ਸਿਰਫ਼ ਅਧਿਆਤਮਿਕ ਗੁਰੂ ਨਹੀਂ ਸਨ – ਗੁਰੂ ਨਾਨਕ ਜੀ

ਗੁਰੂ ਨਾਨਕ ਜੀ ਸਿੱਖ ਧਰਮ ਦੇ ਮੋਢੀ ਅਤੇ ਪਹਿਲੀ ਪਾਤਸ਼ਾਹੀ ਹਨ। ਉਨ੍ਹਾਂ ਨੇ ਪ੍ਰੰਪਰਕ ਧਰਮਾਂ ਵਿਚਲੇ ਵਿਕਾਰਾਂ ਅਤੇ ਕੁਰਹਿਤਾਂ ਤੋਂ ਨਿਜਾਤ ਦਿਵਾਉਣ ਇਕ ਨਵੀਂ ਸੋਚ ਤੇ ਸਿਧਾਂਤ ਨੂੰ ਲੋਕਾਈ ਸਾਹਮਣੇ ਪ੍ਰਚਾਰਨ ਲਈ 40 ਹਜ਼ਾਰ ਕਿੱਲੋਮੀਟਰ ਤੋਂ ਵੱਧ ਦਾ ਪੈਦਲ ਸਫ਼ਰ ਕੀਤਾ। ਆਪਣੀਆਂ ਪੰਜ ਉਦਾਸੀਆਂ ਰਾਹੀਂ ਨਵੀਂ ਰੂਹਾਨੀ ਵਿਚਾਰਧਾਰਾ ਨੂੰ ਦੁਨੀਆ ਭਰ ਦੇ ਵੱਖ ਵੱਖ ਖ਼ਿੱਤਿਆਂ ਤੀਕ ਪਹੁੰਚਾਇਆ। ਉਨ੍ਹਾਂ ਦੇ ਮਨਾਂ ਵਿਚ ਸਿੱਖ ਧਰਮ ਦੀਆਂ ਸਿੱਖਿਆਵਾਂ ਅਤੇ ਇਨ੍ਹਾਂ ਤੇ ਚੱਲ ਕੇ ਜੀਵਨ-ਜਾਚ ਨੂੰ ਨਰੋਈ ਅਤੇ ਵਿਲੱਖਣ ਸੇਧ ਦਿੱਤੀ ਅਤੇ ਵਿਸ਼ਵ ਭਰ ਵਿਚ ਸਿੱਖੀ ਸਿਧਾਂਤਾਂ ਦਾ ਬੋਲਬਾਲਾ ਹੋਇਆ। ਪਰ ਉਨ੍ਹਾਂ ਦੇ ਪੈਰੋਕਾਰ ਸਿਰਫ਼ ਗੁਰੂ ਜੀ ਨੂੰ ਇਕ ਅਧਿਆਤਮਿਕ ਗੁਰੂ ਵਜੋਂ ਸ਼ਰਧਾ ਪੂਰਵਕ ਪੂਜਣ ਤੀਕ ਹੀ ਸੀਮਤ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਜਾਂ ਪਾਏ ਪੂਰਨਿਆਂ ਤੇ ਤੁਰਨ ਤੋਂ ਅਕਸਰ ਹੀ ਆਨਾਕਾਨੀ ਕਰਦੇ ਹਨ। ਲੋੜ ਹੈ ਕਿ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਕੀ ਗੁਰੂ ਜੀ ਸਿਰਫ਼ ਅਧਿਆਤਮਿਕ ਪ੍ਰਚਾਰ ਤੀਕ ਸੀਮਤ ਸਨ ਜਾਂ ਉਨ੍ਹਾਂ ਦੀ ਅਜ਼ੀਮ ਸ਼ਖ਼ਸੀਅਤ ਅਤੇ ਦਿੱਬ ਦ੍ਰਿਸ਼ਟੀ ਵਿਚ ਹੋਰ ਬਹੁਤ ਕੁਝ ਸੀ ਜਿਸ ਦੀਆਂ ਤਹਿਆਂ ਫਰੋਲਨ ਤੋਂ ਅਸੀਂ ਅਤੇ ਸਾਡੇ ਪ੍ਰਚਾਰਕ ਪਾਸਾ ਹੀ ਵਟਦੇ ਹਨ। ਗੁਰੂ ਜੀ ਦੇ ਸਮੁੱਚੇ ਜੀਵਨ ਤੇ ਝਾਤੀ ਮਾਰਿਆਂ ਬਹੁਤ ਕੁਝ ਸਾਡੀ ਸੰਵੇਦਨਾ ਨੂੰ ਝੰਜੋੜਦਾ ਕਿ ਗੁਰੂ ਜੀ ਦੇ ਹੋਰ ਵੀ ਬਹੁਤ ਸਾਰੇ ਅਜੇਹੇ ਕ੍ਰਿਸ਼ਮਾ ਮਈ ਪੱਖ ਸਨ ਜਿਨ੍ਹਾਂ ਬਾਰੇ ਸਾਨੂੰ ਚੇਤੰਨ ਹੋਣ ਅਤੇ ਇਨ੍ਹਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਕੁਝ ਕੁ ਉੱਘੜਵੇਂ ਪੱਖ ਨਿਮਨ ਹਨ।

ਸਮਾਜਿਕ ਚਿੰਤਕ ਅਤੇ ਸੁਧਾਰਕ

ਗੁਰੂ ਜੀ ਬਹੁਤ ਵੱਡੇ ਸਮਾਜ ਚਿੰਤਕ ਸਨ। ਜਦ ਉਨ੍ਹਾਂ ਨੇ ਸਮਾਜ ਵਿਚ ਔਰਤ ਦੀ ਤਰਾਸਦੀ ਅਤੇ ਮਰਦ ਪ੍ਰਧਾਨ ਸਮਾਜ ਵਿਚ ਉਨ੍ਹਾਂ ਪ੍ਰਤੀ ਮਾਨਸਿਕ ਘਟੀਆਪਣ ਨੂੰ ਦੇਖਿਆ ਤਾਂ ਉਨ੍ਹਾਂ ਨੇ ਔਰਤ ਦੀ ਮਹਾਨਤਾ ਅਤੇ ਬਰਾਬਰਤਾ ਦੀ ਬਰਕਰਾਰੀ ਲਈ ਗੁਰਵਾਕ ਉਚਾਰਿਆ;

“ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।”

ਕੀ ਸਾਡਾ ਅਜੋਕਾ ਸਮਾਜ ਵੀ ਔਰਤ ਨੂੰ ਬਰਾਬਰ ਦੇ ਹੱਕ ਦਿੰਦਾ ਹੈ? ਕੀ ਕੁੱਖ ਵਿਚ ਕਤਲ ਕੀਤੀਆਂ ਜਾ ਰਹੀਆਂ ਧੀਆਂ ਦੇ ਕਾਤਲ ਗੁਰਸਿੱਖ ਹੋ ਸਕਦੇ ਹਨ? ਕੀ ਅਸੀਂ ਔਰਤ ਦੇ ਸਵੈਮਾਣ ਦੀ ਕਦੇ ਗੱਲ ਕੀਤੀ ਹੈ? ਇਹ ਕੇਹੀ ਵਿਡੰਬਨਾ ਹੈ ਕਿ ਬਹੁਤ ਸਾਰੀਆਂ ਮਹਾਨ ਕੀਰਤਨੀ ਔਰਤਾਂ ਹੋਣ ਦੇ ਬਾਵਜੂਦ ਵੀ ਕੋਈ ਔਰਤ ਹਰਿਮੰਦਰ ਸਾਹਿਬ ਵਿਚ ਕੀਰਤਨ ਨਹੀਂ ਕਰ ਸਕਦੀ। ਕੀ ਅਜੋਕੇ ਧਾਰਮਿਕ ਆਗੂ ਇਸਦਾ ਜਵਾਬ ਦੇਣਗੇ? ਕੀ ਉਹ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਬੇਮੁੱਖ ਤਾਂ ਨਹੀਂ ਹੋ ਰਹੇ?

ਵਿਗਿਆਨਕ ਚੇਤਨਾ-ਮੁਖੀ ਪ੍ਰਵਚਨਕਾਰ:

ਗੁਰੂ ਨਾਨਕ ਜੀ ਦੀ ਵੱਲੋਂ ਰਚੀ ਗੁਰਬਾਣੀ ਨੂੰ ਜੇਕਰ ਨੀਝ ਨਾਲ ਘੋਖਿਆ ਜਾਵੇ ਤਾਂ ਉਸ ਵਿਚ ਬਹੁਤ ਸਾਰੀਆਂ ਅਜੇਹੀਆਂ ਉਦਾਹਰਨਾਂ ਮਿਲ ਜਾਣਗੀਆਂ ਜਿਨ੍ਹਾਂ ਵਿਚੋਂ ਉਨ੍ਹਾਂ ਦੀ ਸੋਚ ਵਿਚ ਵਿਗਿਆਨਕ ਧਾਰਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਆਪਣੇ ਸ਼ਬਦਾਂ ਰਾਹੀਂ ਪੈਰੋਕਾਰਾਂ ਵਿਚ ਪ੍ਰਚਾਰਨ ਦਾ ਸਰਫ਼ ਹਾਸਲ ਹੈ। ਗੁਰੂ ਜੀ ਫ਼ਰਮਾਉਂਦੇ ਕਿ

“ਧਰਤੀ ਹੋਰ ਪਰੈ ਹੋਰੁ ਹੋਰੁ

ਤਿਸ ਤੇ ਭਾਰ ਤਲੈ ਕਵਣੁ ਜੋਰ।”

ਜਾਂ

“ਅਰਬਦ ਨਰਬਦ ਧੁੰਧੂਕਾਰਾ॥

ਧਰਣਿ ਨ ਗਗਨਾ ਹੁਕਮੁ ਅਪਾਰਾ॥

ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥੧॥

ਖਾਣੀ ਨ ਬਾਣੀ ਪਉਣ ਨ ਪਾਣੀ॥

ਓਪਤਿ ਖਪਤਿ ਨ ਆਵਣ ਜਾਣੀ॥

ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ॥੨॥”

ਤਾਂ ਇਹ ਅਜੋਕੇ ਵਿਗਿਆਨੀਆਂ ਵੱਲੋਂ ਸਮੁੱਚੇ ਬ੍ਰਹਿਮੰਡ ਦੀ ਉਤਪਤੀ ਨੂੰ ਜਾਣਨ ਲਈ ਬਿਗ-ਬੈਂਗ ਥਿਊਰੀ ਦਾ ਬਹੁਤ ਹੀ ਸਰਲ ਰੂਪ ਹੈ। ਇਸ ਸੰਸਾਰ ਦੀ ਸਿਰਜਣਾ ਤੋਂ ਪਹਿਲਾਂ ਇੱਥੇ ਸਾਰੇ ਪਾਸੇ ਹਨੇਰ ਛਾਇਆ ਹੋਇਆ ਸੀ ਅਤੇ ਬਿਗ ਬੈਂਗ ਰਾਹੀਂ ਹੀ ਸਮੁੱਚੇ ਬ੍ਰਹਿਮੰਡ, ਚੰਨ, ਤਾਰੇ, ਸੂਰਜ, ਧਰਤੀਆਂ ਅਤੇ ਅਕਾਸ਼ ਮੰਡਲ ਦੀ ਸਿਰਜਣਾ ਹੋਈ ਸੀ। ਇਸ ਸ਼ਬਦ ਨੂੰ ਸਮਝ ਕੇ ਵਿਗਿਆਨ ਦੀਆਂ ਬਹੁਤ ਸਾਰੀਆਂ ਪਰਤਾਂ ਉੱਘੜਦੀਆਂ ਹਨ।

ਮਹਾਨ ਮਨੋ-ਵਿਗਿਆਨੀ;

ਗੁਰੂ ਨਾਨਕ ਜੀ ਬਹੁਤ ਵੱਡੇ ਮਨੋ ਵਿਗਿਆਨੀ ਸਨ। ਉਨ੍ਹਾਂ ਵੱਲੋਂ ਜਪੁਜੀ ਸਾਹਿਬ ਦੀ 28 ਵੀਂ ਪੌੜੀ ਵਿਚ ਉਚਾਰਿਆ ਸ਼ਬਦ

“ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ।

ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ।

ਆਈ ਪੰਥੀ ਸਗਮ ਜਮਾਤੀ ਮਨਿ ਜੀਤੈ ਜਗੁ ਜੀਤੁ।”

ਮਨੋ ਵਿਗਿਆਨ ਦਾ ਮੂਲ ਸਿਧਾਂਤ ‘ਮਨਿ ਜੀਤੈ ਜਗੁ ਜੀਤੁ’ ਹੈ ਕਿਉਂਕਿ ਸਾਡੀਆਂ ਇਛਾਈਆਂ/ਬੁਰਾਈਆਂ ਜਾਂ ਚੰਗੇ/ਮਾੜੇ ਗੁਣ ਸਾਡੇ ਮਨ ਦੀ ਉਪਜ ਹਨ। ਅਸੀਂ ਆਪਣੇ ਮਨ ਨੂੰ ਕਿਸ ਪਾਸੇ ਲਾਉਣਾ, ਕਿਹੜੀ ਉਸਾਰੂ/ਢਾਹੂ ਬਿਰਤੀ ਨੂੰ ਸਮਰਪਿਤ ਹੋਣਾ ਜਾਂ ਸਕਾਰਾਤਮਿਕ ਜਾਂ ਨਕਾਰਾਤਮਿਕ ਹੋਣਾ, ਇਹ ਹੀ ਸਾਡੇ ਮਨ ਦੇ ਦਿਸ਼ਾ-ਨਿਰਦੇਸ਼ ਹੁੰਦੇ। ਸਾਡੀਆਂ ਕੋਸ਼ਿਸ਼ਾਂ ਤੇ ਯਤਨ ਉਸ ਦੀ ਪ੍ਰਾਪਤੀ ਵੱਲ ਸੇਧਤ ਹੋ ਜਾਂਦੇ । ਇਸ ਲਈ ਗੁਰੂ ਜੀ ਨੇ ਆਪਣੇ ਪੈਰੋਕਾਰਾਂ ਨੂੰ ਮਨ ਨੂੰ ਸਾਧਣ ਅਤੇ ਇਸ ਵਿਚੋਂ ਹੀ ਪਰਮ-ਸੁੱਖ ਦੀ ਪ੍ਰਾਪਤੀ ਦਾ ਰਾਹ ਦਿਖਾਇਆ।

 ਜ਼ੁਲਮ ਖ਼ਿਲਾਫ਼ ਬੇਖ਼ੌਫ਼ ਅਵਾਜ਼ ਤੇ ਇਤਿਹਾਸਕਾਰ

ਗੁਰੂ ਜੀ ਨੇ ਆਪਣੀਆਂ ਅੱਖਾਂ ਸਾਹਵੇਂ ਬਾਬਰ ਦੇ ਹਮਲੇ ਦੌਰਾਨ ਹੋਏ ਜ਼ੁਲਮਾਂ ਦੀ ਦਾਸਤਾਨ ਨੂੰ ਬਾਬਰਬਾਣੀ ਵਿਚ ਚਿਤਰਿਆ ਹੀ ਨਹੀਂ ਸਗੋਂ ਇਸ ਵਿਰੁੱਧ ਅਵਾਜ਼ ਵੀ ਉਠਾਈ ਜਦ ਉਹ ਬਾਣੀ ਵਿਚ ਉਚਾਰਦੇ ਹਨ;

“ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।

ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।

…………………………………………………

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ।

ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ

ਆਵਨਿ ਅਠਤਰੈ ਜਾਨਿ  ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ।”

ਤਾਂ ਬਾਬਰ ਦੀ ਫੌਜ ਨੂੰ ਪਾਪ ਦੀ ਜੰਞ ਕਹਿਣ ਦੀ ਜੁਰਅਤ ਕਰਨਾ ਅਤੇ ਉਸ ਦੀ ਕੈਦ ਵਿਚ ਵਿਰੋਧਤਾ ਦੀ ਬੁਲੰਦਗੀ ਨੂੰ ਕਾਇਮ ਰੱਖਣਾ, ਉਨ੍ਹਾਂ ਦੀ ਬੇਬਾਕੀ ਹੈ। ਇਸ ਦੇ ਨਾਲ ਇਸ ਹਮਲੇ ਵਿਚ ਹੋਏ ਕਤਲੇਆਮ ਦੀ ਤਸਵੀਰ, ਇਤਿਹਾਸਕ ਪੱਖ ਤੋਂ ਵੀ ਬੜੀ ਅਹਿਮ ਹੈ।  ਆਮ ਲੋਕਾਈ ਵਿਚ ਸਹਿਮ, ਡਰ ਅਤੇ ਪੀੜਾ ਗੁਰਬਾਣੀ ਵਿਚ ਇੰਝ ਉੱਕਰਿਆ ਕਿ ਇਸ ਨੂੰ ਪੜ੍ਹ ਸੁਣ ਕੇ ਅੱਖੀਂ ਵਿਚ ਨੀਰ ਵਗਣ ਲੱਗਦਾ ਹੈ।

ਬਾਬਾ ਜੀ ਸਿਰਜਣਹਾਰੇ ਨੂੰ ਵੀ ਉਲਾਂਭਾ ਦਿੰਦਿਆਂ ਉਚਾਰਦੇ ਹਨ;

“ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।

ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।

ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ।”

ਆਪਣੇ ਕਰਤੇ ਨਾਲ ਸ਼ਿਕਵਾ ਕਰਨ ਦੀ ਦਲੇਰੀ ਸਿਰਫ਼ ਬਾਬੇ ਨਾਨਕ ਜੀ ਕੋਲ ਹੀ ਸੀ। ਕੀ ਅਜੋਕੇ ਕਿਸੇ ਧਾਰਮਿਕ ਆਗੂ ਕੋਲ ਇੰਨੀ ਜੁਰਅਤ ਹੈ ਕਿ ਉਹ ਆਪਣੇ ਆਕਾ ਸਾਹਵੇਂ ਇੰਝ ਨਿਝੱਕ ਕੁਝ ਕਹਿ ਸਕੇ?

ਤਰਕਵਾਦੀ;

ਗੁਰੂ ਜੀ ਬਹੁਤ ਵੱਡੇ ਤਰਕਵਾਦੀ ਸਨ। ਉਹ ਜਦ ਵੀ ਕਿਸੇ ਹੋਰ ਧਰਮ ਦੇ ਆਗੂ, ਪੀਰ, ਪੰਡਤ, ਫ਼ਕੀਰ ਜਾਂ ਧਾਰਮਿਕ ਹਸਤੀ ਨੂੰ ਮਿਲਦੇ ਤਾਂ ਉਹ ਬਾਦਲੀਲ ਆਪਣੇ ਵਿਚਾਰ ਨੂੰ ਸਹੀ ਸਾਬਤ ਕਰਕੇ ਸਿੱਖੀ ਸਿਧਾਂਤਾਂ ਦੀ ਪ੍ਰੋੜ੍ਹਤਾ ਕਰਦੇ। ਭਾਵੇਂ ਇਹ ਬਗ਼ਦਾਦ ਵਿਚ ਮੁਸਲਮਾਨ ਪੀਰ ਦਸਤਗੀਰ ਨਾਲ ਹੋਇਆ ਵਿਚਾਰ-ਵਟਾਂਦਰਾ ਹੋਵੇ, ਜੋਗੀਆਂ ਨਾਲ ਰਚਾਈ ਸਿੱਧ-ਗੋਸ਼ਟਿ ਹੋਵੇ, ਅਸਾਮ, ਸ਼੍ਰੀ ਲੰਕਾ ਜਾਂ ਦੂਰ-ਦੁਰਾਡੇ ਇਲਾਕਿਆਂ ਵਿਚ ਉਦਾਸੀਆਂ ਦੌਰਾਨ ਰਚਾਇਆ ਸੰਵਾਦ ਹੋਵੇ, ਉਨ੍ਹਾਂ ਨੇ ਤਰਕਵਾਦੀ ਸੋਚ ਦਾ ਪੱਲਾ ਕਦੇ ਨਹੀਂ ਛੱਡਿਆ। ਤਾਂ ਹੀ ਉਹ ਆਪਣੀ ਵਿਚਾਰਧਾਰਾ ਨੂੰ ਸਰਬ ਦਿਸ਼ਾਵਾਂ ਵਿਚ ਵੱਸਦੀ ਲੋਕਾਈ ਤੀਕ ਪਹੁੰਚਾਣ ਵਿਚ ਕਾਮਯਾਬ ਰਹੇ। ਸਾਨੂੰ ਸੋਚਣ ਦੀ ਲੋੜ ਹੈ ਕਿ ਕੀ ਅਜੋਕੇ ਸਿੱਖ ਧਾਰਮਿਕ ਆਗੂ ਜਾਂ ਡੇਰੇਦਾਰ ਤਰਕਵਾਦੀ ਹਨ? ਕੀ ਡੇਰੇਦਾਰਾਂ ਵੱਲੋਂ ਇਕ ਦੂਜੇ ਤੇ ਕੀਤੇ ਜਾ ਰਹੇ ਕਾਤਲਾਨਾ ਹਮਲੇ ਤਰਕਹੀਣ ਸੋਚ ਦਾ ਪ੍ਰਗਟਾਵਾ ਤਾਂ ਨਹੀਂ? ਕੀ ਅਸੀਂ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੀਕ ਪ੍ਰਚਾਰਨ ਤੀਕ ਹੀ ਸੀਮਤ ਹਾਂ ਪਰ ਆਪ ਅਮਲ ਨਹੀਂ ਕਰਦੇ। ਕੀ ਅਸੀਂ ਦਲੀਲ ਵਿਹੂਣੇ ਹੋ ਕੇ ਮਰਨ ਮਾਰਨ ਤੀਕ ਹੀ ਪਹੁੰਚ ਗਏ ਹਾਂ?

ਸੁਚੇਤ ਜਾਣਕਾਰ;

ਗੁਰੂ ਜੀ ਉਦਾਸੀਆਂ ਦੌਰਾਨ ਸਾਰੇ ਖ਼ਿੱਤਿਆਂ ਦੇ ਲੋਕਾਂ ਬਾਰੇ ਕਮਾਲ ਦੀ ਜਾਣਕਾਰੀ ਰੱਖਦੇ ਸਨ। ਉਨ੍ਹਾਂ ਦਾ ਸਦਭਾਵਨਾ ਨਾਲ ਵਿਚਰਨਾ, ਉਨ੍ਹਾਂ ਦੇ ਰਸਮੋ ਰਿਵਾਜ਼ਾਂ ਦੀ ਕਦਰ ਕਰਨਾ ਅਤੇ ਉਨ੍ਹਾਂ ਦੇ ਲਹਿਜ਼ੇ ਤੇ ਬੋਲੀ ਵਿਚ ਸਿੱਖੀ ਸਿਧਾਂਤਾਂ ਤੇ ਅਸੂਲਾਂ ਬਾਰੇ ਪ੍ਰਵਚਨ ਦੇਣੇ। ਮਨੁੱਖੀ ਜੀਵਨ ਦੀ ਅਹਿਮੀਅਤ ਅਤੇ ਇਸ ਨੂੰ ਹੋਰ ਸੁਚਾਰੂ ਅਤੇ ਮੁਲਤਾਨ ਬਣਾਉਣ ਲਈ ਪੈਦਾ ਹੋਏ ਵਿਗਾੜਾਂ ਨੂੰ ਦੂਰ ਕਰਨ ਲਈ ਸਿੱਖਿਆ ਦੇਣ ਦਾ ਇਹ ਅਲੋਕਾਰੀ ਤਰੀਕਾ, ਉਨ੍ਹਾਂ ਦੀ ਦਿੱਬ-ਦ੍ਰਿਸ਼ਟੀ ਦਾ ਮਾਣ ਸੀ। ਸਭ ਤੋਂ ਅਹਿਮ ਇਹ ਗੱਲ ਸੀ ਕਿ ਉਨ੍ਹਾਂ ਦੀਆ ਉਦਾਸੀਆਂ ਦੌਰਾਨ ਕੋਈ ਵਿਰੋਧ ਨਹੀਂ ਹੋਇਆ ਕਿਉਂਕਿ ਉਹ ਕਿਸੇ ਧਰਮ ਬਾਰੇ ਕੋਈ ਟਿੱਪਣੀ ਕਰਨ ਦੀ ਬਜਾਏ ਆਮ ਜੀਵਨ ਜਿਊਂਦਿਆਂ ਧਾਰਮਿਕ ਰੰਗ ਵਿਚ ਰੰਗੇ ਜਾਣ ਲਈ ਹੀ ਪ੍ਰੇਰਤ ਕਰਦੇ ਸਨ ਜਿਸ ਦਾ ਹਾਂ ਮੁਖੀ ਹੁੰਗਾਰਾ ਉਨ੍ਹਾਂ ਦਾ ਸਭ ਤੋਂ ਵੱਡਾ ਹਾਸਲ ਹੁੰਦਾ ਸੀ। ਅਸੀਂ ਤਾਂ ਸਿੱਖੀ ਨੂੰ ਬਾਹਰ ਤਾਂ ਕੀ ਪ੍ਰਚਾਰਨਾ ਸੀ, ਸਗੋਂ ਪੰਜਾਬ ਵਿਚ ਵੀ ਸਿੱਖੀ ਸੁੰਗੜਦੀ ਜਾ ਰਹੀ ਹੈ।  ਅਸੀਂ ਤਾਂ ਬਦਲਦੇ ਹਾਲਤਾਂ ਅਤੇ ਬਦਲ ਰਹੀ ਜੀਛਨ ਜਾਚ ਅਨੁਸਾਰ ਸਿੱਖੀ ਦਾ ਪ੍ਰਚਾਰ ਕਰਨ ਵਿਚ ਅਸਫਲ ਹੋਏ ਹਾਂ।

ਸੰਗੀਤ ਪ੍ਰੇਮੀ

ਗੁਰੂ ਜੀ ਵੱਲੋਂ ਆਪਣੇ ਬਚਪਨ ਦੇ ਸਾਥੀ ਰਬਾਬੀ ਮਰਦਾਨੇ ਨੂੰ ਆਪਣੀਆਂ ਉਦਾਸੀਆਂ ਦੌਰਾਨ ਨਾਲ ਲੈ ਕੇ ਗਏ। ਰਬਾਬ ਨਾਲ ਗੁਰਬਾਣੀ ਦਾ ਕੀਰਤਨ ਸੁਣਨ ਵਾਲਿਆਂ ਨੂੰ ਮੰਤਰ ਮੁਗਧ ਕਰਦਾ ਸੀ ਕਿਉਂਕਿ ਗੁਰੂ ਜੀ ਇਹ ਜਾਣਦੇ ਸਨ ਕਿ ਮਨੁੱਖ ਨੂੰ ਸੰਗੀਤ ਰਾਹੀਂ ਕਿਸੇ ਧਾਰਨਾ ਨਾਲ ਜੋੜਨਾ ਬਹੁਤ ਅਸਾਨ ਹੁੰਦਾ। ਸੰਗੀਤ ਤਾਂ ਰੂਹ ਦੀ ਖ਼ੁਰਾਕ ਹੁੰਦਾ ਅਤੇ ਰੂਹ ਵਿਚ ਉੱਤਰੇ ਨਾਦੀ ਪ੍ਰਵਚਨ ਸੁਣਨ ਵਾਲੇ ਦੀ ਜੀਵਨ ਜਾਚ ਦਾ ਅਨਿੱਖੜਵਾਂ ਅੰਗ ਬਣ ਜਾਂਦੇ ਹਨ। ਗੁਰਬਾਣੀ ਦੀ ਕਾਵਿਕ ਅਤੇ ਸੰਗੀਤਕ ਰੰਗਤ ਉਨ੍ਹਾਂ ਦੇ ਸੰਗੀਤ ਪ੍ਰੇਮੀ ਹੋਣ ਦੀ ਗਵਾਹੀ ਭਰਦੀ ਹੈ। ਵੈਸੇ ਵੀ ਮੌਖਿਕ ਪ੍ਰਵਚਨ ਹੀ ਪ੍ਰਚਾਰ ਦਾ ਮੁੱਖ ਰੂਪ ਸਨ ਕਿਉਂਕਿ ਉਸ ਸਮੇਂ ਲਿਖਤੀ ਕੁਝ ਨਹੀਂ ਸੀ।

ਸਿਧਾਂਤਾਂ ਦੇ ਪਹਿਰੇਦਾਰ

ਗੁਰੂ ਜੀ ਨੇ ਜੀਵਨੀ ਸਿਧਾਂਤਾਂ ਨੂੰ ਪ੍ਰਚਾਰਿਆ ਅਤੇ ਸਮੁੱਚੀ ਮਨੁੱਖਤਾ ਨੂੰ ਗੁਰਬਾਣੀ ਦੇ ਲੜ ਲਾ ਕੇ ਉਨ੍ਹਾਂ ਦੇ ਜੀਵਨ ਵਿਚ ਮਾਰਮਿਕ ਤਬਦੀਲੀਆਂ ਲਿਆਂਦੀਆਂ। ਉਨ੍ਹਾਂ ਨੇ ਸਿੱਖੀ ਦੇ ਮੂਲ ਸਿਧਾਂਤ “ਕਿਰਤ ਕਰੋ, ਵੰਡ ਕੇ ਛਕੋ ਅਤੇ ਨਾਮ ਜਪੋ’ ‘ਤੇ ਖ਼ੁਦ ਪਹਿਰਾ ਦਿੱਤਾ। ਉਨ੍ਹਾਂ ਲਈ ਸਭ ਤੋਂ ਪ੍ਰਮੁੱਖ ਸੀ ਸਿੱਖੀ ਸਿਧਾਂਤਾਂ ਦੀ ਪਰਪੱਕਤਾ। ਉਨ੍ਹਾਂ ਦੇ ਪੁੱਤਰ ਸ੍ਰੀ ਚੰਦ ਅਤੇ ਲਖਮੀ ਦਾਸ ਧਾਰਮਿਕ ਬਿਰਤੀ ਵਾਲੇ ਸਨ ਪਰ ਉਹ ਉਦਾਸੀ ਸੰਪਰਦਾਇ ਦੇ ਹਾਮੀ ਸਨ ਜੋ ਸਿੱਖੀ ਸਿਧਾਂਤਾਂ ਦੇ ਅਨੁਕੂਲ ਨਹੀਂ ਸੀ। ਇਸ ਲਈ ਉਨ੍ਹਾਂ ਨੇ ਗੱਦੀ ਆਪਣੇ ਪਰਿਵਾਰ ਵਿਚ ਰੱਖਣ ਦੀ ਬਜਾਏ ਸਿੱਖੀ ਸਿਧਾਂਤਾਂ ਨੂੰ ਤਰਜ਼ੀਹ ਦਿੰਦਿਆਂ, ਗੁਰਗੱਦੀ ਭਾਈ ਲਹਿਣਾ ਜੀ ਨੂੰ ਸੌਂਪੀ ਤਾਂ ਸਿੱਖੀ ਸਿਧਾਂਤਾਂ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਭਾਵੇਂ ਕਿ ਗੁਰੂ ਅਮਰ ਦਾਸ ਜੀ ਦੇ ਬਾਅਦ ਗੁਰਗੱਦੀ ਪਰਿਵਾਰ ਤੀਕ ਹੀ ਸੀਮਤ ਰਹੀ। ਇਹ ਕੇਹਾ ਵਿਰੋਧਾਭਾਸ ਹੈ ਕਿ ਅਜੋਕੇ ਡੇਰੇਦਾਰ ਆਪਣੇ ਪੈਰੋਕਾਰਾਂ ਨੂੰ ਸਿੱਖਿਆ ਤਾਂ ਸਿੱਖੀ ਸਿਧਾਂਤਾਂ ਦੀ ਦਿੰਦੇ ਹਨ ਪਰ ਆਪਣੀਆਂ ਗੱਦੀਆਂ ਨੂੰ ਸਿਰਫ਼ ਆਪਣੇ ਪਰਿਵਾਰ ਤੀਕ ਹੀ ਸੀਮਤ ਰੱਖਦੇ ਹਨ। ਜ਼ਿਆਦਾਤਰ ਰਾਜਸੀ ਤੇ ਧਾਰਮਿਕ ਆਗੂ ਵੀ ਪਰਿਵਾਰਵਾਦ ਤੋਂ ਉੱਪਰ ਉੱਠ ਨਹੀਂ ਸਕੇ ਭਾਵੇਂ ਕਿ ਉਹ ਖ਼ੁਦ ਨੂੰ ਸਿੱਖ ਹੋਣ ਦਾ ਅਡੰਬਰ ਰਚਦੇ ਹਨ।

ਆਮ-ਖ਼ਾਸ ਤੋਂ ਨਿਰਲੇਪ

ਗੁਰੂ ਜੀ ਨੇ ਆਪਣੀਆਂ ਉਦਾਸੀਆਂ ਤੋਂ ਬਾਅਦ ਅੰਦਾਜ਼ਨ ਪੰਦਰਾਂ ਕੁ ਸਾਲ ਕਰਤਾਰਪੁਰ ਵਿਖੇ ਖੇਤੀ ਕਰਦਿਆਂ ਸਿੱਖ ਧਰਮ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਇਹ ਦਰਸਾ ਦਿੱਤਾ ਕਿ ਕਿਰਤ ਕਰਦਿਆਂ ਧਰਮ ਕਮਾਇਆ ਜਾ ਸਕਦਾ। ਉਹ ਆਪਣੇ ਸ਼ਰਧਾਲੂਆਂ ਲਈ ਖ਼ਾਸਮ ਖ਼ਾਸ ਸਨ ਪਰ ਉਹ ਕਦੇ ਵੀ ਖ਼ਾਸ ਨਹੀਂ ਬਣੇ ਸਗੋਂ ਆਮ ਵਿਅਕਤੀ ਵਾਂਗ ਵਿਚਰਦੇ ਅਤੇ ਆਪਣੇ ਪੈਰੋਕਾਰਾਂ ਨੂੰ ਸਿੱਖਿਆਵਾਂ ਦਿੰਦੇ। ਕਿਰਤ ਦੀ ਮਹਾਨਤਾ ਦਾ ਜਾਗ ਉਨ੍ਹਾਂ ਦੀ ਚੇਤਨਾ ਵਿਚ ਅਚੇਤ ਰੂਪ ਵਿਚ ਲਾਉਂਦੇ ਰਹੇ। ਉਨ੍ਹਾਂ ਦੀ ਮਕਬੂਲੀਅਤ ਦਾ ਇਹ ਕੇਹਾ ਆਲਮ ਸੀ ਕਿ ਉਹ ਮੁਸਲਮਾਨਾਂ ਲਈ ਵੱਡੇ ਪੀਰ ਅਤੇ ਹਿੰਦੂਆਂ ਤੇ ਸਿੱਖਾਂ ਦੇ ਗੁਰੂ ਸਨ ਤਾਂ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕਰਤਾਰਪੁਰ ਵਿਖੇ ਮੁਸਲਮਾਨ ਪਰੰਪਰਾ ਅਤੇ ਹਿੰਦੂ ਰੀਤ ਅਨੁਸਾਰ ਕੀਤਾ ਗਿਆ। ਇਹ ਦੋਵੇਂ ਅਸਥਾਨ ਬਿਲਕੁਲ ਨਾਲ ਨਾਲ ਸਸ਼ੋਭਿਤ ਹਨ ਤੇ ਭਾਈਚਾਰਕ ਸਾਂਝ ਦਾ ਸਭ ਤੋਂ ਵੱਡਾ ਪ੍ਰਤੀਕ ਹਨ। ਇਸ ਅਸਥਾਨ ਪ੍ਰਤੀ ਹਰ ਮੁਸਲਮਾਨ, ਹਿੰਦੂ ਅਤੇ ਸਿੱਖ ਦੀ ਸ਼ਰਧਾ ਬਾਕਮਾਲ ਹੈ।

ਪਰ ਸੋਚਣ ਵਾਲੀ ਗੱਲ ਹੈ ਕਿ ਕੀ ਅਜੋਕੇ ਡੇਰੇਦਾਰਾਂ ਜਾਂ ਸਿੱਖ ਧਾਰਮਿਕ ਆਗੂਆਂ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਉਹ ਆਮ ਵਿਅਕਤੀ ਵਾਂਗ ਵਿਚਰਨ। ਮਹਿਲ-ਨੁਮਾ ਘਰਾਂ ਵਿਚ ਰਹਿੰਦੇ ਅਤੇ ਵੱਡੀਆਂ ਗੱਡੀਆਂ ਤੇ ਜਹਾਜ਼ਾਂ ਵਿਚ ਸਫ਼ਰ ਕਰਦੇ ਨੇ। ਆਪਣੇ ਹਰ  ਧਾਰਮਿਕ ਇਕੱਠ ਦੀ ਕੀਮਤ ਵਸੂਲਣ ਵਾਲੇ ਇਹ ਡੇਰੇਦਾਰ ਤਾਂ ਗੁਰੂ ਜੀ ਦਾ ਨਾਮ ਵੇਚ ਕੇ ਕਮਾਈਆਂ ਕਰ ਰਹੇ ਹਨ। ਸ਼ਾਇਦ ਇਸ ਕਰਕੇ ਅਜੋਕੇ ਸਮੇਂ ਵਿਚ ਡੇਰੇ ਤਾਂ ਵੱਧ ਰਹੇ ਹਨ, ਪ੍ਰਚਾਰਕ ਵੀ ਲੋੜ ਤੋਂ ਜ਼ਿਆਦਾ ਹੋ ਗਏ ਹਨ ਪਰ ਸਿੱਖੀ ਦਾ ਨਿਘਾਰ ਹੋ ਰਿਹਾ ਹੈ। ਜਦ ਕੋਈ ਡੇਰੇਦਾਰ ਜਾਂ ਪ੍ਰਚਾਰਕ ਨਿਰਾ ਦਿਖਾਵੇ ਤੀਕ ਸੀਮਤ ਹੋ ਜਾਵੇ ਤਾਂ ਲੋਕਾਂ ਦਾ ਸਿੱਖੀ ਤੋਂ ਉਪਰਾਮ ਹੋਣਾ ਅਵੱਸ਼ ਹੁੰਦਾ ਅਤੇ ਅਜੇਹਾ ਹੀ ਸਿੱਖ ਧਰਮ ਵਿਚ ਹੋ ਰਿਹਾ ਹੈ।

ਕਈ ਵਾਰ ਮੈਂ ਸੋਚਦਾਂ :

ਬਾਬਾ ਜੀ ਦੱਸਿਓ!

ਤੁਹਾਨੂੰ ਕੋਈ ਸੱਚਾ ਸਿੱਖ ਨਜ਼ਰ ਆਉਂਦਾ ਏ?

ਤੁਹਾਡੀ ਸ਼ਬਦ ਜੋਤ

ਕੀਮਤੀ ਰੁਮਾਲਿਆਂ ‘ਚ ਦੁੱਬਕੀ

ਲੈ ਰਹੀ ਏ ਔਖੇ ਸਾਹ

ਕੋਈ ਨਹੀਂ ਸੁਣਦਾ ਉਸ ਦੀ ਆਹ

ਕਿਉਂਕਿ ਉਸ ਦਾ ਸੱਚ

ਮਸੰਦਾਂ ਨੂੰ ਰਿਹਾ ਏ ਡਰਾਅ।

ਭਾਈ ਲਾਲੋ ਦੀ ਕੋਠੜੀ

ਸੰਗਮਰਮਰ ‘ਚ ਲਪੇਟੀ

ਤੁਹਾਡੀ ਛੋਹ ਨੂੰ ਕਿੰਝ ਸੰਭਾਲੇ

ਲਾਲੋ ਸੰਗ ਬੋਲਾਂ ਦੇ ਚਿਰਾਗ਼ ਕਿਵੇਂ ਬਾਲ਼ੇ

ਤਾਂ ਕਿ ਆਲੇ-ਦੁਆਲੇ ਛਾਏ

ਛੱਟ ਜਾਣ ਇਹ ਬੱਦਲ ਕਾਲੇ।

ਬਾਬਾ ਜੀ

ਤੁਹਾਡੀ ਆਰਤੀ

ਘੰਟੀਆਂ ਅਤੇ ਟੱਲਾਂ ਦੇ ਸ਼ੋਰ ‘ਚ ਗਵਾਚੀ

ਭਾਲਦੀ ਏ ਆਪਣੀ ਹਯਾਤੀ

ਜੋ ਜਗਾਉਂਦੀ ਸੀ ਤਾਰੇ ਰਾਤੀਂ

ਤੇ ਮਨਾਂ ਦੇ ਵਿਹੜਿਆਂ ‘ਚ

ਕਿਰਨਾਂ ਦੀ ਕਿਣ-ਮਿਣ ਹੁੰਦੀ ਸੀ ਪ੍ਰਭਾਤੀ।

ਬਾਬਾ ਜੀ

ਤੁਸਾਂ ਤਾਂ ਗੋਸ਼ਟਿ ਪਰੰਪਰਾ ਨਾਲ

ਤਰਕ ਤੇ ਦਲੀਲ ਦਾ ਜਾਗ ਸੀ ਲਾਇਆ

ਪਰ ਅਜੋਕੇ ਸਾਧਾਂ ਕੇਹਾ ਜੱਗ ਭਰਮਾਇਆ

ਕਿ ਸ਼ਬਦ ਦਾ ਸੱਚ

ਭਰਮ-ਭੁਲੇਖਿਆਂ ਦੀ ਕਬਰੀਂ ਦਫ਼ਨਾਇਆ।

ਨਾਨਕ ਜੀ

ਤੁਸਾਂ ਲੋਕਾਈ ਦੇ ਮੱਥੇ ‘ਚ ਲੋਅ ਧਰਨ ਲਈ

ਕਰਤਾਰਪੁਰ ਦੇ ਖੇਤੀਂ ਪਾਣੀ ਲਾਇਆ

ਮੂੜ੍ਹ ਮਨਾਂ ਨੂੰ ਬਹੁਤ ਸਮਝਾਇਆ

ਪਰ ਪਾਪੀਆਂ ਦੇ ਪਾਪ ਢੋਂਦੀ ਗੰਗਾ ਨੇ

ਦੇਖ ਲੈ ਆਪਣਾ ਹੀ ਵਜੂਦ ਗਵਾਇਆ।

ਬਾਬਾ ਜੀ

ਜੇ ਤੁਹਾਡੀ ਸ਼ਬਦ-ਜੋਤ ਨੂੰ

ਤੁਹਾਡੇ ਆਪਣਿਆਂ ਹੀ ਬੁਝਾਉਣਾ ਸੀ

ਤਾਂ ਤੁਸੀਂ ਕਾਹਤੋਂ ਆਉਣਾ ਸੀ??

ਤੁਸੀਂ ਕਾਹਤੋਂ ਆਉਣਾ ਸੀ??

ਸੋ ਲੋੜ ਹੈ ਕਿ ਅਸੀਂ ਗੁਰੂ ਜੀ ਨੂੰ ਅਧਿਆਤਮਿਕ ਗੁਰੂ ਦੇ ਨਾਲ-ਨਾਲ, ਉਨ੍ਹਾਂ ਵਲੋਂ ਗੁਰਬਾਣੀ ਵਿਚ ਉਚਾਰੀਆਂ ਵਿਲੱਖਣਤਾਵਾਂ ਨੂੰ ਆਪਣੇ ਜੀਵਨ ਵਿਚ ਅਪਣਾਈਏ ਤਾਂ ਕਿ ਅਸੀਂ ਸੱਚੇ-ਸੁੱਚੇ ਸਿੱਖ ਬਣ ਕੇ ਇਨਸਾਨੀਅਤ ਦਾ ਮਾਰਗੀ ਬਣ ਸਕੀਏ।

– ਡਾ ਗੁਰਬਖ਼ਸ਼ ਸਿੰਘ ਭੰਡਾਲ

UNBREAKABLE: A SIKH FAMILY’S JOURNEY THROUGH RACISM, FAITH AND RESILIENCE

UK motivational speaker and author Jag Singh remembers the 1970s clearly as he recalls his father, Rajbans Singh, sitting in his cosy armchair reading the latest issue of Des Pardes. Reading the Punjabi newspaper always gave Rajbans comfort, and connected him with his Punjabi community. This comfort was short lived because as soon as he stepped outside of his house he was surrounded by racism, there was no getting away. Rajbans came over to the UK in 1967 from India, Punjab, Amritsar, to marry his beloved wife Prabhjit Kaur in an arranged marriage.

Rajbans was ridiculed at work, on the street and by the racist police for many years. His only crime as far as the racists were concerned was that he was of Indian origin, dark skinned and wore a turban. Jag remembers the day clearly when his father had been repairing his car, and his mother asked him to go to the shops to get some bread. En route to the shop, Rajbans was stopped by the police who found a spanner in his passenger seat and arrested him for carrying an ‘offensive weapon’ and put him in a police cell for five hours. This wasn’t the first time he had been arrested and harassed by the police for no reason, and it wouldn’t be the last. Rajbans didn’t have a criminal record, he was an honest civilian, hard worker and a caring young father and husband.

At that time Rajbans and his family lived in East London, Canning Town, an area that was swarmed with racist individuals in the 70s. Rajbans and his family were the only Sikh-Indian family in the whole town and clearly were not accepted.

The struggles that Rajbans Singh and his family, many other Sikh’s and ethnic minorities faced during the 1970s in Britain must never be forgotten. This is the reason why Jag has written his book: UNBREAKABLE: WRONG PLACE, WRONG TIME… The book is a tapestry of brutal events experienced at that time by Jag and his family. He has received tremendous support from ‘Minter Publishing’ to make his book become a reality.

The book ‘Unbreakable’ is based on the time when Jag was eight years old, his brother Charanjit was nine and their baby sister was three. Both Jag and Charanjit were the first students from an ethnic minority in their entire school. Following the traditions of the Sikh religion, they were forbidden to cut their hair, therefore their long hair was plaited and tied up at the back of their heads. Due to the colour of their skin and hairstyle they were ridiculed every day at school. There were no Black, Chinese or any other ethnic minority students in their school except Jag and Charanjit. This made them an open target for the bullies and racist teachers.

The racism eventually leaked into their home as a brutal gang of skinheads moved into the house across the street. These skinheads declared war on the innocent young Sikh family and made their lives a living hell. The skinheads would smash the windows of Rajbans Singh’s house on a regular basis. They also posted life-threatening leaflets, clearly marked with the Nazi swastika symbol and promoting the far-right political party National Front, through their letterbox every day.  During irregular hours of the night, the skinheads would kick and constantly pound heavily on the Singh family’s front door and shout out racial verbal abuse. Jag and his brother not only faced a large number of bullies at school, but also had to contend with the skinheads’ abuse at home.

Rajbans always told his family to have faith in ‘Waheguru’ and told his wife and children that one day Britain will come to accept Indians, Blacks and other ethnic minorities as a part of their country. Jag and his brother would listen to their fathers’ words, but they didn’t fill them with confidence at that time due to their uncomfortable surroundings. Unfortunately, Rajbans and his family were at the wrong place and at the wrong time. The light at the end of the tunnel didn’t seem too close at all. As a child Jag spent many years praying intensely to the Sikh Guru’s every single night without fail. He feared going to school and dreaded facing the bullies and racist teachers every single day.

Jag and Charanjit spent all their primary school years being bullied, chased home after school and violently beaten on a regular basis. The teachers would continuously racially abuse Jag and Charanjit in the classrooms, assemblies and on the playground. They were openly subjected to racial slurs. Jag remembers many occasions when he and his brother were isolated and segregated from the classroom and forced to be seated in the cloakrooms during class. The only explanation the teachers would give them was that they were not worthy of sitting in the same classroom as the white British children.

During those years when Jag and his family were being abused, Jag made himself a promise and that was to one day do something that would make this world a better place.

Jag has gone on to volunteer for many charities in order to fulfil his promise. He has hosted many motivational shows on the UK Sikh Channel and supported the community radio station Gateway 97.8 FM in Essex, with his show ‘The Inspiration Zone’. Due to its success, his radio show was eventually sponsored by The National Lottery and therefore provided funds to support the local communities. He has also worked as a volunteer for the NSPCC (National Society for the Prevention of Cruelty to Children) and visited schools and conducted workshops and assemblies regarding the importance of safeguarding. Jag has written many motivational articles for countless magazines. He has appeared on numerous media platforms including Zee TV and the BBC and sent out his motivational messages.

Charities including the Samaritans, Mind and NSPCC have agreed to be included in the ‘Support Groups’ index in Jag’s book. Jag emphasises strongly that anyone out there suffering from bullying, racism or mental health challenges should immediately reach out to these organisations for support. Nobody should ever suffer in silence like he did.

‘Unbreakable: Wrong Place, Wrong Time’, is part of a trilogy and Jag is looking to release book number two next year. Jag is on a mission, and that is to leave this world a much better place than he found it, with the grace of ‘Waheguru’. His main goal with the book is to show people the true impact of racism and bullying and how being a victim of such behaviours can lead to major mental health issues. He hopes and wishes that his book will support in eradicating such behaviours. Also, Jag realises that the historical elements of the racism that occurred in the 1970s in the UK are not openly shared in the UK schools and colleges. But he stands firm in stating that the events that took place then should never be forgotten in order to bring a positive change in the world. He hopes that his book will serve as a beacon of hope and prevent the recurrence of any such brutality.  

UNBREAKABLE: WRONG PLACE, WRONG TIME… https://www.amazon.co.uk/UNBREAKABLE-Wrong-Place-Time-ebook/dp/B089C2GVP1

TWITTER/X: @Jagsingh_ican

WEBSITE: https://www.jagsingh.uk/

YOUTUBE: UNBREAKABLE MOTIVATION: https://www.youtube.com/@JagSingh_ican

Minter Publishing Limited: https://www.jamesminter.com/

ਪੰਜਾਬ ‘ਤੇ ਕੁਦਰਤੀ ਅਤੇ ਗੈਰ ਕੁਦਰਤੀ ਆਫਤਾਂ ਦਾ ਕਹਿਰ

ਬਘੇਲ ਸਿੰਘ ਧਾਲੀਵਾਲ

ਪਿਛਲੇ ਲੰਮੇ ਸਮੇ ਤੋ ਪੰਜਾਬ ਦੀ ਕਿਸਾਨੀ ਕੁਦਰਤੀ ਅਤੇ ਗੈਰ ਕੁਦਰਤੀ ਆਫਤਾਂ ਦਾ ਸ਼ਿਕਾਰ ਹੁੰਦੀ ਰਹੀ ਹੈ। ਵਖਤ ਦੀਆਂ ਅਜਿਹੀਆਂ ਮਾਰਾਂ ਨੇ ਪੰਜਾਬ ਦੀ ਕਿਸਾਨੀ ਦਾ ਅਸਲੋਂ ਹੀ ਲੱਕ ਤੋੜ ਕੇ ਰੱਖਿਆ ਹੈ। ਭਾਵੇਂ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਬਲਬੂਤੇ ਹਮੇਸਾਂ ਹੀ ਅਜਿਹੀਆਂ ਮਾਰਾਂ ਚੋ ਬੁਲੰਦ ਹੌਸਲੇ ਨਾਲ ਉਭਰਨ ਦਾ ਯਤਨ ਕੀਤਾ ਹੈ, ਪਰ ਹਕੂਮਤਾਂ ਦੀ ਬੇਰੁਖੀ ਹਮੇਸਾਂ ਹੀ  ਉਹਨਾਂ ਦੀ ਤਰੱਕੀ ਦੇ ਰਾਹ ਦਾ ਰੋੜਾ ਬਣਦੀ ਰਹੀ ਹੈ।ਪੰਜਾਬੀ ਕਿਰਤੀਆਂ, ਕਿਸਾਨਾਂ, ਦੀ ਹੱਡ ਭੰਨਵੀਂ ਮਿਹਨਤ ਵਿੱਚ ਐਨਾ ਕੁ ਬਲ, ਉੱਦਮ ਅਤੇ ਤੁਜੱਰਬਾ ਹੈ ਕਿ ਉਹ ਜਿਹੜੀ ਵੀ ਚੀਜ ਨੂੰ ਹੱਥ ਲਾਉਣ ਸੋਨਾ ਬਣਾ ਦੇਣ, ਪਰ ਜਦੋ ਉਸ ਸੋਨੇ ਰੂਪੀ ਫਸਲਾਂ ਦਾ ਮੁੱਲ ਕਿਸਾਨਾਂ ਦੀ ਬਜਾਏ ਵਪਾਰੀ ਤਹਿ ਕਰੇਗਾ, ਫਿਰ ਸੋਨੇ ਵਰਗੀਆਂ ਫਸਲਾਂ ਮਿੱਟੀ ਦੇ ਮੁੱਲ ਹੀ ਜਾਣਗੀਆਂ, ਭਾਵ ਫਸਲਾਂ ਦੇ ਦਿੱਤੇ ਜਾਣ ਵਾਲੇ ਭਾਅ ਕਿਸਾਨਾਂ ਦੇ ਖਰਚੇ ਵੀ ਪੂਰੇ ਨਹੀ ਕਰਦੇ। ਜੇਕਰ ਪੰਜਾਬ ਦੀ ਭੂਗੋਲਿਕ  ਬਣਤਰ ਨੂੰ ਦੇਖਿਆ ਜਾਵੇ, ਤਾਂ ਸਪੱਸਟ ਸਮਝ ਆ ਜਾਂਦੀ ਹੈ ਕਿ ਪੰਜਾਬ ਅੱਧੀ ਦੁਨੀਆਂ ਨਾਲ ਸੜਕੀ ਰਸਤੇ ਹੀ ਵਪਾਰ ਦਾ ਅਦਾਨ ਪ੍ਰਦਾਨ ਕਰ ਸਕਦਾ ਹੈ। ਜੇਕਰ ਹਕੂਮਤਾਂ ਦੀ ਨਜਰ ਸਵੱਲੀ ਹੋਵੇ, ਤਾਂ ਵਾਹਗਾ ਬਾਰਡਰ ਖੋਲਣ ਨਾਲ ਪੰਜਾਬ ਦੀਆਂ ਫਸਲਾਂ ਪਾਕਿਸਤਾਨ, ਅਫਗਾਨਸਤਾਨ ਦੇ ਰਸਤਿਓਂ ਸਾਰੇ ਅਰਬ ਦੇਸਾਂ ਤੱਕ ਵੇਚੀਆਂ ਜਾ ਸਕਦੀਆਂ ਹਨ, ਜਿਸ ਨਾਲ ਕਿਸਾਨ ਹੀ ਨਹੀ ਪੰਜਾਬ ਦਾ ਹਰ ਵਰਗ ਖੁਸ਼ਹਾਲ ਹੋਵੇਗਾ। ਪੰਜਾਬ ਦੀ ਖੁਸ਼ਹਾਲੀ ਦੇਸ਼ ਦੀ ਅਰਥ ਵਿਵਸਥਾ ਨੂੰ ਖੜ੍ਹਾ ਕਰਨ ਦੇ ਸਮਰੱਥ ਹੋ ਸਕਦੀ ਹੈ। ਇਹ ਕਹਿਣ ਦੀਆਂ ਗੱਲਾਂ ਨਹੀ ਪੰਜਾਬ ਨੇ ਪਹਿਲਾਂ ਵੀ ਅਜਿਹਾ ਕਰਕੇ ਦਿਖਾਇਆ ਹੈ। ਜਦੋ ਭਾਰਤ ਦੀ ਬਹੁ ਗਿਣਤੀ ਵਸੋਂ ਰੋਟੀ ਨੂੰ ਤਰਸਦੀ ਸੀ, ਉਦੋਂ ਪੰਜਾਬੀ ਕਿਸਾਨਾਂ  ਨੇ ਦੇਸ਼ ਦੇ ਅੰਨ ਭੰਡਾਰ ਨੱਕੋ ਨੱਕ ਭਰ ਦਿੱਤੇ ਸਨ,ਉਸ ਦੇ ਇਵਜ਼ਾਨੇ ਵਿੱਚ ਭਾਵੇਂ ਉਹਨਾਂ ਦੇ ਆਪਣੇ ਹਿੱਸੇ ਸਿਵਾਏ ਕਰਜੇ ਦੀ ਪੰਡ ਅਤੇ ਅਣ-ਕਿਆਸੀਆਂ ਆਫਤਾਂ ਦੀ ਮਾਰ ਤੋ, ਹੋਰ ਕੁੱਝ  ਵੀ ਹੱਥ ਪੱਲੇ ਨਹੀ ਆਇਆਂ, ਫਿਰ ਵੀ ਕਿਸਾਨਾਂ ਨੇ ਦੇਸ਼ ਦੇ ਅੰਨ  ਭੰਡਾਰਾਂ ਚ ਅਨਾਜ ਦੀ ਕਮੀ ਨਹੀ ਆਉਣ ਦਿੱਤੀ। ਪਰ ਸਰਮਾੲਦਾਰੀ ਸਿਸਟਮ ਦੀ ਬੇਈਮਾਨੀ ਸੋਚ ਨੇ ਕਦੇ ਵੀ ਕਿਸਾਨ ਨੂੰ ਖੁਸ਼ਹਾਲ ਜੀਵਨ ਜਿਉਣ ਦੇ ਸਮਰੱਥ ਨਹੀ ਹੋਣ ਦਿੱਤਾ। ਇਸ ਵਾਰ ਤਾਂ ਪੰਜਾਬ ਅੰਦਰ ਵੀ ਬਹੁਤ ਅਗੇਤੀਆਂ ਵਾਰਸਾਂ ਸੁਰੂ ਹੋਣ ਕਰਕੇ ਹੜਾਂ ਦਾ ਪਹਿਲਾਂ ਹੀ ਖਦਸ਼ਾ ਬਣਿਆ ਹੋਇਆ ਸੀ। ਇਹ ਵੀ ਸੱਚ ਹੈ ਕਿ ਪੰਜਾਬ ਦੇ ਲੋਕ ਕੁਦਰਤੀ ਕਰੋਪੀਆਂ ਚੋ ਉੱਭਰਦੇ ਰਹੇ ਹਨ, ਪਰ ਗੈਰ ਕੁਦਰਤੀ ਸਿਰਜੇ ਜਾਂਦੇ ਵਿਰਤਾਤਾਂ ਤੋ ਕਿਸਾਨੀ ਦਾ ਬਚਣਾ ਸੰਭਵ ਨਹੀ ਹੈ। ਕਿਉਂਕਿ ਅਸਲ ਮਾਰ ਪੰਜਾਬ ਨੂੰ ਵਰਸਾਤਾਂ ਨਾਲ ਨਹੀ ਬਲਕਿ ਡੈਮਾਂ, ਦਰਿਆਵਾਂ ਚੋ  ਛੱਡੇ ਜਾਂਦੇ ਪਾਣੀ ਕਾਰਨ ਪੈਂਦੀ ਹੈ। ਇਹ ਵਿਰਤਾਂਤ ਕਿੰਨੀ ਸਪੱਸਟਤਾ ਨਾਲ ਇਸ ਵਿਤਕਰੇ ਨੂੰ ਦਰਸਾਉਂਦਾ ਹੈ ਕਿ ਜਦੋ ਪੰਜਾਬ ਨੂੰ ਪਾਣੀਆਂ ਦੀ ਲੋੜ ਹੁੰਦੀ ਹੈ, ਤਾਂ ਪੰਜਾਬ ਦੇ ਆਪਣੇ ਪਾਣੀਆਂ ਵਿੱਚੋਂ ਵੀ ਉਹਨੂੰ ਹਿੱਸਾ ਨਹੀ ਮਿਲਦਾ, ਪਰ ਜਦੋ, ਪਹਾੜਾਂ ਵਿੱਚ ਵਾਰਸਾਂ ਨਾਲ ਡੈਮਾਂ, ਦਰਿਆਵਾਂ ਵਿੱਚ ਪਾਣੀ ਵਧ ਜਾਂਦਾ ਹੈ, ਤਾਂ ਸਾਰੇ ਫਲੱਡ ਗੇਟ ਪੰਜਾਬ ਵੱਲ ਖੋਲ ਦਿੱਤੇ ਜਾਂਦੇ ਹਨ। ਕੀ ਇਹ ਧੱਕੇਸ਼ਾਹੀ ਨਹੀ? ਕੀ ਇਹ ਪੰਜਾਬ ਨੂੰ ਜਾਣ ਬੁੱਝ ਕੇ ਬਰਬਾਦ ਕਰਨ ਵਾਲੀ ਸਾਜਿਸ਼ ਨਹੀ ਹੈ ? ਕੀ ਖਤਰਿਆਂ ਮੌਕੇ ਉਹਨਾਂ ਸੂਬਿਆਂ ਨੂੰ ਪਾਣੀ ਨਹੀ ਛੱਡਿਆ ਜਾਣਾ ਚਾਹੀਦਾ, ਜਿਹੜੇ ਇਸਦਾ ਲੋੜ ਵੇਲੇ ਲਾਭ ਉਠਾਉਂਦੇ ਹਨ ? ਇਹ ਕਿੱਥੋਂ ਦਾ ਨਿਆ ਹੈ ਕਿ ਪਾਣੀ ਦੀ ਪਿਆਸ  ਵੇਲੇ ਪੰਜਾਬ ਨੂੰ ਤ੍ਰਿਹਾਇਆ ਮਾਰਿਆ ਜਾਵੇ ਅਤੇ ਖਤਰਿਆਂ ਵੇਲੇ ਡੁੱਬ ਮਰਨ ਲਈ ਮਜਬੂਰ ਕਰ ਦਿੱਤਾ ਜਾਵੇ। ਹਰ ਪਾਸਿਉਂ ਪੰਜਾਬ ਨੂੰ ਮਾਰਿਆ ਜਾ ਰਿਹਾ ਹੈ। ਇੱਕ ਪਾਸੇ ਦਰਿਆਵਾਂ ਡੈੰਮਾਂ ਦਾ ਪਾਣੀ ਪੰਜਾਬ ਦੇ ਲੋਕਾਂ ਦੇ ਜਾਨ ਮਾਲ ਨੂੰ ਹੜ ਕੇ ਲਿਜਾ ਰਿਹਾ ਹੈ, ਇੱਥੋਂ ਦੀ ਜੁਆਨੀ ਨੂੰ ਨਸ਼ਿਆਂ ਦੇ ਹੜਾਂ ਵਿੱਚ ਰੋੜ੍ਹਿਆ ਜਾ ਰਿਹਾ ਹੈ, ਬੋਲੀ ਮਾਰੀ ਜਾ ਰਹੀ ਹੈ। ਇੱਥੋਂ ਦਾ ਸੱਭਿਆਚਾਰ ਰੋਲ਼ਿਆ ਜਾ ਰਿਹਾ ਹੈ। ਇੱਥੋਂ ਦੀ ਮਿਹਨਤ ਨੂੰ ਮਾਰਿਆ ਜਾ ਰਿਹਾ ਹੈ।ਜਮੀਨਾਂ ਖੋਹ ਲਏ ਜਾਣ ਦਾ ਖਤਰਾ ਹਰ ਪਲ ਪੰਜਾਬ ਦੇ ਸਿਰ ਤੇ ਮੰਡਰਾ ਰਿਹਾ ਸਾਫ ਦੇਖਿਆ ਜਾ ਸਕਦਾ ਹੈ। ਇੱਥੋਂ ਦੀ ਨਾਬਰੀ ਜਿਸਨੇ ਸਿਕੰਦਰ, ਮੰਗੋਲਾਂ ਤੋ ਲੈ ਕੇ ਅਫਗਾਨੀ, ਈਰਾਨੀ ਧਾੜਵੀਆਂ ਨਾਲ ਟੱਕਰ ਲੈ ਕੇ ਭਾਰਤ ਦੀ ਹੋਂਦ ਨੂੰ ਬਚਾਇਆ, ਫਿਰੰਗੀਆਂ ਨੂੰ ਭਜਾਇਆ, ਅੱਜ ਉਹ ਹੀ ਭਾਰਤ ਦੇ ਸ਼ਾਸ਼ਕ ਪੰਜਾਬ ਦੀ ਨਾਬਰੀ ਨੂੰ ਖਤਮ ਕਰਨ ਲਈ ਪੰਜਾਬ ਦੀ ਹੋਂਦ ਨੂੰ ਮਿਟਾਉਣ ਦੇ ਯਤਨਾਂ ਵਿੱਚ ਲੱਗੇ ਹੋਏ ਹਨ। ਪੰਜਾਬ ਦੀਆਂ ਉਪਜਾਊ ਜਮੀਨਾਂ ਧੱਕੇ ਨਾਲ ਖੋਹ ਕੇ ਵਿਛਾਏ ਜਾ ਰਹੇ ਸ਼ੜਕਾਂ ਦੇ ਜਾਲ਼ ਪੰਜਾਬ ਦੀ ਬਰਬਾਦੀ ਦੇ ਮੀਲ ਪੱਥਰ ਹਨ। ਇਹ ਵੱਡੀਆਂ ਸੜਕਾਂ ਦਾ ਜਾਲ ਆਮ ਲੋਕਾਂ ਲਈ ਨਹੀ ਬਲਕਿ ਕੁੱਝ ਵੱਡੇ ਘਰਾਣਿਆਂ ਦੇ ਵਪਾਰ ਨੂੰ ਮੱਧ ਏਸ਼ੀਆ ਤੱਕ ਵਧਾਉਣ ਲਈ ਪਾਇਆ ਜਾ ਰਿਹਾ ਹੈ। ਪੰਜਾਬ ਨੂੰ ਦਰਿਆਵਾਂ, ਡੈਮਾਂ ਦੇ ਵਾਧੂ ਪਾਣੀਆਂ ਵਿੱਚ ਡੁੱਬ ਮਰਨ ਲਈ ਇਹ ਸੜਕਾਂ ਸ਼ਕਤੀਸ਼ਾਲੀ ਬੰਨ ਦਾ ਕੰਮ ਕਰਨਗੀਆਂ, ਕਿਉਂਕਿ ਉਪਰੋਕਤ ਸੜਕਾਂ ਬਨਾਉਣ ਵਾਲੇ ਇੰਜਨੀਅਰਾਂ ਵੱਲੋਂ ਵੀਹ ਵੀਹ ਫੁੱਟ ਉੱਚੀਆਂ, ਸੌ ਸੌ ਫੁੱਟ ਚੌੜੀਆਂ ਸੜਕਾਂ ਦੇ ਹੇਠਾਂ ਹੜਾਂ ਦੇ ਪਾਣੀਆਂ ਦੀ ਨਿਕਾਸੀ ਲਈ ਕਿਧਰੇ ਵੀ ਪਾਣੀਆਂ ਦੇ ਵਹਿਣ ਅਨੁਸਾਰ ਪੁਲ ਨਹੀ ਬਣਾਏ ਗਏ, ਬਲਕਿ ਪੰਜਾਬ ਨੂੰ ਡੋਬਣ ਦੇ ਪੁਖਤਾ ਇੰਤਜਾਮ ਕਰ ਦਿੱਤੇ ਹੋਏ ਹਨ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ  ਅੰਦਰ 40 ਤੋ ਵੱਧ ਕਿਸਾਨਾਂ ਮਜਦੂਰਾਂ ਦੀਆਂ ਜਥੇਬੰਦੀਆਂ ਵਿੱਚੋ ਕਿਸੇ ਇੱਕ ਨੇ ਵੀ ਕਿਸਾਨਾਂ ਨੂੰ ਜਮੀਨਾਂ ਨਾ ਦੇਣ ਲਈ ਸੁਚੇਤ ਨਹੀ ਕੀਤਾ ਅਤੇ ਨਾ ਹੀ ਇਹਨਾਂ ਕਾਰਪੋਰੇਟੀ ਸੜਕਾਂ ਨੂੰ ਰੋਕਣ ਲਈ ਕੋਈ ਅਵਾਜ ਬੁਲੰਦ ਹੀ ਕੀਤੀ। ਨਤੀਜਾ ਇਹ ਹੋਇਅ ਕਿ ਪੰਜਾਬ ਨੂੰ ਮਨ ਮਰਜੀ ਨਾਲ ਮੌਤ ਦੇ ਕੁੰਡਾਂ ਵਿੱਚ ਤਬਦੀਲ਼ ਕੀਤਾ ਜਾ ਰਿਹਾ ਹੈ। ਪਹਿਲਾਂ ਪੰਜਾਬ ਨੂੰ ਕਾਬੂ ਕਰਨ ਲਈ ਪਾਣੀਆਂ ਤੋ ਸਸਤੇ ਮੁੱਲ ਚ ਤਿਆਰ ਹੁੰਦੀ ਬਿਜਲੀ ਖੋਹ ਕੇ ਕੋਇਲੇ ਨਾਲ ਚੱਲਣ ਵਾਲੇ ਥਰਮਲ ਲਾਉਣ ਲਈ ਮਜਬੂਰ ਕੀਤਾ ਗਿਆ,ਤਾਂ ਕਿ ਜਦੋ ਲੋੜ ਪਵੇ ਪੰਜਾਬ ਦੀ ਬਿਜਲੀ ਗੁੱਲ ਕਰ ਦਿੱਤੀ ਜਾਵੇ ਅਤੇ ਹੁਣ ਆਹ ਸੜਕੀ ਜਾਲ ਦੇ ਅੰਦਰ ਮੌਤੇ ਦੇ ਕੁੰਡ ਬਣਾਏ ਗਏ ਹਨ,ਤਾਂ ਕਿ ਲੋੜ ਪੈਣ ਤੇ ਪੰਜਾਬ ਨੂੰ ਪਾਣੀਆਂ ਵਿੱਚ ਹੀ ਡੋਬ ਕੇ ਖਤਮ ਕਰ ਦਿੱਤਾ ਜਾਵੇ। ਇਹ ਵੀ ਸੱਚ ਹੈ ਕਿ ਪੰਜਾਬ ਦੀ ਬਰਬਾਦੀ ਦੇ ਪੱਕੇ ਪਰਚਿਆਂ ਤੇ ਦਸਤਖਤ ਕਰਨ ਵਾਲਿਆਂ ਵਿੱਚ 1950 ਤੋਂ ਲੈ ਕੇ ਮੌਜੂਦਾ ਸਮੇ ਤੱਕ ਦੀਆਂ ਸਾਰੀਆਂ ਸੂਬਾ ਸਰਕਾਰਾਂ  ਸ਼ਾਮਲ ਹਨ, ਜਿੰਨਾਂ ਨੇ ਆਪਣੀ ਚੌਧਰ ਅਤੇ ਨਿੱਜੀ ਲੋਭ ਲਾਲਸਾ ਖਾਤਰ ਪੰਜਾਬ ਦੇ ਹਿਤਾਂ ਨੂੰ ਕੌਡੀਆਂ ਦੇ ਭਾਅ ਲੁਟਾਇਆ ਹੈ। ਸੋ ਪੰਜਾਬ ਨੂੰ ਬਚਾਉਣ ਲਈ ਜਿੱਥੇ ਕਿਸਾਨ ਮਜਦੂਰ ਏਕਤਾ ਪਹਿਲੀ ਮੁੱਖ ਲੋੜ ਹੈ, ਓਥੇ ਕਿਸਾਨ, ਮਜਦੂਰ ਜਥੇਬੰਦੀਆਂ ਦੇ ਨੇਤਾਵਾਂ ਵਿੱਚ ਇਮਾਨਦਾਰੀ ਤੋਂ ਬਗੈਰ ਵੀ ਏਕਤਾ ਕੋਈ ਮਾਅਨੇ ਨਹੀ ਰੱਖਦੀ।ਪੰਜਾਬ ਨੂੰ ਆਤਮ ਨਿਰਭਰਤਾ ਲਈ ਪੁਰਾਤਨ ਖੇਤੀ ਮਾਡਲ ਨੂੰ ਅਪਨਾਉਣਾ ਵੀ ਬੇਹੱਦ ਲਾਜਮੀ ਹੋਵੇਗਾ ਪੁਰਾਤਨ ਫਸਲਾਂ ਜਿੰਨਾਂ ਵਿੱਚ ਦਾਲਾਂ, ਸਬਜੀਆਂ ਸਮੇਤ ਸਮੁੱਚੀਆਂ ਉਹ ਫਸਲਾਂ ਸ਼ਾਮਲ ਹਨ, ਜਿਹੜੀਆਂ ਹਰੀ ਕ੍ਰਾਤੀ ਦੇ ਦੌਰ ਤੋ ਪਹਿਲੀਆਂ ਉਗਾਈਆਂ ਜਾਂਦੀਆਂ ਰਹੀਆਂ ਹਨ। ਇਹ ਪੁਰਾਣੀਆਂ ਫਸਲਾਂ, ਕਿਸਾਨਾਂ ਨੂੰ ਘਰੇਲੂ ਲੋੜਾਂ ਦੀ ਪੂਰਤੀ ਲਈ ਬਜਾਰ ਦੀ ਨਿਰਭਰਤਾ ਤੋ ਵੀ ਲਾਂਭੇ ਰੱਖਦੀਆਂ ਰਹੀਆਂ ਹਨ ਓਥੇ ਪੰਜਾਬ ਨੂੰ ਬਿਮਾਰੀਆਂ ਤੋ ਬਚਾ ਕੇ ਵੀ ਰੱਖਦੀਆਂ ਰਹੀਆਂ ਹਨ।ਇਹ ਚਿੱਟੇ ਦਿਨ ਵਰਗਾ ਸੱਚ ਹੈ ਕਿ ਹਰੀ ਕਰਾਂਤੀ ਤੋ ਪਹਿਲਾਂ ਪੰਜਾਬ ਭਿਆਨਕ ਬਿਮਾਰੀਆਂ ਤੋ ਬਿਲਕੁਲ ਮੁਕਤ ਸੀ। ਸੋ ਪੁਰਾਣੇ ਖੇਤੀ ਮਾਡਲ ਨੂੰ ਅਪਨਾਉਣ ਨਾਲ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਵੀ ਮੁੜ ਤੋ ਜਿਉਂਦਾ ਕੀਤਾ ਜਾ ਸਕਦਾ ਹੈ, ਓਥੇ ਦੇ ਮਹਿੰਗਾਈ ਦੇ ਦੌਰ ਵਿੱਚ ਉਪਰੋਕਤ ਸਸਤਾ ਖੇਤੀ ਮਾਡਲ ਚੋਖੇ ਮੁਨਾਫੇ ਦਾ ਜਰੀਆ ਵੀ ਬਣ ਸਕਦਾ ਹੈ। ਇਹਨਾਂ ਅਤਿ ਜਰੂਰੀ ਨੁਕਤਿਆਂ  ਤੋ ਬਗੈਰ ਪੰਜਾਬ ਦੀ ਰਾਖੀ ਸੰਭਵ ਨਹੀ ਹਵੇਗੀ।
– ਬਘੇਲ ਸਿੰਘ ਧਾਲੀਵਾਲ, 99142-58142

ਚਿੰਤਾਜਨਕ ਹੈ ਸਿੱਖਾਂ ਪ੍ਰਤੀ ਰਾਜਸਥਾਨ ਸਰਕਾਰ ਦੀ ਮੰਦ ਭਾਵਨਾ

ਉਂਜ ਤਾਂ ਆਏ ਦਿਨ ਭਾਰਤ ਅੰਦਰ ਸਿੱਖਾਂ ਸਮੇਤ ਸਮੁੱਚੀਆਂ  ਹੀ ਘੱਟ ਗਿਣਤੀਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ,ਪਰ ਜਿਸ ਤਰਾਂ ਰਾਜਸਥਾਨ ਦੀ ਭਾਜਪਾ ਸਰਕਾਰ ਵੱਲੋਂ ਸਿੱਖਾਂ ਨੂੰ ਜਾਣ ਬੁੱਝ ਕੇ ਨਿਸ਼ਾਨੇ ਤੇ ਰੱਖਿਆ ਜਾ ਰਿਹਾ ਹੈ, ਇਹ ਬੇਹੱਦ ਹੀ ਨਿੰਦਣ ਯੋਗ ਅਤੇ ਚਿੰਤਾਜਨਕ ਵਰਤਾਰਾ ਹੈ। ਦੇਖਣ ਵਿੱਚ ਆਇਆ ਹੈ ਕਿ ਰਾਜਸਥਾਨ ਸਰਕਾਰ 1984 ਵੇਲੇ ਦੇ ਕੇਸਾਂ ਵਿੱਚੋਂ ਸਜਾਵਾਂ ਪੂਰੀਆਂ ਕਰਕੇ ਬਾਹਰ ਆ ਚੁੱਕੇ ਜਾਂ ਬਰੀ ਹੋ ਚੁੱਕੇ ਸਿੱਖਾਂ ਦੀ ਮੁੜ ਸਨਾਖਤ ਕਰਕੇ ਉਹਨਾਂ ਨੂੰ ਥਾਣਿਆਂ ਵਿੱਚ ਸੱਦ ਕੇ ਹੈਰਾਨ ਪਰੇਸ਼ਾਨ ਕਰ ਰਹੀ ਹੈ। ਸੋਚਣ ਵਾਲੀ ਗੱਲ ਹੈ ਕਿ ਜਿੰਨਾਂ ਕੇਸਾਂ ਵਿੱਚ ਸਿੱਖ ਬਰੀ ਹੋ ਚੁੱਕੇ ਹਨ ਜਾਂ ਸਜਾਵਾਂ ਭੁਗਤ ਕੇ ਆਪਣੇ ਘਰਾਂ ਵਿੱਚ ਰਹਿ ਕੇ ਆਪਣਾ ਕੰਮ ਧੰਦਾ ਕਰ ਕੇ ਪਰਿਵਾਰ ਪਾਲ਼ ਰਹੇ ਹਨ, ਉਹਨਾਂ ਕੇਸਾਂ ਵਿੱਚੋਂ ਸਿੱਖਾਂ ਨੂੰ ਫਾਰਗ ਹੋਇਆਂ ਨੂੰ ਵੀ ਦਹਾਕਿਆਂ ਬੱਧੀ ਸਮਾ ਬੀਤ ਚੁੱਕਾ ਹੈ, ਹੁਣ 40, 40 ਸਾਲ ਬਾਅਦ ਬਜ਼ੁਰਗ ਹੋ ਚੁੱਕੇ ਸਿੱਖਾਂ ਨੂੰ ਉਹਨਾਂ ਪੁਰਾਣੇ ਕੇਸਾਂ ਦਾ ਹਵਾਲਾ ਦੇ ਕੇ ਮੁੜ ਥਾਣਿਆਂ ਵਿੱਚ ਬੁਲਾ ਕੇ ਪੁੱਛ ਪੜਤਾਲ ਦੇ ਨਾਮ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਦੀ ਜਾਇਦਾਦ ਦੇ ਵੇਰਵੇ ਮੰਗੇ ਜਾ ਰਹੇ ਹਨ, ਕੀ ਅਜਿਹਾ ਕਰਨਾ ਜਾਇਜ਼ ਹੈ ? ਅਦਾਲਤਾਂ ਤੋ ਬਰੀ ਹੋ ਚੁੱਕੇ ਵਿਅਕਤੀਆਂ ਨੂੰ ਮੁੜ ਥਾਣਿਆਂ ਚ ਸੱਦਿਆ ਜਾਣਾ ਬਣਦਾ ਹੈ, ਉਹ ਵੀ ਬਗੈਰ ਕਿਸੇ ਦੋਸ਼ ਤੋ, ਬਗੈਰ ਕਿਸੇ ਸ਼ਿਕਾਇਤ ਤੋ ਅਤੇ ਬਗੈਰ ਕਿਸੇ ਕਨੂੰਨੀ ਨੋਟਿਸ ਤੋਂ ? ਜਦੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ, ਤਾਂ ਆਮ ਸਿੱਖ ਭਾਂਵੇਂ ਉਹ ਕਿਤੇ ਵੀ ਰਹਿ ਰਿਹਾ ਹੋਵੇ ਉਹਦਾ ਦਾ ਮਨ ਵੀ ਗੁਲਾਮੀ ਦਾ ਅਨੁਭਵ ਕਰਨ ਲੱਗਦਾ ਹੈ।

ਰਾਜਸਥਾਨ ਦੇ ਸ੍ਰੀ ਗੰਗਾ ਨਗਰ ਦੇ ਬੱਸ ਸਟੈਂਡ ਪੁਲਿਸ ਚੌਂਕੀ ਤੋ ਜਨਤਕ ਹੋਈ ਵੀਡੀਓ ਵਿੱਚ ਪੀੜਤ ਸਿੱਖਾਂ ਵੱਲੋਂ ਭਾਜਪਾ ਚ ਬੈਠੇ ਸਿੱਖ ਚੌਧਰੀਆਂ ਅਤੇ ਸੰਘੀ ਸਿੱਖਾਂ ਨੂੰ ਵੀ ਨਿਹੋਰੇ ਦਿੱਤੇ ਗਏ ਹਨ। ਖਾਸ ਕਰਕੇ ਦਿੱਲੀ ਅਤੇ ਪੰਜਾਬ ਵਾਲੇ ਸਿੱਖਾਂ ‘ਤੇ ਇਸ ਗੱਲ ਦਾ ਗਿਲਾ ਜਤਾਇਆ ਗਿਆ ਹੈ ਕਿ ਜਿਹੜੀ ਪਾਰਟੀ ਸਿੱਖਾ ਦੀ ਹੋਂਦ ਮਿਟਾਉਣ ਲਈ ਜਤਨਸ਼ੀਲ ਹੈ, ਤੁਸੀ ਉਹਨਾਂ ਤੋ ਚੇਅਰਮੈਨੀਆਂ, ਵਜ਼ੀਰੀਆਂ  ਮਾਨਣ ਦੇ ਲਾਲਚ ਵਿੱਚ ਆਪਣੀ ਹੀ ਕੌਂਮ ਨਾਲ ਹੁੰਦੀਆਂ ਬੇ ਇਨਸਾਫੀਆਂ ਵੱਲ ਪਿੱਠ ਕਰ ਲਈ ਹੈ।ਰਾਜਸਥਾਨ ਦੇ ਉਹਨਾਂ ਪੀੜਤ ਸਿੱਖਾਂ ਦਾ ਕਹਿਣਾ ਹੈ ਕਿ ਜਦੋ ਕਿਸੇ ਜਾਟ ਸਮਾਜ, ਰਾਜਪੂਤ ਸਮਾਜ ਬਾਗੜੀ ਜਾ ਮੀਣੇ ਸਮਾਜ ਦੇ ਲੋਕਾਂ ਤੇ ਅਜਿਹੀ ਕੋਈ ਬਿਪਤਾ ਪੈਂਦੀ ਹੈ ਤਾਂ ਝੱਟ ਉਹ ਸਾਰਾ ਸਮਾਜ ਇਕੱਠਾ ਹੋ ਜਾਂਦਾ ਹੈ ਤੇ ਇਨਸਾਫ ਲਈ ਇੱਕਜੁੱਟਤਾ ਨਾਲ ਅਵਾਜ ਬੁਲੰਦ ਕਰਦਾ ਹੈ, ਜਿਸ ਦੇ ਫਲ ਸਰੂਪ ਉਹ ਲੋਕ ਆਪਣੇ ਹੱਕ ਅਤੇ ਇਨਸਾਫ ਪਰਾਪਤ ਕਰ ਲੈਂਦੇ ਹਨ, ਪਰ ਸਿੱਖਾਂ ਲਈ ਇਹ ਕਿੰਨੀ ਸ਼ਰਮਨਾਕ ਗੱਲ ਹੈ ਕਿ ਇਹ ਆਪਣੇ ਨਾਲ ਹੁੰਦੇ ਅਨਿਆਂ ਦੇ ਖਿਲਾਫ ਬੋਲਣ ਤੋਂ ਵੀ ਟਾਲ਼ਾ ਵੱਟਣ ਲੱਗੀ ਹੈ। ਇੱਕੋ ਇੱਕ ਸਿੱਖ ਕੌਂਮ ਹੀ ਅਜਿਹੀ ਕੌਂਮ ਹੈ,ਜਿਹੜੀ ਆਪਣੇ ਹੱਕ ਹਿਤ ਤਲਵਾਰ ਨਾਲ ਲੈਣਾ ਜਾਣਦੀ ਹੈ,ਅਤੇ ਤਲਵਾਰ ਦੀ ਬਹਾਦਰੀ ਨਾਲ ਵੱਡੇ ਰਾਜ ਭਾਗ ਹੰਢਾ ਵੀ ਚੁੱਕੀ ਹੈ, ਦੇਸ਼ ਨੂੰ ਅਜਾਦ ਕਰਵਾਉਣ ਵਿੱਚ ਸਭ ਤੋ ਵੱਧ ਕੁਰਬਾਨੀਆਂ ਵੀ  ਸਿੱਖ ਕੌਂਮ ਦੇ ਹਿੱਸੇ  ਆਈਆਂ ਹਨ,ਪਰੰਤੂ ਇਸ ਦੇ ਬਾਵਜੂਦ ਹੁਣ ਉਹਨਾਂ ਦੀ ਗੈਰਤ ਉਹਨਾਂ ਨੂੰ ਆਪਣੇ ਸਮਾਜ ਨਾਲ ਖੜਨ  ਲਈ ਗਫਲਤ ਦੀ ਨੀਂਦ ਚੋਂ ਨਹੀ ਜਗਾਉਂਦੀ, ਆਪਣੇ ਫਿਰਕੇ ਦੇ ਲੋਕਾਂ ਨਾਲ ਹੁੰਦੇ ਅਨਿਆ ਦੇ ਖਿਲਾਫ ਇਕੱਠਿਆਂ ਹੋਣ ਲਈ ਸਿੱਖ ਮਨਾਂ ਅੰਦਰ ਤਾਂਘ ਪੈਦਾ ਨਹੀ ਕਰਦੀ, ਲਿਹਾਜ਼ਾ ਭਾਰਤ ਵਰਸ਼ ਅੰਦਰ ਸਮੁੱਚੀ ਸਿੱਖ ਕੌਂਮ ਦੀ ਦੁਰਗਤੀ ਇੱਕ ਆਮ ਵਰਤਾਰਾ ਬਣ ਗਿਆ ਹੈ। ਇੱਕ ਪਾਸੇ ਕੇਂਦਰ ਅਤੇ ਸੂਬਿਆਂ ਦੀਆਂ ਭਾਜਪਾ ਸਰਕਾਰਾਂ ਸਿੱਖ ਗੁਰੂ ਸਾਹਿਬਾਨਾਂ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਜੋਰ ਸ਼ੋਰ ਨਾਲ ਪਰਚਾਰਦੀ ਹੈ, ਦੂਜੇ ਪਾਸੇ ਗੁਰਦੁਆਰੇ ਢਾਹੁਣ ਦੀਆਂ ਵੀਡੀਓ ਜਨਤਕ ਹੋ ਜਾਂਦੀਆਂ ਹਨ। ਇਹ ਕਿਹੋ ਜਿਹੀ ਦੰਭੀ ਸਿਆਸਤ ਹੈ ਇੱਕ ਪਾਸੇ ਸਿੱਖਾਂ ਨੂੰ ਵਡਿਆਉਣ ਲਈ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਉਣ ਦੀ ਗੱਲ ਪਰਚਾਰੀ ਜਾਂਦੀ ਹੈ, ਉਹਨਾਂ ਸ਼ਹੀਦੀ ਦਿਹਾੜਿਆਂ ਵਿੱਚ ਸਿੱਖ ਗੁਰੂ ਸਾਹਿਬਾਨਾਂ ਅਤੇ ਸਿੱਖ ਕੌਂਮ ਦੇ ਸੋਹਿਲੇ ਵੀ ਖੂਬ ਗਾਏ ਜਾਂਦੇ ਹਨ, ਪਰ ਉਸ ਸਮੇ ਹੀ ਦੂਜੇ ਪਾਸੇ ਸਿੱਖਾਂ ਨਾਲ ਅਨਿਆਂ ਦੀਆਂ ਖਬਰਾਂ ਆ ਜਾਂਦੀਆਂ ਹਨ। ਹੁਣ ਵੀ ਇਸਤਰਾਂ ਦਾ ਹੀ ਵਰਤਾਰਾ ਸਾਹਮਣੇ ਆਇਆ ਹੈ।

ਇੱਕ ਪਾਸੇ ਕੇਂਦਰ ਅਤੇ ਹਰਿਆਣਾ ਸਰਕਾਰਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਵੱਡੀ ਪੱਧਰ ਤੇ ਮਨਾਉਣ ਦਾ ਪਰਚਾਰ ਕਰ ਰਹੀਆਂ ਹਨ, ਪਰ ਦੂਜੇ ਪਾਸੇ ਗੁਆਂਢੀ ਸੂਬੇ ਰਾਜਸਥਾਨ ਅੰਦਰ 80, 90 ਦੇ ਦਹਾਕੇ ਵਿੱਚ ਸਿੱਖ ਹਿਤਾਂ ਦੀ ਲੜਾਈ ਵਿੱਚ ਸ਼ਾਮਲ ਉਹਨਾਂ ਸਿੱਖਾਂ ਨੂੰ ਥਾਣਿਆਂ ਵਿੱਚ ਸੱਦ ਕੇ ਪੁਲਿਸ ਕਾਰਵਾਈ ਇਸ ਕਰਕੇ ਸ਼ੁਰੂ ਕੀਤੀ ਜਾ ਰਹੀ ਹੈ ਕਿ 1984 ਵਿੱਚ ਉਹਨਾਂ ਨੇ ਪੰਥਕ ਕਾਰਜਾਂ ਲਈ ਜੇਲ ਕੱਟੀ ਸੀ। ਜਿਹੜੇ ਸਿੱਖ ਬਜ਼ੁਰਗ ਉਮਰ ਵਿੱਚ ਵੀ 80, 80 ਸਾਲਾਂ ਦੇ ਕਰੀਬ ਹੋ ਚੁੱਕੇ ਹਨ ਅਤੇ ਉਹਨਾਂ ਦੇ ਪੁਲਿਸ, ਕਚਹਿਰੀਆਂ ਵਿੱਚੋਂ ਕੇਸ ਨਿਬੜਿਆਂ ਨੂੰ ਵੀ 25,25  ਸਾਲ ਗੁਜਰ ਚੁੱਕੇ ਹਨ,ਉਹਨਾਂ ਨੂੰ ਹੁਣ ਦੁਵਾਰਾ ਥਾਣਿਆਂ ਵਿੱਚ ਬੁਲਾ ਕੇ ਇਹ ਕਹਿਕੇ ਤੰਗ ਪਰੇਸ਼ਾਨ ਕਰਨਾ ਕੀ ਇਹ ਦੂਹਰੇ ਮਾਪਦੰਡ ਨਹੀ ? ਕੀ ਇਹ ਸਿੱਖਾ ਦੇ ਜਖਮਾਂ ‘ਤੇ ਲੂਣ ਪਾਉਣ ਵਰਗਾ ਵਿਰਤਾਂਤ ਨਹੀ ਹੈ ? ਅਜਿਹੇ ਵਿਤਕਰੇਵਾਜੀ ਵਾਲੇ ਅਤੇ  ਨਫਰਤੀ ਹਾਲਾਤਾਂ ਨੂੰ ਪੈਦਾ ਹੋਣ ਤੋ ਰੋਕਣਾ ਕੇਂਦਰ ਦੀ  ਜਿੰਮੇਵਾਰੀ ਬਣਦੀ ਹੈ। ਜੇਕਰ ਕੇਂਦਰ ਸਰਕਾਰ ਸੱਚਮੁੱਚ ਹੀ ਸਿੱਖਾਂ ਦੀ ਅਹਿਸਾਨਮੰਦ ਹੈ ਅਤੇ ਸਿੱਖਾਂ ਨਾਲ ਚੰਗੇ ਸਬੰਧ ਰੱਖਣਾ ਚਾਹੁੰਦੀ ਹੈ, ਤਾਂ ਉਹਨਾਂ ਨੂੰ ਰਾਜਸਥਾਨ ਵਰਗੇ ਸੂਬਿਆਂ  ਦੀਆਂ ਸਰਕਾਰਾਂ ਨੂੰ ਅਜਿਹਾ ਕਰਨ ਤੋ ਸਖ਼ਤੀ ਨਾਲ ਵਰਜਣਾ ਚਾਹੀਦਾ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਿੱਖ ਮਨਾਂ ਵਿੱਚ ਬੇਗਾਨਗੀ ਦੀ ਭਾਵਨਾ ਹੋਰ ਵਧੇਗੀ, ਜਿਸ ਦੇ ਦੂਰਗਾਮੀ ਨਤੀਜੇ ਹਕੂਮਤਾਂ ਦੇ ਕਿਆਫ਼ਿਆਂ ਦੇ ਅਨੁਕੂਲ ਨਹੀ ਹੋ ਸਕਣਗੇ।

ਬਘੇਲ ਸਿੰਘ ਧਾਲੀਵਾਲ, 99142-58142

ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ

ਅਣਖਾਂ ਦੀ ਜਰਖੇਜ ਮਿੱਟੀ ਚੋ ਪੈਦਾਂ ਹੋਏ ਪੰਜਾਬੀਆਂ ਦੀ ਅਣਖ ਨੂੰ ਜਦੋ ਵੀ ਕਿਸੇ ਨੇ ਵੰਗਾਰਨ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਮੂੰਹ ਦੀ ਖਾਣੀ ਪਈ ਹੈ।ਇਹ ਕੋਈ ਕਹਿਣ ਦੀਆਂ ਗੱਲਾਂ ਨਹੀ ਹਨ, ਬਲਕਿ ਪੰਜਾਬ ਦਾ ਇਤਿਹਾਸ ਅਜਿਹਾ ਸਮਝਾ ਰਿਹਾ ਹੈ। ਇਹ ਬਾਬਰ, ਜਹਾਂਗੀਰ ਤੋ ਲੈ ਕੇ ਔਰੰਗਜੇਬ, ਫਰਖ਼ਸ਼ੀਅਰ, ਦੁਰਾਨੀਆਂ ਅਵਦਾਲੀਆਂ ਤੋ ਹੁੰਦਾ ਹੋਇਆ ਗੋਰੇ ਫਰੰਗੀਆਂ ਤੋ ਇੰਦਰਾ ਗਾਂਧੀ ਤੱਕ ਅਤੇ ਉਸ ਤੋ ਵੀ ਅੱਗੇ ਦਿੱਲੀ ਅੰਦੋਲਨ ਤੱਕ ਦਾ ਵਰਤਾਰਾ ਇਸ ਇਤਿਹਾਸਿਕ ਸਚਾਈ ਦੀ ਗਵਾਹੀ ਭਰਦਾ ਹੈ, ਕਿ ਪੰਜਾਬ ਨੇ ਕਦੇ ਵੀ ਆਪਣੀ ਅਣਖ ਨੂੰ ਆਂਚ ਨਹੀ ਆਉਣ ਦਿੱਤੀ। ਹੁਣ ਜਦੋ ਪੰਜਾਬ ਵਿੱਚ ਉਸ ਪਾਰਟੀ ਦੀ ਸਰਕਾਰ ਬਣੀ ਨੂੰ ਸਾਢੇ ਤਿੰਨ ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈ, ਜਿਸ ਦੀ  ਬੁਨਿਆਦ ਹੀ ਪੰਜਾਬ ਦੇ ਸਿਰ ਤੇ ਖੜੀ ਹੈ। ਜੇਕਰ 2014 ਵਿੱਚ ਪੰਜਾਬ ਦੇ ਵੋਟਰ ਚਾਰ ਮੈਬਰ ਪਾਰਲੀਮੈਂਟ ਜਿਤਾ ਕੇ ਪਾਰਲੀਮੈਂਟ ਵਿੱਚ ਨਾ ਭੇਜਦੇ ਤਾਂ ਅੱਜ ਤੋ ਕਾਫੀ ਸਮਾ ਪਹਿਲਾਂ ਹੀ ਇਹ ਪਾਰਟੀ ਆਪਣੀ ਹੋਂਦ ਗਵਾ ਚੁੱਕੀ ਹੁੰਦੀ। ਪੰਜਾਬ ਦੇ ਲੋਕਾਂ ਨੇ ਕਾਂਗਰਸ ਅਤੇ ਅਕਾਲੀ ਭਾਜਪਾ ਗੱਠਜੋੜ ਦੀਆਂ ਸਰਕਾਰਾਂ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਆਸ ਨਾਲ ਬਣਾਈ ਸੀ ਕਿ ਇਹ ਪੰਜਾਬ ਵਿੱਚ ਅਜਿਹਾ ਬਦਲਾ ਲੈ ਕੇ ਆਵੇਗੀ, ਜਿਹੜਾ ਉਹਨਾਂ ਦੇ ਪਿਛਲੇ 70,75 ਸਾਲਾਂ ਵਿੱਚ ਬਦ ਤੋ ਬਦਤਰ ਹੋਏ ਹਾਲਾਤਾਂ ਨੂੰ ਸੁਧਾਰਨ ਦੇ ਉਪਰਾਲੇ ਕਰੇਗਾ, ਪਰ ਹੋਇਆ ਕੀ ? ਸਾਰਾ ਕੁੱਝ ਹੀ ਉਲਟ। ਕਹਿਣੀ ਤੇ ਕਰਨੀ ਵਿੱਚ ਜਮੀਨ ਅਸਮਾਨ ਦੇ ਫਰਕ ਤੋ ਵੀ ਜਿਆਦਾ ਫਰਕ, ਬਲਕਿ ਮੋਮੋਠਗਣੀਆਂ ਦੇ ਮਾਹਰ ਦਿੱਲੀ ਦੀ ਨਵੀ ਸਿਆਸਤ ਨੇ ਪੰਜਾਬ ਨੂੰ ਅਸਲੋਂ ਹੀ ਬੁੱਧੂ ਸਮਝ ਲਿਆ। ਉਹ ਇਹ ਗੱਲ ਸਾਇਦ ਅਜੇ ਤੱਕ ਵੀ ਨਹੀ ਸਮਝੇ ਕਿ ਉਹਨਾਂ ਦੀ ਪੰਜਾਬ ‘ਤੇ ਜਿੱਤ ਜਿੱਥੇ ਉਹਨਾਂ ਦੇ ਸਬਜ ਬਾਗਾਂ ਦੀ ਭਰਮਾਰ ਕਰਕੇ ਵੀ ਸੀ,ਓਥੇ ਇਸ ਦਾ ਮੁੱਖ ਕਾਰਨ ਤਾਂ ਲੋਕਾਂ ਦਾ ਇੱਥੋ ਦੀਆਂ ਪਹਿਲੀਆਂ ਰਵਾਇਤੀ ਪਾਰਟੀਆਂ ਤੋ ਮੋਹ ਭੰਗ ਹੋਣ ਕਰਕੇ ਸੀ, ਪਰ ਆਪ ਦੀ ਦਿੱਲੀ ਦੀ ਲੀਡਰਸ਼ਿੱਪ ਇਸ ਜਿੱਤ ਨੂੰ ਪੰਜਾਬ  ਦੇ ਲੋਕਾਂ ਨੂੰ ਮੂਰਖ ਬਨਾਉਣ ਦੀ ਆਪਣੀ ਕਾਬਲੀਅਤ ਸਮਝਣ ਦੀ ਭੁੱਲ ਕਰ ਬੈਠੀ। ਇਹ ਦੁਖਾਂਤ ਹੀ ਸਮਝਣਾ ਹੋਵੇਗਾ ਕਿ ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ। ਲਿਹਾਜ਼ਾ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਦੂਜੇ ਨੰਬਰ ਦੇ ਨੇਤਾ ਮੁਨੀਸ਼ ਸ਼ਿਸ਼ੋਦੀਆ ਦੀ ਵਾਇਰਲ ਹੋਈ ਵੀਡੀਓ ਤੋ ਸਪੱਸਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਪੰਜਾਬ  ਦੇ ਲੋਕਾਂ ਨੂੰ ਅਸਲ ਵਿੱਚ ਕੀ ਸਮਝ ਬੈਠੀ ਹੈ।ਉਹਨਾਂ ਦਾ ਮੰਨਣਾ ਹੈ ਕਿ ਜਿਸਤਰਾਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਸਬਜ਼ ਬਾਗ ਦਿਖਾ ਕੇ ਅਤੇ ਝੂਠ ਮੂਠ ਦੇ ਇਨਕਲਾਬ ਦੇ ਨਾਹਰਿਆਂ ਨਾਲ 2014 ਤੋ ਲੈ ਕੇ ਭਰਮਾਉਂਦੇ ਆ ਰਹੇ ਹਨ, ਸ਼ਾਇਦ ਹੁਣ ਵੀ ਕੁੱਝ ਇਹੋ ਜਿਹਾ ਹੀ ਕਰਕੇ ਮੁੜ ਸੱਤਾ ਤੇ ਕਾਬਜ਼ ਹੋ ਸਕਣਗੇ। ਬਲਕਿ ਇਸ ਵਾਰ ਤਾਂ ਮੁਨੀਸ ਸ਼ਿਸ਼ੋਦੀਆ ਸਾਮ ਦਾਮ ਦੰਡ ਭੇਦ ਦੇ ਨਾਲ ਲੜਾਈਆਂ ਝਗੜੇ ਕਰਵਾਉਣ ਦੀ ਗੱਲ ਵੀ ਬੜੀ ਬੇਸ਼ਰਮੀ ਨਾਲ ਕਰਦੇ ਸਾਫ ਦਿਖਾਈ ਦਿੰਦੇ ਹਨ, ਜਿਸ ਤੋ ਸਪੱਸਟ ਹੁੰਦਾ ਹੈ ਕਿ ਉਹ ਪੰਜਾਬ ਵਿੱਚ ਨਸਲੀ ਫਸਾਦ ਕਰਵਾਉਣ ਦਾ ਮਨ  ਬਣਾਈ ਬੈਠੇ ਹਨ,ਜਿਸ ਨੂੰ ਪੰਜਾਬ ਦੇ ਲੋਕ ਭਲੀ ਭਾਂਤ ਸਮਝ ਗਏ ਹਨ।ਉਹਨਾਂ ਦੀ ਇਸ ਵੀਡੀਓ ਨੇ ਜਿੱਥੇ ਉਹਨਾਂ ਦੇ ਮਸੂਮ ਚਿਹਰੇ ਦੇ ਮਖੌਟੇ ਨੂੰ ਉਤਾਰਨ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਹੈ, ਓਥੇ ਪੰਜਾਬ ਦੇ ਆਮ  ਆਦਮੀ ਪਾਰਟੀ ਦੇ ਆਗੂ ਵਰਕਰ ਪੁਰਸ਼ ਮਹਿਲਾਵਾਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਦੀ ਹਾਜਰੀ ਵਿੱਚ ਉਹਨਾਂ ਨੂੰ ਸੰਬੋਧਨ ਹੋ ਕੇ ਪਾਰਟੀ ਕਾਰਕੁਨਾਂ ਤੋ ਉਪਰੋਕਤ ਦਾ ਲਿਆ ਗਿਆ ਵਾਅਦਾ ਪੰਜਾਬ ਦੀ ਅਣਖ ਨੂੰ ਹਲੂਣਾ ਵੀ ਦੇ ਗਿਆ ਹੈ। ਪੰਜਾਬ ਦੇ ਲੋਕ ਮੂਰਖ ਨਹੀ ਹਨ ਅਤੇ ਐਨੇ ਭੋਲ਼ੇ ਵੀ ਨਹੀ ਜਿਹੜੇ ਫਿਰਕੂ ਅਤੇ ਮਾਰੂ ਚਲਾਕੀਆਂ ਨੂੰ  ਵੀ ਸਮਝ ਨਹੀ ਸਕਣਗੇ। ਇਹ ਪੰਜਾਬ ਦੇ ਲੋਕਾਂ ਦੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਦੀ ਪਾਰਟੀ ‘ਤੇ ਪ੍ਰਗਟਾਏ ਗਏ ਅਥਾਹ ਭਰੋਸ਼ੇ ਦਾ ਹੀ ਨਤੀਜਾ ਹੈ ਕਿ ਆਪ ਦੇ ਆਗੂ ਪੰਜਾਬ ਦੇ ਲੋਕਾਂ ਦੀ ਲਿਆਕਤ ਨੂੰ ਬੇਵਕੂਫੀ ਸਮਝ ਬੈਠੇ ਹਨ। ਉਹ ਆਪਣੀ ਪਾਰਟੀ ਦੇ ਵਰਕਰਾਂ ਨੂੰ 2027 ਦੀਆਂ ਚੋਣਾਂ ਜਿੱਤਣ ਲਈ ਲੜਾਈ ਝਗੜੇ ਕਰਵਾ ਕੇ ਵੋਟਾਂ ਵਟੋਰਨ ਲਈ ਉਕਸਾ ਰਹੇ ਸਾਫ ਦਿਖਾਈ ਦਿੰਦੇ ਹਨ। ਉਹ ਮੀਸ਼ਣੀ ਹਾਸੀ ਹੱਸਦੇ ਹੋਏ ਹਾਜਰੀਨ ਤੋ ਵਾਅਦਾ ਲੈਂਦੇ ਕਹਿ ਰਹੇ ਹਨ, ਕੀ ਤੁਸੀ ਅਜਿਹਾ ਸਭ ਕੁੱਝ ਕਰਨ ਲਈ ਤਿਆਰ ਹੋ। ਸ਼ਿਸ਼ੋਦੀਆ ਦਾ ਅਜਿਹਾ ਫਿਰਕੂ ਭਾਸ਼ਣ ਸੁਣਕੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀ ਰਹਿ  ਜਾਂਦੀ ਕਿ ਇਸ ਪਾਰਟੀ ਨੂੰ ਵੀ ਦਿਸ਼ਾ ਨਿਰਦੇਸ਼ ਕਿੱਥੋ ਮਿਲਦੇ ਹੋਣਗੇ। ਮੈ ਪਹਿਲਾਂ ਵੀ ਬਹੁਤ ਵਾਰੀ ਇਹ ਲਿਖ ਚੁੱਕਾ ਹਾਂ ਕਿ ਭਾਰਤੀ ਜਨਤਾ ਪਾਰਟੀ ਸਿਰੇ ਦੀ ਫਿਰਕੂ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਤੋ ਵੱਧ ਖਤਰਨਾਕ ਨਹੀ ਹੋ ਸਕਦੀ,ਕਿਉਕਿ  ਭਾਜਪਾ ਆਪਣੇ ਏਜੰਡੇ ਪ੍ਰਤੀ ਸਪੱਸਟ ਹੈ, ਉਹਨਾਂ ਨੇ ਜੋ ਕਰਨਾ ਹੈ ਉਹ ਡੰਕੇ ਦੀ ਚੋਟ ਤੇ ਕਰਨ ਦਾ ਦਾਅਵਾ ਕਰਦੀ ਹੈ। ਮਿਸਾਲ ਦੇ ਤੌਰ ਤੇ, ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ, ਉਹਦੇ ਲਈ ਬਿਲਕੁਲ ਸਪੱਸਟ ਹਨ, ਉਹ  ਘੱਟ ਗਿਣਤੀਆਂ ਪ੍ਰਤੀ ਚੰਗੀ ਸੋਚ ਨਹੀ ਰੱਖਦੇ, ਉਹਦੇ ਲਈ ਵੀ ਉਹਨਾਂ ਦੀਆਂ ਨੀਤੀਆਂ ਸਪੱਸਟ ਹਨ, ਪਰ ਉਹਨਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਕਿਤੇ ਵੱਧ ਫਿਰਕੂ ਅਤੇ ਘੱਟ ਗਿਣਤੀਆਂ ਪ੍ਰਤੀ ਉਹਨਾਂ ਤੋ ਵੀ ਮਾੜੀ ਸੋਚ ਮਨ ਵਿੱਚ ਕੈ ਕੇ ਲੁਕਮੇ ਏਜੰਡੇ ਨਾਲ ਅੱਗੇ ਵਧ ਰਹੀ ਹੈ, ਜਿਹੜਾ ਘੱਟ  ਗਿਣਤੀਆਂ ਲਈ ਭਾਜਪਾ ਤੋ ਵੱਧ ਖਤਰਨਾਕ  ਅਤੇ ਜਹਿਰੀਲਾ ਹੈ। ਇਸ ਤੋ ਵੀ ਵੱਧ ਦੰਭ ਅਤੇ ਅਕਿਰਤਘਣਤਾ ਇਹ ਹੈ ਕਿ ਜਿਹੜੇ ਸੂਬੇ ਦੇ ਲੋਕਾਂ ਨੇ ਉਹਨਾਂ ਦੀ ਪਾਰਟੀ ਦੀ ਜੜ ਲਾਈ ਉਹਨਾਂ ਦੀਆਂ ਝੂਠੀਆਂ ਨੀਤੀਆਂ ਵਿੱਚ ਵਿਸਵਾਸ਼ ਪ੍ਰਗਟਾ ਕੇ ਰਿਕਾਰਡ ਤੋੜ ਜਿੱਤ ਉਹਨਾਂ ਦੀ ਝੋਲੀ ਵਿੱਚ ਪਾਈ, ਅੱਜ ਉਹਨਾਂ ਲੋਕਾਂ ਨੂੰ ਇਹ ਲੋਕ ਬੇ-ਗੈਰਤੇ, ਬੇ-ਅਣਖੇ ਅਤੇ ਬੇ-ਅਕਲੇ ਸਮਝਣ ਦੀ ਭੁੱਲ ਕਰਕੇ ਆਪਣੇ ਪੈਰ ਤੇ ਖੁਦ  ਕੁਹਾੜਾ ਮਾਰਨ ਵਾਲੀ ਬੇਵਕੂਫੀ ਖੁਦ ਕਰ ਰਹੇ ਹਨ। ਸਿਆਣੇ ਕਹਿੰਦੇ ਹਨ ਜੋ ਪਰਮਾਤਮਾ ਕਰਦਾ ਹੈ ਉਹ ਠੀਕ ਹੀ ਕਰਦਾ ਹੈ। ਜੇਕਰ ਸ਼ਿਸ਼ੋਦੀਆ ਹੁਰਾਂ ਨੇ ਪੰਜਾਬ ਦੇ ਲੋਕਾਂ ਦੀ ਲਿਆਕਤ ਅਤੇ ਸਿਆਣਪ ਦਾ ਗਲਤ ਅੰਦਾਜਾ ਨਾ ਲਾਇਆ ਹੁੰਦਾ ਤਾਂ ਉਹਨਾਂ ਦੀ ਅਜਿਹੀ ਵੀਡੀਓ ਸਾਹਮਣੇ ਨਹੀ ਸੀ ਆਉਣੀ।ਸੋ ਇਸ ਵੀਡੀਓ ਨੇ ਆਮ ਆਦਮੀ ਪਾਰਟੀ ਦੇ ਅੰਦਰਲੀ ਦੰਭੀ ਸੋਚ ਨੂੰ ਜਨਤਕ ਕਰ ਦਿੱਤਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਉਸ ਇਕੱਠ ਵਿੱਚ ਬੈਠੇ ਪੰਜਾਬ ਦੀ ਆਮ  ਆਦਮੀ ਪਾਰਟੀ ਦੇ ਬਹਾਦਰ ਸਿਪਾਹੀਆਂ ਅਤੇ ਸਿਪਾਹ ਸਲਾਰਾਂ ਦੀ ਅਣਖ ਹਲੂਣਾ ਖਾਵੇਗੀ, ਜਾਂ ਡੇਢ ਕੁ ਸਾਲ ਦੀ ਬਾਕੀ ਬਚੀ ਸੱਤਾ ਦੇ ਅਨੰਦ ਦੀ ਲਾਲਸਾ ਉਹਨਾਂ ਦੀ ਅਣਖ ਤੇ ਭਾਰੂ ਹੀ ਰਹੇਗੀ। ਪਰੰਤੂ ਪੰਜਾਬ ਦਾ ਇਤਿਹਾਸ ਅਜਿਹਾ ਹੀ  ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਨਾ ਕਦੇ ਚੰਗਾ ਕਰਨ ਵਾਲਿਆਂ ਨੂੰ ਵਿਸਾਰਦੇ ਹਨ ਅਤੇ ਨਾ ਹੀ ਮਾੜਾ ਕਰਨ ਵਾਲਿਆਂ ਨੂੰ ਚੇਤਿਆਂ ਵਿੱਚੋਂ ਮਨਫੀ ਹੋਣ ਦਿੰਦੇ ਹਨ। ਪੰਜਾਬ ਪ੍ਰਤੀ ਅਜਿਹੀ ਮੰਦ ਭਾਵਨਾ ਨੂੰ ਵੀ ਲੋਕ ਚੇਤਿਆਂ ਵਿੱਚੋ ਕੱਢਿਆ ਨਹੀ ਜਾ ਸਕੇਗਾ।

– ਬਘੇਲ ਸਿੰਘ ਧਾਲੀਵਾਲ
99142-58142

ਮਾਂ ਬੋਲੀ ਦੀ ਸੇਵਾ ਦੇ ਨਾਂਅ ‘ਤੇ “ਸਾਹਿਤਕ ਠਿੱਬੀਆਂ” ਕੀ ਸੁਨੇਹਾ ਦਿੰਦੀਆਂ ਹਨ ?

ਸਮਾਜ ਬਦਲਣ ਦੀਆਂ ਗੱਲਾਂ ਕਰਨ ਵਾਲੇ ਇੱਕ ਦਿਨ ਲਈ ਜੀਭ ਦਾ ਸੁਆਦ ਤਾਂ ਬਦਲ ਨਹੀਂ ਸਕਦੇ
ਮਨਦੀਪ ਖੁਰਮੀ ਹਿੰਮਤਪੁਰਾ

ਮਾਂ ਬੋਲੀ ਦੀ ‘ਸੇਵਾ’ ਦੇ ਨਾਮ ‘ਤੇ ਦੇਸ਼ ਵਿਦੇਸ਼ ਵਿੱਚ ਹਜ਼ਾਰਾਂ ਸਾਹਿਤ ਸਭਾਵਾਂ, ਸੰਸਥਾਵਾਂ ਬਣੀਆਂ ਮਿਲ ਜਾਣਗੀਆਂ। ਉਹਨਾਂ ਵਿੱਚੋਂ ਉਂਗਲਾਂ ਦੇ ਪੋਟਿਆਂ ‘ਤੇ ਗਿਣੀਆਂ ਜਾ ਸਕਣ ਵਾਲੀਆਂ ਸੰਸਥਾਵਾਂ ਜਾਂ ਲੋਕ ਹੀ ਹੋਣਗੇ ਜੋ ਅਸਲ ਮਾਅਨਿਆਂ ਵਿੱਚ ਸੇਵਾ ਕਰਦੇ ਮਿਲਣਗੇ। ਨਹੀਂ ਤਾਂ ਵੱਡੀਆਂ ਬੰਨਾਂ ਵਾਲੇ ਸਾਹਿਤਕ ਢੱਠਿਆਂ ਦੀ ਭਰਮਾਰ ਹੀ ਮਿਲੇਗੀ। ਇਹ ਸਭਾਵਾਂ/ ਸੰਸਥਾਵਾਂ ਆਪਣੀ ਹੈਂਕੜ ਨੂੰ ਪੱਠੇ ਪਾਉਣ ਜਾਂ ਹੋਰਾਂ ਨੂੰ ਠਿੱਬੀਆਂ ਲਾਉਣ ਵਾਲੇ ਟੂਰਨਾਮੈਂਟਾਂ ਦਾ ਮੈਦਾਨ ਵਧੇਰੇ ਬਣਦੀਆਂ ਹਨ। ਸੱਤਵੀਂ ਜਮਾਤ ‘ਚ ਪੜ੍ਹਦਾ ਸੀ ਜਦੋਂ ਤਰਕਸ਼ੀਲ ਸੁਸਾਇਟੀ ਦੇ ਮੇਲੇ ਕਰਵਾਉਣ ਦੀਆਂ ਵੱਡੀਆਂ ਜਿੰਮੇਵਾਰੀਆਂ ਨਿਭਾਉਣ ਦੇ ਵੱਲ ਸਿੱਖ ਲਏ। ਫਿਰ ਸਰਵ ਭਾਰਤ ਨੌਜਵਾਨ ਸਭਾ ‘ਚ ਲੰਮਾ ਸਮਾਂ ਵਿਚਰਨ ਦਾ ਮੌਕਾ ਮਿਲਿਆ। ਅਸਲੋਂ ਵਿਦਵਾਨ ਸਖਸ਼ੀਅਤਾਂ ‘ਚ ਵਿਚਰ ਕੇ ਚੰਗੇ ਮਾੜੇ ਦੀ ਪਰਖ ਆ ਗਈ। ਛੋਟੀ ਉਮਰ ਵਿੱਚ ਹੀ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਨਿਭਾ ਲੈਣ ਕਰਕੇ ਹੀ ਸ਼ਾਇਦ ਜਵਾਨੀ ਤੱਕ ਪ੍ਰਧਾਨਗੀਆਂ, ਸਕੱਤਰੀਆਂ ਦਾ ਝੱਸ ਮਨੋਂ ਲਹਿ ਜਿਹਾ ਗਿਆ। ਕੰਮ ਕਰਨ ਲਈ ਹਰ ਵੇਲੇ ਤਿਆਰ ਪਰ ਅਹੁਦਿਆਂ ਦੀ ਭੁੱਖ ਤੋਂ ਦੂਰ। ਸ਼ਾਇਦ ਇਹੀ ਵਜ੍ਹਾ ਹੋਵੇਗੀ ਕਿ ਮੈਂ ਹੁਣ ਤੱਕ ਕਿਸੇ ਵੀ ਸਭਾ ਜਾਂ ਸੰਸਥਾ ਦਾ ਮੈਂਬਰ ਵੀ ਨਹੀਂ ਬਣਿਆ। 

ਬਰਤਾਨੀਆ ਦੀ ਧਰਤੀ ‘ਤੇ 2009 ‘ਚ ਪਹਿਲੀ ਵਾਰ ਕਿਸੇ ਸਾਹਿਤਕ ਲੋਕਾਂ ਦੀ ਮੀਟਿੰਗ ਵਿੱਚ ਬੈਠਣ ਦਾ ਮੌਕਾ ਮਿਲਿਆ ਸੀ। ਉਸ ਮੀਟਿੰਗ ਦਾ ‘ਕੱਲਾ ‘ਕੱਲਾ ਪਲ ਅੱਜ ਵੀ ਓਵੇਂ ਈ ਯਾਦ ਐ। ਓਸ ਸਮੇਂ ਮੇਰੀ ਉਮਰ 29 ਸਾਲ ਸੀ ਪਰ ਉਮਰ ਦੇ ਬੀਤੇ 29 ਸਾਲਾਂ ‘ਚ ਸਾਹਿਤ ਦੇ ਨਾਂ ‘ਤੇ ਹੁੰਦੀਆਂ ਹਰਾਮਜ਼ਾਦਗੀਆਂ ਪਹਿਲਾਂ ਕਦੇ ਨਹੀਂ ਦੇਖੀਆਂ ਸਨ। 

ਜਨਰਲ ਸਕੱਤਰ ਸ਼ਬਦ ਦੀ ਆਪਣੇ ਨਾਂ ਪੱਕੀ ਰਜਿਸਟਰੀ ਕਰਵਾਉਣ ਵਾਲੇ ਇੱਕ ਵੀਰ ਦੇ ਘਰ ਮੈਂ ਤੇ ਬਾਈ ਜੱਗੀ ਕੁੱਸਾ ਬੈਠੇ ਸਾਂ। ਨਵੀਂ ਸਭਾ ਦਾ ਕੋਠਾ ਛੱਤਣ ਤੇ ਪ੍ਰਧਾਨ, ਸਕੱਤਰ ਤੇ ਬਾਕੀ ਲੁੰਗਲਾਣਾ ਚੁਣਨ ਲਈ ਦੁਪਹਿਰੇ ਕਿਸੇ ਹੋਰ ਥਾਂ ਇਕੱਠੇ ਹੋਣਾ ਸੀ। ਪ੍ਰਧਾਨਗੀ ਤੇ ਸਕੱਤਰੀ ਦੇ ਦੋਵੇਂ ਅਹੁਦਿਆਂ ਲਈ ਤਿੰਨ ਧਿਰਾਂ ਮੁੱਠੀਆਂ ‘ਚ ਥੁੱਕੀ ਫਿਰਦੀਆਂ ਸਨ। ਇਉਂ ਲਗਦਾ ਸੀ ਜਿਵੇਂ ਮਾਂ ਬੋਲੀ ਦੀ ‘ਸੇਵਾ’ ਲਈ ‘ਸ਼ਹੀਦ’ ਹੋਣ ਲਈ ਵੀ ਤਿਆਰ ਹੋਣ। ਸਕੱਤਰੀ ਦੇ ਰਜਿਸਟਰੀ ਹੋਲਡਰ ਵੀਰ ਜੀ ਇੱਕ ਉਮੀਦਵਾਰ ਦਾ ਫੋਨ ਰੱਖਣ ਤਾਂ ਦੂਜੇ ਦਾ ਆ ਜਾਵੇ, ਦੂਜੇ ਦਾ ਰੱਖਣ ਤਾਂ ਤੀਜੇ ਦਾ ਆ ਜਾਵੇ। ਇੱਕ ਡਾਕਟਰ ਬੀਬੀ ਵੀ ਪ੍ਰਧਾਨ ਬਣਨ ਦੀ ਦਾਅਵੇਦਾਰ ਸੀ ਤੇ ਭਾਈ ਸਾਹਿਬ ਓਸ ਬੀਬੀ ਨੂੰ ਗੱਲਾਂ ਗੱਲਾਂ ‘ਚ ਪ੍ਰਧਾਨ ਬਣਾਈ ਹੀ ਬੈਠੇ ਸਨ।

-“ਭੈਣ ਜੀ, ਕੋਈ ਜੰਮਿਆ ਈ ਨੀ, ਜਿਹੜਾ ਆਪਣੀ ਗੱਲ ਉਲੱਦ ਜਾਵੇ। ਤੁਸੀਂ ਪ੍ਰਧਾਨ ਤੇ ਮੈਂ ਜਨਰਲ ਸਕੱਤਰ। ਤੁਸੀਂ ਮੀਟਿੰਗ ‘ਚ ਆਓ ਜਲਦੀ ਜਲਦੀ। ਆਪਣੇ ਮੂਹਰੇ ਬੋਲੂ ਕੌਣ? ਹੈ ਕਿਸੇ ‘ਚ ਹਿੰਮਤ?”

ਇਹ ਸੁਣ ਕੇ ਇਉਂ ਲੱਗੇ ਜਿਵੇਂ ਸਭਾ ਤਾਂ ਬਣੀ ਹੋਈ ਐ, ਐਲਾਨ ਬਾਕੀ ਐ। ਨਾਲ ਈ ਓਹ ਭਾਈ ਸਾਬ੍ਹ ਆਵਦੇ ਹੁਣ ਤੱਕ ਦੇ ਇੱਕ ਜੋਟੀਦਾਰ ਨੂੰ ਪ੍ਰਧਾਨਗੀ ਵਾਲਾ ਲੱਕੜ ਦਾ ਮੁੰਡਾ ਦੇ ਰਹੇ ਸਨ ਕਿ “ਦਵਿੰਦਰਪਰੀਤ, ਚਿੰਤਾ ਨਾ ਕਰ। ਤੂੰ ਪ੍ਰਧਾਨ ਤੇ ਮੈਂ ਜਨਰਲ ਸਕੱਤਰ। ਆਪਣੇ ਮੂਹਰੇ ਕੌਣ ਖੰਘਜੂ?”

ਤੀਜੀ ਧਿਰ ਸੀ ਪੁਰਾਣੇ ਸਥਾਪਿਤ ਲੇਖਕਾਂ ਦੀ, ਜਿਹਨਾਂ ਨੇ ਘਾਟ ਘਾਟ ਦਾ ਪਾਣੀ ਪੀਤਾ ਸੀ। ਲੱਕੜ ਦਾ ਮੁੰਡਾ, ਉਹਨਾਂ ਨੂੰ ਵੀ ਉਹੋ ਜਿਹਾ ਈ ਦਿੱਤਾ ਜਾ ਰਿਹਾ ਸੀ। “ਅੰਕਲ ਜੀ, ਤੁਸੀਂ ਤਾਂ ਸਾਨੂੰ ਰਾਹ ਦਿਖਾਉਣੇ ਆ। ਤੁਸੀਂ ਪ੍ਰਧਾਨ ਬਣਿਓ, ਆਪਾਂ ਸਕੱਤਰ ਹੀ ਠੀਕ ਆਂ।”

ਚਲੋ ਜੀ ਜਿਉਂ ਹੀ ਮੀਟਿੰਗ ਸ਼ੁਰੂ ਹੋਈ, ਸਭ ਤਿਕੜਮਬਾਜ਼ੀਆਂ ਪੁੱਠੀਆਂ ਹੋ ਗਈਆਂ ਪਰ ਭਾਈ ਸਾਬ੍ਹ ਦੀ ਸਕੱਤਰੀ ਬਚੀ ਰਹਿ ਗਈ। ਪਰ ਪ੍ਰਧਾਨਗੀ ਤਿੰਨੇ ਦਾਅਵੇਦਾਰਾਂ ਦੇ ਹੱਥ ‘ਚੋਂ ਚਲਾਕ ਚਿੜੀ ਵਾਂਙ ਨਿੱਕਲ ਕੇ ਘਰ ਬਿਮਾਰ ਪਏ ਇੱਕ ਲੇਖਕ ਬਾਬੇ ਦੇ ਸਿਰ ਦਾ ਤਾਜ਼ ਬਣ ਗਈ। ਓਸ ਰਜਿਸਟਰੀ ਹੋਲਡਰ ਸਕੱਤਰ ਭਾਈ ਸਾਬ੍ਹ ਨੇ 16 ਸਾਲ ਬੀਤਣ ‘ਤੇ ਵੀ ਆਵਦੀ ਸਕੱਤਰੀ ਨੂੰ ਆਂਚ ਨਹੀਂ ਆਉਣ ਦਿੱਤੀ। ਪ੍ਰਧਾਨਗੀ ਲਈ ਰਬੜ ਦੀਆਂ ਮੋਹਰਾਂ ਸ਼ਿੰਗਾਰ ਕੇ ਰੱਖਦੇ ਆਏ। ਜਦੋਂ ਪਹਿਲੀ ਮੀਟਿੰਗ ਵਿੱਚ ਪ੍ਰਧਾਨ ਬਣਨ ਦਾ ਲਾਰਾ ਲੈ ਕੇ ਬੇਆਬਰੂ ਹੋ ਕੇ ਨਿਰਾਸ਼ ਮੁੜੀ ਬੀਬੀ ਨੂੰ ਅਜੇ ਵੀ ਪ੍ਰਧਾਨਗੀ ਰਹਿਤ ਮਾਂ ਬੋਲੀ ਦੀ ‘ਸੇਵਾ’ ਕਰਦਿਆਂ ਦੇਖਦਾਂ ਤਾਂ ਹੈਰਾਨੀ ਹੁੰਦੀ ਐ ਕਿ ਉਸ ਡਾਕਟਰ ਬੀਬੀ ਦੇ ਸਾਹਿਤਕ ਤਿਕੜਮਬਾਜ਼ਾਂ ਨੇ ਪੈਰ ਹੀ ਨਾ ਲੱਗਣ ਦਿੱਤੇ।

ਓਸ ਭਾਈ ਸਾਬ੍ਹ ਨੇ ਸਭਾ ਨੂੰ ਵੀ 16-17 ਸਾਲ ‘ਵਰਤ’ ਕੇ ਆਵਦੇ ਪੁਰਾਣੇ ਬੇਲੀ ਨਾਲ ਰਲ ਕੇ ਬਰਾਬਰ ਇੱਕ ਵੱਖਰੀ ਦੁਕਾਨ ਖੋਲ੍ਹ ਲਈ ਤਾਂ ਹੁਣ ਅਗਲੇ ਪਿਛਲੇ ਸਭ ‘ਸੇਵਾਦਾਰ’ ਠਿੱਠ ਜਿਹੇ ਹੋਏ ਇਉਂ ਤੁਰੇ ਫਿਰਦੇ ਹੁੰਦੇ ਹਨ ਜਿਵੇਂ ਮੇਲੇ ‘ਚ ਬਿਨ ਕਸੂਰੋਂ ਈ ਕੋਈ ਪੁਲਸ ਵਾਲਾ ਜੂਤ-ਪਤਾਣ ਕਰ ਗਿਆ ਹੋਵੇ। ਮਾਂ ਬੋਲੀ ਦੀ ‘ਸੇਵਾ’ ਲਈ ਖੁੱਲ੍ਹੀ ਨਵੀਂ ਦੁਕਾਨ ‘ਚ ਸੌਦਾ ਪੱਤਾ ਤਾਂ ਪੁਰਾਣੇ ‘ਸੇਵਾਦਾਰ’ ਵੀ ਸੇਵਾ ਵਜੋਂ ਵੇਚ ਜਾਂਦੇ ਹਨ ਪਰ ਜਦੋਂ ਇਹ ਗੱਲ ਯਾਦ ਆਉਂਦੀ ਐ ਕਿ ਮਲਾਈ ਤਾਂ ਦੋਵੇਂ ਜੋਟੀਦਾਰ ਖਾਣਗੇ… ਫੇਰ ਮੂੰਹ ਮਜੌਰਾਂ ਦੀ ਮਾਂ ਵਾਂਙੂੰ ਕਰ ਲੈਂਦੇ ਹਨ।

ਓਸੇ ਮੀਟਿੰਗ ਦੀ ਇੱਕ ਹੋਰ ਯਾਦ ਵੀ ਐ ਕਿ ਜਦੋਂ ਸਾਰੇ ‘ਵਿੱਦਵਾਨ’ ਆਪੋ ਆਪਣੇ ਵਿਚਾਰ ਪੇਸ਼ ਕਰ ਚੁੱਕੇ ਤਾਂ ਦਾਸ ਨੇ ਵੀ ਬੋਲਣ ਲਈ ਸਮਾਂ ਮੰਗਿਆ। ਮੈਂ ਜਿਹੜੇ ਦੋ ਕੁ ਸ਼ਬਦ ਆਖੇ, ਸ਼ਾਇਦ ਓਹ ਹੀ “ਸਾਹਿਤ ਸਵਾਹ” ਵਾਲਿਆਂ ਦੇ ਹਜ਼ਮ ਨਾ ਆਏ ਹੋਣ। ਮੈਂ ਕਿਹਾ ਕਿ ਸਾਲ ਬਾਅਦ ਤੁਸੀਂ ਇੱਕ ਦਿਨ ਕਵੀ ਦਰਬਾਰ ਕਰਦੇ ਹੋ ਪਰ ਓਸ ਦਿਨ ਜਿਆਦਾਤਰ ਕਵੀ ਬੀਅਰ ਜਾਂ ਸ਼ਰਾਬ ਨੂੰ ਦੇਖ ਕੇ ਇਉਂ ਲਾਚੜ ਜਾਂਦੇ ਹਨ ਜਿਵੇਂ ਖਿੱਲਾਂ ਦੇਖ ਕੇ ਬਾਂਦਰ ਲਾਚੜਦੈ। ਆਪਾਂ ਸਾਰੇ ਸਮਾਜ ਬਦਲਣ ਲਈ ਲਿਖਣ ਦਾ ਦਾਅਵਾ ਕਰਦੇ ਹਾਂ ਪਰ ਸਮਾਜ ਸਵਾਹ ਬਦਲਣੈ? ਇੱਕ ਦਿਨ ਲਈ ਜੀਭ ਦਾ ਸੁਆਦ ਤਾਂ ਬਦਲ ਨਹੀਂ ਸਕਦੇ? ਓਥੇ ਹਾਜ਼ਰ ਬੀਬੀਆਂ ਨੇ ਤਾਂ ਮੇਰੇ ਹੱਕ ‘ਚ ਵੋਟ ਪਾਈ ਪਰ ‘ਬੀਅਰ ਮਾਰਕਾ ਸਾਹਿਤਕਾਰ’ ਮੇਰੇ ਵੱਲ ਇਉਂ ਝਾਕੇ ਜਿਵੇਂ ਮੈਂ ਡਾਂਗ ਮਾਰ ਦਿੱਤੀ ਹੋਵੇ। ਸ਼ਾਇਦ ਉਹਨਾਂ ਨੂੰ ਸੋਫੀ ਕਵੀ ਦਰਬਾਰ ਦੀ ਥਾਂ “ਉਰਲ੍ਹ ਉਰਲ੍ਹ ਕਵੀ ਦਰਬਾਰ” ਵਧੇਰੇ ਚੰਗਾ ਲਗਦਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਆਪਾਂ ਨੂੰ ਓਸ ਸਭਾ ਵਾਲਿਆਂ ਨੇ ਸਮਾਗਮ ‘ਚ ਸੱਦਣਾ ਵੀ ਮੁਨਾਸਿਬ ਨਾ ਸਮਝਿਆ। ਹੁਣ ਜਦੋਂ ਓਸ ਸਭਾ ਤੋਂ ਪਾਸੇ ਹੋ ਕੇ ਮਲਾਈ ਛਕਣ ਦੇ ਚਾਹਵਾਨ ਜੋੜੇ ਨੇ ਆਪਣੀ ਵੱਖਰੀ ਦੁਕਾਨ ਖੋਲ੍ਹ ਲਈ ਤਾਂ ਸਾਹਿਤਕਾਰਾਂ ਦੇ ਮੇਲੇ ਦੇ ਨਾਂ ‘ਤੇ ਬੀਅਰਾਂ ਦਾ ਦੌਰ ਓਵੇਂ ਹੀ ਚੱਲਿਆ। ਦੋ ਦੋ ਕਵਿਤਾਵਾਂ ਸੁਣਾ ਕੇ ਕਵੀਜਨ ਆਥਣ ਨੂੰ ਬੀਅਰਾਂ ਵਿਸਕੀ ਨੂੰ ਇਉਂ ਲਪਕੇ ਜਿਵੇਂ ਮੱਝ ਸੁਆ ਕੇ ਆਏ ਹੋਣ। 16 ਸਾਲ ਪਹਿਲਾਂ ਵਾਲੀ ਮੀਟਿੰਗ ‘ਚ ਬੈਠੀਆਂ ਬੀਬੀਆਂ ਅੱਜ ਸੀਲ ਮੁਰਗੀਆਂ ਵਾਂਗ ਬੈਠੀਆਂ ਅੱਖਾਂ ਸਾਹਮਣੇ ਬੀਅਰ ਵਿਸਕੀ ਦੇ ਜਾਮ ਖੜਕਦੇ ਦੇਖ ਰਹੀਆਂ ਸਨ।

ਸੋ ਮਹਾਂਪੁਰਸ਼ੋ! ਇਸ ਲਿਖਤ ਦਾ ਤੱਤ ਸਾਰ ਇਹ ਐ ਕਿ ਅੱਜ ਕੱਲ੍ਹ ਮਾਂ ਬੋਲੀ ਦੀ ਸੇਵਾ ਦੇ ਨਾਂ ‘ਤੇ ਜੁਗਾੜ ਸ਼ਬਦ ਵਧੇਰੇ ਵਧ ਫੁੱਲ ਰਿਹਾ ਹੈ। ਧਾਰਮਿਕ ਅਦਾਰਿਆਂ ਤੋਂ ਲੋਕਾਂ ਦਾ ਦਸਵੰਧ ਫੰਡ ਦੇ ਰੂਪ ‘ਚ ਲੈ ਕੇ ਜਦੋਂ ਲੇਖਕ ਭਾਈਚਾਰਾ ਮੁਫਤ ਦਾ ਲਾਹਣ ‘ਡੱਫ’ ਕੇ ਗੱਡੀਆਂ ‘ਚ ਉਲਟੀਆਂ ਕਰਦਾ ਦਿਸਦੈ ਤਾਂ ਇਹੀ ਸ਼ਬਦ ਮੂੰਹੋਂ ਨਿੱਕਲਦੇ ਹਨ ਕਿ “ਮਾਂ ਬੋਲੀਏ! ਤੇਰਾ ਦ੍ਰੋਪਦੀ ਵਾਂਙ ਚੀਰਹਰਨ ਕਰਨ ਵਾਲੇ ਕੋਈ ਹੋਰ ਨਹੀਂ, ਸਗੋਂ ਤੇਰੇ ਆਵਦੇ ਸਕੇ ਪੁੱਤ ਹੀ ਹਨ। ਇਹ ਐਨੇ ਕੁ ਅੰਨ੍ਹੇ ਹੋ ਗਏ ਹਨ ਕਿ ਆਵਦੀ ਪ੍ਰਧਾਨਗੀ ਜਾਂ ਸਕੱਤਰੀ ਦੀ ਸਲਾਮਤੀ ਲਈ ਤੈਨੂੰ ਕਿਸੇ ਦਾ ਵੀ ਬਿਸਤਰਾ ਗਰਮ ਕਰਨ ਲਈ ਮਜਬੂਰ ਕਰ ਸਕਦੇ ਹਨ।”

– ਮਨਦੀਪ ਖੁਰਮੀ ਹਿੰਮਤਪੁਰਾ (ਸਕਾਟਲੈਂਡ)

ਤਖ਼ਤਾਂ ਦਾ ਟਕਰਾਅ ਰੋਕਣ ਲਈ ਸਮੁੱਚਾ ਪੰਥ-ਖ਼ਾਲਸਾ ਅੱਗੇ ਆਵੇ

ਚਵਰ ਤਖ਼ਤਾਂ ਤੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵਉੱਚ ਹਨ, ਨਾ ਕਿ ਸੇਵਕ
ਹੁਕਮਨਾਮੇ ਤਖ਼ਤ ਦੇ ਮਾਲਕ ਦੇ ਹੁੰਦੇ ਹਨ, ਨਾ ਕਿ ਸੇਵਕਾਂ ਦੇ – ਵਿਰਸਾ ਸੰਭਾਲ ਮੰਚ

ਚੰਡੀਗੜ੍ਹ – ‘ਸਭਿਆਚਾਰ ਤੇ ਵਿਰਸਾ ਸੰਭਾਲ ਮੰਚ’ ਨੇ ਕਿਹਾ ਹੈ, ਕਿ ਗੁਰਦਵਾਰਾ ਪ੍ਰਬੰਧਾਂ ਵਿੱਚ “ਉੱਚ-ਇਖ਼ਲਾਕ ਦੀ ਘਾਟ” ਅਤੇ “ਹਉਮੈਂ ਭਾਰੂ” ਹੋਣ ਕਰਕੇ, ਸਿੱਖ ਤਖ਼ਤਾਂ ਦੇ ਟਕਰਾਅ ਵਾਲੀ ਅਤਿ ਦੁਖ਼ਦਾਈ ਅਤੇ ਨਾਜ਼ੁਕ ਸਥਿਤੀ ਬਣ ਗਈ ਹੈ। ਡਾਢੇ ਅਫ਼ਸੋਸ ਦੀ ਗੱਲ ਹੈ,  ਜਦੋਂ ਕਿ ਤਖ਼ਤਾਂ ਦਾ ਮਾਲਿਕ ਇੱਕੋ ਹੈ ਪਰ ਮਾਲਕ ਦੀਆਂ ਮੋਹਰਾਂ ਹਉਮੈ ਅਤੇ ਮਨਮੱਤ ਵੱਸ ਇੱਕ ਦੂਜੇ ਵਿਰੁੱਧ ਸੇਵਕ ਹੀ ਵਰਤੀ ਜਾਂਦੇ ਹਨ।

ਸੰਸਾਰ ਭਰ ਦੀਆਂ ਸਮੂਹ ਸਿੱਖ ਸੰਗਤਾਂ ਦਿਲੋਂ ਚਾਹੁੰਦੀਆਂ ਹਨ, ਕਿ ਗੁਰਮਤਿ, ਗੁਰਇਤਿਹਾਸ ਅਤੇ ਸਿੱਖਸਿਧਾਂਤ ਦੀ ਰੋਸ਼ਨੀ ਵਿੱਚ ਸਿੱਖ-ਤਖਤਾਂ ਤੋਂ ਹੁਕਮਨਾਮੇ” ਦੇ ਵਿਧੀ ਵਿਧਾਨ ਸਬੰਧੀ ਵਿਚਾਰ ਲਈ ਇੱਕ ਅਤਿ ਜ਼ਰੂਰੀ ਸਰਬਤ ਖ਼ਾਲਸਾ ਰੂਪ ਵਿੱਚ ਪੰਥਕ ਇਕੱਤਰਤਾ ਤੁਰੰਤ ਬੁਲਾਈ ਜਾਵੇ। ਮੌਜੂਦਾ ਹਾਲਾਤ, ਗੁਰੂ-ਪੰਥ ਦੀ ਸਮੁੱਚੀ ਸਿੱਖ ਸੰਗਤ ਦੇ ਸਾਂਝੇ ਉੱਦਮ ਦੀ ਮੰਗ ਕਰਦੇ ਹਨ।

ਡਾ ਮਨਜੀਤ ਸਿੰਘ ਰੰਧਾਵਾ

ਡਾ ਮਨਜੀਤ ਸਿੰਘ ਰੰਧਾਵਾ ਕਨਵੀਨਰ “ਸਭਿਆਚਾਰ ਤੇ ਵਿਰਸਾ ਸੰਭਾਲ ਮੰਚ” ਨੇ ਦੱਸਿਆ, ਕਿ ਦੁਨੀਆਂ ਭਰ ਦੀ ਸਿੱਖ ਸੰਗਤ ਮਹਿਸੂਸ ਕਰਦੀ ਹੈ, ਕਿ ਤਖ਼ਤ ਸਾਹਿਬਾਨ ਤੋਂ ਹੁਕਮਨਾਮੇ ਗੁਰਬਾਣੀ ਨੂੰ ਸਮਰਪਿਤ ਹੋ ਕੇ, ਹਉਮੈਂ ਤਿਆਗ ਕੇ, ਗੁਰਮਤਿ ਅਨੁਸਾਰ ਜਾਰੀ ਕੀਤੇ ਹੀ ਨਹੀਂ ਜਾ ਰਹੇ। ਜਿਸ ਕਰਕੇ ਆਪਾ-ਵਿਰੋਧੀ ਹੋ ਰਹੇ ਹਨ, ਜੋ ਘਾਤਕ ਹਨ।

ਹੁਕਮਨਾਮੇ ਮਾਲਕ ਦੇ ਹੁੰਦੇ ਹਨ, ਜੋ ਸਿਰਫ਼ ਗੁਰੂ ਗ੍ਰੰਥ ਸਾਹਿਬ ਤੋਂ ਹੀ ਲਏ ਜਾਣੇ ਚਾਹੀਦੇ ਹਨ। ਗੁਰਦਵਾਰਾ ਪ੍ਰਬੰਧ ਵਿੱਚ ਸਖ਼ਸ਼ੀ ਉੱਚੇ ਇਖ਼ਲਾਕ ਦੀ ਘਾਟ ਕਰਕੇ ਹੁਕਮਨਾਮੇ ਦੇ ਤਰੀਕੇ ਦੀ ਤਖਤਾਂ ਦੇ ਸੇਵਕਾਂ ਵੱਲੋ ਮਨਮੱਤ ਨਾਲ ਗ਼ਲਤ ਅਤੇ ਘਾਤਕ ਵਰਤੋਂ ਨੂੰ ਤੁਰੰਤ ਰੋਕਣਾ “ਗੁਰੂ ਗ੍ਰੰਥ ਦੇ ਗੁਰੂਪੰਥ” ਵੱਲੋਂ ਅਤਿ ਜ਼ਰੂਰੀ ਹੈ।

ਸਮੂਹ ਸੰਗਤ ਲਈ ਇਹ ਸਮਝਣਾ ਜ਼ਰੂਰੀ ਹੋ ਗਿਆ ਹੈ, ਕਿ ਚਵਰ ਤਖ਼ਤ ਤੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਰਵਉੱਚ ਹਨ, ਨਾ ਕਿ “ਤਖ਼ਤ-ਬੁੰਗੇ ਦੇ ਸੁਰੱਖਿਆ ਦਸਤੇ” ਦੇ ਸੇਵਕ ਜਥੇਦਾਰ। ਅਕਾਲੀ ਫ਼ੂਲਾ ਸਿੰਘ ਵੀ ਸ੍ਰੀ ਅਕਾਲ ਤਖ਼ਤ ਦੇ “ਸੁਰੱਖਿਆ ਦਸਤੇ “ਸ਼ਹੀਦੀ ਮਿਸਲ ਦੇ ਜਥੇਦਾਰ ਸਨ ਨਾ ਕਿ ਸ੍ਰੀ ਅਕਾਲ-ਤਖ਼ਤ ਦੇ ਜਥੇਦਾਰ”। ਹੁਣ ਤਾਂ ਕਿਸੇ ਵੀ ਤਖ਼ਤ ਦਾ ਕੋਈ ਸੁਰੱਖਿਆ ਦਸਤਾ ਵੀ ਨਹੀਂ ਹੈ।

ਉਹਨਾਂ ਕਿਹਾ, ਕਿ ਗੁਰਬਾਣੀ ਤਾਂ “ਗੁਰੂ”, “ਸੰਗਤ” ਅਤੇ “ਪੰਜ ਪਿਆਰੇ” ਸਾਹਿਬਾਨ ਬਾਰੇ ਪ੍ਰਤੱਖ਼ ਨਿਰਨਾ ਦਿੰਦੀ ਹੈ ਕਿ:

“ਪ੍ਰੇਮ ਦਾ ਇੱਕੀਵਾਂ ਵਿਸਵਾ” ਜੋ “ਰੱਬ ਨੇ ਭਗਤ ਨੂੰ” ਦਿੱਤਾ ਹੈ, ਉਹੋ ਹੱਕ “ਗੁਰੂ ਨੇ ਸੰਗਤ, ਗੁਰੂ-ਪੰਥ” ਨੂੰ ਦਿੱਤਾ ਹੋਇਆ ਹੈ। ਇਹ ਸੰਗਤ ਨੂੰ ਗੁਰਪ੍ਰੇਮ ਦਾ ਅਖ਼ਤਿਆਰ ਹੀ; “ਪੰਚ ਪਰਵਾਣ ਪੰਚ ਪਰਧਾਨੁ॥”, ਹੋ ਕੇ ਵਰਤਦਾ ਹੈ।

ਗੁਰਬਾਣੀ ਦਾ ਫ਼ੁਰਮਾਨ ਹੈਃ

“ਦਾਸ ਅਨਿੰਨ ਮੇਰੋ ਨਿਜ ਰੂਪ॥ ਦਰਸਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤਿ ਕਰਤ ਗ੍ਰਿਹ ਕੂਪ॥੧॥ ਰਹਾਉ॥ ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ॥ ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ॥੧॥ ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ॥ ਨਾਮਦੇਵ ਜਾ ਕੇ ਜੀਅ ਐਸੀ ਤੈਸੋ ਤਾ ਕੈ ਪ੍ਰੇਮ ਪ੍ਰਗਾਸ॥੨॥੩॥” ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ ੧੨੫੨.

