਸਾ ਲੈ ਜਾਇਆ ਜਾ ਰਿਹਾ ਹੈ। ਸਰਕਾਰ ਨੂੰ ਚਿੰਤਾਂ ਕਰ ਸੁੱਖਾਵਾਂ ਅਤੇ ਸੁਰੱਖਿਅਤ ਮਾਹੌਲ ਪੈਦਾ ਕਰਨਾ ਚਾਹੀਦਾ ਹੈ।

ਸਾਡੀ ਇਥੋਂ ਦੀ ਪੀੜ੍ਹੀ ਦੇ ਰੁਝੇਵੇਂ ਕਰਕੇ, ਪੰਜਾਬ ਨਾ ਜਾਣਾ, ਪੰਜਾਬ ਬਾਰੇ ਬੇਰੁੱਖੀ, ਉਥੋਂ ਦੇ ਸਮਾਜਕ ਅਤੇ ਪ੍ਰਸ਼ਾਸ਼ਕੀ ਢਾਂਚੇ ਬਾਰੇ ਬੇਸਮਝ ਅਤੇ ਨਜ਼ਦੀਕੀ ਰਿਸ਼ਤਿਆਂ ਦੀ ਸਾਡੇ ਤੋਂ ਦੂਰੀ ਅਤੇ ਨਿਰਾਜ਼ਗੀ ਕਰਕੇ ਸਾਥ ਅਤੇ ਸਹਾਰੇ ਦੀ ਘਾਟ ਕਾਰਨ ਅਸੀਂ ਪੰਜਾਬ ਵਿੱਚ ਆਪਣੇ ਆਪ ਨੂੰ ਇਕੱਲੇ, ਕਮਜ਼ੋਰ ਅਤੇ ਅਸੁਰੱਖਿਅਤ ਮਹਿਸੂਸ ਕਰਦੇ ਹਾਂ। ਵੱਧਦੀ ਉਮਰ ਕਾਰਨ ਤੁਹਾਡਾ ਜੀਵਨ ਸਾਥੀ ਰੋਗੀ ਹੋਣ ਕਰਕੇ ਤੁਹਾਡੇ ਨਾਲ ਪੰਜਾਬ ਜਾਣ ਤੋਂ ਅਸਮਰੱਥ ਹੋ ਜਾਂਦਾ ਹੈ। ਇਨ੍ਹਾਂ ਹਾਲਾਤਾਂ ਕਾਰਨ ਉਹ ਪੰਜਾਬ ਜਿਥੇ ਕਦੇ ਖੁੱਲ੍ਹੇ ਅਸਮਾਨ ਥੱਲੇ, ਤਾਰਿਆਂ ਦੀ ਲੋਅ ਹੇਠ, ਅਗੜ੍ਹਾਈਆਂ ਲੈਣ ’ਤੇ ਜੀਅ ਕਰਦਾ ਸੀ, ਅੱਜ ਉੱਥੇ ਕਾਲੀ ਬੋਲੀ ਰਾਤ ਦਾ ਅਹਿਸਾਸ ਹੋ ਰਿਹਾ ਹੈ।

ਇੰਗਲੈਂਡ ਵਾਂਗ ਨੈਸ਼ਨਲ ਹੈਲਥ ਸੇਵਾਵਾਂ ਦੀ ਪੰਜਾਬ ਵਿੱਚ ਘਾਟ, ਦੂਰ ਦੁਰੇਡੇ ਹਸਪਤਾਲ, ਪ੍ਰਾਈਵੇਟ ਹੋਣ ਕਰਕੇ ਮਰੀਜ਼ਾਂ ਦੀ ਲੁੱਟ ਕਸੁੱਟ ਅਤੇ ਇਲਾਜ ’ਤੇ ਬੇਭਰੋਸਗੀ ਵੀ ਬੁਡਾਪੇ ਵਿੱਚ ਇਕ ਖੌਫ਼ਨਾਕ ਸੁਪਨੇ ਦੀ ਨਿਆਈ ਹੈ। ਇਨ੍ਹਾਂ ਹਾਲਾਤਾਂ ਅਤੇ ਸਮੇਂ ਦੀ ਚਾਲ ਨਾਲ ਹਰ ਰੋਜ਼ ਸੁਪਨਿਆਂ ਵਿੱਚ ਆਉਣ ਵਾਲਾ ਪੰਜਾਬ ਅੱਜ ਗੈਬ ਹੁੰਦਾ ਜਾਪਦਾ ਹੈ।

ਬਲਵਿੰਦਰ ਸਿੰਘ ਮੱਲ੍ਹੀ ਐਮ.ਏ.
ਲੈਸਟਰ, ਯੂ.ਕੇ
ਮੋਬਾਇਲ – 07453410008
07969750120

ਪੰਜਾਬ ਵਿੱਚ ਹੜ੍ਹ ਦੀ ਕ੍ਰੋਪੀ ਦਾ ਕਹਿਰ

ਮੇਰੇ ਕਾਲਜ ਟਾਈਮ 1969-70 ਵਿੱਚ ਇੱਕ ਆਮ ਧਾਰਨਾ ਪਾਈ ਜਾਂਦੀ ਸੀ, ਕਿ “India is rich country Inhabited by poor people.” ਭਾਰਤ ਖਣਿਜ ਪਦਾਰਥ ਅਤੇ 9 ਉਤਪਾਦਨਾ ਨੂੰ ਲੈ ਕੇ ਦੁਨੀਆਂ ਵਿੱਚ ਪਹਿਲੇ ਜਾਂ ਦੂਜੇ ਨੰਬਰ ’ਤੇ ਸੀ। ਮੂਲ ਰੂਪ ਵਿੱਚ ਕੋਇਲਾ, ਲੋਹਾ, ਚਮੜ੍ਹਾ, ਪਟਸਨ ਅਤੇ ਚਾਹ ਨੂੰ ਲੈ ਕੇ ਅਵੱਲ ਦਰਜੇ ’ਤੇ ਸੀ। ਖੰਡ ਨੂੰ ਲੈ ਕੇ ਜਾਵਾਂ ਟਮਾਟਰਾ ਤੋਂ ਬਾਅਦ ਭਾਰਤ ਦਾ ਦੂਜਾ ਦਰਜਾ ਸੀ। ਅਨਾਜ ਦੇ ਉਤਪਾਦਨ ਵਿੱਚ ਆਤਮ ਨਿਰਭਰ ਨਾ ਹੁੰਦਿਆਂ, ਬਾਹਰੋਂ ਮੰਗਵਾਉਣਾ ਪੈਂਦਾ ਸੀ। ਅੱਜ ਹਰੀ ਕ੍ਰਾਂਤੀ ਦੇ ਬੱਲ ਬੂਟੇ ਭਾਰਤ ਅਨਾਜ ਦੇ ਸਬੰਧ ਵਿੱਚ ਆਤਮ ਨਿਰਭਰ ਹੀ ਨਹੀਂ, ਸਗੋਂ ਬਹੁਤ ਸਾਰਾ ਅਨਾਜ ਬਾਹਰ ਭੇਜ ਰਿਹਾ ਹੈ। ਭਾਰਤ ਚੌਲਾਂ ਨੂੰ ਲੈ ਕੇ ਖਾਸ ਕਰਕੇ ਬਾਸਮਤੀ ਨੂੰ ਲੈ ਕੇ ਦੁਨੀਆਂ ਦੀ ਨਿਰਭਰਤਾ ਵਿੱਚ ਸਭ ਤੋਂ ਵੱਧ ਯੋਗਦਾਨ ਪਾ ਰਿਹਾ ਹੈ। ਪਿਛਲੇ ਹੀ ਹਫ਼ਤੇ ਭੰਡਾਰਨ ਨੂੰ ਲੈ ਕੇ ਭਾਰਤ ਨੇ ਬਾਸਮਤੀ ਦੀ ਬਰਾਮਦ ’ਤੇ ਕੁੱਝ ਬਦਸ਼ਾ ਲਾ ਦਿੱਤੀਆਂ ਹਨ, ਜਿਸ ਕਰਕੇ ਬਾਹਰਲੇ ਦੇਸ਼ਾਂ ਵਿੱਚ ਇਸ ਦੀ ਕੀਮਤ ਵਿੱਚ 12 ਫੀਸਦੀ ਵਾਧਾ ਹੋਇਆ ਹੈ। ਪਰ ਭਾਰਤ ਦੀ ਗਰੀਬੀ ਅਤੇ ਕਮਜ਼ੋਰ ਅਰਥ ਵਿਵਸਥਾ ਦੇ ਕਈ ਕਾਰਨ ਸਨ। ਉਦਯੋਗ ਅਤੇ ਤਕਨੀਕ ਦੀ ਘਾਟ, ਇਸੇ ਤਰ੍ਹਾਂ 1947 ਦੀ ਵੰਡ ਸਮੇਂ ਉਪਜਾਉ ਉਤਪਦਾਨ ਜਾਂ ਤਾਂ ਭਾਰਤ ਵਿੱਚ ਆ ਗਏ ਅਤੇ ਉਨ੍ਹਾਂ ਨਾਲ ਸਬੰਧਤ ਉਦਯੋਗ ਪਾਕਿਸਤਾਨ ਵਿੱਚ। ਇਹ ਵਿਵਸਥਾ ਦੋਵਾਂ ਪਾਸੇ ਵਾਪਰੀ। ਉਦਾਹਰਣ ਵਜੋਂ ਪਟਸਨ ਦੇ ਕਾਰਖਾਨੇ ਭਾਰਤ ਵਾਲੇ ਪੱਛਮੀ ਬੰਗਾਲ ਵਿੱਚ ਅਤੇ ਉਤਪਾਦਨ ਵਾਲਾ ਇਲਾਕਾ ਪੂਰਬੀ ਬੰਗਾਲ ਦੇ ਪਾਕਿਸਤਾਨ ਵਿੱਚ ਚਲਾ ਗਿਆ। ਭਾਰਤ ਦਾ ਗਰਮ ਪੌਣ ਪਾਣੀ ਵੀ ਲੋਕਾਂ ਨੂੰ ਦਲਿੱਦਰੀ ਅਤੇ ਸੁੱਸਤ ਬਣਾਉਦਾ ਸੀ। ਇਸ ਕਰਕੇ ਲੋਕਾਂ ਵਿੱਚ ਮਿਹਨਤ ਦੀ ਘਾਟ ਕਾਰਨ ਭਾਰਤ ਪੱਛੜ ਚੁੱਕਾ ਸੀ। ਸੱਭ ਤੋਂ ਮੁੱਖ ਕਾਰਨ ਸੀ, ਭਾਰਤ ਵਿੱਚ ਕ੍ਰੋਪੀਆਂ ਦਾ ਕਹਿਰ। ਹੜ੍ਹਾਂ ਅਤੇ ਸੋਕੇ ਦੇ ਕਹਿਰ ਨਾਲ ਫ਼ਸਲਾਂ ਬਰਬਾਦ ਹੋ ਜਾਂਦੀਆਂ ਸਨ। ਫ਼ਸਲਾ ’ਤੇ ਟਿੱਡੀ ਦੱਲ ਦੇ ਹਮਲੇ ਉਨ੍ਹਾਂ ਨੂੰ ਰੁੰਡ ਮਰੁੰਡ ਕਰ ਜਾਂਦੀਆਂ ਸਨ। ਉਸ ਦੇਸ਼ ਅਤੇ ਖਾਸ ਕਰਕੇ ਪੰਜਾਬ ਜਿਥੇ 70 ਫ਼ੀ ਸਦੀ ਤੋਂ ਉਪਰ ਲੋਕ ਖੇਤੀ ਤੇ ਨਿਰਭਰ ਕਰਦੇ ਸਨ, ਦੀ ਹਾਲਤ ਤਰਸਯੋਗ ਹੋ ਜਾਂਦੀ ਸੀ।

ਅੱਜ ਹੜ੍ਹਾਂ ਦੀ ਮਾਰ ਨੂੰ ਲੈ ਕੇ ਜਾਨੀ ਮਾਲੀ ਅਤੇ ਫ਼ਸਲਾਂ ਨੂੰ ਲੈ ਕੇ 1500 ਕਰੋੜ ਤੋਂ ਉਪਰ ਪੰਜਾਬ ਵਿੱਚ ਨੁਕਸਾਨ ਹੋ ਚੁੱਕਾ ਹੈ। ਸਤਲੁਜ ਬਿਆਸ ਅਤੇ ਘੱਗਰ ਵਿੱਚ ਵਾਧੂ ਪਾਣੀ ਕਰੇਕ ਆਲੇ ਦੁਆਲੇ ਦੇ ਇਲਾਕੇ ਦੀਆਂ ਫ਼ਸਲਾਂ, ਪਸ਼ੂਆਂ ਅਤੇ ਮਨੁੱਖੀ ਜਾਨਾਂ ਦਾ ਵੱਡਾ ਨੁਕਸਾਨ ਹੋਇਆਂ ਹੈ। ਲੋਕ ਘੱਰੋਂ ਬੇਘਰ ਹੋ ਚੁੱਕੇ ਹਨ। ਬਹੁਤ ਸਾਰੇ ਡੈਮਾਂ ਖਾਸ ਕਰਕੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਦੀਆਂ ਖ਼ਬਰਾਂ ਨਾਲ ਲੋਕਾਂ ਦੀ ਰਾਤ ਦੀ ਨੀਂਦ ਹਰਾਮ ਹੋ ਗਈ ਸੀ। ਇਸੇ ਤਰ੍ਹਾਂ ਰਾਵੀ ਵਿੱਚ ਵਾਧੂ ਪਾਣੀ ਕਾਰਨ ਇਸਦੇ ਵਾਧੂ ਪਾਣੀ ਨੂੰ ਛੱਡਣ ਨਾਲ ਜ਼ਿਲ੍ਹਾਂ ਗੁਰਦਾਸਪੁਰ ਅਤੇ ਅੰਮਿ੍ਰਤਸਰ ਦੇ ਲੋਕਾਂ ਦੀ ਕਈ ਦਿਨ ਚਿੰਤਾਂ ਵੱਧੀ ਰਹੀ। ਪਰ ਭਾਰਤ ਅਤੇ ਖਾਸ ਕਰਕੇ ਪੰਜਾਬ ਦੀਆਂ ਵੱਖਰੀਆਂ ਵੱਖਰੀਆਂ ਸਰਕਾਰਾਂ ਦੀ ਤ੍ਰਾਸਦੀ ਹੈ ਕਿ ਇਸ ਬਾਰੇ ਕੋਈ ਸਥਾਈ ਹੱਲ ਨਹੀਂ ਲੱਭਿਆ ਸਕੀਆਂ। ਜਦੋਂ ਕੋਈ ਕ੍ਰੋਪੀ ਆਉਦੀ ਹੈ, ਤਾਂ ਉਸ ਵੇਲੇ ਦੀਆਂ ਸਰਕਾਰਾਂ ਲੋਕਾਂ ਨੂੰ ਪ੍ਰਭਾਵਤ ਕਰਨ ਲਈ ਹਰ ਢੰਗ ਦੇ ਦਾਉ ਪੇਚ ਖੇਡਦੀਆਂ ਹਨ। ਭਾਰਤ ਦੀ ਇਹ ਵੀ ਇਕ ਕਮਜ਼ੋਰੀ ਹੈ ਕਿ ਕੋਈ ਵੀ ਪਾਲਿਸੀ ਪਹਿਲਾਂ ਘੜੀ ਜਾਂਦੀ ਹੈ ਅਤੇ ਇਸ ਬਾਰੇ ਸੋਚ ਵਿਚਾਰ ਅਤੇ ਮਾਹਿਰਾਂ ਦੀ ਸਲਾਹ ਬਾਅਦ ਵਿੱਚ ਲਈ ਜਾਂਦੀ ਹੈ। ਇਸ ਦੇ ਉਲਟ ਬਾਰਹਲੇ ਦੇਸ਼ਾਂ ਵਿੱਚ ਸੋਚ ਵਿਚਾਰ ਅਤੇ ਮਾਹਿਰਾਂ ਦੀ ਸਲਾਹ ਤੋਂ ਬਾਅਦ ਹੀ ਕੋਈ ਪਾਲਿਸੀ ਘੜ੍ਹੀ ਜਾਂਦੀ ਹੈ। ਨੈਂਦਰਲੈਂਡ ਅਤੇ ਬੰਗਾਲ ਵਿੱਚ ਦੁਨੀਆਂ ਵਿੱਚ ਸਭ ਤੋਂ ਵੱਧ ਬਾਰਸ਼ ਕਾਰਨ, ਹੜ੍ਹਾਂ ਦਾ ਖ਼ਤਰਾਂ ਰਹਿੰਦਾ ਹੈ, ਨੈਂਦਰਲੈਂਡ ਵਿੱਚ ਇਸਦੇ ਬਚਾਅ ਲਈ ਪਾਣੀ ਉਪਰ ਤਰਨ ਵਾਲੇ ਘਰ ਹਨ। ਪੰਜਾਬ ਵਿੱਚ ਸਰਕਾਰ ਨੂੰ ਦੇਖਿਆ ਜਾਏ, ਤਾਂ ਇਸਦੇ ਬਹੁਤ ਸਾਰੇ ਕਿਸਾਨਾਂ ਨਾਲ ਕੀਤੇ ਵਾਅਦੇ ਝੂਠੇ ਸਾਬਤ ਹੋ ਰਹੇ ਹਨ। ਨਰਮੇ ਨੂੰ ਲੈ ਕੇ ਗੁਲਾਬੀ ਸੁੰਡੀ ਬਾਰੇ ਮੁਆਵਜ਼ਾ, ਮੂੰਗੀ ਦੀ ਐਮ.ਐੱਸ.ਪੀ. ਦੀ ਭਰਪਾਈ ਸਿੱਧਾ ਝੋਨਾ ਲਾਉਣ ’ਤੇ ਘਾਟੇ ’ਤੇ ਮੁਆਵਜ਼ਾਂ ਅਤੇ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਨਕਦ ਪ੍ਰੋਹਤਸਾਨ ਦੇਣ ਬਾਰੇ ਆਪਣੇ ਵਾਅਦੇ ਕਰਨ ਵਿੱਚ ਅਸਫ਼ਲ ਰਹੀ ਹੈ।

ਕਿਸਾਨ ਜਥੇਬੰਦੀਆਂ ਅਤੇ ਖੇਤੀ ਮਾਹਿਰਾਂ ਰਾਹੀਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਨੂੰ ਪ੍ਰਭਾਵਿਤ ਕਿਸਾਨਾਂ ਨੂੰ ਘੱਟੋ ਘੱਟ 50000 ਰੁਪਏ ਪ੍ਰਤੀ ਏਕੜ ਦੀ ਰਾਹਤ ਦੇਣੀ ਚਾਹੀਦੀ ਹੈ। ਮਜ਼ਦੂਰ ਵਰਗ ਅਤੇ ਹੋਰ ਪਰਿਵਾਰਾਂ ਜਿਨ੍ਹਾਂ ਦੇ ਘਰ ਨੁਕਸਾਨੇ ਗਏ ਹਨ 5 ਲੱਖ ਰੁਪਏ ਦੀ ਰਾਹਤ ਤੁਰੰਤ ਪ੍ਰਦਾਨ ਕਰਨੀ ਚਾਹੀਦੀ ਹੈ। 50 ਹਜ਼ਾਰ ਪ੍ਰਤੀ ਪਸ਼ੂ, ਮਿ੍ਰਤਕਾਂ ਨੂੰ 10 ਲੱਖ ਅਤੇ ਜ਼ਖ਼ਮੀਆਂ ਨੂੰ 5 ਲੱਖ ਰੁਪਏ ਦੀ ਰਾਸ਼ੀ ਵੀ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਨਹੀਂ ਤਾਂ ਕਿਸਾਨ ਜੱਥੇਬੰਦੀਆਂ ਇਸ ’ਤੇ ਮੋਰਚਾਬੰਦੀ ਦੀ ਤਿਆਰੀ ਕਰ ਰਹੀਆਂ ਹਨ।

ਬਲਵਿੰਦਰ ਮੱਲ੍ਹੀ, ਐਮ.ਏ.
ਲੈਸਟਰ, ਯੂ.ਕੇ.
ਮੋਬਾਇਲ – 07453410008
07969750120

ਗੁਣਾ ਪ੍ਰੋਗਰਾਮ ਬਾਲਗਾਂ ਨੂੰ ਉਹਨਾਂ ਦੇ ਅੰਕਾਂ ਦੇ ਹੁਨਰ ਨੂੰ ਬਿਹਤਰ ਬਣਾਉਣ ਲਈ ਮੁਫਤ ਕੋਰਸ ਪ੍ਰਦਾਨ ਕਰਦਾ ਹੈ – ਕੀ ਤੁਸੀਂ ਯੋਗ ਹੋ ?

ਰੋਜ਼ਾਨਾ ਸਥਿਤੀਆਂ ਵਿੱਚ ਗਣਿਤ ਦੇ ਬੁਨਿਆਦੀ ਹੁਨਰ ਮਹੱਤਵਪੂਰਨ ਹੋਣ ਦੇ ਕਈ ਕਾਰਨ ਹਨ:

 1. ਆਤਮ-ਵਿਸ਼ਵਾਸ ਮਹਿਸੂਸ ਕਰਨਾ,
 2. ਖਰੀਦਦਾਰੀ ਕਰਦੇ ਸਮੇਂ ਸਭ ਤੋਂ ਵਧੀਆ-ਮੁੱਲ ਦੀਆਂ ਪੇਸ਼ਕਸ਼ਾਂ ਦੀ ਚੋਣ ਕਰਨਾ,

3 ) ਤੁਹਾਡੇ ਬਿੱਲਾਂ ਅਤੇ ਟੈਕਸਾਂ ਨੂੰ ਸਮਝਣ ਲਈ,

4) ਤੁਹਾਡੇ ਬੱਚਿਆਂ ਨੂੰ ਉਨ੍ਹਾਂ ਦੇ ਹੋਮਵਰਕ ਵਿੱਚ ਮਦਦ ਕਰਨ ਲਈ,

5) ਕਰਜ਼ਿਆਂ ‘ਤੇ ਘੱਟ ਵਿਆਜ ਦਾ ਭੁਗਤਾਨ ਕਰਨ ਲਈ,

6) ਬੱਚਤਾਂ ‘ਤੇ ਵਧੇਰੇ ਵਿਆਜ ਕਮਾਉਣ ਲਈ,

7) ਇੱਕ ਬਿਹਤਰ ਨੌਕਰੀ ਪ੍ਰਾਪਤ ਕਰਨ ਲਈ,

8) ਇੱਕ ‘ਤੇ ਨਾਮ ਦਰਜ ਕਰਵਾਉਣ ਲਈ। ਕੋਰਸ,

9) ਇਹ ਯਕੀਨੀ ਬਣਾਉਣ ਲਈ ਕਿ ਤੁਹਾਨੂੰ ਵਸਤੂਆਂ ਜਾਂ ਸੇਵਾਵਾਂ ਲਈ ਭੁਗਤਾਨ ਕਰਨ ਵੇਲੇ ਸਹੀ ਤਬਦੀਲੀ ਮਿਲਦੀ ਹੈ।

ਯੂਕੇ ਸਰਕਾਰ ਨੇ ਮੁਫਤ ਕੋਰਸਾਂ ਲਈ ਭੁਗਤਾਨ ਕਰਨ ਲਈ ਗੁਣਾ ਫੰਡਿੰਗ ਪ੍ਰੋਗਰਾਮ ਦੀ ਸਥਾਪਨਾ ਕੀਤੀ ਹੈ ਤਾਂ ਜੋ ਯੋਗ ਬਾਲਗ ਆਪਣੇ ਗਿਣਤੀ ਦੇ ਹੁਨਰ ਨੂੰ ਸੁਧਾਰ ਸਕਣ। ਗ੍ਰੇਟਰ ਲੰਡਨ ਅਥਾਰਟੀ (GLA) ਆਪਣੇ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਦੇ ਤਹਿਤ ਫੰਡਿੰਗ ਰਾਹੀਂ ਮਲਟੀਪਲਾਈ ਪ੍ਰੋਗਰਾਮ ਦਾ ਸਮਰਥਨ ਕਰ ਰਹੀ ਹੈ ਤਾਂ ਜੋ ਸਥਾਨਕ ਭਾਈਚਾਰਿਆਂ ਨੂੰ ਬਾਲਗ ਸਿੱਖਿਆ ਦੇ ਮੌਕਿਆਂ ਬਾਰੇ ਲੰਡਨ ਵਾਸੀਆਂ ਦੀ ਜਾਗਰੂਕਤਾ ਵਧਾਉਣ ਵਿੱਚ ਮਦਦ ਕੀਤੀ ਜਾ ਸਕੇ। GLA ਕਹਿੰਦਾ ਹੈ: ਲੰਡਨ ਦਾ ਮੇਅਰ “ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਹਰ ਕੋਈ, ਖਾਸ ਤੌਰ ‘ਤੇ ਜਿਨ੍ਹਾਂ ਨੂੰ ਸਭ ਤੋਂ ਵੱਧ ਸਹਾਇਤਾ ਦੀ ਲੋੜ ਹੈ, ਹਰ ਕਿਸੇ ਲਈ ਇੱਕ ਵਧੀਆ ਅਤੇ ਵਧੇਰੇ ਖੁਸ਼ਹਾਲ ਸ਼ਹਿਰ ਬਣਾਉਣ ਦੇ ਆਪਣੇ ਮਿਸ਼ਨ ਦੇ ਹਿੱਸੇ ਵਜੋਂ ਉਹਨਾਂ ਨੂੰ ਗਿਣਤੀ ਦੇ ਹੁਨਰ ਅਤੇ ਯੋਗਤਾਵਾਂ ਤੱਕ ਪਹੁੰਚ ਕਰ ਸਕਦੇ ਹਨ।”

ਮੁਫਤ ਗੁਣਾ ਕੋਰਸਾਂ ਲਈ ਯੋਗ ਹੋਣ ਲਈ,

 1. ਤੁਹਾਡੀ ਉਮਰ ਘੱਟੋ-ਘੱਟ 19 ਸਾਲ ਹੋਣੀ ਚਾਹੀਦੀ ਹੈ,
 2. GCSE ਗਣਿਤ ਗ੍ਰੇਡ C ਜਾਂ 4 ਜਾਂ ਇਸ ਦੇ ਬਰਾਬਰ ਨਾ ਹੋਵੇ, ਜਿਵੇਂ ਕਿ ਫੰਕਸ਼ਨਲ ਸਕਿੱਲ- ਗਣਿਤ ਦਾ ਪੱਧਰ 2, ਅਤੇ
 3. ਯੂਕੇ ਵਿੱਚ ਨਿਵਾਸੀ ਹੋਣਾ ਚਾਹੀਦਾ ਹੈ।

ਕੋਰਸ ਹਨ। ਆਮ ਤੌਰ ‘ਤੇ 3 ਘੰਟੇ ਲੰਬੇ ਹੁੰਦੇ ਹਨ ਅਤੇ ਲੰਡਨ ਅਤੇ ਪੂਰੇ ਯੂਕੇ ਵਿੱਚ ਸਥਾਨਕ ਸਥਾਨਾਂ ‘ਤੇ ਆਯੋਜਿਤ ਕੀਤੇ ਜਾਂਦੇ ਹਨ, ਜਾਂ ਉਦਾਹਰਨ ਲਈ, ਜ਼ੂਮ ਪਲੇਟਫਾਰਮ ਦੀ ਵਰਤੋਂ ਕਰਕੇ ਔਨਲਾਈਨ ਆਯੋਜਿਤ ਕੀਤੇ ਜਾਂਦੇ ਹਨ।

ਮੈਂ ਵਿੱਤ ਵਿੱਚ ਪੀਐਚਡੀ ਦੇ ਨਾਲ ਇੱਕ ਯੋਗ ਅਧਿਆਪਕ ਅਤੇ ਅਕਾਦਮਿਕ ਸਲਾਹਕਾਰ ਹਾਂ। ਮੈਂ ਈਲਿੰਗ ਕਾਉਂਸਿਲ ਦੇ ਨਾਲ ਇੱਕ ਫ੍ਰੀਲਾਂਸ ਟਿਊਟਰ ਵਜੋਂ ਕੰਮ ਕਰ ਰਿਹਾ ਹਾਂ, ਗਣਿਤ ਅਤੇ ਵਿੱਤੀ ਸਮਰੱਥਾ ਵਿਸ਼ਿਆਂ ‘ਤੇ ਕਈ ਤਰ੍ਹਾਂ ਦੇ ਫੇਸ-ਟੂ-ਫੇਸ ਅਤੇ ਔਨਲਾਈਨ ਕੋਰਸਾਂ ‘ਤੇ ਗੁਣਾਤਮਕ ਕੋਰਸਾਂ ਨੂੰ ਡਿਜ਼ਾਈਨ ਅਤੇ ਡਿਲੀਵਰ ਕਰ ਰਿਹਾ ਹਾਂ:

 1. ਸਾਮਰਾਜੀ ਅਤੇ ਮੈਟ੍ਰਿਕ ਮਾਪਾਂ ਨੂੰ ਸਮਝਣਾ ਅਤੇ ਇੱਕ ਤੋਂ ਕਿਵੇਂ ਬਦਲਣਾ ਹੈ ਦੂਜੇ ਨੂੰ;
 2. ਪੈਸੇ ਦਾ ਪ੍ਰਬੰਧਨ ਕਰਨ ਲਈ ਘਰੇਲੂ ਬਜਟ ਬਣਾਉਣਾ;
 3. ਖਰੀਦਦਾਰੀ ਕਰਨ, ਜਾਂ ਖਰੀਦਣ ਅਤੇ ਖਾਣਾ ਬਣਾਉਣ ਵੇਲੇ ਆਪਣੇ ਪੈਸੇ ਨੂੰ ਹੋਰ ਅੱਗੇ ਵਧਾਉਣਾ; 4) ਮਾਈਕਰੋਸਾਫਟ ਐਕਸਲ ਦੀ ਵਰਤੋਂ ਕਰਦੇ ਹੋਏ ਪੈਸੇ ਦਾ ਪ੍ਰਬੰਧਨ ਕਰਨਾ।

ਮੈਂ ਮੂਲ ਅੰਕਾਂ ਅਤੇ ਵਿੱਤੀ ਸਮਰੱਥਾ ਦੇ ਹੁਨਰ ਨੂੰ ਬਿਹਤਰ ਬਣਾਉਣ ਲਈ ਬਾਲਗ ਸਿੱਖਿਆ ਦੇ ਮੌਕਿਆਂ ਬਾਰੇ ਜਾਗਰੂਕਤਾ ਵਧਾਉਣ ਲਈ ਸਵੈਇੱਛਤ ਅਤੇ ਸੁਤੰਤਰ ਤੌਰ ‘ਤੇ ਕੋਸ਼ਿਸ਼ ਕੀਤੀ ਹੈ। ਇਹ ਸਮਾਜ ਵਿੱਚ ਸੇਵਾ ਕਰਨ ਦਾ ਮੇਰਾ ਤਰੀਕਾ ਹੈ। 7 ਜੁਲਾਈ ਨੂੰ, ਮੈਂ ਦੇਸੀ ਰੇਡੀਓ (1602am) ‘ਤੇ ਗੁਣਾ ਪ੍ਰੋਗਰਾਮ ਬਾਰੇ ਚਰਚਾ ਕੀਤੀ.