ਉਹਨਾਂ ਖੁਲਾਸਾ ਕੀਤਾ, ਕਿ ਕਿਸੇ ਵਿਚਾਰ ਅਧੀਨ ਮੁੱਦੇ ਤੇ, ਸਰਬਸੰਮਤੀ ਦੇ ਗੁਰਮਤੇ ਨਾਲ ਲਏ ਗਏ ਫੈਸਲੇ ਨੂੰ, ਵਿਅਕਤੀ ਜਾਂ ਸੰਸਥਾ ਵਿਸ਼ੇਸ਼ ਵੱਲੋਂ,  ਕਿਸੇ ਸਿੰਘ ਸਾਹਿਬਾਨਾਂ ਨੂੰ ਬਦਲ ਕੇ ਪਹਿਲੇ ਗੁਰਮਤੇ ਦਾ ਫ਼ੈਸਲਾ ਬਦਲਿਆ, ਉਲਟਾਇਆ ਜਾਂ ਤਰਮੀਮ ਹਰਗਿਜ਼ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੀਤਾ ਜਾਣਾ ਚਾਹੀਦਾ ਹੈ। ਅਜਿਹਾ ਕਰਕੇ ਸਿਰਫ਼ ਸਿੱਖ-ਪਰੰਪਰਾਵਾਂ ਦਾ ਘਾਣ ਹੀ ਨਹੀਂ, ਬਲਕਿ ਗੁਰਮਰਿਆਦਾ ਵੀ ਉਲਟਾਈ  ਜਾ ਰਹੀ ਹੈ।

ਉਹਨਾਂ ਸਿਧਾਂਤ ਸਪਸ਼ਟ ਕੀਤਾ, ਕਿ ਜਿਸ ਕਾਰਜ ਨੂੰ ਨੇਪਰੇ ਚਾੜ੍ਹਣ ਲਈ, “ਸੰਗਤ ਵੱਲੋਂ ਪਰਵਾਣ” ਪੰਜ ਸਿੰਘ ਸਾਹਿਬਾਨ ਥਾਪੇ ਜਾਣ, ਉਹ ਸ੍ਰੀ ਗੁਰੂ ਗਰੰਥ ਸਾਹਿਬ ਤੋ ਆਗਿਆ ਲੈ ਕੇ ਹੀ “ਗੁਰਮਤਿ” ਅਨੁਸਾਰ, ਸਿਰਫ਼ ਅਤੇ ਸਿਰਫ਼, “ਇੱਕਮਤ” ਹੋ ਕੇ ਹੀ “ਗੁਰਮਤਾ” ਕਰਕੇ ਜਾਰੀ ਕਰ ਸਕਦੇ ਹਨ। ਜੋ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਹੋਣਾ ਵੀ ਲਾਜ਼ਮੀ ਹੈ। ਕਿਉਂਕਿ “ਗੁਰਮਤਾ ਤਾਂ ਗੁਰੂ ਦੀ ਮਤਿ” ਤੋਂ ਲਾਂਭੇ ਹੋ ਹੀ ਨਹੀਂ ਸਕਦਾ। ਅਜਿਹਾ ਹੋਣ ਤੇ ਹੀ ਗੁਰੂ-ਆਸ਼ੇ ਅਤੇ ਪ੍ਰਵਾਨਤ-ਵਿਧੀ ਅਨੁਸਾਰ ਜਾਰੀ ਕੀਤਾ ਹੁਕਮਨਾਮਾ ਹੀ ਸਰਬੱਤ ਸਿੱਖਸੰਗਤ ਨੂੰ ਪ੍ਰਵਾਨ ਹੁੰਦਾ ਆਇਆ ਹੈ।

ਪੁਰਾਤਨ ਸਿੱਖ ਇਤਿਹਾਸ ਵਿੱਚ, ਸਿੱਖ ਸੰਗਤ ਜਾਂ ਸੰਗਤ ਵੱਲੋਂ ਥਾਪੇ ਸਿੰਘ ਸਾਹਿਬਾਨ  ਵੱਲੋਂ, ਗੁਰਮਤਿ ਤੋਂ ਲਾਂਭੇ ਜਾ ਕੇ, ਜਾਂ ਇੱਕਮਤ ਨਾ ਹੋ ਕੇ, ਬਹੁਸੰਮਤੀ ਨਾਲ, ਫ਼ੈਸਲਾ ਲੈ ਸਕਣ ਦੀ, ਜਾਂ ਮਨਮਤ ਦੇ ਆਪਾ ਵਿਰੋਧੀ ਫੈਸਲੇ ਲੈ ਸਕਣ ਦੀ ਕਦੇ ਵੀ ਕੋਈ ਮਿਸਾਲ ਨਹੀਂ ਮਿਲਦੀ।

ਉਹਨਾਂ ਇਹ ਵੀ ਦੱਸਿਆ, ਕਿ ਇੱਕਮਤ ਨਾ ਹੋ ਸਕਣ ਦੀ ਸੂਰਤ ਵਿੱਚ, ਅਸਹਿਮਤੀ ਵਾਲਾ ਫ਼ੈਸਲਾ ਸੰਗਤ ਕੋਲ ਵਾਪਸ ਆਉਣਾ ਸੁਨਿਸਚਿਤ ਹੈ। ਪਰ ਬਹੁਸੰਮਤੀ ਨਾਲ ਜਾਂ ਆਪਾ ਵਿਰੋਧੀ ਫੈਸਲੇ ਕਦਾਚਿਤ ਨਹੀਂ ਲਏ ਜਾ ਸਕਦੇ। ਕਿਸੇ ਵਿਚਾਰ-ਵਿਰੋਧ ਦੀ ਸੂਰਤ ਵਿੱਚ, ਗੁਰੂ ਗਰੰਥ ਸਾਹਿਬ ਤੋਂ ਸੇਧ ਲੈ ਕੇ ਸਿਰਫ਼ ਅਤੇ ਸਿਰਫ਼ ਸੰਗਤ ਹੀ ਆਪ ਫ਼ੈਸਲਾ ਕਰਨ ਯੋਗ ਹੈ।

ਉਹਨਾਂ ਕਿਹਾ ਇਤਿਹਾਸ ਗਵਾਹ ਹੈ, ਕਿ 18ਵੀਂ ਸਦੀ ਵਿੱਚ ਵੀ, ਸ੍ਰੀ ਅਕਾਲ-ਤਖ਼ਤ ਸਾਹਿਬ ਤੋਂ ਸਭ ਕੌਮੀ ਫੈਸਲੇ “ਸਰਬਤ ਖ਼ਾਲਸਾ ਸਿੱਖ ਸੰਗਤ ਨੇ ਆਪ ਕੀਤੇ, ਨਾ ਕਿ ਅਕਾਲ ਤਖ਼ਤ ਦੀ ਸੁਰੱਖਿਆ ਲਈ ਅਕਾਲ ਬੁੰਗੇ ਵਿੱਚ ਤਾਇਨਾਤ ਸ਼ਹੀਦੀ ਮਿਸਲ ਦੇ ਜਥੇਦਾਰ” ਨੇ।

ਤੱਤ ਖ਼ਾਲਸੇ ਤੇ ਬੰਦਈ ਖ਼ਾਲਸੇ ਦਾ ਵਿਵਾਦ ਅਤੇ ਦਸਮ ਗਰੰਥ ਜੀ ਬਾਰੇ ਦੋ ਰਾਏ ਬਾਰੇ ਫ਼ੈਸਲੇ, ਸਰਬੱਤ ਸਿੱਖ ਸੰਗਤ ਵੱਲੋਂ ਸਿਰ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਨਾਲ ਕਰਨੇ, ਇਸ ਦੀਆਂ ਪ੍ਰਤੱਖ ਇਤਿਹਾਸਿਕ ਮਿਸਾਲਾਂ ਹਨ।

ਉਹਨਾਂ ਕਿਹਾ, ਕਿ ਸ੍ਰੀ ‘ਅਕਾਲ-ਤਖ਼ਤ’ ਸਾਹਿਬ ਦੀ ਮਰਿਆਦਾ ਬਹਾਲ ਰੱਖਦੇ ਹੋਏ, ਤੁਰੰਤ ਸਰਬੱਤ ਖ਼ਾਲਸਾ ਸਿੱਖ ਸੰਗਤ ਰੂਪ ਵਿੱਚ ਸਮੂਹ ਸਿੱਖ ਸੰਪਰਦਾਵਾਂ ਅਤੇ ਸਿੱਖ ਜਥੇਬੰਦੀਆਂ ਦੀ ਬੇਹਦ ਜ਼ਰੂਰੀ ਇਕੱਤਰਤਾ ਲਾਜ਼ਮੀ ਸੱਦੀ ਜਾਣੀ ਚਾਹੀਦੀ ਹੈ।

ਇਸ ਨਾਜ਼ਕ ਸਮੇਂ ਅਜਿਹੀ ਇੱਕਤਰਤਾ ਨਾ ਸੱਦ ਕੇ ਤਖ਼ਤਾਂ ਦਾ ਟਕਰਾ ਵਧਣ ਨਾ ਰੋਕਣਾ, ਵੀ ਗੁਰਮਰਿਆਦਾ ਦੀ ਇਤਿਹਾਸਿਕ ਘੋਰ ਉਲੰਘਣਾ ਹੀ ਮੰਨਿਆ ਜਾਵੇਗਾ।

– ਡਾ ਮਨਜੀਤ ਸਿੰਘ ਰੰਧਾਵਾ
ਕਨਵੀਨਰ, ‘ਸਭਿਆਚਾਰ ਤੇ ਵਿਰਸਾ ਸੰਭਾਲ ਮੰਚ’
ਮੋਬਾ: +91 98723 27993

ਇਸਰਾਈਲ ਅਮਰੀਕਾ ਵੱਲੋਂ ਵਸਾਹ ਕੇ ਕੀਤੇ ਹਮਲੇ ਦਾ ਪ੍ਰਚੰਡ ਇਰਾਨੀ ਜਵਾਬ

ਡਾ. ਸੁਰਿੰਦਰ ਮੰਡ

24 ਜੂਨ ਸਵੇਰ ਦੀ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਇਰਾਨ ਇਸਰਾਈਲ ਦਰਮਿਆਨ ਸੀਜ਼ਫਾਇਰ ਕਰਵਾ ਦੇਣ ਵਾਲੀ ਖ਼ਬਰ ਨੂੰ ਅੱਗੇ ਵਿਚਾਰਾਂਗੇ। ਪਹਿਲਾਂ ਪਿਛੋਕੜ ਜਾਣ ਲਈਏ।

ਇਰਾਨ ਜੋ 1980 ਤੋਂ ਸਖ਼ਤ ਅਮਰੀਕੀ ਪਾਬੰਦੀਆਂ ਦੀ ਮਾਰ ਹੇਠ ਹੈ, ਉਸ ਉੱਤੇ ਪਹਿਲਾਂ 13 ਜੂਨ ਨੂੰ ਇਸਰਾਈਲ ਅਤੇ ਫਿਰ ਅਮਰੀਕਾ ਵੱਲੋਂ ਇਸ ਬਹਾਨੇ ਅਚਨਚੇਤ ਮਾਰੂ ਹਮਲਾ ਕਰ ਦਿੱਤਾ ਗਿਆ ਕਿ ਉਹ ਪ੍ਰਮਾਣੂ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਰਾਈਲ ਨੇ ਇਰਾਨੀ ਫੌਜ ਦੇ ਮੁਖੀ ਤੇ ਕਈ ਜਨਰਲ, ਪ੍ਰਮਾਣੂ ਵਿਗਿਆਨੀ ਘਰਾਂ ਵਿਚ ਸੁੱਤੇ ਕਤਲ ਕਰ ਦਿੱਤੇ। ਉਸਦੇ ਤਿੰਨ ਪ੍ਰਮਾਣੂ ਪਲਾਂਟ ਆਪਣੇ ਵੱਲੋਂ ਤਾਂ ਤਬਾਹ ਕਰ ਦਿੱਤੇ ਹਨ। ਹਫ਼ਤਾ ਬਾਅਦ ਫਿਰ ਅਮਰੀਕਾ ਦੇ ਪ੍ਰਮਾਣੂ ਬੰਬਾਰ B-2 ਵੱਲੋਂ ਪ੍ਰਮਾਣੂ ਸਥਾਨਾਂ ਉੱਤੇ ਬੰਕਰ ਬਸਟਰ ਬੰਬ ਸੁੱਟੇ ਗਏ।

ਇਰਾਨ ਨੂੰ ‘ਗੱਲਬਾਤ ਚਲਦੀ ਅਤੇ ਬਸ ਸਮਝੌਤਾ ਹੋ ਈ ਚੱਲਿਆ’ ਦੇ ਭੱਚੇ ਵਿਚ ਲਿਆ ਕੇ ਦੋਵੇਂ ਵਾਰ ਹਮਲੇ ਕੀਤੇ ਗਏ ਹਨ। ਇਰਾਨ ਕਹਿੰਦਾ ਕਿ ਇਹ ਅੱਤਵਾਦੀ ਕਿਸਮ ਦੇ ਹਮਲੇ ਹੀ ਸਨ। ਸਭ ਅੰਤਰਰਾਸ਼ਟਰੀ ਨਿਯਮ ਕਾਨੂੰਨ ਛਿੱਕੇ ਟੰਗ ਦਿੱਤੇ ਗਏ। ਇਰਾਨ ਇਸਨੂੰ ਵਿਸ਼ਵਾਸਘਾਤ ਕਹਿ ਰਿਹਾ। ਟਰੰਪ ਅਤੇ ਨੇਤਨਯਾਹੂ ਆਖਦੇ ਰਹੇ ਕਿ ਇਰਾਨ ਦੇ ਲੀਡਰ ਖੁਮੇਨਾਈ ਨੂੰ ਮਾਰ ਕੇ ਆਪਣੇ ਪੱਖੀ ਸਰਕਾਰ ਬਣਾਉਣਾ ਸਾਡਾ ਅਗਲਾ ਉਦੇਸ਼ ਹੈ।

ਇਰਾਨ ਸਣੇ ਮੱਧ ਪੂਰਬ ਵਿਚ ਚਾਰ ਸਰਕਾਰਾਂ ਸਨ, ਜਿਨ੍ਹਾਂ ਆਪਣੇ ਕੌਮੀ ਹਿੱਤਾਂ ਉੱਤੇ ਪਹਿਰਾ ਦਿੰਦਿਆਂ ਤੇਲ ਦਾ ਕੌਮੀਕਰਨ ਵੀ ਕੀਤਾ ਅਤੇ ਅਮਰੀਕਾ ਪੱਛਮ ਦੀ ਤੇਲ ਕਬਜੇ ਵਾਲੀ ਈਨ ਨਾ ਮੰਨੀ। ਤਿੰਨਾ (ਇਰਾਕ ਲਿਬੀਆ ਸੀਰੀਆ) ਨੂੰ ਝੂਠੇ ਬਹਾਨੇ ਲਾ ਕੇ ਖਤਮ ਕਰ ਦਿੱਤਾ ਗਿਆ। ਇਰਾਕ ਬਾਰੇ ਝੂਠਾ ਭੰਡੀ ਪ੍ਰਚਾਰ ਕਰਕੇ ਹਮਲਾ ਕੀਤਾ ਕਿ ਸੱਦਾਮ ਹੁਸੈਨ ਨੇ ਸਾਰਾ ਸੰਸਾਰ ਤਬਾਹ ਕਰਨ ਜਿੰਨੇ ਰਸਾਇਣਕ ਹਥਿਆਰ ਇਕੱਠੇ ਕਰ ਲਏ ਹਨ, ਲਿਬੀਆ ਦੇ ਕਰਨਲ ਗੱਦਾਫੀ ਅਤੇ ਸੀਰੀਆ ਦੇ ਬਸ਼ਰ ਅਲ ਅਸਦ ਦੀਆਂ ਸਰਕਾਰਾਂ ਨੂੰ ਤਾਨਾਸ਼ਾਹ ਆਖ ਕੇ ਮਾਰਿਆ ਬਦਲਿਆ ਅਤੇ ਦੇਸ਼ਾਂ ਨੂੰ ਕਦੀ ਨਾ ਖਤਮ ਹੋਣ ਵਾਲੀ ਖਾਨਾਜੰਗੀ ਵਿਚ ਧਕੇਲ ਦਿੱਤਾ। ਤਿੰਨੋ ਦੇਸ਼ ਬਰਬਾਦ ਹਨ ਅਤੇ ਉਥੇ ਤੇਲ ਦੀ ਲੁੱਟ ਮੱਚੀ ਹੈ।

ਹੁਣ ਚੌਥੇ ਇਰਾਨ ਦਾ ‘ਨੰਬਰ’ ਲਾਇਆ ਗਿਆ ਹੈ। ਇਰਾਨ ਵਿਚ 1953 ਵਿਚ ਚੰਗੀ ਭਲੀ ਚੁਣੀ ਸਰਕਾਰ ਚੱਲ ਰਹੀ ਸੀ, ਉਹ ਤੇਲ ਦਾ ਰਾਸ਼ਟਰੀਕਰਨ ਕਰਨ ਦੇ ਰਾਹ ਪਈ, ਜੋ ਪੂੰਜੀਵਾਦੀ ਸਾਮਰਾਜ ਦੀ ਸਿੱਧੀ ਨਿੱਜੀ ਲੁੱਟ ਨੂੰ ਵਾਰਾ ਨਹੀਂ ਖਾਂਦਾ। ਉਸਦਾ ਅਮਰੀਕਾ ਨੇ ਤਖ਼ਤਾਪਲਟ ਕਰਵਾ ਕੇ ਆਪਣੇ ਸ਼ਾਹ ਰਜ਼ਾ ਪਹਿਲਵੀ ਨੂੰ ਰਾਜੇ ਵਜੋਂ ਕਬਜਾ ਕਰਵਾ ਦਿੱਤਾ। ਪਰ 1979 ਵਿਚ ਇਰਾਨੀਆਂ ਨੇ ਰਾਜੇ ਸ਼ਾਹ ਰਜ਼ਾ ਪਹਿਲਵੀ ਨੂੰ ਲਾਹ ਕੇ ਮੌਜੂਦਾ ਨਿਜ਼ਾਮ ਲਿਆਂਦਾ। ਪਹਿਲਵੀ ਅਮਰੀਕਾ ਜਾ ਲੁਕਿਆ। ਹੁਣ ਬਾਕਾਇਦਾ ਚੋਣਾ ਹੁੰਦੀਆਂ ਹਨ,ਧਾਰਮਿਕ ਆਗੂ ਖੁਮੇਨਾਈ ਹੈ। ਇਹ ਜੋ ਮੌਜੂਦਾ ਇਸਰਾਈਲ ਅਮਰੀਕਾ ਦਾ ਹਮਲਾ ਹੋਇਆ, ਇਹ ਅਗਰ ਪ੍ਰਮਾਣੂ ਪ੍ਰੋਗਰਾਮ ਵਿਰੁੱਧ ਹੀ ਹੁੰਦਾ ਤਾਂ ਅਮਰੀਕਾ ਇਸਰਾਈਲ ਤੁਰੰਤ ਸਰਕਾਰ ਬਦਲਣ ਦੀ ਰਟ ਲਾਉਣੀ ਸ਼ੁਰੂ ਕਿਉਂ ਕਰਦੇ ? ਇਹਨਾਂ ਨੇ ਤਾਂ ਇਰਾਨ ਵਿਰੋਧੀ ਅਪ੍ਰੇਸ਼ਨ ਦਾ ਨਾਮ ਹੀ ‘ਰਾਈਜ਼ਿੰਗ ਲਾਈਨ’ ਰੱਖਿਆ ਹੈ, ਜੋ ਸ਼ਾਹ ਰਜ਼ਾ ਪਹਿਲਵੀ ਦੀ ਹਕੂਮਤ ਦਾ ਚਿੰਨ ਸੀ। ਸੋ ਅਸਲ ਮਕਸਦ ਆਪਣੀ ਕਠਪੁਤਲੀ ਸਰਕਾਰ ਬਣਾਉਣਾ ਹੈ। ਅਮਰੀਕਾ ਰਹਿੰਦਾ ਰਜ਼ਾ ਪਹਿਲਵੀ ਦਾ ਮੁੰਡਾ ਨਵੇਂ ਇਰਾਨੀ ਲੀਡਰ ਵਜੋਂ ਉਭਾਰਿਆ ਜਾ ਰਿਹਾ ਤੇ ਇਸ ਮੁਹਿੰਮ ਵਿਚ ਸਾਡੇ ਉੱਤੋਂ ‘ਥਾਪੜਾ ਪ੍ਰਾਪਤ’ ਖ਼ਬਰਾਂ ਦੇ ਕਈ ਚੈਨਲ ਵੀ ਨਜ਼ਰ ਆ ਰਹੇ ਹਨ। ਇਹਨਾਂ ਦੀ ਰਗ ਇਸ ਗੱਲੋਂ ਇਸਰਾਈਲ ਨਾਲ ਰਲਦੀ ਜਾਪਦੀ ਹੈ ਕਿ ਉਹ ਘੋਰ ਮੁਸਲਿਮ ਵਿਰੋਧੀ ਹੈ।

ਇਰਾਨ ਨੂੰ ਪ੍ਰਮਾਣੂ ਬੰਬ ਬਣਾਉਣ ਤੋਂ ਰੋਕਣ ਦੀਆਂ ਗੱਲਾਂ ਉਹ ਕਰ ਰਹੇ ਹਨ, ਜਿਨ੍ਹਾਂ ਕੋਲ ਖੁਦ ਬੇਸ਼ੁਮਾਰ ਪ੍ਰਮਾਣੂ ਬੰਬ ਹਨ। ਇਹਨਾਂ ਨੇ ਕਿਸਦੀ ਆਗਿਆ ਨਾਲ ਬੰਬ ਬਣਾਏ ਹਨ ? ਭਾਰਤ ਪਾਕਿਸਤਾਨ ਉੱਤਰੀ ਕੋਰੀਆ ਇਸਰਾਈਲ ਸਮੇਤ ਕਿਹੜਾ ਦੇਸ਼ ਹੈ, ਜਿਸਨੇ ਦੂਜਿਆਂ ਤੋਂ ਇਜਾਜ਼ਤ ਲੈ ਕੇ ਪ੍ਰਮਾਣੂ ਬੰਬ ਬਣਾਏ ? ਆਪਣੇ ਬੇਲੀ ਮੁਲਕ ਕੋਲ ਬੰਬ ਹੋਣ ਤੇ ਜਿਹੜਾ ਨਹੀਂ ਉਸ ਕੋਲ ਨਾ ਹੋਣ, ਇੰਜ ਤਾਂ ਸੰਸਾਰ ਨਹੀਂ ਚੱਲ ਸਕਦਾ। ਚੰਗੀ ਗੱਲ ਤਾਂ ਇਹ ਕਿ ਕਿਸੇ ਕੋਲ ਵੀ ਨਾ ਹੋਣ, ਪਰ ਇੰਜ ਨੀ ਹੋਣਾ ਕਦੀ। ਆਪਣਾ ਬਚਾਅ ਕਰਨ ਦੇ ਰਾਹੇ ਤਾਂ ਫਿਰ ਹਰ ਕੋਈ ਪਊ।

ਇਸਰਾਈਲ ਬਾਰੇ ਮੈਨੂੰ ਤਾਂ ਲਗਦਾ ਕਿ ਈਸਾਈ ਮੁਲਕਾਂ ਦੀ ਦਾਅਪੇਚ ਨੀਤੀ ਬੇਹੱਦ ਸਫਲ ਰਹੀ। ਜਰਮਨ ਤਾਨਾਸ਼ਾਹ ਹਿਟਲਰ ਨੇ ਯਹੂਦੀਆਂ ਨੂੰ ਦੂਜੀ ਸੰਸਾਰ ਜੰਗ ਦੇ ਦੌਰ ਵਿਚ ਲੱਖਾਂ ਦੀ ਗਿਣਤੀ ਵਿਚ ਮਾਰਿਆ। ਦੂਜੇ ਕਈ ਯੂਰਪੀ ਦੇਸ਼ਾਂ ਵਿਚ ਵੀ ਵਿਤਕਰਾ ਹੁੰਦਾ ਰਿਹਾ। ਇੰਜ ਯਹੂਦੀਆਂ ਦੇ ਈਸਾਈਆਂ ਨਾਲ ਹਮੇਸ਼ਾਂ ਲਈ ਖੂਨੀ ਟਕਰਾਓ ਦੇ ਆਸਾਰ ਸਨ। ਈਸਾਈਆਂ ਆਖੀ ਜਾਣਾ ਸੀ ਕਿ “ਤੁਸੀਂ ਯਹੂਦੀਆਂ ਨੇ ਸਾਡੇ ਈਸਾ ਮਸੀਹ ਨੂੰ ਸੂਲੀ ਟੰਗਿਆ ਸੀ ਤੇ ਯਹੂਦੀਆਂ ਕਹਿਣਾ ਸੀ ਕਿ ਤੁਸੀਂ ਸਾਨੂੰ ਲੱਖਾਂ ਨੂੰ ਜਰਮਨ ਦੇ ਗੈਸ ਚੈਂਬਰਾਂ ਵਿਚ ਮਾਰ ਕੇ ਨਸਲਕੁਸ਼ੀ ਕੀਤੀ।“ ਪਰ ਇੰਗਲੈਂਡ ਅਮਰੀਕਾ ਨੇ 1947 ਵਿਚ ਫਲਸਤੀਨ ਨੂੰ ਤਕਰੀਬਨ ਅੱਧੋ ਅੱਧੀ ਵੰਡ ਕੇ ਵਿਚ ਯਹੂਦੀਆਂ ਲਈ ਇਸਰਾਈਲ ਦੇਸ਼ ਬਣਾ ਦਿੱਤਾ। ਯਹੂਦੀ ਅਮੀਰ ਅਤੇ ਧੱਕੇਸ਼ਾਹੀਆਂ ਦੇ ਫੱਟੇ ਸਨ। ਉਹ ਹੌਲੀ ਹੌਲੀ ਸਾਰੇ ਫਲਸਤੀਨ ਉੱਤੇ ਕਾਬਜ ਹੋ ਗਏ ਹਨ। ਉਹਨਾਂ ਫਲਸਤੀਨੀ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਜਿਸ ਵਿਚੋਂ ਹੀ ਹਮਾਸ ਵਾਲੇ ਝਗੜੇ ਨੇ ਜਨਮ ਲਿਆ। ਇੰਜ ਯੂਰਪੀ ਮੁਲਕ ਆਪਣਾ ਕਲੇਸ਼ਖਾਨਾ ਮੁਸਲਮਾਨਾ ਦੇ ਗਲ ਪਵਾਉਣ ਵਿਚ ਕਾਮਯਾਬ ਹੋ ਗਏ। ਅਮਰੀਕਾ ਇੰਗਲੈਂਡ ਜਰਮਨ ਹੋਰੀਂ ਆਪ ਇਸਰਾਈਲ ਦੇ ਚਹੇਤੇ ਬਾਪੂ ਬਣ ਬੈਠੇ।

ਹੁਣ ਇਸਰਾਈਲ ਮੱਧ ਪੂਰਬ ਦਾ ਠਾਣੇਦਾਰ ਹੈ। ਆਕਾ ਅਮਰੀਕਾ ਹੈ। ਅਮਰੀਕਾ ਦੇ ਜਾਰਡਨ,ਬਹਿਰੀਨ,ਕਤਰ,ਸਊਦੀ ਅਰਬ, ਕੁਵੈਤ, ਸੰਯੁਕਤ ਅਰਬ ਅਮੀਰਾਤ,ਓਮਾਨ,ਇਰਾਕ,ਤੁਰਕੀ,ਸੀਰੀਆ ਵਿਚ ਫੌਜੀ ਅੱਡੇ ਹਨ। 40-50 ਹਜ਼ਾਰ ਫੌਜੀ ਤਾਇਨਾਤ ਹਨ। ਤੇਲ ਖਿੱਤੇ ਉੱਪਰ ਦੱਬਦਬਾ ਹੈ। ਇਕੱਲਾ ਇਰਾਨ ਹੈ ਜੋ ਈਨ ਨਹੀਂ ਮੰਨਦਾ। ਇਰਾਨ ਦੀ ਸਰਕਾਰ ਬਦਲਣ ਦੀ ਲੋਕਾਂ ਨੂੰ ਅਪੀਲ ਤਾਂ ਇਸਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਆਪਣੇ ਹਮਲੇ ਦੇ ਪਹਿਲੇ ਦਿਨ ਹੀ ਕਰ ਦਿੱਤੀ ਸੀ।

ਏਸੇ ਯਬ੍ਹੇ ਅਤੇ ਮਾਣ ਦੀ ਬਦੌਲਤ ਹੀ ਦੋਵਾਂ ਮੁਲਕਾਂ ਵੱਲੋਂ ਇਰਾਨ ਉੱਤੇ ਵਸਾਹ ਕੇ ਇਕਪਾਸੜ ਚੋਰੀ ਸਾਜਿਸ਼ੀ ਹਮਲਾ ਕੀਤਾ ਗਿਆ। ਉਸਦੇ ਪ੍ਰਮਾਣੂ ਕੇਂਦਰਾਂ ਉੱਤੇ ਅਮਰੀਕੀ ਬੰਕਰ ਬਸਟਰ ਹਮਲਾ ਤਾਂ ਇਰਾਨ ਵਿਚ ਪ੍ਰਮਾਣੂ ਹਮਲੇ ਵਰਗੀ ਤਬਾਹੀ ਲਿਆ ਸਕਦਾ ਸੀ। ਨਾਲ ਦਬਕੇ ਤੇ ਫੜ੍ਹਾਂ ਵੀ ਮਾਰੀਆਂ ਗਈਆਂ।

ਇਸਰਾਈਲ ਵੱਲੋਂ 13 ਜੂਨ ਨੂੰ ਰਾਤੀਂ ਘਰਾਂ ਵਿਚ ਸੁੱਤੇ ਪ੍ਰਮਾਣੂ ਵਿਗਿਆਨੀ ਅਤੇ ਫੌਜੀ ਅਫ਼ਸਰ ਮਾਰਨ ਅਤੇ ਪ੍ਰਮਾਣੂ ਕੇਂਦਰਾਂ ਉੱਤੇ 200 ਜਹਾਜ਼ਾਂ ਨਾਲ ਕੀਤੇ ਹਮਲਿਆਂ ਦੀ ਕਾਰਵਾਈ ਨੂੰ ਟਰੰਪ ਨੇ ਸਲਾਹਿਆ, ਆਖਿਆ ਕਿ ਮੈਨੂੰ ਸਭ ਪਤਾ ਸੀ। ਕਿਹਾ ਕਿ ਹੁਣ ਇਰਾਨ ਫੌਰੀ ਹਥਿਆਰ ਸੁੱਟ ਕੇ, ਹਾਰ ਮੰਨ ਕੇ ਸਰੈਂਡਰ ਕਰੇ, ਸੰਪੂਰਨ ਸਰੈਂਡਰ। ਨਹੀਂ ਤਾਂ ਸੰਪੂਰਨ ਵਿਨਾਸ਼ ਹੋਵੇਗਾ। ਤਹਿਰਾਨ ਨੂੰ ਫੌਰੀ ਖਾਲੀ ਕਰ ਦੇਣ ਦਾ ਇਸਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹੁਕਮ ਦਿੱਤਾ। ਸਾਡੇ ਕਈ ਇਸਰਈਲੀ ਰੰਗ ਵਿਚ ਰੰਗੇ ਖਬਰਾਂ ਦੇ ਚੈਨਲਾਂ ਦੇ ਐਂਕਰ, “ਵਿਸ਼ੇਸ਼ਗ” ਤਾੜੀ ਵਜਾਉਂਦੇ ਰਹੇ। ਇਰਾਨੀ ਲੀਡਰ ਖੁਮੇਨਈ ਨੂੰ ਕਤਲ ਕਰ ਦੇਣ ਦਾ ਫ਼ਰਮਾਨ ਵੀ ਜਾਰੀ ਕਰ ਦਿੱਤਾ ਗਿਆ। ਟਰੰਪ ਨੇਤਨਯਾਹੂ ਨੇ ਕਿਹਾ ਸਾਨੂੰ ਪਤਾ ਕਿ ਉਹ ਕਿੱਥੇ ਲੁਕਿਆ।

ਪਰ ਇਰਾਨ ਦੀ ਜਵਾਬੀ ਕਾਰਵਾਈ ਹੌਸਲੇ ਅਤੇ ਰਣਨੀਤੀ ਨੇ, ਇਸਰਾਈਲ ਅਮਰੀਕਾ ਅਤੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਇਰਾਨੀ ਮਿਸਾਈਲਾਂ ਨੇ ਹੈਰਾਨੀਜਨਕ ਤਬਾਹੀ ਮਚਾਈ। ਇਸਰਾਈਲੀ ਅਮਰੀਕੀ ਏਅਰ ਡਿਫੈਂਸ ਇਰਾਨੀ ਮਿਸਾਈਲ ਹਮਲੇ ਰੋਕ ਨਾ ਸਕੀ। ਇਸਰਾਈਲੀ ਲੋਕ ਦਿਨੇ ਰਾਤ ਬੰਕਰਾਂ ਤਹਿਖਾਨਿਆਂ ਵੱਲ ਹੀ ਭੱਜਦੇ ਰਹੇ। ਕਈਆਂ ਆਖਿਆ ਕਿ ਇਸਰਾਈਲ ਹੁਣ ਖੁਦ ਗਾਜ਼ਾ ਦੀ ਕੀਤੀ ਤਬਾਹੀ ਵਰਗਾ ਦਿੱਸਦਾ ਹੈ।

ਇਸਰਾਈਲ, ਅਮਰੀਕਾ ਨੂੰ ਓਦੋਂ ਜੰਗ ਵਿਚ ਸਿੱਧਾ ਘੜੀਸਣ ਵਿਚ ਸਫਲ ਅਤੇ ਖੁਸ਼ ਹੋਇਆ ਜਦ ਅਮਰੀਕਾ ਨੇ B2 ਬੰਬਾਰਾਂ ਨਾਲ ਇਰਾਨੀ ਪ੍ਰਮਾਣੂ ਕੇਂਦਰਾਂ ਉੱਤੇ ਬੰਕਰ ਬਸਟਰ ਬੰਬ ਸੁੱਟੇ। ਇਸਰਾਈਲੀ ਨੱਚੇ। ਤੇ ਬੰਬ ਸੁੱਟ ਕੇ ਪੱਟਾਂ ਉੱਤੇ ਥਾਪੀਆਂ ਮਾਰ ਕੇ ਬੁਲਬੁਲੀਆਂ ਵੀ ਮਾਰੀਆਂ।

ਇਰਾਨੀ ਵਿਦੇਸ਼ ਮੰਤਰੀ ਨੇ 23 ਨੂੰ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕੀਤੀ। ਵੱਡੇ ਰੂਸੀ ਲੀਡਰ ਮੈਦਵੇਦੇਵ ਨੇ ਐਲਾਨ ਕੀਤਾ ਕਿ ਪੀੜਤ ਇਰਾਨ ਨੂੰ ਕਈ ਦੇਸ਼ ਪ੍ਰਮਾਣੂ ਬੰਬ ਦੇਣ ਨੂੰ ਤਿਆਰ ਹਨ। ਇਰਾਨ ਨੇ ਓਸੇ ਹੀ ਦਿਨ ਕਤਰ ਵਿਚਲੇ ਅਮਰੀਕੀ ਫੌਜੀ ਅੱਡੇ ਉੱਤੇ ਜਦ ਰਾਤ ਨੂੰ ਹਮਲਾ ਕੀਤਾ ਤਾਂ ਲੋਕਾਂ ਸੋਚਿਆ ਕਿ ਹੁਣ ਗੱਲ ਬਹੁਤ ਵਧ ਜਾਵੇਗੀ। ਪਰ ਅਮਰੀਕਾ ਨੇ ਫੌਰੀ ਹੈਰਾਨਕੁਨ ਮੋੜਾ ਕੱਟਿਆ ਅਤੇ ਟਰੰਪ ਨੇ 24 ਦੀ ਸਵੇਰ ਨੂੰ ਹੀ ਐਲਾਨ ਕਰ ਦਿੱਤਾ ਕਿ ਮੈਂ ਇਰਾਨ ਇਸਰਾਈਲ ਵਿਚ ਸੀਜ਼ਫਾਇਰ ਕਰਵਾ ਦਿੱਤਾ ਹੈ, ਹੁਣ ਕੋਈ ਗੋਲੀ ਨਹੀਂ ਚੱਲੇਗੀ। ਇਸਰਾਈਲ ਨੇ ਸਹਿਮਤੀ ਦਿੱਤੀ। ਪਰ ਇਰਾਨ ਨੇ ਕਿਹਾ ਕਿ ਇਹ ਝੂਠ ਹੈ, ਉਹਨਾਂ ਦਿਨੇ 6 ਰਾਊਂਡ ਬਹੁਤ ਵੱਡੇ ਹਮਲੇ ਕੀਤੇ। ਜਦ ਇਸਰਾਈਲ ਨੇ ਮੋੜਵੇਂ ਹਮਲੇ ਲਈ ਜਹਾਜ਼ ਉਡਾਏ ਤਾਂ ਟਰੰਪ ਨੇ ਨੇਤਨਯਾਹੂ ਨੂੰ ਫੋਨ ਕਰਕੇ ਫੌਰੀ ਹੁਕਮ ਦਿੱਤਾ ਕਿ ਇਸਰਾਈਲੀ ਪਾਇਲਟਾਂ ਨੂੰ  ਤੁਰੰਤ ਜਹਾਜ਼ ਵਾਪਸ ਮੋੜ ਲਿਆਂਉਣ ਦਾ ਹੁਕਮ ਦੇਵੋ ਕਿ ਇਰਾਨ ਉੱਤੇ ਬੰਬ ਨਾ ਸੁੱਟਣ, ਇਹੀ ਹੋਇਆ ਉਹ ਰਸਮੀ ਚੱਕਰ ਲਾ ਕੇ ਮੁੜ ਆਏ, ਅੱਗੋਂ ਇਰਾਨ ਨੇ ਵੀ ਆਖਿਆ ਜੇ ਹੁਣ ਸਾਡੇ ਤੇ ਹਮਲਾ ਨਹੀਂ ਹੁੰਦਾ ਤਾਂ ਇਰਾਨ ਵੀ ਹਮਲਾ ਨਹੀਂ ਕਰੇਗਾ। ਸੋ ਫਿਲਹਾਲ ਅਜਿਹਾ ਸੀਜ਼ਫਾਇਰ ਹੋ ਗਿਆ ਹੈ। ਮੈਨੂੰ ਲਗਦਾ ਕਿ ਅਮਰੀਕਾ ਨੇ ਇਹ ਕਲੇਸਖਾਨੇ ਵਿਚ ਆਪਣੇ ਸਿੱਧੇ ਉਲਝਣ ਤੋਂ ਬਚਾਅ ਲਈ ਕੀਤਾ। ਪਰ ਇਸ ਸੀਜ਼ਫਾਇਰ ਦੇ ਟੁੱਟਣ ਦੀ ਸੰਭਾਵਨਾ ਹੈ।

ਮੇਰੀ ਜਾਚੇ ਇਸ ਸਾਜਿਸ਼ੀ ਕਿਸਮ ਦੇ ਇਸਰਾਈਲੀ ਅਮਰੀਕੀ ਹਮਲੇ ਦਾ ਉਲਟਾ ਅਸਰ ਹੋਇਆ ਹੈ। ਇਸਰਾਈਲ ਦਾ ਸੁਰੱਖਿਅਤ ਅਤੇ ਬਹੁਤ ਤਕੜੇ ਮੁਲਕ ਵਜੋਂ ਵਕਾਰ ਨਹੀਂ ਰਿਹਾ। ਇਸ ਨਾਲ ਭਵਿੱਖ ਵਿਚ ਮੱਧ ਪੂਰਬ ਦੇ ਮੁਲਕਾਂ ਉੱਪਰ ਉਸਦਾ ਜੋਰਾਵਰਾਂ ਵਾਲਾ ਬਣਿਆਂ ਛੱਪਾ ਚੁੱਕਿਆ ਜਾਵੇਗਾ। ਇਰਾਨ ਦਾ ਅਣਖੀ ਦਲੇਰ ਨਿੱਡਰ ਲੜਾਕੂ ਕੌਮ ਵਜੋਂ ਵਕਾਰ ਵਧਿਆ ਹੈ। ਇਸਰਾਈਲ ਅਮਰੀਕਾ ਬੇਅਸੂਲੇ ਹਮਲਾਵਰਾਂ ਵਜੋਂ ਚਰਚਿਤ ਹੋਏ। ਅਮਰੀਕਾ ਖੇਮਾ ਨੰਗਾ ਹੋਇਆ ਅਤੇ ਡਰਪੋਕ ਵਪਾਰੀ ਵਰਗਾ ਜਾਪਿਆ। ਇਰਾਨ ਦੀ ਰੂਸ ਚੀਨ ਉੱਤਰੀ ਕੋਰੀਆ ਨਾਲ ਲੰਗੋਟੀਆ ਯਾਰੀ ਮਜਬੂਤ ਹੋਈ। ਰੂਸ ਨੇ ਇਰਾਨ ਨੂੰ ਪ੍ਰਮਾਣੂ ਬੰਬ ਤਕ ਦੇ ਦੇਣ ਦਾ ਇਸ਼ਾਰਾ ਦੇ ਦਿੱਤਾ।

ਲਗਦਾ ਕਿ ਇਰਾਨ ਹੁਣ ਪ੍ਰਮਾਣੂ ਅਪ੍ਰਸਾਰ ਸੰਧੀ ਵਿਚੋਂ ਬਾਹਰ ਆ ਸਕਦਾ ਤੇ ਪ੍ਰਮਾਣੂ ਬੰਬ ਬਣਾਉਣ ਵੱਲ ਵਧ ਸਕਦਾ। ਇਰਾਨ ਨੇ ਪ੍ਰਮਾਣੂ ਪ੍ਰੋਗਰਾਮ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਉਸਦੀ ਲੀਡਰਸ਼ਿਪ ਮਜ਼ਬੂਤ ਹੋਈ ਹੈ। ਅਮਰੀਕਾ ਤ੍ਰਬਕ ਗਿਆ ਹੈ ਤੇ ਤਾਜ਼ਾ ਬਿਆਨ ਦੇ ਦਿੱਤਾ ਕਿ ਮੈਂ ਇਰਾਨ ਦੀ ਲੀਡਰਸ਼ਿਪ ਨਹੀਂ ਬਦਲਨਾ ਚਹੁੰਦਾ। ਟਰੰਪ ਇਰਾਨ ਨਾਲ ਬੇਮੌਕਾ ਫੌਰੀ ਵਪਾਰ ਦੀਆਂ ਬਚਗਾਨਾ ਜਿਹੀਆਂ ਗੱਲਾਂ ਕਰਨ ਲੱਗ ਪਿਆ ਹੈ। ਟਰੰਪ ਦਾ ਤਾਜ਼ਾ ਬਿਆਨ ਕਿ ਇਰਾਨ ਹੁਣ ਵਪਾਰਕ ਖੁਸ਼ਹਾਲੀ ਵੱਲ ਵਧੇਗਾ। ਤਾਜ਼ੀ ਖ਼ਬਰ ਹੈ ਟਰੰਪ ਦਾ ਐਲਾਨ ਕਿ ਇਰਾਨ ਹੁਣ ਚੀਨ ਨੂੰ ਤੇਲ ਵੇਚ ਸਕਦਾ, ਕੋਈ ਪਾਬੰਦੀ ਨਹੀਂ। ਇਰਾਨ ਵਿਚ ਜਸ਼ਨ ਦਾ ਮਹੌਲ ਹੈ।

 ਇਹ ਹੈ ਅੱਜ ਦਾ ਦਿੱਸਦਾ ਸੱਚ। ਲੀਡਰਾਂ ਦੇ ਮਨਾ ਚ ਕੀ ਚੱਲ ਰਿਹਾ, ਕੌਣ ਜਾਣਦਾ।

ਡਾ. ਸੁਰਿੰਦਰ ਮੰਡ
ਪ੍ਰੋਫੈਸਰ ਅਤੇ ਮੁਖੀ (ਰਿਟਾਇਰਡ),
ਪੋਸਟ ਗਰੈਜੂਏਟ ਪੰਜਾਬੀ ਵਿਭਾਗ,
ਸਰਕਾਰੀ ਕਾਲਜ ਤਲਵਾੜਾ (ਹੁਸ਼ਿਆਰਪੁਰ)
94173 24543

ਪੰਜਾਬ ਦੀ ਨੌਜਵਾਨਾਂ ਨੂੰ, ਕਿਉਂ ਆਪਣਾ ਪਿੰਡ ਹੀ ਚੰਗਾ ਲੱਗਣੋਂ ਹਟ ਗਿਆ ?

ਸਮਾਜ ਦੀਆਂ ਕਦਰਾਂ ਕੀਮਤਾਂ, ਵਿਰਸੇ ਅਤੇ ਇਤਿਹਾਸ ਦੇ ਗਿਆਨ ਤੋਂ ਹੁਣ ਕੋਹਾਂ ਦੂਰ ਹੈ ਪੰਜਾਬ ਦੀ ਜਵਾਨੀ

ਇੱਕ ਵਕਤ ਸੀ ਕਿ ਪੰਜਾਬ ਦੇ ਪਿੰਡਾਂ ਨੂੰ ਦੁਨੀਆ ਦਾ ਸਵਰਗ ਮੰਨਿਆ ਜਾਂਦਾ ਸੀ, ਲੋਕਾਂ ਦੇ ਸੰਸਕਾਰ, ਸੱਭਿਆਚਾਰ ਦੀਆਂ ਕਦਰਾਂ ਕੀਮਤਾਂ, ਪੰਜਾਬੀਆਂ ਦੀ ਬਹਾਦਰੀ, ਖੇਡਾਂ ਦੀ ਦੁਨੀਆਂ ਵਿੱਚ ਇੱਕ ਵਿਲੱਖਣ ਪਹਿਚਾਣ, ਸਿੱਖਿਆ ਦੇ ਖੇਤਰ ਵਿੱਚ ਪੰਜਾਬ ਮੋਹਰੀ ਸੂਬਾ, ਦੇਸ਼ ਦੀਆਂ ਜੰਗਾਂ ਵਿੱਚ ਸਿੱਖਾਂ ਦੀ ਦਲੇਰੀ ਦੇ ਕਿੱਸੇ, ਦੇਸ਼ ਨੂੰ ਆਜ਼ਾਦੀ ਦਿਵਾਉਣ ਵਿੱਚ ਪੰਜਾਬੀਆਂ ਦੀ 93 ਪ੍ਰਤੀਸ਼ਤ ਭੂਮਿਕਾ, ਦੇਸ਼ ਦਾ ਅੰਨਦਾਤਾ ਹਰੀ ਕ੍ਰਾਂਤੀ ਪੈਦਾ ਕਰਨ ਵਾਲਾ  ਪੰਜਾਬ ਦਾ ਕਿਸਾਨ, ਇੱਜ਼ਤਾਂ ਦਾ ਰਖਵਾਲਾ ਪੰਜਾਬ, ਜੋ ਦੁਨੀਆਂ ਲਈ ਇੱਕ ਮਿਸ਼ਾਲ ਹੁੰਦਾ ਸੀ ਪਰ ਅੱਜ ਉਹ ਪਹਿਲਾਂ ਵਾਲਾ ਪੰਜਾਬ, ਉਹ ਪੰਜਾਬ ਨਹੀਂ ਰਿਹਾ ਪਤਾ ਨਹੀਂ ਕਿਉਂ ਅੱਜ ਦੇ ਪੰਜਾਬੀ ਨੌਜਵਾਨ ਨੂੰ ਪੰਜਾਬ ਤਾਂ ਦੂਰ ਦੀ ਗੱਲ, ਉਸ ਨੂੰ ਆਪਣਾ ਪਿੰਡ ਹੀ ਵਧੀਆ ਲੱਗਣੋਂ ਹਟ ਗਿਆ ਹੈ । ਹਰ ਮਾਂ ਬਾਪ ਦੀ ਹਰ ਨੌਜਵਾਨ ਬੱਚੇ ਦੀ ਅੱਜ ਇੱਕੋ ਤਮੰਨਾ ਹੈ ਕਿ ਉਹ ਕਦੋਂ ਆਪਣੀ ਜ਼ਮੀਨ ਜਾਇਦਾਦ ਅਤੇ ਘਰ ਬਾਰ ਵੇਚ ਕੇ ਬਾਹਰਲੇ ਮੁਲਕ ਸੈਟਲ ਹੋਵੇ ,ਪਿੰਡ ਪ੍ਰਤੀ ,ਪੰਜਾਬ ਦੀ ਸੰਸਕ੍ਰਿਤੀ ਪ੍ਰਤੀ, ਇਤਿਹਾਸ ਪ੍ਰਤੀ, ਖੇਡਾਂ ਜਾਂ ਹੋਰ ਕੰਮਾਂ ਪ੍ਰਤੀ ਉਸ ਦਾ ਕੋਈ ਮੋਹ ਨਹੀਂ, ਕੋਈ ਗਿਆਨ ਨਹੀ ਬੱਸ ਓੁਸਦਾ ਇੱਕੋ ਨਿਸ਼ਾਨਾਂ ਪਹਿਲਾਂ ਆਈਲੈਟਸ ਕਰਨਾ ਤੇ ਫਿਰ ਕੈਨੇਡਾ ਅਮਰੀਕਾ ਆਸਟਰੇਲੀਆ ਇੰਗਲੈਂਡ ਨਿਊਜ਼ੀਲੈਂਡ ਜਾਂ ਕਿਸੇ ਹੋਰ ਮੁਲਕ ਜਾ ਕੇ ਵੱਸਣਾ ਹੈ ।

ਇੱਕ ਸਮਾਂ ਸੀ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੰਬਰ ਇੱਕ, ਆਈ ਏ ਅੈਸ, ਆਈ ਪੀ ਅੈਸ ਬਣਦੇ ਸੀ ਪੰਜਾਬੀ ਪਰ ਅੱਜ ਖਾਸ ਕਰਕੇ ਸਿੱਖਾ ਦੇ ਬੱਚਿਆਂ ਨੂੰ ਪੰਜਾਬੀ ਨਹੀ ਲਿਖਣੀ ਆਓੁਦੀਂ। ਪੰਜਾਬੀ ਸਿਹਤ ਪੱਖੋਂ ਪੰਜਾਬੀ ਦੁਨੀਆ ਭਰ ਚ ਮੋਹਰੀ, ਪਰ ਅੱਜ ਨਸ਼ਿਆ ਦੀ ਰਾਜਧਾਨੀ ਬਣ ਗਿਆ। ਓਲੰਪਿਕ ਖੇਡਾਂ ਵਿੱਚ ਤਗ਼ਮੇ ਜਿੱਤਣ ਵਾਲਿਆਂ ਵਿੱਚ ਪੰਜਾਬੀਆਂ ਦੀ ਤੂਤੀ ਬੋਲਦੀ ਸੀ।  ਭਾਰਤ ਅਤੇ ਕੀਨੀਆਂ, ਤਨਜ਼ਾਨੀਆ, ਮਲੇਸ਼ੀਆ  ਵਰਗੇ ਮੁਲਕਾ ਦੀਆਂ ਹਾਕੀ ਟੀਮਾਂ ਵਿੱਚ ਵਧੇਰੇ ਗਿਣਤੀ ਸਿੱਖ ਖਿਡਾਰੀਆ ਦੀ ਭਰਮਾਰ, ਪੰਜਾਬੀਆਂ ਦੀ ਬਹਾਦਰੀ ਦੀਆਂ ਗੱਲਾਂ ਦੁਨੀਆਂ ਵਿੱਚ ਹੁੰਦੀਆਂ ਸਨ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਅਤੇ ਰਾਜਨੀਤਕ ਆਗੂਆਂ ਨੇ ਆਜ਼ਾਦੀ ਤੋਂ ਬਾਅਦ ਕਦੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ, ਕਦੇ ਨਕਸਲਾਈਟ ਮੂਵਮੈਂਟ ਦੌਰਾਨ ਪੰਜਾਬ ਦੇ ਨੌਜਵਾਨਾਂ ਦਾ ਘਾਣ, ਫੇਰ 1984 ਤੋਂ 1993 ਤੱਕ  ਸਿੱਖ ਨੌਜਵਾਨੀ ਦਾ ਕਤਲੋ ਗਾਰਦ ਹੋਇਆ, ਭਾਵੇਂ ਮੌਤਾਂ ਦੀ ਤਬਾਹੀ ਮੱਚੀ ਪਰ  ਫਿਰ ਵੀ ਪੰਜਾਬ ਦਾ ਨੌਜਵਾਨ ਬੇਇਨਸਾਫੀ ਦੇ ਵਿਰੁੱਧ ਡਟ ਕੇ ਲੜਿਆ ,ਸਰਕਾਰਾਂ ਤੋਂ ਇਹ ਬਹਾਦਰੀ ਬਰਦਾਸ਼ਤ ਨਾ ਹੋਈ। ਆਖ਼ਰ ਸਰਕਾਰਾਂ ਅਤੇ ਏਜੰਸੀਆਂ ਨੇ 1990 ਵੇੰ  ਦਹਾਕੇ ਦੌਰਾਨ  ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿਚ ਵੱਡੇ ਪੱਧਰ ਤੇ ਤਬਦੀਲੀ ਲਿਆਂਦੀ, ਬਹਾਦਰੀ ਵਾਲੇ ਇਤਿਹਾਸ ਨੂੰ ਖ਼ਤਮ ਕਰਕੇ ਅਤੇ ਮਾਂ ਬੋਲੀ ਪੰਜਾਬੀ ਤੋਂ ਦੂਰ ਕਰਕੇ ਉਨ੍ਹਾਂ ਨੂੰ ਰੋਮਾਂਚਕ ਅਤੇ ਫੈਸ਼ਨ ਵਾਲੀ ਜ਼ਿੰਦਗੀ ਵੱਲੋਂ ਮੋੜਿਆ । ਕਦਰਾਂ ਕੀਮਤਾਂ ਵਾਲੇ ਸੱਭਿਆਚਾਰ ਨੂੰ ਨਸ਼ਿਆਂ ਅਤੇ ਹਥਿਆਰਾਂ ਵੱਲ ਮੋੜਿਆ, ਘਰ ਦੀ ਸ਼ਰਾਬ ਹੋਵੇ ਆਪਣਾ ਪੰਜਾਬ ਹੋਵੇ, ਹਥਿਆਰਾਂ ਵਾਲੇ ਗੀਤ, ਗੁੰਡਾਗਰਦੀ ਵਾਲੇ ਗੀਤਾਂ ਨੂੰ ਉਤਸ਼ਾਹ ਕੀਤਾ। ਪੰਜਾਬ ਦਾ ਉਹ ਹਥਿਆਰ ਜੋ ਗੁੰਡਾਗਰਦੀ   ਦਾ ਟਾਕਰਾ ਕਰਦਾ ਸੀ ਉਸ ਨੂੰ ਗੁੰਡਾਗਰਦੀ ਵਾਲੇ ਮਾਹੌਲ ਵਿੱਚ ਤਬਦੀਲ ਕੀਤਾ। ਇੰਨਾ ਗਾਓੁਣ ਵਾਲਿਆਂ ਨੇ ਇੱਕ ਸਾਜਿਸ਼ ਤਹਿਤ ਹੀ ਪੰਜਾਬ ਦੀ ਧੀ ਨੂੰ ਵੀ ਆਪਣੇ ਗਾਣਿਆ ਵਿੱਚ ਇੱਕ ਸ਼ੁੰਦਰ ਵਸਤੂ ਵਜੋੰ ਪੇਸ ਕੀਤਾ। ਗੈੰਗਸਟਰ ਜੋ ਸਬਦ ਕਦੇ ਕਿਸੇ ਪੰਜਾਬੀ ਨੇ ਸੁਣਿਆ ਹੀ ਨਹੀੰ ਸੀ ਓੁਹ ਅੱਜ ਪੰਜਾਬ ਦੇ ਹੀਰੋ, ਗਾਓੁਣ ਵਾਲਿਆ, ਕਬੱਡੀ ਵਾਲਿਆ, ਅਤੇ ਕੱਦਵਾਰ ਰਾਜਨੀਤਿਕ ਲੋਕਾ ਦੇ ਰਖਵਾਲੇ ਹਨ। ਪੰਜਾਬ ਦੇ ਸ਼ਰੋਤ ਧਰਤੀ ,ਪਾਣੀ, ਹਵਾ ਨੂੰ ਯੋਜਨਾ ਤਹਿਤ ਗੰਧਲਾ ਕੀਤਾ ਪੰਜਾਬ ਦੇ ਮੁੱਦੇ, ਪਾਣੀਆਂ ਦੇ ਮਸਲੇ, 1984 ਸਿੱਖਾ  ਦੀ ਨਸਲਕੁਸ਼ੀ , ਪੰਜਾਬ ਦੇ ਹੱਕਾ ਅਤੇ ਅਧਿਕਾਰਾਂ ਤੋਂ ਵਾਂਝੇ ਪੜੇ ਲਿਖੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਦਲਦਲ ਵਿੱਚ ਸੁੱਟਣਾ, ਕਿਸਾਨਾਂ ਨੂੰ ਕਰਜ਼ਿਆਂ ਦੀ ਮਾਰ ਹੇਠ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ, ਗਰੀਬ ਨੂੰ ਅਨਪੜ੍ਹਤਾ ਅਤੇ ਧਰਮ ਦੇ ਅੰਧ ਵਿਸ਼ਵਾਸ ਥੱਲੇ, ਕੌਮ ਦੀ ਮਾਨਸਿਕਤਾ ਨੂੰ ਇੱਕ ਯੋਜਨਾ ਤਹਿਤ ਦੱਬਿਆ ਹੈ।ਕਿਸੇ ਵੀ ਸਰਕਾਰ ਨੇ ਕਿਸੇ ਵੀ ਦੇਸ਼ ਜਾਂ ਰਾਜ ਵਿੱਚ ਜਦੋਂ ਤਬਾਹੀ ਦੀ ਤਬਦੀਲੀ ਲਿਆਉਣੀ ਹੁੰਦੀ ਹੈ ਤਾਂ ਉਹ ਅਜਿਹੇ ਸੰਕਟ ਖੜ੍ਹੇ ਕਰਦੀਆਂ ਹੀ ਹਨ ਜੋ ਪੰਜਾਬ ਨਾਲ ਹੋਇਆ ਅਤੇ ਹੋ ਰਿਹਾ ਹੈ ਇਸ ਕਰਕੇ ਆਪਣਾ ਧੁੰਦਲਾ ਭਵਿੱਖ ਦੇਖਦਾ ਹੋਇਆ ਪੰਜਾਬ ਦਾ ਹਰ ਬੰਦਾ ਖਾਸ   ਕਰਕੇ ਨੌਜਵਾਨ ਇੱਥੇ ਰਹਿਣਾ ਹੀ ਨਹੀਂ ਚਾਹੁੰਦਾ ਉਸ ਨੂੰ ਵਿਦੇਸ਼ਾਂ ਦੇ ਵਿੱਚ ਆਪਣੀ ਜ਼ਿੰਦਗੀ ਸੁਨਹਿਰੀ ਜਾਪਦੀ ਹੈ। ਆਪਣਾ ਵਧੀਆ ਭਵਿੱਖ ਦਿਸਦਾ ਹੈ, ਜਦ ਕੋਈ ਪੰਜਾਬ ਦਾ ਨੌਜਵਾਨ ਪੰਜਾਬ ਚ ਰਹਿਣਾ ਹੀ ਨਹੀਂ ਚਾਹੁੰਦਾ ਉਹ ਕਿਸ ਤਰ੍ਹਾਂ ਆਪਣੇ ਪਿੰਡ ਨੂੰ ਆਪਣੇ ਇਲਾਕੇ ਨੂੰ ਆਪਣੇ ਮੁਹੱਲੇ ਨੂੰ ਜਾਂ ਫਿਰ ਆਪਣੇ ਪੰਜਾਬ ਨੂੰ ਪਿਆਰ ਕਰੇਗਾ। ਇਹ ਵਿਦੇਸ਼ਾ ਵਾਲਾ ਪ੍ਰਵਾਸ ਵੀ ਇੱਕ ਯੋਜਨਾ ਤਹਿਤ ਹੀ ਹੋ ਰਿਹਾ ਹੈ।

ਜਗਰੂਪ ਸਿੰਘ ਜਰਖੜ

ਪੁਰਾਣੇ ਬਜ਼ੁਰਗ ਜੋ ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਨੇ ਉਹ ਆਪਣੇ ਲਾਇਲਪੁਰ, ਲਾਹੌਰ ਅਤੇ ਹੋਰ ਸ਼ਹਿਰਾਂ ਪਿੰਡਾਂ ਦੀਆਂ ਬਾਤਾਂ ਪਾਉਂਦੇ ਜਹਾਨੋਂ ਤੁਰ ਗਏ ਨੇ, ਹੁਣ ਦੀ ਪਨੀਰੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾ ਕੇ ਆਪਣੇ  ਪਿੰਡਾਂ ਦੀਆਂ ਯਾਦਾਂ ਦੀਆਂ ਬਾਤਾਂ ਸੁਣਾਉਂਦੀ ਵੀ ਇਕ ਦਿਨ ਤੁਰ ਜਾਵੇਗੀ।ਓੁਹਨਾ ਦੇ ਬੱਚਿਆ ਨੂੰ ਸਿਰਫ ਇੰਨਾਂ ਕਿ ਹੀ ਗਿਆਨ ਹੋਵੇਗਾ ਕਿ ਸਾਡੇ ਪਿਓੁ ਦਾਦਿਆ ਦੀ ਜਨਮ ਭੂਮੀ ਪੰਜਾਬ ਸੀ। ਪਿੰਡ ਓੁਹਨਾਂ ਦੇ ਚੇਤਿਆ ਵਿੱਚੋ ਵਿਸਰ ਜਾਵੇਗਾ,  ਇਹੀ ਸਾਡਾ ਵੱਡਾ ਦੁਖਾਂਤ ਹੋਵੇਗਾ। ਪੰਜਾਬ ਦੇ ਨੌਜਵਾਨਾ ਦੇ ਵਿਦੇਸੀ ਪਰਵਾਸ ਦੀ ਨਿਖੇਧੀ ਤਾ ਹਰ ਕੋਈ ਕਰ ਰਿਹਾ ਹੈ ਪਰ ਇਸਨੂੰ ਰੋਕਣ ਦਾ ਯਤਨ ਕੋਈ ਨਹੀ ਕਰ ਰਿਹਾ ਹੈ, ਜੇਕਰ ਕਿਸੇ ਨੇਤਾਵਾਨ ਜਾਂ ਸਰਕਾਰ ਨੇ ਪ੍ਰਵਾਸ ਰੋਕਣ ਦਾ ਓੁਪਰਾਲਾ ਕਰਨ ਦਾ ਯਤਨ ਕਰੇਗਾ ਤਾਂ ਹੀ ਪੰਜਾਬ ਦੀ ਤਸਵੀਰ ਬਦਲੇਗੀ । ਫੇਰ ਨੌਜਵਾਨਾ ਨੂੰ ਇੱਥੇ ਰੋਜਗਾਰ ਵੀ ਮਿਲੇਗਾ ਅਤੇ ਪੜੇ ਲਿਖੇ ਨੌਜਵਾਨ ਰਾਜਭਾਗ ਦੇ ਹਿੱਸੇਦਾਰ ਵੀ ਬਨਣਗੇ ਜੋ ਸਾਡੇ ਨੇਤਾ ਸਹਿਬਾਨਾ ਨੂੰ ਕਦੇ ਵੀ ਬਰਦਾਸਤ ਨਹੀ ਹੋਵੇਗਾ । ਓੁਨਾਂ ਨੂੰ ਤਾ ਅਨਪੜ  ਤੇ ਮਰੀਆਂ ਜ਼ਮੀਰਾ ਵਾਲੇ ਵੋਟਰ ਚਾਹੀਦੇ ਹਨ। ਗੈਰਤਮੰਦ ਅਤੇ ਭਲੇਮਾਣਸ ਪੰਜਾਬੀਓੁ” ਤੁਹਾਡਾ ਓੁਜਾੜਾ ਤਾ ਹੋਣਾ ਹੀ ਹੋਣਾ ਹੈ ਜਿਸਦਾ ਆਪਣੇ ਪਿੰਡ ਵਿੱਚੋ ਓੁਜੜਣਾ ਹੀ ਯਕੀਨੀ ਹੋਵੇ ਓੁਹ ਫੇਰ ਆਪਣੇ ਪਿੰਡ ਨੂੰ ਕ਼ਿਓੁਂ ਪਿਆਰ ਕਰੂਗਾਂ ?  ਬੱਸ ਇਸ ਸਵਾਲ ਦਾ ਜਵਾਬ ਤੁਸੀ ਆਪ ਲੱਭ ਲੈਣਾ,  ਬਾਕੀ ਪੰਜਾਬ ਦੇ ਨੌਜਵਾਨਾ ਦਾ , ਰੱਬ ਹੀ ਰਾਖਾ !

– ਜਗਰੂਪ ਸਿੰਘ ਜਰਖੜ
ਖੇਡ ਲੇਖਕ
ਫੋਨ-9814300722

ਖੱਟੀ ਖੱਟ ਗਏ ਮੁਰੱਬਿਆਂ ਵਾਲੇ, ਨੀਂ ਅਸੀਂ ਰਹਿ ਗਏ ਨਾਅਰੇ ਮਾਰਦੇ !

ਇਸ ਸਮੇਂ ਪੰਜਾਬ ਚਾਰੇ ਦਿਸ਼ਾਵਾਂ ਤੋਂ ਘਿਰਿਆ ਹੋਇਆ ਹੈ। ਇਸ ਦੇ ਨਾਬਰੀ ਸੁਭਾਅ ਨੂੰ ਖ਼ਤਮ ਕਰਨ ਲਈ ਹਰ ਤਰ੍ਹਾਂ ਦਾ ਤਰੀਕਾ ਵਰਤਿਆ ਜਾ ਰਿਹਾ ਹੈ। ਇਸ ਨੂੰ ਲੁੱਟਿਆ ਪੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਪੰਜਾਬ ਜਿਹੜੇ ਸੰਕਟਾਂ ਦੇ ਵਿਚੋਂ ਗੁਜ਼ਰ ਰਿਹਾ ਹੈ, ਇਹ ਸੰਕਟ ਉਸਨੇ ਆਪ ਸਹੇੜੇ ਹਨ, ਜਾਂ ਫਿਰ ਉਸਨੂੰ ਇਹਨਾਂ ਸੰਕਟਾਂ ਦੇ ਵਿੱਚ ਫਸਾਇਆ ਗਿਆ ਹੈ? ਇਹ ਦੋ ਸਵਾਲ ਪੰਜਾਬ ਦੇ ਲੋਕਾਂ, ਸਿਆਸੀ ਪਾਰਟੀਆਂ ਤੇ ਭਾਰਤੀ ਸਟੇਟ ਨੂੰ ਪੁੱਛਣ ਦੀ ਲੋੜ ਹੈ। ਕਿਉਂਕਿ ਪੰਜਾਬ ਦੇ ਧਾਰਮਿਕ, ਆਰਥਿਕ, ਸਿਆਸੀ ਪਾਰਟੀਆਂ ਦੇ ਆਗੂਆਂ ਤੇ ਬੁੱਧੀਜੀਵੀਆਂ ਨੂੰ ਪੁੱਛਣ ਦੀ ਲੋੜ ਹੈ ਕਿ ਉਹਨਾਂ ਨੇ ਕਿਉਂ ਆਪਣੇ ਨਿੱਜੀ ਸਵਾਰਥਾਂ ਲਈ ਪੰਜਾਬ ਨੂੰ ਉਜਾੜਨ ਤੇ ਸੂਲੀ ਟੰਗਿਆ? ਗੱਲ ਨੂੰ ਸਮਝਣ ਲਈ ਇਹ ਕਥਾ ਹੈ, ਚੂਹਾ ਪਿੰਜਰੇ ਵਿੱਚ ਭੁੱਖ ਦੇ ਕਾਰਨ ਫਸਦਾ ਹੈ। ਭੁੱਖ਼ੇ ਚੂਹੇ ਨੂੰ ਰੋਟੀ ਤਾਂ ਦਿਖਦੀ ਹੈ ਪਰ ਪਿੰਜਰਾ ਨਹੀਂ ਦਿਖਦਾ। ਇਸੇ ਲਾਲਚ ਵਿੱਚ ਉਹ ਫਸ ਜਾਂਦਾ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਸੱਤਾ ਦੀ ਭੁੱਖ ਸਤਾਉਂਦੀ ਰਹਿੰਦੀ ਸੀ, ਇਸੇ ਭੁੱਖ ਨੇ ਉਹਨਾਂ ਨੂੰ ਫਸਾਈ ਰੱਖਿਆ। ਪੰਜਾਬ ਦੇ ਲੋਕਾਂ ਨੇ ਇਹਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਮਗਰ ਲੱਗ ਕੇ ਪੰਜਾਬ ਦਾ ਝੁੱਗਾ ਚੌੜ ਕਰਵਾਇਆ ਹੈ। ਹੁਣ ਇਹ ਆਖਦੇ ਹਨ ਕਿ ਅਸੀਂ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਉਤੇ ਤੋਰਿਆ ਹੈ। ਹੁਣ ਇਹ ਗੱਲ ਸਮਝ ਆਉਂਦੀ ਹੈ ਕਿ ਇਹ ਸਿਆਸੀ ਪਾਰਟੀਆਂ ਤਾਂ ਕਠਪੁਤਲੀਆਂ ਹਨ। ਇਹਨਾਂ ਦੀ ਡੋਰ ਦਿੱਲੀ ਦੇ ਬੈਠੇ ਹਾਕਮਾਂ ਕੋਲ ਹੈ। ਦਿੱਲੀ ਦੇ ਹਾਕਮਾਂ ਦੀ ਡੋਰ ਅਮਰੀਕਾ ਦੇ ਹੱਥ ਹੈ। ਅਮਰੀਕਾ ਦੀ ਡੋਰ ਉਹਨਾਂ ਸਰਮਾਏਦਾਰਾਂ ਕੋਲ ਹੈ। ਜਿਹੜੇ ਦੁਨੀਆਂ ਉੱਤੇ ਆਪਣਾ ਰਾਜ ਕਰਦੇ ਹਨ। ਸਾਨੂੰ ਇਹ ਸਿਖਿਆ ਦਿੱਤੀ ਗਈ ਕਿ ਬੰਦੇ ਦੀ ਡੋਰ ਤਾਂ ਉਪਰ ਵਾਲੇ ਦੇ ਹੱਥ ਹੈ। ਉਪਰ ਕੌਣ ਹੈ, ਇਸ ਦਾ ਰਹੱਸ ਅਜੇ ਤੱਕ ਕੋਈ ਸਮਝ ਨਹੀਂ ਸਕਿਆ। ਪਰ ਜੋਂ ਕੁੱਝ ਦਿਖਾਈ ਦੇ ਰਿਹਾ, ਇਸਨੂੰ ਨਜ਼ਰ ਅੰਦਾਜ਼ ਕਰਕੇ ਅੱਖਾਂ ਮੀਟ ਲੈਣੀਆਂ ਜਿਉਂਦੇ ਤੇ ਜਾਗਦੇ ਲੋਕਾਂ ਦਾ ਸੁਭਾਅ ਨਹੀਂ। ਭਾਵੇਂ ਭਾਰਤੀ ਸਟੇਟ ਪੰਜਾਬ ਦੇ ਨਾਬਰੀ ਸੁਭਾਅ ਨੂੰ ਖ਼ਤਮ ਕਰਨ ਦੇ ਰਸਤੇ ਤੁਰੀ ਹੋਈ ਹੈ। ਪੰਜਾਬ ਨੂੰ ਜੰਗ ਦਾ ਮੈਦਾਨ ਬਣਾਇਆ ਹੋਇਆ ਹੈ। ਸਰਹੱਦ ਤੇ ਗੋਲੀਬਾਰੀ ਬੰਦ ਹੈ। ਪਰ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਡਰੋਨ ਡਿੱਗ ਰਹੇ ਹਨ। ਧਮਾਕੇ ਹੋ ਰਹੇ ਹਨ। ਲੋਕ ਡਰ ਤੇ ਸਹਿਮ ਦੇ ਮਾਹੌਲ ਵਿੱਚ ਰਾਤਾਂ ਜਾਗ ਕੇ ਕੱਟਣ ਲਈ ਮਜਬੂਰ ਹਨ। ਇਹ ਡਰੋਨ ਕੇਵਲ ਪੰਜਾਬ ਦੇ ਵਿੱਚ ਹੀ ਕਿਉਂ ਡਿੱਗ ਰਹੇ ਤੇ ਆ ਰਹੇ ਹਨ ? ਇਹਨਾਂ ਦੀ ਪੰਜਾਬ ਦੇ ਲੋਕਾਂ ਨਾਲ ਕੀ ਦੁਸ਼ਮਣੀ ਹੈ? ਇਹਨਾਂ ਸਵਾਲਾਂ ਦੇ ਜਵਾਬ ਵਿੱਚ ਸਭ ਚੁੱਪ ਹਨ। ਇਹ ਚੁੱਪ ਉਹਨਾਂ ਲਈ ਲਾਹੇਵੰਦ ਹੈ, ਜਿਹਨਾਂ ਦੀ ਪੰਜਾਬ ਦੇ ਲੋਕਾਂ ਨਾਲ ਦੁਸ਼ਮਣੀ ਹੈ।ਸਿਆਣੇ ਆਖਦੇ ਹਨ ਕਿ ਲਾਈਲੱਗ ਨਾ ਹੋਵੇ ਘਰਵਾਲਾ ਤੇ ਚੰਦਰਾ ਗੁਆਂਢ ਬੁਰਾ। ਜਦੋਂ ਪੰਜਾਬੀਆਂ ਨੂੰ ਇਹ ਦੋਵੇਂ ਵਰਦਾਨ ਮਿਲੇ ਹੋਣ ਫੇਰ ਕਿਸੇ ਨੂੰ ਕੋਈ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ। ਬੰਦਾ ਆਪ ਹੀ ਗਲ਼ ਵਿੱਚ ਰੱਸਾ ਪਾ ਕੇ ਆਪਣੀ ਲੀਲ੍ਹਾ ਖ਼ਤਮ ਕਰ ਲੈਂਦਾ ਹੈ। ਪੰਜਾਬ ਦੇ ਲੋਕ ਜਿਥੇ ਸੋਚਣਾ ਬੰਦ ਕਰਦੇ ਹਨ, ਬੇਗਾਨੇ ਉਥੋਂ ਸ਼ੁਰੂ ਕਰਦੇ ਹਨ। ਇਸੇ ਕਰਕੇ ਉਹਨਾਂ ਦੀਆਂ ਚਾਲਾਂ ਪੰਜਾਬ ਦੇ ਲੋਕਾਂ ਦੇ ਸਮਝ ਨਹੀਂ ਆਉਂਦੀਆਂ ਤੇ ਨਾ ਆਉਣੀਆਂ ਹਨ। ਕਿਉਂਕਿ ਅਸੀਂ ਜਿਵੇਂ ਠੇਕੇ ਤੇ ਜ਼ਮੀਨ ਲੈਣ ਕੇ ਵਾਹੁੰਦੇ ਤੇ ਬੀਜਦੇ ਹਾਂ। ਇਸੇ ਤਰ੍ਹਾਂ ਅਸੀਂ ਠੇਕੇ ਉੱਤੇ ਦਿਮਾਗ਼ ਲੈਂਦੇ ਹਾਂ। ਉਹ ਗੱਡੀ ਵਿਚਲੇ ਤੇਲ ਵਾਂਗ ਓਨਾ ਚਿਰ ਹੀ ਚੱਲਦਾ ਹੈ ਜਦੋਂ ਤੱਕ ਉਸ ਵਿੱਚ ਤੇਲ ਹੋਵੇ। ਕਈ ਬਾਰ ਉਹ ਸੁੱਕਾ ਵੀ ਚੱਲ ਜਾਂਦਾ ਹੈ। ਫੇਰ ਰਿੰਗ, ਬੈਰਿੰਗ ਤੇ ਹੋਰ ਪਤਾ ਨਹੀਂ ਕੀ ਕੀ ਖਰਾਬ ਕਰ ਦੇਂਦਾ ਹੈ। ਉਦੋਂ ਤੱਕ ਭਾਣਾ ਬੀਤ ਜਾਂਦਾ ਹੈ, ਰਾਮ ਨਾਮ ਸੱਤ ਹੋ ਜਾਂਦਾ ਹੈ। ਅਗਲਿਆਂ ਨੇ ਖੇਡ ਅਜਿਹੀ ਖੇਡੀ ਪਤਾ ਹੀ ਨਹੀਂ ਲੱਗਿਆ ਕਿ ਰਾਤ ਨੂੰ ਕੀ ਹੋਣਾ ਹੈ ਤੇ ਹੋ ਗਿਆ। ਪਹਿਲਾਂ ਅਗਲਿਆਂ ਨੇ ਪਾੜ ਪਾਇਆ, ਬੁਰਕੀ, ਘੁਰਕੀ ਤੇ ਕੁਰਸੀ ਦਾ ਚੋਗਾ ਪਾਇਆ। ਉਹਨਾਂ ਦੇ ਜਦੋਂ ਸਭ ਕੁੱਝ ਕਾਬੂ ਆਇਆ ਤਾਂ ਉਨ੍ਹਾਂ ਨੇ ਇਹਨਾਂ ਨੂੰ ਨਚਾਇਆ। ਜਿਵੇਂ ਕਹਿੰਦੇ ਹਨ ਕਿ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ। ਬਸ ਇਸੇ ਤਰ੍ਹਾਂ ਵਿਕਣ ਵਾਲਿਆਂ ਦੀ ਕਦੇ ਵੀ ਬੋਲੀ ਲਗਾਈ ਜਾ ਸਕਦੀ ਹੈ। ਉਹ ਜਦੋਂ ਵਿਕਦੇ ਹਨ ਤਾਂ ਕਿਸੇ ਨੂੰ ਮਹਿਸੂਸ ਨਹੀਂ ਹੋਣ ਦੇਂਦੇ। ਜਿਵੇਂ ਪੰਜਾਬ ਦੀਆਂ ਜਮਾੰਬੰਦੀਆਂ ਦੱਸ ਦੀਆਂ ਹਨ, ਕਿਸ ਦੀ ਜ਼ਮੀਨ ਗਹਿਣੇ ਹੈ। ਪਿੰਡਾਂ ਵਿੱਚ ਤਾਂ ਟੌਹਰਾਂ ਬੜੀਆਂ ਹਨ। ਕੋਠੀਆਂ, ਕਾਰਾਂ, ਬੰਦੂਕਾਂ ਤੇ ਕੁੱਤਿਆਂ ਦੀ ਭਰਮਾਰ ਹੈ। ਇਹਨਾਂ ਬਘਿਆੜਾਂ ਤੇ ਸ਼ਿਕਾਰੀ ਕੁੱਤਿਆਂ ਨੇ ਮਜੀਠਾ ਵਿਖੇ ਸ਼ਿਕਾਰ ਖੇਡਿਆ ਹੈ। ਇਸ ਤਰ੍ਹਾਂ ਦਾ ਸ਼ਿਕਾਰ ਪਹਿਲਾਂ ਜੰਡਿਆਲਾ ਗੁਰੂ ਤੇ ਸੰਗਰੂਰ ਦੇ ਵਿੱਚ ਖੇਡਿਆ ਗਿਆ ਸੀ। ਸ਼ਿਕਾਰੀਆਂ ਦੇ ਵਿੱਚ ਸਿਆਸੀ ਪਾਰਟੀਆਂ ਆਗੂ, ਸਥਾਨਕ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਸਨ। ਜਿਵੇਂ ਕਹਿੰਦੇ ਹੁੰਦੇ ਹਨ ਕਿ ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ। ਮਰਨ ਵਾਲੇ ਆਰਥਿਕ ਤੌਰ ਗਰੀਬ ਕਿਰਤੀ ਵਰਗ ਦੇ ਲੋਕ ਹਨ। ਉਹਨਾਂ ਦੀ ਮੌਤ ਉਤੇ ਕਿਸੇ ਨੇ ਹੰਝੂ ਨਹੀਂ ਕੇਰਨੇ, ਸਗੋਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਹਨ। ਆਪਣੀਆਂ ਕੱਛ ਵਿੱਚ ਦੂਜਿਆਂ ਦੀਆਂ ਹੱਥ ਵਿੱਚ ਲੈ ਕੇ, ਸ਼ਬਦ ਜੁਗਾਲੀ ਕਰਨ ਲੱਗੇ ਹਨ। ਹੁਣ ਤੱਕ ਕਿਸੇ ਵੀ ਘਟਨਾ ਦੇ ਕਾਰਨਾਂ ਤੇ ਅਸਲੀ ਦੋਸ਼ੀਆਂ ਦੇ ਚਿਹਰੇ ਸਾਹਮਣੇ ਨਹੀਂ ਆਏ। ਪਿਛਲੇ ਛੇ ਦਹਾਕਿਆਂ ਤੋਂ ਇਹੋ ਹੀ ਵਰਤਾਰਾ ਚੱਲ ਰਿਹਾ ਹੈ ਤੇ ਚੱਲੀ ਜਾਣਾ ਹੈ। ਕਿਉਂਕਿ ਪੰਜਾਬ ਦੇ ਲੋਕ ਲਾਈਲੱਗ ਤੇ ਪਿੱਛਲੱਗੂ ਹਨ। ਇਹਨਾਂ ਦੀ ਹਾਲਤ ਜੀਹਦੇ ਨਾਲ ਕਰਾਂ ਗੱਲਾਂ ਉਹਦੇ ਨਾਲ ਤੁਰ ਚੱਲਾਂ। ਇਹਨਾਂ ਨੂੰ ਆਪਣੇ ਆਪ ਤੁਰਨਾ ਕਦੇ ਨਹੀਂ ਆਇਆ। ਕਿਉਂਕਿ ਇਹਨਾਂ ਨੂੰ ਗੁੜ੍ਹਤੀ ਹੀ ਮਗਰ ਲੱਗ ਕੇ ਤੁਰਨ ਦੀ ਦਿੱਤੀ ਹੈ। ਸਭ ਕਿਸੇ ਨਾ ਕਿਸੇ ਦੇ ਮਗਰ ਤੁਰੇ ਜਾ ਰਹੇ ਹਨ। ਕੋਈ ਸਿਆਸੀ ਪਾਰਟੀਆਂ ਮਗਰ ਹੈ, ਕੋਈ ਸਾਧਾਂ ਦੇ ਡੇਰਿਆਂ ਵੱਲ ਜਾ ਰਿਹਾ ਹੈ। ਕੋਈ ਕਿਸੇ ਮਗਰ ਤੇ ਕੋਈ ਹੋਰ ਮਗਰ, ਭੇਡਾਂ ਬੱਕਰੀਆਂ ਵਾਂਗੂੰ ਸਿਰ ਸੁੱਟ ਕੇ ਜਾਂ ਰਹੇ ਹਨ। ਇਹਨਾਂ ਨੇ ਕਦੇ ਇਹ ਨਹੀਂ ਸੋਚਿਆ ਤੇ ਵਿਚਾਰਿਆ ਕਿ ਉਹਨਾਂ ਦੀ ਹਾਲਤ ਕੀ ਹੈ ਤੇ ਜੀਹਨਾਂ ਮਗਰ ਲੱਗ ਕੇ ਸੀਰੀ ਬਣੇ ਹਨ, ਉਹਨਾਂ ਦੀ ਹਾਲਤ ਕੀ ਹੈ। ਸਿਆਸੀ ਤੇ ਧਾਰਮਿਕ ਆਗੂਆਂ ਦੀਆਂ ਜਾਇਦਾਦਾਂ ਹਰ ਸਾਲ ਸੌ ਤੋਂ ਛੇ ਸੌ ਗੁਣਾਂ ਵੱਧਦੀਆਂ ਹਨ। ਆਮ ਲੋਕਾਂ ਨੂੰ ਰੋਜ਼ੀ ਰੋਟੀ ਕਮਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਜੀਹਨਾਂ ਨੇ ਆਮ ਲੋਕਾਂ ਨੂੰ ਸਹੀ ਸੇਧ ਦੇਣੀ ਸੀ, ਉਹ ਆਪ ਦਿਸ਼ਾ ਹੀਣ ਹੋ ਗਏ ਹਨ। ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਤਿਆਰ ਨਹੀਂ ਹੈ, ਨਾ ਲੋਕ ਜਾਗਰੂਕ ਹੋਣਾ ਚਾਹੁੰਦੇ ਹਨ। ਉਹਨਾਂ ਨੂੰ ਅਜੇ ਦੋ ਵਕਤ ਦੀ ਰੋਟੀ ਮਿਲ਼ਦੀ ਹੈ। ਜਦੋਂ ਇਹ ਮਿਲਣੀ ਬੰਦ ਹੋਈ ਤਾਂ ਹੋ ਸਕਦਾ ਲੋਕ ਜਾਗਣ। ਅਜੇ ਤਾਂ ਉਹ ਸਰੂਰ ਵਿੱਚ ਮਗਨ ਹੋ ਕੇ ਤੁਰੇ ਜਾ ਰਹੇ ਹਨ। ਉਹਨਾਂ ਨੂੰ ਹਰ ਕੋਈ ਜੰਨਤ ਦੇ ਦਰਵਾਜ਼ੇ ਤੱਕ ਛੱਡਣ ਦਾ ਭਰੋਸਾ ਦੇ ਰਿਹਾ ਹੈ। ਉਹ ਸਿਆਸੀ ਆਗੂ ਹੋਵੇ ਜਾਂ ਫਿਰ ਕੋਈ ਡੇਰੇਦਾਰ। ਜਿਵੇਂ ਸਰਬਜੀਤ ਚੀਮਾ ਗਾਉਂਦਾ ਹੈ, ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਹੈ। ਇਸ ਸਭ ਕੁੱਝ ਨੂੰ ਦੇਖ ਕੇ ਪਹਿਲਾਂ ਦੀਦਾਰ ਸੰਧੂ ਨੇ ਗਾਇਆ ਸੀ, ਖੱਟੀ ਖੱਟ ਗਏ ਮੁਰੱਬਿਆਂ ਵਾਲੇ ਨੀਂ ਅਸੀਂ ਰਹਿ ਗਏ ਭਾਅ ਪੁੱਛਦੇ। ਸੋ ਦੋਸਤੋ ਖੱਟੀ ਕੌਣ ਖੱਟੀ ਜਾ ਰਿਹਾ ਹੈ, ਇਹ ਮੁਰੱਬਿਆਂ ਵਾਲੇ ਕੌਣ ਹਨ? ਸਿਆਸੀ ਪਾਰਟੀਆਂ ਆਗੂ, ਡੇਰੇਦਾਰ, ਸਿਹਤ, ਸਿਖਿਆ ਤੇ ਬੁੱਧੀਜੀਵੀ ਤੇ ਉਹ ਜੋਂ ਨਜ਼ਰ ਨਹੀਂ ਆਉਂਦੇ? ਇਹਨਾਂ ਦੀ ਪਛਾਣ ਕਰਨ ਦੀ ਲੋੜ ਹੈ, ਪਛਾਣ ਕਰਨ ਲਈ ਗਿਆਨ ਹਾਸਲ ਕਰਨਾ ਪੈਂਦਾ ਹੈ। ਉਸ ਲਈ ਅਧਿਐਨ ਕਰਨਾ ਪੈਂਦਾ ਹੈ। ਪਰ ਅਸੀਂ ਸਿੱਖਿਆ, ਧਾਰਮਿਕ ਸਥਾਨਾਂ ਤੇ ਗਿਆਨ ਵੰਡਣ ਵਾਲੀਆਂ ਸੰਸਥਾਵਾਂ ਦੀ ਪ੍ਰਕਰਮਾ ਕਰਦੇ ਹਾਂ। ਗਿਆਨ ਹਾਸਲ ਨਹੀਂ ਕਰਦੇ। ਡਿਗਰੀਆਂ ਤੇ ਗਿਆਨ ਹਾਸਲ ਕਰਨ ਵਿੱਚ ਫ਼ਰਕ ਹੁੰਦਾ ਹੈ। ਜਦੋਂ ਸਾਨੂੰ ਇਹ ਸਮਝ ਆ ਗਈ ਕਿ ਸਾਨੂੰ ਪੜ੍ਹਾਇਆ ਕੀ ਜਾਂਦਾ ਹੈ ਤੇ ਸਾਨੂੰ ਕਰਨਾ ਕੀ ਪੈਦਾ ਹੈ? ਇਸ ਅੰਤਰ ਦਵੰਦ ਨੂੰ ਸਮਝਣ ਲਈ ਤੀਜਾ ਨੇਤਰ ਜਗਾਉਣ ਦੀ ਲੋੜ ਹੈ। ਜਿਹੜਾ ਬਹੁਗਿਣਤੀ ਲੋਕਾਂ ਦਾ ਬੰਦ ਹੈ। ਜਿਸ ਦਾ ਖੁੱਲ੍ਹਾ ਹੈ, ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਬੰਦ ਨੇਤਰ ਖੋਲ੍ਹੇ ਤੇ ਬੋਲੇ। ਖੱਟੀ ਖੱਟ ਗਏ ਮੁਰੱਬਿਆਂ ਵਾਲੇ ਤੇ ਅਸੀਂ ਰਹਿ ਗਏ ਭਾਅ ਪੁੱਛਦੇ।

ਬੁੱਧ ਸਿੰਘ ਨੀਲੋਂ, 9464370823

ਭਗਵੰਤ ਸਿਆਂ ਤੇਰੀ ਦ੍ਰਿੜਤਾ ਹੀ ਪੰਜਾਬ ਨੂੰ ਬੰਜਰ ਹੋਣੋਂ ਬਚਾ ਸਕਦੀ ਐ, ਉੱਧਰ ਦਿੱਲੀ ਤੇਰੀ ਵਫ਼ਾ ਨੂੰ ਦਾਗੀ ਕਰਨ ਚ ਜੁਟੀ ਹੋਈ ਐ

ਖੁੱਲ਼ਾ ਖਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ
ਬਘੇਲ ਸਿੰਘ ਧਾਲੀਵਾਲ

ਸੰਭਲਕੇ ਭਰਾਵਾ ! ਸਿਆਣੇ ਤੇ ਸ਼ਰੀਫ਼ ਲੋਕ ਕਹਿੰਦੇ ਰਾਜ-ਸੱਤਾ ਕੰਡਿਆਂ ਦੀ ਸੇਜ ਹੈ। ਖਾਸ ਕਰਕੇ ਪੰਜਾਬ ਦੀ ਸੱਤਾ ਕਦੇ ਵੀ ਪੰਜਾਬ ਪੱਖੀ ਜਾਂ ਲੋਕਪੱਖੀ  ਨਹੀ ਰਹੀ। ਇੱਥੇ ਰਾਜ ਕਰਨ ਵਾਲੇ ਲੋਕ ਭਵਨਾਵਾਂ ਦੇ ਕਾਤਲ ਹੀ ਸਿੱਧ ਹੁੰਦੇ ਰਹੇ ਨੇ। ਪੰਜਾਬ ਦੇ ਲੋਕਾਂ ਤੋ ਤਾਕਤ ਲੈ ਕੇ ਭੁਗਤਦੇ ਦਿੱਲੀ ਦੇ ਪੱਖ ਚ ਰਹੇ ਹਨ। ਲੋਕਾਂ ਨੇ 2022 ਵਿੱਚ  ਬੜੀ ਸ਼ਿੱਦਤ ਨਾਲ ਤੁਹਾਡੀ ਪਾਰਟੀ ਨੂੰ ਇਸ ਕਰਕੇ ਚੁਣਿਆ, ਕਿਉਂਕਿ ਹੁਣ ਤੱਕ ਰਾਜ ਕਰਦੀਆਂ ਧਿਰਾਂ ਲੋਕਾਂ ਨਾਲ ਧੋਖਾ ਕਰਦੀਆਂ ਰਹੀਆਂ ਹਨ।ਉਹਨਾਂ ਦੀ ਕਹਿਣੀ ਤੇ ਕਰਨੀ ਚ ਜਮੀਨ ਅਸਮਾਂਨ ਜਿੰਨਾਂ ਅੰਤਰ ਰਹਿੰਦਾ ਰਿਹਾ ਹੈ। ਪੰਥ ਦੇ ਨਾਮ ਤੇ ਸਾਰੀ ਉਮਰ ਸਿਆਸਤ ਕਰਨ ਵਾਲੇ ਅਤੇ ਰਾਜ ਭਾਗ ਮਾਨਣ ਵਾਲੇ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਘੋਰ ਬੇਅਦਬੀਆਂ ਦੇ ਦੋਸ਼ੀ ਅਤੇ ਸਿੱਖ ਨੌਜਵਾਨਾਂ ਦੇ ਕਾਤਲ ਬਣ ਗਏ। ਪੰਜਾਬ ਦੇ ਲੋਕਾਂ ਨਾਲ ਇਸ ਤੋ ਵੱਡਾ ਧੋਖਾ ਹੋਰ ਕਿਹੜਾ ਹੋ ਸਕਦਾ ਹੈ ਕਿ ਗੁਟਕਾ ਸਾਹਿਬ ਦੀ ਕਸਮ ਖਾਣ ਵਾਲੇ ਦਿੱਲੀ ਨਾਲ ਜਾ ਰਲੇ। ਪੰਜਾਬ ਦੀ ਜੁਆਨੀ ਕਿਸੇ ਗਹਿਰੀ ਸਾਜਿਸ਼ ਤਹਿਤ ਨਸ਼ਿਆਂ ਵੱਲ ਧੱਕ ਦਿੱਤੀ ਗਈ। ਪੰਜਾਬ ਚ ਬਲ਼ਦੇ ਸਿਵਿਆਂ ਦੀ ਅੱਗ ਨੇ ਲੋਕਾਂ ਚ ਅਜਿਹਾ ਸਹਿਮ ਪੈਦਾ ਕਰ ਦਿੱਤਾ ਕਿ ਡਰੇ ਹੋਏ ਮਾਪਿਆਂ ਨੇ ਅਪਣੀ ਔਲਾਦ ਨੂੰ ਬਾਹਰਲੇ ਮੁਲਕਾਂ ਚ ਭੇਜਣ ਲਈ ਜਮੀਨਾਂ ਜਾਇਦਾਦਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਲਿਹਾਜ਼ਾ ਬੁੱਢੇ ਮਾਪੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਇਕਲਾਪਾ ਕੱਟਣ ਵਿੱਚ ਖੁਸ਼ੀ ਅਨੁਭਵ ਕਰਨ ਦੇ ਆਦੀ ਬਣ ਗਏ। ਪੰਜਾਬ ਸੁੰਨ ਮ ਸੁੰਨਾ ਹੁੰਦਾ ਜਾ ਰਿਹਾ ਹੈ। ਸਾਡੀ ਇੱਕ ਨਸਲ ਨੂੰ 84, 90 ਦਾ ਦਹਾਕਾ ਡਕਾਰ ਗਿਆ।ਅਗਲੀ ਨਸ਼ਿਆਂ ਦੇ ਰਾਹ ਤੋਰ ਦਿੱਤੀ। ਲਗਾਤਾਰ 15,18 ਸਾਲਾਂ ਦੀ ਲੁੱਟ, ਕੁੱਟ ਅਤੇ ਧੋਖੇਵਾਜੀਆਂ ਦੇ ਸਤਾਏ ਪੰਜਾਬੀਆਂ ਨੇ ਆਖਿਰ ਤੁਹਾਡਾ ਝਾੜੂ ਫੜ ਲਿਆ ਅਤੇ ਬਾਕੀ ਰਵਾਇਤੀ ਪਾਰਟੀਆਂ ਹੱਥ ਮਲਦੀਆਂ ਰਹਿ ਗਈਆਂ। ਕਿਹਾ ਤਾਂ ਇਹ ਵੀ ਜਾਂਦਾ ਰਿਹਾ ਹੈ ਕਿ ਇਹ ਸਭ ਈ ਵੀ ਐਮ ਦੀ ਮਿਹਰਬਾਨੀ ਸੀ, ਪਰ ਇਸ ਦੇ ਬਾਵਜੂਦ ਵੀ ਆਪਾਂ  ਤੁਹਾਨੂੰ ਮਿਲੇ ਅਣ ਕਿਆਸੇ ਬਹੁਮਤ ਦਾ ਮੁੱਖ ਕਾਰਨ ਲੋਕਾਂ ਚ ਚਿਰੋਕਣੀ ਨਿਰਾਸਤਾ ਅਤੇ ਵੱਡਾ ਕਾਰਨ ਤੇਰੀ ਹਰਮਨ ਪਿਆਰਤਾ ਹੀ ਸਮਝਦੇ ਹਾਂ। ਆਂਮ ਆਦਮੀ ਪਾਰਟੀ ਕਿਉਂਕਿ ਤੇਰੀ ਹਰਮਨ ਪਿਆਰਤਾ ਕਾਰਨ ਐਨੀ ਵੱਡੀ ਜਿੱਤ ਦੀ ਦਾਅਵੇਦਾਰ ਬਣੀ, ਇਸ ਲਈ ਦਿੱਲ਼ੀ ਵਾਲਿਆਂ ਨੇ ਨਾ ਚਾਹੁੰਦਿਆਂ ਵੀ ਤੁਹਾਨੂੰ ਮੁੱਖ ਮੰਤਰੀ ਬਣਾ ਦਿੱਤਾ, ਪੰਜਾਬ ਦੀ ਇਹ ਤਰਾਸਦੀ ਹੈ ਕਿ ਦਿੱਲੀ ਨੇ ਪੰਜਾਬ ਨੂੰ ਆਪਣਾ ਕਦੇ ਵੀ ਨਹੀ ਸਮਝਿਆ, ਇਸ ਲਈ ਦਿੱਲੀ ਨੇ ਕਦੇ ਵੀ ਪੰਜਾਬ ਨਾਲ ਵਫ਼ਾ ਨਹੀ ਕਰਨੀ। ਇੰਜ ਜਾਪਦਾ ਹੈ,ਜਿਵੇਂ ਸੱਤਾ ਸੌਂਪਣ ਸਮੇ ਤੁਹਾਡੇ ਕੋਲੋਂ ਪੰਜਾਬੀ ਕਹਾਬਤ ਮੁਤਾਬਿਕ ਪਹਿਲਾਂ “ਆਨੋ ਆਨਾ ਮਨਾ ਕੇ” ਹੀ ਸੱਤਾ ਦੀ ਵਾਂਗਡੋਰ ਸੌਂਪੀ ਹੋਵੇ। ਕਿਉਂਕਿ ਸੱਤਾ ਸੰਭਾਲਦਿਆਂ ਹੀ ਜਿਸਤਰਾਂ ਰਾਜ ਸਭਾ ਦੇ ਮੈਬਰਾਂ ਦੀ ਨਾਮਜਦਗੀ ਸਮੇ ਦਿੱਲੀ ਵਾਲਿਆਂ ਨੇ ਮਨ ਮਰਜੀ ਕੀਤੀ, ਉਹਦੇ ਤੋ ਅਜਿਹੇ ਕਿਆਫੇ ਲਾਏ ਜਾਣੇ ਸੁਭਾਵਿਕ ਹਨ। ਫਿਰ ਵੀ ਉਸ ਸਮੇ ਤੋ ਹੀ ਪੰਜਾਬੀ ਚਾਹੁੰਦੇ ਹਨ ਕਿ ਤੁਹਾਡੀ 92 ਵਿਧਾਇਕਾਂ ਵਾਲੀ ਸੱਤਾਧਾਰੀ ਪਾਰਟੀ ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਫੈਸਲਿਆਂ ਖਿਲਾਫ ਮਤਾ ਪਾਸ ਕਰੇ। ਲੋਕ ਇਹ ਵੀ ਚਾਹੁੰਦੇ ਹਨ ਕਿ ਤੁਹਾਨੂੰ ਪੰਜਾਬ ਦੇ ਕੁੱਝ ਸੰਵੇਦਨਸੀਲ ਮਾਮਲਿਆਂ ਵਿੱਚ ਦਿੱਲੀ ਦੇ ਮੂੰਹ ਵੱਲ ਦੇਖਣਾ ਨਹੀ ਸੀ ਚਾਹੀਂਦਾ, ਬਲਕਿ ਪੰਜਾਬ ਪੱਖੀ ਫੈਸਲਾ ਲੈਂਦੇ ਹੋਏ ਅਜਿਹੇ ਮਤੇ ਪਾਸ ਕਰ ਦੇਣੇ ਚਾਹੀਦੇ ਹਨ,ਪਰ  ਤੁਸੀ ਅਜਿਹਾ ਨਹੀ ਕਰ ਸਕੇ, ਕਿਉਂਕਿ ਜਿਸਤਰਾਂ ਤੁਸੀ ਪਾਰਟੀ ਪ੍ਰਧਾਨ ਦੇ ਗਲਤ ਫੈਸਲਿਆਂ ਪ੍ਰਤੀ ਪਹਿਲਾਂ ਵੀ ਚੁੱਪ ਧਾਰਦੇ ਰਹੇ ਹੋ, ਉਹਦੇ ਮੁਤਾਬਿਕ ਤਾਂ ਤੁਹਾਡੇ ਤੋ ਅਜਿਹੀ ਕੋਈ ਉਮੀਦ ਦਿਖਾਈ ਨਹੀ ਦਿੰਦੀ, ਪਰ ਜੇਕਰ ਤੁਹਾਨੂੰ ਇਕ ਗੈਰਤਮੰਦ ਪੰਜਾਬੀ ਵਜੋਂ ਦੇਖਿਆ ਜਾਵੇ, ਅਤੇ ਤੁਹਾਡੇ ਕਰਕੇ ਮਿਲੇ ਤੁਹਾਡੀ ਪਾਰਟੀ ਨੂੰ ਲੋਕ ਫਤਬੇ ਦੇ ਸੰਦਰਭ ਚ ਦੇਖਿਆ ਜਾਵੇ, ਤਾਂ ਕਈ ਵਾਰ ਅਜਿਹਾ ਵੀ ਜਾਪਦਾ ਹੈ ਕਿ ਲੋਕ ਸੇਵਾ ਲਈ ਬੇਹੱਦ ਸਫਲ ਕਮੇਡੀਅਨ ਤੋ ਸਿਆਸਤ ਵਿੱਚ ਆਏ ਭਗਵੰਤ ਸਿੰਘ ਮਾਨ ਕੋਈ ਵੱਡਾ ਲੋਕ ਪੱਖੀ ਫੈਸਲਾ ਵੀ ਲੈ ਸਕਦੇ ਹਨ। ਜਦੋ ਇਹ ਕੰਡਿਆਂ ਦੀ ਸੇਜ ‘ਤੇ ਬੈਠਣ ਦਾ ਰਾਸਤਾ ਚੁਣ ਹੀ ਲਿਆ ਹੈ, ਫਿਰ ਹਿੰਮਤ ਵੀ ਦਿਖਾਉਣੀ ਪਵੇਗੀ।ਸਿਆਣਿਆਂ ਦੀ ਕਹਾਵਤ ਹੈ ਕਿ ਚੰਗੇ ਗੁਣ ਤਾਂ ਦੁਸ਼ਮਣ ਤੋ ਵੀ ਲੈ ਲੈਣੇ ਚਾਹੀਦੇ ਹਨ, ਇਸ ਲਈ ਆਪਣੇ ਲੋਕਾਂ ਨਾਲ ਖੜ੍ਹਨ ਦਾ ਗੁਣ ਤੇਲੰਗਾਨਾ ਦੇ ਦੂਜੀ ਵਾਰੀ 2018 ਤੋਂ 2023 ਤੱਕ ਮੁੱਖ ਮੰਤਰੀ ਰਹੇ “ਕੇ.ਚੰਦਰਸੇਖਰ ਰਾਓ” ਤੋ ਸਿੱਖਣਾ ਚਾਹੀਦਾ ਹੈ, ਜਿਸ ਨੇ ਕੇਂਦਰ ਵੱਲੋਂ ਤੇਲੰਗਾਨਾ ਦੇ ਕਿਸਾਨਾਂ ਦਾ ਝੋਨਾ ਖਰੀਦਣ ਤੋ ਕੀਤੇ ਇਨਕਾਰ ਤੋ ਬਾਅਦ ਕਿਸਾਨਾਂ ਨੂੰ ਅੰਦੋਲਨ ਕਰਨ ਅਤੇ ਅੰਦੋਲਨ ਵਿੱਚ ਆਪਣੀ ਪਾਰਟੀ “ਤੇਲੰਗਾਨਾ ਰਾਸ਼ਟਰੀ ਸੰਮਤੀ” ਨੂੰ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਸੀ। ਤੇਲੰਗਾਂਨਾ ਦੇ ਉਸ ਕਿਸਾਨ ਸੰਘਰਸ਼ ਵਿੱਚ  ਟੀ ਆਰ ਐਸ ਸਰਕਾਰ ਤੱਕ ਸਾਮਲ ਕਰਨ ਦਾ ਫੈਸਲਾ ਕੇ.ਚੰਦਰਸੇਖਰ ਰਾਓ ਨੂੰ ਲੋਕ ਨਾਇਕ ਬਣਾਉੰਦਾ ਹੈ। ਏਥੇ ਹੀ ਬੱਸ ਨਹੀ ਕੇ.ਚੰਦਰਸੇਖਰ ਰਾਓ ਨੇ ਗਰਾਮ ਪੰਚਾਇਤਾਂ, ਜਿਲ੍ਹਾ ਪ੍ਰੀਸ਼ਦਾਂ ਅਤੇ ਨਗਰ ਕੌਸਲਾਂ ਨੂੰ ਕੇਂਦਰ ਦੀ ਧੱਕੇਸ਼ਾਹੀ ਦੇ ਖਿਲਾਫ ਮਤੇ ਪਾਉਣ ਦੀ ਅਪੀਲ ਵੀ ਕੀਤੀ ਸੀ, ਅਜਿਹੀ ਲੋਕ ਪ੍ਰਸਤੀ ਦੀ ਭਾਵਨਾ ਤੇਰੇ ਵਿੱਚ ਵੀ ਹੋਣੀ ਚਾਹੀਦੀ ਸੀ,ਪਰ ਅਫਸੋਸ ! ਤੈਨੂੰ ਤਾਂ ਕੇਂਦਰੀ ਤਾਕਤਾਂ ਕਿਸਾਨਾਂ ਦੇ ਵਿਰੋਧ ਵਿੱਚ ਵਰਤ ਗਈਆਂ। ਜਿਹੜੇ ਲੋਕਾਂ ਨੇ ਦਿੱਲੀ ਤੋ ਹੱਕ ਲੈਣ ਲਈ ਤੇਰੀ ਤਾਕਤ ਬਨਣਾ ਸੀ,ਉਹਨਾਂ ਨਾਲ ਦੁਸ਼ਮਣੀ ਵਿੱਢ ਲਈ। ਤੁਸੀਂ ਭਾਂਵੇਂ ਇਹ ਕੌੜਾ ਸੱਚ ਮੰਨੌ ਭਾਂਵੇਂ ਨਾ ਮੰਨੋ, ਪਰ ਇਹ ਸਚਾਈ ਹੈ ਕਿ ਪੰਜਾਬ ਦੇ ਲੋਕ ਇਹ ਭਲੀ-ਭਾਂਤ ਜਾਣਦੇ ਅਤੇ ਸਮਝਦੇ ਹਨ ਕਿ ਸਰਕਾਰ ਦੇ ਗਠਨ ਸਮੇ ਦਿਲੀ ਵਾਲੇ ਮਾਲਕਾਂ ਨੇ ਤੁਹਾਡਾ ਮੰਤਰੀ ਮੰਡਲ ਬੇਹੱਦ ਕਮਜੋਰ ਬਣਾਇਆ ਹੈ ਅਤੇ ਤੁਹਾਨੂੰ ਮੋਹਰਾ ਬਣਾ ਕੇ ਅੱਗੇ ਲਾਇਆ ਗਿਆ ਹੈ, ਜਦੋਕਿ ਪੰਜਾਬ ਸਰਕਾਰ ਦੇ ਤਾਂਗੇ ਵਾਲੇ ਘੋੜੇ ਨੂੰ ਹੱਕਣ ਅਤੇ ਕਾਬੂ ਚ ਰੱਖਣ ਲਈ ਲਗਾਮ ਅਤੇ ਚਾਬਕ ਤਾਂ ਦਿੱਲੀ ਵਾਲਿਆਂ ਆਪਣੇ ਹੱਥ ਹੀ ਰੱਖੀ ਹੋਈ ਹੈ, ਇਸ ਲਈ ਚਣੌਤੀਆਂ ਬੇਸੁਮਾਰ ਹਨ। ਇਹ ਕੌੜਾ ਸੱਚ ਹੈ ਭਗਵੰਤ ਸਿਆਂ ਕਿ ਪੰਜਾਬੀ ਗੈਰਤ ਤੇਰੇ ਸਿਰ ਤੇ ਬੈਠੀ ਦਿੱਲੀ ਵਾਲਿਆਂ ਦੀ ਲੋਟੂ ਹੇੜ੍ਹ ਨੂੰ ਬਹੁਤ ਨਫਰਤ ਕਰਦੀ ਐ। ਪਹਿਲਾਂ ਚੰਡੀਗੜ੍ਹ ਅਤੇ ਭਾਖੜਾ ਡੈਮ ਤੋਂ ਪੰਜਾਬ ਦੀ ਦਾਅਵੇਦਾਰੀ ਖਤਮ ਕਰਨੀ, ਹਿਮਾਚਲ ਵੱਲੋਂ ਰਾਇਪੇਰੀਅਨ ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾਂ ਪੰਜਾਬ ਤੋਂ ਪਾਣੀ ਦਾ ਮੁੱਲ ਮੰਗਣਾ, ਐਸ ਵਾਈ ਐਲ ਦੇ ਮੁੱਦੇ ਤੇ ਹਰਿਆਣੇ ਦੇ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਬਿਆਨ, ਅਤੇ ਹੁਣ ਮੌਜੂਦਾ ਹਰਿਆਣਾ ਸਰਕਾਰ ਦੀ ਪਿੱਠ ਤੇ ਖੜੀ ਦਿੱਲੀ ਦਾ ਪਾਣੀ ਖੋਹਣ ਲਈ ਲੱਗਿਆ ਅੱਡੀ ਚੋਟੀ ਦਾ ਜੋਰ, ਹਿਮਾਚਲੀਆਂ ਦੀ ਸ਼ਰੇਆਮ ਗੁੰਡਾਗਰਦੀ, ਰਾਜ ਸਭਾ ਚ ਪੰਜਾਬ-ਪੱਖੀ ਮੈਂਬਰ ਭੇਜਣ ਦੀ ਬਜਾਏ ਕੇਂਦਰੀ ਅਤੇ ਕਾਰਪੋਰੇਟ ਘਰਾਣਿਆਂ ਨੂੰ ਭੇਜਣਾ, ਇਸ ਤੋ ਇਲਾਵਾ ਸਿੱਖਾਂ ਖਿਲਾਫ ਸਿਰਜੇ ਜਾ ਰਹੇ ਵਿਰਤਾਂਤ ਸਮੇਤ ਸਾਰੇ ਹੀ ਬੇਹੱਦ ਜਰੂਰੀ ਤੇ ਫੌਰੀ ਧਿਆਨ ਮੰਗਦੇ ਮੁੱਦਿਆਂ ਤੇ ਤੁਹਾਡੀ ਹੁਣ ਤੱਕ ਧਾਰੀ ਚੁੱਪ ਪੰਜਾਬੀ ਗੈਰਤ ਦਾ ਅਪਮਾਨ ਕਰਨ ਵਰਗੀ ਸੀ ਭਗਵੰਤ ਸਿੰਆਂ ! ਪਰ ਹੁਣ ਤਾਜਾ ਹਾਲਾਤਾਂ ਦੌਰਾਨ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਕੇਂਦਰ ਦੀ ਧੱਕੇਸ਼ਾਂਹੀ ਅਤੇ ਪੰਜਾਬ ਨਾਲ ਵਿਤਕਰੇ ਦੇ ਖਿਲਾਫ ਤੇਰਾ ਹਿੱਕ ਡਾਹਕੇ ਖੜਨਾ ਪੰਜਾਬ ਨੂੰ ਕਿਸੇ ਖੁਸ਼ੀ ਦੇ ਸੁਨੇਹੇ ਤੋਂ ਵੀ ਵੱਧ ਚੰਗਾ ਲੱਗਿਆ ਹੈ, ਪਰ ਕਿਤੇ ਨਾ ਕਿਤੇ ਮਨ ਚ ਇਹ ਤੌਖਲਾ ਅਜੇ ਵੀ ਹੈ ਕਿ ਪਤਾ ਨਹੀ ਦਿੱਲੀ ਵਾਲੇ ਤੈਨੂੰ ਪੰਜਾਬ ਦੇ ਹੱਕ ਲਈ ਡਟਿਆ ਰਹਿਣ ਦੇਣਗੇ ਵੀ ਜਾਂ ਉਹਨਾਂ ਦੇ ਹੁਕਮਾਂ ਅੱਗੇ ਪੰਜਾਬ ਦੇ ਹਿਤ ਵੀ ਛੋਟੇ ਪੈ ਜਾਣਗੇ। ਅਜਿਹਾ ਸੋਚਣਾ  ਪੰਜਾਬੀਆਂ ਦਾ ਸੁਭਾਅ ਨਹੀ ਪਰ 75, 76 ਸਾਲਾਂ ਤੋਂ ਧੋਖੇ ਹੀ ਖਾਧੇ ਨੇ। ਬਹੁਤ ਸਾਰੇ ਮੁੱਦੇ ਹਨ, ਜਿੰਨਾਂ ਦੀ ਬਜਾਹ ਕਰਕੇ ਅਕਾਲੀਆਂ ਅਤੇ ਕਾਂਗਰਸੀਆਂ ਦਾ ਪੰਜਾਬ ਚੋ ਸਿਆਸੀ ਪਤਨ ਹੋਇਆ, ਪਹਿਲਾਂ ਬਿਜਲੀ, ਪਾਣੀਆਂ ਦੀ ਲੁੱਟ ਕਰਵਾਉਣ ਵਿੱਚ ਭਾਗੀਦਾਰੀ ਸਮੇਤ ਪੰਜਾਬ ਦੇ ਸਮੁੱਚੇ ਹਿਤਾਂ ਦੀ ਅਣਦੇਖੀ ਕਰਨ ਬਦਲੇ ਕੇਂਦਰ ਦੇ ਰਹਿਮੋ ਕਰਮ ਤੇ ਸੱਤਾ ਸੁੱਖ ਲੈਣਾ, ਇਸ ਤੋ ਇਲਾਵਾ ਸਾਹਿਬ ਸ੍ਰੀ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆ ਨੂੰ ਸਜ਼ਾ ਨਾ ਮਿਲਣੀ,ਗੋਲੀਆਂ ਚਲਾਉਣ ਵਾਲੇ ਪੁਲਿਸ ਅਫਸਰਾਂ ਤੇ ਬਣਦੀ ਕਾਰਵਾਈ ਨਾ ਹੋਣਾ, ਇੱਕ ਸਾਜਿਸ਼  ਤਹਿਤ ਪੰਜਾਬ ਚ ਗੈਰ ਪੰਜਾਬੀਆਂ ਨੂੰ ਵਸਾਇਆ ਜਾਣਾ, ਬੇਅਦਬੀ ਕਰਨ ਵਾਲਿਆਂ ਦੇ ਹੌਸਲੇ ਇਸ ਕਦਰ ਵਧ ਜਾਣੇ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਪਹੁੰਚ ਜਾਣ, ਸੋ  ਹਿਰਦਿਆਂ ਚ ਸ਼ੇਕ ਕਰਨ ਵਾਲੀਆਂ ਅਜਿਹੀਆਂ ਹਰਕਤਾਂ ਕਾਰਨ ਪੰਜਾਬੀਆਂ ਨੇ ਪਹਿਲਿਆਂ ਨੂੰ ਨਕਾਰਿਆ, ਹੁਣ “ਸੌ ਹੱਥ ਰੱਸਾ ਸਿਰੇ ਤੇ ਗੰਢ” ਵਾਲੀ ਗੱਲ ਹੈ ਭਾਈ ਹੁਣ ਪੰਜਾਬ ਦੀ ਹੋਣੀ ਤੇਰੇ ਹੱਥ ਐ, ਭਾਵੇਂ ਸਾਂਭ ਲੈ ਬੇਸ਼ੱਕ ਰੋਲ਼ਦੇ। ਗੱਲ ਇਹ ਵੀ ਝੂਠ ਨਹੀ ਕਿ “ਕੱਲੀ ਜਿੰਦ ਤੇ ਮੁਲਾਹਜੇਦਾਰ ਵਾਹਲੇ” ਨੇ, ਜੇਕਰ ਦਿੱਲੀ ਦਾ ਮਾਣ ਰੱਖਣ ਦੀ ਸੋਚੇਂਗਾ ਤਾਂ ਪੰਜਾਬ ਚੋ ਗਿਆ ਜੇ ਪੰਜਾਬ ਨਾਲ ਖੜੇਂਗਾ ਤਾਂ ਦਿੱਲੀ ਨੂੰ ਮਨਜੂਰ ਨਹੀ ਹੋਣਾ, ਪਰ ਇਹ ਹੁਣ ਤੇਰੇ ਤੇ ਨਿਰਭਰ ਹੈ ਕਿ ਤੂੰ ਮਾਂ ਦੇ ਦੁੱਧ ਦੀ ਲਾਜ ਰੱਖਣੀ ਹੈ,ਜਾਂ ਕਲੰਕ ਖੱਟਣਾ ਹੈ।ਬੀਤੇ ਸਾਲਾਂ ਵਿੱਚ ਮਜੀਠਾ ਲਾਗੇ ਪਿੰਡ ਅਨਾਇਤਪੁਰੇ ਦੇ ਹਾਲਾਤ ਪੰਜਾਬ ਦੀ ਸਾਂਤ ਫਿਜ਼ਾ ਚ ਜਹਿਰ ਘੋਲਣ ਦੇ ਸਪੱਸਟ ਸੰਕੇਤ ਸਨ, ਇਹਨਾਂ ਗੁੱਜਰਾਂ ਨੂੰ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਸਾਜਿਸ਼ੀ ਸਮਝੌਤੇ ਤਹਿਤ ਇਜਹਾਰ ਆਲਮ ਰਾਹੀ ਪੰਜਾਬ ਚ ਵਸਾਇਆ ਸੀ, ਤਾਂ ਕਿ ਨਿਰਧਾਰਤ ਸਮੇ ਮੁਸਲਮਾਨਾਂ ਅਤੇ ਸਿੱਖਾਂ ਚ ਖੂਨ ਖਰਾਬਾ ਕਰਵਾ ਕੇ 1947 ਨੂੰ ਮੁੜ ਦੁਹਰਾਇਆ ਜਾ ਸਕੇ, ਕਿਉਂਕਿ ਸਿੱਖਾਂ ਅਤੇ ਮੁਸਲਮਾਨਾਂ ਚ ਕਰਵਾਏ ਦੰਗੇ ਕੇਂਦਰੀ ਹਿੰਦੁਤਬਾ ਏਜੰਡੇ ਦੇ ਫਿੱਟ ਬੈਠਦੇ ਹਨ।ਪੰਜਾਬ ਵਿਰੋਧੀ ਤਾਕਤਾਂ ਤੈਨੂੰ ਬੇਅੰਤ ਜਾਂ ਬਾਦਲ ਬਨਾਉਣ ਦੀ ਤਾਕ ਚ ਨੇ, ਇਹ ਹੁਣ ਤੂੰ ਦੇਖਣੈ ਕਿ ਲੋਕਾਂ ਦਾ ਸੱਚਾ ਆਗੂ ਬਨਣਾ ਹੈ ਜਾਂ ਦਿੱਲੀ ਨਾਲ ਖੜਕੇ ਖਲਨਾਇਕ ਦੀ ਭੂਮਿਕਾ ਨਿਭਾਉਣੀ ਹੈ। ਪਿਛਲਿਆਂ ਵਰਗਾ ਲੋਕ ਧਰੋਹੀ ਬਨਣਾ ਹੈ ਜਾਂ ਤੇਲੰਗਾਨਾ ਦੇ ਮਹਾਂ ਨਾਇਕ ਕੇ ਚੰਦਰਸ਼ੇਖਰ ਰਾਓ ਵਾਂਗ ਆਪਣੇ ਲੋਕਾਂ ਦਾ ਨਾਇਕ ਬਣਨਾ ਹੈ, ਇਹ ਫੈਸਲਾ ਤੇਰੇ ਹੱਥ ਹੈ ਮਿੱਤਰਾ ! ਪਰ ਇਹ ਯਾਦ ਰੱਖੀਂ ਕਿ ਦਿੱਲੀ ਕਦੇ ਪੰਜਾਬ ਦੀ ਸਕੀ ਨਹੀ ਹੋਈ, ਇਸ ਲਈ ਜਿਗਰਾ ਰੱਖੀਂ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਦਾ। ਇਹ ਵੀ ਚੇਤਿਆਂ ਚ ਵਸਾ ਕੇ ਰੱਖੀਂ ਭਰਾਵਾ, ਜੇਕਰ ਪੰਜਾਬ ਦੇ ਖਿਲਾਫ਼ ਭੁਗਤਿਆ ਤੈਨੂੰ ਤਰੀਖ ਨੇ ਮੁਆਫ਼ ਨਹੀ ਕਰਨਾ ! ਹੱਕ ਚ ਡਟਿਆ ਰਹੇੰਗਾ ਤਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੀ ਖੂਬਸੂਰਤੀ ਚ ਜੜਿਆ ਜਾਵੇੰਗਾ। ਰਾਜ-ਸੱਤਾ ਦੀ ਕੰਡਿਆਲੀ ਸੇਜ ਨੂੰ ਮਖਮਲੀ ਬਨਾਉਣਾ ਹੁਣ ਤੇਰੀ ਲਿਆਕਤ ਅਤੇ ਸੂਝ ਬੂਝ ‘ਤੇ ਨਿਰਭਰ ਕਰੇਗਾ। ਪੰਜਾਬ ਦਾ ਸੱਚਾ ਦਰਦਮੰਦ ਲੇਖਕ ਬਾਬਾ ਜਸਵੰਤ ਸਿੰਘ ਕੰਵਲ ਸਿਆਸੀ ਲੋਕਾਂ ਨੂੰ ਪੰਜਾਬ ਬਚਾਉਣ ਲਈ ਦੁਹਾਈਆਂ ਦਿੰਦਾ ਮਰ ਗਿਆ ਪਰ ਉਹਦੀ ਕਿਸੇ ਨੇ ਨਾ ਸੁਣੀ, ਲੇਖਕ ਦਾ ਅਸਲ ਧਰਮ ਆਪਣੇ ਲੋਕਾਂ ਦੇ ਦੁੱਖਾਂ ਦੀ ਕਹਾਣੀ ਕਹਿਣਾ ਹੁੰਦੈ, ਪਰ ਏਥੋਂ ਦੇ ਕੁੱਝ ਲੇਖਕ “ਸੂਰਜ ਦੀ ਅੱਖ” ਦੇ ਬਹਾਨੇ ਆਪਣੇ ਪੁਰਖਿਆਂ ਦੀ ਕਿਰਦਾਰਕੁਸ਼ੀ ਕਰਕੇ ਇਨਾਮ ਖਨਾਮ ਪਾਉਣ ਚ ਮਸ਼ਰੂਫ਼ ਨੇ ਅਤੇ ਬਾਕੀ ਬਹੁਤ ਸਾਰੇ ਸਥਾਪਤੀ ਦੇ ਹੱਕ ਵਿੱਚ ਆਰਤੀ ਉਚਾਰ ਕੇ ਕੁਰਸੀਆਂ ਰੁਤਬੇ ਪਾਉਣ ਚ ਰੁੱਝੇ ਹੋਏ ਨੇ, ਕੰਵਲ ਦੀ ਗੱਲ ਸੁਣਨ ਦਾ ਵਖਤ ਕੀਹਦੇ ਕੋਲ ਹੈ ਭਲਾ ! ਬਾਬੇ ਕੰਵਲ ਦਾ ਪੰਜਾਬ ਪ੍ਰਤੀ ਸੁੱਚਾ ਦਰਦ ਅਤੇ ਉਹਦੀਆਂ ਦਿਲ ਟੁੰਬਦੀਆਂ ਲਿਖਤਾਂ ਦੀ ਹੂਕ ਮੇਰੇ ਕਾਲਜੇ ਚ ਉੱਕਰੀ ਹੋਈ ਹੈ, ਮੈ ਉਹਨਾਂ ਨੂੰ ਸਾਹਿਤਕ ਖੇਤਰ ਵਿੱਚ ਆਪਣਾ ਪਰੇਰਨਾ ਸ੍ਰੋਤ ਮੰਨਦਾ ਹਾਂ। ਮੈ ਇਹ ਖਤ ਰਾਹੀ ਲੋਕਾਂ ਦੇ ਦਿਲ ਦੀ ਗੱਲ ਲਿਖ ਕੇ ਆਪਣਾ ਫਰਜ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਵਾਹਿਗੁਰੂ ਕਿਰਪਾ ਕਰੇ ਭਗਵੰਤ ਸਿੰਆਂ ਤੂੰ ਪੰਜਾਬ ਦੇ ਹੱਕਾਂ ਦੀ ਲੜਾਈ ਚ ਜੇਤੂ ਹੋ ਕੇ ਨਿਕਲੇਂ, ਪੰਜਾਬ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਵੇ, ਪੰਜਾਬ ਦੇ ਲੋਕਾਂ ਨੂੰ ਤੇਰੇ ਤੇ ਵੀ ਅਤੇ ਤੇਰੀ ਅਗਵਾਈ ਵਿੱਚ ਭਰੋਸਾ ਪਰਗਟ ਕਰਨ ਵਾਲੇ ਆਪਣੇ ਫੈਸਲੇ ਤੇ ਵੀ ਮਾਣ ਮਹਿਸੂਸ ਹੋਵੇ, ਤੂੰ ਪੰਜਾਬ ਦੇ ਪਾਣੀਆਂ ਦਾ ਅਸਲੀ ਰਾਖਾ ਹੋ ਨਿੰਬੜੇਂ, ਮੇਰੇ ਸਮੇਤ ਹੋਰ ਲੱਖਾਂ ਪੰਜਾਬੀਆਂ ਵੱਲੋਂ ਪਰਗਟ ਕੀਤੇ ਜਾ ਰਹੇ ਤਮਾਮ ਖਦਸ਼ੇ ਝੂਠੇ ਸਾਬਤ ਹੋਣ, ਇਹ ਮੈ ਸੱਚੇ ਮਨ ਨਾਲ ਕਾਮਨਾ ਕਰਦਾ ਹਾਂ ਭਗਵੰਤ ਸਿੰਆਂ ! ਵਾਹਿਗੁਰੂ ਉਹ ਦਿਨ ਜਲਦੀ ਲੈ ਕੇ ਆਵੇ।ਰੱਬ ਰਾਖਾ !