ਮੈਂ ਇਸ ਸ਼ਬਦ ਨੂੰ ਫੈਲਾਉਣ ਲਈ ਬਹੁਤ ਸਾਰੀਆਂ ਸਥਾਨਕ ਭਾਈਚਾਰਕ ਸੰਸਥਾਵਾਂ ਨਾਲ ਸੰਪਰਕ ਕੀਤਾ ਹੈ। ਇਹਨਾਂ ਵਿੱਚੋਂ ਕੁਝ ਸਹਿਯੋਗੀ ਹਨ ਪਰ ਕੁਝ ਨਹੀਂ ਹਨ, ਇਸਲਈ ਕਮਿਊਨਿਟੀ ਨੂੰ ਮੇਰੀ ਸਲਾਹ ਹੈ ਕਿ ਉਹ ਅਧਿਆਪਨ ਸੰਸਥਾਵਾਂ ਨਾਲ ਸੰਪਰਕ ਕਰਕੇ ਅਤੇ ਉਹਨਾਂ ਨੂੰ ਇਹ ਪੁੱਛਣ ਕਿ ਕੀ ਉਹ ਗੁਣਾਤਮਕ ਕੋਰਸ ਪੇਸ਼ ਕਰਦੇ ਹਨ, ਸਿੱਧੀ ਕਾਰਵਾਈ ਕਰਨ। ਉਹਨਾਂ ਦੇ ਮੁਲਾਂਕਣ ਲਓ ਅਤੇ ਦੇਖੋ ਕਿ ਕੀ ਤੁਸੀਂ ਦਾਖਲਾ ਲੈਣ ਦੇ ਯੋਗ ਹੋ। ਨਾਲ ਹੀ, ਗੁਣਾ ਬਾਰੇ ਵਧੇਰੇ ਜਾਣਕਾਰੀ ਲਈ ਸਰਕਾਰੀ ਵੈਬਸਾਈਟ ‘ਤੇ ਜਾਉ ਅਤੇ ਨੇੜਲੇ ਕੋਰਸਾਂ ਦੀ ਖੋਜ ਕਰੋ: https://skillsforlife.campaign.gov.uk/courses/multiply/

ਗੁਪਤ ਮਾਰਗਦਰਸ਼ਨ ਲਈ ਮੇਰੇ ਨਾਲ ਸੰਪਰਕ ਕਰੋ ਅਤੇ ਬਿਨਾਂ ਕਿਸੇ ਜ਼ਿੰਮੇਵਾਰੀ ਦੇ:

 1. ਦੇਖੋ ਕਿ ਤੁਸੀਂ ਯੋਗ ਹੋ ਜਾਂ ਨਹੀਂ। ਗੁਣਾ ਕੋਰਸਾਂ ਲਈ,
 2. ਆਪਣੇ ਅੰਕਾਂ ਅਤੇ ਵਿੱਤੀ ਸਮਰੱਥਾ ਦੇ ਹੁਨਰ ਦੇ 10-ਮਿੰਟ ਦੇ ਮੁਲਾਂਕਣ ਲਈ, ਅਤੇ
 3. ਗੁਣਾ ਕੋਰਸਾਂ ‘ਤੇ ਦਾਖਲਾ ਲਓ। ਮੈਨੂੰ 07769261590 ‘ਤੇ ਟੈਲੀਫੋਨ ਕਰੋ ਜਾਂ ਮੇਰੀ ਵੈਬਸਾਈਟ www.permjitsingh.com

ਦੁਆਰਾ ਮਲਟੀਪਲਾਈ ਫੰਡਿੰਗ ਸਮੇਂ ਅਤੇ ਰਕਮ ਦੁਆਰਾ ਸੀਮਿਤ ਹੈ। , ਇਸ ਲਈ ਕਮਿਊਨਿਟੀ ਨੂੰ ਮੇਰੀ ਸਲਾਹ ਹੈ ਕਿ ਤੁਸੀਂ ਆਪਣੇ ਅੰਕਾਂ ਦੇ ਹੁਨਰ ਨੂੰ ਬਿਹਤਰ ਬਣਾਉਣ ਦੇ ਇਸ ਮੌਕੇ ਨੂੰ ਸਮਝੋ, ਜਦੋਂ ਤੱਕ ਇਹ ਰਹਿੰਦਾ ਹੈ।

ਪਰਮਜੀਤ ਸਿੰਘ

ਅੱਛਾ ਰੱਜ ਕੇ ਰਾਜ ਕਮਾਇ ਗਿਆ

ਰਣਜੀਤ ਸਿੰਘ ਸੂਰਬੀਰਤਾ ਦਾ ਆਦਰਸ਼ਕ ਮਨੁੱਖ ਸੀ। ਉਸ ਵਿਚ ਸਿੱਖ ਸ਼ਕਤੀ ਸਿਖਰ ਤੇ ਸੀ। ਉਸ ਦੀ ਨਿੱਤ ਕਰਣੀ ਸਵੇਰ ਦੀ ਪ੍ਰਾਰਥਨਾ ਨਾਲ ਆਰੰਭ ਹੁੰਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਤੋਂ ਬਿਨਾਂ ਉਹ ਕੋਈ ਵੀ ਮਹੱਤਵਪੂਰਨ ਕੰਮ ਨਹੀ ਸੀ ਕਰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਹੀ ਉਸ ਨੇ ਸਰਕਾਰ ਖਾਲਸਾ ਦੇ ਨਾਂ ਤੇ ਲਗਭਗ 40 ਸਾਲ ਰਾਜ ਕੀਤਾ। ਪੰਜਾਬ ਨੂੰ ਅਕਬਰ ਤੋਂ ਪਿਛੋਂ ਪਹਿਲੀ ਵਾਰ ਧਾਰਮਿਕ ਕੱਟੜਤਾ, ਹੱਠਧਰਮੀ ਅਤੇ ਅੱਤਿਆਚਾਰਾਂ ਤੋਂ ਨਿਯਾਤ ਪ੍ਰਾਪਤ ਹੋਈ। ਸਮੁੱਚੇ ਤੌਰ ਤੇ ਲੋਕ ਸੁਖੀ ਸਨ। ਰਾਜੇ ਤੇ ਪਰਜਾ ਵਿਚ ਪਿਆਰੇ ਸਬੰਧ ਸਨ। ਕੇਵਲ ਸਿੱਖਾਂ ਹੀ ਨਹੀ ਸਗੋਂ ਹਿੰਦੂਆਂ ਵੀ ਅਨੁਭਵ ਕੀਤਾ ਕਿ ਰਣਜੀਤ ਸਿੰਘ ਸਦਕਾ ਹਿੰਦੂਆਂ ਦੀ ਸ਼ਾਨ ਦਾ ਸੂਰਜ ਇਕ ਵਾਰ ਫੇਰ ਭਾਰਤ ’ਤੇ ਚਮਕ ਪਿਆ ਸੀ। ਉਹ ਰਣਜੀਤ ਸਿੰਘ ਨੂੰ ਆਪਣਾ ਮੁਕਤੀਦਾਤਾ ਅਤੇ ਰੱਖਿਅਕ ਸਵੀਕਾਰ ਦੇ ਸਨ। ਜੇਕਰ ਦੀਵਾਨ ਮੋਹਕਮ ਚੰਦ ‘ਸਰਕਾਰ ਖਾਲਸਾ’ ਨੂੰ ‘ਮੇਰਾ’ ਰਾਜ ਕਹਿੰਦਾ ਤਾਂ ਫਕੀਰ ਅਜ਼ੀਜ਼ੂਦੀਨ ਇਸ ਨੂੰ ‘ਆਪਣਾ’ ਰਾਜ ਕਹਿ ਕੇ ਖੁਸ਼ੀ ਮਹਿਸੂਸ ਕਰਦਾ। ਇਹੀ ਕਾਰਨ ਹੈ ਜਦ 27 ਜੂਨ, 1839 ਈ: ਨੂੰ ਰਣਜੀਤ ਸਿੰਘ ਨੇ ਪ੍ਰਲੋਕ ਪਿਆਨਾ ਕੀਤਾ ਤਾਂ ਪੰਜਾਬ ਵਾਸੀਆਂ ਨੇ ਮਹਿਸੂਸ ਕੀਤਾ ਕਿ ਉਹ ਸੁਆਮੀ ਵਿਹੂਣ ਹੋ ਗਏ ਹਨ। ਇਤਿਹਾਸਕਾਰ ਗੋਕਲ ਚੰਦ ਨਾਰੰਗ ਦੇ ਸ਼ਬਦਾਂ ਵਿਚ, “ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਨਾਲ ‘ਪੰਜਾਬ’ ਵਿਧਵਾ ਹੋਇਆ ਨਾ ਕਿ ਸਿੱਖ ਕੌਮ।”

ਰਣਜੀਤ ਸਿੰਘ ਨੂੰ ਵਿਰਾਸਤੀ ਹੱਕ ਵਜੋਂ ਕੇਵਲ ਇਕ ਦਸਤਾ ਘੋੜ ਸਵਾਰ ਤੋਂ ਕੁਝ ਕੁ ਪਿੰਡ ਜਾਇਦਾਦ ਦੇ ਰੂਪ ਵਿਚ ਪ੍ਰਾਪਤ ਹੋਏ। ਲਿਆਕਤ ਅਤੇ ਬਾਹੂਬਲ ਦੇ ਜ਼ੋਰ ਰਣਜੀਤ ਸਿੰਘ ਨੇ ਇਸ ਤੋਂ ਪਾਤਸ਼ਾਹੀ ਕਾਇਮ ਕਰ ਦਿੱਤੀ, ਜਿਸ ਦੀ ਫੌਜ ਵਿਚ ਲੱਗ ਭੱਗ 123800 ਜਵਾਨ, ਘੋੜ ਸਵਾਰ ਤੇ ਪੈਦਲ ਅਤੇ 384 ਵੱਡੀਆਂ ਤੋਪਾਂ ਸਨ। ਫੋਜ ਵਿਚ ਹਿੰਦੂ-ਸਿੱਖਾਂ ਮੁਸਲਮਾਨਾਂ ਤੋਂ ਇਲਾਵਾੲ 43 ਯੂਰਪੀਨ ਅਫਸਰ ਸ਼ਾਮਲ ਸਨ। ਸਭ ਤੋਂ ਵੱਧ ਹੈਰਾਨੀ ਦੀ ਗੱਲ ਹੈ ਕਿ ਇਸ ਪਾਤਸ਼ਾਹੀ ਨੂੰ ਕਾਇਮ ਕਰਨ ਵਿਚ ਘੱਟ ਤੋਂ ਘੱਟ ਸਖਤੀ ਤੋਂ ਕੰਮ ਲਿਆ ਗਿਆ ਫਿਰ ਜਿਤਨੇ ਵੀ ਇਲਾਕੇ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਮਿਲਾਏ ਉਨ੍ਹਾ ਦੇ ਹਾਕਮਾਂ ਨੂੰ ਯੋਗਤਾ ਅਨੁਸਾਰੀ ਅਹੁੱਦਾ ਤੇ ਜਾਗੀਰਾਂ ਦਿੱਤੀਆਂ-ਇਸ ਸਬੰਧੀ ਮੇਜਰ ਲਾਰੰਸ ਦੇ ਸ਼ਬਦ ਅਰਥ ਭਰਪੂਰ ਹਨ, ਦਿੱਲੀ ਤੇ ਕਾਬਲ ਦੇ ਬਜ਼ਾਰਾਂ ਵਿਚ ਆਪ ਕਈ ਸ਼ਾਹੀ ਘਰਾਣੇ ਦੇ ਲੋਕਾਂ ਨੂੰ ਦਰ-ਦਰ ਭੀਖ ਮੰਗਦੇ ਵੇਖੋਗੇ। ਪਰ ਪੰਜਾਬ ਵਿਚਅਜਿਹਾ ਕੋਈ ਘਰਾਣਾ ਜਾਂ ਖਾਨਦਾਨ ਨਹੀ ਜਿਸ ਦਾ ਇਲਾਕਾ ਰਣਜੀਤ ਸਿੰਘ ਨੇ ਫਤਹਿ ਕਰਕੇ ਆਪਣੇ ਰਾਜ ਵਿਚ ਮਿਲਾ ਲਿਆ ਹੋਵੇ ਅਤੇ ਉਸ ਨੂੰ ਕਾਫੀ ਜਗੀਰ ਜਾਂ ਪੈਨਸ਼ਨ ਗੁਜ਼ਾਰੇ ਲਈ ਨਾ ਦਿੱਤੀ ਹੋਵੇ। ਇਹ ਨਿਯਮ ਕੇਵਲ ਸਿੱਖਾਂ ਤੱਕ ਹੀ ਸੀਮਤ ਨਹੀ ਸੀ।ਕਿਸੇ ਇਲਾਕੇ ਨੂੰ ਫਤਹਿ ਕਰਨਾ ਤੇ ਉਸ ਤੇ ਰਾਜ ਕਰਨਾ ਦੋ ਵੱਖ-ਵੱਖ ਗੁਣ ਹਨ ਪਰ ਰਣਜੀਤ ਸਿੰਘ ਵਿਚ ਇਹ ਦੋਵੇਂ ਗੁਣ ਭਰਪੂਰ ਸਨ। ਵਿਜੇਤਾ ਦੇ ਤੌਰ ਤੇ ਉਸ ਨੇ ਚੁਫੇਰੇ ਤੋਂ ਹੋਣ ਵਾਲੇ ਹਮਲਿਆਂ ਦਾ ਮੁੱਖ ਮੋੜ ਕੇ ਉਲਟੀ ਗੰਗਾ ਵਹਾ ਦਿੱਤੀ-ਇਕ ਸਫਲ ਪ੍ਰਬੰਧਕ ਵਜੋਂ ਉਹ 40 ਸਾਲ ਰਾਜ ਕਰ ਗਿਆ ਨਹੀਂ ਤਾਂ ਪੰਜਾਬੀਆਂ ’ਤੇ ਰਾਜ ਕਰਨਾ ਕੋਈ ਅਸਾਨ ਨਹੀਂ!

ਵਿਸ਼ਾਲ ਰਾਜ ਦੀ ਸਥਾਪਨਾ ਕਰ, ਰਣਜੀਤ ਸਿੰਘ ਨੇ ਸ਼ਖਸੀ ਰਾਜ ਪ੍ਰਬੰਧ ਸਥਾਪਤ ਨਹੀਂ ਕੀਤਾ ਸਗੋਂ ਰਾਜ ਭਾਗ ਸੰਭਾਲਦਿਆਂ ਹੀ ਸ਼ਾਹੀ ਸਿੱਕੇ ਤੇ ਝੰਡੇ ਨੂੰ ‘ਅਕਾਲ ਸਹਾਏ’ ਦਾ ਧਾਰਨੀ ਬਣਾ ਸ਼ਾਹੀ ਫੁਰਮਾਨ ਨੂੰ ‘ਸੀ੍ਰ ਅਕਾਲ ਪੁਰਖ ਜੀ ਸਹਾਇ’ ਦੇ ਸਿਰਨਾਵੇਂ ਨਾਲ ਸ਼ਿੰਗਾਰਿਆ। ਰਾਜ-ਭਾਗ ਆਪਣੀ ਜਾਤ-ਪਾਤ, ਖਾਨਦਾਨ, ਮਿਸਲ ਦੀ ਥਾਂ ‘ਖਾਲਸਾ’ ਦੇ ਨਾਂ ਉਤੇ ਹੀ ਆਰੰਭਦਿਆਂ ਇਸ ਨੂੰ ‘ਸਰਕਾਰ ਖਾਲਸਾ’ ਤੇ ‘ਦਰਬਾਰ ਖਾਲਸਾ’ ਆਖਿਆ। ਆਪਣੇ ਆਪ ਨੂੰ ਸੁਲਤਾਨ ਜਾਂ ਬਾਦਸ਼ਾਹ ਅਖਵਾਉਣ ਦੀ ਥਾਂ ‘ਸਿੰਘ ਸਾਹਿਬ’ ਜਾਂ ‘ਸਰਕਾਰ ਰਣਜੀਤ ਸਿੰਘ’ ਸਦਵਾਉਣਾ ਬਿਹਤਰ ਸਮਝਿਆ।

ਸਿੱਖ ਇਤਿਹਾਸਕ ਸਥਾਨਾਂ ਦੀ ਜੋ ਨਿਗਰ ਸੇਵਾ ਰਣਜੀਤ ਸਿੰਘ ਨੂੰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਉਹ ਹੋਰ ਕਿਸੇ ਸਿੱਖ ਰਾਜੇ ਦੇ ਹਿੱਸੇ ਨਹੀ ਆਈ। ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਸੇਵਾ ਜੋ ਰਣਜੀਤ ਸਿੰਘ ਨੇ ਸਮੇਂ-ਸਮੇਂ ਕੀਤੀ ਉਸ ਨੇ ਰਣਜੀਤ ਸਿੰਘ ਦੀ ਯਾਦ ਨੂੰ ਵੀ ਸਦੀਵੀ ਧਾਰਮਿਕ ਸਥਾਨਾਂ ਦੇ ਨਾਲ ਅਮਰਤਾ ਬਖਸ਼ ਦਿੱਤੀ।

ਪੰਜਾਬ ਵਿਚ ਜਦ ‘ਸਰਕਾਰ ਖਾਲਸਾ’ ਦਾ ਰਾਜ ਆਇਆ ਤਾਂ ਚਿਰਾਂ ਤੋਂ ਹੋ ਰਹੇ ਵਿਦੇਸ਼ੀ ਹਮਲੇ ਬੰਦ ਹੋ ਗਏ ਸਰਕਾਰ ਖਾਲਸਾ ਤੋਂ ਪਹਿਲਾਂ ਅਬਦਾਲੀ ਨੇ ਭਾਰਤ ਉੱਪਰ ਕਾਫੀ ਹਮਲੇ ਕੀਤੇ ਤੇ ਇੱਥੋਂ ਦੇ ਧਨ, ਦੌਲਤ ਤੇ ਜਵਾਨੀ ਨੂੰ ਲੁੱਟਿਆ ਲਤਾੜਿਆ। ਅਬਦਾਲੀ ਤੋਂ ਪਿੱਛੋਂ ਅਬਦਾਲੀ ਦੇ ਪੁੱਤ ਪੋਤਰਿਆਂ ਇਹ ਕਰਮ ਜਾਰੀ ਰੱਖਿਆ ਤੇ ਇੱਥੋਂ ਤੱਕ ਕਿ ਸ਼ਾਹਜਮਾਨ ਨੇ ਸ਼ਾਹੀ ਕਿਲੇ ਲਾਹੋਰ ਵਿੱਚ ਬੈਠਿਆਂ ਕਹਿ ਦਿੱਤਾ ਕਿ ਸਿੰਘ ਅਫ਼ਗਾਨੀ ਘੋੜਿਆਂ ਦੀ ਅਵਾਜ਼ ਸੁਣ ਕੇ ਨੱਸ ਜਾਂਦੇ ਹਨ…ਤਾਂ 17 ਸਾਲ ਦੇ ਰਣਜੀਤ ਸਿੰਘ ਨੇ ਸ਼ਾਹੀ ਬੁਰਜ ਦੇ ਸਾਹਮਣੇ ਖਲੋ ਕੇ ਲਲਕਾਰ ਕੇ ਆਖਿਆ।

‘ਆ ਓਇ ਅਬਦਾਲੀ ਦੇ ਪੋਤਰੇ। ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਲਲਕਾਰਦਾ ਈ?’ ਅਬਦਾਲੀ ਦਾ ਪੋਤਰਾ ਆਇਆ ਜਰੂਰ ਪਰ ਰਣਜੀਤ ਸਿੰਘ ਦੀ ਸ਼ਰਨ ਵਿਚ!

ਰਾਜ ਭਾਗ ਦੀ ਪ੍ਰਾਪਤੀ ਕਰ ਵੀ ਰਣਜੀਤ ਸਿੰਘ ਨੂੰ ਹੰਕਾਰ ਨਹੀਂ ਹੋਇਆ ਉਸ ਨੇ ਹਲੇਮੀ ਰਾਜ ਸਥਾਪਤ ਕਰਨ ਦਾ ਯਤਨ ਕੀਤ ਜਿਸ ਦਾ ਆਦੇਸ਼ ਗੁਰਬਾਣੀ ਵਿਚ ਕੀਤਾ। ਅਜਿਹਾ ਰਾਜ ਕਾਇਮ ਕੀਤਾ ਜਿਸ ਵਿਚ ਸਾਰੇ ਹਿੰਦੂ, ਸਿੱਖ, ਮੁਸਲਮਾਨ ਅਮੀਰ, ਗਰੀਬ, ਊਚ-ਨੀਚ ਮਿਲ ਬੈਠ ਕੇ ਰਾਜਾ, ਰੰਕ ਬਰਾਬਰੀ ਦਾ ਆਨੰਦ ਮਾਣ ਸਕਦੇ ਸਨ। ਵਿਅਕਤੀਗਤ ਰੂਪ ਵਿਚ ਰਣਜੀਤ ਸਿੰਘ ਵਿਚ ਅਜਿਹੀਆਂ ਖੂਬੀਆਂ ਸਨ ਜਿੰਨ੍ਹਾਂ ਨੇ ਉਸ ਨੂੰ ਹਰਮਨ ਪਿਆਰਾ ਬਣਾ ਦਿੱਤਾ। ਰਣਜੀਤ ਸਿੰਘ ਰਾਜ ਭਾਗ ਦਾ ਮਾਲਕ ਹੁੰਦਾ ਹੋਇਆ ਵੀ ਜੰਤਾ ਤੋਂ ਕਦੇ ਦੂਰ ਨਹੀ ਹੋਇਆ। ਭਾਵੇਂ ਰਣਜੀਤ ਸਿੰਘ ਨੇ ਸੰਸਾਰਿਕ ਵਿੱਦਿਆ ਦੀ ਪ੍ਰਾਪਤੀ ਨਹੀ ਸੀ ਕੀਤੀ ਪਰ ਤਜਰਬੇ ਦੀ ਪਾਠਸ਼ਾਲਾ ਨੇ ਉਸ ਨੂੰ ਇਤਨਾ ਕਾਬਲ ਅਤੇ ਨਿਪੁੰਨ ਬਣਾ ਦਿੱਤਾ, ਕਿ ਉਸ ਦੀ ਗਿਣਤੀ ਸੰਸਾਰ ਦੇ ਨਾਮਵਰ ਸ਼ਾਸਕਾਂ ’ਤੇ ਨੀਤੀ ਘਾੜਿਆਂ ਵਿਚ ਹੋਣ ਲੱਗੀ, ਜਿਨ੍ਹਾ ਨੂੰ ਸੰਸਾਰ ਦੀ ਰੂਪ ਰੇਖਾ ਬਦਲਣ ਲਈ ਕੇਵਲ ਮੌਕੇ ਦੀ ਹੀ ਜਰੂਰਤ ਹੁੰਦੀ। ਪੰਜਾਬ ਦੇ ਸੁਪ੍ਰਸਿੱਧ ਇਤਿਹਾਸਕਾਰ ਡਾ. ਹਰੀ ਰਾਮ ਗੁਪਤਾ ਦਾ ਕਹਿਣਾ ਬਹੁਤ ਹੀ ਸਾਰਥਕ ਹੈ, ਕਿ ਜੇਕਰ ਭਾਰਤ ਤੇ ਅੰਗਰੇਜ਼ਾਂ ਦਾ ਕਬਜ਼ਾ ਨਾ ਹੋਇਆ ਹੁੰਦਾ ਤਾਂ ਸਾਰੇ ਭਾਰਤ ਤੇ ਰਣਜੀਤ ਸਿੰਘ ਦਾ ਰਾਜ ਹੋ ਜਾਣਾ ਸੀ।

ਸ਼ੇਰੇ ਪੰਜਾਬ ਜਿਸ ਦਾ ਨਾਮ ਸੁਣ ਕੇ ਕਾਬਲ ਦੀਆਂ ਕੰਧਾਂ ਕੰਬਦੀਆਂ ਸਨ, ਜਿਸ ਦੀ ਰਵਾਨੀ ਅੱਗੇ ‘ਅਟਕ-ਅਟਕ’ ਜਾਂਦੇ ਸਨ, ਜਿਸ ਦੇ ਖਾਲਸਈ ਬੋਲਾਂ ਨੂੰ ਖ਼ੈਬਰ ਦੀਆਂ ਪਹਾੜੀਆਂ ਦੁਹਰਾਉਂਦੀਆਂ ਸਨ। ਉਸੇ ਸ਼ੇਰੇ ਪੰਜਾਬ ਦੇ ਅੱਖ ਮੀਟ ਜਾਣ ਪਿੱਛੋਂ ਅਸੀਂ ਗੁਲਾਮ ਕਿਉਂ ਹੋਏ? ਕਿਵੇਂ ਹੋਏ? ਰਣਜੀਤ ਸਿੰਘ ਦੁਆਰਾ ਆਬਾਦ ਕੀਤਾ ਗਿਆ ਇਹ ਪੰਜਾਬ ਬਰਬਾਦ ਕਿਉਂ ਹੋ ਗਿਆ? ਇਨ੍ਹਾ ਪ੍ਰਸ਼ਨਾਂ ਨੂੰ ਵਾਚਨਾ ਤੇ ਫਿਰ ਉਨ੍ਹਾ ਕਾਰਨਾਂ ਦੀ ਪੜਤਾਲ ਕਰਨੀ ਸਾਡੇ ਲਈ ਅੱਜ ਵੀ ਲਾਹੇਵੰਦ ਸਾਬਤ ਹੋ ਸਕਦੀ ਹੈ।

“ਸਰਕਾਰ ਖਾਲਸਾ” ਦੇ ਗੁਲਾਮ ਹੋ ਜਾਣ ਦਾ ਸਭ ਤੋਂ ਵੱਡਾ ਦੋਸ਼ੀ ਵਜ਼ੀਰ ਧਿਆਨ ਸਿੰਘ ਨੂੰ ਮੰਨਿਆ ਗਿਆ ਹੈ। ਉਹ ਹੈ ਵੀ ਸੀ, ਇਸ ਵਿਚ ਕੋਈ ਸ਼ੱਕ ਨਹੀ। ਧਿਆਨ ਸਿੰਘ ਪਿਛੋਂ ਦੂਸਰਾ ਮੁੱਖ ਕਾਰਨ ਹੈ ਸਾਡੇ ਆਪਣਿਆਂ ਦੀਆਂ ਖੁਦਗਰਜ਼ੀਆਂ ਤੇ ਹੰਨੇ-ਬੰਨੇ ਦੀ ਮੀਰੀ ਸਥਾਪਤ ਕਰਨ ਦੀ ਜਾਗਰੂਪ ਹੋਈ ਲਾਲਸਾ। ਰਣਜੀਤ ਸਿੰਘ ਤੋਂ ਪਿਛੋਂ ਅਸੀਂ ਆਪਸ ਵਿਚ ਖਹਿ ਮਰੇ ਤੇ 40 ਸਾਲਾਂ ਦੇ ਸਥਾਪਤ ਰਾਜ ਭਾਗ ਨੂੰ ਦਿਨਾਂ ਵਿਚ ਬਰਬਾਦ ਕਰ ਲਿਆ। ਅਸੀਂ ਇਕੱਠੇ ਸਾਂ ਤਾਂ ਰਾਜ ਭਾਗ ਦੇ ਮਾਲਕ ਬਣ ਗਏ ਵੱਖ-ਵੱਖ ਹੋਏ ਤਾਂ ਦੂਸਰੇ ਭਾਰਤੀਆਂ ਵਾਂਗ ਅਸੀਂ ਵੀ ਅੰਗਰੇਜਾਂ ਦੇ ਗੁਲਾਮ ਹੋ ਗਏ। ਜਿਸ ਦਾ ਇਵਜਾਨਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ। ਲੋੜ ਹੈ ਸਾਨੂੰ ਬੀਤੇ ਤੋਂ ਸਿੱਖਣ ਦੀ ਤੇ ਅੱਗਾ ਸਵਾਰਨ ਦੀ।