– ਬਘੇਲ ਸਿੰਘ ਧਾਲੀਵਾਲ, 99142-58142

ਤਣਾਅ ਪੂਰਨ ਮਹੌਲ ਦੋਵਾਂ ਮੁਲਕਾਂ ਨੂੰ ਲੰਮੇ ਸਮੇ ਲਈ ਪਟੜੀ ਤੋ ਉਤਾਰ ਦੇਵੇਗਾ, ਕਿਉਂਕਿ ਨਫਰਤਾਂ ਹਮੇਸਾਂ ਵਿਨਾਸ਼ ਨੂੰ ਜਨਮ ਦਿੰਦੀਆਂ ਹਨ

ਪਹਿਲਗਾਮ ਵਿੱਚ ਹੋਏ 27 ਸੈਲਾਨੀਆਂ ਦੇ ਕਤਲੇਆਮ ਤੋ ਬਾਅਦ ਜਿਸਤਰਾਂ ਦਾ ਤਣਾਅ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੇਖਿਆ ਜਾ ਰਿਹਾ ਹੈ,ਉਹ ਚਿੰਤਾ ਦਾ ਵਿਸ਼ਾ ਹੈ। ਬਿਨਾਂ ਸੱਕ ਇਹ ਕਾਇਰਤਾਂ ਅਤੇ ਕਰੂਰਤਾ ਪੂਰਵਕ ਵਰਤਾਰਾ ਮਾਨਵਤਾ ਵਿਰੋਧੀ ਹੈ, ਅਜਿਹੇ ਦਰਿੰਦਿਆਂ ਨੂੰ ਭਾਵੇਂ ਉਹ ਕੋਈ ਵੀ ਹੋਣ ਬਖਸ਼ਿਆ ਨਹੀ ਜਾਣਾ ਚਾਹੀਦਾ। ਪਰੰਤੂ ਇਸ ਦੇ ਰੋਸ ਵਿੱਚ ਆਪਸੀ ਭਾਈਚਾਰਕ ਸਾਂਝਾਂ ਨੂੰ ਤੋੜਨ ਵਾਲੇ ਰਾਹ ਤੁਰਨਾ ਵੀ ਉਪਰੋਕਤ ਵਰਤਾਰੇ ਤੋ ਛੋਟਾ ਜੁਰਮ ਨਹੀ ਹੈ। ਬਿਜਲਈ ਮੀਡੀਆ ਅਤੇ ਸ਼ੋਸ਼ਲ ਮੀਡੀਆ ਤੇ ਜਿਸਤਰਾਂ ਨਫਰਤ ਦਾ ਮਹੌਲ ਬਨਾਉਣ ਵਿੱਚ ਬੇਹੱਦ ਘਟੀਆ ਅਤੇ ਨੀਵੇਂ ਦਰਜੇ ਦੀ ਇਲਜ਼ਾਮ-ਤਰਾਸੀ ਕੀਤੀ ਜਾ  ਰਹੀ ਹੈ, ਉਹ ਵਲ਼ਦੀ ਤੇ ਤੇਲ ਪਾਉਣ ਦਾ ਕੰਮ ਕਰ ਰਹੀ ਹੈ। ਜੇਕਰ ਆਪਣੇ ਮੁਲਕ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਦੇਸ ਦਾ ਟੈਲੀਵਿਯਨ ਨਾਲ ਜੁੜਿਆ ਪੱਤਰਕਾਰ ਭਾਈਚਾਰਾ ਆਪਣੇ ਅਸਲ ਫਰਜਾਂ ਤੋ ਹੱਟ ਕੇ ਫਿਰਕੂ ਰੰਗਤ ਵਿੱਚ ਰੰਗਿਆ ਸਾਫ ਦਿਖਾਈ ਦੇ ਰਿਹਾ ਹੈ। ਵੱਖ ਵੱਖ ਚੈਨਲਾਂ ਤੇ ਚੱਲਦੀ ਬਹਿਸ ਨੂੰ ਦੇਖ ਸੁਣਕੇ ਇੰਜ ਮਹਿਸੂਸ ਹੁੰਦਾ ਹੈ ਜਿਵੇ ਮੀਡੀਏ ਦਾ ਕੰਮ ਮਹਿਜ ਲੜਾਈ ਦਾ ਮਹੌਲ ਤਿਆਰ ਕਰਨਾ ਹੀ ਰਹਿ ਗਿਆ ਹੋਵੇ। ਉਹਨਾਂ ਦੀਆਂ ਬਹਿਸਾਂ, ਚਰਚਾਵਾਂ ਸੁਣਕੇ ਇੰਜ ਜਾਪਦਾ ਹੈ ਜਿਵੇਂ ਦੋਵਾਂ ਮੁਲਕਾਂ ਦਰਮਿਆਨ  ਲੜਾਈ ਲੱਗਣ ਵਿੱਚ ਕੁੱਝ ਹੀ ਪਲ ਬਚੇ ਹੋਣ। ਅਜਿਹੀਆਂ ਬਹਿਸਾਂ ਅਤੇ ਖਬਰਾਂ ਸੁਣ ਸੁਣ ਕੇ ਹਰ ਕੋਈ ਖ਼ੌਫ਼ਜਦਾ ਹੈ। ਖਾਸ ਕਰਕੇ ਪੰਜਾਬ ਦੇ ਵਾਸੀ ਇਸ ਤਣਾਅ ਪੂਰਨ ਮਹੌਲ ਤੋ ਜਿਆਦਾ ਚਿੰਤਤ ਦਿਖਾਈ ਦਿੰਦੇ ਹਨ। ਪੰਜਾਬੀਆਂ ਨੂੰ ਜਾਪਦਾ ਹੈ ਕਿ ਹਿੰਦੂ ਅਤੇ ਮੁਸਲਮਾਨ ਭਾਈਚਾਰਿਆਂ ਦੀ ਆਪਸੀ ਦੁਸ਼ਮਣੀ ਕਾਰਨ ਹੋਣ ਵਾਲੀ ਸੰਭਾਵਤ ਜੰਗ ਵਿੱਚ ਸਿੱਖ ਭਾਈਚਾਰਾ ਬਗੈਰ ਗੱਲੋਂ ਹੀ ਪੀਸਿਆ ਜਾਵੇਗਾ। ਇੱਕ ਹੋਰ ਖਦਸ਼ਾ ਜਿਹੜਾ ਆਮ ਤੌਰ ਤੇ ਜਾਗਦੀ ਸਿੱਖ ਸੋਚ ਵਿੱਚ ਪਾਇਆ ਜਾ ਰਿਹਾ ਹੈ, ਉਹ ਇਹ ਹੈ ਕਿ ਸਿੱਖਾਂ ਲਈ ਜਿੱਥੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਸ੍ਰੀ ਪਟਨਾ ਸਾਹਿਬ (ਬਿਹਾਰ) ਅਤੇ ਜੋਤੀ ਜੋਤ ਸਮਾਉਣ ਵਾਲੇ ਅਸਥਾਨ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ (ਮਹਾਰਾਸ਼ਟਰਾ) ਜਾਨ ਤੋ ਵੱਧ ਪਿਆਰੇ ਹਨ, ਓਥੇ ਸਿੱਖ ਕੌਂਮ ਦੇ ਸੰਸਥਾਪਕ ਅਤੇ ਸਿੱਖ ਧਰਮ ਦੇ ਪਹਿਲੇ ਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਅਤੇ ਅਖੀਰਲੇ ਸਮੇ ਵਿੱਚ ਗੁਰੂ ਸਾਹਿਬ ਨੇ ਜਿੰਦਗੀ ਦਾ ਸਭ ਤੋ ਵੱਧ ਸਮਾ ਜਿੱਥੇ ਰਹਿ ਕੇ ਖੇਤੀ ਕਰਕੇ ਗੁਜ਼ਾਰਿਆ ਅਤੇ ਸਿੱਖਾਂ ਨੂੰ ਵਿਹਾਰਕ ਰੂਪ ਵਿੱਚ ਕਿਰਤ ਦੇ ਸਿਧਾਂਤ ਨਾਲ ਜੋੜਿਆ ਉਹ ਪਵਿੱਤਰ ਅਸਥਾਨ ਸ੍ਰੀ ਕਰਤਾਰ ਸਾਹਿਬ ਪਾਕਿਸਤਾਨ ਵਾਲੇ ਲਹਿੰਦੇ ਪੰਜਾਬ ਵਿੱਚ ਸ਼ਸ਼ੋਭਤ ਹਨ, ਸੋ ਇਸ ਲਈ ਸਿੱਖਾਂ ਦਾ ਲਗਾਓ ਜਿੱਥੇ ਭਾਰਤ ਨਾਲ ਹੈ, ਓਥੇ ਪਾਕਿਸਤਾਨ ਨਾਲ ਵੀ ਉਸ ਤੋ ਘੱਟ ਨਹੀ ਹੈ। ਇਸ ਤੋ ਇਲਾਵਾ ਜਦੋ ਸਿੱਖ ਆਪਣੇ ਪਿਛੋਕੜ ਵੱਲ ਝਾਤ ਮਾਰਦੇ ਹਨ ਤਾਂ ਉਹਨਾਂ ਨੂੰ ਜਦੋ ਆਪਣੇ ਪੁਰਖਿਆਂ ਦੇ ਰਾਜ ਭਾਗ ਦਾ ਚੇਤਾ ਆਉਂਦਾ ਹੈ, ਤਾਂ ਵੀ ਸਿੱਖਾਂ ਦਾ ਮਨ ਲਹੌਰ ਅਤੇ ਗੁੱਜਰਾਂ ਵਾਲੇ ਵੱਲ ਖਿੱਚਿਆ ਜਾਂਦਾ ਹੈ। ਸੋ ਇਹ ਕਹਿਣਾ ਕੋਈ ਗਲਤ ਨਹੀ ਹੋਵੇਗਾ ਕਿ ਜੇਕਰ ਸਿੱਖ ਸਰੀਰਕ ਰੂਪ ਵਿੱਚ ਭਾਰਤ ਦੇ ਕਬਜੇ ਵਾਲੇ ਚੜ੍ਹਦੇ ਪੰਜਾਬ ਵਿੱਚ ਵਸਦੇ ਹਨ, ਤਾਂ ਉਹਨਾਂ ਦਾ ਦਿਲ ਹਮੇਸ਼ਾ ਨਨਕਾਣਾ ਸਾਹਿਬ, ਪੰਜਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਤੇ ਖਾਲਸਾ ਰਾਜ ਦੀਆਂ ਜਾਦਗਾਰਾਂ ਜਿੰਨਾਂ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਕਿਲੇ, ਹਵੇਲੀਆਂ  ਤੋ ਇਲਾਵਾ ਉਹਨਾਂ ਦੀ ਸਮਾਧ ਅਤੇ ਖਾਲਸਾ ਰਾਜ ਦੀ ਰਾਜਧਾਨੀ ਲਹੌਰ ਦਰਬਾਰ ਲਈ ਵੀ ਧੜਕਦਾ ਹੈ ਅਤੇ ਧੜਕਦਾ ਰਹੇਗਾ। ਜੇਕਰ ਕੋਈ ਸਿੱਖਾਂ ਨੂੰ ਆਪਣੇ ਪੁਰਖਿਆਂ ਤੋ ਦੂਰ ਕਰਨ ਜਾਂ ਉਹਨਾਂ ਅਸਥਾਨਾਂ ਪ੍ਰਤੀ ਨਫਰਤ ਪੈਦਾ ਕਰਨ ਦੀ ਕੋਸ਼ਿਸ਼ ਕਰੇਗਾ ਉਹ ਕਾਬਲੇ ਬਰਦਾਸ਼ਤ ਨਹੀ ਹੋ ਸਕਦਾ। ਇਸ ਤੋ ਅੱਗੇ ਇੱਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਸਿੱਖ ਕੌਂਮ ਹੀ ਦੁਨੀਆਂ ਤੇ ਇੱਕ ਅਜਿਹੀ ਕੌਂਮ ਹੈ, ਜਿਹੜੀ ਆਪਣੀ ਨਿੱਤ ਦੀ ਅਰਦਾਸ ਬੇਨਤੀ ਵਿੱਚ ਸਿਰਫ ਆਪਣਾ ਹੀ ਨਹੀ ਬਲਕਿ ਸਮੁੱਚੀ ਕਾਇਨਾਤ ਦੇ ਭਲੇ ਦੀ ਸੁੱਖ ਵੀ ਮੰਗਦੀ ਹੈ। ਸੋ ਸਰਬਤ ਦੇ ਭਲੇ ਵਾਲੀ ਕੌਂਮ ਕਦੇ ਵੀ ਹਿੰਸਕ ਅਤੇ ਫਿਰਕੂ ਨਫਰਤ ਪੈਦਾ ਕਰਨ ਦੇ ਹੱਕ ਵਿੱਚ ਨਹੀ ਭੁਗਤ ਸਕਦੀ। ਸਿੱਖ ਇਹ ਮਹਿਸੂਸ ਕਰਦੇ ਹਨ ਕਿ ਚੜ੍ਹਦਾ ਪੰਜਾਬ ਪਾਕਿਸਤਾਨ ਅਤੇ ਭਾਰਤ ਦੇ ਦਰਮਿਆਨ ਹੋਣ ਕਰਕੇ ਉਹ ਦੋਵਾਂ ਮੁਲਕਾਂ ਦੀ ਆਪਸੀ ਨਫ਼ਰਤ ਕਾਰਨ ਪੈਦਾ ਹੋਣ ਵਾਲੇ ਜੰਗੀ ਹਾਲਾਤਾਂ ਵਿੱਚ ਸਭ ਤੋ ਵੱਧ ਪ੍ਰਭਾਵਤ ਹੋਵੇਗਾ। ਬਹੁ ਗਿਣਤੀ ਸਿੱਖ ਇਹ ਵੀ ਮਹਿਸੂਸ ਕਰਦੇ ਹਨ ਕਿ ਜੇਕਰ ਦੋਵਾਂ ਮੁਲਕਾਂ ਦਰਮਿਆਨ ਜੰਗ ਲੱਗਦੀ ਹੈ, ਤਾਂ ਪੰਜਾਬ ਆਪਣੀ ਭੁਗੋਲਿਕ ਸਥਿੱਤੀ ਕਾਰਨ ਹੀ ਰਗੜਿਆ ਜਾਵੇਗਾ। ਇੱਕ ਅਨੁਮਾਨ ਅਨੁਸਾਰ ਜੰਮੂ ਅਤੇ ਕਸ਼ਮੀਰ ਦਾ 1,216 ਕਿਲੋਮੀਟਰ ਦੇ ਕਰੀਬ,ਰਾਜਸਥਾਨ ਦਾ 1,035 ਕਿਲੋਮੀਟਰ, ਗੁਜਰਾਤ ਦਾ 512 ਕਿਲੋਮੀਟਰ ਦੇ ਕਰੀਬ ਅਤੇ ਪੰਜਾਬ ਦਾ 547 ਕਿਲੋਮੀਟਰ ਤੱਕ ਦੇ ਕਰੀਬ ਹੱਦ ਪਾਕਿਸਤਾਨ ਦੇ ਨਾਲ ਲੱਗਦੀ ਹੈ। ਸਾਰੇ  ਹੀ ਪਾਸਿਆਂ ਤੋ ਇੱਕ ਦੂਜੇ ਤੇ ਹਮਲੇ ਕਰਨ ਦਾ ਕੋਈ ਵੀ ਮੌਕਾ ਦੋਵੇਂ ਹੀ ਮੁਲਕਾਂ ਵੱਲੋਂ ਖੁੰਝਣ ਨਹੀ ਦਿੱਤਾ ਜਵੇਗਾ, ਪਰੰਤੂ ਸਿੱਖ ਮਨਾਂ ਵਿੱਚ ਇਸ ਗੱਲ ਨੂੰ ਲੈ ਕੇ ਖਦਸ਼ਾ ਇਹ ਪਾਇਆ ਜਾ ਰਿਹਾ ਹੈ ਕਿ ਹਮਲੇ ਭਾਵੇਂ  ਕਿਸੇ ਵੀ  ਪਾਸੇ ਤੋ ਹੋਣ ਪਰੰਤੂ ਮੌਤ ਦਾ ਅਖਾੜਾ ਪੰਜਾਬ ਨੂੰ ਬਣਾਏ ਜਾਣ ਦੀਆਂ ਸੰਭਾਵਨਾਵਾਂ ਸਭ ਤੋ ਜਿਆਦਾ ਦਿਖਾਈ ਦਿੰਦੀਆਂ ਹਨ। ਵਿਗਿਆਨਿਕ ਯੁੱਗ ਦੀ ਇਸ ਇੱਕੀਵੀਂ ਸਦੀ ਵਿੱਚ ਜਦੋ ਮਨੁੱਖ ਆਪਣੇ ਹੀ ਬੁਣੇ ਅਧੁਨਿਕਤਾ ਦੇ ਜਾਲ ਵਿੱਚ ਖਤਰਨਾਕ ਹੱਦ ਤੱਕ ਗਰਕ ਚੁੱਕਾ ਹੈ ਅਤੇ ਬਹੁਤ ਸਾਰੇ ਮੁਲਕ ਭਾਰਤ ਅਤੇ ਪਾਕਿਸਤਾਨ ਸਮੇਤ ਪਰਮਾਣੂ ਊਰਜਾ ਨੂੰ ਆਪਣੇ  ਵਿਨਾਸ਼ ਲਈ ਵਰਤੋਂ ਦਾ ਸਾਧਨ ਬਣਾ ਕੇ ਬੈਠੇ ਹੋਏ ਹਨ, ਅਜਿਹੇ ਹਾਲਾਤਾਂ ਵਿੱਚ ਜੰਗ ਲਈ ਸੋਚਣਾ ਸਿਆਣਪ ਨਹੀ ਸਮਝੀ ਜਾ ਸਕਦੀ, ਕਿਉਂਕਿ ਵਿਨਾਸ਼ ਦੇ ਸਾਧਨ ਦੋਵਾਂ ਮੁਲਕਾਂ ਕੋਲ ਉਪਲਭਦ ਹਨ, ਸੋ “ਮਰਦਾ ਕੀ ਨਾ ਕਰਦਾ” ਵਾਲੇ ਹਾਲਾਤ ਬਨਣ ਤੇ ਕੋਈ ਵੀ ਮੁਲਕ ਇਸ ਵਿਨਾਸ਼ਕਾਰੀ ਊਰਜਾ ਦੀ ਵਰਤੋਂ ਕਰਨ ਤੋ ਗੁਰੇਜ਼ ਨਹੀ ਕਰੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨੁਕਸਾਨ ਦਾ ਅੰਦਾਜ਼ਾ ਲਾਉਣ ਵਾਲੇ ਵੀ ਸ਼ਾਇਦ ਬਚ ਨਹੀ ਪਾਉਣਗੇ। ਟੈਲੀਵਿਜਨਾਂ ਦੀਆਂ ਅੱਗ ਲਾਊ ਭੜਕਾਹਟ ਪੈਦਾ ਕਰਨ ਵਾਲੀਆਂ ਚਰਚਾਵਾਂ ਦੇ ਵਿਸ਼ਲੇਸ਼ਿਕ ਅਤੇ ਰਾਜਨੀਤੀਵਾਂਨ ਵੀ ਅਜਿਹੇ ਵਿਨਾਸ਼ ਦੇ ਦੁਰ-ਪ੍ਰਭਾਵ ਤੋ ਬਚ ਨਹੀ ਸਕਣਗੇ। ਆਪਣੇ ਆਪਣੇ ਮੁਲਕਾਂ ਦੀ ਰਾਜਨੀਤੀ ਨੂੰ ਪ੍ਰਭਾਵਤ ਕਰਨ ਲਈ ਹੀ ਜੇਕਰ ਹਕੂਮਤਾਂ ਅਜਿਹੇ ਖਤਰਨਾਕ ਅਤੇ ਆਪਾ ਵਿਰੋਧੀ ਕਦਮ ਚੁੱਕਣ ਬਾਰੇ ਬਿਉਂਤਾਂ ਬਣਾ ਰਹੀਆਂ ਹਨ ਅਤੇ ਉਹਨਾਂ ਬਿਉਂਤਾਂ ਨੂੰ ਅੰਜਾਮ ਦੇ ਦਿੰਦੀਆਂ ਹਨ,ਤਾਂ ਇਸ ਦੌਰ ਨੂੰ ਇਤਿਹਾਸ ਵਿੱਚ ਸਭ ਤੋ ਕਰੂਰ ਸਮੇ ਵਜੋਂ ਯਾਦ ਕੀਤਾ ਜਾਵੇਗਾ। ਦੇਸ਼ ਦੇ ਬੁੱਧੀਜੀਵੀ, ਪੱਤਰਕਾਰ, ਵਿਸ਼ਲੇਸ਼ਿਕ ਅਤੇ ਰਾਜਨੀਤੀਵਾਂਨਾਂ ਨੂੰ ਅਜਿਹੀਆਂ ਅੱਗ ਲਾਊ ਬਹਿਸਾਂ, ਚਰਚਾਵਾਂ ਤੋ ਬਚਣਾ ਚਾਹੀਦਾ ਹੈ,ਜਿਹੜੀਆਂ ਮਾਨਵਤਾ ਦੇ ਹਿੱਤ ਵਿੱਚ ਨਾ ਹੋਣ, ਸਗੋ ਮਾਨਵਤਾ ਦੇ ਭਲੇ ਹਿਤ ਆਪਸੀ ਪਰੇਮ ਪਿਆਰ ਅਤੇ ਸਰਬ ਸਾਂਝੀਵਾਲਤਾ ਨੂੰ ਮਜਬੂਤ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਕਿ ਫਿਰਕੂ ਨਫਰਤਾਂ ਦੇ ਇਸ ਮਹਾਂ ਵਿਨਾਸ਼ਕਾਰੀ ਦੌਰ ਚੋਂ  ਸਾਂਤੀ ਪੂਰਵਕ ਤਰੀਕੇ ਨਾਲ ਗੁਜ਼ਰਿਆ ਜਾ ਸਕੇ।

– ਬਘੇਲ ਸਿੰਘ ਧਾਲੀਵਾਲ, 99142-58142

“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਬਨਾਮ ਮੌਜੂਦਾ ਪੱਤਰਕਾਰੀ, ਨਸ਼ਾ ਰੋਕੂ ਕਮੇਟੀਆਂ ਅਤੇ ਕਾਰਕੁਨ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪੰਜਾਬ ਸਰਕਾਰ ਦੀ ਦੇਰੀ ਨਾਲ ਹੀ ਸਹੀ ਪਰ ਇੱਕ ਚੰਗੀ ਸ਼ੁਰੂਆਤ ਵੱਜੋਂ ਦੇਖਿਆ ਜਾ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਵੱਡੇ ਸਮਾਜਿਕ ਸਮਾਗਮ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸਹਿਯੋਗ ਦੀ ਮੰਗ ਵੀ ਕੀਤੀ ਜਾ ਰਹੀ ਹੈ। ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਦੇ ਨਾਮ ਗੁਪਤ ਰੱਖਣ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਮੁੱਖ ਮੰਤਰੀ ਦੀ ਤਸਵੀਰ ਵਾਲੇ ਵੱਡੇ ਫਲੈਕਸ ਬੋਰਡ ਹਰ ਸਹਿਰ  ਦੇ ਹਰ  ਚੌਂਕ ਵਿੱਚ  ਲਾਏ ਗਏ ਹਨ। ਇਸ ਮੁਹਿੰਮ ਨੇ ਬਹੁਤ ਸਾਰੇ ਇਲਾਕਿਆਂ ਵਿੱਚ ਜਿਕਰਯੋਗ ਕੰਮ ਕਰਕੇ ਚੰਗੀ ਸ਼ੁਰੂਆਤ ਕਰਨ ਦਾ ਸੁਨੇਹਾ ਵੀ ਦਿੱਤਾ ਹੈ, ਪਰ ਨਸ਼ਾ ਤਸਕਰਾਂ ਪੁਲਿਸ ਅਤੇ  ਸਿਆਸੀ ਲੋਕਾਂ ਦੇ ਬਣ ਚੁੱਕੇ ਮਜਬੂਤ ਗੱਠਜੋੜ ਨੇ ਇਮਾਨਦਾਰ ਪੁਲਿਸ ਅਧਿਕਾਰੀਆਂ ਅਤੇ ਮੁਲਾਜਮਾਂ ਦੀ ਸਬੀ ਨੂੰ ਵੀ ਦਾਗੀ ਬਣਾ ਦਿੱਤਾ ਹੈ, ਲਿਹਾਜਾ ਪੁਲਿਸ ਦੀ ਨਸ਼ਿਆਂ ਵਿਰੁੱਧ ਲੜਾਈ ਤੇ ਵੀ ਸਵਾਲੀਆ ਨਿਸ਼ਾਨ ਲੱਗਣ ਲੱਗੇ ਹਨ। ਸ਼ੋਸ਼ਲ ਮੀਡੀਆ ਖੋਲਦੇ ਹੀ ਅਜਿਹੀਆਂ ਵੀਡੀਓ ਜਾਂ ਲਿਖਤੀ ਪੋਸਟਾਂ  ਸਾਹਮਣੇ ਆਉਂਦੀਆਂ ਹਨ ਜਿਹੜੀਆਂ ਹਰ ਇਨਸਾਫ ਪਸੰਦ ਵਿਅਕਤੀ ਨੂੰ ਪਰੇਸਾਨ ਕਰਨ ਵਾਲੀਆਂ ਹੁੰਦੀਆਂ ਹਨ। ਨਸ਼ੇੜੀਆਂ ਵੱਲੋਂ ਲੁੱਟ ਖੋਹ ਕਰਨ, ਨਸ਼ਿਆਂ ਦੀ ਪੂਰਤੀ ਲਈ ਪੈਸਿਆਂ ਖਾਤਰ ਆਪਣੇ ਪਰਿਵਾਰਿਕ ਜੀਆਂ ਨੂੰ ਕੁੱਟ ਮਾਰ ਕਰਨ, ਮਾਪਿਆਂ ਨੂੰ ਜਾਨ ਤੋ ਮਾਰਨ ਤੱਕ ਦੀਆਂ ਵਾਰਦਾਤਾਂ ਅਤੇ ਨਸ਼ਾ ਤਸਕਰਾਂ ਵੱਲੋਂ ਨਸ਼ਾ ਬੰਦ ਕਰਵਾਉਂਣ ਵਾਲਿਆਂ ਨੂੰ ਡਰਾਉਣ ਧਮਕਾਉਣ ਤੋਂ ਲੈ ਕੇ ਝੂਠੇ ਪੁਲਿਸ ਕੇਸ ਦਰਜ ਕਰਵਾਉਣ ਤੱਕ ਦੀਆਂ ਵੀਡੀਓ ਅਤੇ ਪੋਸਟਾਂ ਦੀ ਬਹੁਤਾਤ ਪੰਜਾਬ ਦੀ ਤਰਾਸਦੀ ਨੂੰ ਦਰਸਾ ਰਹੀ ਹੁੰਦੀ ਹੈ।ਪਿਛਲੇ ਦਿਨਾਂ ਵਿੱਚ ਦੇਖਿਆ ਜਾ ਚੁੱਕਾ ਹੈ ਕਿ ਕਿਸਤਰਾਂ ਪੰਜਾਬ ਸਰਕਾਰ ਵੱਲੋਂ ਆਲੋਚਨਾਤਮਿਕ ਸਵਾਲ ਕਰਨ ਵਾਲੇ ਪੱਤਰਕਾਰਾਂ  ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਨਾਮ ਦੇ ਵਿਅਕਤੀ ਦੀ ਨਸ਼ਿਆਂ ਖਿਲਾਫ ਸਲਾਹੁਣਯੋਗ ਕਾਰਵਾਈ ਨੂੰ ਗਲਤ ਠਹਿਰਾ ਕੇ ਪੁਲਿਸ ਕੇਸ ਦਰਜ ਕਰਕੇ ਜੇਲ੍ਹ ਭੇਜਣ ਅਤੇ ਸ਼ੋਸ਼ਲ ਮੀਡੀਏ ‘ਤੇ ਸਰਕਾਰ ਦੀ ਨੁਕਤਾਚੀਨੀ ਕਰਨ ਬਦਲੇ ਸਮਾਜਿਕ ਕਾਰਕੁਨ ਮਾਲਵਿੰਦਰ ਸਿੰਘ ਮਾਲੀ ‘ਤੇ ਝੂਠਾ ਪਰਚਾ ਦਰਜ ਕਰਕੇ ਜੇਲ ਭੇਜਣ ਤੱਕ ਅਤੇ ਉਸ ਤੋ ਪਹਿਲਾਂ ਅਤੇ ਬਾਅਦ ਵੀ ਇਹ ਵਰਤਾਰੇ ਵਾਪਰਦੇ ਆ ਰਹੇ ਹਨ। ਸੂਬਾ ਸਰਕਾਰ ਦੇ ਇਸ ਫਾਸੀਵਾਦੀ ਵਤੀਰੇ ਵਿਰੁੱਧ ਭਾਵੇਂ ਸਮੂਹ ਭਰਾਤਰੀ ਜਥੇਬੰਦੀਆਂ ਵੱਲੋਂ ਅਵਾਜ ਬੁਲੰਦ ਕੀਤੀ ਵੀ ਜਾਦੀ ਹੈ, ਪਰ ਸਰਕਾਰ ਦਾ ਵਤੀਰਾ ਫਿਰ ਵੀ ਜਿਉਂ ਦਾ ਤਿਉਂ ਰਹਿੰਦਾ ਹੈ। ਇਹ ਕਹਿਣ ਵਿੱਚ ਕੋਈ ਬੁਰਾਈ ਨਹੀ ਹੋਵੇਗੀ ਕਿ ਇਹ  ਅਜਿਹੀ ਪਹਿਲੀ ਸਰਕਾਰ ਬਨਣ ਜਾ ਰਹੀ ਹੈ, ਜਿਸਨੇ ਆਪਣੇ ਵਿਰੋਧੀਆਂ ਦੀ ਜੁਬਾਨ ਬੰਦ ਕਰਨ ਲਈ ਅਜਿਹੇ ਹਥਕੰਡੇ ਅਪਣਾਏ, ਜਿਹੜੇ ਲੋਕਤੰਤਰ ਦਾ ਘਾਣ ਕਰਨ ਅਤੇ ਕਲੰਕਤ ਕਰਨ ਵਾਲੇ ਹਨ। ਇਹ ਕੋਈ ਝੂਠ ਨਹੀ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਵੀ ਆਪਣੇ ਵਿਰੋਧੀਆਂ ਨੂੰ ਪਰਚਿਆਂ ਦੀ ਦਹਿਸਤ ਵਿੱਚ ਜਿਉਣ ਲਈ ਮਜਬੂਰ ਕਰਕੇ ਰੱਖਿਆ ਹੋਇਆ ਹੈ, ਪਰ ਪੰਜਾਬ ਸਰਕਾਰ ਉਸ ਤੋ ਵੀ ਅੱਗੇ ਜਾਂਦੀ ਪਰਤੀਤ ਹੋ ਰਹੀ ਹੈ। ਇੱਕ ਪਾਸੇ ਪੱਤਰਕਾਰੀ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ, ਪਰ ਦੂਜੇ ਪਾਸੇ ਲੋਕਤੰਤਰ ਦੇ ਇਸ ਥੰਮ ਨੂੰ ਜੜ ਤੋਂ ਖੋਖਲਾ ਕਰਨ ਦੇ ਯਤਨ ਹੋ ਰਹੇ ਹਨ। ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਯਾਦ ਰੱਖਣਾ ਹੋਵੇਗਾ ਕਿ ਜੇਕਰ ਪੱਤਰਕਾਰੀ ਖਤਮ ਹੋ ਗਈ, ਤਾਂ ਇਹ ਸਮਝ ਲਓ ਤੁਹਾਡੀ ਜੁਬਾਨ ਨੂੰ ਜਿੰਦਰੇ ਉਸ ਤੋ ਵੀ ਪਹਿਲਾਂ  ਲਾ ਦਿੱਤੇ ਜਾਣਗੇ। ਪੱਤਰਕਾਰ ਦੀ ਜੁਬਾਨ ਬੰਦ ਕਰਨ ਦਾ ਮਤਲਬ ਹੈ, ਲੋਕਾਈ ਦੀ ਜੁਬਾਨ ਦਾ ਬੰਦ ਹੋਣਾ। ਫਿਰ ਲੋਕਾਂ ਦੀ ਅਵਾਜ਼, ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਵਾਲਾ ਕੋਈ ਨਹੀ ਬਚੇਗਾ। ਇਹ ਵੀ ਸੱਚ ਹੈ ਕਿ ਸ਼ੋਸ਼ਲ ਮੀਡੀਏ ਨੇ ਹਰ ਇੱਕ ਉਸ ਵਿਅਕਤੀ ਨੂੰ ਜਿਸਦੇ ਹੱਥ ਵਿੱਚ ਸਮਾਰਟ ਫੋਨ ਹੈ ਉਹਨੂੰ ਪੱਤਰਕਾਰ ਬਣਾ ਦਿੱਤਾ ਹੈ। ਬਹੁਤ ਸਾਰੇ ਅਜਿਹੇ ਵਿਅਕਤੀ ਬਤੌਰ ਪੱਤਰਕਾਰ ਵਿਚਰਦੇ ਦੇਖੇ ਜਾਂਦੇ ਹਨ, ਜਿੰਨਾਂ ਨੂੰ ਪੱਤਰਕਾਰੀ ਦਾ ਕੋਈ ਇਲਮ ਹੀ ਨਹੀ ਹੁੰਦਾ। ਸੋ ਇਸ ਰੁਝਾਨ ਨੇ ਵੀ ਪੱਤਰਕਾਰੀ ਨੂੰ ਬਿਨਾ ਸ਼ੱਕ ਵੱਡੀ ਢਾਹ ਲਾਈ ਹੈ। ਭਾਂਵੇ ਇਹਦੇ ਵਿੱਚ ਇਕੱਲੀ ਸਰਕਾਰ ਹੀ ਨਹੀ ਸਮੁੱਚੀਆਂ ਰਾਜਨੀਤਕ ਪਾਰਟੀਆਂ ਹੀ ਜਿੰਮੇਵਾਰ ਹਨ, ਪਰ ਮੌਜੂਦਾ ਸੂਬਾ ਸਰਕਾਰ ਦੀ ਭੂਮਿਕਾ ਜਿਆਦਾ ਨਿੰਦਣਯੋਗ ਰਹੀ ਹੈ।। ਆਮ ਆਦਮੀ ਪਾਰਟੀ ਦੇ ਆਗੂਆਂ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ  ਹੋਰਾਂ ਵੱਲੋਂ  ਪੰਜਾਬ ਵਿੱਚ ਆਪ ਦੀ ਸਰਕਾਰ ਬਨਣ ਤੋ ਪਹਿਲਾਂ ਆਪਣੇ ਜਲਸਿਆਂ ਵਿੱਚ, ਰੈਲੀਆਂ ਵਿੱਚ ਤੇ ਮੀਟਿੰਗਾਂ ਵਿੱਚ ਲੋਕਾਂ ਨੂੰ ਇਹ ਪਾਠ ਪੜਾਇਆ ਜਾਂਦਾ ਰਿਹਾ ਹੈ ਕਿ ਰਾਜਨੀਤਕ ਲੋਕ ਜਦੋ ਪਿੰਡਾਂ ਵਿੱਚ ਆਉਂਦੇ ਹਨ, ਤਾਂ ਉਹਨਾਂ ਨੂੰ ਸਵਾਲ ਕਰਨੇ ਤੁਹਾਡਾ ਅਧਿਕਾਰ ਹੈ। ਉਹਨਾਂ ਦੀ ਕਾਰਗੁਜਾਰੀ ਤੇ ਸਵਾਲ ਚੁੱਕਣੇ ਤੁਹਾਡਾ ਅਧਿਕਾਰ ਵੀ ਹੈ ਅਤੇ ਫਰਜ ਵੀ, ਇਸ ਲਈ ਜਦੋ ਰਾਜਨੀਤਕ ਆਗੂ ਪਿੰਡਾਂ ਵਿੱਚ ਆਉਂਦੇ ਹਨ, ਤਾਂ ਉਹਨਾਂ ਨੂੰ ਘੇਰ ਕੇ ਸਵਾਲ ਜਰੂਰ ਪੁੱਛਿਆ ਕਰੋ, ਪਰ ਹੁਣ ਜਦੋ ਪੰਜਾਬ ਅੰਦਰ ਪੂਰਨ ਬਹੁਮੱਤ ਨਾਲ ਆਪ ਦੀ ਸਰਕਾਰ ਬਣੀ  ਹੋਈ ਹੈ, ਉਦੋਂ ਸਰਕਾਰ ਦੇ ਨੁਮਾਇੰਦੇ ਆਪਣੇ ਵੱਲੋਂ  ਹੀ ਸੁਝਾਏ  ਹੋਏ ਸਵਾਲਾਂ ਦੇ ਜਵਾਬ ਦੇਣ ਤੋ ਭੱਜਣ ਹੀ ਨਹੀ ਲੱਗੇ, ਬਲਕਿ ਸਵਾਲ ਕਰਨ ਵਾਲਿਆਂ ਤੇ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਤਾੜਿਆ ਜਾ ਰਿਹਾ ਹੈ, ਤਾਂ ਕਿ ਕੋਈ ਵਿਅਕਤੀ ਅਜਿਹਾ ਕਰਨ ਦੀ ਹਿੰਮਤ ਨਾ ਕਰੇ। ਇਹ ਵੀ ਸੱਚ ਹੈ ਕਿ ਪਿਛਲੇ 75 ਸਾਲਾਂ ਵਿੱਚ ਪੰਜਾਬ ਅੰਦਰ ਅਜਿਹੀ  ਕੋਈ ਸਰਕਾਰ ਨਹੀ ਬਣੀ, ਜਿਸਨੇ ਲੋਕ ਹਿਤਾਂ ਦੀ ਗੱਲ ਕੀਤੀ ਹੋਵੇ, ਜਾਂ ਸੂਬੇ ਦੇ ਹਿਤਾਂ ਦੀ ਰਾਖੀ ਪ੍ਰਤੀ ਬਚਨਵੱਧਤਾ ਤੇ ਪਹਿਰਾ ਦਿੱਤਾ ਹੋਵੇ, ਬਲਕਿ ਇਸ ਦੇ ਉਲਟ ਪੰਜਾਬ ਅੰਦਰ ਅਜਿਹੇ ਮੌਕੇ ਵੀ ਆਏ ਜਦੋਂ ਪੰਜਾਬ ਦੀ ਪੁਲਿਸ ਵੱਲੋਂ ਪੰਜਾਬ ਦੀ ਜੁਆਨੀ ਨੂੰ ਕੋਹ ਕੋਹ ਕੇ ਮਾਰਿਆ ਗਿਆ। ਅਜਿਹੇ ਦਮਨ 70,71 ਤੋ ਸੁਰੂ ਹੋ ਕੇ 95 ਤੱਕ ਲਗਾਤਾਰ ਚੱਲਦੇ ਰਹੇ, ਜਦੋਕਿ ਲੁਕਵੇਂ ਰੂਪ ਵਿੱਚ ਮੌਜੂਦਾ ਸਮੇ ਤੱਕ ਵੀ ਚੱਲਦੇ ਆ ਰਹੇ ਹਨ।ਇਸ ਦੇ ਨਾਲ ਹੁਣ ਹੋਰ ਵੀ ਭਿਅਨਕ ਹੱਥਕੰਡੇ ਵਰਤੇ ਜਾ ਰਹੇ ਹਨ। ਪੰਜ ਦਰਿਆਵਾਂ ਦੀ ਇਸ ਪਵਿੱਤਰ ਧਰਤੀ ਅਤੇ ਕੁੱਖਾਂ ਨੂੰ  ਬੰਜਰ ਬਨਾਉਣ ਲਈ ਬੇਹੱਦ ਭਿਆਨਕ ਨਸ਼ਿਆਂ ਦੀ ਭਰਮਾਰ ਪੰਜਾਬ ਨੂੰ ਬਰਬਾਦੀ ਵੱਲ ਲਿਜਾ  ਰਹੀ ਹੈ।ਜਦੋਕਿ ਇਸ ਮਾਰੂ ਰੁਝਾਨ ਨੂੰ ਰੋਕਣ ਲਈ ਅਤੇ ਇਸ ਦੇ  ਖਿਲਾਫ਼ ਆਵਾਜ ਚੁੱਕਣ ਵਾਲਿਆਂ ਤੇ ਗੰਭੀਰ ਝੂਠੇ ਦੋਸ਼ਾਂ ਤਾਹਿਤ ਪਰਚੇ ਦਰਜ ਕੀਤੇ ਜਾ ਰਹੇ ਹਨ। ਪਿਛਲੇ ਦਿਨੀ ਮੋਗਾ ਦੇ ਵਿੱਚ ਇੱਕ ਨਸ਼ਾ ਛਡਾਊ ਮੁਹਿੰਮ ਦੇ ਕਾਰਕੁਨ ਅਤੇ ਇੱਕ ਪੱਤਰਕਾਰ ਦੇ ਖਿਲਾਫ ਇਸ ਕਰਕੇ ਬਲਾਤਕਾਰ ਵਰਗੇ ਸੰਗੀਨ ਅਤੇ  ਗੈਰ ਇਖਲਾਕੀ ਇਲਜਾਮਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ, ਕਿਉਂਕਿ ਉਹਨਾਂ ਵੱਲੋਂ ਨਸ਼ੇ ਦੀ ਦਲਦਲ ਵਿੱਚ ਗਲੇ ਤੱਕ ਖੁਭੀ ਇੱਕ 17 ਸਾਲਾਂ ਦੀ ਨਾਬਾਲਗ ਬਾਲੜੀ ਦੀ ਵੀਡੀਓ ਜਨਤਕ ਕਰਕੇ ਜਿੱਥੇ ਸਰਕਾਰ ਦੀ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦਾ ਚੁਰਾਹੇ ਭਾਂਡਾ ਭੰਨਣ ਦੀ ਹਿਕਾਮਤ ਕੀਤੀ ਸੀ, ਓਥੇ ਉਸ ਬਾਲੜੀ ਨੂੰ ਇਸ ਦਲਦਲ ਵਿੱਚੋਂ ਕੜਢਣ ਦੇ ਯਤਨ ਅਰੰਭ  ਕੀਤੇ ਗਏ ਸਨ। ਮੋਗਾ ਪੁਲਿਸ ਦੀ ਇਸ ਕਾਰਵਾਈ ਨੇ ਪੁਲਿਸ ਅਤੇ ਸਰਕਾਰ ਨੂੰ ਸ਼ੱਕ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ। ਸਰਕਾਰ ਦੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤੇ ਸਵਾਲ ਉੱਠਣੇ ਸੁਰੂ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੂੰ ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਸੁਹਿਰਦ ਹੋਣ ਦੀ ਜਰੂਰਤ ਹੈ। ਲੋਕ ਕਚਹਿਰੀ ਵਿੱਚ ਮੌਜੂਦਾ ਸਰਕਾਰ ਅਜਿਹੇ ਮੰਦਭਾਗੇ ਰੁਝਾਨ ਦੀ ਇਸ ਕਰਕੇ ਵੀ ਮੁੱਖ ਦੋਸੀ  ਗਰਦਾਨੀ ਜਾਵੇਗੀ, ਕਿਉਂਕਿ ਆਮ ਆਦਮੀ ਪਾਰਟੀ ਨੇ ਹੀ ਆਮ ਲੋਕਾਂ ਨੂੰ ਸਵਾਲ ਕਰਨ ਦੀ ਜਾਚ ਸਿਖਾਈ ਹੈ।

ਬਘੇਲ ਸਿੰਘ ਧਾਲੀਵਾਲ, 99142-58142

ਸਿੰਘ ਸਾਹਿਬਾਨ ਦੀ ਨਿਯੁਕਤੀ, ਸੇਵਾ ਮੁਕਤੀ, ਕਾਰਜ ਖੇਤਰ ਅਤੇ ਸਰੋਮਣੀ ਕਮੇਟੀ ‘ਤੇ ਕਾਬਜ਼ ਧੜੇ ਦੀ ਭੂਮਿਕਾ

ਸ੍ਰੀ ਅਕਾਲ ਤਖਤ ਸਾਹਿਬ ਦੇ ਮਾਮਲੇ ਵਿੱਚ ਸਿੱਖਾਂ ਦੀ ਇਸ ਸਮੇ ਸਭ ਤੋ ਵੱਧ ਜੱਗ ਹਸਾਈ ਹੋ ਰਹੀ ਹੈ। ਇਹਦੇ ਲਈ ਖੁਦ ਸਿੱਖ ਹੀ ਜਿੰਮੇਵਾਰ ਹਨ, ਕੋਈ ਬਾਹਰਲਾ ਨਹੀ ਹੈ। ਤਖਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਹਮੇਸਾਂ ਸ਼ਰਮਸ਼ਾਰ ਕਰਨ ਵਾਲੀ ਚਰਚਾ ਵਿੱਚ ਰਹੀ ਹੈ।ਲੰਮੇ ਸਮੇ ਤੋ ਸਰੋਮਣੀ ਅਕਾਲੀ ਦਲ ਦੇ  ਸੁਖਬੀਰ ਸਿੰਘ ਬਾਦਲ ਧੜੇ ਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਬਜਾ ਚੱਲਿਆ ਆ ਰਿਹਾ ਹੈ, ਜਿਸ ਨੂੰ ਵਰਤ ਕੇ ਬਾਦਲ ਧੜਾ ਹਮੇਸਾਂ ਸਿੱਖ ਰਾਜਨੀਤੀ ਤੇ ਭਾਰੂ ਰਹਿੰਦਾ ਰਿਹਾ ਹੈ। ਪਰੰਤੂ 2015 ਤੋ ਜਦੋ ਤੋ ਅਕਾਲੀ ਦਲ ਭਾਜਪਾ ਗੱਠਜੋੜ ਦੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਸਮੇ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦੌਰ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਚੱਲਿਆ, ਉਸਤੋ ਬਾਅਦ ਅਕਾਲੀ ਦਲ ਦੇ ਉਕਤ ਧੜੇ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ। ਮੌਜੂਦਾ ਸਮੇ ਤੱਕ ਪੁੱਜਦਿਆਂ ਪੰਜਾਬ ਦੀ ਨੁਮਾਇੰਦਗੀ ਦੇ ਸਭ ਤੋ ਵੱਡਾ ਦਾਅਵੇਦਾਰ ਮੰਨੇ ਜਣ ਵਾਲੇ ਸ੍ਰੋਮਣੀ ਅਕਾਲੀ ਦਲ ਦਾ ਵਜੂਦ ਪੰਜਾਬ ਦੀ ਸਿਆਸਤ ਵਿੱਚੋਂ ਹਾਸੀਏ ਤੇ ਚਲਾ ਗਿਆ। ਇਹਦਾ ਕਾਰਨ ਇਹ ਨਹੀ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਭਾਰੂ ਹੋ ਗਈ, ਬਲਕਿ ਇਹਦਾ ਕਾਰਨ ਸ੍ਰੋਮਣੀ ਅਕਾਲੀ ਦਲ ਦਾ ਪੰਥਕ ਹਿਤਾਂ ਨੂੰ ਤਿਲਾਂਜਲੀ ਦੇਣਾ ਅਤੇ ਆਪਣੇ ਗੁਰੂ ਤੋ ਵੀ ਬੇਮੁੱਖ ਹੋਣਾ ਹੈ, ਜਿਸ ਕਰਕੇ ਪੰਜਾਬ ਅਤੇ ਪੰਥ ਦੀ ਨੁਮਾਇੰਦਾ ਜਮਾਤ ਸਰੋਮਣੀ ਅਕਾਲੀ ਦਲ ਤੋ ਪੰਜਾਬ ਦੇ ਸਿੱਖ ਭਾਈਚਾਰੇ ਦਾ ਮੋਹ ਭੰਗ ਹੋ ਗਿਆ, ਲਿਹਾਜ਼ਾ ਪੰਜਾਬ ਅੰਦਰ ਆਮ ਆਦਮੀ ਪਾਰਟੀ ਬਦਲਵੇਂ ਰੂਪ ਵਿੱਚ ਪਰਵਾਂਨ ਚੜ੍ਹ ਗਈ। ਬੇਹੱਦ ਮਾੜੇ ਹਾਲਤਾਂ ਚੋ ਗੁਜਰਨ ਦੇ ਬਾਵਜੂਦ ਵੀ ਕਿਉਂਕਿ ਸਰੋਮਣੀ ਗੁਰਦੁਆਰਾ ਪ੍ਰਬੰਧਕ  ਕਮੇਟੀ ਤੇ ਵੀ ਇਹੋ ਧੜਾ ਕਾਬਜ਼ ਹੈ, ਇਸ ਕਰਕੇ ਸਿੱਖ ਰਾਜਨੀਤੀ ਵਿੱਚ ਕੋਈ ਹੋਰ ਧੜਾ ਆਪਣੇ ਪੈਰ ਪਸਾਰਨ ਦੇ ਯੋਗ ਨਾ ਹੋ ਸਕਿਆ। ਇਸ ਤੋ ਇਲਾਵਾ ਪੰਥ ਹਿਤੈਸੀ ਰਾਜਨੀਤੀ ਦੇ ਫੇਲ੍ਹ ਹੋਣ ਦਾ ਇੱਕ ਵੱਡਾ ਕਾਰਨ ਇਹ ਵੀ ਰਿਹਾ ਹੈ ਕਿ ਪੰਥਕ ਧੜਿਆਂ ਵਿੱਚ ਖਤਰਨਾਕ ਹੱਦ ਤੱਕ ਵੰਡੀਆਂ ਹੀ ਨਹੀ ਪਈਆਂ ਹੋਈਆਂ, ਬਲਕਿ ਖਾਨਾਜੰਗੀ ਵਾਲਾ ਮਹੌਲ ਵੀ ਬਣਿਆ ਰਿਹਾ ਹੈ।ਇਹ ਵਰਤਾਰਾ ਪੰਥ ‘ਤੇ ਹਮੇਸਾਂ ਭਾਰੂ ਰਿਹਾ ਹੈ।ਪੰਥ ਦੀ ਆਪਸੀ ਪਾਟੋਧਾੜ ਦੀ ਬਦੌਲਤ ਹੀ ਸਮੁੱਚੀਆਂ ਸਿੱਖ ਸੰਸਥਾਵਾਂ,ਸਿੱਖ ਸਿਧਾਤਾਂ ਅਤੇ ਸਿੱਖਾਂ ਨੂੰ ਅਜਾਦ ਪ੍ਰਭੂਸੱਤਾ ਦਾ ਸੁਨੇਹਾ ਦੇਣ ਵਾਲੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਦਾ ਘਾਣ ਹੁੰਦਾ ਆ ਰਿਹਾ ਹੈ।ਸਰੋਮਣੀ ਕਮੇਟੀ ‘ਤੇ ਕਾਬਜ਼ ਧਿਰ ਆਪਣੇ ਨਿੱਜੀ ਮੁਫਾਦਾਂ ਲਈ ਤਖਤ ਸਾਹਿਬਾਨਾਂ ਦੇ ਜਥੇਦਾਰ ਨੂੰ ਵਰਤਦੀ ਹੀ ਨਹੀ ਆ ਰਹੀ ਬਲਕਿ ਸਮੇ ਸਮੇ ਤੇ ਉਹਨਾਂ ਦੀ ਬਲੀ ਵੀ ਦਿੰਦੀ ਆ ਰਹੀ ਹੈ। ਜਿਸ ਸਰਬ ਉੱਚ ਅਸਥਾਨ ਦੇ ਮੁੱਖ ਸੇਵਾਦਾਰ ਨੇ ਕੌਂਮ ਨੂੰ ਅਗਵਾਈ ਦੇਣੀ ਹੁੰਦੀ ਹੈ, ਉਹਨਾਂ ਦੇ ਰੁਤਬੇ ਪਦਾਰਥ ਅਤੇ ਸੁਆਰਥ ਦੇ ਲੋਭ ਲਾਲਚ ਵਿੱਚ ਲਬੇੜ ਕੇ ਬੌਨੇ ਕਰ ਦਿੱਤੇ ਗਏ ਹਨ। ਲੰਘੀ ਦੋ ਦਸੰਬਰ ਨੂੰ ਆਏ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਫੈਸਲੇ ਤੋ ਬਾਅਦ ਜਿਸਤਰਾਂ ਇਸ ਸੰਸਥਾ ਦੇ ਵਕਾਰ ਅਤੇ ਸ਼ਾਨਾਮੱਤੇ ਸਿਧਾਂਤ ਨੂੰ ਰੋਲ਼ਿਆ ਗਿਆ ਹੈ, ਉਹ ਬੇਹੱਦ ਮੰਦਭਾਗਾ ਅਤੇ ਕੌਂਮੀ ਭਵਿੱਖ ਦੇ ਹੋਰ ਧੁੰਦਲਾ ਹੋਣ ਵੱਲ ਇਸਾਰਾ ਕਰਦਾ ਹੈ।ਕਾਬਜ ਧੜਾ ਜਿਸਤਰਾਂ ਜਥੇਦਾਰ ਸਾਹਿਬਾਨਾਂ ਨੂੰ ਬੇਇਜਤ ਕਰਕੇ ਅਹੁਦਿਆਂ ਤੋ ਪਾਸੇ ਕਰਦਾ ਹੈ, ਉਹਦੇ ਨਾਲ ਜੱਗ ਹਸਾਈ ਤਾਂ ਹੁੰਦੀ ਹੀ ਹੈ,ਪਰ ਉਸ ਤੋ ਵੀ ਵੱਧ ਸਿੱਖ ਹਿਤਾਂ ਦੇ ਪ੍ਰਭਾਵਤ ਹੋਣ ਦੇ ਖਤਰੇ ਮੰਡਰਾਉਣ ਲੱਗਦੇ ਹਨ। ਕੇਂਦਰੀ ਤਾਕਤਾਂ ਪਹਿਲਾਂ ਹੀ ਅਜਿਹਾ ਚਾਹੁੰਦੀਆਂ ਹਨ, ਜਿਸ  ਨਾਲ ਕੌਂਮ ਦੀ ਤਾਕਤ ਮਲ਼ੀਆਮੇਟ ਹੋ ਜਾਵੇ ਅਤੇ ਉਹ ਸਦੀਆਂ ਤੱਕ ਗੁਲਾਮੀ ਕੱਟਣ ਲਈ ਮਜਬੂਰ ਰਹੇ।ਪਿਛਲੇ ਦਿਨੀ ਸਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਸਿੱਖ ਭਾਵਨਾਵਾਂ ਨੂੰ ਦਰਕਿਨਾਰ ਕਰਦਿਆਂ ਜਥੇਦਾਰਾਂ ਨੂੰ ਆਹੁਦਿਆਂ ਤੋ ਹਟਾ ਕੇ ਨਵੇਂ ਜਥੇਦਾਰ ਨਿਯੁਕਤ ਕਰ ਦਿੱਤੇ ਸਨ। ਪ੍ਰੰਤੂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਤਖਤ ਸ੍ਰੀ ਕੇਸ਼ਗੜ ਸਾਹਿਬ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਸੇਵਾ ਸੌਪ ਦਿੱਤੀ ਗਈ ਸੀ। ਸਿੰਘ  ਸਾਹਿਬਾਨਾਂ ਨੂੰ ਹਟਾਉਣ ਅਤੇ ਨਿਯੁਕਤੀ ਦੇ ਤੌਰ ਤਰੀਕਿਆਂ ਦਾ  ਵੱਡੇ ਪੱਧਰ ਤੇ ਵਿਰੋਧ ਹੋਣ ਦੇ ਬਾਵਜੂਦ ਸਰੋਮਣੀ ਕਮੇਟੀ ਤੇ ਕਾਬਜ਼ ਧੜੇ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ। ਸਭ ਤੋ ਵੱਧ ਵਿਰੋਧ ਜਿਤਾਉਣ ਵਾਲਿਆਂ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਅਤੇ ਦਮਦਮੀ ਟਕਸਾਲ ਚੌਕ ਮਹਿਤਾ ਸਾਮਲ ਸਨ।ਇਹ ਵੀ ਸੱਚ ਹੈ ਕਿ ਸਿੱਖਾਂ ਵੱਲੋਂ ਕੁੱਝ ਸਮਾ ਪਾਕੇ ਜਥੇਦਾਰਾਂ ਨੂੰ ਸਵੀਕਾਰ ਕਰ ਲਿਆ  ਜਾਂਦਾ ਹੈ।ਏਸੇਤਰਾਂ ਹੀ ਮੌਜੂਦਾ ਕਾਰਜਕਾਰੀ ਜਥੇਦਾਰ ਦੀ ਕਾਰਜਸ਼ੈਲੀ ਨੇ ਵੀ ਕਾਫੀ ਹੱਦ ਤੱਕ ਵਿਰੋਧ ਘਟਾਉਣ ਵਿੱਚ ਸਫਲਤਾ ਹਾਸਲ ਕਰ ਲਈ ਹੈ,ਪਰ ਕਾਬਜ ਧਿਰਾਂ ਸਾਇਦ ਇਹ ਵੀ ਨਹੀ ਚਾਹੁੰਦੀਆਂ। ਉਹਨਾਂ ਨੂੰ ਹਰ ਉਹ ਵਿਅਕਤੀ ਜਥੇਦਾਰ ਦੇ ਰੂਪ ਵਿੱਚ ਨਾ-ਪਰਵਾਨ ਹੈ, ਜਿਹੜਾ ਪੰਥਕ ਰਹੁਰੀਤਾਂ ਤੇ ਪਹਿਰਾ ਦੇਣ ਦੀ ਗੱਲ ਕਰਦਾ ਹੈ।ਹੁਣ ਵੀ ਅਜਿਹਾ ਹੀ ਜਾਪ ਰਿਹਾ ਹੈ। ਹੁਣ ਵੀ ਟਰਾਇਲ ਵਾਸਤੇ ਕਾਰਜਕਾਰੀ ਸੇਵਾਵਾਂ ਦੇਕੇ ਕਾਇਆ ਜਥੇਦਾਰ ਵੀ ਫਿੱਟ ਨਹੀ ਬੈਠ ਰਿਹਾ। ਇੱਥੇ ਇੱਕ ਗੱਲ ਹੋਰ ਵੀ ਸਾਂਝੀ ਕਰਨੀ ਬਣਦੀ ਹੈ ਕਿ ਪੁਰਾਤਨ ਸਿੱਖਾਂ ਅੰਦਰ ਇਹ ਪਰੰਪਰਾ ਰਹੀ ਹੈ ਕਿ ਕੌਮ ਦੀ ਹੋਣੀ ਦੇ ਫੈਸਲੇ ਕਿਸੇ ਇੱਕ ਧੜੇ ਵੱਲੋਂ ਧੱਕੇ ਨਾਲ ਪੰਥ ਤੇ ਥੋਪੇ ਨਹੀ ਸਨ ਜਾਂਦੇ ਬਲਕਿ ਸਰਬਤ ਖਾਲਸਾ ਸੱਦ ਕੇ ਗੁਰਮਤੇ ਕੀਤੇ, ਵਿਚਾਰੇ ਜਾਂਦੇ ਸਨ। ਸ੍ਰੀ ਅਕਾਲ ਤਖਤ ਸਾਹਿਬ ਤੋ ਹੋਣ ਵਾਲੇ ਫੈਸਲੇ ਵੀ ਕਿਸੇ ਇੱਕ ਵਿਅਕਤੀ ਵੱਲੋਂ ਕੌਂਮ ਤੇ ਨਹੀ ਸਨ ਥੋਪੇ ਜਾਂਦੇ, ਬਲਕਿ ਉਹ ਵੀ ਪੰਜ ਸਿੰਘ ਸਾਹਿਬਾਨ ਆਪਸੀ ਸਲਾਹ ਮਸ਼ਬਰਾ ਕਰਨ ਤੋ ਬਾਅਦ ਹੀ ਮੁੱਖ ਜਥੇਦਾਰ ਨੂੰ ਬੇਨਤੀ ਕਰਦੇ ਸਨ ਕਿ ਇਸ ਹੁਕਨਾਮੇ ਨੂੰ ਕੌਂਮ ਲਈ ਜਾਰੀ ਕਰ ਦਿੱਤਾ ਜਾਵੇ, ਭਾਵ ਗੁਰੂ ਸਾਹਿਬ ਜੀ ਵੱਲੋਂ ਚਲਾਈ ਪੰਚ ਪ੍ਰਧਾਨੀ ਪ੍ਰਥਾ ਤੇ ਪੂਰਨ ਰੂਪ ਵਿੱਚ ਪਹਿਰਾ ਦਿੱਤਾ ਜਾਂਦਾ ਸੀ, ਜਿਸ ਨੂੰ ਪੰਥ ਵੀ ਖਿੜੇ ਮੱਥੇ ਪਰਵਾਨ ਕਰਦਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਪੰਥ ਲਈ ਸਰਬ ਉੱਤਮ ਹੋਣ ਦਾ ਕਾਰਨ ਵੀ ਇਹੋ ਸੀ ਕਿ ਉਸ ਮੌਕੇ ਛਲ ਕਪਟ ਵਾਲੀ ਰਾਜਨੀਤੀ ਸਰਬ ਉੱਚ ਸੰਸਥਾ ਤੇ ਭਾਰੂ ਨਹੀ ਸੀ। ਪੁਰਾਤਨ ਹਾਲਾਤਾਂ ਦੇ ਸੰਦਰਭ ਵਿੱਚ ਜਦੋ ਮੌਜੂਦਾ ਹਾਲਾਤਾਂ ਨੂੰ ਦੇਖਿਆ ਜਾਂਦਾ ਹੈ, ਤਾਂ ਪਿਛਲਾ ਸਭ ਕੁੱਝ ਸੁਪਨੇ ਵਾਂਗ ਹੀ ਜਾਪਦਾ ਹੈ। ਉਸ ਮੌਕੇ ਦੀ ਰਾਜਨੀਤੀ ਸਿੱਖੀ  ਸਿਧਾਤਾਂ ‘ਤੇ ਟਿਕੀ ਹੋਈ ਹੋਣ ਕਰਕੇ ਦੁਨੀਆਂ ਦੇ ਸ਼ਕਤੀਸ਼ਾਲੀ ਹਾਕਮ ਵਜੋ ਜਾਣਿਆਂ ਜਾਣ ਵਾਲਾ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਸਿਧਾਂਤਾਂ ਦੀ ਅਵੱਗਿਆ ਕਰਨ ਦੇ ਦੋਸ਼ੀ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਨੰਗੇ ਪਿੰਡੇ ਕੋੜਿਆਂ ਦੀ ਸਜ਼ਾ ਭੁਗਤਣ ਲਈ ਨੀਵੀ ਪਾ ਕੇ ਹੱਥ ਜੋੜ ਕੇ ਖੜਾ ਹੋ ਗਿਆ ਸੀ। ਪ੍ਰੰਤੂ ਮੌਜੂਦਾ ਸਮੇ ਤੱਕ ਪਹੁੰਚਦਿਆਂ ਪਹੁੰਚਦਿਆਂ ਰਾਜਨੀਤੀ ਐਨੀ ਬੁਰੀ ਤਰਾਂ ਸਿੱਖ ਸੰਸਥਾਵਾਂ ਤੇ ਭਾਰੂ ਪੈ ਗਈ, ਸਿਧਾਂਤਾਂ ਦਾ ਮਲ਼ੀਆਮੇਟ ਹੋ ਗਿਆ। ਆਉਣ ਵਾਲੇ  ਦਿਨਾਂ ਵਿੱਚ ਇੱਕ ਵਾਰ ਫਿਰ ਸਿੱਖ ਕੌਂਮ ਨੂੰ ਜਥੇਦਾਰ ਸਾਹਿਬਾਨਾਂ ਨੂੰ ਨਿਯੁਕਤ ਕਰਨ ਅਤੇ ਸੇਵਾ ਮੁਕਤ ਕਰਨ ਦੇ ਵਿਧੀ ਵਿਧਾਨ ਬਣਾਉਣ ਦੇ ਭਰਮਜਾਲ਼ ਵਿੱਚ ਇੱਕ ਹੋਰ ਧੋਖਾ ਕੀਤੇ ਜਾਣ ਦੀਆਂ ਖਬਰਾਂ ਵੀ ਨਿਕਲ ਕੇ ਆ ਰਹੀਆਂ ਹਨ, ਉਹ ਇਹ ਹੈ ਕਿ ਵਿਧੀ ਵਿਧਾਨ ਦੇ ਨਾਲ ਨਾਲ ਸਿੰਘ ਸਹਿਬਾਨ ਦੇ ਕਾਰਜ ਖੇਤਰ ਨੂੰ ਵੀ ਸੀਮਤ ਕਰਨ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ, ਤਾਂ ਕਿ ਕਾਬਜ ਧਿਰ ਨੂੰ ਭਵਿੱਖ ਵਿੱਚ ਵੀ ਦੋ ਦਸੰਬਰ ਵਾਲਾ ਸੰਤਾਪ ਹੰਢਾਉਣ ਦੀ ਨੌਬਤ ਆ ਹੀ ਨਾ ਸਕੇ।ਜਦੋਂਕਿ ਜਥੇਦਾਰਾਂ ਦਾ ਕਾਰਜ ਖੇਤਰ ਅਸੀਮਤ ਹੈ, ਉਹਨੂੰ ਸੀਮਤ ਕਰਨ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀ ਹੈ,ਪਰ ਕੁੱਤੀ ਪੀਂਹਦੀ ਹੈ ਕੁੱਤੇ ਚੱਟਦੇ ਹਨ, ਇੱਥੇ ਪੁੱਛਣ ਵਾਲਾ ਕੌਣ ਹੈ। ਇਸ ਤੋ ਇਲਾਵਾ ਖਬਰਾਂ ਤਾਂ ਇਹ ਵੀ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਇੱਕ ਅਜਿਹੇ ਸਰੋਮਣੀ ਕਮੇਟੀ ਮੈਂਬਰ ਨੂੰ ਲਾਇਆ ਜਾ ਰਿਹਾ ਹੈ, ਜਿਹੜਾ ਪਿਛਲੇ ਲੱਗਭੱਗ ਸਾਢੇ ਤਿੰਨ ਦਹਾਕਿਆਂ ਤੋ ਬਾਦਲ ਪਰਿਵਾਰ ਦਾ ਵਫਾਦਾਰ,ਦਮਦਮੀ ਟਕਸ਼ਾਲ ਚੌਂਕ ਮਹਿਤਾ ਦਾ ਨਜਦੀਕੀ ਅਤੇ ਅਕਾਲੀ ਦਲ ਬਾਦਲ ਦੇ ਆਗੂ ਡਾ ਦਲਜੀਤ ਸਿੰਘ ਚੀਮਾ ਦਾ ਰਿਸ਼ਤੇਦਾਰ ਹੈ। ਉਕਤ ਸਰੋਮਣੀ ਕਮੇਟੀ ਮੈਬਰ ਉਹ ਵਿਅਕਤੀ ਹੈ, ਜਿਹੜਾ 2016 ਵਿੱਚ ਜਦੋ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਏ ਸਨ,ਉਦੋ ਉਕਤ ਵਿਅਕਤੀ ਸਰੋਮਣੀ ਕਮੇਟੀ ਦੀ ਤਤਕਾਲੀ ਐਗਜੈਕਟਿਵ ਵਿੱਚ ਸ਼ਾਮਲ ਸੀ, ਜਿਸਨੂੰ ਪੂਰੀ ਦੀ ਪੂਰੀ ਐਗਜੈਕਟਿਵ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਤੋ ਇਸ ਵੱਡੀ ਅਣਗਹਿਲੀ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸਾਰੀ ਐਗਜੈਕਟਿਵ ਨੂੰ ਸਜ਼ਾ ਵੀ ਲਾਈ ਗਈ ਸੀ। ਭਾਵੇ ਭੁੱਲ ਬਖਸ਼ਾ ਲਈ ਗਈ ਸੀ ਪਰ ਉਕਤ ਦੋਸ਼ਾਂ ਦਾ ਸਾਹਮਣਾ ਕਰ ਚੁੱਕੇ ਵਿਅਕਤੀਆਂ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ।ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰਨ ਵਾਲੇ ਪ੍ਰਧਾਨ ਸਮੇਤ ਸਮੁੱਚੀ ਕਾਰਜਕਾਰਨੀ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ। ਭਾਵੇਂ ਸਿੱਖਾਂ ਵਿੱਚ ਹੁਣ ਇਹ ਕੋਈ ਭੁਲੇਖਾ ਨਹੀ ਰਿਹਾ ਕਿ ਇਹ ਲੋਕ ਅਜਿਹਾ ਕੀਹਦੇ ਲਈ ਕਰ ਰਹੇ ਹਨ, ਫਿਰ ਵੀ ਇਹ ਸਮਝਣਾ ਬੇਹੱਦ ਜਰੂਰੀ ਹੈ ਕਿ ਗੁਰੂ ਤੋ ਬੇਮੁੱਖ ਹੋ ਕੇ ਸਿੱਖੀ  ਸਿਧਾਤਾਂ ਨੂੰ ਪੈਰਾਂ ਹੇਠ ਲਿਤਾੜਨ ਵਾਲੇ ਲੋਕਾਂ ਦੀਆਂ ਤਾਰਾਂ ਉਹਨਾਂ ਕੌਂਮ ਵਿਰੋਧੀਆਂ ਨਾਲ ਜੁੜਦੀਆਂ ਹਨ ਜਿਹੜੀਆਂ ਸਿੱਖ ਕੌਂਮ ਦੀ ਵੱਖਰੀ ਹੋਂਦ ਹਸਤੀ ਨੂੰ ਮਿਟਾ ਕੇ ਹਿੰਦੂ ਧਰਮ ਦਾ ਅੰਗ ਦਰਸਾਉਣ ਲਈ ਯਤਨਸ਼ੀਲ ਹਨ। ਜਿੰਨੀ ਦੇਰ ਸਿੱਖ ਪੰਥ ਆਪਣੀ ਨਿਆਰੀ ਹੋਂਦ ਹਸਤੀ ਦੀ ਸਲਾਮਤੀ ਲਈ ਫਿਕਰਮੰਦ ਨਹੀ ਹੁੰਦਾ ਓਨੀ ਦੇਰ  ਇਹ ਵਰਤਾਰੇ ਵਾਪਰਦੇ ਰਹਿਣਗੇ।

ਬਘੇਲ ਸਿੰਘ ਧਾਲੀਵਾਲ, 99142-58142

21 ਫਰਵਰੀ ਲਈ ਵਿਸ਼ੇਸ਼

ਸਾਕਾ ਨਨਕਾਣਾ ਸਾਹਿਬ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਪਿਤਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ‘ਧਰਮ ਹੇਤ ਸਾਕਾ’ ਕਿਹਾ ਹੈ, ਜਿਸ ਤੋਂ ਸਾਕਾ ਸ਼ਬਦ ਸਿੱਖ ਸ਼ਬਦਾਵਲੀ ਦਾ ਅਟੁੱਟ ਹਿੱਸਾ ਬਣ ਗਿਆ। ਸਾਕੇ ਦਾ ਅਰਥ ਹੈ, ਕੋਈ ਐਸਾ ਕਰਮ ਜੋ ਇਤਿਹਾਸ ਵਿਚ ਪ੍ਰਸਿੱਧ ਰਹਿਣ ਲਾਇਕ ਹੋਵੇ। ਵਚਿੱਤਰ, ਅਨੋਖੀ, ਅਦੁੱਤੀ, ਅਜੀਬ ਘਟਨਾ ਨੂੰ ਸਾਕਾ ਕਿਹਾ ਜਾਂਦਾ ਹੈ। ਸਪਸ਼ਟ ਹੈ ਕਿ ਇਹ ਸ਼ਬਦ ਭਾਰੀ ਦੁਖਾਂਤਕ ਘਟਨਾ ਵਾਸਤੇ ਵਰਤਿਆ ਜਾਂਦਾ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਇਸ ਅਰਥ ਭਾਵ ਵਾਲੇ ਸਾਕਿਆਂ ਸਨਮੁਖ ਹੋਣਾ ਪਿਆ। ਜਲ੍ਹਿਆਂ ਵਾਲੇ ਬਾਗ ਦਾ ਸਾਕਾ, ਨਨਕਾਣਾ ਸਾਹਿਬ ਦਾ ਸਾਕਾ, ਪੰਜਾ ਸਾਹਿਬ ਦਾ ਸਾਕਾ, ਸਾਕਾ ਗੁਰੂ ਕਾ ਬਾਗ ਆਦਿ। ਅੰਗਰੇਜ਼ੀ ਸ਼ਾਸਕਾਂ ਦੀ ਸ਼ਹਿ ’ਤੇ ਮਹੰਤਸ਼ਾਹੀ ਦੇ ਤਾਂਡਵ ਨਾਚ ਦੀ ਦਰਦਨਾਕ ਕਹਾਣੀ ਨੂੰ ਸਾਕਾ ਨਨਕਾਣਾ ਸਾਹਿਬ ਰੂਪਮਾਨ ਕਰਦਾ ਹੈ। ਇਨ੍ਹਾਂ ਸਾਕਿਆਂ ਨੂੰ ਢਾਡੀ ਬੀਰ ਰਸੀ ਵਾਰਾਂ ਰਾਹੀਂ ਪ੍ਰਗਟ ਕਰਨ ਲਈ ‘ਸਾਕਾ ਕਾਵਿ’ ਰੂਪ ਪ੍ਰਚਲਿਤ ਹੋਇਆ।

ਨਨਕਾਣਾ ਸਾਹਿਬ, ਨਾਨਕਿਆਣਾ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਨਾਨਕ ਆਯਨ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਯਨ ਭਾਵ ਘਰ। ਇਸ ਧਰਤ-ਸੁਹਾਵੀ ਦਾ ਪਹਿਲਾ ਨਾਂ ਰਾਇਪੁਰ ਫਿਰ ਤਲਵੰਡੀ ਰਾਇ ਭੋਇ ਤੇ ਸਦੀਵੀ ਨਾਉਂ ਨਨਕਾਣਾ ਸਾਹਿਬ ਪ੍ਰਚਲਿਤ ਹੋਇਆ। ਨਨਕਾਣਾ ਸਾਹਿਬ ਦੀ ਧਰਤੀ ’ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਅਨੇਕਾਂ ਅਲੌਕਿਕ ਚੋਜ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ’ਤੇ 1613 ਈ: ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਨਾਲ ਯਾਦਗਾਰੀ ਅਸਥਾਨ ਸਥਾਪਿਤ ਹੋਇਆ ਜੋ ਸਮੇਂ ਦੇ ਬੀਤਣ ਨਾਲ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਨਾਂ ਨਾਲ ਵਿਸ਼ਵ ਪ੍ਰਸਿੱਧ ਹੋਇਆ।ਉਦਾਸੀ ਸੰਪਰਦਾ ਦੇ ਮੁਖੀ ਬਾਬਾ ਅਲਮਸਤ ਜੀ ਨੂੰ ਗੁਰਦੁਆਰਾ ਜਨਮ ਅਸਥਾਨ ਦੀ ਸੇਵਾ-ਸੰਭਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੌਂਪੀ ਸੀ। ਇਸ ਤਰ੍ਹਾਂ ਅਰੰਭ ਤੋਂ ਹੀ ਇਸ ਪਵਿੱਤਰ ਅਸਥਾਨ ਦਾ ਪ੍ਰਬੰਧ ਉਦਾਸੀ ਸੰਪਰਦਾ ਦੇ ਮਹੰਤ-ਪੁਜਾਰੀ ਹੀ ਕਰਦੇ ਰਹੇ। ਸਿੱਖ ਰਾਜ ਕਾਲ ਸਮੇਂ ਗੁਰਦੁਆਰਿਆਂ ਦੇ ਨਾਂ ਲੱਗੀਆਂ ਬੇਸ਼ੁਮਾਰ ਜਗੀਰਾਂ-ਜਾਇਦਾਦਾਂ ਨੇ ਮਹੰਤਾਂ ਨੂੰ ਆਲਸੀ-ਅਯਾਸ਼ ਤੇ ਭ੍ਰਿਸ਼ਟ-ਕੁਕਰਮੀ ਕਰ ਦਿੱਤਾ। ਸਿੱਖ ਰਾਜ ਦਾ ਸੂਰਜ ਅਸਤ ਹੋਣ ਦੀ ਦੇਰ ਸੀ ਕਿ ਮਹੰਤਾਂ-ਪੁਜਾਰੀਆਂ ਨੇ ਅੰਗਰੇਜ਼ ਭਗਤ ਬਣ ਐਸ਼-ਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ। ਮਹੰਤ-ਪੁਜਾਰੀ ਗੁਰਦੁਆਰਿਆਂ ਦੀਆਂ ਜਮੀਨਾਂ-ਜਾਇਦਾਦਾਂ ਨੂੰ ਆਪਣੀ ਨਿੱਜੀ ਪਿਤਾ-ਪੁਰਖੀ ਮਾਲਕੀ ਮਹਿਸੂਸ ਕਰਨ ਲੱਗੇ। ਮਹੰਤਾਂ-ਪੁਜਾਰੀਆਂ ਨੇ ਗੁਰਦੁਆਰਿਆਂ ਨੂੰ ਐਸ਼-ਪ੍ਰਸਤੀ ਦੇ ਡੇਰੇ (ਅੱਡੇ) ਬਣਾ ਲਿਆ। ਜਦ ਸਿੱਖਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ’ਤੇ ਸਨ ਤਦ ਵੀ ਗੁਰਦੁਆਰਾ ਪ੍ਰਬੰਧ ਆਮ ਕਰਕੇ ਪਿਤਾ ਪੁਰਖੀ ਮਹੰਤਾਂ- ਉਦਾਸੀਆਂ ਤੇ ਨਿਰਮਲਿਆਂ ਪਾਸ ਹੀ ਸੀ। ਗੁਰੂ-ਘਰ ਦਾ ਪ੍ਰਬੰਧ ਉਸ ਸਮੇਂ ਤਕ ਠੀਕ ਚਲਦਾ ਰਿਹਾ, ਜਦੋਂ ਤਕ ਸਿੱਖ ਕਦਰਾਂ-ਕੀਮਤਾਂ ਅਨੁਸਾਰ ਜੀਵਨ ਬਸਰ ਕਰਦੇ ਰਹੇ। ਪਰ ਜਦ ਵੀ ਮਹੰਤਾਂ-ਪੁਜਾਰੀਆਂ, ਧਰਮੀ ਸਦਵਾਉਣ ਵਾਲਿਆਂ ਦਾ ਜੀਵਨ ‘ਕਰਤੂਤਿ ਪਸੂ ਕੀ ਮਾਨਸ ਜਾਤਿ’ ਵਾਲਾ ਹੋ ਜਾਵੇਗਾ ਤਾਂ ਗਿਰਾਵਟ ਆਉਣੀ ਨਿਸਚਿਤ ਹੈ। ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਦਾ ਸ਼ਰਾਬ ਪੀ ਕੇ ਆਈ ਸੰਗਤ ਦੀ ਬੇਇੱਜ਼ਤੀ ਕਰਨਾ, ਬੀਬੀਆਂ ਦੀ ਅਜ਼ਮਤ ਨੂੰ ਹੱਥ ਪਾਉਣਾ ਨਿੱਤ ਦਾ ਕਰਮ ਬਣ ਗਿਆ ਸੀ। ਮਹੰਤਾਂ ਦੇ ਕੁਕਰਮਾਂ-ਦੁਰਾਚਾਰਾਂ ਦੇ ਦਾਗ ਨੂੰ ਧੋਣ ਵਾਸਤੇ ਪਵਿੱਤਰ ਖੂਨ ਦੀ ਜ਼ਰੂਰਤ ਸੀ ਜਿਸ ਨੂੰ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੇ ਪੂਰਾ ਕੀਤਾ। ਇਸ ਸਮੇਂ ਸਿੱਖ ਸਮਾਜ ਵਿਚ ਸਿੱਖ ਜਾਗ੍ਰਤੀ ਵਜੋਂ ਸਿੰਘ ਸਭਾ ਲਹਿਰ ਚਲ ਰਹੀ ਸੀ। ਚੇਤੰਨ ਗੁਰਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਪਰਵਾਰਿਕ ਪ੍ਰਬੰਧ ਤੋਂ ਪੰਥਕ ਪ੍ਰਬੰਧ ’ਚ ਲਿਆਉਣ ਲਈ ਕਮਰਕੱਸੇ ਕਰ ਲਏ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਤੋਂ ਅਜ਼ਾਦ ਕਰਾਉਣ ਲਈ ਗੁਰਸਿੱਖ ਮਰਜੀਵੜਿਆਂ ਦਾ ਸ਼ਾਂਤਮਈ ਜਥਾ ਫਰਵਰੀ, 1920 ਨੂੰ ਦਰਸ਼ਨੀ ਡਿਉੜੀ ਰਸਤੇ ਅੰਦਰ ਦਾਖਲ ਹੋਇਆ, ਜਿੱਥੇ ਇਨ੍ਹਾਂ ਨਾਨਕ ਨਾਮ ਲੇਵਾ ਗੁਰਸਿੱਖਾਂ ਦਾ ‘ਸੁਆਗਤ’ ਮਹੰਤ, ਉਸ ਦੇ ਗੁੰਡਿਆਂ, ਬਦਮਾਸ਼ਾਂ ਨੇ ਗੋਲੀਆਂ, ਡਾਂਗਾਂ, ਬਰਛੀਆਂ, ਤਲਵਾਰਾਂ ਆਦਿ ਮਾਰੂ ਹਥਿਆਰਾਂ ਨਾਲ ਕੀਤਾ, ਗੁਰੂ-ਘਰ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਖਾਤਰ ਗੁਰੂ ਕੇ ਲਾਲ ਸ਼ਾਂਤਮਈ ਰਹਿ ਕੇ ਸ਼ਹਾਦਤਾਂ ਪ੍ਰਾਪਤ ਕਰ ਗਏ।

ਸਾਕਾ ਨਨਕਾਣਾ ਸਾਹਿਬ ਵਾਪਰਨ ਸਮੇਂ ਕੁਝ ਭੱਟੀ ਮੁਸਲਾਮਾਨਾਂ, ਬਾਬਾ ਕਰਤਾਰ ਸਿੰਘ (ਬੇਦੀ), ਮੰਗਲ ਸਿੰਘ ਕੂਕਾ ਆਦਿ ਨੇ ਵੀ ਕੁਕਰਮੀ ਮਹੰਤਾਂ ਦਾ ਸਾਥ ਦਿੱਤਾ। ਮਹੰਤ ਨਰੈਣ ਦਾਸ ਤੇ ਮਿਸਟਰ ਕਰੀ ਡੀ.ਸੀ ਅਤੇ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਡਵੀਜ਼ਨ ਦੀ ਸ਼ਹਿ ’ਤੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਖੂਨ ਨਾਲ ਲਾਲ ਹੋ ਗਈ। ਬਾਬਾ ਕਰਤਾਰ ਸਿੰਘ (ਬੇਦੀ) ਨੂੰ ਕੁਝ ਸਮੇਂ ਬਾਅਦ ਪੰਥ ਨਾਲ ਕੀਤੀ ਗਦਾਰੀ ਦਾ ਅਹਿਸਾਸ ਹੋਇਆ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਇਆ ਜਿਸ ’ਤੇ ਉਸ ਨੂੰ ਹੁਣ ਤਕ ਦੀ ਸਭ ਤੋਂ ਸਖ਼ਤ ਤਨਖਾਹ ਲਾਈ ਗਈ।

ਇਹ ਦੁਖਾਂਤਕ ਸਾਕਾ ਗੁਰੂ ਨਾਨਕ ਦੇ ਘਰ ਨੂੰ ਕਪਟੀ ਮਹੰਤਾਂ ਤੋਂ ਅਜ਼ਾਦ ਕਰਵਾਉਣ ਗਏ ਗੁਰਸਿੱਖਾਂ ਨਾਲ ਵਾਪਰਿਆ, ਇਸ ਤੋਂ ਵੱਧ ਦਰਦਨਾਕ ਘਟਨਾ ਕੀ ਹੋ ਸਕਦੀ ਹੈ। ਹਰ ਸਿੱਖ ਵਾਸਤੇ ਨਨਕਾਣਾ ਸਾਹਿਬ ਪਵਿੱਤਰ ਧਰਤੀ ਹੈ। ਇੱਥੋਂ ਦਾ ਮਹੰਤ ਨਰੈਣ ਦਾਸ ਸਭ ਤੋਂ ਵੱਡਾ ਗੁਰੂ-ਘਰ ਦਾ ਦੋਖੀ ਸਾਬਤ ਹੋਇਆ। ਇਹ ਕੁਕਰਮੀ ਬਣ ਚੁੱਕਾ ਸੀ। ਧਰਮ-ਕਰਮ ਇਸ ਵਿੱਚੋਂ ਗਾਇਬ ਹੋ ਚੁੱਕਾ ਸੀ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਅਜਿਹੇ ਹੀ ਕਪਟੀ ਮਹੰਤਾਂ ਤੋਂ ਅਜ਼ਾਦ ਕਰਵਾ ਕੇ ਸੰਗਤੀ ਪ੍ਰਬੰਧ ’ਚ ਲਿਆਉਣ ਲਈ ਗੁਰਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਅਰੰਭ ਕੀਤੀ। ਜਿਸ ਤਹਿਤ ਸਭ ਤੋਂ ਪਹਿਲਾਂ ਗੁਰਦਆਰਾ ਬਾਬੇ ਦੀ ਬੇਰ ਸਿਆਲਕੋਟ ਅਕਤੂਬਰ, 1920 ਨੂੰ ਪੰਥਕ ਪ੍ਰਬੰਧ ’ਚ ਲਿਆ ਗਿਆ। ਫਿਰ ਅਕਤੂਬਰ, 1920 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ’ਚ ਆਇਆ।

ਸ਼ਾਂਤਮਈ ਸਿੱਖ ਸੇਵਕਾਂ ਦੇ ਖੂਨ ਨਾਲ ਮਹੰਤ ਨਰੈਣ ਦਾਸ ਤੇ ਉਸ ਦੇ ਗੁੰਡਿਆਂ ਨੇ ਗੁਰਦੁਆਰਾ ਜਨਮ ਅਸਥਾਨ ਨੂੰ ਲੱਥਪਥ ਕਰ ਦਿੱਤਾ। ਇਹ ਗੁਰਦੁਆਰਾ ਸਾਹਿਬਾਨ ਦੀ ਸੁਤੰਤਰਤਾ, ਅਜ਼ਾਦੀ ਲਈ ਕੀਤਾ ਗਿਆ ਸੱਤਿਆਗ੍ਰਹਿ ਸੀ। ਜਬਰ-ਜ਼ੁਲਮ ਤੇ ਅੱਤਿਆਚਾਰ ਦੇ ਵਿਰੁੱਧ ਸਤਿ-ਸੰਤੋਖ, ਸਬਰ ਦੇ ਧਾਰਨੀ ਹੋ ਸ਼ਾਂਤਮਈ ਰਹਿ ਕੇ ਕੀਤਾ ਗਿਆ, ਵਿਦਰੋਹ, ਰੋਸ ਤੇ ਰੋਹ ਸੀ।

ਮਹੰਤ ਨਰੈਣ ਦਾਸ ਦੇ ਬਦਮਾਸ਼ਾਂ ਦੇ ਜਬਰ-ਜ਼ੁਲਮ ਦੀ ਇੰਤਹਾ-ਚਰਮਸੀਮਾਂ ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ’ਤੇ ਬੈਠਾ ਗ੍ਰੰਥੀ ਸਿੰਘ ਵੀ ਸ਼ਹੀਦ ਹੋ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ’ਚ ਵੀ ਗੋਲੀਆਂ ਲੱਗੀਆਂ, ਜਿਸ ਨੂੰ ‘ਸ਼ਹੀਦੀ ਬੀੜ’ ਕਿਹਾ ਜਾਂਦਾ ਹੈ। ਨਨਕਾਣਾ ਸਾਹਿਬ ਦੇ ਸਾਕੇ ਸਮੇਂ ਗੁਰਸਿੱਖਾਂ ਦੇ ਸਤਿ-ਸਿਦਕ, ਸਬਰ ਦੀ ਪਰਖ ਹੋਈ। ਗੁਰੂ ਕੇ ਲਾਲਾਂ ਨੇ ‘ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥’ ਦੇ ਮਹਾਂਵਾਕ ਨੂੰ ਪ੍ਰਤੱਖ ਕਰ ਦਿਖਾਇਆ। ਇਹ ਸ਼ਹੀਦਾਂ ਦੇ ਪਵਿੱਤਰ ਖੂਨ ਸਦਕਾ ਹੀ ਅੰਗਰੇਜ਼ ਰਾਜ ਕਾਲ ਸਮੇਂ ਸੁਤੰਤਰ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਹੋਂਦ ’ਚ ਆਈ, ਜਿਸ ਨੂੰ ਸਿੱਖ ਪਾਰਲੀਮੈਂਟ ਹੋਣ ਦਾ ਮਾਣ-ਸਤਿਕਾਰ ਹਾਸਲ ਹੈ। ਇਸ ਦੁਖਾਂਤਕ ਸਾਕੇ ਨੂੰ ਸ਼ਬਦੀ ਰੂਪ ਨਹੀਂ ਦਿੱਤਾ ਜਾ ਸਕਦਾ। ਅੰਮ੍ਰਿਤ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ’ਤੇ ਦਰਸ਼ਨ-ਦੀਦਾਰ ਕਰ ਰਹੇ ਸ਼ਾਂਤਮਈ ਗੁਰਸਿੱਖਾਂ ’ਤੇ ਜਦੋਂ ਮਹੰਤ ਤੇ ਉਸ ਦੇ ਗੁੰਡਿਆਂ ਨੇ ਗੋਲੀਆਂ ਦਾ ਮੀਂਹ ਵਰਸਾਇਆ ਹੋਵੇਗਾ, ਕਿਤਨੀ ਕਰੁਣਾਮਈ-ਦੁਖਦਾਈ ਘੜੀ ਹੋਵੇਗੀ- ਕੇਵਲ ਕਲਪਨਾ ਹੀ ਕੀਤੀ ਜਾ ਸਕਦੀ ਹੈ। ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੇ ਆਪਣੇ ਪਾਕ-ਪਵਿੱਤਰ ਖੂਨ ਨਾਲ ਮਹੰਤਾਂ ਦੇ ਪਾਪਾਂ ਨਾਲ ਗੰਧਲੀ ਹੋਈ ਧਰਤੀ ਨੂੰ ਧੋ ਕੇ ਪਵਿੱਤਰ ਕਰ ਦਿੱਤਾ। ਕੋਮਲ-ਦਿਲ ਕਵੀ ਚਰਨ ਸਿੰਘ ਸਫ਼ਰੀ ਦੇ ਬੋਲ ਹਨ :-

ਸੜਦੇ ਜੰਡ ਨੇ ਪੁੱਛਿਆ ਭੱਠ ਕੋਲੋਂ – ਸੜਨ ਵਾਲਾ ਕੀ ਸੜ ਕੇ ਮਰ ਗਿਆ ਏ ?
ਭਖਦੇ ਭੱਠ ਨੇ ਅੱਗੋਂ ਜੁਆਬ ਦਿੱਤਾ, ਉਹ ਤਾਂ ਮੈਨੂੰ ਵੀ ਠੰਡਿਆਂ ਕਰ ਗਿਆ ਏ…

ਕਿਤਨੇ ਸਬਰ, ਸਹਿਜ ਸੀਤਲਤਾ ਦੇ ਧਾਰਨੀ ਹੋਣਗੇ ਗੁਰੂ-ਘਰ ਦੇ ਪਰਵਾਨੇ-ਗੁਰਸਿੱਖ ਜਿਨ੍ਹਾਂ ਨੂੰ ਜਿੰਦਾ ਜੰਡ ਨਾਲ ਬੰਨ੍ਹ, ਭੱਠ ਵਿਚ ਸੁੱਟ ਸਾੜਿਆ ਗਿਆ ਪਰ ਕਿਸੇ ਨੇ ਸੀ ਨਹੀਂ ਉਚਾਰੀ। ਗੁਰਦੁਆਰਾ ਜਨਮ-ਅਸਥਾਨ ਦੇ ਨਜ਼ਦੀਕ ਸਥਿਤ ਸ਼ਹੀਦੀ ਖੂਹ ਤੇ ਜੰਡ ਦਾ ਦਰੱਖਤ ਸ਼ਹੀਦਾਂ ਦੀ ਸ਼ਹੀਦੀ ਦਾਸਤਾਨ ਬਿਆਨ ਕਰਦਾ ਹੈ। ਜੰਡ ਦੇ ਦਰੱਖਤ ਦੀ ਸਾਂਭ-ਸੰਭਾਲ ਹੋਣੀ ਜ਼ਰੂਰੀ ਹੈ।ਅਪ੍ਰੈਲ, 1921 ’ਚ ਮਹੰਤ ਨਰੈਣ ਦਾਸ ਤੇ ਉਸ ਦੇ ਚਾਟੜਿਆਂ ’ਤੇ ਮੁਕੱਦਮਾ ਚਲਣਾ ਸ਼ੁਰੂ ਹੋਇਆ। 12 ਅਕਤੂਬਰ, 1921 ਨੂੰ ਮਹੰਤ ਨਰੈਣ ਦਾਸ ਤੇ ਉਸ ਦੇ 7 ਸਾਥੀਆਂ ਨੂੰ ਮੌਤ ਦੀ ਸਜ਼ਾ, 8 ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਪਰ ਹਾਈਕੋਰਟ ਨੇ ਮਹੰਤ ਦੀ ਮੌਤ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਕਰ ਦਿੱਤੀ। ਪਰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਦੀ ਇਤਿਹਾਸਿਕ ਇਮਾਰਤ, ਵਿਸ਼ਾਲ ਦਰਸ਼ਨੀ ਡਿਉੜੀ ਤੇ ਖੁੱਲ੍ਹਾ ਵਿਹੜਾ ਸਮੇਂ-ਸਥਾਨ ਤੋਂ ਸੁਤੰਤਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅੱਜ ਵੀ ਰੂਪਮਾਨ ਕਰਦੇ ਹਨ। ਇਹ ਸਾਕੇ ਸਿੱਖੀ-ਸਿਦਕ, ਸਬਰ, ਸਾਹਸ ਤੇ ਸ਼ਹਾਦਤ ਨੂੰ ਪ੍ਰਤੱਖ ਤੌਰ ’ਤੇ ਰੂਪਮਾਨ ਕਰਦੇ ਹਨ। ਲੋੜ ਹੈ, ਇਨ੍ਹਾਂ ਤੋਂ ਪ੍ਰੇਰਨਾ ਲੈ ਸਿੱਖ ਜੀਵਨ ਜਾਂਚ ’ਚ ਸਤਿ-ਸੰਤੋਖ ਦੇ ਧਾਰਨੀ ਹੋ ਸਮੇਂ ਦੇ ਹਾਣੀ ਹੋਣ ਦੀ !

ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ’ਚ ਸਥਾਪਿਤ ਕੀਤਾ ਅਤੇ ਸ਼ਹੀਦੀ ਜੀਵਨ ਪੁਸਤਕ ਉਚੇਚੇ ਤੌਰ ’ਤੇ ਲਿਖਵਾਈ, ਜਿਸ ਵਿਚ 86 ਸ਼ਹੀਦਾਂ ਦਾ ਜੀਵਨ ਵਰਣਨ ਕੀਤਾ ਗਿਆ।

ਡਾ. ਰੂਪ ਸਿੰਘ

ਦੇਸ਼ ਵੰਡ ਸਮੇਂ ਤਕ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁ:ਪ੍ਰ:ਕਮੇਟੀ ਕਰਦੀ ਰਹੀ ਪਰ ਦੇਸ਼ ਦੇ ਬਟਵਾਰੇ ਨਾਲ ਜਿੱਥੇ ਸਿੱਖਾਂ ਦਾ ਬੇਸ਼ੁਮਾਰ ਜਾਨੀ ਤੇ ਮਾਲੀ ਨੁਕਸਾਨ ਹੋਇਆ, ਉਸ ਦੇ ਨਾਲ ਜਿੰਦ-ਜਾਨ ਤੋਂ ਪਿਆਰੇ ਗੁਰਦੁਆਰੇ-ਗੁਰਧਾਮਾਂ ਤੋਂ ਵੀ ਸਿੱਖ ਵਿਛੜ ਗਏ। ਵਿਛੋੜੇ ਦੇ ਨਾਸੂਰ ਨੂੰ ਭਰਨ ਵਾਸਤੇ ਹਰ ਸਿੱਖ ਸਵੇਰੇ-ਸ਼ਾਮ ਇਨ੍ਹਾਂ ਗੁਰਦੁਆਰਿਆਂ-ਗੁਰਧਾਮਾਂ ਦੇ ਦਰਸ਼ਨ-ਦੀਦਾਰ ਲਈ ਅਰਜੋਈ-ਜੋਦੜੀ ਕਰਦਾ ਹੈ।

ਜਿਸ ਧਰਤ ਸੁਹਾਵੀ ਤੋਂ ‘ਨਾਨਕ ਨਿਰਮਲ ਪੰਥ’ ਦਾ ਆਗਾਜ਼ ਹੋਇਆ, ਉਸ ਧਰਤੀ ਦੇ ਜ਼ਰੇ-ਜ਼ਰੇ ਨਾਲ ਹਰ ਨਾਨਕ ਨਾਮ ਲੇਵਾ ਦੀ ਮੁਹੱਬਤ ਹੋਣੀ ਲਾਜ਼ਮੀ ਹੈ। ਜਿਸ ਧਰਤੀ ਤੋਂ ਚੱਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸਚੁ ਸੁਣਾਇਸੀ ਸਚ ਕੀ ਬੇਲਾ’ ਦਾ ਸੰਦੇਸ਼ ਸਮੁੱਚੀ ਮਾਨਵਤਾ ਨੂੰ ਦਿੱਤਾ। ਗੁਰੂ ਨਾਨਕ ਸਾਹਿਬ ਨੇ ਜਬਰ-ਜ਼ੁਲਮ ਦੇ ਵਿਰੁੱਧ ਬੁਲੰਦ-ਅਵਾਜ਼ ‘ਚ ਸਮੇਂ ਦੇ ਬਾਦਸ਼ਾਹ ਬਾਬਰ ਨੂੰ ਜਾਬਰ ਕਹਿ, ਸਮੇਂ-ਸਥਾਨ ਤੇ ਪ੍ਰਸਥਿਤੀਆਂ ਤੋਂ ਪ੍ਰਭਾਵਿਤ ਨਾ ਹੁੰਦਿਆਂ ਹੋਇਆਂ ਸਮੇਂ ਸਿਰ ਸੱਚ ਦੇ ਸਿਧਾਂਤ ਲਿਖੇ, ਸੱਚ ਦੇ ਸੋਹਲੇ ਗਾਏ- ਸੱਚ ਨੂੰ ਜੀਵਨ ’ਚ ਜੀਅ ਕੇ ਦਰਸਾਇਆ । ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਦਵਾਉਣ ਵਾਲੇ ਹੀ ਬਹੁਤੇ, ‘ਸਮੇਂ ਸਿਰ ਸੱਚ ਤਾਂ ਕੀ ਬੋਲਣਾ’ ਸਗੋਂ ਸੱਚ ਬੋਲਣ ਤੋਂ ਹੀ ਕੰਨ੍ਹੀਂ ਕਤਰਾਉਂਦੇ ਹਾਂ।

– ਡਾ. ਰੂਪ ਸਿੰਘ
98146 37979
roopsz@yahoo.com roopsz@yahoo.com

ਜਨਮ ਦਿਨ ‘ਤੇ ਵਿਸ਼ੇਸ਼

ਕਲਮ ਤੇ ਤੇਗ਼ ਦੇ ਧਨੀ: ਸ਼ਹੀਦ ਬਾਬਾ ਦੀਪ ਸਿੰਘ ਜੀ

ਬਾਬਾ ਦੀਪ ਸਿੰਘ ਦਾ ਜਨਮ 14 ਮਾਘ ਸੰਮਤ 1739 ਬਿਕਰਮੀ ਨੂੰ ਪਿੰਡ ਪਹੂਵਿੰਡ ਜ਼ਿਲ੍ਹਾ ਤਰਨਤਾਰਨ ਵਿੱਚ ਮਾਤਾ ਜਿਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿੱਚ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਦੀਪਾ ਸੀ।ਛੋਟੇ ਹੁੰਦਿਆਂ ਹੀ ਉਨ੍ਹਾਂ ਨੇ ਗੁਰਮੁੱਖੀ ਪੜ੍ਹੀ ਤੇ ਗੁਰਬਾਣੀ ਦਾ ਪਾਠ ਕਰਨਾ ਸਿੱਖਿਆ। ਵਾਹੀ ਵੀ ਕੀਤੀ, ਨੇਜ਼ਾ ਸੁੱਟਣ ਅਤੇ ਘੋੜ ਸਵਾਰੀ ਵੀ ਕੀਤੀ। ਸਰੀਰਕ ਤੌਰ ‘ਤੇ ਉਹ ਰਿਸ਼ਟ ਪੁਸ਼ਟ, ਚੰਗੇ ਕੱਦ ਕਾਠ ਵਾਲੇ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ।

ਜਦ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਸਾਜਿਆ ਤਾਂ ਇਸ ਦੀ ਚਰਚਾ ਪਿੰਡ ਪਿੰਡ ਹੋਣ ਲੱਗੀ। ਜਦ ਆਪ ਨੇ ਵੀ ਇਸ ਬਾਰੇ ਸੁਣਿਆ ਤਾਂ ਆਪ ਵੀ ਮਾਤਾ ਪਿਤਾ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜਾ ਨਿਵਾਜੇ। ਉਨ੍ਹਾਂ ਨੇ ਵੀ ਗੁਰੂ ਜੀ ਪਾਸੋਂ ਅੰਮ੍ਰਿਤਪਾਨ ਕੀਤਾ। ਉਸ ਸਮੇਂ ਆਪ ਜੀ ਦੀ ਉਮਰ 18 ਸਾਲ ਸੀ। ਗੁਰੂ ਜੀ ਨੇ ਉਨ੍ਹਾਂ ਨੂੰ ਕੁਝ ਸਮਾਂ ਅਨੰਦਪੁਰ ਸਾਹਿਬ ਰਹਿਣ ਲਈ ਕਿਹਾ। ਉੱਥੇ ਰਹਿ ਕੇ ਆਪ ਲੰਗਰ ਦੀ ਸੇਵਾ ਦੇ ਨਾਲ ਛੋਟੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣ ਤੇ ਅਰਥ ਸਮਝਾਉਣ ਦੀ ਸੇਵਾ ਕਰਦੇ ਰਹੇ। ਸਤਿਗੁਰੂ ਜੀ ਨੇ ਆਪ ਨੂੰ ਗੁਰਮੁੱਖੀ, ਅਰਬੀ, ਫਾਰਸੀ ਭਾਸ਼ਾ ਦੀ ਪੜ੍ਹਾਈ ਕਰਾਕੇ ਇੱਕ ਸੁਘੜ ਵਿਦਵਾਨ ਬਣਾ ਦਿੱਤਾ।

ਅਨੰਦਪੁਰ ਸਾਹਿਬ ਵਿਖੇ ਰਹਿੰਦੇ ਹੋਏ ਉਨ੍ਹਾਂ ਭਾਈ ਮਨੀ ਸਿੰਘ ਪਾਸੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ ਤੇ ਨਾਲ ਹੀ ਸ਼ਸਤਰ ਯੁੱਧ ਵਿੱਚ ਵੀ ਜੂਝਣ ਦੀ ਸਿੱਖਿਆ ਗ੍ਰਹਿਣ ਕੀਤੀ। ਇਸ ਤਰ੍ਹਾਂ 20-22 ਸਾਲ ਦੀ ਉਮਰ ਵਿੱਚ ਆਪ ਇੱਕ ਸੂਝਵਾਨ ਵਿਦਵਾਨ ਤੇ ਸੂਰਬੀਰ ਜੋਧੇ ਬਣ ਗਏ। ਇੱਕ ਪਾਸੇ ਪਵਿੱਤਰ ਗੁਰਬਾਣੀ ਦਾ ਗਿਆਨ ਕਰਵਾਉਂਦੇ ਗੁਰੂ ਜੀ ਦੇ ਆਦੇਸ਼ ਅਨੁਸਾਰ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਾਕੇ ਸਿੱਖਾਂ ਵਿੱਚ ਨਵਾਂ ਧਾਰਮਿਕ ਜੋਸ਼ ਭਰਦੇ, ਦੂਜੇ ਪਾਸੇ ਸਿੰਘ ਸੂਰਮਿਆਂ ਦੇ ਜਥੇ ਤਿਆਰ ਕਰਕੇ ਲੋੜ ਸਮੇਂ ਮੈਦਾਨੇ ਜੰਗ ਭੇਜਦੇ।      

ਮੁਕਤਸਰ ਦੀ ਜੰਗ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਈ ਪਿੰਡਾਂ ਤੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ ਪਹੁੰਚੇ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ  ਇਸ ਥਾਂ ਗੁਰੂ ਜੀ ਨੂੰ ਮਿਲੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭਾਈ ਮਨੀ ਸਿੰਘ ਤੋਂ ਲਿਖਵਾਉਂਦਿਆਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਣੀ ਨੂੰ ਵੀ ਸ਼ਾਮਿਲ ਕਰਵਾਇਆ। ਅੰਤਮ ਰੂਪ ਦਿੰਦਿਆਂ ਬਾਬਾ ਦੀਪ ਸਿੰਘ ਜੀ ਨੇ ਵੀ ਸਹਾਇਤਾ ਕੀਤੀ, ਜਿਨ੍ਹਾਂ ਨੂੰ ਇੱਕ ਸਿੰਘ ਭਾਈ ਸ਼ੇਰ ਸਿੰਘ ਨੂੰ ਪਹੁੰਵਿੰਡ ਭੇਜ ਕੇ ਬੁਲਾਇਆ ਗਿਆ ਸੀ। ਆਪ ਕਲਮਾਂ, ਸਿਆਹੀ ਅਤੇ ਕਾਗਜ਼ ਆਦਿ ਤਿਆਰ ਕਰਦੇ ਸਨ। ਇਸ ਬੀੜ ਨੂੰ ਦਮਦਮੇ ਸਾਹਿਬ ਵਾਲੀ ਬੀੜ ਕਿਹਾ ਜਾਂਦਾ ਜੋ ਇਸ ਸਮੇਂ ਗੁਰਦੁਆਰਿਆਂ ਵਿੱਚ ਸੁਸ਼ੋਭਿਤ ਹੈ।

ਬਾਬਾ ਦੀਪ ਸਿੰਘ ਦੀ ਲਿਖਾਈ ਅਤੇ ਅੱਖਰਾਂ ਦੀ ਬਨਾਵਟ ਬਹੁਤ ਸੁੰਦਰ ਸੀ। ਗੁਰੂ ਜੀ ਨੇ ਆਪ ਨੂੰ ਚਾਰ ਹੱਥ ਲਿਖਤਾਂ ਬੀੜਾਂ ਤਿਆਰ ਕਰਨ ਲਈ ਕਿਹਾ। ਇਹ ਕੰਮ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸੰਪੂਰਨ ਕੀਤਾ ਤੇ ਇਸ ਉਪਰ 1716 ਤੋਂ 1726 ਈ. ਤੱਕ ਦਾ ਸਮਾਂ ਲੱਗਾ ਤੇ ਇਨ੍ਹਾਂ ਬੀੜਾਂ ਨੂੰ ਚਾਰੇ ਤਖ਼ਤਾਂ ਨੂੰ ਭੇਜਿਆ ।

ਬਾਬਾ ਦੀਪ ਸਿੰਘ ਅਰਬੀ ਫ਼ਾਰਸੀ ਦੇ ਵੀ ਵਿਦਵਾਨ ਸਨ।ਆਪ ਜੀ ਨੇ ਲਗਾਤਾਰ ਮਿਹਨਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਰਬੀ ਭਾਸ਼ਾ ਵਿੱਚ ਤਰਜਮਾ ਕੀਤਾ। ਇਹ ਪਵਿੱਤਰ ਬੀੜ ਪ੍ਰਸਿੱਧ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਦੇ ਕਥਨ ਅਨੁਸਾਰ ਅੱਜ ਕੱਲ੍ਹ ਬਗ਼ਦਾਦ ਯੂਨੀਵਰਸਿਟੀ ਵਿੱਚ ਸੰਭਾਲ ਕੇ ਰੱਖੀ ਹੋਈ ਹੈ।

 ਜਦ ਬੰਦਾ ਸਿੰਘ ਬਹਾਦਰ 1709 ਈ. ਵਿੱਚ ਪੰਜਾਬ ਆਇਆ ਤਾਂ ਗੁਰੂ ਸਾਹਿਬ ਦੇ ਅਨੁਯਾਈਆਂ ਵਿੱਚ ਬਾਬਾ ਦੀਪ ਸਿੰਘ ਵੀ ਸਾਬੋ ਕੀ ਤਲਵੰਡੀ ਤੋਂ ਆਣ ਮਿਲੇ। ਉਨ੍ਹਾਂ ਨੇ ਵੱਖ ਵੱਖ ਇਲਾਕਿਆਂ ਨੂੰ ਜਿੱਤਣ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਕੀਤੀ। ਬਾਬਾ ਦੀਪ ਸਿੰਘ ਜੀ ਨੇ ਸਿਆਲਕੋਟ ਦੇ ਕੁਝ ਇਲਾਕੇ ‘ਤੇ ਕਬਜ਼ਾ ਲਿਆ ਜਿਹੜਾ ਮੁਹੰਮਦ ਅਮੀਨ ਖਾਂ ਕੋਲ ਸੀ ਤੇ ਫਿਰ ਆਪਣੇ ਸਾਥੀਆਂ ਦਯਾਲ ਸਿੰਘ ਤੇ ਨੱਥਾ ਸਿੰਘ ਨੂੰ ਸੌਂਪ ਦਿੱਤਾ। ਸੰਨ 1708 ਤੋਂ 1715 ਸੰਨ ਤੀਕ ਆਪ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਡ ਗੁਰਦਾਸ ਨੰਗਲ (ਨੇੜੇ ਗੁਰਦਾਸਪੁਰ) ਵਿੱਚ ਸ਼ਾਹੀ ਫੌਜਾਂ ਘੇਰ ਲਿਆ। ਉਸ ਦਾ ਸਾਥ ਆਪਣੇ ਹੀ ਕਈ ਸਾਥੀ ਛੱਡ ਗਏ। ਹਵੇਲੀ ਅੰਦਰ ਖਾਣ ਪੀਣ ਦਾ ਸਾਮਾਨ ਖ਼ਤਮ ਹੋ ਗਿਆ। ਉਸ ਨੂੰ ਸਾਥੀਆਂ ਸਮੇਤ 7 ਦਸੰਬਰ ਸੰਨ 1715 ਈ. ਨੂੰ ਗ੍ਰਿਫ਼ਤਾਰ ਕਰ ਲਿਆ ਤੇ ਦਿੱਲੀ ਲਿਜਾ ਕੇ 700 ਸਾਥੀਆਂ ਸਮੇਤ ਸ਼ਹੀਦ ਕਰ ਦਿੱਤਾ ਗਿਆ।

17 ਵੀਂ ਸਦੀ ਵਿੱਚ ਸਾਰਾ ਖ਼ਾਲਸਾ ਪੰਥ ਜੰਗਲਾਂ ਅਤੇ ਪਹਾੜਾਂ ਵਿੱਚੋਂ ਬਾਹਰ ਆ ਕੇ ਇਕੱਠਾ ਹੋ ਗਿਆ। ਖ਼ਾਲਸਾ ਪੰਥ 12 ਮਿਸਲਾਂ ਵਿੱਚ ਵੰਡਿਆ ਗਿਆ ਜਿਸ ਦੇ 12 ਮੁੱਖ ਜਥੇਦਾਰ ਥਾਪੇ ਗਏ। ਇਨ੍ਹਾਂ ਵਿੱਚੋਂ ਇੱਕ ਮਿਸਲ ਸੀ ਸ਼ਹੀਦ ਮਿਸਲ। ਬਾਬਾ ਦੀਪ ਸਿੰਘ ਸ਼ਹੀਦ ਮਿਸਲ ਦੇ ਮੁੱਖ ਜਥੇਦਾਰ ਥਾਪੇ ਗਏ। ਇਸ ਸਦੀ ਅੰਦਰ ਭਾਰਤ ਨੂੰ ਵਿਦੇਸ਼ੀ ਹਮਲਾਵਰਾਂ ਨੇ ਖ਼ੂਬ ਲੁਟਿਆ ਤੇ ਇੱਥੋਂ ਦੀਆਂ ਬਹੁ-ਬੇਟੀਆਂ ਦੀ ਇੱਜ਼ਤ ਦਾ ਵੀ ਖਿਲਵਾੜ ਕੀਤਾ। ਮਿਸਲਾਂ ਦੇ ਜਥੇਦਾਰਾਂ ਨੇ ਇਕੱਠੇ ਹੋ ਕੇ ਅਫ਼ਗਾਨ ਧਾੜਵੀਆਂ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਭਾਰਤ ਦਾ ਲੁਟਿਆ ਬਹੁਤ ਕੀਮਤੀ ਸਾਮਾਨ ਵਾਪਿਸ ਦਿਵਾਇਆ ਜਾਂਦਾ ਰਿਹਾ।

5 ਫਰਵਰੀ ਸੰਨ 1762 ਈ. ਨੂੰ ਕੁੱਪ ਰਹੀੜੇ ਦੇ ਅਸਥਾਨ ‘ਤੇ ਹੋਏ ਵੱਡੇ ਘਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਜਦ ਮੁੜਦਿਆਂ ਵਾਪਸ ਲਾਹੌਰ ਵੱਲ ਆਇਆ ਤਾਂ ਰਸਤੇ ਵਿੱਚ ਸਿੰਘਾਂ ਉੱਪਰ ਖਿਝੇ ਹੋਏ ਨੇ ਸਿੰਘਾਂ ਦਾ ਬੀਜ ਨਾਸ ਕਰਨ ਲਈ ਸ੍ਰੀ ਅੰਮ੍ਰਿਤਸਰ ਦਾ ਤਾਲ ਮਿੱਟੀ ਨਾਲ ਭਰਵਾ ਦਿੱਤਾ ਤੇ 10 ਅਪ੍ਰੈਲ ਸੰਨ 1762 ਈ. ਮੁ. 1819 ਬਿਕਰਮੀ ਨੂੰ ਨੀਹਾਂ ਹੇਠ ਬਾਰੂਦ ਦੇ ਕੁੱਪੇ ਰੱਖਵਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਉਡਾ ਦਿੱਤਾ।

ਇਸ ਹਮਲੇ ਸਮੇਂ ਅੰਮ੍ਰਿਤਸਰ ਸ਼ਹਿਰ ਦੇ ਇਨਚਾਰਜ ਜਮਾਲ ਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਜਦੋਂ ਬਾਬਾ ਦੀਪ ਸਿੰਘ ਜੀ ਨੂੰ  ਸਾਬੋ ਕੀ ਤਲਵੰਡੀ  ਦੇ ਅਸਥਾਨ ‘ਤੇ ਪੁੱਜੀ ਤਾਂ ਆਪ ਦੇ ਦਿਲ ‘ਤੇ ਅਸਹਿ ਸੱਟ ਵੱਜੀ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤ੍ਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਆਸ-ਪਾਸ ਦੇ ਨਗਰਾਂ ਤੇ ਟਿਕਾਣਿਆਂ ‘ਤੇ ਇਤਲਾਹ ਦਿੱਤੀ ਗਈ। ਵੱਖ-ਵੱਖ ਨਗਰਾਂ ਤੋਂ ਅਣਗਿਣਤ ਸਿੰਘ ਬਾਬਾ ਜੀ ਦੀ ਅਗਵਾਈ ਵਿੱਚ ਪਾਵਨ ਧਰਮ ਅਸਥਾਨ ਦੀ ਰੱਖਿਆ ਲਈ ਹਾਜ਼ਰ ਹੋਏ। ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤੀ ਅਣਗਿਣਤ ਹੋ ਗਈ। ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜੱਥਾ ਮਾਝੇ ਦੇ ਇਲਾਕੇ ਅੰਦਰ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ਵਿਖੇ ਪਹੁੰਚ ਕੇ ਸਿੰਘਾਂ ਦੇ ਸਾਰੇ ਸਮੂਹ ਨੇ ਅਰਦਾਸ ਕੀਤੀ। ਇਸ ਸ਼ਹਿਰ ਤੋਂ ਬਾਹਰ  ਆ ਕੇ ਬਾਬਾ ਦੀਪ ਸਿੰਘ ਜੀ  ਨੇ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ। ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅµਮ੍ਰਿਤਸਰ ਵੱਲ ਵਧਣ ਲੱਗੇ।

ਤਰਨ ਤਾਰਨ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਗੋਹਲਵੜ ਪਿੰਡ ਕੋਲ ਜਾ ਕੇ ਬਾਬਾ ਜੀ ਨੇ ਆਪਣੇ ਸਿੰਘਾਂ ਦੇ ਜਥੇ ਨਾਲ ਦੁਸ਼ਮਣ ਦੀ ਫ਼ੌਜ ਨੂੰ ਲੜਾਈ ਲਈ ਲਲਕਾਰਿਆ। ਇਸ ਜਗ੍ਹਾ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ। ਗੋਹਲਵੜ ਵਿੱਚ ਬਾਬਾ ਜੀ ਦਾ ਸਾਹਮਣਾ ਜਮਾਲ ਖ਼ਾਨ ਨਾਲ ਹੋਇਆ। ਬਾਬਾ ਦੀਪ ਸਿੰਘ ਜੀ 8 ਸੇਰ ਕੱਚੇ ਦਾ ਦੋ-ਧਾਰਾ ਖੰਡਾ ਖੜਕਾਉਂਦੇ ਵੈਰੀਆਂ ਨੂੰ ਸਦਾ ਦੀ ਨੀਂਦ ਸੁਆਉਂਦੇ ਹੋਏ ਅੱਗੇ ਵਧਦੇ ਜਾ ਰਹੇ ਸਨ।  ਜਮਾਲ ਖਾਨ ਅੱਗੇ ਵਧਿਆ ਤੇ ਬਾਬਾ ਜੀ ‘ਤੇ ਵਾਰ ਕਰਨ ਲੱਗਾ। ਅੱਗੋਂ ਬਾਬਾ ਜੀ ਨੇ ਵੀ ਵਾਰ ਕੀਤਾ। ਇਸ ਸਾਂਝੇ ਵਾਰ ਵਿੱਚ ਬਾਬਾ ਜੀ ਨੇ ਉਸ ਮੁਗ਼ਲ ਕਮਾਂਡਰ ਨੂੰ ਤਾਂ ਥਾਂ ‘ਤੇ ਹੀ ਖ਼ਤਮ ਕਰ ਦਿੱਤਾ ਪਰ ਨਾਲ ਹੀ ਇਨ੍ਹਾਂ ਦੀ ਧੌਣ ਉੱਤੇ ਇੱਕ ਘਾਤਕ ਘਾਉ ਲੱਗਾ, ਜਿਸ ਨਾਲ ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਗਿਆ। ਇੱਕ ਸਿੰਘ ਨੇ ਹੱਥ ਜੋੜਕੇ ਬਾਬਾ ਜੀ ਨੂੰ ਆਪਣਾ ਪ੍ਰਣ ਯਾਦ ਫੇਰ ਕੀ ਸੀ ਬਚਨ ਕੇ ਬਲੀ ਸ਼ੂਰਬੀਰ ਯੋਧੇ ਬਾਬਾ ਜੀ ਦਾ ਧੜ ਹਰਕਤ ਵਿੱਚ ਆ ਗਿਆ ਤੇ ਓਹਨਾ ਆਪਣਾ ਪਾਵਨ ਸੀਸ਼ ਖੱਬੇ ਹੱਥ ਤੇ ਧਰ ਕੇ ਆਪਣਾ ਸਵਾ ਮਣ ਦਾ ਖੰਡਾ ਵਾਹੁੰਦੇ  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਤਕ ਜਾ ਪਹੁੰਚੇ। ਇਥੋਂ ਤਕ ਅੱਪੜਦਿਆਂ ਬਾਬਾ ਜੀ ਨੇ ਕਈ ਪਠਾਣ ਤੇ ਅਫ਼ਗਾਨ ਮਾਰ ਮੁਕਾਏ ਸਨ। ਇਸ ਤਰ੍ਹਾਂ ਇਸ ਘਮਸਾਨ ਦੀ ਜੰਗ ਅੰਦਰ ਅਫ਼ਗਾਨ ਜਰਨੈਲਾਂ ਦੇ ਮਾਰੇ ਜਾਣ ਨਾਲ ਅਫ਼ਗਾਨੀ ਫੌਜ ਦੇ ਹੌਸਲੇ ਟੁੱਟ ਗਏ ਤੇ ਬਾਬਾ ਦੀਪ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਅੰਦਰ ਪਹੁੰਚ ਕੇ ਸ਼ਹੀਦੀ ਪ੍ਰਾਪਤ ਕਰ ਗਏ।

 ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਇੱਕ ਥੜ੍ਹੇ ਉੱਪਰ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ। ਉਸ ਥੜ੍ਹੇ ਉਂਪਰ ਕੁਝ ਸਿੰਘਾਂ ਦੇ ਨਾਮ ਹੇਠ ਲਿਖੇ ਅਨੁਸਾਰ ਲਿਖੇ ਹੋਏ ਹਨ:

1.         ਬਾਬਾ ਦੀਪ ਸਿੰਘ ਜੀ ਸ਼ਹੀਦ ਹੈਂਡ ਜਥੇਦਾਰ

2.         ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ

3.         ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ

ਡਾ. ਚਰਨਜੀਤ ਸਿੰਘ ਗੁਮਟਾਲਾ

4.         ਬਾਬਾ ਗੰਡਾ ਸਿੰਘ ਜੀ ਸ਼ਹੀਦ ਜਥੇਦਾਰ

5.         ਬਾਬਾ ਲਹਿਣਾ ਸਿੰਘ ਜੀ ਸ਼ਹੀਦ ਜਥੇਦਾਰ

6.         ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ

7.         ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜਥੇਦਾਰ

8.         ਬਾਬਾ ਭਾਗ ਸਿੰਘ ਜੀ ਸ਼ਹੀਦ ਜਥੇਦਾਰ

9.         ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ

10.       ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ

ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਜ਼ਾਲਮਾਂ ਤੋਂ ਬਦਲਾ ਲੈਂਦੇ ਹੋਏ ਅਤੇ ਧਰਮ ਤੇ ਕੌਮ ਦੀ ਸ਼ਾਨ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ।

ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਹੈ, ਜਿੱਥੇ ਅੱਜਕਲ੍ਹ ‘ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ’ ਸੁਸ਼ੋਭਿਤ ਹੈ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾਂ ਵਿੱਚ ਜਿੱਥੇ ਬਾਬਾ ਜੀ ਨੇ ਸੀਸ ਭੇਟ ਕੀਤਾ ਸੀ, ਉਥੇ ਵੀ ਪਾਵਨ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਬਾਬਾ ਦੀਪ ਸਿੰਘ ਜੀ ਦਾ ਉਹ ਦੋ-ਧਾਰਾ ਖੰਡਾ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਸਤਰਾਂ ਵਿੱਚ ਸੰਭਾਲ ਕੇ ਰੱਖਿਆ ਗਿਆ, ਜਿਸ ਦੇ ਹਰ ਰੋਜ਼ ਸ਼ਾਮ ਨੂੰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ ।

ਡਾ. ਚਰਨਜੀਤ ਸਿੰਘ ਗੁਮਟਾਲਾ, 91 941753306

ਅਵਤਾਰਪੁਰਬ ‘ਤੇ ਵਿਸ਼ੇਸ਼

ਸਰਬੰਸਦਾਨੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਹਾਰ ਸੂਬੇ ਦੇ ਪ੍ਰਸਿੱਧ ਸ਼ਹਿਰ ਪਟਨਾ ਜਿਸ ਦਾ ਉਸ ਸਮੇਂ ਨਾਂ ਪਾਟਲੀਪੁਤਰ ਸੀ ਵਿੱਚ 22 ਦਸੰਬਰ ਸੰਨ 1666 ਈ. ਪੋਹ ਸੁਦੀ ਸਤਵੀਂ ਵਾਲੇ ਦਿਨ ਅਵਤਾਰ ਧਾਰਿਆ।ਉਨ੍ਹਾਂ ਦੇ ਪਿਤਾ ਨੌਵੇਂ ਗੁਰੂ ਤੇਗ ਬਹਾਦਰ ਜੀ ਸਨ ਅਤੇ ਦਾਦਾ ਛੇਵੇਂ ਗੁਰੂ ਸ੍ਰੀ ਹਰਿ ਗੋਬਿੰਦ ਜੀ ਸਨ।ਮਾਤਾ ਦਾ ਨਾਂ ਮਾਤਾ ਗੁਜਰੀ ਸੀ।ਬਾਲ ਗੁਰੂ ਗੋਬਿੰਦ ਰਾਇ ਪੰਜ ਛੇ ਸਾਲ ਪਟਨਾ ਰਹੇ। ਇੱਥੇ ਇਨ੍ਹਾਂ ਦੇ ਕਈ ਕੌਤਕ ਪ੍ਰਸਿੱਧ ਹਨ ।ਇੱਥੇ ਹੀ ਬੰਗਾਲੀ, ਹਿੰਦੀ, ਪੰਜਾਬੀ, ਫਾਰਸੀ, ਸੰਸਕ੍ਰਿਤ, ਬ੍ਰਜੀ ਆਦਿ ਬੋਲੀਆਂ ਸਿਖੀਆਂ।

ਗੁਰੂ ਤੇਗ਼ ਬਹਾਦਰ ਜੀ 1671 ਈ. ਦੇ ਸ਼ੁਰੂ ਵਿੱਚ ਪ੍ਰਵਾਰ ਨੂੰ ਪਟਨਾ ਛੱਡ ਕੇ ਵੈਸਾਖੀ ਦੇ ਕਰੀਬ ਆਨੰਦਪੁਰ (ਮਾਖੋਵਾਲ) ਪੁੱਜ ਗਏ। ਛੇਤੀ ਹੀ ਉਨ੍ਹਾਂ ਪ੍ਰਵਾਰ ਨੂੰ ਵਾਪਸ ਮੰਗਵਾਇਆ।ਇੱਥੇ ਹੀ   ਔਰੰਗਜ਼ੇਬ ਤੋਂ ਦੁੱਖੀ ਕਸ਼ਮੀਰੀ ਪੰਡਿਤਾਂ ਦੀ ਵਿੱਥਿਆ ਸੁਣ ਕੇ ਗੁਰੂ ਜੀ 7 ਸਾਲ ਦੇ ਬਾਲਕ ਗੁਰੂ ਗੋਬਿੰਦ ਰਾਇ ਜੀ ਨੂੰ ਗੁਰ-ਗੱਦੀ ਸੌਂਪ ਕੇ ਕੁਝ ਮੁੱਖੀ ਸਿੱਖਾਂ ਸਮੇਤ ਦਿੱਲੀ  ਨੂੰ ਰਵਾਨਾ ਹੋਇ ।ਡਾ. ਦੀਵਾਨ ਸਿੰਘ ਨੇ ਆਪਣੀ ਪੁਸਤਕ ‘ਦਸਮ ਗੁਰੂ ਜੀਵਨ ਤੇ ਸਖ਼ਸ਼ੀਅਤ’ ਵਿਚ ਵਿਸਥਾਰ ਨਾਲ ਲਿਖਦੇ ਹੋਏ ਇਹ ਸਮਾਂ 1673 ਈ. ਦਾ ਲਿਿਖਆ ਹੈ। ਦੋ ਕੁ ਸਾਲ ਗੁਰੂ ਜੀ ਨੇ ਪ੍ਰਚਾਰ ਵਿੱਚ ਬਿਤਾਏ ਸਨ ਤਾਂ ਜਦ ਗੁਰੂ ਜੀ ਆਗਰੇ ਠਹਿਰੇ ਹੋਏ ਸਨ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਔਰੰਗਜ਼ੇਬ ਦੇ ਹੁਕਮ ਨਾਲ ਉਨ੍ਹਾਂ ਨੂੰ ਅਤੇ ਭਾਈ ਮਤੀਦਾਸ ਜੀ, ਭਾਈ ਦਿਆਲ ਦਾਸ ਜੀ, ਭਾਈ ਸਤੀ ਦਾਸ ਜੀ ਆਦਿ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ।

1675 ਤੋਂ 1688 ਈ. ਦਾ ਸਮਾਂ ਸਿੱਖ ਸ਼ਕਤੀ ਦੇ ਸੰਗਠਨ ਦਾ ਸਮਾਂ ਸੀ। ਸੈਨਿਕ ਅਤੇ ਬੀਰ ਰਸੀ ਜੋਸ਼ ਵਧਾਉਣ ਲਈ ਰਣਜੀਤ ਨਗਾਰਾ ਤਿਆਰ ਕਰਵਾਇਆ ਗਿਆ। ਜਿਸ ਦੀ ਆਵਾਜ਼ ਸਾਰੇ ਪਹਾੜੀ ਰਾਜਾਂ ਵਿੱਚ ਗੂੰਜ ਉਠੀ। ਇੱਕ ਸਿੱਖ ਦੁਨੀ ਚੰਦ ਕਾਬਲ ਤੋਂ ਇੱਕ ਬਹੁਤ ਸੁੰਦਰ ਅਤੇ ਕੀਮਤੀ ਸ਼ਮਿਆਨਾ ਬਣਵਾ ਕੇ ਲਿਆਇਆ ਤੇ ਗੁਰੂ ਜੀ ਨੂੰ ਭੇਟ ਕੀਤਾ, ਜਿਸ ਦੀ ਕੀਮਤ ਢਾਈ ਲੱਖ ਰੁਪਏ ਸੀ। ਆਸਾਮ ਦਾ ਰਾਜਾ ਰਤਨ ਰਾਏ ਬਹੁਤ ਕੀਮਤੀ ਤੋਹਫੇ ਜਿਨ੍ਹਾਂ ਵਿੱਚ ਇੱਕ ਸੁੰਦਰ ਹਾਥੀ, ਇੱਕ ਤਖ਼ਤ, ਪੰਜ ਵਧੀਆ ਤੇ ਸਜੇ ਸਜਾਏ ਘੋੜੇ, ਇੱਕ ਅਦੱੁਤੀ ਹਥਿਆਰ ਜਿਸ ਵਿੱਚੋਂ ਪੰਜ ਹਥਿਆਰ ਨਿਕਲਦੇ ਸਨ ਅਤੇ ਹੋਰ ਕਿੰਨਾਂ ਕੀਮਤੀ ਸਾਜੋ-ਸਾਮਾਨ ਸੀ।

ਗੁਰੂ ਸਾਹਿਬ ਦੀ ਸ਼ਕਤੀ ਵੱਧਦੀ ਵੇਖ ਕੇ ਬਿਲਾਸਪੁਰ ਦਾ ਰਾਜਾ ਭੀਮ ਚੰਦ ਈਰਖਾ ਦੀ ਅੱਗ ਵਿੱਚ ਸੜਨ ਲੱਗ ਪਿਆ। ਜਿਸ ਦਾ ਸਿੱਟਾ ਪਹਿਲੀ ਲੜਾਈ ਭੰਗਾਲੀ ਦੇ ਯੁੱਧ ਦਾ ਕਾਰਨ ਬਣੀ ਜੋ 1688 ਈ.ਵਿਚ ਲੜੀ ਗਈ। 1677 ਈ. ਵਿੱਚ ਆਪ ਦੀ ਸ਼ਾਦੀ ਲਾਹੌਰ ਦੇ ਸਿੱਖ ਭਾਈ ਭਿਖੀਆ ਦੀ ਲੜਕੀ ਜੀਤੋ ਨਾਲ ਆਨੰਦਪੁਰ ਸਾਹਿਬ ਹੋਈ।

1685 ਈ. ਵਿੱਚ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ‘ਤੇ ਆਪਣੀ ਸੈਨਾ ਤੇ ਪ੍ਰਵਾਰ ਸਮੇਤ ਆਪ ਨਾਹਨ ਚਲੇ ਗਏ। ਰਾਜੇ ਦੀ ਬੇਨਤੀ ਕਰਨ ‘ਤੇ ਜਮਨਾ ਕੰਢੇ ਰਮਣੀਕ ਥਾਂ ‘ਤੇ 12 ਦਿਨਾਂ ਵਿੱਚ ਹੀ ਕਿਲ੍ਹਾ ਤਿਆਰ ਕਰਵਾਇਆ ਜਿਸ ਦਾ ਨਾਂ ਪਾਉਂਟਾ (ਪੈਰ ਰੱਖਣ ਦੀ ਥਾਂ) ਰੱਖਿਆ। ਏਥੇ ਆਪ ਤਿੰਨ ਸਾਲ ਰਹੇ ਤੇ ਬਹੁਤ ਸਾਰਾ ਸਾਹਿਤ ਰਚਿਆ।1688 ਈ. ਇੱਥੇ ਰਹਿੰਦਿਆਂ ਸਭ ਤੋਂ ਵੱਡੀ ਘਟਨਾ ਭੰਗਾਣੀ ਦਾ ਯੁੱਧ ਹੋਇਆ, ਜਿਸ ਵਿਚ ਗੁਰੂ ਜੀ ਦੀ ਸੈਨਾ ਨੂੰ ਬੜੀ ਭਾਰੀ ਜਿੱਤ ਹੋਈ ।

ਪਾਉਂਟਾ ਸਾਹਿਬ ਵਿੱਚ ਹੀ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਦਾ ਸੰਨ 1687 ਵਿੱਚ ਜਨਮ ਹੋਇਆ।ਭੰਗਾਣੀ ਦੇ ਯੁੱਧ ਤੋਂ ਬਾਅਦ 1688 ਈ. ਵਿੱਚ ਗੁਰੂ ਸਾਹਿਬ ਆਨੰਦਪੁਰ ਵਾਪਿਸ ਆ ਗਏ। ਗੁਰੂ ਜੀ ਦੇ ਬਾਕੀ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਵੀ ਇੱਥੇ ਹੀ ਹੋਇਆ । 1690 ਈ. ਨਦੌਣ ਦੀ ਲੜਾਈ ਹੋਈ।

ਗੁਰੂ ਜੀ ਨੇ ਸਿੱਖਾਂ ਨੂੰ ਨਿਆਰਾ ਰੂਪ ਦੇਣ ਲਈ 1699 ਦੀ ਵਿਸਾਖੀ ਨੂੰ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਖ਼ਾਲਸਾ ਪੰਥ ਦੀ ਸਾਜਣਾ ਨਾਲ ਪਹਾੜੀ ਰਾਜਿਆਂ ਵਿੱਚ ਗੁਰੂ ਜੀ ਪ੍ਰਤੀ ਈਰਖਾ ਹੋਰ ਵੱਧ ਗਈ। ਸੂਬਾ ਸਰਹੰਦ ਨੇ ਦਸ ਹਜ਼ਾਰ ਫੌਜ ਸਮੇਤ ਜਰਨੈਲ ਅਦੀਨਾ ਬੇਗ ਅਤੇ ਪੈਂਦਾ ਖ਼ਾਨ ਨੂੰ ਆਨੰਦਪੁਰ ‘ਤੇ ਹਮਲਾ ਕਰਨ ਲਈ ਭੇਜਿਆ। ਇਸ ਵਿੱਚ ਜਿੱਤ ਗੁਰੂ ਜੀ ਦੀ ਹੀ ਹੋਈ।

ਇਨ੍ਹਾਂ ਦਿਨਾਂ ਵਿੱਚ ਰੁਹਤਾਸ ਦੇ ਇੱਕ ਸਿੱਖ ਨੇ ਆਪਣੀ ਲੜਕੀ ਸਾਹਿਬ ਦੀ ਸ਼ਾਦੀ ਗੁਰੂ ਜੀ ਨਾਲ ਇੱਕ ਪ੍ਰਣ ਅਨੁਸਾਰ ਕੀਤੀ। ਗੁਰੂ ਜੀ ਨੇ ਅੰਮ੍ਰਿਤ ਛਕਾ ਕੇ ਉਸ ਦਾ ਨਾਂ ਸਾਹਿਬ ਕੌਰ ਰੱਖਿਆ। ਇਸੇ ਸਮੇਂ ਭਾਈ ਰਾਮ ਕੁੰਵਰ (ਬਾਬਾ ਬੁੱਢਾ ਜੀ ਦੇ ਵੰਸ਼ਜ) ਨੂੰ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਤੇ ਉਸ ਦਾ ਨਾਂ ਭਾਈ ਗੁਰਬਖਸ਼ ਸਿੰਘ ਰੱਖਿਆ। ਇਸੇ ਲੜਾਈ ਦੌਰਾਨ  ਭਾਈ ਘਨ੍ਹਈਆ ਵਾਲਾ ਪ੍ਰਸੰਗ ਵਾਪਰਿਆ।

ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦਾ ਨਿਸ਼ਾਨਾ ਆਨੰਦਪੁਰ ਸੀ। ਲਗਾਤਾਰ 8 ਮਹੀਨੇ ਤੋ ਆਨµਦਪੁਰ ਸਾਹਿਬ ਨੂੰ ਘੇਰਾ ਪਾਇਆ ਗਿਆ । ਬਿਕ੍ਰਮੀ ਸµਮਤ 1762 ਦੀ 6-7 ਪੋਹ ਦੀ ਦਰਮਿਆਨੀ ਰਾਤ ਨੂੰ ਆਨµਦ ਗੜ ਦਾ ਕਿਲ੍ਹਾ ਖਾਲੀ ਕਰਨ ਤੋਂ ਬਾਅਦ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਚੁੱਕੀਆਂ ਕਸਮਾਂ ਨੂੰ ਤੋੜ ਕੇ ਕੀਰਤਪੁਰ ਸਾਹਿਬ ਪਾਰ ਕਰਦਿਆਂ ਹੀ ਸਿੱਖ ਫੌਜਾਂ ਤੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕµਢੇ ਜµਗ ਹੋਈ, ਕਾਫੀ ਸਿµਘ ਸ਼ਹੀਦ ਹੋ ਗਏ ਅਤੇ ਗੁਰੂ ਗੋਬਿµਦ ਸਿµਘ ਜੀ ਦਾ ਪਰਿਵਾਰ ਵਿਛੜ ਗਿਆ।

ਉਨ੍ਹਾਂ ਦੇ ਮਾਤਾ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਰੋਪੜ ਵੱਲ ਨੂੰ ਗਏ। ਜਿੱਥੋਂ ਇੱਕ ਪੁਰਾਣਾ ਨੌਕਰ ਗੰਗੂ ਬ੍ਰਾਮਣ ਉਨ੍ਹਾਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ। ਰਾਤ ਨੂੰ ਮਾਤਾ ਜੀ ਪਾਸੋਂ ਜੇਵਰ ਤੇ ਨਕਦੀ ਚੁਰਾ ਲਈ ਤੇ ਹਜ਼ਮ ਕਰਨ ਲਈ ਉਨ੍ਹਾਂ ਵਿਰੱੁਧ ਮੋਰਿੰਡੇ ਚੌਧਰੀ ਨੂੰ ਖ਼ਬਰ ਕਰ ਦਿੱਤੀ। ਉਸ ਨੇ ਉਨ੍ਹਾਂ ਦੇ ਸੂਬੇਦਾਰ ਸਰਹੰਦ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ। ਵਜ਼ੀਰ ਖਾਂ ਨੇ ਆਪਣੇ ਵਜ਼ੀਰ ਸੁੱਚਾ ਨੰਦ ਖ਼ਤਰੀ ਦੇ ਜ਼ੋਰ ਦੇਣ ‘ਤੇ ਦੋਵਾਂ ਮਾਸੂਮ ਬੱਚਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਮਾਤਾ ਜੀ ਬੱਚਿਆਂ ਦਾ ਦੁੱਖ ਨਾ ਸਹਾਰਦੇ ਹੋਏ ਸ਼ਹਾਦਤ ਪਾ ਗਏ।

 ਅਗਲਾ ਟਾਕਰਾ 8ਪੋਹ ਨੂੰ 1762 (ਸµਨ 1705) ਚਮਕੌਰ ਦੀ ਗੜ੍ਹੀ ਤੇ ਭਾਰੀ ਜµਗ ਹੋਇਆ ।ਇਸ ਜµਗ ਵਿੱਚ ਗੁਰੂ ਗੋਬਿµਦ ਸਿµਘ ਜੀ ਦੇ ਵੱਡੇ ਪੁੱਤਰ ਬਾਬਾ ਅਜੀਤ ਸਿµਘ ਜੀ ਅਤੇ ਬਾਬਾ ਜੁਝਾਰ ਸਿµਘ ਜੀ , ਹੋਰਨਾਂ ਚਾਲੀ ਕੁ ਸਿµਘਾਂ ਸਮੇਤ ਲੜਦਿਆਂ ਸ਼ਹੀਦ ਹੋ ਗਏ। ਇਸ ਤੋਂ ਬਾਅਦ 30 ਪੋਹ 1762 ਬਿਕ੍ਰਮੀ (ਸµਨ1705ਈ. ) ਵਿੱਚ ਖਿਦਰਾਣਾ ਦੀ ਢਾਬ ਤੇ ਸੂਬਾ ਸਰਹਿµਦ ਦੀ ਦਸ ਹਜ਼ਾਰ ਮੁਗ਼ਲਾ ਫੌਜ ਨਾਲ ਜµਗ ਲੜੀ । ਇੱਥੇ ਚਾਲੀ ਸਿµਘਾਂ ਵਲੋਂ ਲਿਿਖਆ ਗਿਆ ਬੇਦਾਵਾ ਗੁਰੂ ਜੀ ਨੇ ਪਾੜ ਦਿੱਤਾ। ਇਸ ਕਰ ਕੇ ਇਸ ਨੂੰ ਚਾਲੀ ਮੁਕਤਿਆ ਦੀ ਮੁਕਤੀ ਕਾਰਨ ਮੁਕਤਸਰ ਕਿਹਾ ਜਾਣ ਲੱਗਾ।

ਚਮਕੌਰ ਤੋਂ ਗੁਰੂ ਜੀ ਇਕੱਲੇ ਆਪਣੇ ਤਿੰਨ ਸਿੱਖਾਂ ਨਾਲੋਂ ਵਿਛੜ ਕੇ ਮਾਛੀਵਾੜੇ ਜਾ ਪੁੱਜੇ। ਮਾਛੀਵਾੜੇ ਉਨ੍ਹਾਂ ਦੇ ਤਿੰਨ ਸਾਥੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਵੀ ਆ ਮਿਲੇ। ਇੱਥੇ ਹੀ ਉਨ੍ਹਾਂ ਦੇ ਸ਼ਰਧਾਲੂ ਪਠਾਨ ਨਬੀ ਖ਼ਾਨ ਤੇ ਗ਼ਨੀ ਖ਼ਾਨ ਆ ਮਿਲੇ। ਜਿਨ੍ਹਾਂ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਗੁਰੂ ਜੀ ਨੂੰ ‘ਉੱਚ ਦਾ ਪੀਰ’ ਬਣਾਇਆ ਅਤੇ ਨੀਲੀ ਪੁਸ਼ਾਕ ਪਹਿਨਾ ਕੇ ਪਾਲਕੀ ਵਿੱਚ ਸਵਾਰ ਕਰਕੇ ਮੁਗ਼ਲ ਫੌਜਾਂ ਤੋਂ ਬਚਦੇ ਹੋਏ ਕਾਫੀ ਦੂਰ ਚਲੇ ਗਏ।ਗੁਰੂ ਜੀ ਇਸ ਵਿਉਂਤ ਨਾਲ ਜਗਰਾਉਂ ਤੇ ਰਾਏਕੋਟ ਹੁੰਦੇ ਹੋਏ ਜੱਟਪੁਰੇ ਪੁੱਜੇ। ਇੱਥੋਂ ਦੇ ਮੁਸਲਮਾਨ ਹਾਕਮ ਰਾਏ ਕਲ੍ਹਾ ਨੇ ਗੁਰੂ ਜੀ ਦੀ ਪੂਰੀ ਸਹਾਇਤਾ ਕੀਤੀ। ਰਾਏ ਕਲ੍ਹਾ ਨੇ ਗੁਰੂ ਜੀ ਦੇ ਕਹਿਣ ‘ਤੇ ਸਰਹੰਦ ਤੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੀ ਖ਼ਬਰ ਮੰਗਵਾਈ। ਜਦ ਮਾਹੀ ਨਾਮੀ ਹਰਕਾਰਾ ਇਹ ਅਤੀ ਦੁੱਖਦਾਈ ਖ਼ਬਰ ਲਿਆਇਆ ਤਾਂ ਉਸ ਵੇਲੇ ਗੁਰੂ ਜੀ ਜੰਗਲ ਵਿੱਚ ਬੈਠੇ ਹੋਏ ਸਨ। ਗੁਰੂ ਜੀ ਨੇ ਇੱਕ ਕਾਹੀ ਦਾ ਬੂਟਾ ਪੁੱਟਦੇ ਹੋਏ ਫਰਮਾਇਆ ਕਿ ਜਿਸ ਤਰ੍ਹਾਂ ਇਹ ਬੂਟਾ ਪੁੱਟਿਆ ਗਿਆ ਹੈ, ਉਸੇ ਤਰ੍ਹਾਂ ਮੁਗ਼ਲ ਹਕੂਮਤ ਦੀਆਂ ਛੇਤੀ ਹੀ ਜੜ੍ਹਾਂ ਪੁੱਟੀਆਂ ਜਾਣਗੀਆਂ।

ਇਸ ਉਪਰੰਤ ਮੌਜੂਦਾ ਮੁਕਤਸਰ ਦੀ ਥਾਂ ‘ਤੇ ਮੁਗ਼ਲਾਂ ਨਾਲ ਮੁੜ ਮੁਠਭੇੜ ਹੁੰਦੀ ਹੈ, ਜਿੱਥੇ ਚਾਲੀ ਸਿੰਘ ਜੋ ਬੇਦਾਵਾ ਦੇ ਗਏ ਸਨ  ਮੁਗਲ ਫੌਜਾਂ ਨਾਲ ਬੜੀ ਬਹਾਦਰੀ ਨਾਲ  ਲੜਦੇ ਸ਼ਹੀਦੀ ਪ੍ਰਾਪਤ ਕਰਦੇ ਹਨ।ਗੁਰੂ ਜੀ ਨੇ ਇਸ ਲੜਾਈ ਨੂੰ ਉੱਚੇ ਟਿੱਬੇ ਤੋਂ ਵੇਖਿਆ।ਗੁਰੂ ਜੀ ਨੇ ਇਕੱਲੇ ਇਕੱਲੇ ਸਿੰਘ ਨੂੰ ਆਪਣੀ ਗੋਦ ਵਿਚ ਲਿਆ ਤੇ ੇ ਬੇਦਾਵਾ ਪਾੜ ਕੇ ਉਨ੍ਹਾਂ ਨੂੰ ਮੁਕਤੇ ਆਖ ਕੇ ਨਿਵਾਜਿਆ। ਇੱਥੇ ਹੁਣ ‘ਮੁਕਤਸਰ’ ਆਬਾਦ ਹੈ। ਮੁਕਤਸਰ ਤੋਂ ਬਾਅਦ  ਗੁਰੂ ਜੀ ਤਲਵੰਡੀ ਸਾਬੋ ਪੁੱਜੇ। ਜਿੱਥੇ ਉਹ 9 ਮਹੀਨੇ ਰਹੇ ਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ ਅਤੇ ਇਸ ਨੂੰ ਹੁਣ ਵਾਲਾ ਸੰਪੂਰਨ ਰੂਪ ਬਖ਼ਸ਼ਿਆ ਅਤੇ ‘ਗੁਰੂ ਕੀ ਕਾਂਸ਼ੀ’ ਆਖ ਕੇ ਵਡਿਆਇਆ। ਤਲਵੰਡੀ ਵਿੱਚ ਹੀ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਤੋਂ ਆ ਕੇ ਗੁਰੂ ਜੀ ਨੂੰ ਮਿਲੇ ਅਤੇ ਉਨ੍ਹਾਂ ਦਾ ਏਥੇ ਹੀ ਪਤਾ ਲੱਗਾ।

ਤਲਵੰਡੀ ਸਾਬੋ ਜਾਂਦਿਆ ਜਦ ਗੁਰੂ ਜੀ ਦੀਸੇ ਠਹਿਰੇ ਹੋਏ ਸਨ ਤਾਂ ਔਰੰਗਜ਼ੇਬ ਵਲੋਂ ਉਨ੍ਹਾਂ ਨੂੰ ਇੱਕ ਸ਼ਾਹੀ ਪੱਤਰ ਪੁੱਜਾ ਜਿਸ ਵਿੱਚ ਉਨ੍ਹਾਂ ਨੂੰ ਦੱਖਣ ਵਿੱਚ ਕਿਆਮ ਕਰਦੇ ਬਾਦਸ਼ਾਹ ਨੂੰ ਮਿਲਣ ਦਾ ਸੱਦਾ ਸੀ। ਸ਼ਾਹੀ ਪੱਤਰ ਦੇ ਉੱਤਰ ਵਿੱਚ ਗੁਰੂ ਜੀ ਨੇ ਫ਼ਾਰਸੀ ਕਵਿਤਾ ਵਿੱਚ ਇੱਕ ਲੰਮਾ ਪੱਤਰ ਲਿਿਖਆ, ਜਿਸ ਦਾ ਨਾਂ ‘ਜ਼ਫ਼ਰਨਾਮਾ’ (ਜਿੱਤ ਦਾ ਪੱਤਰ) ਰੱਖਿਆ ਗਿਆ। ਇਹ ਮਹਾਨ ਕਾਵਿ-ਪੱਤਰ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਰਾਹੀਂ ਔਰੰਗਜ਼ੇਬ ਵੱਲ ਭੇਜਿਆ ਗਿਆ। ਜਦ ਉਹ ਬਹੁਤ ਸਮਾਂ ਵਾਪਿਸ ਨਾ ਆਏ ਤਾਂ ਗੁਰੂ ਜੀ ਔਰੰਗਜੇਬ ਨੂੰ ਮਿਲਣ ਲਈ ਦਖਣ ਵਲ ਨੂੰ  ਅਕਤੂਬਰ 1706 ਈ. ਵਿੱਚ ਆਪ  ਰਵਾਨਾ ਹੋ ਗਏ।

 ਫਰਵਰੀ 1707 ਈ ਵਿਚ ਜਦ ਗੁਰੂ ਜੀ   ਬਘੇਰ ਦੇ ਨੇੜੇ ਪੁੱਜੇ ਤਾਂ ਬਾਦਸ਼ਾਹ ਦੇ ਦੇਹਾਂਤ ਦੀ ਖ਼ਬਰ ਮਿਲੀ ।ਔਰੰਗਜ਼ੇਬ ਦੀ ਮੌਤ ਪਿੱਛੋਂ ਬਹਾਦਰ ਸ਼ਾਹ ਦਿੱਲੀ ਦੇ ਤਖ਼ਤ ‘ਤੇ ਬਿਰਾਜਮਾਨ ਹੋ ਗਿਆ।ਆਗਰੇ ਵਿੱਚ ਗੁਰੂ ਜੀ ਬਹਾਦਰ ਸ਼ਾਹ ਨੂੰ ਮਿਲੇ। ਉਸ ਨੇ ਗੁਰੂ ਜੀ ਦਾ ਬਹੁਤ ਆਦਰ ਸਤਿਕਾਰ ਕੀਤਾ ਅਤੇ ਵੱਡਮੁੱਲਾ ‘ਖਿਲਅਤ’ ਪੇਸ਼ ਕੀਤਾ।ਗੁਰੂ ਜੀ ਵਜ਼ੀਰ ਖਾਂ ਨੂੰ ਦੰਡ ਦਿਵਾਉਣਾ ਚਾਹੁੰਦੇ ਸਨ ਪਰ ਉਹ ਇਸ ਗੱਲ ਨੂੰ ਟਾਲਦਾ ਰਿਹਾ। ਕਿਉਂਕਿ ਵਜ਼ੀਰ ਖ਼ਾਨ ਨੂੰ ਦੰਡ ਦੇਣ ਦਾ ਉਸ ਨੂੰ ਹੀਆ ਨਹੀਂ ਪੈਂਦਾ। ਉਹ ਚਾਹੁੰਦਾ ਸੀ ਕਿ ਆਪਣਾ ਰਾਜ ਚੰਗੀ ਤਰ੍ਹਾਂ ਸਥਾਪਤ ਕਰਕੇ ਕੋਈ ਅਜਿਹਾ ਕਦਮ ਉਠਾਏ।ਅੰਤ ਗੁਰੂ ਜੀ ਬਾਦਸ਼ਾਹ ਤੋਂ ਨਿਰਾਸ਼ ਹੋ ਕੇ ਉਸ ਦੀਆਂ ਫੌਜਾਂ ਨਾਲੋਂ ਵੱਖਰੇ ਹੋ ਕੇ ਨਾਦੇੜ ਚਲੇ ਗਏ।

ਡਾ. ਚਰਨਜੀਤ ਸਿੰਘ ਗੁਮਟਾਲਾ

ਨਾਦੇੜ ਵਿੱਚ ਰਹਿੰਦੇ ਇੱਕ ਸਾਧੂ ਬੈਰਾਗੀ ਲਛਮਨ ਦਾਸ ਜਾਂ ਮਾਧੋ ਦਾਸ ਨੂੰ ਗੁਰੂ ਜੀ ਨੇ  ਪੂਰਨ ਮਰਯਾਦਾ ਅਨੁਸਾਰ ਅੰਮ੍ਰਿਤ ਛਕਾਇਆ ਅਤੇ ‘ਬੰਦਾ ਸਿੰਘ’ ਨਾਮ ਰੱਖਿਆ, ਜਿਸ ਦੀ ਉਮਰ 38 ਸਾਲ ਸੀ। ਫਿਰ ਉਸ ਨੂੰ ਥਾਪੜਾ ਜਾਂ ਅਸ਼ੀਰਵਾਦ ਦਿੱਤੀ ਤੇ ਕੁਝ ਸਿੰਘਾਂ ਦੇ ਨਾਲ ਪੰਜਾਬ ਵੱਲ ਰਾਜਸੀ ਕਰਤਵ ਦੀ ਪੂਰਤੀ ਲਈ ਭੇਜ ਦਿੱਤਾ। ਗੁਰੂ ਜੀ ਨੇ ਉਸ ਨੂੰ ਆਪਣੇ ਭੱਥੇ ਵਿੱਚੋਂ ਪੰਜ ਤੀਰ ਆਤਮਕ ਸਹਾਇਤਾ ਲਈ ਬਖਸ਼ੇ ਅਤੇ ਹੋਰ ਵੀ ਧਾਰਮਿਕ ਉਪਦੇਸ਼ ਤੇ ਕ੍ਰਿਪਾ ਨਾਲ ਨਿਹਾਲ ਕੀਤਾ,ਜਿਸ ਦੀ ਮਿਸਾਲ ਦੁਨੀਆਂ ਵਿੱਚ ਨਹੀਂ ਮਿਲਦੀ। ਉਨ੍ਹਾਂ ਨੇ ਬੰਦਾ ਬਹਾਦਰ ਵਿੱਚ ਆਪਣੀ ਸਾਰੀ ਸੈਨਿਕ ਤੇ ਰਾਜਸੀ ਸ਼ਕਤੀ ਭਰ ਦਿੱਤੀ, ਜਿਸ ਨੇ ਭਾਰਤ ਦੀ ਹੋਣੀ ਅਤੇ ਇਤਿਹਾਸ ਬਦਲ ਕੇ ਰੱਖ ਦਿੱਤਾ।

ਗੁਰੂ ਜੀ ਨੇ ਸਰੀਰਕ ਅੰਤ ਨੇੜੇ ਜਾਣ ਕੇ ਕੱਤਕ ਸੁਦੀ ਪੰਜ 1765 ਬਿਕ੍ਰਮੀ (7 ਅਕਤੂਬਰ 1708 ਈ.) ਦੀ ਰਾਤ ਦੇ ਤੀਜੇ ਪਹਿਰ ਸਿੰਘਾਂ ਨੂੰ ਇਕੱਤਰ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸਦਾ ਲਈ ਖ਼ਾਲਸੇ ਦਾ ਆਤਮਕ ਆਗੂ ਅਤੇ ਗੁਰੂ ਥਾਪ ਕੇ ਜੋਤੀ ਜੋਤ ਸਮਾ ਗਏ। ਇਸ ਪਵਿੱਤਰ ਸਥਾਨ ‘ਤੇ ‘ਸੱਚਖੰਡ ਸ੍ਰੀ ਹਜ਼ੂਰ ਸਾਹਿਬ’ ਜਾਂ ‘ਅਬਚਲ ਨਗਰ’ ਦਾ ਪ੍ਰਸਿੱਧ ਗੁਰਦੁਆਰਾ ਅਤੇ ਤਖ਼ਤ ਸਾਹਿਬ ਸੁਸ਼ੋਭਿਤ ਹੈ। ਪੰਜਾਬ ਆ ਕੇ ਬਾਬਾ ਬੰਦਾ   ਸਿੰਘ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।ਖਾਲਸਾ ਰਾਜ ਕਾਇਮ ਕੀਤਾ। ਜਮੀਨ ਵਾਹੀਕਾਰ ਦੀ ਕਰ ਦਿੱਤੀ।ਭਾਵੇਂ ਕਿ ਉਹ ਆਪਣਾ ਰਾਜ ਕਾਇਮ ਨਾ ਰਖ ਸਕਿਆ ਪਰ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ।ਬਾਦ ਵਿਚ ਮਿਸਲਾਂ ਦਾ ਰਾਜ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ, ਜਿਸ ਨੇ ਅਫ਼ਗਾਨ ਹਮਲਾਵਰਾਂ ਦੇ ਹਮਲਿਆਂ ਤੋਂ ਭਾਰਤ ਨੂੰ ਛੁਟਕਾਰਾ ਦੁਆਇਆ।  ਗੁਰੂ ਸਾਹਿਬਾਨ  ਦੀਆਂ ਘਾਲਣਾ ਦਾ ਸਿੱਟਾ ਹੀ ਹੈ ਕਿ ਅੱਜ ਸਿੱਖ ਸਾਰੀ ਦੁਨੀਆਂ ਵਿਚ ਆਨੰਦਮਾਣ ਰਹਿ ਹਨ ਤੇ ਨਾਮਣਾ ਖੱਟ ਰਹਿ ਹਨ।

ਡਾ. ਚਰਨਜੀਤ ਸਿੰਘ ਗੁਮਟਾਲਾ, 91 941753306

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ “ਵੀਰ ਬਾਲ ਦਿਵਸ” ਕਹਿਣਾ: ਕੀ ਸਿੱਖ ਮਰਿਆਦਾ ਨਾਲ ਖਿਲਵਾੜ ਨਹੀਂ ?

ਸਿੱਖ ਇਤਿਹਾਸ ਵਿੱਚ ਸ਼ਹਾਦਤ ਦੇ ਸੰਕਲਪ ਪੱਖੋਂ ਪੋਹ (ਦਸੰਬਰ- ਜਨਵਰੀ) ਦਾ ਮਹੀਨਾ ਬਹੁਤ ਮਹੱਤਵਪੂਰਨ ਹੈ। ਇਸ ਮਹੀਨੇ ਦੇ ਇੱਕ ਹਫਤੇ ਦੇ ਵਿੱਚ ਵਿੱਚ ਹੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਅਤੇ ਮਾਤਾ ਗੁਜਰੀ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਛੇ ਪੋਹ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਸੱਤ ਪੋਹ ਨੂੰ ਸਰਸਾ ਨਦੀ ਪਾਰ ਕਰਦੇ ਹੋਏ ਗੁਰੂ ਜੀ ਦਾ ਪਰਿਵਾਰ ਵੰਡਿਆ ਗਿਆ। ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਸਾਹਿਬ ਦੀ ਗੜੀ ਪਹੁੰਚੇ। ਦੂਜੇ ਪਾਸੇ ਸੱਤ ਪੋਹ ਦੀ ਰਾਤ ਨੂੰ ਹੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸਰਸਾ ਨਦੀ ਕਿਨਾਰੇ ਕੁੰਮੇ ਮਸ਼ਕੀ ਦੀ ਝੋਪੜੀ ਵਿੱਚ ਠਹਿਰੇ। ਅੱਠ ਪੋਹ ਨੂੰ ਚਮਕੌਰ ਦੀ ਗੜੀ ਵਿੱਚ ਜੰਗ ਹੋਈ, ਜਿੱਥੇ ਦੋਨੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ  ਮੁਗਲ ਫੌਜਾਂ ਨਾਲ ‘ਸਵਾ ਲਾਖ ਸੇ ਏਕ ਲੜਾਊ’ ਦੇ ਕਥਨ ਨੂੰ ਅਸਲੀ ਜਾਮਾ ਪਹਿਨਾਉਂਦਿਆਂ ਸ਼ਹਾਦਤ ਪ੍ਰਾਪਤ ਕਰ ਗਏ। ਅੱਠ ਪੋਹ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਗੰਗੂ ਬ੍ਰਾਹਮਣ ਦੀ ਝੋਪੜੀ ਵਿੱਚ ਰਹੇ। ਗੰਗੂ ਬ੍ਰਾਹਮਣ ਦੀ ਨਮਕ ਹਰਾਮੀ ਕਰਨ ਕਰਕੇ ਮਾਤਾ ਗੁਜਰੀ ਅਤੇ ਦੋਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੌ ਪੋਹ ਦੀ ਰਾਤ ਮੋਰਿੰਡਾ ਜੇਲ ਵਿੱਚ ਗੁਜ਼ਾਰਨੀ ਪਈ। 10, 11 ਅਤੇ 12 ਪੋਹ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਸਰਹੰਦ (ਹੁਣ ਸ੍ਰੀ ਫਤਿਹਗੜ੍ਹ ਸਾਹਿਬ) ਵਿੱਚ ਰੱਖੇ ਗਏ। ਇਹਨਾਂ ਦਿਨਾਂ ਦੌਰਾਨ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੀ ਅਦਾਲਤ ਵਿੱਚ ਦੋਨਾਂ ਸਾਹਿਬਜ਼ਾਦਿਆਂ ਦੀ ਪੇਸ਼ੀ ਹੋਈ ਅਤੇ ਉਹਨਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ। ਸਿਰਫ ਨੌ ਸਾਲ ਦੀ ਉਮਰ ਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸੱਤ ਸਾਲ ਦੀ ਉਮਰ ਦੇ ਸਾਹਿਬਜ਼ਾਦਾ ਫਤਿਹ ਸਿੰਘ ਨੇ ਜਦੋਂ ਆਪਣੇ ਸਿੱਖ ਧਰਮ ਵਿੱਚ ਪਰਪਕਤਾ ਦਿਖਾਈ ਅਤੇ ਇਸਲਾਮ ਧਰਮ ਕਬੂਲ ਕਰਨ ਤੋਂ ਸਾਫ ਇਨਕਾਰ ਕੀਤਾ ਤਾਂ ਉਹਨਾਂ ਉੱਪਰ ਅਸਹਿ ਤਰੀਕੇ ਦੇ ਤਸੀਹਿਆਂ ਨਾਲ ਤਸ਼ੱਦਦ ਕੀਤਾ ਗਿਆ। ਪਹਿਲਾਂ ਉਹਨਾਂ ਨੂੰ ਨੀਹਾਂ ਵਿੱਚ ਚਣਵਾਇਆ ਗਿਆ, ਪਰ ਜਦੋਂ ਉਹ ਫੇਰ ਵੀ ਇਸਲਾਮ ਨੂੰ ਕਬੂਲ ਕਰਨ ਲਈ ਨਹੀਂ ਮੰਨੇ ਤਾਂ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਦੁਨੀਆ ਵਿੱਚ ਇਹ ਪਹਿਲੀ ਮਿਸਾਲ ਹੈ ਕਿ ਜਦੋਂ ਇਨੀ ਛੋਟੀ ਉਮਰ ਉਮਰ ਵਿੱਚ ਆਪਣੇ ਧਰਮ ਦੀ ਖਾਤਰ ਉਹਨਾਂ ਗੁਰੂ ਦੇ ਲਾਲਾਂ ਨੇ ਸ਼ਹੀਦੀ ਦਾ ਜਾਮ ਪੀਣਾ ਕਬੂਲ ਕੀਤਾ। ਸਾਹਿਬਜ਼ਾਦਿਆਂ ਦੀ ਇਹ ਕੁਰਬਾਨੀ ਦੁਨੀਆ ਦੇ ਇਤਿਹਾਸ ਵਿੱਚ ਲਾਸਾਨੀ ਅਤੇ ਅਦੁਤੀ ਸ਼ਹਾਦਤ ਵਜੋਂ ਜਾਣੀ ਜਾਂਦੀ ਹੈ। ਛੋਟੇ  ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਜਾਣ ਤੋਂ ਬਾਅਦ ਸਿੱਖ ਧਰਮ ਦੀਆਂ ਨੀਹਾਂ ਮਜਬੂਤ ਕਰ ਗਏ। ਇਸ ਕਰਕੇ ਸੰਗਤ ਇਸ ਸ਼ਹਾਦਤ ਨੂੰ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ ਕਰਕੇ ਸਿਰ ਨਿਵਾਉਂਦੀਆਂ ਆ ਰਹੀਆਂ ਹਨ। 

ਹੁਣ ਗੱਲ ਕਰਦੇ ਹਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ “ਵੀਰ ਬਾਲ”, ਵਜੋਂ ਕਹੇ ਜਾਣ ਦੀ। ਅਸਲ ਵਿੱਚ ਕਿਸੇ ਕੌਮ ਨੂੰ ਖਤਮ ਕਰਨ ਲਈ ਟੈਂਕ, ਤੋਪਾਂ ਜਾਂ ਬਰੂਦ ਦੀ ਲੋੜ ਨਹੀਂ ਪੈਂਦੀ। ਉਸ ਕੌਮ ਦਾ ਇਤਿਹਾਸ ਖ਼ਰਾਬ ਕਰ ਦਿਓ, ਉਸ ਦੀ ਮਾਂ ਬੋਲੀ ਖ਼ਤਮ ਕਰ ਦਿਓ, ਉਹ ਕੌਮ ਆਪਣੇ ਆਪ ਸਮੇਂ ਨਾਲ ਖਤਮ ਹੋ ਜਾਵੇਗੀ। ਭਾਰਤ ਵਿੱਚ ਸਿੱਖ ਕੌਮ ਘੱਟ ਗਿਣਤੀ ਵਿੱਚ ਹੈ। ਇਹ ਭਾਰਤ ਦੀ ਕੁਲ ਆਬਾਦੀ ਦਾ ਸਿਰਫ 1.7% (2011)   ਹਿੱਸਾ ਹੈ। ਇਹ ਭਾਵੇਂ ਕਹਿਣ ਨੂੰ ਪੰਜਾਬ ਵਿੱਚ ਬਹੁਤ ਗਿਣਤੀ ਵਿੱਚ ਹੈ, ਪਰ ਸਮਾਂ ਬੀਤਣ ਨਾਲ ਇਸ ਦੀ ਗਿਣਤੀ ਘੱਟਦੀ ਜਾ ਰਹੀ ਹੈ। ਦੁਨੀਆਂ ਵਿੱਚ ਖਾਸ ਤੌਰ ਤੇ ਭਾਰਤ ਵਿੱਚ ਬਹੁ ਗਿਣਤੀ ਧਾਰਮਿਕ ਸਮੂਹ ਨੂੰ ਇਹ ਪਤਾ ਹੈ ਕਿ ਸਿੱਖ ਕੌਮ ਯੋਧਿਆਂ ਅਤੇ ਸੂਰਵੀਰਾਂ ਦੀ ਕੌਮ ਹੈ, ਜਿਸ ਦਾ ਮੁੱਖ ਨਿਸ਼ਚਾ ਭਾਵੇਂ ਸਰਬੱਤ ਦਾ ਭਲਾ ਹੈ, ਪਰ ਇਹ ਕੌਮ ਨਾ ਆਪਣੇ ਤੇ ਜੁਲਮ ਜਾਂ ਅਨਿਆਏ ਸਹਿੰਦੀ ਹੈ, ਨਾ ਹੀ ਕਿਸੇ ਹੋਰ ਉੱਤੇ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਉਹਨਾਂ ਦਾ ਹਿੰਦੂ ਧਰਮ ਬਚਾਉਣ ਲਈ ਖ਼ੁਦ ਦਿੱਲੀ ਜਾ ਕੇ ਚਾਂਦਨੀ ਚੌਂਕ ਵਿੱਚ ਸ਼ਹੀਦੀ ਪ੍ਰਾਪਤ ਕੀਤੀ, ਜੋ ਇਕ ਵਿਲੱਖਣ ਇਤਿਹਾਸਿਕ ਮਿਸਾਲ ਹੈ। ਜਿਥੇ ਦੋਨੋਂ ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਦੀ ਗੜੀ ਵਿੱਚ ਮੁਗ਼ਲ ਫੌਜਾਂ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ, ਉਥੇ ਹੀ ਦੋਨੋਂ ਛੋਟੇ ਸਾਹਿਬਜ਼ਾਦਿਆਂ ਨੇ ਸਿੱਖ ਧਰਮ ਤੋਂ ਇਸਲਾਮ ਵਿੱਚ ਪਰਿਵਰਤਿਤ ਹੋ ਕੇ ਆਪਣੀ ਜ਼ਿੰਦਗੀ ਬਚਾਉਣ ਦੀ ਬਜਾਏ ਅਣਮਨੁੱਖੀ ਤਸੀਹੇ ਸਹਿੰਦੇ ਹੋਏ, ਸਿੱਖ ਧਰਮ ਲਈ ਆਪਣੀ ਸ਼ਹਾਦਤ ਦੇਣਾ ਕਬੂਲ ਕੀਤਾ। ਸ਼ਾਇਦ ਦੁਨੀਆ ਦੇ ਇਤਿਹਾਸ ਵਿੱਚ ਇਹ ਇੱਕੋ ਇੱਕ ਅਜਿਹੀ ਉਦਾਹਰਨ ਹੈ, ਜਿੱਥੇ ਨੌ ਅਤੇ ਸੱਤ ਸਾਲ ਦੇ ਮਾਸੂਮ ਸਾਹਿਬਜ਼ਾਦਿਆਂ ਨੇ ਸਿੱਖ ਧਰਮ ਦੀ ਰਾਖੀ ਲਈ ਸ਼ਹਾਦਤ ਦਾ ਜਾਮ ਪੀਤਾ। ਇਹ ਠੀਕ ਹੈ ਕਿ ਭਾਵੇਂ ਸਿੱਖਾਂ ਨੂੰ 1947 ਤੋਂ ਭਾਰਤ ਦੀ ਆਜ਼ਾਦੀ ਮਿਲਣ ਤੋਂ ਬਾਅਦ ਉਹਨਾਂ ਨੂੰ ਆਪਣਾ ਬਣਦਾ ਹੱਕ ਨਹੀਂ ਮਿਲਿਆ, ਪਰ ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਸ਼ੁਰੂ ਹੋਈ ਫਿਰਕੂਵਾਦ ਦੀ ਲਹਿਰ ਵਿੱਚ ਸਿੱਖਾਂ ਦੀ ਆਜ਼ਾਦ ਹਸਤੀ ਨੂੰ ਹੋਰ ਖਤਰਾ ਪੈਦਾ ਹੋ ਗਿਆ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਬਹੁ ਗਿਣਤੀ ਧਾਰਮਿਕ ਸਮੂਹ ਸਿੱਖਾਂ ਨੂੰ ਆਪਣਾ ਹਿੱਸਾ ਦਰਸਾਉਣ ਲਈ ਕੋਝੀਆਂ ਚਾਲਾਂ ਚੱਲ ਰਿਹਾ ਹੈ। ਇਹ ਵੀ ਸੱਚ ਹੈ ਕਿ ਇਹ ਲੋਕ ਭਲੀ ਭਾਂਤ ਜਾਣਦੇ ਹਨ ਕਿ ਸਿੱਖਾਂ ਨੂੰ ਸਾਹਮਣੇ ਤੋਂ ਜ਼ਬਰਦਸਤੀ ਨਾਲ ਨਹੀਂ ਮਿਟਾਇਆ ਜਾ ਸਕਦਾ। ਇਸ ਕਰਕੇ ਉਹ ਸਿੱਖੀ ਦੇ ਬੂਟੇ ਨੂੰ ਕੱਟਣ ਦੀ ਬਜਾਏ ਜੜਾਂ ਵਿੱਚ ਤੇਲ ਪਾ ਕੇ ਚੁੱਪ ਚੁਪੀਤੇ ਇਸ ਨੂੰ ਸੁਕਾਉਣ ਤੇ ਲੱਗੇ ਹੋਏ ਹਨ। ਪਿਛਲੇ ਕੁਝ ਸਾਲਾਂ ਵਿੱਚ ਅਸੀਂ ਵੇਖਿਆ ਹੈ ਕਿ ਇਹ ਸਮੂਹ ਕਿਸ ਤਰ੍ਹਾਂ ਜ਼ਮੀਰੋਂ ਮਰ ਚੁੱਕੇ ਸਿੱਖ ਵਿਕਾਊ ਲੀਡਰਾਂ ਨੂੰ ਲਾਲਚ ਦੇ ਕੇ ਜਾਂ ਮਹੱਤਵਪੂਰਨ ਪਦਵੀ ਦੇ ਕੇ ਜਾਂ ਡਰਾ ਧਮਕਾ ਕੇ ਆਪਣੇ ਖੇਮੇ ਵਿੱਚ ਕਰ ਰਹੇ ਹਨ। ਉਹਨਾਂ ਵੱਲੋਂ ਸਿੱਖਾਂ ਵਿੱਚ ਖਾਨਾ ਜੰਗੀ ਕਰਵਾ ਕੇ ਅਤੇ ਆਪਸ ਵਿੱਚ ਲੜਵਾ ਕੇ ਆਪਣੀਆਂ ਸਿਆਸੀ ਅਤੇ ਧਾਰਮਿਕ ਰੋਟੀਆਂ ਸੇਕਣ ਦਾ ਚੰਗਾ ਤਰੀਕਾ ਅਪਣਾਇਆ ਜਾ ਰਿਹਾ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਸਿੱਖਾਂ ਨੂੰ ਬਾਹਰੀ ਦੁਸ਼ਮਣਾਂ ਤੋਂ ਉਨਾ ਖਤਰਾ ਨਹੀਂ ਹੈ, ਜਿੰਨਾ ਆਪਣੇ ਅੰਦਰੋਂ ਬੇਜ਼ਮੀਰ ਗ਼ਦਾਰਾਂ ਤੋਂ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਇਹਨਾਂ ਜ਼ਮੀਰੋਂ ਮਰ ਚੁੱਕੇ ਲਾਲਚੀ ਧਾਰਮਿਕ ਅਤੇ ਰਾਜਸੀ ਨੇਤਾਵਾਂ ਜਾਂ ਸ਼ਖਸ਼ੀਅਤਾਂ ਨੂੰ ਪਹਿਚਾਨਣ ਦੀ। 

ਭਾਵੇਂ ਕਿ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਜਨਵਰੀ 2022 ਵਿੱਚ ਕੀਤੀ ਗਈ, ਜਦੋਂ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਛੋਟੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਅਦੁੱਤੀ ਸ਼ਹਾਦਤ ਨੂੰ “ਵੀਰ ਬਾਲ ਦਿਵਸ” ਵਜੋਂ ਐਲਾਨਿਆ , ਪਰ ਮੇਰੇ ਵੱਲੋਂ ਸਿੱਖ ਸੰਗਤ ਨੂੰ ਇਸ “ਬਾਲ ਦਿਵਸ” ਬਾਰੇ ਘੜੀ ਜਾ ਰਹੀ ਸਾਜਿਸ਼ ਬਾਰੇ ਸੁਚੇਤ ਕਰਨ ਲਈ ਅਖਬਾਰਾਂ ਵਿੱਚ ਇੱਕ ਲੇਖ ਜਿਸ ਦਾ ਸਿਰਲੇਖ ਸੀ, “ਇੱਕ ਖੁੱਲਾ ਖੱਤ ਸਿੱਖ ਸੰਗਤ ਦੇ ਨਾਮ: ਬਾਲ ਦਿਵਸ ਵਜੋਂ ਮਨਾਉਣ ਦੀ ਮੰਗ ਪਿੱਛੇ ਸਾਜਸ਼ੀ ਮਨਸੇ” ਛਾਪਿਆ ਗਿਆ ਸੀ, ਜਿਸ ਦੇ ਕੁਝ ਅੰਸ਼ ਇਸ ਤਰਾਂ ਸਨ,”ਮੈਂ ਇਸ ਖਤ ਰਾਹੀਂ ਹਰ ਉਸ ਨਾਨਕ ਨਾਮ ਲੇਵਾ ਨੂੰ ਸੰਬੋਧਿਤ ਹਾਂ, ਜੋ  ਨਿਰਸਵਾਰਥ ਭਾਵਨਾ ਨਾਲ ਖਾਲਸਾ ਇਤਿਹਾਸ, ਖਾਲਸਾਈ ਆਨ ਬਾਨ ਸ਼ਾਨ ਨੂੰ ਨਿੱਜਸਵਾਰਥ ਤੋਂ ਹੱਟ ਕੇ ਸਹੀ ਅਰਥਾਂ ਵਿੱਚ ਸਵੀਕਾਰਦਾ ਅਤੇ ਸਤਿਕਾਰਦਾ ਹੈ। ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਸ਼ਹੀਦੀ ਹਫ਼ਤੇ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ। ਇਸ ਹਫਤੇ ਨੂੰ ਦੁਨੀਆਂ ਭਰ ਵਿੱਚ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਕੁਝ ਅਖੌਤੀ ਸਿੱਖਾਂ ਦੀ ਦਿੱਲੀ ਵਿੱਚ ਬੈਠੇ ਲੀਡਰ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ 28 ਦਸੰਬਰ ਨੂੰ ‘ਬਾਲ ਦਿਵਸ’ ਵਜੋਂ ਮਨਾਉਣ ਦੀ ਮੰਗ ਸਾਜਿਸ਼ ਤਹਿਤ ਕੀਤੀ ਜਾ ਰਹੀ ਹੈ। ਇਸ ਵਿੱਚ ਕੁਝ ਕੁ ਅਖੌਤੀ ਸਿੱਖਾਂ ਦੀ ਲੀਡਰਸ਼ਿਪ ਵੀ ਸ਼ਾਮਿਲ ਹੈ। ਮੈਂ ਇਸ ਖੁੱਲੇ ਖਤ ਰਾਹੀਂ ਇਸ ਸਾਜਿਸ਼ ਤੋਂ ਸੁਚੇਤ ਕਰਨ ਲਈ ਸਮੂਹ ਸੰਗਤ ਨੂੰ ਮੁਖਾਤਿਬ ਹਾਂ….ਸਾਹਿਬਜ਼ਾਦਿਆਂ ਦੀ ਕੁਰਬਾਨੀ ਦੁਨੀਆਂ ਦੇ ਇਤਿਹਾਸ ਵਿੱਚ ਲਾਸਾਨੀ ਸ਼ਹਾਦਤ ਵਜੋਂ ਅਨੋਖੀ ਮਿਸਾਲ ਹੈ। ਨੌ ਸਾਲ ਅਤੇ ਸੱਤ ਸਾਲ ਦੇ ਗੁਰੂ ਦੇ ਲਾਲਾਂ ਨੇ ਆਪਣੇ ਧਰਮ ਖਾਤਰ ਸ਼ਹੀਦੀ ਦਾ ਜਾਮ ਪੀਣਾ ਕਬੂਲ ਕੀਤਾ। ਮੈਂ ਇਹਨਾਂ ਸਤਰਾਂ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਪਿਛੋਕੜ ਦੀ ਕੁਰਬਾਨੀ ਨਹੀਂ ਦੱਸ ਰਿਹਾ ਸਗੋਂ ਸਾਹਿਬਜ਼ਾਦਿਆਂ ਦੇ ਨਾਮ ਤੇ ਰਚੀ ਜਾ ਰਹੀ ਡੂੰਘੀ ਸਾਜਿਸ਼ ਜਾਂ ਕੁਝ ਬਕਾਊ ਨੇਤਾਵਾਂ ਦੁਆਰਾ ਰਚੀ ਜਾ ਰਹੀ ਸਾਜਿਸ਼ ਤੋਂ ਆਗਾਹ ਕਰ ਰਿਹਾ ਹਾਂ। ਪਿਛਲੇ ਕੁਝ ਸਮੇਂ ਤੋਂ ਕੁਝ ਰਾਜਨੀਤਿਕ ਨੇਤਾ ਅਤੇ ਅਖੌਤੀ ਧਾਰਮਿਕ ਜਥੇਬੰਦੀਆਂ ਇਸ ਦਿਨ ਨੂੰ ਬਾਲ ਦਿਵਸ ਦਾ ਨਾਮ ਦੇਣਾ ਚਾਹੁੰਦੀਆਂ ਹਨ। ਇਹ ਰਾਜਨੀਤਿਕ ਅਤੇ ਅਖੌਤੀ ਧਾਰਮਿਕ ਲੋਕ ਸਿੱਖ ਧਰਮ ਦੀ ਵੱਡਮੁੱਲੀ ਸ਼ਾਖ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ…. ਦਿੱਲੀ ਦੀ ਸਿੱਖ ਲੀਡਰਸ਼ਿਪ, ਜਿਸ ਸਬੰਧੀ ਅਕਸਰ ਇਹ ਕਿਹਾ ਜਾਂਦਾ ਹੈ ਕਿ ਉਹ ਸਵੇਰ ਨੂੰ ਕੋਟ ਟਾਈ ਲਾ ਕੇ ਨਿਕਲਦੀ ਹੈ ਅਤੇ ਸੋਚਦੀ ਹੈ ਕਿ ਸਿੱਖੀ ਕਿਸ ਤਰਾਂ ਵੇਚੀ ਜਾ ਸਕਦੀ ਹੈ। ਉਹ ਲੀਡਰਸ਼ਿਪ ਇਸ ਭੂਮਿਕਾ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਪੱਬਾਂ ਭਾਰ ਹੈ। ਮੈਂ ਦਿੱਲੀ ਦੀ ਸਿੱਖ ਸੰਗਤ ਨੂੰ ਸੁਚੇਤ ਰੂਪ ਕਹਿ ਰਿਹਾ ਹਾਂ ਕਿ ਸਿੱਖ ਮਰਿਆਦਾ ਅਤੇ ਸਿੱਖੀ ਆਨ ਬਾਨ ਸ਼ਾਨ ਲਈ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿਰਫ ਤੇ ਸਿਰਫ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਜੋਂ ਯਾਦ ਕਰਨ ਅਤੇ ਮਨਾਉਣ ਦੀ ਪਰੰਪਰਾ ਜਾਰੀ ਰੱਖੀ ਜਾਵੇ।

ਮੇਰੀ ਇਹ ਮੰਗ ਅਤੇ ਬੇਨਤੀ ਹੈ ਕਿ ਆਉ, ਸੁਚੇਤ ਰੂਪ ਵਿੱਚ ਜਾਗਰੂਕ ਹੋ ਕੇ ਖੁੱਲੀਆਂ ਅੱਖਾਂ ਨਾਲ ਇਸ ਸਾਜਿਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਆਪਣੇ ਧਰਮ ਨੂੰ ਇਸ ਸੌੜੀ ਰਾਜਨੀਤੀ ਅਤੇ ਕੋਝੀ ਸੋਚ ਤੋਂ ਦੂਰ ਰੱਖਦੇ ਹੋਏ ਆਪਣੇ ਇਤਿਹਾਸ ਦੀ ਮਹਾਨਤਾ ਅਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਅਤੇ ਮਨਾਉਣ ਦੀ ਪਰੰਪਰਾ ਨੂੰ ਜਾਰੀ ਰੱਖੀਏ ਅਤੇ ਕੇਂਦਰ ਸਰਕਾਰ ਤੋਂ ਮੰਗ ਕਰੀਏ ਕਿ ਇਸ ਦਿਨ ਨੂੰ ਸਾਰੇ ਦੇਸ਼ ਵਿੱਚ ਸਾਹਿਬਜ਼ਾਦਾ ਸ਼ਹੀਦੀ ਦਿਵਸ ਵਜੋਂ ਮਨਾਉਣ ਦਾ ਐਲਾਨ ਕਰੇ।“ ਅਫਸੋਸ, ਕਿਸੇ ਵੀ ਸਿੱਖ ਸੰਸਥਾ, ਸਿੱਖ ਨੇਤਾ ਜਾ ਸਿੱਖ ਧਾਰਮਿਕ ਸਮਾਜ ਵੱਲੋਂ ਉਸ ਵਕਤ ਮੇਰੀ ਇਸ ਬੇਨਤੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਨਤੀਜੇ ਵਜੋਂ ਦੋ ਸਾਲ ਬਾਅਦ ਪੂਰੀ ਗਿਣੀ ਮਿਥੀ ਸਾਜਿਸ਼ ਅਧੀਨ ਸਿੱਖ ਧਰਮ ਦੀ ਆਨ ਬਾਨ ਤੇ ਸ਼ਾਨ, ਸਾਹਿਬਜ਼ਾਦਿਆਂ ਦੇ ‘ਸਾਹਿਬਜ਼ਾਦਾ ਸ਼ਹੀਦੀ ਦਿਵਸ’ ਨੂੰ ‘ਵੀਰ ਬਾਲ ਦਿਵਸ’ ਦਾ ਚੋਲਾ ਪਹਿਨਾ ਦਿੱਤਾ ਗਿਆ।

ਇਹ ਠੀਕ ਹੈ ਕਿ 25-26 ਦਸੰਬਰ 2022 ਦੀਆਂ ਅਖਬਾਰਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ “ਵੀਰ ਬਾਲ ਦਿਵਸ” ਨੂੰ ਰੱਦ ਕਰਦਿਆਂ, ਸਿੱਖ ਇਤਿਹਾਸ ਛੁਟਿਆਉਣ ਵਾਲੀ ਸਰਕਾਰੀ ਚਾਲ ਤੋਂ ਸੰਗਤ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਭਾਰਤ ਸਰਕਾਰ ਸਿੱਖਾਂ ਦੇ ਇਤਿਹਾਸ ਨੂੰ ਰਲ਼ਗੱਡ ਕਰਨ ਦੇ ਰਾਹ ਤੁਰੀ ਹੋਈ ਹੈ ਅਤੇ ਦੁੱਖ ਦੀ ਗੱਲ ਇਹ ਹੈ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਇਸ ਵਿੱਚ ਸਹਿਯੋਗ ਕਰ ਰਹੇ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਦੀਆਂ ਪਰੰਪਰਾਵਾਂ ਦੇ ਵਿਰੁੱਧ ਜਾ ਕੇ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣਾ ਦੁਨੀਆ ਦੇ ਧਰਮ ਇਤਿਹਾਸ ਅੰਦਰ ਸਭ ਤੋਂ ਵੱਡੀ ਸ਼ਹਾਦਤ ਤੇ ਮੁੱਲਵਾਨ ਵਿਰਾਸਤ ਨੂੰ ਖੋਰਾ ਲਗਾਉਣ ਦੀ ਕੋਜੀ ਸਾਜਿਸ਼ ਹੈ।”

ਇੱਥੇ ਇਹ ਜਾਨਣਾ ਵੀ ਜਰੂਰੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਸਿੱਖ ਵਿਦਵਾਨਾਂ ਦੀ ਕਮੇਟੀ ਵੱਲੋਂ ‘ਵੀਰ ਬਾਲ ਦਿਵਸ’ ਦੀ ਥਾਂ ਤੇ ਸਾਹਿਬਜ਼ਾਦਾ ਸ਼ਹਾਦਤ ਦਿਵਸ ਨਾਮ ਸੁਝਾਇਆ ਗਿਆ ਸੀ ਅਤੇ ਇਸ ਸਬੰਧ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਸੱਭਿਆਚਾਰਕ ਮੰਤਰਾਲੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਵੀ ਭੇਜਿਆ ਗਿਆ ਸੀ। ਐਡਵੋਕੇਟ ਧਾਮੀ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਸੀ ਕਿ ਸਰਕਾਰ ਵੱਲੋਂ ਇਸ ਦੇ ਬਾਵਜੂਦ ਵੀ ਨਾਮ ਨਾ ਬਦਲਣਾ ਅਤੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਸਰਕਾਰੀ ਸਮਾਗਮਾਂ ਦਾ ਹਿੱਸਾ ਬਣਨਾ ਕੌਮ ਲਈ ਦੁਖਦਾਈ ਹੈ। ਉਹਨਾਂ ਇਹ ਵੀ ਕਿਹਾ ਸੀ ਕਿ ਸਿੱਖ ਕੌਮ ਆਪਣੇ ਇਤਿਹਾਸ ਦੀ ਮੌਲਿਕਤਾ ਅਤੇ ਮਹੱਤਤਾ ਨੂੰ ਕਦੇ ਵੀ ਘੱਟ ਨਹੀਂ ਹੋਣ ਦੇਵੇਗੀ ਅਤੇ ਆਪਣੇ ਇਤਿਹਾਸ ਦੀ ਭਾਵਨਾ ਅਨੁਸਾਰ ਹੀ ਸਾਹਿਬਜ਼ਾਦਿਆਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦੇ ਹੋਏ, ਸਾਹਿਬਜ਼ਾਦਾ ਸ਼ਹਾਦਤ ਵਜੋਂ ਹੀ ਮਨਾਵੇਗੀ। ਭਾਵੇਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਸਰਕਾਰ ਦੁਆਰਾ ‘ਵੀਰ ਬਾਲ ਦਿਵਸ’ ਮਨਾਉਣ ਪਿੱਛੇ ਸਿੱਖ ਇਤਿਹਾਸ ਨੂੰ ਕਮਜ਼ੋਰ ਕਰਨ ਦੀ ਸ਼ਰਾਰਤੀ ਸਾਜਿਸ਼ ਕਰਾਰ ਦਿੱਤਾ ਗਿਆ ਸੀ, ਪਰ ਦੋ ਸਾਲ ਬੀਤਣ ਤੋਂ ਬਾਅਦ ਵੀ ਉਹਨਾਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਅਤੇ ਨਾ ਹੀ ਕੋਈ ਭਾਰਤ ਸਰਕਾਰ ਨੂੰ ਇਸ ਬਾਰੇ ਤਾੜਨਾ ਕੀਤੀ ਗਈ। 

ਪ੍ਰੋਫੈਸਰ (ਡਾ.) ਦਲਜੀਤ ਸਿੰਘ

ਸਾਨੂੰ ਸਭ ਨੂੰ ਪਤਾ ਹੈ ਕਿ ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਹੈ। ਸਿੱਖ ਇਤਿਹਾਸ ਨੂੰ ਗੰਧਲਾ ਕਰਨ ਵਾਲੇ, ‘ਸਾਹਿਬਜ਼ਾਦਾ ਸ਼ਹੀਦੀ ਦਿਵਸ’ ਨੂੰ ਧੁੰਦਲਾ ਕਰਨ ਲਈ ਪੂਰਾ ਜੋਰ ਲਗਾ ਰਹੇ ਹਨ ਅਤੇ ‘ਵੀਰ ਬਾਲ ਦਿਵਸ’ ਨੂੰ ਉਭਾਰਨ ਵਿੱਚ ਲੱਗੇ ਹੋਏ ਹਨ। ਹੋਰ ਤਾਂ ਹੋਰ ਜ਼ਿਆਦਾਤਰ ਪੋਸਟਾਂ ਵਿਚ ਸਾਹਿਬਜ਼ਾਦਾ ਸ਼ਬਦ ਵਰਤਣ ਤੋਂ ਵੀ ਗੁਰੇਜ ਕੀਤਾ ਜਾ ਰਿਹਾ ਹੈ। ਕਈ ਪੋਸਟਾਂ ਵਿੱਚ ਸਾਹਿਬਜ਼ਾਦਾ ਸ਼ਬਦ ਲਿਖਣ ਦੀ ਬਜਾਏ ਉਹਨਾਂ ਨੂੰ ‘ਬ੍ਰੇਵ ਲਿਟਲ ਵਾਰਈਅਰ’ (Brave Little Warrior) ਜਾ ‘ਯੰਗ ਹੀਰੋ’ (Young Heroes) ਲਿਖਿਆ ਹੋਇਆ ਹੈ। ਸਾਧ ਸੰਗਤ ਜੀ ਇਸ ਸਾਰੇ ਵਰਤਾਰੇ ਨੂੰ ਰੋਕਣ ਲਈ ਸਾਨੂੰ ਵੀ ਹੰਭਲਾ ਮਾਰਨਾ ਚਾਹੀਦਾ ਹੈ। ਸਿੱਖਾਂ ਦੇ ਵਿੱਚ ਵੀ ਬਹੁਤ ਕਾਬਲ ਤੇ ਹੋਣਹਾਰ ਡਿਜ਼ਾਈਨਰ ਬੈਠੇ ਹਨ। ਉਹਨਾਂ ਨੂੰ ‘ਸਾਹਿਬਜ਼ਾਦਾ ਸ਼ਹੀਦੀ ਦਿਵਸ’ ਦੇ ਬੈਨਰ ਥੱਲੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦਾ ਸੰਪੂਰਨ ਨਾਮ ਲਿਖ ਕੇ ਬੈਨਰ ਜਾਂ ਪੋਸਟ ਜਾਂ ਇਸ਼ਤਿਹਾਰ ਤਿਆਰ ਕਰਨੇ ਚਾਹੀਦੇ ਹਨ ਤਾਂ ਕਿ ਆਉਂਦੇ ਦਿਨਾਂ ਵਿੱਚ ਵੀਰ ਬਾਲ ਦਿਵਸ ਦੀ ਬਜਾਏ ‘ਸਾਹਿਬਜ਼ਾਦਾ ਸ਼ਹੀਦੀ ਦਿਵਸ’ ਨੂੰ ਅਸੀਂ ਵੀ ਉਬਾਰ ਸਕੀਏ।

ਆਓ, ਅਸੀ ਸਾਰੇ ਰੱਲ਼ਕੇ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰੀਏ ਕਿ ਉਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਿੱਖ ਮਰਿਆਦਾ ਅਨੁਸਾਰ ਯਾਦ ਕਰਨ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨਾਲ ਇਸ ਗੰਭੀਰ ਮੁੱਦੇ ਨੂੰ ਉਠਾਉਣ ਤਾਂ ਕਿ ਸਾਹਿਬਜ਼ਾਦਿਆਂ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ‘ਸਾਹਿਬਜ਼ਾਦਾ ਸ਼ਹੀਦੀ ਦਿਵਸ’ ਵਜੋਂ ਹੀ ਮਨਾਇਆ ਜਾਵੇ। ਇਹੋ ਸਾਡੀ ਸਾਹਿਬਜ਼ਾਦਿਆਂ ਨੂੰ 13 ਪੋਹ (27 ਦਸੰਬਰ, 2024) ਨੂੰ ਸੱਚੀ ਸੁੱਚੀ ਅਤੇ ਭਾਵਨਾ ਭਰਪੂਰ ਸ਼ਰਧਾਂਜਲੀ ਹੋਵੇਗੀ।

ਪ੍ਰੋਫੈਸਰ (ਡਾ.) ਦਲਜੀਤ ਸਿੰਘ
ਸਾਬਕਾ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ,
ਪ੍ਰੋਫੈਸਰ ਆਫ ਲਾਅ ਅਤੇ ਵਾਈਸ ਚਾਂਸਲਰ ਰਿਆਤ ਬਾਹਰਾ ਯੂਨੀਵਰਸਿਟੀ।

ਬਰਸੀ ‘ਤੇ ਵਿਸ਼ੇਸ਼

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਜੀ

ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁੱਢ ਕਦੀਮ ਦਾ ਸਾਥੀ ਤੇ ਗੁਰੂ ਜੀ ਦੇ ਪਹਿਲੇ ਸਿੱਖਾਂ ਵਿਚ ਹੋਣ ਕਰਕੇ ਸਿੱਖ ਪੰਥ ਵਿਚ ਜੋ ਦਰਜਾ ਭਾਈ ਮਰਦਾਨੇ ਦਾ ਹੈ ਉਹ ਹੋਰ ਕਿਸੇ ਹਜ਼ੂਰੀ ਸਿੱਖ ਦਾ ਨਹੀਂ ਮੰਨਿਆ ਜਾ ਸਕਦਾ । ਸਿੱਖ ਸਾਹਿਤ ਤੇ ਇਤਿਹਾਸ  ਵਿਚ ਭਾਈ ਮਰਦਾਨੇ ਨੂੰ ਬੜੀ ਭਾਰੀ ਅਹਿਮੀਅਤ ਪ੍ਰਾਪਤ ਹੈ । ਉਹ ਜਾਤ ਦਾ ਮਰਾਸੀ ਅਤੇ ਅੱਵਲ ਦਰਜੇ ਦਾ ਗਵੱਈਆ ਅਥਵਾ ਸੰਗੀਤਕਾਰ ਸੀ । ਜਨਮ ਸਾਖੀ ਗੁਰੂ ਨਾਨਕ (ਭਾਈ ਪੈੜਾ ਮੋਖਾ ) ਤੋਂ ਪਤਾ ਲਗਦਾ ਹੈ ਕਿ ਭਾਈ ਮਰਦਾਨਾ ਬੇਦੀਆਂ ਦਾ ਮਿਰਾਸੀ ਤੇ ਪਿੰਡ ਤਲਵੰਡੀ ਰਾਏ ਭੋਇ ਭੱਟੀ ਕੀ (ਹੁਣ ਪ੍ਰਸਿੱਧ ਨਗਰ ਨਨਕਾਣਾ ਸਾਹਿਬ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ) ਦਾ ਵਸਨੀਕ ਸੀ ।ਪ੍ਰੋਫ਼ੈਸਰ ਸਾਹਿਬ ਸਿੰਘ ਅਨੁਸਾਰ ਭਾਈ ਮਰਦਾਨਾ,ਚੋਂਭੜ ਜਾਤ ਦੇ ਮਿਰਾਸੀ ਮੀਰ ਬਾਦਰੇ ਦਾ ਪੁੱਤਰ ਸੀ, ਜਿਨ੍ਹਾਂ ਦਾ ਜਨਮ ਤਲਵੰਡੀ ਵਿਚ ਫੱਗਣ, ਸੰਮਤ 1516 ਨੂੰ ਹੋਇਆ। ਉਹ ਗੁਰੂ ਨਾਨਕ ਦੇਵ ਜੀ ਨਾਲੋਂ ਉਮਰੋਂ 9 ਸਾਲ 2 ਮਹੀਨੇ ਵੱਡਾ ਸੀ।ਮਰਦਾਨੇ ਨੂੰ ਰਾਗ ਦਾ ਬੜਾ ਸ਼ੌਂਕ ਸੀ। ਮਿਰਾਸੀਆਂ ਦਿਆਂ ਬੱਚਿਆਂ  ਨੂੰ ਰਾਗ ਦੀ ਹੀ ਗੁੜ੍ਹਤੀ ਮਿਲਦੀ ਹੈ। ਉਸ ਦਾ ਪਿਆਰਾ ਤੰਤੀ-ਸਾਜ਼ ਰਬਾਬ ਸੀ।ਰਾਗ ਦੀ ਬਰਕਤ ਕਰਕੇ ਹੀ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਦੀ ਸੰਗਤ ਦਾ ਸੁਭਾਗ ਮਿਿਲਆ।ਇਸ ਦਾ ਨਾਮ ਸਤਿਗੁਰੂ  ਜੀ ਦੇ ਨਾਮ ਨਾਲ ਅਟੁੱਟ  ਤੌਰ ‘ਤੇ ਜੁੜਿਆ ਹੋਇਆ ਹੈ।

ਪ੍ਰੋਫ਼ੈਸਰ ਸਾਹਿਬ ਸਿੰਘ ਅਨੁਸਾਰ ਸਿੱਖ-ਇਤਿਹਾਸ ਨੇ ਉੱਘੜ ਕੇ ਇਹ ਨਹੀਂ ਦੱਸਿਆ ਕਿ ਮਰਦਾਨੇ ਦਾ ਸਾਥ ਗੁਰੂ ਨਾਨਾਕ ਜੀ ਨਾਲ ਕਦੋਂ ਤੋਂ ਸ਼ੁਰੂ ਹੋਇਆ, ਪਰ ਪਿੰਡਾਂ ਦੇ ਜੀਵਨ ਨੂੰ ਜਾਨਣ ਵਾਲੇ ਇਹ ਅੰਦਾਜ਼ਾਲਾਏ ਬਿਨਾ ਨਹੀਂ ਰਹਿ ਸਕਦੇ ਕਿ  ਸਾਥ ਛੋਟੀ ਉਮਰ ਤੋਂ ਹੀ ਬਣ ਗਿਆ ਹੋਵੇਗਾ।ਗੁਰੂ ਨਾਨਕ ਦੇਵ ਜੀ ਦੇ ਪਿਤਾ, ਰਾਇ ਬੁਲਾਰ ਦੇ ਦਸਾਂ ਪਿੰਡਾਂ ਦੇ ਪਟਵਾਰੀ ਸਨ, ਇਸ ਲਈ ਮਰਦਾਨੇ ਦੇ ਪਿਤਾ ਬਾਦਰੇ ਦਾ, ਬਾਬਾ  ਕਾਲੂ ਜੀ ਪਾਸ ਨਿੱਤ ਆਉਂਦੇ ਜਾਂਦੇ ਰਹਿਣਾ ਕੁਦਰਤੀ ਗੱਲ ਸੀ। ਇਸ ਘਰੋਂ ਉਸ ਦੀਆਂ ਅਨੇਕਾਂ ਲੋੜਾਂ ਪੂਰੀਆਂ ਹੋਣ ਦੀ ਸੰਵਾਵਨਾ ਸੀ। ਪਿਓ ਦੇ ਸਬੱਬ ਮਰਦਾਨੇ ਦਾ ਵੀ ਉਨ੍ਹਾਂ ਦੇ ਘਰ ਜਾਣਾ ਕੁਦਰਤੀ ਸੀ।ਮਿਰਾਸੀ ਦਾ ਗੁਜਾਰਾ ਹੀ ਇਸੇ ਗੱਲ ਵਿਚ  ਹੈ ਕਿ ਉਹ ਹਰੇਕ ਕਿਸਾਨ ਜਾਂ ਮਾਲਕ ਦੇ ਵੱਟ- ਬੰਨੇ ਉੱਤੇ ਜਾ ਕੇ ਸਦਾ ‘ ਪੀਰਾਂ ਦੀ ਰੱਖ, ਅੱਲਾ  ਦੀ ਰੱਖ’ ਆਖਦਾ ਰਹੇ। ਇਹੋ ਕਿਤਾ ਬਾਦਰੇ ਦਾ ਹੋ ਸਕਦਾ ਸੀ , ਤੇ ਬਾਦਰੇ ਨਾਲ ਉਸ ਦੇ ਪੁੱਤਰ ਮਰਦਾਨੇ ਦਾ।ਪਰ ਉਸ ਦੇ ਗੁਣ ਦੀ ਕਦਰ ਕਰਨ ਵਾਲੇ ਗੁਰੁ ਨਾਨਕ ਦੇਵ ਜੀ  ਨੇ ਉਸ ਨੂੰ ਆਪਣਾ ਬਣਾ ਲਿਆ।

ਜਿੱਥੋਂ ਤੀਕ ਨਾਂ ਦਾ ਸਬੰਧ ਹੈ , ਪਹਿਲਾਂ ਮਾਈ ਲਖੋ ਦੇ ਛੇ ਬੱਚੇ ਪੈਦਾ ਹੋ ਕੇ ਮਰ ਚੁੱਕੇ ਸਨ ਇਸ ਲਈ ਉਸ ਨੇ ਇਸ ਸੱਤਵੇਂ ਬੱਚੇ ਦਾ ਨਾਂ ‘ਮਰਜਾਣਾ’ ਰੱਖਿਆ ਸੀ ।ਪਰ ਜਦ ਗੁਰੂ ਨਾਨਕ ਜੀ ਨੇ ਉਸ ਨੂੰ ਸੁਭਾਵਿਕ ਹੀ ‘ਮਰਦਾਨਾ’ ਕਹਿ ਕੇ ਸੱਦਿਆ ਤਾਂ ਉਹ ਅਮਰ ਪਦਵੀ ‘ਮਰਦਾ ਨਾ’ ਮਿਲਣ ਕਰ ਕੇ ਮਰਦਾਨਾ ਹੀ ਬਣ ਗਿਆ ।

ਬਚਪਨ ਤੋਂ ਭਾਈ ਮਰਦਾਨੇ ਦੀ ਸਭ ਤੋਂ ਵਡੀ ਸਿਫਤ ਇਹੋ ਸੀ ਕਿ ਉਸ ਦਾ ਬੱਚਿਆਂ ਵਰਗਾ ਸਾਫ ,ਸ਼ੁੱਧ ਅਤੇ ਮਿਲਾਪੜਾ ਸੁਭਾਅ ,ਸੰਜੀਦਾ ਵਰਤਾਅ ,ਵਿਿਦਆ ਤੇ ਸੰਗੀਤ ਨਾਲ ਦਿਲੀ ਲਗਾਅ ਅਤੇ ਇਨਸਾਨੀਅਤ ਵਲ ਪੂਰੀ ਤਰ੍ਹਾਂ ਝੁਕਾਅ ਸੀ ਜੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਸੰਦ ਆਇਆ। ਸ੍ਰੀ ਗੁਰੂ ਨਾਨਕ ਦੇਵ ਜੀ , ਜੋ ਇਨਸਾਨੀਅਤ ਦੇ ਸਚੇ ਪਾਰਖੂ ਤੇ ਤਤਕਾਲੀਨ ਜਨ-ਸਮਾਜ ਦੇ ਸਹੀ ਰਹਿਬਰ ਸਨ, ਕਦੇ ਇਕ ਖਿਨ-ਪਲ ਵੀ ਮਰਦਾਨੇ ਨੂੰ ਆਪਣੇ ਨਾਲੋਂ ਵੱਖ ਕਰਨਾ ਪਸੰਦ ਨਾ ਕੀਤਾ ।

ਭਾਈ ਮਨੀ ਸਿੰਘ ਨੇ ਭਾਈ ਮਰਦਾਨਾ ਦਾ ਗੁਰੂ ਪਾਤਸ਼ਾਹ ਨਾਲ ਪਹਿਲਾ ਮੇਲ ਲਗਭਗ 1480 ਈਸਵੀ ਵਿਚ ਹੋਇਆ ਦੱਸਿਆ ਹੈ ।ਉਨ੍ਹਾਂ ਅਨੁਸਾਰ ਉਸ ਸਮੇਂ ਬਾਬਾ ਨਾਨਕ ਜੀ ਦੀ ਉਮਰ ਕੋਈ 11 ਕੁ ਸਾਲ ਦੀ ਸੀ ਤੇ ਮਰਦਾਨਾ 21 ਸਾਲਾਂ ਦਾ ਸੀ । ਦੋਵੇਂ ਪਿਆਰ ਦੇ ਬੰਧਨ ਵਿਚ ਬੰਨੇ ਗਏ ਸਨ ।  ਦੋਵੇਂ ਰਲ ਕੇ ਗਾਉਣ ਲਗੇ । ਦੋਹਾਂ ਦੀ ਸਾਂਝ ਰਾਗ ਸੀ ।ਸ਼ਬਦ ਦਾ ਗਾਇਨ ਸਮੇਂ ਗੁਰੂ ਪਾਤਸ਼ਾਹ ਜਦ ਵੀ ਬੋਲਦੇ, ਇਹੋ ਹੀ ਆਖਦੇ, “ਮਰਦਾਨਿਆ ਰਬਾਬ ਵਜਾਇ ।ਕਾਈ ਸਿਫਤ ਖ਼ੁਦਾਇ ਦੇ ਦੀਦਾਰ ਦੀ ਕਰੀਏ ।”ਦੋਵੇਂ ਤਰੁਨਮ ਨਾਲ ਵਜਦ ਵਿਚ ਆ ਜਾਂਦੇ । ਕਿਸੇ ਅਗੰਮੀ ਰਸ ਨਾਲ ਸਰਸ਼ਾਰ ।ਕਹਿਣ ਨੂੰ ਤਾਂ ਇਕ ਮੁਰਸ਼ਦ ਤੇ ਦੂਜਾ ਮੁਰੀਦ ਸੀ ਪਰ ਇਹ ਤਾਂ ਜਨਮਾਂ ਦੀ ਸਾਂਝ ਭਿਆਲੀ ਰੱਖਣ ਵਾਲੇ ਦੋ ਸੰਗੀ ਸਨ । ਦੋਵੇਂ ਇਕ ਦੂਜੇ ਸੰਗ ਸਾਥ ਨੂੰ ਮਾਣਦੇ । ਦੋਨਾਂ ਦੀ ਖ਼ੁਦਾਵੰਦ ਕਰੀਮ ਨਾਲ ਮੁਹੱਬਤ ।ਉਮਰਾਂ ਦੇ ਕਈ ਵਰ੍ਹੇ ਇਕੱਠੇ ਬਿਤਾਏ । ਜਿਨ੍ਹਾਂ ਲੰਮਾ ਅਰਸਾ ਭਾਈ ਮਰਦਾਨੇ ਨੇ ਬਾਬੇ ਨਾਨਕ ਦੀ ਛੋਹ ਦਾ ਸੁਆਦ ਮਾਣਿਆ ਉਨ੍ਹਾਂ ਹੀ ਉਹਨਾਂ ਦਾ ਬਿੰਬ ਸਾਖੀਕਾਰਾਂ ਨੇ ਭੁੱਖਾ, ਤਿਹਾਇਆ ,ਲਾਲਚੀ,ਮੰਗਤਾ ਤੇ ਡਰਪੋਕ ਜੇਹਾ ਬਣਾ ਕੇ ਉਭਾਰਿਆ । ਪ੍ਰੰਤੂ ਉਹ ਤਾਂ ਉਚੇ ਦਰਜੇ ਦਾ ਮਹਾਂਪੁਰਖ ,ਨਿਰਛਲ ,ਨਿਰਕਪਟ ,ਹਲੀਮ ,ਸੂਰਮਾ ਜੋ ਵਖਤੈ ਉਪਰ ਲੜ ਮਰਨ ਵਾਲਾ ,ਕਸ਼ਟਾਂ ਨੂੰ ਹੱਸ ਕੇ ਝੱਲਣ ਵਾਲਾ ,ਰਾਗ ਵਿਿਦਆ ਵਿਚ ਪ੍ਰਬੀਨ ਅਤੇ ਦਲੇਰ ਸ਼ਖਸ਼ੀਅਤ ਸੀ ।ਗੁਰੂ ਜੀ ਦਾ ਅਜਿਹਾ ਸਾਥੀ ਬਣਿਆ ,ਜਿਸ ਨੇ ਹਰ ਦੁੱਖ ਤੇ ਆਈ ਔਕੜ ਨੂੰ ਦਲੇਰੀ ਨਾਲ ਨਜਿਿਠਆ । ਕੌਡੇ ਰਾਖਸ਼ ਤੇ ਵਲੀ ਕੰਧਾਰੀ ਵਰਗਿਆਂ ਦਾ ਸਾਹਮਣਾ ਕੀਤਾ ਤੇ ਗੁਰੂ ਦੇ ਹੁਕਮਾਂ ਦੀ ਪਾਲਣਾ ਬੜੀ ਨਿਰਭੈਅਤਾ ਨਾਲ ਕੀਤੀ  ।

ਮਰਦਾਨਾ ਆਪਣੇ ਪਿਤਾ ਦੇ ਵੇਲੇ ਦੀਆਂ ਗਾਇਕ ਢਾਣੀਆਂ ਦੀ ਸੰਗਤ ਵਿਚ ਸਾਜ਼-ਸੰਗੀਤ ਵਿਚ ਢਲ ਗਿਆ ਸੀ । ਉਹ ਸਾਰੰਗੀ ਤੇ ਰਬਾਬ ਦਾ ਮਾਹਿਰ ਉਸਤਾਦ ਬਣ ਗਿਆ । ਉਹ ਰਬਾਬ ਇਤਨੀ ਮਨਮੋਹਕ ਵਜਾਉਂਦਾ ਸੀ ਕਿ ਬਾਬਾ ਨਾਨਕ ਵੀ ਉਸ ਦੀ ਪ੍ਰਸੰਸਾ ਕਰਨੋ ਨਾ ਰਹਿ ਸਕਦੇ । ਹੁਣ ਗੁਰੂ ਨਾਨਕ ਸਾਹਿਬ ਜੀ ਨੇ ਮਾਨਵ ਕਲਿਆਣ ਦੇ ਤਰਾਨੇ ਲਿਖਣੇ ਤੇ ਗਾਉਣੇ ਸ਼ੁਰੂ ਕਰ ਦਿਤੇ । ਉਧਰ ਮਰਦਾਨੇ ਦੀ ਮਨ- ਮੁਗਧ ਰਬਾਬ ਨਾਲ ਗੁਰੂ  ਬਾਬੇ ਦੀ ਰਸ ਭਰੀ ਆਵਾਜ਼ ਇਕ ਦੂਜੇ ਵਿਚ ਇਕ ਮਿਕ ਹੋ ਕੇ ਜੁਗ ਪਲਟਾਊ ਲਹਿਰ ਦਾ ਅਗਾਜ਼ ਕਰਨ ਲੱਗੀ । ਗੁਰੂ  ਜੀ ਮਰਦਾਨੇ ਦੀ ਸਰਲਤਾ ਤੇ ਬਹੁਤ ਖੁਸ਼ ਹੋਏ ਤੇ ਆਖਣ ਲੱਗੇ ,”ਮਰਦਾਨਿਆ ਉਚ ਨੀਚ ਜਾਤਾਂ ਦੇ ਭਰਮ ਤਾਂ ਲੋਕਾਂ ਨੇ ਪਾ ਦਿਤੇ ।ਰੱਬ ਨੇ ਜਿਹੋ ਜਿਹਾ ਹੱਡ ਚੰਮ ਦਾ ਮੈਨੂੰ ਬਣਾਇਆ ਹੈ ,ਤੇਹਾ ਹੀ ਤੈਨੂੰ ਬਣਾਇਆ ਹੈ ।ਰੱਬ ਨੇ ਆਪਣੀ ਜੋਤ ਤੇਰੇ ਤੇ ਮੇਰੇ ਵਿਚ ਰੱਖੀ ਹੈ । ਰੱਬ ਨੇ ਤੈਨੂੰ ਕਈਆਂ ਨਾਲੋਂ ਚੰਗਾ ਬਣਾਇਆ ਹੈ ਕਿਓਂਕਿ ਤੈਨੂੰ ਰਾਗ ਦੀ ਸੂਝ ਦਿਤੀ ਹੈ । ਰਬਾਬ ਵਜਾਉਣ ਦਾ ਹੁਨਰ ਦਿਤਾ ਹੈ ਤੇ ਨਾਲ ਸੰਤੋਖ ਵੀ ਦਿਤਾ ਹੈ । ਤੂੰ ਸਮਾਜ ਦਾ ਢਾਢੀ ਬਣ ,ਮੈਂ ਸਚੇ ਪਰਮੇਸ਼ਰ ਦਾ ਢਾਢੀ । ਸਾਡੇ ਵਿਚ ਫਰਕ ਕੋਈ ਨਾ । ਤੂੰ ਵੀ ਰੱਬ ਦਾ ਢਾਢੀ ਬਣ ,ਤੇਰੇ ਸਾਰੇ ਮਨੋਰਥ ਪੂਰੇ ਹੋਣਗੇ । ਇਸ ਤਰਾਂ ਮਰਦਾਨੇ ਦਾ ਬਾਬੇ ਨਾਲ ਮੇਲ ਹੋਇਆ ਤੇ ਮਰਦਾਨਾ ਸਦਾ ਲਈ ਗੁਰੂ ਨਾਨਕ ਦਾ ਹੋ ਗਿਆ ”

ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਜਾਤੀ ਬੰਧਨਾਂ ਤੋਂ ਮੁਕਤ ਸਮਝਦੇ ਸਨ ਤੇ ਦਿਨੋ-ਦਿਨ ਜਾਤੀ-ਬੰਧਨਾਂ ਵਿਚ ਨਪੀੜੇ ਜਾ ਰਹੇ ਜਨ -ਸਮਾਜ ਨੂੰ ਸਦੀਵੀ ਜੀਵਨ-ਮੁਕਤੀ ਪ੍ਰਾਪਤ ਕਰਨ ਵਾਸਤੇ ਉਹ ਇਸ ਖੁਲ -ਦਿਲੀ ਦਾ ਉਪਦੇਸ਼ ਦਿੰਦੇ ਸਨ ।ਗੁਰੂ ਗਰੰਥ ਸਾਹਿਬ ਜੀ ਵਿਚ ਅੰਗ 1329 ਉਪਰ ਸੁਭਾਏਮਾਨ ਪਰਭਾਤੀ ਰਾਗ ਵਿਚ ਪਹਿਲੇ ਪਾਤਸ਼ਾਹ ਜੀ ਲਿਖਦੇ ਹਨ ਕਿ——

ਉਚਾ ਤੇ ਫੁਨਿ ਨੀਚੁ ਕਰਤ ਹੈ ,ਨੀਚੁ ਕਰੇ ਸੁਲਤਾਨ ॥

ਜਿਨੀ ਜਾਣ ਸੁਜਾਣਿਆ, ਜਗਿ ਤੇ ਪੂਰੇ ਪਰਵਾਣ ॥

-(ਸਗਗਸ—ਅੰਗ 1329)

ਇਸੇ ਕਾਰਨ ਗੁਰੂ ਨਾਨਕ ਸਾਹਿਬ ਹਮੇਸ਼ਾਂ ਨੀਵਿਆਂ ਨੂੰ ਉੱਚਿਆਉਂਦੇ ,ਸਲਾਹੁੰਦੇ ਤੇ ਵਡਿਆਉਂਦੇ ਹੋਏ ਕਹਿੰਦੇ ਹਨ ——-

ਨੀਚਾ ਅੰਦਰ ਨੀਚ ਜਾਤਿ, ਨੀਚੀ ਹੂ ਅਤਿ ਨੀਚ ।

ਨਾਨਕ ਤਿਨ ਕੇ ਸੰਗ ਸਾਥ , ਵਡਿਆਂ ਸੋ ਕਿਆ ਰੀਸ ।

ਜਿਥੇ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸ਼ੀਸ਼ ।

-(ਸਗਗਸ –ਅੰਗ 15 –ਸ੍ਰੀ ਰਾਗ ਮਹੱਲਾ 1   )

            ਭਾਈ ਮਰਦਾਨਾ ਗੁਰੂ ਸਾਹਿਬ ਜੀ ਦਾ ਸਾਥੀ ਸੀ । ਉਸ ਦੇ ਮਨ ਅੰਦਰ ਜਦੋਂ ਵੀ ਕੋਈ ਸ਼ੰਕਾ ਪੈਦਾ ਹੁੰਦੀ ਤਾਂ ਉਹ ਬੜੀ ਦਲੇਰੀ ਨਾਲ ਬਾਬਾ ਜੀ ਤੋਂ ਸਪਸ਼ਟੀਕਰਣ ਲੈ ਲਿਆ ਕਰਦਾ ਸੀ । ਉਸ ਦੀ ਦਲੀਲ ਹਮੇਸ਼ਾ ਹੀ ਦਮਦਾਰ ਹੁੰਦੀ ਸੀ ਅਤੇ ਸਪਸ਼ਟੀਕਰਣ ਗੁਰੂ ਸਾਹਿਬ ਆਪ ਹੀ ਦਿਆ  ਕਰਦੇ ਸਨ । ਜੇ ਕਰ ਉਸ ਦੀ ਤਸੱਲੀ ਨਾ ਹੁੰਦੀ ਤਾਂ ਉਹ ਦੁਬਾਰਾ ਪੁੱਛਣ ਤੋਂ ਘਬਰਾਉਂਦਾ ਨਹੀਂ ਸੀ । ਉਸ ਨੇ ਇਕ ਵਾਰ ਦੋਵੇਂ ਹੱਥ ਜੋੜ ਆਖਿਆ,’ਬਾਬਾ ਤੇਰਾ ਮੇਰਾ ਅੰਤਰ ਨਾਹੀਂ ,ਤੂੰ ਖੁਦਾਇ ਦਾ ਡੂਮ ਹਉ ਤੇਰਾ ਡੂਮ । ਤੈਂ ਖੁਦਾਇ ਪਾਇਆ ਹੈ ,ਤੈਂ ਖੁਦਾਇ ਦੇਖਿਆ ਹੈ ,ਤੇਰਾ ਕਿਹਾ ਖੁਦਾਇ ਕਰਦਾ ਹੈ ,

ਮੇਰੀ ਬੇਨਤੀ ਹੈ ,ਇਕ ,ਮੈਨੂੰ ਵਿਛੋੜਨਾ ਨਾਹੀਂ ਆਪ ਨਾਲੋਂ,ਨਾ ਏਥੇ,ਨਾ ਓਥੇ ,’

ਬਾਬੇ ਗੁਰੂ ਨੇ ਉਸੇ ਵੇਲੇ ਰਹਿਮ ਕਰਕੇ ਫਰਮਾਇਆ ,’ਮਰਦਾਨਿਆ ਤੁਧ ਉਪਰ ਮੇਰੀ ਖੁਸ਼ੀ ਹੈ । ਜਿਥੇ ਤੇਰਾ ਵਾਸਾ, ਉਥੇ ਮੇਰਾ ਵਾਸਾ ।’

ਭਾਈ ਮਰਦਾਨਾ ਜੀ ਦੇ ਨਾਲ ਗੁਰੂ ਬਾਬੇ ਨੇ ਅਨੇਕਾ ਬਚਨ ਬਿਲਾਸ ਕੀਤੇ । ਅਨੇਕ ਪ੍ਰਸ਼ਨ ਉਤਰ ਕਰਕੇ ਕਈ ਗੁਝੇ ਭਾਵ ਖੋਲ੍ਹੇ ਹਨ , ਉਦਾਹਰਨ ਵਜੋਂ–ਰਾਗਾਂ ਦੀ ਮਹੱਤਤਾ ,ਸਮਾਂ ਕਿਹੜਾ ਚੰਗਾ,ਦਰਿਆ ਤੇ ਤਾਂ ਬੇੜਾ ਹੁੰਦਾ ਹੈ ,ਮਲਾਹ ਪਾਰ ਲੰਘਾਂਦਾ ਹੈ । ਇਹ ਸੰਸਾਰ ਮਾਨੋ ਦਰਿਆ ਹੈ ,ਇਸ ਦਰਿਆ ਦਾ ਬੇੜਾ ਕੌਣ ਹੈ,ਲੰਘਾਵਣ ਵਾਲਾ ਕੌਣ ਹੈ ।ਮਨੁੱਖ ਖੁਦਾ  ਨੂੰ ਮਿਲਦਾ ਕਿਵੇਂ ਹੈ ਤੇ ਵਿਛੜਦਾ ਕਿਵੇਂ । ਜਿਸ ਨੇ ਉਸ ਨੂੰ ਪਾ ਲਿਆ ,ਉਸ ਨੂੰ ਕਿਵੇਂ ਜਾਣੀਏ । ਇਤਨੇ ਸਵਾਲ ਪੁਛੇ ਹਨ । ਇਹਨਾਂ ਪ੍ਰਸ਼ਨਾਂ ਤੋਂ ਬਾਬੇ ਦੀ ਤੀਖਣ ਬੁਧੀ  ਦਾ ਗਿਆਨ ਹੁੰਦਾ ਹੈ ।

ਸੰਸਾਰ ਦੇ ਭਲ਼ੇ ਲਈ ਗੁਰੂ ਸਾਹਿਬ ਹਰੇਕ ਪ੍ਰਸ਼ਨ ਦਾ ਉਤਰ ਦਿੰਦੇ ਹਨ । ਰਾਗ ਤਾਂ ਸਭ ਭਲੇ ਹਨ ਪਰ ਸਭ ਤੋਂ ਭਲਾ ਉਹ ਹੀ ਹੈ ਜਿਸ ਦੁਆਰਾ ਉਹ ਚਿਤ ਆਵੇ । ਸਭ ਰੁਤੀ ਔਰ ਸਭੇ ਮਾਹ ਉਸੇ ਨੂੰ ਭਲੇ ਹਨ ਕਿ ਜਿਨ੍ਹਾਂ ਨੂੰ ਪਰਮੇਸ਼ਵਰ ਚਿਤ ਆਂਵਦਾ ਹੈ । ਬਾਣੀ ਬੋਹਿਥੁ ਹੈ ,ਗੁਰੂ ਲੰਘਾਵਣਹਾਰ ਮਲਾਹ ਹੈ ।

 ਮਰਦਾਨੇ ਦੀ ਰਬਾਬ ਦਾ  ਕਮਾਲ ਹੈ ਕਿ ਉਹਨਾਂ ਨੇ ਇਸਲਾਮੀ ਦੇਸ਼ਾਂ ਵਿਚ ਰਬਾਬ ਨਾਲ ਕੀਰਤਨ ਕਰਕੇ ਸਭ ਨੂੰ ਹੈਰਾਨ ਕਰ ਦਿਤਾ ।ਭਾਈ ਗੁਰਦਾਸ ਜੀ ਨੇ 35 ਵੀਂ ਪੌੜੀ ਵਿਚ ਲਿਿਖਆ ਹੈ ਕਿ  ——

ਸੁੰਨ ਮੁਨ ਨਗਰੀ ਭਈ ਦੇਖ ਪੀਰ ਹੋਆ ਹੈਰਾਨਾ ।

ਵੇਖੈ ਧਿਆਨ ਲਗਾਏ ਕਰਿ ਇਕ ਫਕੀਰੁ ਵਡਾ ਮਸਤਾਨਾ ।

ਇਹਨਾਂ ਮੁਲਕਾਂ ਵਿਚ ‘ਪਾਤਾਲਾ ਪਾਤਾਲ  ਲਖ ਆਗਾਸਾ ਆਗਾਸ ‘ ਦੇ ਕੀਰਤਨੀ ਸ਼ਬਦ ਗਾਏ । ਪੀਰ ਦੇ ਪੁੱਤਰ ਨੇ ਕਿਹਾ,”ਜਾਂ ਇਹ ਕਾਫਰ ਹੈ ਜਾਂ ਬਾਉਲਾ “। ਮਰਦਾਨੇ ਨੇ ਉਤਰ ਦਿਤਾ ,” ਮੈਂ ਬਾਵਲਾ ਨਹੀਂ ਮੁਰਸ਼ਦ ਦੀ ਆਵਾਜ਼ ਸੁਣਾ ਰਿਹਾ ਹਾਂ “। ਜਦੋਂ ਉਹਨਾਂ ਕਿਹਾ ਆਪਣੇ ਮੁਰਸ਼ਦ ਨੂੰ ਬੁਲਾਓ । “ਪੀਰ ਉਹ ਕਿਸੇ ਦੇ ਸਦਿਆਂ ਨਹੀਂ ਆਓਂਦਾ ,ਬੇਪਰਵਾਹ ਹੈ । ਆਪ ਭਾਵੇਂ ਕਿਸੇ ਥਾਂ ਚਲਿਆ ਜਾਵੇ ” ।

ਮਰਦਾਨਾ ਜੀ ਜਿਹੀ ਮਹਾਨ ਸ਼ਖਸ਼ੀਅਤ ਦਾ ਸ਼ਬਦ ਚਿਤ੍ਰ ਪੇਸ਼ ਕਰਨਾ ਭਾਵੇਂ ਬੇਹੱਦ ਮੁਸ਼ਕਲ ਹੈ ਤਾਂ ਵੀ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਰੂਪਕ ਰੂਪ ਕਬਿੱਤ ਵਿਚ ਉਨ੍ਹਾਂ ਬਾਰੇ ਕਦੇ ਕੁਝ ਇਸ ਤਰਾਂ ਲਿਿਖਆ ਸੀ ——-

ਬਾਬਾ ! ਮੈਂ ਤਾਂ ਤਾਲੋਂ ਘੁਥਾ ਕਰਮ ਬੇਤਾਲੇ ਕਰਾਂ ,

ਸੁਰ ਨਹੀਂ ਮਿਲਦਾ ,ਮੈਂ ਹੋ ਗਿਆ ਬੜਾ ਲਚਾਰ ।

ਲੈ ਗਈ ਉੱਖੜ ਨ ਤਾਨ ਬੈਠਦੀ ਠਿਕਾਣੇ ,

ਤੀਬਰ ਸਰਗਮ ਸੁਧ ਕਮਲ ਨਹੀਂ ਵਿਚਾਰ ।

ਵਾਦੀ ਤੇ ਸੰਵਾਦੀ ਅਨੁਵਾਦੀ ਨਾ ਗਿਆਨ ਕੁਝ ,

ਟੁਟੇ ਫੁਟੇ ਸਾਜ਼ ਲੈ ਕੇ ਢੱਠਾ ਆਣ ਤੇਰੇ ਦਵਾਰ ।

ਮਿਹਰਾਂ ਦੇ ਸਾਈਂ ! ਮਰਦਾਨੇ ਨੂੰ ਇਸ਼ਾਰਾ ਕਰੀਂ ,

ਸੁਰ ਠੀਕ ਕਰੇ ਨਾਲੇ ਛੇੜੇ ਜ਼ਰਾ ਮੇਰੀ ਤਾਰ ।

ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਤੋਂ ਚਲ ਕੇ ਚਾਰ ਸੰਸਾਰ ਫੇਰੀਆਂ (ਉਦਾਸੀਆਂ )ਕਰਨ ਤੋਂ ਪਹਿਲਾਂ ਭਾਈ ਲਾਲੋ ਤਰਖਾਣ (ਸਿੱਖ ) ਦੇ ਕੋਲ ਸੈਦਪੁਰ (ਐਮਨਾਬਾਦ ) ਪਹੁੰਚ ਕੇ ਰੋੜੀ ਸਾਹਿਬ ਦੇ ਸਥਾਨ ਉਤੇ ਬੜੀ ਭਾਰੀ ਤਪੱਸਿਆ ਕੀਤੀ ,ਜਿਸ ਬਾਰੇ ਭਾਈ ਗੁਰਦਾਸ ਜੀ ਨੇ ਇਸ ਤਰਾਂ ਲਿਿਖਆ ਹੈ ਕਿ ——-

ਪਹਿਲਾ ਬਾਬੇ ਪਾਯਾ ਬਖਸੁ ਦਰਿ, ਪਿਛੋ ਦੇ ਫਿਿਰ ਘਾਲਿ ਕਮਾਈ।

ਰੇਤੁ ਅਕੁ ਆਹਾਰੁ ਕਰਿ, ਰੋੜਾ ਕੀ ਗੁਰ ਕਰੀ ਵਿਛਾਈ।

ਰਾਏ ਬੁਲਾਰ ਉਸ ਸਮੇਂ ਬੜਾ ਬਿਰਧ ਹੋ ਚੁਕਾ ਸੀ ,ਇਸ ਲਈ ਭਾਈ ਮਰਦਾਨੇ ਹੱਥ ਉਸ ਦੀ ਪ੍ਰੀਤ-ਮਿਲਣੀ ਦਾ ਸੰਦੇਸ਼ ਪੁੱਜਣ ਉਤੇ ਗੁਰੂ ਨਾਨਕ ਖ਼ੁਦ ਸੈਦਪੁਰ ਤੋਂ ਤਲਵੰਡੀ ਪੁਜੇ ਤੇ ਭਾਈ ਮਰਦਾਨੇ ਸਮੇਤ ,ਰਾਏ ਜੀ ਦੇ ਨਾਲ ਹੀ ਮਾਤਾ-ਪਿਤਾ ਨੂੰ ਵੀ ਮਿਲ ਗਏ ।

ਗੁਰੂ ਨਾਨਕ ਸਾਹਿਬ ਨੇ ਪਹਿਲਾਂ ਰੋੜੀ ਸਾਹਿਬ ਸੈਦਪੁਰ ਤਪ-ਸਾਧਨਾ ਕਰ ਕੇ ਆਪਣੇ ਸਰੀਰ ਨੂੰ ਚੰਗੀ ਤਰਾਂ ਸਾਧਿਆ, ਨਾਲੇ ਇਕ ਵਾਰ ਤਲਵੰਡੀ ਵੀ ਹੋ ਆਏ ਤੇ ਫੇਰ ਇਕ ਚੰਗੇ ਯਾਤਰੀ ਵਾਂਗ ਲੰਮੇ ਸਫ਼ਰ ਤੇ ਨਿਕਲਣ ਲਈ ਕਮਰਾਂ ਕੱਸ ਲਈਆਂ ।

ਗੁਰੂ ਨਾਨਕ ਸਾਹਿਬ ਨੇ ਮਨੁੱਖ ਜਾਤੀ ਦਾ ਉਧਾਰ  ਕਰਨ ਖਾਤਿਰ ਲੰਮੀਆਂ ਉਦਾਸੀਆਂ ਕੀਤੀਆਂ । ਇਹ ਉਦਾਸੀਆਂ ਪ੍ਰਚਾਰ ਫੇਰੀਆਂ ਹੀ ਸਨ ਅਤੇ ਇਤਿਹਾਸਕਾਰਾਂ ਨੇ ਇਹਨਾਂ ਪ੍ਰਚਾਰ ਫੇਰੀਆਂ ਨੂੰ ਉਦਾਸੀਆਂ ਲਿਿਖਆ ਹੈ ।

ਉਦਾਸੀ ਤੋਂ ਭਾਵ—ਉਦਾਸ ਬਿਰਤੀ ਜਾਂ ਵਿਰਕਤ ਬਿਰਤੀ ।

ਗੁਰੂ ਜੀ ਸੰਸਾਰਕ ਵਿਹਾਰ ਤੋਂ ਮੁਕਤ ਹੋ ਕੇ ਕੇਵਲ ਤੇ ਕੇਵਲ ਗੁਰੂ ਘਰ ਦਾ ਪ੍ਰਚਾਰ ਕਰ ਰਹੇ ਸਨ ਜਿਸ ਦਾ ਮੁਖ ਉਦੇਸ਼ ਲੋਕ-ਕਲਿਆਣ ਸੀ । ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਦੱਸਿਆ ਹੈ ਕਿ ——

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।

ਚੜ੍ਹਿਆ ਸੋਧਣਿ ਧਰਤਿ ਲੁਕਾਈ ॥੨੪॥

            ਮਰਦਾਨੇ ਸਮੇਤ ਚਾਰ ਉਦਾਸੀਆਂ ਇਕ ਨਿਸਚਿਤ ਸੋਚ-ਵਿਚਾਰ ਦੇ ਅਧੀਨ ਵਿਉਂਤ ਕੀਤੀਆਂ ਗਈਆਂ ਸਨ ।ਭਾਈ ਮਰਦਾਨਾ ਸਤਿਗੁਰ ਦੇ ਰੰਗ ਵਿਚ ਪੂਰਨ ਪਦ ਨੂੰ ਪਹੁੰਚਾ । ਇਕ ਦਿਨ ਮਰਦਾਨੇ ਨੂੰ ਸਤਿਗੁਰਾਂ ਨੇ ਫਰਮਾਇਆ ਸੀ ਕਿ ਅਸੀਂ ਤੈਨੂੰ ਗੰਧਰਵ ਲੋਕ ਤੋਂ ਨਾਲ ਲਿਆਏ ਸੀ ਜਦੋਂ ਅਸੀਂ ਬੈਕੁੰਠ ਧਾਮ ਜਾਵਾਂਗੇ ਤਾਂ ਤੈਨੂੰ ਨਾਲ ਲੈ ਜਾਵਾਂਗੇ ।ਸਤਿਗੁਰੂ ਜੀ ਫਰਮਾਉਂਦੇ ਹਨ ਕਿ ਤੁਧ ਬ੍ਰਹਮ ਪਛਾਤਾ ਹੈ ਤਾਂ ਤੇ ਤੂੰ ਬ੍ਰਾਹਮਣ ਹੋਇਆ । ਮਰਦਾਨਾ ਸਤਿਗੁਰਾਂ ਦੇ ਚਰਣੀ ਲੱਗਾ ਰਿਹਾ ਤੇ ਜੀਵਨ ਮੁਕਤ ਤੇ ਪਾਰਗਰਾਮੀ ਹੋ ਗਿਆ । ਮਰਦਾਨਾ ਬਾਕੀ ਉਮਰ ਕਿਸੇ ਕੰਦਰਾ ਗੁਫਾ ਵਿਚ ਨਹੀਂ ਬੀਤੀ ਪਰ ਸਤਿਗੁਰੂ ਦੇ ਚਰਨਾਂ ਵਿਚ ਸਾਧ ਸੰਗਤ ਨੂੰ ਹਰੀ ਜੱਸ ਸੁਣਾਉਂਦਿਆਂ ਸਫ਼ਲ ਹੋਈ । ਆਪ ਤਰਿਆ ਤੇ ਹੋਰਨਾਂ ਨੂੰ ਬੇੜੇ ਚਾੜਦਾ ਮਰਦਾਨਾ ‘ਸਫਲ ਸਿੱਖ’ ਹੋਇਆ।   

ਬਲਬੀਰ ਸਿੰਘ ਕੰਵਲ ਨੇ ਆਪਣੀ ਪੁਸਤਕ ਪੰਜਾਬ ਦੇ ਪ੍ਰਸਿੱਧ ਰਾਗੀ ਦੇ  ਪੰਨਾ 74 ਤੇ ਦਰਜ ਕੀਤਾ ਹੈ ਕਿ ਭਾਈ ਮਰਦਾਨਾ 13 ਮੱਘਰ ਸੰਮਤ 1591 ਨੂੰ ਅਫਗਾਨਿਸਤਾਨ ਦੇ ਦਰਿਆ ਕੁਰਮ ਦੇ ਕੰਢੇ ਵੱਸਦੇ ਕੁਰਮ ਸ਼ਹਿਰ ਵਿਚ ਆਪ ਚਲਾਣਾ ਕਰ ਗਏ ਅਤੇ ਆਪਣੇ ਜੁਗਾਂ ਦੇ ਸਾਥੀ ਨੂੰ ਵਿਛੋੜਾ ਦੇ ਗਏ ।ਭਾਈ ਮਰਦਾਨੇ ਦੇ ਅੰਤਿਮ ਸਮੇਂ  ਪਰ ਤ੍ਰੇ ਵਿਚਾਰਾਂ ਹਨ । 1581,1591 ਤੇ 1595 ਬਿਕ੍ਰਮੀ । ਆਪ ਦੇ ਚਲਾਣੇ ਬਾਬਤ ਕੁਰਮ ਵਿਚ ਹੋਣਾ ਅਤੇ ਅਗਨੀ ਦਾਹ ਨਾਲ ਸਸਕਾਰ ਕੀਤਾ ਜਾਣਾ ਵੀ  ਲਿਿਖਆ ਹੈ ਪਰ ਕੁਰਮ ਵਿਚ ਟਿਕਾਣੇ ਦਾ ਪਤਾ ਅੱਜ ਤਕ ਨਹੀਂ ਲੱਭਾ । ਭਾਈ ਮਨੀ ਸਿੰਘ ਜੀ ਆਪ ਦਾ ਦਿਹਾਂਤ ਰਾਵੀ ਕੰਢੇ ਕਰਤਾਰਪੁਰ ਵਿਚ ਹੋਇਆ ਲਿਖਦੇ ਹਨ ।

ਡਾ. ਅਜੀਤ ਸਿੰਘ ਕੋਟਕਪੁਰਾ

ਭਾਈ ਮਰਦਾਨਾ ਗੁਰੂ ਬਾਬੇ  ਦੇ ਸਾਥ ਵਿਚ ਬਹੁਤ ਹੀ ਉਚੇਰੀ ਅਵਸਥਾ ਨੂੰ ਪ੍ਰਾਪਤ ਹੋ ਗਿਆ ਸੀ ।ਇਕ ਦਿਨ ਸਹਿਵਨ ਹੀ ਗੁਰੂ ਬਾਬੇ ਨੇ ਮਰਦਾਨੇ ਦਾ ਅੰਤਿਮ ਸਮਾਂ ਨੇੜੇ ਜਾਣ ਕੇ ਮਰਦਾਨੇ ਨੂੰ ਪੁੱਛਿਆ ,’ਮਰਦਾਨਿਆ !ਜੇ ਤੂੰ ਚਾਹੇ ਤਾਂ ਤੇਰੀ ਦੇਹ ਨੂੰ ਬ੍ਰਾਹਮਣ ਵਾਂਗੂ ਦਰਿਆ ਵਿਚ ਸੁਟ ਦੇਈਏ । ਜੇ ਤੇਰੀ ਖਾਹਿਸ਼ ਹੋਵੇ ਤਾਂ ਖੱਤ੍ਰੀ ਵਾਂਗ ਸਾੜ ਦੇਈਏ । ਮਰਦਾਨਿਆ ਜੇ ਤੇਰੀ ਇੱਛਾ ਹੋਵੇ ਤਾਂ ਵੈਸ਼ ਵਾਂਗੂ ਹਵਾ ਵਿਚ ਸੁਟਵਾ ਦੇਈਏ, ਜੇ ਤੇਰਾ ਚਿਤ ਹੋਵੇ ਤਾਂ ਦਬਵਾ ਦੇਈਏ ‘। ਮਰਦਾਨਾ ਜੀ ਨੇ  ਉਤਰ ਵਿਚ ਆਖਿਆ ,”ਵਾਹ, ਬਾਬਾ ਵਾਹ ! ਅਜੇ ਵੀ ਸਰੀਰ ਦੇ ਚੱਕਰਾਂ ਵਿਚ । ਤੁਹਾਡੇ ਉਪਦੇਸ਼ ਕਾਰਨ ਤਾਂ ਦੇਹੀ ਦਾ ਖਿਆਲ ਹੀ ਖ਼ਤਮ ਹੋ ਗਿਆ ਹੈ। ਮੈਂ ਤਾਂ ਆਪਣੀ ਆਤਮਾ ਨੂੰ ਹੀ ਕੇਵਲ ਆਪਣਾ ਸਾਥੀ ਸਮਝਦਾ ਹਾਂ” । ਬਾਬਾ ਨਾਨਕ ਅੱਜ ਦੇ ਮੇਹਰ ਦੇ ਘਰ ਆਏ ਹੋਏ ਸਨ ਫੇਰ ਬੋਲੇ,”ਮਰਦਾਨਿਆ ,ਮੇਰਾ ਚਿੱਤ ਕਰਦਾ ਹੈ ਕਿ ਤੇਰੀ ਸਮਾਧ ਬਣਾ ਕੇ ਤੈਨੂੰ ਜਗਤ ਵਿਚ ਪ੍ਰਸਿੱਧ ਕਰ ਦੇਈਏ ” ।ਮਰਦਾਨਾ ਨੇ ਕੁਝ ਗੰਭੀਰ ਹੋ ਕੇ ਕਿਹਾ ,”ਬਾਬਾ ਬੜੀ ਮੁਸ਼ਕਲ ਨਾਲ ਤਾਂ ਸਰੀਰ ਰੂਪੀ ਸਮਾਧ ਵਿਚੋਂ ਨਿਕਲਣ ਲੱਗਾ ਹਾਂ ਇਸ ਨੂੰ ਫਿਰ ਪੱਥਰ ਵਿਚ ਕਿਉਂ ਪਾਂਵਦੇ ਹੋ ।” ਬਾਬੇ ਨੇ ਅਗੇ ਵੱਧ ਕੇ ਮਰਦਾਨੇ ਨੂੰ ਆਪਣੀ ਛਾਤੀ ਨਾਲ ਲਾ ਲਿਆ ਤੇ ਕਿਹਾ ਮਰਦਾਨਿਆ ,”ਤੂੰ ਬ੍ਰਹਮ ਨੂੰ ਪਛਾਣ ਲਿਆ ਹੈ ,ਤੂੰ ਬ੍ਰਹਮ ਗਿਆਨੀ ਹੋਇਆ ।ਅਸੀਂ ਤੈਨੂੰ ਅੱਗ ਦਾ ਦਾਗ ਦੇਵਾਂਗੇ ਅਤੇ ਰਾਵੀ ਵਿਚ ਤੈਨੂੰ ਪ੍ਰਵਾਹ ਕਰਾਂਗੇ ।” ਤੂੰ ਰਾਵੀ ਦੇ ਕੰਢੇ ਆਸਣ ਮਾਰ ਕੇ ਬੈਠ ,ਪ੍ਰਮੇਸ਼ਵਰ ਦਾ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਜਪ ।ਇਸ ਤਰਾਂ ਮਰਦਾਨੇ ਨੇ ਆਪਣਾ ਸਰੀਰ ਤਿਆਗਿਆ । ਭਾਈ ਮਨੀ ਸਿੰਘ ਜੀ ਨੇ ਗਿਆਨ ਰਤਨਾਵਲੀ ਦੀ ਪਉੜੀ ਨੰਬਰ 45 ਵਿਚ ਲਿਿਖਆ ਹੈ ,ਮਰਦਾਨੇ ਨੇ ਆਪਣੀ ਇੱਛਾ ਅਨੁਸਾਰ ਸਾਹਿਬਾਂ ਨੇ ਆਪਣੇ ਹਸਤ ਕਮਲਾਂ ਨਾਲ ਉਸ ਦਾ ਸੰਸਕਾਰ ਕੀਤਾ ।ਸੰਸਕਾਰ ਉਪਰੰਤ ਗੁਰਦੇਵ ਨੇ ਅੰਮ੍ਰਿਤ ਵੇਲੇ ਕੜਾਹ ਪ੍ਰਸ਼ਾਦਿ ਤਿਆਰ ਕਰ ਕੇ ਸੰਗਤਾਂ ਵਿਚ ਵਰਤਾਇਆ । ਇਸ ਮੌਕੇ ਤੇ ਮਰਦਾਨਾ ਜੀ ਦਾ ਪੁੱਤਰ ਸ਼ਹਿਜ਼ਾਦਾ ਹਾਜ਼ਰ ਸੀ, ਉਸ ਨੂੰ ਬਾਬੇ ਕਿਹਾ ਜੋ ਆਪਣੇ ਘਰ ਜਾਂਦੇ ਹਨ ਉਨ੍ਹਾਂ ਦਾ ਸੋਗ ਨਹੀਂ ਕਰਨਾ ।

ਡਾ. ਅਜੀਤ ਸਿੰਘ ਕੋਟਕਪੁਰਾ
0015853050443
dr.singhajit@gmail.com

ਪੰਜਾਬ ਦੇ ਮੁੱਦੇ ਅਤੇ ਸਿਆਸੀ ਪਾਰਟੀਆਂ ਦੀ ਇੱਕਜੁੱਟਤਾ

ਗੁਰਮੀਤ ਸਿੰਘ ਪਲਾਹੀ

ਪੰਜਾਬ ਨਾਲ ਹੋ ਰਹੇ ਵਿਤਕਰਿਆਂ ਖ਼ਾਸ ਕਰਕੇ ਤਤਕਾਲੀ 10 ਏਕੜ ਚੰਡੀਗੜ੍ਹ ਯੂਟੀ ਦੀ ਜ਼ਮੀਨ ਦੇ ਬਦਲੇ ਵਿੱਚ ਪੰਚਕੂਲਾ ਦੀ ਜ਼ਮੀਨ ਯੂਟੀ ਚੰਡੀਗੜ੍ਹ ਨੂੰ ਦੇਣ ਦੇ ਮੁੱਦੇ(ਇਸ ਜ਼ਮੀਨ ‘ਤੇ ਹਰਿਆਣਾ ਵਿਧਾਨ ਸਭਾ ਦੀ ਇਮਾਰਤ ਉਸਾਰੀ ਜਾਣੀ ਹੈ) ਪ੍ਰਤੀ ਸੰਜੀਦਾ ਪੰਜਾਬ ਦੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਸਮੇਤ ਭਾਜਪਾ ਦੇ ਪੰਜਾਬ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਚਿੰਤਾ ਪ੍ਰਗਟ ਕੀਤੀ ਹੈ।

ਕੀ ਸੱਚਮੁੱਚ ਸਿਆਸੀ ਪਾਰਟੀਆਂ ਪੰਜਾਬ ਪ੍ਰਤੀ ਸੰਜੀਦਾ ਹਨ ਜਾਂ ਫਿਰ ਫੋਕੀ ਬਿਆਨਬਾਜੀ ਤੱਕ ਸੀਮਤ ਹਨ?

 ਹਰਿਆਣਾ ਨੂੰ ਚੰਡੀਗੜ੍ਹ ‘ਚ 10 ਏਕੜ ਜ਼ਮੀਨ ਹਰਿਆਣਾ ਵਿਧਾਨ ਸਭਾ ਦੀ ਉਸਾਰੀ ਲਈ ਦੇਣ ‘ਤੇ ਪੰਜਾਬ ਦੀਆਂ ਕਮਿਊਨਿਸਟ ਪਾਰਟੀਆਂ ਨੇ ਕਰੜਾ ਵਿਰੋਧ ਕੀਤਾ ਹੈ। ਅਤੇ ਇਸ ਫ਼ੈਸਲੇ ਨੂੰ ਅਨਿਆਂ ਪੂਰਨ, ਗੈਰ-ਕਾਨੂੰਨੀ, ਗੈਰ-ਸੰਵਿਧਾਨਿਕ ਅਤੇ ਪੰਜਾਬ  ਪੁਨਰਗਠਨ ਐਕਟ 1966 ਦੀ ਘੋਰ ਉਲੰਘਣਾ ਕਿਹਾ ਹੈ। ਉਹਨਾ ਨੇ ਪੰਜਾਬ ਹਿਤੈਸ਼ੀ ਹੋਰ ਸਿਆਸੀ ਪਾਰਟੀਆਂ ਨਾਲ ਮਿਲਕੇ ਸਾਂਝੇ ਤੌਰ ‘ਤੇ ਪੰਜਾਬ ਦੀਆਂ ਹੱਕੀ ਮੰਗਾਂ, ਮਸਲਿਆਂ ‘ਤੇ ਸਾਂਝਾ ਸੰਘਰਸ਼ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ।

ਕੀ ਇੰਜ ਸੰਭਵ ਹੋ ਸਕੇਗਾ ਜਾਂ ਫਿਰ ਸਿਆਸੀ ਪਾਰਟੀਆਂ ਜਾਂ ਉਹਨਾ ਦੇ ਨੇਤਾ ਸਿਰਫ਼ ਆਪਣੀ ਸਵਾਰਥ ਸਿੱਧੀ ਤੱਕ ਆਪਣੇ ਆਪ ਨੂੰ ਸੀਮਤ ਕਰ ਲੈਣਗੇ?

ਪੰਜਾਬ ਨਾਲ ਕੇਂਦਰ ਲਗਾਤਾਰ ਹੁਣ ਤੱਕ ਧੱਕਾ ਕਰਦਾ ਰਿਹਾ ਹੈ। ਕੇਂਦਰ ‘ਚ ਸਰਕਾਰ ਭਾਵੇਂ ਕਾਂਗਰਸ ਦੀ ਰਹੀ, ਭਾਵੇਂ ਹੁਣ ਭਾਜਪਾ ਦੀ ਹੈ, ਪੰਜਾਬ ਨਾਲ ਮਤਰੇਰਿਆ ਸਲੂਕ ਜਾਰੀ ਹੈ। ਸਾਲ 1966 ਵਿੱਚ ਕੇਂਦਰ ਸਰਕਾਰ ਦੀਆਂ ਮੰਦੀਆਂ ਭਾਵਨਾਵਾਂ ਕਰਕੇ ਹੀ ਪੰਜਾਬ ਪੁਨਰਗਠਨ ਸਮੇਂ ਪੰਜਾਬ ਨੂੰ ਬੇਹੱਦ ਅਧੂਰਾ ਕੱਟਿਆ-ਵੱਡਿਆ ਸੂਬਾ ਬਣਾਇਆ ਗਿਆ। ਪੰਜਾਬ ਨੂੰ ਹੁਣ ਤੱਕ ਵੀ ਚੰਡੀਗੜ੍ਹ ਰਾਜਧਾਨੀ ਤੋਂ ਵਿਰਵਾ ਰੱਖਿਆ ਗਿਆ। ਪਰ  ਬੀਤੇ ਸਮੇਂ ‘ਚ ਸਿਆਸੀ ਪਾਰਟੀਆਂ ਸੀਮਤ ਜਿਹਾ ਵਿਰੋਧ ਕਰਕੇ, ਕੁੰਭਕਰਨੀ ਨੀਂਦਰ ਸੁੱਤੀਆਂ ਰਹੀਆਂ।

1966 ਵਿੱਚ ਜਦੋਂ ਹਰਿਆਣਾ ਪੰਜਾਬ ਵਿੱਚੋਂ ਵੱਖਰਾ ਸੂਬਾ ਬਣਾਇਆ ਗਿਆ ਸੀ, ਉਸ ਸਮੇਂ ਹੀ ਪੰਚਕੂਲਾ ਵਿੱਚ ਹਰਿਆਣਾ ਵਿਧਾਨ ਸਭਾ ਦੀ ਇਮਾਰਤ ਬਣਾਈ ਜਾਣੀ ਚਾਹੀਦੀ ਸੀ। ਇਹ ਵਾਅਦਾ ਵੀ ਪੁਨਗਠਨ ਐਕਟ ਵਿੱਚ ਕੇਂਦਰ ਵਲੋਂ ਕੀਤਾ ਗਿਆ ਸੀ ਕਿ ਕੁਝ ਸਮੇਂ ਬਾਅਦ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰ ਦਿੱਤਾ ਜਾਵੇਗਾ। ਜਦੋਂ ਤੱਕ ਹਰਿਆਣਾ ਆਪਣੀ ਰਾਜਧਾਨੀ ਨਹੀਂ ਬਣਾਉਂਦਾ ਉਦੋਂ ਤੱਕ ਚੰਡੀਗੜ੍ਹ ਯੂਟੀ ਹੀ ਰਹੇਗਾ। ਪਰ ਪੰਜਾਬ ਨੂੰ ਚੰਡੀਗੜ੍ਹ ਨਾ ਦਿੱਤਾ ਗਿਆ, ਉਸਦੇ ਬਣਦੇ ਹੱਕ ਵੀ ਨਹੀਂ ਦਿੱਤੇ ਗਏ, ਸਗੋਂ ਕਈ ਹਾਲਤਾਂ ‘ਚ ਇਹ ਹੱਕ ਹਥਿਆਏ ਜਾਂਦੇ ਰਹੇ।

 ਪੰਜਾਬੀ ਬੋਲਦੇ ਇਲਾਕੇ ਪੰਜਾਬ ‘ਚ ਸ਼ਾਮਲ ਨਾ ਕੀਤੇ ਗਏ। ਉਹ ਮਸਲੇ, ਜਿਹੜੇ ਪੰਜਾਬ ਦੇ ਲੋਕਾਂ ਦੀਆਂ ਡੂੰਘੀਆਂ ਭਾਵਨਾਵਾਂ ਨਾਲ ਜੁੜੇ ਹੋਏ ਹਨ, ਬੀਤੇ ਸਮੇਂ ਜਿਹਨਾ ਕਾਰਨ ਪੰਜਾਬੀਆਂ ਨੂੰ ਡੂੰਘੇ ਜ਼ਖ਼ਮ ਲੱਗੇ ਹਨ, ਉਹਨਾ ਉਤੇ ਮੱਲ੍ਹਮ ਤਾਂ ਕਿਸੇ ਸਰਕਾਰ ਨੇ ਕੀ ਲਗਾਉਣੀ ਸੀ, ਸਗੋਂ ਉਹਨਾ ਜ਼ਖ਼ਮਾਂ ਨੂੰ ਕੁਰੇਦਿਆ ਗਿਆ। ਇਸ ਸਭ ਕੁਝ ਦਾ ਸਿੱਟਾ ਫਿਰ ਇਹੋ ਨਿਕਲਿਆ ਕਿ ਪੰਜਾਬ ਦਾ, ਪੰਜਾਬੀਆਂ ਦਾ, ਕੇਂਦਰ ਪ੍ਰਤੀ ਮੋਹ ਭੰਗ ਹੁੰਦਾ ਰਿਹਾ। ਕੇਂਦਰ ਨਾਲ ਦਿਲੋਂ-ਮਨੋਂ  ਵਿਰੋਧ ਵਧਦਾ ਰਿਹਾ। ਸਿੱਟਾ ਕਈ ਤੱਤੀਆਂ ਲਹਿਰਾਂ ਦਾ ਪੰਜਾਬ ‘ਚ ਜਨਮ ਹੋਇਆ। ਸੈਂਕੜੇ ਨਹੀਂ ਹਜ਼ਾਰਾਂ ਨੌਜਵਾਨ ਇਹਨਾ ਲਹਿਰਾਂ ਸਮੇਂ ਮੌਤ ਦੇ ਘਾਟ ਉਤਾਰ ਦਿੱਤੇ ਗਏ।

ਗੱਲ ਪੰਜਾਬੀਆਂ ਵਲੋਂ ਕੀਤੇ ਗਏ ਪਿਛੇ ਜਿਹੇ ਕਿਸਾਨ ਅੰਦੋਲਨ ਦੀ ਕਰ ਲਈਏ ਜਾਂ ਫਿਰ ਐਮਰਜੈਂਸੀ ਦੌਰਾਨ ਲਗਾਏ “ਅਕਾਲੀ ਮੋਰਚੇ” ਦੀ, ਪੰਜਾਬੀਆਂ ਨੇ ਹਿੱਕ ਡਾਹਕੇ ਕੇਂਦਰ ਦੀਆਂ ਪੰਜਾਬ ਤੇ ਪੰਜਾਬੀਆਂ ਪ੍ਰਤੀ ਕੀਤੀਆਂ ਸਾਜ਼ਿਸ਼ਾਂ ਨੂੰ ਹੀ ਨੰਗਿਆ ਨਹੀਂ ਕੀਤਾ, ਸਗੋਂ ਦੁਨੀਆ ਨੂੰ ਵਿਖਾ ਦਿੱਤਾ ਕਿ ਪੰਜਾਬੀ, “ਦੇਸ਼ ਭਾਰਤ” ਦੇ ਸੰਵਿਧਾਨ ਨੂੰ ਮੰਨਦਿਆਂ, ਆਮ ਲੋਕਾਂ ਦੇ ਹੱਕਾਂ ਲਈ ਲੜਨ ਦੀ ਜ਼ੁਰੱਅਤ ਰੱਖਦੇ ਹਨ, ਜ਼ੁਲਮ ਅਤੇ ਧੱਕੇਸ਼ਾਹੀ ਵਿਰੁੱਧ ਹਿੱਕ ਡਾਹਕੇ ਲੜਦੇ ਹਨ, ਕੁਰਬਾਨੀਆਂ ਕਰਦੇ ਹਨ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਲੋਕ-ਹੱਕਾਂ ਲਈ ਖੜਦਿਆਂ ਸੈਂਕੜੇ ਨਹੀਂ ਹਜ਼ਾਰਾਂ ਪੰਜਾਬੀਆਂ ਨੇ ਸ਼ਹਾਦਤ ਦੇ ਜਾਮ ਪੀਤੇ। 2020 ਦੇ ਕਿਸਾਨ ਅੰਦੋਲਨ ‘ਚ ਸੱਤ ਅੱਠ ਸੌ ਕਿਸਾਨਾਂ ਆਪਣੇ ਹੱਕਾਂ ਦੀ ਪ੍ਰਾਪਤੀਆਂ ਲਈ ਲੜਦਿਆਂ ਜਾਨ ਦੇ ਦਿੱਤੀ।

ਕੀ ਪੰਜਾਬ, ਪੰਜਾਬੀ ਕੁਰਬਾਨੀਆਂ ਹੀ ਦਿੰਦੇ ਰਹਿਣਗੇ ਜਾਂ ਕਦੇ ਸੁੱਖ ਦਾ ਸਾਹ ਵੀ ਲੈ ਸਕਣਗੇ?

ਸਿਰਫ਼ ਇਹੋ ਨਹੀਂ  ਕਿ ਪੰਜਾਬ ਤੋਂ ਪੰਜਾਬੀਆਂ ਦੀ ਰਾਜਧਾਨੀ ਖੋਹ ਲਈ ਗਈ ਹੈ। ਦੇਸ਼ ਦੀ ਵੰਡ ਵੇਲੇ ਪੰਜਾਬ ਦੀ ਰਾਜਧਾਨੀ ਲਾਹੌਰ, (ਪਾਕਿਸਤਾਨ) ਇਧਰਲੇ ਪੰਜਾਬ ਤੋਂ ਖੁਸ ਗਈ। ਪੰਜਾਬ ਦੇ 22 ਪਿੰਡਾਂ ਨੂੰ ਪੰਜਾਬ ਦੀ ਰਾਜਧਾਨੀ ਬਨਾਉਣਾ  ਮਿਥਿਆ ਗਿਆ। ਚੰਡੀਗੜ੍ਹ ਇਹਨਾ ਪਿੰਡਾਂ ਨੂੰ ਉਜਾੜ ਕੇ 1953 ‘ਚ ਪੰਜਾਬ ਦੀ ਰਾਜਧਾਨੀ ਵਜੋਂ ਉਸਾਰਿਆ ਗਿਆ। ਸ਼ਿਮਲਾ, ਜੋ ਕਦੇ ਪੰਜਾਬ ਦੀ ਆਰਜ਼ੀ ਰਾਜਧਾਨੀ ਹੋਇਆ ਕਰਦੀ ਸੀ, ਹਿਮਾਚਲ ਪ੍ਰਦੇਸ਼ ਪੱਲੇ ਪਾ ਦਿੱਤਾ ਗਿਆ। ਸਾਲ 1966 ‘ਚ ਪੁਨਰਗਠਨ ਵੇਲੇ ਚੰਡੀਗੜ੍ਹ ਹਰਿਆਣਾ ਦੀ ਆਰਜ਼ੀ ਰਾਜਧਾਨੀ ਬਣਾਈ ਗਈ ਤੇ ਆਰਜ਼ੀ ਤੌਰ ‘ਤੇ  ਨਾਲ ਹੀ ਚੰਡੀਗੜ੍ਹ ਕੇਂਦਰ ਸ਼ਾਸ਼ਿਤ ਪ੍ਰਦੇਸ਼ ਬਣਿਆ। ਪਰ ਲਗਭਗ 6 ਦਹਾਕੇ ਬੀਤਣ ਬਾਅਦ ਵੀ ਪੰਜਾਬ ਦੇ ਨਾਲ-ਨਾਲ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਹੈ। ਤੇ ਚੰਡੀਗੜ੍ਹ ਪੱਕੇ ਤੌਰ ‘ਤੇ ਹੀ ਕੇਂਦਰ ਸ਼ਾਸ਼ਿਤ ਪ੍ਰਦੇਸ਼ ਅਣ-ਐਲਾਨੇ ਤੌਰ ‘ਤੇ ਮੰਨਿਆ ਜਾ ਚੁੱਕਾ ਹੈ।

 ਕੀ ਇਹ ਕੇਂਦਰੀ ਹਾਕਮੀ ਦੀ ਹੱਠਧਰਮੀ ਨਹੀਂ? ਕੀ ਇਸ ਹੱਠਧਰਮੀ ਨੂੰ ਤੋੜਨ ਲਈ ਕਿਸੇ ਕਾਂਗਰਸੀ, ਗੈਰ-ਕਾਂਗਰਸੀ ਸਰਕਾਰ ਨੇ ਦੂਰਅੰਦੇਸ਼ੀ, ਪ੍ਰਤੀਬੱਧਤਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਚੰਡੀਗੜ੍ਹ ਦੀ ਪ੍ਰਾਪਤੀ ਲਈ ਕੋਈ ਯਤਨ ਕੀਤੇ?

ਚੰਡੀਗੜ੍ਹ ਅੱਜ ਕੇਂਦਰ ਅਧੀਨ ਹੈ। ਉਥੇ 60:40 ਅਨੁਪਾਤ ਨਾਲ ਪੰਜਾਬ ਦੇ ਅਫ਼ਸਰਾਂ ਤੇ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਜਾਣੀ ਤਹਿ ਸੀ, ਪਰ ਇਸ ਤੋਂ ਵੀ ਅੱਜ ਮੁਨਕਰ ਹੋਇਆ ਜਾ ਰਿਹਾ ਹੈ। ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਤੋਂ ਖੋਹਣ ਦਾ ਲਗਾਤਾਰ ਯਤਨ ਹੋ ਰਿਹਾ ਹੈ। ਪੰਜਾਬ ਦਾ ਅਧਿਕਾਰ ਉਸ ਉਤੇ ਖ਼ਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।

ਕੀ ਪੰਜਾਬ ਹਿਤੈਸ਼ੀ “ਸੂਰਮੇ ਨੇਤਾ” ਕੇਂਦਰ ਦੀਆਂ ਚਾਲਾਂ ਤੋਂ ਜਾਣੂ ਨਹੀਂ? ਜਾਂ ਫਿਰ ਜਾਣ ਬੁਝਕੇ ਅਵੇਸਲੇ ਹੋਏ, ਇੱਛਾ ਸ਼ਕਤੀ ਤੋਂ ਹੀਣੇ, ਡੰਗ-ਟਪਾਈ ਕਰਦਿਆਂ ਭਾਸ਼ਨਾਂ ਤੱਕ ਆਪਣੇ ਆਪ ਨੂੰ ਸੀਮਤ ਰੱਖ ਰਹੇ ਹਨ?

ਪੰਜਾਬ ਦੇ ਪਾਣੀ ਪੰਜਾਬ ਤੋਂ ਖੋਹਣ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ। ਬਾਵਜੂਦ ਪੰਜਾਬ ਵਿਧਾਨ ਸਭਾ ‘ਚ ਸਿਆਸੀ ਪਾਰਟੀਆਂ ਵਲੋਂ ਸਰਬਸੰਮਤੀ ਮਤੇ ਪਾਸ ਕਰਕੇ ਕੇਂਦਰ ਨੂੰ ਭੇਜਣ ਦੇ ਬਾਵਜੂਦ ਕਦੇ ਵੀ ਕੇਂਦਰ ਸਰਕਾਰ ਦੇ ਸਿਰ ‘ਤੇ ਕਦੇ ਜੂੰ ਨਹੀਂ ਸਰਕੀ। ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਹੱਕ ਅੰਤਰਰਾਸ਼ਟਰੀ ਰਿਪੇਅਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਹਨ ਪਰ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਬਿਨ੍ਹਾਂ ਕੀਮਤੋਂ ਇਹ ਪਾਣੀ ਦਿੱਤਾ ਜਾ ਰਿਹਾ ਹੈ। ਦਰਿਆਈ ਟ੍ਰਿਬਿਊਨਲ ਜਾਂ ਭਾਰਤ ਦੀ ਸੁਪਰੀਮ ਕੋਰਟ ਸਾਜ਼ਿਸ਼ਾਂ ਤਹਿਤ ਪੰਜਾਬ ਦੇ ਪਾਣੀ ਖੋਹਣ  ਦੇ ਯਤਨ ਹੋ ਰਹੇ ਹਨ।

ਕਦੇ ਪੰਜਾਬ ਵਿਰੋਧੀ ਐਕਟਿੰਗ ਪ੍ਰਧਾਨ ਮੰਤਰੀ ਗੁਲਜਾਰੀ ਲਾਲ ਨੰਦਾ ਦੀ ਬਦਨੀਤੀ ਨੇ ਪੰਜਾਬ ਲਈ ਚੰਡੀਗੜ੍ਹ ਤੋਂ ਪੰਜਾਬੀ ਬੋਲਦੇ ਇਲਾਕੇ ਪੰਜਾਬੋਂ ਬਾਹਰ ਰੱਖਕੇ ਕੰਡੇ ਬੀਜੇ ਅਤੇ ਹੁਣ ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਿਆਣਾ ਦੀ ਵਿਧਾਨ ਸਭਾ ਚੰਡੀਗੜ੍ਹ ‘ਚ ਬਨਾਉਣ ਦਾ ਸੇਹ ਦਾ ਤੱਕਲਾ ਪੰਜਾਬ ਦੀ ਛਾਤੀ ‘ਚ ਖੁਭੋ ਰਿਹਾ ਹੈ।

ਕੀ ਪੰਜਾਬੀ ਤੇ ਪੰਜਾਬ ਇਸ ਬੇਇਨਸਾਫ਼ੀ ਨੂੰ ਬਰਦਾਸ਼ਤ ਕਰਨਗੇ? ਜਵਾਬ ਹੈ ਕਦਾਚਿਤ ਨਹੀਂ।

ਪੰਜਾਬ ਸਰਹੱਦੀ ਸੂਬਾ ਹੈ। ਕਈ ਵੇਰ ਉਜੜਿਆ ਹੈ, ਫਿਰ ਉਸਰਿਆ ਹੈ। ਖਾੜਕੂ ਲਹਿਰ ਦਾ ਸੰਤਾਪ ਵੀ ਇਸ ਸੂਬੇ ਨੇ ਝੱਲਿਆ ਹੈ। ਵੱਡੇ ਦਰਦ ਵੀ ਇਸ ਨੇ ਆਪਣੇ ਸੀਨੇ ‘ਤੇ ਜਰੇ ਹਨ। ਸੰਤਾਲੀ ਦੀ ਵੰਡ, 1984 ਦੇ ਦਰਦਨਾਕ ਹਾਦਸੇ, ਸ੍ਰੀ ਹਰਿੰਮਦਰ ਸਾਹਿਬ ਉਤੇ ਕੇਂਦਰੀ ਹਮਲਾ ਅਤੇ ਫਿਰ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਨੂੰ ਅੱਤਵਾਦੀ  ਹੋਣ ਦਾ ਖਿਤਾਬ, ਕਿਸਾਨ ਅੰਦੋਲਨ ਤੱਕ ਵੀ ਕੇਂਦਰ ਦੀਆਂ ਸਰਕਾਰਾਂ ਉਹਨਾ ਪੱਲੇ ਪਾਉਂਦੀਆਂ ਰਹੀਆਂ ਹਨ।  

ਪਰ ਕੀ ਕੇਂਦਰ ਵਲੋਂ ਇਸ ਸਰਹੱਦੀ ਸੂਬੇ ਦੀ ਖੁਸ਼ਹਾਲੀ  ਲਈ ਕਦੇ ਕੋਈ ਕਦਮ ਚੁੱਕੇ ਗਏ? ਕੀ ਹਿਮਾਚਲ ਪ੍ਰਦੇਸ਼ ਜਾਂ ਹੋਰ ਸੂਬਿਆਂ ਵਾਂਗਰ ਪੰਜਾਬ ਨੂੰ ਸਨੱਅਤੀ ਸਹੂਲਤਾਂ ਪ੍ਰਦਾਨ ਹੋਈਆਂ, ਕੋਈ ਖ਼ਾਸ ਰਿਐਤਾਂ ਪ੍ਰਦਾਨ ਕੀਤੀਆਂ?

 ਉਲਟਾ ਅੱਤਵਾਦ ਦੇ ਨਾਂਅ ਤੇ, ਮਨੁੱਖੀ ਅਧਿਕਾਰਾਂ ਦਾ ਹਨਨ ਪੰਜਾਬੀਆਂ ਪੱਲੇ ਪਿਆ। ਇਸ ਖਾੜਕੂ ਲਹਿਰ ਨੂੰ ਰੋਕਣ ਲਈ ਕੇਂਦਰ ਸੁਰੱਖਿਆ ਬਲਾਂ ਦਾ ਖਰਚਾ ਪੰਜਾਬ ਸਿਰ ਮੜ੍ਹ ਦਿੱਤਾ ਗਿਆ। ਇਹੋ ਜਿਹੀਆਂ ਬੇਹੂਦਾ, ਪੰਜਾਬ ਵਿਰੋਧੀ ਕੇਂਦਰੀ ਹਰਕਤਾਂ ਕਾਰਨ ਪੰਜਾਬੀਆਂ ਦੇ ਮਨਾਂ ‘ਚ ਰੋਸ ਪੈਦਾ ਹੋਇਆ। ਪੰਜਾਬ ਦਾ ਨੌਜਵਾਨ ਉਦਾਸ, ਹਤਾਸ਼ ਹੋਇਆ। ਪ੍ਰਵਾਸ ਦੇ ਰਾਹ ਪਿਆ। ਬੇਰੁਜ਼ਗਾਰੀ ਦਾ ਸ਼ਿਕਾਰ ਨਸ਼ਿਆਂ ਦੀ ਮਾਰ ਹੇਠ ਦੱਬਿਆ ਗਿਆ।

 ਕੀ ਕਦੇ ਕਿਸੇ ਕੇਂਦਰੀ ਸਰਕਾਰ ਜਾਂ ਫਿਰ ਪੰਜਾਬ ਹਿਤੈਸ਼ੀ ਕਹਾਉਂਦੀ ਸੂਬਾ ਸਰਕਾਰ ਨੇ ਪੰਜਾਬੀਆਂ ਦਾ ਇਹ ਦਰਦ ਪਛਾਣਿਆ? ਸਮਝਣ ਦਾ ਯਤਨ ਕੀਤਾ? ਸ਼ਾਇਦ ਕਦੇ ਵੀ ਨਹੀਂ।

ਅੱਜ ਜਦੋਂ ਪੰਜਾਬੀ ਮਜ਼ਬੂਰੀ ਤੌਰ ਪ੍ਰਵਾਸ ਦੇ ਰਾਹ ਪਏ ਹੋਏ ਹਨ। ਲੱਖਾਂ ਪੰਜਾਬੀ  ਨੌਜਵਾਨ ਵਿਦੇਸ਼ਾਂ ‘ਚ ਵਸ ਰਹੇ ਹਨ। ਪੰਜਾਬ, ਪੰਜਾਬੀਆਂ ਤੋਂ ਸਾਜ਼ਿਸ਼ਨ ਸੱਖਣਾ ਕੀਤਾ ਜਾ ਰਿਹਾ ਹੈ। ਉਹਨਾ ਦੀ ਅਣਖ ਨੂੰ ਵੰਗਾਰਿਆ ਜਾ ਰਿਹਾ ਹੈ। ਪੰਜਾਬੀਆਂ ਦੀ ਥਾਂ ਹੋਰ ਸੂਬਿਆਂ ਦੇ ਲੋਕਾਂ ਦਾ ਇਥੇ ਪੱਕਾ ਵਸੇਵਾ ਕਰਵਾਇਆ ਜਾ ਰਿਹਾ ਹੈ। ਪੰਜਾਬ ਦੀ ਬੋਲੀ “‘ਪੰਜਾਬੀ’ ਅਤੇ ਪੰਜਾਬ ਦਾ ਸਭਿਆਚਾਰ ਮਿਲਾਵਟੀ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਹੱਕ ਖੋਹਣ ਦੀਆਂ ਯੋਜਨਾਵਾਂ ਨਿੱਤ ਬਣਦੀਆਂ ਹਨ, ਜੋ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਕਰਨ ਯੋਗ ਨਹੀਂ ਹਨ।

ਤਦ ਫਿਰ ਪੰਜਾਬ ਹਿਤੈਸ਼ੀ ਸਿਆਸੀ ਪਾਰਟੀਆਂ ਦੀ ਇੱਕਜੁੱਟਤਾ ਸਮੇਂ ਦੀ ਲੋੜ ਬਣਦੀ ਜਾ ਰਹੀ ਹੈ ਤਾਂ ਕਿ ਪੰਜਾਬ ਵਿਰੋਧੀ ਲਾਬੀ ਨੂੰ ਮਾਤ ਦਿੱਤੀ ਜਾ ਸਕੇ। ਜੇਕਰ ਅੱਜ ਵੀ ਪੰਜਾਬੀ ਰੋਸ ਨਹੀਂ ਪ੍ਰਗਟਾਉਂਦੇ, ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ, ਪੰਜਾਬ ਦੇ ਮਜ਼ਦੂਰ ਸੰਗਠਨ, ਸਿਆਸੀ ਧਿਰਾਂ, ਸਮਾਜਿਕ ਕਾਰਕੁੰਨ, ਲੇਖਕ, ਬੁੱਧੀਜੀਵੀ ਪੰਜਾਬ ਦੇ ਹੱਕਾਂ ਲਈ ਨਹੀਂ ਖੜਦੇ, ਤਾਂ ਪੰਜਾਬ ਦੀ ਹੋਂਦ ਖਤਰੇ ‘ਚ ਪੈ ਜਾਏਗੀ।

 ਕੀ ਜਰਖੇਜ਼ ਧਰਤੀ ਦੇ ਵਸ਼ਿੰਦੇ, ਲੋਕਾਂ ਲਈ ਮਰਨ ਖੜਨ ਵਾਲੇ ਅਣਖੀ ਪੰਜਾਬੀ, ਪੰਜਾਬ ਦੀ ਧਰਤੀ ਤੇ ਲਿਖਿਆ ਜਾ ਰਿਹਾ ਦੁਖਾਂਤਕ ਬਿਰਤਾਂਤ ਹੁਣ ਵੀ ਨਹੀਂ ਪੜ੍ਹਨਗੇ? ਕਿੰਨਾ ਕੁ ਚਿਰ ਸੁੱਤ-ਉਨੀਂਦੇ, ਬਿੱਲੀ ਦੀ ਆਮਦ ‘ਤੇ ਚੂਹੇ ਦੇ ਅੱਖਾਂ ਮਿਟਣ ਵਾਂਗਰ, ਆਪਣੀ ਬੇ-ਨਿਆਈ ਮੌਤ ਦਾ ਇੰਤਜ਼ਾਰ ਕਰਨਗੇ?

ਪੰਜਾਬ ਦੇ ਲਿਖੇ ਇਤਿਹਾਸ ਦੇ ਕਾਲੇ ਪੰਨਿਆਂ ‘ਤੇ ਝਾਤ ਮਾਰਦਿਆਂ ਪੰਜਾਬੀਆਂ ਨੂੰ ਆਪਣੀ ਸੋਚ ਨੂੰ ਥਾਂ ਸਿਰ ਕਰਕੇ ਕੁਝ  ਸਾਰਥਿਕ ਕਦਮ ਤਾਂ ਪੁੱਟਣੇ ਹੀ ਪੈਣਗੇ, ਨਹੀਂ ਤਾਂ ਆਉਣ ਵਾਲੀਆਂ ਨਸਲਾਂ ਸਾਂਹਵੇ ਹੁਣ ਦੇ ਪੰਜਾਬੀਆਂ ਨੂੰ ਸ਼ਰਮਸਾਰ ਹੋਣਾ ਪਵੇਗਾ।

 ਸਿਰਫ਼ ਹਾਅ ਦਾ ਨਾਹਰਾ ਮਾਰਿਆਂ ਨਹੀਂ ਸਰਨਾ। ਕੋਈ ਸੰਘਰਸ਼ ਕੀਤਿਆਂ ਹੀ ਸਿੱਟੇ ਨਿਕਲ ਸਕਣਗੇ।

– ਗੁਰਮੀਤ ਸਿੰਘ ਪਲਾਹੀ
9815802070

ਦੀਵਾਲੀ, ਖੁਸ਼ੀਆਂ ਵਾਲੀ ਨਿਹਾਲੀ

ਬੀਬੀ ਬਲਵਿੰਦਰ ਕੌਰ ਚਾਹਲ

ਸਭ ਨੂੰ ਅਦਾਰਾ, ਸ਼ੁਭਚਿੰਤਕ, ਲੇਖਕ, ਪਾਠਕ ਤੇ ਮਸ਼ਹੂਰੀ ਦੇਣ ਵਾਲੇ ਵਪਾਰੀਆਂ ਨੂੰ ਸ਼ੁਭ ਦਿਹਾੜੇ ’ਤੇ ਬਹੁਤ ਹੀ ਵਧਾਈਆਂ। ਭਾਗ ਨਾਲ ਸ਼ੁਭ ਦਿਹਾੜੇ ਆਉਦੇ ਨੇ, ਮਿਲਕੇ ਖਾਓ ਪੀਓ ਅਨੰਦ ਮਾਣੋ। ਦਿਵਸ ਪੁਰਾਤਨ ਕਾਲ ’ਚ ਜੀਵਨ ਗੁਰਬਾ ਹੁੰਦਾ ਸੀ। ਕਿਸੇ ਨਾ ਕਿਸੇ ਰੀਤ, ਰਸਮ ਨਾਲ ਜੋੜਕੇ ਚੰਗਾ ਖਾਣ ਤੇ ਪਾਉਣ ਲਈ ਬਹਾਨਾ ਸੀ। ਰਵਾਇਤਾ ਬਣਾ ਤਿਉਹਾਰ ਪ੍ਰਮੰਨ ਤੇ ਪੰਜਾਬ ਨਹੀਂ ਇਹ ਮਹਾਂ ਖਿੱਤਾ ਹੁੰਦਾ ਸੀ, ਰਾਜੇ ਦਸਰੁਥ ਦੀ ਹਕੂਮਤ ਸੀ ਵੱਡਾ ਪੁੱਤਰ ਗੱਦੀ ਨਸ਼ੀਨ ਸ੍ਰੀ ਰਾਮ ਚੰਦਰ ਹੋਰੀ ਸਨ ਪਰ ਮਤਰੇਈ ਮਾਂ ਕੈਕਈ ਨੇ ਰਾਜੇ ਤੋਂ ਪ੍ਰਣ ਲਿਆ ਕਰਕੇ ਹੁਣ ਵਰ ਦੀ ਮੰਗ ਪੂਰੀ ਕਿ ਮੇਰੇ ਪੁੱਤਰ (ਭਰਤ) ਨੂੰ ਰਾਜ ਭਾਗ ਤੇ ਸ੍ਰੀ ਰਾਮ ਜੀ ਨੂੰ ਚੌਦਾਂ ਵਰ੍ਹੇਂ ਬਨਵਾਸ, ਪੂਰੇ ਹੋਣ ’ਤੇ ਮਾਤਾ ਸੀਤਾ ਭਰਾਤਾ ਲੱਛਮਣ ਮੁੜ ਅਯੁੱਧਿਆ ਆਉਣ ’ਤੇ ਲੋਕਾਂ ਨੇ ਦੀਵੇ ਜਗਾ ਰੋਸ਼ਨੀ ਕਰੀ ਜੋ ਉਨਾਂ ਸਮਿਆਂ ’ਚ ਸਾਧਨ ਸੀ। ਹਨੇਰੇ ’ਚ ਚਾਨਣ ਲਈ ਮਠਿਆਈਆਂ ਦਾ ਜੱਗ ਲਾਇਆ, ਸਦੀਆਂ ਤੋਂ ਭਾਈਚਾਰਾ ਦਿਨ ਮਨਾਉਦਾ ਸੀ ਪਰ ਕੁੱਝ ਵਰ੍ਹੇਂ ਤੋਂ ਸਿੱਖ ਮੱਤ ਨੇ ਹਿੰਦੂ ਤਿਉਹਾਰ ਪ੍ਰਮਾਣਤਾ, ਭਾਵੇਂ ਹਰਿਮੰਦਰ ਕਰਕੇ ਦੀਵਾਲੀ ਦੀ ਮਹਤੱਤਾ ਤਾਂ ਸਦੀਆਂ ਤੋਂ ਹੈ ‘ਦਾਲ ਰੋਟੀ ਘਰ ਦੀ’ ਦੀਵਾਲੀ ਅੰਬਰਸਰ ਦੀ। ਇੰਨ੍ਹਾ (ਕਿਲ ਜੁਆਏ) ਇਹ ਦੁਖੀ ਰਹਿਣੇ ਪਰ੍ਹਾਂ ਕਰੋ ਰੱਜ ਕੇ ਮਨਾਓ ਖੁਸ਼ ਹੋਵੋ ਪ੍ਰਮਾਤਮਾਂ ਆਸਾਂ ਪੂਰੀਆਂ ਕਰੇ ਰਹਿਮਤਾਂ, ਬਖਸ਼ਸ਼ਾਂ, ਨਿਆਮਤਾਂ ਦੇਵੇ। ਸਰਬੱਤ ਸੰਸਾਰ ’ਤੇ ਰੋਸ਼ਨੀ ਕਰੇ।

ਅਨੋਖਾ ਵਿਸ਼ਾ ਛੂਹਣਾ ਬਣਦਾ, ਅਕਾਲ ਤਖ਼ਤ ਦੇ ਜੱਥੇਦਾਰ ਦਾ ਅਦੇਸ਼ ਜੀ 40 ਸਾਲਾ ਸਿੱਖ ਦੁਖਾਂਤ ਕਤਲੇਆਮ ਦੇ ਸੋਗ ਕਰਕੇ ਬੰਦੀਛੋੜ ਦਿਵਸ ’ਤੇ ਘਿਓ ਦੇ ਦੀਵੇ ਜਗਾਵੋ ਇਹ ਸੋਗ ਹੈ, ਦੀਵੇ ਤਾਂ ਖੁਸ਼ੀ ਦਾ ਪ੍ਰਤੀਕ ਹਨ ਫੇਰ ਘਿਓ ਦੇ ਦੇਸੀ ਜਾਂ ਕਦੇਸੀ ਲਿਖਦੀ ਹਾਂ ਕਿ ਸਿੱਖ ਧਰਮ ਦੇ ਬਾਨੀ (ਪ੍ਰਚਾਰ) ਤਾਂ ਹਿੰਦੂ ਪਾਂਧਿਆਂ ਨੂੰ ਹਵਨ ਤੇ ਘਿਓ ਸਾੜਨ ਨੂੰ ਨਿਕਾਰਦੇ ਕਹਿੰਦੇ ਸਨ ਖਾਣ ਨੂੰ ਦਿਓ ਕੀ ਆਹ ਆਦੇਸ਼ ਗੁਰੂ ਫਿਲਾਸਫੀ ਦਾ ਧੁਰਾ ਹੈ ? ਲੱਗਦਾ ਸਾਡਾ ਡਮਾਕ ਫਿਰ ਚੁੱਕਿਆ ਹੈ ਭਾਵੇਂ ਕਿ ਬੰਦੀਛੋੜ ਤਰੀਕਾ ਮੇਲ ਨਹੀਂ ਖਾਂਦਾ, ਕੀ ਮੋਮਬੱਤੀਆਂ ਜਾਂ ਬਿਜਲੀ ਦੀ ਰੋਸ਼ਨੀ ਦੀਵਿਆ (ਘਿਓ) ’ਚ ਅੰਤਰ ਹੈ ? ਅਡੰਬਰ ਕਰਕੇ ਆਪਣੇ ਧੋਣੇ ਧੋਵੋ ਲੋਕਾਂ ਨੂੰ ਪ੍ਰੇਸ਼ਾਨ ਕਰੋ, ਖੁਸ਼ੀਆਂ ’ਚ ਵਿਘਨ ਪਾਵੋ ਤਣਾਅ ਵਧਾਵੋ, ਮਾਨਸਿਕਤਾ ਪਹਿਲਾਂ ਹੀ ਰੋਗੀ ਹੈ ਚਲੋ ਮੈਂ ਤਾਂ ਦੀਵਾਲੀ ਦੀਆਂ ਰੌਣਕਾਂ ਪ੍ਰਵਾਰਾਂ ਨਾਲ ਰਲ੍ਹ ਮਿਲ ਬੈਠਣ ਦੀਆਂ ਉਮੰਗਾਂ ਲਈ ਹਾਜ਼ਰ ਹੋਈ ਹਾਂ ਨਾ ਕਿ ਕਿਸੇ ਘਿਓ ਦੇ ਵਪਾਰੀ ਦੇ ਪੀਪੇ ਖਾਲੀ ਕਰਵਾਉਣ ਦੀਵਿਆਂ ’ਚ ਪਾਉਣ ਲਈ ਖਰੀਦਦਾਰੀ ਕਰੋ, ਵੰਡੋ, ਜਿਵੇਂ ਜੀ ਕਰਦਾ ਹੈ ਦਿਨ ਮਨਾਓ, ਮੰਗਾਂ ਇੱਛਾਵਾਂ ਨਾਲ ਤੰਦਰੁਸਤੀ, ਅਮਨ-ਸ਼ਾਂਤੀ, ਖੁਸ਼ਹਾਲੀ ਦੀ ਅਰਦਾਸ ਕਰੋ, ਦੇਸ ਪ੍ਰਦੇਸ ਦੀ ਪ੍ਰਫੁੱਲਤਾ ’ਚ ਯੋਗਦਾਨ ਪਾਓ, ਇੱਕ ਦੂਜੇ ਤੱਕ ਪਹੁੰਚ ਦਾ ਸਾਧਨ ਮਨ ਦੀ ਭੜਾਸ ਕੱਢਣ ਨਾਲ ਵੀ ਦੇਹ-ਅਰੋਗਤਾ ਹੁੰਦੀ ਹੈ। ਤੁੰਦਰੁਸਤੀ ਹਜ਼ਾਰ ਨਿਹਮਤ ਫੇਰ ਸਭ ਨੂੰ ਵਧਾਈਆ, ਸੁਖੀ ਵਸੋ, ਚਿੰਰਜੀਵ ਰਹੋ।

ਬੀਬੀ ਬਲਵਿੰਦਰ ਕੌਰ ਚਾਹਲ, ਸਾਊਥਾਲ 

ਉਲਟੀ ਗੰਗਾ ਵਹਿਣ ਲੱਗੀ

ਗੁਲਾਮੀ ਦੇ ਸੰਗਲ ਤੋੜਨ ਵਾਲੀ ਕੌਮ ਦਾ ਖੁੱਦ ਗੁਲਾਮ ਬਣਨ ਲਈ ਵਿਦੇਸ਼ਾਂ ਵੱਲ ਰੁੱਖ
ਬਲਵਿੰਦਰ ਸਿੰਘ ਮੱਲ੍ਹੀ, ਐਮ.ਏ.

ਇਕ ਆਮ ਪ੍ਰਚਲਤ ਰਾਏ ਪਾਈ ਜਾਂਦੀ ਹੈ ਕਿ ਇੰਗਲੈਂਡ ਇਕ ਅਮੀਰ ਮੁਲਕ ਇਸ ਲਈ ਹੈ ਕਿਉਕਿ ਇਸਨੇ ਆਪਣੀ ਸਾਮਰਾਜੀ ਤਾਕਤ ਕਾਰਨ, ਭਾਰਤ ਅਤੇ ਅਫ਼ਰੀਕਾ ਵਰਗੇ ਗੁਲਾਮ ਮੁਲਕਾ ਦੀ ਲੁੱਟ-ਖਸੁੱਟ ਕੀਤੀ ਹੈ। ਇਹ ਅੱਜ ਕੱਲ੍ਹ ਭਾਰਤ ਤੋਂ ਬਾਅਦ ਦੁਨੀਆਂ ਦਾ ਛੇਵਾਂ ਅਮੀਰ ਮੁਲਕ ਹੈ। ਇੰਗਲੈਂਡ ਦੀ ਲੁੱਟ-ਖਸੁੱਟ ਵਿੱਚ ਕਾਫ਼ੀ ਸੱਚਾਈ ਹੈ। ਪਰ ਇੰਗਲੈਂਡ ਦੇ ਪੱਖ ਵਿੱਚ, ਇੱਕ ਸੱਚਾਈ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ, ਕਿ ਇਸਨੇ ਭਾਰਤ ਨੂੰ ਯੂਨਾਇਟਿਡ (ਇਕੱਠਾ) ਭਾਰਤ ਅਤੇ ਇੱਕ ਚੰਗਾ ਰੇਲਵੇ ਪ੍ਰਬੰਧ ਦਿੱਤਾ ਭਾਵੇਂ ਇਕ ਚੰਗੇ ਰੇਲਵੇ ਪ੍ਰਬੰਧ ਵਿੱਚ ਉਸਦਾ ਜਾਤੀ ਹਿੱਤ ਸੀ ਕਿ ਇਸਤੋਂ ਬਗੈਰ ਫ਼ੌਜ ਦੀ ਤੁਰੰਤ ਆਵਾਜਾਈ ਨੂੰ ਲੈਕੇ ਭਾਰਤ ਨੂੰ ਲੰਮੇ ਸਮੇਂ ਲਈ ਗੁਲਾਮ ਨਹੀਂ ਸੀ ਰੱਖਿਆ ਜਾ ਸਕਦਾ। ਮੌਜੂਦਾ ਸਰਕਾਰ ਦੀਆਂ ਨੀਤੀਆਂ ਅਤੇ ਮਾਹੌਲ ਨੂੰ ਦੇਖਦਿਆਂ, ਇਹ ਸੁਆਲ ਪੈਦਾ ਹੁੰਦਾ ਹੈ, ਕਿ ਕੀ ਭਵਿੱਖ ਵਿੱਚ ਭਾਰਤ ਇਕ ਮੁੱਠ ਰਾਸ਼ਟਰ ਰਹਿ ਸਕੇਗਾ ਕਿ ਨਹੀਂ ? ਇਸੇ ਤਰ੍ਹਾਂ ਰੇਲਵੇ ਦੇ ਪ੍ਰਬੰਧ ਨੂੰ ਲੈਕੇ ਵੀ ਕਿਹਾ ਜਾ ਸਕਦਾ ਹੈ ਕਿ 77 ਸਾਲ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਵੀ ਇਹ ਉਸੇ ਤਰ੍ਹਾਂ ਅੰਗਰੇਜ਼ਾਂ ਦੇ ਰਾਜ ਵੇਲੇ ਦੇ ਸਮਾਂ ਦਾ ਚੱਲਿਆ ਆ ਰਿਹਾ ਹੈ, ਜਿਸ ਵਿੱਚ ਖਾਸ ਸੁਧਾਰ ਨਹੀਂ। ਅੱਜ ਹਰ ਰੋਜ਼ ਰੇਲਵੇ ਹਾਦਸੇ ਹੋ ਰਹੇ ਹਨ। ਇਕੋ ਦਿਨ ਤਿੰਨ-ਤਿੰਨ ਨਵੇਂ ਬਣੇ ਪੁੱਲ ਢਹਿ ਢੇਰੀ ਹੋ ਰਹੇ ਹਨ। ਆਮ ਹਨੇਰੀ ਵਿੱਚ ਨਵੇਂ ਅਤੇ ਅਧੁਨਿਕ ਬਣੇ ਇੰਦਰਾਂ ਗਾਂਧੀ ਹਵਾਈ ਅੰਡੇ ਦੀ ਛੱਤ ਉੱਡ ਜਾਣਾ ਇਕ ਅਚੰਬੇ ਦੀ ਗੱਲ ਹੈ ? ਭਾਰਤ ਦੀ ਆਜ਼ਾਦੀ ਦੇ ਲੰਮੇ ਸਮੇਂ ਤੋਂ ਬਾਅਦ ਵੀ ਕੋਈ ਬਾਹਰੀ ਲੁੱਟ-ਖਸੁੱਟ ਨਾ ਹੋਣ ਦੇ ਬਾਵਜੂਦ ਵੀ 84 ਕਰੋੜ ਰੋਟੀ ਤੋਂ ਆਤਰ ਲੋਕਾਂ ਨੂੰ ਸਰਕਾਰ ਮੁਫ਼ਤ ਰਾਸ਼ਨ ਦੇ ਰਹੀ ਹੈ।

ਬਹੁਤ ਸਾਰੇ ਮੁੱਢਲੇ ਇਤਿਹਾਸਕਾਰਾਂ ਦੇ ਮੁਤਾਬਕ ਦੁਨੀਆਂ ਦੇ ਸ਼ੁਰੂ ਵਿੱਚ ਸ਼ਕਤੀ ਦਾ ਕੇਂਦਰ ਏਸ਼ੀਆ ਹੋਇਆ ਕਰਦਾ ਸੀ। ਮਨੁੱਖ ਦੀ ਖੁਰਾਕ ਦਾ ਮੁੱਖ ਪਦਾਰਥ ਕਣਕ ਦਾ ਉਤਪਾਦਨ ਵੀ ਪਹਿਲਾਂ ਇਰਾਨ, ਅਫ਼ਰੀਕਾ, ਭਾਰਤ ਅਤੇ ਚੀਨ ਵਿੱਚ ਸ਼ੁਰੂ ਹੋਇਆ। ਚੀਨ ਕੋਲ ਇਕ ਵੱਡਾ ਸਮੁੰਦਰੀ ਬੇੜ੍ਹਾ ਹੋਇਆ ਕਰਦਾ ਸੀ। ਦੂਸਰੇ ਦੇਸ਼ਾਂ ਨੂੰ ਨਾ ਖੋਜਣ ਵਾਲੇ ਚੀਨੀ ਲੋਕ ਹੱਥ ’ਤੇ ਹੱਥ ਰੱਖਕੇ ਬੈਠੇ ਰਹੇ। ਦੂਰ ਦਰੁੇਡੇ ਦੇਸ਼ਾਂ ਨੂੰ ਢੁੰਡਣ ਵਾਲੇ ਚਾਹਵਾਨ ਲੋਕਾਂ ਨੇ ਇਸਦਾ ਲਾਭ ਉਠਾਇਆ। ਇੱਕ ਵੱਡੇ ਸਮੁੰਦਰੀ ਬੈੜ੍ਹੇ ਦੀ ਹੋਂਦ ਅਤੇ ਮਸ਼ੀਨਗੰਨ ਦੀ ਮਾਰੂ ਸ਼ਕਤੀ ਨਾਲ, ਦੀ ਸਹਾਇਤਾ ਨਾਲ, ਇੰਗਲੈਂਡ ਸਭ ਤੋਂ ਵੱਧ ਮੁਲਕਾਂ ਨੂੰ ਗੁਲਾਮ ਬਣਾਕੇ, ਉਨ੍ਹਾਂ ਤੋਂ ਰਾਜ ਕਰਕੇ ਲੁੱਟ-ਖਸੁੱਟ ਕਰ ਸਕਿਆ।

ਅੱਜ ਇੰਗਲੈਂਡ ਵਰਗੇ ਮੁਲਕਾਂ ਨੂੰ ਸਮੁੰਦਰੋਂ ਪਾਰ ਦੇਸ਼ਾਂ ਨੂੰ ਗੁਲਾਮ ਬਨਾਉਣ ਦੀ ਲੋੜ ਨਹੀਂ। ਗੁਲਾਮ ਰਹਿ ਚੁੱਕੇ ਮੁਲਕਾਂ ਦੇ ਲੋਕ ਧੜ੍ਹਾ-ਧੜ੍ਹ ਇੱਥੇ ਆ ਕੇ ਗੁਲਾਮਾਂ ਵਾਂਗ ਕੰਮ ਕਰਨ ਦੇ ਚਾਹਵਾਨ ਹਨ। ਮਾੜੇ ਤੋਂ ਮਾੜਾ ਕੰਮ ਜੋ ਅੰਗਰੇਜ਼ ਲੋਕ ਕਰਕੇ ਰਾਜੀ ਨਹੀਂ ਸਨ, ਉਹ ਇਨ੍ਹਾਂ ਲੋਕਾਂ ਨੇ ਕੀਤਾ। ਲੰਡਨ ਦੀ ਅੰਡਰ ਗਰਾੳੂਂਡ ਨੂੰ ਬਨਾਉਣ ਵਿੱਚ 100 ਫ਼ੀਸਦੀ ਦੇਣ ਅਫ਼ਰੀਕਾ ਦੇ ਕਾਲੇ ਲੋਕਾਂ ਦੀ ਹੈ। ਇਸੇ ਦੇਣ ਦੀ ਬਦੌਲਤ ਦੁਨੀਆਂ ਦੇ ਦੋ ਵੱਡੇ ਮਹਾਂਯੁੱਧਾਂ ਵਿੱਚ, ਲੰਡਨ ਦੇ ਵਸਨੀਕ, ਵੱਡੇ ਹਮਲਿਆ ਦੇ ਦੌਰਾਨ ਅੰਡਰ ਗਰਾੳੂਂਡ ਨੂੰ ਬੰਕਰਾਂ ਦੇ ਤੌਰ ’ਤੇ ਛਿਪ ਕੇ ਜਾਨ ਬਚਾਉਦੇ ਰਹੇ।
ਇੰਗਲੈਂਡ ਦੀਆਂ ਬਹੁਤ ਸਾਰੀਆਂ ਘਾਟੇ ਵਿੱਚ ਜਾ ਰਹੀਆਂ ਯੂਨੀਵਰਸਿਟੀਆਂ ਨੂੰ ਭਾਰਤ ਅਤੇ ਬਾਹਰਲੇ ਦੇਸ਼ਾਂ ਵਿੱਚੋਂ ਆਏ ਵਿਦਿਆਰਥੀ ਫ਼ੀਸਾਂ ਰੂਪੀ ਮਾਇਆ ਦੀ ਮਦੱਦ ਨਾਲ ਚਲਾ ਰਹੇ ਹਨ। ਅੰਕੜ੍ਹਿਆਂ ਦੇ ਮੁਤਾਬਕ ਪਿਛਲੇ ਸਾਲ 2360 ਕਰੋੜ ਰੁਪੇ ਤੋਂ ਉੱਪਰ ਦੀ ਰਾਸ਼ੀ ਵਿਦਿਆਰਥੀਆਂ ਦੀ ਫ਼ੀਸ ਦੇ ਤੌਰ ’ਤੇ ਇੰਗਲੈਂਡ ਅਤੇ ਹੋਰ ਦੇਸ਼ਾਂ ਨੂੰ ਪੰਜਾਬ ਤੋਂ ਭੇਜੀ ਗਈ। ਇਸੇ ਤਰ੍ਹਾਂ ਅੰਕੜ੍ਹਿਆਂ ਦੇ ਮੁਤਾਬਕ ਕੁਝ ਸਾਲਾਂ ਵਿੱਚ ਕੈਨੇਡਾ 3 ਬਿਲੀਅਨ ਦੀ ਕਮਾਈ ਇਨ੍ਹਾਂ ਵਿਦਿਆਰਥੀਆਂ ਤੋਂ ਕਰ ਚੁੱਕਾ ਹੈ। 1973, 74 ਵਿੱਚ ਗੋਰੇ ਯੂਨੀਵਰਸਿਟੀ ਦੇ ਦਿਨਾਂ ਵਿੱਚ, ਉਸ ਵੇਲੇ ਦੇ ਮਸ਼ਹੂਰ ਅਰਥ ਸ਼ਾਸ਼ਤਰੀ, ਕਰਮ ਸਿੰਘ ਗਿੱਲ ਮੁਤਾਬਕ, ਭਾਰਤ ਦੀ ਕੁੱਲ ਮੁਦਰਾਂ ਦਾ 6 ਫ਼ੀਸਦੀ ਬਾਹਰ ਗਏ ਭਾਰਤੀਆਂ ਰਾਹੀਂ ਆਪਣੀ ਲਹੂ ਪਸੀਨੇ ਦੀ ਕਮਾਈ ਵਿੱਚੋਂ ਭੇਜਿਆ ਜਾਂਦੀ ਸੀ। ਅੱਜ ਗੰਗਾ ਉਲਟੀ ਬਹਿ ਰਹੀ ਹੈ। ਬਹੁਤ ਲੰਮੇ ਸਮੇਂ ਤੋਂ ਇਥੇ ਵੱਸ ਗਏ, ਪੰਜਾਬੀ, ਭਾਰਤੀ ਨਿਜ਼ਾਮ ਦੀ ਬੇਰੁੱਖੀ ਕਾਰਨ ਆਪਣੀ ਜਾਇਦਾਦ ਨੂੰ ਭਾਰਤ ਵਿੱਚੋਂ ਵੇਚ ਵੱਟ ਕੇ ਇਥੇ ਲੈ ਆਉਣ ਲਈ ਕਾਹਲੀ ਵਿੱਚ ਹਨ। 1955 ਜਾਂ ਇਸਤੋਂ ਬਾਅਦ ਵਿੱਚ ਬਾਹਰਲੇ ਦੇਸ਼ਾਂ ਵਿੱਚ ਆਏ ਲੋਕਾਂ ਦੀ ਸੰਤਾਨ, ਤੀਜੀ ਜਾਂ ਚੌਥੀ ਪੀੜ੍ਹੀ ਵਿੱਚ ਜਾ ਚੁੱਕੀ ਹੈ ਅਤੇ ਉਹ ਆਪਣੇ ਆਪ ਨੂੰ ਇਨ੍ਹਾਂ ਦੇਸ਼ਾਂ ਦੇ ਵਾਸੀ ਸਮਝਦੇ ਹਨ, ਜਿਸ ਕਰਕੇ ਉਨ੍ਹਾਂ ਦੀ ਪੰਜਾਬ ਜਾਂ ਭਾਰਤ ਬਾਰੇ ਕੋਈ ਰੁੱਚੀ ਨਹੀਂ।

ਪੰਜਾਬ ਤੋਂ ਵਿਦਿਆਰਥੀ ਦੇ ਰੂਪ ਵਿੱਚ ਆਏ ਬੱਚੇ, 20 ਤੋਂ 25 ਲੱਖ ਰੁਪਏ ਸ਼ੁਰੂ ਵਿੱਚ ਹੀ, ਫ਼ੀਸ ਦੇ ਰੂਪ ਵਿੱਚ, ਕਾਲਜਾਂ ਜਾਂ ਯੂਨੀਵਰਸਿਟੀਆਂ ਨੂੰ ਭੁਗਤਾਨ ਕਰ ਰਹੇ ਹਨ, ਜੋ ਕਿ ਉਨ੍ਹਾ ਦਾ ਇਥੋਂ ਦੀ ਅਰਥਵਿਵਸਥਾ ਵਿੱਚ ਸਿੱਧਾ ਹੀ ਯੋਗਦਾਨ ਹੈ। ਉਸਤੋਂ ਬਾਅਦ ਹਰ ਸਾਲ ਫ਼ੀਸ ਅਤੇ ਮਹਿੰਗੇ ਰਹਿਣ ਸਹਿਣ ਨੂੰ ਲੈ ਕੇ ਉਨ੍ਹਾਂ ਨੂੰ ਲੋਕ ਤੋੜ੍ਹਵੀ ਮਿਹਨਤ ਕਰਨੀ ਪੈਂਦੀ ਹੈ। ਵਿਦਿਆਰਥੀਆਂ ਦੇ ਤੌਰ ’ਤੇ ਆਏ ਪੱਲੇ ਪਲਾਏ, ਰਿਸ਼ਟ ਪੁਸ਼ਟ, ਇਹ ਕਾਲੇ ਇੰਗਲੈਂਡ ਅਤੇ ਹੋਰ ਬਾਹਰਲੇ ਦੇਸ਼ਾਂ ਨੂੰ ਬਹੁਤ ਲਾਹੇਵੰਦ ਸਾਬਤ ਹੋ ਰਹੇ ਹਨ। ਬਰਿਕਸਿਟ ਦੇ ਸਮੇਂ ਜਦੋਂ ਇੰਗਲੈਂਡ ਯੂਰਪ ਦੇ ਸਾਂਝੇ ਖੇਤਰ ਤੋਂ ਅੱਡ ਹੋਇਆ ਤਾਂ ਬਹੁਤ ਸਾਰੇ ਯੂਰਪੀਅਨ ਕਾਲੇ ਇੱਥੋਂ ਵਾਪਸ ਆਪਣੇ ਮੁਲਕਾਂ ਨੂੰ ਪਰਤ ਗਏ। ਇਨ੍ਹਾਂ ਕਾਮਿਆਂ ਦੀ ਘਾਟ ਖਾਸ ਕਰਕੇ ਇਮਾਰਤੀ ਕੰਮਾਂ ਵਿੱਚ ਨੂੰ ਵੀ ਵਿਦਿਆਰਥੀ ਕਾਮਿਆਂ ਰਾਹੀਂ ਪੂਰਾ ਕੀਤਾ ਜਾ ਰਿਹਾ ਹੈ, ਉਹ ਵੀ ਘੱਟ ਤੋਂ ਘੱਟ ਵੇਤਨ ’ਤੇ। ਚੰਗਾ ਰਹਿਣ ਸਹਿਣ ਅਤੇ ਸਿਹਤ ਸੇਵਾਵਾਂ ਕਾਰਨ ਬਜ਼ੁਰਗਾਂ ਦੀ ਜਨਸੰਖਿਆ ਵਿੱਚ ਕਾਫ਼ੀ ਵਾਧਾ ਹੋ ਰਿਹਾ ਹੈ। ਸਰਕਾਰ ’ਤੇ ਵੱਧਦੇ ਪੈਨਸ਼ਨ ਦੇ ਬੋਝ ਅਤੇ ਉਨ੍ਹਾਂ ਦੀ ਦੇਖ ਰੇਖ ਨੂੰ ਲੈ ਕੇ ਸਰਕਾਰ ਚਿੰਤਕ ਹੈ। ਬਜ਼ੁਰਗਾਂ ਦੀ ਰੇਖ ਦੇਖ ਵਿੱਚ ਕਾਮਿਆਂ ਦੀ ਘਾਟ ਨੂੰ ਵੀ ਵਿਦਿਆਰਥੀ ਪੂਰਾ ਕਰ ਰਹੇ ਹਨ। ਜਿਥੇ ਉਹ ਪ੍ਰਤੀ ਘੰਟਾ ਘੱਟ ਤਨਖਾਹ ਲੈ ਰਹੇ ਹਨ, ਉਥੇ ਹੀ ਬਜ਼ੁਰਗਾਂ ਦੀ ਸਾਫ਼ ਸਫ਼ਾਈ ਅਤੇ ਹੋਰ ਦੇਖ ਰੇਖ ਦਾ, ਕਈ ਵਾਰ ਨਾ-ਪਸੰਦ ਔਖਾ ਕੰਮ।