ਡਾ. ਰੂਪ ਸਿੰਘ

ਪੰਜਾਬੀ ਬੋਲੀ ਉੱਤੇ ਹੋ ਰਹੇ ਮਾਰੂ ਹੱਲੇ

ਲਖਵਿੰਦਰ ਜੌਹਲ

ਦੁਨੀਆਂ ਦੇ ਕਿਸੇ ਵੀ ਖ਼ਿੱਤੇ ਦੀ ਬੋਲੀ ਅਤੇ ਸੱਭਿਆਚਾਰ ਨਾਲ ਹੀ ਉਸ ਖ਼ਿੱਤੇ ਦੀ ਪਹਿਚਾਣ ਹੁੰਦੀ ਹੈ। ਜੇਕਰ ਬੋਲੀ ਨੂੰ ਹੀ ਖੋਰਾ ਲੱਗਣਾ ਸ਼ੁਰੂ ਹੋ ਜਾਵੇ ਤਾਂ ਉਸਦੀ ਮਾਰ ਸਦੀਆਂ ਤੱਕ ਅਗਲੀਆਂ ਪੀੜ੍ਹੀਆਂ ਨੂੰ ਝੱਲਣੀ ਪੈ ਸਕਦੀ ਹੈ। ਪੰਜਾਬ ਅਤੇ ਪੰਜਾਬੀ ਲੋਕ, ਜਿਨ੍ਹਾਂ ਦੀ ਪਹਿਚਾਣ ਪੰਜਾਬੀ ਬੋਲੀ ਨਾਲ ਹੀ ਹਮੇਸ਼ਾਂ ਤੋਂ ਕਾਇਮ ਰਹੀ ਹੈ, ਸੋਚੋ ਕਿ ਪੰਜਾਬੀ ਬੋਲੀ ਤੋਂ ਬਿਨ੍ਹਾਂ ਪੰਜਾਬ ਅਤੇ ਪੰਜਾਬੀ ਕਿਹੋ ਜਿਹਾ ਹੋਣਗੇ। ਇੱਕ ਪੰਜਾਬੀ ਹੋਣ ਦੇ ਨਾਤੇ ਮੇਰਾ ਹੀ ਨਹੀਂ, ਬਲਕਿ ਹਰ ਇੱਕ ਪੰਜਾਬੀ ਦਾ ਇਹ ਫ਼ਰਜ਼ ਬਣਦਾ ਏ ਕਿ ਉਹ ਪੰਜਾਬੀ ਮਾਂ ਬੋਲੀ ‘ਤੇ ਹੋ ਰਹੇ ਮਾਰੂ ਹੱਲਿਆਂ ਬਾਰੇ ਅਵਾਜ਼ ਚੁੱਕੇ। ਚੜ੍ਹਦੇ ਪੰਜਾਬ ਤੋਂ ਇਲਾਵਾ ਲਹਿੰਦੇ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਦੇ ਗੰਗਾਨਗਰ-ਹਨੂੰਮਾਨਗੜ੍ਹ ਅਤੇ ਵਿਦੇਸ਼ਾਂ ਵਿੱਚ ਵੀ ਪੰਜਾਬੀ ਬੋਲਣ ਤੇ ਸਮਝਣ ਵਾਲੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਨੇ, ਪਰ ਅਫਸੋਸ ਕਿ ਇਨ੍ਹਾਂ ਸਾਰਿਆਂ ਵਿੱਚੋਂ ਬਹੁਤ ਥੋੜ੍ਹੇ ਪੰਜਾਬੀ ਪ੍ਰਤੀ ਚਿੰਤਾ ਜ਼ਾਹਰ ਕਰਦੇ ਨੇ। ਇੱਥੇ ਮੈਂ ਪਿਛਲੇ ਕੁਝ ਦਿਨਾਂ ਦੀ ਗੱਲ ਹੀ ਕਰਾਂ ਤਾਂ ਇਹ ਮਹਿਸੂਸ ਹੁੰਦਾ ਕਿ ਪੰਜਾਬੀ ਹਜੇ ਗੂੜ੍ਹੀ ਨੀਂਦ ਵਿੱਚ ਸੁੱਤੇ ਪਏ ਨੇ! ਜਿੰਨ੍ਹਾਂ ਨੂੰ ਜਗਾਉਣ ਦੀ ਲੋੜ ਹੈ।

ਕੁਝ ਦਿਨ ਪਹਿਲਾਂ ਸ਼ੋਸ਼ਲ ਮੀਡੀਆ ਤੇ ਮੇਰੇ ਇੱਕ ਦੋਸਤ ਵੱਲੋਂ ਆਪਣਾ ਪੰਜਾਬੀ ਵਿਸ਼ੇ ਦਾ ਇੱਕ ਪ੍ਰਸ਼ਨ ਪੱਤਰ ਸਾਂਝਾ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਛਪਿਆ ਇਹ ਪ੍ਰਸ਼ਨ ਪੱਤਰ ਜਿਸ ਵਿੱਚ ਉਸਨੇ ਕੁਝ ਗਲਤੀਆਂ ਲੱਭੀਆਂ ਤੇ ਇਹ ਰੋਸ ਜ਼ਾਹਰ ਕੀਤਾ ਕਿ ਇੱਕ ਪਾਸੇ ਤਾਂ ਵਿਸ਼ਵ ਪੱਧਰ ਦਾ ਗਿਆਨ ਮਾਂ ਬੋਲੀ ਵਿੱਚ ਦਿਵਾਉਣ ਤੇ ਲੈਕਚਰ ਦਿੱਤੇ ਜਾਂਦੇ ਨੇ, ਤੇ ਦੂਜੇ ਪਾਸੇ ਇਹ ਛੋਟੀਆਂ ਛੋਟੀਆਂ ਗਲਤੀਆਂ ਵੱਲ ਗ਼ੌਰ ਨਹੀਂ ਕੀਤਾ ਜਾਂਦਾ। ਪਰ ਉਸਤੋਂ ਵੀ ਵੱਧ ਦੁੱਖ ਦੀ ਗੱਲ ਇਹ ਹੋਈ ਜਦੋਂ ਪਤਾ ਲੱਗਾ ਕਿ ਯੂਨੀਵਰਸਿਟੀ ਵੱਲੋਂ ਗ੍ਰੈਜੂਏਸ਼ਨ ਪੱਧਰ ਦੇ ਕੋਰਸਾਂ ਵਿੱਚੋਂ ਪੰਜਾਬੀ ਨੂੰ ਹੀ ਲਾਜ਼ਮੀ ਵਿਸ਼ੇ ਵਜੋਂ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸ ਫੈਸਲੇ ਨਾਲ ਪੰਜਾਬ ਦੇ ਲਗਪਗ 200 ਕਾਲਜਾਂ ਵਿੱਚ ਪੰਜਾਬੀ ਦੀ ਪੜ੍ਹਾਈ ਬੰਦ ਹੋਣ ਦਾ ਰਾਹ ਪੱਧਰ ਹੋ ਗਿਆ। ਵੱਡੀ ਫਿਕਰ ਵਾਲੀ ਗੱਲ ਇਹ ਹੈ ਵੀ ਲੱਗਦੀ ਏ ਕਿ ਯੂਨੀਵਰਸਿਟੀ ਕੋਲ ਸ਼ਾਇਦ ਪੰਜਾਬੀ ਪੜ੍ਹਨ ਵਾਲੇ ਬਹੁ ਗਿਣਤੀ ਵਿਦਿਆਰਥੀ ਵੀ ਨਹੀਂ ਰਹੇ। ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਸਕੂਲੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਬਹੁਤੇ ਵਿਦਿਆਰਥੀਆਂ ਅਗਲੇਰੀ ਪੜ੍ਹਾਈ ਪ੍ਰਦੇਸਾਂ ਵਿੱਚ ਪੂਰੀ ਕਰਨਾ ਲੋਚਦੇ ਨੇ। ਲੱਖਾਂ ਦੀ ਗਿਣਤੀ ਵਿੱਚ ਪੰਜਾਬੀਆਂ ਦੇ ਬੱਚੇ ਪ੍ਰਦੇਸ ਤੁਰੇ ਜਾ ਰਹੇ ਨੇ, ਵਿਦਿਆਰਥੀਆਂ ਦੀ ਘਾਟ ਕਾਰਨ ਵੱਡੇ ਵੱਡੇ ਨਾਮਵਰ ਕਾਲਜਾਂ ਨੂੰ ਜਿੰਦਰੇ ਤੱਕ ਲੱਗ ਗਏ, ਤਾਂ ਫੇਰ ਪੰਜਾਬੀ ਦੇ ਹੱਕ ਦੀ ਗੱਲ ਕੌਣ ਕਰੇ? ਪੰਜਾਬ ਯੂਨੀਵਰਸਿਟੀ ਕੋਈ ਛੋਟਾ ਅਦਾਰਾ ਨਹੀਂ, ਆਪਣੀ ਸ਼ੁਰੂਆਤ ਤੋਂ ਹੀ ਇਸਨੇ ਪੰਜਾਬ ਨੂੰ ਵੱਡੇ ਵੱਡੇ ਲੇਖਕ, ਵਿਦਾਵਾਨ,ਪ੍ਰੋਫੈਸਰ ਤੇ ਫ਼ਿਲਾਸਫ਼ਰ ਦਿੱਤੇ ਨੇ। ਇਨ੍ਹਾਂ ਵਿੱਚੋਂ ਕਿੰਨੇ ਕੁ ਮਾਂ ਬੋਲੀ ਪ੍ਰਤੀ ਚਿੰਤਿਤ ਨੇ ਅਤੇ ‘ਵਰਸਿਟੀ ਦੇ ਇਸ ਫੈਸਲੇ ਦਾ ਵਿਰੋਧ ਕਰਨਗੇ ਕੁਝ ਕਿਹਾ ਨਹੀਂ ਜਾ ਸਕਦਾ। ਮੌਜੂਦਾ ਪੰਜਾਬ ਸਰਕਾਰ ਵੱਲੋਂ ਵੀ ਪੰਜਾਬੀ ਬੋਲੀ ਦੇ ਵਿਕਾਸ ਲਈ ਹੁਣ ਤੱਕ ਕਈ ਐਲਾਨ ਕੀਤੇ ਗਏ ਨੇ। ਜੇਕਰ ਸਰਕਾਰ ਨੂੰ ਸੱਚਮੁੱਚ ਹੀ ਪੰਜਾਬੀ ਨਾਲ ਜਾਂ ਪੰਜਾਬੀ ਬੋਲੀ ਦੀ ਪੜ੍ਹਾਈ ਨਾਲ ਕੋਈ ਸੱਚੀ ਹਮਦਰਦੀ ਹੈ ਤਾਂ ਇਸ ਪਾਸੇ ਜ਼ਰੂਰ ਗ਼ੌਰ ਕਰਨੀ ਚਾਹੀਦੀ ਹੈ, ਤਾਂ ਜੋ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਬਹਾਲ ਰਹੇ।

ਯੂਨੀਵਰਸਿਟੀ ਜਾਂ ਕਾਲਜਾਂ ਦੀ ਪੜ੍ਹਾਈ ਤੋਂ ਇਲਾਵਾ ਜੇ ਗੱਲ ਸਕੂਲਾਂ ਦੀ ਕਰੀਏ ਤਾਂ ਹਾਲ ਇੱਥੇ ਵੀ ਕੋਈ ਬਹੁਤਾ ਚੰਗਾ ਨਹੀਂ। ਸਕੂਲੀ ਪੜ੍ਹਾਈ ਤੇ ਪੜ੍ਹਾਉਣ ਵਾਲੇ ਅਧਿਆਪਕ ਕਿਸੇ ਵੀ ਵਿਦਿਆਰਥੀ ਦੀ ਜ਼ਿੰਦਗੀ ਵਿੱਚ ਅਹਿਮ ਰੋਲ ਅਦਾ ਕਰਦੇ ਨੇ। ਇਸ ਸਮੇਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀਆਂ ਦੋ ਹਜ਼ਾਰ ਤੋਂ ਵੀ ਵੱਧ ਅਸਾਮੀਆਂ ਖਾਲੀ ਪਈਆਂ ਨੇ। ਜੇ ਸਕੂਲ ਵਿੱਚ ਹੀ ਪੰਜਾਬੀ ਵਿਸ਼ੇ ਦਾ ਮਾਹਰ ਅਧਿਆਪਕ ਮੌਜੂਦ ਨਹੀਂ ਤਾਂ ਮਾਂ ਬੋਲੀ ਲਿਖਣ ਅਤੇ ਪੜ੍ਹਨ ਵਿੱਚ ਵਿਦਿਆਰਥੀਆਂ ਦੀ ਪਕੜ ਭਲਾ ਕਿਵੇਂ ਮਜ਼ਬੂਤ ਹੋਵੇਗੀ? ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਤਾਂ ਪੰਜਾਬੀ ਵਿੱਚੋਂ 2265 ਵਿਦਿਆਰਥੀ ਫੇਲ੍ਹ ਹੋ ਗਏ ਅਤੇ ਪੰਜਾਬੀ ਇਕਲੌਤਾ ਵਿਸ਼ਾ ਰਿਹਾ ਜਿਸਦਾ ਨਤੀਜਾ ਹੋਰਨਾਂ ਵਿਸ਼ਿਆਂ ਨਾਲ਼ੋਂ ਸਭ ਤੋਂ ਘੱਟ ਰਿਹਾ। ਪੰਜਾਬੀ ਲਿਖਣ ਜਾਂ ਪੜ੍ਹਨ ਵਿੱਚ ਮੈਂ ਬਹੁਤਾ ਮਾਹਰ ਨਹੀਂ, ਪਰ ਜਿੰਨੀ ਵੀ ਪਕੜ ਪੰਜਾਬੀ ਵਿੱਚ ਹੈ ਉਹ ਮੇਰੇ ਸਕੂਲੀ ਅਧਿਆਪਕਾਂ ਕਰਕੇ ਬਣੀ ਹੋਈ ਏ। ਪ੍ਰਾਇਮਰੀ ਤੋਂ ਸੈਕੰਡਰੀ ਤੱਕ ਮੈਂ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਦਾ ਰਿਹਾ ਤੇ ਪੰਜਾਬੀ ਪੜ੍ਹਾਉਣ ਵਾਲੇ ਸਾਰੇ ਅਧਿਆਪਕ ਵੀ ਪੂਰੀ ਤਰ੍ਹਾਂ ਨਾਲ ਪੰਜਾਬੀ ਬੋਲੀ ਨੂੰ ਸਮਰਪਿਤ ਮਿਲੇ। ਸਰਕਾਰੀ ਸਕੂਲਾਂ ਨੇ ਬੇਸ਼ੱਕ ਹਜੇ ਪੰਜਾਬੀ ਸੰਭਾਲ਼ੀ ਹੋਈ ਏ ਪਰ ਜੇ ਇਨ੍ਹਾਂ ਵਿੱਚ ਖਾਲੀ ਪਈਆਂ ਪੰਜਾਬੀ ਦੀਆਂ ਅਸਾਮੀਆਂ ਨਾਂਹ ਭਰੀਆਂ ਗਈਆਂ ਤਾਂ ਇੱਥੋਂ ਪੜ੍ਹਕੇ ਜਾਣ ਵਾਲੇ ਵਿਦਿਆਰਥੀਆਂ ਦਾ ਹਾਲ ਵੀ ਹੌਲੀ ਹੌਲੀ ਪ੍ਰਾਈਵੇਟ ਜਾਂ ਕਾਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਵਾਲਾ ਹੋ ਜਾਵੇਗਾ, ਜਿੱਥੇ ਪੰਜਾਬੀ ਦੀ ਬਜਾਏ ਹੋਰਨਾਂ ਬੋਲੀਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਇਹ ਗੱਲ ਮੈਂ ਇਸ ਲਈ ਪੂਰੇ ਦਾਅਵੇ ਨਾਲ ਕਹਿ ਰਿਹਾ ਹਾਂ ਕਿਉਂਕਿ ਮੈੰ ਆਪਣੇ ਪਿੰਡ ਦੇ ਅਤੇ ਹੋਰ ਰਿਸ਼ਤੇਦਾਰਾਂ ਦੇ ਕਈ ਨਿਆਣੇ ਵੇਖੇ ਨੇ ਜੋ ਇਲਾਕੇ ਦੇ ਨਾਮਵਰ ਸਕੂਲਾਂ ਵਿੱਚ ਪੜ੍ਹ ਰਹੇ ਨੇ ਜਾਂ ਪੜ੍ਹ ਚੁੱਕੇ ਨੇ, ਅਜਿਹੀ ਪੰਜਾਬੀ ਬੋਲਦੇ, ਲਿਖਦੇ ਅਤੇ ਪੜ੍ਹਦੇ ਨੇ ਕਿ ਪੰਜਾਬੀ ਘੱਟ ਬਲਕਿ ਹਿੰਦੀ-ਅੰਗਰੇਜ਼ੀ ਦਾ ਮਿਲਗੋਭਾ ਜ਼ਿਆਦਾ ਲੱਗਦੀ ਹੈ। ਇੱਕ ਦਿਨ ਮੈਨੂੰ ਮੇਰਾ ਹੀ ਇੱਕ ਜਮਾਤੀ ਮਿਲਿਆ ਜੋ ਅੱਜ-ਕੱਲ੍ਹ ਇੱਕ ਪ੍ਰਾਈਵੇਟ ਸਕੂਲ ਵਿੱਚ ਪੰਜਾਬੀ ਅਧਿਆਪਕ ਵਜੋਂ ਪੜ੍ਹਾ ਰਿਹਾ ਹੈ। ਉਸਨੇ ਦੱਸਿਆ ਕਿ ਜਦੋਂ ਕਦੇ ਪੰਜਾਬੀ ਦਾ ਕੋਈ ਪਰਚਾ ਜਾਂ ਟੈਸਟ ਵੇਖਾਂ ਤਾਂ ਸਿਰ ਫੜ੍ਹਕੇ ਬੈਠ ਜਾਈਦਾ, ਇਹੀ ਗੱਲ ਸਮਝ ਤੋਂ ਬਾਹਰ ਹੋ ਜਾਂਦੀ ਏ ਕਿ ਆਖ਼ਰ ਇਸ ਵਿੱਚ ਕਿੰਨੀਆਂ ਕੁ ਗਲਤੀਆਂ ਕੱਢੀਆਂ ਜਾਣ ?

ਪੰਜਾਬੀ ਦੇ ਬਹੁਤੇ ਟੀ. ਵੀ. ਚੈਨਲਾਂ ਵਾਲਿਆਂ ਦਾ ਜ਼ਿਕਰ ਵੀ ਕਰਨਾ ਬਣਦਾ ਹੈ, ਕਿਉਂਕਿ ਪੰਜਾਬੀ ਦੇ ਸ਼ਬਦਾਂ ਤੇ ਸ਼ਬਦ-ਜੋੜਾਂ ਵਿੱਚ ਗਲਤੀਆਂ ਦਾ ਅਥਾਹ ਭੰਡਾਰ ਇਨ੍ਹਾਂ ਕੋਲ ਮੌਜੂਦ ਹੈ! ਜਿਨ੍ਹਾਂ ਦੀ ਮਦਦ ਨਾਲ ਪੰਜਾਬੀ ਸ਼ਬਦਾਂ ਦਾ ਰੂਪ ਵਿਗਾੜਨ ਵਿੱਚ ਹੋ ਰਹੀ ਇਸ ਸੇਵਾ ਵਿੱਚ ਇਹ ਤਨੋਂ ਅਤੇ ਮਨੋਂ ਤਿਲ-ਫੁੱਲ ਭੇਟਾ ਕਰ ਰਹੇ ਨੇ। ਇਨ੍ਹਾਂ ਦੀ ਲਿਖੀ ਪੰਜਾਬੀ ਪੜ੍ਹਕੇ ਕਦੇ ਹਾਸਾ ਵੀ ਆ ਜਾਂਦਾ ਤੇ ਦੁੱਖ ਵੀ ਮਹਿਸੂਸ ਹੁੰਦਾ। ਜ਼ਿਹਨ ਵਿੱਚ ਇਹ ਸਵਾਲ ਖੌਰੂ ਪਾਉਣ ਲੱਗ ਜਾਂਦੇ ਨੇ, ਕਿ ਇਹ ਅਜਿਹੀ ਪੰਜਾਬੀ ਲਿਖਣੀ ਸਿੱਖੇ ਕਿੱਥੋਂ ਨੇ? ਕੀ ਇਨ੍ਹਾਂ ਨੂੰ ਇਹ ਗਲਤੀਆਂ ਦਰੁਸਤ ਕਰਨ ਲਈ ਕੋਈ ਨਹੀਂ ਕਹਿੰਦਾ? ਇਹ ਜੋ ਗਲਤ ਇਨ੍ਹਾਂ ਲਿਖ ਲਿਆ, ਕੀ ਇਸਨੂੰ ਕਿਸੇ ਪੰਜਾਬੀ ਮਾਹਰ ਕੋਲ਼ੋਂ ਦਰੁਸਤ ਕਰਾਉਣਾ ਇਹ ਜ਼ਰੂਰੀ ਨਹੀਂ ਸਮਝਦੇ? ਮੁੱਕਦੀ ਗੱਲ ਇਹ ਕਿ, ਕੀ ਇਨ੍ਹਾਂ ਨੂੰ ਪੰਜਾਬੀ ਦੀ ਸਹੀ ਟਾਈਪਿੰਗ ਕਰਨ ਦੀ ਕੋਈ ਮੁਹਾਰਤ ਹਾਸਲ ਹੈ? ਪਿਛਲੇ ਕੁਝ ਸਮੇਂ ਵਿੱਚ ਮੈਂ ਪੰਜਾਬੀ ਦੇ ਉੱਘੇ ਭਾਸ਼ਾ ਵਿਗਿਆਨੀ ਡਾਕਟਰ ਹਰਕੀਰਤ ਸਿੰਘ ਹੁਰਾਂ ਦੀਆਂ ਪੰਜਾਬੀ ਬੋਲੀ ਅਤੇ ਇਸਦੇ ਵਿਆਕਰਨ ਬਾਬਤ ਲਿਖੀਆਂ ਕਿਤਾਬਾਂ ਇਕੱਠੀਆਂ ਕੀਤੀਆਂ। ਪੰਜਾਬੀ ਨੂੰ ਚੰਗੀ ਤਰ੍ਹਾਂ ਪੜ੍ਹਨ-ਲਿਖਣ ਦੇ ਜੋ ਤਰੀਕੇ ਉਨ੍ਹਾਂ ਨੇ ਦੱਸੇ, ਮੈਨੂੰ ਨਹੀਂ ਲੱਗਦਾ ਕਿ ਇਸ ਉੱਤੇ ਕਿਤੇ ਅਮਲ ਹੋ ਰਿਹਾ ਏ। ਅੱਜ ਡਾਕਟਰ ਸਾਬ੍ਹ ਇਸ ਦੁਨੀਆਂ ਵਿੱਚ ਨਹੀਂ ਰਹੇ, ਪਰ ਜੇ ਜਿਉਂਦੇ ਹੁੰਦੇ ਤਾਂ ਸ਼ਾਇਦ ਉਨ੍ਹਾਂ ਨੇ ਇਹ ਗਲਤੀਆਂ ਕਰਨ ਵਾਲਿਆਂ ਜਾਂ ਇਨ੍ਹਾਂ ਦੀਆਂ ਇਹ ਨਿੱਕੀਆਂ ਵੱਡੀਆਂ ਗਲਤੀਆਂ ਬਾਬਤ ਵੀ ਇੱਕ ਕਿਤਾਬ ਲਾਜ਼ਮੀ ਲਿਖ ਦੇਣੀ ਸੀ।

ਇਨ੍ਹੀਂ ਦਿਨੀਂ ਅਕਾਸ਼ਵਾਣੀ ਵੱਲੋਂ ਆਪਣੇ ਦਿੱਲੀ ਅਤੇ ਚੰਡੀਗੜ੍ਹ ਦੇ ਕੇਂਦਰਾਂ ਤੋਂ ਨਸ਼ਰ ਹੋਣ ਵਾਲੀਆਂ ਪੰਜਾਬੀ ਖਬਰਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਏ। ਇਹ ਵੀ ਪੰਜਾਬੀ ਬੋਲੀ ਤੇ ਕਿਸੇ ਮਾਰੂ ਹੱਲੇ ਨਾਲ਼ੋਂ ਘੱਟ ਨਹੀਂ। ਜੇ ਗੱਲ ਦਿੱਲੀ ਕੇਂਦਰ ਦੇ ਪੰਜਾਬੀ ਬੁਲੇਟਿਨ ਦੀ ਕਰੀਏ ਤਾਂ ਇਹ 1947 ਦੀ ਵੰਡ ਤੋਂ ਲੈ ਕੇ ਹੁਣ ਤੱਕ ਨਸ਼ਰ ਹੁੰਦਾ ਆ ਰਿਹਾ ਸੀ। ਪੰਜਾਬ ਦੀ ਹੋਈ ਇਸ ਖ਼ੂਨੀ ਵੰਡ ਵੇਲੇ ਲਗਪਗ ਪੰਜ ਲੱਖ ਪੰਜਾਬੀਆਂ ਨੇ ਦਿੱਲੀ ਨੂੰ ਆਪਣਾ ਘਰ ਬਣਾਇਆ ਸੀ। ਸਭ ਕੁਝ ਗਵਾਕੇ ਆਏ ਪੰਜਾਬੀਆਂ ਨੇ ਮੁੜ ਤੋਂ ਦਿੱਲੀ ਵਿੱਚ ਆਪਣੇ ਪੈਰ ਜਮਾਏ। ਪਰ ਇਸ ਬਿਗਾਨੇ ਜਿਹੇ ਸ਼ਹਿਰ ਵਿੱਚ ਉਨ੍ਹਾਂ ਦੀਆਂ ਅਗਲੀਆਂ ਨਸਲਾਂ ਹੌਲੀ ਹੌਲੀ ਪੰਜਾਬੀ ਤੋਂ ਦੂਰ ਹੋ ਗਈਆਂ। ਕਿਸੇ ਵੇਲੇ ਇਸ ਸ਼ਹਿਰ ਵਿੱਚ ਪੰਜਾਬੀ ਬੋਲੀ ਅਤੇ ਪੰਜਾਬੀਆਂ ਦਾ ਪੂਰਾ ਦਬਦਬਾ ਸੀ, ਪਰ ਹੁਣ ਤਾਂ ਪੰਜਾਬੀ ਨੂੰ ਹੀ ਇੱਥੋਂ ਕੱਢ ਦਿੱਤਾ ਗਿਆ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਪੰਜਾਬੀ ਖਬਰਾਂ ਰੇਡੀਓ ਤੇ ਉਦੋਂ ਤੋਂ ਹੀ ਨਸ਼ਰ ਹੋ ਰਹੀਆਂ ਨੇ ਜਦੋਂ ਤੋਂ ਇੱਥੇ ਅਕਾਸ਼ਵਾਣੀ ਦਾ ਰੇਡੀਓ ਕੇਂਦਰ ਸ਼ੁਰੂ ਹੋਇਆ। ਹਰਿਆਣਾ ਨੂੰ ਪੰਜਾਬ ਵਿੱਚੋਂ ਅਲੱਗ ਕਰਕੇ ਨਵਾਂ ਹਿੰਦੀ ਭਾਸ਼ੀ ਸੂਬਾ ਬਣਾ ਦਿੱਤਾ ਗਿਆ ਤੇ ਚੰਡੀਗੜ੍ਹ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਬਣਿਆ। ਹੌਲੀ ਹੌਲੀ ਪੰਜਾਬੀ ਚੰਡੀਗੜ੍ਹ ਦੇ ਦਫ਼ਤਰਾਂ ਵਿੱਚੋਂ ਵੀ ਗਾਇਬ ਹੀ ਹੋ ਗਈ। ਅਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਪੰਜਾਬੀ ਦਾ ਬੁਲੇਟਿਨ ਤਾਂ ਬੰਦ ਕਰ ਦਿੱਤਾ ਗਿਆ ਏ ਪਰ ਹਿੰਦੀ ਦਾ ਬੁਲੇਟਿਨ ਓਵੇਂ ਹੀ ਜਾਰੀ ਹੈ। ਪੰਜਾਬ ਅਤੇ ਪੰਜਾਬੀਆਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਗਿਆ ਕਿ ਚੰਡੀਗੜ੍ਹ ‘ਤੇ ਹੁਣ ਪੰਜਾਬ ਦਾ ਕੋਈ ਬਹੁਤਾ ਹੱਕ ਨਹੀਂ ਰਿਹਾ। ਸਾਲ 2011 ਦੇ ਅੰਕੜਿਆਂ ਮੁਤਾਬਕ ਚੰਡੀਗੜ੍ਹ ਦੀ 76% ਅਬਾਦੀ ਹਿੰਦੀ ਬੋਲਣ ਵਾਲਿਆਂ ਦੀ ਹੈ। ਪੰਜਾਬ ਦੇ ਪਿੰਡਾਂ ਨੂੰ ਉਜਾੜਕੇ ਨਵੀਂ ਬਣਾਈ ਰਾਜਧਾਨੀ ਵਿੱਚ ਹੀ ਅੱਜ ਪੰਜਾਬੀ ਨੂੰ ਬੋਲਣ ਵਾਲੇ ਮਸਾਂ 22% ਲੋਕ ਨੇ। ਕੱਲ੍ਹ ਨੂੰ ਚੰਡੀਗੜ੍ਹ ਉੱਤੇ ਪੰਜਾਬ ਕੋਈ ਦਾਅਵਾ ਨਾ ਸਕੇ, ਕਿਸੇ ਸਾਜਿਸ਼ ਤਹਿਤ ਹੌਲੀ ਹੌਲੀ ਪੰਜਾਬੀ ਨੂੰ ਇੱਥੋਂ ਬਾਹਰ ਕੱਢਿਆ ਜਾ ਰਿਹਾ ਏ। ਇੰਜ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਖ਼ਤਮ ਕਰਨਾ ਅਤੇ ਅਕਾਸ਼ਵਾਣੀ ਕੇਂਦਰ ਚੰਡੀਗੜ੍ਹ ਤੋਂ ਪੰਜਾਬੀ ਬੁਲੇਟਿਨ ਬੰਦ ਹੋਣਾ ਵੀ ਇਸੇ ਸਾਜਿਸ਼ ਦਾ ਹੀ ਹਿੱਸਾ ਹੈ।