ਸਮੇਂ-ਸਮੇਂ ’ਤੇ ਜਦੋਂ ਰਿਸ਼ਤੇਦਾਰ ਦੇ ਵਿਆਹ-ਸ਼ਾਦੀ ’ਤੇ ਜਾਣ ਦਾ ਮੌਕਾ ਮਿਲਦਾ ਹੈ ਤਾਂ ਵਿਆਹ ਹਾਲਾਂ, ਹੋਟਲਾਂ ਅਤੇ ਗੁਰਦੁਆਰਾ ਸਾਹਿਬ ਵਿੱਚ ਇਹ ਵਿਦਿਆਰਥੀ ਕਾਮੇ, ਆਪਣੀਆਂ ਦੇਸੀ ਕੰਪਨੀਆਂ ਦੀਆਂ ਵਰਦੀਆਂ ਪਾਈ, ਉਨ੍ਹਾਂ ਲਈ ਖਾਣੇ ਦੀ ਸਾਂਭ ਸੰਭਾਲ ਅਤੇ ਵਰਤਾਉਣ ਦਾ ਕੰਮ ਕਰਦੇ ਦਿਖਾਈ ਦੇਂਦੇ ਹਨ। ਇਨ੍ਹਾਂ ਵਿੱਚੋਂ 100 ਫ਼ੀਸਦੀ ਹੀ ਪੰਜਾਬ ਤੋਂ ਆਏ ਨਵੇਂ ਬੱਚੇ ਹਨ, ਨਾ ਕੋਈ ਪੁਰਾਣਾ ਬੰਦਾ, ਨਾਂ ਕੋਈ ਗੋਰਾ ਅਤੇ ਨਾਂ ਹੀ ਕਾਲਾਂ ਅਫ਼ਰੀਕਣ। ਮੰਨ ਵਿੱਚ ਸ਼ੱਕ ਪੈਣਾ ਸੁਭਾਵਿਕ ਹੈ ਕਿ ਐਸਾ ਕਿਉ ? ਕਿਤੇ ਇਨ੍ਹਾਂ ਦੀ ਮਜ਼ਬੂਰੀ ਦਾ ਫਾਇਦਾ ਤਾਂ ਨਹੀਂ ਉਠਾਇਆ ਜਾ ਰਿਹਾ ? ਪੰਜਾਬੀ ਹੋਣ ਦੇ ਨਾਤੇ, ਹਮਦਰਦੀ ਤੌਰ ’ਤੇ ਮੈਂ ਕੁਝ ਬੱਚਿਆਂ ਨਾਲ ਪੁੱਛ ਪੜ੍ਹਤਾਲ ਦੇ ਤੌਰ ’ਤੇ ਗੱਲਬਾਤ ਕਰਦਾ ਰਹਿੰਦਾ ਹਾਂ। ਮੇਰਾ ਉਨ੍ਹਾਂ ਨੂੰ ਪੁੱਛਣ ’ਤੇ ਕੀ ਉਨ੍ਹਾਂ ਨੂੰ ਇੰਗਲੈਂਡ ਵਿੱਚ ਨਿਸ਼ਚਿਤ ਘੱਟ ਤੋਂ ਘੱਟ ਪ੍ਰਤੀ ਘੰਟਾ ਤਨਖਾਹ ਮਿਲਦੀ ਹੈ ? ਕੁਝ ਦਾ ਇਸ ਪ੍ਰਤੀ ਹਾਂ ਪੱਖੀ ਜਵਾਬ ਸੀ। ਪਰ ਮੇਰਾ ਉਨ੍ਹਾਂ ਨੂੰ ਪ੍ਰਤੀ ਘੰਟਾ ਰੇਟ ਪੁੱਛਣ ’ਤੇ ਕੋਈ ਜਵਾਬ ਨਹੀਂ ਸੀ, ਜੋ ਕਿ ਇਸ ਸਾਲ 21 ਸਾਲ ਅਤੇ ਇਸਤੋਂ ਵਧੇਰੀ ਉਮਰ ਦੇ ਬੱਚੇ ਨੂੰ ਰਹਿਣ ਯੋਗ 11.44 ਪੌਂਡ ਪ੍ਰਤੀ ਘੰਟਾ ਮਿਲਣੇ ਚਾਹੀਦੇ ਹਨ। ਹਰ ਸਾਲ ਇਸ ਦੀ ਦਰ ਵਿੱਚ ਵਾਧਾ ਹੁੰਦਾ ਹੈ। ਬਹੁਤ ਸਾਰੇ ਬੱਚਿਆਂ ਦਾ ਇਹ ਵੀ ਜਵਾਬ ਸੀ ਕਿ ਉਨ੍ਹਾਂ ਨੂੰ 6 ਤੋਂ 8 ਪੌਂਡ ਪ੍ਰਤੀ ਘੰਟਾ ਦਿੱਤਾ ਜਾਂਦਾ ਹੈ। ਇਸ ਬਾਰੇ ਉਹ ਕਾਫ਼ੀ ਸੰਤੁਸ਼ਟ ਸਨ ਕਿ ਉਨ੍ਹਾਂ ਨੂੰ ਕੈਸ਼ ਹੱਥ ਵਿੱਚ ਦਿੱਤਾ ਜਾਂਦਾ ਹੈ ਅਤੇ ਕੋਈ ਟੈਕਸ ਨਹੀਂ ਕੱਟਿਆ ਜਾਂਦਾ। ਖ਼ੈਰ, ਇਕ ਵਿਦਿਆਰਥੀ ਜਿਸਨੂੰ 20 ਘੰਟੇ ਹਰ ਹਫ਼ਤਾ ਕੰਮ ਕਰਨ ਦੀ ਇਜ਼ਾਜ਼ਤ, ਤਾਂ ਉਸਨੂੰ ਪ੍ਰਤੀ ਘੰਟਾ, ਘੱਟ ਤੋਂ ਘੱਟ ਤਨਖਾਹ ਲੈਂਦਿਆਂ ਟੈਕਸ ਦੇਣ ਦੀ ਜ਼ਰੂਰਤ ਹੀ ਨਹੀਂ, ਕਿਉਕਿ ਯੂ.ਕੇ ਵਿੱਚ ਚੱਲਦੇ ਸਾਲ ਵਿੱਚ ਹਰ ਆਦਮੀ ਨੂੰ 12570 ਪੌਂਡ ਦਾ ਪਰਸਨਲ ਅਲਾੳੂਂਸ ਦਿੱਤਾ ਗਿਆ ਹੈ, ਜਿਸਨੂੰ ਲੈ ਕੇ ਇਸ ਰਕਮ ’ਤੇ ਸਾਲਾਨਾ ਟੈਕਸ ਰੇਟ ਸਿਫ਼ਰ ਹੈ। ਇਸ ਵਿੱਚ ਵੀ ਸਮੇਂ ’ਤੇ ਵਾਧਾ ਕੀਤਾ ਜਾਂਦਾ ਹੈ। ਯੂ.ਕੇ ਵਿੱਚ ਇਕ ਕੰਪਨੀ ਮਾਲਕ ਨੂੰ ਆਪਣੇ ਕਾਮੇ ਵਲੋਂ ਉਸਦੀ ਤਨਖਾਹ ਦਾ 13.8 ਫ਼ੀਸਦੀ ਨੈਸ਼ਨਲ ਇਨਸ਼ੋਰਨਸ (ਐੱਨ.ਆਈ.) ਦੇ ਤੌਰ ’ਤੇ ਸਰਕਾਰ ਨੂੰ ਦੇਣਾ ਪੈਂਦਾ ਹੈ। ਹੱਥ ਵਿੱਚ ਕੈਸ਼ ਦੇ ਕੇ ਉਹ ਸਰਕਾਰ ਨੂੰ ਹਜ਼ਾਰਾਂ ਲੱਖਾਂ ਦਾ ਚੂਨਾ ਲਾ ਰਿਹਾ ਹੈ। ਦੇਸ਼ ਦੀ ਖੁਸ਼ਹਾਲੀ ਅਤੇ ਲੋਕ ਭਲਾਈ ਸੇਵਾਵਾਂ ’ਤੇ ਇਸਦਾ ਡੂੰਘਾਂ ਅਸਰ ਹੁੰਦਾ ਹੈ। ਭਾਰਤ ਦੀ ਖੁਸ਼ਹਾਲੀ ਵਿੱਚ ਰੁਕਾਵਟ ਦਾ ਵੱਡਾ ਕਾਰਨ ਵੀ ਉਥੋਂ ਦੇ ਅਮੀਰਾਂ ਕੋਲ ਬੇਸ਼ੁਮਾਰ ਕਾਲਾ ਧਨ ਹੈ।

ਸਮੇਂ ਸਮੇਂ ’ਤੇ ਪੰਜਾਬੋਂ ਆਏ ਵਿਦਿਆਰਥੀਆਂ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਬਾਹਰਲੇ ਦੇਸ਼ਾਂ ਵਿੱਚ ਮੌਤ ਅਤੇ ਖਾਸ ਕਰਕੇ ਕੈਨੇਡਾ ਵਿੱਚ ਇਸ ਦੀ ਗਿਣਤੀ ਵੱਧ ਹੋਣ ਦੀਆਂ ਖ਼ਬਰਾਂ ਆਮ ਸੁਣਾਈਆਂ ਗਈਆਂ ਹਨ। ਇਸਦੇ ਕਈ ਕਾਰਨ ਹਨ, ਜਿਵੇਂ ਪਿੱਛੇ ਮਾਂ-ਬਾਪ ’ਤੇ ਵੱਡੇ ਕਰਜ਼ੇ ਦੇ ਬੋਝ ਦੇ ਕਾਰਨ ਕੰਮ ਦੀ ਭਾਲ ਦੇ ਨਾਲ ਵੱਧ ਤੋਂ ਵੱਧ ਘੰਟੇ ਕੰਮ ਕਰਨ ਦੀ ਮਜ਼ਬੂਰੀ, ਮਹਿੰਗਾ ਰਹਿਣ ਸਹਿਣ, ਪੜ੍ਹਾਈ ਦਾ ਬੋਝ, ਗ਼ੈਰ-ਜ਼ੰੁਮੇਵਾਰੀ ਤੋਂ ਜ਼ੰੁਮੇਵਾਰੀ ਦਾ ਬੋਝ, ਨਵੇਂ ਵਾਤਾਵਰਨ ਅਤੇ ਢਾਂਚੇ ਵਿੱਚ ਝੱਲਣ ਵਰਗੀਆਂ ਮੁਸ਼ਕਲਾਂ ਅਤੇ ਮਾਂ-ਬਾਪ ਦੇ ਪਿਆਰ ਤੋਂ ਵਾਂਝੇ, ਇਕਾਂਤ ਵਿੱਚ ਇਹ ਤਣਾਅ ਅਤੇ ਮਾਨਸਿਕ ਪੀੜ੍ਹਾਂ ਨਿਭਾਅ ਰਹੇ ਹਨ। ਹਜ਼ਾਰਾਂ ਮੀਲ ਦੂਰ ਬੱਚੇ ਦੀ ਮੌਤ ਮਾਂ-ਬਾਪ ਲਈ ਅਸਹਿ ਹੋ ਜਾਂਦੀ ਹੈ। ਪੈਸੇ ਵੱਲੋਂ ਟੁੱਟੇ ਮਾਂ-ਬਾਪ ਨੂੰ ਬੱਚੇ ਦੀ ਮਿ੍ਰਤਕ ਦੇਹ ਨੂੰ ਵਾਪਸ ਪੰਜਾਬ ਲਿਆਉਣ ਲਈ ਸਰਕਾਰ ਅਤੇ ਸੰਸਥਾਵਾਂ ਨੂੰ ਪੁਕਾਰ ਕਰਨੀ ਪੈਂਦੀ ਹੈ।

ਮੇਰੇ ਜਾਤੀ ਤਜ਼ਰਬੇ ਤੋਂ ਪੰਜਾਬ ਵਿੱਚ ਇਹ ਬੱਚੇ ਇਕ ਕੱਖ ਵੀ ਦੋਹਰਾ ਨਹੀਂ ਕਰਦੇ। ਫ਼ਰਸ਼ ਤੋਂ ਗੰਦ ਨੂੰ ਚੁੱਕਣ ਨਾਲੋਂ ਹਰ ਚੀਜ਼ ਫ਼ਰਸ਼ ’ਤੇ ਕੂੜ੍ਹੇ ਕਰਕਟ ਨੂੰ ਸਾਂਭਣ ਵਿੱਚ ਇਨ੍ਹਾਂ ਦੀ ਕੋਈ ਦੇਣ ਨਹੀਂ। ਮਾਂ-ਪਿਓ ਨੂੰ ਹੀ ਸਾਫ਼ ਸਫਾਈ ਦਾ ਕੰਮ ਕਰਨਾ ਪੈਂਦਾ ਹੈ। ਪਾਣੀ ਦੇ ਗਲਾਸ ਲਈ ਵੀ ਮਾਂ ਨੂੰ ਆਵਾਜ਼। ਪਤਾ ਨਹੀਂ ਫਿਰ ਬਾਹਰ ਆ ਕੇ ਇਨੇਂ ਕਾਮੇ ਅਤੇ ਜ਼ਿੰਮੇਵਾਰ ਕਿਉ ਬਣ ਜਾਂਦੇ ਹਨ ? ਜਾਂ ਫਿਰ ਕੀ ਇਹ ਬਾਹਰਲੇ ਦੇਸ਼ਾਂ ਵਿੱਚ ਪਾਏ ਜਾਂਦੇ ਹਾਲਾਤਾਂ ਤੋਂ ਮਜ਼ਬੂਰ ? ਭਾਰਤ ਵਿੱਚ ਲੋਕਾਂ ਨੇ ਬਾਹਰਲੇ ਦੇਸ਼ਾਂ ਵਾਂਗ ਕੋਈ ਕਿੱਤਾ ਉੱਚਾ ਨੀਵਾਂ ਨਹੀਂ, ਨੂੰ ਸਕੰਲਪ ਹੀ ਨਹੀਂ ਬਣਾਇਆ। ਕੰਮ ਨੂੰ ੳੂਚ ਨੀਚ ਨਾਲ ਜੋੜ੍ਹਿਆਂ ਜਾਂਦਾ ਹੈ। ਆਪਣੇ ਜਾਤੀ ਕਿੱਤੇ ਤੋਂ ਬਾਹਰ ਆ ਕੇ ਹੋਰ ਕਿੱਤੇ ਨੂੰ ਅਪਨਾਉਣ ਨੂੰ ਹੱਤਕ ਸਮਝਿਆ ਜਾਂਦਾ ਹੈ। ਪੰਜਾਬੋਂ ਆਏ ਇਹ ਬੱਚੇ ਹਰ ਤਰ੍ਹਾਂ ਦਾ ਕੰਮ ਕਰ ਰਹੇ ਹਨ, ਇਮਾਰਤੀ ਕੰਮ ਤੋਂ ਲੈ ਕੇ , ਸੜਕਾਂ ’ਤੇ ਕੰਮ। ਬਾਹਰਲੇ ਦੇਸ਼ਾਂ ਵਿੱਚ ਮਿਹਨਤ ਦਾ ਮੁੱਲ ਹੋਣ ਕਰਕੇ ਇਹ ਵੱਧ ਤੋਂ ਵੱਧ ਘੰਟੇ ਕੰਮ ਕਰ ਰਹੇ ਹਨ। ਅਗਰ ਪੰਜਾਬ ਵਿੱਚ ਵੀ ਕੰਮ ਨੂੰ ਵੱਡਾ ਛੋਟਾ ਨਾ ਸਮਝ ਕੇ ਨੂੰ ਅਪਣਾਇਆ ਜਾਏ ਤਾਂ ਕੰਮ ਦੀ ਘਾਟ ਨਹੀਂ ਹੋ ਸਕਦੀ। ਸਰਕਾਰਾਂ ਵੀ ਆਪਣਾ ਯੋਗਦਾਨ ਪਾਉਣ ਤਾਂ ਕਿ ਇਹੋ ਜਿਹੇ ਕਾਨੂੰਨ ਬਣਾਏ ਜਾਣ ਤਾਂ, ਜੋ ਹਰ ਇਕ ਨੂੰ ਰਹਿਣਯੋਗ ਭਰਵੀਂ ਤਨਖ਼ਾਹ ਮਿਲ ਸਕੇ।

ਉਪਰ ਮੈਂ ਲਿਖਣੋ ਭੁੱਲ ਚੁੱਕਾ ਹਾਂ ਕਿ ਕੀ ਪੰਜਾਬੋਂ ਜਾਂ ਭਾਰਤ ਤੋਂ ਆਏ ਬੱਚਿਆਂ ਨੂੰ ਵੇਲੇ ਕੁਵੇਲੇ ਦੇ ਕੰਮ ਦੀ ਬਣਦੀ ਤਨਖਾਹ ਮਿਲਦੀ ਹੈ, ਜਿਵੇਂਕਿ ਸ਼ਨਿੱਚਰਵਾਰ ਢੇਡ ਗੁਣਾਂ, ਐਤਵਾਰ ਅਤੇ ਦੇਰ ਨਾਲ ਕੰੰਮ ਕਰਨ ’ਤੇ ਦੋ ਗੁਣਾ ? ਇਹ ਵੀ ਇਕ ਸੁਆਲੀਆ ਵਿਸ਼ਾ ਹੈ। ਜਦੋਂ ਮੇਰੇ ਵਰਗੇ ਇੱਥੇ ਆਏ ਤਾਂ ਸਾਨੂੰ ਗੋਰਿਆਂ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ’ਤੇ ਇਹ ਸਾਰੀਆਂ ਸਹੂਲਤਾਂ ਮਿਲਦੀਆਂ ਸਨ। ਮੇਰੇ ਮੁਤਾਬਕ ਲੁੱਟ ਖਸੁੱਟ ਨੂੰ ਲੈ ਕੇ, ਦੁਨੀਆਂ ਦੀ ਤੁਲਨਾ ਵਿੱਚ ਅਸੀਂ ਭਾਰਤੀ ਜ਼ਿਆਦਾ ਮਾਹਿਰ ਹਾਂ ਅਤੇ ਉਹ ਵੀ ਆਪਣਿਆਂ ਨੂੰ।

ਪੰਜਾਬ ਵਿੱਚ ਲੜਕਿਆਂ ਦੀ ਤੁਲਨਾਂ ਵਿੱਚ ਲੜਕੀਆਂ ਕਈ ਗੁਣਾਂ ਵੱਧ ਆਈਲੈਂਟਸ ਪਾਸ ਕਰ ਰਹੀਆਂ ਹਨ। ਇਸ ਕਰਕੇ ਬਹੁਤ ਸਾਰੇ ਲੜਕਿਆਂ ਦੇ ਮਾਂ-ਬਾਪ ਇਹੋ ਜਿਹੀਆਂ ਲੜਕੀਆਂ ਦੀ ਭਾਲ ਵਿੱਚ ਹਨ। ਲੜਕੇ ਵਾਲਿਆਂ ਵਲੋਂ ਲੜਕੀ ਵਾਲਿਆਂ ਨਾਲ ਸੌਦਾ ਕੀਤਾ ਜਾਂਦਾ ਹੈ ਕਿ ਅਗਰ ਲੜਕੀ ਵਿਆਹ ਕਰਕੇ ਲੜਕੇ ਨੂੰ ਨਾਲ ਬਾਹਰਲੇ ਦੇਸ਼ ਵਿੱਚ ਪੱਕੇ ਤੌਰ ’ਤੇ ਲੈ ਜਾਂਦੀ ਹੈ ਤਾਂ ਉਸਦੀ ਪੜ੍ਹਾਈ ਲਿਖਾਈ ਅਤੇ ਆਵਾਜਾਈ ਦਾ ਖਰਚਾ ਲੜਕੇ ਵਾਲਿਆਂ ਵਲੋਂ ਦਿੱਤਾ ਜਾਵੇਗਾ। ਇਸਨੂੰ ਕੰਟਰੈਕਟ ਮੈਰਿਜ ਦਾ ਨਾਮ ਦਿੱਤਾ ਗਿਆ, ਜਿਸ ਵਿੱਚ ਸ਼ਰਤਾਂ ਨੂੰ ਲਿਖਤੀ ਰੂਪ ਦਿੱਤਾ ਜਾਂਦਾ ਹੈ। ਜ਼ਜ਼ਬਾਤਾਂ ਅਤੇ ਆਪਸੀ ਪਿਆਰ ਮਿਲਾਪ ਤੋਂ ਸੱਖਣੇ ਇਹ ਵਿਆਹ ਬਹੁਤਾ ਚਿਰ ਟਿਕ ਨਾ ਸਕੇ। ਆਪਸ ਵਿੱਚ ਹੇਰਾਫ਼ੇਰੀ ਅਤੇ ਧੋਖੇ ਦੇ ਦੋਸ਼ਾ ਹੇਠ ਛੱਡ ਛੱਡਾਂ ਹੋਣ ਲੱਗਾ। ਬਹੁਤ ਸਾਰੇ ਲੜਕਿਆਂ ਨੂੰ ਲੜਕੀਆਂ ਰਾਹੀਂ ਬਾਹਰਲੇ ਦੇਸਾਂ ਵਿੱਚ ਨਾ ਬਲਾਉਣ ਕਰਕੇ, ਆਪਸੀ ਵੈਰ ਵਿਰੋਧ ਕਾਰਨ ਲੜਕੀਆਂ ਨੂੰ ਕਤਲ ਕੀਤਾ ਗਿਆ।

ਮੋਦੀ ਜੀ ਦਾ ਨਾਅਰਾ ਕਿ ਭਾਰਤ ਵਿੱਚ 30 ਫ਼ੀਸਦੀ ਆਬਾਦੀ ਨੌਜਵਾਨਾਂ ਦੀ ਹੈ, ਜੋ ਦੇਸ਼ ਦੀ ਤਰੱਕੀ ਲਈ ਵਰਦਾਨ ਸਿੱਧ ਹੋ ਸਕਦੀ ਹੈ। ਪਰ ਮੌਕਿਆਂ ਦੀ ਘਾਟ ਅਤੇ ਰਹਿਣ ਸਹਿਣ ਲਈ ਯੋਗ ਤਨਖਾਹਾਂ ਦੀ ਘਾਟ ਕਾਰਨ ਨੌਜਵਾਨ ਪੀੜ੍ਹੀ ਬਾਹਰ ਦਾ ਰੁੱਖ ਕਰ ਚੁੱਕੀ ਹੈ। ਜਿਥੇ ਪੰਜਾਬ ਵਿੱਚ ਮਾਂ-ਬੋਲੀ ਪੰਜਾਬੀ ਨੂੰ ਢਾਹ ਲੱਗ ਰਹੀ ਹੈ, ਉਥੇ ਹੀ ਪ੍ਰਵਾਸ ਕਾਰਨ ਇਥੇ ਪੰਜਾਬੀਆਂ ਦੀ ਗਿਣਤੀ ਦਿੱਨੋਂ ਦਿਨ ਘੱਟ ਰਹੀ ਹੈ। ਮੇਰੇ ਮੁਤਾਬਕ ਭਾਰਤ ਦੇ ਲੋਕਾਂ ਦੀ ਗਰੀਬੀ ਦਾ ਮੁੱਖ ਕਾਰਨ ਉਥੋਂ ਦਾ ਮਾੜ੍ਹਾ ਪ੍ਰਬੰਧਕੀ ਢਾਂਚਾ ਅਤੇ ਇੰਗਲੈਂਡ ਦੇ ਲੋਕਾਂ ਦੀ ਅਮੀਰੀ ਦਾ ਇਥੋਂ ਦਾ ਸਾਫ਼ ਸੁਥਰਾ ਅਤੇ ਲੋਕਾਂ ਦੇ ਹਿੱਤ ਵਿੱਚ ਪ੍ਰਬੰਧਕੀ ਢਾਂਚਾ, ਜਿਸ ਕਾਰਨ ਵੀ ਲੋਕ ਇੱਧਰ ਦਾ ਰੁੱਖ ਕਰ ਰਹੇ ਹਨ।

ਬਲਵਿੰਦਰ ਸਿੰਘ ਮੱਲ੍ਹੀ, ਐਮ.ਏ.
ਲੈਸਟਰ, ਯੂ.ਕੇ.
ਮੋਬਾਇਲ – 07886056970

ਸਿੱਖ ਧਰਮ ਵਿਚ ਇਬਾਦਤ ਤੋਂ ਸ਼ਹਾਦਤ ਤੱਕ ਦਾ ਸਫ਼ਰ

ਇਬਾਦਤ ਦੇ ਨਾਲ ਹੀ ਸ਼ਹਾਦਤ ਤੱਕ ਦਾ ਰਸਤਾ ਤੈਅ ਹੁੰਦਾ ਹੈ। ਇਬਾਦਤ ਦੇ ਅਰਥ ਹਨ ਭਜਨ, ਬੰਦਗੀ, ਪ੍ਰਭੂ ਦੇ ਨਾਮ ਦਾ ਜਾਪ ਕਰਨਾ। ਉਸ ਕਾਦਰ ਪਰਮਾਤਮਾ ਦਾ ਨਾਮ ਸਿਮਰਨਾ ਹੀ ਸੱਚੀ ਇਬਾਦਤ ਹੈ। ਇਬਾਦਤ ਕਰਨ ਨਾਲ ਧੀਰਜ ਤੇ ਨਿਡਰਤਾ ਵਰਗੇ ਗੁਣ ਹਿਰਦੇ ਵਿਚ ਜਨਮ ਲੈਂਦੇ ਹਨ। ਸਾਧਾਰਨ ਮਨੁੱਖ ਸੰਸਾਰ ਦੀ ਸੁੰਦਰਤਾ ਤੇ ਸੁਆਦਾਂ ਵਿਚ ਲੀਨ ਰਹਿੰਦਾ ਹੈ ਪਰ ਇਬਾਦਤ ਕਰਨ ਵਾਲੇ ਮਨੁੱਖ ਉਸ ਪਰਮਾਤਮਾ ਦੀ ਭਗਤੀ ਕਰਦੇ ਹਨ। ਉਹ ਆਪਣੀਆਂ ਇੱਛਾਂਵਾਂ ਨੂੰ ਪਰਮਾਤਮਾ ਦੇ ਹੁਕਮ ਅਨੁਸਾਰ ਢਾਲ ਲੈਂਦੇ ਹਨ। ਇਬਾਦਤ ਕਰਨਾ ਉਸ ਕਾਦਰ ਨੂੰ ਪਾਉਣ ਦਾ ਇਕ ਸਫ਼ਲ ਸਾਧਨ ਹੈ। ਆਮ ਦੇਖਣ ਵਿਚ ਆਉਂਦਾ ਹੈ ਕਿ ਸਿੱਖ ਕੌਮ ਵਿਚ ਅਤੇ ਹੋਰ ਅਨੇਕਾਂ ਕੌਮਾਂ ਵਿਚ ਸ਼ਹੀਦ ਹੋਏ ਹਨ ਪਰ ਸ਼ਹੀਦ ਹੋਣ ਵਾਸਤੇ ਕਠਿਨ ਘਾਲਣਾ ਦੀ ਲੋੜ ਹੁੰਦੀ ਹੈ ਕਿਉਂਕਿ ਉਸ ਨਿਰਭਉ ਪਰਮਾਤਮਾ ਦਾ ਨਾਮ ਜਪ ਕੇ ਹੀ ਸਾਰੇ ਡਰ ਭੈਅ ਖ਼ਤਮ ਕਰਕੇ ਸ਼ਹੀਦੀ ਦੇ ਯੋਗ ਬਣਿਆ ਜਾ ਸਕਦਾ ਹੈ। ਇਸ ਸੰਬੰਧੀ ਗੁਰਬਾਣੀ ਵਿਚ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ :

ਨਿਰਭਉ ਜਪੈ

ਸਗਲ ਭਉ ਮਿਟੈ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 293)

ਆਪਣੇ ਆਪ ਨੂੰ ਰੱਬੀ ਰਾਹ ‘ਤੇ ਚਲਾਉਣਾ ਅਤੇ ਉਸ ਦੇ ਸਿਧਾਂਤਾਂ ਦੀ ਪਾਲਣਾ ਕਰਦਿਆਂ ਕੁਰਬਾਨ ਹੋ ਜਾਣਾ ਇਹ ਸਭ ਇਬਾਦਤ ਦੀ ਕਰਾਮਾਤ ਹੀ ਹੈ। ਇਬਾਦਤ ਹੀ ਪਰਮਾਤਮਾ ਦੇ ਸੱਚੇ ਭਗਤਾਂ ਵਿਚ ਸਹਿਣਸ਼ੀਲਤਾ ਤੇ ਸੰਜਮ ਵਰਗੇ ਗੁਣ ਪੈਦਾ ਕਰਦੀ ਹੈ। ਗੁਰਬਾਣੀ ਅਨੁਸਾਰ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹਿਆ ਹੈ, ਉਹੀ ਅਸਲੀ ਸੂਰਮਾ ਹੈ। ਜਦੋਂ ਵੀ ਧਰਮ ਅਤੇ ਮਜ਼ਲੂਮਾਂ ‘ਤੇ ਕੋਈ ਮੁਸੀਬਤ ਬਣਦੀ ਹੈ ਤਾਂ ਇਬਾਦਤ ਕਰਨ ਵਾਲੇ ਹੀ ਧਰਮ ਤੇ ਨਿਆਂ ਦੀ ਰੱਖਿਆ ਵਾਸਤੇ ਸ਼ਹਾਦਤ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਭਗਤੀ ਲਈ ਸੰਪੂਰਨ ਸਮਰਪਣ ਦੀ ਮੰਗ ਕੀਤੀ ਹੈ। ਸੰਪੂਰਨ ਸਮਰਪਣ ਦੇ ਨਾਲ ਹੀ ਪਰਉਪਕਾਰ, ਦਇਆ, ਸਰਬ-ਸਾਂਝੀਵਾਲਤਾ ਤੇ ਧਰਮ ਦੀ ਖ਼ਾਤਿਰ ਮਰ ਮਿਟਣ ਦੇ ਸਦਾਚਾਰਕ ਗੁਣ ਪੈਦਾ ਹੁੰਦੇ ਹਨ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ:

ਜਉ ਤਉ ਪ੍ਰੇਮ ਖੇਲਣ ਕਾ ਚਾਉ।।

ਸਿਰੁ ਧਰਿ ਤਲੀ ਗਲੀ ਮੇਰੀ ਆਉ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 1412)

ਇਤਿਹਾਸ ਗਵਾਹ ਹੈ ਕਿ ਹਰ ਮਹਾਨ ਧਰਮ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ, ਉਨ੍ਹਾਂ ਕੁਰਬਾਨੀਆਂ ਨਾਲ ਜਿਹੜੀਆਂ ਕਿ ਆਪੋ ਆਪਣੇ ਧਰਮ ਨੂੰ ਮੰਨਣ ਵਾਲਿਆਂ ਨੇ ਆਪਣੀ ਕੌਮ ਦੀ ਮਾਣ-ਮਰਿਯਾਦਾ ਦੀ ਸੰਭਾਲ ਕਰਨ ਲਈ ਦਿੱਤੀਆਂ। ਇੰਨ੍ਹਾਂ ਕੁਰਬਾਨੀਆਂ ਵਿਚੋਂ ਉੱਤਮ ਸ਼ਹਾਦਤ ਹੈ, ਜਿਹੜੀ ਕਿ ਆਪਣੀ ਜਿੰਦ ਨੂੰ ਮੌਤ ਤੋਂ ਕੁਰਬਾਨ ਕਰ ਦਿੰਦੀ ਹੈ। ਅਜਿਹੀ ਸਵੈ ਕੁਰਬਾਨੀ ਨੂੰ ਸ਼ਹਾਦਤ ਕਰਕੇ ਸਨਮਾਨਿਆ ਜਾਂਦਾ ਹੈ। ਭਾਵੇਂ ਅਰਬੀ ਭਾਸ਼ਾ ਦੇ ਸ਼ਬਦ ਸ਼ਹੀਦ ਅਤੇ ਸ਼ਹਾਦਤ ਦਾ ਮੂਲ ਸੰਬੰਧ ਸਾਮੀ ਪਰੰਪਰਾ (ਯਹੂਦੀ, ਇਸਾਈ, ਇਸਲਾਮ) ਨਾਲ ਹੈ, ਪਰ ਭਾਰਤੀ ਪ੍ਰਸੰਗ ਵਿਚ ਸ਼ਹਾਦਤ ਦੇ ਸੰਕਲਪ ਦੀ ਗਵਾਹੀ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਨੇ ਕਾਇਮ ਕੀਤੀ। ਸ਼ਹਾਦਤ ਦੇ ਸਿਧਾਂਤ ਦਾ ਅਮਲੀ ਜਾਮਾ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਿਨ ਕੇ ਇਸ ਪਰੰਪਰਾ ਨੂੰ ਉੱਤਮ ਅਤੇ ਨਿਆਰਾ ਰੂਪ ਪ੍ਰਦਾਨ ਕੀਤਾ ਅਤੇ ਅਨੇਕਾਂ ਪਿਆਰਿਆਂ, ਸਾਹਿਬਜ਼ਾਦਿਆਂ, ਸਿੰਘਾਂ, ਸਿੰਘਣੀਆਂ ਨੇ ਧਰਮ ਦੀ ਖ਼ਾਤਰ ਆਪਣਾ ਆਪ ਕੁਰਬਾਨ ਕਰਕੇ ਨਵਾਂ ਇਤਿਹਾਸ ਸਿਰਜਿਆ।

ਸਿੱਖੀ ਇਬਾਦਤ ਤੋਂ ਲੈ ਕੇ ਸ਼ਹਾਦਤ ਤੱਕ ਦਾ ਲੰਮਾ ਸਫ਼ਰ ਹੈ। ਇਬਾਦਤ ਜਾਂ ਬੰਦਗੀ ਇਸ ਦੀ ਬੁਨਿਆਦ ਹੈ ਤੇ ਸ਼ਹਾਦਤ ਸਿਖ਼ਰ ਦਾ ਕਲਸ਼। ਗੁਰਬਾਣੀ ਇਹ ਦੱਸਦੀ ਹੈ ਕਿ ਸਿੱਖ ਨੇ ਜਿਉਣਾ ਕਿਵੇਂ ਹੈ ਤੇ ਕੁਰਬਾਨੀ ਉਹ ਸਬਕ ਹੈ ਜੋ ਇਹ ਦੱਸਦੀ ਹੈ ਕਿ ਨਿਰਭਉ ਤੇ ਨਿਰਵੈਰ ਰਹਿ ਕੇ ਮਰਨਾ ਕਿਵੇਂ ਹੈ। ਇਨ੍ਹਾਂ ਦੋਹਾਂ ਦਾ ਸੁਮੇਲ ਨੇ ਹੀ ਸਿੱਖੀ ਤੇ ਸਿੱਖ ਇਤਿਹਾਸ ਨੂੰ ਚਮਤਕਾਰੀ ਤੇ ਵਿਲੱਖਣ ਬਣਾਇਆ ਹੈ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸ਼ਹਾਦਤ ਦਾ ਅਰਥ ਗਵਾਹੀ ਅਤੇ ਸਾਖੀ ਭਰਨਾ ਹੈ। ਸੰਸਾਰੀ ਲੋਕ ਹਮੇਸ਼ਾ ਸੱਚ ਦੀ ਗਵਾਹੀ ਭਰਦੇ ਹਨ। ਸ਼ਹੀਦ ਉਹ ਹੈ , ਜੋ ਆਪਣੇ ਵਿਸ਼ਵਾਸ ਲਈ ਸੀਸ ਦੇਵੇ ਪਰ ਆਪਣਾ ਸਿਦਕ ਨਾ ਛੱਡੇ। ਸ਼ਹੀਦ ਉਹ ਹੈ , ਜੋ ਤਸੀਹਿਆਂ ਦੀ ਹਾਲਤ ਵਿਚ ਆਪਣੇ ਕੋਲ ਮੌਕਾ ਹੁੰਦਿਆਂ ਵੀ ਆਪਣੀ ਜਾਨ ਧਰਮ ਲਈ ਕੁਰਬਾਨ ਕਰ ਦੇਵੇ। ਵਿਸ਼ਵਕੋਸ਼ ਵਿਚ ‘ਮਾਰਟੀਅਰਜ਼’ ਅਰਥ ਦੱਸਦਿਆਂ ਲਿਖਿਆ ਹੈ ਕਿ ਸੰਤ ਹੀ ਸ਼ਹੀਦ ਹੋ ਸਕਦਾ ਹੈ। ਸ਼ਹਾਦਤ ਦੇਣ ਲਈ ਨਿਰਭੈਤਾ ਤੇ ਇਕਾਗਰਤਾ ਦੀ ਬਹੁਤ ਜ਼ਰੂਰਤ ਹੁੰਦੀ ਹੈ। ਫਿਰ ਇਬਾਦਤ ਕਰ ਕੇ ਹੀ ਸ਼ਹਾਦਤ ਦਾ ਜਜ਼ਬਾ ਪੈਦਾ ਹੁੰਦਾ ਹੈ। ਕੇਵਲ ਸੰਤ ਹੀ ਹੈ, ਜੋ ਆਪਣੇ ਆਪ ਨੂੰ ਹਰ ਪਾਸਿਉਂ ਤੋੜ ਕੇ ਇਕ ਪਰਮਾਤਮਾ ਨਾਲ ਜੁੜ ਕੇ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ। ਸੰਸਾਰ ਵਿਚ ਅਨੇਕਾਂ ਸ਼ਹੀਦ ਹੋਏ ਹਨ ਜਿੰਨ੍ਹਾਂ ਨੇ ਆਪਣੇ ਆਪ ‘ਤੇ ਜਿੱਤ ਪ੍ਰਾਪਤ ਕਰ ਕੇ ਸੰਤ ਪਦਵੀ ਧਾਰਨ ਕੀਤੀ। ਸੰਤ ਹਮੇਸ਼ਾ ਉਸ ਪਰਮਾਤਮਾ ਦੀ ਇਬਾਦਤ ਦਾ ਰਾਹ ਚੁਣ ਕੇ ਸ਼ਹਾਦਤ ਪ੍ਰਾਪਤ ਕਰਨਾ ਪਰਵਾਨ ਕਰਦੇ ਹਨ, ਉਹਨਾਂ ਨੂੰ ਆਪਣੇ ਅਸੂਲਾਂ ਨੂੰ ਤਿਆਗਣਾ ਪਰਵਾਨ ਨਹੀਂ । ਕੌਮ ਤੇ ਦੇਸ਼ ਦੇ ਲੋਕਾਂ ਦਾ ਵਿਸ਼ਵਾਸ਼ ਹੈ ਕਿ ਸੰਤਾਂ ਦੀ ਇਬਾਦਤ ਅਤੇ ਸ਼ਹੀਦਾਂ ਦੀ ਸ਼ਹਾਦਤ ਕਦੇ ਵੀ ਵਿਅਰਥ ਨਹੀਂ ਜਾਂਦੀ। ਕਿਸੇ ਦੀ ਸ਼ਹਾਦਤ ਕਿੰਨੀ ਮਹਾਨ ਹੈ ਇਸ ਦਾ ਅਨੁਮਾਨ ਉਸ ਤੋਂ ਬਾਅਦ ਉਸ ਦੀ ਵਿਚਾਰਧਾਰਾ ਤੇ ਅਨੁਯਾਈਆਂ ਦੇ ਹਮਾਇਤੀਆਂ ਦੀ ਗਿਣਤੀ ਤੋਂ ਲਾਇਆ ਜਾਂਦਾ ਹੈ।

 ਸਿੱਖ ਧਰਮ ਦੇ ਬਾਨੀਆਂ ਨੇ ਮਨੁੱਖ ਦੇ ਸਮੁੱਚੇ ਜੀਵਨ ਸੰਘਰਸ਼ ਨੂੰ ਤਿੰਨ ਉਦੇਸ਼ਾਂ ਦੁਆਲੇ ਕੇਂਦਰਿਤ ਕੀਤਾ ਹੈ- ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਦਸਾਂ ਨਹੁੰਆਂ ਦੀ ਕਮਾਈ ਕਰਨੀ ਹੈ, ਇਸ ਕਿਰਤ-ਕਮਾਈ ਨੂੰ ਆਪਸੀ ਭਾਈਚਾਰੇ ਵਿਚ ਵੰਡ ਕੇ ਛੱਕਣਾ ਹੈ ਅਤੇ ਇਸ ਤਰ੍ਹਾਂ ਆਪਣੀ ਭੁੱਖ ਨੂੰ ਦੂਰ ਕਰਕੇ ਫਿਰ ਪੂਰੀ ਸੰਤੁਸ਼ਟੀ ਨਾਲ ਉਸ ਪਰਮਾਤਮਾ ਦਾ ਨਾਮ ਜਪਣਾ ਹੈ। ਸਿੱਖ ਧਰਮ ਦਾ ਸਮੁੱਚਾ ਸੰਘਰਸ਼ ਅਤੇ ਇਤਿਹਾਸ ਇਸੇ ਹੀ ਸਿਧਾਂਤ ਦੇ ਦੁਆਲੇ ਘੁੰਮਦਾ ਹੈ। ਇਹ ਵੀ ਦੇਖਣਯੋਗ ਹੈ ਕਿ ਸਿੱਖ ਸੰਘਰਸ਼ ਜਦੋਂ ਤੱਕ ਇਸ ਸਿਧਾਂਤ ਦੇ ਦੁਆਲੇ ਕੇਂਦਰਿਤ ਰਿਹਾ ਹੈ ਤਾਂ ਇਸ ਨੂੰ ਸਫ਼ਲਤਾਵਾਂ ਹੀ ਮਿਲੀਆਂ ਹਨ। ਸਿੱਖ ਸ਼ਹੀਦੀਆਂ ਅਤੇ ਸ਼ਹਾਦਤਾਂ ਇਸੇ ਹੀ ਸੰਘਰਸ਼ ਦੀ ਪੈਦਾਵਾਰ ਹਨ।

ਇਸ ਤਰ੍ਹਾਂ ਦੇ ਸੰਘਰਸ਼ ਦੀ ਤਿਆਰੀ ਲਈ ਹੀ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਸਮਝਾਇਆ ਸੀ ਕਿ ਜੇਕਰ ਤੈਨੂੰ ਇਸ ਤਰ੍ਹਾਂ ਦੇ ਖੇਲ ਖੇਲ੍ਹਣ ਦਾ ਸ਼ੌਕ ਹੈ ਤਾਂ ਆਪਣੇ ਸਿਰ ਨੂੰ ਵਾਰ ਦੇਣ ਦੇ ਅਹਿਸਾਸ ਨਾਲ ਮੇਰੇ ਕੋਲ ਆ, ਕਿਉਂਕਿ ਜਦੋਂ ਤੂੰ ਇਕ ਵਾਰ ਇਸ ਮਾਰਗ ‘ਤੇ ਤੁਰਨ ਦੀ ਸ਼ੁਰੂਆਤ ਕਰ ਦਿੱਤੀ ਤਾਂ ਫਿਰ ਮਰਿਆ ਤਾਂ ਜਾ ਸਕਦਾ ਹੈ ਪਰ ਪਿੱਛੇ ਨਹੀਂ ਮੁੜਿਆ ਜਾ ਸਕਦਾ।

ਸ਼ਹਾਦਤ ਕਦੇ ਵੀ ਵਿਅਰਥ ਨਹੀਂ ਜਾਂਦੀ। ਜੇਕਰ ਸ਼ਹਾਦਤਾਂ ਅਜਾਈਂ ਜਾਂਦੀਆਂ ਹੋਣ ਤਾਂ ਕੋਈ ਸ਼ਹੀਦ ਨਹੀਂ ਹੋਵੇਗਾ। ਹਰ ਕੌਮ ‘ਤੇ ਸ਼ਹਾਦਤ ਦਾ ਪ੍ਰਭਾਵ ਪੈਂਦਾ ਹੈ। ਸ਼ਹੀਦ ਦੇ ਡੁੱਲ੍ਹੇ ਖ਼ੂਨ ਵਿਚੋਂ ਸੂਰਮੇਂ ਪੈਦਾ ਹੁੰਦੇ ਹਨ। ਗੁਰੂ ਅਰਜਨ ਸਾਹਿਬ ਜੀ ਨੇ ਆਪਣਾ ਖੂਨ ਦੇ ਕੇ ਹਜ਼ਾਰਾਂ ਅਤੇ ਲੱਖਾਂ ਦੀ ਗਿਣਤੀ ਵਿਚ ਐਸੇ ਸੂਰਮੇ ਖੜੇ ਕਰ ਦਿੱਤੇ ਸਨ ਜਿੰਨ੍ਹਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਅਗਵਾਈ ਹੇਠ ਆਪਣੇ ਹੱਥਾਂ ਵਿਚ ਤਲਵਾਰਾਂ ਚੁੱਕ ਕੇ, ਉਸੇ ਹਕੂਮਤ ਨੂੰ ਜੰਗ ਦੀ ਵੰਗਾਰ ਪਾ ਦਿੱਤੀ ਸੀ, ਜਿਸ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ। ਜਿਸ ਹਕੂਮਤ ਨੇ ਸੋਚਿਆ ਸੀ ਕਿ ਗੁਰੂ ਅਰਜਨ ਜੀ ਦਾ ਪ੍ਰਚਾਰ ਇਸਲਾਮ ਦੀ ਹਕੂਮਤ ਵਿਚ ਵੀ ਲੋਕਾਂ ਨੂੰ ਇਸਲਾਮ ਤੋਂ ਦੂਰ ਲਿਜਾ ਰਿਹਾ ਹੈ ਅਤੇ ਸਿੱਖ ਬਣਾ ਰਿਹਾ ਹੈ। ਉਹੀ ਹਕੂਮਤ ਦੇਖ ਰਹੀ ਸੀ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਇਸਲਾਮ ਨੂੰ ਪੰਜਾਬ ਦੀ ਧਰਤੀ ਤੇ ਠੱਲ੍ਹ ਪੈ ਗਈ ਸੀ ਅਤੇ ਪੰਜਾਬ ਦੇ ਲੋਕ ਧੜਾ-ਧੜ ਸਿੱਖ ਧਰਮ ਦੇ ਪੈਰੋਕਾਰ ਬਣ ਰਹੇ ਸੀ।

ਪ੍ਰਭਜੋਤ ਕੌਰ (ਰਿਸਰਚ ਸਕਾਲਰ)

ਸ਼ਹੀਦ ਜਿਸ ਕਾਰਜ ਲਈ ਸ਼ਹਾਦਤ ਦੇ ਰਿਹਾ ਹੁੰਦਾ ਹੈ, ਉਹ ਉਸ ਪ੍ਰਤੀ ਪੂਰਨ ਰੂਪ ਵਿਚ ਸਮਰਪਿਤ ਹੁੰਦਾ ਹੈ। ਰਾਜਨੀਤਿਕ ਲਾਭਾਂ ਵਾਸਤੇ ਜ਼ਾਲਮਾਂ ਵੱਲੋਂ ਸਤਾਏ ਲੋਕਾਂ ਦਾ ਕਤਲ ਅਤੇ ਆਪਣੇ ਹਿੱਤ ਜਾਂ ਕੋਈ ਰਾਜਸੀ ਮਕਸਦ ਲਈ ਜੀਵਨ ਦੇਣਾ ਸ਼ਹਾਦਤ ਨਹੀਂ ਕਹਾਉਂਦਾ। ਸ਼ਹੀਦ ਤਾਂ ਉਹ ਹੈ, ਜਿਸ ਨੇ ਆਪਣੀਆਂ ਧਾਰਮਿਕ ਮਾਨਤਾਵਾਂ ਲਈ ਦੁੱਖ ਝੱਲਿਆ ਹੈ। ਸ਼ਹਾਦਤ ਉਹ ਉੱਚਾ ਰੁੱਤਬਾ ਹੈ, ਜੋ ਕਿਸੇ ਵਿਰਲੇ ਇਬਾਬਤ ਕਰਨ ਵਾਲੇ ਸੰਤ ਮਹਾਂਪੁਰਸ਼ ਨੂੰ ਹੀ ਪ੍ਰਾਪਤ ਹੁੰਦਾ ਹੈ। ਸ਼ਹਾਦਤ ਲਈ ਵੱਡੇ ਜਿਗਰੇ ਦੀ ਬਹੁਤ ਲੋੜ ਹੁੰਦੀ ਹੈ, ਜਿਸ ਦੀ ਇਕਾਗਰਤਾ ਉਸ ਪ੍ਰਭੂ ਵਿਚ ਹੋਵੇ ਅਤੇ ਸੰਸਾਰ ਦੇ ਦੁੱਖ-ਸੁੱਖ ਤੋਂ ਉੱਪਰ ਉੱਠ ਚੁੱਕਿਆ ਹੋਵੇ। ਹਰੇਕ ਦੇਸ਼ ਕੌਮ ਦੇ ਸ਼ਹੀਦਾਂ ਦੀ ਗਾਥਾ ਸੁਨਹਿਰੀ ਅੱਖਰਾਂ ‘ਚ ਲਿਖੀ ਜਾਂਦੀ ਹੈ। ਸਾਨੂੰ ਆਪਣੇ ਸ਼ਹੀਦਾਂ ਤੇ ਮਹਾਨ ਅਤੇ ਨਾਇਕਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ, ਜਿੰਨ੍ਹਾਂ ਸਦਕਾ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਕਿਸੇ ਸ਼ਾਇਰ ਨੇ ਬਹੁਤ ਹੀ ਸੁੰਦਰ ਲਿਖਿਆ ਹੈ ਕਿ-

ਸ਼ਹੀਦ ਕੀ ਜੋ ਮੌਤ ਹੈ

ਵੋ ਕੌਮ ਕੀ ਹਯਾਤ (ਜ਼ਿੰਦਗੀ) ਹੈ।

ਪ੍ਰਭਜੋਤ ਕੌਰ (ਰਿਸਰਚ ਸਕਾਲਰ)
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੋਬਾਇਲ ਨੰਬ: 97819-25418
ਈਮੇਲ: prabhjk99@gmail.com

ਬ੍ਰਿਟੇਨ ਦੇ ਵਿੱਚ ਦਹਾਕਿਆਂ ਮਗਰੋਂ ਹੋਏ ਇਹਨਾਂ ਦੰਗਿਆਂ ਨੂੰ ਲੋਕ ਆਸਾਨੀ ਨਾਲ ਨਹੀਂ ਭੁੱਲ ਸਕਣਗੇ :

ਯੂਕੇ ਦੇ ਕੁਝ ਇਲਾਕਿਆਂ ਵਿੱਚ ਹਿੰਸਕ ਘਟਨਾਵਾਂ ਦੀ ਸ਼ੁਰੂਆਤ ਉਦੋਂ ਹੋਈ ਜਦੋਂ 29 ਜੁਲਾਈ 2024 ਨੂੰ ਸਾਊਥਪੋਰਟ ਵਿੱਖ਼ੇ ਇੱਕ ਟੇਲਰ ਸਵਿਫਟ-ਥੀਮ ਵਾਲੀ ਡਾਂਸ ਕਲਾਸ ਵਿੱਚ ਚਾਕੂ ਨਾਲ ਹਮਲਾ ਕਰਕੇ ਤਿੰਨ ਛੋਟੀਆਂ ਕੁੜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਦੰਗੇ ਭੜਕ ਉੱਠੇ ਅਤੇ ਇਹਨਾਂ ਦੰਗਿਆਂ ਦੇ ਦੌਰਾਨ ਕੁਝ ਲੋਕ ਹੋਟਲਾਂ ਦੇ ਵਿੱਚ ਜਾਂ ਸੁਰੱਖਿਤ ਥਾਵਾਂ ਦੇ ਉੱਤੇ ਪਨਾਹ ਮੰਗਦੇ ਨਜ਼ਰ ਆਏ। ਅਸਲ ਦੇ ਵਿੱਚ ਇਥੇ ਸੋਸ਼ਲ ਮੀਡੀਆ ਨੇ ਵੀ ਇੱਕ ਕਿਸਮ ਦਾ ਕੰਮ ਖਰਾਬ ਹੀ ਕੀਤਾ ਸੋਸ਼ਲ ਮੀਡੀਆ ਵੱਲੋਂ ਫੈਲਾਈਆਂ ਕੁਝ ਝੂਠੀਆਂ ਅਫਵਾਹਾਂ ਕਾਰਨ ਸਾਰਾ ਮਾਹੌਲ ਹੋਰ ਵੀ ਗਰਮ ਹੋ ਗਿਆ ਅਤੇ ਕੁਝ ਲੋਕ ਡਰ ਦੇ ਮਾਹੌਲ ਦੇ ਵਿੱਚ ਚਲੇ ਗਏ ਖਾਸ ਕਰਕੇ ਕੁਝ ਮੁਸਲਮਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਦੰਗਾਕਾਰੀਆਂ ਵੱਲੋਂ ਪ੍ਰਾਪਰਟੀਆਂ ਲੁੱਟੀਆਂ ਗਈਆਂ ਅਤੇ ਮਾਹੌਲ ਨੂੰ ਅਸ਼ਾਂਤ ਬਣਾਉਂਦਿਆਂ ਹੋਇਆਂ ਦੁਕਾਨਾਂ ਲੁੱਟਣ ਤੋਂ ਬਾਅਦ ਇਹਨਾਂ ਦੰਗਾਕਾਰੀਆਂ ਨੇ ਕੁਝ ਵਿਅਕਤੀਆਂ ਨੂੰ ਜਿਸਮਾਨੀ ਤੌਰ ਉਪਰ ਵੀ ਨੁਕਸਾਨ ਪਹੁੰਚਾਉਣ ਦੀ ਨੀਅਤ ਦੇ ਨਾਲ ਉਹਨਾਂ ਦੇ ਉੱਤੇ ਹਮਲੇ ਕੀਤੇ।

ਅਸਲ ਦੇ ਵਿੱਚ ਇੰਗਲੈਂਡ ਦੇ ਉੱਤਰ ਵਿਖੇ ਸਮੁੰਦਰੀ ਕਿਨਾਰੇ ਵਸੇ ਇਕ ਸ਼ਹਿਰ ਸਾਊਥਪੋਰਟ ਦੇ ਵਿੱਚ ਇੱਕ ਡਾਂਸ ਕਲਾਸ ਦੇ ਵਿੱਚ ਤਿੰਨ ਛੋਟੀਆਂ ਬੱਚੀਆਂ ਨੂੰ ਛੁਰਾ ਮਾਰ ਕੇ ਬੜੀ ਬੇਦਰਦੀ ਦੇ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਇਸ ਕਤਲ ਤੋਂ ਬਾਅਦ ਐਸੀ ਦੰਗਾਕਾਰੀ ਭੈੜੀ ਸਥਿਤੀ ਇੰਗਲੈਂਡ ਦੇ ਵਿੱਚ ਕਈ ਦਹਾਕਿਆਂ ਬਾਅਦ ਦੇਖਣ ਅਤੇ ਸੁਣਨ ਨੂੰ ਮਿਲੀ l

ਪੂਰੇ ਇੰਗਲੈਂਡ ਅਤੇ ਉੱਤਰੀ ਆਇਰਲੈਂਡ ਦੇ ਇਲਾਕਿਆਂ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਫੈਲਾਈਆਂ ਗਈਆਂ ਅਫਵਾਵਾਂ ਦੇ ਕਾਰਨ ਵੀ ਕੰਮ ਕਾਫੀ ਖਰਾਬ ਹੋਇਆ ਇਸ ਤੋਂ ਇਲਾਵਾ ਲੋਕ ਇਸ ਗੱਲ ਤੋਂ ਵੀ ਭੜਕ ਪਏ ਕਿ ਕੁਝ ਉਹ ਲੋਕ ਜਿਹੜੇ ਪ੍ਰਵਾਸ ਕਰਕੇ ਇੰਗਲੈਂਡ ਦੇ ਵਿੱਚ ਆਉਂਦੇ ਹਨ ਅਤੇ ਇਥੇ ਆ ਕੇ ਫਿਰ ਸਦੀਵੀਂ ਵਸ ਜਾਂਦੇ ਹਨ ਅਤੇ ਜਿਹੜੇ ਇਥੋਂ ਦੇ ਬਸ਼ਿੰਦੇ ਹਨ ਉਹਨਾਂ ਲੋਕਾਂ ਦੇ ਉਹ ਹੱਕ ਮਾਰ ਲੈਂਦੇ ਹਨ।

ਇਸ ਗੱਲ ਦੀ ਭੜਕਾਹਟ ਤੋਂ ਬਾਅਦ ਇੱਥੋਂ ਦੇ ਵਸਨੀਕਾਂ ਨੇ ਇਮੀਗਰੇਸ਼ਨ ਦੇ ਉਹਨਾਂ ਦਫਤਰਾਂ ਦੇ ਉੱਤੇ ਵੀ ਹਮਲੇ ਸ਼ੁਰੂ ਕਰ ਦਿੱਤੇ ਜਿਨਾਂ ਦਫਤਰਾਂ ਦੇ ਵਿੱਚ ਬੈਠ ਕੇ ਪਰਵਾਸੀਆਂ ਨੂੰ ਇੱਥੇ ਵਸਣ ਦੇ ਫੈਸਲੇ ਕੀਤੇ ਜਾਂਦੇ ਹਨ, ਉਹਨਾਂ ਇਮੀਗਰੇਸ਼ਨ ਸਲਾਹਕਾਰ ਵਕੀਲਾਂ ਦੇ ਦਫਤਰਾਂ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਵਕੀਲ ਇਥੇ ਆਉਣ ਵਾਲੇ ਪ੍ਰਵਾਸੀਆਂ ਨੂੰ, ਜਾਂ ਤਾਂ ਸਿਆਸੀ ਪਨਾਹ ਲੈਣ ਦੇ ਤਰੀਕੇ ਦੱਸਦੇ ਹਨ ਜਾਂ ਫਿਰ ਕਿਸੇ ਹੋਰ ਤਰੀਕੇ ਇਥੇ ਪੱਕੇ ਤੌਰ ਪਰ ਉਹਨਾਂ ਨੂੰ ਵਸਣ ਦਾ ਤਰੀਕਾ ਦੱਸਦੇ ਹਨ। ਇਸ ਤਰ੍ਹਾਂ ਇਹ ਵੀ ਕਹਿ ਲਿਆ ਜਾਏ ਤਾਂ ਗਲਤ ਨਹੀਂ ਹੋਏਗਾ ਕਿ ਇਮੀਗਰੇਸ਼ਨ ਵਿਰੋਧੀ ਭਾਵਨਾ ਦੇ ਕਾਰਨ ਵੀ ਲੋਕਾਂ ਦੇ ਵਿੱਚ ਖਾਸਾ ਗੁੱਸਾ ਦੇਖਿਆ ਗਿਆ।

ਇੱਕ ਭਾਈਚਾਰੇ ਵੱਲੋਂ ਦਿਨ ਬੁੱਧਵਾਰ 7 ਅਗਸਤ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਦੰਗਿਆਂ ਦੇ ਵਿਰੁੱਧ ਲੜੀਵਾਰ ਰੈਲੀਆਂ ਕਰਕੇ  ਜਵਾਬ ਵੀ ਦਿੱਤਾ ਗਿਆ।

7 ਅਗਸਤ ਨੂੰ ਗੜਬੜ ਵਾਲੀ ਰਾਤ ਪੁਲਿਸ ਦੇ ਹੱਥ ਇੱਕ ਅਜਿਹੀ ਲਿਸਟ ਵੀ ਲੱਗੀ ਜਿਸ ਵਿੱਚ ਇਮੀਗ੍ਰੇਸ਼ਨ ਵਕੀਲਾਂ ਦੇ ਨਾਮ ਅਤੇ ਪਤੇ ਸਨ। ਭਾਂਵੇਕਿ, ਵਧੇਰੇ ਕਰਕੇ ਥਾਵਾਂ ‘ਤੇ, ਯੋਜਨਾਬੱਧ ਇਮੀਗ੍ਰੇਸ਼ਨ ਵਿਰੋਧੀ ਪ੍ਰਦਰਸ਼ਨਾਂ ਨੂੰ ਪੁਲਿਸ ਦੀ ਮੁਸ਼ਤਾਦੀ ਕਰਕੇ ਅਸਫਲ ਕਰ ਦਿੱਤਾ ਗਿਆ।

ਡਰਹਮ ਪੁਲਿਸ ਦੇ ਸਾਬਕਾ ਚੀਫ ਕਾਂਸਟੇਬਲ ਮਾਰਕ ਬਾਰਟਨ ਨੇ ਦਸਿਆ ਕਿ ਵੱਡੀ ਗਿਣਤੀ ਵਿੱਚ ਲੋਕ ਸ਼ਾਂਤਮਈ ਨਸਲਵਾਦ ਵਿਰੋਧੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ਸੜਕਾਂ ‘ਤੇ ਉਤਰੇ ਸਨ। ਪਰ ਕੁਝ ਨਸਲਵਾਦੀ ਤਤਾਂ ਦੇ ਕਾਰਨ ਅਚਾਨਕ ਭੀੜ ਹਿੰਸਕ ਹੋ ਗਈ।

ਸਾਊਥਪੋਰਟ ‘ਚ ਇੰਨ੍ਹਾਂ ਤਿੰਨ ਬੱਚੀਆਂ ਦੇ ਬੜੀ ਬੇਰਹਿਮੀ ਦੇ ਨਾਲ ਕੀਤੇ ਗਏ ਕਤਲ ਤੋਂ ਮਗਰੋਂ ਹਿੰਸਾ ਅਚਾਨਕ ਨਹੀਂ ਭੜਕੀ ਸੀ ਸਗੋਂ ਇਹ ਸੋਸ਼ਲ ਮੀਡੀਆ ਉਪਰ ਫੈਲਾਈਆਂ ਜਾ ਰਹੀਆਂ ਉਹਨਾਂ ਅਫਵਾਹਾਂ ਦਾ ਨਤੀਜਾ ਸੀ ਜਿੰਨ੍ਹਾਂ ਨੇ ਹਿੰਸਾ ਦੀ ਭਣਕਾਹਟ ਦੇ ਵਿੱਚ ਹੋਰ ਅੱਗ ਲਗਾਉਣ ਵਾਲਾ ਕੰਮ ਕੀਤਾ। ਭੜਕੀ ਹੋਈ ਹਿੰਸਕ ਭੀੜ ਵੱਲੋਂ ਇਮਾਰਤਾਂ ,ਲਾਇਬ੍ਰੇਰੀ, ਵਾਹਨਾ, ਇੱਥੋਂ ਤੱਕ ਕਿ ਪੁਲਿਸ ਦੀਆਂ ਗੱਡੀਆਂ ਨੂੰ ਵੀ ਅੱਗ ਦੇ ਹਵਾਲੇ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਅਤੇ ਦੁਕਾਨਾਂ ਲੁੱਟੀਆਂ ਗਈਆਂ।

ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਥੇ ਨਸਲਵਾਦੀ ਤਤਾਂ ਨੇ ਇਸ ਨੂੰ ਹੋਰ ਵੱਧ ਹਵਾ ਦਿੱਤੀ ਜਿਵੇਂ ਉਹਨਾਂ ਨੂੰ ਇਕ ਕਿਸਮ ਦਾ ਨਸਲਵਾਦ ਫੈਲਾਉਣ ਦਾ ਮੌਕਾ ਮਿਲ ਗਿਆ ਹੋਵੇ।

ਦੱਖਣੀ ਬੇਲਫਾਸਟ ਵਿੱਚ ਹੋਈ ਹਿੰਸਾ ਦੇ ਵਿੱਚ ਮਾਹੌਲ ਬਹੁਤ ਜਿਆਦਾ ਹੀ ਤਣਾਅਪੂਰਨ ਹੋ ਗਿਆ ਅਤੇ ਇਮੀਗ੍ਰੇਸ਼ਨ ਵਿਰੋਧੀ ਅਤੇ ਨਸਲਵਾਦ ਪੱਖੀ ਪ੍ਰਦਰਸ਼ਨਕਾਰੀਆਂ ਨੇ ਇਥੇ ਜੰਮ ਕੇ ਉਤਪਾਦ ਮਚਾਇਆ।

ਦਸ ਅਗਸਤ ਐਤਵਾਰ ਵਾਲੇ ਦਿਨ, ਰੌਦਰਹੈਮ ਵਿੱਚ, ਹਾਲੀਡੇ ਇਨ ਦੇ ਵਿਚ ਕੁਝ ਡਰੇ ਹੋਏ ਲੋਕੀ ਪਨਾਹ ਲੈਣ ਦੇ ਲਈ ਪੁੱਜੇ ਪਰ ਇਸ ਹੋਟਲ ਦਾ ਸਟਾਫ ਪਹਿਲਾਂ ਹੀ ਡਰਿਆ ਹੋਇਆ ਸੀ। ਡਰੇ ਹੋਏ ਹੋਟਲ ਦੇ ਸਟਾਫ ਨੇ ਬੈਰੀਕੇਡ ਲਗਾ ਕੇ ਇੱਕ ਦਰਵਾਜ਼ੇ ਦੇ ਅੱਗੇ ਫਰਿੱਜ ਅਤੇ ਹੋਰ ਫਰਨੀਚਰ ਅਟਕਾ ਦਿੱਤਾ ਸੀ ਤਾਂ ਜੋ ਉਹ ਆਪਣੇ ਆਪ ਨੂੰ ਇਹਨਾਂ ਨਸਲਵਾਦੀ ਵਿਖਾਵਾਕਾਰੀਆਂ ਤੋਂ ਬਚਾ ਸਕਣ। ਪਰ ਉਨਾਂ ਦੇ ਇਹ ਯਤਨ ਨਸਲਵਾਦੀ ਵਿਖਾਵਾਕਾਰੀਆਂ ਦਾ ਰਸਤਾ ਰੋਕ ਨਾ ਸਕੇ ਅਤੇ ਉਹਨਾਂ ਨੇ ਇਮਾਰਤ ਦੇ ਵਿੱਚ ਦਾਖਲ ਹੋ ਕੇ ਸਾਰੇ ਬੈਰੀਕੇਟਸ ਤੋੜ ਦਿੱਤੇ ਅਤੇ ਅੰਦਰ ਵੜ ਕੇ ਚੰਗਾ ਚੋਖਾ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਇਹ ਦੰਗਾਕਾਰੀ, ਲੋਕਾਂ ਦੇ ਘਰਾਂ ਦੇ ਬਾਹਰ ਗਾਰਡਨਾਂ ਦੇ ਵਿੱਚ ਵੀ ਦਾਖਲ ਹੋ ਗਏ।

29 ਜੁਲਾਈ ਨੂੰ, ਸਾਊਥਪੋਰਟ ਦੇ ਹਮਲੇ ਵਿੱਚ 6 ਵਰ੍ਹਿਆਂ ਦੀ ਬੇਬੀ ਕਿੰਗ,7 ਵਰ੍ਹਿਆਂ ਦੀ ਐਲਸੀ ਡਾਟ ਸਟੈਨਕੋਮਬੇ ਅਤੇ 9 ਵਰ੍ਹਿਆਂ ਦੀ ਐਲਿਸ ਡਾ ਸਿਲਵਾ ਐਗੁਆਰ, ਨੂੰ ਇੱਕ ਟੇਲਰ ਸਵਿਫਟ-ਥੀਮ ਵਾਲੇ ਡਾਂਸ ਅਤੇ ਯੋਗਾ ਸਮਾਗਮ ਵਿੱਚ ਚਾਕੂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਅੱਠ ਹੋਰ ਬੱਚੇ ਅਤੇ ਦੋ ਬਾਲਗ ਜ਼ਖ਼ਮੀ ਹੋ ਗਏ।

ਅਗਲੇ ਦਿਨ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਨੇੜਲੇ ਇੱਕ ਪਿੰਡ ਤੋਂ ਇੱਕ 17 ਸਾਲਾ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਨਾਲ ਹੀ ਪੁਲਿਸ ਨੇ ਇਹ ਵੀ ਕਿਹਾ ਕਿ ਇਸ ਘਟਨਾ ਦਾ ਸਬੰਧ ਉਹ ਦਹਿਸ਼ਤਗਰਦੀ ਨਾਲ ਜੋੜ ਕੇ ਨਹੀਂ ਵੇਖ ਰਹੇ ਹਨ।

ਹਮਲੇ ਤੋਂ ਬਾਅਦ, ਸੋਸ਼ਲ ਮੀਡੀਆ ਪੋਸਟਾਂ ਉਪਰ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਅਤੇ ਗਲਤ ਅੰਦਾਜ਼ਾ ਲਗਾਇਆ ਕਿ ਸ਼ੱਕੀ ਵਿਅਕਤੀ ਇੱਕ ਸ਼ਰਨਾਰਥੀ ਹੈ ਜੋ 2023 ਵਿੱਚ ਇੱਕ ਕਿਸ਼ਤੀ ਰਾਹੀਂ ਸਮੁੰਦਰ ਦੇ ਰਸਤਿਓਂ ਯੂਕੇ ਆਇਆ ਸੀ। ਇੱਕ ਬੇਬੁਨਿਆਦ ਅਫਵਾਹ ਇਹ ਵੀ ਸੀ ਕਿ ਉਹ ਮੁਸਲਮਾਨ ਹੈ।

ਪਰ ਬੀਬੀਸੀ ਅਤੇ ਹੋਰ ਮੀਡੀਆ ਦੀਆਂ ਰਿਪੋਰਟਾਂ ਦੇ ਮੁਤਾਬਿਕ ਇਸ ਸ਼ੱਕੀ ਵਿਅਕਤੀ ਦਾ ਜਨਮ ਵੇਲਜ਼ ਵਿੱਚ ਰਵਾਂਡਾ ਵਿਖ਼ੇ ਹੋਇਆ ਸੀ।

ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ “ਅਣਪੁਸ਼ਟ ਅਟਕਲਾਂ ਅਤੇ ਗਲਤ ਜਾਣਕਾਰੀ” ਨਾ ਫੈਲਾਉਣ।

ਅਗਲੀ ਸ਼ਾਮ ਵਕਤ ਇੱਕ ਹਜ਼ਾਰ ਤੋਂ ਵੀ ਵੱਧ ਲੋਕ ਸਾਊਥਪੋਰਟ ਵਿੱਚ ਪੀੜਤ ਬੱਚਿਆਂ ਦੇ ਅਫਸੋਸ ਦੇ ਲਈ ਇਕੱਠੇ ਹੋਏ ਅਤੇ ਬਾਅਦ ਵਿੱਚ ਇੱਕ ਸਥਾਨਕ ਮਸਜਿਦ ਦੇ ਲਾਗੇ ਭੀੜ ਭੜਕ ਉੱਠੀ ਜਿਸ ਨੇ ਹਿੰਸਾ ਦਾ ਰੂਪ ਧਾਰ ਲਿਆ। ਲੋਕਾਂ ਨੇ ਮਸਜਿਦ ਅਤੇ ਪੁਲਿਸ ‘ਤੇ ਇੱਟਾਂ ਵਟੇ, ਬੋਤਲਾਂ ਅਤੇ ਹੋਰ ਸਮਾਨ ਸੁੱਟਣਾ ਸ਼ੁਰੂ ਕਰ ਦਿੱਤਾ।  ਇਕ ਪੁਲਿਸ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਜਿਸ ਵਿਚ ਸਤਾਈ ਪੁਲਿਸ ਅਫਸਰ ਜਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਲੈਜਾਂਦਾ ਗਿਆ।

ਸਥਾਨਕ ਸੰਸਦ ਮੈਂਬਰ ਪੈਟਰਿਕ ਹਰਲੇ ਨੇ ਕਿਹਾ ਕਿ ਇਨ੍ਹਾਂ ਤਿੰਨ ਬੱਚਿਆਂ ਦੀ ਮੌਤ ਨੂੰ ਆਪਣੇ ਰਾਜਨੀਤਿਕ ਮੁਫ਼ਾਜ਼ ਲਈ” ਵਰਤਣਾ ਠੀਕ ਨਹੀਂ ਹੈ, ਜਦੋਂ ਕਿ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੇ “ਸਾਊਥਪੋਰਟ ਦੀਆਂ ਸੜਕਾਂ ‘ਤੇ ਲੁੱਟਮਾਰ ਕਰਨ ਵਾਲੀ ਭੀੜ” ਦੀ ਪੁਰਜ਼ੋਰ ਨਿੰਦਾ ਕੀਤੀ ਸੀ।

ਟੈਲੀਗ੍ਰਾਮ ਮੈਸੇਜਿੰਗ ਐਪ ‘ਤੇ ਖੇਤਰੀ ਇਮੀਗ੍ਰੇਸ਼ਨ ਵਿਰੋਧੀ ਚੈਨਲਾਂ ਉਤੇ ਜਦੋਂ ਇਸ ਰੈਲੀ ਦੀ ਚਰਚਾ ਹੋਈ ਤਾਂ ਉਸ ਤੋਂ ਬਾਅਦ ਪੁਲਿਸ ਨੇ ਇਹ ਨਿਚੋੜ ਕੱਢਿਆ ਕਿ ਹਿੰਸਾ ਵਿੱਚ ਹੁਣੇ ਜਿਹੇ ਭੰਗ ਹੋਈ ਸੱਜੇ-ਪੱਖੀ ਸਮੂਹ ਇੰਗਲਿਸ਼ ਡਿਫੈਂਸ ਲੀਗ (EDL) ਦੇ ਸਮਰਥਕਾਂ ਦੀ ਇਸ ਦੇ ਵਿੱਚ ਸ਼ਮੂਲੀਅਤ ਹੋ ਸਕਦੀ ਹੈ।

ਸਾਊਥਪੋਰਟ ਦੰਗਿਆਂ ਤੋਂ ਅਗਲੇ ਦਿਨ ਜਦੋਂ ਲੰਡਨ, ਹਾਰਟਲਪੂਲ ਅਤੇ ਮਾਨਚੈਸਟਰ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਤਾਂ ਪੁਲਿਸ ਨੇ ਇਹਨਾਂ ਨੂੰ ਸਾਊਥਪੋਰਟ ਦੀ ਘਟਨਾ ਦੇ ਨਾਲ ਜੋੜਿਆ ਦੇਖਿਆ।

ਪੁਲਿਸ ਨੇ ਇਹਨਾਂ ਦੰਗਿਆਂ ਦੇ ਸਿਲਸਿਲੇ ਵਿਚ ਹੁਣ ਤੱਕ 779 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ , ਜਿਨ੍ਹਾਂ ਵਿਚੋਂ 349 ਵਿਅਕਤੀਆਂ ਉੱਪਰ ਦੋਸ਼ ਲਗਾਏ ਗਏ ਹਨ।

ਗੁਰਦੀਪ ਸਿੰਘ ਜਗਬੀਰ (ਡਾ.)

ਆਖਿਰ ਦੇ ਵਿੱਚ ਪਬਲਿਕ ਪ੍ਰੋਸੀਕਿਊਸ਼ਨਜ਼ ਦੇ ਡਾਇਰੈਕਟਰ ਮਿਸਟਰ ਪਾਰਕਿੰਸਨ ਨੇ ਸੰਡੇ ਟਾਈਮਜ਼ ਨੂੰ ਜੋ ਦੱਸਿਆ ਉਸ ਗੱਲ  ਦੇ ਨਾਲ ਇਸ ਗਲ਼ ਨੂੰ ਸਮੇਟਦਿਆਂ ਹੋਇਆਂ, ਇਹੋ ਕਿਹਾ ਜਾਏਗਾ ਕਿ ਆਉਣ ਵਾਲੇ ਦਿਨਾਂ ‘ਚ ਇੰਨ੍ਹਾਂ ਦੰਗਿਆਂ ‘ਚ ਸ਼ਾਮਲ ਹੋਰ ਵੀ ਕਈ ਦੰਗਾਕਾਰੀਆਂ ਉੱਪਰ’ ਦੋਸ਼ ਆਇਦ ਕੀਤੇ ਜਾਣਗੇ।

ਸ੍ਰੀ ਪਾਰਕਿੰਸਨ ਨੇ ਇਹ ਵੀ ਕਿਹਾ ਹੈ ਕਿ ਸਰਕਾਰੀ ਵਕੀਲ ਹੁਣ ਦੰਗਿਆਂ ਨਾਲ ਸਬੰਧਤ ਕੇਸਾਂ ‘ਤੇ ਵਿਚਾਰ ਕਰ ਰਹੇ ਹਨ।ਇਹ ਇੱਕ ਗੰਭੀਰ ਅਪਰਾਧ ਹੈ, ਜਿਸ ਵਿੱਚ 10 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਮਿ.ਪਾਰਕਿੰਸਨ ਦਾ ਕਹਿਣਾ ਹੈ ਕਿ ਹੁਣ ਤੱਕ ਸਜ਼ਾ ਸੁਣਾਏ ਗਏ ਕਈ ਵਿਅਕਤੀਆਂ ‘ਤੇ ਹਿੰਸਾ ਭੜਕਾਉਣ ਦੇ ਲਈ ਮੁਕੱਦਮਾ ਚਲਾਇਆ ਗਿਆ ਹੈ। ਅਗਲੇ ਕੁਝ ਦਿਨਾਂ ਵਿੱਚ ਪ੍ਰਸ਼ਾਸਨਕ ਸਿਸਟਮ ਵਲੋਂ ਆਉਣ ਵਾਲੇ  ਹੋਰ ਗੰਭੀਰ ਦੋਸ਼ਾਂ ਨੂੰ ਦੇਖਣ ਦੇ ਨਾਲੋ ਨਾਲ ਇਸ ਮਾਮਲੇ ਵਿੱਚ ਸਖਤ ਜ਼ੁਰਮਾਨਿਆਂ ਅਤੇ ਸਜ਼ਾਵਾਂ ਦੇ ਬਾਰੇ ਕੋਈ ਰਿਆਇਤ ਨਹੀਂ ਵਰਤੀ ਜਾਵੇਗੀ।ਅਸੀਂ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ ਹੈ ਅਤੇ ਅਸੀਂ ਉਨ੍ਹਾਂ ਨਤੀਜਿਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦੇ ਸਾਹਮਣੇ ਲਿਆਵਾਂਗੇ।

ਇੱਥੇ ਨਿਆਂ ਸਕੱਤਰ ਸ਼ਬਾਨਾ ਮਹਿਮੂਦ ਦੀ ਉਸ ਗੱਲ ਨੂੰ ਦੁਹਰਾਣਾ ਸਟੀਕ ਹੋਵੇਗਾ ਜਿਸ ਦੇ ਵਿੱਚ ਉਸਨੇ ਕਿਹਾ ਹੈ ਕਿ ਦੰਗਾਕਾਰੀਆਂ ਨੂੰ ਤੇਜ਼ੀ ਨਾਲ ਸਜ਼ਾ ਦੇਣਾ ਇੱਕ ਚੁਣੌਤੀ ਦੇ ਬਰਾਬਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਊਥਪੋਰਟ ਦੀ ਇਸ ਘਟਨਾ ਤੋਂ ਬਾਅਦ ਪੈਦਾ ਹੋਏ ਮਾਹੌਲ ਦਾ ਕਈ ਦਿਨਾਂ ਤੱਕ ਅਸਰ ਦੇਖਿਆ ਜਾਵੇਗਾ ਅਤੇ ਆਉਣ ਵਾਲੇ ਕਈ ਸਾਲਾਂ ਤੱਕ ਮਹਿਸੂਸ ਕੀਤਾ ਜਾਵੇਗਾ।

ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ (ਡਾ.)

5 ਜੁਲਾਈ ਤੋਂ  27 ਜੁਲਾਈ 1924 ਦੇ ਵਿੱਚ ਫਰਾਂਸ ਦੇ ਪੈਰਿਸ ਦੇ ਵਿੱਚ ਹੋਈਆਂ ਓਲੰਪਿਕ ਦੀਆਂ ਖੇਡਾਂ ਦੇ ਵਿੱਚ ਭਾਰਤ ਵੱਲੋਂ ਨੁਮਾਇੰਦਗੀ ਕਰਨ ਵਾਲਾ ਇੱਕ ਸਿੱਖ ਸੀ ਜਿਸ ਦਾ ਨਾਮ ਸੀ ਬਰਗੇਡੀਅਰ ਦਲੀਪ ਸਿੰਘ ਗਰੇਵਾਲ :

1928 ਸਾਲ ਦੇ ਦੌਰਾਨ ਐਮਸਟਰਡਮ ਏਸ਼ਿਆਈ ਖੇਡਾਂ ਦੀ ਮਸ਼ਾਲ ਜਗਾਉਣ ਦਾ ਮਾਣ ਵੀ ਸਰਦਾਰ ਦਲੀਪ ਸਿੰਘ ਨੂੰ ਹੀ ਮਿਲਿਆ ਸੀ :

1951 ਵਿੱਚ ਦਿੱਲੀ ਵਿਖੇ ਹੋਈਆਂ ਏਸ਼ੀਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਮਸ਼ਾਲ ਜਲਾਉਣ ਵਾਲੇ , ਆਪ ਪਹਿਲੇ ਭਾਰਤੀ, ਸਿੱਖ ਸਨ :

5 ਜੁਲਾਈ 1924 ਤੋਂ  ਫਰਾਂਸ ਦੇ ਪੈਰਿਸ ਦੇ ਵਿੱਚ ਸ਼ੁਰੂ ਹੋਈਆਂ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪਹਿਲੇ ਸਿੱਖ ਹੋਣ ਦਾ ਮਾਣ ਬ੍ਰਿਗੇਡੀਅਰ ਦਲੀਪ ਸਿੰਘ ਗ੍ਰੇਵਾਲ ਨੂੰ ਮਿਲਿਆ ਹੈ। ਜੁਲਾਈ 1924 ਦੀਆਂ ਓਲੰਪਿਕ ਖੇਡਾਂ ਪੈਰਿਸ ਵਿੱਚ ਹੀ ਹੋਈਆਂ ਸਨ ਜਿਸ ਵਿੱਚ ਭਾਰਤ ਵਲੋਂ ਸੱਤ ਐਥਲੀਟ ਖਿਡਾਰੀਆਂ ਦੀ ਇੱਕ ਟੀਮ ਭੇਜੀ ਗਈ ਸੀ।  ਇਸ ਸੱਤ ਮੈਂਬਰੀ ਟੀਮ ਵਿੱਚ ਦੋ ਸਿੱਖ, ਸਰਦਾਰ ਮੇਜਰ ( ਬ੍ਰਗੇਡੀਅਰ) ਦਲੀਪ ਸਿੰਘ ਅਤੇ ਸਰਦਾਰ ਪਾਲਮ ਸਿੰਘ ਸ਼ਾਮਲ ਸਨ।

27 ਅਪ੍ਰੈਲ, 1899 ਨੂੰ ਲੁਧਿਆਣਾ ਦੇ ਪਿੰਡ ਦੋਲੋਂ ਖੁਰਦ ਵਿੱਖੇ ਬ੍ਰਗੇਡੀਅਰ ਦਲੀਪ ਸਿੰਘ ਜਨਮ ਹੋਇਆ ਸੀ। 1914 ਵਿੱਚ ਸ਼ਹਿਰ ਦੇ ਮਿਸ਼ਨ ਸਕੂਲ ਤੋਂ ਆਪਨੇ ਆਪਣੀ ਮੈਟ੍ਰਿਕ ਪੂਰੀ ਕੀਤੀ। ਫੇਰ ਲਾਹੌਰ ਫੋਰਮੈਨ ਕ੍ਰਿਸਚੀਅਨ ਕਾਲਜ ਤੋਂ ਬੀ.ਏ. ਦੀ ਡਿਗਰੀ ਹਾਸਿਲ ਕੀਤੀ, ਬਾਅਦ ਵਿੱਚ ਲਾਹੌਰ ਦੇ ਲਾਅ ਕਾਲਜ ਵਿੱਚ ਦਾਖਲਾ ਲਿਆ ਜਿੱਥੇ ਉਨ੍ਹਾਂ ਨੇ 1924 ਵਿੱਚ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ।

ਸਰਦਾਰ ਦਲੀਪ ਸਿੰਘ ਪਹਿਲੀ ਪਟਿਆਲਾ ਇਨਫੈਂਟਰੀ (ਪਟਿਆਲਾ ਸਟੇਟ ਫੋਰਸਿਜ਼) ਵਿੱਚ ਭਰਤੀ ਹੋਏ ਅਤੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਪਹਿਲੇ ਸਿੱਖ ਖਿਡਾਰੀ ਬਣੇ।

ਸਰਦਾਰ ਦਲੀਪ ਸਿੰਘ ਨੂੰ ਪੰਜਾਬ ਵੱਲੋਂ ਦੋ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਸਿੱਖ ਖਿਡਾਰੀ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ।

ਸਰਦਾਰ ਦਲੀਪ ਸਿੰਘ ਗ੍ਰੇਵਾਲ ਨੇ ਆਪਣੇ ਕੌਮਾਂਤਰੀ ਖੇਡ ਕਰੀਅਰ ਦੀ ਸ਼ੁਰੂਆਤ ਇੱਕ ਫੌਜੀ ਦੇ ਰੂਪ ਵਿੱਚ ਕੀਤੀ। ਜੁਲਾਈ 1924 ਵਿੱਚ ਹੋਈਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਆਪਨੇ ਫਸਟ ਪਟਿਆਲਾ ਇਨਫੈਂਟਰੀ ਵਿੱਚ, ਸੈਕੰਡ ਲੈਫਟੀਨੈਂਟ ਵਜੋਂ ਕਮਿਸ਼ਨ ਹਾਸਲ ਕਰ ਲਿਆ ਸੀ ।

ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਆਪ ਨੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਬ੍ਰਿਟਿਸ਼ ਫੌਜ ਲਈ ਲੜਦੇ ਹੋਏ ਬਹਾਦੁਰੀ ਦੇ ਚੌਖੇ ਜੌਹਰ ਵਿਖਾਏ ਸਨ। ਉਸ ਵਕਤ ਉਹ ਮੇਜਰ ਦੇ ਅਹੁਦੇ ’ਤੇ ਸਨ ਅਤੇ ਜੂਨ 1939 ਤੋਂ ਅਪ੍ਰੈਲ 1942 ਤੱਕ ਉੱਤਰੀ ਪੱਛਮੀ ਸਰਹੱਦੀ ਸੂਬੇ ਵਿੱਚ ਤਾਇਨਾਤ ਸਨ।ਇਸ ਤੋਂ ਬਾਅਦ, ਆਪਨੂੰ ਅਸਾਮ-ਬਰਮਾ ਮੋਰਚੇ ’ਤੇ ਤਾਇਨਾਤ ਕੀਤਾ ਗਿਆ ਜਿੱਥੇ ਆਪਨੇ ਤੀਬਰ ਲੜਾਈ ਦਾ ਤਜ਼ਰਬਾ ਹਾਸਲ ਕੀਤਾ।

6 ਅਪ੍ਰੈਲ, 1944 ਨੂੰ, ਇੱਕ ਫੌਜੀ ਮੁੱਠਭੇੜ ਦੌਰਾਨ, ਆਪਨੇ ਆਪਣੀ ਯੂਨਿਟ ਦੀ ਕਮਾਨ ਕੀਤੀ ਅਤੇ ਜ਼ਖਮੀ ਹੋ ਗਏ। ਉਨ੍ਹਾਂ ਉੱਤੇ ਬੰਬ ਸੁੱਟੇ ਗਏ। ਉਨ੍ਹਾਂ ਦੇ ਨਾਲ ਖੜ੍ਹੇ ਇੱਕ ਸਾਥੀ ਅਫ਼ਸਰ ਦੇ ਸਿਰ ਵਿੱਚ ਛੱਰੇ ਲੱਗੇ, ਜਦੋਂਕਿ ਮੇਜਰ ਦਲੀਪ ਸਿੰਘ ਵੀ ਜ਼ਖਮੀ ਹੋ ਗਏ, ਉਨ੍ਹਾਂ ਦੀਆਂ ਲੱਤਾਂ ’ਤੇ ਅਤੇ ਪੈਰਾਂ ਤੇ ਛੱਰੇ ਵਜੇ।

ਦੂਜਰੀ ਵਿਸ਼ਵ ਜੰਗ ਦੌਰਾਨ ਆਪ ਦੀ ਮਿਸਾਲੀ ਸੇਵਾ ਨੂੰ ਦੇਖਦਿਆਂ ਹੋਇਆਂ ਆਪਨੂੰ 8 ਫਰਵਰੀ 1945 ਵਾਲੇ ਦਿਨ ਬ੍ਰਿਟਿਸ਼ ਸਾਮਰਾਜ ਦੇ ਸਭ ਤੋਂ ਸ੍ਰੇਸ਼ਠ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ।

ਕਿੰਗ ਜਾਰਜ ਛੇਵੇਂ ਵਲੋਂ ਆਪਨੂੰ ਮਿਲਟਰੀ ਸਨਮਾਨ ਦੇ ਨਾਲ ਇੱਕ ਪ੍ਰਸੰਸਾ ਪੱਤਰ ਦਿੱਤਾ ਗਿਆ ਜਿਸ ਵਿੱਚ, ਲਿਖਿਆ ਗਿਆ ਸੀ, “ਮੇਜਰ ਦਲੀਪ ਸਿੰਘ ਨੂੰ ਸਨਮਾਨ ਵਜੋਂ ਬ੍ਰਿਟਿਸ਼ ਸਾਮਰਾਜ ਦੀ ਮਿਲਟਰੀ ਡਿਵੀਜ਼ਨ ਦਾ ਵਧੀਕ ਮੈਂਬਰ ਐਲਾਨਿਆ ਜਾਂਦਾ ਹੈ।’’

1928 ਸਾਲ ਦੇ ਦੌਰਾਨ ਐਮਸਟਰਡਮ ਵਿੱਖੇ ਹੋਈਆਂ ਏਸ਼ਿਆਈ ਖੇਡਾਂ ਲਈ ਆਪਨੂੰ ਨਾ ਸਿਰਫ ਚੁਣਿਆ ਗਿਆ ਸਗੋਂ ਪਹਿਲੀਆਂ ਏਸ਼ਿਆਈ ਖੇਡਾਂ ਦੀ ਮਸ਼ਾਲ ਜਗਾਉਣ ਦਾ ਮਾਣ ਵੀ ਸਰਦਾਰ ਦਲੀਪ ਸਿੰਘ ਨੂੰ ਮਿਲਿਆ।

ਅਗਸਤ 1947 ਦੇ ਵਿੱਚ ਅੰਗਰੇਜ਼ ਪੰਜਾਬ ਦੇ ਦੋ ਟੁਕੜੇ ਕਰਕੇ ਵਾਪਸ ਇੰਗਲੈਂਡ ਪਰਤ ਗਏ ਅਤੇ ਉਸ ਤੋਂ ਬਾਅਦ ਸਾਲ 1948 ਦੇ ਦੌਰਾਨ ਭਾਵ ਆਜ਼ਾਦੀ ਤੋਂ ਬਾਅਦ ਪਟਿਆਲਾ ਸਟੇਟ ਫੋਰਸਿਜ਼ ਦਾ ਭਾਰਤੀ ਫੌਜ ਵਿੱਚ ਰਲੇਵਾਂ ਹੋ ਗਿਆ ਅਤੇ ਬ੍ਰਿਗੇਡੀਅਰ ਦਲੀਪ ਸਿੰਘ ਦੀ ਮੂਲ ਰੈਜੀਮੈਂਟ, ਫਸਟ ਪਟਿਆਲਾ (15 ਪੰਜਾਬ) ਨੂੰ ਮੁੜ੍ਹ ਗਠਿਤ ਕੀਤਾ ਗਿਆ ਅਤੇ ਇਸ ਦੀ ਕਮਾਨ ਬ੍ਰਿਗੇਡੀਅਰ ਦਲੀਪ ਸਿੰਘ ਨੂੰ ਦਿੱਤੀ ਗਈ। ਇੰਜ ਭਾਰਤ ਦੀ ਆਜ਼ਾਦੀ ਤੋਂ ਬਾਅਦ ਜਦੋਂ ਪਟਿਆਲਾ ਆਰਮੀ ਦਾ ਭਾਰਤੀ ਫੌਜ ਵਿੱਚ ਰਲੇਵਾਂ ਹੋਇਆ ਤਾਂ ਬ੍ਰਿਗੇਡੀਅਰ ਦਲੀਪ ਸਿੰਘ ਨੇ ਟੀਮ ਦੇ ਕੋਚ-ਕਮ-ਪ੍ਰਬੰਧਕ ਦੀ ਭੂਮਿਕਾ ਵੀ ਨਿਭਾਈ। ਆਪਨੂੰ ਸਾਲ 1949 ਵਿੱਚ ਰਾਸ਼ਟਰੀ ਖਿਤਾਬ ਦੇ ਨਾਲ ਸਨਮਾਨਿਤ ਕੀਤਾ ਗਿਆ।

ਬ੍ਰਿਗੇਡੀਅਰ ਦਲੀਪ ਸਿੰਘ ਇੱਕ ਵਧੀਆ ਅਥਲੀਟ ਹੋਣ ਦੇ ਨਾਲੋ-ਨਾਲ ਹਾਕੀ ਦੇ ਵੀ ਚੰਗੇ ਖਿਡਾਰੀ ਸਨ।  ਪੈਰਿਸ ਓਲੰਪਿਕ ਦੇ ਟਰਾਇਲ ਲਾਹੌਰ ਵਿੱਚ ਹੋਏ ਸਨ, ਬ੍ਰਿਗੇਡੀਅਰ ਦਲੀਪ ਸਿੰਘ ਨੇ ਪਟਿਆਲਾ ਟਾਈਗਰਜ਼, ਵਲੋਂ ਹਾਕੀ ਟੀਮ ਲਈ ਖੇਡਣਾ ਸੀ।  ਇਸ ਟਰਾਇਲ ਦੇ ਦੌਰਾਨ ਹੀ ਜਦੋਂ ਮਹਾਰਾਜਾ ਪਟਿਆਲਾ ਭੁਪਿਦਰ ਸਿੰਘ ਨੇ ਬ੍ਰਿਗੇਡੀਅਰ ਦਲੀਪ ਸਿੰਘ ਦੀ ਯੋਗਤਾ ਨੂੰ ਪਛਾਣ ਲਿਆ ਤਾਂ ਆਪ ਨੂੰ ਸੱਤ-ਵਿਅਕਤੀਆਂ ਦੀ ਅਥਲੈਟਿਕ ਟੀਮ ਵਿੱਚ ਇੱਕ ਯੋਗ ਸਥਾਨ ਪ੍ਰਾਪਤ ਕਰਨ ਦੇ ਲਈ ਭਾਰਤ ਸਰਕਾਰ ਅੱਗੇ ਪੁਰਜ਼ੋਰ ਸਿਫ਼ਾਰਿਸ਼ ਕੀਤੀ।  

ਬ੍ਰਿਗੇਡੀਅਰ ਦਲੀਪ ਸਿੰਘ ਨੂੰ ਹੀ ਇਹ ਮਾਣ ਮਿਲਿਆ ਸੀ ਕਿ ਆਪ 1951 ਵਿੱਚ ਦਿੱਲੀ ਵਿਖੇ ਹੋਈਆਂ ਏਸ਼ੀਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਮਸ਼ਾਲ ਜਲਾਉਣ ਵਾਲੇ ਪਹਿਲੇ ਭਾਰਤੀ, ਸਿੱਖ ਸਨ।

ਇੰਜ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਹੇ ਫੌਜੀ ਵਜੋਂ ਦਲੀਪ ਸਿੰਘ ਨੂੰ ਪਹਿਲੀਆਂ ਏਸ਼ਿਆਈ ਖੇਡਾਂ ਦੀ ਮਸ਼ਾਲ ਨੂੰ ਨਵੀਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਲਿਜਾਣ ਦਾ ਮਾਣ ਪ੍ਰਾਪਤ ਹੋਇਆ। ਜਦੋਂ ਆਪ ਸਟੇਡੀਅਮ ਦੇ ਵਿੱਚ ਮਸ਼ਾਲ ਲੈਕੇ ਦਾਖਲ ਹੋਏ ਤਾਂ ਉਥੇ ਮੌਜੂਦ ਲੋਕਾਂ ਨੇ ਸਾਰੇ ਪਾਸਿਓਂ ਖੜੇ ਹੋ ਕੇ, ਤਾੜੀਆਂ ਮਾਰ ਕੇ ਅਤੇ ਉੱਚੀ ਉੱਚੀ ਆਵਾਜ਼ ਦੇ ਵਿੱਚ ਆਪ ਜੀ ਦਾ ਨਿੱਘਾ ਅਤੇ ਭਰਪੂਰ ਸਵਾਗਤ ਕੀਤਾ।

ਜਿਵੇਂ ਕਿ ਆਪ ਜੀ ਨੂੰ ਮੈਂ ਦੱਸ ਹੀ ਚੁੱਕਾ ਹਾਂ ਕਿ ਲੁਧਿਆਣਾ ਦੇ ਪਿੰਡ ਦੋਲੋਂ ਕਲਾਂ ਵਿੱਚ ਜਨਮੇ ਸਰਦਾਰ ਦਲੀਪ ਸਿੰਘ ਦੀ ਸਕੂਲੀ ਸਿੱਖਿਆ ਮਿਸ਼ਨ ਸਕੂਲ ਵਿੱਚ ਹੋਈ ਸੀ। ਬਾਅਦ ਵਿੱਚ ਆਪਨੇ ਫੋਰਮਨ ਕ੍ਰਿਸਚੀਅਨ ਕਾਲਜ ਅਤੇ ਲਾਅ ਕਾਲਜ, ਲਾਹੌਰ ਵਿੱਚ ਦਾਖਲ ਲਿਆ। ਕਾਲਜ ਅਤੇ ਯੂਨੀਵਰਸਿਟੀ ਦੇ ਦਿਨਾਂ ਦੌਰਾਨ 100 ਗਜ਼, 200 ਗਜ਼, 440 ਗਜ਼ ਅਤੇ 120 ਗਜ਼, ਲੰਬੀ ਛਾਲ ਵਿੱਚ ਸ਼ਾਨਦਾਰ ਹੁਨਰ ਦਿਖਾਉਂਦੇ ਹੋਏ ਉਹ ਇੱਕ ਵਧੀਆ ਅਥਲੀਟ ਵਜੋਂ ਉੱਭਰੇ ਅਤੇ ਇਸਦੇ ਨਾਲ ਹੀ ਆਪ ਨੇ ਹਾਕੀ ਅਤੇ ਕ੍ਰਿਕਟ ਦੇ ਵਿਚ ਵੀ ਚੰਗੇ ਚੋਖੇ ਹੱਥ ਅਜ਼ਮਾਏ ਸਨ ਅਤੇ ਇਹ ਖੇਡਾਂ ਵੀ ਆਪ ਬਹੁਤ ਸ਼ਾਨਦਾਰ ਖੇਡਦੇ ਸਨ।

ਅਸਲ ਦੇ ਵਿੱਚ ਬ੍ਰਗੇਡੀਅਰ ਦਲੀਪ ਸਿੰਘ ਇੱਕ ਅਜੇਹੇ ਆਲ-ਰਾਊਂਡਰ ਖਿਡਾਰੀ ਸਨ, ਜਿਨ੍ਹਾਂ ਨੇ ਐਥਲੈਟਿਕਸ ਵਿੱਚ ਓਲੰਪਿਕ ਵਿੱਚ ਹਿੱਸਾ ਲਿਆ, ਪਟਿਆਲਾ ਟਾਈਗਰਜ਼ ਲਈ ਹਾਕੀ ਖੇਡੀ, ਜੋ ਉਸ ਸਮੇਂ ਸਰਕਟ ਵਿੱਚ ਕਾਫ਼ੀ ਪ੍ਰਸਿੱਧ ਟੀਮ ਸੀ।

 ਜੁਲਾਈ 1924 ਵਿੱਚ ਪੈਰਿਸ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਜਦੋਂ ਬ੍ਰਿਗੇਡੀਅਰ ਦਲੀਪ ਸਿੰਘ ਨੂੰ ਚੁਣਿਆ ਗਿਆ ਤਾਂ ਇਹ ਉਨ੍ਹਾਂ ਦੀ ਸਹੀ ਸਫਲਤਾ ਦੀ ਪਹਿਲੀ ਪਉੜੀ ਸੀ। ਇੱਥੇ ਉਹ ਭਾਰਤੀ ਐਥਲੈਟਿਕ ਟੀਮ ਦੇ ਕਪਤਾਨ ਸਨ।ਇਹ ਅਜਿਹਾ ਸਮਾਂ ਸੀ ਜਦੋਂ ਸਿਰਫ਼ ਕੁੱਝ ਚੰਦ ਲੋਕਾਂ ਨੂੰ ਹੀ ਵਿਸ਼ਵ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਦਾ ਸੀ ਅਤੇ ਉਦੋਂ ਵਿਦੇਸ਼ ਯਾਤਰਾ ਕਰਨਾ ਵੀ ਇੱਕ ਬਹੁਤ ਵਡੀ ਗੱਲ ਸਮਝਿਆ ਜਾਂਦਾ ਸੀ।

ਉਸ ਤੋਂ ਬਾਅਦ 1927 ਵਿੱਚ ਲਾਹੌਰ ਵਿੱਚ ਹੋਏ ਵਿਸ਼ਵਿਆਪੀ ਟੂਰਨਾਮੈਂਟ ਵਿੱਚ ਆਪਨੇ ਸਿੱਖਾਂ ਦੀ ਨੁਮਾਇੰਦਗੀ ਕੀਤੀ। ਇਹ ਬਸਤੀਵਾਦੀ ਕਾਲ ਦੇ ਦੌਰਾਨ ਖੇਡਿਆ ਜਾਣ ਵਾਲਾ ਇੱਕ ਅਜਿਹਾ ਟੂਰਨਾਮੈਂਟ ਸੀ ਜਿੱਥੇ ਭਾਈਚਾਰਿਆਂ ਜਾਂ ਧਰਮਾਂ ਦੇ ਆਧਾਰ ‘ਤੇ ਟੀਮਾਂ ਬਣਾਈਆਂ ਜਾਂਦੀਆਂ ਸਨ।ਸਿੱਖ ਧਰਮ ਦੇ ਅਧਾਰ ਤੇ ਬਣੀ ਟੀਮ ਦੀ ਨੁਮਾਇੰਦਗੀ ਬ੍ਰਿਗੇਡੀਅਰ ਦਲੀਪ ਸਿੰਘ ਨੇ ਕੀਤੀ ਸੀ।

ਦੂਜੇ ਵਿਸ਼ਵ ਯੁੱਧ ਵਿੱਚ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਲਈ ਆਪ ਨੂੰ ਐੱਮਬੀਈ ਮੈਂਬਰ ਆਫ ਬ੍ਰਿਟਿਸ਼ ਅੰਪਾਇਰ (ਬਰਤਾਨਵੀ ਸਾਮਰਾਜ ਦਾ ਸਭ ਤੋਂ ਉੱਤਮ ਸਨਮਾਨ) ਦੇ ਨਾਲ ਸਨਮਾਨਿਤ ਕੀਤਾ ਗਿਆ ਸੀ।

ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਉਹ ਮੇਜਰ ਦੇ ਉਹਦੇ ਉੱਪਰ ਸਨ ਅਤੇ ਗੋਰਿਆਂ ਵਲੋਂ ਲੜੇ ਸਨ। ਆਪ ਦੇ ਪੈਰਾਂ ਅਤੇ ਲਤਾਂ ਦੇ ਵਿੱਚ ਕੁਝ ਐਸੇ ਛਰੇ ਆਣ ਵਜੇ ਜੋ ਕਿ ਕੱਢਣੇ ਮੁਸ਼ਕਿਲ ਹੋ ਗਏ, ਆਪ ਦੇ ਪੈਰ ਛਲਣੀ ਹੋ ਗਏ ਅਤੇ ਤਾ ਉਮਰ ਉਹ ਛਲਣੀ ਹੋਏ ਪੈਰਾਂ ਦੇ ਨਾਲ ਵੀ ਮਲ੍ਹਾਂ ਮਾਰਦੇ ਰਹੇ।

ਬ੍ਰਗੇਡੀਅਰ ਦਲੀਪ ਸਿੰਘ ਦੀ ਪੋਤੀ ਅਤੇ ਕਰਨਲ ਬਾਲਕ੍ਰਿਸ਼ਨ ਸਿੰਘ ਦੀ ਬੇਟੀ ਹਰੀਨਾ ਕੌਰ ਗਿੱਲ ਨੇ ਇੱਕ ਵਾਰੀ ਆਪਣੇ ਦਾਦਾ ਜੀ ਨੂੰ ਪੁਛਇਆ ਸੀ, ਕਿ ਉਹ ਆਪਣੇ ਪੈਰਾਂ ਵਿੱਚੋਂ ਇਹ ਛਰੇ ਕਢਵਾ ਕਿਉਂ ਨਹੀਂ ਦੇਂਦੇ, ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਲੱਤਾਂ- ਪੈਰਾਂ’ਤੇ ਇਤਿਹਾਸ ਲਿਖਿਆ ਹੋਇਆ ਹੈ ਅਤੇ ਉਹ ਇਸ ਇਤਿਹਾਸ ਨੂੰ ਮਿਟਾਉਣਾ ਨਹੀਂ ਚਾਹੁੰਦੇ।’’

ਖੇਡ ਦੀ ਇਸ ਆਪਣੀ ਪਰੰਪਰਕ ਵਿਰਾਸਤ ਨੂੰ ਅੱਗੇ ਤੋਰਦਿਆਂ ਹੋਇਆਂ , ਬ੍ਰਗੇਡੀਅਰ ਦਲੀਪ ਸਿੰਘ ਅਤੇ ਉਨ੍ਹਾਂ ਦੇ ਬੇਟੇ ਕਰਨਲ ਬਾਲਕ੍ਰਿਸ਼ਨ ਸਿੰਘ ਨੇ ਜਦੋਂ ਓਲੰਪਿਕ ਵਿੱਚ ਹਿੱਸਾ ਲਿਆ ਤਾਂ ਇਸ ਦੇ ਨਾਲ  ਭਾਰਤ ਦੇ ਵਿੱਚ ਪਹਿਲੀ ਵਾਰੀ ਪਹਿਲੀ ਪਿਓ-ਪੁੱਤ ਦੀ ਜੋੜੀ ਬਣ ਗਈ। ਇੰਜ ਆਪਣੇ ਪਿਤਾ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਕਰਨਲ ਬਾਲਕ੍ਰਿਸ਼ਨ ਸਿੰਘ ਨੇ ਪੰਜਾਬ ਯੂਨੀਵਰਸਿਟੀ ਵਿੱਚ ਐਥਲੈਟਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਕਰਨਲ ਬਾਲਕ੍ਰਿਸ਼ਨ ਸਿੰਘ,  ਲੰਬੀ ਛਾਲ ਅਤੇ ਤੀਹਰੀ ਛਾਲ (ਟ੍ਰਿਪਲ ਜੰਪ) ਵਿੱਚ ਯੂਨੀਵਰਸਿਟੀ ਚੈਂਪੀਅਨ ਬਣੇ ਅਤੇ 1951-52 ਵਿੱਚ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਟ੍ਰਿਪਲ ਜੰਪ ਵਿੱਚ ਸੋਨੇ ਦਾ ਤਗ਼ਮਾ ( ਗੋਲਡ ਮੈਡਲ) ਜਿੱਤਿਆ।

ਬਾਅਦ ਵਿੱਚ ਜਦੋਂ ਕਰਨਲ ਬਾਲਕ੍ਰਿਸ਼ਨ ਸਿੰਘ ਨੇ ਕੋਚਿੰਗ ਵੱਲ ਰੁਖ਼ ਕਰ ਲਿਆ ਤਾਂ ਖਿਡਾਰੀ ਅਤੇ ਕੋਚ ਦੋਵਾਂ ਦੇ ਰੂਪ ਵਿੱਚ ਓਲੰਪਿਕ ਵਿੱਚ ਸੋਨੇ ਦਾ ਮੈਡਲ ਜਿੱਤਣ ਵਾਲੇ ਇਕਲੌਤੇ ਪਹਿਲੇ ਭਾਰਤੀ ਸਿੱਖ ਖਿਡਾਰੀ ਬਣ ਗਏ।

ਕਰਨਲ ਬਾਲਕ੍ਰਿਸ਼ਨ ਸਿੰਘ ਨੇ ਭਾਰਤੀ ਮਹਿਲਾ ਹਾਕੀ ਦੇ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਆਪਨੇ 1982 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਦੇ ਲਈ ਲੜਕੀਆਂ ਨੂੰ ਕੋਚਿੰਗ ਦਿੱਤੀ।

ਕਰਨਲ ਬਾਲਕ੍ਰਿਸ਼ਨ ਸਿੰਘ ਉਸ ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਂਬਰ ਸਨ ਜਿਸ ਟੀਮ ਨੇ 1956 ਓਲੰਪਿਕ ਵਿੱਚ ਸੋਨੇ ਦਾ ਤਗਮਾ ਅਤੇ 1960 ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। 1980 ਸਾਲ ਦੇ ਦੌਰਾਨ ਮਾਸਕੋ ਓਲੰਪਿਕ ਵਿੱਚ ਕੋਚ ਵਜੋਂ ਭਾਰਤੀ ਪੁਰਸ਼ ਹਾਕੀ ਟੀਮ ਨੂੰ ਸੋਨ ਤਗ਼ਮਾ ਦਿਵਾਇਆ ਅਤੇ ਇਸਦੇ ਕੋਚ ਕਰਨਲ ਬਾਲਕ੍ਰਿਸ਼ਨ ਸਿੰਘ ਸਨ।

ਇੰਜ ਬ੍ਰਗੇਡੀਅਰ ਦਲੀਪ ਸਿੰਘ ਨੇ 1924 ਅਤੇ 1928 ਦੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ, ਜਦੋਂ ਕਿ ਉਨ੍ਹਾਂ ਦੇ ਪੁੱਤਰ ਕਰਨਲ  ਬਾਲਕ੍ਰਿਸ਼ਨ ਸਿੰਘ ਨੇ 1956 ਅਤੇ 1960 ਦੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ।

ਗੁਰਦੀਪ ਸਿੰਘ ਜਗਬੀਰ ( ਡਾ.)

ਦਲੀਪ ਸਿੰਘ ਨੂੰ ਦੋ ਓਲੰਪਿਕ ਖੇਡਾਂ (1924 ਅਤੇ 1928) ਵਿੱਚ ਭਾਰਤ ਦੀ ਨੁਮਾਇੰਦਗੀ ਕਰਨ, ਸ਼ੁਰੂਆਤੀ ਏਸ਼ੀਅਨ ਖੇਡਾਂ ਦੀ ਮਿਸ਼ਾਲ ਜਗਾਉਣ, ਓਲੰਪੀਅਨਾਂ ਨੂੰ ਤਿਆਰ ਕਰਨ ਅਤੇ ਹੋਰ ਬਹੁਤ ਸਾਰੀਆਂ ਪਹਿਲੀਆਂ ਉਪਲੱਬਧੀਆਂ ਹਾਸਲ ਕਰਨ ਦਾ ਮਾਣ ਪ੍ਰਾਪਤ ਹੈ।

ਸਰਦਾਰ ਦਲੀਪ ਸਿੰਘ 1951 ਵਿੱਚ ਭਾਰਤੀ ਫੌਜ ਵਿੱਚੋਂ ਬ੍ਰਿਗੇਡੀਅਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਆਪਣੀ ਸੇਵਾਮੁਕਤੀ ਤੋਂ ਬਾਅਦ ਯਾਦਵਿੰਦਰਾ ਸਟੇਡੀਅਮ ਵਿਖੇ ਬਤੌਰ ਪ੍ਰਸ਼ਾਸਕ ਦੇ ਉਨ੍ਹਾਂ ਦੀ ਤਾਇਨਾਤੀ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਆਪ ਨੇ ਪਟਿਆਲਾ ਓਲੰਪਿਕ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਵਜੋਂ ਵੀ ਸੇਵਾ ਨਿਭਾਈ।

1956 ਵਿੱਚ ਪਟਿਆਲਾ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਦੌਰਾਨ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਦੇ ਨਾਂ ’ਤੇ ਖੇਡ ਪਿੰਡ ਦਾ ਨਾਂ ‘ਦਲੀਪ ਨਗਰ’ ਰੱਖਿਆ ਗਿਆ।

 ਅਸਲ ਵਿੱਚ ਬ੍ਰਗੇਡੀਅਰ ਸਰਦਾਰ ਦਲੀਪ ਸਿੰਘ ਗ੍ਰੇਵਾਲ ਨੂੰ ਇੱਕ ਬਹੁਤ ਹੀ ਪ੍ਰਤਿਸ਼ਠਾਵਾਨ ਵਿਅਕਤੀ ਕਿਹਾ ਜਾ ਸਕਦਾ ਹੈ, ਦੂਜੇ ਵਿਸ਼ਵ ਯੁੱਧ ਵਿੱਚ, ਸਰਦਾਰ ਦਲੀਪ ਸਿੰਘ ਨੇ ਪਟਿਆਲਾ ਇਨਫੈਂਟਰੀ ਵਿੱਚ ਸੇਵਾ ਕੀਤੀ ਸੀ।  ਉਹ 1924 ਵਿੱਚ ਪਟਿਆਲਾ ਦੀ ਫੌਜ ਵਿੱਚ ਭਰਤੀ ਹੋਏ ਸਨ। ਉਹਨਾਂ ਦੀਆਂ ਸੇਵਾਵਾਂ ਲਈ ਉਹਨਾਂ ਨੂੰ ਬ੍ਰਿਟਿਸ਼ ਸਾਮਰਾਜ ਦੇ ਮੈਂਬਰ ਆਫ਼ ਬ੍ਰਿਟਿਸ਼ ਅੰਪਾਇਰ (MBE) ਵਜੋਂ ਸਨਮਾਨਿਤ ਕੀਤਾ ਗਿਆ ਸੀ।

ਭੁੱਲਾਂ ਦੀ ਖਿਮਾ:

ਗੁਰਦੀਪ ਸਿੰਘ ਜਗਬੀਰ ( ਡਾ.)

ਕਮਲਾ ਹੈਰਿਸ ਅਗਰ ਡੈਮੋਕਰੇਟਿਕ ਪਾਰਟੀ ਵੱਲੋਂ ਅਮ੍ਰੀਕਾ ਦੇ ਰਾਸ਼ਟਰਪਤੀ ਦੀ ਉਮੀਦਵਾਰ ਬਣੀ ਤਾਂ ਕੀ ਉਹ ਡੋਨਲਡ ਟਰੰਪ ਨੂੰ ਹਰਾ ਸਕੇਗੀ ?

ਇਸੇ ਸਾਲ ਨਵੰਬਰ ਮਹੀਨੇ ਦੇ ਵਿੱਚ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਇਸ ਵਕਤ ਦੀ ਮੌਜੂਦਾ ਉਪਰਾਸ਼ਟਰਪਤੀ ਕਮਲਾ ਹੈਰਿਸ ਦੇ ਲਈ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਡੈਮੋਕਰੇਟਿਕ ਪਾਰਟੀ ਵੱਲੋਂ ਉਮੀਦਵਾਰ ਬਣਨ ਦਾ ਰਸਤਾ ਲਗਭਗ ਸਾਫ ਨਜ਼ਰ ਆ ਰਿਹਾ ਹੈ ਪਰ ਅਮੇਰੀਕਾ ਦੇ ਰਾਸ਼ਟਰਪਤੀ ਦੀਆਂ ਇਹਨਾਂ ਚੋਣਾਂ ਦੇ ਵਿੱਚ ਰਿਪਬਲਿਕ ਉਮੀਦਵਾਰ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰਮ ਨੂੰ ਹਰਾਣਾ ਉਹਨਾਂ ਦੇ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਰਾਸ਼ਟਰਪਤੀ ਦੇ ਅਹੁਦੇ ਦੇ ਲਈ ਕਮਲਾ ਹੈਰਿਸ ਦਾ ਪਾਰਟੀ ਦੀ ਉਮੀਦਵਾਰ ਬਣਨਾ ਇੱਕ ਪਾਸੇ ਜਿੱਥੇ ਡੈਮੋਕਰੇਟਸ ਦੇ ਵਿੱਚ ਨਵੀਂ ਜਾਨ ਫੁਕੇਗਾ ਉਥੇ ਦੂਜੇ ਪਾਸੇ ਕੁਝ ਕਮਜ਼ੋਰੀਆਂ ਨੂੰ ਵੀ ਉਜਾਗਰ ਕਰੇਗਾ। ਜੋ ਬਾਈਡਨ ਦੇ ਰੇਸ ਦੇ ਵਿੱਚ ਰਹਿੰਦਿਆਂ ਇਹ ਚਿੰਤਾ ਦਾ ਵਿਸ਼ਾ ਸੀ ਇਹ ਕੁਝ ਉਹਨਾਂ ਕਮਜ਼ੋਰੀਆਂ ਨੂੰ ਵੀ ਉਜਾਗਰ ਕਰੇਗਾ ਜਿਹੜੀਆਂ ਜੋ ਬਾਇਡਨ ਦੇ ਰੇਸ ਦੇ ਵਿੱਚ ਰਹਿੰਦਿਆਂ ਘੱਟ ਚਿੰਤਾ ਦਾ ਵਿਸ਼ਾ ਸਨ। 

ਹੁਣੇ ਜਿਹੇ ਹੋਏ ਚੁਣਾਵੀ ਸਰਵੇਖਣ ਦੇ ਵਿੱਚ ਕਮਲਾ ਹੈਰਿਸ, ਸਾਬਕਾ ਰਾਸ਼ਟਰਪਤੀ ਡੋਨਲ ਟਰੰਪ ਦੇ ਨਾਲੋ ਥੋੜਾ ਪਿੱਛੇ ਨਜ਼ਰ ਆਈ।ਇਸ ਵਕਤ ਉਹਨਾਂ ਦੀ ਸਥਿਤੀ ਬਿਲਕੁਲ ਉਸੇ ਤਰ੍ਹਾਂ ਦੀ ਹੀ ਹੈ ਜਿਵੇਂ ਰਾਸ਼ਟਰਪਤੀ ਜੋ ਬਾਇਡਨ ਦੀ ਹਾਲਤ, ਉਮੀਦਵਾਰੀ ਵਾਪਸ ਲੈਣ ਤੋਂ ਪਹਿਲਾਂ ਦੀ ਸੀ। ਇਸ ਤਾਜ਼ਾ ਸਰਵੇਖਣ ਦੇ ਮੁਤਾਬਿਕ ਆਂਕੜਿਆਂ ਅਤੇ ਜ਼ਮੀਨੀ ਆਂਕੜਿਆਂ ਦੇ ਵਿੱਚ ਉਤਾਰ ਚੜਾਵ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ। ਰਾਸ਼ਟਰਪਤੀ ਜੋ ਦੀ ਫਿਟਨਸ ਅਤੇ ਪ੍ਰਚਾਰ ਮਿਸ਼ਨ ਨੂੰ ਬਣਾਈ ਰੱਖਣ ਦੀ ਸਮਰਥਾ ਉੱਪਰ ਤਿੰਨ ਹਫਤੇ ਤੋਂ ਵੀ ਵੱਧਦੀ ਮੱਥਾ ਪੇਚੀ ਤੋਂ ਬਾਅਦ ਡੈਮੋਕਰੇਟਸ ਫਿਲਹਾਲ ਹੌਸਲੇ ਦੇ ਵਿੱਚ ਨਜ਼ਰ ਆ ਰਹੇ ਹਨ। ਸਦਨ ਦੀ ਸਾਬਕਾ ਪ੍ਰਧਾਨਾ ਨੈਨਸੀ ਪੇਲੀਸੀ ਸਮੇਤ ਕੁਝ ਹੋਰ ਵੀ ਪ੍ਰਮੁੱਖ ਸੰਭਾਵੀ ਪ੍ਰਤੀਦਵੰਦੀਆਂ ਨੇ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਉਮੀਦਵਾਰ ਦੇ ਤੌਰ’ ਤੇ ਕਮਲਾ ਹੈਰਿਸ ਦੀ ਨਾਮਜਦਗੀ ਦਾ ਸਮਰਥਨ ਕਰ ਦਿੱਤਾ ਹੈ।  ਨੈਨਸੀ ਪੇਲੋਸੀ ਡੈਮੋਕਰੇਟਿਕ ਰਾਜਨੀਤੀ ਵਿੱਚ ਇਸ ਵਕਤ ਸਭ ਤੋਂ ਵੱਧ ਪ੍ਰਭਾਵਸ਼ਾਲੀ ਨੇਤਾਵਾਂ ਦੇ ਵਿੱਚੋਂ ਇੱਕ ਮੰਨੀ ਜਾ ਰਹੀ ਹੈ। 

ਫਿਲਹਾਲ ਕੁੱਲ ਮਿਲਾ ਕੇ ਤਮਾਮ ਹਾਲਾਤਾਂ ਦੇ ਮੁਤਾਬਕ ਅਮਰੀਕਾ ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਇੱਕ ਸਖਤ ਮੁਕਾਬਲਾ ਬਣ ਰਿਹਾ ਹੈ। ਸਾਬਕਾ ਰਾਸ਼ਟਰਪਤੀ ਟਰੰਪ ਨੂੰ ਲੈ ਕੇ ਨਾਪਸੰਦਗੀ ਅਤੇ ਪ੍ਰਮੁੱਖ  ਸੂਬਿਆਂ ਦੇ ਵਿੱਚ ਵਿਚੋਲਗੀ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਨਾਲੋ ਨਾਲ ਪਿਛਲੇ ਕੁਝ ਵਕਤ ਤੋਂ ਨਿਰਾਸ਼ਾ ਵੱਲ ਵੱਧ ਰਹੇ ਆਪਣੇ ਡੈਮੋਕਰੇਟਿਕ ਵੋਟ ਬੇਸ ਨੂੰ ਐਕਟਿਵ ਕਰਨਾ ਉਪਰਾਸ਼ਟਰਪਤੀ ਕਮਲਾ ਦੇ ਲਈ ਇਸ ਵਕਤ ਇੱਕ ਚੁਣੌਤੀ ਵੀ ਹੋਏਗਾ ਅਤੇ ਚੁਣੌਤੀ ਦੇ ਨਾਲ ਇੱਕ ਮੌਕਾ ਵੀ ਹੋਵੇਗਾ, ਇੰਜ ਟਰੰਪ ਸਮਰਥਕਾਂ ਦੇ ਉਤਸਾਹ ਦੀ ਬਰਾਬਰੀ ਦੇ ਲਈ ਆਪਣੇ ਸਮਰਥਕਾਂ ਨੂੰ ਐਕਟਿਵ ਕਰਨਾ ਡੈਮੋਕਰੇਟਿਕਸ ਦੇ ਲਈ ਬਹੁਤ ਮਹੱਤਵਪੂਰਨ ਹੋਏਗਾ। 

ਇਸ ਵਾਰੀ ਚੋਣ ਮਿਸ਼ਨ ਦੇ ਲਈ ਸਭ ਤੋਂ ਵੱਧ ਚੰਦਾ ਡੈਮੋਕਰੇਟਸ ਨੂੰ ਹੀ ਮਿਲਿਆ ਹੈ ਜੋ ਮਿ.ਵੈਡਨਸ ਦੇ ਐਲਾਨ ਤੋਂ ਬਾਅਦ 24 ਘੰਟਿਆਂ ਦੇ ਵਿੱਚ ਅੱਠ ਕਰੋੜ ਡਾਲਰ ਤੋਂ ਵੀ ਵੱਧ ਧਨ ਰਾਸ਼ੀ ਡੋਨੇਸ਼ਨ ਦੇ ਰਾਹੀਂ ਜੋੜੀ ਗਈ ਹੈ।ਇਹ ਇਹਨਾਂ ਚੋਣਾਂ ਦੇ ਵਿੱਚ ਹੁਣ ਤੱਕ ਕਿਸੇ ਵੀ ਉਮੀਦਵਾਰ ਦੇ ਲਈ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ ਇਕੱਠੀ ਕੀਤੀ ਗਈ ਡੋਨੇਸ਼ਨ ਹੈ। ਬਾਈਡਨ ਅਤੇ ਹੈਰਿਸ ਦੇ ਚੋਣ ਪ੍ਰਚਾਰ ਦੇ ਲਈ ਜਮਾ ਕੀਤੇ ਗਏ ਡੋਨੇਸ਼ਨ ਵਾਲੇ ਫੰਡ ਤੋਂ ਮਿਲਣ ਵਾਲੇ ਕਰੀਬਨ 10 ਕਰੋੜ ਡਾਲਰ ਦੇ ਰਾਹੀਂ ਕਮਲਾ ਹੈਰਿਸ ਦੇ ਚੁਣਾਵੀ ਪ੍ਰਚਾਰ ਮਿਸ਼ਨ ਨੂੰ ਇੱਕ ਮਜਬੂਤ ਆਰਥਿਕ ਆਧਾਰ ਵੀ ਮਿਲਿਆ ਹੈ। ਅਗਰ ਕਮਲਾ ਹੈਰੀਸ ਉਮੀਦਵਾਰ ਬਣਦੀ ਹੈ ਤਾਂ ਉਹ ਬਾਇਡਨ ਵਾਂਗ ਹੀ ਟਰੰਪ ਦੀ ਉਮਰ ਨੂੰ ਮੁੱਦਾ ਬਣਾ ਕੇ ਘੇਰਨ ਦੀ ਕੋਸ਼ਿਸ਼ ਕਰੇਗੀ। ਪਿਛਲੇ ਕੁਝ ਮਹੀਨਿਆਂ ਤੋਂ ਚੋਣ ਮਿਸ਼ਨ ਦੇ ਵਿੱਚ ਟਰੰਪ ਅਤੇ ਬਾਈਡਨ ਉੱਪਰ ਉਹਨਾਂ ਦੀ ਵੱਧ ਉਮਰ ਹੋਣ ਦੀ ਵਜਹਾ ਦੇ ਕਾਰਨ ਕਮਜ਼ੋਰ ਅਤੇ ਆਸਾਨੀ ਦੇ ਨਾਲ ਇਸ ਗੱਲ ਨੂੰ ਭਰਮ ਭੁਲੇਖੇ ਦੀ ਗੱਲ ਕਹਿ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਚਾਰ ਹਫਤੇ ਪਹਿਲਾਂ ਪ੍ਰੈਸੀਡੈਂਸ਼ੀਅਲ ਡਿਬੇਟ ਦੇ ਵਿੱਚ ਰਾਸ਼ਟਰਪਤੀ ਜੋ ਬਾਇਡਨ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਇੱਕ ਤਰਹਾਂ ਦੀਆਂ ਚਰਚਾਵਾਂ ਹੋਰ ਤੇਜ਼ ਹੋ ਗਈਆਂ ਸਨ, ਹੁਣ 78 ਵਰਿਆਂ ਦੇ ਟੋਰੰਪ ਦੇ ਮੁਕਾਬਲੇ ਉਪਰ 59 ਵਰਿਆਂ ਦੀ ਡਿਪਟੀ ਰਾਸ਼ਟਰਪਤੀ ਕਮਲਾ ਹੈਰਿਸ ਇਸ ਵਕਤ ਵੱਧ ਉਰਜਾ ਭਰਪੂਰ ਪ੍ਰਚਾਰਕ ਹੋਵੇਗੀ ਅਤੇ ਆਪਣੀ ਪਾਰਟੀ ਦੇ ਲਈ ਅਨੁਕੂਲ ਮਾਹੌਲ ਬਣਾਉਣ ਦੇ ਵਿੱਚ ਵੀ ਸਮਰਥ ਹੋਵੇਗੀ। 

ਸਾਬਕਾ ਰਾਸ਼ਟਰਪਤੀ ਟਰੰਪ ਦੀ ਉਮਰ ਨੂੰ ਮੁੱਦਾ ਬਣਾ ਕੇ ਕਮਲਾ ਹੈਰਿਸ ਮਾਹੌਲ ਆਪਣੇ ਪੱਖ ਦੇ ਵਿੱਚ ਕਰ ਸਕਦੀ ਹੈ ਕਿਉਂਕਿ ਅਗਰ ਟਰੰਪ ਜਿੱਤਦੇ ਹਨ ਤਾਂ ਉਹ ਹੁਣ ਤੱਕ ਚੁਣੇ ਜਾਣ ਵਾਲੇ ਰਾਸ਼ਟਰਪਤੀਆਂ ਦੇ ਵਿੱਚ ਸਭ ਤੋਂ ਵੱਧ ਉਮਰ ਦਰਾਜ ਹੋਣਗੇ। ਇਸ ਤੋਂ ਇਲਾਵਾ ਕਮਲਾ ਹੈਰਿਸ ਬਲੈਕ ਵੋਟਰਸ ਦਾ ਸਮਰਥਨ ਵੀ ਆਪਣੇ ਪੱਖ ਦੇ ਵਿੱਚ ਕਰਨ ਦੇ ਵਿੱਚ ਸਮਰਥ ਹੋ ਸਕਦੀ ਹੈ।

 ਹੁਣੇ ਜਹੇ ਹੋਏ ਸਰਵੇਖਣ ਦੇ ਮੁਤਾਬਿਕ ਬਲੈਕ ਵੋਟਰ, ਜੋ ਬਾਇਡਨ ਤੋਂ ਕਾਫੀ ਨਿਰਾਸ਼ ਨਜ਼ਰ ਆਏ ਸਨ। ਬਰਾਕ ਓਮਾਵਾਂ ਦੇ ਸਾਲ 2008 ਅਤੇ ਫਿਰ ਸਾਲ 2012 ਦੇ ਜੇਤੂ ਗਠਜੋੜ ਦੀ ਤਰ੍ਹਾਂ ਅਗਰ ਕਮਲਾ ਹੈਰਿਸ ਨੇ ਵੀ ਇਸ ਵਾਰੀ ਦੀਆਂ ਚੋਣਾਂ ਦੇ ਵਿੱਚ ਬਲੈਕ ਵੋਟਰ, ਘੱਟ ਗਿਣਤੀਆਂ ਅਤੇ ਨੌਜਵਾਨ ਵੋਟਰਾਂ ਨੂੰ ਇਕੱਠਿਆ ਕਰ ਲਿਆ ਤਾਂ ਟਰੰਪ ਦੇ ਖਿਲਾਫ ਉਹ ਮਜਬੂਤ ਸਥਿਤੀ ਦੇ ਵਿੱਚ ਹੋ ਸਕਦੀ ਹੈ। ਇਸ ਪੱਖੋਂ ਖਾਸ ਕਰਕੇ ਕੁਛ ਖ਼ਾਸ ਸੂਬਿਆ ਦੇ ਵਿੱਚ ਇਹ ਵੋਟਰ, ਚੋਣਾਂ ਦਾ ਰੁੱਖ ਤੈਅ ਜਰੂਰ ਕਰਨਗੇ ਅਤੇ ਇੰਜ ਇੱਕ ਅਯੋਜਕ ਦੇ ਰੂਪ ਦੇ ਵਿੱਚ ਕਮਲਾ ਹੈਰੀਸ ਦੀ ਬੈਕਗਰਾਊਂਡ ਵੀ ਉਹਨਾਂ ਦੀ ਛਵੀ ਨੂੰ ਚਮਕਾ ਸਕਦੀ ਹੈ।ਇਸ ਤੋਂ ਇਲਾਵਾ ਇਨ੍ਹਾਂ ਚੋਣਾਂ ਦੇ ਮਿਸ਼ਨ ਵਿੱਚ ਖੱਬੇ ਪੱਖੀਆਂ ਵੱਲੋਂ ਦਿੱਤਾ ਗਿਆ ਨਾਹਰਾ, ਕਮਲਾ ਹੈਰਿਸ ਨੂੰ ਚੋਣਾਂ ਦੇ ਵਿੱਚ ਟਰੰਪ ਦੇ ਖਿਲਾਫ ਪ੍ਰਚਾਰ ਦੇ ਵਿੱਚ ਮਦਦ ਪਹੁੰਚਾ ਸਕਦਾ ਹੈ।

 ਜੋ ਬਾਈਡਨ ਦੀ ਸਰਕਾਰ ਦੇ ਗਰਭਪਾਤ ਦੇ ਮੁੱਦੇ ਉੱਪਰ ਵੀ ਵਿਰੋਧ ਪਖੋਂ,ਉਪ ਰਾਸ਼ਟਰਪਤੀ ਕਮਲਾ ਹੈਰਿਸ ਖਾਸੀ ਪ੍ਰਭਾਵਸ਼ਾਲੀ ਰਹੀ ਹੈ। ਗਰਬਪਾਤ ਦਾ ਮੁੱਦਾ ਹੁਣੇ ਜਿਹੇ ਚੋਣਾਂ ਦੇ ਵਿੱਚ ਡੈਮੋਕਰੇਟਿਕ ਵੋਟ ਬੇਸ ਨੂੰ ਮੋਟੀਵੇਟ ਕਰਨ ਵਾਲਾ ਸਭ ਤੋਂ ਪ੍ਰਭਾਵਸ਼ਾਲੀ ਮੁੱਦਿਆਂ ਦੇ ਵਿੱਚੋਂ ਇੱਕ ਸਾਬਤ ਹੋਇਆ ਹੈ। ਗਰਭਪਾਤ ਦੇ ਇਸ ਮੁੱਦੇ ਉੱਪਰ ਡੈਮੋਕਰੇਟਸ ਸਮਰਥਕਾਂ ਦੇ ਵਿੱਚ ਉਤਸਾਹ ਪੈਦਾ ਕਰਨ ਦੇ ਬਾਵਜੂਦ ਉਪਰਾਸ਼ਟਰਪਤੀ ਦੇ ਰੂਪ ਦੇ ਵਿੱਚ ਕਮਲ਼ਾ ਹੈਰਿਸ ਦਾ ਰਿਕਾਰਡ ਮਿਲਿਆ ਜੁਲਿਆ ਹੈ।

ਬਾਇਡਨ ਪ੍ਰਸ਼ਾਸਨ ਦੇ ਸ਼ੁਰੂਆਤੀ ਦੌਰ ਦੇ ਵਿੱਚ ਕਮਲਾ ਹੈਰਿਸ ਨੂੰ ਅਮਰੀਕਾ ਮੈਕਸੀਕਮ  ਸਰਹੱਦ ਉਪਰ ਇਮੀਗਰੇਸ਼ਨ ਸੰਕਟ ਦੇ ਮੂਲ ਕਾਰਨਾਂ ਦਾ ਹੱਲ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਸੀ। ਉਸ ਵੇਲ਼ੇ ਜੂਨ 2021 ਦੇ ਦੌਰਾਨ ਇੱਕ ਨਿਊਜ਼ ਐਂਕਰ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਕਈ ਗਲਤ ਕਦਮਾਂ ਅਤੇ ਕਈ ਬਿਆਨਾਂ ਨੇ ਕਮਲਾ ਹੈਰਿਸ ਦੀ ਛਵੀ ਨੂੰ ਨੁਕਸਾਨ ਵੀ ਪਹੁੰਚਾਇਆ ਸੀ। ਰਿਪਬਲਿਕਨ ਪਹਿਲਾਂ ਤੋਂ ਹੀ ਰਾਸ਼ਟਰਪਤੀ ਦੇ ਬਾਰਡਰ ਪਾਲਿਸੀ ਦੇ ਰੂਪ ਦੇ ਵਿੱਚ ਕਮਲਾ ਹੈਰੀਸਨ ਦੀ ਨਿੰਦਾ ਕਰ ਰਹੇ ਹਨ, ਨਾਲ ਹੀ ਸਰਵੇਖਣਾਂ ਦੇ ਵਿੱਚ ਜੋ ਬਾਇਡਨ ਪ੍ਰਸ਼ਾਸਨ ਦੀ ਇਸ ਪੱਖੋਂ ਉਸਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ।

ਗੁਰਦੀਪ ਸਿੰਘ ਜਗਬੀਰ ( ਡਾ.)

 ਸਟੀਵ ਇਜਰਾਇਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹਨਾਂ ਜੰਗੀ ਖੇਤਰਾਂ ਦੇ ਵਿੱਚ ਡੈਮੋਕਰੇਟਿਕ ਦੇ ਲਈ ਇਮੀਗਰੇਸ਼ਨ ਇੱਕ ਸੋਫਟ ਸਪੋਟ ਵਰਗਾ ਹੈ। ਇਹ ਉਹਨਾਂ ਉਪ ਨਗਰਾਂ ਦੇ ਵਿੱਚ ਰਹਿਣ ਵਾਲੇ ਵੋਟਰਾਂ ਦੇ ਲਈ ਇੱਕ ਬਹੁਤ ਹੀ ਪ੍ਰਮੁੱਖ ਮੁੱਦਾ ਹੈ ਕਿਉਂਕਿ ਉਥੋਂ ਦੇ ਲੋਕਾਂ ਦਾ ਇਹ ਮੰਨਣਾ ਹੈ ਕਿ ਇਮੀਗਰੇਸ਼ਨ ਸਿਸਟਮ ਪੂਰੀ ਤਰਹਾਂ ਦੇ ਨਾਲ ਕਾਰਗਾਰ ਅਤੇ ਸੁਚਾਰੂ ਨਹੀਂ ਹੈ। ਵੈਸੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਇੱਕ ਕਮਜ਼ੋਰ ਉਮੀਦਵਾਰ ਦੇ ਰੂਪ ਦੇ ਵਿੱਚ ਉਹਨਾਂ ਦਾ ਉਤਾਰ ਚੜਾਓ ਭਰਿਆ ਟਰੈਕ ਰਿਕਾਰਡ ਵੀ ਹੈ। ਸਾਲ 2020 ਦੇ ਵਿੱਚ ਡੈਮੋਕਰੇਟਿਕ ਪ੍ਰੈਜੀਡੈਂਸ਼ੀਅਲ ਨੋਮੀਨੇਸ਼ਨ ਦੀ ਦੌੜ ਦੇ ਵਿੱਚ ਉਹਨਾਂ ਨੂੰ ਵੱਡੀ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਸੀ ਭਾਵੇਂ ਕਿ ਕਮਲਾ ਹੈਰਿਸ ਨੇ ਸ਼ੁਰੂਆਤ ਵੇਲੇ ਬੜ੍ਹਤ ਬਣਾ ਲਈ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ ਦੇ ਅਸਫਲ ਅਤੇ ਖਰਾਬ ਚੋਣ ਪ੍ਰਚਾਰ ਮਿਸ਼ਨ ਦੇ ਕਾਰਨ ਕਮਲਾ ਹੈਰਿਸ ਨੂੰ ਸ਼ੁਰੂਆਤੀ ਚੁਣਾਵੀ ਪ੍ਰਕਿਰਿਆ ਦੇ ਵਿੱਚ ਬਾਹਰ ਹੋਣਾ ਪਿਆ ਸੀ, ਹੈਰਿਸ ਦੇ ਲਈ ਸ਼ਾਇਦ ਸਭ ਤੋਂ ਵੱਡੀ ਚੁਣੌਤੀ ਇਹ ਵੀ ਹੈ ਕਿ ਉਹ ਜੋ ਬਾਇਡਨ ਦੀ ਤਰ੍ਹਾਂ ਰਾਸ਼ਟਰਪਤੀ ਨਹੀਂ ਹਨ ਇਸ ਕਾਰਨ ਕਮਲਾ ਹੈਰਸਨ ਖੁਦ ਨੂੰ ਕੁੱਝ ਫੈਸਲਿਆਂ ਤੋਂ ਅਲੱਗ ਵੀ ਰੱਖ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਰਿਪਬਲਿਕਨ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਕਮਲਾ ਹੈਰਿਸ ਦੇ ਖਿਲਾਫ ਉਹਨਾਂ ਦਾ ਬਹੁਤ ਅਪ੍ਰਮਾਣਿਤ ਅਤੇ ਬਹੁਤ ਜੋਖਿਮ ਭਰਿਆ ਹੋਣ ਵਾਲਾ ਹੈ, ਰਿਪਬਲਿਕਨ ਹਰ ਹੀਲੇ ਇਸ ਗੱਲ ਨੂੰ ਸਾਬਤ ਕਰਨ ਦੀ ਪੁਰਜੋਰ ਕੋਸ਼ਿਸ਼ ਕਰਦਿਆਂ ਹੋਇਆਂ ਟਰੰਪ ਨੂੰ ਹੀ ਇੱਕੋ ਇੱਕ ਪ੍ਰਮਾਣਿਕ ਉਮੀਦਵਾਰ ਦੇ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਨਗੇ ਭਾਵੇਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਪਰਾਸ਼ਟਰਪਤੀ ਕਮਲਾ ਹੈਰਿਸ ਦੇ ਕੋਲ ਅਮਰੀਕੀ ਜਨਤਾ ਉੱਪਰ ਪਹਿਲੀ ਵਾਰ ਆਪਣੀ ਇੱਕ ਨਵੀਂ ਛਾਪ ਛੱਡਣ ਦਾ ਭਰਪੂਰ ਮੌਕਾ ਹੋਵੇਗਾ ਪਰ ਜੇ ਉਹ ਇਸਦੇ ਵਿੱਚ ਫੇਲ ਹੋ ਜਾਂਦੀ ਹੈ ਤਾਂ ਪਾਰਟੀ ਦੇ ਵਿੱਚ ਆਪਸੀ ਖਾਨਾਜੰਗੀ ਦੀ ਸ਼ੁਰੂਆਤ ਹੋ ਸਕਦੀ ਹੈ ਜਿਹੜੀ ਅਗਸਤ ਦੇ ਵਿੱਚ ਪਾਰਟੀ ਦੇ ਨੈਸ਼ਨਲ ਕਨਵੈਂਸ਼ਨ ਦੇ ਵਿੱਚ ਇੱਕ ਨਵਾਂ ਨੇਤਾ ਚੁਣਨ ਤੋਂ ਬਾਅਦ ਹੀ ਖਤਮ ਹੋਵੇਗੀ। 

 ਜਿਸ ਤਰ੍ਹਾਂ ਦੇ ਨਾਲ ਪਿਛਲੇ ਚਾਰ ਹਫਤਿਆਂ ਦੇ ਵਿੱਚ ਵਾਈਟ ਹਾਊਸ ਦੀ ਰੇਸ ਦੇ ਵਿੱਚ ਤੇਜੀ ਦੇ ਨਾਲ ਬਦਲਾਵ ਹੋਇਆ ਉਹਨਾਂ ਹਾਲਾਤਾਂ ਦੇ ਵਿੱਚ ਕਮਲਾ ਹੈਰਿਸ ਨੂੰ ਹੁਣ ਇਹੀ ਸਾਬਿਤ ਕਰਨਾ ਹੈ ਕਿ ਟਰੰਪ ਨੂੰ ਉਹ ਟੱਕਰ ਦੇ ਸਕਦੀ ਹੈ।

ਭੁੱਲਾਂ ਦੀ ਖਿਮਾ 

ਗੁਰਦੀਪ ਸਿੰਘ ਜਗਬੀਰ ( ਡਾ.)

ਬ੍ਰਿਟਨ ਦੇ ਵਿਦੇਸ਼ ਮੰਤਰੀ ਡੇਵਿਡ ਨੂੰ ਯਕਾਯਕ ਭਾਰਤ ਦੇ ਦੌਰੇ ਉਪਰ ਭੇਜ ਕੇ ਬ੍ਰਿਟੇਨ ਹਾਸਲ ਕੀ ਕਰਨਾ ਚਾਹੁੰਦਾ ਹੈ ?

ਨਵੀਂ ਬਣੀ ਲੇਬਰ ਸਰਕਾਰ ਦਾ ਸਿੱਖਾਂ ਦੇ ਪ੍ਰਤੀ ਰਵੀਆ ਕੀ ਹੋਵੇਗਾ ?

ਡੇਵਿਡ ਲੈਮੀ ਨੇ ਆਪਣੇ ਇਸ ਭਾਰਤ ਦੇ ਦੌਰੇ ਵਕਤ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ, ਐਸ ਜੈਸ਼ੰਕਰ ਦੇ ਨਾਲ ਮੁਲਾਕਾਤ ਕੀਤੀ ਹੈ ਜਦੋਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਦੇਸ਼ ਦੇ ਵਿਦੇਸ਼ ਮੰਤਰੀ ਦੇ ਨਾਲ ਘੱਟ ਵੱਧ ਹੀ ਮੁਲਾਕਾਤ ਕਰਦੇ ਹਨ। ਜੈਸ਼ੰਕਰ ਨੇ ਲੈਮੀ ਦੇ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਹੈ ਕਿ ਇਹ ਬਹੁਤ ਅਹਿਮ ਹੈ ਕਿ ਦੋਨੋਂ ਹੀ ਦੇਸ਼ ਹੁਣ ਮਿਲ ਕੇ ਸੰਸਾਰਿਕ ਮੁੱਦਿਆਂ ਉੱਪਰ ਕੰਮ ਕਰਨ ਗੇ। 14 ਵਰ੍ਹਿਆਂ ਤੋਂ ਬਾਅਦ ਸਤਾ ਦੇ ਵਿੱਚ ਆਈ ਲੇਬਰ ਪਾਰਟੀ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਕੰਮ ਕਾਜ ਸੰਭਾਲਿਆ ਹੈ। ਅਜਿਹੇ ਦੇ ਵਿੱਚ ਸਤਾ ਸੰਭਾਲਦਿਆਂ ਹੀ ਬ੍ਰਿਟੇਨ ਦੇ ਵਿਦੇਸ਼ ਮੰਤਰੀ ਦੇ ਭਾਰਤ ਦੇ ਦੌਰੇ ਨੂੰ ਕਈ ਕਾਰਨਾਂ ਦੇ ਕਾਰਨ ਅਹਿਮ ਦੱਸਿਆ ਜਾ ਰਿਹਾ ਹੈ। 

24 ਜੁਲਾਈ ਨੂੰ ਜਦੋਂ ਲੈਮੀ ਦਿੱਲੀ ਪੁੱਜੇ ਤਾਂ ਉਹਨਾਂ ਦੇ ਚਿਹਰੇ ਉੱਪਰ ਹਲਕੀ ਜਿਹੀ ਘਬਰਾਹਟ ਵੀ ਨਜ਼ਰ ਆ ਰਹੀ ਸੀ। ਲੈਮੀ ਦੇ ਚਿਹਰੇ ਦੀ ਘਬਰਾਹਟ ਦੇ ਪਿੱਛੇ ਲੇਬਰ ਪਾਰਟੀ ਦੀ ਸਰਕਾਰ ਦੇ ਦੌਰਾਨ ਭਾਰਤ ਅਤੇ ਬ੍ਰਿਟੇਨ ਦੇ ਵਿਚਾਲੇ ਰਿਸ਼ਤਿਆਂ ਦੇ ਵਿੱਚ ਉਤਾਰ ਚੜਾਓ ਭਰਿਆ ਇੱਕ ਇਤਿਹਾਸ ਹੋ ਸਕਦਾ ਹੈ। 

ਭਾਰਤ ਦੀ ਆਜ਼ਾਦੀ ਦੇ ਵਕਤ ਤਤਕਾਲੀ ਪ੍ਰਧਾਨ ਮੰਤਰੀ ਕੈਲੀਮੈਟ ਐਟਲੀ ਦੀ ਇਸ ਗੱਲ ਦੇ ਲਈ ਆਲੋਚਨਾ ਕੀਤੀ ਗਈ ਸੀ ਕਿ ਉਹਨਾਂ ਨੇ ਭਾਰਤੀਆਂ ਦੀ ਜਾਨ ਦੀ ਕੀਮਤ ਉੱਪਰ ਖੇਡਦਿਆਂ ਹੋਇਆਂ ਜਲਦਬਾਜ਼ੀ ਦੇ ਨਾਲ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਵੰਡ ਨੂੰ ਤੈਅ ਕਰ ਦਿੱਤਾ ਹੈ। ਐਟਲੀ ਲੇਬਰ ਪਾਰਟੀ ਤੋਂ ਹੀ ਸਨ ਅਤੇ ਸਾਲ 1947 ਦੇ ਵਿੱਚ ਜਦੋਂ ਭਾਰਤ ਦੀ ਵੰਡ ਹੋਈ ਤਾਂ ਇਸ ਦਾ ਅਸਰ ਲੱਖਾਂ ਹੀ ਲੋਕਾਂ ਉੱਪਰ ਹੋਣਾ ਸੁਭਾਵਿਕ ਸੀ,ਕਿੰਨੇ ਹੀ ਲੋਕਾਂ ਨੂੰ ਉਸ ਵਕਤ ਆਪਣਿਆਂ ਤੋਂ ਵਿਛੜਨਾ ਪਿਆ, ਆਪਣੀਆਂ ਜ਼ਮੀਨਾਂ ਛੱਡਣੀਆਂ ਪਈਆਂ,ਕਿੰਨੇ ਲੋਕਾਂ ਦੀ ਜਾਨ ਚਲੀ ਗਈ,ਕਿਨੇ ਹੀਂ ਦੰਗੇ ਹੋਏ, ਕਿਨੇ ਹੀਂ ਫਸਾਦ, ਕਿੰਨੀਆਂ ਹੀ ਲੁੱਟਾਂ ਖੋਹਾਂ ਹੋਈਆਂ।ਤਤਕਾਲੀ ਲੇਬਰ ਪਾਰਟੀ ਦੇ ਨੇਤਾ ਰੋਬਿਨ ਕੁਕ ਨੇ ਵਿਦੇਸ਼ ਮੰਤਰੀ ਦੇ ਤੌਰ ਤੇ ਕਸ਼ਮੀਰ ਦੇ ਮੁੱਦੇ ਉੱਪਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਕਰਕੇ ਉਸ ਵਕਤ ਇੱਕ ਬਹੁਤ ਵੱਡਾ ਵਿਵਾਦ ਖੜਾ ਕਰ ਦਿੱਤਾ ਸੀ। ਜੰਮੂ ਕਸ਼ਮੀਰ ਦੇ ਮੁੱਦੇ ਉੱਪਰ ਜਰਮਨੀ ਕਾਰਬਨ ਦੀ ਅਗਵਾਈ ਵਾਲੀ ਸਰਕਾਰ ਦੀ ਨੀਤੀ ਨੂੰ ਲੈ ਕੇ ਵੀ ਨਰਾਜ਼ਗੀ ਦੇਖੀ ਗਈ ਸੀ। ਹੁਣ ਭਾਰਤ ਦੇ ਵਿਦੇਸ਼ ਮੰਤਰੀ ਦੇ ਨਾਲ ਮੁਲਾਕਾਤ ਤੋਂ ਬਾਅਦ ਬਰਤਾਨਵੀ ਵਿਦੇਸ਼ ਮੰਤਰੀ ਨੇ ਇਸ ਨੂੰ ਅਹਿਮ ਦਸਿਆ ਹੈ ਅਤੇ ਕਿਹਾ ਹੈ ਕਿ ਭਾਰਤ ਅਤੇ ਬ੍ਰਿਟੇਨ ਹੁਣ ਸੰਸਾਰਕ ਮੁੱਦਿਆਂ ਅਤੇ ਸੰਸਾਰਕ ਮੰਚਾਂ ਉਪਰ ਇਕੱਠੇ ਕੰਮ ਕਰਨ ਦੇ ਲਈ ਉਤਸਕ ਹਨ। ਭਾਰਤ ਦੀ ਯਾਤਰਾ ਦੇ ਦੌਰਾਨ ਲੈਮੀ ਦੀ ਮੁਲਾਕਾਤ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਅਤੇ ਆਰਥਿਕ ਮੰਤਰੀ ਪਿਊਸ਼ ਗੋਇਲ ਦੇ ਨਾਲ ਵੀ ਹੋਈ ਹੈ। ਖਾਸ ਗੱਲ ਤਾਂ ਇਹ ਵੀ ਹੈ ਕਿ ਆਮ ਬਜਟ ਤੋਂ ਬਾਅਦ ਇੰਨੇ ਬਿਜ਼ੀ ਸਕੈਜੁਅਲ ਦੇ ਬਾਅਦ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੈਮੀ ਦੇ ਨਾਲ ਮਿਲੇ ਹਨ, ਮੋਦੀ ਨੂੰ ਆਮ ਤੌਰ ਉੱਪਰ ਕਿਸੇ ਵੀ ਦੇਸ਼ ਤੇ ਵਿਦੇਸ਼ ਮੰਤਰੀ ਦੇ ਨਾਲ ਮੁਲਾਕਾਤ ਕਰਦੇ ਹੋਏ ਨਹੀਂ ਦੇਖਿਆ ਜਾਂਦਾ ਹੈ ਪਰ ਇੱਥੇ ਉਹਨਾਂ ਨੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਦੇ ਨਾਲ ਖਾਸ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਐਕਸ ਉਪਰ ਲਿਖਿਆ ਕਿ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਲੈਮੀ ਦੇ ਨਾਲ ਮਿਲ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ। ਵਿਆਪਕ ਰਣਨੀਤੀ ਦੀ ਹਿੱਸੇਦਾਰੀ ਨੂੰ ਮਜਬੂਤ ਕਰਨ ਦੇ ਲਈ ਮੈਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਦੀ ਇਸ ਮੁੱਢਲੀ ਪਹਿਲ ਦੀ ਸ਼ਲਾਗਾ ਕਰਦਾ ਹਾਂ ਜੋ ਉਹਨਾਂ ਨੇ ਆਪਣੇ ਵਿਦੇਸ਼ ਮੰਤਰੀ ਨੂੰ ਭਾਰਤ ਭੇਜ ਕੇ ਪਹਿਲ ਕੀਤੀ ਹੈ।

 ਲੈਮੀ ਦੀ ਇਸ ਯਾਤਰਾ ਦੇ ਵਿੱਚ ਇੱਕ ਤਰ੍ਹਾਂ ਦੀ ਸਾਵਧਾਨੀ ਵੀ ਦੇਖਣ ਨੂੰ ਮਿਲੀ ਹੈ। ਦੋਨਾਂ ਹੀ ਦੇਸ਼ਾਂ ਦੇ ਵਿਚਾਲੇ ਜਿਹੜਾ ਸਾਂਝਾ ਐਲਾਨ ਹੋਇਆ ਹੈ ਉਹ ਪਰੰਪਰਾ ਤੋਂ ਹਟ ਕੇ ਵੀ ਹੈ ਦੋਨਾਂ ਹੀ ਦੇਸ਼ਾਂ ਨੇ ਇੱਕ ਨਵੀਂ ਤਕਨੀਕੀ ਸੁਰੱਖਿਆ ਹਿੱਸੇਦਾਰੀ ਉੱਪਰ ਵੀ ਸਹਿਮਤੀ ਜਤਾਈ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਵਿੱਚ ਲੈਮੀ ਦੇ ਇਹ ਸ਼ਬਦ ਕਾਫੀ ਨਪੇ ਤੁਲੇ ਸਨ ਉਹਨਾਂ ਨੇ ਭਾਰਤ ਨੂੰ ਇੱਕ ਮਹਾਂ ਸ਼ਕਤੀ ਅਤੇ ਮਹੱਤਵਪੂਰਨ ਹਿੱਸੇਦਾਰ ਦੇ ਤੌਰ ਪਰ ਸਲਾਇਆ ਹੈ। ਇਹ ਇੱਕ ਅਜਿਹੀ ਬੈਠਕ ਸੀ ਜਾਂ ਮੁਲਾਕਾਤ ਸੀ ਜਿਸ ਦੇ ਪੱਖ ਦੇ ਵਿੱਚ ਦੋਨੋਂ ਹੀ ਦੇਸ਼ ਸਨ ਅਤੇ ਇਸ ਲਈ ਵਕਤ ਕੱਢਣ ਦੇ ਲਈ ਦੋਨੋਂ ਹੀ ਤਿਆਰ ਵੀ ਸਨ। 

ਅਸਲ ਦੇ ਵਿੱਚ ਇਸ ਦੌਰੇ ਦੇ ਵਿੱਚ ਲੇਬਰ ਪਾਰਟੀ ਦੀ ਖਾਸ ਨਜ਼ਰ ਵਪਾਰ ਉੱਪਰ ਹੈ। ਅਗਰ ਲੇਬਰ ਪਾਰਟੀ ਚਾਹੁੰਦੀ ਹੈ ਕਿ ਬ੍ਰਿਟੇਨ ਦੀ ਅਰਥ ਵਿਵਸਥਾ ਅੱਗੇ ਵਧੇ ਤਾਂ ਬ੍ਰਿਟਿਸ਼ ਕੰਪਨੀਆਂ ਨੂੰ ਭਾਰਤੀ ਹਿੱਸੇਦਾਰੀਆਂ ਦੇ ਨਾਲ ਵੱਧ ਵਪਾਰ ਕਰਨ ਦੀ ਲੋੜ ਹੋਵੇਗੀ। ਭਾਰਤ ਦੀ ਅਰਥ ਵਿਵਸਥਾ ਇੱਕ ਦਹਾਕੇ ਦੇ ਅੰਤ ਤੱਕ ਦੁਨੀਆਂ ਦੀ ਤੀਸਰੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਨ ਵੱਲ ਅੱਗੇ ਵੱਧ ਰਹੀ ਹੈ ਐਸਾ ਭਾਰਤ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਲੇਕਿਨ ਆਂਕੜੇ ਇਸ ਗੱਲ ਨੂੰ ਦੱਸਦੇ ਹਨ ਕਿ ਭਾਰਤ ਬ੍ਰਿਟੇਨ ਦਾ ਬਾਰਵਾਂ ਸਭ ਤੋਂ ਵੱਡਾ ਵਪਾਰਕ ਸਾਝੇਦਾਰ ਜਾਂ ਹਿੱਸੇਦਾਰ ਦੇਸ਼ ਹੈ। ਲੈਮੀ ਨੇ ਕਿਹਾ ਹੈ ਕਿ ਸੰਸਾਰਿਕ ਮਹਾ ਸ਼ਕਤੀ ਬਣਨ ਜਾ ਰਹੇ ਭਾਰਤ ਦੇ ਨਾਲ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਸਾਡਾ ਇੱਕ ਲੰਬਾ ਆਪਣਾ ਇਤਿਹਾਸ ਹੈ ਅਤੇ ਭਾਰਤ ਦੇ ਨਾਲ ਬਹੁਤ ਪੁਰਾਣੇ ਸਾਡੇ ਸਬੰਧ ਹਨ। ਇਹ ਦੋਨੋਂ ਦੇਸ਼ਾਂ ਦੀ ਅਰਥ ਵਿਵਸਥਾ ਉੱਪਰ ਜਿੱਤ ਦੀ ਵੀ ਇੱਕ ਆਪਸੀ ਸਹਿਮਤੀ ਭਰੀ ਸਥਿਤੀ ਹੈ।

ਡੇਵਿਡ ਲੇਮੀ ਨੇ ਇਹ ਵੀ ਕਿਹਾ ਕਿ ਬ੍ਰਿਟੇਨ ਭਾਰਤ ਦੇ ਨਾਲ ਮਿਲ ਕੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਇੱਕ ਸੰਯੁਕਤ ਮੁਕਤ ਵਪਾਰ ਬਣਾਉਣ ਦੇ ਲਈ ਕੰਮ ਕਰੇਗਾ।  ਇਸ ਸਾਲ ਦੋਨਾਂ ਹੀ ਦੇਸ਼ਾਂ ਦੇ ਵਿੱਚ ਚੋਣਾਂ ਹੋਈਆਂ ਹਨ ਜਿਸ ਵਜ੍ਹਾ ਕਾਰਨ ਇਸ ਮੁੱਦੇ ਉੱਪਰ ਗੱਲਬਾਤ ਅੱਗੇ ਨਹੀਂ ਵਧ ਸਕੀ ਹੈ। ਲੇਮੀ ਦਾ ਇਹ ਭਾਰਤ ਦੌਰਾ ਕੇਵਲ ਅਰਥ ਵਿਵਸਥਾ ਨੂੰ ਲੈ ਕੇ ਹੀ ਨਹੀਂ ਹੈ ਇਸ ਦੇ ਵਿੱਚ ਇੱਕ ਵਿਆਪਕ ਪੂਰਾ ਰਾਜਨੀਤੀਕ ਮੁੱਦਾ ਵੀ ਸ਼ਾਮਿਲ ਹੈ,  ਜਿਸ ਦੇ ਵਿੱਚ ਰੂਸ ਯੂਕਰੇਨ ਜੰਗ ਅਤੇ ਚੀਨ ਦੇ ਨਾਲ ਜੁੜੇ ਮੁੱਦੇ ਵੀ ਸ਼ਾਮਿਲ ਹਨ।  ਲੈਮੀ ਦੇ ਮੁਤਾਬਿਕ ਭਾਰਤ ਕਥਿਤ ਤੌਰ ਤੇ ਗਲੋਬਲ ਸਾਊਥ ਦੇ ਨਾਲ ਬ੍ਰਿਟੇਨ ਦੇ ਸੰਬੰਧਾਂ ਨੂੰ ਮੁੜ ਤੋਂ ਸਥਾਪਿਤ ਕਰਨਾ ਚਾਹੁੰਦਾ ਹੈ। ਭਾਰਤ ਇਸ ਵਕਤ ਵਿਕਾਸਸ਼ੀਲ ਦੇਸ਼ਾਂ ਦੀ ਵਿਕਾਸ ਪਖੋਂ ਦੌੜ ਦੇ ਵਿੱਚ ਸ਼ਾਮਲ ਹੈ ਅਤੇ ਇਸ ਕਮਜ਼ੋਰ ਮਹਾਂਦੀਪ ਸਮੂਹ ਦੇ ਵਿੱਚ ਆਪਣੇ ਆਪ ਨੂੰ ਪ੍ਰਮੁੱਖ ਖਿਡਾਰੀ ਦੇ ਤੌਰ ਪਰ ਦੇਖ ਰਿਹਾ ਹੈ। ਲੈਮੀ ਦੇ ਮੁਤਾਬਿਕ ਇਸ ਮੁੱਦੇ ਉੱਪਰ ਬ੍ਰਿਟਨ ਨੂੰ ਬੋਲਣ ਦੀ ਜਗ੍ਹਾ ਸੁਣਨ ਦੇ ਵਲ ਵੱਧ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਸੁਣਨ ਦੀ ਇਸ ਵਕਤ ਵੱਧ ਲੋੜ ਹੈ। ਲੈਮੀ ਦੀ ਇੱਛਾ ਇਸ ਵਕਤ ਵਾਤਾਵਰਣ ਦੇ ਅਨੁਕੂਲ ਟੈਕਨੋਲੋਜੀ ਉੱਪਰ ਸਾਂਝੇ ਹਿਤਾਂ ਅਤੇ ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ ਸਾਂਝੇ ਖਤਰਿਆਂ, ਖਾਸ ਤੌਰ ਪਰ ਚੀਨ ਦੇ ਬਾਰੇ ਦੇ ਵਿੱਚ ਗੱਲਬਾਤ ਕਰਨ ਦੀ ਲੋੜ ਸੀ। ਲੈਮੀ ਭਾਰਤ ਦੇ ਰੂਸ ਤੋਂ ਤੇਲ ਅਤੇ ਗੈਸ ਖਰੀਦਣ ਦੇ ਮੁੱਦੇ ਉੱਪਰ ਵੀ ਗੱਲ ਕਰਨ ਦੇ ਲਈ ਕਾਫੀ ਉਤਸੁਕ ਨਜ਼ਰ ਆਏ।ਅਸਲ ਦੇ ਵਿੱਚ ਭਾਰਤ ਦਾ ਰੂਸ ਤੋਂ ਸਸਤਾ ਕੱਚਾ ਤੇਲ ਖਰੀਦਣਾ ਯੂਕਰੇਨ ਸਮਰਥਕ ਪੱਛਮੀ ਦੇਸ਼ਾਂ ਦੇ ਵਿੱਚ ਚਰਚਾ ਦਾ ਵਿਸ਼ਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਲੋਕਤੰਤਰਿਕ ਭਾਈਚਾਰੇ ਦੇ ਵਿੱਚ ਆਪਸੀ ਮਤਭੇਦ ਹਮੇਸ਼ਾ ਬਣੇ ਰਹਿਣਗੇ ਇਸ ਲਈ ਦੁਸ਼ਮਣ ਦੀ ਮਦਦ ਕਰਨ ਵਾਲੇ ਸਹਿਯੋਗੀ ਦੇਸ਼ਾਂ ਨੂੰ ਮਾਫ ਕਰਨਾ ਜਰੂਰੀ ਹੈ। ਭਾਰਤ ਦੇ ਮੰਤਰੀਆਂ ਨੇ ਲੈਮੀ ਦੀ ਏਸ ਯਾਤਰਾ ਨੂੰ ਲੇਬਰ ਪਾਰਟੀ ਦੀ ਸਰਕਾਰ ਦੇ ਨਾਲ ਸੰਬੰਧਾਂ ਦੇ ਲਿਹਾਜ਼ ਦੇ ਨਾਲ ਇੱਕ ਚੰਗੇ ਮੌਕੇ ਦੇ ਤੌਰ ਪਰ ਦੇਖਿਆ ਹੈ।  ਦੋਨਾਂ ਹੀ ਦੇਸ਼ਾਂ ਦੇ ਵਿਚਾਲੇ ਇਸ ਮੁਲਾਕਾਤ ਦਾ ਮਕਸਦ ਇਹ ਵੀ ਹੈ ਕਿ ਲੇਬਰ ਪਾਰਟੀ ਦੀ ਸਰਕਾਰ ਆਪਣੇ ਸਹਿਯੋਗੀਆਂ ਦੇ ਨਾਲ ਸੰਬੰਧਾਂ ਦੇ ਵਿੱਚ ਨਵੀਂ ਜਾਨ ਪਾਉਣ ਅਤੇ ਫਿਰ ਉਸ ਨੂੰ ਸਥਾਪਿਤ ਕਰਨ ਦੇ ਲਈ ਉਤਸੁਕ ਨਜ਼ਰ ਆ ਰਹੀ ਹੈ। ਡੇਵਿਡ ਨੇ ਇਸ ਦੇ ਲਈ ਆਪਣੇ ਪਸੰਦੀਦਾ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ ਹੈ ਅਤੇ ਉਹਨਾਂ ਨੇ ਭਾਰਤ ਨੂੰ ਇਸ ਵਕਤ ਤੇ ਸਭ ਤੋਂ ਵੱਡਾ ਇਨਾਮ ਦੱਸਿਆ ਹੈ।ਉਹਨਾਂ ਨੇ ਕਿਹਾ ਕਿ ਭਾਰਤ ਦੇ ਨਾਲ ਬ੍ਰਿਟੇਨ ਦੇ ਰਿਸ਼ਤੇ ਭਾਂਵੇ ਉਮੀਦਾਂ ਦੇ ਮੁਤਾਬਿਕ ਨਹੀਂ ਹਨ, ਲੇਕਿਨ ਕਈ ਮੁੱਦਿਆਂ ਉੱਪਰ ਦੋ ਦੇਸ਼ਾਂ ਦੇ ਹਿੱਤ ਇੱਕੋ ਜਿਹੇ ਹਨ ਇਸ ਲਈ ਮੌਜੂਦਾ ਚੁਣੌਤੀ ਭਰੇ ਦੌਰ ਦੇ ਵਿੱਚ ਭਾਰਤ ਦੇ ਨਾਲ ਸਹਿਯੋਗ ਇਸ ਵਕਤ, ਵਕਤ ਦੀ ਲੋੜ ਹੈ। 

ਡੇਵਿਚ ਲੈਮੀ ਦੀ ਇਹ ਯਾਤਰਾ ਦੋਨਾਂ ਹੀ ਦੇਸ਼ਾਂ ਦੇ ਵਿਚਾਲੇ ਵਪਾਰ ਸਮਝੌਤੇ ਦੀ ਸੰਭਾਵਨਾ ਉੱਪਰ ਬ੍ਰਿਟੇਨ ਦਾ ਧਿਆਨ ਖਿੱਚਣ ਦੇ ਲਿਹਾਜ਼ ਦੇ ਨਾਲ ਵੀ ਅਹਿਮ ਮੰਨੀ ਗਈ ਹੈ। ਭਾਰਤ ਦੀ ਉਮੀਦ ਹੈ ਕਿ ਇਸ ਦੇ ਨਾਲ ਬ੍ਰਿਟੇਨ ਭਾਰਤੀ ਵਿਦਿਆਰਥੀਆਂ ਅਤੇ ਜਿਹੜੇ ਸਕਿਲਡ ਪੇਸ਼ਾਵਰ ਲੋਕ ਹਨ ਉਹਨਾਂ ਨੂੰ ਵੀਜ਼ਾ ਦੇਣ ਦੇ ਵਿੱਚ ਨਰਮੀ ਵਰਤਨ ਦੇ ਲਈ ਵੀ ਮਜਬੂਰ ਹੋਵੇਗਾ। 

ਹੁਣੇ ਜਹੇ ਏਸ਼ੀਆਈ ਮੂਲ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਦੀ ਸਰਕਾਰ ਬ੍ਰਟੇਨ ਦੇ ਵਿੱਚ ਸਤਾ ਤੋਂ ਬਾਹਰ ਹੋਈ ਹੈ ਪਰ ਵੇਖਣ ਅਤੇ ਵਿਚਾਰਨ ਵਾਲੀ ਗੱਲ ਜ਼ਰੂਰ ਹੈ ਕਿ ਸੁਨਕ ਦੇ ਭਾਰਤ ਦੇ ਨਾਲ ਪਰਿਵਾਰਕ ਸੰਬੰਧ ਸਨ, ਇਸੇ ਲਈ ਭਾਰਤ ਦੇ ਲਈ ਇੱਕ ਨੁਕਸਾਨ ਦੇ ਤੌਰ ਪਰ ਵੀ ਇਸ ਨੂੰ ਦੇਖਿਆ ਜਾਂਦਾ ਹੈ। ਲੇਬਰ ਪਾਰਟੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਅਤੇ ਸੁਨਕ ਦੇ ਜਾਣ ਦੇ ਨਾਲ ਬਣੀ ਖਾਲੀ ਜਗ੍ਹਾ ਨੂੰ ਉਹ ਜਲਦ ਤੋਂ ਜਲਦ ਭਰਨਾ ਚਾਹੁੰਦੀ ਹੈ।

ਜਾਹਿਰ ਤੌਰ ਉਪਰ ਇਥੇ ਇੱਕ ਹੋਰ ਗੱਲ ਕਰਨੀ ਵੀ ਬਹੁਤ ਜਰੂਰੀ ਹੋਏਗੀ ਕਿਉਂਕਿ ਸਿੱਖਾਂ ਦੀਆਂ ਨਜ਼ਰਾਂ ਖਾਸ ਕਰਕੇ ਖਾਲਿਸਤਾਨੀ ਪੱਖੀ ਸਿੱਖਾਂ ਦੀਆਂ ਨਜ਼ਰਾਂ ਵੀ ਇਸ ਵਕਤ ਭਾਰਤ ਦੇ ਇਸ ਵਿਦੇਸ਼ ਮੰਤਰੀ ਲੈਮੀ ਦੀ ਭਾਰਤ ਫੇਰੀ ਉੱਪਰ ਜਰੂਰ ਟਿਕੀਆਂ ਹੋਣਗੀਆਂ ਸਵਾਲ ਇਹ ਹੈ ਕਿ ਅਸਲ ਦੇ ਵਿੱਚ ਲੇਬਰ ਪਾਰਟੀ ਦੇ ਇਸ ਨਵੇਂ ਪ੍ਰਧਾਨ ਮੰਤਰੀ ਦਾ ਸਿੱਖਾਂ ਪੱਖੀ ਖਾਸ ਕਰਕੇ ਖਾਲਿਸਤਾਨੀ ਪੱਖੀ ਸਿੱਖਾਂ ਪੱਖੀ ਰਵਈਆ ਕੀ ਹੋਵੇਗਾ, ਇਹ ਤਾਂ ਵਕਤ ਹੀ ਦੱਸੇਗਾ ਪਰ ਇਸ਼ਾਰੇ ਮਾਤਰ ਕੁਝ ਉਸ ਨੇ ਇਹ ਜਰੂਰ ਦੱਸ ਦਿੱਤਾ ਹੈ ਕਿ ਉਸਦਾ, ਖਾਸ ਕਰਕੇ ਸਿੱਖਾਂ ਪ੍ਰਤੀ  ਰਵਈਆ ਕੋਈ ਜਿਆਦਾ ਸਕਾਰਾਤਮਕਤਾ ਰੱਖਣ ਵਾਲਾ ਨਹੀਂ ਹੈ। 

ਕਿਉਂਕਿ ਲੇਬਰ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਭਾਰਤ ਨਾਲ ਉਸਦੇ ਰਿਸ਼ਤਿਆਂ ਬਾਰੇ ਵੱਖੋ-ਵੱਖ ਕਿਆਸ ਲਾਏ ਜਾ ਰਹੇ ਹਨ। ਕਿਉਂਕਿ ਕਸ਼ਮਰੀ, ਕਸ਼ਮੀਰ ਵਿੱਚ ਮਨੁੱਖੀ ਹਕੂਕ, ਖਾਲਿਸਤਾਨ ਵਰਗੇ ਕਈ ਮੁੱਦਿਆਂ ਉੱਤੇ ਲੇਬਰ ਅਤੇ ਕੰਜ਼ਰਵੇਟਿਵ ਪਾਰਟੀ ਦੀ ਰਾਇ ਵੱਖੋ-ਵੱਖ ਰਹੀ ਹੈ।

ਪਿਛਲੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਸਰਕਾਰ ਵਲੋਂ ਜਦੋਂ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਚੱਲ ਕਰ ਰਹੀ ਸੀ ਤਾਂ ਉੱਸ ਨੇ ਕਸ਼ਮੀਰ ਮੁੱਦੇ ਉੱਤੇ ਦਖ਼ਲ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ।

ਬ੍ਰਿਟੇਨ ਵਿੱਚ ਖਾਲਿਸਤਾਨ ਦਾ ਮੁੱਦਾ ਸਾਲ 1984 ਦੀ  ਸਿੱਖਾਂ ਦੀ ਨਸਲਕੁਸ਼ੀ ਤੋਂ ਬਾਅਦ ਖੁੱਲ ਕੇ ਸਾਹਮਣੇ ਆਇਆ ਸੀ ਅਤੇ ਫੇਰ ਪਿਛਲੇ ਸਾਲ ਮਾਰਚ ਮਹੀਨੇ ਵਿੱਚ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਸਿੱਖ ਵਿਖਾਵਾਕਾਰੀਆਂ ਦੇ ਇੱਕ ਵੱਡੇ ਸਮੂਹ ਵਲੋਂ ਹੱਥਾਂ ਵਿੱਚ ਖਾਲਿਸਤਾਨ ਪੱਖੀ ਝੰਡੇ ਚੁੱਕੇ ਮੁਜ਼ਾਹਰਾ ਕੀਤਾ ਗਿਆ ਸੀl ਇੱਥੇ ਹੀ ਸਿੱਖ, “ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਭਾਈ ਅਮ੍ਰਿਤਪਾਲ ਸਿੰਘ ਦੇ ਖਿਲਾਫ ਭਾਰਤ ਵਲੋਂ ਕੀਤੀ ਜਾ ਰਹੀ ਕਨੂੰਨੀ ਕਾਰਵਾਈ ਨੂੰ ਰੋਕਣ ਦੀ ਮੰਗ ਕਰ ਰਹੇ ਸਨ। ਗਲ਼ ਉਸ ਵਕਤ ਵੱਧ ਗਈ ਜਦੋਂ ਇੱਕ ਵਿਖਾਵਾਕਾਰੀ ਸਿੱਖ ਵੱਲੋਂ ਭਾਰਤੀ ਸਿਫਾਰਤਖਾਨੇ ਦੇ ਉੱਪਰ ਚੜ ਕੇ ਭਾਰਤ ਦਾ ਤਿਰੰਗਾ ਝੰਡਾ ਉਤਾਰ ਦਿੱਤਾ ਗਿਆ। ਉਸ ਵਕਤ ਲੇਬਰ ਪਾਰਟੀ ਨੇ ਕੁਝ ਆਗੂਆਂ ਉੱਤੇ ਖਾਲਿਸਤਾਨ ਦੀ ਹਮਾਇਤ ਦਾ ਇਲਜ਼ਾਮ ਵੀ ਲਗਾਇਆ ਗਿਆ।

ਬਕਿੰਘਮ ਅਜਬੈਸਟਨ ਤੋਂ ਜਿੱਤ ਕੇ ਹਾਊਸ ਆਫ ਕਾਮਨਜ਼ ਪਹੁੰਚੇ ਪ੍ਰੀਤ ਕੌਰ ਗਿੱਲ ਨੂੰ ਭਾਂਵੇ ਖਾਲਿਸਾਨ ਹਮਾਇਤੀ ਮੰਨਿਆ ਜਾਂਦਾ ਹੈ। ਇਸ ਗਲ਼ ਨੂੰ ਲੈਕੇ ਇਸ ਸਾਲ ਮਾਰਚ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦੇ ਨਾਲ ਜਦੋਂ ਉਨ੍ਹਾਂ ਦੀ ਤਸਵੀਰ ਸਾਹਮਣੇ ਆਈ ਤਾਂ ਭਾਜਪਾ ਨੇ ਆਪ ਪਾਰਟੀ ਨੂੰ ਇਸ ਮੁੱਦੇ ਤੇ ਘੇਰਨ ਵਿਚ ਕੋਈ ਕਸਰ ਨਹੀਂ ਛੱਡੀ।

ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਪ੍ਰੀਤ ਗਿਲ ਅਤੇ ਰਾਘਵ ਦੀ ਤਸਵੀਰ ਟਵੀਟ ਕਰ ਕੇ ਲਿਖ ਦਿੱਤਾ, ਕੇ ਇਹ ਇੱਕਠੇ ਕੀ ਕਰ ਰਹੇ ਹਨ। ਜੋ ਖੁੱਲ੍ਹੇਆਮ ਵੱਖਵਾਦ ਦੀ ਹਮਾਇਤ ਕਰਦੇ ਹਨ। ਉਸਨੇ ਇੱਥੋਂ ਤੱਕ ਕਹਿਣ ਦੀ ਹਿਮਾਕਤ ਕਰ ਦਿੱਤੀ ਕਿ ਲੰਡਨ ਵਿੱਚ ਇੰਡੀਆ ਹਾਊਸ ਦੇ ਬਾਹਰ ਹਿੰਸਕ ਮੁਜ਼ਾਹਰਿਆਂ ਵਿੱਚ ਇੰਨ੍ਹਾਂ ਵਲੋਂ ਫੰਡ ਦਿੱਤਾ ਜਾਂਦਾ ਹੈ । ਇਹ ਆਪਣੇ ਸੋਸ਼ਲ ਮੀਡੀਆ ਉੱਪਰ ਲਗਾਤਾਰ ਭਾਰਤ ਵਿਰੋਧੀ, ਮੋਦੀ ਵਿਰੋਧੀ, ਹਿੰਦੂ ਵਿਰੋਧੀ ਸਮਗੱਰੀ ਪੋਸਟ ਕਰਦੇ ਹਨ।”

ਪ੍ਰੀਤ ਕੌਰ ਗਿੱਲ ਵਲੋਂ ਫਰਵਰੀ ਵਿੱਚ ਹਾਊਸ ਆਫ ਕਾਮਨਜ਼ ਵਿੱਚ ਕਿਹਾ ਸੀ ਕਿ ਭਾਰਤ ਨਾਲ ਸੰਬੰਧਿਤ ਕੁੱਝ ਏਜੰਟ ਯੂਕੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਦੇ ਲਈ ਉਨ੍ਹਾਂ ਨੇ ਬ੍ਰਿਟੇਨ ਦੇ ਰੱਖਿਆ ਮੰਤਰੀ ਤੋਂ ਜਵਾਬ ਵੀ ਮੰਗਿਆ ਸੀ।

ਪ੍ਰੀਤ ਗਿੱਲ ਨੇ ਕਤਲ ਦੇ ਕਥਿਤ ਮਾਮਲਿਆਂ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ (ਜੱਗੀ ਜੌਹਲ) ਦੀ ਰਿਹਾਈ ਦੀ ਮੰਗ ਵੀ ਕੀਤੀ ਸੀ। ਜੋ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਹਨ।

ਲੇਬਰ ਪਾਰਟੀ ਦੀ ਇੱਕ ਹੋਰ ਕਾਊਂਸਲਰ ਪਰਬਿੰਦਰ ਕੌਰ ਵਲੋਂ ਜਦੋਂ ਖ਼ਾਲਿਸਤਾਨ ਦੀ ਹਮਾਇਤ ਕਰ ਰਹੇ ਬੱਬਰ ਖ਼ਾਲਸਾ ਨਾਲ ਸੰਬੰਧਤ ਸਿੱਖਾਂ ਨੂੰ ਸੋਸ਼ਲ ਮੀਡੀਆ ਉੱਤੇ ਸ਼ਰਧਾਂਜਲੀ ਦਿੱਤੀ ਸੀ ਤਾਂ ਲੇਬਰ ਪਾਰਟੀ ਨੇ ਉਨ੍ਹਾਂ ਖਿਲਾਫ਼ ਜਾਂਚ ਸ਼ੁਰੂ ਕੀਤੀ ਸੀ।

ਸਲੋਹ ਤੋਂ ਲੇਬਰ ਪਾਰਲਿਮੈਂਟ ਮੈਬਰ ਤਨਮਨਜੀਤ ਸਿੰਘ ਢੇਸੀ ਨੇ  ਜੰਮੂ-ਕਸ਼ਮੀਰ ਤੋਂ 370 ਹਟਾਏ ਜਾਣ ਦੇ ਭਾਰਤ ਸਰਕਾਰ ਦੇ ਫੈਸਲੇ ਨੂੰ ਗਲਤ ਦੱਸਿਆ ਸੀ। ਢੇਸੀ ਨੇ 11 ਅਗਸਤ 2019 ਨੂੰ ਜੇਰਿਮੀ ਕੌਰਬਿਨ ਦੇ ਟਵੀਟ ਨੂੰ ਰੀਟਵੀਟ ਕੀਤਾ ਸੀ।ਜਿਸ ਵਿੱਚ ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਭਾਰਤ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਮੁੱਦਾ ਚੁੱਕਿਆ ਗਿਆ ਸੀ।

ਭਾਰਤ ਵਿੱਚ ਤਿੰਨ ਖੇਤੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ਼ ਕਿਸਾਨ ਅੰਦੋਲਨ ਦੇ ਦੌਰਾਨ ਜਦੋਂ ਤਨਮਨਜੀਤ ਸਿੰਘ ਢੇਸੀ ਨੇ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਸੀ ਤਾਂ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਦੀ ਸੋਸ਼ਲ ਮੀਡੀਆ ਟਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇੱਥੋਂ ਤੱਕ ਕਿ ਜਦੋਂ ਉਹ ਭਾਰਤ ਗਏ ਤਾਂ ਉਨ੍ਹਾਂ ਨੂੰ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡੇ ਉੱਤੇ ਕਈ ਘੰਟੇ ਰੋਕੀ ਰੱਖਿਆ ਸੀ।

ਇਨ੍ਹਾਂ ਸਾਰੀਆਂ ਘਟਨਾਵਾਂ ਦੇ ਦੌਰਾਨ ਲੇਬਰ ਪਾਰਟੀ ਨੇ ਹੁਣੇ ਜਹੇ 2024 ਵਿੱਚ ਹੋਈਆਂ ਚੋਣਾਂ ਤੋਂ ਪਹਿਲਾਂ ਆਪਣੇ ਅਕਸ ਉੱਤੇ ਜ਼ਿਆਦਾ ਧਿਆਨ ਦੇਂਦਿਆਂ ਹੋਇਆਂ ਕਿਹਾ ਸੀ ਕਿ ਉਹ ਪਾਰਟੀ ਦੇ ਅੰਦਰ ਭਾਰਤ ਵਿਰੋਧੀ ਭਾਵਨਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਦ੍ਰਿੜ ਹਨ ਅਤੇ ਲੇਬਰ ਪਾਰਟੀ ਭਾਰਤ ਦੇ ਨਾਲ ਮਜ਼ਬੂਤ ਕਾਰੋਬਾਰੀ ਰਿਸ਼ਤੇ ਬਣਾਏ ਗੀ।

ਬ੍ਰਿਟੇਨ ਦੇ ਲੰਡਨ ਵਿੱਚ ਸਾਊਥ ਏਸ਼ੀਅਨ ਕਮਿਊਨਿਟੀ ਦੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੇ ਹੋਏ ਲੇਬਰ ਪਾਰਟੀ ਦੀ ਚੇਅਰਪ੍ਰਸਨ ਐਨਲੀਜ਼ ਡਾਰਡਸ ਨੇ ਦਾਅਵੇ ਦੇ ਨਾਲ ਇਹ ਕਿਹਾ ਸੀ ਕਿ ਕੀਅਰ ਸਾਟਰਮਰ ਦੀ ਅਗਵਾਈ ਵਿੱਚ ਪਾਰਟੀ ਨੂੰ ਭਰੋਸਾ ਹੈ ਕਿ ਪਾਰਟੀ ਦੇ ਸਾਰੇ ਮੈਂਬਰ ਹੁਣ ਕੱਟੜ ਵਿਚਾਰਧਾਰਾ ਤੋਂ ਦੂਰ ਰਹਿਣ ਗੇ।

ਉਨ੍ਹਾਂ ਦੀ ਇਸ ਗੱਲ ਨੂੰ ਕਿਵੇਂ ਲਿਆ ਜਾਵੇ ਗਾ ਜੋ ਉਹਨਾਂ ਨੇ ਕਿਹਾ ਸੀ ਕਿ ਜੇ ਭਾਰਤ ਵਿਰੋਧੀ ਭਾਵਨਾ ਬਾਰੇ ਕੋਈ ਸਬੂਤ ਮਿਲਦੇ ਹਨ ਤਾਂ ਉਹ ਭਾਵੇਂ ਕਿਸੇ ਵੀ ਭਾਈਚਾਰੇ ਦੇ ਲੋਕ ਹੋਣ, ਮੈਂ ਇਸ ਬਾਰੇ ਕੁਝ ਨਾ ਕੁਝ ਜ਼ਰੂਰ ਕਰਾਂਗੀ।”

ਉਨ੍ਹਾਂ ਨੇ ਪਰਵਾਸੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਦੇ ਕਿਸੇ ਵੀ ਆਗੂ ਬਾਰੇ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਦੇ ਸਕਦੇ ਹਨ ਕੇ ਉਨ੍ਹਾਂ ਦੀ ਰਾਇ ਵਿੱਚ ਭਵਿੱਖ ਵਿੱਚ ਲੇਬਰ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਦੌਰਾਨ ਭਾਰਤ ਅਤੇ ਬ੍ਰਿਟੇਨ ਦੇ ਆਪਸੀ ਨਜ਼ਦੀਕੀ ਸੰਬੰਧਾਂ ਲਈ ਖ਼ਤਰਾ ਪੈਦਾ ਹੋ ਸਕਦਾ ਹੈ।

ਜਦੋਂ ਨਵੰਬਰ 2018 ਤੋਂ ਜੂਨ 2020 ਤੱਕ ਬ੍ਰਿਟੇਨ ਵਿੱਚ ਭਾਰਤੀ ਹਾਈ ਕਮਿਸ਼ਨਰ ਰਹੇ ਰੁਚੀ ਘਨਸ਼ਾਮ ਨੇ ਇੱਕ  ਪੱਤਰਕਾਰ ਮੁਹੰਮਦ ਸ਼ਾਹਿਦ ਕਿਹਾ ਸੀ ਕਿ 5 ਅਗਸਤ 2019 ਤੋਂ ਬਾਅਦ ਭਾਰਤ ਦੇ ਵਿਰੋਧ ਵਜੋਂ ਸਿਰਫ ਲੰਡਨ ਹੀ ਨਹੀਂ ਸਗੋਂ ਦੁਨੀਆਂ ਦੇ ਕੁਝ ਹੋਰ ਦੇਸਾਂ ਵਿੱਚ ਵੀ ਭਾਰਤ ਵਿਰੋਧੀ ਮੁਜ਼ਾਹਰੇ ਹੋਏ ਹਨ। ਇਸ ਵਿੱਚ ਬਹੁਤੇਰੇ ਲੇਬਰ ਪਾਰਟੀ ਪੱਖੀ ਸ਼ਾਮਲ ਸਨ।

ਪਰ ਹੁਣ ਲੇਬਰ ਪਾਰਟੀ ਖ਼ੁਦ ਕਹਿ ਰਹੀ ਹੈ ਕਿ ਉਹ ਪਹਿਲਾਂ ਵਾਲੀ ਪਾਰਟੀ ਨਹੀਂ ਹੈ। ਕੀਅਰ ਸਟਾਰਮਰ ਨੇ ਚੋਣ ਮਿਸ਼ਨ ਦੇ ਸਮੇਂ ਇਹ ਸਪੱਸ਼ਟ ਕਿਹਾ ਸੀ ਕਿ ਉਹ ਭਾਰਤ ਦੇ ਨਾਲ ਚੰਗੇ ਸੰਬੰਧ ਚਾਹੁੰਦੇ ਹਨ। ਮੁਕਤ ਵਪਾਰ ਸਮਝੌਤੇ ਉੱਤੇ ਗੱਲਬਾਤ ਅੱਗੇ ਵਧਾਉਣਾ ਚਾਹੁੰਦੇ ਹਨ। ਅਜਿਹੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਅਤੇ ਬ੍ਰਿਟੇਨ ਦੇ ਰਿਸ਼ਤਿਆਂ ਵਿੱਚ ਫਰਕ ਆਉਣਾ ਚਾਹੀਦਾ ਹੈ। ਕੁਲ ਮਿਲਾ ਕੇ ਜੇ ਇਹਨਾਂ ਗੱਲਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਕਹਿ ਲਈਏ ਤਾਂ ਸ਼ਾਇਦ ਗਲਤ ਨਹੀਂ ਹੋਏਗਾ ਕਿ ਲੇਬਰ ਪਾਰਟੀ ਦਾ ਇਸ ਵਕਤ ਦਾ ਰਵਈਆ ਜੇ ਭਾਰਤ ਪੱਖੀ ਹੈ ਤਾਂ ਫਿਰ ਖਾਲਿਸਤਾਨੀ ਪੱਖੀ ਸਿੱਖਾਂ ਦੇ ਨਾਲ ਲੇਬਰ ਪਾਰਟੀ ਦਾ ਰਵਈਆ ਕੁਝ ਚੰਗਾ ਹੋਣ ਵਾਲਾ ਨਹੀਂ ਹੈ। ਇਸ ਤੋਂ ਇਲਾਵਾ ਬ੍ਰਿਟੇਨ ਦੇ ਵਿਦੇਸ਼ ਮੰਤਰੀ ਲੈਮੀ ਦੀ ਮੁਲਾਕਾਤ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਨਾਲ ਕਰਵਾਇਆ ਜਾਣਾ ਇੱਕ ਹੋਰ ਪਾਸੇ ਹੀ ਸੂਈ ਨੂੰ ਘੁਮਾ ਦਿੰਦਾ ਹੈ।

ਭੁੱਲਾਂ ਦੀ ਖਿਮਾ :

ਗੁਰਦੀਪ ਸਿੰਘ ਜਗਬੀਰ ( ਡਾ.)

ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ ॥

ਖਾਲਸਾ ਰਾਜ ਦੇ ਸੁਪਨੇ ਸੰਜੋਦਾ ਹੋਇਆ ਤੁਰ ਗਿਆ ਖਾਲਸੇ ਦੀ ਆਜ਼ਾਦੀ ਦੀ ਪ੍ਰਾਪਤੀ ਲਈ ਜੂਝਣ ਵਾਲਾ ਇੱਕ ਹੋਰ ਸਿਪਾਹੀ !!!!!!

ਅੱਜ ਸਵੇਰੇ ਹੀ ਸਵਿਟਜ਼ਰਲੈਂਡ ਤੋਂ ਭਾਈ ਹਰਵਿੰਦਰ ਸਿੰਘ ਜੀ ਖਾਲਸਾ (ਹਾਈਜੈਕਰ) ਹੁਣਾਂ ਦਾ ਫੋਨ ਆਇਆ ਕਹਿਣ ਲੱਗੇ ਬੜੀ ਦੁੱਖਦਾਈ ਖਬਰ ਹੈ !! ਡਾਕਟਰ ਸਾਹਿਬ ਕਿਸੇ ਤਰੀਕੇ ਕੰਨ੍ਹਾਂ  ਵੀ ਵਿੱਚ ਇਹ ਆਵਾਜ਼ ਪਵੇ ਕਿ ਇਹ ਖਬਰ ਝੂਠੀ ਹੈ ਪਰ ਖਬਰ ਸੱਚੀ ਹੀ ਸੀ। ਫਿਰ ਲਗਾਤਾਰ ਹੀ ਕਈ ਸਿੰਘਾਂ ਦੇ ਫੋਨ ਆਏ ਕਿ ਆਖਰ ਜੇ ਖਬਰ ਸੱਚੀ ਹੈ ਤਾਂ ਇਸ ਖਬਰ ਨੂੰ ਲੁਕੋਇਆ ਕਿਉਂ ਜਾ ਰਿਹਾ ਹੈ ?

ਖਾਲਸਾ ਰਾਜ ਦੀ ਪ੍ਰਾਪਤੀ ਦੇ ਸੁਪਨੇ ਸੰਜੋ ਕੇ ਤਾ-ਉਮਰ ਜਲਾਵਤਨੀ ਦੀ ਜਿੰਦਗੀ ਜਿਉਣ ਵਾਲਾ ਭਾਈ ਗਜਿੰਦਰ ਸਿੰਘ, ਇੱਕ ਮਹਾਨ ਕਵੀ ਦੀ ਛਵੀ ਦਾ ਵੀ ਮਾਲਕ ਸੀ। ਉਸਦੇ ਮਹਾਕਾਵਿ “ਪੰਜ ਤੀਰ ਹੋਰ” ਅਤੇ “ਗੰਗੂ ਦੀ ਰੂਹ”  ਉਪਰ ਭਾਰਤ ਸਰਕਾਰ ਵੱਲੋਂ ਇਸ ਕਰਕੇ ਪਾਬੰਦੀ ਲਗਾ ਦਿੱਤੀ ਗਈ ਸੀ ਕਿਉਂਕਿ ਉਸ ਨੇ ਆਪਣੀਆਂ ਕਵਿਤਾਵਾਂ ਦੇ ਰਾਹੀਂ ਖਾਲਸੇ ਦੇ ਨਾਲ ਹੋ ਰਹੇ ਅਨਿਆ ਅਤੇ ਹੋ ਰਹੀਆਂ ਜ਼ਿਆਦਤੀਆਂ ਦਾ ਜ਼ਿਕਰ ਇੱਕ ਸੱਚ ਰੂਪ ਦੇ ਵਿੱਚ ਉਜਾਗਰ ਕਰ ਦਿੱਤਾ ਸੀ।

ਇਹ ਗਾਂਧੀ ਜਾਂ ਨਹਿਰੂ ਜਾਂ ਨਹਿਰੂ ਦੀ ਧੀ ਏ !

ਗੰਗੂ ਹੀ ਗੰਗੂ ਨੇ ਹੋਰ ਇਥੇ ਕੀ ਏ !!

ਸਿਰਦਾਰ ਭਾਈ ਗਜਿੰਦਰ ਸਿੰਘ  ਜੀ ਦਾ ਜਨਮ ਪਟਿਆਲਾ ਸ਼ਹਿਰ ਦੇ ਤੋਪਖਾਨਾ ਰੋਡ’ ਤੇ ਮੋਹੱਲਾ ਜੇਜੀਆਂ ਵਾਲਾ,  ਵਿੱਖੇ, ਪਿਤਾ ਸਰਦਾਰ ਮਨੋਹਰ ਸਿੰਘ ਜੀ, ਅਤੇ ਮਾਤਾ ਬੀਬੀ ਰਣਜੀਤ ਕੌਰ ਦੇ ਗ੍ਰਹਿ ਵਿਖੇ ਹੋਇਆ। ਭਾਈ ਸਾਹਿਬ ਦੇ ਘਰ ਦੇ ਸਾਹਮਣੇ ਜੇਜੀ ਸਰਦਾਰਾਂ ਦੀ ਬਹੁਤ ਵੱਡੀ ਹਵੇਲੀ ਹੁੰਦੀ ਸੀ, ਸ਼ਾਇਦ ਇਸੇ ਕਰਕੇ ਮੋਹਲੇ ਦਾ ਨਾਂ ਮੋਹੱਲਾ ਜੇਜੀਆਂ ਵਾਲਾ ਕਰ ਕੇ ਜਾਣਿਆ ਜਾਂਦਾ ਹੈ।

ਸਿਰਦਾਰ ਗਜਿੰਦਰ ਸਿੰਘ ਦਾ ਜਨਮ ਨਵੰਬਰ 1951 ਦਾ ਹੈ । ਆਪ ਜੀ ਦੇ ਵਿੱਦਿਅਕ ਸਰਟੀਫਿਕੇਟਾਂ ਉਤੇ ਭਾਂਵੇਂ ਤਰੀਕ 22 ਨਵੰਬਰ 1951 ਦੀ ਲਿਖੀ ਹੋਈ ਹੈ, ਪਰ ਮਾਤਾ ਬੀਬੀ ਰਣਜੀਤ ਕੌਰ ਦੇ ਦੱਸੇ ਮੁਤਾਬਕ ਭਾਈ ਸਾਹਿਬ ਦਾ ਜਨਮ 19 ਨਵੰਬਰ 1951 ਦਾ ਬਣਦਾ ਹੈ ।  ਜਨਮ 19 ਨਵੰਬਰ ਦਾ ਹੋਵੇ ਜਾਂ 22 ਨਵੰਬਰ 1951 ਦਾ ਹੋਵੇ ਇਸ ਗਲ ਦੇ ਨਾਲ ਕੀ ਫ਼ਰਕ ਪੈ ਚਲਿਆ ਹੈ, ਗਲ ਤਾਂ ਉਸ ਕੁਰਬਾਨੀ ਦੀ ਹੈ ਜੋ ਇਸ ਯੋਧੇ ਦੇ ਹੱਕ ਵਿੱਚ ਸਤਿਗੁਰੂ ਜੀ ਨੇ ਲਿਖ ਦਿੱਤੀ ਹੈ। ਸ਼ਾਇਦ ਇਸ ਯੋਧੇ ਵਰਗੀ ਕੁਰਬਾਨੀ ਦੀ ਮਿਸਾਲ ਸਿੱਖ ਕੌਮ ਵਿੱਚ ਘੱਟ ਹੀ ਹੋਵੇ, ਜਿਸ ਦੀ ਆਪਣੀ ਜਵਾਨੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਗੁਜ਼ਰੀ ਹੋਵੇ, ਧਰਮਸੁਪਤਨੀ ਬੀਬੀ ਮਨਜੀਤ ਕੌਰ ਦੀ ਉਮਰ ਜਰਮਨ ਵਿੱਚ ਜਲਾਵਤਨੀ ਦੇ ਦੁਰਾਨ,ਕੁਝ ਐਸੀ ਕਟੀ ਹੋਵੇ ਕੇ ਆਪਣੇ ਪਤੀ ਤੋਂ ਦੂਰ, ਆਪਣੀ ਬੇਟੀ ਤੋਂ ਦੂਰ, ਬਿਮਾਰੀ ਦੇ ਹਾਲਾਤਾਂ ਵਿੱਚ, ਮੌਤ ਦੇ ਨਾਲ ਹਰ ਪੱਲ ਜੂਝਦਿਆਂ, ਜਦੋਂ ਇਸ ਸਿੰਘਣੀ ਦਾ 23 ਜਨਵਰੀ 2019 ਨੂੰ ਦੇਹਾਂਤ ਹੋਇਆ ਹੋਵੇ ਤਾਂ ਪਤੀ ਰੂਪ ਦੇ ਵਿੱਚ ਸਿਰਦਾਰ ਗਜਿੰਦਰ ਨੂੰ ਆਪਣੀ ਸਿੰਘਣੀ ਦਾ ਆਖਰੀ ਵਾਰ ਮੁਖਣਾ ਵੀ ਦੇਖਣਾ ਨਸੀਬ ਨਾ ਹੋਇਆ ਹੋਵੇ। ਇਹ ਕੈਸੀ ਤ੍ਰਾਸਦੀ ਭਰੀ ਕੁਰਬਾਨੀ ਹੈ। ਜਦੋਂ ਲੋਕ ਪਰਿਵਾਰਾਂ ਵਿੱਚ ਬੈਠ ਕੇ ਗ੍ਰਸਤ ਦਾ ਨਿੱਘ ਮਾਣਦੇ ਹਨ ਉਦੋਂ ਭਾਈ ਸਾਹਿਬ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋਇਆ ਵਿਦੇਸ਼ਾਂ ਵਿੱਚ ਇੱਕ ਵਿਲੱਖਣ ਕੁਰਬਾਨੀ ਦਾ ਹੱਕ ਅਦਾ ਕਰ ਰਿਹਾ ਹੋਵੇ ਅਤੇ ਭਾਈ ਸਾਹਿਬ ਸਿਰਦਾਰ ਗਜਿੰਦਰ ਸਿੰਘ, ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਆਪਣੀ ਜਵਾਨੀ ਦੇ ਦਿਨ ਗੁਜ਼ਾਰ ਰਹੇ ਹੋਣ।

ਭਾਈ ਗਜਿੰਦਰ ਸਿੰਘ, ਪੰਜ ਭੈਣ ਭਰਾਵਾਂ ਵਿੱਚੋਂ ਚੌਥੇ ਨੰਬਰ’ ਤੇ ਸਨ। ਸੱਭ ਤੋਂ ਵੱਡੀ ਭੈਣ, ਬੀਬੀ ਹਰਪਾਲ ਕੌਰ, ਜੋ ਭਾਈ ਸਾਹਿਬ ਤੋਂ ਦੱਸ ਸਾਲ ਵੱਡੀ ਹੈ, ਅਤੇ 1947 ਵਿੱਚ ਪੰਜਾਬ ਦੀ ਹੋਈ ਵੰਡ ਵੇਲੇ ਉਹ ਪੰਜ ਵਰ੍ਹੇ ਦੀ ਸੀ । ਬੀਬੀ ਹਰਪਾਲ ਕੌਰ ਤੋਂ ਛੋਟਾ ਭਰਾ, ਸਰਦਾਰ ਅਵਤਾਰ ਸਿੰਘ ਹੈ , ਜੋ ਭਾਈ ਸਾਹਿਬ ਤੋਂ ਪੰਜ ਸਾਲ ਵੱਡਾ ਸੀ, ਅਤੇ ਵੰਡ ਵੇਲੇ ਮਾਤਾ ਬੀਬੀ ਰਣਜੀਤ ਕੌਰ ਦੇ ਕੁੱਛੜ੍ਹ ਸੀ । ਇਸ ਤੋਂ ਛੋਟੀ ਭੈਣ ਇੰਦਰਮੋਹਣ ਕੌਰ ਹੈ, ਜੋ ਵੰਡ ਤੋਂ ਮਗਰੋਂ ਇਸ ਸੰਸਾਰ ਵਿੱਚ ਆਈ, ਭਾਈ ਸਾਹਿਬ, ਤੋਂ ਡੇਢ ਕੁ ਸਾਲ ਵੱਡੀ ਹੈ । ਭਾਈ ਸਾਹਿਬ ਤੋਂ ਛੋਟਾ ਭਰਾ, ਸਰਦਾਰ ਦਰਸ਼ਨ ਸਿੰਘ ਹੈ, ਜੋ ਭਾਈ ਸਾਹਿਬ ਤੋਂ ਤਕਰੀਬਨ ਸੱਤ ਸਾਲ ਛੋਟਾ ਹੈ। ਸੰਤਾਲੀ ਦੀ ਵੰਡ ਤੋਂ ਮਗਰੋਂ ਇਹ ਪਰਿਵਾਰ, ਭਾਰਤ ਵਾਲੇ ਪਾਸੇ ਦੇ ਪੰਜਾਬ ਦੇ ਪਟਿਆਲਾ ਸ਼ਹਿਰ ਆ ਕੇ ਵੱਸ ਗਿਆ ਸੀ। ਇਥੇ ਹੀ ਨਾਲ ਲੱਗਦੇ ਵੱਡੇ ਸਾਰੇ ਪਲਾਟ ਵਿੱਚ ਪਿਤਾ ਜੀ ਸਰਦਾਰ ਮਨੋਹਰ ਸਿੰਘ ਜੀ ਨੇ ਜੀਵਕਾ ਦੇ ਲਈ ਲੱਕੜ੍ਹਾਂ ਦਾ ਟਾਲ ਸ਼ੁਰੂ ਕਰ ਦਿੱਤਾ ਸੀ।

ਭਾਈ ਸਾਹਿਬ ਜੀ ਦੇ ਪਰਿਵਾਰ ਦਾ ਪਿਛੋਕੜ੍ਹ ਸਰਦਾਰ ਜਰਨੈਲ ਹਰੀ ਸਿੰਘ ਨਲੂਆ ਦੇ ਵੱਸਾਏ ਸ਼ਹਿਰ, ਹਰੀ ਪੁਰ ਹਜ਼ਾਰਾ ਨਾਲ ਜਾ ਜੁੜਦਾ ਹੈ, ਜੋ ਹੁਣ ਪਾਕਿਸਤਾਨ ਦੇ ਸੂਬਾ ਸਰਹੱਦ, ਜਾਂ ਸੂਬਾ ‘ਪਖਤੂਨ ਖਵਾ’ ਵਿੱਚ ਹੈ । ਇੰਜ ਦਾਦਕਾ ਪਰਿਵਾਰ ਹਰੀਪੁਰ ਹਜ਼ਾਰਾ ਦਾ ਰਹਿਣ ਵਾਲਾ ਸੀ । ਦਾਦਾ ਜੀ ਦਾ ਨਾਮ ਸਰਦਾਰ ਗੁਰਮੁੱਖ ਸਿੰਘ ਸੀ, ਜਿਨ੍ਹਾ ਦਾ ਪਰਿਵਾਰ ਹਰੀਪੁਰ ਹਜ਼ਾਰਾ ਦੇ ਨਾਲ ਸੰਬੰਧਤ ਸੀ। ਹਰੀਪੁਰ ਹਜ਼ਾਰਾ ਤੋਂ ਐਬਟਾਬਾਦ ਅਤੇ ਮੁਜ਼ੱਫਰਾਬਾਦ ਤੱਕ ਆਪ ਦੇ ਦਾਦਾ ਜੀ ਵੱਡੀ ਜਾਗੀਰ ਦੇ ਮਾਲਿਕ ਸਨ, ਜਿਸ ਵਿੱਚ ਬਹੁਤ ਸਾਰੇ ਫਲਾਂ ਦੇ ਬਾਗ਼ ਸਨ। 

ਭਾਈ ਸਾਹਿਬ ਜੀ ਦੇ ਪਿਤਾ ਸਰਦਾਰ ਮਨੋਹਰ ਸਿੰਘ ਜੀ, ਚਾਰ ਭਰਾ ਸਨ, ਭੈਣ ਕੋਈ ਨਹੀਂ ਸੀ । ਪਿਤਾ ਜੀ ਦੇ ਵੱਡੇ ਭਰਾ ਦਾ ਨਾਮ ਸਰਦਾਰ ਜੈ ਸਿੰਘ ਸੀ, ਤੇ ਦੋ ਛੋਟੇ ਭਰਾਵਾਂ ਦਾ ਨਾਮ ਸਰਦਾਰ ਹਰਬੰਸ ਸਿੰਘ, ਅਤੇ ਸਰਦਾਰ ਮੇਹਰ ਸਿੰਘ ਸੀ। ਇਸਦੇ ਨਾਲ ਹੀ ਇੱਕ ਮੁਜ਼ੱਫਰਾਬਾਦ ਵਾਲੇ ਪਰਿਵਾਰ ਵਿੱਚੋਂ ਮਾਮੇ ਦਾ ਮੁੰਡਾ ਸਰਦਾਰ ਹਰਬੰਸ ਸਿੰਘ ਸੀ। ਘਰ ਵਿੱਚ ਵਿਆਹ ਸ਼ਾਦੀਆਂ ਅਤੇ ਹੋਰ ਖੁਸ਼ੀ ਗਮੀ ਦੇ ਮੌਕਿਆਂ, ਉਤੇ ਅਕਸਰ ਪੰਜੋ ਭਰਾ ਇਕੱਠੇ ਹੋ ਜਾਂਦੇ ਸਨ । 

ਭਾਈ ਸਾਹਿਬ ਜੀ ਦਾ ਨਾਨਕਾ ਪਰਿਵਾਰ ਹਰੀਪੁਰ ਹਜ਼ਾਰਾ ਦੇ ਨਾਲ ਪੈਂਦੇ ਪਿੰਡ ‘ਸਰਾਏ ਨਿਆਮਤ ਖਾਨ’ ਦਾ ਰਹਿਣ ਵਾਲਾ ਸੀ । ਨਾਨਾ ਜੀ, ਗਿਆਨੀ ਪ੍ਰਤਾਪ ਸਿੰਘ ਜੀ, ਬਹੁਤ ਧਾਰਮਿਕ ਵਿਅਕਤੀ ਸਨ, ਅਤੇ ਮਾਤਾ ਰਣਜੀਤ ਕੌਰ ਦੇ ਦੱਸੇ ਮੁਤਾਬਕ ਇਲਾਕੇ ਵਿੱਚ ਅੰਮ੍ਰਿਤ ਛਕਾਉਣ ਵੇਲੇ ‘ਪੰਜ ਪਿਆਰਿਆਂ’ ਵਿੱਚ ਵੀ ਸ਼ਾਮਿਲ ਹੋਇਆ ਕਰਦੇ ਸਨ। ਹਰ ਪਾਸੋਂ ਹੀ ਸਿੱਖੀ ਦੇ ਰੰਗ ਵਿੱਚ ਰੰਗੇ ਹੋਏ ਸਨ। ਪਿੰਡ ਸਰਾਏ ਨਿਆਮਤ ਖਾਨ ਵਿੱਚ ਉਹਨਾਂ ਕੋਲ ਕਾਫੀ ਵਾਹੀ ਵਾਲੀ ਜ਼ਮੀਨ ਸੀ । 

 ਭਾਈ ਗਜਿੰਦਰ ਸਿੰਘ ਜੀ ਦੇ ਘਰ ਦਾ ਮਾਹੋਲ ਰਵਾਇਤੀ ਕਿਸਮ ਦਾ ਸੀ, ਪਰ ਸਿੱਖੀ ਪ੍ਰਤੀ ਪ੍ਰਪੱਕ ਅਤੇ ਸਿੱਖੀ ਜੀਵਨ ਜਾਚ ਵਿਚ ਪੂਰੀ ਤਰ੍ਹਾਂ ਦੇ ਨਾਲ ਗੁਰਸਿੱਖੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਸੋ ਭਾਈ ਸਾਹਿਬ ਨੂੰ ਜਨਮ ਤੋਂ ਹੀ ਸਿੱਖੀ ਦੀ ਐਸੀ ਗੁੜ੍ਹਤੀ ਮਿਲੀ ਸੀ ਕੇ ਆਪ ਜੀ ਦਾ ਜੀਵਨ ਮੁੱਢ ਤੋਂ ਹੀ ਸਿੱਖੀ ਦੀ ਸਾਧਨਾ ਨੂੰ ਸਮਰਪਿਤ ਹੋ ਗਿਆ ਸੀ। ਆਪ ਜੀ ਦੇ ਪਿਤਾ ਜੀ ਦੇ ਬਾਕੀ ਤਿੰਨੋ ਭਰਾ ਵੀ ਪਟਿਆਲੇ ਸ਼ਹਿਰ ਹੀ ਆ ਕੇ ਵੱਸ ਗਏ ਸਨ । 

ਭਾਈ ਗਜਿੰਦਰ ਸਿੰਘ ਜੀ ਮੁੱਢਲੀ ਸਿੱਖਿਆ ਦੀ ਸ਼ੁਰੂਆਤ ਘਰ ਤੋਂ ਥੋੜੀ ਦੂਰ, ਤੋਪ ਖਾਨਾ ਰੋਡ ਉਤੇ ‘ਢੁਡਿਆਲ ਖਾਲਸਾ ਸਕੂਲ’ ਤੋਂ ਸ਼ੁਰੂ ਹੋਈ ਸੀ।

ਸਿਰਦਾਰ ਗਜਿੰਦਰ ਸਿੰਘ ਜੀ ਬੇਟੀ ਬਿਕਰਮ ਜੀਤ ਕੌਰ ਇਸ ਵਕਤ ਇੰਗਲੈਂਡ ਵਿਚ ਹੈ ਜੋ ਆਪਣੇ ਸੁਹਾਗ ਸਰਦਾਰ ਗੁਰਪਰੀਤ ਸਿੰਘ ਜੀ ਦੇ ਨਾਲ ਆਪਣਾ ਗ੍ਰਹਿਸਥ ਜੀਵਨ ਬਿਤਾ ਰਹੀ ਹੈ। ਬੱਚੀ ਬਿਕਰਮ ਜੀਤ ਕੌਰ ਦਾ ਸਹੁਰਾ ਪਰਿਵਾਰ ( ਸਰਦਾਰ ਮੰਗਲ ਸਿੰਘ ਅਤੇ ਬੀਬੀ ਰਣਜੀਤ ਕੌਰ) ਪੂਰਾ ਗੁਰਸਿਖੀ ਰੰਗ ਵਿੱਚ ਰੰਗਿਆ ਉਹ ਪਰਿਵਾਰ ਹੈ, ਜੋ ਸਿੱਖੀ ਜੀਵਨ ਜਾਚ ਦਾ ਇੱਕ ਪ੍ਰਯੋਗ ਜੀਵਨ ਜੀ ਰਿਹਾ ਹੈ। ਬੱਚੀ ਬਿਕ੍ਰਮ ਜੀਤ ਕੌਰ ਦਾ ਅਨੰਦ ਕਾਰਜ ਸਰਦਾਰ ਮੰਗਲ ਸਿੰਘ ਅਤੇ ਬੀਬੀ ਰਣਜੀਤ ਕੌਰ ਦੇ ਬੇਟੇ ਸਰਦਾਰ ਗੁਰਪ੍ਰੀਤ ਸਿੰਘ ਦੇ ਨਾਲ 29 ਜੁਲਾਈ 2006 ਵਾਲੇ ਦਿਨ, ਸਾਊਥਾਲ ਦੀ ਮਿਸ਼ਨਰੀ ਸੁਸਾਇਟੀ ਦੇ ਮਾਤਾ ਸੁੰਦਰੀ ਦੀਵਾਨ ਹਾਲ ਵਿੱਚ ਸੰਪਨ ਹੋਇਆ ਸੀ। ਪੱਲੇ ਦੀ ਰਸਮ ਉਸ ਵੇਲੇ ਸਾਰੀ ਕੌਮ ਵੱਲੋਂ ਹੀ ਅਦਾ ਹੋ ਗਈ ਜਦੋਂ ਉਸ ਦਿਨ ਦੇਸ਼ ਵਿਦੇਸ਼ ਤੋਂ ਆਈ ਸੰਗਤ ਨੇ ਇਸ ਬੱਚੀ ਨੂੰ ਪੰਥ ਦੀ ਬੇਟੀ ਹੋਣ ਦਾ ਮਾਣ ਬਖਸ਼ਿਆ। ਬੱਚੀ ਬਿਕਰਮ ਜੀਤ ਕੌਰ ਅਤੇ ਬੱਚੇ ਗੁਰਪਰੀਤ ਸਿੰਘ ਦੇ ਗ੍ਰਹਿ ਸਤਿਗੁਰੂ ਜੀ ਨੇ, ਬੱਚੀ ਅਵਨੀਤ ਕੌਰ ਅਤੇ ਪੁੱਤਰ ਸੁਖਰਾਜ ਸਿੰਘ ਦੀ ਦਾਤ ਬਖਸ਼ੀ ਹੈ।

ਮੇਰੀ ( ਦਾਸ ਗੁਰਦੀਪ ਸਿੰਘ ਜਗਬੀਰ) ਦੀ ਪਹਿਲੀ ਮੁਲਾਕਾਤ ਸਿਰਦਾਰ ਗਜਿੰਦਰ ਸਿੰਘ ਜੀ ਦੇ ਨਾਲ ਸ੍ਰੀ ਅਨੰਦ ਪੁਰ ਸਾਹਿਬ ਵਿਖੇ ਹੋਈ ਸੀ। 1978 ਦਾ ਵਰ੍ਹਾ ਸੀ ਅਤੇ ਸ੍ਰੀ ਅਨੰਦ ਪੁਰ ਸਾਹਿਬ ਵਿਖੇ, ਸਿੱਖ ਸਟੂਡੈਂਟ ਫੈਡਰੇਸ਼ਨ ਦਾ ਕੈਂਪ ਲਗਾਇਆ ਗਿਆ ਸੀ। ਮੈਂ ਉਸ ਵੇਲੇ ਦਿੱਲੀ ਦੇ ਸ੍ਰੀ ਗੁਰੂ ਤੇਗ਼ ਬਹਾਦੁਰ ਖ਼ਾਲਸਾ ਕਾਲਜ ਦੀ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਅਤੇ ਫੈਡਰੇਸਨ ਦਾ ਜੁਆਇੰਟ ਸਕੱਤਰ ਹੋਇਆ ਕਰਦਾ ਸੀ।ਇਹ ਸੀਨ ਅੱਜ ਵੀ ਮੇਰੀਆਂ ਅੱਖਾਂ ਵਿੱਚ ਫਿੱਟ ਹੈ।ਜਦੋਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਲੈਕਚਰ ਕਰ ਰਹੇ ਸਨ ਅਤੇ ਭਾਈ ਗਜਿੰਦਰ ਸਿੰਘ ਜੀ ਦਰਬਾਰ ਹਾਲ ਦੇ ਅੰਦਰ ਦਾਖਲ ਹੋਵੋ ਸਨ। ਗੋਰੇ ਰੰਗ ਦਾ ਬਹੁਤ ਹੀ ਖੂਬਸੂਰਤ ਦਿੱਖ ਵਾਲਾ, ਲੰਬੇ ਕਦ੍ਹ ਦਾ ਮਾਲਕ, ਇਹ ਨੌਜਵਾਨ, ਵਖਰੀ ਹੀ ਕਿਸਮ ਦੀ ਪਰਸਨੈਲਿਟੀ ਦਾ ਮਾਲਕ ਸੀ। ਆਪ ਦੇ ਅੰਦਰ ਆਉਂਦਿਆਂ ਹੀ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਮੈਂ ਚੰਡੀਗੜ੍ਹ ਤੋਂ ਆਏ ਨੌਜਵਾਨ ਵੀਰਾਂ ਨੂੰ ਜੀ ਆਇਆਂ ਨੂੰ ਆਖਦਾ ਹਾਂ। ਉਸ ਤੋਂ ਬਾਅਦ ਫੇਰ ਆਪ ਜੀ ਦੇ ਨਾਲ ਦਿੱਲੀ ਵਿੱਖੇ ਵੀ ਕਈ ਮੁਲਾਕਾਤਾਂ ਹੋਈਆਂ।

ਭਾਈ ਗਜਿੰਦਰ ਸਿੰਘ ਜੀ ਦੀ ਇੱਕ ਨਿਡਰ ਅਤੇ ਬੇਖੌਫ ਸਖਸ਼ੀਅਤ ਦਾ ਇੱਥੇ ਜ਼ਿਕਰ ਕਰਣ ਨੂੰ ਮੇਰਾ ਮਨ ਕਰਦਾ ਹੈ। ਦੇਵ ਨਗਰ ਦੇ ਸਾਡੇ ਘਰ ਦੇ ਲਾਗੇ ਲਿਬਰਟੀ ਸਿਨੇਮਾਂ ਹੁੰਦਾ ਸੀ।

ਉਥੇ “ਪ੍ਰੋਫੈਸਰ ਪਿਆਰੇ ਲਾਲ” ਨਾਮ ਦੀ ਫਿਲਮ ਲਗੀ ਹੋਈ ਸੀ।

ਮੈਨੂੰ ਬੀ ਵਰਿੰਦਰ ਜੀਤ ਸਿੰਘ ਬਿੱਟੂ ਨੇ ਘਰ ਫੋਨ ਕੀਤਾ ਕੇ ਅਸੀਂ ਤੇਰੇ ਘਰ ਲਾਗੇ ਸਿਰਦਾਰ ਗਜਿੰਦਰ ਸਿੰਘ ਦੇ ਨਾਲ ਫਿਲਮ ਦੇਖਣ ਆ ਰਹੇ ਹਾਂ।ਉਸ ਤੋਂ ਪਹਿਲਾ ਬਖਸ਼ੀ ਇੰਦਰਜੀਤ ਸਿੰਘ ਦੇ ਬੇਟੇ ਟੀਟੂ ਬਖਸ਼ੀ ਦੀ ਪ੍ਰੈੱਸ ਵਿਖੇ ਅਸੀਂ ਇਕਠੇ ਹੋਏ ਸੀ। ਜਿੱਥੇ ਭਾਈ ਸਾਹਿਬ ਨੇ ਆਪਣੀਆਂ ਕਈਆਂ ਕਵਿਤਾਵਾਂ ਸੁਣਾਈਆਂ। ਅਤੇ ਕੁਝ ਦਿਨ ਬਾਅਦ ਸਾਨੂੰ ਪਤਾ ਲੱਗਾ ਕੇ ਇੰਡੀਅਨ ਏਅਰ ਲਾਈਨ ਦਾ ਇਕ ਇੱਕ ਜਹਾਜ਼ ਅਗਵਾ ਹੋ ਗਿਆ ਹੈ। ਇਸ ਜਹਾਜ਼ ਨੂੰ ਅਗਵਾਹ ਕਰਣ ਵਾਲੇ ਸਿੰਘਾਂ ਦੀ ਅਗਵਾਹੀ ਭਾਈ ਗਜਿੰਦਰ ਸਿੰਘ ਨੇ ਕੀਤੀ ਸਨ। ਉਸ ਵਕਤ ਮੇਰੇ ਮਨ ਵਿੱਚ ਖ਼ਿਆਲ ਆਇਆ ਸੀ ਕੇ ਕੋਈ ਇਤਨਾ ਵੀ ਬੇਖੌਫ ਅਤੇ ਬੇਪਰਵਾਹ ਹੋ ਸਕਦਾ ਹੈ, ਜਿਸਨੇ ਦੂਜੇ ਦਿਨ ਜਹਾਜ਼ ਹੈਜੈਕ ਕਰਨਾ ਹੋਵੇ ਅਤੇ ਉਸਦੇ ਮੱਥੇ’ ਤੇ ਖੌਫ ਜਾਂ ਘਬਰਾਹਟ ਦੀ ਕੋਈ ਸ਼ਿਕਨ ਵੀ ਨਾਂ ਹੋਵੇ।

29 ਸਤੰਬਰ 1981 ਨੂੰ ਸਿਰਦਾਰ ਗਜਿੰਦਰ ਸਿੰਘ ਆਪਣੇ ਚਾਰ ਸਾਥੀਆਂ ਦੇ ਨਾਲ ਏਅਰ ਇੰਡੀਆ ਦੇ ਹਵਾਈ ਜਹਾਜ਼ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਅਗਵਾ ਕਰਕੇ ਲਾਹੌਰ ਲੈ ਗਏ ਸਨ। ਏਅਰ ਇੰਡੀਆ ਦੇ ਇਸ ਜਹਾਜ਼ ਵਿੱਚ 111 ਮੁਸਾਫਰਾਂ ਦੇ ਨਾਲ ਅਮਲੇ ਦੇ ਛੇ ਮੈਂਬਰ ਵੀ ਸਵਾਰ ਸਨ।ਅਗਵਾ ਹੋਏ ਇਸ ਜਹਾਜ਼ ਦੇ ਲਾਹੌਰ ਦੀ ਧਰਤੀ’ ਤੇ ਉਤਰਦੇ ਸਾਰ ਹੀ ਸਿਰਦਾਰ ਗਜਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਖਾਲਸਾਈ ਰਵਾਇਤ ਦੇ ਮੁਤਾਬਿਕ ਔਰਤਾਂ ਅਤੇ ਬੱਚਿਆਂ ਨੂੰ ਤੁਰੰਤ ਛੱਡ ਦਿੱਤਾ। ਫੇਰ ਉਨ੍ਹਾਂ ਵਲੋਂ ਆਪਣੀਆਂ ਮੰਗਾ ਰੱਖੀਆਂ ਗਈਆਂ।

20 ਸਤੰਬਰ 1981 ਵਾਲੇ ਦਿਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਮਹਿਤਾ ਚੌਕ ਗੁਰੁਦਵਾਰਾ ਸਾਹਿਬ ਦੇ ਸਾਹਮਣਿਓਂ  ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਉੱਥੇ ਸੰਗਤਾਂ ਅਤੇ ਪੁਲਿਸ ਦੇ ਵਿੱਚਾਲੇ  ਗੋਲੀਬਾਰੀ ਹੋਈ। ਜਿਸ ਵਿੱਚ ਗਿਆਰਾਂ ਵਿਅਕਤੀਆਂ ਦੀ ਸ਼ਹਾਦਤ ਹੋ ਗਈ। 

 21 ਸਤੰਬਰ 1981 ਵਾਲੇ ਦਿਨ ਅਦਾਲਤ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਾਂਵਾਲਿਆਂ ਦੀ 4 ਦਿਨ ਦੀ ਪੁਲਿਸ ਰਿਮਾਂਡ  ਵਧਾ ਕੇ 26 ਸਤੰਬਰ 81 ਤੱਕ ਕਰ ਦਿੱਤੀ।ਪੁਲਿਸ ਰਿਮਾਂਡ ਵਿੱਚ ਮਹਾਂਪੁਰਖਾਂ ਪਾਸੋ ਲਾਲਾ ਜਗਤ ਨਰਾਇਣ ਕਤਲ ਕਾਂਡ ਨਾਲ ਸੰਬਧਿਤ ਤਕ਼ਰੀਬਨ ਚਾਰ ਸੌ ਸਵਾਲ ਪੁੱਛੇ ਗਏ। ਪਰ ਪੁਲਿਸ ਇਸ ਪੁੱਛਗਿਛ ਦੌਰਾਨ  ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਲਾਲਾ ਜਗਤ ਨਰਾਇਣ  ਕਤਲਕਾਂਡ ਨਾਲ ਸੰਬੰਧ ਜੋੜਨ ਵਿੱਚ ਨਾਕਾਮਯਾਬ ਰਹੀ। ਉਪਰੰਤ ਮਹਾਂਪੁਰਖਾਂ ਨੂੰ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਨਜ਼ਰਬੰਦ ਕਰਣ ਦੀ ਖਬਰ ਕਾਰਣ ਕੌਮ ਚ ਰੋਸ ਦੀ ਲਹਿਰ ਦੌੜ ਗਈ। ਇਸੇ ਰੋਸ ਦੇ ਪ੍ਰਗਟਾਵੇ ਲਈ ਦਲ ਖ਼ਾਲਸਾ ਦੇ ਨੌਜਵਾਨ ਭਾਈ ਸਿਰਦਾਰ ਗਜਿੰਦਰ ਸਿੰਘ ਹੁਣਾਂ ਦੀ ਅਗਵਾਈ ਤਹਿਤ, 29 ਸਤੰਬਰ 1981 ਨੂੰ ਉਨ੍ਹਾਂ ਦੇ ਸਾਥੀ, ਏਅਰ ਇੰਡੀਆ  ਦਾ ਹਵਾਈ ਜਹਾਜ਼ ਦਿੱਲੀ ਤੋਂ ਅਗਵਾਹ ਕਰ ਕੇ ਲਾਹੌਰ ਲੈ ਗਏ। 

 ਉਨ੍ਹਾਂ ਦੇ ਚਾਰ ਸਾਥੀਆਂ ਦੇ ਨਾਂ ਸਰਬ ਸਿਰਦਾਰ ਸਤਨਾਮ ਸਿੰਘ ਪਾਉਂਟਾ ਸਾਹਿਬ, ਮਾਸਟਰ ਕਰਨ ਸਿੰਘ, ਸਿਰਦਾਰ ਜਸਬੀਰ ਸਿੰਘ ਅਤੇ ਸਿਰਦਾਰ ਤੇਜਿੰਦਰਪਾਲ ਸਿੰਘ ਹਨ। ਇਸ ਕਾਰਵਾਈ ਨਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦਾ ਕੌਮਾਂਤਰੀ ਪੱਧਰ ’ਤੇ ਪ੍ਰਚਾਰ ਹੋਇਆ।

 ਹਾਈਜੈਕਰਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਬਿਨ੍ਹਾਂ ਸ਼ਰਤ ਰਿਹਾਈ ਦੀ ਸ਼ਰਤ ਰੱਖੀ। ਇਸ ਦੇ ਨਾਲ ਕੁਝ ਹੋਰ ਸ਼ਰਤਾਂ ਵੀ ਰੱਖੀਆਂ ਜਿਵੇਂ, ਖਾਲਸਤਾਨੀ ਮੂਵਮੇੰਟ ਦੇ ਨਾਲ ਸੰਬੰਧਤ ਸਾਰੇ ਗੁਰਸਿੱਖਾਂ ਨੂੰ ਰਿਹਾਅ ਕੀਤਾ ਜਾਵੇ, ਹਾਈਜੈਕਰਾਂ ਨੂੰ ਪੰਜ ਲੱਖ ਡਾਲਰ ਦਿੱਤੇ ਜਾਣ ਅਤੇ 20 ਸਤੰਬਰ ਵਾਲੇ ਦਿਨ ਸ਼ਹੀਦ ਕੀਤੇ ਗਏ ਗੁਰਸਿੱਖਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਏ।

ਸਾਲ 2002 ਦੇ ਦੁਰਾਨ, ਤਤਕਾਲੀ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਨੇ ਪਾਕਿਸਤਾਨ ਨੂੰ 20 ਮੋਸਟਵਾਂਟੇਡ ਅੱਤਵਾਦੀਆਂ ਦੀ ਲਿਸਟ ਸੌਂਪੀ ਸੀ, ਜਿਸ ਵਿੱਚ ਭਾਈ ਗਜਿੰਦਰ ਸਿੰਘ ਦਾ ਨਾਮ ਵੀ ਸ਼ਾਮਲ ਸੀ। ਸਿਰਦਾਰ ਗਜਿੰਦਰ ਸਿੰਘ ਨੇ ਪਾਕਿਸਤਾਨ ਵਿੱਚ ਜਲਾਵਤਨੀ ਦੀ ਜਿੰਦਗੀ ਜਿਉਂਦਿਆਂ 41 ਸਾਲ ਬਿਤਾਏ। ਪਰ ਕੁਝ ਨਾਹੱਕ ਲੋਕਾਂ ਵਲੋਂ ਵੀ ਸਿਰਦਾਰ ਗਜਿੰਦਰ ਸਿੰਘ ਜੀ ਨੂੰ ਅੱਤਵਾਦੀ ਦੱਸ ਕੇ ਕਿੰਤੂ-ਪ੍ਰੰਤੂ ਕੀਤਾ ਜਾਂਦਾ ਰਿਹਾ ਹੈ, ਪਰ ਉਸ ਵਕਤ ਇਨ੍ਹਾਂ ਦੇ ਮੂੰਹ ਤੇ ਇੱਕ ਚਪੇੜ ਵਜੀ, ਜਦੋਂ ਸਿੱਖਾਂ ਦੀ ਸਰਵਉੱਚ ਸੰਸਥਾ, ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿਰਦਾਰ ਗਜਿੰਦਰ ਸਿੰਘ ਨੂੰ ‘ਜਲਾਵਨੀ ਸਿੱਖ ਯੋਧੇ’ ਦੀ ਉਪਾਧੀ ਦੇਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਸੰਬੰਧੀ ਇਕ ਖ਼ਤ ਸਿਰਦਾਰ ਗਜਿੰਦਰ ਸਿੰਘ ਨੂੰ ਭੇਜਿਆ ਗਿਆ ਕਿ ‘ਗੁਰੂ ਪੰਥ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮਿਤੀ 3 ਅੱਸੂ ਸੰਮਤ ਨਾਨਕਸ਼ਾਹੀ 552 ਮੁਤਾਬਕ 18 ਸਤੰਬਰ 2020 ਨੂੰ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਆਪ ਜੀ ਨੂੰ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਲਈ ‘ਜਲਾਵਤਨੀ ਸਿੱਖ ਯੋਧਾ’ ਦੀ ਉਪਾਧੀ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਲੋਂ ਹੋਏ ਆਦੇਸ਼ ਅਨੁਸਾਰ ਆਪ ਜੀ ਨੂੰ ਸਨਮਾਨ ਦੇਣ ਦੀ ਮਿਤੀ ਨਿਯਤ ਕਰਕੇ ਸੂਚਿਤ ਕੀਤਾ ਜਾਵੇਗਾ।ਉਹ ਮਿਤੀ ਕਦੋਂ ਆਵੇ ਗੀ,ਇਸਦਾ ਅਜੇ ਤੱਕ ਕੋਈ ਨਹੀਂ ਪਤਾ।

ਅੱਜ ਸਤਿਕਾਰ ਯੌਗ ਭਾਈ ਸਾਹਿਬ ਗਜਿੰਦਰ ਸਿੰਘ ਜੀ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਮਨ ਨੂੰ ਇਕਦਮ ਵਿਚਲਿਤ ਜਿਹਾ ਕਰ ਦਿੱਤਾ। ਅੱਜ ਇੱਕ ਰੋਸ ਵੀ ਮਨ ਦੇ ਕਿਸੇ ਕੋਨੇ ਵਿੱਚ ਬੈਠ ਕੇ ਇੱਕ ਪੁਕਾਰ ਕਰਣ ਲਗਾ ਕੇ ਭਾਈ ਗਜਿੰਦਰ ਸਿੰਘ ਜੀ ਦੀ ਕੁਰਬਾਨੀ ਇੱਕ ਵਖਰੀ ਹੀ ਸ਼ਹਾਦਤ ਦੀ ਸ਼ਾਹਦੀ ਭਰਦੀ ਹੈ। ਬੇਸ਼ੱਕ ਭਾਈ ਗਜਿੰਦਰ ਸਿੰਘ ਦੀ ਕੁਰਬਾਨੀ, ਇੱਕ ਜਿਉਂਦਾ ਸ਼ਹੀਦ ਅਤੇ ਫ਼ਖ਼ਰ-ਏ-ਕੌਮ ਹੋਣ ਦਾ ਦਮ ਭਰਦੀ ਹੈ। ਮੇਰੀ, ਮੇਰੇ ਸਤਿਗੁਰੂ ਜੀ ਦੇ ਅੱਗੇ ਅਰਦਾਸ ਹੈ ਕੇ ਸਤਿਗੁਰੂ ਜੀ ਸਰਦਾਰ ਗਜਿੰਦਰ ਸਿੰਘ ਜੀ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਕੇ ਆਵਾ ਗਵਣ ਦੇ ਗੇੜ ਤੋਂ ਮੁਕਤੀਆਂ ਬਖਸ਼ਣ। ਹਾਈਜੈਕਿੰਗ ਦੇ ਨਾਲੋ ਨਾਲ, ਇਨਕਲਾਬੀ ਕਾਵਿ ਰਾਹੀਂ ਵੀ ਆਪ ਪੰਜਾਬ ਅਤੇ ਪੰਜਾਬੀ ਸਾਹਿਤ ਦੇ ਇਕ ਕਵੀ ਵਜੋਂ ਜੋ ਸੇਵਾ ਨਿਭਾ ਗਏ, ਉਹ ਆਪ ਨੂੰ ਹਮੇਸ਼ਾ ਕੌਮ ਦੇ ਮਨਾਂ ਵਿੱਚ ਜਿਉਂਦਾ ਰੱਖੇਗੀ।ਆਪ ਜੀ ਦੀ ਕਾਵਿ ਦੀ ਸਰਵਉਚਤਾ ਦਾ ਸਰਟਫੀਕੇਟ, ਭਾਰਤ ਦੀ ਸਰਕਾਰ ਵਲੋਂ ਵੀ ਆਪ ਨੂੰ ਉਸ ਵਕਤ ਦੇ ਦਿੱਤਾ ਗਿਆ ਸੀ, ਜਦੋਂ ਆਪ ਜੀ ਦੇ ਮਹਾਂਕਾਵਿ “ਪੰਜ ਤੀਰ ਹੋਰ” ਅਤੇ “ਗੰਗੂ ਦੀ ਰੂਹ” ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ।

 ਅੱਜ ਭਾਈ ਗਜਿੰਦਰ ਸਿੰਘ ਜੀ ਦੀ ਇਕ ਪਾਬੰਧੀਸ਼ੁਧਾ ਕਵਿਤਾ ਯਾਦ ਆ ਰਹੀ ਹੈ ਜੋਕਿ ਅੱਜ ਵੀ ਇਕ ਅਟਲ ਸਚਾਈ ਦਾ ਦਮ ਭਰਦੀ ਹੈ।

‘ਇਹ ਗਾਂਧੀ ਜਾਂ ਨਹਿਰੂ, ਜਾਂ ਨਹਿਰੂ ਦੀ ਧੀ ਏ।

 ਗੰਗੂ ਹੀ ਗੰਗੂ ਨੇ, ਹੋਰ ਇਥੇ ਕੀ ਏ”

ਆਖ਼ਰ  ਦੇ ਵਿੱਚ ਮੈਂ ਭਾਈ ਸਾਹਿਬ ਜੀ ਦੀ ਹੀ ਕਵਿਤਾ ਦੇ ਨਾਲ  ਭਾਈ ਸਾਹਿਬ ਨੂੰ ਆਪਣੀ ਸ਼ਰਧਾ ਦੇ ਸੁਮਨ ਅਰਪਿਤ ਕਰਦਾ ਹਾਂ,ਜਿਸ ਦਾ ਸਿਰਲੇਖ ‘ਵਸੀਅਤ” ਹੈ: ਜਿਸ ਵਿੱਚ ਭਾਈ ਗਜਿੰਦਰ ਸਿੰਘ ਹੁਣਾਂ ਨੇ ਕੌਮ ਦੇ ਹਰ ਨੌਜਵਾਨ ਦੇ ਨਾਮ ਆਪਣੀ ਇਕ ਵਸੀਅਤ ਲਿਖ ਦਿੱਤੀ ਹੈ:

” ਮੈਂ ਚਾਹੁੰਦਾ ਹਾਂ,ਮੇਰਾ ਇਹ ਖੰਜਰ ਤੇਰੇ ਹੱਥ ਹੋਵੇ, ਅਤੇ,

ਕੌਮ ਦਾ ਲਿਬੜਿਆ ਚੇਹਰਾ ਦੁਸ਼ਮਣ ਦੇ ਲਹੂ ਨਾਲ ਧੋਵੋ!!!

ਭੁੱਲਾਂ ਦੀ ਖਿਮਾ:

ਗੁਰਦੀਪ ਸਿੰਘ ਜਗਬੀਰ ( ਡਾ.)

‘‘ਉੱਠ ਬੁੱਲਿਆ ਉੱਠ ਪੀਰ ਮਨਾਂ ਲੈ’’

ਬਲਵਿੰਦਰ ਕੌਰ ਚਾਹਲ

‘ਦੇਸ ਪ੍ਰਦੇਸ’ ’ਚ ਮੂਰਤਾਂ ਦੇਖ ਪ੍ਰਸੰਨ ਹੋ ਗਈ ਕਿ ਕਿਵੇਂ ਅਕਾਲੀ ਦਲ ਦੇ ਹਰ ਵੇਲੇ ਚੈਨਲ ’ਤੇ ਨਿਖੇਧੀ ਕਰਨ ਵਾਲੇ ਪੱਕੇ ਪੱਕੇ ਕਾਂਗਰਸੀ, ਅਕਾਲੀ ਬਣ ਗਏ, ਪੀਰ ਮੁਹੰਮਦ ਸਾਹਬ ਤਾਂ ਵਧਾਈ ਦੇ ਪਾਤਰ ਹਨ ਭਾਵੇਂ ਮੈਂ ਅਕਾਲੀ ਸਮਰਥੱਕ ਹਾਂ ਪਰ ਚਲੋ ਦਲ ਬਦਲੀਆਂ ਅੱਜ ਸਮੇਂ ਦੀ ਧੁੰਨ ਹੈ ਪਰ ਮੇਰੀ ਸੁੱਧ-ਬੁੱਧ ਇਥੇ ਇਸ ਧਾਰਾ ਦੀ ਸ਼ਾਹਈ ਨਹੀਂ ਭਰਦੀ। ਇਹ ਤਾਂ ਕੋਈ ਮੁਫਾਦੀ ਸ਼ਤਾਦੀ ਮਤਾਬੀ ਲੱਗਦੀ ਹੈ, ਬੱਸ ਕਸਰ ਜੋ ਮੈਨੂੰ ਚੁਭੀ ਕਿ ‘ਦੇਸ ਪ੍ਰਦੇਸ’ ਅਖ਼ਬਾਰ ਤੋਂ ਸਰਬਜੀਤ ਸਿੰਘ ਵਿਰਕ ਮੁੱਢ ਹੀ ਤਾਂ ਸੀ ਅਖਾੜੇ ਦੇ ਕਿਉ ਨਹੀਂ ਸ਼ਿਰਕਤ ਕੀਤੀ ? ਘੱਟੋ ਘੱਟ ਪੱਤਰਕਾਰੀ ਦੇ ਰੂਪ ’ਚ ਬਾਕੀਆਂ ਦੀ ਤਰ੍ਹਾਂ ਖੁਸ਼ ਕਰ ਦਿੰਦਾ। ਚਲੋ ਉਹਦੀ ਇੱਛਾ ਪੀਰ ਮੁਹੰਮਦ ਨੂੰ ਕੀ ਪਤਾ ਕੌਣ ਅਕਾਲੀ ਹੈ ਕੌਣ ਨਹੀਂ ? ਨਾਲੇ ਅਕਾਲੀ ਨੂੰ ਤਾਂ ਕਿਸੇ ਨੂੰ ਇਹ ਸਾਰਾ ਲਾਣਾ ਬੋਲਣ ਹੀ ਨਹੀਂ ਦਿੰਦਾ। ਆਪਣੇ ਬੁਲਾਰੇ ਜਿਹੜੇ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਦੀ ਛਿੱਲ ਹੀ ਲਾਹੁਣ ਉਹ ਹੀ ਵਿਰਾਜੇ ਜਾਂਦੇ ਹਨ, ਹੁਣ ਤਾਂ ਏਅਰ ਪੋਰਟ ’ਤੇ ਸੁਆਗਤ ਚੈਨਲ ’ਤੇ ਬੁਲਾ ਕੇ ਤੇ ਜਿੱਥੋ ਪ੍ਰਸਾਰਨ ਹੁੰਦਾ ਹੈ ਉਥੋਂ ਵੀ ਅਦਾਰੇ ਨੇ ਜੋ ਧਰਕੇ ਵਿਰੁੱਧ ਹੈ ਨੇ ਵੀ ਚਾਹ ਛੱਕਾ ਤੀ, ਕੋਈ ਤਾਂ ਗਿੱਧੜ ਸਿੰਗੀ ਹੈ ਸੁੰਗਾਈ ਗਈ। ਖ਼ੈਰ ਹੁਣ ਵਿਰੁੱਧ ਬੋਲਣਗੇ, ਤਾਂ ਅਗਲੇ ਆਪੇ ਹੀ ਲੱਖਣ ਲਾ ਲੈਣਗੇ, ਮੈਂ ਕਾਹਨੂੰ ਕਲਮ ਘਸਾਈ ਕਰਾਂ? ਮੈਂ ਤਾਂ ਪੜਚੋਲੀਆ ਲੇਖਕ ਹਾਂ। ਫ਼ਰਜ਼ ਪੂਰਤੀ ਕਰਦੀ ਹਾਂ ਕਰੂੰਗੀ, ਅਕਾਲੀ ਦਲ ਦੀ ਕੋਈ ਅਣਗਹਿਲੀ ਵੀ ਲਕੋਂਦੀ ਨਹੀਂ, ਰੱਖੇ ਰੱਬ।

-ਬਲਵਿੰਦਰ ਕੌਰ ਚਾਹਲ, ਸਾਊਥਾਲ

ਦੋਸੀ ਕੌਣ ?

ਮਾਮਲਾ ਕੁਲਵਿੰਦਰ ਅਤੇ ਕੰਗਨਾ ਦਾ

ਬੀਤੇ ਦਿਨੀ ਚੰਡੀਗੜ ਏਅਰਪੋਰਟ ਤੇ ਹਿਮਾਚਲ ਪਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋ ਮੈਂਬਰ ਪਾਰਲੀਮੈਂਟ ਚੁਣੀ ਗਈ ਬਹੁ ਚਰਚਿਤ ਫਿਲਮੀ ਅਭਿਨੇਤਰੀ ਕੰਗਨਾ ਰਣੌਤ ਨੂੰ ਲੈ ਕੈ ਚਰਚਾਵਾਂ ਦਾ ਦੌਰ ਤੇਜੀ ਨਾਲ ਚੱਲ ਰਿਹਾ ਹੈ। ਉਹਦੇ ਵੱਲੋਂ ਏਅਰਪੋਰਟ ਤੇ ਤਾਇਨਾਤ ਸੀ ਆਈ ਐਸ ਐਫ ਦੀ ਮੁਲਾਜਮ ਬੀਬਾ ਕੁਲਵਿੰਦਰ ਕੌਰ ਨਾਲ ਜਾਮਾ ਤਲਾਸ਼ੀ ਨੂੰ ਲੈ ਕੇ ਕੀਤਾ ਗਿਆ ਝਗੜਾ ਵੱਡਾ ਤੂਲ ਫੜ ਗਿਆ ਹੈ।

ਬਘੇਲ ਸਿੰਘ ਧਾਲੀਵਾਲ

ਕੰਗਨਾ ਰਣੌਤ ਵੱਲੋਂ ਇਹ ਵਾ੍ਰ ਵਾਰ ਕਿਹਾ ਗਿਆ ਕਿ ਸੀ ਆਈ ਐਸ ਐਫ ਦੀ ਮੁਲਾਜਮ ਕੁਲਵਿੰਦਰ ਕੌਰ ਨੇ ਉਹਦੇ ਬਿਨਾ ਵਜਾਹ ਤੋ ਮੂੰਹ ਤੇ ਥੱਪੜ ਮਾਰਿਆ ਹੈ। ਜਦੋਕੀ ਕੁਲਵਿੰਦਰ ਵਾਲੇ ਪਾਸੇ ਤੋ ਜੋ ਸਚਾਈ ਨਿਕਲ ਕੇ ਸਾਹਮਣੇ ਆ ਰਹੀ ਹੈ, ਉਹ ਇਸਤਰਾਂ ਹੈ ਕਿ ਕੁਲਵਿੰਦਰ ਕੌਰ ਦਾ ਕੰਗਨਾ ਨਾਲ ਝਗੜਾ ਸਿਕਿਉਰਿਟੀ ਚੈਕ ਨੂੰ ਲੈ ਕੇ ਹੋਇਆ ਹੈ, ਕਿਉਂਕਿ ਜਿਸਤਰਾਂ ਦਾ ਕੰਗਨਾ ਦਾ ਸੁਭਾਅ ਹੈ ਉਹ ਆਪਣੇ ਮੈਂਬਰ ਪਾਰਲੀਮੈਂਟ ਚੁਣੇ ਹੋਣ ਤੇ ਤਲਾਸ਼ੀ ਦੇਣਾ ਆਪਣੀ ਬੇਇਜਤੀ ਸਮਝਦੀ ਹੋਵੇਗੀ। ਉਹ ਨਹੀ ਚਾਹੁੰਦੀ ਹੋਵੇਗੀ ਕਿ ਕੋਈ ਮਾਮੂਲੀ ਮੁਲਾਜਮ ਜਾਂ ਅਧਿਕਾਰੀ,ਉਹ ਵੀ ਕੋਈ ਗੈਰ ਹਿੰਦੂ ਉਹਦੀ ਤਲਾਸ਼ੀ ਲੈਣ ਦੀ ਹਿੰਮਤ ਕਰੇ। ਸੂਤਰਾਂ ਤੋ ਮਿਲੀਆਂ ਖਬਰਾਂ ਮੁਤਾਬਿਕ ਕੰਗਨਾ ਨੇ ਤਲਾਸ਼ੀ ਲੈਣ ਸਮੇ ਕੁਲਵਿੰਦਰ ਨਾਲ ਤਕਰਾਰ ਕਰਦਿਆਂ ਉਹਦੇ ਨਾਮ ਨਾਲ ਕੌਰ ਲੱਗਾ ਹੋਣ ਕਰਕੇ ਉਹਨੂੰ ਨਫਰਤੀ ਭਾਸ਼ਾ ਵਿੱਚ ਖਾਲਿਸਤਾਨੀ ਤੱਕ ਕਹਿ ਦਿੱਤਾ ਜਿਸਤੋ ਗੱਲ ਵੱਧ ਗਈ ਅਤੇ ਸੁਣਿਆ ਜਾ ਰਿਹਾ ਹੈ ਕਿ ਕੁਲਵਿੰਦਰ ਨੇ ਬੀਬੀ ਕੰਗਨਾ ਦੇ ਮੂੰਹ ਤੇ ਥੱਪੜ ਮਾਰ ਦਿੱਤਾ। ਸੋ ਇਹ ਤਾਂ ਹੋਇਆ ਉਹ ਮਾਮਲਾ ਜਿਸਦੀ ਚਰਚਾ ਚੱਲ ਰਹੀ ਹੈ, ਪਰ ਅਸਲ ਵਿੱਚ ਇਹ ਘਟਨਾ ਵਾਪਰੀ ਕਿਵੇਂ ਜਾਨਣ ਦੇ ਲਈ ਇਸ ਮਾਮਲੇ ਦੀ ਤਹਿ ਤੱਕ ਜਾਣਾ ਹੋਵੇਗਾ।

ਸੀ ਆਈ ਐਸ ਐਫ ਦੀ ਮੁਲਾਜਮ ਬੀਬੀ ਕੁਲਵਿੰਦਰ ਕੌਰ ਨੇ ਭਾਂਵੇਂ ਕਿਸੇ ਨਸਲੀ ਨਫਰਤ ਵਿੱਚ ਨਹੀ ਬਲਕਿ ਨਸਲੀ ਨਫਰਤ ਦਾ ਸ਼ਿਕਾਰ ਹੁੰਦਿਆਂ ਇਹ ਕਦਮ ਚੁੱਕਿਆ। ਕੁਲਵਿੰਦਰ ਨੂੰ ਗਲਤ ਠਹਿਰਾਉਣਾ ਪੰਜਾਬੀ ਗੈਰਤ ਦੀ ਤੌਹੀਨ ਕਰਨ ਵਰਗਾ ਵਰਤਾਰਾ ਹੋਵੇਗਾ। ਕੁਲਵਿੰਦਰ ਜਿਸ ਪਿਛੋਕੜ ਤੋ ਆਈ ਹੈ, ਉਹ ਪਿਛੋਕੜ ਉਹਨੂੰ ਗੈਰਤ ਲਈ ਮਰ ਮਿਟਣ ਦੀ ਗੁੜਤੀ ਦਿੰਦਾ ਹੈ, ਉਹ ਭਾਵੇਂ ਦੇਸ਼ ਦੀਆਂ ਹੱਦਾਂ ਸਰਹੱਦਾਂ ਦੀ ਰਾਖੀ ਦੀ ਗੱਲ ਹੋਵੇ,ਫਸਲਾਂ ਨਸਲਾਂ ਦੀ ਰਾਖੀ ਦੀ ਗੱਲ ਹੋਵੇ ਜਾਂ ਫਿਰ ਕਿਤੇ ਵੀ ਆਪਣੀ ਡਿਊਟੀ ਦੌਰਾਨ ਫਰਜ ਨਿਭਾਉਣ ਦੀ ਗੱਲ ਹੋਵੇ, ਪੰਜਾਬ ਦੇ ਅਣਖੀ ਖੂਨ ਨੇ ਆਪਣਾ ਅਸਰ ਦਿਖਾਉਣਾ ਹੀ ਹੁੰਦਾ ਹੈ।ਇਸ ਦੀ ਮਿਸਾਲ ਆਪਣੇ ਧਰਮ ਦੀ ਖਾਤਰ ਸਿਸਟਮ ਨਾਲ ਟਕਰਾ ਜਾਣ ਵਾਲੇ ਹਜਾਰਾਂ ਸਿੱਖ ਸ਼ਹੀਦਾਂ ਤੋ ਵੀ ਮਿਲਦੀ ਹੈ, ਜਿੰਨਾਂ ਨੇ ਜੂਨ 1984 ਵਿੱਚ ਆਪਣੇ ਜਾਨ ਤੋ ਪਿਆਰੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਚੜਕੇ ਆਈਆਂ ਭਾਰਤੀ ਫੌਜਾਂ ਨਾਲ ਆਖਰੀ ਦਮ ਤੱਕ ਲੋਹਾ ਲਿਆ ਅਤੇ ਓਨੀ ਦੇਰ ਟੈਂਕਾਂ ਤੱਕ ਨੂੰ ਅੰਦਰ ਨਹੀ ਆਉਣ ਦਿੱਤਾ ਜਿੰਨੀ ਦੇਰ ਤੱਕ ਇੱਕ ਵੀ ਸਿੰਘ ਦੀ ਸ਼ਾਹ ਰਗ ਵਿੱਚ ਖੂੰਨ ਦਾ ਵਹਾਓ ਚੱਲਦਾ ਰਿਹਾ।

ਉਸ ਤੋ ਉਪਰੰਤ ਚੱਲੇ ਸਿੱਖ ਸੰਘਰਸ਼ ਦੌਰਾਨ ਬੰਦੀ ਬਣਾਏ ਗਏ ਸਿੱਖ ਪਿਛਲੇ ਤੀਹ ਤੀਹ ਸਾਲਾਂ ਤੋ ਵੀ ਵੱਧ ਸਮੇ ਤੋ ਜੇਲਾਂ ਵਿੱਚ ਅਣ-ਮਨੁੱਖੀ ਜਿੰਦਗੀ ਵੀ ਚੜਦੀ ਕਲਾ ਵਿੱਚ ਰਹਿ ਕੇ ਜਿਉਂ ਰਹੇ ਹਨ,ਪਰ ਕਿਸੇ ਇੱਕ ਨੇ ਵੀ ਰਿਹਾਈ ਦੀ ਭੀਖ ਨਹੀ ਮੰਗੀ, ਉਹ ਵੱਖਰੀ ਗੱਲ ਹੈ ਕਿ ਸਿੱਖ ਕੌਂਮ ਸਾਂਤਮਈ ਮੋਰਚੇ ਲਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ। ਜਿਸਤਰਾਂ ਸ਼ੋਸ਼ਲ ਮੀਡੀਏ ਤੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਅਵਾਜ ਚੁੱਕੀ ਜਾ ਰਹੀ ਹੈ, ਉਹਦੇ ਤੋ ਇਹ ਵੀ ਸਪੱਸਟ ਹੁੰਦਾ ਹੈ ਕਿ ਹਰ ਸਿੱਖ ਦੇ ਚੇਤਨ ਅਵਚੇਤਨ ਵਿੱਚ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਭੂ ਸੰਪਨ ਸੱਤਾ ਦਾ ਸੰਕਲਪ ਪਿਆ ਹੈ ਅਤੇ ਜਦੋ ਕੋਈ ਅਜਿਹਾ ਵਰਤਾਰਾ ਸੁਤੇ ਸਿਧ ਵਾਪਰਦਾ ਹੈ,ਤਾਂ ਉਹਦੀ ਹਮਾਇਤ ਵੀ ਸੁਤੇ ਸਿਧ ਹੀ ਹੋ ਜਾਂਦੀ ਹੈ। ਕੁਲਵਿੰਦਰ ਪਿਛਲੇ 15 ਸਾਲਾਂ ਤੋ ਸੀ ਆਈ ਐਸ ਐਫ ਵਿੱਚ ਡਿਉਟੀ ਕਰ ਰਹੀ ਹੈ। ਕੁਲਵਿੰਦਰ ਦਾ ਪਤੀ ਵੀ ਸੀ ਆਈ ਐਸ ਐਫ ਵਿੱਚ ਹੀ ਮੁਲਾਜਮ ਹੈ।

ਕੁਲਵਿੰਦਰ ਦਾ ਪਰਿਵਾਰਿਕ ਪਿਛੋਕੜ ਫੌਜ ਅਤੇ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ। ਉਹਦੇ ਤਾਇਆ ਜੀ ਮਿਲਟਰੀ ਵਿੱਚੋਂ ਔਨਰੇਰੀ ਕਪਤਾਨ ਰਿਟਾਇਰ ਹੋਏ ਹਨ। ਜਦੋਕਿ ਉਹਨਾਂ ਦਾ ਪਿਤਾ ਖੇਤੀ ਵਾੜੀ ਕਰਦਾ ਹੈ। ਕੁਲਵਿੰਦਰ ਦਾ ਭਰਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਆਗੂ ਹੈ, ਜਿਸ ਕਰਕੇ ਕਿਸਾਨੀ ਅੰਦੋਲਨ ਦੌਰਾਨ ਜਿੱਥੇ ਸਮੁੱਚਾ ਪੰਜਾਬ ਕਿਸਾਨੀ ਅੰਦੋਲਨ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਰਿਹਾ, ਓਥੇ ਕੁਲਵਿੰਦਰ ਦੇ ਮਾਤਾ ਵੀ ਕਿਸਾਨੀ ਅੰਦੋਲਨ ਵਿੱਚ ਦਿੱਲੀ ਦੀਆਂ ਵਰੂਹਾਂ ਤੇ ਬੈਠ ਕੇ ਸੰਘਰਸ਼ ਕਰਨ ਵਾਲਿਆਂ ਵਿੱਚ ਉਸ ਮੌਕੇ ਸ਼ਾਮਲ ਰਹੇ ਸਨ, ਜਦੋ ਕੰਗਨਾ ਰਣੌਤ ਨੇ ਅੰਦੋਲਨ ਵਿੱਚ ਸਾਮਲ ਪੰਜਾਬੀ ਮਹਿਲਾਵਾਂ ਨੂੰ ਸੌ ਸੌ ਦੋ ਦੋ ਸੌ ਵਿੱਚ ਕਿਰਾਏ ਤੇ ਆਉਣ ਵਾਲੀਆਂ ਜਨਾਨੀਆਂ ਕਹਿ ਕੇ ਪੰਜਾਬ ਦੀ ਅਣਖ ਨੂੰ ਵੰਗਾਰਿਆ ਸੀ।

ਉਸ ਮੌਕੇ ਵੀ ਕੰਗਨਾ ਨੂੰ ਕਿਸਾਨ ਮਜਦੂਰ ਔਰਤਾਂ ਸਮੇਤ ਪੰਜਾਬੀਆਂ ਦੇ ਗੁਸੇ ਦਾ ਸ਼ਿਕਾਰ ਹੋਣਾ ਪਿਆ ਸੀ। ਪਰੰਤੂ ਉਸ ਹੰਕਾਰੀ ਲੜਕੀ ਨੇ ਗਲਤੀ ਦੀ ਮੁਆਫੀ ਮੰਗਣ ਦੀ ਬਜਾਏ ਪੰਜਾਬ ‘ਤੇ ਹੋਰ ਵੀ ਨਸਲੀ ਟਿਪਣੀਆਂ ਕਰਨੀਆਂ ਜਾਰੀ ਰੱਖੀਆਂ ਸਨ। ਸਾਇਦ ਇਸ ਦੇ ਇਨਾਮ ਵਜੋਂ ਹੀ ਭਾਰਤੀ ਜਨਤਾ ਪਾਰਟੀ ਨੇ ਕੰਗਨਾ ਨੂੰ ਹਿਮਾਚਲ ਪਰਦੇਸ ਦੇ ਮੰਡੀ ਲੋਕ ਸਭਾ ਹਲਕੇ ਤੋ ਟਿਕਟ ਦੇਕੇ ਨਿਵਾਜਿਆ ਅਤੇ ਹਿਮਾਚਲ ਦੇ ਲੋਕਾਂ ਨੇ ਕੰਗਨਾ ਨੂੰ ਵੱਡੇ ਬਹੁਮੱਤ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ। ਜੇਕਰ ਗੱਲ ਏਥੇ ਤੱਕ ਹੀ ਸੀਮਤ ਰਹਿੰਦੀ ਫਿਰ ਤਾਂ ਸਮਝਿਆ ਜਾ ਸਕਦਾ ਸੀ ਕਿ ਬੀਬਾ ਜੀ ਨੇ ਸਿੱਖਾਂ ਅਤੇ ਪੰਜਾਬੀਆਂ ਖਿਲਾਫ ਇਹ ਸਾਰਾ ਜਹਿਰ ਸਾਇਦ ਕੁਰਸੀ ਦੀ ਪਰਾਪਤੀ ਲਈ ਕੀਤਾ ਹੋਵੇਗਾ, ਪਰ ਜਿਸਤਰਾਂ ਬੀਬਾ ਕੰਗਨਾ ਰਣੌਤ ਨੇ ਚੰਡੀਗੜ ਏਅਰਪੋਰਟ ਤੇ ਹੰਗਾਮਾ ਕਰਕੇ ਸਿੱਖਾਂ ਪ੍ਰਤੀ ਨਫਰਤੀ ਭਾਸ਼ਾ ਦਾ ਇਸਤੇਮਾਲ ਕੀਤਾ, ਉਹਦੇ ਤੋ ਸਮਝਿਆ ਜਾ ਸਕਦਾ ਹੈ ਕਿ ਬੀਬੀ ਕੰਗਨਾ ਦੇ ਮਨ ਅੰਦਰ ਸਿੱਖਾਂ ਪ੍ਰਤੀ ਕਿੰਨੀ ਕੁ ਜਹਿਰ ਭਰੀ ਹੋਈ ਹੈ, ਜਿਸਨੂੰ ਉਹਨੇ ਮੈਂਬਰ ਪਾਰਲੀਮੈਂਟ ਚੁਣੇ ਜਾਂਣ ਤੋ ਤੁਰੰਤ ਬਾਅਦ ਹੀ ਉਜਾਗਰ ਕਰ ਦਿੱਤਾ। ਕੰਗਨਾ ਰਣੌਤ ਹੁਣ ਇੱਕ ਅਭਨੇਤਰੀ ਜਾਂ ਸਿਆਸੀ ਨੇਤਾ ਜਾਂ ਸਾਂਸਦ ਨਹੀ ਬਲਕਿ ਉਹ ਹੁਣ ਅਜਿਹਾ ਕਿਰਦਾਰ ਬਣ ਗਿਆ ਹੈ ਜਿਹੜਾ ਫਿਰਕੂ ਨਫਰਤ ਦੇ ਪਰਚਾਰ ਨਾਲ ਖਿਤੇ, ਸੂਬੇ ਅਤੇ ਉਸ ਤੋ ਬਾਅਦ ਸਮੁੱਚੇ ਮੁਲਕ ਵਿੱਚ ਫਿਰਕੂ ਨਫਰਤ ਦੇ ਭਾਂਬੜ ਬਾਲਣ ਲਈ ਕਾਹਲ਼ਾ ਪਿਆ ਹੋਇਆ ਹੈ। ਸਾਇਦ ਮੈਂਬਰ ਪਾਰਲੀਮੈਂਟ ਬਣ ਕੇ ਉਹਨਾਂ ਨੂੰ ਅਜਿਹੇ ਗੈਰ ਇਖਲਾਕੀ, ਗੈਰ ਸਮਾਜੀ ਅਤੇ ਗੈਰ ਜੁੰਮੇਵਾਰਾਨਾ ਹਰਕਤਾਂ ਕਰਨ ਦੀ ਖੁੱਲ ਮਿਲ ਗਈ ਹੈ।

ਉਹ ਜਾਣਦੀ ਹੈ ਜਾਂ ਨਹੀ ਪਰ ਇਹ ਸੱਚ ਹੈ ਕਿ ਕੰਗਨਾ ਵੱਲੋਂ ਕੀਤੀ ਨਸਲੀ ਟਿੱਪਣੀ ਦੀ ਬਦੌਲਤ ਜਿਸਤਰਾਂ ਪੰਜਾਬ ਦੇ ਲੋਕ ਕੁਲਵਿੰਦਰ ਅਤੇ ਕੰਗਨਾ ਦੇ ਹੱਕ ਵਿੱਚ ਆਪੋ ਆਪਣੀਆਂ ਟਿੱਪਣੀਆਂ ਸ਼ੋਸ਼ਲ ਮੀਡੀਏ ਤੇ ਸਾਂਝੀਆਂ ਕਰ ਰਹੇ ਹਨ,ਉਸ ਤੋ ਸਮਝਣਾ ਕੋਈ ਔਖਾ ਨਹੀ ਕਿ ਕੰਗਨਾ ਦੀ ਟਿੱਪਣੀ ਪੰਜਾਬ ਦੀ ਸਾਂਤ ਫ਼ਿਜਾ ਵਿੱਚ ਅਜਿਹਾ ਜਹਿਰ ਘੋਲ ਸਕਦੀ ਹੈ, ਜਿਸ ਦਾ ਅਸਰ ਪੰਜਾਬ ਤੋ ਪਾਰ ਸਮੁੱਚੇ ਭਾਰਤ ਤੱਕ ਨੂੰ ਅਸਰ ਅੰਦਾਜ ਕਰ ਸਕਦਾ ਹੈ ਅਤੇ ਇਸ ਫਿਰਕੂ ਨਫਰਤ ਦੀ ਅੱਗ ਵਿੱਚ ਹਿੰਦੂ, ਸਿੱਖ ਅਤੇ ਮੁਸਲਮ ਸਾਰੇ ਹੀ ਬੁਰੀ ਤਰਾਂ ਸੁਲਝੇ ਜਾ ਸਕਦੇ ਹਨ। ਇਹ ਅਜਿਹੀ ਚਿੰਗਾਰੀ ਹੈ,ਜਿਹੜੀ ਬਲ਼ਦਿਆਂ ਹੀ ਪਲਾਂ ਵਿੱਚ ਸਾਰਾ ਕੁੱਝ ਸਾੜ ਕੇ ਸੁਆਹ ਕਰ ਸਕਦੀ ਹੈ। ਪੰਜਾਬੀਆਂ ਨੂੰ 1947 ਦੀ ਦੇਸ਼ ਵੰਡ ਅਤੇ 1984 ਦੇ ਕਤਲੇਆਮ ਪਹਿਲਾਂ ਹੀ ਚੈਨ ਨਹੀ ਲੈਣ ਦੇ ਰਿਹਾ, ਉਹ ਨਹੀ ਚਾਹੰਦੇ ਕਿ ਇੱਕ ਵਾਰ ਫਿਰ ਆਪਣੀ ਨਸਲਕੁਸ਼ੀ ਦਾ ਰਾਹ ਪੱਧਰਾ ਕਰਨ ਅਤੇ ਮਾਨਵਤਾ ਨੂੰ ਤੜਫ ਤੜਫ ਕੇ ਦਮ ਤੋੜਦਿਆਂ ਦੇਖਣ। ਸੋ ਸੱਤਾਧਾਰੀ ਭਾਜਪਾ ਨੂੰ ਬੀਤੇ ਤੋ ਸਬਕ ਲੈਂਦਿਆਂ ਕੰਗਨਾ ਰਣੌਤ ਵਰਗੀ ਬੇਲਗਾਮ ਮਹਿਲਾ ਆਗੂ ਨੂੰ ਤੁਰੰਤ ਲਗਾਮ ਦੇਣ ਤਾਂ ਕਿ ਸੂਬੇ ਅਤੇ ਮੁਲਕ ਅੰਦਰ ਆਪਸੀ ਭਾਈਚਾਰਾ ਕਾਇਮ ਰਹਿ ਸਕੇ।

ਬਘੇਲ ਸਿੰਘ ਧਾਲੀਵਾਲ
99142-58142

ਪੰਥਕ ਰਾਜਨੀਤੀ ਦਾ ਨਵਾਂ ਅਧਿਆਇ

18ਵੀਂ ਲੋਕ ਸਭਾ ਲਈ  ਹੋਈਆਂ ਚੋਣਾਂ ਵਿੱਚ ਹਲਕਾ ਫਰੀਦਕੋਟ ਤੋ ਸਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਹਲਕਾ ਖਡੂਰ ਸਾਹਿਬ ਤੋ ਮਰਹੂਮ ਦੀਪ ਸਿੱਧੂ ਦੀ ਜਥੇਬੰਦੀ ਵਾਰਿਸ ਪੰਜਾਬ ਦੇ” ਦੇ ਮੁੱਖ ਸੇਵਾਦਾਰ ਭਾਈ ਅਮ੍ਰਿਤਪਾਲ ਸਿੰਘ ਦੀ ਹੋਈ ਵੱਡੀ ਜਿੱਤ ਨੇ ਬਹੁਤ ਸਾਰੀਆਂ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ। ਦੋ ਹਲਕਿਆਂ ਦੀ ਇਸ ਜਿੱਤ ਨੂੰ ਪੰਥਕ ਰਾਜਨੀਤੀ ਵਿੱਚ ਵੱਡੀ ਹਲਚੱਲ ਪੈਦਾ ਕਰਨ ਦੀਆਂ ਸੰਭਾਵਨਾਵਾਂ ਵਜੋਂ ਦੇਖਿਆ ਜਾਣ ਲੱਗਾ ਹੈ।

ਚੋਣਾਂ ਤੋ ਪਹਿਲਾਂ ਜਾਂ ਚੋਣਾਂ ਦੌਰਾਨ ਤਿੰਨ ਸੀਟਾਂ ਪੰਥਕ ਉਮੀਦਵਾਰਾਂ ਦੀ ਝੋਲ਼ੀ ਵਿੱਚ ਪੈਣ ਦੀ ਸੰਭਾਵਨਾ ਬਣੀ ਹੋਈ ਸੀ, ਪ੍ਰੰਤੂ ਸੰਗਰੂਰ ਲੋਕ ਸਭਾ ਹਲਕੇ  ਤੋਂ  ਸ੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਚੋਣ ਹਾਰ ਜਾਣ ਕਰਕੇ ਇਹ ਜਿੱਤ ਦੋ ਹਲਕਿਆਂ ਤੋ ਹੀ ਪੰਥ ਦੀ ਝੋਲ਼ੀ ਪੈ ਸਕੀ ਹੈ। ਬਠਿੰਡਾ ਲੋਕ ਸਭਾ ਹਲਕੇ ਤੋ ਭਾਵੇਂ ਸਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਚੋਣ ਜਿੱਤਣ ਵਿੱਚ ਸਫਲ ਹੋ ਗਏ ਹਨ, ਪਰ ਉਹਨਾਂ ਦੀ ਜਿੱਤ ਨੂੰ ਪੰਥਕ ਹਲਕਿਆਂ ਵਿੱਚ ਮਾਨਤਾ ਨਹੀ ਹੈ। ਸਿੱਖ ਪੰਥ, ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਕੌਂਮ ਦੀ ਦੁਰਗਤੀ ਲਈ ਬਾਦਲ ਪਰਿਵਾਰ ਨੂੰ ਸਭ ਤੋ ਵੱਡਾ ਦੋਸ਼ੀ ਮੰਨਦਾ ਹੈ, ਇਸ ਲਈ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਪੰਥਕ ਰਾਜਨੀਤੀ ਤੇ ਕੋਈ ਪ੍ਰਭਾਵ ਛੱਡਣ ਦੇ ਯੋਗ ਨਹੀ ਸਮਝੀ ਜਾ ਰਹੀ। ਭਾਂਵੇਂ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਹਾਰ ਦਾ ਕਾਰਨ ਸੁਖਪਾਲ ਸਿੰਘ ਖਹਿਰਾ ਨੂੰ ਸਮਝਿਆ ਜਾ ਰਿਹਾ ਹੈ,ਪਰ ਅਸਲ ਸਚਾਈ ਇਹ ਹੈ ਕਿ ਭਾਰਤੀ ਤਾਕਤਾਂ ਦੋਵਾਂ ਹੀ ਆਗੂਆਂ ਸਿਮਰਨਜੀਤ ਸਿੰਘ ਮਾਨ ਅਤੇ ਸੁਖਪਾਲ ਸਿੰਘ ਖਹਿਰੇ ਨੂੰ ਜਿੱਤਦਾ ਨਹੀ ਸਨ ਦੇਖਣਾ ਚਾਹੁੰਦੀਆਂ,ਇਸ ਲਈ ਕਾਂਗਰਸ ਦੀ ਹਾਈ ਕਮਾਂਡ ਦੁਆਰਾ ਸੁਖਪਾਲ ਸਿੰਘ ਖਹਿਰੇ ਨੂੰ ਸੰਗਰੂਰ ਲੋਕ ਸਭਾ ਹਲਕੇ ਤੋ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ,ਤਾਂ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਜਾ ਸਕਣ,ਜਿਸ ਵਿੱਚ ਉਹ ਤਾਕਤਾਂ ਸਫਲ ਰਹੀਆਂ ਹਨ। ਸ੍ਰ ਮਾਨ ਦੀ ਹਾਰ ਲਈ ਉਹਨਾਂ ਦੇ ਸਮੱਰਥਕਾਂ ਵੱਲੋਂ ਸਿਰਫ ਤੇ ਸਿਰਫ ਸੁਖਪਾਲ ਸਿੰਘ ਖਹਿਰੇ ਨੂੰ ਤਾਹਨੇ ਦੇਣੇ ਬਾਜਵ ਨਹੀ ਹਨ, ਕਿਉਂਕਿ ਉਹਦੇ ਲਈ ਸਿਮਰਨਜੀਤ ਸਿੰਘ ਮਾਨ ਵੀ ਬਰਾਬਰ ਦੇ ਦੋਸ਼ੀ ਹਨ, ਜਿੰਨਾਂ ਵੱਲੋਂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਮਰਹੂਮ ਸੰਦੀਪ ਸਿੰਘ ਦੀਪ ਸਿੱਧੂ ਅਤੇ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਸਬੰਧ ਵਿੱਚ  ਦਿੱਤੇ ਹੋਏ ਬਿਆਨ ਨੇ ਜਿੱਥੇ ਸਿੱਖ ਜੁਆਨੀ ਦੀ ਵੱਡੀ ਪੱਧਰ ਤੇ ਨਰਾਜਗੀ ਮੁੱਲ ਲੈ ਲਈ, ਓਥੇ ਉਹਨਾਂ ਦੀ ਪਾਰਟੀ ਵੱਲੋਂ ਸਰਬਜੀਤ ਸਿੰਘ ਖਾਲਸਾ ਦੇ ਖਿਲਾਫ ਖੜੇ ਕੀਤੇ ਉਮੀਦਵਾਰ ਨੂੰ ਵਾਪਸ ਲੈਣ ਤੋ ਕੋਰੀ ਨਾਹ ਕਰਨੀ ਵੀ ਕਿਤੇ ਨਾ ਕਿਤੇ ਸ੍ਰ ਮਾਨ ਲਈ ਨੁਕਸਾਨ ਦੇਹ ਸਾਬਤ ਹੋਈ ਹੈ। ਜਿੱਥੋਂ ਤੱਕ ਸੁਖਪਾਲ ਸਿੰਘ ਖਹਿਰੇ ਦਾ ਸਵਾਲ ਹੈ, ਸੋ ਖਹਿਰੇ ਨੇ ਵੀ ਸੰਗਰੂਰ ਤੋ ਚੋਣ ਲੜਨਾ ਸਵੀਕਾਰ ਕਰਕੇ ਕਾਂਗਰਸ ਅੰਦਰ ਆਪਣੇ ਪੈਰ ਜਮਾਉਣ ਦੀ ਰਾਜਨੀਤੀ ਖੇਡੀ ਹੈ,ਪਰੰਤੂ ਉਹ ਕੇਂਦਰੀ ਤਾਕਤਾਂ ਦੀ ਗਹਿਰੀ ਚਾਲ ਨੂੰ ਸਮਝਣ ਵਿੱਚ ਅਸਫਲ ਰਹੇ। ਜਿਸਤਰਾਂ ਦਾ ਖਹਿਰੇ ਦਾ ਸੁਭਾਅ ਹੈ,ਉਹ ਪੰਜਾਬ ਕਾਂਗਰਸ ਦੇ ਵੀ ਅਤੇ ਕੇਂਦਰੀ ਕਾਂਗਰਸ ਦੇ ਵੀ ਫਿੱਟ ਨਹੀ ਆ ਸਕੇਗਾ। ਚੋਣਾਂ ਦੌਰਾਨ ਪੰਜਾਬ ਅੰਦਰ ਗੈਰ ਪੰਜਾਬੀਆਂ ਲਈ ਜਮੀਨ ਖਰੀਦ ਸਕਣ ਤੇ ਰੋਕ  ਲਾਉਣ ਵਾਲੇ ਬਿਆਨ ‘ਤੇ ਜਿਸਤਰਾਂ ਦਾ ਪ੍ਰਤੀਕਰਮ ਪੰਜਾਬ ਕਾਂਗਰਸ ਦੇ ਆਗੂਆਂ ਦਾ ਰਿਹਾ, ਉਹਦੇ ਤੋ ਅੰਦਾਜਾ ਲਾਉਣਾ ਕੋਈ ਔਖਾ ਨਹੀ ਕਿ ਕਾਂਗਰਸ ਅੰਦਰ ਪੰਜਾਬ ਦੇ ਹਿਤਾਂ ਲਈ ਕੋਈ ਗੁੰਜਾਇਸ਼ ਨਹੀ ਹੈ। ,ਫਿਰ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਵਿੱਚ ਰਹਿਕੇ ਆਪਣੀ ਮਰਜੀ  ਜਾਂ ਪੰਥਕ ਹਿਤਾਂ ਦੀ ਗੱਲ ਕਿਵੇਂ ਕਰ ਸਕਦਾ ਹੈ। ਭਾਵੇਂ ਸ੍ਰ ਮਾਨ ਅਤੇ ਖਹਿਰੇ ਵਾਲਾ ਵੱਖਰਾ ਵਿਸ਼ਾ ਹੈ, ਪਰ ਫਿਰ ਵੀ ਜੁੜਿਆ ਤਾਂ ਪੰਥਕ ਰਾਜਨੀਤੀ ਨਾਲ ਹੀ ਹੋਇਆ ਹੈ। ਸੌ ਦੇਖਣਾ ਤੇ ਵਿਚਾਰਨਯੋਗ ਤਾਂ ਇਹ ਵੀ ਹੈ ਕਿ ਆਉਣ ਵਾਲੇ ਪੰਥਕ ਰੁਝਾਨ ਵਿੱਚ ਕਿਹੜੇ ਕਿਹੜੇ ਰਵਾਇਤੀ ਰਾਜਨੀਤਕ ਆਗੂ ਫਿੱਟ ਆ ਸਕਦੇ ਹਨ।  ਸਿਮਰਨਜੀਤ ਸਿੰਘ ਮਾਨ ਦੀ ਹਾਰ ਤੋ ਬਾਅਦ ਪੰਥਕ ਰਾਜਨੀਤੀ ਦੇ ਸਮੀਕਰਨ ਹੋਰ ਸ਼ਿੱਦਤ ਨਾਲ ਬਦਲਦੇ ਮਹਿਸੂਸ ਕੀਤੇ ਜਾ ਰਹੇ ਹਨ ।

ਇਹ ਸੁਭਾਵਿਕ ਹੈ ਕਿ ਸ੍ਰ ਮਾਨ ਦੇ ਚੋਣ ਹਾਰਨ ਤੋ ਬਾਅਦ ਪੰਥਕ ਰਾਜਨੀਤੀ ਜਿਹੜੀ ਲੰਮੇ ਸਮੇ ਤੋ ਕਿਸੇ ਨੌਜਵਾਨ ਆਗੂ ਦੀ ਤਲਾਸ ਵਿੱਚ ਭਟਕ ਰਹੀ ਸੀ,ਉਹਦੇ ਲਈ ਭਾਈ ਅਮ੍ਰਿਤਪਾਲ ਸਿੰਘ ਰਾਹ ਦਿਸੇਰਾ ਬਣੇਗਾ। ਨਵੇਂ ਪੰਥਕ ਮੁਹਾਜ ਲਈ ਹੋਣ ਵਾਲੀ ਤੋੜਭੰਨ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਅਤੇ  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੁਧਾਰਨਾ ਵੀ ਤਰਜੀਹੀ ਕਾਰਜ ਹੋ ਸਕਦੇ ਹਨ,ਕਿਉਂਕਿ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅਮ੍ਰਿਤਪਾਲ ਸਿੰਘ ਦੀ ਜਿੱਤ ਦੇ ਨਾਲ ਹੀ ਦੋਵਾਂ ਹੀ ਸੰਸਥਾਵਾਂ ਦੀ ਚਰਚਾ ਮੁੜ ਤੋ ਸੁਨਣ ਨੂੰ ਮਿਲ ਰਹੀ ਹੈ। ਇਸ ਤੋ ਪਹਿਲਾਂ ਵੱਖ ਵੱਖ ਪੰਥਕ ਧਿਰਾਂ ਆਪੋ ਆਪਣੀ ਡਫਲੀ ਬਜਾ ਕੇ ਆਪੋ ਆਪਣਾ ਰਾਗ ਅਲਾਪਣ ਵਿੱਚ ਲੱਗੀਆਂ ਹੋਈਆਂ ਸਨ,ਪ੍ਰੰਤੂ ਉਹ ਇੱਕ ਪਲੇਟਫਾਰਮ ਤੇ ਇਸ ਲਈ ਆਉਣ ਤੋ ਗੁਰੇਜ ਕਰਦੀਆਂ ਰਹੀਆਂ ਸਨ,ਕਿ ਅਕਾਲੀ ਦਲ ਬਾਦਲ ਤੋ ਬਾਅਦ ਅਕਾਲੀ ਦਲ (ਅ) ਹੀ ਅਜਿਹੀ ਪੰਥਕ ਪਾਰਟੀ ਸਮਝੀ ਜਾਂਦੀ ਸੀ,ਜਿਹੜੀ ਬਾਕੀ ਛੋਟੇ ਛੋਟੇ ਧੜਿਆਂ ਤੋ  ਮਜਬੂਤ ਅਤੇ ਆਪਣਾ ਲੋਕ ਅਧਾਰ ਵੀ ਰੱਖਦੀ ਹੈ, ਪਰ ਇੱਥੇ ਸਮੱਸਿਆ ਇਹ ਰਹੀ ਹੈ ਕਿ ਕੋਈ ਵੀ ਪੰਥਕ ਧਿਰ ਸ੍ਰ ਮਾਨ ਨੂੰ ਆਗੂ ਮੰਨਣ ਨੂੰ ਤਿਆਰ ਨਹੀ ਹੋ ਸਕੀ।ਲੰਘੀਆਂ ਚੋਣਾਂ ਵਿੱਚ ਦੇਖਿਆ ਗਿਆ ਹੈ ਕਿ ਸ੍ਰ ਮਾਨ ਨਾਲ ਵਿਰੋਧ ਰੱਖਣ ਵਾਲੇ ਬਹੁਤ ਸਾਰੇ ਧੜੇ ਅਤੇ ਸਿੱਖ ਆਗੂ ਭਾਈ ਅਮ੍ਰਿਤਪਾਲ ਸਿੰਘ ਦੀ ਚੋਣ ਵਿੱਚ ਸਰਗਰਮੀ ਨਾਲ ਜੁਟੇ ਰਹੇ ਹਨ। ਇਸ ਦਾ ਕਾਰਨ ਇਹ ਵੀ ਹੈ ਕਿ ਲੰਮੇ ਸਮੇ ਤੋ ਆਪਸੀ ਪਾਟੋ ਧਾੜ ਕਾਰਨ ਹਾਸੀਏ ਤੇ ਚੱਲ ਰਹੀਆਂ ਧਿਰਾਂ ਨੂੰ ਕੋਈ ਯੋਗ ਆਗੂ ਨਹੀ ਸੀ ਮਿਲ ਸਕਿਆ, ਜਿਹੜਾ ਕੌਂਮ ਦੀ ਅਗਵਾਈ ਕਰਨ ਦੇ ਸਮਰੱਥ ਹੋਵੇ।

ਪੰਜਾਬੀ ਦੀ ਕਹਾਵਤ ਹੈ ਕਿ “ਮੱਛੀ ਪੱਥਰ ਚੱਟਕੇ ਵਾਪਸ ਮੁੜਦੀ ਹੈ”, ਸੋ ਲੰਮੇ ਸਮੇ ਤੋ ਬਾਦਲ ਕਿਆਂ ਦੇ ਦੁਰਕਾਰੇ ਸਿੱਖ ਆਗੂ ਅਤੇ ਪੰਥਕ ਧੜਿਆਂ ਨੂੰ ਵੀ ਸਾਇਦ ਇਹ ਸੋਝੀ ਆ ਗਈ ਹੋਵੇਗੀ ਕਿ ਪੰਥਕ ਏਕੇ ਤੋ ਬਗੈਰ ਕੁੱਝ ਵੀ ਸੰਭਵ ਨਹੀ ਹੈ, ਪੰਥਕ ਏਕਾ ਕਿਸੇ ਇੱਕ ਆਗੂ ਦੀ ਅਗਵਾਈ ਕਬੂਲਣ ਤੋ ਬਿਨਾ ਸੰਭਵ ਵੀ ਨਹੀ ਹੈ। ਭਾਈ ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਤੋ ਬਾਅਦ ਪੰਥਕ ਵਿਹੜੇ ਵਿੱਚ ਜਿੱਥੇ ਰੌਣਕਾਂ ਪਰਤੀਆਂ ਹਨ,ਓਥੇ ਰਾਜਨੀਤੀ ਵਿੱਚ ਨਵੀ ਲੀਡਰਸ਼ਿੱਪ  ਨੂੰ ਲੈ ਕੇ ਵੀ ਚਰਚਾ ਚੱਲ ਪਈ ਹੈ।ਹੁਣ ਦੇਖਣਾ ਇਹ ਵੀ ਹੋਵੇਗਾ ਕਿ ਭਾਈ ਅਮ੍ਰਿਤਪਾਲ ਸਿੰਘ ਪੰਥ ਨੂੰ ਅਗਵਾਈ ਦੇਣ ਵਿੱਚ ਕਿੱਥੋਂ ਤੱਕ ਸਫਲ ਹੁੰਦੇ ਹਨ,ਕਿਉਂਕਿ ਪੰਥ ਦੀ ਅਗਵਾਈ ਕਰਨ ਲਈ ਹਾਉਮੈ ਦਾ ਤਿਆਗ, ਠਰੰਮੇ,ਧੀਰਜ ਅਤੇ ਦੂਰ ਅੰਦੇਸੀ ਦੀ ਜਰੂਰਤ ਹੁੰਦੀ ਹੈ,ਜਿਸ ਵਿੱਚ ਭਾਈ ਅਮ੍ਰਿਤਪਾਲ ਸਿੰਘ ਨੂੰ ਨਿਪੁੰਨਤਾ ਹਾਸਲ ਕਰਨ ਲਈ ਗੁਰਬਾਣੀ ਦੇ ਅੰਗ ਸੰਗ ਚੱਲਣਾ ਹੋਵੇਗਾ, ਕਿਉਂਕਿ ਮਨੁੱਖੀ ਸੁਭਾਉ ਅੰਦਰ ਗੁਰਮੁਖਾਂ ਵਾਲੇ ਸਦਗੁਣ ਪੈਦਾ ਕਰਨ ਲਈ ਧੰਨ ਸ੍ਰੀ ਗੁਰੂ  ਗ੍ਰੰਥ ਸਾਹਿਬ ਹੀ ਇੱਕੋ  ਇੱਕ ਜਰੀਆ ਹਨ। ਸੋ ਆਸ ਕੀਤੀ ਜਾਣੀ ਬਣਦੀ ਹੈ ਪੰਥਕ ਰਾਜਨੀਤੀ ਦਾ ਇਹ ਨਵਾਂ ਅਧਿਆਇ ਉਜਲੇ ਭਵਿੱਖ ਦੇ ਸੰਕਲਪ ਨਾਲ ਸੁਰੂ ਹੋਵੇਗਾ।

ਬਘੇਲ ਸਿੰਘ ਧਾਲੀਵਾਲ
99142-58142

ਦਲ ਬਦਲੂ ਅਤੇ ਦਲ ਬਦਲ ਵਿਰੋਧੀ ਕਾਨੂੰਨ

ਗੁਰਮੀਤ ਸਿੰਘ ਪਲਾਹੀ

      ਦੇਸ਼ ਵਿੱਚ ਦਲ ਬਦਲਣ ਦੀ ਖੇਡ 60 ਸਾਲ ਪੁਰਾਣੀ ਹੈ। ਅਸਲ ਵਿੱਚ ਦਲ ਬਦਲ ‘ਸਿਆਸੀ ਦਿਲ’ ਬਦਲਣ ਦੀ ਨਿਵੇਕਲੀ ਖੇਡ ਹੈ। ਇਹ ਕਦੇ ਇੱਕ ਪਾਰਟੀ ਵਿੱਚ ਆਦਰ-ਮਾਣ-ਸਨਮਾਣ ਨਾ ਮਿਲਣ ਤੋਂ ਨਿਰਾਸ਼ ਹੋਣ ਉਤੇ ਹੁੰਦਾ ਹੈ ਅਤੇ ਕਦੇ “ਮਨ ਦੀ ਅਵਾਜ਼” ਸੁਨਣ ‘ਤੇ। ਤਾਕਤ ਦੀ ਹਵਾ ਜਿਸ ਪਾਸੇ ਵੱਲ ਵੱਗਦੀ ਹੈ, ਦਲ ਬਦਲ ਵੀ ਉਸ ਪਾਰਟੀ ਵੱਲ ਵੱਧ ਹੁੰਦਾ ਹੈ। ਭਾਰਤ ਵਿੱਚ ਇਹ ਕਿਸੇ ਵੇਲੇ ਕਾਂਗਰਸ ਵੱਲ ਵੱਧ ਹੁੰਦਾ ਸੀ, ਹੁਣ ਭਾਜਪਾ ਵੱਲ ਜਿਆਦਾ ਹੈ।

      ਦੇਸ਼ ਦੇ ਚੋਣ ਮਹਾਂਕੁੰਭ ਦਾ ਦ੍ਰਿਸ਼ ਇਸ ਵਰ੍ਹੇ ਨਿਰਾਲਾ ਹੈ। ਥੋਕ ਦੇ ਭਾਅ ਹੋ ਰਿਹਾ ਦਲ ਬਦਲ ਲੋਕਾਂ ਨੂੰ ਹੈਰਾਨ-ਪ੍ਰੇਸ਼ਾਨ ਕਰ ਰਿਹਾ ਹੈ। ਇਕ ਵਿਸ਼ਲੇਸ਼ਣ ਅਨੁਸਾਰ ਸਾਲ 2024 ਦੀਆਂ ਚੋਣਾਂ ‘ਚ ਭਾਜਪਾ ਦਾ ਹਰ ਚੌਥਾ ਉਮੀਦਵਾਰ ਦਲ ਬਦਲੂ ਹੈ। ਭਾਜਪਾ ਹੁਣ ਤੱਕ 417 ਉਮੀਦਵਾਰ ਐਲਾਨ ਚੁੱਕੀ ਹੈ। ਇਹਨਾ ਵਿਚੋਂ 116 (28 ਫੀਸਦੀ )ਉਹ ਉਮੀਦਵਾਰ ਹਨ, ਜੋ ਸਿਆਸੀ ਧਿਰ ਬਦਲ ਕੇ ਭਾਜਪਾ ਵੱਲ ਆਏ ਹਨ। ਇਹਨਾ 116 ਵਿਚੋਂ 37 ਕਾਂਗਰਸ  ਵਿਚੋਂ ਆਏ ਹਨ।

      ਇਸੇ ਤਰ੍ਹਾਂ 2016 ਤੋਂ 2020 ਦੇ ਦੌਰਾਨ ਐਮ.ਪੀ. ਅਤੇ ਐਮ ਐਲ ਏ ਵਿਚੋਂ ਸਿਆਸੀ ਧਿਰਾਂ ਬਦਲਣ ਦੀ ਰਿਪੋਰਟ ਸਾਹਮਣੇ ਆਈ ਸੀ  ਜਿਸ ਅਨੁਸਾਰ 405 ਵਿਧਾਇਕਾਂ ਅਤੇ 16 ਪਾਰਲੀਮੈਂਟ ਦੇ ਮੈਂਬਰਾਂ ਨੇ ਪਾਰਟੀ ਬਦਲੀ ਸੀ। ਦਲ ਬਦਲ ਕਰਨ ਵਾਲੇ 182 ਵਿਧਾਇਕ ਅਤੇ 10 ਐਮ.ਪੀ, ਭਾਜਪਾ ‘ਚ ਸ਼ਾਮਲ ਹੋਏ।

      ਜਦੋਂ ਕਦੇ ਕਾਂਗਰਸ ਦਾ ਸੂਰਜ ਚਮਕਦਾ ਸੀ, ਉਸ ਵੇਲੇ ਕਾਂਗਰਸ ਨੂੰ ਇਸ ਦਾ ਫਾਇਦਾ ਹੋਇਆ। ਸਾਲ 1957 ਤੋਂ 1967 ਦਰਮਿਆਨ 419 ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋਏ ਸਨ।

      ਦਲ ਬਦਲ ਦੇ ਰੌਚਕ ਕਿੱਸਿਆਂ ਦਾ ਵਰਨਣ ਕਰਨਾ ਬਹੁਤ ਹੀ ਜ਼ਰੂਰੀ ਹੈ। ਮਹਾਂਰਾਸ਼ਟਰ ਵਿੱਚ 7 ਮਾਰਚ 1978 ਨੂੰ  ਬਸੰਤ ਦਾਦਾ ਪਾਟਿਲ ਦੀ ਅਗਵਾਈ ‘ਚ ਸਰਕਾਰ ਸੱਤਾ ਵਿੱਚ ਆਈ।  18 ਜੁਲਾਈ 1978 ਨੂੰ ਸ਼ਰਦ ਪਵਾਰ (ਦੇਸ਼ ਦੇ ਪ੍ਰਸਿੱਧ ਸਿਆਸੀ ਨੇਤਾ) ਦੁਪਿਹਰ ਵੇਲੇ ਵਿਧਾਨ ਸਭਾ ‘ਚ ਪਾਟਿਲ ਸਰਕਾਰ ਦੇ ਹੱਕ ‘ਚ ਕਸੀਦੇ ਪੜ੍ਹਦੇ ਨਜ਼ਰ ਆਏ, ਪਰੰਤੂ ਸ਼ਾਮ ਹੁੰਦਿਆਂ ਹੀ ਉਹ ਰਾਜ ਭਵਨ ਪੁੱਜੇ ਅਤੇ ਉਥੇ ਜਾਕੇ ਬਗਾਵਤ ਦੀ ਚਿੱਠੀ ਗਵਰਨਰ ਨੂੰ ਪੇਸ਼ ਕੀਤੀ ਅਤੇ ਫਿਰ ਖੁਦ ਮੁੱਖ ਮੰਤਰੀ ਬਣ ਗਏ।

      ਹਰਿਆਣਾ ਵਿੱਚ ਭਜਨ ਲਾਲ ਨੇ ਸਿਆਸਤ ਕਾਂਗਰਸੀ ਵਜੋਂ ਸ਼ੁਰੂ ਕੀਤੀ, ਪ੍ਰੰਤੂ 1977 ਵਿੱਚ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ।  ਹਰਿਆਣਾ ਦੀ ਦੇਵੀ ਲਾਲ ਸਰਕਾਰ ਵਿੱਚ ਉਹ ਮੰਤਰੀ ਬਣ ਗਏ। ਸਾਲ 1980 ਵਿੱਚ ਇੰਦਰਾ ਗਾਂਧੀ ਦੀ ਕੇਂਦਰ ‘ਚ ਸੱਤਾ ਵਾਪਿਸੀ ਸਮੇਂ ਉਹ ਪੂਰੇ ਮੰਤਰੀ ਮੰਡਲ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ। (ਕੀ ਇਹ ਹਿਰਦੇ ਪ੍ਰੀਵਰਤਨ ਸੀ ਜਾਂ ਗੱਦੀ ਦੀ ਭੁੱਖ?)