ਚੜ੍ਹਦੇ ਪੰਜਾਬ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਨੂੰ ਖੋਰਾ ਲੱਗ ਰਿਹਾ ਹੈ, ਪਤਾ ਸਭ ਨੂੰ ਹੈ ਪਰ ਬੋਲ ਕੋਈ ਨਹੀਂ ਰਿਹਾ। ਲਹਿੰਦੇ ਪੰਜਾਬ ਵਿੱਚ ਸੁਹਿਰਦ ਅਤੇ ਪੰਜਾਬੀ ਪ੍ਰੇਮੀ ਪੰਜਾਬੀ ਬੋਲੀ ਨੂੰ ਸਕੂਲਾਂ ਦੇ ਸਿਲੇਬਸ ਵਿੱਚ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕਰਨ ਲਈ ਜੱਦੋ ਜਹਿਦ ਕਰ ਰਹੇ ਨੇ, ਉੱਥੇ ਉਨ੍ਹਾਂ ਦੀ ਸੁਣ ਕੋਈ ਨਹੀਂ ਰਿਹਾ। ਪ੍ਰਦੇਸਾਂ ਵਿੱਚ ਜਾ ਵੱਸੇ ਪੰਜਾਬੀ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣਾ ਚਾਹੁੰਦੇ ਨੇ ਤੇ ਕੋਸ਼ਿਸ਼ਾਂ ਵੀ ਕਰ ਰਹੇ ਨੇ। ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਉਦੋਂ ਤੱਕ ਸਫ਼ਲ ਹੁੰਦੀਆਂ ਨਹੀਂ ਲੱਗਦੀਆਂ ਜਦੋਂ ਤੱਕ ਉਨ੍ਹਾਂ ਦੇ ਨਿਆਣੇ ਦਿਲੋਂ ਪੰਜਾਬੀ ਨੂੰ ਮਾਂ ਬੋਲੀ ਨਹੀਂ ਮੰਨਦੇ। ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਭਾਂਵੇ ਪੰਜਾਬੀ ਪਹਿਲੀ ਬੋਲੀ ਵਜੋਂ ਕਿਤੇ ਨਹੀਂ ਪੜ੍ਹਾਈ ਜਾਂਦੀ, ਫੇਰ ਵੀ ਸ਼ੋਸ਼ਲ ਮੀਡੀਆ ਤੇ ਇਹ ਵਿਚਾਰੇ ਪੰਜਾਬੀ ਲਿਖਣ ਦੀ ਬੜੀ ਸੋਹਣੀ ਕੋਸ਼ਿਸ ਕਰਦੇ ਨੇ। ਪਰ ਜਦੋਂ ਪੰਜਾਬ ਵਾਲਾ ਕੋਈ ਇਨ੍ਹਾਂ ਨੂੰ ਕਿਸੇ ਗਲਤੀ ਤੋਂ ਕੋਈ ਟਕੋਰ ਕਰਦਾ ਤਾਂ ਇਹ ਦੇਖਕੇ ਦੁੱਖ ਲੱਗਦਾ ਕਿ ਅਸੀਂ ਪੰਜਾਬੀ ਦੇ ਘਰ ਵਿੱਚ ਪੰਜਾਬੀ ਦੀ ਹੋ ਰਹੀ ਦੁਰਦਸ਼ਾ ਬਾਰੇ ਨਹੀਂ ਬੋਲਦੇ, ਪਰ ਆਪਣੇ ਉਨ੍ਹਾਂ ਭੈਣ ਭਰਾਵਾਂ ਨੂੰ ਨੀਵੇਂ ਜ਼ਰੂਰ ਵਿਖਾਉਣ ਦੀ ਕੋਸ਼ਿਸ ਕਰਦੇ ਹਾਂ ਜੋ ਗ਼ੈਰ ਪੰਜਾਬੀ ਖ਼ਿੱਤੇ ਵਿੱਚ ਬੈਠੇ ਹੋਏ ਵੀ ਕਿਤੇ ਨਾ ਕਿਤੇ ਪੰਜਾਬੀ ਨਾਲ ਜੁੜੇ ਹੋਏ ਨੇ। ਪੰਜਾਬੀ ਬੋਲੀ ਉੱਤੇ ਹੋ ਰਹੇ ਇਨ੍ਹਾਂ ਹੱਲਿਆਂ ਤੋਂ ਪੰਜਾਬੀ ਨੂੰ ਬਚਾਉਣ ਲਈ ਸਾਰੇ ਪੰਜਾਬੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਪੰਜਾਬੀ ਲਈ ਬੋਲਣ, ਲਿਖਣ ਤੇ ਅਵਾਜ਼ ਚੁੱਕਣ ਦੀ ਲੋੜ ਹੈ ਕਿਉਂਕਿ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਆਪਣੇ ਆਪ ਨੂੰ ਪੰਜਾਬੀ ਅਖਵਾਉਣ ਦਾ ਹੱਕ ਤਾਂ ਹੀ ਰੱਖਦੇ ਹਾਂ ਜੇ ਮਾਂ ਬੋਲੀ ਪੰਜਾਬੀ ਦੇ ਅਸਲੀ ਰੂਪ ਨੂੰ ਇਸਦੇ ਘਰ ਪੰਜਾਬ ਵਿੱਚ ਹੀ ਬਚਾ ਕੇ ਰੱਖੀਏ। 

ਲਖਵਿੰਦਰ ਜੌਹਲ ‘ਧੱਲੇਕੇ’
ਈਮੇਲ johallakwinder@gmail.com
ਫ਼ੋਨ ਨੰਬਰ-9815959476

ਸ. ਪ੍ਰਕਾਸ਼ ਸਿੰਘ ਬਾਦਲ ਦੇ ਕਿਰਦਾਰ ’ਤੇ ਉੱਠੀਆਂ ਉਗਲਾਂ ਦੀ ਪੜਚੋਲ

ਬਹਿਬਲ ਕਲਾਂ ਅਤੇ ਬਰਗਾੜ੍ਹੀ ਕਾਂਡ ਨੂੰ ਲੈ ਕੇ ਜਿੰਨ੍ਹੀਂ ਅਲੋਚਨਾ ਬਾਦਲ ਸਰਕਾਰ ਦੀ ਹੋਈ, ਸ਼ਾਇਦ ਹੀ ਕਿਸੇ ਹੋਰ ਮਸਲੇ ’ਤੇ ਹੋਈ ਹੋਵੇ। ਦੋ ਸਿੱਖ ਨੌਜਵਾਨਾਂ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਹੱਤਿਆ, ਜਿਨ੍ਹਾਂ ਨੂੰ ਬਾਅਦ ਵਿੱਚ ਸ਼ਹੀਦ ਦਾ ਦਰਜਾ ਦਿੱਤਾ ਗਿਆ, ਉਹ ਵੀ ਉਦੋਂ ਜਦੋਂ ਸਿੱਖਾਂ ਜਾਂ ਪੰਥ ਦੀ ਆਪਣੀ ਸਰਕਾਰ ਹੋਵੇ। ਬਰਗਾੜ੍ਹੀ ਵਿੱਖੇ ਕੁੱਝ ਸਿੱਖ ਜਥੇਬੰਦੀਆਂ ਰਾਹੀਂ ਕਈ ਮਹੀਨੇ ਸਰਕਾਰ ਵਿਰੁੱਧ ਮੋਰਚੇ ਲਾਏ ਗਏ। ਸਿੱਖ ਕੌਮ ਦੇ ਰੋਸ ਕਾਰਨ ਉਹ ਪਾਰਟੀ ਜੋ 100 ਸਾਲ ਪਹਿਲਾਂ ਹੋਂਦ ਵਿੱਚ ਆ ਕੇ ਕਈ ਪੰਥਕ ਅਤੇ ਆਜ਼ਾਦੀ ਲਈ ਘੋਲ ਘਾਲੇ ਅਤੇ ਸਮੇਂ-ਸਮੇਂ ਤੋਂ ਸੱਤਾ ਵੀ ਹਾਸਲ ਕੀਤੀ ਅੱਜ ਹਾਸ਼ੀਏ ’ਤੇ ਆ ਚੁੱਕੀ ਹੈ। ਬਾਦਲ ਸਾਹਿਬ ਦੀ ਮੌਤ ਤੋਂ ਬਾਅਦ ਹੋਂਦ ਦੀ ਲੜਾਈ ਲੜ ਰਹੀ ਹੈ। ਇਸਦੀ ਮਾੜੀ ਸਥਿਤੀ ਹੋਣ ਕਾਰਨ, ਪਿਛਲੀਆਂ ਚੋਣਾ ਵਿੱਚ ਵਿਰੋਧੀ ਧਿਰ ਵੀ ਨਾ ਬਣ ਸਕੀ। ਬਦਲੇ ਦੀ ਸਿਆਸਤ ਖੇਡਦਿਆਂ, ਪਹਿਲਾਂ ਬਿਕਰਮਜੀਤ ਸਿੰਘ ਮਜੀਠੀਆਂ ਨੂੰ ਡਰੱਗ ਕੇਸਾਂ ਵਿੱਚ ਅਤੇ ਕੁੱਝ ਮਹੀਨੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਉਸ ਸਮੇਂ ਦੇ ਸਬੰਧਤ ਅਧਿਕਾਰੀ ਸੁਮੇਧ ਸੈਣੀ ਅਤੇ ਉਮਰਾਨੰਗਲ ਆਦਿ ਨੂੰ ਭਗਵੰਤ ਮਾਨ ਦੀ ਸਰਕਾਰ ਰਾਹੀਂ ਕੋਟਕਪੂਰਾ ਗੋਲੀ ਕਾਂਡ ਕੇਸਾਂ ਵਿੱਚ ਚਾਰਜਸ਼ੀਟ ਕੀਤਾ ਗਿਆ ਹੈ। ਇਸ ਦੀ ਸਚਾਈ ਦੀ ਘੋਖ ਕਰਨੀ ਅਤੀ ਜ਼ਰੂਰੀ ਹੈ। ਬੇਅਦਬੀ ਦੇ ਦੋਸ਼ ਜੋ ਬਾਦਲ ਪਰਿਵਾਰ ’ਤੇ ਲੱਗਦੇ ਰਹੇ, ਉਨ੍ਹਾਂ ਵਿੱਚ ਤਾਂ ਪਹਿਲਾਂ ਹੀ ਰਾਮ ਰਹੀਮ, ਡੇਰਾ ਸੱਚਾ ਸੌਦੇ ਦੇ ਚੇਲ੍ਹੇ ਜਾਂ ਸਮਰਥੱਕ ਚਾਰਜਸ਼ੀਟ ਹੋ ਕੇਸ ਭੁਗਤ ਰਹੇ ਹਨ। ਉਨ੍ਹਾਂ ਰਾਹੀਂ ਇਸ ਕੇਸ ਨੂੰ ਪੰਜਾਬ ਤੋਂ ਬਾਹਰ ਚੰਡੀਗੜ੍ਹ ਲੈ ਜਾਣ ਦੀ ਕਾਨੂੰਨੀ ਲੜਾਈ ਵੀ ਲੜੀ ਜਾ ਰਹੀ ਹੈ, ਤਾਂ ਜੋ ਕਿਸੇ ਕਿਸਮ ਦਾ ਪੱਖਪਾਤ ਨਾਂ ਹੋ ਸਕੇ। ਰਿਪੋਰਟਾਂ ਦੇ ਮੁਤਾਬਕ ਕੋਟਕਪੂਰਾ ਗੋਲੀ ਕਾਂਡ ਜਿਸ ਵਿੱਚ ਇਕ ਸਿੱਖ ਸ਼ਖ਼ਸ਼ ਨੂੰ ਲੱਤ ’ਤੇ ਗੋਲੀ ਲੱਗੀ ਸੀ, ਅਸਲ ਵਿੱਚ ਉੱਥੋਂ ਦੀ ਕਾਨੂੰਨ ਵਿਵਸਥਾ ਦਾ ਕੇਸ ਹੈ। ਸੁਖਬੀਰ ਸਿੰਘ ਬਾਦਲ ਉਸ ਸਮੇਂ ਪੰਜਾਬ ਤੋਂ ਬਾਹਰ ਸਨ ਅਤੇ ਉਸ ਸਮੇਂ ਉਥੇ ਤਾਇਨਾਤ ਐਸ.ਡੀ.ਐਮ ਨੇ ਮੰਨਿਆ ਹੈ ਕਿ ਹਾਲਾਤਾਂ ’ਤੇ ਕਾਬੂ ਪਾਉਣ ਲਈ ਗੋਲੀ ਦਾ ਹੁਕਮ ਉਸ ਨੇ ਦਿੱਤਾ ਸੀ। ਖ਼ੈਰ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਜ਼ਰੂਰੀ ਹੈ। ਕਾਨੂੰਨ ਦੀ ਪ੍ਰਤੀਕਿਰਿਆ ਦੇ ਮੁਤਾਬਕ ‘‘ਦੋਸ਼ੀ ਸਾਬਤ ਹੋਣ ਤੱਕ ਮੁਲਜ਼ਮ ਬੇਗੁਨਾਹ ਹੈ’’ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਹੀਂ, ਮਨੀਸ਼ ਸਿਸੋਦੀਆਂ ਦੀ ਆਬਕਾਰੀ ਨੀਤੀ ਘੁਟਾਲੇ ਦੇ ਮਾਮਲੇ ਵਿੱਚ ਅਤੇ ਜੇਲ੍ਹ ਮੰਤਰੀ ਸਤੇਂਦਰ ਜੈਨ ਦੀ ਗਿ੍ਰਫ਼ਤਾਰੀ ਦਾ ਕੇਂਦਰ ’ਤੇ ਦੋਸ਼ ਲਾਇਆ ਜਾ ਰਿਹਾ ਹੈ, ਕਿ ਭਾਜਪਾ ਬਦਲਾ ਲੈਣ ਦੀ ਭਾਵਨਾ ਤਹਿਤ ਕੰਮ ਕਰਦਿਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਇਸਦੇ ਉਲਟ ਆਪਣੀ ਮੰਜੀ ਹੇਠ ਸੋਟਾ ਨਾ ਫੇਰਦਿਆਂ, ਵਿਰੋਧੀ ਧਿਰ ਦੇ ਨੇਤਾ, ਕੁਲਦੀਪ ਸਿੰਘ ਵੈਦ, ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ ਅਤੇ ਬ੍ਰਹਮਪੁਰਾ ਨੂੰ ਵੱਖਰੇ-ਵੱਖਰੇ ਇਲਜ਼ਾਮਾਂ ਹੇਠ ਧੜਾ ਧੜ ਜੇਲ੍ਹ ਭੇਜ ਰਹੀ ਹੈ। ਇਸੇ ਤਰ੍ਹਾਂ ਬਿਕਰਮਜੀਤ ਸਿੰਘ ਮਜੀਠੀਏ ਦੇ ਡਰੱਗ ਕੇਸ ਨੂੰ ਲੈ ਕੇ ਵੀ ਆਪ ਆਦਮੀ ਪਾਰਟੀ ’ਤੇ ਸਿਆਸੀ ਬਦਲਾਖੋਰੀ ਦੇ ਦੋਸ਼ ਲੱਗ ਰਹੇ ਹਨ। ਸਮਾਂ ਹੀ ਦੱਸੇਗਾ। ਕਾਂਗਰਸ ਨੇ ਬੇਅਦਬੀ, ਵੱਧਦੇ ਨਸ਼ੇ ਅਤੇ ਕਿਰਸਾਨੀ ਤੇ ਕਰਜ਼ੇ ਦੇ ਵੱਧਦੇ ਬੋਝ ਵਰਗੇ ਮੁੱਦਿਆਂ ਨੂੰ ਲੈ ਕੇ 2017 ਦੀ ਵਿਧਾਨ ਸਭਾ ਦੀ ਚੋਣ ਲੜ੍ਹੀ ਗਈ। ਬਾਦਲ ਸਰਕਾਰ ਨੂੰ ਦੂਸ਼ਣ ਦੇਂਦਿਆਂ, ਕੈਪਟਨ ਅਮਰਿੰਦਰ ਸਿੰਘ, ਰਾਹੀਂ ਗੁੱਟਕੇ ਤੇ ਹੱਥ ਰੱਖਕੇ ਸੁੰਹ ਚੁੱਕੀ ਗਈ ਕਿ ਉਹ ਮਹੀਨੇ ਦੇ ਅੰਦਰ-ਅੰਦਰ ਨਸ਼ਾ ਬੰਦ ਕਰ ਦੇਵੇਗਾ। ਵੱਡੀ ਬਹੁਮੱਤ ਨਾਲ ਸਰਕਾਰ ਬਨਾਉਣ ਦੇ ਬਾਵਜੂਦ ਕੈਪਟਨ ਸਰਕਾਰ ਕੋਈ ਵਾਅਦਾ ਵੀ ਪੂਰਾ ਨਹੀਂ ਕਰ ਸਕੀ ਅਤੇ ਲੋਕ ਵਾਅਦਾ ਖਿਲਾਫ਼ੀ ਕਾਰਨ ਸਰਕਾਰ ਨੂੰ ਘੇਰਦੇ ਰਹੇ। 2022 ਦੀਆਂ ਵਿਧਾਨ ਸਭਾ ਚੋਣਾ ਵਿੱਚ ਰਵਾਇਤੀ ਰਾਜਨੀਤੀ ਛੱਡ, ਵੰਡ ਤਬਦੀਲੀ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ 92 ਸੀਟਾ ਪ੍ਰਾਪਤ ਕਰਕੇ, ਵੱਡੇ ਬਹੁਮੱਤ ਨਾਲ ਤਾਕਤ ਵਿੱਚ ਆਈ। ਪੰਜਾਬੀਆਂ ਨੂੰ ਦਿੱਲੀ ਤੋਂ ਨਸ਼ੇੜੀ ਦੇ ਤੌਰ ’ਤੇ ਬਦਨਾਮ ਕਰਨ ਵਾਲਾ ਕੇਜਰੀਵਾਲ, ਇਸ ਮੁੱਦੇ ’ਤੇ ਹਾਲਾਂ ਤੱਕ ਕੁਝ ਵੀ ਨਹੀਂ ਕਰ ਸਕਿਆ। ਸਰਹੰਦੋਂ ਪਾਰ ਨਸ਼ੇ ਦੀ ਖੇਪ ਕਦੇ ਕੁਝ ਕਿਲੋਆਂ ਦੇ ਹਿਸਾਬ ਨਾਲ ਹੁੰਦੀ ਸੀ, ਅੱਜ ਸੋ ਕਿਲੋਆਂ ਨਾਲ ਹੋ ਚੁੱਕੀ ਹੈ। ਨਸ਼ੇ ਨਾਲ ਨੌਜਵਾਨਾਂ ਦੀ ਮੌਤ ਵਿੱਚ ਦਿਨੇ ਦਿਨ ਵਾਧਾ ਹੋ ਰਿਹਾ ਹੈ। ਆਪ ’ਤੇ ਵਾਅਦਾ ਖਿਲਾਫ਼ੀ ਦੇ ਹਰ ਰੋਜ਼ ਦੋਸ਼ ਲੱਗ ਰਹੇ ਹਨ। ਫਿਰ ਬਾਦਲ ਸਰਕਾਰ ਅਤੇ ਪਰਿਵਾਰ ’ਤੇ ਇਹ ਦੋਸ਼ ਕਿਉ ? ਅਸਲੀਅਤ ਤਾਂ ਇਹ ਹੈ ਕਿ ਸਾਰੇ ਸੰਸਾਰ ਵਿੱਚ ਹੀ ਨਸ਼ਾ ਨੌਜਵਾਨੀ ਨੂੰ ਖਾ ਰਿਹਾ ਹੈ।

ਪ੍ਰਕਾਸ਼ ਸਿੰਘ ਬਾਦਲ ਦੀ ਆਮ ਅਲੋਚਨਾ ਕੀਤੀ ਜਾਂਦੀ ਹੈ ਕਿ ਉਹ ਕੇਂਦਰ ਵਿੱਚ ਖੇਤੀਬਾੜੀ ਅਤੇ ਸਿੰਚਾਈ ਮੰਤਰੀ ਅਤੇ ਪੰਜਾਬ ਵਿੱਚ ਪੰਜ ਵਾਰ ਮੁੱਖ ਮੰਤਰੀ ਹੁੰਦਿਆਂ, ਐੱਸ.ਵਾਈ.ਐੱਲ ਨਹਿਰ ਜਾਂ ਪਾਣੀਆਂ ਦੇ ਮਸਲੇ ਨੂੰ ਹੱਲ ਨਹੀਂ ਕਰ ਸਕੇ। ਪਰ ਕੀ ਇਹ ਇੰਦਰਾਂ ਗਾਂਧੀ ਦੇ ਸਮੇਂ ਕਪੂਰੀ ਪਿੰਡ ਤੋਂ ਉਸ ਰਾਹੀਂ ਕਹੀ ਦਾ ਟੱਪ ਲੂਆਕੇ, ਤਤਕਾਲੀ ਪੰਜਾਬ ਦੀ ਕਾਂਗਰਸ ਰਾਹੀਂ ਐਸ.ਵਾਈ.ਐੱਲ ਦੇ ਨਿਰਮਾਣ ਦੀ ਸ਼ੁਰੂਆਤ ਨਹੀਂ ਕੀਤੀ ਗਈ ? ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਾਹੀਂ ਡੀਨੋਟੀਫੀਕੇਸ਼ਨ ਕਰਦਿਆਂ ਸਾਰੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਗਈ ਹੈ ਤਾਂ ਕਿ ਐਸ.ਵਾਈ.ਐੱਲ. ਨਹਿਰ ਦਾ ਨਿਰਮਾਣ ਹੀ ਨਾ ਹੋ ਸਕੇ। ਸਮੇਂ ਸਮੇਂ ’ਤੇ ਸੁਖਬੀਰ ਸਿੰਘ ਬਾਦਲ ਨੇ ਐਸ.ਵਾਈ.ਐੱਲ ਦਾ ਮੁੱਦੇ ’ਤੇ ਬੋਲਦਿਆਂ ਕਿਹਾ ਹੈ ਕਿ ਪੰਜਾਬ ਕੋਲ ਇਕ ਬੂੰਦ ਵੀ ਪਾਣੀ ਦਾ ਦੇਣ ਦੀ ਗੁਜਾਇੰਸ਼ ਨਹੀਂ ਹੈ। ਪਿਛਲੇ ਸਾਲ ਜਦੋਂ ਐਸ.ਵਾਈ.ਐੱਲ ਦੇ ਮੁੜ ਨਿਰਮਾਣ ਤੋਂ ਭਗਵੰਤ ਮਾਨ ਅਤੇ ਹਰਿਆਣੇ ਦੇ ਮੁੱਖ ਮੰਤਰੀ ਵਿੱਚ ਆਪਸੀ ਮੀਟਿੰਗ ਹੋਈ ਤਾਂ ਸੁਖਬੀਰ ਬਾਦਲ ਰਾਹੀਂ ਗੁਜਾਇੰਸ਼ ਕੀਤੀ ਗਈ ਕਿ ਇਸ ਮੀਟਿੰਗ ਦਾ ਕੋਈ ਮੰਤਵ ਹੀ ਨਹੀਂ, ਜਦੋਂ ਕਿ ਪੰਜਾਬ ਕੋਲ ਇਕ ਬੂੰਦ ਪਾਣੀ ਵੀ ਵਾਧੂ ਨਹੀਂ, ਤਾਂ ਜੋ ਇਹ ਹਰਿਆਣੇ ਨੂੰ ਦੇ ਸਕੇ।

ਪਰਿਵਾਰਵਾਦ ਜਾਂ ਕੁਨਬਾਪ੍ਰਤੀ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਜਿਥੇ ਖੋਰਾ ਲਾਉਦਾ ਹੈ, ਉਥੇ ਜ਼ਮਹੂਰੀਅਤ ਲਈ ਵੀ ਵੱਡਾ ਖ਼ਤਰਾ ਹੈ। ਭਾਰਤ ਵਿੱਚ ਰਾਜਨੀਤੀ ਨੂੰ ਲੈਕੇ, ਪਿੳੂ, ਭਰਾ ਅਤੇ ਭਤੀਜੇ ਦੀ ਸਰਕਾਰ ਪ੍ਰੰਪਰਾਗਤ ਰੂਪ ਵਿੱਚ ਚੱਲ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ’ਤੇ ਪਰਿਵਾਰਵਾਦੀ ਸੋਚ ਨੂੰ ਲੈ ਕੇ ਗੰਭੀਰ ਦੋਸ਼ ਲਾਏ ਜਾਂਦੇ ਹਨ। ਪ੍ਰੰਪਰਾਗਤ ਰੂਪ ਵਿੱਚ ਚੱਲਦਿਆਂ, ਆਜ਼ਾਦੀ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਬਾਅਦ ਵਿੱਚ ਉਸਦੇ ਗਾਂਧੀ ਪਰਿਵਾਰ ਦਾ ਬੋਲਬਾਲਾ ਰਿਹਾ ਹੈ। ਯੂ.ਪੀ ਵਿੱਚ ਮੁਲਾਇਮ ਸਿੰਘ ਯਾਦਵ, ਉਸਦੇ ਭਰਾ ਅਤੇ ਲੜਕੇ ਦੀ ਸਰਕਾਰ ਰਹਿ ਚੁੱਕੀ ਹੈ। ਅਖਿਲੇਸ਼ ਯਾਦਵ ਦਿੱਗਜ਼ ਨੇਤਾਵਾਂ ਵਜੋਂ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਜਾਖੜ ਪਰਿਵਾਰ ਦਾ ਸਾਇਆ ਪੰਜਾਬ ਵਿੱਚ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਐਮ.ਪੀ. ਦੀ ਸੀਟ ’ਤੇ ਬਿ੍ਰਜਮਾਨ ਰਹੀ ਹੈ। ਬਟਾਲੇ ਤੋਂ ਤਿੰਨੇ ਮੌਜੂਦਾ ਐਮ.ਐਲ.ਏ. ਪ੍ਰਤਾਪ ਸਿੰਘ ਬਾਜਵਾ, ਤਿ੍ਰਪਤ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਪਿਤਾ ਪੁਰਖੀ ਸਿਆਸਤ ਦੀ ਦੇਣ ਹਨ। ਚੌਥੇ ਸਾਬਕਾ ਐਮ.ਐਲ.ਏ. ਅਸ਼ਵਨੀ ਸੇਖੜ੍ਹੀ, ਕਾਂਗਰਸੀ ਨੇਤਾ ਵਿਸਵਾਮਿੱਤਰ ਸੇਖੜੀ ਦੇ ਜਾਨਸ਼ੀਨ ਹਨ। ਪ੍ਰਤਾਪ ਬਾਜਵੇ ਦਾ ਛੋਟਾ ਭਰਾ, ਪਹਿਲਾਂ ਕਾਂਗਰਸ ਵਲੋਂ ਵਿਧਾਇਕ ਅਤੇ ਅੱਜ ਕੱਲ੍ਹ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ। ਇਹ ਲਾਈਨ ਇੰਨ੍ਹੀ ਲੰਮੀ ਹੈ ਕਿ ਇਸ ’ਤੇ ਇਕ ਵੱਖਰਾ ਲੇਖ ਲਿਖਿਆ ਜਾ ਸਕਦਾ ਹੈ।

ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਨਾ ਕਰਵਾਉਣ ’ਤੇ ਵੀ ਪ੍ਰਕਾਸ਼ ਸਿੰਘ ਬਾਦਲ ’ਤੇ ਦੋਸ਼ ਲਾਏ ਜਾਂਦੇ ਹਨ ਪਰ ਪੰਜਾਬੀ ਸੂਬੇ ਦੇ ਘੋਲ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਨਹੀਂ ਭੁਲਾਇਆ ਜਾ ਸਕਦਾ। ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਵੀ ਕੱਟਣੀ ਪਈ। ਪੰਜਾਬ ਅਤੇ ਪੰਥਕ ਹਿੱਤਾਂ ਵਾਸਤੇ ਉਨ੍ਹਾਂ ਨੂੰ 18 ਸਾਲ ਵੱਖਰੇ-ਵੱਖਰੇ ਮੌਕਿਆਂ ’ਤੇ ਜੇਲ੍ਹ ਜਾਣਾ ਪਿਆ।

ਪ੍ਰਕਾਸ਼ ਸਿੰਘ ਬਾਦਲ ਦੇ 1997 ਤੋਂ 2002 ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਪਰਿਵਾਰ ਅਤੇ ਮੰਤਰੀਆਂ ਉੱਤੇ ਭਿ੍ਰਸ਼ਟਾਚਾਰ ਦੇ ਗੰਭੀਰ ਇਲਜ਼ਾਮ ਲੱਗੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਾਦਲ ਪਰਿਵਾਰ ’ਤੇ ਆਮਦਨ ਤੋਂ ਵੱਧ 3000 ਕਰੋੜ ਰੁਪਏ ਦੀ ਜਾਇਦਾਦ ਦੇ ਇਲਜ਼ਾਮਾਂ ਦੀ ਜਾਂਚ ਵਿਜੀਲੈਂਸ ਬਿਉਰੋ ਨੂੰ ਸੌਂਪੀ। ਲੰਮੀ ਜਾਂਚ ਪੜਤਾਲ ਤੋਂ ਬਾਅਦ ਵਿਜ਼ੀਲੈਂਸ ਨੇ ਸਿਰਫ਼ 78 ਕਰੋੜ ਰੁਪਏ ਦੀ ਚਾਰਜਸ਼ੀਟ ਪੇਸ਼ ਕੀਤੀ। ਵੱਡੇ ਅਤੇ ਛੋਟੇ ਬਾਦਲ ਨੂੰ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਬਰੀ ਕਰ ਦਿੱਤਾ। ਕੈਪਟਨ ਸਰਕਾਰ ਨੇ ਆਪਣੇ ਕਾਰਜਕਾਲ ਦੇ 2002 ਤੋਂ ਲੈਕੇ 2007 ਤੱਕ ਦੇ ਸਮੇਂ ਦੌਰਾਨ ਭਿ੍ਰਸ਼ਟਾਚਾਰ ਨੂੰ ਮੁੱਦਾ ਬਣਾਕੇ ਬਾਦਲਾਂ ਨੂੰ ਜੇਲ੍ਹ ਭੇਜਣ ਦੇ ਚੱਕਰ ’ਤੇ ਹੀ ਇਨਾਂ ਧਿਆਨ ਕੇਂਦਰਿਤ ਕੀਤਾ ਕਿ ਉਹ ਪੰਜਾਬ ਦੇ ਵਿਕਾਸ ਲਈ ਕੁੱਝ ਕਰ ਹੀ ਨਹੀਂ ਸਕੀ। ਪੰਜਾਬ ਦੇ ਵਿਕਾਸ ਅਤੇ ਬਦਲੇ ਦੀ ਰਾਜਨੀਤੀ ਕਾਰਨ ਕੈਪਟਨ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ। 2007 ਤੋਂ ਲੈ ਕੇ 2017 ਤੱਕ ਪ੍ਰਕਾਸ਼ ਸਿੰਘ ਬਾਦਲ ਫਿਰ ਮੁੱਖ ਮੰਤਰੀ ਬਣੇ। ਜਿਥੇ ਉਨ੍ਹਾਂ ਨੇ ਵਿਰਾਸਤੀ ਯਾਦਗਾਰਾਂ ਬਣਾਈਆ, ਉਥੇ ਲੋਕਾਂ ਦੇ ਰੁਬਰੂ ਹੁੰਦਿਆਂ, ਸੰਗਤ ਦਰਸ਼ਨ ਵਰਗੇ ਮਹੱਤਵਪੂਰਨ ਕੰਮ ਵੀ ਕੀਤੇ।

ਸੱਚੇ ਸੌਦੇ ਦੇ ਮੁੱਖੀ ਰਾਮ ਰਹੀਮ ਦੇ ਦਰਬਾਰ ਵਿੱਚ ਵੋਟਾਂ ਦੇ ਸਮਰਥਨ ਨੂੰ ਲੈਕੇ ਪਹੁੰਚ ਅਤੇ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਾਹੀਂ ਸੰਪੂਰਨ ਮੁਆਫ਼ੀ ਦੀ ਸਿਫ਼ਾਰਸ਼ ’ਤੇ ਵੀ ਬਾਦਲ ਪਰਿਵਾਰ ਖਿਲਾਫ਼ ਪੰਥਕ ਰੋਸ ਸਿਖ਼ਰਾਂ ਤੱਕ ਪਹੁੰਚ ਚੁੱਕਾ ਸੀ। ਇਸ ਸਭ ਦੇ ਮੱਦੇ ਨਜ਼ਰ ਅਤੇ ਬੇਅਦਬੀਆਂ ਨੂੰ ਲੈਕੇ, ਸਿੱਖੀ ਰਵਾਇਤਾਂ ਦੇ ਅਨੁਸਾਰ, ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੰਤਰੀ ਮੰਡਲ ਅਤੇ ਲੀਡਰਸ਼ਿੱਪ ਦੇ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਆਪਣੀਆਂ ਭੁੱਲਾਂ ਨੂੰ ਬਖਸ਼ਾਇਆ। ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਭੋਗ ’ਤੇ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਪੰਜਾਬ ਦੇ ਲੋਕਾਂ ਦਾ ਸੋਗ ਵਿੱਚ ਸ਼ਾਮਿਲ ਹੋਣ ’ਤੇ ਤਹਿਦਿਲੋਂ ਧੰਨਵਾਦ ਕੀਤਾ, ਉਥੇ ਹੀ ਭਾਵੁਕ ਹੁੰਦਿਆਂ, ਬੜੀ ਨਿਮਰਤਾ ਨਾਲ ਕਿਸੇ ਦਾ ਵੀ ਦਿਲ ਦਿਖਾਉਣ ’ਤੇ ਹੋਈਆਂ ਗਲਤੀਆਂ ਦੀ ਮੁਆਫ਼ੀ ਵੀ ਮੰਗੀ।

ਐਚ.ਐਸ. ਬੈਂਸ ਜੋਂ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਸਾਲਾਹਕਾਰ ਸਨ ਅਤੇ 40 ਸਾਲ ਉਨ੍ਹਾਂ ਹੇਠ ਕੰਮ ਕੀਤਾ ਹੈ, ਦੀ ਜ਼ੁਬਾਨੀ ਬਾਦਲ ਸਾਹਿਬ ਦਾ ਰਾਜਨੀਤੀ ਵਿੱਚ ਸਹਿਣਸ਼ੀਲਤਾ ਅਤੇ ਨਰਮੀ ਵਾਲਾ ਸੁਭਾਅ ਸੀ।

ਉਨ੍ਹਾਂ ਦੇ ਸੁਰੱਖਿਆ ਦੇ ਕਰਮਚਾਰੀਆਂ ਦੀ ਜ਼ੁਬਾਨੀ ਬਾਦਲ ਸਾਹਿਬ ਹਰ ਇੱਕ ਨੂੰ ‘‘ਸਰਦਾਰ ਜੀ’’, ਕਾਕਾ ਜੀ ਅਤੇ ਬੀਬਾ ਜੀ ਕਰਕੇ ਬੁਲਾਉਦੇ ਸਨ। ਉਨ੍ਹਾਂ ਦਾ ਸਬੰਧ ਬਾਦਲ ਸਾਹਿਬ ਨਾਲ ਮਾਈ ਬਾਪ ਵਾਲਾ ਸੀ ਅਤੇ ਕਦੇ ਵੀ ਝਿੜਕਾਂ ਨਹੀਂ ਸਨ ਮਾਰਦੇ। ਉਹ ਉਨ੍ਹਾਂ ਨੂੰ ਬਾਪੂ ਜੀ ਕਰਕੇ ਬੁਲਾਉਦੇ ਸਨ।

ਬਲਵਿੰਦਰ ਮੱਲ੍ਹੀ

ਡਾ. ਪਿਆਰਾ ਲਾਲ ਗਰਗ ਜੋ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਹਨ ਨੇ ਵੀ ਲੰਮਾ ਸਮਾਂ ਬਾਦਲ ਸਾਹਿਬ ਨਾਲ ਕੰਮ ਕੀਤਾ, ਮੁਤਾਬਕ ਮਰੀਜ਼ਾਂ ਦੇ ਭੱਲੇ ਲਈ ਉਨ੍ਹਾਂ ਦਾ ਹਾਂ ਪੱਖੀ ਰੱਵੀਆਂ ਸੀ। ਇਸਨੂੰ ਲੈ ਕੇ ਉਨ੍ਹਾਂ ਨੇ ਮਾਲਵੇ ਵਰਗੇ ਪੱਛੜ੍ਹੇ ਇਲਾਕੇ ਵਿੱਚ ਮੈਡੀਕਲ ਕਾਲਜ ਖੋਲ੍ਹੇ। ਪਿਆਰਾ ਲਾਲ ਦੇ ਮੁਤਾਬਕ ਉਹ ਗੁੱਸੇ ਵਿੱਚ ਨਹੀਂ ਸਨ ਆਉਦੇ। ਕੋਈ ਸਿਫਾਰਸ਼ ਨਹੀਂ ਬਲਕਿ ਫਾਇਲਾਂ ’ਤੇ ਨਿਰਪੱਖ ਸੋਚ ਨਾਲ ਫੈਸਲਾ ਲੈਂਦੇ ਸਨ। ਅਫ਼ਸਰਸ਼ਾਹੀ ’ਤੇ ਭਰੋਸਾ ਵੀ ਅਤੇ ਨਕੇਲ ਵੀ ਅਤੇ ਕੋਈ ਸਰਕਾਰੀ ਦਬਾਅ ਨਹੀਂ। ਰੋਜ਼ 6 ਵਜੇ ਤੋਂ ਲੈ ਕੇ ਅੱਧੀ ਰਾਤ ਤੱਕ ਕੰਮ ਕਰਕੇ ਵੀ ਨਹੀਂ ਸਨ ਥੱਕਦੇ।

ਐਚ.ਐਸ. ਬੈਂਸ, ਮੁਤਾਬਕ ਬਾਦਲ ਸਾਹਿਬ ਦੀ ਲੰਮੀ ਉਮਰ ਦਾ ਰਾਜ ਸੀ ਕਿ ਉਹ ਨਿੱਤ ਸਿਮਰਨ ਕਰਦੇ ਅਤੇ ਕਰਮਯੋਗੀ ਸਨ।

ਬਲਵਿੰਦਰ ਮੱਲ੍ਹੀ (ਐਮ.ਏ.)
ਲੈਸਟਰ, ਯੂ.ਕੇ.
ਮੋਬਾਇਲ – 07969750120
07453410008

ਭਾਰਤੀ ਸਿਆਸਤ ਦੇ ਬਾਬਾ ਬੋਹੜ ਸ. ਪ੍ਰਕਾਸ਼ ਸਿੰਘ ਬਾਦਲ ਦੀ ਜੀਵਨੀ ’ਤੇ ਸੰਖੇਪ ਝਾਤ

ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ਵਿੱਚ ਪੰਜ ਤੱਤਾਂ ਵਿੱਚ ਲਵੀਨ ਹੋਣ ’ਤੇ, ਬਹੁਤ ਸਾਰੀਆਂ ਸਖ਼ਸ਼ੀਅਤਾਂ ਰਾਹੀਂ ਇਨ੍ਹਾਂ ਨੂੰ ਪੰਥਕ ਸਿਆਸਤ ਦਾ ਬਾਬਾ ਬੋਹੜ ਵਜੋਂ ਸੰਬੋਧਨ ਕੀਤਾ ਗਿਆ। ਮੀਡੀਆ ਰਾਹੀਂ ਇੱਕ ਯੁੱਗ ਦੇ ਅੰਤ ਦੇ ਤੌਰ ’ਤੇ ਬਿਆਨਿਆ ਗਿਆ। ਜੱਟ ਦਾ ਪੁੱਤ ਹੋਣ ਦੇ ਨਾਤੇ ਹਮੇਸ਼ਾ ਜ਼ਮੀਨ ਦੀਆਂ ਜੜ੍ਹਾਂ ਅਤੇ ਕਿਸਾਨੀ ਨਾਲ ਜੁੜੇ ਰਹੇ। ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਜੋ ਬਾਦਲ ਸਾਹਿਬ ਦੇ ਬਹੁਤ ਨਜ਼ਦੀਕੀਆਂ ਵਿਚੋਂ ਸਨ, ਮੁਤਾਬਕ ਕੋਈ ਵੀ ਜੱਟ ਦਾ ਪੁੱਤਰ ਇੰਨੇ ਵੱਡੇ ਨੇਤਾ ਦੇ ਰੁਤਬੇ ’ਤੇ ਹੁੰਦਿਆਂ ਅਤੇ ਸਾਰੇ ਜੱਗ ’ਤੇ ਜਾਣੇ ਜਾਂਦੇ ਸਖ਼ਸ਼ ਦੇ ਤੌਰ ’ਤੇ ਉਨ੍ਹਾਂ ਤੋਂ ਪਹਿਲ ਕਦਮੀ ਨਹੀਂ ਕਰ ਸਕਿਆ। ਓਮ ਪ੍ਰਕਾਸ਼ ਚੌਟਾਲਾ ਦੇ ਮੁਤਾਬਕ ਇਕ ਆਜ਼ਾਦ ਭਾਰਤ ਵਿੱਚ ਉਹ 18 ਸਾਲ ਜੇਹਲ ਵਿੱਚ ਰਹੇ, ਸ਼ਾਇਦ ਹੀ ਕੋਈ ਜੇਹਲ ਨਾ ਹੋਵੇ, ਜਿਸਨੂੰ ਉਨ੍ਹਾਂ ਨੇ ਨਾ ਦੇਖਿਆ ਹੋਵੇ। ਉਹ ਬਾਦਲ ਸਾਹਿਬ ਦੇ ਨਕਸ਼ੇ ਕਦਮ ’ਤੇ ਚੱਲਣ ਦੀ ਕੋਸ਼ਿਸ਼ ਕਰੇਗਾ। ਉਹ ਵੱਖਰੇ-ਵੱਖਰੇ ਪੰਥਕ ਮੋਰਚਿਆਂ ’ਤੇ 18 ਸਾਲ ਜੇਹਲ ਵਿੱਚ ਰਹੇ। ਇਸ ਦੇ ਮੱਦੇ ਨਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਜੈ ਪ੍ਰਕਾਸ਼ ਨਰਾਇਣ ਦੀ 13ਵੀਂ ਜੈਯੰਤੀ ’ਤੇ, ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿੱਚ, ਜਿੱਥੇ 18 ਸਾਲ ਆਜ਼ਾਦ ਭਾਰਤ ਵਿੱਚ ਜੇਹਲ ਵਿੱਚ ਰਹਿਣ ’ਤੇ ਦੁੱਖ ਜਤਾਇਆ ਉੱਥੇ ਉਸ ਨੂੰ ਭਾਰਤ ਦਾ ਨੈਲਸਨ ਮੰਡੇਲਾ ਕਰਕੇ ਸੰਬੋਧਨ ਕੀਤਾ। ਬਾਦਲ ਸਾਹਿਬ ਨੂੰ 11 ਦਸੰਬਰ 2011 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਰਤਨ ‘ਫ਼ਖ਼ਰ-ਏ-ਕੌਮ’ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ 2015 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਕਿਸਾਨੀ ਹਿੱਤਾਂ ’ਤੇ ਚੱਲਦਿਆਂ, ਕਿਸਾਨੀ ਘੋਲ ਦੇ ਸਮੇਂ ਉਨ੍ਹਾਂ ਨੇ 3 ਦਸੰਬਰ 2020 ਨੂੰ ਪੁਰਸਕਾਰ ਵਾਪਸ ਕਰ ਦਿੱਤਾ। ਖੇਤੀ ਕਾਨੂੰਨਾ ਨੂੰ ਲੈ ਕੇ ਜਿਸ ਭਾਜਪਾ ਨਾਲ ਰਿਸ਼ਤੇ ਨੂੰ ਬਾਦਲ ਸਾਹਿਬ ਨਹੁੰ-ਮਾਸ ਦਾ ਰਿਸ਼ਤਾ ਕਹਿੰਦੇ ਸਨ, ਤੋੜਦਿਆਂ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚੋਂ ਵਾਪਸ ਬੁਲਾ ਲਿਆ।

ਇਤਿਹਾਸ ਸਿਰਜਦਿਆਂ ਜਿਥੇ ਉਹ 11 ਵਾਰ ਵਿਧਾਇਕ ਰਹੇ, ਉਥੇ ਪੰਜ ਵਾਰ ਮੁੱਖ ਮੰਤਰੀ ਪੰਜਾਬ ਵੀ ਰਹੇ। ਜੰਮੂ-ਕਸ਼ਮੀਰ ਤੋਂ ਸ਼ੇਖ ਅਬਦੁੱਲਾ ਦੇ ਪੁੱਤਰ ਉਮਰ ਅਬਦੁੱਲਾ ਨੇ ਸਸਕਾਰ ਸਮੇਂ ਬਾਦਲ ਸਾਹਿਬ ਨੂੰ ਸ਼ਰਧਾਂਜਲੀ ਦੇਂਦਿਆਂ ਕਿਹਾ ਕਿ ਉਨ੍ਹਾਂ ਦਾ ਪੰਜਾਬ ਵਰਗੇ ਸੂਬੇ ਵਿੱਚ ਪੰਜ ਵਾਰ ਮੁੱਖ ਮੰਤਰੀ ਬਨਣਾ ਬੜੀ ਮਾਣ ਵਾਲੀ ਗੱਲ ਹੈ, ਜਿੱਥੇ ਸਮੇਂ-ਸਮੇਂ ’ਤੇ ਹਾਲਾਤ ਸੁਖਾਵੇਂ ਨਹੀਂ ਰਹਿੰਦੇ। ਲੋਕ ਸਭਾ ਦੇ ਮੈਂਬਰ ਹੁੰਦਿਆਂ ਉਨ੍ਹਾਂ ਨੇ ਚੌਧਰੀ ਚਰਨ ਸਿੰਘ ਦੀ ਕੇਂਦਰ ਸਰਕਾਰ ਵਿੱਚ ਅਤੇ 1977 ਵਿੱਚ ਮੁਰਾਰਜੀ ਦੇਸਾਈ ਦੀ ਸਰਕਾਰ ਵਿੱਚ ਖੇਤੀਬਾੜੀ ਅਤੇ ਸੰਚਾਈ ਮੰਤਰੀ ਹੋਣ ਦਾ ਮਾਣ ਵੀ ਹਾਸਿਲ ਕੀਤਾ। ਉਨ੍ਹਾਂ ਨੇ ਸੰਘਾਂਤਮਿਕ ਢਾਂਚੇ ਅਤੇ ਨਿਵੇਂਦਰੀਕਰਨ ’ਤੇ ਚੱਲਦਿਆਂ, ਖੇਤਰੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਅਣਥੱਕ ਮਿਹਨਤ ਕੀਤੀ। ਉਹ 1995 ਤੋਂ 31 ਜਨਵਰੀ 2008 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ। ਜਿਥੇ ਉਹ 1970 ਵਿੱਚ ਅਕਾਲੀ ਦਲ ਵਲੋਂ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣੇ, ਉਥੇ ਹੀ 2012 ਵਿੱਚ ਪੰਜਵੀਂ ਵਾਰ ਸਭ ਤੋਂ ਵੱਧ ਉਮਰ ਦੇ ਮੁੱਖ ਮੰਤਰੀ ਵੀ ਬਣੇ। ਉਨ੍ਹਾਂ ਨੂੰ ਬਹੁਤ ਸਾਰੀਆਂ ਰਾਜਨੀਤਿਕ ਸਖ਼ਸ਼ੀਅਤਾਂ ਰਾਹੀਂ ਰਾਜਨੇਤਾ ਨਾਲੋਂ ਸਟੇਸਮੈਨ ਦੇ ਤੌਰ ’ਤੇ ਯਾਦ ਕੀਤਾ ਜਾ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਹੀਂ ਉਨ੍ਹਾਂ ਨੂੰ ਆਦਰਸ਼ ਵਿਚਾਰਵਾਲੇ ਮਹਾਂਪੁਰਸ਼ ਦੇ ਤੌਰ ’ਤੇ ਸੰਬੋਧਨ ਕੀਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ’ਤੇ ਸੋਗ ਵਜੋ, ਪੰਜਾਬ ਸਰਾਕਰ ਰਾਹੀਂ ਇੱਕ ਦਿਨ ਦੀ ਛੁੱਟੀ ਜਦੋਂ ਕਿ ਕੇਂਦਰ ਸਰਕਾਰ ਰਾਹੀਂ ਦੋ ਰੋਜ਼ਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ।

ਸਰਕਾਰੀ ਇਮਾਰਤਾਂ ’ਤੇ ਕੌਮੀ ਝੰਡੇ ਅੱਧੇ ਝੁਕੇ ਰਹੇ। ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬਾਦਲ ਸਾਹਿਬ ਦੀ ਮੌਤ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਅਤੇ ਸ਼ਰਧਾਂਜਲੀ ਦਿੰਦਿਆ ਕਿਹਾ ਸੀ ਕਿ ਉਨ੍ਹਾਂ ਦੀ ਮੌਤ ਨਾਲ ਰਾਜਨੀਤੀ ਵਿੱਚ ਇਕ ਖਲਾਅ ਪੈਂਦਾ ਹੋ ਗਿਆ ਹੈ। ਇਸ ਖਲਾਅ ਕਾਰਨ ਹੀ ਬਾਦਲ ਸਾਹਿਬ ਦੀ ਅਣਹੋਂਦ ਦੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਾਰੇ ਸਿਆਸਤ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਬਹੁਤ ਸਾਰੇ ਸਿਆਸੀ ਮਾਹਿਰਾਂ ਦੇ ਮੁਤਾਬਕ ਇਨ੍ਹਾਂ ਚੁਣੌਤੀਆਂ ਨੂੰ ਬਾਦਲ ਸਾਹਿਬ ਦੇ ਨਕਸ਼ੇ ਕਦਮਾਂ ’ਤੇ ਚੱਲ ਕੇ ਹੀ ਨਜਿੱਠਿਆਂ ਜਾ ਸਕਦਾ ਹੈ। ਇਸੇ ਤਰ੍ਹਾਂ ਮਾਹਿਰਾਂ ਦੇ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਅਤੇ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਹੱਕਾਂ ਬਾਰੇ ਸੱਭ ਤੋਂ ਸੰਵੇਦਨਸ਼ੀਲ ਮੁੱਖ ਮੰਤਰੀ ਸਨ।
ਨਰਿੰਦਰ ਮੌਦੀ ਨੇ ਚੰਡੀਗੜ੍ਹ ਪਹੁੰਚ ਕੇ ਬਾਦਲ ਸਾਹਿਬ ਦੀ ਮਿ੍ਰਤਕ ਦੇਹ ’ਤੇ ਸ਼ਰਧਾਂਜਲੀ ਵਜੋਂ ਜੜ੍ਹੇ ਫੁੱਲਾਂ ਦਾ ਹਾਰ ਭੇਟ ਕੀਤਾ। ਇਸ ਤਰ੍ਹਾਂ ਨਰਿੰਦਰ ਮੋਦੀ ਨੇ ਟਵਿੱਟਰ ਰਾਹੀਂ ਪਿਤਾ ਦੇ ਨਿਆਈ ਸੰਬੋਧਨ ਕਰਦਿਆਂ, ਪਹਿਲੀ ਵਾਰ ਬਾਦਲ ਸਾਹਿਬ ’ਤੇ ਲੰਮਾ ਲੇਖ ਲਿਖਿਆ ਗਿਆ। ਬਾਦਲ ਸਾਹਿਬ ਦੇ ਸਸਕਾਰ ਦੇ ਮੌਕੇ ’ਤੇ ਕੌਮੀ ਪ੍ਰਧਾਨ ਜੇ.ਪੀ. ਨੱਡਾ, ਕੇਂਦਰੀ ਮੰਤਰੀ ਹਰਜੀਤ ਸਿੰਘ ਪੁਰੀ, ਬਨਵਾਰੀ ਲਾਲ ਪੁਰੋਹਿਤ ਰਾਜਪਾਲ ਪੰਜਾਬ, ਸਾਬਕਾ ਮੁੱਖ ਮੰਤਰੀ ਹਰਿਆਣਾ ਓਮ ਪ੍ਰਕਾਸ਼ ਚੌਟਾਲਾ ਅਤੇ ਭੁਪਿੰਦਰ ਹੁੱਡਾ, ਅਸ਼ੋਕ ਗਹਿਲੋਤ ਮੁੱਖ ਮੰਤਰੀ ਰਾਜਸਥਾਨ, ਸਾਬਕਾ ਕੇਂਦਰੀ ਮੰਤਰੀ ਪਵਾਰ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਪਿੰਡ ਬਾਦਲ ਪਹੁੰਚ ਕੇ ਸ਼ਮਸ਼ਾਨਘਾਟ ਤੱਕ ਪੈਦਲ ਚੱਲਕੇ ਸ਼ਰਧਾਂਜਲੀ ਦੇ ਨਾਲ ਪਰਿਵਾਰ ਨਾਲ ਹਮਦਰਦੀ ਸਾਂਝੀ ਕੀਤੀ।

ਕੇਂਦਰੀ ਮੰਤਰੀ ਅਮਿਤ ਸ਼ਾਹ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਰਾਹੀਂ ਬਾਦਲ ਸਾਹਿਬ ਦੀ ਮੌਤ ਨੂੰ ਨਿੱਜੀ ਘਾਟਾ ਦੱਸਿਆਂ। ਯੂ.ਪੀ. ਦੇ ਦਿੱਗਜ਼ ਨੇਤਾ ਸ੍ਰੀ ਅਖਲੇਸ਼ ਯਾਦਵ ਵੀ ਬਾਦਲ ਪਿੰਡ ਪਹੁੰਚ ਕੇ ਬਾਦਲ ਪਰਿਵਾਰ ਦੇ ਦੁੱਖਾਂ ਵਿੱਚ ਸ਼ਾਮਿਲ ਹੋਏ। ਹੋਰ ਦਿੱਗਜ ਨੇਤਾ, ਉਪ ਰਾਸ਼ਟਰਪਤੀ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੈਪਟਨ ਅਮਰਿੰਦਰ ਸਿੰਘ, ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ, ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਨਹੋਰ ਲਾਲ ਖੱਟਰ ਮੁੱਖ ਮੰਤਰੀ ਹਰਿਆਣਾ ਨੇ ਵੀ ਬਾਦਲ ਸਾਹਿਬ ਦੇ ਦੇਹਾਂਤ ’ਤੇ ਅਫ਼ਸੋਸ ਜ਼ਾਹਿਰ ਕੀਤਾ।

ਲਾਹੌਰ ਕਾਲਜ ਤੋਂ ਐਫ.ਏ. ਦੀ ਪੜ੍ਹਾਈ ਪਾਸ ਕਰਕੇ ਬਾਦਲ ਸਾਹਿਬ ਦੀ ਸਰਕਾਰ ਵਿੱਚ ਅਫ਼ਸਰ ਬਨਣ ਦੀ ਚਾਹਤ ਸੀ। ਗਿਆਨੀ ਕਰਤਾਰ ਸਿੰਘ ਦੀ ਸੋਚ ਸੀ ਕਿ ਕੋਈ ਪੇਂਡੂ ਹਲਕਿਆਂ ਤੋਂ ਪੜ੍ਹਿਆ ਲਿਖਿਆ ਨੌਜਵਾਨ ਹੀ ਪੰਜਾਬ ਦੀ ਸਿਆਸਤ ਨੂੰ ਸੇਧ ਦੇ ਸਕਦਾ ਹੈ। ਇਸੇ ਕਰਕੇ ਗਿਆਨੀ ਜੀ ਨੇ ਪ੍ਰੇਰਿਤ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸਤ ਵੱਲ ਤੋਰਿਆ। ਇਸੇ ਪ੍ਰੇਰਣਾ ਕਰਕੇ ਪਹਿਲਾਂ ਉਹ ਬਾਦਲ ਪਿੰਡ ਦੇ ਸਰਪੰਚ ਬਣੇ ਅਤੇ ਬਾਅਦ ਵਿੱਚ ਪੰਚਾਇਤ ਸਾਮਿਤੀ ਲੰਬੀ ਦੇ ਚੇਅਰਮੈਨ ਬਣੇ। ਪਹਿਲੀ ਵਾਰ ਉਹ 1957 ਵਿੱਚ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਬਣੇ। ਇਸ ਤੋਂ ਬਾਅਦ 1970 ਵਿੱਚ ਗੈਰ ਕਾਂਗਰਸੀ ਸਰਕਾਰ ਵਿੱਚ ਮੰਤਰੀ ਅਤੇ ਮੁੱਖ ਮੰਤਰੀ ਬਣੇ। ਇਸ ਸਿਆਸੀ ਸਫ਼ਰ ਵਿੱਚ ਉਹ 2017 ਤੱਕ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਹੀ ਨਹੀਂ ਬਣੇ ਸਗੋਂ ਲੋਕ ਸਭਾ ਦੇ ਮੈਂਬਰ ਹੁੰਦਿਆਂ ਕੇਂਦਰੀ ਮੰਤਰੀ ਵੀ ਬਣੇ।

ਬਾਦਲ ਸਰਕਾਰ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਸੁਧਾਰ ਕੇ ਇਕ ਖੁਸ਼ਹਾਲ ਸੂਬਾ ਬਣਾਇਆ। ਪੱਕੀਆਂ ਸੜਕਾਂ, ਪਿੰਡਾਂ ਨੂੰ ਲਿੰਕ ਸੜਕਾਂ, ਪੱਕੀਆਂ ਨਹਿਰਾ, ਹਾਈਵੇਅ ਦਾ ਜਾਲ, ਸੁਵਿਧਾ ਸੈਂਟਰ ਵਰਗੇ ਫੋਕਲ ਪੁਇੰਟ, ਸਰਕਾਰੀ ਮੰਡੀਆਂ, ਪਿੰਡਾਂ ਵਿੱਚ ਡਿਸਪੈਂਸਰੀਆਂ ਅਤੇ ਮੈਰੀਟੋਰੀਅਮ ਵਰਗੇ ਆਦਰਸ਼ ਸਕੂਲ ਦੀ ਬਾਦਲ ਸਰਕਾਰ ਰਾਹੀਂ ਦੇਣ ਨੂੰ ਸਦੀਵੀ ਯਾਦ ਰੱਖਿਆ ਜਾਏਗਾ।

ਇਸੇ ਤਰ੍ਹਾਂ ਬਾਦਲ ਸਰਕਾਰ ਨੇ ਲੋਕ ਭਲਾਈ ਕੰਮਾ ਵਿੱਚ ਵੱਧ ਚੜ੍ਹਕੇ ਹਿੱਸਾ ਪਾਇਆ, ਜਿਨ੍ਹਾਂ ਕਰਕੇ ਪਹਿਲੀ ਵਾਰ ਹਰੀਜਨ ਵੋਟ ਕਾਂਗਰਸ ਨਾਲੋਂ ਟੁੱਟ ਕੇ ਅਕਾਲੀ ਦਲ ਦੇ ਸਮਰਥਨ ਵਿੱਚ ਭੁਗਤਣ ਲੱਗੀ। ਇਨ੍ਹਾਂ ਸਕੀਮਾਂ ਵਿੱਚੋਂ ਸਨ, ਗਰੀਬ ਦੀ ਲੜਕੀ ’ਤੇ 51 ਸੌ ਰੁਪਏ ਦੀ ਸ਼ਗਨ ਸਕੀਮ, ਕਿਸਾਨਾਂ ਨੂੰ ਮੁਫ਼ਤ ਬਿਜਲੀ ਅਤੇ ਪਾਣੀ, ਇੱਕ ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਸਕੀਮ, ਮਾਈ ਭਾਗੋ ਸਕੀਮ ਦੇ ਤਹਿਤ ਲੜਕੀਆਂ ਨੂੰ ਮੁਫ਼ਤ ਸਾਇਕਲ ਆਦਿ। ਸਹਿਤ ਸੇਵਾਵਾਂ ਨੂੰ ਲੈ ਕੇ ਵਧੀਆ ਖੇਡ ਸਟੇਡੀਅਮ ਦੀ ਉਸਾਰੀ ਅਤੇ ਹਰ ਸਾਲ ਵਰਲਡ ਕਬੱਡੀ ਕੱਪ ਦੀ ਸ਼ੁਰੂਆਤ ਦੀ ਪਹਿਲ ਕਦਮੀ ਕੀਤੀ ਗਈ।