      ਦਲ ਬਦਲ ਕਰਨ ਵਾਲਿਆਂ ਲਈ ਅਕਸਰ “ਆਇਆ ਰਾਮ, ਗਿਆ ਰਾਮ” ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ। ਅਸਲ ‘ਚ  “ਗਿਆ ਰਾਮ” ਹਰਿਆਣਾ ਦੇ ਹਸਨਪੁਰ ਵਿਧਾਨ ਸਭਾ ਖੇਤਰ (ਹੁਣ ਹੋਡਲ) ਵਿੱਚ ਐਮ.ਐਲ.ਏ. ਸਨ, ਉਹਨਾ ਦੇ ਚੋਣ ਜਿੱਤਣ ਤੋਂ ਬਾਅਦ 15 ਦਿਨਾਂ ‘ਚ ਚਾਰ ਵੇਰ ਆਪਣਾ ਦਲ ਬਦਲਿਆ। 1967 ਵਿੱਚ ਪਹਿਲੀ ਵੇਰ ਹਰਿਆਣਾ ਵਿਧਾਨ ਸਭਾ ਚੋਣਾਂ ਹੋਈਆਂ। ਇਸ ਵਿੱਚ 16 ਆਜ਼ਾਦ ਐਮ.ਐਲ.ਏ ਚੁਣੇ ਗਏ, ਇਹਨਾ ਵਿੱਚ ਗਿਆ ਰਾਮ ਇੱਕ ਸੀ। ਉਹ ਕਾਂਗਰਸ ਤੋਂ ਟਿਕਟ ਨਾ ਮਿਲਣ ਕਾਰਨ ਬਾਗੀ ਹੋ ਗਿਆ ਸੀ। ਪਰ ਫਿਰ ਚੋਣ ਜਿੱਤਕੇ ਕਾਂਗਰਸ ‘ਚ ਸ਼ਾਮਲ ਹੋ ਗਿਆ। ਜਦ ਕਾਂਗਰਸ ਨੇ 48 ਸੀਟਾਂ ਲੈ ਕੇ ਵਜਾਰਤ ਬਣਾਈ, ਪਰ ਇਹ ਵਜਾਰਤ  10 ਦਿਨਾਂ ਬਾਅਦ ਹੀ ਡਿੱਗ ਪਈ।  ਗਿਆ ਰਾਮ ਨੇ 12 ਵਿਧਾਇਕਾਂ ਨਾਲ ਰਲ ਕੇ ਪਾਰਟੀ ਛੱਡ ਦਿੱਤੀ ਅਤੇ ਯੁਨਾਈਟਿਡ ਫਰੰਟ ‘ਚ ਸ਼ਾਮਲ ਹੋ ਗਏ। ਫਿਰ ਕੁਝ ਘੰਟਿਆਂ ‘ਚ ਹੀ ਗਿਆ ਰਾਮ ਦਾ ਮਨ ਬਦਲ ਗਿਆ ਤੇ ਉਹ ਕਾਂਗਰਸ ਵਿੱਚ ਆ ਗਏ। ਪਰ ਕਾਂਗਰਸ ਵਿੱਚ ਉਹ ਸਿਰਫ਼ 9 ਘੰਟੇ ਟਿਕੇ ਅਤੇ ਕਾਂਗਰਸ ਛੱਡਕੇ ਮੁੜ ਯੁਨਾਈਟਿਡ ਫਰੰਟ ‘ਚ ਚਲੇ ਗਏ। ਕਮਾਲ ਦੀ ਗੱਲ ਤਾਂ ਇਹ ਕਿ ਉਹਨਾ ਨੇ ਇੱਕ ਦਿਨ ਵਿੱਚ ਤਿੰਨ ਵੇਰ ਦਲ ਬਦਲਣ ਦਾ ਤਮਾਸ਼ਾ ਕੀਤਾ। ਕੁਝ ਦਿਨਾਂ ਬਾਅਦ ਫਿਰ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਵਾਪਿਸੀ ਤੋਂ ਬਾਅਦ ਮੌਕੇ ਦੇ ਪ੍ਰਭਾਵਸ਼ਾਲੀ ਨੇਤਾ ਰਾਓ ਬਰੇਂਦਰ  ਸਿੰਘ ਨੇ ਉਹਨਾ ਨੂੰ ਪ੍ਰੈੱਸ ਕਾਨਫਰੰਸ ‘ਚ ਪੇਸ਼ ਕੀਤਾ ਤੇ ਕਿਹਾ “ਗਿਆ ਰਾਮ ਹੁਣ ਆਇਆ ਰਾਮ ਹੈ” ਇਸ ਤੋਂ ਬਾਅਦ ਭਾਰਤੀ ਸਿਆਸਤ ਵਿੱਚ ਦਲ ਬਦਲੂਆਂ ਦੇ ਲਈ “ਆਇਆ ਰਾਮ ਗਿਆ ਰਾਮ” ਦਾ ਮੁਹਾਵਰਾ ਬਣ ਗਿਆ।

      ਸਾਲ 2014 ਤੋਂ ਹੁਣ ਤੱਕ ਕਾਂਗਰਸ ਦੇ 50 ਤੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ ਨੇਤਾ ਜਿਹਨਾ ਵਿੱਚ 15 ਮੁੱਖ ਮੰਤਰੀ, ਇੰਨੇ ਹੀ ਕੇਂਦਰੀ ਮੰਤਰੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ  ਜਾਂ ਅਹੁਦੇਦਾਰ, ਜਾਂ ਤਾਂ ਕਿਸੇ ਹੋਰ ਪਾਰਟੀ ਵਿੱਚ ਜਾ ਚੁੱਕੇ ਹਨ ਜਾਂ ਨਵੀਂ ਪਾਰਟੀ ਬਣਾ ਚੁੱਕੇ ਹਨ। ਇਹਨਾ ਵਿੱਚ ਐਸ.ਐਮ. ਕ੍ਰਿਸ਼ਨਨ, ਗੁਲਾਮ ਨਬੀ ਆਜ਼ਾਦ, ਕੈਪਟਨ ਅਮਰਿੰਦਰ ਸਿੰਘ, ਨਰਾਇਣ ਦੱਤ ਤਿਵਾੜੀ(ਸਵ:) ਅਸ਼ੋਕ ਚੌਹਾਨ, ਪੇਮਾ ਖਾਡੂੰ, ਕਿਰਣ ਰੈਡੀ, ਵਿਜੈ ਬਹੁਗੁਣਾ, ਦਿਗੰਬਰ ਕਾਮਤ, ਰਵੀ ਨਾਇਕ, ਨਰਾਇਣ ਰਾਏ, ਮੁਕੁਲ ਸੰਗਮਾ ਸ਼ਾਮਲ ਹਨ। ਇਹਨਾ ਵਿੱਚੋਂ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਅਤੇ ਫਿਰ ਨਵੀਂ ਪਾਰਟੀ “ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦਾ ਗਠਨ ਕੀਤਾ।

      ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਪਰਿਵਾਰ, ਪਿਛਲੇ ਸੌ ਸਾਲ ਤੋਂ ਕਾਂਗਰਸ ਨਾਲ ਜੁੜਿਆ ਕਾਂਗਰਸੀ ਨੇਤਾ ਗੁਰਬੰਤਾ ਸਿੰਘ ਦਾ ਚੌਧਰੀ ਪਰਿਵਾਰ, ਧੁਰੰਤਰ ਕਾਂਗਰਸੀ ਨੇਤਾ ਬਲਰਾਮ ਜਾਖੜ ਦਾ ਪੁੱਤਰ ਸੁਨੀਲ  ਜਾਖੜ, (ਜੋ ਸੂਬਾ ਕਾਂਗਰਸ ਦਾ ਪ੍ਰਧਾਨ ਰਿਹਾ) ਅਨੇਕਾਂ ਮੈਂਬਰ ਪਾਰਲੀਮੈਂਟ ਸਮੇਤ ਪੰਜਾਬ ਦੇ ਧੱਕੜ ਕਾਂਗਰਸੀ ਨੇਤਾ ਬੇਅੰਤ ਸਿੰਘ ਤਤਕਾਲੀ ਮੁੱਖ ਮੰਤਰੀ ਦਾ ਪੋਤਾ ਰਵਨੀਤ ਬਿੱਟੂ ਵੀ ਇਸ ਲਿਸਟ ਵਿੱਚ ਸ਼ਾਮਲ ਹਨ।

ਦੇਸ਼ ਦੇ ਹੋਰ ਸੂਬਿਆਂ ਨਾਲੋਂ ਵੱਧ ਹਰਿਆਣਾ ਦਲ ਬਦਲੂਆਂ ਦਾ ਕੇਂਦਰ ਰਿਹਾ ਹੈ। ਸਾਲ 1967 ਤੋਂ 1983 ਦੇ ਵਿਚਕਾਰ ਸੂਬੇ ਵਿੱਚ 2700 ਤੋਂ ਵੀ ਜ਼ਿਆਦਾ  ਵੇਰ ਦਲ ਬਦਲ ਹੋਇਆ। ਅਨੇਕਾਂ ਦਲ ਬਦਲੂ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ।

      ਹਰਿਆਣਾ ਵਿੱਚ ਇੰਨੇ ਵੱਡੇ ਪੈਮਾਨੇ ਤੇ ਦਲ ਬਦਲ ਨੇ ਇਸ ਸਬੰਧ ਵਿੱਚ ਕਿਸੇ ਕਾਨੂੰਨ ਦੀ ਲੋੜ ਮਹਿਸੂਸ ਕੀਤੀ ਅਤੇ ਅਖ਼ੀਰ ਕਾਫ਼ੀ ਕੋਸ਼ਿਸ਼ਾਂ ਬਾਅਦ ਸਾਲ 1985  ਵਿੱਚ 52 ਵੀਂ ਸੰਵਾਧਾਨਿਕ ਸੋਧ ਨਾਲ ਦਲ ਬਦਲੀ ਕਾਨੂੰਨ ਲਾਗੂ ਹੋ ਗਿਆ। ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ (ਸਪੁੱਤਰ ਇੰਦਰਾ ਗਾਂਧੀ) ਸਨ, ਜੋ 400 ਪਾਰਲੀਮੈਂਟਾਂ ਸੀਟਾਂ ਜਿੱਤ ਗਏ ਹਨ। ਇਸ ਗੱਲ ਦਾ ਖ਼ਦਸ਼ਾ ਪਾਲੀ ਬੈਠੇ ਸਨ ਕਿ ਉਹਨਾ ਦੀ ਪਾਰਟੀ ‘ਚ ਭੰਨ-ਤੋੜ ਨਾ ਹੋ ਜਾਏ। ਇਸੇ ਕਰਕੇ ਉਹਨਾ ਨੇ ਦਲ ਬਦਲ ਰੋਕੂ ਕਾਨੂੰਨ ਬਣਾਉਣ ਲਈ ਤੇਜੀ ਵਰਤੀ।

      1985 ਦੇ ਇਸ ਕਾਨੂੰਨ ਵਿੱਚ ਪ੍ਰਾਵਾਧਾਨ ਕੀਤਾ ਗਿਆ ਕਿ ਜੇਕਰ ਕੋਈ ਐਮ.ਐਲ.ਏ., ਐਮ.ਪੀ., ਆਪਣੀ ਪਾਰਟੀ ਛੱਡਕੇ ਕਿਸੇ ਹੋਰ ਪਾਰਟੀ ‘ਚ ਸ਼ਾਮਲ ਹੁੰਦਾ ਹੈ ਤਾਂ ਉਸਦੀ ਸਦਨ ਵਿੱਚ ਮੈਂਬਰੀ ਖ਼ਤਮ ਹੋ ਜਾਏਗੀ। ਪਰ ਜੇਕਰ ਉਸ ਪਾਰਟੀ ਦੇ ਇੱਕ ਤਿਹਾਈ ਮੈਂਬਰ ਵੱਖਰਾ ਗੁੱਟ ਬਣਾਕੇ ਪਾਰਟੀ ਛੱਡਦੇ ਹਨ ਤਾਂ ਇਹ ਕਾਨੂੰਨ ਲਾਗੂ ਨਹੀਂ ਹੋਏਗਾ।

      ਸਾਲ 2003 ਵਿੱਚ ਇਸ ਕਾਨੂੰਨ ‘ਚ ਸੋਧ ਕਰ ਦਿੱਤੀ ਗਈ, ਜਿਸ ਅਨੁਸਾਰ ਇਹ ਗਿਣਤੀ ਦੋ ਤਿਹਾਈ ਕਰ ਦਿੱਤੀ ਗਈ। ਜਿਸ ਨਾਲ ਇਸ ਕਾਨੂੰਨ ਦੀ ਪ੍ਰਸੰਗਕਿਤਾ ਬਹੁਤ ਘੱਟ ਗਈ ਹੈ। ਹੁਣ ਨੇਤਾ, ਸਦਨ ਵਿਚੋਂ ਆਪਣੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੰਦੇ ਹਨ, ਦੂਜੀ ਪਾਰਟੀ ਵਿੱਚ ਨਹੀਂ ਜਾਂਦੇ, ਸਗੋਂ ਸਾਂਝੇ ਤੌਰ ‘ਤੇ ਅਸਤੀਫ਼ਾ ਦੇਕੇ ਉਸ ਪਾਰਟੀ ਦਾ ਸਦਨ ਵਿੱਚੋਂ ਬਹੁਮਤ ਨੂੰ ਖ਼ਤਮ ਕਰ ਦਿੰਦੇ ਹਨ। ਸਾਲ 2018 ‘ਚ ਮੱਧ ਪ੍ਰਦੇਸ਼ ਵਿੱਚ ਵੀ ਇੰਜ ਹੀ ਵਾਪਰਿਆ।

      2018 ਵਿੱਚ ਮੱਧ ਪ੍ਰਦੇਸ਼ ਦੇਸ਼ ‘ਚ ਕਮਲ ਨਾਥ ਨੇ 114 ਸੀਟਾਂ ਜਿੱਤਕੇ ਸਰਕਾਰ ਬਣਾਈ। ਭਾਜਪਾ ਨੂੰ 109 ਸੀਟਾਂ ਮਿਲੀਆਂ। ਕਾਂਗਰਸ ਦੇ 22 ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ। ਕਾਂਗਰਸ ਵਜ਼ਾਰਤ ਘੱਟ ਗਿਣਤੀ ‘ਚ ਰਹਿ ਗਈ। ਭਾਜਪਾ ਦੀਆਂ ਸੀਟਾਂ ਕਾਂਗਰਸ ਨਾਲੋਂ ਵਧ ਗਈਆਂ। ਭਾਜਪਾ ਦੇ ਸ਼ਿਵਰਾਜ ਸਿੰਘ ਚੌਹਾਨ ਨੂੰ ਸਰਕਾਰ ਬਨਾਉਣ ਦਾ ਮੌਕਾ ਮਿਲ ਗਿਆ। ਫਿਰ ਅਸਤੀਫਾ ਦੇ ਚੁੱਕੇ  22 ਕਾਂਗਰਸੀ ਵਿਧਾਇਕਾਂ ਨੇ ਭਾਜਪਾ ਵਲੋਂ ਚੋਣ ਲੜੀ ਤੇ ਮੁੜ ਭਾਜਪਾ ਦੇ ਵਿਧਾਇਕ ਵਜੋਂ ਜਿੱਤਕੇ ਸਦਨ ‘ਚ ਆ ਗਏ।

      ਇਸੇ ਸਾਲ ਕਰਨਾਟਕ ‘ਚ 224 ਮੈਂਬਰੀ ਸਦਨ ਵਿਚੋਂ ਕਾਂਗਰਸ 80, ਜਨਤਾ ਦਲ (ਸ) 37 ਅਤੇ ਭਾਜਪਾ ਨੇ 104 ਸੀਟਾਂ ਜਿੱਤੀਆਂ। ਕਾਂਗਰਸ ਤੇ ਜਨਤਾ ਦਲ (ਸ) ਦੇ ਗੱਠਜੋੜ  ਨੇ ਸਰਕਾਰ ਬਣਾਈ। ਕੁਝ ਮਹੀਨਿਆਂ ਬਾਅਦ ਕਾਂਗਰਸ ਦੇ 13 ਅਤੇ ਜਨਤਾ ਦਲ ਦੇ 4 ਵਿਧਾਇਕ ਅਸਤੀਫ਼ਾ ਦੇ ਗਏ, ਵਜ਼ਾਰਤ ਟੁੱਟ ਗਈ। ਭਾਜਪਾ ਨੇ ਮੁੜ ਕੁਝ ਆਜ਼ਾਦ ਮੈਂਬਰਾਂ ਦੀ ਸਹਾਇਤਾ ਨਾਲ ਵਜ਼ਾਰਤ ਬਣਾ ਲਈ।

      ਇਹ ਦਲ ਬਦਲੀ ਵਿਰੋਧੀ ਕਾਨੂੰਨੀਦੀ ਦੁਰਵਰਤੋਂ ਦੀਆਂ ਉਦਾਹਰਨਾਂ ਹਨ। ਦਲ ਬਦਲੀ ਵਿਰੋਧੀ ਕਾਨੂੰਨ ਤਾਂ ਇਸ ਕਰਕੇ ਲਿਆਂਦਾ ਗਿਆ ਸੀ ਕਿ ਭਾਰਤੀ ਲੋਕ ਤੰਤਰ ਮਜ਼ਬੂਤ ਹੋਵੇ ਤੇ ਕੁਝ ਸਵਾਰਥੀ ਲੋਕ ਲੋਕਤੰਤਰ ਦਾ ਮਜ਼ਾਕ ਨਾ ਬਣਾ ਦੇਣ ਜਿਵੇਂ ਕਿ ਹਕੂਮਤ ਪ੍ਰਾਪਤੀ ਲਈ ਇਸ ਸਮੇਂ ਵੀ ਹੋ ਰਿਹਾ ਹੈ। ਲੋਕਤੰਤਰਿਕ ਪ੍ਰਕਿਰਿਆ ਵਿੱਚ ਤਾਂ ਸਿਆਸੀ ਦਲਾਂ ਦੀ ਭੂਮਿਕਾ ਅਹਿਮ ਹੁੰਦੀ ਹੈ ਉਹ ਸਿਧਾਂਤਕ ਤੌਰ ‘ਤੇ, ਸਮੂਹਿਕ ਰੂਪ ਵਿੱਚ  ਲੋਕ-ਹਿੱਤ ਵਿੱਚ ਫ਼ੈਸਲੇ ਲੈ ਕੇ ਲਾਗੂ ਕਰਨ ਲਈ ਜਾਣੇ ਜਾਂਦੇ ਹਨ।

      ਪਰੰਤੂ ਆਜ਼ਾਦੀ ਦੇ ਕੁਝ ਸਾਲਾਂ ਬਾਅਦ ਹੀ ਇਹ ਮਹਿਸੂਸ ਕੀਤਾ ਜਾਣ ਲੱਗਾ ਕਿ ਸਿਆਸੀ ਦਲ ਲੋਕਾਂ ਦੇ ਵੋਟਾਂ ‘ਚ ਦਿੱਤੇ ਫ਼ੈਸਲੇ ਦੀ ਅਣਦੇਖੀ ਕਰਨ ਲਗ ਪਏ ਸਨ ਅਤੇ ਵਿਧਾਇਕਾਂ ਅਤੇ ਪਾਰਲੀਮੈਂਟ ਦੇ ਮੈਂਬਰਾਂ ਦੀ ਜੋੜ-ਤੋੜ ਕਰਕੇ ਸਰਕਾਰਾਂ ਡੇਗਣ ਦੇ ਰਾਹ ਪੈ ਗਏ। ਕਾਂਗਰਸ ਰਾਜ ਵੇਲੇ ਇਹ ਵਰਤਾਰਾ ਸ਼ੁਰੂ ਹੋਇਆ, ਜੋ ਕਿ ਹੁਣ ਚਰਮ ਸੀਮਾਂ ‘ਤੇ ਹੈ।

      ਜਨਤਾ ਦਾ, ਜਨਤਾ ਲਈ ਅਤੇ ਜਨਤਾ ਰਾਹੀਂ ਸਾਸ਼ਨ ਹੀ ਲੋਕਤੰਤਰ ਹੈ। ਲੋਕਤੰਤਰ ਵਿੱਚ ਜਨਤਾ ਹੀ ਸੱਤਾਧਾਰੀ ਹੁੰਦੀ ਹੈ, ਉਸਦੀ ਪ੍ਰਵਾਨਗੀ ਨਾਲ ਹੀ ਸਾਸ਼ਨ ਚਲਦਾ ਹੈ। ਪਰ ਪਾਰਟੀਆਂ ਵਲੋਂ ਦਲ ਬਦਲੂਆਂ ਦੀ ਮਦਦ ਨਾਲ ਇਸ ਤੱਥ ਨੂੰ ਜਿਵੇਂ ਹੁਣ ਸਮੇਟ ਹੀ ਦਿੱਤਾ ਗਿਆ ਹੈ।ਹੁਣ ਸਥਿਤੀ ਤਾਂ ਇਹ ਹੈ ਕਿ ਸਿਆਸੀ ਦਲਾਂ ‘ਚ ਨੇਤਾਵਾਂ ਦਾ ਸਖ਼ਸ਼ੀ ਉਭਾਰ ਅਤੇ ਪਰਿਵਾਰਵਾਦ ਭਾਰੂ ਹੋ ਗਿਆ ਹੈ।

       ਪਾਰਟੀਆਂ ਵਿੱਚ ਉਪਰਲੇ ਦੋ ਚਾਰ ਨੇਤਾ ਹੀ ਪ੍ਰਭਾਵੀ ਰਹਿੰਦੇ ਹਨ। ਸਿਆਸੀ ਦਲ ਲੋਕਤੰਤਰਿਕ  ਢੰਗ ਨਾਲ ਨਹੀਂ ਚਲ ਰਹੇ। ਨਾ ਹੀ ਪਾਰਟੀਆਂ ‘ਚ ਲੋਕ ਮਸਲਿਆਂ ਬਾਰੇ ਗੰਭੀਰ ਚਰਚਾ ਹੁੰਦੀ ਹੈ। ਕਹਿਣ ਨੂੰ ਤਾਂ ਦੇਸ਼ ਵਿੱਚ ਸਿਆਸੀ ਲੋਕ, ਲੋਕ ਸੇਵਾ ਦੀ ਗੱਲ ਕਰਦੇ ਹਨ ਪਰ ਇਸ ਸਮੇਂ ਉਹਨਾ ਦੇ ਨਿੱਜੀ ਹਿੱਤ ਭਾਰੂ ਪਏ ਵਿਖਾਈ ਦਿੰਦੇ ਹਨ। ਇਸ ਲਈ ਉਹਨਾ ਦਾ ਇੱਕ ਦਲ ਛੱਡਕੇ ਦੂਜੇ ਦਲ ਵਿੱਚ ਚਲੇ ਜਾਣਾ ਕੋਈ ਵੱਡੀ ਗੱਲ ਨਹੀਂ ਰਹੀ।ਦਲ ਬਦਲ ਦਾ ਮੂਲ ਕਾਰਨ ਕੇਵਲ ਸੱਤਾ ਪ੍ਰਾਪਤੀ, ਆਹੁਦੇ ਦੀ ਭੁੱਖ ਤੱਕ ਸੀਮਤ ਹੋ ਕਿ ਰਹਿ ਗਿਆ ਹੈ। ਸਿਧਾਂਤ ਜਾਂ ਨੀਤੀ ਨਾਲ ਉਹਨਾ ਦਾ ਕੋਈ ਲੈਣਾ-ਦੇਣਾ ਹੀ ਨਹੀਂ ਰਿਹਾ।ਦਲ ਬਦਲ ਨੇ ਜਿਸ ਢੰਗ ਨਾਲ ਸਿਆਸੀ ਕਦਰਾਂ-ਕੀਮਤਾਂ ਅਤੇ ਲੋਕਤੰਤਰ ਨੂੰ ਢਾਅ ਲਾਈ ਹੈ, ਉਸ ਨਾਲ ਲੋਕਾਂ ਦਾ ਸਿਆਸਤਦਾਨਾਂ ‘ਚ ਵਿਸ਼ਵਾਸ਼ ਗੁਆਚ ਗਿਆ ਹੈ।

       ਹੁਣ ਵਾਲਾ ਦਲ ਬਦਲ ਰੋਕੂ ਕਾਨੂੰਨ ਕੀ ਹੋਰ ਵੀ ਕੋਈ ਦਲ ਬਦਲ ਰੋਕੂ ਕਾਨੂੰਨ, ਉਦੋਂ ਤੱਕ ਸਾਰਥਿਕ ਨਹੀਂ ਹੋਏਗਾ, ਜਦੋਂ ਤੱਕ ਦੇਸ਼ ਦੇ ਨੇਤਾਵਾਂ ਅਤੇ ਸਿਆਸੀ ਪਾਰਟੀਆਂ ਦੀ ਸੋਚ, ਭਾਰਤੀ ਸੰਵਿਧਾਨ ਅਨੁਸਾਰ ਕੰਮ ਕਰਨ ਲਈ ਆਪਣੀ ਵਚਨ ਬੱਧਤਾ ਨਹੀਂ ਦਰਸਾਉਂਦੀ।

-ਗੁਰਮੀਤ ਸਿੰਘ ਪਲਾਹੀ
9815802070

ਮੁੱਦਿਆਂ ਰਹਿਤ ਰਹੇਗੀ ਲੋਕ ਸਭਾ ਚੋਣ

          ਦੇਸ਼ ਵਿੱਚ ਵਿਰੋਧੀਆਂ ਨੂੰ ਨੁਕਰੇ ਲਾਕੇ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਨ ਦੇ ਮੌਜੂਦਾ ਹਾਕਮ ਧਿਰ ਦੇ ਯਤਨ ਲਗਾਤਾਰ ਜਾਰੀ ਹਨ। “ਕਾਂਗਰਸ” ਮੁਕਤ” ਭਾਰਤ ਦੇ ਵਿਚਾਰਾਂ ਤੋਂ ਅੱਗੇ ਤੁਰਦਿਆਂ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੇਸ਼ ਨੂੰ “ਆਪੋਜ਼ੀਸ਼ਨ ਮੁਕਤ ਭਾਰਤ” ਬਨਾਉਣ ਦੀ ਮੁਹਿੰਮ ਆਰੰਭੀ ਹੋਈ ਹੈ।

          ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ ਦਿਨੀਂ ਜੇਲ੍ਹ ਭੇਜ ਦਿੱਤੇ ਗਏ ਹਨ। ਉਹਨਾ ਨੂੰ ਕੇਂਦਰੀ ਏਜੰਸੀ ਈਡੀ (ਇਨਫੋਰਸਮੈਂਟ ਡਿਪਾਰਟਮੈਂਟ) ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੁਰੇਨ ਪਹਿਲਾਂ ਹੀ ਜੇਲ੍ਹ ਵਿੱਚ ਹਨ। ਭਾਰਤੀ ਚੋਣ ਕਮਿਸ਼ਨ ਵਲੋਂ ਕੀ ਲੋਕ ਸਭਾ ਚੋਣ ਤਾਰੀਖਾਂ ਮਿੱਥਣ ਉਪਰੰਤ ਨੇਤਾਵਾਂ ਨੂੰ ਜੇਲ੍ਹੀਂ ਡੱਕਣਾ ਜਾਇਜ਼ ਹੈ। ਇਹ ਸਵਾਲ ਲਗਾਤਾਰ ਉੱਠ ਰਹੇ ਹਨ।

          ਈਡੀ ਵਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਦਿੱਲੀ ਸ਼ਰਾਬ ਘੁਟਾਲੇ ਦਾ ਮੁੱਖ ਦੋਸ਼ੀ ਅਰਵਿੰਦ ਕੇਜਰੀਵਾਲ ਹੈ। ਦੇਸ਼ ਦੀ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਵੀ ਕਿਹਾ ਸੀ ਕਿ ਇਸ ਸ਼ਰਾਬ ਘੁਟਾਲੇ ਵਿੱਚ 300 ਕਰੋੜ ਤੋਂ ਵੱਧ ਦਾ ਲੈਣ-ਦੇਣ ਹੋਇਆ ਹੈ।

          ਆਮ ਆਦਮੀ ਪਾਰਟੀ, ਕਾਂਗਰਸ, ਆਰਜੇਡੀ ਅਤੇ ਕਈ ਹੋਰ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਵਿਰੁੱਧ ਕੇਂਦਰੀ ਏਜੰਸੀਆਂ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕਾਰਵਾਈਆਂ ਕਰ ਰਹੀਆਂ ਹਨ ਜਾਂ ਉਹਨਾ ਨੂੰ ਗ੍ਰਿਫ਼ਤਾਰ ਕਰਦੀਆਂ ਹਨ ਪਰ ਸੱਤਾਧਾਰੀ ਭਾਜਪਾ ਦੇ ਆਗੂਆਂ ਵਿਰੁੱਧ ਉਹ ਕੋਈ ਅਜਿਹੀ ਕਾਰਵਾਈ ਨਹੀਂ ਕਰਦੀਆਂ।

          ਇੱਕ ਅਨੁਮਾਨ ਅਨੁਸਾਰ ਭ੍ਰਿਸ਼ਟਾਚਾਰ ਦੀਆਂ ਕਾਰਵਾਈਆਂ ਰੋਕਣ ਸਬੰਧੀ ਕੇਂਦਰੀ ਏਜੰਸੀਆਂ ਵਲੋਂ ਦਰਜ ਕੀਤੇ ਕੁੱਲ ਕੇਸਾਂ ਵਿਚੋਂ 95 ਫੀਸਦੀ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵਿਰੁੱਧ ਹੀ ਹਨ। ਇੰਜ ਭਾਜਪਾ ਵਲੋਂ ਵਿਰੋਧੀ ਪਾਰਟੀਆਂ ਨੂੰ ਭ੍ਰਿਸ਼ਟਾਚਾਰੀ, ਨਿਕੰਮੀਆਂ ਅਤੇ ਵਿਕਾਸ ਦੀਆਂ ਦੋਖੀ ਗਰਦਾਨਕੇ, ਲੋਕ ਕਟਿਹਰੇ ‘ਚ ਉਹਨਾ ਦੀ ਦਿੱਖ ਖਰਾਬ ਕਰਨ ਲਈ ਪੂਰਾ ਟਿੱਲ ਲਾਇਆ ਜਾ ਰਿਹਾ ਹੈ।

          ਦੂਜੇ ਪਾਸੇ ਦੇਸ਼ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਚੋਣ ਬਾਂਡ ਮਾਮਲੇ ਸਬੰਧੀ ਵੱਡੇ ਸਵਾਲ ਖੜੇ ਕੀਤੇ ਹਨ, ਕਿਉਂਕਿ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਚੋਣ ਬਾਂਡ ਸਬੰਧੀ ਭਾਜਪਾ ਨਿਸ਼ਾਨੇ ‘ਤੇ ਰਹੀ। ਕਾਂਗਰਸ ਨੇ ਦੋਸ਼ ਲਾਇਆ ਕਿ ਚੋਣ ਬਾਂਡ ‘ਚ ਘੁਟਾਲਾ ਹੋਇਆ ਹੈ ਅਤੇ ਇਹ ਚਾਰ ਤਰੀਕਿਆਂ ਨਾਲ ਕੀਤਾ ਗਿਆ ਹੈ। ਕਾਂਗਰਸ ਨੇਤਾਵਾਂ ਮੁਤਾਬਕ ਪਹਿਲਾ ਤਰੀਕਾ “ਚੰਦਾ ਦਿਓ, ਧੰਦਾ ਲਓ” ਸੀ, ਭਾਵ ਇਹ ਪ੍ਰੀਪੇਡ  ਰਿਸ਼ਵਤ ਸੀ। ਦੂਜਾ ਤਰੀਕਾ “ਠੇਕਾ ਲਓ, ਰਿਸ਼ਵਤ ਦਿਓ” ਸੀ। ਇਹ ‘ਪੋਸਟਪੇਡ’ ਰਿਸ਼ਵਤ ਸੀ’। ਤੀਜਾ ਤਰੀਕਾ “ਹਫ਼ਤਾ ਵਸੂਲੀ” ਦਾ ਸੀ, ਯਾਨੀ ਛਾਪੇ ਮਾਰਨ ਤੋਂ ਬਾਅਦ ਰਿਸ਼ਵਤ। ਚੋਥਾ ਤਰੀਕਾ ਫਰਜ਼ੀ ਕੰਪਨੀਆਂ ਦਾ ਸੀ। ਕਾਂਗਰਸੀ ਦਾਅਵਾ ਕਰਦੇ ਹਨ ਕਿ 30 ਅਜਿਹੇ ਕਾਰਪੋਰੇਟ  ਗਰੁੱਪਾਂ ਨੇ “ਚੋਣ ਬਾਂਡ” ਰਾਹੀਂ ਚੰਦਾ ਦਿੱਤਾ ਹੈ, ਜਿਹਨਾ ਨੂੰ ਕੇਂਦਰ ਜਾਂ ਭਾਜਪਾ ਦੀਆਂ ਸੂਬਾ ਸਰਕਾਰਾਂ ਤੋਂ 179 ਮੁੱਖ ਪ੍ਰਾਜੈਕਟ ਮਿਲੇ ਹਨ। ਕਾਂਗਰਸ ਦਾ ਦੋਸ਼ ਹੈ ਕਿ ਹਾਕਮ ਧਿਰ “ਭ੍ਰਿਸ਼ਟਾਚਾਰ ਨੂੰ ਕਾਨੂੰਨੀ ਬਣਾ ਰਿਹਾ ਹੈ ਤੇ ਇਸ ਨੂੰ ਲੁਕਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।

          ਦੋਵੇਂ ਭੱਖਦੇ ਮਾਮਲਿਆਂ ਸਬੰਧੀ ਹਾਕਮ ਧਿਰ ਅਤੇ ਵਿਰੋਧੀ ਧਿਰ ਗੁੱਥਮ-ਗੁੱਥਾ ਹਨ ਅਤੇ ਇੱਕ-ਦੂਜੇ ਉਤੇ ਚਿੱਕੜ ਸੁੱਟ ਰਹੀਆਂ ਹਨ। ਭਾਵੇਂ ਕਿ ਹਮਾਮ ਵਿੱਚ ਸਭ ਕੁਝ ਨੰਗਾ ਹੀ ਨੰਗਾ ਹੈ।

          ਆਮ ਤੌਰ ‘ਤੇ ਚੋਣ ਸਮੇਂ ਦੌਰਾਨ ਸਿਆਸੀ ਪਾਰਟੀਆਂ ਆਪਣੇ ਮੈਨੀਫੈਸਟੋ ਜਾਰੀ ਕਰਦੀਆਂ ਹਨ। ਹਾਕਮ ਧਿਰ ਆਪਣੀਆਂ ਪ੍ਰਾਪਤੀਆਂ ਨੂੰ ਲੋਕਾਂ ਸਾਹਵੇਂ ਪੇਸ਼ ਕਰਦੀਆਂ ਹਨ ਅਤੇ ਤਵੱਕੋ ਰੱਖਦੀਆਂ ਹਨ ਕਿ ਲੋਕ ਉਹਨਾ ਨੂੰ ਵੋਟ ਪਾਉਣ। ਆਪੋਜ਼ੀਸ਼ਨ, ਹਾਕਮ ਧਿਰ ਦੀ ਅਲੋਚਨਾ ਕਰਦੀ ਹੈ, ਉਸ ਵਲੋਂ ਕੀਤੇ ਗਲਤ ਕੰਮਾਂ ਦੀ ਵਿਆਖਿਆ ਕਰਦੀ ਹੈ। ਲੋਕ ਮੁੱਦੇ ਉਠਾਉਂਦੀ ਹੈ ਅਤੇ ਵੋਟਾਂ ਦੀ ਮੰਗ ਕਰਦੀ ਹੈ।

          ਪਰ ਅੱਜ ਸਥਿਤੀ ਕੀ ਹੈ। ਭਾਜਪਾ ਵਿਕਾਸ ਅਤੇ ਤਬਦੀਲੀ ਦੇ ਨਾਂਅ ਉਤੇ ਵੋਟਾਂ ਮੰਗਣ ਤੋਂ ਪਹਿਲਾਂ ਧਰਮ ਅਧਾਰਤ ਰਾਜਨੀਤੀ ਦਾ ਪੱਤਾ ਸੁੱਟ ਚੁੱਕੀ ਹੈ। ਉਸ ਵਲੋਂ ਆਯੋਧਿਆ ਮੰਦਰ ਦੇ ਨਿਰਮਾਣ ਨੂੰ ਆਪਣੀ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ। ਧਾਰਾ 370 ਦੇ ਖ਼ਾਤਮੇ, ਸੀ.ਏ.ਏ.(ਨਾਗਰਿਕ ਕਾਨੂੰਨ) ਨੂੰ ਲਾਗੂ ਕਰਨ ਨੂੰ ਲੋਕ ਹਿੱਤ ‘ਚ ਕਿਹਾ  ਜਾ ਰਿਹਾ ਹੈ।

           ਨਰੇਂਦਰ ਮੋਦੀ ਪ੍ਰਧਾਨ ਮੰਤਰੀ ਵਲੋਂ ਵੋਟਾਂ ਲੈ ਲਈ “ਗਰੰਟੀਆਂ ਦੇਣ ਦਾ ਕਾਰੋਬਾਰ” ਹਰ ਪੱਧਰ ਉਤੇ ਭਾਵ ਪਾਰਟੀ ਪੱਧਰ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਅਤੇ ਇਸ਼ਤਿਹਾਰਾਂ ਰਾਹੀਂ ਧੂੰਆਧਾਰ ਢੰਗ ਨਾਲ ਪ੍ਰਚਾਰਿਆ ਜਾ ਰਿਹਾ ਹੈ।  ਕਿਹਾ ਇਹ ਵੀ ਜਾ ਰਿਹਾ ਹੈ ਕਿ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ। ਕਿ ਭਾਰਤ ਵਿਸ਼ਵਗੁਰੂ ਬਣ ਰਿਹਾ ਹੈ। ਪਰ ਗਰੀਬੀ, ਬੇਰੁਜ਼ਗਾਰੀ, ਅਸਮਾਨਤਾ, ਸਬੰਧੀ ਭਾਜਪਾ ਦੀ ਚੁੱਪੀ ਰੜਕਦੀ ਹੈ।  ਕੀ ਦੇਸ਼ ਵਿੱਚ ਵਿਕਾਸ ਤੇ ਪਰਿਵਰਤਨ ਦਿਖਦਾ ਹੈ। ਰਤਾ ਪੇਂਡੂ ਭਾਰਤ ਦੀ ਇੱਕ ਝਾਤੀ ਤਾਂ ਮਾਰੋ। ਹਾਂ ਸੜਕਾਂ ਬਣੀਆਂ ਹਨ, ਇੰਟਰਨੈਟ ਨੇ ਧੁੰਮ ਮਚਾ ਰੱਖੀ ਹੈ। ਪਰ ਗਰੀਬੀ ਰੇਖਾ ਤੋਂ ਥੱਲੇ ਵਾਲੇ ਲੋਕ ਦੋ ਅਮਰੀਕੀ ਡਾਲਰ (160 ਰੁਪਏ) ਨਾਲ ਹੀ ਜੀਵਨ ਵਸਰ ਕਰਦੇ ਹਨ।

          ਇੱਕ ਕੌਮਾਂਤਰੀ  ਅਧਿਐਨ ਅਨੁਸਾਰ ਭਾਰਤ ਦੇ ਇੱਕ ਫੀਸਦੀ ਧਨਾਢਾਂ ਕੋਲ 40 ਫ਼ੀਸਦੀ ਦੌਲਤ ਹੈ। ਅਰਬਪਤੀ  ਵਿਅਕਤੀਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਸਾਲ 1991 ‘ਚ ਅਰਬਪਤੀਆਂ ਦੀ ਗਿਣਤੀ ਸਿਰਫ਼ ਇੱਕ ਸੀ ਜੋ 2022 ‘ਚ ਵਧਕੇ 162 ਹੋ ਗਈ। ਭਾਰਤ ਦੇ 10,000 ਸਭ ਤੋਂ ਅਮੀਰ ਵਿਅਕਤੀਆਂ ਕੋਲ ਔਸਤਨ 2260 ਕਰੋੜ ਰੁਪਏ ਦੀ ਧਨ ਸੰਪਤੀ ਹੈ, ਜੋ ਦੇਸ਼ ਦੀ ਔਸਤ ਪ੍ਰਤੀ ਜੀਅ ਦੀ ਸੰਪਤੀ ਦਾ 16,763 ਗੁਣਾ ਹੈ। ਐਡੀ ਅਸਮਾਨਤਾ ਦਾ ਦੌਰ ਭਾਜਪਾ ਰਾਜ ‘ਚ ਸਭ ਤੋਂ ਵੱਧ ਹੈ।

          ਕਾਂਗਰਸ ਇਸ ਸਬੰਧੀ ਕਿੰਤੂ ਪਰੰਤੂ ਕਰਦਿਆਂ ਇਹ ਤਾਂ ਆਖਦੀ ਹੈ ਕਿ ਅੱਜ ਦਾ ਰਾਜ, ਅਰਬਪਤੀ  ਰਾਜ ਹੈ ਅਤੇ ਬਰਤਾਨੀਆਂ ਰਾਜ  ਨਾਲੋਂ ਵਧੇਰੇ ਨਾ ਬਰਾਬਰੀ ਵਾਲਾ ਹੈ। ਪਰ ਗਰੀਬੀ, ਅਸਮਾਨਤਾ, ਬੇਰੁਜ਼ਗਾਰੀ ਰੋਕਣ ਲਈ ਵਿਰੋਧੀ ਧਿਰ ਵਜੋਂ ਉਸਨੇ ਲੋਕ ਸਭਾ ਜਾਂ ਸੂਬਿਆਂ ਦੀ ਵਿਰੋਧੀ ਧਿਰ ‘ਚ  ਬੈਠਕੇ ਕੀ ਰੋਲ ਅਦਾ ਕੀਤਾ ? ਕੀ ਉਸ ਵਲੋਂ ਦੇਸ਼ ‘ਚ ਲੋਕਾਂ ਦੇ ਮਸਲਿਆਂ ਸਬੰਧੀ ਲੋਕ ਲਹਿਰ ਚਲਾਈ ? ਲੋਕਾਂ ਨੂੰ ਉਹਨਾ ਨਾਲ ਹੁੰਦੀ ਬੇਇਨਸਾਫੀ ਪ੍ਰਤੀ ਜਾਗਰੂਕ ਕੀਤਾ ? ਹਜ਼ਾਰਾਂ ਬੁੱਧੀਜੀਵੀ ਜੇਲ੍ਹਾਂ ਅੰਦਰ ਡੱਕ ਦਿੱਤੇ ਗਏ। ਦੇਸ਼ ‘ਚ ਬਲਡੋਜ਼ਰ ਦੀ ਨੀਤੀ ਅਪਨਾਈ ਗਈ। ਕਾਂਗਰਸ ਨੇ ਵਿਰੋਧ ‘ਚ ਦੇਸ਼ ਵਿਆਪੀ ਕੋਈ ਅੰਦੋਲਨ ਛੇੜਿਆ ? ਸਿਰਫ ਲੋਕ ਸਭਾ ‘ਚ ਕੁਝ ਮੁੱਦੇ ਚੁੱਕਕੇ ਅਤੇ ਬਾਈਕਾਟ ਕਰਕੇ ਹੀ ਉਹ ਆਪਣਾ ਵਿਰੋਧੀ ਧਿਰ ਦਾ ਰੋਲ ਅਦਾ ਕੀਤੇ ਜਾਣ ਨੂੰ ਹੀ ਪੂਰਿਆਂ ਹੋ ਗਿਆ ਸਮਝਦੀ ਹੈ ?

          ਕੀ ਦੇਸ਼ ਵਿਚੋਂ ਆਰਥਿਕਤਾ ਦਾ ਮੁੱਦਾ ਮੁੱਕ ਗਿਆ ਹੈ? ਕੀ ਸਿਹਤ ਤੇ ਸਿੱਖਿਆ ਨਾਲ ਸਬੰਧਤ ਮੁੱਦੇ ਖ਼ਤਮ ਹੋ ਗਏ ਹਨ। ਦੇਸ਼ ‘ਚ ਅੱਛੀ ਸਿੱਖਿਆ ਨਹੀਂ। ਆਧੁਨਿਕ ਸਿਹਤ ਸਹੂਲਤਾਂ ਨਹੀਂ। ਕਰੋਨਾ ਕਾਲ ‘ਚ ਲੋਕਾਂ ਦੀ ਹੋਈ ਦੁਰਦਸ਼ਾ ਹਾਲੇ ਵੀ ਲੋਕ ਚੇਤਿਆਂ ‘ਚ ਹੈ। ਲੋਕਾਂ ਨੂੰ ਰੁਜ਼ਗਾਰ ਲਈ ਆਪਣੇ ਘਰ ਛੱਡਕੇ ਦੂਰ ਸ਼ਹਿਰਾਂ ‘ਚ ਜਾਣਾ ਪੈਂਦਾ ਹੈ, ਕੀ ਇਹ ਆਪੋਜ਼ੀਸ਼ਨ ਕੋਲ ਵੱਡਾ ਮੁੱਦਾ ਨਹੀਂ?ਕੀ ਕੁਦਰਤੀ ਸੋਮਿਆਂ ਦੀ ਲੁੱਟ ਅਤੇ ਵਾਤਾਵਰਨ ਨਾਲ ਸਬੰਧਤ ਮੁੱਦੇ ਉਠਾਉਣਾ ਹੁਣ ਤਰਕਸੰਗਤ ਨਹੀਂ ਰਿਹਾ ? ਕੀ ਨਸ਼ਿਆਂ, ਗੈਂਗਸਟਰਾਂ, ਮਾਫੀਏ ਦੀ ਗੱਲ ਕਰਨੀ ਸਿਆਸਤਦਾਨ  ਭੁੱਲੀ ਬੈਠੇ ਹਨ? ਉਂਜ ਭੁੱਲਣ ਵੀ ਕਿਉਂ ਨਾ ਵੱਡੀ ਗਿਣਤੀ ‘ਚ ਮਾਫੀਏ, ਨਸ਼ਿਆਂ ਦੇ ਵਪਾਰੀਆਂ ਦੇ ਭਾਈਵਾਲ ਤਾਂ ਵਿਧਾਨ ਸਭਾਵਾਂ ਲੋਕ ਸਭਾ ਵਿੱਚ ਮੈਂਬਰ ਬਣਕੇ “ਦੇਸ਼ ਸੇਵਕ” ਦਾ  ਦਰਜ਼ਾ ਹਾਸਲ ਕਰੀ ਬੈਠੇ ਹਨ। ਇਹ “ਕਰੋਨਾ” ਲਗਭਗ ਸਭ ਪਾਰਟੀਆਂ ‘ਚ ਫੈਲ ਚੁੱਕਾ ਹੈ।

          ਦੇਸ਼ ਕਰਜ਼ਾਈ ਹੈ। ਹਾਕਮ ਧਿਰ ਲਗਾਤਾਰ ਦੇਸ਼ ਦੇ ਖਜ਼ਾਨੇ ਨੂੰ ਦੋਵੀਂ ਹੱਥੀਂ ਲੁਟਾਈ ਜਾ ਰਹੀ ਹੈ। ਦੇਸ਼ ਦਾ ਕਿਸਾਨ ਪ੍ਰੇਸ਼ਾਨ ਹੈ। ਆਪਣੇ ਮੁੱਦਿਆਂ ਨੂੰ ਸੜਕਾਂ ‘ਤੇ ਲਿਆ ਰਿਹਾ ਹੈ। ਦੇਸ਼ ਦਾ ਮਜ਼ਦੂਰ ਬੇਹਾਲ ਹੈ। ਵਿਦਿਆਰਥੀ ਤੇ ਨੌਜਵਾਨ ਪ੍ਰੇਸ਼ਾਨ ਹੈ। ਪਰ ਦੇਸ਼ ਦਾ ਸਿਆਸਤਦਾਨ ਮਿਹਣੋ-ਮਿਹਣੀ ਹੈ।

          ਦੇਸ਼ ਦਾ ਕਾਰਪੋਰੇਟ ਲਗਾਤਾਰ ਕਿਸਾਨਾਂ ਦੀ ਜ਼ਮੀਨ ਖੋਹਣ ਹਿੱਤ ਸਰਕਾਰ ਉਤੇ ਦਬਾਅ ਵਧਾਅ ਰਿਹਾ ਹੈ। ਆਪਣੇ ਕਾਰੋਬਾਰ ਦੀ ਸੁਰੱਖਿਆ ਲਈ ਉਹ ਸਰਕਾਰ ਨੂੰ ਨਿੱਜੀਕਰਨ ਦੇ ਰਾਹ ਤੋਰ ਰਿਹਾ ਹੈ। ਸਰਕਾਰ ਨੇ ਤਾਂ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਅਤੇ ਕੁਰਸੀ ਪੱਕੇ ਪੈਰੀਂ ਕਰਨ ਦੀ ਉਹਨਾ ਦੀ ਸਹਾਇਤਾ/ ਸਹਿਯੋਗ ਨੂੰ  ਪ੍ਰਵਾਨ ਕਰਨਾ ਹੀ ਹੋਇਆ, ਪਰ ਵਿਰੋਧੀ ਧਿਰ ਦੀ ਚੁੱਪੀ ਪ੍ਰੇਸ਼ਾਨੀ ਕਰਨ ਵਾਲੀ ਹੈ। ਕੀ ਵਿਰੋਧੀ ਧਿਰ ਦੇਸ਼ ‘ਚ ਸਮਾਜਿਕ ਵਿਤਕਰੇ ਦੇ ਵਾਧੇ, ਸੋਸ਼ਣ ਵਿਰੁੱਧ ਜਾਂ  ਵੱਧ ਰਹੀ ਮਹਿੰਗਾਈ ਵਿਰੁੱਧ ਲੋਕ ਲਾਮ ਬੰਦੀ ਨਹੀਂ ਸੀ ਕਰ ਸਕਦੀ? ਕੀ ਉਹ ਵੀ ਕਾਰਪੋਰੇਟਾਂ ਦਾ ਹੱਥ ਠੋਕਾ ਬਣੀ ਹੋਈ ਹੈ?

           ਦੇਸ਼ ਦੀਆਂ ਸਥਾਨਕ ਸਰਾਕਰਾਂ,(ਪੰਚਾਇਤਾਂ, ਨਗਰਪਾਲਿਕਾਂ) ਨੂੰ ਪੰਗੂ ਬਣਾ ਦਿੱਤਾ ਗਿਆ। ਦੇਸ਼ ਦੀਆਂ ਸੂਬਾ ਸਰਕਾਰਾਂ ਦੇ ਅਧਿਕਾਰ ਸੀਮਤ ਕਰ ਦਿੱਤੇ ਗਏ ਹਨ। ਦੇਸ਼ ਦੇ ਸੰਘੀ ਢਾਂਚੇ ਨੂੰ ਵੱਡੀ ਸੱਟ ਮਾਰੀ ਜਾ ਰਹੀ ਹੈ। ਦੇਸ਼ ਦਾ ਲੋਕਤੰਤਰ ਖ਼ਤਰੇ ‘ਚ ਦਿੱਸਦਾ ਹੈ। ਤਾਂ ਫਿਰ ਵੀ ਵਿਰੋਧੀ ਧਿਰ ਦੇਸ਼ ‘ਚ ਉਹਨਾ ਮੁੱਦਿਆਂ ਨੂੰ ਹੋਰ ਕਿਸੇ ਸਮੇਂ ਨਾ ਸਹੀ, ਇਸ ਚੋਣਾਂ ਦੇ ਸਮੇਂ ‘ਤੇ ਹੀ ਗੰਭੀਰਤਾ ਨਾਲ ਕਿਉਂ ਨਹੀਂ ਉਠਾ ਰਹੀ?

          ਭ੍ਰਿਸ਼ਟਾਚਾਰ ਦਾ ਮੁੱਦਾ ਹੀ ਦੇਸ਼ ਦਾ ਇੱਕੋ-ਇੱਕ ਮਸਲਾ ਨਹੀਂ ਹੈ। ਦੇਸ਼ ਦੇ ਵੱਡੇ ਮੁੱਦੇ ਹਨ। ਦੇਸ਼ ਦੇ ਵਿੱਚ ਲੋਕਤੰਤਰ ਦੀ ਰਾਖੀ ਮੁੱਖ ਮੁੱਦਾ ਹੈ। ਸੰਵਿਧਾਨ ਨੂੰ ਤਰੋੜਨ-ਮਰੋੜਨ ਦਾ ਯਤਨ ਹੋ ਰਿਹਾ ਹੈ। ਦੇਸ਼ ਦੇ ਕੁਦਰਤੀ ਸੋਮਿਆਂ ਦੀ ਧੰਨ-ਕੁਬੇਰਾਂ ਵਲੋਂ ਲੁੱਟ-ਖਸੁੱਟ ਤੋਂ ਰਾਖੀ ਮੁੱਦਾ ਹੈ। ਦੇਸ਼ ਦੀ ਸੀ.ਬੀ.ਆਈ., ਈ.ਡੀ., ਭਾਰਤੀ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਦੀ ਖੁਦਮੁਖਤਾਰੀ ਬਣਾਈ ਰੱਖਣਾ ਵਿਸ਼ੇਸ਼ ਮੁੱਦਾ ਹੈ। ਦੇਸ਼ ਦੇ ਵੰਨ-ਸੁਵੰਨੇ ਸਭਿਆਚਾਰਾਂ, ਬੋਲੀਆਂ ਦੀ ਰਾਖੀ ਦਾ ਮੁੱਦਾ ਵੀ ਤਾਂ ਦੇਸ਼ ਅੱਗੇ ਮੂੰਹ ਅੱਡੀ ਖੜਾ ਹੈ।

          ਦੇਸ਼ ਧਰਮ ਨਿਰਪੱਖ ਰਹੇ। ਹਰ ਧਰਮ, ਹਰ ਸਭਿਆਚਾਰ, ਹਰ ਬੋਲੀ ਇਥੇ ਵਧੇ ਫੁੱਲੇ। ਹਰ ਖਿੱਤੇ ਦੇ ਲੋਕ ਇਥੇ ਸੁਰੱਖਿਆਤ ਮਹਿਸੂਸ ਕਰਨ। ਦੇਸ਼ ਦਾ ਕੋਈ ਵੀ ਹਿੱਸਾ ਇਹ ਮਹਿਸੂਸ  ਨਾ ਕਰੇ ਕਿ ਉਸ ਨਾਲ ਮਤਰੇਈ ਮਾਂ ਵਾਲਾ  ਸਲੂਕ ਹੋ ਰਿਹਾ ਹੈ। ਦੇਸ਼ ਦੀਆਂ ਘੱਟ ਗਿਣਤੀਆਂ ਆਪਣੇ ਆਪ ਨੂੰ ਦੋ ਨੰਬਰ ਦਾ ਸ਼ਹਿਰੀ ਨਾ ਸਮਝਣ। ਇਹ ਸਮੇਂ ਦੀ ਲੋੜ ਹੈ।

          ਪਰ ਜਾਪਦਾ ਹੈ ਦੇਸ਼ ਦਾ ਸਿਆਸਤਦਾਨ ਲੋਕ ਮੁੱਦੇ ਭੁਲਾ ਬੈਠਾ ਹੈ। ਉਸਨੂੰ ਆਪਣੀ ਚਾਰ ਟੰਗੀ ਕੁਰਸੀ ਤੋਂ ਬਿਨ੍ਹਾਂ ਹੋਰ ਕੁਝ ਵਿਖਾਈ ਨਹੀਂ ਦਿੰਦਾ, ਜਿਸ ਨੂੰ ਪ੍ਰਾਪਤ ਕਰਨ ਲਈ ਉਹ ਕਿਸੇ ਵੇਲੇ ਵੀ, ਕੁਝ ਵੀ, ਕਰ ਸਕਦਾ ਹੈ। ਉਹ ਸਿਆਸੀ ਪਾਰਟੀ ਬਦਲ ਸਕਦਾ ਹੈ। ਉਹ ਆਪਣੀ ਬੋਲੀ ਲਗਵਾ ਸਕਦਾ ਹੈ। ਉਹ ਆਪਣੇ ਅਸੂਲ ਤਿਆਗ ਸਕਦਾ ਹੈ। ਮੌਜੂਦਾ ਹਾਕਮਾਂ ਨੇ ਪਿਛਲੇ ਸਾਲਾਂ ‘ਚ ਵਿਰੋਧੀ ਪਾਰਟੀਆਂ ਦੀਆਂ ਅਨੇਕਾਂ ਸਰਕਾਰਾਂ ਵੀ ਤੋੜੀਆਂ ਅਤੇ ਅਨੇਕਾ ਪਾਰਟੀਆਂ ਨੂੰ ਦੋਫਾੜ ਕੀਤਾ। ਜਿਸ ਵਿੱਚ ਕਰੋੜਾਂ-ਅਰਬਾਂ ਰੁਪਏ ਦਾ ਖੇਲਾ ਖੇਲਿਆ ਗਿਆ।

          ਸਾਲ 2019 ਦੇ ਭਾਜਪਾ ਦੇ ਚੋਣ ਮੈਨੀਫੈਸਟੋ ਤੇ ਇੱਕ ਝਾਤ ਮਾਰੋ। ਉਹ ਦੇ ਸੰਕਲਪ ਪੱਤਰ ‘ਚ ਦੇਸ਼ ਵਿਚੋਂ ਗਰੀਬੀ 10 ਫੀਸਦੀ ਘਟਾਉਣ ਦੀ ਗੱਲ ਕੀਤੀ ਗਈ। ਉਸਨੇ 75 ਆਜ਼ਾਦੀ ਦੇ 75 ਸਾਲਾਂ ਲਈ 75 ਵਾਇਦੇ ਕੀਤੇ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਇਦਾ ਮੁੱਖ ਸੀ। ਹਰ ਘਰ ਬਿਜਲੀ, ਹਰ ਘਰ ਵਿੱਚ ਸ਼ੌਚਾਲਿਆ, ਹਰ ਪਰਿਵਾਰ ਲਈ ਪੱਕਾ  ਮਕਾਨ ਆਦਿ ਮੁੱਖ ਸਨ। ਕਿੰਨੇ ਵਾਇਦੇ ਇਹਨਾ ਪੰਜ ਸਾਲਾਂ ‘ਚ ਪੂਰੇ ਹੋਏ?

          ਕਾਂਗਰਸ ਨੇ ਗਰੀਬੀ ਉਤੇ ਵਾਰ ਕਰਨ ਦਾ ਵਾਇਦਾ ਕੀਤਾ ਤੇ ਲੋਕਾਂ ਦੀ ਸਲਾਨਾ ਆਮਦਨ 72000 ਰੁਪਏ ਕਰਨ ਦਾ ਵਚਨ ਦਿੱਤਾ। ਹਰ ਸਾਲ 22 ਲੱਖ ਸਰਕਾਰੀ ਨੌਕਰੀਆਂ, 10 ਲੱਖ ਨੌਜਵਾਨਾਂ ਨੂੰ ਸਥਾਨਕ ਸਰਕਾਰਾਂ ‘ਚ ਨੌਕਰੀਆਂ ਦਾ ਵਾਇਦਾ ਕੀਤਾ। ਸਿਹਤ, ਸਿੱਖਿਆ ਸੁਧਾਰ ਦੀ ਗੱਲ ਵੀ ਕੀਤੀ। ਭਾਵ ਸਿੱਧਾ ਇਹ ਕਿ ਭਾਰਤ ਦੇਸ਼ ‘ਚ ਗਰੀਬੀ ਦੀ ਸਮੱਸਿਆ ਨੂੰ ਮੁੱਖ ਮੰਨਿਆ। ਬੇਰੁਜ਼ਗਾਰੀ ਨੂੰ ਮੁੱਖ ਮੰਨਿਆ।

          ਆਪਣੇ ਕਾਰਜ ‘ਚ ਗਰੀਬੀ ਹਟਾਓ ਦਾ ਨਾਹਰਾ ਕਾਂਗਰਸ ਦਾ ਮੁੱਖ ਨਾਹਰਾ ਰਿਹਾ। ਜਿਸਨੂੰ ਸਿਰਫ਼ ਵੋਟ ਪ੍ਰਾਪਤੀ ਦਾ ਇੱਕ ਸੰਦ ਕਾਂਗਰਸ ਵਲੋਂ ਮੰਨਿਆ ਜਾਂਦਾ ਰਿਹਾ।

          ਹੁਣ ਦੋਵੇਂ ਧਿਰਾਂ ਹਾਕਮ ਤੇ ਵਿਰੋਧੀ ਧਿਰਾਂ ਸਮੇਤ ਕਾਂਗਰਸ ਲੋਕਾਂ ਨੂੰ ਵਾਇਦਿਆਂ, ਵਚਨਾਂ ਤੋਂ ਅੱਗੇ “ਗਰੰਟੀਆਂ ” ਦੇਣ ਦੇ ਰਾਹ ਹਨ। ਲੋਕ ਸਵਾਲ ਪੁੱਛ ਰਹੇ ਹਨ ਕਿ ਕੀ ਇਹ ਗਰੰਟੀਆਂ, ਵਾਇਦੇ, ਵਚਨ, ਚੋਣ ਦਸਤਾਵੇਜ, ਕਾਨੂੰਨੀ ਦਸਤਾਵੇਜ ਬਣ ਸਕਦੇ ਹਨ? ਤਾਂ ਕਿ ਲੋਕ, ਨੇਤਾਵਾਂ ਨੂੰ, ਲੋਕ ਕਚਿਹਰੀ ‘ਚ ਖੜਿਆ ਕਰ ਸਕਣ, ਜੇਕਰ ਉਹ ਦਿੱਤੀਆਂ ਗਰੰਟੀਆਂ ਤੋਂ ਮੁੱਖ ਮੋੜਨ ਜਾਂ ਉਹਨਾ ਤੋਂ ਪਿੱਛੇ ਹੱਟਦੇ ਹਨ।

          ਪਰ ਜਾਪਦਾ ਹੈ ਦੇਸ਼ ਦਾ ਸਿਆਸਤਦਾਨ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਕੇ, ਰਾਜਸੀ ਕਲਾਬਾਜੀਆਂ ਨਾਲ ਇੱਕ ਵੇਰ ਫੇਰ ਲੋਕਾਂ ਦੇ ਅੱਖਾਂ ‘ਚ ਘੱਟਾ ਪਾਏਗਾ। ਚੋਣਾਂ ਦਾ ਇਹ ਮਹਾਂ ਕੁੰਭ, ਇਸ ਵੇਰ ਵੀ ਪੂਰੀ ਚਲਾਕੀ ਨਾਲ ਲੋਕਾਂ ਤੋਂ ਤਾਕਤ ਹਥਿਆਏਗਾ। ਬਾਤ ਲੋਕਾਂ ਦੀ ਪਾਏਗਾ, ਪਰ ਦੁਕਾਨ ਆਪਣੀ ਚਮਕਾਏਗਾ।

-ਗੁਰਮੀਤ ਸਿੰਘ ਪਲਾਹੀ
9815802070

ਲੋਕ ਸਭਾ ਚੋਣਾਂ-ਆਪਣਾ ਰਾਹ ਆਪ ਅਖ਼ਤਿਆਰ ਕਰਦਾ ਹੈ ਪੰਜਾਬ !

ਪੰਜਾਬ, ਲੋਕ ਸਭਾ ਚੋਣਾਂ ਵੇਲੇ ਆਪਣਾ ਰਾਹ ਆਪ ਉਲੀਕਦਾ ਹੈ, ਉਹ ਦੇਸ਼ ‘ਚ ਚੱਲੀ ਕਿਸੇ “ਵਿਅਕਤੀ ਵਿਸ਼ੇਸ਼” ਦੀ ਲਹਿਰ ਦਾ ਹਿੱਸਾ ਨਹੀਂ ਬਣਦਾ। ਉਹ ਧੱਕੇ ਧੌਂਸ ਵਿਰੁੱਧ ਹਿੱਕ ਡਾਹਕੇ ਖੜਦਾ ਹੈ, ਸੰਘਰਸ਼ ਕਰਦਾ ਹੈ। ਗੱਲ ਦੇਸ਼ ‘ਚ 1975 ‘ਚ ਲੱਗੀ ਐਮਰਜੈਂਸੀ ਵੇਲੇ ਦੀ ਕਰ ਲਈਏ ਜਾਂ 2014 ‘ਚ ਚੱਲੀ “ਮੋਦੀ ਲਹਿਰ” ਦੀ , ਪੰਜਾਬ ਆਪਣੀ ਚਾਲੇ ਚਲਦਾ ਰਿਹਾ ਅਤੇ ਸਪਸ਼ਟ ਨਤੀਜੇ ਦਿੰਦਾ ਰਿਹਾ।

ਦੇਸ਼ ‘ਚ  ਲੋਕ ਸਭਾ ਚੋਣਾਂ ਦਾ ਬਿਗਲ ਵੱਜ ਗਿਆ ਹੈ। 17 ਵੀਂ ਲੋਕ ਸਭਾ ਚੋਣਾਂ ‘ਚ 98 ਕਰੋੜ ਭਾਰਤੀ ਵੋਟਰ ਹਿੱਸਾ ਲੈਣਗੇ ਜੋ 7 ਪੜ੍ਹਾਵਾਂ ‘ਚ ਹੋ ਰਹੀ ਹੈ। 19 ਅਪ੍ਰੈਲ ਤੋਂ ਪਹਿਲਾ ਪੜ੍ਹਾਅ ਅਤੇ ਪਹਿਲੀ ਜੂਨ 2024 ਨੂੰ ਸੱਤਵੇ ਪੜ੍ਹਾਅ ‘ਚ ਵੱਖੋ-ਵੱਖਰੇ ਰਾਜਾਂ ‘ਚ ਚੋਣ ਹੋਏਗੀ। ਨਤੀਜੇ 4 ਜੂਨ 2024 ਨੂੰ ਨਿਕਲਣਗੇ। ਪੰਜਾਬ ਪਹਿਲੀ ਜੂਨ ਨੂੰ ਚੋਣਾਂ ‘ਚ ਹਿੱਸਾ ਲਵੇਗਾ। ਪੰਜਾਬ ਦੇ 2.12 ਕਰੋੜ ਵੋਟਰ ਹਨ। 2019 ਦੀਆਂ ਚੋਣਾਂ ਨਾਲੋਂ 8.96 ਲੱਖ ਵੋਟਰਾਂ ਦਾ 2024 ਦੀਆਂ ਚੋਣਾਂ ਲਈ ਵਾਧਾ ਹੋਇਆ ਹੈ। ਪੁਰਸ਼ 1.11 ਕਰੋੜ, ਔਰਤਾਂ 1.00 ਕਰੋੜ ਅਤੇ 744 ਟਰੈਜੈਂਡਰ ਹਨ।

ਪੰਜਾਬ ਦੇ 13 ਚੋਣ ਹਲਕਿਆਂ, ਪਟਿਆਲਾ, ਫਤਿਹਗੜ੍ਹ, ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਅਨੰਦਪੁਰ, ਲੁਧਿਆਣਾ, ਫਰੀਦਕੋਟ, ਫਿਰੋਜਪੁਰ,ਬਠਿੰਡਾ, ਸੰਗਰੂਰ ਵਿਚੋਂ 4 ਲੋਕ ਸਭਾ ਸੀਟਾਂ ਹੁਸ਼ਿਆਰਪੁਰ, ਜਲੰਧਰ, ਫਤਿਹਗੜ੍ਹ, ਫਰੀਦਕੋਟ ਅਨੁਸੂਚਿਤ  ਜਾਤੀਆਂ ਲਈ ਰਾਖਵੀਆਂ ਹਨ।

ਚਲਦੇ-ਚਲਦੇ ਮੋਦੀ ਦੌਰ ਦੇ ਪੰਜਾਬ ਦੇ ਲੋਕ ਸਭਾ ਚੋਣ ਨਤੀਜਿਆਂ ਉਤੇ ਝਾਤੀ ਮਾਰਦੇ ਹਾਂ। ਸਾਲ 2014 ‘ਚ ਜਦੋਂ ਦੇਸ਼ ਮੋਦੀ ਲਹਿਰ ‘ਚ ਗ੍ਰਸਿਆ ਪਿਆ ਸੀ, ਭਾਜਪਾ ਨੂੰ ਪੰਜਾਬ ਵਿਚੋਂ ਸਿਰਫ਼ ਦੋ ਸੀਟਾਂ ਪ੍ਰਾਪਤ ਹੋਈਆਂ, ਜਦਕਿ ਦੇਸ਼ ਭਰ ‘ਚ ਭਾਜਪਾ ਨੂੰ 282 ਸੀਟਾਂ ਆਈਆਂ ਸਨ। ਸਾਲ 2019 ਦਾ ਭਾਜਪਾ ਨੂੰ ਫਿਰ ਦੇਸ਼ ‘ਚ 303 ਸੀਟਾਂ ਮਿਲੀਆਂ ਪਰ ਪੰਜਾਬ ਵਿਚ ਉਹ ਸਿਰਫ਼ ਤਿੰਨ ਸੀਟਾਂ ਪ੍ਰਾਪਤ ਕਰ ਸਕੀ, ਉਹ ਵੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਗੱਠਜੋੜ ਕਾਰਨ।

ਇਹਨਾ ਦਸ ਸਾਲਾਂ ‘ਚ ਕੇਂਦਰ ‘ਚ ਭਾਜਪਾ ਕਾਬਜ ਰਹੀ, ਪਰ ਪੰਜਾਬ ‘ਚ ਪਹਿਲਾਂ, ਅਕਲੀ-ਭਾਜਪਾ, ਫਿਰ ਕਾਂਗਰਸ ਅਤੇ ਫਿਰ ਆਪ ਆਦਮੀ ਪਾਰਟੀ ਨੇ ਆਪਣੀਆਂ ਸੂਬਾ ਸਰਕਾਰਾਂ ਬਣਾਈਆਂ ਅਤੇ ਅਕਾਲੀ-ਭਾਜਪਾ ਗੱਠਜੋੜ ਦਾ ਜਿਵੇਂ ਸੂਬੇ ਪੰਜਾਬ ਵਿਚੋਂ ਸਫਾਇਆ ਹੀ ਕਰ ਦਿੱਤਾ। ਭਾਜਪਾ ਨੂੰ ਕਿਸਾਨ ਅੰਦੋਲਨ ਨੇ ਪੰਜਾਬ ‘ਚ ਵਧੇਰੇ ਪ੍ਰਭਾਵਤ ਕੀਤਾ।

ਪੰਜਾਬ ‘ਚੋਂ ਉਠੇ ਪਹਿਲੇ ਕਿਸਾਨ ਅੰਦਲਨ ਨੇ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਵਿੱਚ ਭਾਜਪਾ ਦੇ ਕੇਂਦਰਵਾਦ ਵਿਰੁੱਧ ਅਵਾਜ਼ ਉਠਾਈ। ਤਿੰਨ ਕਾਲੇ ਖੇਤੀ ਕਾਨੂੰਨ, ਉਸ ਪ੍ਰਧਾਨ ਮੰਤਰੀ ਕੋਲੋਂ ਰੱਦ ਕਰਵਾਏ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਉਹ ਕਿਸੇ ਅੱਗੇ ਝੁਕਦਾ ਨਹੀਂ ਅਤੇ ਮੋਦੀ ਹੈ ਤਾਂ ਮੁਮਕਿਨ’ ਹੈ। ਇਹ ਅੰਦੋਲਨ, ਜੋ ਕਿਸਾਨਾਂ, ਮਜ਼ਦੂਰਾਂ, ਬੁੱਧੀਜੀਵੀਆਂ, ਚੇਤੰਨ ਲੋਕਾਂ ਦਾ ਅੰਦੋਲਨ ਹੋ ਨਿਬੜਿਆ, ਨੇ ਪੰਜਾਬ ਵਿਚੋਂ ਇੱਕ ਇਹੋ ਜਿਹਾ ਸੰਦੇਸ਼ ਦਿੱਤਾ ਕਿ ਲੋਕਤੰਤਰੀ ਢਾਂਚੇ ਨੂੰ ਆਂਚ ਆਉਣ ਅਤੇ ਭਾਰਤੀ ਸੰਘਵਾਦ ਦੀ ਤਬਾਹੀ ਜਾਂ ਖ਼ਾਤਮੇ ਲਈ ਕਿਸੇ ਵੀ ਯਤਨ ਨੂੰ ਪੰਜਾਬ ਵਿੱਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ।

ਬਾਵਜੂਦ ਇਸ ਗੱਲ ਦੇ ਕਿ ਪੰਜਾਬ ਦੇ ਲੋਕਾਂ ਨੇ 1947 ਭੁਗਤੀ, ’84 ਦਾ ਸੰਤਾਪ ਪਿੰਡੇ ਹੰਢਾਇਆ, ਖਾੜਕੂਵਾਦ ਦੇ ਦੌਰ ‘ਚ ਵੱਡਾ ਨੁਕਸਾਨ ਉਠਾਇਆ ਪਰ ਪੰਜਾਬ ਦੇ ਲੋਕ, ਜਿਹਨਾ ਦੇ ਪੱਲੇ ਆਜ਼ਾਦੀ ਦੀ ਅਲਖ਼ ਉਹਨਾ ਦੇ ਪੂਰਬਜਾਂ ਨੇ ਜਗਾਈ ਹੋਈ ਸੀ, ਉਸ ਵਿਰਾਸਤ ਨੂੰ ਅੱਗੇ ਤੋਰਿਆ ਅਤੇ ਨਿਰੰਤਰ ਤੋਰਿਆ।

1975 ਦੀ ਐਮਰਜੈਂਸੀ ਦੇ ਵਰ੍ਹਿਆਂ ‘ਚ ਪੰਜਾਬ ਦੇ ਲੋਕਾਂ ਨੇ ਜੇਲ੍ਹਾਂਕੱਟੀਆਂ, ਉਹ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਨੀਤੀਆਂ ਦੇ ਵਿਰੁੱਧ ਲੜੇ, ਉਹ ਜੈਪ੍ਰਕਾਸ਼ ਨਰਾਇਣ ਦੀ ਅਗਵਾਈ ‘ਚ ਵਿਰੋਧੀ ਦਲਾਂ ਦੀ ਮੁਹਿੰਮ ‘ਚ ਉਹਨਾ ਨਾਲ ਨਿਭੇ। ਲਗਭਗ ਇਹਨਾ ਹੀ ਵਰ੍ਹਿਆਂ ‘ਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ, ਜੋ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕਰਦਾ ਸੀ। ਜਿਸਨੇ ਸਮੁੱਚੇ ਦੇਸ਼ ‘ਚ ਇੱਕ ਤਰ੍ਹਾਂ ਨਵੀਂ ਚਰਚਾ ਛੇੜੀ।

ਇਸੇ ਦੌਰ ‘ਚ ਦੱਖਣੀ ਭਾਰਤ ‘ਚ ਖੇਤਰੀ ਪਾਰਟੀਆਂ ਡੀਐਮਕੇ ਅਤੇ ਅੰਨਾਡੀਐਮਕੇ(ਤਾਮਿਲਨਾਡੂ) ਤੇਲਗੂ ਦੇਸ਼ਮ ਅਤੇ ਵਾਈ ਐਸ.ਆਰ. (ਆਂਧਰਾ ਪ੍ਰਦੇਸ਼) ਅਤੇ ਤਿਲੰਗਾਨਾ ‘ਚ ਟੀ.ਆਰ.ਐਸ ਵਰਗੀਆਂ ਪਾਰਟੀਆਂ ਨੇ ਸੂਬਿਆਂ ਲਈ ਵਧ ਅਧਿਕਾਰਾਂ ਦੀ ਮੰਗ ਕੀਤੀ। ਪਰ ਕਿਉਂਕਿ ਭਾਜਪਾ ਕਦੇ ਵੀ ਖੇਤਰੀ ਦਲਾਂ ਦੇ ਹੱਕ ‘ਚ ਨਹੀਂ ਰਹੀ। ਕਈ ਥਾਵੀਂ ਉਸ ਵੇਲੇ ਖੇਤਰੀ ਦਲਾਂ ਨਾਲ ਸਾਂਝ ਭਿਆਲੀ ਕਰਦਿਆਂ, ਉਹਨਾ ਦੀ ਹੋਂਦ ਮਿਟਾਉਣ ਦਾ ਯਤਨ ਕੀਤਾ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਾਂਝ ਪਾਕੇ, ਉਸਦਾ ਵੱਡਾ ਨੁਕਸਾਨ ਕੀਤਾ। ਜਨਤਾ ਪਾਰਟੀ, ਇਨੈਲੋ, ਭਾਜਪਾ ਅਤੇ ਜਨਤਾ ਦਲ(ਐਸ) ਨਾਲ ਕੁਝ ਸਮੇਂ ਦੀ ਸਾਂਝ ਭਿਆਲੀ, ਉਹਨਾ ਪਾਰਟੀਆਂ ਦੀ ਦੁਰਦਸ਼ਾ ਦਾ ਕਾਰਨ ਬਣੀ। ਮਹਾਂਰਾਸ਼ਟਰ , ਉਡੀਸਾ, ਆਂਧਰਾ ਪ੍ਰਦੇਸ਼, ਹਰਿਆਣਾ ਵਿੱਚ ਸਿਵਸੈਨਾ, ਐਸ.ਸੀ.ਪੀ. ਅਤੇ ਜਜਪਾ ਨਾਲ ਸਾਂਝ ਭਿਆਲੀ ਕਰਕੇ ਭਾਜਪਾ ਦਾ ਉਦੇਸ਼ ਉਹਨਾ ਨੂੰ ਖ਼ਤਮ ਕਰਨਾ ਸੀ। ਪਰ ਉਹ ਸਮਾਂ ਰਹਿੰਦਿਆਂ ਭਾਜਪਾ ਦੀ ਚਾਲ ਸਮਝ ਗਏ।

ਪੰਜਾਬ ਦੇ ਲੋਕ ਵੀ ਭਾਜਪਾ ਦੀਆਂ ਨੀਤੀਆਂ ਤੋਂ ਵਾਕਫ ਹੋਏ। ਉਸਦੇ ਕੇਂਦਰੀਵਾਦ, ਇੱਕ ਦੇਸ਼ ਇੱਕ ਬੋਲੀ, ਇੱਕ ਚੋਣ ਦੇ ਦੇਸ਼ ‘ਚ ਲਾਗੂ ਕਰਨ ਦੇ ਮੰਤਵ ਨੂੰ ਨਿਕਾਰਿਆ। ਧਾਰਮਿਕ ਕੱਟੜਤਾ ਦੇ ਉਸਦੇ ਅਜੰਡੇ ਨੂੰ ਪੰਜਾਬ ਨੇ ਕਦੇ ਪ੍ਰਵਾਨ ਨਹੀਂ ਕੀਤਾ ਅਤੇ ਪੰਜਾਬ ਨੇ ਭਾਜਪਾ ਨੂੰ ਕਦੇ ਵੀ ਤਰਜੀਹ ਨਹੀਂ ਦਿੱਤੀ, ਬਾਵਜੂਦ ਇਸ ਗੱਲ ਦੇ ਕਿ ਉਸ ਵਲੋਂ ਹੋਰ ਪਾਰਟੀਆਂ ਦੇ ਵੱਡੇ ਨੇਤਾਵਾਂ ਜਿਵੇਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਵਰਗੇ ਨੇਤਾਵਾਂ ਨੂੰ ਆਪਣੇ ਨਾਲ ਜੋੜ ਲਿਆ। ਭਾਜਪਾ ਦੇ ਕੇਂਦਰ ਸਰਕਾਰ ਦੇ  ਨਾਹਰੇ “ਡਬਲ ਇੰਜਣ” ਸਰਕਾਰ ਦੇ ਲਾਲੀਪਾਪ ਨੂੰ ਪੰਜਾਬ ਨੇ ਕਦੇ ਵੀ ਪ੍ਰਵਾਨ ਨਹੀਂ ਕੀਤਾ।

ਪੰਜਾਬ ਸਰਹੱਦੀ ਸੂਬਾ ਹੈ। ਇਸ ਸੂਬੇ ਨੇ ਆਪਣੇ ਸੀਨੇ ‘ਤੇ ਜੰਗਾਂ ਵੀ ਸਹੀਆਂ। ਖਾੜਕੂਵਾਦ ਦਾ ਸੰਤਾਪ ਵੀ ਹੰਢਾਇਆ। ਬੋਲੀ ‘ਤੇ ਅਧਾਰਤ “ਪੰਜਾਬੀ ਸੂਬਾ” ਪ੍ਰਾਪਤ ਕਰਨ ਲਈ ਲੰਮਾ ਸੰਘਰਸ਼ ਕੇਂਦਰੀ ਹਾਕਮਾਂ ਨਾਲ ਲੜਿਆ। ਆਪਣੀ ਮਾਂ ਬੋਲੀ ਪੰਜਾਬੀ ਨੂੰ ਕੇਂਦਰੀ ਹਾਕਮਾਂ ਵਲੋਂ ਦਰਕਿਨਾਰ ਕਰਨ ਤੇ ਕੋਝੀਆਂ ਚਾਲਾਂ ਚੱਲਣ ਵਿਰੁੱਧ ਅਵਾਜ਼ ਉਠਾਈ। ਪੰਜਾਬ ਦੇ ਪਾਣੀ ਖੋਹੇ ਜਾਣ ਵਿਰੁੱਧ ਸੀਨਾ ਤਾਣਕੇ ਪੰਜਾਬ ਦੇ ਲੋਕ ਖੜੇ ਹੋਏ।

ਕੇਂਦਰ ਦੇ ਹਾਕਮ, ਪੰਜਾਬ ਨੂੰ ਨਾ ਦਰਿਆਈ ਪਾਣੀਆਂ ਦੇ ਮਾਮਲੇ ‘ਤੇ ਇਨਸਾਫ਼ ਦੇ ਸਕੇ, ਨਾ ਪੰਜਾਬ ਨੂੰ ਇੱਕ ਸਨੱਅਤੀ ਸੂਬੇ ਵਜੋਂ ਜਾਂ ਵਪਾਰਕ ਕੇਂਦਰ ਵਜੋਂ ਉਭਰਨ ਦੇ ਮੌਕੇ ਉਸਨੇ ਦਿੱਤੇ। ਹਾਂ, ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਆਖਕੇ ਉਸਦੀਆਂ ਵਡਿਆਈਆਂ ਕਰਕੇ, ਇਥੋਂ ਐਨੀ ਕਣਕ ਤੇ ਚਾਵਲ ਪ੍ਰਾਪਤ ਕਰਦੇ ਰਹੇ ਕਿ ਅੱਜ ਪੰਜਾਬ, ਧਰਤੀ ਹੇਠਲੇ ਪਾਣੀ ਦੀ ਥੋੜ ਕਾਰਨ ਮਾਰੂਥਲ ਬਨਣ ਵੱਲ ਅੱਗੇ ਵਧ ਰਿਹਾ ਹੈ।

 ਕਿਉਂਕਿ ਕੇਂਦਰੀ ਹਾਕਮ ਪੰਜਾਬ ਨਾਲ ਦੁਪਰਿਆਰਾ ਸਲੂਕ ਕਰਦੇ ਰਹੇ, ਇਸੇ ਕਰਕੇ ਪੰਜਾਬ ਦੇ ਲੋਕਾਂ ਦੇ ਦਿਲਾਂ ‘ਚ ਰੋਹ ਉਪਜਦਾ ਰਿਹਾ ਹੈ। ਇਸੇ ਕਰਕੇ ਪੰਜਾਬ ਦੇ ਫ਼ੈਸਲੇ ਆਮ ਤੌਰ ‘ਤੇ ਰੋਹ ਭਰੇ ਪਰ ਵਿਵੇਕਪੂਰਨ, ਲੋਕ ਹਿਤੈਸ਼ੀ ਰਹੇ ਹਨ, ਕਿਉਂਕਿ ਪੰਜਾਬ, ਉੱਚ ਦੁਮਾਲੜੇ ਕਿਰਦਾਰ ਵਿਹਾਰ ਵਾਲੇ ਅਜਿਹੇ ਸਿਆਸਤਦਾਨਾਂ ਦੀ ਜਿਹੜੇ ਪੰਜਾਬ ਤੇ ਮੁਲਕ ਦੀ ਬਿਹਤਰੀ ਲਈ ਫੈਡਰਲ ਸਿਆਸਤ ਦੇ ਬਿਰਤਾਂਤ ਤੇ ਅਜੰਡੇ ਨੂੰ ਸਮਰਪਿਤ ਹੋਣ, ਨੂੰ ਤਰਜੀਹ ਦਿੰਦਾ ਰਿਹਾ ਹੈ।

ਪੰਜਾਬ ਜਾਗਰੂਕ ਹੈ, ਉਹ ਸਮੇਂ-ਸਮੇਂ ਉਹਨਾ ਸਿਆਸਤਦਾਨਾਂ ਨੂੰ ਸਜ਼ਾ ਦੇਣ ਲਈ ਜਾਣਿਆ ਜਾਂਦਾ ਹੈ, ਜਿਹੜੇ ਪੰਜਾਬ ਨੂੰ ਆਪਣੀ ਮਲਕੀਅਤ ਸਮਝਦੇ ਰਹੇ। ਅਕਾਲੀ ਦਲ ਜਿਹੜਾ ਪੰਜਾਬ ‘ਤੇ 25 ਸਾਲ ਰਾਜ ਕਰਨ ਦੀ ਗੱਲ ਕਰਦਾ ਰਿਹਾ, ਉਸ ਨੂੰ ਕਿਸਾਨਾਂ ਦੇ ਵਿਰੋਧ  ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨੂੰ ਸਹੀ ਢੰਗ ਨਾਲ ਨਾ ਨਿਪਟਾਉਣ ਕਾਰਨ ਸੱਤਾ ਤੋਂ ਹੱਥ ਧੋਣੇ ਪਏ।

ਦੋ ਸਾਲ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਆਪਣੇ ਸਿਰ ‘ਤੇ ਬਿਠਾਇਆ, ਉਸ ਵਲੋਂ ਕੀਤੀ ਇਕੋ ਗਲਤੀ ਨੇ ਰਾਜਭਾਗ ਦੇ 6 ਮਹੀਨਿਆਂ ਦੇ ਅੰਦਰ ਸੰਗਰੂਰ ਲੋਕ ਸਭਾ ਸੀਟਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਖਾਲੀ ਹੋਈ ਲੋਕ ਸਭਾ ਸੀਟ ਤੋਂ ਜਿਮਨੀ ਚੋਣ ਵੇਲੇ ਆਮ ਆਦਮੀ ਪਾਰਟੀ ਨੂੰ ਹਰਾ ਕੇ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ) ਨੂੰ ਇਹ ਸੀਟ ਜਿਤਾ ਦਿੱਤੀ।

ਅੱਜ ਜਦ ਭਾਜਪਾ ਆਪਣੇ ਮੂਲ ਅਜੰਡੇ ਨੂੰ ਅੱਗੇ ਵਧਾਉਣ ਲਈ ਲੋਕਾਂ ਨੂੰ ਪਾਰਟੀ ਲਈ 370 ਸੀਟਾਂ ਜਿਤਾਉਣ ਦੀ ਅਪੀਲ ਕਰ ਰਹੀ ਹੈ। ਉਸਦਾ ਅਜੰਡਾ ਸਿਰਫ ਹਿੰਦੂ ਰਾਸ਼ਟਰ ਆਯੋਧਿਆ, ਕਾਸ਼ੀ ਤੱਕ ਸੀਮਤ ਨਹੀਂ ਰਹੇਗਾ। ਹਿੰਦੂ ਮੰਦਰਾਂ ਦੇ ਕੋਲ ਹੋਰ ਵੀ ਮਸਜਿਦਾਂ ਨੂੰ ਲੈ ਕੇ ਵਿਵਾਦ ਹੋਣਗੇ। ਵੱਧ ਤੋਂ ਵੱਧ ਸੜਕਾਂ ਦੇ ਨਾਂਅ ਬਦਲੇ ਜਾਣਗੇ। ਗਿਆਰਾ ਮਾਰਚ 2024 ਨੂੰ ਨਾਗਰਿਕਤਾ ਸੋਧ ਕਾਨੂੰਨ 2019 ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਤਜ਼ਰਬੇ ਦੇ ਤੌਰ ‘ਤੇ ਉਤਰਾਖੰਡ ‘ਚ ਇਹ ਲਾਗੂ ਕਰ ਦਿੱਤਾ ਗਿਆ ਹੈ। ਇੱਕ ਰਾਸ਼ਟਰ, ਇੱਕ ਚੋਣ ਦਾ ਕਾਨੂੰਨ ਵੀ ਸੰਸਦ ‘ਚ ਪਾਸ ਕਰ ਦਿੱਤਾ ਜਾਏਗਾ। ਇਸ ਨਾਲ ਸੰਘਵਾਦ ਅਤੇ ਲੋਕਤੰਤਰ ਹੋਰ ਵੀ ਕਮਜ਼ੋਰ ਹੋ ਜਾਏਗਾ। ਅਤੇ ਭਾਰਤ ਸਰਕਾਰ ਰਾਸ਼ਟਰਪਤੀ ਪ੍ਰਣਾਲੀ ਦੇ ਨਜ਼ਦੀਕ ਪੁੱਜ ਜਾਏਗਾ। ਜਿਸ ਵਿੱਚ ਸਾਰੀਆਂ ਸ਼ਕਤੀਆਂ ਇੱਕ ਹੀ ਵਿਅਕਤੀ ਉਤੇ ਕੇਂਦਰਤਿ ਹੋ ਜਾਣਗੀਆਂ।

ਤਦ ਪੰਜਾਬ ਸਦਾ ਇਹੋ ਜਿਹੀਆਂ ਨੀਤੀਆਂ ਦੇ ਵਿਰੋਧ ‘ਚ ਖੜਾ ਹੈ। ਪੰਜਾਬ ਸਦਾ ਸਾਂਝੀਵਾਲਤਾ, ਭਰਾਤਰੀ ਭਾਵ ਦਾ ਮੁਦੱਈ ਰਿਹਾ ਹੈ। ਕਹਿਣੀ ਤੋਂ ਹੀ ਨਹੀਂ ਕਰਨੀ ‘ਤੇ ਉਸਦਾ ਇਸੇ ‘ਚ ਵਿਚਾਰਧਾਰਾ ‘ਤੇ ਵਿਸ਼ਵਾਸ਼ ਹੈ। ਇਸੇ ਕਰਕੇ ਪੰਜਾਬ ‘ਚ ਵਿਰੋਧ ਦੀ ਸੁਰ ਹਾਕਮ ਧਿਰਾਂ ਵਿਰੁੱਧ ਭਾਰੂ ਰਹਿੰਦੀ ਹੈ।

ਬਿਨ੍ਹਾਂ ਸ਼ੱਕ, ਦੇਸ਼ ਇਸ ਵੇਲੇ ਮੋਦੀ ਸਰਕਾਰ ਦੇ ਪ੍ਰਚਾਰ ‘ਚ ਗ੍ਰਸਿਆ ਨਜ਼ਰ ਆਉਂਦਾ ਹੈ। ਇਹ ਇੱਕ ਅਸਲੀਅਤ ਹੈ ਕਿ ਦੇਸ਼ ਦੇ ਬਹੁ-ਗਿਣਤੀ ਭਾਈਚਾਰੇ ਦੇ ਲੋਕ ਕੇਂਦਰਵਾਦ ਦਾ ਸਵਾਗਤ ਕਰਨਗੇ, ਕਿਉਂਕਿ ਸੱਚੇ ਲੋਕਤੰਤਰਿਕ ਮੁਲ ਹੁਣ ਤੱਕ ਸਾਂਝੇ ਪਰਿਵਾਰਕ, ਸਮਾਜਿਕ ਜਾਂ ਰਾਜਨੀਤਕ ਢਾਂਚੇ ਦਾ ਪੂਰੀ ਤਰ੍ਹਾਂ ਨਿਰੀਖਣ ਨਹੀਂ  ਕਰ ਸਕੇ। ਇਸੇ ਲਈ ਵਿਕਾਸ ਦੇ ਨਾਅ ਉਤੇ ਅਮੀਰ ਨੂੰ ਜਿਆਦਾ ਅਮੀਰ ਹੁੰਦਿਆਂ ਲੋਕ ਪ੍ਰਵਾਨ ਕਰਨਗੇ ਅਤੇ ਹੇਠਲੇ ਪੰਜਾਹ ਫ਼ੀਸਦੀ  ਲੋਕ ਕੁਲ ਜਾਇਦਾਦ ਦੇ ਤਿੰਨ ਫ਼ੀਸਦੀ ਹਿੱਸੇ ਅਤੇ ਰਾਸ਼ਟਰੀ ਆਮਦਨ ਦੇ 13 ਫ਼ੀਸਦੀ ਹਿੱਸੇ ‘ਚ ਸੰਤੁਸ਼ਟ ਹੋਣ ਲਈ ਮਜ਼ਬੂਰ ਹੋਣਗੇ। ਇਸ ਨਾਲ ਸਮਾਜਿਕ , ਸੰਸਕ੍ਰਿਤਿਕ ਗੁਲਾਮੀ ਅਤੇ ਪੀੜਾ ਜਾਰੀ ਰਹੇਗੀ ਅਤੇ ਆਰਥਿਕ ਮੰਦਹਾਲੀ ਤੇ ਗਰੀਬੀ ਹੋਰ ਵਧੇਗੀ। ਇਹੋ ਜਿਹੀ ਸਥਿਤੀ ਕਾਲਪਨਿਕ ਨਹੀਂ ਹੈ। ਦੇਸ਼ ‘ਚ ਇੱਕ ਗੰਭੀਰ ਸੰਕਟ ਸਥਿਤੀ ਹੈ।

ਪੰਜਾਬ ਇਹੋ ਜਿਹੀਆਂ ਵੱਡੀਆਂ ਤੇ ਗੰਭੀਰ ਸਥਿਤੀਆਂ ਨੂੰ ਮੁਗਲ ਰਾਜ ਵੇਲੇ ਵੀ ਹੰਢਾਉਂਦਾ ਰਿਹਾ ਹੈ,ਅੰਗਰੇਜ਼ ਰਾਜ ਵੇਲੇ ਵੀ। ਇਸੇ ਕਰਕੇ ਪੰਜਾਬ ਦੇ ਪੀੜਤ ਲੋਕ ਲਗਾਤਾਰ  ਆਪਣੇ ਹੱਕਾਂ ਲਈ ਲੜਦੇ ਰਹੇ ਹਨ। ਸੰਘਰਸ਼ਾਂ ਤੋਂ ਸਿੱਖਦੇ ਰਹੇ ਹਨ। ਉਹ ਇਤਿਹਾਸ ਦੇ ਉਸ ਗੁਰ ਨੂੰ ਵੀ ਜਾਣਦੇ ਹਨ ਜੋ ਕਹਿੰਦਾ ਹੈ ਕਿ “ਆਜ਼ਾਦੀ ਅਤੇ ਵਿਕਾਸ ਯਕੀਨੀ ਬਨਾਉਣ ਲਈ ਸਮੇਂ-ਸਮੇਂ ਤੇ ਰਾਜ-ਭਾਗ ‘ਚ ਤਬਦੀਲੀ ਜ਼ਰੂਰੀ ਹੈ।” ਪੰਜਾਬ ਨੇ ਇਸ ਸੱਚਾਈ ਨੂੰ ਪੱਲੇ ਬੰਨ੍ਹਿਆ ਹੋਇਆ ਹੈ।

ਫੋਕੇ ਨਾਹਰਿਆਂ, ਭਰਮ ਭੁਲੇਖਿਆਂ ਵਾਲੇ ਇਸ ਸਿਆਸੀ ਰੋਲੇ-ਘਚੋਲੇ ‘ਚ ਭਾਰਤ ਦੀਆਂ ਚੋਣਾਂ ਉਤੇ ਦੁਨੀਆ ਦੀ ਨਜ਼ਰ ਹੈ। ਪੰਜਾਬ  ਇਸ ਚੋਣ ‘ਚ ਆਪਣੀਆਂ ਕਦਰਾਂ-ਕੀਮਤਾਂ ਅਨੁਸਾਰ  ਨਿਵੇਕਲੀ ਇਬਾਰਤ ਲਿਖੇਗਾ, ਇਹੋ ਹੀ ਪੰਜਾਬ ਤੋਂ ਆਸ ਹੈ। ਉਮੀਦ ਹੈ।

ਅੰਤਿਕਾ

ਪੰਜਾਬ ਦੀਆਂ 13 ਸੀਟਾਂ ‘ਆਪ’ ਵਾਲੇ ਵੀ ਇਕੱਲਿਆਂ ਲੜਨਗੇ ਅਤੇ ਕਾਂਗਰਸ ਵਾਲੇ ਵੀ ਭਾਵੇਂ ਕਿ ਦੋਵੇਂ ਮੋਦੀ ਦੀ ਭਾਜਪਾ ਵਿਰੁੱਧ ਇੰਡੀਆ ਗੱਠਜੋੜ ਦੇ ਮੈਂਬਰ ਹਨ। ਸ਼ਾਇਦ ਖੱਬੀਆਂ ਧਿਰਾਂ ਕਾਂਗਰਸ ਦਾ ਸਾਥ ਦੇਣ। ਬਸਪਾ ਇਕੱਲਿਆਂ ਚੋਣ ਲੜੇਗੀ।

ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਵੀ ਇਕੱਲਿਆਂ ਲੜਨ ਲਈ ਬਿਆਨ ਦੇ ਰਹੀ ਹੈ, ਭਾਵੇਂ ਕਿ ਸੰਭਾਵਨਾ ਇਹਨਾ ‘ਚ ਆਪਣੀ ਗੱਠਜੋੜ ਦੀ ਹੈ, ਜਿਸ ਵਿੱਚ ਮੌਜੂਦਾ ਕਿਸਾਨ ਅੰਦੋਲਨ ਅੜਿੱਕਾ ਬਣਿਆ ਹੈ।

ਜੋੜ-ਤੋੜ, ਆਇਆ ਰਾਮ, ਗਿਆ ਰਾਮ ਦੀ ਰਾਜਨੀਤੀ, ਪੰਜਾਬ ‘ਚ ਹਾਕਮ ਧਿਰ ਨੇ ਜਲੰਧਰ ਪਾਰਲੀਮੈਂਟ ਜਿਮਨੀ ਚੋਣ ਵੇਲੇ ਸੁਸ਼ੀਲ ਰਿੰਕੂ ਨੂੰ ਕਾਂਗਰਸ ਵਿਚੋਂ ਆਪਣੇ ਪਾਸਿਓਂ ਚੋਣ ਲੜਾਕੇ ਤੇ  ਹਰ ਸਰਕਾਰੀ ਹੀਲਾ-ਵਸੀਲਾ ਵਰਤਕੇ ਜਿੱਤਕੇ,ਕੀਤੀ ਸੀ ਲੋਕ ਸਭਾ ਚੋਣਾਂ ਦੀ ਮੁਹਿੰਮ ‘ਆਪ’ ਨੇ ਕਾਂਗਰਸ ਦੇ ਅਸੰਬਲੀ ‘ਚ ਉਸ ਨੇਤਾ, ਰਾਜਕੁਮਾਰ ਚੱਬੇਵਾਲ ਜਿਹੜਾ  ਕੁਝ ਦਿਨ ਪਹਿਲਾਂ ਹੋਏ ਅਸੰਬਲੀ ਇਜਲਾਸ ਵੇਲੇ ਗਲ ‘ਚ ਸੰਗਲ ਪਾਕੇ ‘ਆਪ’ ਦਾ ਜਲੂਸ ਕੱਢ ਰਿਹਾ ਸੀ, ਨੂੰ ਆਪਣੇ ਵਲੋਂ ਹੁਸ਼ਿਆਰਪੁਰ ਤੋਂ ਆਪਣਾ ਉਮੀਦਵਾਰ, ਆਇਆ ਰਾਮ, ਗਿਆ ਰਾਮ ਸਹਾਰਾ  ਲੈ ਕੇ 13-0 ਜਿੱਤ ਲਈ, ਸ਼ੁਰੂ ਕੀਤੀ ਹੈ।

 ਇਹੋ ਕੰਮ ਭਾਜਪਾ ਨੇ ਪੰਜਾਬ ‘ਚ ਕਾਂਗਰਸੀਆਂ ਨੂੰ ਉਧਰੋਂ ਪੁੱਟ ਕੇ ਕੀਤਾ ਸੀ ਤੇ ਆਪ ਵਾਲਿਆਂ ਅਸੰਬਲੀ ਚੋਣਾਂ ਵੇਲੇ ਵੀ ਇਹੋ ਜਿਹਾ ਕੁਝ ਕੀਤਾ ਸੀ।

ਇਹੋ ਜਿਹੇ ਹਾਲਾਤਾਂ ਦੇ ਮੱਦੇਨਜ਼ਰ, ਜਦੋਂ ਸਿਆਸਤਦਾਨਾਂ ਦਾ ਕੋਈ ਦੀਨ ਧਰਮ ਹੀ ਨਹੀਂ ਰਿਹਾ, ਉਹਨਾ  ਦੀ ਬੋਲੀ ਲੱਗ ਰਹੀ ਹੈ। ਪੰਜਾਬ ਮੁੜ ਫਿਰ ਆਪਣਾ ਵੱਖਰਾ ਰਾਹ ਅਖਤਿਆਰ ਕਰੇਗਾ ਅਤੇ ਉਹਨਾ ਸਿਆਸਤਦਾਨਾਂ, ਸਿਆਸੀ ਪਾਰਟੀਆਂ ਨੂੰ ਖੁੱਡੇ ਲਾਏਗਾ, ਜਿਹਨਾ ਲਈ ਅਸੂਲ,ਆਦਰਸ਼ ਤੇ ਲੋਕ ਹਿੱਤ ਕੁਝ ਵੀ ਮਾਇਨੇ ਨਹੀਂ ਰੱਖਦੇ। ਜਿਹਨਾ ਲਈ ਸਿਰਫ਼ ਜਿੱਤ ਹੀ ਅਹਿਮ ਹੈ।

-ਗੁਰਮੀਤ ਸਿੰਘ ਪਲਾਹੀ
9815802070

ਸਿਰਲੱਥ ਅਣਖੀ ਯੋਧਿਆਂ ਦੀ ਸ਼ਹੀਦੀ ਦਾਸਤਾਨ-ਸਾਕਾ ਨਨਕਾਣਾ ਸਾਹਿਬ 

ਸਿੱਖ ਧਰਮ ਦੀ ਨੀਹ ਕੁਰਬਾਨੀਆਂ ਤੇ ਰੱਖੀ ਗਈ ਹੈ। ਇਤਿਹਾਸ ਵਿੱਚ ਸਿੱਖਾਂ ਨੇ ਆਪਣੇ ਧਰਮ ਅਤੇ ਮਨੁੱਖਤਾ ਦੀ ਭਲਾਈ ਲਈ ਕੁਰਬਾਨੀਆਂ ਦਿੱਤੀਆਂ ਹਨ ਇਸ ਕੜੀ ਤਹਿਤ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਨੂੰ ਮਹੰਤ ਨਰਾਇਣ ਦਾਸ ਤੋਂ ਆਜ਼ਾਦ ਕਰਵਾਉਣ ਦਾ ਭਾਈ ਲਛਮਣ ਸਿੰਘ ਅਤੇ ਉਹਨਾਂ ਦੇ 130 ਸਾਥੀਆਂ ਨੇ ਸ਼ਹਾਦਤਾਂ ਪਾਈਆਂ ਅੰਗਰੇਜ਼ਾਂ ਦੇ ਰਾਜ ਪ੍ਰਬੰਧ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀ ਤੇ ਨਿਰਮਲੇ ਆਦਿ ਸੰਪਰਦਾਵਾਂ ਕਰਦੀਆਂ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧ ਮਹੰਤ ਨਰਾਇਣ ਦਾਸ ਕੋਲ ਸੀ ਜਿਸ ਨੇ ਗੁਰਦੁਆਰਾ ਸਾਹਿਬ ਵਿੱਚ ਬਦਮਾਸ਼ ਭਾਲੇ ਹੋਏ ਸਨ ਅਤੇ ਗੁਰਦੁਆਰਾ ਸਾਹਿਬ ਨੂੰ ਇਹ ਅੱਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ। ਮਹੰਤ ਦੇ ਬਦਮਾਸ਼ 24 ਘੰਟੇ ਸ਼ਰਾਬ ਅਤੇ ਗੋਸ਼ਤ ਦੀ ਵਰਤੋਂ ਕਰਦੇ ਸਨ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕੰਜਰੀਆਂ ਨਚਾਉਣੀਆਂ ਅਤੇ ਮੁਜਰੇ ਕੀਤੇ ਜਾਣ ਲੱਗੇ। ਇੱਥੇ ਹੀ ਬੱਸ ਨਹੀਂ ਮੱਥਾ ਟੇਕਣ ਆਉਂਦੀਆਂ ਬੀਬੀਆਂ ਦੀ ਬੇਇਜ਼ਤੀ ਕੀਤੀ ਜਾਣ ਲੱਗੀ। ਪੂਰਨਮਾਸ਼ੀ ਵਾਲੇ ਦਿਨ ਪਿੰਡ ਜੜਾਂਵਾਲਾ ਦੀਆਂ 6 ਔਰਤਾਂ ਨਾਲ ਬਲਾਤਕਾਰ ਕੀਤਾ ਗਿਆ। ਇਕ ਸ਼ਰਧਾਲੂ ਸਿੰਧੀ ਅਫਸਰ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈ 13 ਸਾਲਾਂ ਦੀ ਪੁੱਤਰੀ ਨੂੰ ਮਹੰਤ ਦੇ ਗੁੰਡਿਆਂ ਨੇ ਜ਼ਬਰਦਸਤੀ ਖੋ ਲਿਆ। ਇੰਨਾ ਘਟਨਾਵਾਂ ਅਤੇ ਗੁਰਦੁਆਰਾ ਸਾਹਿਬ ਦੀ ਹੋ ਰਹੀ ਬੇਅਦਬੀ ਨਾਲ ਸਿੱਖਾਂ ਵਿੱਚ ਭਾਰੀ ਰੋਸ ਸੀ ਜਿਸ ਲਈ ਪਿੰਡ ਧਾਰੋਵਾਲੀ ਦੇ ਭਾਈ ਲਛਮਣ ਸਿੰਘ, ਭਾਈ ਕਰਤਾਰ ਸਿੰਘ ਝੱਬਰ ਅਤੇ ਭਾਈ ਬੂਟਾ ਸਿੰਘ ਨੇ ਗੁਰਦੁਆਰਾ ਸਾਹਿਬ ਨੂੰ ਮਹੰਤ ਤੋਂ ਆਜ਼ਾਦ ਕਰਵਾਉਣ ਲਈ ਸ਼ਾਂਤਮਈ ਢੰਗ ਨਾਲ ਇਕੱਠ ਕਰਨ ਦਾ ਮਨ ਬਣਾਇਆ। ਇਸ ਤਹਿਤ ਪਿੰਡ ਪਿੰਡ ਜਾ ਕੇ ਸਿੱਖਾਂ ਨੂੰ ਲਾਮ ਬੰਦ ਕਰਨ ਦਾ ਨਿਰਨਾ ਕੀਤਾ ਗਿਆ ਭਾਈ ਲਛਮਣ ਸਿੰਘ ਅਤੇ ਉਹਨਾਂ ਦੇ ਭਤੀਜੇ ਭਾਈ ਈਸ਼ਰ ਸਿੰਘ ਨੇ ਇਸ ਮਕਸਦ ਨਾਲ ਪਿੰਡ ਪਿੰਡ ਜਾ ਕੇ ਸਿੱਖਾਂ ਨੂੰ ਪ੍ਰੇਰਤ ਕੀਤਾ 6 ਫਰਵਰੀ 1921 ਨੂੰ ਸਮੂਹ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਮਹੰਤ ਤੋਂ ਗੁਰਦੁਆਰਾ ਸਾਹਿਬ ਖਾਲੀ ਕਰਵਾਉਣ ਦਾ ਪ੍ਰਣ ਕੀਤਾ ਗਿਆ ਅਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤ ਤੋਂ ਮੁਕਤ ਕਰਵਾਉਣ ਲਈ ਭਾਈ ਕਰਤਾਰ ਸਿੰਘ ਝੱਬਰ ਭਾਈ ਲਛਮਣ ਸਿੰਘ, ਭਾਈ ਬੂਟਾ ਸਿੰਘ ਨੇ 20 ਫਰਵਰੀ ਦਾ ਦਿਨ ਨਿਸ਼ਚਿਤ ਕਰ ਲਿਆ ਉਧਰ ਮਹੰਤ ਨਰਾਇਣ ਦਾਸ ਨੂੰ ਵੀ ਪਤਾ ਲੱਗ ਗਿਆ ਜਿਸ ਨੇ ਅੰਗਰੇਜ਼ ਹਕੂਮਤ ਦੀ ਸ਼ਹਿ ਤੇ ਭਾਰੀ ਗੋਲਾ, ਬਰੂਦ, ਕਿਰਪਾਨਾਂ, ਲਾਠੀਆਂ ਮਿੱਟੀ ਦਾ ਤੇਲ ਇਕੱਠਾ ਕਰ ਲਿਆ ਅਤੇ ਵੱਡੀ ਤਾਦਾਦ ਵਿੱਚ ਹੋਰ ਗੁੰਡੇ ਵੀ ਮੰਗਵਾ ਲਏ। ਸਮੇਂ ਦੀ ਨਜਾਤ ਦੇਖਦਿਆਂ ਸਿੱਖ ਜਥੇਬੰਦੀਆਂ ਨੇ ਕੋਈ ਅਣਸਖਾਵੀ ਘਟਨਾ ਨਾ ਵਾਪਰ ਜਾਵੇ ਜਥੇ ਦਾ ਪ੍ਰੋਗਰਾਮ ਕੁਝ ਦਿਨਾਂ ਲਈ ਅੱਗੇ ਪਾ ਦਿੱਤਾ ਪਰ ਭਾਈ ਲਛਮਣ ਸਿੰਘ ਆਪਣੇ ਭਤੀਜੇ ਭਾਈ ਈਸ਼ਰ ਸਿੰਘ ਨਾਲ ਪਿੰਡ ਪਿੰਡ ਜਾ ਕੇ ਸਿੱਖਾਂ ਨੂੰ ਸ਼ਹੀਦੀ ਭਰਵਾਨੇ ਮੰਨ ਰਹੇ ਸਨ। ਮਿੱਥੇ ਹੋਏ ਦਿਨ ਅਤੇ ਸਮੇਂ ਅਨੁਸਾਰ ਭਾਈ ਲਛਮਣ ਸਿੰਘ ਨੇ ਜਥੇ ਨੂੰ ਧਾਰੋਵਾਲੀ ਤੋਂ ਚੱਲਣ ਲਈ ਅਰਦਾਸ ਕਰਕੇ ਹੁਕਮਨਾਮਾ ਲਿਆ 

”ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ,

ਹਉ ਤਿਸੁ ਪਹਿ ਆਪ ਵੇਚਾਈ।।

ਤਨ ਮਨ ਕਾਟਿ ਕਾਟਿ ਸਭੁ ਅਰਪੀ,

ਵਿਚਿ ਅਗਨੀ ਆਪੁ ਜਲਾਈ।।

ਜਦੋਂ ਨਿਜ਼ਾਮਪੁਰ ਦੇਵਾ ਸਿੰਘ ਵਿੱਚ ਜਾ ਕੇ ਹੁਕਮਨਾਮਾ ਲਿਆ ਗਿਆ ਤਾਂ ਦੁਬਾਰਾ ਇਹੋ ਵਾਕ ਨਿਕਲਿਆ। ਇਹ ਜਥਾ ਗੁਰਬਾਣੀ ਪੜਦਾ 21 ਫਰਵਰੀ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਾਂਤਮਈ ਢੰਗ ਨਾਲ ਜਦੋਂ ਦਾਖਲ ਹੋਇਆ ਤਾਂ ਮਹੰਤ ਨੇ ਬਾਹਰਲੇ ਦਰਵਾਜੇ ਬੰਦ ਕਰ ਦਿੱਤੇ ਅਤੇ ਜਥੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਬੈਠੇ ਸਿੰਘ ਅਤੇ ਗੁਰੂ ਸਾਹਿਬ ਦੀ ਬੀੜ ਨੂੰ ਵੀ ਗੋਲੀਆਂ ਲੱਗੀਆਂ। ਜਥੇ ਦੀ ਅਗਵਾਈ ਕਰ ਰਹੇ ਜਥੇਦਾਰ ਭਾਈ ਲਛਮਣ ਸਿੰਘ ਜੀ ਨੂੰ ਜੰਡ ਨਾਲ ਬੰਨ ਕੇ ਸਾੜਿਆ ਗਿਆ ਆਪਣੇ ਕਾਰਖਾਨੇ ਵਿੱਚ ਬੈਠੇ ਭਾਈ ਉੱਤਮ ਸਿੰਘ ਅਤੇ ਭਾਈ ਦਲੀਪ ਸਿੰਘ ਗੋਲੀਆਂ ਦੀ ਆਵਾਜ਼ ਸੁਣ ਕੇ ਭੱਜੇ ਆਏ ਅਤੇ ਬਦਮਾਸ਼ਾਂ ਨੇ ਉਹਨਾਂ ਨੂੰ ਵੀ ਭੱਖਦੀ ਭੱਠੀ ਵਿੱਚ ਸੁੱਟ ਦਿੱਤਾ। ਦੂਸਰੇ ਪਾਸੇ ਜਥਾ ਲੈ ਕੇ ਆ ਰਹੇ ਭਾਈ ਲਛਮਣ ਸਿੰਘ ਦੇ ਭਤੀਜੇ ਭਾਈ ਈਸ਼ਰ ਸਿੰਘ ਨੇ ਗੁਰਦੁਆਰਾ ਸਾਹਿਬ ਤੋਂ ਮੀਲ ਕੁ ਪਿੱਛੇ ਗੋਲੀਆਂ ਚੱਲਣ ਦੀ ਆਵਾਜ਼ ਸੁਣ ਲਈ ਜਿਸ ਨਾਲ ਉਹਨਾਂ ਅਤੇ ਭਾਈ ਨਰਾਇਣ ਸਿੰਘ ਨੇ ਜਥੇ ਵਿੱਚ ਹੋਈ ਹਿਲ ਜੁਲ ਨੂੰ ਦੇਖਦਿਆਂ ਸੋਟੀ ਨਾਲ ਲਕੀਰ ਮਾਰ ਕੇ ਕਿਹਾ ਕਿ ਖਾਲਸਾ ਜੀ ਜਿਨਾਂ ਨੇ ਗੁਰੂ ਨੂੰ ਸੀਸ ਭੇਂਟ ਕਰਨੇ ਹਨ ਉਹ ਲਕੀਰ ਟੱਪ ਕੇ ਆ ਜਾਓ ਅਤੇ ਵੱਡੀ ਗਿਣਤੀ ਵਿੱਚ ਆਏ ਸਾਥੀਆਂ ਨਾਲ ਗੁਰਦੁਆਰਾ ਸਾਹਿਬ ਵੱਲ ਦੌੜ ਲਗਾ ਲਈ ਅਤੇ ਪਵਿੱਤਰ ਧਰਮ ਅਸਥਾਨ ਵਿੱਚੋਂ ਅਧਰਮ ਨੂੰ ਕੱਢਣ ਹਿੱਤ ਖਿੜੇ ਮੱਥੇ ਧਰਮੀ ਗੁਰੂਆਂ ਦਾ ਅੱਖਾਂ ਸਾਹਮਣੇ ਧਿਆਨ ਧਰਦਿਆਂ ਹੋਇਆਂ ਇਹਨਾਂ ਸਿੰਘਾਂ ਨੇ ਜਾਨਾਂ ਕੁਰਬਾਨ ਕਰ ਦਿੱਤੀਆਂ। ਇਸ ਸ਼ਹੀਦੀ ਸਾਕੇ ਵਿੱਚ 86 ਸਿੰਘਾਂ ਜਿਨਾਂ ਵਿੱਚ ਪਿੰਡ ਧਾਰੋਵਾਲੀ ਦੇ ਭਾਈ ਲਛਮਣ ਸਿੰਘ, ਭਾਈ ਈਸ਼ਰ ਸਿੰਘ,  ਭਾਈ ਮੰਗਲ ਸਿੰਘ ਕਿਰਪਾਨ ਬਹਾਦਰ, ਭਾਈ ਸੁੰਦਰ ਸਿੰਘ, ਭਾਈ ਆਤਮਾ ਸਿੰਘ, ਭਾਈ ਈਸ਼ਰ ਸਿੰਘ ਦੂਸਰੇ, ਕੋਟਲਾ ਸੰਤਾ ਸਿੰਘ ਦੇ ਸ਼ਹੀਦ ਭਾਈ ਚਰਨ ਸਿੰਘ, ਬੁਰਜ ਚੱਕ 55 ਦੇ ਸ਼ਹੀਦ ਭਾਈ ਨਰਾਇਣ ਸਿੰਘ, ਭਾਈ ਦਿਆਲ ਸਿੰਘ, ਭਾਈ ਕਿਸ਼ਨ ਸਿੰਘ, ਬੰਡਾਲਾ ਚੱਕ 64 ਦੇ ਸ਼ਹੀਦ ਭਾਈ ਹਜ਼ਾਰਾ ਸਿੰਘ, ਭਾਈ ਵਰਿਆਮ ਸਿੰਘ, ਭਾਈ ਚੇਤ ਸਿੰਘ ਅਤੇ ਭਾਈ ਉਜਾਗਰ ਸਿੰਘ ਬੰਡਾਲਾ ਚੱਕ 71 ਦੇ ਸ਼ਹੀਦ ਭਾਈ ਸੰਮਾ ਸਿੰਘ, ਭਾਈ ਬਾਰਾ ਸਿੰਘ, ਭਾਈ ਈਸ਼ਰ ਸਿੰਘ ਅਤੇ ਭਾਈ ਧਰਮ ਸਿੰਘ ਨਿਜਾਮਪੁਰ ਦੇਵਾ ਸਿੰਘ ਵਾਲੇ ਦੇ ਸ਼ਹੀਦ ਭਾਈ ਟਹਿਲ ਸਿੰਘ, ਭਾਈ ਸਰੈਣ ਸਿੰਘ, ਭਾਈ ਬੱਗਾ ਸਿੰਘ, ਭਾਈ ਹਰਨਾਮ ਸਿੰਘ, ਭਾਈ ਦਲ ਸਿੰਘ, ਭਾਈ ਕੇਸਰ ਸਿੰਘ, ਭਾਈ ਭਗਵਾਨ ਸਿੰਘ, ਭਾਈ ਜਵਾਲਾ ਸਿੰਘ, ਭਾਈ ਖੁਸ਼ਹਾਲ ਸਿੰਘ, ਭਾਈ ਜਵੰਧ ਸਿੰਘ, ਭਾਈ ਪੰਜਾਬ ਸਿੰਘ, ਭਾਈ ਨਰਾਇਣ ਸਿੰਘ, ਭਾਈ ਰਾਮ ਸਿੰਘ, ਭਾਈ ਸੁੰਦਰ ਸਿੰਘ ਅਤੇ ਭਾਈ ਭਾਗ ਸਿੰਘ, ਨਿਜਾਮਪੁਰ ਮੂਲਾ ਸਿੰਘ ਦੇ ਸ਼ਹੀਦ ਭਾਈ ਸੇਵਾ ਸਿੰਘ, ਭਾਈ ਬੂੜ ਸਿੰਘ ਅਤੇ ਭਾਈ ਸਰੈਣ ਸਿੰਘ, ਨਿਜ਼ਾਮਪੁਰ ਚੇਲੇ ਵਾਲੇ ਦੇ ਸ਼ਹੀਦ ਭਾਈ ਗੁੱਜਰ ਸਿੰਘ, ਭਾਈ ਚੰਦਾ ਸਿੰਘ, ਭਾਈ ਗੰਗਾ ਸਿੰਘ ਅਤੇ ਭਾਈ ਵਰਿਆਮ ਸਿੰਘ, ਫਤਿਹਗੜ੍ਹ ਸ਼ੁਕਰ ਚੱਕੀਆ ਦੇ ਸ਼ਹੀਦ ਭਾਈ ਸੰਤਾ ਸਿੰਘ, ਬੋਹੜੂ ਚੱਕ 18 ਦੇ ਸ਼ਹੀਦ ਭਾਈ ਈਸ਼ਰ ਸਿੰਘ ਗ੍ਰੰਥੀ, ਭਾਈ ਗੋਪਾਲ ਸਿੰਘ ਅਤੇ ਭਾਈ ਮੋਤਾ ਸਿੰਘ, ਥੋਥੀਆਂ ਚੱਕ 10 ਦੇ ਸ਼ਹੀਦ ਭਾਈ ਨੰਦ ਸਿੰਘ, ਭਾਈ ਹਰੀ ਸਿੰਘ, ਭਾਈ ਅਰੂੜ ਸਿੰਘ ਅਤੇ ਭਾਈ ਤੇਜਾ ਸਿੰਘ, ਕਰਤਾਰਪੁਰ ਜਿਲਾ ਜਲੰਧਰ ਦੇ ਸ਼ਹੀਦ ਭਾਈ ਬੇਲਾ ਸਿੰਘ, ਵੱਲਾ ਜਿਲਾ ਅੰਮ੍ਰਿਤਸਰ ਦੇ ਸ਼ਹੀਦ ਭਾਈ ਮੂਲਾ ਸਿੰਘ, ਡੱਲਾ ਨੰਗਲ ਦੇ ਸ਼ਹੀਦ ਭਾਈ ਲਛਮਣ ਸਿੰਘ ਜੀ ਗ੍ਰੰਥੀ, ਸ਼ਾਹਕੋਟ ਦੇ ਸ਼ਹੀਦ ਭਾਈ ਸੰਤਾ ਸਿੰਘ ਜਥੇਦਾਰ, ਭਾਈ ਹਰਨਾਮ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਇੰਦਰ ਸਿੰਘ ਅਤੇ ਭਾਈ ਗੁਲਾਬ ਸਿੰਘ ਪਿੰਡ ਜਰਗ ਦੇ ਸ਼ਹੀਦ ਭਾਈ ਕੇਹਰ ਸਿੰਘ ਅਤੇ ਉਹਨਾਂ ਦੇ 9 ਸਾਲਾ ਪੁੱਤਰ ਭਾਈ ਦਰਬਾਰਾ ਸਿੰਘ, ਭਸੀਨ ਜਿਲਾ ਲਾਹੌਰ ਦੇ ਸ਼ਹੀਦ ਭਾਈ ਗੰਡਾ ਸਿੰਘ, ਡੱਲਾ ਚੰਦਾ ਸਿੰਘ ਦੇ ਸ਼ਹੀਦ ਭਾਈ ਬਚਿੱਤਰ ਸਿੰਘ, ਵਨੋਟਿਆਂ ਵਾਲੀ ਦੇ ਸ਼ਹੀਦ ਭਾਈ ਕੇਸਰ ਸਿੰਘ, ਭਾਈ ਸੋਹਣ ਸਿੰਘ, ਭਾਈ ਵਰਿਆਮ ਸਿੰਘ ਅਤੇ ਭਾਈ ਹੀਰਾ ਸਿੰਘ, ਧਨੂਆਣਾ ਚੱਕ 91 ਦੇ ਸ਼ਹੀਦ ਭਾਈ ਸੁੰਦਰ ਸਿੰਘ ਜਥੇਦਾਰ, ਭਾਈ ਸੋਹਣ ਸਿੰਘ, ਭਾਈ ਹੁਕਮ ਸਿੰਘ, ਭਾਈ ਵਰਿਆਮ ਸਿੰਘ, ਭਾਈ ਦੀਵਾਨ ਸਿੰਘ, ਭਾਈ ਇੰਦਰ ਸਿੰਘ, ਭਾਈ ਦਸੋਂਧਾ ਸਿੰਘ, ਭਾਈ ਹਰੀ ਸਿੰਘ ਅਤੇ ਭਾਈ ਢੇਰਾ ਸਿੰਘ, ਮਾਣਕ ਘੁੰਮਣ ਜਿਲਾ ਜਲੰਧਰ ਦੇ ਸ਼ਹੀਦ ਭਾਈ ਠਾਕੁਰ ਸਿੰਘ, ਫਰਾਲਾ ਚੱਕ 258 ਦੇ ਸ਼ਹੀਦ ਭਾਈ ਬਚਿੰਤ ਸਿੰਘ ਅਤੇ ਭਾਈ ਕਨਈਆ ਸਿੰਘ, ਧਿਹਾੜੇ ਜ਼ਿਲਾ ਹੁਸ਼ਿਆਰਪੁਰ ਦੇ ਸ਼ਹੀਦ ਭਾਈ ਬੰਤਾ ਸਿੰਘ, ਕਰਤਾਰਪੁਰ ਜਿਲਾ ਸਿਆਲਕੋਟ ਦੇ ਸ਼ਹੀਦ ਭਾਈ ਬੁੱਧ ਸਿੰਘ, ਸਾਹੋਵਾਲ ਦੇ ਸ਼ਹੀਦ ਭਾਈ ਦਲੀਪ ਸਿੰਘ, ਟਿੱਬੀ ਜੈ ਸਿੰਘ ਵਾਲਾ ਜਿਲਾ ਮਿੰਟਗੁਮਰੀ ਦੇ ਸ਼ਹੀਦ ਭਾਈ ਵਰਿਆਮ ਸਿੰਘ, ਲਹੁਕੇ ਚੱਕ 75 ਦੇ ਸ਼ਹੀਦ ਭਾਈ ਨਰਾਇਣ ਸਿੰਘ, ਭਾਈ ਕਰਮ ਸਿੰਘ ਅਤੇ ਭਾਈ ਮਹਿੰਗਾ ਸਿੰਘ, ਲਾਇਲਪੁਰ ਦੇ ਸ਼ਹੀਦ ਭਾਈ ਜੀਵਨ ਸਿੰਘ ਪਰਉਪਕਾਰੀ, ਡਿੰਗਾ ਜਿਲਾ ਗੁਜਰਾਤ ਦੇ ਸ਼ਹੀਦ ਭਾਈ ਚਰਨ ਸਿੰਘ, ਸਬਾਜਪੁਰਾ ਜਿਲਾ ਅੰਮ੍ਰਿਤਸਰ ਦੇ ਸ਼ਹੀਦ ਭਾਈ ਜਗਤ ਸਿੰਘ ਵੱਲੋਂ ਸ਼ਹਾਦਤ ਦੀ ਮੰਜ਼ਿਲ ਉੱਤੇ ਦ੍ਰਿੜਤਾ ਨਾਲ ਰੱਖਿਆ ਗਿਆ ਇੱਕ ਕਦਮ ਵੀ ਪਿੱਛੇ ਨਾ ਹਟਾਉਂਦਿਆਂ ਸ਼ਹੀਦੀ ਜਾਮ ਪੀਤਾ। ਸਾਡਾ ਇਤਿਹਾਸ ਦੱਸਦਾ ਹੈ ਕਿ ਸਿੱਖੀ ਘਰਾਣਿਆਂ ਦੀ ਵਡਿਆਈ ਅਤੇ ਉਹਨਾਂ ਦਾ ਅਸਲੀ ਜੀਵਨ ਸ਼ਹਾਦਤ ਦੇ ਖੂਨ ਵਿੱਚ ਲੁਕਿਆ ਹੁੰਦਾ ਹੈ ਜਿਸ ਦੇ ਆਸਰੇ ਉਸ ਦੀਆਂ ਆਉਣ ਵਾਲੀਆਂ ਪੀੜੀਆਂ ਕੁਰਬਾਨੀ ਦੇ ਮੈਦਾਨ ਵਿੱਚ ਹਮੇਸ਼ਾ ਫਲਦੀਆਂ ਫੁਲਦੀਆਂ ਅਤੇ ਸਿੱਖੀ ਦੀ ਮਹਿਕ ਖਿਡਾਉਂਦੀਆਂ ਰਹਿੰਦੀਆਂ ਹਨ ਕਿਸੇ ਘਰਾਣੇ ਵਿੱਚ ਉਸ ਦੇ ਬਜ਼ੁਰਗ ਦੀ ਧਰਮ ਕੌਮ ਅਤੇ ਮੁਲਕ ਦੇ ਬਦਲੇ ਦਿੱਤੀ ਗਈ ਸ਼ਹਾਦਤ ਬੇ ਅਰਥ ਨਹੀਂ ਜਾਂਦੀ ਭਾਈ ਈਸ਼ਰ ਸਿੰਘ ਦੇ ਪੁੱਤਰਾਂ ਨੇ ਵੀ ਪੰਥ ਲਈ ਅਤੇ ਦੇਸ਼ ਦੀ ਆਜ਼ਾਦੀ ਦੇ ਕਈ ਜੇਲਾਂ ਕੱਟੀਆਂ।

ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਸ਼ਹੀਦ ਭਾਈ ਈਸ਼ਰ ਸਿੰਘ ਧਾਰੋਵਾਲੀ ਦੇ ਜੀਵਨ ਅਤੇ  ਪਰਿਵਾਰ:  ਪਿੰਡ ਧਾਰੋਵਾਲੀ ਦੇ ਭਾਈ ਗੁਲਾਬ ਸਿੰਘ ਦੇ ਛੇ ਪੁੱਤਰ ਭਾਈ ਨਰੰਗ ਸਿੰਘ, ਭਾਈ ਮੇਹਰ ਸਿੰਘ, ਭਾਈ ਚੇਤ ਸਿੰਘ, ਭਾਈ ਮੰਗਲ ਸਿੰਘ, ਭਾਈ ਬਹਾਦਰ ਸਿੰਘ ਅਤੇ ਭਾਈ ਸ਼ੇਰ ਸਿੰਘ ਸਨ ਇਹਨਾਂ ਵਿੱਚੋਂ ਭਾਈ ਮੇਹਰ ਸਿੰਘ ਦੇ ਚਾਰ ਪੁੱਤਰ ਹੋਏ ਜਿਨਾਂ ਵਿੱਚੋਂ ਇੱਕ ਪੁੱਤਰ ਸ਼ਹੀਦ ਭਾਈ ਲਛਮਣ ਸਿੰਘ ਸਨ ਜਿਨਾਂ ਦਾ ਜਨਮ 16 ਭਾਦੋਂ 1885 ਈਸਵੀ ਨੂੰ ਹੋਇਆ ਅਤੇ ਸ਼ਾਦੀ 7 ਹਾੜ 1901 ਇਸਵੀ ਨੂੰ ਬੰਡਾਲਾ ਚੱਕ 64 ਦੇ ਬੁੱਧ ਸਿੰਘ ਦੀ ਪੁੱਤਰੀ ਬੀਬੀ ਇੰਦਰ ਕੌਰ ਨਾਲ ਹੋਈ ਆਪ ਦੇ ਘਰ ਪਰਮਾਤਮਾ ਨੇ ਇੱਕ ਭੁਝੰਗੀ (ਹਰਬੰਸ ਸਿੰਘ) ਦੀ ਦਾਤ ਬਖਸ਼ੀ ਜੋ 8 ਮਹੀਨੇ ਦਾ ਹੋ ਕੇ ਗੁਜਰ ਗਿਆ ਅਤੇ ਮੁੜ ਸੰਤਾਨ ਨਾ ਹੋਈ। ਆਜ਼ਾਦੀ ਉਪਰੰਤ ਬੀਬੀ ਇੰਦਰ ਕੌਰ ਜੀ ਅਤੇ ਸ਼ਹੀਦ ਭਾਈ ਲਛਮਣ ਸਿੰਘ ਦੇ ਭਰਾ ਉਧਮ ਸਿੰਘ ਹਾਕਮ ਸਿੰਘ ਅਤੇ ਮੂਲਾ ਸਿੰਘ ਪਿੰਡ ਗੋਧਰਪੁਰ ਜਿਲਾ ਗੁਰਦਾਸਪੁਰ ਵਿੱਚ ਆ ਗਏ। ਸ਼ਹੀਦ ਭਾਈ ਲਛਮਣ ਸਿੰਘ ਜੀ ਦੇ ਧਰਮ ਪਤਨੀ ਬੀਬੀ ਇੰਦਰ ਕੌਰ ਜੀ 1959 ਵਿੱਚ ਸੁਰਗਵਾਸ ਹੋ ਗਏ। ਭਾਈ ਗੁਲਾਬ ਸਿੰਘ ਦੇ ਵੱਡੇ ਪੁੱਤਰ ਨਰੰਗ ਸਿੰਘ ਦੇ ਦੋ ਪੁੱਤਰ ਗੁਰਦਿੱਤ ਸਿੰਘ (ਸਾਧ) ਅਤੇ ਹਰਦਿੱਤ ਸਿੰਘ ਹੋਏ ਜਿਨਾਂ ਵਿੱਚ ਭਾਈ ਹਰਦਿੱਤ ਸਿੰਘ ਅਤੇ ਉਹਨਾਂ ਦੇ ਪਤਨੀ ਮਾਤਾ ਪ੍ਰੇਮ ਕੌਰ ਦੇ ਘਰ ਤਿੰਨ ਪੁੱਤਰ ਹੋਏ ਜਿਨਾਂ ਵਿੱਚ ਠਾਕੁਰ ਸਿੰਘ, ਕਰਮ ਸਿੰਘ ਅਤੇ ਤੀਸਰੇ ਪੁੱਤਰ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਈਸ਼ਰ ਸਿੰਘ ਸਨ ਆਪ ਦਾ ਜਨਮ 1870 ਈਸਵੀ ਨੂੰ ਹੋਇਆ ਅਤੇ 15 ਫੱਗਣ 1885 ਈਸਵੀ ਵਿੱਚ ਆਪ ਦੀ ਸ਼ਾਦੀ ਮਹੱਦੀਪੁਰ ਜਲੰਧਰ ਦੇ ਭਾਈ ਹਰਨਾਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਈ। ਜਿਸ ਉਪਰੰਤ ਦੋ ਲੜਕੀਆਂ ਬੀਬੀ ਕਰਤਾਰ ਕੌਰ ਬੀਬੀ ਪਾਰੋ ਅਤੇ ਚਾਰ ਪੁੱਤਰ ਭਾਈ ਮੇਜਾ ਸਿੰਘ, ਭਾਈ ਅਮਰੀਕ ਸਿੰਘ, ਭਾਈ ਚੰਨਣ ਸਿੰਘ ਅਤੇ ਭਾਈ ਸੁਹਾਵਾ ਸਿੰਘ ਸਿੰਘ ਹੋਏ। ਜਿਨਾਂ ਵਿੱਚੋਂ ਇੱਕ ਪੁੱਤਰ ਜਥੇਦਾਰ ਮੇਜਾ ਸਿੰਘ ਨੇ ਜੈਤੋ ਦੇ ਮੋਰਚੇ ਵਿੱਚ ਸ਼ਾਮਿਲ ਹੋਏ ਸਨ ਅਤੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਵੀ ਸਰਗਰਮ ਰਹੇ। ਦੂਸਰੇ ਪੁੱਤਰ ਜਥੇਦਾਰ ਅਮਰੀਕ ਸਿੰਘ ਜੋ ਆਜ਼ਾਦੀ ਘੁਲਾਟੀਏ ਸਨ ਅਤੇ ਜਿਨ੍ਹਾਂ ਨੇ 7 ਸਾਲ ਦੀ ਕੈਦ ਵੀ ਕੱਟੀ ਸੀ ਉਹ 1965 ਤੋਂ 69 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਗੁਰਦਾਸਪੁਰ ਦੇ ਜਥੇਦਾਰ ਵੀ ਰਹੇ। ਇਹ ਪਰਿਵਾਰ ਵੀ ਆਜ਼ਾਦੀ ਉਪਰੰਤ ਪਿੰਡ ਗੋਧਰਪੁਰ ਦੇ ਨਾਲ ਹੀ ਪਿੰਡ ਬੂਲੇਵਾਲ ਵਿੱਚ ਆ ਵਸਿਆ। ਆਓੁ 21 ਫਰਵਰੀ ਨੂੰ ਇਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਵਾਲੇ ਦਿਨ ਯਾਦ ਕਰਦੇ ਹੋਏ ਆਉਣ ਵਾਲੀ ਪੀੜੀ ਨੂੰ ਦੱਸੀਏ।

ਤੇਜ ਪ੍ਰਤਾਪ ਸਿੰਘ ਕਾਹਲੋਂ
ਪੜਦੋਹਤਾ
ਸ਼ਹੀਦ ਭਾਈ ਈਸ਼ਰ ਸਿੰਘ ਧਾਰੋਵਾਲੀ
ਸਤਕੋਹਾ (ਬਟਾਲਾ)
ਮੋਬਾਇਲ 8567890009

ਗਦਾਰੀ, ਸਾਜ਼ਿਸ਼ਾਂ, ਬੇਇਨਸਾਫ਼ੀ ਦੀ ਪੀੜ ਤੇ ਖਾਲਸਾ ਪੰਥ

ਇਕਬਾਲ ਸਿੰਘ ਲਾਲਪੁਰਾ

  ਜਦੋਂ ਵੀ ਕਿਸੇ ਮਨੁੱਖ ਨਾਲ ਬੇਇਨਸਾਫੀ ਹੁੰਦੀ ਹੈ ਤਾਂ ਉਸ ਦੀ ਮਾਨਸਿਕਤਾ ਪ੍ਰਭਾਵਿਤ ਹੁੰਦੀ ਹੈ, ਉਹ ਇੰਸਾਫ਼ ਲੱਭਣ ਲਈ ਸਰਕਾਰੇ ਦਰਬਾਰੇ ਪਹੁੰਚ ਕਰਦਾ ਹੈ, ਜੇਕਰ ਉਸਦੀ ਗੱਲ ਨਾ ਸੁਣੀ ਜਾਵੇ, ਉਸਦਾ ਹੱਕ ਤੇ ਇੰਸਾਫ ਨਾ ਮਿਲੇ, ਤਾਂ ਉਸ ਸੰਸਥਾ ਤੋਂ ਉਸ ਦਾ ਵਿਸ਼ਵਾਸ ਉਠ ਜਾਂਦਾ ਹੈ। ਅਜੇਹੀ ਮਨੋਦਸ਼ਾ ਵਿੱਚ, ਉਸ ਨੂੰ ਭਟਕਾਉਣਾ, ਮੋਕਾਪ੍ਰਸਤ ਤੇ ਵਿਰੋਧੀਆਂ ਲਈ, ਅਸਾਨ ਹੋ ਜਾਂਦਾ ਹੈ। ਲਗਾਤਾਰ ਹੁੰਦੀ ਇਹਨਾਂ ਬੇਇੰਸਾਫੀ ਤੇ ਜ਼ੁਲਮਾਂ ਦੀ ਚਰਚਾ ਵਿਅਕਤੀ ਨੂੰ ਕਾਨੂੰਨ ਤੋਂ ਬਾਗੀ ਜਾਂ ਮਾਨਸਿਕ ਰੂਪ ਵਿਚ ਬਿਮਾਰ ਬਣਾ ਦਿੰਦੀ ਹੈ। ਇਹ ਦੋਵੇਂ ਮਾਨਸਿਕਤਾ ਦੇ ਲੋਕ ਸਮਾਜ ਤੇ ਦੇਸ਼ ਦੇ ਵਿਕਾਸ ਲਈ ਘਾਤਕ ਹਨ। ਜੇਕਰ ਇਸ ਬੇਇਨਸਾਫ਼ੀ ਪਿੱਛੇ ਆਪਣਿਆਂ ਦੀ ਗਦਾਰੀ ਤੇ ਸਾਜ਼ਿਸ਼ਾਂ ਵੀ ਸ਼ਾਮਿਲ ਹੋਣ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। 

ਪੰਜਾਬ ਤੇ ਪੰਜਾਬੀ ਅੱਜ ਬਿਮਾਰ ਵੀ ਹਨ ਤੇ ਬਾਗ਼ੀ ਵੀ ਨਜ਼ਰ ਆਉਂਦੇ ਹਨ। ਇਨ੍ਹਾਂ ਦੋਹਾਂ ਸਥਿਤੀਆਂ ਦਾ ਲਾਭ, ਸਮਾਜ ਵਿਰੋਧੀ ਤੇ ਦੇਸ਼ ਵਿਰੋਧੀ ਲੋਕ ਉਠਾ ਰਹੇ ਹਨ। ਇਹ ਸਥਿਤੀ ਕਿਓਂ ਹੈ? ਇਸਦਾ ਹੱਲ ਕੀ ਹੈ? ਇੱਕ ਗੰਭੀਰ ਚਿੰਤਨ ਮੰਗਦਾ ਹੈ। ਕੋਣ ਸਾਜ਼ਸ਼ੀ ਹਨ ਤੇ ਕੋਣ ਗਦਾਰ ਇਸ ਬਾਰੇ ਵੀ ਪੜਚੋਲ ਕਰਨੀ ਬਣਦੀ ਹੈ।

ਇਸ ਸੰਵੇਦਨਸ਼ੀਲ ਵਿਸ਼ੇ `ਤੇ ਗੱਲ ਕਰਨ ਤੋਂ ਪਹਿਲਾਂ, ਸਿੱਖਾਂ ਦੇ ਇਤਿਹਾਸ ਤੇ ਫਲਸਫੇ ਤੇ ਪੰਛੀ ਝਾਤ ਮਾਰਨੀ ਚੰਗੀ ਰਹੇਗੀ। ਅੱਜ ਤੋਂ ਕਰੀਬ 550 ਸਾਲ ਪਹਿਲਾਂ, ਕਲਯੁਗ ਵਿਚ ਜਦੋਂ ਅਧਰਮ ਵਧ ਗਿਆ, ਤਾਂ ਅਕਾਲ ਪੁਰਖ ਆਪ ਨਾਨਕ ਰੂਪ ਵਿੱਚ ਅਵਤਾਰ ਧਾਰ ਸੰਸਾਰ ਵਿੱਚ ਆਏ ਤੇ ਦਸ ਅਵਤਾਰ ਧਾਰਨ ਕਰ, ਮਨੁੱਖਾਂ ਨੂੰ ਦੇਵਤੇ ਤੇ ਅਕਾਲ ਪੁਰਖ ਦੀ ਫ਼ੌਜ ਦੇ ਸਿਪਾਹੀ ਬਣਾ ਕੇ, 239 ਸਾਲ ਇਸ ਸੰਸਾਰ ਨੂੰ ਆਪਣੇ ਜੀਵਨ ਵਿਚ ਜੀਵੰਤ ਉਦਾਹਰਣਾਂ ਛੱਡ, ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਖ ਤੇ ਪੰਜ ਭੂਤਕ ਸ਼ਰੀਰ ਪੰਜ ਤੱਤਾਂ ਵਿੱਚ ਵਿਲੀਨ ਕਰ ਅਕਾਲ ਪੁਰਖ ਨਾਲ ਇੱਕ ਮਿਕ ਹੋ ਗਏ। ਸਿੱਖ ਕੌਮ ਲਈ ਤਿੰਨ ਮਾਰਗ ਦਸ ਗਏ, ਪੂਜਾ ਕੇਵਲ ਅਕਾਲ ਪੁਰਖ ਦੀ, ਗਿਆਨ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ, ਦਿਦਾਰ ਖਾਲਸਾ ਕਾ, ਕਿਉਂਕੀ ਗੁਰੂ ਪਿਤਾ ਦਾ ਬਚਨ ਹੈ, ‘ਅਕਾਲ ਪੁਰਖ ਕੀ ਮੂਰਿਤ ਏਹ। ਪ੍ਰਗਟਿਓ ਆਪ ਖਾਲਸਾ ਦੇਹ।` 

ਇਸ ਤਰ੍ਹਾਂ ਬੰਦੇ ਨੂੰ ਦੇਵਤੇ ਬਣਾਉਣ ਦੇ ਫਲਸਫੇ ਨੇ, ਸਮਾਜਿਕ ਬਰਾਬਰੀ, ਕਰਮ ਕਾਂਡ ਰਹਿਤ ਪ੍ਰਭੂ ਦੀ ਪੂਜਾ, ਅਣਖ ਤੇ ਆਨੰਦ ਵਾਲੇ ਜੀਵਨ ਦਾ ਰਾਹ ਦੱਸਿਆ। ਇਸ ਫਲਸਫੇ ਨੇ ਇੱਕ ਨਵੀਂ ਕ੍ਰਾਂਤੀ ਦੀ ਲਹਿਰ ਖੜੀ ਕਰ ਦਿੱਤੀ, ਸੱਚ ਦਾ ਚਾਨਣ ਹੋ ਗਿਆ, ਦੇਸ਼ ਦੀ ਗੁਲਾਮੀ ਤੋਂ ਮੁਕਤੀ ਦਾ ਰਾਹ ਸਪਸ਼ਟ ਹੋ ਗਿਆ ਤੇ ਜਾਤ-ਪਾਤ ਰਹਿਤ ਸਮਾਜ ਦੀ ਸਿਰਜਣਾ ਆਰੰਭ ਹੋ ਗਈ। ‘ਜਾਹਰ ਪੀਰੁ ਜਗਤੁ ਗੁਰ ਬਾਬਾ` ਸਭ ਦਾ ਸਾਂਝਾ ਹੈ।

ਇਹ ਜੀਵਨ ਕਰਮ ਕਾਂਡੀਆਂ, ਰਾਜੇ ਰਜਵਾੜਿਆਂ ਤੇ ਆਰਥਿਕ ਸ਼ੋਸ਼ਣ ਕਰਨ ਵਾਲਿਆਂ ਲਈ, ਇੱਕ ਵੱਡੀ ਚੁਨੌਤੀ ਸੀ, ਜਿਸ ਕਾਰਨ ਗੁਰੂ ਕਾਲ ਵਿਚ ਹੀ, ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਵਾਦ ਦਾ ਰਾਹ ਦੱਸਿਆ, ਪਰ ਪੰਚਮ ਪਾਤਿਸ਼ਾਹ ਦੀ ਸ਼ਹੀਦੀ ਤੋਂ ਬਾਅਦ, ਸ਼ਸ਼ਤਰ ਗਰੀਬ ਕੀ ਰੱਖਿਆ ਤੇ ਜਰਵਾਣੇ ਕੀ ਭਖਿਆ ਲਈ, ਧਾਰਨ ਕਰਨੇ ਵੀ ਜ਼ਰੂਰੀ ਹੋ ਗਏ ਤੇ ਦਸਮ ਪਿਤਾ ਨੇ ਤਾਂ  ਲੁਕਾਈ ਦੀ ਰਾਖੀ ਲਈ ਅਕਾਲ ਪੁਰਖ ਦੀ ਫੌਜ ਪ੍ਰਗਟ ਕਰ ਦਿੱਤੀ। 