1990 ਤੋਂ ਬਾਅਦ ਲੋਕਾਂ ਦਾ ਸਰਕਾਰਾਂ ਤੋਂ ਯਕੀਨ ਉੱਠ ਚੁੱਕਾ ਸੀ। 1997 ਵਿੱਚ ਲੰਮੇ ਸਮੇਂ ਤੋਂ ਬਾਅਦ ਅਕਾਲੀ ਸਰਕਾਰ ਬਨਣ ’ਤੇ ਪ੍ਰਕਾਸ਼ ਸਿੰਘ ਬਾਦਲ ਦੀ ਧਾਰਨਾ ਅਤੇ ਸੋਚ ਬਣ ਚੁੱਕੀ ਸੀ ਕਿ ਸਰਕਾਰ ਆਮ ਲੋਕਾਂ ਨਾਲ ਜੁੜੇ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸਮਝੇ। ਕੋਈ ਪਾਲਿਸੀ ਉਨ੍ਹਾਂ ਚਿਰ ਕਾਮਯਾਬ ਨਹੀਂ ਹੋ ਸਕਦੀ, ਜਿਨ੍ਹਾਂ ਚਿਰ ਲੋਕ ਉਸ ਨਾਲ ਨਾ ਜੁੜਨ। ਇਸ ਨੂੰ ਲੈਕੇ ਲੋਕ ਸਰਕਾਰ ਤੱਕ ਨਹੀਂ, ਸਰਕਾਰ ਲੋਕਾਂ ਤੱਕ ਪਹੁੰਚ ਕਰੇ। ਇਸ ਸਭ ਦੇ ਫਲਸਰੂਪ ਸਾਧ ਸੰਗਤ ਦੇ ਦਰਸ਼ਨਾਂ ਦੀ ਪ੍ਰੰਪਰਾ ਸ਼ੁਰੂ ਕੀਤੀ ਗਈ। ਇਸਦੇ ਮੁਤਾਬਕ ਇਲਾਕੇ ਦੇ ਸਬੰਧਤ ਅਧਿਕਾਰੀ ਵੀ ਮੌਕੇ ’ਤੇ ਹੋਣ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ’ਤੇ ਹੀ ਨਿਪਟਾਰਾ ਹੋ ਸਕੇ। ਇਸ ਸਾਧ ਸੰਗਤ ਦਰਸ਼ਨਾਂ ਵਿੱਚ ਜਿਥੇ ਲੋਕਾਂ ਦੀਆਂ ਸ਼ਕਾਇਤਾਂ ਸੁਣੀਆਂ ਗਈਆਂ, ਉਥੇ ਪੇਂਡੂ ਉਸਾਰੀ ਦੀ ਗ੍ਰਾਂਟ ਵਾਸਤੇ ਚੈੱਕ ਵੀ ਵੰਡੇ ਜਾਂਦੇ ਰਹੇ। ਸੰਗਤ ਦਰਸ਼ਨ, ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤਿਕ ਧਾਰਾ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਸੀ। ਇਸ ’ਤੇ ਚੱਲਦਿਆਂ ਹੀ ਅਕਾਲੀ ਦਲ ਨੇ 25 ਸਾਲ ਰਾਜ ਕਰਨ ਦੇ ਸੁਪਨੇ ਦੇਖੇ ਸਨ। ਕੈਪਟਨ ਸਰਕਾਰ ਨੇ ਵੀ ਇਨ੍ਹਾਂ ਲੀਹਾਂ ’ਤੇ ਚੱਲਦਿਆਂ, ‘‘ਕਾਫ਼ੀ ਵਿਦ ਕੈਪਟਨ’’, ਚਾਲੂ ਕੀਤੀ ਜੋ ਲੰਮਾ ਸਮਾਂ ਚੱਲ ਨਾ ਸਕੀ। ਬਾਦਲ ਸਾਹਿਬ ਬਾਰੇ ਇੱਕ ਤੱਥ ਪਾਇਆ ਜਾਂਦਾ ਹੈ ਕਿ ਉਹ ਆਪਣੇ ਇਲਾਕੇ ਦੇ 90 ਫੀਸਦੀ ਲੋਕਾਂ ਦੇ ਨਾਮ ਤੋਂ ਜਾਣੂੰ ਸਨ। ਆਪ ਖੁੱਦ ਕਿਸਾਨ ਹੋਣ ਕਰਕੇ ਕਿਸਾਨੀ ਨੂੰ ਦੇਣ ਕਿ ਉਨ੍ਹਾਂ ਨੇ ਜੱਟ ਦਾ ਪ੍ਰਤੀਕ, ਟਰੈਕਟਰ ਟਰਾਲੀ ਨੂ ਗੱਡਾ ਕਹਿਕੇ ਕੇਂਦਰ ਤੋਂ ਟੈਕਸ ਦੀ ਛੋਟ ਕਰਾਈ। ਉਹ ਇਸ ਵਿੱਚ ਵੀ ਪਹਿਲ ਕਦਮੀ ਹਨ ਕਿ ਆਮ ਲੋਕਾਂ ਦੇ ਰੁਬਰੂ ਹੁੰਦੇ ਰਹੇ। ਬਾਦਲ ਸਾਹਿਬ ਮਹਿਸੂਸ ਕਰਦੇ ਸਨ ਕਿ ਸੰਸਥਾ ਵੱਡੀ ਹੈ ਲੀਡਰ ਨਹੀਂ।

ਬਾਦਲ ਸਾਹਿਬ ਨੇ ਸਰਬ ਸਾਂਝੀਵਾਲਤਾ ’ਤੇ ਚੱਲਦਿਆਂ ਸਾਰੇ ਧਰਮਾਂ ਦੇ ਸਮਰਥਨ ਵਾਸਤੇ ਪੰਜਾਬ ਪਾਰਟੀ ਬਾਰੇ ਵੀ ਸੋਚਿਆ ਸੀ। ਇਸ ’ਤੇ ਉਨ੍ਹਾਂ ਨੂੰ ਪੰਥਕ ਕੀਮਤਾਂ ਕਦਰਾਂ ਟੁੱਟਣ ਦੇ ਇਲਜ਼ਾਮਾਂ ਕਾਰਨ ਸਿਆਸੀ ਨੁਕਸਾਨ ਵੀ ਹੋਇਆ। ਮੇਰੀ ਧਾਰਨਾ ਮੁਤਾਬਕ ਹੋਰ ਧਰਮਾ ਜਾਂ ਭਾਈਚਾਰੇ ਨੂੰ ਛੱਡ, ਪੰਥ ਬਾਰੇ ਹੀ ਸੋਚਨਾ ਵੀ ਫਿਰਕੂਵਾਦ ਨੂੰ ਬੜਾਵਾ ਦੇਂਦਾ ਹੈ। ਪੰਜਾਬ ਵਿੱਚ ਤੱਥ ਪਾਇਆ ਜਾਂਦਾ ਹੈ ਕਿ ਪੰਜਾਬ ਦੇ ਲੋਕ ਜੀਉਦੇ ਨੇ ਗੁਰੂਆਂ ਦੇ ਨਾਂ ’ਤੇ। ਅਸੀਂ ਹਰ ਰੋਜ਼ ਸਰਬੱਤ ਦੇ ਭੱਲੇ ਦੀ ਅਰਦਾਸ ਕਰਦੇ ਹਾਂ। ਇਸਨੂੰ ਲੈ ਕੇ ਵੀ ਬਾਦਲ ਸਾਹਿਬ ਗੁਰੂਆਂ ਦੇ ਉਦੇਸ਼ਾਂ ਦੀ ਪੂਰਤੀ ਕਰ ਰਹੇ ਸਨ। ਪੰਜਾਬ ਵਿੱਚ ਹਕੀਕੀ ਤੌਰ ’ਤੇ ਸ਼ਹਿਰਾਂ ਦੀ ਹਿੰਦੂ ਵੋਟ ਜਨ ਸੰਘ, ਹੁਣ ਭਾਜਪਾ ਨੂੰ ਭੁਗਤੀ ਹੈ ਅਤੇ ਪਿੰਡਾਂ ਦੀ ਜੱਟ ਸਿੱਖ ਵੋਟ ਪੰਥ ਨੂੰ। ਕਾਂਗਰਸ ਇੱਕ ਛੱਤਰੀ ਪਾਰਟੀ ਹੋਣ ਕਰਕੇ ਹਰ ਵਰਗ ਦਾ ਵੋਟ ਹਾਸਲ ਕਰ ਰਹੀ ਹੈ। ਬਾਦਲ ਸਾਹਿਬ ਨੂੰ ਸਿਆਸੀ ਸਿਆਣਪ ’ਤੇ ਚੱਲਦਿਆਂ ਇਸ ਗੱਲ ਦਾ ਇਲਮ ਹੋ ਚੁੱਕਾ ਸੀ।

ਵਿਰਾਸਤ-ਏ-ਖਾਲਸਾ ਦੇ ਨਿਰਮਾਣ ਨੂੰ ਲੈਕੇ ਬਾਦਲ ਸਾਹਿਬ ਦੀ ਦਿਲੀ ਚਾਹਤ ਸੀ। ਅੱਜ ਇਹ ਦੁਨੀਆਂ ਦਾ 8ਵਾਂ ਅਜੂਬਾ ਬਣ ਚੁੱਕਾ ਹੈ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਦਾ ਨਿਰਮਾਣ, ਆਪਣਾ ਪਿੰਡ ਅੰਮਿ੍ਰਤਸਰ ਤੋਂ ਕੁਝ ਦੂਰ ਸ਼ਹੀਦ ਫੌਜੀ ਜਵਾਨਾਂ ਦੀ ਯਾਦ ਵਿੱਚ ਯਾਦਗਾਰ, ਕਰਤਾਰਪੁਰ ਵਿੱਚ ਜੰਗ-ਏ-ਆਜ਼ਾਦੀ, ਚਿੱਪੜਚਿੜ੍ਹੀ ਵਿਖੇ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਰਿਸ਼ੀ ਵਾਲਮੀਕੀ ਜੀ ਦੇ ਮੰਦਰ ਦੀ ਉਸਾਰੀ ਆਦਿ ਬਾਦਲ ਸਾਹਿਬ ਦੀ ਯਾਦ ਨੂੰ ਤਾਜ਼ਾ ਕਰਦੀ ਰਹੇਗੀ।

ਇਹ ਵੀ ਉਨ੍ਹਾਂ ਦੀ ਸਖ਼ਸ਼ੀਅਤ ਹੀ ਸੀ ਕਿ ਉਨ੍ਹਾਂ ਦੀ ਅਰਥੀ ਨੂੰ ਚੰਡੀਗੜ੍ਹ ਤੋਂ ਪਿੰਡ ਤੱਕ ਲਿਜਾਣ ਵਿੱਚ 5 ਘੰਟੇ ਤੋਂ ਦੁੱਗਣਾ ਸਮਾਂ ਲੱਗਾ। ਲੋਕ ਉਨ੍ਹਾਂ ਦੇ ਦਰਸ਼ਨ ਨੂੰ ਉਤਾਵਲੇ ਹੀ ਨਹੀਂ ਸਨ, ਫੁੱਲਾਂ ਦੀ ਬਾਰਿਸ਼ ਕਰਦੇ ਰਹੇ।

ਬਲਵਿੰਦਰ ਮੱਲ੍ਹੀ
ਲੈਸਟਰ (ਯੂ.ਕੇ)

ਸਿੱਖੀ ਕਿਰਦਾਰ ਬਨਾਮ ਰਾਜਨੀਤੀ

ਇਕਬਾਲ ਸਿੰਘ ਲਾਲਪੁਰਾ

ਕਰੀਬ 550 ਸਾਲ ਪਹਿਲਾਂ ਸਤਿਗੁਰ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਭਾਰਤ ਦਾ ਤੀਜਾ ਤੇ ਦੁਨੀਆ ਦਾ ਪੰਜਵਾਂ ਵੱਡਾ ਧਰਮ ਹੋਂਦ ਵਿਚ ਆਇਆ। ਇਸ ’ਨਿਰਮਲ ਪੰਥ’ ਵਿਚ ਨਾ ਤਾਂ ਕੋਈ ਕਰਮ ਕਾਂਡ ਹੈ ਨਾ ਤੀਰਥ ਯਾਤਰਾ। ਸਭ ਇਕ ਅਕਾਲ ਦੇ ਪੁਜਾਰੀ ਹਨ, ਗੁਰਬਾਣੀ ਗਿਆਨ ਦੇ ਪ੍ਰਕਾਸ਼ ਨਾਲ ਹਿਰਦੇ ਨੂੰ ਸ਼ੁੱਧ ਕਰਦਿਆਂ ਪ੍ਰਭੂ ਸਿਮਰਨ, ਸੱਚ, ਸੰਤੋਖ ਤੇ ਸੇਵਾ ਰਾਹੀਂ ਉਸ ਤੱਕ ਪਹੁੰਚਣ ਦੇ ਪਾਂਧੀ ਹਨ। ਇਹ ਇੱਜ਼ਤ, ਅਣਖ, ਭੈ-ਰਹਿਤ ਜੀਵਨ ਅਤੇ ਲੋਕਾਈ ਨਾਲ ਪ੍ਰੇਮ ਦਾ ਮਾਰਗ ਹੈ, ਜਿਸ ਵਿੱਚ ‘ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥’ ਦੇ ਆਦਰਸ਼ ਨਾਲ ਸਭ ਨੂੰ ਦੋਸਤ ਬਣਾਉਣਾ ਹੁੰਦਾ ਹੈ। ‘ਸੂਰਬੀਰ ਬਚਨ ਕੇ ਬਲੀ’ ਸੰਤ ਤੇ ਸਿਪਾਹੀ ਦੀ ਪਰਿਭਾਸ਼ਾ ਨੂੰ ਸਪਸ਼ਟ ਕਰਦਾ ਹੈ । ਗੁਰੂ ਨਾਨਕ ਸਾਹਿਬ ਨੇ ਹੀ ਬਾਬਰ ਨੂੰ ਜਾਬਰ ਤੇ ਉਸ ਦੀ ਫ਼ੌਜ ਨੂੰ ‘ਪਾਪ ਕੀ ਜੰਜ’ ਆਖ ਕੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ’ਕਰਾਮਾਤ ਵਿਖਾਓ ਜਾ ਮੁਸਲਮਾਨ ਬਣ ਜਾਓ’ ਦੇ ਮੁਗ਼ਲ ਹਕੂਮਤ ਦੇ ਹੁਕਮ ਨੂੰ ਨਕਾਰ ਦਿਆਂ ਕਸ਼ਟ ਝੱਲ ਕੇ ਸ਼ਹੀਦ ਹੋਣਾ ਪ੍ਰਵਾਨ ਕੀਤਾ। ਉਪਰੰਤ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਤੱਕ ਗੁਰੂ ਪਰਿਵਾਰ ਦੀਆਂ ਸ਼ਹੀਦੀਆਂ ਦੀ ਇਕ ਲੰਬੀ ਸੂਚੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗ਼ਰੀਬ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ ਹਿਤ 21 ਲੜਾਈਆਂ ਲੜਨੀਆਂ ਪਈਆਂ, ਪਰ ਜਿੱਤ ਉਪਰੰਤ ਵੀ ਇਕ ਇੰਚ ਜ਼ਮੀਨ ‘ਤੇ ਕਬਜ਼ਾ ਨਹੀਂ ਕੀਤਾ। ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਈ. ਵਿੱਚ ਸਰਹਿੰਦ ਜਿੱਤ ਕੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ, ਭਾਵੇਂ ਕਿ ਇਹ ਜ਼ਿਆਦਾ ਦੇਰ ਨਹੀਂ ਰਿਹਾ ਫਿਰ ਵੀ ਆਉਣ ਵਾਲੇ ਸਮੇਂ ਲਈ ਸਿੱਖ ਰਾਜ ਦਾ ਰਾਹ ਦਸੇਰਾ ਬਣ ਗਿਆ।  ਸਿੱਖ ਧਰਮ ਅੱਜ ਭਾਰਤ ਦਾ ਤੀਜਾ ਤੇ ਦੁਨੀਆ ਦਾ ਪੰਜਵਾਂ ਵੱਡਾ ਧਰਮ ਬਣ ਚੁੱਕਿਆ ਹੈ।

ਮੁਗ਼ਲ ਹਕੂਮਤ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਨਾਲ ਲੜਦਿਆਂ ਮਿਸਲਾਂ ਦੇ ਸਰਦਾਰਾਂ ਨੇ 18 ਵੀਂ ਸਦੀ ਵਿੱਚ ਉੱਤਰੀ ਹਿੰਦੁਸਤਾਨ ਦੇ ਇਕ ਵੱਡੇ ਹਿੱਸੇ ‘ਤੇ ਕਬਜ਼ਾ ਕਰ ਲਿਆ ਸੀ। ਜਿੱਥੇ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਪਰਿਵਾਰ ਨੇ ਕਰੀਬ 50 ਸਾਲ ਰਾਜ ਕੀਤਾ। ਇਹਨਾਂ ਜਿੱਤਾਂ ਪਿੱਛੇ ਖ਼ਾਲਸਾ ਦੀ ਬਹਾਦਰੀ ਅਤੇ ਉੱਚ ਚਰਿੱਤਰ ਸੀ, ਜਿਸ ਵਿੱਚ ਔਰਤ ਦੀ ਇੱਜ਼ਤ ਕਰਨੀ, ਹਥਿਆਰ ਰਹਿਤ ਵਿਅਕਤੀ ਤੇ ਹਮਲਾ ਨਾ ਕਰਨ ਦੇ ਨਾਲ ਨਾਲ ਚੋਰੀ ਨਾ ਕਰਨ ਅਤੇ ਚੋਰ ਦਾ ਸਾਥ ਵੀ ਨਾ ਦੇਣ ਦੇ ਅਸੂਲ ਵੀ ਸ਼ਾਮਿਲ ਸਨ।

ਅੰਗਰੇਜ਼ ਨੇ ਮੱਕਾਰੀ ਤੇ ਧੋਖੇ ਨਾਲ ਬਾਲ ਮਹਾਰਾਜਾ ਦਲੀਪ ਸਿੰਘ ਤੋਂ ਪੰਜਾਬ ਦਾ ਰਾਜ ਖੋਹ ਲਿਆ। ਦਰਿਆ ਸਤਲੁਜ ਪਾਰ ਹਿੱਸੇ ਦੇ ਸਰਦਾਰ ਰਾਜ ਕੁਮਾਰ ਬਣ ਅੰਗਰੇਜ਼ਾਂ ਦੇ ਪਹਿਲਾਂ ਹੀ ਪਿੱਠੂ ਬਣ ਚੁੱਕੇ ਸਨ। ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਕਦੇ ਨਹੀਂ ਸੀ ਤੀਸਰੀ ਜਾਤ ਆਈ ਵਾਲੇ ਰਾਜ ਅੰਦਰ ਫ਼ਿਰਕੂ ਫੁੱਟ ਪਾਉਣ ਲਈ ਅੰਗਰੇਜ਼ ਨੇ ਵੱਡੀ ਵਿਉਂਤਬੰਦੀ ਨਾਲ ਪਹਿਲਾਂ ਮੁਸਲਮਾਨ ਤੇ ਫੇਰ ਹਿੰਦੂ-ਸਿੱਖਾਂ ਨੂੰ ਇੱਕ ਦੂਜੇ ਤੋਂ ਦੂਰ ਕਰਨ ਦੀ ਚਾਲ ਚਲੀ। ਜਿਸ ਕਾਰਨ ਮਹਾਰਾਣੀ ਜਿੰਦ ਕੌਰ ਦੇ ਹੱਕ ਵਿਚ ਤੇ ਮਹਾਰਾਜਾ ਦਲੀਪ ਸਿੰਘ ਦੇ ਇਸਾਈ ਕਰਨ ਵਿਰੁੱਧ ਕਿਸੇ ਨੇ ਲੋੜੀਂਦੀ ਆਵਾਜ਼ ਵੀ ਨਹੀਂ ਉਠਾਈ, ਸਾਥ ਤਾਂ ਕੀ ਦੇਣਾ ਸੀ ।

ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਬੁੰਗਾ ਸਰਦਾਰਾਂ ਢਾਹ ਦਿੱਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਦਾ ਦਰਵਾਜ਼ਾ, ਗੇਟ ਘੰਟਾ ਘਰ ਬਣਾ ਦਿੱਤਾ ਗਿਆ। ਰਾਜ ਕੁਮਾਰੀ ਬੰਬਾਂ 1957 ਈ. ਤੱਕ ਲਾਹੌਰ ਵਿੱਚ ਰਹੀ, ਉਸ ਨੂੰ ਸਤਿਕਾਰ ਤਾਂ ਕਿਸ ਦੇਣਾ ਸੀ, ਧੋਖੇ ਨਾਲ ਖੋਹੇ ਸਿੱਖ ਰਾਜ ਦੇ ਮੁੜ ਬਹਾਲੀ ਦੀ ਮੰਗ ਵੀ ਕਿਸੇ ਨਹੀਂ ਕੀਤੀ।

ਨਿਰਸੰਦੇਹ ਅੰਗਰੇਜ਼ ਨੇ ਪੂਰਨ ਰੂਪ ਵਿੱਚ ਸਿੱਖ ਚਰਿੱਤਰ ਤੇ ਸਿਧਾਂਤ ਨੂੰ ਹੀ ਖ਼ਤਮ ਕਰਨ ਦਾ ਯਤਨ ਕੀਤਾ। ਵੱਡੀ ਗਿਣਤੀ ਸਿੱਖ ਫ਼ੌਜੀ ਅੰਗਰੇਜ਼ ਤੋਪ ਦਾ ਬਰੂਦ ਬਣ ਕੇ ਦੁਨੀਆ ਭਰ ਵਿੱਚ ਲੜੇ ਤੇ ਮਰੇ।  ਮੁਗ਼ਲ, ਨਾਦਰ ਸ਼ਾਹ, ਅਬਦਾਲੀ ਤੇ ਮੰਨੂ ਵਰਗੇ ਜਰਵਾਣੇ ਲਗਾਤਾਰ ਸਿੱਖਾਂ ਦਾ ਕਤਲ ਕਰਕੇ ਤੇ ਧਰਮ ਸਥਾਨ ਢਾਹ ਕੇ ਕੌਮ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਹੋਣ ਦੇ ਬਾਵਜੂਦ ਸਫਲ ਨਹੀਂ ਹੋਏ, ਪਰ ਅੰਗਰੇਜ਼ ਨੇ ਤਖ਼ਤ ਢਾਹੁਣ ਦੀ ਥਾਂ ਸਿਧਾਂਤ ਢਾਹੁਣ ਦੀ ਨੀਤੀ ਨਾਲ ਇਸ ਦੇ ਮਹਾਨ ਫ਼ਲਸਫ਼ਾ ਤੇ ਸ਼ਕਤੀ ਨੂੰ ਖੇਰੂੰ-ਖੇਰੂੰ ਕਰ ਦਿੱਤੀ ।

ਸਿੱਖ ਕੌਮ ਦੀ ਤ੍ਰਾਸਦੀ ਇਹ ਰਹੀ ਕਿ ਸਾਰੇ ਲੋਕ ਇਕੱਠੇ ਹੋ ਕੇ ਨਹੀਂ ਬੈਠੇ, ਪਹਿਲਾਂ ਅੰਗਰੇਜ਼ਾਂ ਨੇ ਵੰਡ ਦਿੱਤੇ, ਜੇਕਰ ਮਹਾਰਾਜਾ ਦਲੀਪ ਸਿੰਘ ਅਤੇ ਬਾਬਾ ਮਹਾਰਾਜ ਸਿੰਘ ਵਾਂਗ ਕੋਈ ਉੱਠਿਆ ਵੀ ਤਾਂ ਉਹ ਇਕੱਲਾ ਰਹਿ ਹੀ ਗਿਆ। ਆਜ਼ਾਦੀ ਸਮੇਂ ਕਾਂਗਰਸ ਨੇ ਖ਼ਾਲਸਾ ਰਾਜ ਦੀ ਰਾਜਧਾਨੀ ਸਮੇਤ ਬਹੁਤੇ ਇਤਿਹਾਸਕ ਗੁਰਧਾਮ ਵੀ ਪਾਕਿਸਤਾਨ ਦੇ ਹਵਾਲੇ ਕਰ ਦਿੱਤੇ। ਪਾਕਿਸਤਾਨ ਵਿੱਚ ਬਚੇ ਸਿੱਖ ਜਾਂ ਤਾਂ ਕਤਲ ਕਰ ਦਿੱਤੇ ਗਏ ਜਾਂ ਧਰਮ ਪਰਵਰਤਨ ਲਈ ਮਜਬੂਰ ਕਰ ਦਿੱਤੇ ਗਏ। ਪਾਕਿਸਤਾਨ ਦਾ ਪੰਜਾਬ, ਸਿੱਖ ਮੁਕਤ ਹੋ ਗਿਆ, ਜੋ ਕੁਝ ਸਿੱਖ ਬਚ ਗਏ ਹਨ, ਉਹ ਅੱਜ ਕਬਾਇਲੀ ਇਲਾਕੇ ਵਿੱਚ ਰਹਿੰਦੇ ਹਨ।

ਭਾਰਤ ਨਾਲ ਰਹਿਣ ਦੇ ਸਿੱਖ ਆਗੂਆਂ ਦੇ ਫ਼ੈਸਲੇ ਨੇ ਕੌਮ ਦੇ ਭਵਿੱਖ ’ਤੇ ਗਹਿਰਾ ਪ੍ਰਭਾਵ ਪਾਇਆ। ਸ਼ੁਰੂਆਤੀ ਦਹਾਕਿਆਂ ’ਚ ਸਿੱਖ ਕੌਮ ਨੂੰ ਕੇਂਦਰੀ ਹਕੂਮਤ ਤੋਂ ਮਾੜੇ ਤਜਰਬੇ ਵੀ ਹੋਏ। ਪਰ ਗੈਰ ਕਾਂਗਰਸੀ ਸਰਕਾਰਾਂ ਦੇ ਹੋਂਦ ਵਿਚ ਆਉਣ ਨਾਲ ਸਥਿਤੀ ’ਚ ਵੱਡੀ ਤਬਦੀਲ ਵੀ ਆਈ। ਅੱਜ ਹਰ ਖੇਤਰ ਵਿੱਚ ਸਿੱਖਾਂ ਨੂੰ ਅੱਗੇ ਵਧਣ ਅਤੇ ਸਰਕਾਰੀ ਕੁਰਸੀਆਂ ਦਾ ਅਨੰਦ ਮਾਣਨ ਦਾ ਮੌਕਾ ਮਿਲ ਰਿਹਾ ਹੈ। ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਫ਼ੌਜਾਂ ਦੇ ਮੁਖੀ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ, ਖੇਡ ਟੀਮਾਂ ਦੇ ਕਪਤਾਨ ਸਿੱਖ ਬਣੇ ਤੇ ਹੈ ਵੀ ਨੇ। ਪੰਜਾਬ ਜਿੱਥੇ ਸਿੱਖ ਵੱਡੀ ਗਿਣਤੀ ਵਿੱਚ ਵੱਸਦੇ ਹਨ, 1956 ਈ ਤੋਂ ਕੁਝ ਸਮਾਂ ਛੱਡ ਸਿੱਖ ਹੀ ਮੁੱਖ ਮੰਤਰੀ ਤੇ ਵਜ਼ੀਰ ਬਣਦੇ ਆ ਰਹੇ ਹਨ।

ਅਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਸਿੱਖ ਕੌਮ ਨੇ ਪੁਰ ਅਮਨ ਅੰਦੋਲਨਾਂ ਰਾਹੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਸਮੇਤ ਕਈ ਮੋਰਚੇ ਜਿੱਤੇ ਹਨ। ਪਰ 1980 ਦੇ ਦਹਾਕੇ ਤੋਂ ਸਿੱਖ ਭੇਸ ਵਾਲੇ ਕਈ ਪੁਰਾਣੇ ਨਕਸਲਬਾੜੀਆਂ ਨੇ ਕੁਝ ਨਿਹੱਥੇ ਮਾਸੂਮ ਬੱਚੇ, ਔਰਤਾਂ ਤੇ ਬੇਗੁਨਾਹ ਲੋਕਾਂ ਨੂੰ ਮਾਰਨ ਦੇ ਰਾਹ ਵੀ ਪਾ ਦਿੱਤਾ। ਗੁਰੂ ਕਾ ਸਿੱਖ ਨਾ ਤਾਂ ਭੱਜੇ ਤੇ ਵਾਰ ਕਰਦਾ ਹੈ ਤੇ ਨਾਂ ਹੀ ਨਿਹੱਥੇ ਤੇ, ਜੇਕਰ ਕਤਲ ਕਰਨ ਨਾਲ ਵਿਚਾਰ ਨੂੰ ਮਾਰਿਆ ਜਾ ਸਕਦਾ ਤਾਂ ਗੁਰੂ ਸਾਹਿਬਾਨ ਦੀਆਂ ਬੇਮਿਸਾਲ ਕੁਰਬਾਨੀਆਂ ਤੋਂ ਬਾਅਦ ਤਾਂ ਇਕ ਵੀ ਸਿੱਖ ਨਾ ਬਚਦਾ ਨਾ ਬਣਦਾ। ਮਾਸਟਰ ਤਾਰਾ ਸਿੰਘ ਜੀ ਤੋਂ ਬਾਅਦ ਸਿੱਖ ਰਾਜਨੀਤਿਕ ਆਗੂਆਂ ਦੀ ਸਥਿਤੀ ”ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥” ਵਾਲੀ ਰਹੀ ਹੈ, ਜਿੱਥੇ ਨਾ ਤਾਂ ਰਾਜਨੀਤਿਕ ਤੌਰ ‘ਤੇ ਅੱਗੇ ਵਧ ਸਕੇ ਹਾਂ ਨਾ ਹੀ ਧਾਰਮਿਕ ਤੌਰ ‘ਤੇ। ਆਬਾਦੀ ਦੇ ਹਿਸਾਬ ਨਾਲ ਭਾਰਤ ਵਿੱਚ ਸਿੱਖ ਤੀਜੇ ਤੋਂ ਚੌਥੇ ਨੰਬਰ ‘ਤੇ ਚਲੇ ਗਏ ਹਨ। ਅੱਜ ਸਿੱਖ ਭਾਈਚਾਰਾ ਦੁਨੀਆ ਵਿੱਚ ਫੈਲ ਚੁੱਕਿਆ ਹੈ । ਸਿੱਖ ਫ਼ਲਸਫ਼ੇ ਤੇ ਇਤਿਹਾਸ ਦੀ ਅਮੀਰੀ ਨਾਲ ਬਹੁਤ ਅੱਗੇ ਵਧਣ ਦੀ ਸਮਰੱਥਾ ਰੱਖਦੇ ਹਨ।

 ਜੇਕਰ ਆਪਣਾ ਬੱਚਾ ਦੂਜੇ ਦੇ ਘਰ ਚਲਾ ਜਾਏ ਤੇ ਗੁਆਂਢੀ ਨਾਲ ਲੜਨ ਦੀ ਥਾਂ ਆਪਣੇ ਬੱਚੇ ਨੂੰ ਸਮਝਾਉਣਾ ਸਹੀ ਨੀਤੀ ਹੈ। ਪਰ ‘ਮੋਹਿ ਐਸੇ ਬਨਜ ਸਿਉ ਨਹੀਨ ਕਾਜੁ॥ ਜਿਹ ਘਟੈ ਮੂਲੁ ਨਿਤ ਬਢੈ ਬਿਆਜੁ॥ ਦੇ ਹੁਕਮ ਅਨੁਸਾਰ ਸਿੱਖਾਂ ਨੇ ਹੀ ਸਿੱਖਾਂ ਨੂੰ ਮਾਰ ਕੇ ਪੰਜਾਬ ਤੇ ਦੂਜੇ ਸੂਬਿਆਂ ਵਿੱਚ ਹਜ਼ਾਰਾਂ ਘਰਾਂ ਦੇ ਚਿਰਾਗ਼ ਬੁਝਾ ਲਏ।

ਸਿੱਖਾਂ ਨੂੰ ਈਦ ਦੇ ਦੁੰਬੇ ਵਾਂਗ ਕਤਲ ਕਰ 1985 ਈ. ਦੀ ਚੋਣ ਜਿੱਤਣ ਦੀ ਸਰਕਾਰੀ ਸਾਜ਼ਿਸ਼ ਦਾ ਕਈ ਸਾਬਕਾ ਅਧਿਕਾਰੀ ਪਰਦਾਫਾਸ਼ ਕਰਦੇ ਹਨ। ਪਰ ਕੀ ਕਿਸੇ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਸੱਚ ਦਾ ਇਤਿਹਾਸ ਕੌਮ ਨੂੰ ਕਲਮਬੰਦ ਕਰਕੇ ਦਿੱਤਾ?।  ਅਖੌਤੀ ਧਰਮ ਯੁੱਧ ਵਿੱਚ ਜੋ ਸਿੱਖ ਕੌਮ ਦਾ ਨੁਕਸਾਨ ਹੋਇਆ ਉਸ ਲਈ ਜ਼ਿੰਮੇਵਾਰ ਕੌਣ ਹਨ? ਉਸ ਦੀ ਭਰਪਾਈ ਅਜੇ ਤੱਕ ਕਿਉਂ ਨਹੀਂ ਹੋਈ? ਜਿੰਨਾ ਧਰਮੀ ਫ਼ੌਜੀਆਂ ਨੇ 1984 ਈ. ਵਿੱਚ ‘ਸਾਕਾ ਨੀਲਾ ਤਾਰਾ’ ਵਿਰੁੱਧ ਰੋਸ ਕਾਰਨ ਬੈਰਕਾਂ ਛੱਡੀਆਂ ਸਨ, ਨੂੰ 1985 ਈ ਤੋਂ ਬਾਅਦ ਪੰਥਕ ਸਰਕਾਰਾਂ ਨੇ ਕੀ ਸਹਾਇਤਾ ਕੀਤੀ? ਜਾਂ ਨੌਕਰੀਆਂ ਦਿੱਤੀਆਂ? ਟਾਸਕ ਫੋਰਸ ਦੇ ਮੈਂਬਰ ਬਣ ਚੌਕੀਦਾਰਾ ਕਰਨ ਨਾਲ਼ੋਂ ਤਾਂ ਉਹ ਪਹਿਲਾਂ ਹੀ ਚੰਗੇ ਨਹੀਂ ਸਨ?

ਪਿਛਲੇ 45 ਸਾਲ ਵਿੱਚ ਪੰਜਾਬ ਦੇ ਅੰਦਰ ਤੇ ਪੰਜਾਬ ਤੋਂ ਬਾਹਰ ਜੋ ਕਤਲੋਂ ਗਾਰਤ ਹੋਈ ਹੈ, ਉਸ ਬਾਰੇ ਕੀ ਕੋਈ ਕਮੇਟੀ ਨਹੀਂ ਬਣਨੀ ਚਾਹੀਦੀ ਸੀ? ਜੋ ਇਸ ਦੇ ਕਾਰਨ ਤੇ ਨਤੀਜਿਆਂ ਦੀ ਪੜਤਾਲ ਕਰਕੇ ਅੱਗੇ ਨੀਤੀ ਤੈਅ ਕਰਦੀ ।

 ਧਰਮਯੁੱਧ ਮੋਰਚੇ ਤੇ ਮਰਜੀਵੜੇ ਬਣਾਉਣ ਦਾ ਫ਼ੈਸਲਾ ਰਾਜਨੀਤਿਕ ਸੀ, ਇਸ ਲਈ ਰਾਜੀਵ-ਲੌਂਗੋਵਾਲ ਸਮਝੌਤਾ ਰੱਦ ਹੋਣ ‘ਤੇ ਵੀ ਮੁੱਦਾ ਕੁਰਸੀ ਪ੍ਰਾਪਤ ਕਰਨ ਤੱਕ ਹੀ ਰਿਹਾ, ਜੋ ਪੰਜਾਬ ਤੇ ਸਿੱਖਾਂ ਦੇ ਲਈ ਆਪ ਕੀਤੇ ਜਾ ਸਕਦੇ ਸਨ ਉਹ ਵੀ ਨਹੀਂ ਕੀਤੇ ਗਏ, ਘੱਟੋ-ਘੱਟ ਸਰਕਾਰੀ ਤੰਤਰ ਤੇ ਆਮ ਵਿਅਕਤੀਆਂ ਵਿੱਚ ਲੰਬੇ ਸਮੇਂ ਹੋਏ ਕਤਲੋਗਾਰਤ ਨੂੰ ਮਾਫ਼ ਕਰੋ, ਪਿਆਰ ਕਰੋ, ਤੇ ਅੱਗੇ ਵਧੋ ਤੱਕ ਦੀ ਗੱਲ ਨਹੀਂ ਹੋਈ। ਨੀਤੀ ਕੇਵਲ ਮੁੱਦੇ ਤੇ ਸਮੱਸਿਆਵਾਂ ਜਿੰਦਾ ਰੱਖਣ ਤੱਕ ਹੀ ਰਹੀ ਲਗਦੀ ਹੈ।

1984 ਈ ਦੀ ਸਿੱਖ ਕਤਲੇਆਮ ਭਾਰਤ ਦੇ ਕਰੀਬ 9 ਰਾਜਾਂ ਵਿੱਚ ਹੋਈ, ਉਸ ਬਾਰੇ ਇਨਸਾਫ਼ ਲੈ ਕੇ ਦੇਣ ਦਾ ਕਿਸ ਕੌਮੀ ਆਗੂ ਨੇ ਯਤਨ ਕੀਤਾ? ਪੰਜਾਬ ਤੋਂ ਬਾਹਰ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਉਤਰਾਖੰਡ, ਮੱਧ ਪ੍ਰਦੇਸ਼ ਸਮੇਤ ਸਾਰੇ ਸੂਬਿਆਂ ਵਿੱਚ 50 ਲੱਖ ਤੋਂ ਵੱਧ ਸਿੱਖ ਵੱਸਦੇ ਹਨ, ਜੋ ਵੱਡੇ ਜ਼ਿਮੀਂਦਾਰ ਤੇ ਕਾਰੋਬਾਰੀ ਹਨ। ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰ ਬਾਹਰ ਵੱਸਦੇ ਸਿੱਖਾਂ ਦਾ ਜੀਵਨ ਅਸੁਰੱਖਿਅਤ ਕਰਨ ਦੇ ਜ਼ੁੰਮੇਵਾਰ ਸਿੱਖ ਸਰੂਪ ਵਿੱਚ ਲੋਕਾਂ ਨੂੰ ਨਜ਼ਰ ਆਉਣ, ਕੀ ਇਹ ਕੌਮੀ ਹਿਤ ਹੈ?

 ਵਾਰਿਸ ਪੰਜਾਬ ਦਾ ਕੀ ਪਿਛੋਕੜ ਹੈ? ਇਸ ਦੀ ਕੌਮ ਨੂੰ ਦੇਣ ਤੇ ਅੰਤਿਮ ਨਿਸ਼ਾਨਾ ਕੀ ਹੈ? ਕੌਮ ਦੇ ਗਲ ਵਿੱਚ ਇਹ ਸਮੱਸਿਆ ਜਾ ਮੁਹਿੰਮ ਪਾਉਣ ਤੋਂ ਪਹਿਲਾਂ ਕਿਸ ਕਿਸ ਆਗੂ ਨੇ ਰਾਏ ਦਿੱਤੀ ? ਕੀ ਇਹ ਭਾਰਤ ਨੂੰ ਜ਼ਖ਼ਮੀ ਕਰ ਖ਼ੂਨ ਬਹਾਉਣ ਲਈ 2ਕੇ ਕੇ (ਕਸ਼ਮੀਰ, ਖ਼ਾਲਿਸਤਾਨ) ਪਲਾਨ ਦੀ ਆਈਐਸਆਈ ( ਪਾਕਿਸਤਾਨ) ਦੀ ਨੀਤੀ ਤਾਂ ਨਹੀਂ? ਕਿਸੇ ਵੀ ਦੇਸ਼ ਵਿਰੁੱਧ ਹਥਿਆਰ ਬੰਦ ਲੜਾਈ ਦੂਜਾ ਦੇਸ਼ ਹੀ ਲੜ ਸਕਦਾ ਹੈ, ਕੀ ਹਥਿਆਰਾਂ ਦੀ ਗੱਲ ਕਰਨ ਵਾਲੇ ਉਸ ਦੇਸ਼ ਦਾ ਨਾਂ ਦੱਸਣਗੇ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ’ਚ ਥਾਣੇ ‘ਤੇ ਕਬਜ਼ਾ ਕਰਨ ਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ? ਖ਼ਾਲਿਸਤਾਨ ਦਾ ਸ਼ਬਦ ਵਿਦੇਸ਼ਾਂ ਵਿੱਚ ਭੇਜਣ ਦੇ ਨਾਂ ’ਤੇ ਪੈਸੇ ਕਮਾਉਣ ਦਾ ਵੀ ਸਾਧਨ ਬਣਦਾ ਜਾ ਰਿਹਾ ਹੈ। ਮੁੱਠੀਭਰ ਲੋਕ ਦੇਸ਼-ਵਿਦੇਸ਼ ਵਿੱਚ ਸਿੱਖ ਕੌਮ ਦੀ ਛਵੀ ਖ਼ਰਾਬ ਕਰਦੇ ਨਜ਼ਰ ਆਉਂਦੇ ਹਨ।

ਨਸ਼ਾ, ਗੁਰਮਤਿ ਅਨੁਸਾਰ ਵਰਜਿਤ ਹੈ, ਪਰ ਇਸ ਵਿਰੁੱਧ ਲਾਮਬੰਦੀ ਇੱਕ ਵਿਅਕਤੀ ਨੂੰ ਨਹੀਂ ਸਿੱਖ ਪੰਥ ਨੂੰ ਕਰਨੀ ਪਵੇਗੀ ਅਤੇ ਗੁਰਮੀਤ ਦੇ ਕਾਰੋਬਾਰੀ ਜੋ ਪੰਜਾਬ ਵਿੱਚੋਂ ਹੀ ਹਨ ਨੂੰ ਰਾਜਸੀ ਤੇ ਧਾਰਮਿਕ ਪੁਸ਼ਤਪਨਾਹੀ ਕਰਨ ਦੀ ਥਾਂ ਸਮਾਜਿਕ ਬਹਿਸ਼ਕਾਰ ਕਰਨਾ ਪਵੇਗਾ, ਜੋ ਸਾਡੇ ਕਰਦੇ ਹੁੰਦੇ ਸਨ। ਧਾਰਮਿਕ ਰੂਪ ਵਿੱਚ ਨਿਰਮਲ ਪੰਥ ਤਾਂ ਪੂਰਨ ਕਰਮਕਾਂਡੀ ਬਣਾ ਦਿੱਤਾ ਗਿਆ ਹੈ, ਉਜਰਤ ਬਿਨਾ ਪਾਠ ਕਰਾਉਣ ਦੀ ਰਵਾਇਤ ਤਾਂ ਕਦੋਂ ਦੀ ਖ਼ਤਮ ਹੋ ਚੁੱਕੀ ਹੈ। ਕਥਾ ਕੀਰਤਨ ਤੇ ਅਰਦਾਸ ਰੋਜ਼ਗਾਰ ਤੇ ਕਮਾਈ ਦੇ ਸਾਧਨ ਬਣ ਚੁੱਕੇ ਹਨ। ਸਿੱਖ ਆਗੂਆਂ ਦਾ ਸਾਰਾ ਜ਼ੋਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨ ਅਤੇ ਕੌਮ ਦਾ ਪੈਸਾ ਵਿੱਦਿਆ, ਸਿਹਤ ਤੇ ਰੋਜ਼ਗਾਰ ਵੱਲ ਲਾਉਣ ਦੀ ਥਾਂ ਸੌੜੀ ਰਾਜਨੀਤਿਕ ਮੁਫ਼ਾਦ ਲਈ ਵਰਤਣ ਤੱਕ ਹੀ ਸੀਮਿਤ ਹੋ ਰਿਹਾ ਹੈ। ਇਹ ਪ੍ਰੇਮ, ਸੇਵਾ ਤੇ ਬਹਾਦਰੀ ਦੇ ਮੁਜੱਸਮੇ, ਦੂਜੇ ਦੀ ਧੀ ਭੈਣ ਦੀ ਇੱਜ਼ਤ ਦੇ ਰਖਵਾਲੇ, ਵਾਰ ਵਾਰ ਧੋਖਾ ਤੇ ਵਾਅਦਾ ਸ਼ਿਕਨੀ ਕਾਰਨ ਦੋਸਤ ਤੇ ਦੁਸ਼ਮਣ ਦੀ ਪਹਿਚਾਣ ਕਰਨ ਦੇ ਅਸਮਰਥ ਹੋ ਗਏ ਲੱਗਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1136 ਉੱਤੇ ਪੰਚਮ ਪਾਤਸ਼ਾਹ ਨੇ ‘ਨਾ ਹਮ ਹਿੰਦੂ ਨ ਮੁਸਲਮਾਨ॥’ ਅੰਕਿਤ ਆਪਣੀ ਵੱਖਰੀ ਹੋਂਦ ਬਾਰੇ 400 ਸਾਲ ਤੋਂ ਪਹਿਲਾਂ ਹੀ ਦਰਜ ਕੀਤੀ ਹੈ, ਫੇਰ ਕਿਸ ਤੋਂ ਸਰਟੀਫਿਕੇਟ ਲੈਣ ਦੀ ਕੀ ਲੋੜ ਹੈ? ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜ਼ਾਹਰ ਪੀਰ ਜਗਤ ਗੁਰੂ ਬਾਬਾ ਸਭ ਦਾ ਸਾਂਝਾ ਹੈ। ਕਿਸੇ ਦੁਨਿਆਵੀ ਸੀਮਾ ਵਿੱਚ ਬੱਝ ਨਹੀਂ ਸਕਦਾ। ਨਫ਼ਰਤ ਦੀ ਖੇਤੀ ਬੰਦ ਹੋਣੀ ਚਾਹੀਦੀ ਹੈ।  2019ਈ. ਵਿੱਚ ਕੌਮ ਦੀ ਚੁਣੀ ਹੋਈ ਸੰਸਥਾ ਸ਼੍ਰੋਮਣੀ ਕਮੇਟੀ ਜਿਸ ਨੂੰ ’ਮਸੀਹਾ’ ਵਜੋਂ ਸਨਮਾਨ ਕਰਦੀ ਹੈ ਬਾਰੇ ਕਿਸ ਕਾਰਨ ਤੋਂ ਲੋਕਾਂ ਵਿੱਚ ਨਫ਼ਰਤ ਬੀਜੀ ਜਾ ਰਹੀ ਹੈ? ਸੰਪਰਕ ਤੇ ਸੰਵਾਦ ਰਾਹੀਂ ਹਰ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ। ਸਿੱਟਾ ਇਹ ਹੈ ਕਿ 18ਵੀਂ ਤੇ 19ਵੀਂ ਸਦੀ ਦੇ ਸਿੱਖ, ਕੌਮ ਲਈ ਆਪਾ ਵਾਰ ਕੇ ਨਾਮ ਰੌਸ਼ਨ ਕਰਦੇ ਰਹੇ ਹਨ, ਪਰ 20ਵੀਂ ਸਦੀ ਦੇ 70ਵੇਂ ਦਹਾਕੇ ਤੋਂ ਬਾਅਦ ਦੇ ਆਗੂ, ਰਾਜਨੀਤੀ ਲਈ ਧਰਮ ਸਥਾਨਾਂ ਦੀ ਵਰਤੋਂ ਕਰਦੇ ਹੋਏ ਸਿੱਖ ਕੌਮ ਨੂੰ ਜਜ਼ਬਾਤੀ ਤੌਰ ‘ਤੇ ਭੜਕਾ ਕੇ ਸੱਤਾ ਦੀ ਕੁਰਸੀ ਲੱਭਣ ਦਾ ਯਤਨ ਕਰਦੇ ਹਨ। ਅੱਜ ਵੀ ਲੰਬੀ ਤੇ ਦੂਰ-ਦ੍ਰਿਸ਼ਟੀ ਤੋਂ ਵਿਰਵੇ ਉਹ ਲੋਕ ਆਗੂਆਂ ਦੇ ਤੌਰ ’ਤੇ ਲੋਕਾਂ ਸਾਹਮਣੇ ਹੁੰਦੇ ਹਨ ਜਿਨ੍ਹਾਂ ਦੇ ਦਿਲ ਵਿੱਚ ਆਪਣੇ ਹੀ ਦੇਸ਼, ਕੌਮ ਅਤੇ ਆਪਣੇ ਹੀ ਸੂਬੇ ਤੇ ਆਪਣੀਆਂ ਹੀ ਸਰਕਾਰਾਂ ਲਈ ਨਫ਼ਰਤ ਭਰਦੇ ਨਜ਼ਰ ਆਉਂਦੇ ਹਨ। ਸਿੱਖ ਕੌਮ ਇੱਕ ਬਹਾਦਰ ਕੌਮ ਹੈ, ਜਿਸ ਨੇ ਮੁਗ਼ਲਾਂ ਤੋਂ ਹੀ ਨਹੀਂ ਅਬਦਾਲੀ ਤੇ ਅੰਗਰੇਜ਼ਾਂ ਤੋਂ ਵੀ ਆਜ਼ਾਦੀ ਲੈਣ ਲਈ ਮੋਹਰੀ ਭੂਮਿਕਾ ਅਦਾ ਕੀਤੀ ਤੇ ਸੇਵਾ ਤੇ ਕੁਰਬਾਨੀ ਨਾਲ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮਾਣ-ਸਤਿਕਾਰ ਪ੍ਰਾਪਤ ਕਰ ਰਹੀ ਹੈ। ਇਹ ਬਹਾਦਰ ਤੇ ਪ੍ਰੇਮ ਕਰਨ ਵਾਲੇ ਬਹਾਦਰ ਕੇਵਲ ਇੱਜ਼ਤ ਤੇ ਪਿਆਰ ਮੰਗਦੇ ਹਨ, ਪਰ ਕਈ ਧੋਖੇ ਹੋਣ ਕਾਰਨ ਜਲਦੀ ਨਿਰਾਸ਼ ਤੇ ਨਾਰਾਜ਼ ਹੋ ਕੇ ਗ਼ੁੱਸੇ ਕਾਰਨ ਸੱਚ ਤੇ ਝੂਠ ਦੀ ਪਰਖ ਕਰਨ ਵਿੱਚ ਪਿੱਛੇ ਰਹਿ ਜਾਂਦੇ ਹਨ। ਜਿਸ ਬਾਰੇ ਵਿਦਵਾਨਾਂ ਦੀ ਚਰਚਾ ਹੁੰਦੀ ਰਹਿਣੀ ਚਾਹੀਦੀ ਹੈ ਅਤੇ ਆਪਣੇ ਮੂਲ ਚਰਿੱਤਰ ਨਾਲ ਜੁੜ ਇਸ ਧਰਤੀ ਨੂੰ ਅਮਨ, ਸੁਰੱਖਿਆ ਤੇ ਤਰੱਕੀ ਵਾਲਾ ਹਲੇਮੀ ਰਾਜ ਬਣਾਉਣ ਵੱਲ ਵਧਣਾ ਚਾਹੀਦਾ ਹੈ।

ਇਕਬਾਲ ਸਿੰਘ ਲਾਲਪੁਰਾ
ਚੇਅਰਮੈਨ, ਕੌਮੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ। 
ਈਮੇਲ- iqbalsingh_73@yahoo.co.in

ਸਿਵਿਆਂ ‘ਤੇ ਸਿਆਸਤ

ਸ੍ਰੀ ਹਰਬੰਸ ਸਿੰਘ ਧਾਲੀਵਾਲ ਉਰਫ ਹਰਬ ਧਾਲੀਵਾਲ, ਪਹਿਲੇ ਪੰਜਾਬੀ ਸਿੱਖ, ਕੈਨੇਡਾ ਸਰਕਾਰ ਵਿੱਚ 1993 ਵਿੱਚ ਕੇਂਦਰੀ ਮੰਤਰੀ ਬਣੇ ਸਨ। ਉਸ ਦੇ ਮੇਰੇ ਨਾਲ ਬਹੁਤ ਪੁਰਾਣੇ ਦੋਸਤਾਨਾ ਸੰਬੰਧ ਹਨ। ਮੰਤਰੀ ਬਣ ਕੇ ਜਦੋਂ ਉਹ ਪਹਿਲੀ ਵਾਰ ਭਾਰਤ ਆਏ, ਅੰਮ੍ਰਿਤਸਰ ਮੇਰੇ ਕੋਲ ਠਹਿਰੇ ਅਤੇ ਉਨ੍ਹਾਂ ਬਹੁਤ ਸਾਰੇ ਭਾਰਤੀ ਰਾਜਨੀਤਿਕ ਆਗੂਆਂ ਨਾਲ ਮੁਲਾਕਾਤ ਵੀ ਕੀਤੀ।

 ਉਹ ਇਸ ਗੱਲ ‘ਤੇ ਹੈਰਾਨ ਸੀ ਕਿ ਭਾਰਤੀ ਰਾਜਨੀਤਿਕ ਆਗੂ ਆਪਣੇ ਵੱਲੋਂ ਦੇਸ਼ ਦੇ ਕਾਨੂੰਨ ਤੋੜਨ ਤੇ ਜੇਲ੍ਹ ਜਾਣ ਨੂੰ ਇੱਕ ਵੱਡੀ ਕਾਮਯਾਬੀ ਦੱਸਦੇ ਸਨ। ਉਸੇ ਆਧਾਰ ‘ਤੇ ਉਹ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰਦੇ ਸਨ। ਸ੍ਰੀ ਹਰਬ ਧਾਲੀਵਾਲ ਨੇ ਹੋਰ ਦੱਸਿਆ ਕਿ, ਜੇਕਰ ਕੋਈ ਵਿਅਕਤੀ ਦੇਸ਼ ਦਾ ਕਾਨੂੰਨ ਤੋੜਨ ਕਾਰਨ ਜੇਲ੍ਹ ਵਿੱਚ ਗਿਆ ਹੋਵੇ ਜਾਂ ਉਸ ’ਤੇ ਕੋਈ ਦੋਸ਼ ਲੱਗੇ ਹੋਣ ਤਾਂ ਉਹ ਰਾਜਨੀਤੀ ਵਿੱਚੋਂ ਬਾਹਰ ਹੀ ਸਮਝਿਆ ਜਾਂਦਾ ਹੈ। ਉਸ ਸਮੇਂ ਪੰਜਾਬ ਵਿੱਚ ਕਰੀਬ 8 ਪ੍ਰਤੀਸ਼ਤ ਵੋਟਾਂ ਨਾਲ ਬਣੀ ਸ. ਬੇਅੰਤ ਸਿੰਘ ਦੀ ਸਰਕਾਰ ਸੀ।

 ਪੰਜਾਬ ਵਿੱਚ ਅਸੁਰੱਖਿਆ ਦਾ ਮਾਹੌਲ ਸੀ, ਪਰ ਸ੍ਰੀ ਧਾਲੀਵਾਲ ਆਪਣੇ ਪਿੰਡ ਚਹੇੜੂ ਨੇੜੇ ਫਗਵਾੜਾ ਵੀ ਗਏ ਅਤੇ ਲੋਕਾਂ ਨਾਲ ਉੱਥੋਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਵੀ ਕੀਤੀ। ਤਿੰਨ ਵਾਰ ਕੈਨੇਡਾ ਦੇ ਕੇਂਦਰੀ ਮੰਤਰੀ ਰਹਿਣ ਤੋਂ ਬਾਅਦ ਉਹ ਭਰ ਜੁਆਨੀ ਵਿੱਚ ਹੀ ਰਾਜਨੀਤੀ ਤੋਂ ਵੱਖ ਹੋ ਗਏ। ਚੰਡੀਗੜ੍ਹ ਵਿੱਚ ਕੈਨੇਡਾ ਦਾ ਪਾਸਪੋਰਟ ਦਫ਼ਤਰ ਵੀ ਉਨ੍ਹਾਂ ਨੇ ਬਣਵਾ ਕੇ ਦਿੱਤਾ। ਆਪ ਉਸ ਦਾ ਉਦਘਾਟਨ ਕਰਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜੀਨ ਕ੍ਰੇਸ਼ੀਅਨ ਨੂੰ ਵੀ ਲੈ ਕੇ ਆਏ। ਇਸ ਦੀ ਅਰਜ਼ੀ ਦਿੱਲੀ ਹਾਈਕਮਿਸ਼ਨ ਵਿੱਚ ਮੈਂ ਤੇ ਮੇਰੇ ਦੋਸਤਾਂ ਨੇ ਦਿੱਤੀ ਸੀ। 

ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਦਾ ਸਮਾਂ ਹੋ ਚੁੱਕਾ ਹੈ। ਭਾਰਤੀ ਲੋਕ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਨ। ਭਾਰਤ ਜੀ-20 ਦੇਸ਼ਾਂ ਦਾ ਇਸ ਵਾਰ ਪ੍ਰਧਾਨ ਵੀ ਹੈ। ਭਾਰਤੀ ਰੁਪਏ ਨੂੰ ਅੰਤਰਰਾਸ਼ਟਰੀ ਕਰੰਸੀ ਵੱਲੋਂ ਮਾਨਤਾ ਮਿਲਣ ਦੀ ਗੱਲ ਵੀ ਚੱਲ ਰਹੀ ਹੈ। 
ਪੰਜਾਬ ਦੇਸ਼ ਦਾ ਸਰਹੱਦੀ ਸੂਬਾ ਹੈ, ਜਿਸ ਦੀ 550 ਕਿੱਲੋਮੀਟਰ ਸਰਹੱਦ ਪਾਕਿਸਤਾਨ ਨਾਲ ਲਗਦੀ ਹੈ।

 ਦੇਸ਼ ਦੀ ਵੰਡ ਤੋਂ ਤੁਰੰਤ ਬਾਅਦ ਹੀ ਪਾਕਿਸਤਾਨ ਨੇ ਕਸ਼ਮੀਰ ਵਿੱਚ ਦਖਲਅੰਦਾਜ਼ੀ ਕਰਕੇ ਭਾਰਤ ਨਾਲ ਦੁਸ਼ਮਣੀ ਬਣਾਈ ਰੱਖੀ, ਜੋ ਅਜੇ ਤੱਕ ਹੈ। ਜੋ ਪਾਕਿਸਤਾਨ ਦੀ ਕਈ ਵਾਰ ਹਾਰ ਤੋਂ ਬਾਅਦ ਵੀ ਖ਼ਤਮ ਨਹੀਂ ਹੋਈ। ਆਪਣੇ ਮੁਲਕ ਨੂੰ ਤਰੱਕੀ ਦੇ ਰਾਹ ਤੋਰਨ ਦੀ ਬਜਾਇ ਉੁਸਦੀ ਮਨਸ਼ਾ ਕੁਝ ਹੋਰ ਹੀ ਰਹੀ ਹੈ।
ਆਜ਼ਾਦੀ ਸਮੇਂ ਤੋਂ ਬਾਅਦ ਪਹਿਲੀਆਂ ਚੋਣਾਂ ਵਿੱਚ ਪੰਜਾਬ ਦੀਆਂ ਦੋ ਪ੍ਰਮੁੱਖ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਨ। ਪੈਪਸੂ ਵਿੱਚ ਤਾਂ ਸ: ਗਿਆਨ ਸਿੰਘ ਰਾੜੇਵਾਲੇ ਦੀ ਅਗਵਾਈ ਹੇਠ ਅਕਾਲੀ ਸਰਕਾਰ ਹੋਂਦ ਵਿੱਚ ਆ ਗਈ ਸੀ ਅਤੇ ਪੰਜਾਬ ਦੇ ਦੂਜੇ ਹਿੱਸੇ ਵਿੱਚ 13 ਸੀਟਾਂ ਲੈ ਕੇ ਮੁੱਖ ਵਿਰੋਧੀ ਧਿਰ ਸੀ, ਸ਼੍ਰੋਮਣੀ ਅਕਾਲੀ ਦਲ 1956 ਵਿੱਚ ਕਾਂਗਰਸ ਵਿੱਚ ਦੁਬਾਰਾ ਸ਼ਾਮਿਲ ਹੋ ਗਿਆ।

 ਆਜ਼ਾਦੀ ਤੋਂ ਬਾਅਦ ਬੋਲੀ ਦੇ ਆਧਾਰ ‘ਤੇ ਸੂਬਿਆਂ ਦੀ ਮੁੜ ਰਚਨਾ ਕਰਨ ਦਾ ਫ਼ੈਸਲਾ ਕੀਤਾ ਗਿਆ, 1956 ਈ: ਵਿੱਚ ਲੈਂਗਉਸਟਿਕ ਪ੍ਰੋਵਿੰਸਿਸ ਬਾਰੇ ਧਰ ਕਮਿਸ਼ਨ ਨੇ ਪੰਜਾਬੀ ਇਲਾਕੇ ਵਾਲਾ ਸੂਬਾ ਨਾ ਬਣਾਉਣ ਦੀ ਸਿਫ਼ਾਰਿਸ਼ ਕਰਕੇ, ਪੰਜਾਬੀ ਸੂਬੇ ਦੀ ਮੰਗ ਨੂੰ ਠੁਕਰਾ ਦਿੱਤਾ। ਇਸ ਤੋਂ ਬਾਅਦ ਪੰਜਾਬੀ ਸੂਬੇ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਨੇ ਆਰੰਭ ਕੀਤੀ ਜੋ 10 ਸਾਲ ਤੱਕ ਚੱਲੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸ਼ਾਂਤੀਪੂਰਵਕ ਅੰਦੋਲਨ ਕੀਤਾ ਤੇ 1965 ਦੀ ਲੜਾਈ ਵਿੱਚ ਦੇਸ਼ ਦੀਆਂ ਫ਼ੌਜਾਂ ਦਾ ਪਾਕਿਸਤਾਨ ਵਿਰੁੱਧ ਸਾਥ ਦਿੱਤਾ। ਸਿੱਖ ਜਰਨੈਲ ਵੀ ਲੜਾਈ ਵਿੱਚ ਸਭ ਤੋਂ ਅੱਗੇ ਰਹੇ।

 ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ‘ਹੁਕਮ ਸਿੰਘ ਕਮਿਸ਼ਨ’ ਦਾ ਗਠਨ ਕੀਤਾ ਜਿਸ ਦੀ ਰਿਪੋਰਟ ਸ਼ਾਸਤਰੀ ਜੀ ਦੀ ਅਚਾਨਕ ਮੌਤ ਉਪਰੰਤ ਸ੍ਰੀਮਤੀ ਇੰਦਰਾ ਗਾਂਧੀ ਨੇ ਅਧੂਰੀ ਪ੍ਰਵਾਨ ਕੀਤੀ, ਪਰ ਦਰਿਆਈ ਪਾਣੀ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਭਾਖੜਾ ਡੈਮ ਦੇ ਕੰਟਰੋਲ ਵਰਗੇ ਮੁੱਦਿਆਂ ਦਾ ਫ਼ੈਸਲਾ ਨਹੀਂ ਕੀਤਾ। 
ਪੰਜਾਬ ਦੇ ਪੁਨਰਗਠਨ ਤੋਂ ਬਾਅਦ 1967 ਵਿੱਚ ਸ: ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਵਿਰੋਧੀ ਪਾਰਟੀਆਂ ਦੀ ਪਹਿਲੀ ਗੈਰ ਕਾਂਗਰਸੀ ਸਰਕਾਰ ਪੰਜਾਬ ਵਿੱਚ ਹੋਂਦ ਵਿੱਚ ਆਈ।

 ਇਸ ਤੋਂ ਬਾਅਦ ਅਕਾਲੀ ਸਰਕਾਰ ਸ. ਲਛਮਣ ਸਿੰਘ ਗਿੱਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਵੀ ਬਣੀ। ਸੱਤਾ ਪ੍ਰਾਪਤ ਕਰਕੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਮੁੱਦਿਆਂ ਬਾਰੇ ਚੁੱਪੀ ਧਾਰ ਲੈਂਦਾ ਰਿਹਾ ਹੈ। ਤਾਕਤ ਤੋਂ ਬਾਹਰ ਆ ਕੇ ਫਿਰ 1973 ਵਿੱਚ ਜਦੋਂ ਪੰਜਾਬ ਵਿੱਚ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਸੀ ਤਾਂ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਸ ਕੀਤਾ ਗਿਆ।

 1977 ਵਿੱਚ ਮੁੜ ਸ: ਪ੍ਰਕਾਸ਼ ਸਿੰਘ ਬਾਦਲ ਨੇ ਜਨਤਾ ਪਾਰਟੀ ਨਾਲ ਮਿਲ ਕੇ ਸਰਕਾਰ ਬਣਾ ਕੇ, ਅਨੰਦਪੁਰ ਸਾਹਿਬ ਮਤੇ ਵਿੱਚ ਤਬਦੀਲੀ ਵੀ ਕੀਤੀ ਗਈ, ਪਰ ਪੰਜਾਬ ਅਤੇ ਹਰਿਆਣੇ ਨਾਲ ਸੰਬੰਧਿਤ ਵਿਸ਼ਿਆਂ ਦੇ ਹੱਲ ਕਰਵਾਉਣ ਵੱਲ ਜਨਤਾ ਪਾਰਟੀ ਨਾਲ ਭਾਈਵਾਲੀ ਹੋਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ। ਕੇਂਦਰ ਵਿੱਚ ਭਾਵੇਂ ਮੁਰਾਰਜੀ ਦੇਸਾਈ ਦੀ ਸਰਕਾਰ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਵੱਡੇ ਕੇਂਦਰੀ ਮੰਤਰੀ ਰਹੇ ਤੇ ਅਕਾਲੀ ਦਲ ਦੇ 09 ਮੈਂਬਰ ਲੋਕ ਸਭਾ ਵਿੱਚ ਸਨ।

1980 ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਕਾਂਗਰਸੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਬਰਖ਼ਾਸਤ ਕਰ ਦਿੱਤੀ ਗਈ। ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਦਰਿਆਈ ਪਾਣੀਆਂ ਦਾ ਫ਼ੈਸਲਾ ਸ: ਦਰਬਾਰਾ ਸਿੰਘ ਮੁੱਖ ਮੰਤਰੀ ਪੰਜਾਬ ਉੱਤੇ ਦਬਾਅ ਪੁਆ ਕੇ ਕਰ ਦਿੱਤਾ ਗਿਆ ਜਿਸ ਤੇ ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣ ਦਾ ਟੱਕ ਵੀ ਕਪੂਰੀ ਪਿੰਡ ਵਿੱਚ 08 ਅਪ੍ਰੈਲ 1982 ਵਿੱਚ ਲਾ ਦਿੱਤਾ ਗਿਆ ਸੀ। ਇਸ ਬਣਨ ਵਾਲੀ ਨਹਿਰ ਦੀ ਕੁੱਲ ਲੰਬਾਈ 214 ਕਿੱਲੋਮੀਟਰ ਸੀ, ਜਿਸ ਵਿੱਚ 122 ਕਿੱਲੋਮੀਟਰ ਪੰਜਾਬ ਵਿੱਚ ਅਤੇ 92 ਕਿੱਲੋਮੀਟਰ ਹਰਿਆਣਾ ਵਿੱਚ ਬਣਨੀ ਸੀ।

 ਜਿਸ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ 24 ਅਪ੍ਰੈਲ 1982 ਵਿੱਚ ‘ਨਹਿਰ ਰੋਕੋ ਮੋਰਚਾ’ ਆਰੰਭ ਕਰ ਦਿੱਤਾ ਗਿਆ ਪਰ ਇਸ ਨੂੰ ਕੋਈ ਵੱਡਾ ਹੁੰਗਾਰਾ ਨਾ ਮਿਲਿਆ। ਇਸ ਨਹਿਰ ਰੋਕੋ ਮੋਰਚੇ ਦੌਰਾਨ ਹੀ 4 ਅਗਸਤ 1982 ਨੂੰ ਅਕਾਲੀ ਦਲ ਨੇ ਸ. ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਾਈ ਅਮਰੀਕ ਸਿੰਘ ਤੇ ਠਾਰਾ ਸਿੰਘ ਦੀ ਰਿਹਾਈ ਦੇ ਮੋਰਚੇ ਨੂੰ ਅਪਣਾ ਕੇ ‘ਧਰਮ ਯੁੱਧ ਮੋਰਚਾ’ ਆਰੰਭ ਕਰ ਦਿੱਤਾ। ਕਈ ਵਾਰ ਕੇਂਦਰ ਨਾਲ ਗੱਲਬਾਤ ਤੋਂ ਬਾਅਦ ਵੀ ਧਰਮਯੁੱਧ ਮੋਰਚਾ ਬਿਨਾ ਪ੍ਰਾਪਤੀ ਤੋਂ ਹੀ ਰਿਹਾ।

 ਜਿਸ ਵਿੱਚ 1.5 ਲੱਖ ਸਿੱਖਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ ਸਨ, ਰਸਤਾ ਰੋਕੋ, ਰੇਲ ਰੋਕੋ ਆਦਿ ਧਰਨਿਆਂ ਵਿੱਚ ਕਰੀਬ 190 ਸਿੱਖ ਮਾਰੇ ਗਏ। ‘ਸਾਕਾ ਨੀਲਾ ਤਾਰਾ’ ਤੇ ਹੋਰ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਇੱਕ ਲੰਬੀ ਸੂਚੀ ਹੈ। ਜਿਸ ਦੇ ਬਾਅਦ 1985 ਵਿੱਚ ਰਾਜੀਵ-ਲੌਂਗੋਵਾਲ ਸਮਝੌਤੇ ਤੋਂ ਬਾਅਦ ਸ: ਸੁਰਜੀਤ ਸਿੰਘ ਬਰਨਾਲਾ ਦੀ ਅਕਾਲੀ ਸਰਕਾਰ ਬਣੀ। ਸ਼੍ਰੋਮਣੀ ਅਕਾਲੀ ਦਲ ਨੇ 75 ਸੀਟਾਂ ਜਿੱਤਿਆਂ ਸਨ। ਇਸ ਪ੍ਰਾਪਤੀ ਵਜੋਂ ਸ. ਸੁਰਜੀਤ ਸਿੰਘ ਬਰਨਾਲਾ ਨੂੰ 1 ਸਾਲ 8 ਮਹੀਨੇ ਰਾਜ ਕਰਨ ਦਾ ਮੌਕਾ ਮਿਲਿਆ।

 ਇਹ ਸਮਝੌਤਾ 26 ਜਨਵਰੀ 1986 ਨੂੰ ਹੀ ਟੁੱਟ ਗਿਆ ਸੀ ਜਦੋਂ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਫ਼ੈਸਲੇ ‘ਤੇ ਅਮਲ ਨਹੀਂ ਹੋਇਆ। ਪਰ ਕੁਰਸੀ ਨਾਲ ਜੁੜੇ ਰਹਿਣ ਦੀ ਲਾਲਸਾ ਨੇ ਸ: ਸੁਰਜੀਤ ਸਿੰਘ ਬਰਨਾਲਾ ਨੂੰ ਅਸਤੀਫ਼ਾ ਨਹੀਂ ਦੇਣ ਦਿੱਤਾ। ਪੰਜਾਬ ਫਿਰ ਕਾਲੇ ਦੌਰ ਵੱਲ ਮੁੜ ਗਿਆ ਤੇ ਪਿੰਡ-ਪਿੰਡ ਸਿਵੇ ਬਲਣੇ ਸ਼ੁਰੂ ਹੋ ਗਏ।

 ਇਸ ਦੀ ਅਗਲੀ ਪ੍ਰਾਪਤੀ ਸ: ਸਿਮਰਜੀਤ ਸਿੰਘ ਮਾਨ ਤੇ ਉਨ੍ਹਾਂ ਦੇ ਸਾਥੀਆਂ ਦਾ 1989 ਵਿੱਚ ਪਾਰਲੀਮੈਂਟ ਮੈਂਬਰ ਬਣ ਜਾਣਾ ਸੀ। ਜਿਸ ਦਾ ਵੀ ਪੰਜਾਬ ਦੀ ਅਮਨ ਸ਼ਾਂਤੀ ਬਹਾਲ ਕਰਨ ਵੱਲ ਕੋਈ ਉੱਦਮ ਨਜ਼ਰ ਨਹੀਂ ਆਉਂਦਾ।
1992 ਵਿੱਚ ਬਣੀ ਬੇਅੰਤ ਸਿੰਘ ਸਰਕਾਰ ਦੀ ਨੀਤੀ ਨਾਲ ਪੰਜਾਬ ਵਿੱਚ ਖਾੜਕੂਵਾਦ ਕਾਬੂ ਹੇਠ ਆ ਗਿਆ ਸੀ। ਪਰ ਇਸ ਦੌਰਾਨ ਹੋਏ ਪੰਜਾਬ ਦੇ ਕਤਲੇਆਮ ਦਾ ਅਗਲਾ ਲਾਭਪਾਤਰੀ ਸ: ਪ੍ਰਕਾਸ਼ ਸਿੰਘ ਬਾਦਲ ਬਣਿਆ, ਜਿਸ ਨੇ ਕੁਲ ਤਿੰਨ ਵਾਰ (1997-2002, 2007 ਤੋਂ 2017 ਤੱਕ ਪੰਜਾਬ ਦੀ ਸੱਤਾ ਸੰਭਾਲੀ ਰੱਖੀ, ਇਹ ਸਾਰੇ ਮੁੱਦੇ ਕੇਂਦਰ ਸਰਕਾਰ ਨਾਲ ਕਦੇ ਚਰਚਾ ਵਿੱਚ ਨਹੀਂ ਲਿਆਂਦੇ। ਜੇਕਰ ਕੋਈ ਪ੍ਰਾਪਤੀ ਸੀ ਤਾਂ ਉਹ ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਅਧਿਕਾਰ ਲੈ ਲੈਣ ਦੀ ਹੈ।

 ਜਿਨ੍ਹਾਂ ਨੇ 1925ਈ: ਤੋਂ ਕਦੇ ਵੀ ਪੰਥ ਵਿਰੋਧੀ ਵੋਟ ਨਹੀਂ ਸੀ ਪਾਈ। 1998-99 ਵਿੱਚ ‘ਆਲ ਇੰਡੀਆ ਸਿੱਖ ਗੁਰਦੁਆਰਾ ਐਕਟ’ ਦਾ ਖਰੜਾ ਤਿਆਰ ਹੋਣ ਤੋਂ ਬਾਅਦ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। 
2007 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਗੁਰੂ ਸਾਹਿਬਾਨ ਵਿਰੁੱਧ ਬੋਲਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਕਰਕੇ ਪੰਜਾਬ ਅਸ਼ਾਂਤ ਹੀ ਰਿਹਾ। ਇਹ ਮੁੱਦੇ ਅੱਜ ਵੀ ਬਣੇ ਹੋਏ ਹਨ। ਜੋ ਪੰਜਾਬੀ ਭਾਰਤ ਛੱਡ ਕੇ ਵਿਦੇਸ਼ਾਂ ਵਿੱਚ ਵੱਸ ਗਏ ਹਨ। ਉਨ੍ਹਾਂ ਵਿੱਚ ਕੁਝ ਆਪਣੇ ਦੇਸ਼ ਵਿੱਚ ਸੱਤਾ ਪ੍ਰਾਪਤ ਕਰਨ ਨਾਲੋਂ, ਭਾਰਤ ਵਿੱਚ ਭਾਰਤ ਵਿਰੁੱਧ ਬੋਲਣ ਤੇ ਇੱਥੇ ਖਾੜਕੂਵਾਦ ਨੂੰ ਵਧਾਉਣ ਤੇ ਪੰਜਾਬ ਨੂੰ ਅਸ਼ਾਂਤ ਕਰਨ ਵਿੱਚ ਲੱਗੇ ਰਹਿੰਦੇ ਹਨ।
ਪੰਜਾਬ ਦੀ ਤ੍ਰਾਸਦੀ ਲਈ ਕਿਸੇ ਵੀ ਵਿਅਕਤੀ, ਪਾਰਟੀ ਜਾਂ ਧੜੇ ਨੂੰ ਕਸੂਰਵਾਰ ਠਹਿਰਾਉਣ ਨਾਲ ਸੱਚ ਤੋਂ ਦੂਰ ਜਾਣ ਵਾਲੀ ਗੱਲ ਹੋਵੇਗੀ। ਆਜ਼ਾਦੀ ਤੋਂ ਪਹਿਲਾਂ ਨਿੱਘ ਮਾਣਨ ਦੀ ਗੱਲ ਤੇ ਫਿਰ ਲਾਠੀਆਂ-ਗੋਲੀਆਂ ਨਾਲ ਮੰਗ ਨੂੰ ਕੁਚਲਨ ਤੇ ਦਬਾਉਣ ਵਾਲੇ ਵੀ ਘੱਟ ਦੋਸ਼ੀ ਨਹੀਂ ਹਨ, ਨਾ ਹੀ ਗੁਰਮੁਖੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਰੋਧ ਕਰਨ ਵਾਲੇ।

 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿੱਠੇ ਸਮਾਜਵਾਦ ਜਿਸ ਵਿੱਚ ‘ਘਾਲਿ ਖਾਇ ਕਿਛੁ ਹਥਹੁ ਦੇਇ॥’ ਦੀ ਜੀਵਨ ਜਾਂਚ ਨੂੰ ‘ਹੱਕ ਜਿਨ੍ਹਾਂ ਦੇ ਆਪਣੇ, ਆਪੇ ਲੈਣਗੇ ਖੋਹ’ ਦੀ ਗੱਲ ਕਰਨ ਵਾਲੇ ਦੀ ਗੱਲ ਕਰਕੇ ਪੰਜਾਬ ਵਿੱਚ ਬਦ-ਅਮਨੀ ਪੈਦਾ ਕਰਨ ਵਾਲੇ ਕਿਸ ਤੋਂ ਘੱਟ ਹਨ।  
ਪੰਜਾਬ ਵਿੱਚ ਸਿੱਖ ਵਿਧਾਨਸਭਾ ਮੈਂਬਰਾਂ ਦੀ ਗਿਣਤੀ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਹੋਣ, ਹਮੇਸ਼ਾ ਦੋ ਤਿਹਾਈ ਤੋਂ ਵੱਧ ਰਹੀ ਹੈ। ਜਿੱਥੇ ਵੀ ਲੋਕਤੰਤਰ ਹੋਵੇਗਾ ਲੋਕਾਂ ਵਿੱਚੋਂ ਹੀ ਨੁਮਾਇੰਦੇ ਚੁਣੇ ਜਾਣਗੇ, ਜੇਕਰ ਲੋਕਾਂ ਦੇ ਚੁਣੇ ਨੁਮਾਇੰਦੇ ਹੀ ਉਨ੍ਹਾਂ ਦੀਆਂ ਭਾਵਨਾਵਾਂ ‘ਤੇ ਖਰੇ ਨਾ ਉੱਤਰਨ ਤਾਂ ਕਸੂਰ ਵੋਟਰ ਦਾ ਹੁੰਦਾ ਹੈ। ਜੇਕਰ ਪੰਜਾਬ ਦੇ ਮੁੱਦੇ ਪੰਜਾਬੀ ਹੱਲ ਨਹੀਂ ਕਰਨਗੇ, ਅਤੇ ਆਗੂਆਂ ’ਤੇ ਹੀ ਅਪਰਾਧੀਆਂ ਦੀ ਮਦਦ ਕਰਨ ਦੇ ਦੋਸ਼ ਲੱਗਣਗੇ ਤਾਂ ਸਿੱਖ ਧਰਮ ਤੇ ਪੰਜਾਬੀਅਤ ਦੀ ਰੱਖਿਆ ਕੌਣ ਕਰੇਗਾ? ਦੁਖਦਾਈ ਗੱਲ ਇਹ ਹੈ ਕਿ ਅੱਜ ਵੀ ਧਰਮ ਦੇ ਨਾਂ ‘ਤੇ ਗੁਰਦੁਆਰਿਆਂ ਵਿੱਚ ਹੀ ਹੋ ਰਹੇ ਕਤਲ, ਸਿੱਖ ਧਰਮ ਦੇ ਅਸੂਲਾਂ ਦੀ ਪਾਲਣਾ ‘ਤੇ ਹੀ ਸ਼ੰਕੇ ਪੈਦਾ ਕਰਦੇ ਹਨ।

 ਖਾੜਕੂਵਾਦ ਖੜ੍ਹਾ ਹੋਣ ਕਰਕੇ ਪੰਜਾਬ ਤੇ ਪੰਜਾਬੀਆਂ ਦਾ ਪਹਿਲਾਂ ਵੀ ਨੁਕਸਾਨ ਹੋਇਆ ਹੈ, ਕਿਉਂਕਿ ਰਾਜ ਸ਼ਕਤੀ ਦਾ ਮੁਕਾਬਲਾ ਕੋਈ ਵਿਅਕਤੀ ਜਾਂ ਸੰਸਥਾ ਨਹੀਂ ਕਰ ਸਕਦੀ। ਸਿੱਖ ਆਬਾਦੀ ਦੀ ਵੱਡੀ ਗਿਣਤੀ ਭਾਰਤੀ ਪੰਜਾਬ ਵਿੱਚ ਵੱਸਦੀ ਹੈ, ਜਿਸ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਹੈ। ਆਪਣੇ ਨੁਮਾਇੰਦੇ ਚੁਣਨ ਦੀ ਅਤੇ ਰਾਜ ਕਰਨ ਦੀ ਵੀ। ਭਾਰਤ ਦੀ ਤਰੱਕੀ ਵਿੱਚ ਹਰ ਤਰ੍ਹਾਂ ਨਾਲ ਸਿੱਖਾਂ ਦੀ ਭਾਗੀਦਾਰੀ ਰਹੀ ਹੈ। ਪੰਜਾਬ ਤੋਂ ਬਾਹਰ ਵੀ ਉਨ੍ਹਾਂ ਦੀ ਸੱਤਾ ਵਿੱਚ ਵੀ ਬਣਦੀ ਭਾਗੀਦਾਰੀ ਹੈ। ਇਸੇ ਲਈ ਉਨ੍ਹਾਂ ਦਾ ਹਰ ਥਾਂ ਮਾਣ ਸਤਿਕਾਰ ਹੈ। ਜਦੋਂਕਿ ਗੁਆਂਢੀ ਮੁਲਕ ਅਫ਼ਗ਼ਾਨਿਸਤਾਨ ਵਿੱਚ ਇੱਕ ਵੀ ਸਿੱਖ ਨਹੀਂ ਰਿਹਾ।

 ਪਾਕਿਸਤਾਨ ਦੇ ਗੁਰਧਾਮਾਂ ਦੀ ਦੇਖਭਾਲ ਕਰਨ ਯੋਗੇ ਵੀ ਸਿੱਖ ਨਹੀਂ ਹਨ। ਜਿੱਥੇ ਕਦੇ 22 ਪ੍ਰਤੀਸ਼ਤ ਘੱਟ ਗਿਣਤੀਆਂ ਵੱਸਦੀਆਂ ਸਨ। ਅੱਜ ਪਾਕਿਸਤਾਨ ਵਿੱਚ 4.43 ਪ੍ਰਤੀਸ਼ਤ ਹੀ ਘੱਟਗਿਣਤੀ ਰਹਿ ਗਈ ਹੈ। 
ਅਮਰੀਕਾ ਵਿੱਚ ਵੀ ਸਿੱਖਾਂ ਵਿਰੁੱਧ ਨਸਲੀ ਭੇਦਭਾਵ ਦੇ 214 ਕੇਸ ਸਾਲ 2021 ਵਿੱਚ ਦਰਜ ਹੋਏ ਹਨ। 1984 ਤੋਂ ਬਾਅਦ ਭਾਰਤ ਵਿੱਚ ਕਦੇ ਸਮੂਹਿਕ ਰੂਪ ਵਿੱਚ ਸਿੱਖਾਂ ਪ੍ਰਤੀ ਹਿੰਸਾ ਨਹੀਂ ਹੋਈ। ਇੱਕਾ-ਦੁੱਕਾ ਘਟਨਾਵਾਂ ਕਰਨ ਵਾਲੇ ਅਪਰਾਧੀ ਸਾਰੀ ਦੁਨੀਆ ਵਿੱਚ ਹਨ ਅਤੇ ਹਰ ਵਰਗ ਵਿੱਚ ਹਨ। ਅੱਜ ਪੰਜਾਬ ਵਿੱਚ ਫਿਰ ਸਿਵਿਆਂ ਦੀ ਅੱਗ ਬਲ ਰਹੀ ਹੈ।

 ਬੁਰਛਾਗਰਦੀ ਤੋਂ ਰੋਕਣ ਤੇ ਕੈਨੇਡਾ ਤੋਂ ਆਏ ਇੱਕ ਸਿੱਖ ਦਾ ਕਤਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲਾ^ਮੁਹੱਲਾ ਮਨਾਉਂਦਿਆਂ ਹੀ ਕਰ ਦਿੱਤਾ ਗਿਆ। ਨਾਲ ਲਗਦੇ ਸੂਬਿਆਂ ਵਿੱਚ ਵੀ ਹੁੜਦੰਗ ਮਚਾਉਣ ਕਾਰਨ ਇਸ ਬਹਾਦਰ ਤੇ ਦੇਸ਼ਭਗਤ ਕੌਮ ਦੀ ਛਵੀ ਖ਼ਰਾਬ ਹੋ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਵਿੱਚ ਉਸ ਦੀ ਰਾਜਨੀਤਿਕ ਪਾਰਟੀ ਦੇ ਬਚਾਓ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਪੰਜਾਬ ਨੂੰ ਫਿਰ ਮੜ੍ਹੀਆਂ ਦੇ ਰਾਹ ਪਾਉਣ ਲਈ ਕੇਂਦਰ ਸਰਕਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਸਰਾਪ ਵੀ ਦਿੱਤਾ ਜਾ ਰਿਹਾ ਹੈ। ਜਦੋਂਕਿ ਇਹ ਕਮੇਟੀ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਬਣਾਈ ਸੀ।

 ਜਿਸ ਦੇ ਵੱਡੇ ਆਗੂ ਨੂੰ ਹੁਣੇ ਹੁਣੇ ਦਰਬਾਰ ਸਾਹਿਬ ਵਿੱਚ ਦਸਤਾਰ ਸਜਾ ਕੇ ਆਉਣ ‘ਤੇ ਵੱਡਾ ਸਤਿਕਾਰ ਦਿੱਤਾ ਗਿਆ। ਵਿਕਾਸ ਅਮਨ ਚਾਹੁੰਦਾ ਹੈ, ਪੰਜਾਬ ਦੀ ਨੌਜਵਾਨੀ ਬੇਰੁਜਗਾਰੀ ਕਾਰਨ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਭੱਜ ਰਹੀ ਹੈ। ਸਿਵਿਆਂ ਦੀ ਰਾਜਨੀਤੀ ਛੱਡ ਕੇ ਵਿਕਾਸ ਦੀ ਸਿਆਸਤ ਵੱਲ ਸੋਚਣ ਦੀ ਲੋੜ ਹੈ। ਪੁਰਾਣੀਆਂ ਗ਼ਲਤੀਆਂ ਤੋਂ ਸਬਕ ਲੈ ਕੇ ਪੂਰਨ ਵਿਕਾਸ ਤੇ ਅਮਨ ਸ਼ਾਂਤੀ ਲਈ ਸਮੂਹ ਪੰਜਾਬੀਆਂ ਨੂੰ ਇਕੱਠੇ ਹੋਣਾ ਪਵੇਗਾ। ਅਪਰਾਧੀਆਂ ਦੀ ਥਾਂ ਵਿਕਾਸ ਦਾ ਮਾਰਗ ਦੱਸਣ ਵਾਲੇ ਆਗੂਆਂ ਵੱਲ ਵੇਖਣ ਦੀ ਲੋੜ ਹੈ, ਨਹੀਂ ਤਾਂ ਇਹ ਸਰਹੱਦੀ ਸੂਬਾ ਹਮੇਸ਼ਾ ਵਿਦੇਸ਼ੀ ਤਾਕਤਾਂ ਵੱਲੋਂ ਅਸੁਰੱਖਿਅਤ ਹੀ ਰੱਖਿਆ ਜਾਵੇਗਾ।

ਇਕਬਾਲ ਸਿੰਘ ਲਾਲਪੁਰਾ
ਚੇਅਰਮੈਨ, ਕੌਮੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ।
ਮੋਬਾ: 8368444444,