ਬਾਬਾ ਬੰਦਾ ਸਿੰਘ ਬਹਾਦੁਰ ਜੀ ਤੋਂ ‘‘ਰਾਜ ਬਿਨਾ ਨਹਿ ਧਰਮ ਚਲੇ ਹੈ``, ਦੀ ਗੱਲ ਪ੍ਰਗਟ ਨੂੰ ਕਰਨ ਲਈ, ਸਾਂਝੇ ਤੇ ਕਲਿਆਣਕਾਰੀ ਰਾਜ ਦੀ ਸਥਾਪਨਾ ਦੀ ਪ੍ਰਕਿਰਯਾ ਆਰੰਭ ਹੋਈ। ਵਕਤ ਦੀ ਮਜ਼ਬੂਤ ਮੁਗ਼ਲ ਸਰਕਾਰ ਨੇ ਇਸ ਸੋਚ ਨੂੰ ਸਮਾਪਤ ਕਰਨ ਲਈ, ਸਾਮ-ਦਾਮ-ਦੰਡ ਭੇਦ ਦੀ ਨੀਤੀ ਵਰਤੀ। ਬਹਾਦੁਰ ਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦੁਰ ਤੋਂ ਡਰਦਿਆਂ ਗ਼ੈਰ ਮੁਸਲਮਾਨ ਅਹਿਲਕਾਰਾਂ ਨੂੰ ਦਾੜੀ ਕੇਸ ਕਟਵਾਉਣ ਦਾ ਫਰਮਾਨ ਜਾਰੀ ਕਰ ਦਿੱਤਾ। ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਹੀ ਕੁਝ ਪੰਥਕ ਗਦਾਰਾਂ ਦੇ ਕਿਰਦਾਰ ਬਾਰੇ ਚਰਚੇ ਆਰੰਭ ਹੋ ਗਏ, ਪਰ ਖਾਲਸਾ ਦੀ ਵੱਡੀ ਗਿਣਤੀ ਗੁਰੂ ਫਲਸਫੇ ਤੇ ਅੰਦੇਸ਼ਾ ਦੀ ਪਾਲਨਾ ਕਰਨ ਵਾਲੀ ਸੀ, ਇਸੇ ਕਾਰਨ 15 ਸਾਲ ਅੰਦਿਰ ਹੀ ਜੱਥਿਆਂ ਤੋਂ ਮਿਸਲਾਂ ਦੀ, ਮਜ਼ਬੂਤ ਸ਼ਕਤੀ ਬਣਦਿਆਂ ਦੇਰ ਨਹੀ ਲੱਗੀ। ਦੂਜੇ ਪਾਸੇ ਨਿਰਮਲੇ ਤੇ ਉਦਾਸੀ ਵੀ ਸਿੱਖੀ ਦੀ ਫੁਲਵਾੜੀ ਤਿਆਰ ਕਰਦੇ ਰਹੇ। ਹਰ ਪੰਜਾਬੀ ਇੱਕ ਪੁੱਤਰ ਸਰਦਾਰ ਬਣਾਉਂਦਾ ਸੀ, ਜੋ ਖਾਲਸਾ ਸਜ਼ ਮੈਦਾਨੇ ਜੰਗ ਵਿੱਚ ਵੈਰੀਆਂ ਦੇ ਛੱਕੇ ਛੁਡਾ ਦਿੰਦਾ ਸੀ।

ਕਸੂਰ ਦੀ ਫਤਿਹ ਤੋਂ ਬਾਅਦ ਪੈਸੇ ਦੀ ਵੰਡ ਦੇ ਝਗੜੇ ਨੇ, ਇਸ ਸ਼ਕਤੀ ਵਿਚ ਤਰੇੜ ਪਾ ਦਿੱਤੀ ਤੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਵੱਡੇ ਘੱਲੂਘਾਰਾ ਕਰਨ ਵੇਲੇ ਉਸ ਦੀ ਮੱਦਦ ਕਰਨ ਵਾਲੇ ਕੁਝ ਅਖੌਤੀ ਸਿੱਖ ਵੀ ਸਨ। ਸੁਲਤਾਨ ਉਲ ਕੌਮ ਬਾਬਾ ਆਲ਼ਾ ਸਿੰਘ ਵੱਲੋਂ ਕੌਮ ਨੂੰ ਇਕੱਠਾ ਰੱਖਣ ਦੇ ਉਪਰਾਲੇ ਵੀ ਸਾਰਥਿਕ ਨਹੀਂ ਹੋਏ। 1783ਈ. ਵਿੱਚ ਖਾਲਸਾ ਵੱਲੋਂ ਦਿੱਲੀ ਫਤਿਹ ਕਰਨ ਉਪਰੰਤ ਵੀ, ਆਪਸੀ ਤ੍ਰੇੜ ਕਾਰਨ ਦਿੱਲੀ ਤੇ ਪੱਕਾ ਕਬਜ਼ਾ ਨਹੀਂ ਰੱਖ ਸਕੇ। ਇਹ ਜਿੱਤ ਦੇਸ਼ ਵਿਚ ਨਿਆਂ ਕਾਰੀ ਖਾਲਸਾ ਰਾਜ ਸਥਾਪਿਤ ਕਰ ਸਕਦੀ ਸੀ।

ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੋਂ ਬਾਅਦ ਕੌਮ ਦਾ ਕੋਈ ਸਰਬ ਪ੍ਰਵਾਨਿਤ ਆਗੂ ਨਹੀ ਉੱਭਰਿਆ, ਨਾਂ ਹੀ ਦਰਬਾਰ ਸਾਹਿਬ ਦੀ ਮੁੜ ਉਸਾਰੀ ਸਮੇਤ, ਅਹਿਮਦ ਸ਼ਾਹ ਅਬਦਾਲੀ ਨੂੰ ਮੈਦਾਨੇ ਜੰਗ ਵਿਚ, ਭਾਜੜਾਂ ਪੁਆਉਂਦੇ ਚਟਾਨ ਵਾਂਗ ਖੜੇ ਉਸ ਦੇ ਸਾਥੀਆਂ ਦਾ ਇਤਿਹਾਸ ਕਿਸੇ ਨੇ ਕਲਮਬੰਦ ਕੀਤਾ ਜਾਂ ਪੜ੍ਹਾਈ ਦਾ ਹਿੱਸਾ ਬਣਿਆ।

ਅਗਲਾ ਕਾਲ ਮਹਾਰਾਜਾ ਰਣਜੀਤ ਸਿੰਘ ਦਾ ਆਉਂਦਾ ਹੈ 12 ਸਾਲ ਦੇ ਬਾਲਕ ਨੇ ਜਮਾਨ ਸ਼ਾਹ ਨੂੰ ਹਰਾ ਕੇ, ਅਪਣੀ ਸੈਨਿਕ ਕੁਸ਼ਲਤਾ ਤੇ ਬਹਾਦੁਰੀ ਦਾ ਨਮੂਨਾ ਪੇਸ਼ ਕਰਦਾ ਹੈ। 19 ਸਾਲ ਦੀ ਉਮਰ ਵਿੱਚ ਲਾਹੌਰ ਤੇ ਕਾਬਜ ਹੋ ਜਾਂਦਾ ਹੈ। ਨੌਜਵਾਨ ਮਹਾਰਾਜ ਹੁਣ ਦਿੱਲੀ ਫਤਹਿ ਕਰਨ ਦੀ ਸੋਚਦਾ ਹੈ, ਪਰ ਅੰਗਰੇਜ ਨੂੰ ਕਲਕੱਤੇ ਤੋਂ ਸੱਦਣ ਵਾਲੇ ਵੀ ਇਤਿਹਾਸ ਵਿੱਚ ਸਿੱਖ ਹੀ ਲੱਭਦੇ ਹਨ। ਮਹਾਰਾਜਾ ਰਣਜੀਤ ਸਿੰਘ, ਬੂੜੀਆ ਤੱਕ ਜਾ ਪੁੱਜਦਾ ਹੈ, ਹੁਣ ਦਿੱਲੀ ਦੂਰ ਨਹੀਂ ਸੀ। ਜਿੰਨਾ ਨਾਲ ਮਹਾਰਾਜ ਸਾਹਿਬ ਦਸਤਾਰ ਵਟਾ ਕੇ ਭਾਈ ਬਣਾਉਂਦਾ ਹੈ ਤੇ ਉਨਾਂ ਦੇ ਰਾਜ ਦੀ ਗਰੰਟੀ ਦਿੰਦਾ ਹੈ, ਉਹ ਆਪਣੇ ਭਾਈ ਦੇ ਬਰਾਬਰ ਬਹਿਣ ਨਾਲੋਂ, ਅੰਗਰੇਜ ਦੇ ਰਾਜਕੁਮਾਰ ਬਨਣਾ ਚੰਗਾਂ ਮਨੰਦੇ ਰਹੇ। ਪੰਜਾਹ ਸਾਲ ਦਾ ‘‘ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ`` ਅਤੇ ‘‘...ਸੀ ਯਾਰ ਫਿਰੰਗਿਆਂ ਦਾ`` ਵਾਲਾ ਰਾਜ ਗਦਾਰਾਂ ਨੇ ਅੰਗਰੇਜ ਦੇ ਹਵਾਲੇ ਕਰਵਾ ਦਿੱਤਾ।

ਅੰਗਰੇਜ ਨੇ 1849 ਈ. ਵਿੱਚ ਪਹਿਲਾਂ ਕੰਮ ਹੀ ਖਾਲਸਾ ਰਾਜ ਦੇ ਟੁਕੜੇ ਟੁਕੜੇ ਕਰ ਸਿੱਖ ਫਲਸਫੇ ਨੂੰ ਕੰਮਜੋਰ ਕਰਨ ਦਾ ਕੀਤਾ। ਮਹਾਰਾਜਾ ਦਲੀਪ ਸਿੰਘ ਤੇ ਹਰਨਾਮ ਸਿੰਘ ਆਹਲੂਵਾਲੀਆ ਇਸਾਈ ਬਣਾ ਲਏ ਗਏ। ਗੁਰਦੁਆਰਾ ਸਾਹਿਬਾਨ ਤੇ ਭ੍ਰਿਸ਼ਟਾਚਾਰੀ ਲੋਕਾਂ ਨੂੰ ਬਿਠਾ ਕਬਜ਼ਾ ਕਰ ਲਿਆ ਗਿਆ। ਸਿੱਖ ਧਰਮ ਦੇ ਫਲਸਫੇ ਦੀ ਗੱਲ ਕਰਨ ਵਾਲਾ ਸਜ਼ਾ ਪ੍ਰਪਾਤ ਕਰਦਾ ਸੀ । ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਥਾਂ ਉਲਟਾ ਸਿੱਖ ਸਮਾਜ ਵਿੱਚੋਂ ਧਰਮ ਪ੍ਰਵਰਤਣ ਸ਼ੁਰੂ ਕਰਵਾ ਦਿੱਤਾ। ਅੰਗਰੇਜ ਦੀ ਆਪਣੀ ਰਿਪੋਰਟ ਅਨੂਸਾਰ ਖਾਲਸਾ ਰਾਜ ਦੀ ਸਿੱਖ ਆਬਾਦੀ 40-50 ਲੱਖ ਸੀ ਜੋ 1947 ਤੱਕ ਘਟਕੇ ਵੀਹ ਲੱਖ ਹੀ ਰਹਿ ਗਈ ਸੀ। ਸਰਕਾਰੇ ਦਰਬਾਰੇ ਦੇ ਆਗੂ ਨੰਬਰਦਾਰ, ਜ਼ੈਲਦਾਰ, ਰਾਜੇ, ਮਹਾਰਾਜੇ, ਕੇਵਲ ਸਿੱਖ ਸਰੂਪ ਵਿਚ ਸਨ ਪਰ ਸਿੱਖ ਫਲਸਫੇ ਤੋਂ ਕੋਹਾਂ ਦੂਰ। ਇਹ ਕੌਮੀ ਆਗੂ ਨਾ ਹੋ ਕੌਮੀ ਗਦਾਰ ਸਨ, ਜੋ ਸਿੱਖ ਧਰਮ ਤੇ ਫਲਸਫੇ ਨੂੰ ਢਾਹ ਲਾਉਣ ਲਈ ਸਰਕਾਰੀ ਹੱਥ ਠੋਕਾ ਬਣੇ ਹੋਏ ਸਨ।

ਸਿੱਖ ਗੁਰਦਵਾਰਾ ਸੁਧਾਰ ਲਹਿਰ 1920-25 ਈ. ਕੌਮ ਵਿੱਚ ਜਾਗ੍ਰਤੀ ਪੈਦਾ ਕਰਨ ਵਿਚ ਸਫਲ ਰਹੀ, ਪਰ ਕੌਮੀ ਫਲਸਫੇ ਨੂੰ ਮੁੜ ਸੁਰਜੀਤ ਕਰਨ ਵਿੱਚ ਅਸਮਰਥ ਨਜਰ ਆਈ। ਗੁਰਦੁਆਰਾ ਐਕਟ 1925 ਈ ਵਿੱਚ ਧਰਮ ਪ੍ਰਚਾਰ ਲਈ ਕੋਈ ਵਿਵਸਥਾ ਨਹੀਂ ਸੀ। ਚੋਣਾਂ ਵੀ ਰਾਜਨੀਤਿਕ ਪਾਰਟੀਆਂ ਸਿੱਧੇ ਅਸਿਧੇ ਢੰਗ ਨਾਲ ਲੜਦੀਆਂ ਹਨ, ਇਸ ਤਰਾਂ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਨਿਰੋਲ ਸੇਵਾਦਾਰਾਂ ਤੋਂ ਦੂਰ ਹੋ ਗਿਆ। ਇੱਕ ਪਾਸੇ ਅੰਗਰੇਜ ਪ੍ਰਸਤ ਸਨ ਤੇ ਦੂਜੇ ਪਾਸੇ ਅੰਗਰੇਜ ਦੀ ਬਣਾਈ ਜਮਾਤ ਕਾਂਗਰਸ ਦੇ ਸਾਥੀ। ਇਨ੍ਹਾਂ ਪਾਸੋਂ ਭਲੇ ਦੀ ਆਸ ਕਿਵੇਂ ਹੋ ਸਕਦੀ ਸੀ? ਅਜਿਹੀ ਹਾਲਤ ਵਿੱਚ ਕੌਮ ਨੂੰ ਅੰਗਰੇਜ ਵਿਰੋਧੀ ਚੰਗੇ ਲੱਗੇ, ਪਰ ਇਹ ਵੀ ਛੋਟੇ ਦਿਲ ਵਾਲੇ ਰਹੇ, ਲਾਹੌਰ ਵਿਚ ਬੈਠੀ ਰਾਜਕੁਮਾਰੀ ਬੰਬਾ ਸਦਰਲੈਂਡ ਇਨਾ ਨੂੰ ਨਜ਼ਰ ਨਹੀਂ ਆਈ। ਜਿਸਦੀ ਮੌਤ ਆਪਣੇ ਦਾਦੇ ਦੀ ਰਾਜਧਾਨੀ ਵਿੱਚ 1957 ਈ ਵਿੱਚ ਹੋਈ। ਕੇਵਲ ਵੱਡੀ ਆਮਦਾਨੀ ਵਾਲੇ ਗੁਰਦਵਾਰੇ ਆਪਣੇ ਕਬਜ਼ੇ ਵਿੱਚ ਕਰਨ ਦੀ ਹੋੜ ਕਾਰਨ, ਪਿੰਡ ਪੱਧਰ, ਦੇਸ਼ ਤੇ ਵਿਦੇਸ਼ ਵਿੱਚ ਧਰਮ ਦੇ ਪ੍ਰਚਾਰ ਪ੍ਰਸਾਰ ਕਰਨ ਦੀ ਕੋਈ ਮਰਿਯਾਦਾ ਨਹੀਂ ਬਣੀ। ਅੰਗਰੇਜ ਗੁਰੂਘਰਾਂ ਦੇ ਪ੍ਰਬੰਧਕਾਂ ਪਾਸੋਂ ਆਪਣੇ ਮਨੁੱਖਤਾ ਵਿਰੋਧੀ ਅਪਰਾਧਾਂ ਤੇ ਵੀ ਮੋਹਰ ਲਗਵਾਉਣ ਵਿੱਚ ਕਾਮਯਾਬ ਰਹੇ। 

ਆਜ਼ਾਦੀ ਤੋਂ ਬਾਅਦ ਵੀ ਸਿੱਖ ਕੌਮ ਦੀ ਸਥਿਤੀ ਵਿੱਚ ਕੌਈ ਸੁਧਾਰ ਹੋਇਆ ਨਜ਼ਰ ਨਹੀਂ ਆਉਂਦਾ। ਇਸ ਕਰਮ ਕਾਂਡ ਰਹਿਤ ਧਰਮ ਦੀ ਨਿਰਮਲਤਾ, ਬਰਕਰਾਰ ਰੱਖਣ ਦੀ ਥਾਂ, ਗੁਰੂ ਹੁਕਮ ਦੇ ਬਿਲਕੁਲ ਉਲਟ, ਉਜਰਤ ਦੇ ਕੇ ਪਾਠ ਹੋ ਰਹੇ ਹਨ। ਬਰਾਬਰੀ ਵਾਲੇ ਧਰਮ ਵਿਚ ਵੀ ਕਈ ਤਰਾਂ ਦੀਆਂ ਸਰਾਵਾਂ ਬਣ ਗਈਆਂ ਹਨ, ਜਿੱਥੇ ਅਮੀਰ ਪੈਸੇ ਦੇ ਕੇ ਹੋਟਲ ਵਾਂਗ ਠਹਿਰ ਸਕਦਾ ਹੈ। ਸਿੱਖ ਧਰਮ ਵਾਰੇ ਖੋਜ ਤੇ ਪ੍ਰਚਾਰ ਪ੍ਰਸਾਰ ਦੀ ਵਿਉਤਵੰਦੀ, ਸ਼ਾਇਦ ਕਾਗਜ਼ਾਂ ਵਿਚ ਹੁੰਦੀ ਹੈ। ਖਾਲਸਾ ਵਾਹਿਗੁਰੂ ਜੀ ਦਾ ਹੈ ਕਿਸੇ ਖਾਸ ਰਾਜਨੀਤਿਕ ਧੜੇ ਦਾ ਨਹੀਂ। ਗੁਰੂਕਾਲ ਦੀ ਸਿੱਖ ਜੀਵਨ ਵਾਰੇ ਰਹਿਤਨਾਂਮੇ ਮੌਜੂਦ ਹਨ ਉਨਾਂ ਨਾਲ ਛੇੜ ਛਾੜ ਦੀ ਕੀ ਲੋੜ ਹੈ? ਮੰਹਿਗੇ ਕਰਮ ਕਾਂਡਾਂ ਕਰਕੇ ਗਰੀਬ ਦੂਰ ਹੁੰਦਾ ਜਾ ਰਿਹਾ ਹੈ, ਕਮਾਲ ਦੀ ਗੱਲ ਹੈ ਮੌਤ ਦੀ ਅਰਦਾਸ ਕਰਨ ਆਇਆ, ਸਿੰਘ ਵੀ, ਮ੍ਰਿਤਕ ਦੇ ਪਰਿਵਾਰ ਪਾਸ ਭੇਟਾ ਦੀ ਆਸ ਕਰਦਾ ਹੈ। ਇਸ ਤਰਾਂ ਫਲਸਫੇ ਰਹਿਤ ਕਰਮਕਾਂਡੀਆਂ ਵੱਲੋਂ ਬਣਾਈ ਖਾਲੀ ਥਾਂ ਵਿੱਚ ਕੋਈ ਵੀ ਆ ਕੇ ਲੋਕਾਂ ਨੂੰ ਆਪਣੇ ਨਾਲ ਜ਼ੋੜ ਸਕਦਾ ਹੈ ਤੇ ਜੋੜ ਵੀ ਰਹੇ ਹਨ।

ਇਹ ਗੱਲ ਬਿਲਕੁਲ ਸੱਚ ਹੈ ਕਿ ਭਾਰਤ ਵਿੱਚ ਸਿੱਖ ਸਮਾਜ ਨੂੰ ਗਿਣਤੀ ਤੋਂ ਵੱਧ ਮਾਣ ਸਤਿਕਾਰ ਮਿਲਦਾ ਰਿਹਾ ਹੈ। ਆਜਾਦੀ ਤੋਂ ਪਹਿਲਾਂ ਤੇ ਬਾਅਦ ਸਿੱਖ ਚੇਹਰੇ ਮੋਹਰੇ ਵਾਲੇ ਲੋਕ ਕੇਂਦਰ ਤੇ ਰਾਜ ਸਰਕਾਰ ਵਿੱਚ ਉੱਚ ਆਹੁਦਿਆਂ ਤੇ ਵਿਰਾਜਮਾਨ ਰਹੇ ਹਨ, ਪਰ ਜੇਕਰ ਵਿਸ਼ਲੇਸ਼ਣ ਕੀਤਾ ਜਾਵੇ ਤਾਂ, ਸ਼ਾਇਦ ਹੀ ਕੋਈ ਆਗੂ ਇਸ ਪਰਖ ਤੇ ਖਰਾ ਉਤਰੇ, ਕਿ ਜਿੱਥੇ ਕੌਮ ਨੂੰ ਲੋੜ ਸੀ, ਉਹ ਸਾਜਿਸ਼ੀਆਂ ਨਾਲ ਨਹੀਂ ਕੌਮ ਨਾਲ ਖੜਾ ਸੀ, ਅਤੇ ਕੌਮ ਨੂੰ ਬਚਾਉਣ ਲਈ ਆਪਣੀ ਕੁਰਸੀ ਤੇ ਪਰਿਵਾਰ ਦੀ ਕੁਰਬਾਨੀ ਦਿੱਤੀ। ਜੇਕਰ ਕਿਸੇ ਇੱਕ ਨੇ ਵੀ ਹਿੰਮਤ ਕੀਤੀ ਹੁੰਦੀ ਤੇ ਪੰਜਾਬ ਨੂੰ ਅੱਗ ਨਾ ਲੱਗਦੀ। ਇਹਨਾਂ ਵਿਅਕਤੀਆਂ ਦੇ ਨਾਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਲੱਭੇ ਜਾ ਸਕਦੇ ਹਨ।

ਇਸ ਤਰਾਂ ਗੁਰੂ ਕਾਲ ਤੋਂ ਬਾਅਦ 18ਵੀਂ ਸਦੀ ਸਿੱਖਾਂ ਦੀ ਕੁਰਬਾਨੀਆਂ, ਉੱਚ ਚਰਿੱਤਰ ਤੇ ਜਿੱਤਾਂ ਦੀਆਂ ਕਹਾਣੀਆਂ ਇਤਿਹਾਸ ਵਿਚ ਦਰਜ ਹਨ, 19ਵੀਂ ਸਦੀ ਵਿੱਚ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਵਿੱਚ ਮਜ਼ਬੂਤ ਹੋਇਆ ਤੇ ਖਾਲਸਿਆਂ ਦੀ ਗਿਣਤੀ ਵੀ ਵਧੀ। 19ਵੀਂ ਸਦੀ ਦੇ ਅੱਧ ਉਪਰੰਤ ਸਿੱਖ ਇਤਿਹਾਸ ਵਿੱਚ ਬਹਾਦੁਰਾਂ ਤੇ ਜੇਤੂਆਂ ਦੀ ਥਾਂ ਗੱਦਾਰਾਂ ਤੇ ਸਾਜਿਸ਼ਾਂ ਨਾਲ ਭਰਿਆ ਪਿਆ ਹੈ। ਅੰਗਰੇਜ਼ ਦੇ ਬਹੁਤੇ ਹਮਾਇਤੀ, ਆਜ਼ਾਦੀ ਉਪਰੰਤ ਵਕਤ ਦੀ ਕਾਂਗਰਸ ਸਰਕਾਰ ਦੇ ਵੱਡੇ ਆਹੁਦੇਦਾਰ ਬਣ ਗਏ, ਇਸ ਤਰਾਂ ਕਾਂਗਰਸ ਪਾਰਟੀ ਨੇ ਸਿੱਖਾਂ ਨਾਲ ਸਿੱਖਾਂ ਨੂੰ ਲੜਾਉਣ ਦਾ ਕੰਮ 1956ਈ. ਤੋਂ ਬਾਅਦ ਸ਼ੁਰੂ ਕੀਤਾ। ਗੱਲ ਰਾਜਨੀਤਿਕ ਕੁਰਸੀ ਪ੍ਰਾਪਤ ਕਰਨ ਦੀ ਸੀ ਧਰਮ ਤਾਂ ਇਕ ਪੌੜੀ ਹੀ ਰਿਹਾ।

ਧਰਮ ਪ੍ਰਚਾਰ ਲਈ ਤਾਂ ਪਿੰਡ ਪਿੰਡ ਸਿੰਘ ਸਭਾ ਤਿਆਰ ਕਰਨੀ ਗੁਰਮਤਿ ਦੇ ਸੁਨਹਿਰੀ ਅਸੂਲਾਂ ਤੋਂ ਲੋਕਾਂ ਨੂੰ ਜਾਣੁ ਕਰਵਾਉਣਾ, ਮਿਲ ਬੈਠ ਕੇ ਪਿੰਡ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਤੇ ਆਰਥਿਕ ਤਰੱਕੀ ਦੇ ਨਵੇਂ ਰਾਹ ਲੱਭਣਾ ਸੀ, ਪਰ ਹੋਇਆ ਇਸ ਦੇ ਉਲਟ। ਰਾਜਨੀਤਿਕ ਧੜੇਬੰਦੀ ਵਿੱਚ ਉਲਝੇ ਸਿੱਖਾਂ ਨੇ ਧਰਮ ਨੂੰ ਪਿੱਛੇ ਸੁੱਟ ਦਿੱਤਾ ਪਿੰਡਾਂ ਤੇ ਸ਼ਹਿਰਾਂ ਵਿੱਚ ਜਾਤ ਤੇ ਆਧਾਰਿਤ ਗੁਰਦੁਆਰੇ ਬਣਾ ਲਏ। ਅੱਜ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਇਹੀ ਹਾਲ ਹੈ। ਜਿਸ ਨੂੰ ਗੁਰਮਤਿ ਮੁੱਢੋ ਰੱਦ ਕਰਦੀ ਹੈ, ਨੂੰ ਸਿੱਖਾਂ ਵੱਲੋਂ ਕਾਨੂੰਨੀ ਤੌਰ `ਤੇ ਜਾਤੀ ਵੰਡ ਨੂੰ ਵੀ ਪ੍ਰਵਾਨ ਕਰ ਲਿਆ ਹੈ, ਬਲਕਿ ਗੁਰਦੁਆਰਾ ਚੋਣਾ ਵਿੱਚ ਤਾਂ ਰਿਜ਼ਰਵ ਸੀਟਾਂ ਵੀ ਹਨ। ਫੇਰ ‘ਏਕ ਪਿਤਾ ਏਕਸ ਕੇ ਹਮ ਬਾਰਿਕ` ਤੇ ‘ਮਾਨਸ ਕੀ ਜਾਤ ਸਭੈ ਇਕੈ ਪਹਿਚਾਨਬੋ`, ਫੇਰ ਸਿੱਖ ਜੀਵਨ ਵਿੱਚ ਕਿਥੇ ਨਜ਼ਰ ਆਵੇਗੀ। ਉਜਰਤ ਦੇ ਕੇ ਪਾਠ ਕਰਵਾਉਣ ਦੀ ਵੀ ਮਨਾਹੀ ਹੈ, ਪਰ ਇਹ ਉਜਰਤ ਲੈ ਕੇ ਪਾਠ ਤਾਂ ਹਰ ਗੁਰੂ ਘਰ ਵਿੱਚ ਹੋ ਰਿਹਾ ਹੈ, ਰਾਜਨੀਤੀ ਉੱਤੇ ਧਰਮ ਦਾ ਕੁੰਡਾ ਚਾਹੀਦਾ ਹੈ, ਪਰ ਧਰਮ ਉੱਤੇ ਰਾਜਨੀਤੀ ਦਾ ਹੁਕਮ ਚਲਦਾ ਲੰਬੇ ਸਮੇਂ ਤੋਂ ਵੇਖਿਆ ਜਾ ਸਕਦਾ ਹੈ, ਭਾਵੇਂ ਜਨਰਲ ਡਾਇਰ ਨੂੰ ਸਨਮਾਨਿਤ ਕਰਨਾ ਹੋਵੇ, ਭਾਵੇਂ ਰਾਮ ਰਹੀਮ ਨੂੰ ਮੁਆਫੀ ਦੇਣੀ।

ਧਰਮ ਸਥਾਨਾਂ ਤੋਂ ਰਾਜਨੀਤਿਕ ਲਾਭ ਪ੍ਰਾਪਤ ਕਰਨ ਲਈ ਮੋਰਚੇ ਲਗਦੇ ਹਨ ਤੇ ਇਸ ਦੇ ਬੰਦੋਬਤਸ ਵਿੱਚ ਬਹੁਤ ਸਾਰਾ ਗੁਰੂ ਘਰ ਦਾ ਧਨ ਖਰਚ ਹੁੰਦਾ ਹੈ, ਕੌਮ ਦੀਆਂ ਭਾਵਨਾਵਾਂ ਵੀ ਉਭਾਰਿਆਂ ਜਾਂਦੀਆਂ ਹਨ ਪਰ ਕੁਰਸੀ ਮਿਲਣ ਉਪਰੰਤ ਉਹਨਾਂ ਸਮੱਸਿਆ ਦੇ ਹੱਲ ਲਈ ਕੋਈ ਗੰਭੀਰ ਯਤਨ ਤਾਂ ਕੀ ਹੋਣਾ ਸੀ, ਜਿਹਨਾਂ ਪਰਿਵਾਰਾਂ ਨੂੰ ਉਸ ਸੰਘਰਸ਼ ਵਿੱਚ ਜਾਨੀ ਤੇ ਮਾਲੀ ਨੁਕਸਾਨ ਉਠਾਉਣਾ ਪਿਆ ਨੂੰ ਵੀ ਕਿਸੇ ਨੇ ਨਹੀਂ ਪੁੱਛਿਆ।

ਮਿਸਲਾਂ ਦੇ ਸਰਦਾਰ ਆਪਸੀ ਰਾਜਨੈਤਿਕ ਵਖਰੇਵੇਂ ਤੋਂ ਬਾਅਦ ਵੀ, ਇਕੱਠੇ ਹੋ ਕੇ ਬੈਠਦੇ ਤੇ ਪੰਥ ਲਈ ਕੰਮ ਕਰਦੇ ਸਨ, ਪਰ ਅੱਜ ਸਥਿਤੀ ਇਸਤੋਂ ਬਿਲਕੁਲ ਉਲਟ ਹੈ ਗੁਰੂਘਰ ਵਿੱਚ ਮਾਣ-ਸਤਿਕਾਰ ਵੀ, ਉਸਨੂੰ ਹੀ ਮਿਲੇਗਾ ਜਿਸਦਾ ਧੜਾ ਗੁਰਦੁਆਰਾ ਪ੍ਰਬੰਧ ਵਿੱਚ ਹੋਵੇ ਜਾਂ ਪ੍ਰਬੰਧਕਾਂ ਨੂੰ ਉਸ ਵਿਅਕਤੀ ਵਿਸ਼ੇਸ਼ ਦੀ ਲੋੜ ਹੋਵੇ।

ਪੰਜਾਬ ਦੀਆਂ ਜਿਨਾਂ ਸਮੱਸਿਆਵਾਂ ਨੂੰ ਲੈ ਕੇ 70 ਸਾਲ ਤੋਂ ਵਧ ਸੰਘਰਸ਼ ਹੋਇਆ ਉਹ ਸਮੱਸਿਆਵਾਂ ਅੱਜ ਵੀ ਉਥੇ ਹੀ ਹਨ, ਇਕ ਨਵੀਂ ਸਮੱਸਿਆ ਹੈ, ਪੰਜਾਬ ਵਿੱਚ ਅਪਰਾਧੀਕਰਨ ਤੇ ਨਸ਼ਿਆਂ ਦਾ ਵਧ ਜਾਣਾ ਤੇ ਨੌਜਵਾਨ ਪੀੜ੍ਹੀ ਦੇਸ਼ ਛੱਡ ਕੇ ਬਾਹਰ ਜਾ ਰਹੀ ਹੈ।

ਐਸੀ ਕੋਈ ਸਮੱਸਿਆ ਨਹੀਂ ਜਿਸਦਾ ਹੱਲ ਨਾ ਹੋਵੇ ਪਰ ਅਸੀਂ ਗੁਰਦੁਆਰਾ ਪ੍ਰਬੰਧ ਵਿੱਚ ਰਾਜਨੀਤੀ ਵਾੜ ਕੇ ‘ਨਾ ਖੁਦਾ ਹੀ ਮਿਲਾ ਨ ਵਿਸਾਲ-ਏ-ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ` ਵਾਲੀ ਸਥਿਤੀ ਪੈਦਾ ਕੀਤੀ ਹੋਈ ਹੈ। ਰਾਜਨੀਤਿਕ ਬੰਦੇ ਦਾ ਧਰਮੀ ਹੋਣਾ ਬਹੁਤ ਚੰਗਾ ਹੈ ਪਰ ਧਰਮ ਵਿੱਚ ਦਖਲਅੰਦਾਜੀ ਕਰਨੀ ਖਾਸ ਕਰਕੇ, ਉਦੋਂ ਜਦੋਂ ਫਲਸਫੇ ਤੇ ਇਤਿਹਾਸ ਦਾ ਗਿਆਨ ਨਾ ਹੋਵੇ, ਘਾਟੇ ਦਾ ਸੌਦਾ ਹੀ ਰਿਹਾ ਹੈ। ਇਹ ‘ਸਭੈ ਸਾਂਝੀ ਵਾਲ ਸਦਾਏ, ਕੋਈ ਨਾ ਦਿਸੈ ਬਾਹਰਾ ਜਿਉ` ਦਾ ਧਰਮ ਹੈ, ਜਿੱਥੇ ਸਭ ਨੂੰ ਪਿਆਰ ਤੇ ਸਤਿਕਾਰ ਮਿਲਣਾ ਚਾਹੀਦਾ ਹੈ, ਨਫਰਤ ਨਾਲ ਤਾਂ ਕਿਸੇ ਨੂੰ ਜੋੜ ਨਹੀ ਕੇਵਲ ਤੋੜ ਸਕਦੇ ਹਾਂ।

ਜਦੋਂ ਸਿੱਖ ਧਰਮ ਗੁਰਮਤਿ ਅਨੁਸਾਰ ਅੱਗੇ ਵਧੇਗਾ ਤਾਂ ਗੁਰੂ ਪਾਤਿਸ਼ਾਹ ਦੀ ਬਖ਼ਸ਼ਿਸ ਰਹੇਗੀ ‘ਜਬ ਲਗ ਖ਼ਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਉ ਮੈਂ ਸਾਰਾ` ਪਰ ਸਥਿਤੀ ਇਸ ਦੇ ਉਲਟ ਵਿਪਰਨ ਦੀ ਰੀਤ ਵਾਲੀ ਲਗਦੀ ਹੈ। 19ਵੀਂ ਸਦੀ ਦੇ ਮੱਧ ਤੇ 20ਵੀਂ ਸਦੀ ਦੀ ਸਿੱਖ ਸਿਆਸਤ ਕੇਵਲ ਸਾਜਿਸ਼ਾਂ ਤੇ ਗੱਦਾਰਾਂ ਦੇ ਹੱਥ ਵਿੱਚ ਰਹੀ ਹੈ, ਜਿਸ ਕਾਰਨ ਕੌਮੀ ਬੇਇੰਸਾਫੀਆਂ ਦੇ ਪੀੜਿਤ ਪਰਿਵਾਰ ਅੱਜ ਤੱਕ ਇੰਸਾਫ ਲਈ ਟੱਕਰਾਂ ਮਾਰ ਰਹੇ ਹਨ। ਭਾਵੇਂ 1984 ਦੀ ਕਤਲੋਗਾਰਤ ਪੀੜਿਤ ਹੋਣ, ਝੂਠੇ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨ ਜਾਂ ਝੂਠੇ ਮੁਕੱਦਮਿਆਂ ਵਿੱਚ ਕੈਦ ਕੀਤੇ ਨੌਜਵਾਨ ਤੇ ਧਰਮੀ ਫੌਜੀ ਇਹਨਾਂ ਸਾਜਸ਼ੀਆਂ ਦਾ ਇੱਕ ਕੰਮ ਕਰਨ ਦਾ ਢੰਗ ਹੋਰ ਵੀ ਰਿਹਾ ਹੈ ਕਿ ਸਮੱਸਿਆ ਖੜੀ ਕਰੋ, ਸੰਗਤ ਦੀਆਂ ਭਾਵਨਾਵਾਂ ਭੜਕਾਉ ਤੇ ਉਸ ਦੇ ਹੱਲ ਵੱਲ ਕੋਈ ਕਦਮ ਨਾ ਚੁੱਕੋ। ਉਹ ਮਸਲਾ ਭਾਵੇਂ ਹਰ ਕੀ ਪੈੜੀ ਦਾ ਹੋਵੇ ਜਾਂ ਮੰਗੂ ਮਠ ਦਾ, ਭਾਵੇਂ ਗੁਰਦੁਆਰਾ ਡਾਂਗਮਾਰ ਦਾ। ਬਿਆਨਬਾਜੀ ਕਰ ਦੂਜਿਆਂ ਨੂੰ ਬਦਨਾਮ ਕਰਨ ਤੋਂ ਇਲਾਵਾ ਕਦੇ ਸਮੱਸਿਆਵਾਂ ਦੇ ਹੱਲ ਲਈ ਪਹਿਲਕਦਮੀ ਨਜ਼ਰ ਨਹੀਂ ਆਈ।

ਆਓ ਗੁਰਮਤਿ ਨਾਲ ਜੁੜੀਏ ਤੇ ਆਪਣੇ ਪਰਾਏ ਨੂੰ ਪਹਿਚਾਣੀਏ। ਇਸ ਤਰਾਂ ਪੰਜਾਬ ਤੇ ਸਿੱਖਾਂ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਬੇਇੰਸਾਫੀ ਹੁੰਦੀ ਰਹੀ ਹੈ। ਮੁੱਢਲਾ ਕਾਰਣ ਕੁਰਸੀ ਦੀ ਦੌੜ ਲਈ ਧਾਰਮਿਕ ਮਸਲੇ ਖੜੇ ਕਰਨਾ, ਆਮ ਮਸਲੇ ਨੂੰ ਵੀ ਧਾਰਮਿਕ ਬਣਾ ਲੈਣਾ ਰਿਹਾ ਹੈ। ਜਦੋਂ ਕੁਰਸੀ ਪ੍ਰਾਪਤ ਹੋ ਜਾਵੇ ਤਾਂ, ਉਹਨਾਂ ਮਸਲਿਆਂ ਨੂੰ ਭੁੱਲ ਜਾਣਾ ਤੇ ਅਗਲੇ ਮੌਕੇ ਲਈ ਜਿੰਦਾ ਰੱਖਣਾ, ਇੱਕ ਬਹੁਤ ਵੱਡੀ ਸਾਜਿਸ਼ ਤੇ ਗੱਦਾਰੀ ਮੰਨੀ ਜਾ ਸਕਦੀ ਹੈ। ਪਰ ਭੋਲਾ ਪੰਜਾਬੀ ਇਸ ਬੇਇੰਸਾਫੀ ਦਾ ਸ਼ਿਕਾਰ ਹੋਇਆ ਲਾਲਚੀ, ਰਾਜਨੈਤਿਕ ਆਗੂਆਂ ਦੇ ਹੱਥ ਵਿੱਚ ਖੇਡਦਾ ਨੁਕਸਾਨ ਕਰਾਈ ਜਾ ਰਿਹਾ ਹੈ। ਇਸ ਨੁਕਸਾਨ ਤੇ ਬੇਇੰਸਾਫੀ ਨਾਲ ਬਿਮਾਰ ਹੋਇਆ ਨੌਜਵਾਨ ਨਸ਼ਿਆਂ ਤੇ ਨਿਰਾਸਤਾ ਵਿੱਚ ਜਾ ਕੇ ਸੰਸਾਰ ਦਾ ਦੇਸ਼ ਛੱਡ ਰਿਹਾ ਹੈ ਤੇ ਕੁਝ ਨੌਜਵਾਨ ਬਾਗੀ ਹੋ ਬਿਨਾ ਵਿਚਾਰੇ ਆਪਣੇ ਦੋਸਤਾਂ ਨੂੰ ਵੀ ਦੁਸ਼ਮਣ ਮੰਨ ਹਰ ਇੱਕ ਨਾਲ ਲੜਨ ਲੱਗੇ ਹੋਏ ਫਿਰਦੇ ਹਨ। ਸੱਚ ਜਾਨਣਾ ਉਸ ਨੂੰ ਅਪਨਾਉਣਾ ਤੇ ਉਸ ਦੇ ਮਾਰਗ ਤੇ ਚਲਣਾ ਬਹੁਤ ਜਰੂਰੀ ਹੈ। ਮਾਨਸਿਕ ਰੂਪ ਵਿੱਚ ਉਤੇਜਿਤ ਹੋਈ ਕੌਮ ਨੂੰ ਪਹਿਲਾਂ ਆਪਣੇ ਦੋਸਤਾਂ ਗੱਦਾਰਾਂ ਤੇ ਸਾਜਸ਼ੀਆਂ ਬਾਰੇ ਸਭੈ ਪੜਚੋਲ ਕਰ ਲੈਣੀ ਚਾਹੀਦੀ ਹੈ, ਫਿਰ ਪੰਜਾਬ ਤੇ ਭਾਰਤ ਤੇ ਦੁਨੀਆ ਵਿੱਚ ਧਰਮ ਦੀ ਸਥਿਤੀ ਆਪਣੇ ਆਪ ਮਜ਼ਬੂਤ ਹੋ ਜਾਵੇਗੀ। 

ਇਕਬਾਲ ਸਿੰਘ ਲਾਲਪੁਰਾ
ਚੇਅਰਮੈਨ,
ਕੌਮੀ ਘੱਟਗਿਣਤੀ ਕਮਿਸ਼ਨ,
ਭਾਰਤ ਸਰਕਾਰ
ਈਮੇਲ: iqbalsingh_73@yahoo.co.in

“ਸਿੱਖ ਸੰਘਰਸ਼ ਦਾ ਨਿਧੜਕ ਯੋਧਾ — ਭਾਊ ਕਰਮਜੀਤ ਸਿੰਘ ਚਾਹਲ“

 “ਇੰਟਰਨੇਸ਼ਨਲ ਸਿੱਖ ਯੂਥ ਫੈਡਰੇਸ਼ਨ “ ਯੂ ਕੇ ਦੇ ਮੋਢੀ ਆਗੂ ਭਾਊ ਕਰਮਜੀਤ ਸਿੰਘ ਚਾਹਲ , ਦੇ ਅਕਾਲ ਚਲਾਣੇ ਦੀ ਖ਼ਬਰ ਸੁਣਦਿਆਂ ਹੀ ਮਨ ਬੜਾ ਦੁਖੀ ਹੋਇਆ । ਭਾਊ ਜੀ ਥੋੜਾ ਸਮਾਂ ਬੀਮਾਰ ਰਹਿਕੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ । ਇਸ ਤਰਾਂ ਦੇ ਮੋਹਰੀ ਸਾਥੀ ਦਾ ਹੱਥੋਂ ਫਿਸਲ ਜਾਣਾ ਭਾਵੇਂ ਅਕਾਲ ਪੁਰਖ ਦੇ ਭਾਣੇ ਅਨੁਸਾਰ ਹੀ ਹੈ । ਪਰੰਤੂ ਸਿਖ ਕੌਮ, ਉਚੇਚੇ ਤੌਰ ਤੇ ਸੰਘਰਸ਼ ਮਈ ਜੱਥੇਬੰਦਕ ਸਾਥੀਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ।ਭਾਊ ਜੀ ਉਹਨਾਂ ਮਹਾਨ ਰੂਹਾਂ ਵਿੱਚੋਂ ਇੱਕ ਸਨ , ਜਿਨਾਂ 1984 ਦੇ ਵਾਪਰੇ ਘੱਲੂਘਾਰੇ ਨੂੰ ਆਪਣੇ ਤਨ , ਮਨ ਤੇ ਇੱਕ ਗਹਿਰੇ ਜ਼ਖ਼ਮ ਦੀ ਤਰਾਂ ਉਲੀਕ ਲਿਆ ਸੀ। ਆਪਣੇ ਹੀ ਦੇਸ਼ ਦੀ ਸਰਕਾਰ ਇੰਦਰਾ ਦੇ ਇਸ ਢਾਹੇ ਜ਼ੁਲਮ ਨੂੰ , ਦੇਸ਼ ਭਰ ਤੇ ਦਿੱਲੀ ਦੇ ਸਿੱਖਾਂ ਨੇ ਜਿਸਤਰਾਂ ਤਰਾਂ ਹੰਡਾਇਆ — ਸਿੱਖ ਕੌਮ ਆਪਣੇ ਹੀ ਭੋਲੇਪਨ ਵਿੱਚ ਸਰਕਾਰ ਦੇ ਅਬਦਾਲੀ ਰੂਪ ਨੂੰ ਪਛਾਣ ਨਾ ਸਕੀ । “ਖੁਦਕੁਸ਼ੀ ਕਿਸ਼ਤੋ ਮੇ ਥੀ ,ਯਾ ਥਾ ਹਮਾਰਾ ਭੋਲਾਪਨ ,ਸਾਂਪ ਡਸਤਾ ਭੀ ਰਹਾ ਔਰ ਦੇਵਤਾ ਲ਼ਗਤਾ ਰਹਾ । ਇਕ ਚਿੱਤਾ ਕੀ ਆਗ ਮੇਂ ਸਾਜ਼ਿਸ਼ ਕਾ ਘੀ ਡਾਲਾ ਗਯਾ , ਮੁੱਦਤੋਂ ਤੱਕ ਸਾਰਾ ਸ਼ਹਿਰ ‘ਕਰਬਲਾ’ ਲਗਤਾ ਰਹਾ ।” ਭਾਊ ਜੀ 1981 ਦੇ ਦੌਰਾਨ ਪੰਜਾਬ ਵਿੱਚ ਚੱਲ ਰਹੇ “ਧਰਮ ਯੁੱਧ ਮੋਰਚੇ” ਸਮੇਂ ਉਥੇ ਸਰਗਰਮ ਰਹੇ । ਹਾਲਾਤ ਨੂੰ ਦੇਖਦੇ ਤੇ ਵਿਚਰਦੇ ਰਹੇ । ਆਪ ਦਾ ਸੁਭਾਅ ਚੜਦੀ ਕਲਾ ਤੇ ਕੌਮ ਪ੍ਰਤੀ ਸਮਰਪਣ, ਇੱਕ ਫੈਸਲਾ ਕੁਨ ਸੀ । ਆਪ ਸੰਤ ਜਰਨੈਲ ਸਿੰਘ ਦੇ ਵਿਸ਼ਵਾਸ ਪਾਤਰ ਸੱਜਣਾਂ ਵਿੱਚੋਂ ਸਨ । ਯੂ ਕੇ ਵਿਚ ਉਹ ਪੱਕੇ ਤੌਰ ਤੇ ਪਰਿਵਾਰ ਸਮੇਤ ਰਹਿੰਦੇ ਸਨ ।ਇੰਦਰਾ ਕਾਂਗਰਸ ਵਲੋ ਢਾਏ ਜੂਨ 1984 ਦੇ ਘੱਲੂਘਾਰੇ ਉਪਰੰਤ ਇੱਥੇ ਯੂ ਕੇ ਵਿੱਚ ਸਿੱਖਾਂ ਨੂੰ ਇਕੱਠੇ ਕਰਨ ਦੀ ਲੋੜ ਬਣੀ । ਕੁਝ ਸੰਸਥਾਈ ਵਿਚਾਰਾਂ ਅਧੀਨ ਸਾਡਾ ਰਾਬਤਾ ਡੁੱਬਈ ਵਿਖੇ ਭਾਈ ਜਸਬੀਰ ਸਿੰਘ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ) ਨਾਲ ਹੋਇਆ । ਉਹਨਾਂ ਨੂੰ ਯੂ ਕੇ ਆਉਣ ਦੀ ਬੇਨਤੀ ਕੀਤੀ ਅਤੇ ਉਹ ਅਗਸਤ 1984 ਵਿੱਚ ਯੂ ਕੇ ਆ ਗਏ। ਇਸ ਤਰਾਂ ਸਤੰਬਰ 1984 ਵਿੱਚ ਨੌਜਵਾਨ ਸੰਸਥਾ “ ਇੰਟਰਨੇਸ਼ਨਲ ਸਿੱਖ ਯੂਥ ਫੈਡਰੇਸ਼ਨ ਯੂ ਕੇ “ ਦੀ ਸਥਾਪਨਾ ਕੀਤੀ ਗਈ । ਭਾਊ ਜੀ ਮੋਢੀ ਸੱਜਣਾਂ ਵਿੱਚੋਂ ਅਤੇ ਹਰ ਕਦਮ ਤੇ ਮੋਹਰੀ ਗਿਣੇ ਜਾਂਦੇ ਰਹੇ । ਭਾਈ ਜਸਬੀਰ ਸਿੰਘ ਜੀ ਦੇ ਭਾਰਤ ਨੂੰ ਡਿਪੋਰਟ ਹੋਣ ਤੇ ਭਾਊ ਜੀ ਅਤੇ ਸਾਥੀਆਂ ਨੇ ਜਥੇਬੰਦੀ ਨੂੰ ਸਰਗਰਮ ਅਤੇ ਤਤਪਰ ਕਾਇਮ ਰੱਖਿਆ। ਜਥੇਬੰਦੀ ਨੂੰ ਯੂਰਪੀਨ ਮੁਲਕਾਂ , ਕੈਨੇਡਾ ਅਸਟਰੇਲੀਆ , ਅਮਰੀਕਾ ਵਿੱਚ ਕਾਇਮ ਕੀਤਾ । ਇਸ ਸਮੇਂ ਦੀ ਚੜਦੀ ਕਲਾ ਵਾਰਤਾ ਨੇ ਸਿੱਖ ਸੰਸਥਾਵਾਂ ਅਤੇ ਗੁਰਅਸਥਾਨਾ ਦੇ ਰਿਵਾਜੀ ਪ੍ਰਬੰਧਕ ਢਾਂਚਿਆਂ ਨੂੰ ਵੀ ਇਕ ਨਵੀਨਤਾ ਦਾ ਰੂਪ ਦਿੱਤਾ । ਸਮੇ ਦੀ ਲੋੜ ਅਨੁਸਾਰ ਸਮੁੱਚਾ ਖ਼ਾਲਸਾ ਪੰਥ ਇਕ ਰੂਪ ਦੀ ਦਿਸ਼ਾ ਵੱਲ ਵਧਣ ਲੱਗਾ। ਦੇਸ਼ ਵਿਚ ਕਾਂਗਰਸ ਦੀ ਸੱਤਾ ਸਰਕਾਰ ਨੂੰ ਇਹ ਕੁਝ ਭਾਉਂਦਾ ਨਹੀਂ ਸੀ । ਫੈਡਰੇਸ਼ਨ ਤੇ ਹੋਰ ਸਿੱਖ ਸੰਸਥਾਵਾਂ ਤੇ ਸਿਆਸੀ ਦਬਾਅ ਵਧਣ ਲੱਗ ਪਿਆ । ਸਿਆਸੀ ਸ਼ਤਰੰਜ ਦੀ ਖੇਡ ਖੇਡਦਿਆਂ ਯੂ ਕੇ ਸਰਕਾਰ ਨੇ , ਸਾਲ 1990 ਵਿੱਚ ਭਾਊ ਕਰਮਜੀਤ ਸਿੰਘ ਤੇ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਉਹਨਾਂ ਨੂੰ ਯੂਕੇ ਦੀ ਜਿਹਲ ਵਿੱਚ ਬੰਦ ਕਰ ਦਿੱਤਾ । ਸਰਕਾਰ ਨੂੰ ਮੂੰਹ ਦੀ ਖਾਣੀ ਪਈ ਜਦ ਯੂਰਪੀਨ ਕੋਰਟ ਨੇ ਭਾਊ ਜੀ ਨੂੰ ਰਿਹਾ ਕਰਨ ਦੇ ਆਦੇਸ਼ ਦੇ ਦਿੱਤੇ । ਆਪ ਛੇ ਸਾਲ ਕੈਦ ਕੱਟਣ ਮਗਰੋਂ ਰਿਹਾ ਹੋਏ । ਉਸ ਦਿਨ ਤੋਂ ਫਿਰ ਤੋ ਮਿਹਨਤ ਕਰਕੇ , ਪਰਿਵਾਰ ਸਮੇਤ ਆਪਣਾ ਕਾਰੋਬਾਰ ਚਲਾ ਰਹੇ ਸਨ । ਅਚਨਚੇਤ ਸਰੀਰਕ ਬਿਮਾਰੀ ਕਾਰਨ ਉਹ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ।”ਘੱਲੇ ਆਏ ਨਾਨਕਾ , ਸੱਦੇ ਉੱਠ ਜਾਏ”। ਅਕਾਲ ਪਰਖ ਦਾ ਹੀ ਭਾਣਾ ਸੀ। ਉਹਨਾਂ ਹੁਣ ਤੱਕ ਕੌਮੀ ਨਿਸ਼ਾਨੇ ਤੇ ਸ਼ੰਘਰਸ਼ ਵਿੱਚ ਸਦਾ ਸਾਂਝ ਤੇ ਅਗਵਾਈ ਦਾ ਰਾਬਤਾ ਕਾਇਮ ਰੱਖਿਆ । ਸ਼ੁਰੂ ਤੋਂ ਹੀ ਭਾਊ ਜੀ ਦੀ ਦਰਿੜਤਾ ਤੇ ਸੇਵਾਵਾਂ ਨੂੰ ਮੁੱਖ ਰੱਖਦਿਆਂ ,ਜਥੇਬੰਦੀ ਦੇ ਨੈਸ਼ਨਲ ਪੈਨਲ ਵਿੱਚ ਉਹਨਾਂ ਦਾ ਇੱਕ ਜਰਨੈਲੀ ਰੁਤਬਾ ਜਾਣਿਆ ਜਾਂਦਾ ਰਿਹਾ ਹੈ । ਸਿੱਖ ਲਹਿਰ ਸਮੇਂ ਅੰਤਰਰਾਸ਼ਟਰੀ ਨੁਮਾਇੰਦਗੀ ਆਧਾਰਤ , ਪੰਥਕ ਕਮੇਟੀ ਵਿੱਚ ਉਹਨਾਂ ਦੀ ਯੋਗਤਾ ਤੇ ਨੁਮਾਇੰਦਗੀ ਆਪਣੇ ਆਪ ਵਿੱਚ ਸਹੀ ਪਛਾਣ ਰਹੀ ਸੀ । ਅੱਜ ਭਾਵੇਂ ਉਹ ਸਾਡੇ ਵਿੱਚ ਨਹੀਂ , ਪਰੰਤ੍ਹ ਉਹਨਾਂ ਦੀ ਸਾਡੀ ਸਾਂਝ ਵਿੱਚ ਬਿਤਾਈ ਦਰਿੜਤਾ ਤੇ ਦਲੇਰੀ ਸਾਨੂੰ ਹਮੇਸ਼ਾ ਅੱਗੇ ਵੱਲ ਕਦਮ ਪੁਟਣ ਦਾ ਮੀਲ ਪੱਥਰ ਰਹੇਗਾ । ਇਸੇ ਸਾਂਝੀ ਸੋਚ ਵਿੱਚੋਂ ਕਹਿਣਾ ਬਣਦਾ ਹੈ – “ ਤੇਰੀ ਸੋਚ ਦੀਆਂ ਬੂੰਦਾਂ ਨੇ ਦਰਖਤ ਸਿੰਜਿਆ , ਕੀ ਹੋਇਆ ਜੇ ਪੱਤਿਆਂ ਤੇ ਕੋਈ ਨਾਮ ਨਹੀਂ “ । ਭਾਊ ਕਰਮਜੀਤ ਸਿੰਘ ਚਾਹਲ ਦੇ ਇਸ ਵਿਛੋੜੇ ਦਾ ਜਿੱਥੇ ਸਾਨੂੰ ਦੁੱਖ ਹੈ, ਇਸ ਨਾਲ ਹੀ ਉਹਨਾਂ ਦਾ ਸਾਡੇ ਵਿੱਚ ਬਿਤਾਏ ਦਿਨ , ਹਮੇਸ਼ਾ ਸਾਡੇ ਵਿੱਚ ਹੀ ਪ੍ਰਤੱਖ ਯਾਦਾਂ ਵਿੱਚ ਰਹਿਣਗੇ । ਅਸੀ ਜਥੇਬੰਦਕ ਢਾਂਚੇ ਤੇ ਸਾਥੀਆਂ ਸਮੇਤ ਉਹਨਾਂ ਨੂੰ ਗਹਿਰੇ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹਾਂ । ਭਾਊ ਜੀ ਦੇ ਪਰਵਾਰ ਨਾਲ ਹਮਦਰਦੀ ਭੇਟ ਕਰਦੇ ਹੋਏ , ਭਾਣਾ ਮੰਨਣ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ । ਵਾਹਿਗੁਰੂ ਭਾਊ ਕਰਮਜੀਤ ਸਿੰਘ ਚਾਹਲ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ । ਭਾਊ ਜੀ ਦੀ ਜ਼ਿੰਦਗੀ ਸਿੱਖ ਸੰਘਰਸ਼ ਦੇ ਇਤਿਹਾਸ ਦਾ ਇੱਕ ਸੁਨਿਹਿਰੀ ਪੰਨਾ ਹੈ ਅਤੇ ਸਦੀਵੀ ਕਾਇਮ ਰਹੇਗਾ ।

ਪਰਮਿੰਦਰ ਸਿੰਘ ਬੱਲ , ਪ੍ਰਧਾਨ , ਸਿਖ ਫੈਡਰੇਸ਼ਨ , ਯੂ ਕੇ

ਸਿੱਖ ਕੌਮ ’ਚ ਦਲ ਪੰਥ ਦਾ ਸਥਾਨ ਤੇ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ ਨਾਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਵਾਰ ਸੰਗਤ ਨੂੰ ਪੰਥਕ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੀ ਕਿਰਦਾਰਕੁਸ਼ੀ ਕਰ ਰਹੀਆਂ ਤਾਕਤਾਂ ਤੋਂ ਸੁਚੇਤ ਹੋਣ ਦਾ ਹੋਕਾ ਦਿੱਤਾ ਸੀ। ਪਰ ਹੈਰਾਨੀ ਦੀ ਗਲ ਹੈ ਕਿ ਪੰਥ ਦੀਆਂ ਅਹਿਮ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦਾ ਅਕਸ ਖ਼ਰਾਬ ਕਰਨ ਵਾਲੇ ਆਪਣੇ ਹੀ ਲੋਕ ਹੋਣਗੇ ਇਸ ਦਾ ਤਸੱਵਰ ਕਿਸੇ ਨੇ ਨਹੀਂ ਕੀਤਾ ਸੀ। ਹਾਲ ਹੀ ’ਚ ਅਕਾਲੀ ਲੀਡਰਸ਼ਿਪ ਦੇ ਇਕ ਹਿੱਸੇ ਵੱਲੋਂ ਪੰਥ ’ਚ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਵਜੋਂ ਪ੍ਰਸਿੱਧ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਇਸ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਇਸ ਦੂਸ਼ਣਬਾਜ਼ੀ ਲਈ ਅਕਾਲੀ ਦਲ ਦਾ ਸੋਸ਼ਲ ਮੀਡੀਆ ਕਾਫ਼ੀ ਤੇਜ਼ੀ ਦਿਖਾ ਰਿਹਾ ਹੈ। ਅਕਾਲੀ ਦਲ ਦੇ ਨੇਤਾਵਾਂ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਾਰ ਨਵਾਬ ਕਪੂਰ ਸਿੰਘ ਛਾਉਣੀ ਨਿਹੰਗ ਸਿੰਘਾਂ ਸੁਲਤਾਨਪੁਰ ਲੋਧੀ ਉਪਰ ਜ਼ਿੰਮੇਵਾਰ ਸਿੰਘਾਂ ਦੀ ਗੈਰ ਮੌਜੂਦਗੀ ’ਚ ਨਿਹੰਗ ਸਿੰਘਾਂ ਦੀ ਦੂਜੀ ਧਿਰ ਵੱਲੋਂ ਕੀਤੀ ਗਈ ਕਾਰਵਾਈ ਦਾ ਪੱਖ ਪੂਰਨ ਲਈ ਇਸ ਅਸਥਾਨ ਦੀ ਸੇਵਾ ਸੰਭਾਲ ਕਰ ਰਹੇ ਜਥੇਦਾਰ ਬਾਬਾ ਬਲਬੀਰ ਸਿੰਘ ਖ਼ਿਲਾਫ਼ ਜਿਸ ਤਰਾਂ ਦੀ ਦੂਸ਼ਣਬਾਜੀ ਕੀਤੀ ਜਾ ਰਹੀ ਹੈ, ਉਸ ਨਾਲ ਸਿੱਖ ਪੰਥ ਦੀ ਮਜ਼ਬੂਤੀ ਅਤੇ ਏਕਤਾ ਦੇ ਕੀਤੇ ਜਾ ਰਹੇ ਯਤਨਾਂ ਨੂੰ ਵੀ ਭਾਰੀ ਸੱਟ ਵੱਜ ਰਹੀ ਹੈ। ਬਾਬਾ ਬਲਬੀਰ ਸਿੰਘ ਦੇ ਪਰਿਵਾਰ ਦੇ 7 ਜੀਅ ਇਨ੍ਹਾਂ ਲੜਾਈਆਂ ਕਾਰਨ ਜਾਨ ਗਵਾ ਚੁੱਕੇ ਹਨ। ਪਹਿਲਾਂ ਸਤੰਬਰ 2007 ਵਿਚ ਪਟਿਆਲੇ ਅਤੇ ਜਨਵਰੀ 2009 ਵਿਚ ਬਠਿੰਡਾ ਜ਼ਿਲ੍ਹੇ ਵਿਚ ਬੁੱਢਾ ਦਲ ਉਪਰ ਹਮਲੇ ਹੋਏ ਸਨ । ਉਦੋਂ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਹਮਲਿਆਂ ਦੇ ਦੋਸ਼ੀਆਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ।  ਜ਼ਮਾਨਤਾਂ ਉਪਰ ਬਾਹਰ ਆ ਰਹੇ ਹਮਲਾਵਰਾਂ ਵੱਲੋਂ ਸਿਆਸੀ ਸ਼ਹਿ ’ਤੇ ਬੁੱਢਾ ਦਲ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਉਪਰ ਕਬਜ਼ੇ ਲਈ ਕੀਤੇ ਜਾ ਰਹੇ ਹਮਲਿਆਂ ਨੂੰ ਹਮਾਇਤ ਦੇਣ ਵਾਲੀ ਲੀਡਰਸ਼ਿਪ ਸਿੱਖ ਪੰਥ ਦੀ ਏਕਤਾ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਦੇ ਹਿੱਸੇਦਾਰ ਬਣ ਰਹੇ ਹਨ। ਹਾਲਾਂ ਕਿ ਪੁਰਾਣੀਆਂ ਗ਼ਲਤੀਆਂ ਤੋਂ ਸਬਕ ਸਿੱਖਣ ਦੀ ਲੋੜ ਸੀ। ਛਾਉਣੀ ਦਾ ਵਿਵਾਦ ਕਾਫ਼ੀ ਪੁਰਾਣਾ ਹੈ। ਕਬਜ਼ੇ ਦੀ ਭਾਵਨਾ ਦੀ ਥਾਂ ਦਲ ਪੰਥ ਦੇ ਆਗੂਆਂ ਨੂੰ ਮਿਲ ਬੈਠ ਕੇ ਮਸਲੇ ਦਾ ਹੱਲ ਕੱਢ ਲਿਆ ਜਾਣਾ ਚਾਹੀਦਾ ਸੀ। ਜਿਸ ਦਲ ਪੰਥ ਪ੍ਰਤੀ ਪ੍ਰਾਪੇਗੰਡੇ ਦੀ ਖੇਡ ਅਕਾਲੀਆਂ ਵੱਲੋਂ ਖੇਡੀ ਜਾ ਰਹੀ ਹੈ ਉਹ ਗੁਰੂ ਪੰਥ ਦੀ ਇਤਿਹਾਸਕ ਜਥੇਬੰਦੀ ਹੈ। ਜਿਸ ਦੀਆਂ ਪੰਥ ਅਤੇ ਦੇਸ਼ ਕੌਮ ਪ੍ਰਤੀ ਵੱਡੀਆਂ ਘਾਲਣਾਵਾਂ ਹਨ। ਮੁਗ਼ਲ ਅਤੇ ਅਫ਼ਗ਼ਾਨੀਆਂ ਤੋਂ ਇਲਾਵਾ ਦੇਸ਼ ਦੀ ਆਨ ਸ਼ਾਨ ਅਤੇ ਪੰਜਾਬ ’ਤੇ ਖ਼ਾਲਸਾਈ ਝੰਡਾ ਝੁਲਾਉਣ ਅਤੇ ਫਿਰ ਇਸ ਦੀ ਅਜ਼ਾਦੀ ਖ਼ਾਤਰ ਅੰਗਰੇਜ਼ਾਂ ਨਾਲ ਯੁੱਧ ਕਰਦਿਆਂ ਕੁਰਬਾਨੀਆਂ ਦਾ ਇਤਿਹਾਸ ਸਿਰਜਣ ’ਚ ਇਹ ਜਥੇਬੰਦੀ ਹਮੇਸ਼ਾਂ ਮੂਹਰੇ ਰਹੀ।

ਬੁੱਢਾ ਦਲ ਦੇ ਮੁਖੀ ਤੇ ਸਾਰੇ ਨਿਹੰਗ ਸਿੰਘ ਨੀਲੇ ਵਸਤਰ ਪਹਿਨਦੇ ਹਨ ਅਤੇ ਸਿੱਖੀ ਜੀਵਨ ਪੱਖੋਂ ਵੀ ਮਰਯਾਦਾ ਦੇ ਪੱਕੇ ਧਾਰਨੀ ਹਨ। ਨਿਹੰਗ ਸਿੰਘਾਂ ਦਾ ਜ਼ਿਆਦਾਤਰ ਸਬੰਧ ਖ਼ਾਲਸਾ ਪੰਥ ਬੁੱਢਾ ਦਲ ਨਾਲ ਸੀ। ਇਕ ਸਮਾਂ ਸੀ ਜਦੋਂ ਬੁੱਢਾ ਦਲ ਵਿਚ ਸਿੰਘਾਂ ਦੀ ਤੇਜ਼ੀ ਨਾਲ ਵਧਦੀ ਭਰਤੀ ਨੂੰ ਵੇਖਦਿਆਂ ਸਿੰਘ ਸਾਹਿਬ ਬਾਬਾ ਨਵਾਬ ਕਪੂਰ ਸਿੰਘ ਜੀ ਨੇ ਸਿਰ ਕੱਢ ਸਿਆਣੇ ਸਿੰਘਾਂ ਨਾਲ ਵਿਚਾਰ ਵਟਾਂਦਰੇ ਉਪਰੰਤ ਗੁਰਮਤਾ ਪਕਾਇਆ ਅਤੇ ਬੁੱਢਾ ਦਲ ਦੀ ਅਗਵਾਈ ਵਿਚ ਪੰਜ ਤਰਨਾ ਦਲ ਬਣਾ ਕੇ ਇਨ੍ਹਾਂ ਦਾ ਉਤਾਰਾ ਪੰਜ ਸਰੋਵਰਾਂ ’ਤੇ ਕੀਤਾ। ਇਹ ਸਮੂਹ ਤਰਨਾ ਦਲ ਅੱਜ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿੱਚ ਹੀ ਵਿਚਰਦੇ ਹਨ। ਨਿਹੰਗ ਸਿੰਘਾਂ ਦੀਆਂ ਛਾਉਣੀਆਂ ਵਿਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸ੍ਰੀ ਦਸਮ ਗ੍ਰੰਥ ਸਾਹਿਬ ਅਤੇ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਇਹ ਨਿੱਤਨੇਮ ਕਰਨ ਵਿੱਚ ਪੱਕੇ ਹਨ ਅਤੇ ਸਿੱਖ ਮਰਯਾਦਾ ਦੇ ਧਾਰਨੀ ਹਨ। ਚੰਡੀ ਦੀ ਵਾਰ ਦਾ ਨਿੱਤ ਪਾਠ ਕਰਕੇ ਇਹ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ।ਇਨ੍ਹਾਂ ਦੁਆਰਾ ਵਰਤੀ ਗਈ ਸੰਕਟ ਦੇ ਸਮੇਂ ਨੂੰ ਹੁਲਾਰਾ ਦੇਣ ਵਾਲੀ ਸ਼ਬਦਾਵਲੀ (ਨਿਹੰਗ ਸਿੰਘਾਂ ਦੇ ਬੋਲੇ) ਇਨ੍ਹਾਂ ਦੀ ਚੜ੍ਹਦੀ ਕਲਾਂ ਵਾਲੀ ਮਾਨਸਿਕਤਾ ਦੀ ਪ੍ਰਤੀਕ ਹੈ।

ਅਠਾਰ੍ਹਵੀਂ ਸਦੀ ਵਿਚ ਜਦੋਂ ਸਿੱਖ ਫ਼ੌਜਾਂ ਨੇ ਸਰਹਿੰਦ ਨੂੰ ਜਿੱਤ ਲਿਆ ਤਾਂ ਸਾਰੀਆਂ ਮਿਸਲਾਂ ਦੇ ਸਰਦਾਰਾਂ ਨੇ ਵੱਧ ਤੋਂ ਵੱਧ ਇਲਾਕਾ ਆਪਣੇ ਕਬਜ਼ੇ ਅਧੀਨ ਕਰਕੇ ਰਿਆਸਤਾਂ ਦੀ ਸਥਾਪਨਾ ਕੀਤੀ, ਜਿਸ ਕਰਕੇ ਪਰਸਪਰ ਵੈਰ-ਵਿਰੋਧ ਵਧਿਆ। ਪਰ ਨਿਹੰਗ ਸਿੰਘ ਫ਼ੌਜਾਂ ਨੇ ਆਪਣੇ ਆਪ ਨੂੰ ਇਸ ਪ੍ਰਕਾਰ ਦੇ ਲਾਲਚ ਅਤੇ ਵਿਵਾਦ ਤੋਂ ਦੂਰ ਰੱਖਿਆ। ਦੀਵਾਲੀ ਤੇ ਵਿਸਾਖੀ ਦੇ ਜੋੜ ਮੇਲਿਆਂ ਸਮੇਂ ਇਹ ਅਕਾਲ ਤਖ਼ਤ ਉੱਤੇ ਇਕੱਠੇ ਹੁੰਦੇ ਰਹਿੰਦੇ ਅਤੇ ਆਪਣੀ ਸਿਦਕ ਦਿਲੀ ਅਤੇ ਤਿਆਗੀ ਮਾਨਸਿਕਤਾ ਕਰਕੇ ਸਿੱਖ ਸਮਾਜ ਵਿਚ ਵਿਚਰਦੇ ਰਹੇ। ਦੀ ਪੰਥ ਵਿਚ ਬੜੇ ਸਤਿਕਾਰੇ ਜਾਂਦੇ ਜਥੇਦਾਰ ਬਾਬਾ ਫੂਲਾ ਸਿੰਘ ਜੀ ਅਕਾਲੀ ਅਕਾਲ ਤਖ਼ਤ ਦੀ ਸੇਵਾ ਸੰਭਾਲ ਕਰਦੇ ਰਹੇ । ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਆਪਣੇ ਅਧਿਕਾਰ ਅਧੀਨ ਕਰਕੇ ਰਾਜ ਦੀ ਸਥਾਪਨਾ ਕੀਤੀ ਤਾਂ ਵੀ ਨਿਹੰਗ ਸਿੰਘਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਰੱਖੀ। ਮਹਾਰਾਜੇ ਨੇ ਨਿਹੰਗ ਸਿੰਘਾਂ ਨੂੰ ਆਪਣੀ ਸੈਨਾ ਵਿਚ ਭਰਤੀ ਕਰਨਾ ਚਾਹਿਆ, ਪਰ ਇਨ੍ਹਾਂ ਨੇ ਨੌਕਰੀ ਕਰਨ ਤੋਂ ਨਾਂਹ ਕੀਤੀ। ਇਨ੍ਹਾਂ ਪੰਥ ਦਰਦੀਆਂ ਨੇ ਖ਼ੁਦ-ਮੁਖ਼ਤਿਆਰ ਰਹਿੰਦੇ ਹੋਇਆ ਵੀ ਲੋੜ ਪੈਣ ’ਤੇ ਸਿੱਖ-ਰਾਜ ਦੇ ਵਿਸਥਾਰ ਵਿੱਚ ਮਹਾਰਾਜ ਰਣਜੀਤ ਸਿੰਘ ਦੀ ਡਟ ਕੇ ਨਿਰਸਵਾਰਥ ਮਦਦ ਕੀਤੀ। ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕਸੂਰ, ਮੁਲਤਾਨ, ਕਸ਼ਮੀਰ ਆਦਿ ਦੀਆਂ ਲੜਾਈਆਂ ਵਿਚ ਪੂਰੀ ਗਰਮਜੋਸ਼ੀ ਨਾਲ ਹਿੱਸਾ ਲਿਆ। ਸੰਨ 1823 ਈਸਵੀ ਵਿਚ ਹੋਈ ਨੌਸ਼ਹਿਰਾ ਦੀ ਲੜਾਈ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਫੂਲਾ ਸਿੰਘ ਜੀ ਅਕਾਲੀ ਨੇ ਬਹਾਦਰੀ ਨਾਲ ਸ਼ਹੀਦੀ ਪ੍ਰਾਪਤ ਕੀਤੀ। ਪੰਜਾਬ ਨੂੰ ਅੰਗਰੇਜ਼ਾਂ ਤੋਂ ਸੁਰਖ਼ਰੂ ਰੱਖਣ ਖ਼ਾਤਰ ਦਲ ਪੰਥ ਦੇ ਸੱਤਵੇਂ ਮੁਖੀ ਜਥੇਦਾਰ ਹਨੂਮਾਨ ਸਿੰਘ ਨੇ 90 ਸਾਲ ਦੀ ਉਮਰ ਵਿਚ ਸੋਹਾਣਾ ਦੀ ਲੜਾਈ ’ਚ ਅੰਗਰੇਜ਼ਾਂ ਨਾਲ ਟਾਕਰਾ ਕਰਦਿਆਂ ਸ਼ਹੀਦੀ ਪਾਈ। ਉਨ੍ਹਾਂ ਤੋਂ ਬਾਅਦ ਬੁੱਢਾ ਦਲ ਦੇ ਅੱਠਵੇਂ ਮੁਖੀ ਜਥੇਦਾਰ ਪ੍ਰਹਿਲਾਦ ਸਿੰਘ ਵੀ ਲੜਦਿਆਂ ਸ਼ਹੀਦੀ ਜਾਮ ਪੀਤਾ।

ਮੌਜੂਦਾ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਦ੍ਹਵੇਂ ਜਥੇਦਾਰ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਲ ਪੰਥ ਦੀਆਂ ਸੇਵਾਵਾਂ ਨਿਭਾ ਰਹੇ ਹਨ। ਬੁੱਢਾ ਦਲ ਦੇ 13ਵੇਂ ਜਥੇਦਾਰ ਬਾਬਾ ਸੰਤਾ ਸਿੰਘ ਦਲ ਪੰਥ ਵਿੱਚ ਕਥਾ ਵਿਖਿਆਨ ਕਰਦੇ ਹੁੰਦੇ ਸਨ ਕਿ 8-9 ਸਾਲ ਦੀ ਬਚਪਨ ਆਯੂ ਵਿਚ ਹੀ ਭੁਜੰਗੀ ਬਲਬੀਰ ਸਿੰਘ ਬੁੱਢਾ ਦਲ ਵਿਚ ਭਰਤੀ ਹੋ ਗਏ। ਇਨ੍ਹਾਂ ਨੇ ਬਾਬਾ ਸੰਤਾ ਜੀ ਦੇ ਹਜ਼ੂਰੀ ਸੇਵਕ, ਗੜਵਈ ਵੀ ਰਹੇ ਫਿਰ ਪੀ. ਏ. ਅਤੇ ਮੁਖਤਾਰੇਆਮ ਵੀ ਬਣੇ। ਦਲ ਦੇ ਧਾਰਮਿਕ ਰਸਾਲਾ ਨਿਹੰਗ ਸਿੰਘ ਸੰਦੇਸ਼ ਦੇ ਸੰਪਾਦਕ ਵੀ ਰਹੇ। ਬਾਬਾ ਸੰਤਾ ਸਿੰਘ ਜੀ ਨੇ ਬਾਬਾ ਬਲਬੀਰ ਸਿੰਘ ਦੀਆਂ ਸੇਵਾਵਾਂ ਤੇ ਦਲ ਪੰਥ ਪ੍ਰਤੀ ਸਮਰਪਿਤ ਭਾਵਨਾ ਨੂੰ ਦੇਖਦਿਆਂ 18-04-2007 ਨੂੰ ਆਪਣਾ ਉੱਤਰਾਧਿਕਾਰੀ ਬਣਾ ਦਿੱਤਾ ਸੀ। ਉਨ੍ਹਾਂ ਨੇ 01-10-2007 ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵੇਂ ਤਖ਼ਤ ਦੀ ਬਤੌਰ ਜਥੇਦਾਰ ਕਮਾਂਡ ਸੰਭਾਲੀ ਅਤੇ ਗੁਰਮਤਿ ਪ੍ਰਚਾਰ, ਅੰਮ੍ਰਿਤ ਸੰਚਾਰ ਅਤੇ ਹੋਰ ਪੰਥਕ ਕਾਰਜਾਂ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਅ ਰਹੇ ਹਨ। ਉਨ੍ਹਾਂ ਸੇਵਾ ਦੇ ਮਾਰਗ ਵਿੱਚ ਅਨੇਕਾਂ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਜਥੇਦਾਰ ਬਾਬਾ ਬਲਬੀਰ ਸਿੰਘ ਨੇ ਹਰ ਪੰਥਕ ਸੰਘਰਸ਼ ਵਿੱਚ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ ਖੜ੍ਹੇ ਰਹਿ ਕੇ ਸਿੱਖ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਹੈ। ਬੁੱਢਾ ਦਲ ਦੀਆਂ ਛਾਉਣੀਆਂ ਤੇ ਸਕੂਲਾਂ ਦੀਆਂ ਸੁੰਦਰ ਇਮਾਰਤਾਂ ਦੀਆਂ ਸੇਵਾਵਾਂ ਸ਼ੁਰੂ ਕਰਵਾਈਆਂ ਗਈਆਂ ਹਨ। ਬਾਬਾ ਬਲਬੀਰ ਸਿੰਘ ਨੇ ਡੂੰਘੀ ਦਿਲਚਸਪੀ ਲੈ ਕੇ ਹੋਰ ਨਵੀਂਆਂ ਛਾਉਣੀਆਂ ਅਤੇ ਉਨ੍ਹਾਂ ਦੀਆਂ ਸੁੰਦਰ ਇਮਾਰਤਾਂ ਉਸਾਰੀਆਂ ਹਨ। ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦੀ ਯਾਦ ਵਿੱਚ ਬਹੁਤ ਸੁੰਦਰ ਤੇ ਯਾਦਗਾਰੀ ਗੇਟ ਡਿਉੜੀ ਨੁਮਾ ਅੰਮ੍ਰਿਤਸਰ ਸਾਹਿਬ ਵਿਖੇ ਬਣਾਇਆ ਗਿਆ ਹੈ। ਗੁ: ਮੱਲ ਅਖਾੜਾ ਪਾ: 6ਵੀਂ ਦੇ ਬਿਲਕੁਲ ਨਜ਼ਦੀਕ ਹੀ ਛੇ ਮੰਜ਼ਲੀ ਸਰਾਂ ਬਣਾਈ ਜਾ ਰਹੀ ਹੈ ਜਿਸ ਦੀ ਇਮਾਰਤ ਤਿਆਰ ਹੈ ਬਾਕੀ ਤਿਆਰੀ ਹੋ ਰਹੀ ਹੈ। ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਸੁਲਤਾਨਪੁਰ ਲੋਧੀ ਵਿਖੇ ਚਾਰਦੀਵਾਰੀ, ਸਿੰਘਾਂ ਲਈ ਅਰਾਮਦਾਇਕ ਰਹਾਇਸ਼ੀ ਕਮਰੇ, ਗੁਰੂ ਮਹਾਰਾਜ ਦਾ ਦਰਬਾਰ ਅਤੇ ਘੋੜਿਆਂ ਲਈ ਅਰਾਮਦਾਇਕ ਤਬੇਲਾ ਆਦਿ ਤਿਆਰ ਕੀਤੇ ਗਏ ਹਨ।

ਪ੍ਰੋ: ਸਰਚਾਂਦ ਸਿੰਘ ਖਿਆਲਾ

ਬਾਬਾ ਬਲਬੀਰ ਸਿੰਘ ਅਕਾਲੀ ਦੀ ਦੂਰਅੰਦੇਸ਼ੀ ਦਾ ਸਿੱਟਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਪ੍ਰੇਰ ਕੇ ਬੁੱਢਾ ਦਲ ਦੇ ਸਾਰੇ ਮੁਖੀ ਜਥੇਦਾਰ ਸਾਹਿਬਾਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਸ਼ੋਭਿਤ ਕਰਵਾਇਆਂ ਗਈਆਂ ਹਨ। ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਇਹਨਾਂ ਮਹਾਨ ਸ਼ਖ਼ਸੀਅਤਾਂ ਦੇ ਦਰਸ਼ਨ ਕਰਕੇ ਇਤਿਹਾਸ ਤੋਂ ਜਾਣੂ ਹੋ ਰਹੀਆਂ ਹਨ। ਬੁੱਢਾ ਦਲ ਦੇ ਸਾਰੇ ਮੁਖੀ ਜਥੇਦਾਰ ਸਾਹਿਬਾਨਾਂ ਦੀਆਂ ਜੀਵਨੀਆਂ ਲਿਖਵਾ ਕੇ ਪ੍ਰਕਾਸ਼ਿਤ ਕਰਨ ਦਾ ਮਹੱਤਵਪੂਰਨ ਗੁਰਮਤਾ, ਨਿਹੰਗ ਸਿੰਘਾਂ ਦਾ ਜੀਵਨ ਅਤੇ ਪਿਛੋਕੜ ਸੰਬੰਧੀ ਲਿਟਰੇਚਰ, ਨਿਹੰਗ ਸਿੰਘ ਸੰਦੇਸ਼ ਮਾਸਕ ਪੱਤਰ ਦਾ ਲਗਾਤਾਰ ਸਚਿਤਰ ਰੂਪ ਵਿੱਚ ਪ੍ਰਕਾਸ਼ਿਤ ਕਰਾਉਣਾ, ਸਮੂਹ ਛਾਉਣੀਆਂ ਦੀ ਸੁਚਿੱਤਰ ਪੁਸਤਕ ਆਦਿ ਜਿਹੇ ਸਾਰੇ ਕਾਰਜ ਕਰਾ ਰਹੇ ਹਨ। ਬੁੱਢਾ ਦਲ ਦੇ ਮੁਖੀ ਸਾਹਿਬਾਨਾਂ ਦੇ ਜੀਵਨ ਤੇ ਰੋਸ਼ਨੀ ਪਾਉਂਦੀਆਂ ਵੱਡ ਆਕਾਰੀ ਨਿੱਗਰ ਜਾਣਕਾਰੀ ਭਰਪੂਰ ਪੋਥੀਆਂ ਜਿਵੇਂ ਦਲ ਪੰਥ ਦੇ ਪਹਿਲੇ ਮੁਖੀ ਸਿੰਘ ਸਾਹਿਬ ਬਾਬਾ ਬਿਨੋਦ ਸਿੰਘ ਜੀ, ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ, ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਫੂੱਲਾ ਸਿੰਘ ਜੀ ਅਕਾਲੀ  “ਨਿਹੰਗ ਸਿੰਘਾਂ ਦੇ ਖ਼ਾਲਸਾਈ ਗੜਗੱਜ ਬੋਲੇ”, ਆਦਿ ਛਪ ਚੁੱਕੀਆਂ ਸਨ। ਗੁਰੂ ਨਾਨਕ ਸਾਹਿਬ ਜੀ ਦੇ ਪੰਜ ਸੌ ਪੰਜਾਹ ਸਾਲਾਂ ਪ੍ਰਕਾਸ਼ ਪੁਰਬ ਤੇ ਪੰਜ ਸੌ ਪੰਜਾਹ ਪੰਨਿਆਂ ਦਾ ਨਿਹੰਗ ਸਿੰਘ ਸੰਦੇਸ਼ ਵਿਸ਼ੇਸ਼ ਅੰਕ, ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ਅੰਕ ਕੱਢੇ ਗਏ।

 ਜਥੇਦਾਰ ਬਾਬਾ ਬਲਬੀਰ ਸਿੰਘ ਦੀ ਦਲ ਪੰਥ ਨੂੰ ਵੱਡੀ ਦੇਣ ਹੈ। ਬੁੱਢਾ ਦਲ ਕਿਸੇ ਸਿਆਸੀ ਪਾਰਟੀ ਦਾ ਮੁਥਾਜ ਨਹੀਂ ਹੈ।  ਉਨ੍ਹਾਂ ਵੱਲੋਂ ਨਿਹੰਗ ਸਿੰਘਾਂ ਸਮੇਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪ੍ਰਚਾਰ ਯਾਤਰਾ ’ਤੇ ਦੌਰਾਨ  ਨਿਹੰਗ ਸਿੰਘਾਂ ਦੇ ਦੂਸਰੇ ਧੜੇ ਵੱਲੋਂ ਅਕਾਲ ਬੁੰਗਾ ਨਵਾਬ ਕਪੂਰ ਸਿੰਘ ਸੁਲਤਾਨਪੁਰ ਲੋਧੀ ’ਤੇ ਜਬਰੀ ਕਬਜ਼ਾ ਜਮਾਉਣ ਦੀ ਕੋਸ਼ਿਸ਼ ਮੰਦਭਾਗਾ ਹੈ। ਕਿਸੇ ਜ਼ਿੰਮੇਵਾਰ ਵਿਅਕਤੀ ਦੀ ਗੈਰ ਮੌਜੂਦਗੀ ਵਿਚ ਕਿਸੇ ਦੀ ਸਥਾਨ ’ਤੇ ਹਮਲਾ ਕਰਨਾ ਕਮਜ਼ੋਰ ਮਨੁੱਖ ਦੀ ਨਿਸ਼ਾਨੀ ਹੈ। ਕਿਸੇ ਵੀ ਸਿਆਸੀ ਧਿਰ ਨੂੰ ਅਪਰਾਧਿਕ ਬਿਰਤੀ ਵਾਲੇ ਵਿਅਕਤੀ ਜੋ ਅਮਨ ਸ਼ਾਂਤੀ ਲਈ ਖ਼ਤਰਾ ਹਨ, ਲਈ ਢਾਲ ਨਹੀਂ ਬਣਨਾ ਚਾਹੀਦਾ। ਅਕਾਲੀ ਲੀਡਰਸ਼ਿਪ ਦੀ ਬੁੱਢਾ ਦਲ ਪ੍ਰਤੀ ਪਹੁੰਚ ਨਾਲ ਪੰਥਕ ਮਲਿਆਂ ਨੂੰ ਲੈ ਕੇ ਮੁਸ਼ਕਲ ਵਾਲੀ ਸਥਿਤੀ ਬਣ ਸਕਦੀ ਹੈ।

ਪ੍ਰੋ. ਸਰਚਾਂਦ ਸਿੰਘ ਖਿਆਲਾ
9781355522

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ

ਸਾਹਿਤਕ ਸਰੋਕਾਰਾਂ ਦੀ ਰੋਸ਼ਨੀ ਵਿੱਚ ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ, ਫਲਸਫ਼ਾ, ਮਹਿਮਾ ਅਤੇ ਸਬੰਧਤ ਅਸਥਾਨ

ਗੁਰੂ ਸਾਹਿਬਾਨ ਦਾ ਜੀਵਨ ਅਤੇ ਬਾਣੀ ਸਿੱਖ ਸੰਗਤ ਨੂੰ ਪ੍ਰਭੂ-ਮੁਖੀ ਜੀਵਨ-ਜਾਚ ਧਾਰਨ ਕਰਨ ਦੇ ਨਾਲ-ਨਾਲ ਸਮਾਜ ਵਿਚ ਸੇਵਾ, ਸੰਜਮ, ਸੱਚਾਈ ਅਤੇ ਸਦਾਚਾਰਿਕ ਜੀਵਨ ਆਦਰਸ਼ਾਂ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਦੀ ਹੈ। ਬਾਣੀ ਅਧਿਆਤਮਿਕ ਉਚਤਾ ਪ੍ਰਦਾਨ ਕਰਨ ਦਾ ਕਾਰਜ ਕਰਦੀ ਹੈ ਅਤੇ ਗੁਰੂ ਸਾਹਿਬ ਦੀਆਂ ਜੀਵਨ-ਯਾਤਰਾਵਾਂ ਵਿਚੋਂ ਗੁਰ-ਇਤਿਹਾਸ, ਗੁਰ-ਮਰਯਾਦਾ, ਗੁਰ-ਮਹਿਮਾਂ ਅਤੇ ਸਮਕਾਲੀ ਗੁਰਸਿੱਖਾਂ ਦੇ ਦਰਸ਼ਨ ਹੁੰਦੇ ਹਨ। ਜਿਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਹਰ ਗੁਰਸਿੱਖ ਯਤਨਸ਼ੀਲ ਰਹਿੰਦਾ ਹੈ।

ਹੱਥਲੀ ਪੁਸਤਕ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ ਅਤੇ ਚਰਨ ਛੋਹ ਅਸਥਾਨਾਂ ਨਾਲ ਸਬੰਧਿਤ ਹੈ ਅਤੇ ਗੁਰੂ ਜੀ ਦੇ 200 ਤੋਂ ਵਧੇਰੇ ਚਰਨ ਛੋਹ ਅਸਥਾਨਾਂ ਦੇ ਨਾਲ-ਨਾਲ ਉਨ੍ਹਾਂ ਦੀ ਮਹਿਮਾ ਅਤੇ ਸਮਕਾਲੀ ਸਿੱਖਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੈ। ਗੁਰੂ ਜੀ ਦੁਆਰਾ ਉਚਾਰੀ ਗਈ ਬਾਣੀ, ਹੁਕਮਨਾਮੇ, ਚਰਨਛੋਹ ਪ੍ਰਾਪਤ ਅਸਥਾਨਾਂ ਦੀ ਖੋਜ ਭਰਪੂਰ ਜਾਣਕਾਰੀ ਹੈ।

ਡਾ. ਪਰਮਵੀਰ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਉਪਦੇਸ਼ਾਂ, ਹੁਕਨਾਮਿਆਂ, ਵੱਖ-ਵੱਖ ਸਰੋਤਾਂ ਵਿੱਚ ਅੰਕਿਤ ਮਹਿਮਾ, ਸ਼ਰਧਾਵਾਨ ਪ੍ਰੇਮੀਆਂ, ਗੁਰੂ ਜੀ ਦੇ ਚਰਨ-ਛੋਹ ਪ੍ਰਾਪਤ ਗੁਰ ਅਸਥਾਨਾਂ ਤੇ ਨਿੱਜੀ ਤੌਰ ਤੇ ਪਹੁੰਚ ਕੇ ਤਸਵੀਰਾਂ ਅਤੇ ਜੋ ਉਥੋਂ ਦੇ ਵਸਨੀਕਾਂ ਤੋਂ ਕੀਮਤੀ ਜਾਣਕਾਰੀ ਪ੍ਰਾਪਤ ਕੀਤੀ, ਉਸ ਨੂੰ ਇਸ ਪੁਸਤਕ ਵਿੱਚ ਦਰਜ ਕੀਤਾ ਹੈ।

ਗੁਰੂ ਤੇਗ ਬਹਾਦਰ ਜੀ ਉਸ ਸਮੇਂ ਦੇ ਚਸ਼ਮਦੀਦ ਗਵਾਹ ਸਨ। ਜਦੋਂ ਸਿੱਖ ਪੰਥ ਮੀਰੀ-ਪੀਰੀ ਦੇ ਸਬੱਬ ਮੁਗ਼ਲ ਹਕੂਮਤ ਨਾਲ ਸੈਨਿਕ ਸੰਘਰਸ਼ ਦੇ ਤਜ਼ਰਬੇ ਵਿਚੋਂ ਗੁਜ਼ਰ ਰਿਹਾ ਸੀ। ਨੌਵੇਂ ਪਾਤਸ਼ਾਹ ਨੇ 1664 ਈ. ਵਿਚ ਗੁਰਿਆਈ ਉਸ ਵਕਤ ਸੰਭਾਲੀ ਸੀ ਜਦ ਮੀਣੇ, ਧੀਰਮੱਲੀਏ ਤੇ ਰਾਮਰਾਈਏ ਗੁਰੂਆਂ ਦੀਆਂ ਸਰਗਰਮੀਆਂ ਕਾਰਨ ਸਿੱਖ ਪੰਥ ਦੀ ਧਾਰਮਿਕ ਮੌਲਿਕਤਾ ਤੇ ਸਮਾਜਕ ਏਕਤਾ ਦਾਅ ‘ਤੇ ਲੱਗੀ ਹੋਈ ਸੀ। ਸਿੱਖ ਧਰਮ ਦਾ ਪ੍ਰਚਾਰ ਤੇ ਸੰਗਠਨਾਤਮਿਕ ਢਾਂਚਾ ਮਸੰਦ ਸਿਸਟਮ ਵਿਚ ਫੁੱਟ ਦੇ ਕਾਰਨ ਚਰਮਰਾ ਗਿਆ ਸੀ। ਸਿੱਖ ਪੰਥ ਉਪਰ ਸੰਕਟ ਦੇ ਵੀ ਗਹਿਰੇ ਬੱਦਲ ਛਾਏ ਹੋਏ ਸਨ। ਮੁਗ਼ਲ ਬਾਦਸ਼ਾਹ ਔਰਗਜ਼ੇਬ, ਸਿੱਖ ਧਰਮ ਦੇ ਪ੍ਰਚਾਰ ਤੇ ਪਾਸਾਰ ਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਦੇਖਦਾ ਸੀ ਤੇ ਸਿੱਖ ਪੰਥ ਦੀ ਵਾਗਡੋਰ ਮੁਗ਼ਲ ਹਕੂਮਤ ਦੇ ਕਿਸੇ ਵਫ਼ਾਦਾਰ ਸ਼ਖ਼ਸ ਨੂੰ ਦੇਣੀ ਚਾਹੁੰਦਾ ਸੀ।

ਗੁਰੂ ਜੀ ਦੇ ਆਪਣੇ ਹੱਥੀਂ ਸਿੱਖ ਸੰਗਤਾਂ ਨੂੰ ਲਿਖੇ ਹੁਕਮਨਾਮੇ ਪੰਜਾਬੀ ਵਿੱਚ ਖੁਸ਼-ਖ਼ਾਤੀ ਦੇ ਅਨੂਪਮ ਨਮੂਨੇ ਹਨ ਜੋ ਉਹਨਾਂ ਨੂੰ ਪੰਜਾਬੀ ਭਾਸ਼ਾ ਵਿਚ ਪੱਤਰ ਲੇਖਨ ਕਲਾ ਦੇ ਮੋਢੀ ਸਾਬਿਤ ਕਰਦੇ ਹਨ। ਵਿਸ਼ਵ-ਸ੍ਰਿਸ਼ਟੀ ਦੇ ਪੱਖੋਂ ਗੁਰੂ ਸਾਹਿਬ ਦਾ ਇਹ ਮਹਾਂਵਾਕ ‘ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ’ ਬੇਖ਼ੌਫ ਜੀਵਨ-ਸ਼ੈਲੀ ਨੂੰ ਪ੍ਰਤਿਪਾਦਤ ਕਰਦਾ ਵਿਸ਼ਵ ਵਿਚ ਅਮਨ-ਸ਼ਾਂਤੀ ਦੇ ਸਹਿਹੋਂਦ ‘ਤੇ ਆਧਾਰਿਤ ਬਹੁ-ਬਿਧਿ ਸਭਿਆਚਾਰਕ ਵਿਵਸਥਾ ਦੀ ਸਥਾਪਤੀ ਲਈ ਸਰਬ ਸਾਂਝੇ ਐਲਾਨਨਾਮੇ ਦੀ ਆਧਾਰ-ਸ਼ਿਲਾ ਬਣਦਾ ਹੈ। ਗੁਰੂ ਤੇਗ ਬਹਾਦਰ ਜੀ ਦਾ ਜੀਵਨ-ਦਰਸ਼ਨ, ਸ਼ਹੀਦੀ ਤੇ ਵਿਰਾਸਤ, ਮਨੁੱਖਤਾ ਦਾ ਬੇਸ਼ਕੀਮਤੀ ਸਰਮਾਇਆ ਹੈ, ਜੋ ਬੇਇਨਸਾਫੀ ਤੇ ਜ਼ੁਲਮ ਵਿਰੁੱਧ ਸਚਾਈ ਦੇ ਪਹਿਰੇਦਾਰਾਂ ਵਾਸਤੇ ਉਤਸ਼ਾਹ ਤੇ ਪ੍ਰੇਰਨਾ ਦਾ ਸਰੋਤ ਹੈ। ਸਿੱਖ ਪੰਥ ਦੀ ਅਰਦਾਸ ਦਾ ਇਹ ਜ਼ੁਜ਼, ‘ਤੇਗ ਬਹਾਦਰ ਸਿਮਰੀਐ ਘਰ ਨਿਧਿ ਆਵੈ ਧਾਇ। ਸਭ ਥਾਈਂ ਹੋਇ ਸਹਾਇ॥’ ਭਾਵ ਗੁਰੂ ਸਾਹਿਬ ਦੁਨੀਆ ਦੀਆਂ ਸਾਰੀਆਂ ਬਰਕਤਾਂ ਦੇ ਭੰਡਾਰ ਅਤੇ ਨਿਆਸਰਿਆਂ ਦਾ ਆਸਰਾ ਹਨ, ਸਮੁੱਚਾ ਸਿੱਖ ਪੰਥ ਦੀ ਸਾਂਝੀ/ਸਮੂਹਿਕ ਸਿਮ੍ਰਤੀ ਵਿਚ ਬਹੁਤ ਹੀ ਡੂੰਘਾ ਉਕਰਿਆ ਹੋਇਆ ਹੈ, ਜੋ ਬੇਹੱਦ ਸ਼ਰਧਾ ਤੇ ਪ੍ਰੇਰਣਾ ਦਾ ਸਰੋਤ ਹੈ।

ਲੇਖਕ ਨੇ ਮੁੱਢਲੇ ਸਿੱਖ ਸਰੋਤਾਂ ਦੇ ਆਧਾਰ ਉਤੇ ਗੁਰੂ ਤੇਗ ਬਹਾਦਰ ਜੀ ਦਾ ਜੀਵਨ-ਉਦੇਸ਼, ਪ੍ਰਚਾਰ ਯਾਤਰਾਵਾਂ, ਚਰਨ ਛੋਹ ਗੁਰਧਾਮਾਂ, ਸ਼ਹੀਦੀ ਸਾਕਾ, ਸਿੱਖ-ਸੇਵਕ, ਅਭਿਨੰਦਨ, ਆਦਿ ਨੂੰ ਵਿਚਾਰ-ਚਰਚਾ ਦਾ ਵਿਸ਼ਾ ਬਣਾਇਆ ਹੈ ਤਾਂ ਕਿ ਗੁਰੂ ਜੀ ਦੀ ਸ਼ਖ਼ਸੀਅਤ ਦੇ ਅਣਪਛਾਤੇ ਤੇ ਘੱਟ-ਚਰਚਿਤ ਪੱਖ ਵੀ ਰੌਸ਼ਨ ਹੋ ਜਾਣ। ਏਸੇ ਤਰ੍ਹਾਂ ਗੁਰੂ ਸਾਹਿਬ ਦੀ ਧਾਰਮਿਕ ਰਹਿਬਰ ਵਜੋਂ ਪ੍ਰਤਿਭਾ ਤੇ ਕਾਰਜ-ਕੁਸ਼ਲਤਾ ਅਤੇ ਸਿੱਖ ਪੰਥ ਦੇ ਸੰਗਠਨ ਦੀ ਪੁਨਰ-ਸਥਾਪਨਾ ਵਿਚ ਯੋਗਦਾਨ ਨੂੰ ਵੀ ਬਹਿਸ ਦੇ ਕੇਂਦਰ ਵਿਚ ਲਿਆਉਣ ਦਾ ਜਤਨ ਕੀਤਾ ਹੈ। ਵਿਦਵਾਨ ਲੇਖਕ ਨੇ ਨੌਵੇਂ ਗੁਰੂ ਜੀ ਦੀ ਬਾਣੀ ਵਿਚੋਂ ਹਵਾਲੇ ਉਧਰਿਤ ਕਰਕੇ ਉਕਤ ਦ੍ਰਿਸ਼ਟੀਕੋਣ ਨੂੰ ਦਰੁਸਤ ਕਰਨ ਦਾ ਭਰਪੂਰ ਜਤਨ ਕੀਤਾ ਹੈ। ਲੇਖਕ ਨੇ ਗੁਰੂ ਤੇਗ ਬਹਾਦਰ ਜੀ ਦੇ ਉਦੇਸ਼ ਤੇ ਸੰਚਾਰ-ਜੁਗਤਿ ਨੂੰ ਸਮਝਣ ਲਈ ਉਹਨਾਂ ਦੁਆਰਾ ਸਿੱਖ ਸੰਗਤਾਂ ਨੂੰ ਲਿਖੇ ਹੁਕਮਨਾਮਿਆਂ ਦੀ ਗਵਾਹੀ ਰਾਹੀਂ ਪੁਸ਼ਟ ਕਰਨ ਦਾ ਉਦਮ ਕੀਤਾ ਹੈ ਅਤੇ ਦਰਸਾਇਆ ਹੈ ਕਿ ਇਹ ਹੁਕਮਨਾਮੇ ਕਿਵੇਂ ਗੁਰੂ ਸਾਹਿਬ ਦੀ ਕਾਰਜ-ਸ਼ੈਲੀ ਤੇ ਪਹੁੰਚ-ਵਿਧੀ ਦੀਆਂ ਪਰਤਾਂ ਖੋਲ੍ਹਦੇ ਹਨ। ਵਿਭਿੰਨ ਵਰਗਾਂ, ਧਰਮਾਂ, ਜਾਤਾਂ, ਪੇਸ਼ਿਆਂ, ਪ੍ਰਦੇਸਾਂ ਆਦਿ ਦੇ ਲੋਕ ਸ਼ਾਮਿਲ ਸਨ।

ਹੱਥਲੀ ਕਿਤਾਬ ਦੀ ਵਿਸ਼ੇਸ਼ਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਸੰਪਰਕ ਵਿਚ ਆਏ ਸਿੱਖ-ਸੇਵਕਾਂ, ਸ਼ਰਧਾਲੂਆਂ ਤੇ ਪ੍ਰਸ਼ੰਸਕਾਂ ਦੀ ਯਾਦ ਤਾਜ਼ਾ ਕਰਾਉਣ ਤੋਂ ਇਲਾਵਾ ਉਹਨਾਂ ਦੀ ਸ਼ਖ਼ਸੀਅਤ ਤੇ ਸੇਵਾਵਾਂ ਦਾ ਉਲੇਖ ਵੀ ਕਰਦੀ ਹੈ। ਗੁਰੂ ਤੇਗ ਬਹਾਦਰ ਦੀਆਂ ਯਾਤਰਾਵਾਂ ਦੇ ਰਸਤਿਆਂ ਤੇ ਚਰਨ ਛੋਹ ਗੁਰਧਾਮਾਂ ਨੂੰ ਇਤਿਹਾਸਿਕ ਕ੍ਰਮ ਵਿਚ ਪ੍ਰਸਤੁਤ ਕਰਨਾ ਬਹੁਤ ਹੀ ਕਠਿਨ ਕਾਰਜ ਹੈ ਕਿਉਂਕਿ ਸਿੱਖ ਸਰੋਤਾਂ ਵਿਚ ਇਸ ਬਾਰੇ ਬਹੁਤ ਭੰਬਲ-ਭੂਸਾ ਹੈ। ਮੌਜੂਦਾ ਪੋਥੀ ਵਿਚ ਲੇਖਕ ਨੇ ਭਾਰਤ ਦੇ ਉੱਤਰ-ਪੂਰਬੀ ਉੱਤਰ ਪ੍ਰਦੇਸ, ਬਿਹਾਰ, ਪੂਰਬੀ-ਬੰਗਾਲ, ਆਸਾਮ ਤੇ ਅਜੋਕੇ ਬੰਗਲਾਦੇਸ਼ ਅਤੇ ਮਾਲਵਾ ਵਿਚ ਗੁਰੂ ਤੇਗ ਬਹਾਦਰ ਜੀ ਦੀ ਦੀ ਚਰਨ ਛੋਹ ਗੁਰਧਾਮਾਂ ਦੀ ਵਿਸਤ੍ਰਿਤ ਤੇ ਨਵੀਨਤਮ ਜਾਣਕਾਰੀ ਜੋ ਉਸ ਨੇ ਮੌਕੇ ਉੱਤੇ ਜਾ ਕੇ ਗ੍ਰਹਿਣ ਕੀਤੀ ਜੁਟਾਈ ਹੈ,।ਇਸ ਵਿਚ ਗੁਰਧਾਮਾਂ ਦੀ ਸਥਾਪਨਾ ਦਾ ਇਤਿਹਾਸ, ਪ੍ਰਬੰਧ, ਜਾਇਦਾਦ, ਸੁਵਿਧਾਵਾਂ, ਆਦਿ ਤੋਂ ਇਲਾਵਾ 1984 ਵਿਚ ਨੁਕਸਾਨੇ ਤੇ ਅਲੋਪ ਹੋ ਜਾਣ ਦੀ ਕਗਾਰ ਤੇ ਖੜ੍ਹੇ ਗੁਰਧਾਮਾਂ ਦੇ ਵੇਰਵੇ ਵੀ ਅੰਕਿਤ ਕੀਤੇ ਹਨ।

ਸੰਸਾਰ ਦੇ ਧਰਮਾਂ ਵਿਚੋਂ ਸਿੱਖ ਧਰਮ ਸਭ ਤੋਂ ਬਾਅਦ ਵਿਚ ਪ੍ਰਗਟ ਹੋਇਆ ਹੈ ਪਰ ਇਸ ਨੇ ਬਹੁਤ ਛੇਤੀ ਆਪਣੀ ਪਛਾਣ ਕਾਇਮ ਕਰ ਲਈ ਹੈ। ਸੰਸਾਰ ਦੇ ਪ੍ਰਮੁੱਖ ਧਰਮਾਂ ਵਿੱਚ ਆਪਣਾ ਸਥਾਨ ਕਾਇਮ ਕਰਨ ਵਾਲੇ ਸਿੱਖ ਧਰਮ ਦਾ ਅਰੰਭ ਗੁਰੂ ਨਾਨਕ ਦੇਵ ਜੀ ਤੋਂ ਹੋਇਆ। ਜਿਹੜੇ ਕਿ 1469 ਈਸਵੀ ਵਿਚ ਤਲਵੰਡੀ ਰਾਇ ਭਇ ਵਿਖੇ ਪ੍ਰਗਟ ਹੋਏ ਸਨ। ਮੌਜੂਦਾ ਪਾਕਿਸਤਾਨ ਦਾ ਇਹ ਨਗਰ ਨਨਕਾਣਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ। ਉਨ੍ਹਾਂ ਦੀ ਨੌਵੀ ਜੋਤਿ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਵਿਚੋਂ ਸੇਵਾ, ਸਿਮਰਨ, ਸੰਜਮ, ਸਵੈਮਾਨ ਅਤੇ ਸ਼ਹਾਦਤ ਦੇ ਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ। ਉਤਰ-ਪ੍ਰਦੇਸ਼, ਬਿਹਾਰ, ਬੰਗਾਲ, ਅਸਾਮ ਅਤੇ ਮੌਜੂਦਾ ਬੰਗਲਾਦੇਸ਼ ਵਿਖੇ ਵਿਭਿੰਨ ਭਾਸ਼ਾਈ ਖੇਤਰ ਮੌਜੂਦ ਹਨ। ਪੂਰਬ ਦੀਆਂ ਯਾਤਰਾਵਾਂ ਦਾ ਪ੍ਰਭਾਵ ਗੁਰੂ ਸਾਹਿਬ ਦੀ ਬਾਣੀ ਵਿਚੋਂ ਵੀ ਪ੍ਰਗਟ ਹੁੰਦਾ ਹੈ।

ਗੁਰੂ ਸਾਹਿਬਾਨ ਦੇ ਕਾਰਜਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਦੁਆਰਾ ਦਰਸਾਏ ਗਏ ਮਾਰਗ ਨੂੰ ਧਾਰਨ ਕਰਨ ਵਾਲੀ ਪ੍ਰੇਰਨਾ ਅਤੇ ਅਗਵਾਈ ਪ੍ਰਾਪਤ ਕਰਨ ਲਈ ਪਿਛਲੇ ਸਮੇਂ ਵਿੱਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ, ਅਤੇ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ। ਇਹਨਾਂ ਮੌਕਿਆਂ ‘ਤੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਰਵਾਇਤੀ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ, ੳਤਸ਼ਾਹ ਅਤੇ ਚੜ੍ਹਦੀਕਲਾ ਨਾਲ ਆਯੋਜਿਤ ਕੀਤੇ ਹਨ। ਅਕਾਦਮਿਕ ਅਦਾਰਿਆਂ ਵਲੋਂ ਵੀ ਇਹਨਾਂ ਸ਼ਤਾਬਦੀਆਂ ਮੌਕੇ ਆਪਣਾ ਯੋਗਦਾਨ ਪਾਉਂਦੇ ਹੋਏ ਗੁਰੂ ਸਾਹਿਬਾਨ ਦੇ ਜੀਵਨ ਅਤੇ ਬਾਣੀ ਸਬੰਧੀ ਵਿਭਿੰਨ ਵਿਸ਼ਿਆਂ ‘ਤੇ ਸੈਮੀਨਾਰ, ਗੋਸ਼ਟੀਆਂ, ਕਾਨਫਰੰਸਾਂ ਅਤੇ ਖੋਜ-ਕਾਰਜ ਆਦਿ ਹੋਏ ਹਨ।

ਗੁਰੂ ਤੇਗ ਬਹਾਦਰ ਜੀ ਦੀਆਂ ਪ੍ਰਚਾਰ ਯਾਤਰਾਵਾਂ ਵਿਚੋਂ ਵਿਭਿੰਨ ਇਲਾਕਿਆਂ ਦੀ ਸੰਗਤ ਅਤੇ ਗੁਰੂ ਸਾਹਿਬ ਲਈ ਪਿਆਰ, ਸ਼ਰਧਾ, ਸੇਵਾ, ਨਿਮਰਤਾ ਅਤੇ ਭਾਈਚਾਰਕ ਸਾਂਝ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਅੰਮ੍ਰਿਤਸਰ ਤੋਂ ਬੰਗਲਾਦੇਸ਼ ਤੱਕ ਵਿਭਿੰਨ ਇਲਾਕਿਆਂ ਅਤੇ ਪ੍ਰਦੇਸ਼ਾਂ ਵਿਚ ਮੌਜੂਦ 200 ਤੋਂ ਵਧੇਰੇ ਗੁਰੂਧਾਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਭਾਵੇਂ ਕੋਈ ਸੌਖਾ ਕਾਰਜ ਨਹੀਂ ਸੀ ਪਰ ਹੱਥਲੀ ਪੁਸਤਕ ਵਿਚ ਵਿਭਿੰਨ ਗੁਰਦੁਅਰਾ ਸਾਹਿਬਾਨ, ਪੰਜਾਬ, ਹਰਿਆਣਾ, ਉਤਰਪ੍ਰਦੇਸ਼, ਬਿਹਾਰ, ਬੰਗਲਾਦੇਸ਼ ਅਤੇ ਦਿੱਲੀ ਤੋਂੋ ਅਨੰਦਪੁਰ ਸਾਹਿਬ ਦੇ ਵਿਸ਼ੇਸ਼ ਅਸਥਾਨਾਂ ਦੀਆਂ ਰੰਗਦਾਰ ਤਸਵੀਰਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਹੜੀਆਂ ਕਿ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਇਤਿਹਾਸਕ ਗੁਰਧਾਮਾਂ ਅਤੇ ਅਜਾਇਬ ਘਰਾਂ ਤੋਂ ਪ੍ਰਾਪਤ ਹੋਈਆਂ ਹਨ।

ਗੁਰੂ ਤੇਗ਼ ਬਹਾਦਰ ਵਿਰਸਾ ਤੇ ਵਿਰਾਸਤ:- ਗੁਰੂ ਤੇਗ਼ ਬਹਾਦਰ ਵਿਰਸਾ ਤੇ ਵਿਰਾਸਤ ਦੇ ਲੇਖਕ ਪੋ੍ਰੋ: ਡਾ. ਬਲਵੰਤ ਸਿੰਘ ਢਿੱਲੋਂ ਅਤੇ ਪ੍ਰਕਾਸ਼ਕ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ਹੋਈ ਹੈ ਇਸ ਹੱਥਲੀ ਪੁਸਤਕ ਦੇ ਲੇਖਕ ਨੂੰ ਵਿਸ਼ਵ ਧਰਮ ਅਧਿਐਨ ਵਿੱਚ ਗਹਿਰੀ ਰੁਚੀ ਦੇ ਨਾਲ ਨਾਲ ਸਿੱਖ ਧਰਮ, ਇਤਿਹਾਸ,ਸਾਹਿਤ ਤੇ ਸਭਿਆਚਾਰ ਦੇ ਮੁੱਢਲੇ ਸਰੋਤਾਂ, ਪੁਰਾਤਨ ਹੱਥ ਲਿਖਤ ਖਰੜਿਆਂ ਤੇ ਦਸਤਾਵੇਜਾਂ ਨੂੰ ਇਤਿਹਾਸਕ ਮਾਪਦੰਡਾਂ ਅਨੁਸਾਰ ਜਾਂਚਣ-ਮਾਪਣ, ਪਰਖਣ ਦਾ ਵਿਸ਼ੇਸ਼ ਸ਼ੌਕ ਹੈ। ਉਹ ਸਿੱਖ ਇਤਿਹਾਸ ਦੇ ਗੁਰਮੁੱਖੀ, ਰਾਜਸਥਾਨੀ ਤੇ ਫ਼ਾਰਸੀ ਦੇ ਮੁੱਢਲੇ ਤੇ ਸਮਕਾਲੀ ਸਰੋਤਾਂ ਨੂੰ ਘੋਖਣ ਪਰਖਣ ਵਿੱਚ ਵਿਸ਼ੇਸ਼ ਮੁਹਾਰਤ ਰਖਦੇ ਹਨ।

ਡਾ. ਬਲਵੰਤ ਸਿੰਘ ਢਿਲੋਂ ਨੇ ਗੁਰੂ ਤੇਗ਼ ਬਹਾਦਰ ਵਿਰਸਾ ਤੇ ਵਿਰਾਸਤ ਪੁਸਤਕ ਨੂੰ ਪੰਦਰਾਂ ਭਾਗਾਂ ਵਿੱਚ ਵੰਡਿਆਂ ਹੈ। ਪਹਿਲੇ ਭਾਗ ਵਿੱਚ ਗੁਰੂ ਨਾਨਕ ਦੇਵ ਜੀ ਰੁਹਾਨੀ ਅਨੁਭਵ ਤੇ ਵਿਰਾਸਤ, ਦੂਜੇ ਭਾਗ ਵਿੱਚ ਮੁੱਢਲਾ ਸਿੱਖ ਪੰਥ ਸਹਿਹੋਂਦ ਤੋਂ ਸ਼ਹਾਦਤ ਅਤੇ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਰਜਨ ਦੇਵ ਤੀਕ, ਤੀਜੇ ਅਧਿਆਏ ਵਿਚ ਮੀਰੀ ਤੇ ਸਿੱਖ ਸੈਨਿਕ ਸੰਗਠਨ ਇਸ ਨੂੰ ਅੱਗੇ ਛੇ ਹਿਸਿਆਂ ਵਿਚ ਵੰਡਿਆਂ ਹੈ ਜਿਵੇਂ ਮੀਰੀ ਪੀਰੀ ਦਾ ਉਦੇਸ਼, ਗਵਾਲੀਅਰ ਵਿੱਚ ਨਜ਼ਰ ਬੰਦੀ, ਗਵਾਲੀਅਰ ਦੇ ਕਿਲ੍ਹੇ ਅੰਦਰ ਕੈਦ ਦਾ ਸਮਾਂ, ਮੁਗ਼ਲਾਂ ਨਾਲ ਸੈਨਿਕ ਸੰਘਰਸ਼, ਕੀਰਤਪੁਰ ਦਾ ਨਵਾਂ ਸਿੱਖ ਕੇਂਦਰ ਅਤੇ ਮੁਗ਼ਲ ਬਾਦਸ਼ਾਹ ਦੁਆਰਾ ਧੀਰਮੱਲ ਦੀ ਸਰਪ੍ਰਸਤੀ। ਚੌਥੇ ਭਾਗ ਵਿੱਚ ਗੁਰੂ ਤੇਗ਼ ਬਹਾਦਰ ਸਮਕਾਲੀਨ ਪ੍ਰਸਥਿਤੀਆਂ, ਪੰਜਵੇਂ ਵਿੱਚ ਸਿੱਖ ਧਰਮ ਪ੍ਰਚਾਰ, ਪਾਸਾਰ ਤੇ ਸੰਗਠਨ, ਛੇਵੇਂ ਭਾਗ ਵਿੱਚ ਔਰੰਗਜੇਬ ਦਾ ਸਿੱਖ ਪੰਥ ਬਾਰੇ ਨਜ਼ਰੀਆਂ ਅਤੇ ਔਰੰਗਜੇਬ ਦਾ ਗੁਰੂ ਹਰਿਕ੍ਰਿਸ਼ਨ ਜੀ ਪ੍ਰਤਿ ਵਿਹਾਰ, ਸਤਵੇਂ ਵਿੱਚ ਗੁਰੂ ਤੇਗ਼ ਬਹਾਦਰ ਜੀ ਮੁੱਢਲਾ ਜੀਵਨ ਤੇ ਗੱਦੀ ਨਸ਼ੀਨੀ, ਅਠਵਾਂ-ਪੂਰਬੀ ਭਾਰਤ ਦੀ ਯਾਤਰਾ ਵਿੱਚ ਮਾਖੋਵਾਲ ਤੋਂ ਮਾਲਵਾ ਵਿੱਚ ਧਮਤਾਨ, ਧਮਤਾਨ ਤੋਂ ਪਹਿਲੀ ਗ੍ਰਿਫਤਾਰੀ, ਦਿੱਲੀ ਤੋਂ ਪਟਨਾ।

ਨੌਵੇਂ ਅਧਿਆਏ ਵਿੱਚ ਪਟਨਾ ਤੋਂ ਢਾਕਾ-ਆਸਾਮ, ਢਾਕਾ ਤੋਂ ਚਿੱਟਾ ਗੋਂਗ ਅਤੇ ਵਾਪਸੀ, ਰਾਜਾਰਾਮ ਸਿੰਘ ਨਾਲ ਆਸਾਮ ਵਿੱਚ, ਦਸਵੇਂ ਭਾਗ ਵਿੱਚ ਪਟਨਾ ਤੋਂ ਪੰਜਾਬ ਵਾਪਸੀ, ਦੂਜੀ ਗ੍ਰਿਫਤਾਰੀ ਤੇ ਰਿਹਾਈ ਦਾ ਸਬੱਬ। ਗਿਆਰਵੇਂ ਵਿੱਚ ਤਤਕਾਲੀ ਮਾਹੌਲ ਵਿੱਚ ਸੰਦੇਸ਼ ਦੀ ਪ੍ਰਸੰਗਕਿਤਾ। ਬਾਰਵੇਂ ਭਾਗ ਵਿੱਚ ਸ਼ਹੀਦੀ ਦਾ ਪਰਕਰਨ ਇਤਿਹਾਸਕਾਰਾਂ ਦੀ ਜ਼ਬਾਨੀ ਦੇ ਪ੍ਰਸੰਗ ਨੂੰ ਛੇ ਹੋਰ ਸਬ ਸਿਰਲੇਖਾਂ ਹੇਠ ਦਰਜ ਕੀਤਾ ਹੈ:- ਫ਼ਾਰਸੀ ਦੇ ਇਤਿਹਾਸਕਾਰਾਂ ਦੇ ਸ਼ੰਕੇ ਤੇ ਤੋਖਲੇ, ਗੁਰੂ ਸ਼ਖ਼ਸੀਅਤ ਨੂੰ ਕਲੰਕਤ ਕਰਨ ਦੇ ਦੋਸ਼ੀ, ਬ੍ਰਿਟਿਸ਼ ਬਸਤੀਵਾਦੀ ਇਤਿਹਾਸਕਾਰ ਗੁੰਮਰਾਹ ਜਾਂ ਮਿਲੀ ਭੁਗਤੀ, ਪੰਜਾਬੀ ਮੂਲ ਦੇ ਇਤਿਹਾਸਕਾਰ ਤੱਥ ਤੇ ਮਿੱਥ ਰਲ-ਗਡ, ਸਿੱਖ ਸਰੋਤ ਗੁਆਚੇ ਤੱਥਾਂ ਦੀ ਭਾਲ, ਸ਼ਹੀਦੀ ਲਈ ਮਾਹੌਲ ਤਿਆਰ, ਅੰਤਿਕਾ, ਤੇਰਵੇਂ ਅਧਿਆਇ ਵਿੱਚ ਸ਼ਹੀਦੀ ਸਾਕਾ, ਚੌਧਵੇਂ ਭਾਗ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਪ੍ਰਭਾਵ ਅਤੇ ਅਖੀਰਲੇ ਪੰਦਰਵੇਂ ਅਧਿਆਇ ਵਿੱਚ ਗੁਰੂ ਤੇਗ ਬਹਾਦਰ ਜੀ ਸ਼ਖਸੀਅਤ ਦੇ ਵਿਭਿੰਨ ਪਹਿਲੂ ਦਰਜ ਕੀਤੇ ਗਏ ਹਨ। ਫਾਰਸੀ ਦੀਆਂ ਲਿਖਤਾਂ ਦੀ ਪੁਣਛਾਣ ਕਰਕੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਭਰਮ ਭੁਲੇਖੇ ਉਪਜਾਉਣ ਵਾਲੇ ਫਾਰਸੀ ਦੇ ਸਾਹਿਤਕਾਰਾਂ ਦੀ ਅਸਲੀਅਤ ਤੋਂ ਪਹਿਲੀ ਵਾਰ ਪਰਦਾ ਚੁਕਿਆ ਗਿਆ ਹੈ ਲੇਖਕ ਨੇ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦੇ ਸਾਕੇ ਅਤੇ ਇਸ ਪ੍ਰਭਾਵ ਨੂੰ ਨਾ ਕੇਵਲ ਹਿੰਦੋਸਤਾਨ ਦੇ ਸੰਦਰਭ ਵਿੱਚ ਬਲਕਿ ਦੱਖਣ ਏਸ਼ੀਆ ਦੇ ਪਰਿਖੇਪ ਵਿੱਚ ਇਤਿਹਾਸ ਦਾ ਰੁਖ ਬਦਲ ਦੇਣ ਦੀ ਹਕੀਕਤ ਨੁੰ ਵੀ ਸਾਹਮਣੇ ਲਿਆਂਦਾ ਹੈ, ਡਾ. ਬਲਵੰਤ ਸਿੰਘ ਢਿਲੋਂ ਨੇ ਸਿੱਖ ਧਰਮ ਦੇ ਅਧਿਐਨ ਦੇ ਕਈ ਹਨੇਰੇ ਪੱਖਾਂ ਨੁੰ ਰੁਸ਼ਨਾਉਣ ਦਾ ਕਾਰਜ ਕੀਤਾ ਹੈ।

ਪ੍ਰਗਟ ਭਏ ਗੁਰੂ ਤੇਗ਼ ਬਹਾਦਰ (ਜੀਵਨ ਬ੍ਰਿਤਾਂਤ):- ਪ੍ਰਗਟ ਭਏ ਗੁਰੂ ਤੇਗ਼ ਬਹਾਦਰ ਜੀਵਨ ਬ੍ਰਿਤਾਂਤ ਦੇ ਲੇਖਕ ਭੁਪਿੰਦਰ ਸਿੰਘ ਤੇ ਪ੍ਰਕਾਸ਼ਕ ਗੁ: ਰਾਮਪੁਰ ਖੇੜਾ ਹੁਸ਼ਿਆਰਪੁਰ ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਗੁਰੂ ਤੇਗ਼ ਬਹਾਦਰ ਜੀ ਦਾ ਸਮੁੱਚਾ ਜੀਵਨ ਹੀ ਲਾਸਾਨੀ ਤੇ ਪਰਉਪਕਾਰੀ ਹੈ। ਉਨ੍ਹਾਂ ਇੰਤਹਾ ਦੀਆਂ ਐਸੀਆਂ ਪੈੜਾਂ ਸਿਰਜੀਆਂ ਜੋ ਨਾ ਕੋਈ ਪਹਿਲਾਂ ਸਿਰਜ ਸਕਿਆ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਅਜਿਹਾ ਸੰਭਵ ਹੈ। ਦੁਨੀਆਂ ਭਰ ਦੇ ਇਤਿਹਾਸ ਵਿਚ ਧੀਰਜ ਦੀ ਇੰਤਹਾ, ਹੁਕਮ ਮੰਨਣ ਦੀ ਇੰਤਹਾ, ਤਪ ਦੀ ਇੰਤਹਾ, ਕੁਰਬਾਨੀ ਦੀ ਇੰਤਹਾ। ਖੁਦਗਰਜੀ ਕਾਲ ਵਿਚ ਪਰਹਿਤ, ਪਰਪੱਤ, ਪਰਧਰਮ ਨੂੰ ਬਚਾਉਣ ਹਿਤ ਕੁਰਬਾਣੀ ਦੀ ਇੰਤਹਾ ਕਰਦਿਆਂ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਇਤਿਹਾਸ ਨੂੰ ਇਕ ਨਵਾਂ ਨਿਵੇਕਲਾ ਮੋੜ ਦਿਤਾ। ਇਹ ਕਿਤਾਬ ਨੌਵੇਂ ਸਤਿਗੁਰਾਂ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ਭਾਈ ਮਤੀਦਾਸ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਜੀ ਦੀ ਸਾਚੀ ਪ੍ਰੀਤਿ ਨੂੰ ਸਮਰਪਿਤ ਕੀਤੀ ਗਈ ਹੈ।

ਹੱਥਲੀ ਪੁਸਤਕ ਵਿਚ ਲੇਖਕ ਨੇ 436 ਪੰਨਿਆਂ ਵਿਚ 216 ਦੇ ਲਗਭਗ ਉਪ ਸਿਰਲੇਖਾਂ ਹੇਠ ਪਰਉਪਕਾਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਤੇ ਸਮਾਜਿਕ, ਧਾਰਮਿਕ, ਰਾਜਨੀਤਿਕ ਸਰੋਕਾਰਾਂ ਨੂੰ ਅੰਕਿਤ ਕੀਤਾ ਹੈ। ਨੌਵੇਂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿਚ ਜਿਥੇ ਤਿਆਗ ਵੈਰਾਗ, ਸੰਜਮ, ਸਹਿਜ ਟਿਕਾਓ, ਧੀਰਜ ਅਤੇ ਸੱਚ ਦੀਆਂ ਸਿਖਰਾਂ ਨੂੰ ਛੂਹਿਆ ਹੈ ਉਥੇ

ਤਿਲਕ ਜੰਣੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮੈਂ ਸਾਕਾ॥
ਸਾਧਾਨਿ ਹੇਤਿ ਇਤੀ ਜਿਨਿ ਕਰੀ ਸੀਸੁ ਦੀਆ ਪਰੁ ਸੀ ਨਾ ਉਦਾਰੀ॥

ਇਸ ਕਿਤਾਬ ਦਾ ਮੁੱਖਬੰਦ ਸੰਤ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਵਾਲਿਆ ਨੇ ਬਹੁਤ ਖੂਬਸੂਰਤ ਲਿਖਿਆ ਹੈ। ਉਨ੍ਹਾਂ ਵੱਲੋਂ ਗੁਰਮਤਿ ਇਤਿਹਾਸ ਦੀਆਂ ਖੋਜ ਭਰਪੂਰ ਸਿਧਾਂਤਕ ਪੁਸਤਕਾਂ ਨੂੰ ਛਾਪ ਕੇ ਸ਼ਬਦ ਦੀ ਪ੍ਰਸਾਦਿ ਵਜੋਂ ਸੇਵਾ ਕੀਤੀ ਜਾ ਰਹੀ ਹੈ। ਇਸ ਪਰਉਪਕਾਰੀ ਕਾਰਜ ਦੀ ਸਹੀ ਦਿਸ਼ਾ ਤੇ ਸਹੀ ਅਰਥਾਂ ਵਿਚ ਸੇਵਾ ਹੈ। ਲੇਖਕ ਨੇ ਸੰਖੇਪ ਤੇ ਭਾਵਪੂਰਤ ਵਿਧੀ ਅਪਨਾਉਂਦਿਆਂ ਸਾਖੀ ਸਾਹਿਤ ਦਰਪਣ ਸਾਧ ਭਾਸ਼ਾ ਵਿਚ ਪੇਸ਼ ਕਰਨ ਦਾ ਜਤਨ ਕੀਤਾ ਹੈ ਇਹ ਬਿਰਤਾਂਤਕ ਸਾਖੀਆਂ ਇਤਿਹਾਸਕ ਅਤੇ ਧਾਰਮਿਕ ਪ੍ਰਤੀਬਿੰਬ ਸਿਰਜਦੀਆਂ ਹਨ। ਲੇਖਕ ਨੇ ਬੜੀ ਸੂਝ ਵਰਤਿਆ ਇਤਿਹਾਸ ਦੀਆਂ ਘਟਨਾਵਾਂ ਦੀਆਂ ਤਰੀਖਾਂ ਦਾ ਜਿਕਰ ਬਹੁਤ ਘਟ ਕੇਵਲ ਲੋੜ ਅਨੁਸਾਰ ਹੀ ਕੀਤਾ ਹੈ। ਗੁਰੂ ਜੀ ਦੇ ਪਾਵਨ ਸ਼ਬਦਾਂ/ਸਲੋਕਾਂ ਦਾ ਆਸਰਾ ਹੀ ਲਿਆ ਹੈ ਅਤੇ ਗੁਰਉਪਦੇਸ਼ ਨੂੰ ਦ੍ਰਿੜ ਕਰਾਉਣ ਦਾ ਜਤਨ ਜੁਟਾਇਆ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਦੇ ਜੀਵਨ ਨੂੰ ਦ੍ਰਿਸ਼ਟਾਂਤ ਸਾਹਿਤ ਪੇਸ਼ ਕੀਤਾ ਹੈ। ਗੁਰੂ ਸਾਹਿਬ ਦੇ ਸਲੋਕਾਂ ਤੇ ਜੀਵਨ ਨੂੰ ਭਲੀਭਾਂਤ ਪਾਠਕਾਂ ਲਈ ਸਹਿਜਮਈ ਚਿਤਰਿਆ ਹੈ।

ਸ੍ਰੀ ਗੁਰੂ ਤੇਗ ਬਹਾਦਰ ਜੀਵਨ, ਫਲਸਫ਼ਾ ਤੇ ਸ਼ਹਾਦਤ:- ਪੰਜਾਬੀ ਅਧਿਐਨ ਵਿਭਾਗ, ਖਾਲਸਾ ਕਾਲਜ ਅੰਮ੍ਰਿਤਸਰ ਵਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਾ. ਮਹਿਲ ਸਿੰਘ, ਡਾ. ਆਤਮ ਸਿੰਘ ਰੰਧਾਵਾ, ਡਾ. ਭੁਪਿੰਦਰ ਸਿੰਘ ਸੰਪਾਦਕ ਨੇ “ਗੁਰੂ ਤੇਗ ਬਹਾਦਰ ਜੀ ਦਾ ਜੀਵਨ, ਫਲਸਫਾ ਤੇ ਸ਼ਹਾਦਤ” ਨਾਮ ਦੀ ਕਿਤਾਬ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਵੱਲੋ ਪ੍ਰਕਾਸ਼ਤ ਕੀਤੀ ਹੈ।ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਫ਼ਲਸਫ਼ਾ ਇਕ ਦੂਜੇ ਦੇ ਪੂਰਕ ਹਨ ਜੋ ਸਿਧਾਂਤਕ ਤੇ ਵਿਹਾਰਕ ਰੂਪ ਵਿਚ ਸਾਧਾਰਨ ਮਨੁੱਖ ਨੂੰ ਨਿਡੱਰ, ਆਜ਼ਾਦ ਤੇ ਪਰਉਪਕਾਰੀ ਮਨੁੱਖ ਵਿਚ ਰੂਪਾਂਤਰਨ ਕਰਨ ਦੀ ਸ਼ਕਤੀ ਰੱਖਦੇ ਹਨ।

ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ-ਫਲਸਫੇ ਅਤੇ ਸ਼ਹਾਦਤ ਨੂੰ ਨਵੇਂ ਗਿਆਨ ਸ਼ਾਸ਼ਤਰੀ ਪ੍ਰਸੰਗਾਂ ਰਾਹੀਂ, ਇਸ ਵਿਚਲੀ ਵਿਭਿੰਨਤਾ ਨੂੰ ਇਕਸਾਰ ਰੂਪ ਵਿਚ ਸਮਝਣ ਤੇ ਸਮਝਾਉਣ ਦਾ ਜਤਨ ਕੀਤਾ ਗਿਆ ਹੈ। ਇਸ ਪ੍ਰਸੰਗ ਵਿਚ ਸੰਤ ਤੇ ਸਿਪਾਹੀ, ਭਗਤ ਤੇ ਸੂਰਮਾ ਜਾਂ ਮੀਰੀ ਤੇ ਪੀਰੀ ਦੇ ਵਿਰੋਧ ਮਿੱਟ ਜਾਂਦੇ ਹਨ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਇਕ ਪਾਸੇ ਤਿਆਗੀ ਜਾਂ ਵੈਰਾਗੀ ਬੰਦੇ ਅਤੇ ਦੂਜੇ ਪਾਸੇ ਨਿਰਭੈਅ ਤੇ ਸਾਹਸੀ ਬੰਦੇ ਦਾ ਸੰਕਲਪ ਹੈ। ਇਥੇ ਨਿਰਭੈਅ ਪਦ ਮੁਕਤੀ ਦੇ ਬਰਾਬਰ ਹੈ। ਆਧੁਨਿਕ ਗਿਆਨ-ਸ਼ਾਸਤਰਾਂ ਦੀ ਇਕਹਿਰੀ ਦ੍ਰਿਸ਼ਟੀ ਤੋਂ ਅਸੀਂ ਉਨ੍ਹਾਂ ਦੀ ਬਾਣੀ ਦੇ ਵੈਰਾਗੀ-ਤਿਆਗੀ ਪੱਖ ਨੂੰ ਬਲਸ਼ੀਲ, ਸਾਹਸੀ ਤੇ ਵੀਰਤਾ ਪੱਖ ਦੇ ਵਿਰੋਧ ਵਿਚ ਸਮਝ ਲੈਂਦੇ ਹਾਂ ਪਰ ਗੁਰੂ ਜੀ ਦੀ ਬਾਣੀ ਦੇ ਗਹਿਨ ਤੇ ਸੰਦਰਭਗਤ ਅਰਥਾਂ ਵਿੱਚ ਇਨ੍ਹਾਂ ਦਾ ਕੋਈ ਵਿਰੋਧ ਨਹੀਂ ਹੈ। ਇਹ ਆਗੂ ਤੇ ਸੂਰਵੀਰਤਾ ਦਾ ਵਿਰੋਧਾਭਾਸ ਹੀ ਹੈ ਜੋ ਵਿਰੋਧ-ਜੱਟਾਂ ਵਿਚ ਪਛਾਨਣ ਦੀਆਂ ਆਦੀ ਆਧੁਨਿਕ ਦ੍ਰਿਸ਼ਟੀਆਂ ਨੇ ਸਾਨੂੰ ਵਿਰੋਧ ਵਜੋਂ ਵਿਖਾਇਆ ਹੈ। ਅਸੀਂ ਗੁਰੂ ਜੀ ਦੀ ਬਾਣੀ ਵਿਚ ਅਜਿਹੇ ਤਿਆਗੀ ਤੇ ਸਾਹਸੀ ਪਰਖ ਦੀ ਪਛਾਣ ਕਰ ਸਕਦੇ ਹੋ ਜੋ ਦੁੱਖ-ਸੁੱਖ, ਸਨੇਹ, ਬੰਧਨ, ਡਰ, ਲੋਭ, ਮੋਹ, ਹੰਕਾਰ ਤੋਂ ਮੁਕਤ ਹੈ। ਸੰਸਾਰਿਕ ਪਦਾਰਥਾਂ ਨੂੰ ਖ਼ਾਕ ਬਰਾਬਰ ਸਮਝਣ ਵਾਲਾ ਤਿਆਗੀ ਪੁਰਸ਼, ਸੂਰਵੀਰਤਾ ਦੀ ਜਿਸ ਸਿਖਰ ਨੂੰ ਛੂਹ ਜਾਂਦਾ ਹੈ, ਉਥੇ ਕਿਸੇ ਹੋਰ ਯੋਧੇ ਦੀ ਪਹੁੰਚ ਨਹੀਂ ਹੋ ਸਕਦੀ। ਇਸ ਤਰ੍ਹਾਂ ਜਿੱਥੇ ਗੁਰੂ ਸਾਹਿਬ ਦੇ ਜੀਵਨ ਵਿਚ ਤਿਆਗ ਤੇ ਸਾਹਸ ਦਾ ਸੁਮੇਲ ਅਤੇ ਦੂਸਰੇ ਦੀ ਰਾਖੀ ਲਈ ਜੀਵਨ ਕੁਰਬਾਨੀ ਪੂਰੇ ਵਿਸ਼ਵ ਦੇ ਇਤਿਹਾਸ ਵਿਚ ਗੁਰੂ ਜੀ ਨੂੰ ਵਿਲੱਖਣ ਬਣਾਉਂਦੀ ਹੈ, ਉੱਥੇ ਉਨ੍ਹਾਂ ਦੀ ਬਾਣੀ ਭੈਅ-ਭੀਤ ਸਮਿਆਂ ਵਿਚ ਗੁਲਾਮ ਤੇ ਸਾਹਸਹੀਣ ਬੰਦੇ ਨੂੰ ਬੰਧਨ-ਮੁਕਤ, ਭੈਅ-ਮੁਕਤ ਤੇ ਸਾਹਸੀ ਬੰਦੇ ਵਿਚ ਤਬਦੀਲ ਕਰਨ ਦਾ ਫ਼ਲਸਫ਼ਾ ਪ੍ਰਦਾਨ ਕਰਦੀ ਹੈ।

ਹੱਥਲੀ ਪੁਸਤਕ ਵਿੱਚ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਗੁਰੂ ਸਾਹਿਬ ਦੇ ਵੇਲਿਆਂ ਵਿਚ ਜੋ ਸਮਾਜਕ ਰਾਜਨੀਤਕ ਸਰੋਕਾਰ ਸਨ, ਉਹ ਪ੍ਰਤੱਖ ਜਾਂ ਪ੍ਰੋਖ ਰੂਪ ਵਿਚ ਅੱਜ ਵੀ ਬਰਕਰਾਰ ਹਨ। ਹਾਕਮ ਸੱਤਾ ਦੀ ਸਦੀਵਤਾ ਦੇ ਸੁਪਨੇ ਲੈ ਰਹੇ ਹਨ। ਇਸ ਲਈ ਡਰ ਨੂੰ ਮੁੜ ਹਥਿਆਰ ਬਣਾ ਰਹੇ ਹਨ। ਸਭ ਪਾਸੇ ਦਹਿਸ਼ਤ ਤੇ ਖੌਫ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਵਿਸ਼ਵ ਭਰ ਵਿਚ ਨਸਲਵਾਦ, ਅੰਧ-ਰਾਸ਼ਟਰਵਾਦ ਜਾਂ ਧਾਰਮਿਕ ਕੱਟੜਤਾ, ਜਾਤਵਾਦ, ਜਮਾਤੀ ਵਖਰੇਵੇਂ ਤਾਨਾਸ਼ਾਹੀ ਵਰਤਾਰਿਆਂ ਨੂੰ ਮੁੜ ਉਭਾਰ ਰਹੇ ਹਨ। ਕਟੜਪੰਥੀ ਲਹਿਰਾਂ ਜ਼ੋਰ ਫੜ ਰਹੀਆਂ ਹਨ। ਲੋਕਤੰਤਰ ਬਹੁਮਤ ਦੀ ਖੇਡ ਹੈ ਜਿਸ ਵਿਚ ਧਰੁਵੀਕਰਨ ਕਰਕੇ ਸੱਤਾ ਹਥਿਆ ਲਈ ਜਾਂਦੀ ਹੈ ਅਤੇ ਫਿਰ ਘੱਟ ਗਿਣਤੀਆਂ ਤੇ ਕਮਜੋਰ ਵਰਗਾਂ ਨੂੰ ਦਬਾਇਆ ਜਾਂਦਾ ਹੈ। ਸੋ ਹੁਣ ਲੋਕਤੰਤਰੀ ਛੜਯੰਤਰ ਨਵੀਆਂ ਤਰਕੀਬਾਂ ਨਾਲ ਫਾਸੀਵਾਦ ਨੂੰ ਮੁੜ ਉਭਾਰ ਰਿਹਾ ਹੈ। ਸੱਤਾ ਧਿਰਾਂ ਦੂਜੇ ਧਰਮਾਂ, ਕੌਮਾਂ ਜਾਂ ਸਮੂਹਾਂ ਨਾਲ ਸਹਿਹੋਂਦੀ ਸੰਬੰਧ ਰੱਖਣ ਦੀ ਥਾਂ ਦਮਨ ਦੇ ਰਾਹ ਤੁਰ ਪਈਆਂ ਹਨ। ਉਹ ਇਕ ਤਰ੍ਹਾਂ ਭੈਅ ਦਾ ਮਾਹੌਲ ਬਣਾ ਕੇ ਰਾਜ ਸੱਤਾ ਨੂੰ ਆਪਣੇ ਲਈ ਸੁਖਾਵੀਂ ਤੇ ਚਿਰਸਥਾਈ ਬਣਾਈ ਰੱਖਣ ਦਾ ਹਿੰਸਕ ਰਵੱਈਆ ਅਖਤਿਆਰ ਕਰ ਰਹੀਆਂ ਹਨ। ਅਜਿਹਾ ਰਵੱਈਆ ਮੁਗਲ ਹਕੂਮਤਾਂ ਦਾ ਰਿਹਾ ਸੀ।“ਸ੍ਰੀ ਗੁਰੂ ਤੇਗ ਬਹਾਦਰ: ਜੀਵਨ, ਫ਼ਲਸਫ਼ਾ ਤੇ ਸ਼ਹਾਦਤ ਪੁਸਤਕ ਦੀ ਪ੍ਰਕਾਸ਼ਨਾ ਅਜਿਹੇ ਖਿਆਲ ਵਜੋਂ ਉਲੀਕੀ ਗਈ ਲੱਗਦੀ ਹੈ। ਇਸ ਵਿਚ ਪੰਜਾਬੀ ਅਕਾਦਮਿਕ ਜਗਤ ਦੇ ਉੱਘੇ 22 ਵਿਦਵਾਨ ਸ਼ਾਮਲ ਕੀਤੇ  ਗਏ ਹਨ। ਡਾ. ਸੁਖਦੇਵ ਸਿੰਘ ਸਿਰਸਾ ਨੇ ਗੁਰੂ ਸਾਹਿਬ ਦੀ ਬਾਣੀ ਨੂੰ ਇਤਿਹਾਸਕ ਤੇ ਸਮਾਜਕ ਪਰਿਪੇਖ ਤੋਂ ਸਮਝਦਿਆ ਇਸ ਨੂੰ ਸੱਤਾ ਦੇ ਪ੍ਰਤੀਰੋਧ ਦੀ ਸਿਰਜਣਾ ਵਜੋਂ ਲਿਆ ਹੈ ਜੋ ਸੱਤਾ ਦੇ ਹੱਕ ਵਿਚ ਭੁਗਤਣ ਵਾਲੀਆਂ ਸੰਸਥਾਵਾਂ ਦੀ ਸਾਰਥਿਕਤਾ ਉਪਰ ਸੁਆਲ ਖੜੇ ਕਰਦਾ ਹੈ। ਡਾ. ਹਰਭਜਨ ਸਿੰਘ ਨੇ ਮੁੱਖ ਤੌਰ ਤੇ ਇਹ ਧਾਰਨਾ ਪੇਸ਼ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਿੱਜੀ ਸਵਾਰਥਾਂ ਤੋਂ ਸਰਬ-ਭਾਂਤਿ ਮੁਕਤ ਸੀ ਤੇ ਇਹ ਕੇਵਲ ਮਾਨਵੀ ਹੱਕਾਂ ਦੀ ਰਾਖੀ ਵਾਸਤੇ ਹੋਈ ਸੀ।ਡਾ. ਤੇਜਵੰਤ ਗਿੱਲ ਨੇ ਗੁਰੂ ਸਾਹਿਬ ਦੀ ਤਤਕਾਲੀ ਸਥਿਤੀ ਦੇ ਸਨਮੁਖ ਹੁੰਦਿਆਂ ਅਜੋਕੇ ਪੜਾਅ ਤੇ ਮਾਨਵਤਾ ਦੀ ਬੰਧਨ ਯੁਕਤ ਹੋਣੀ ਵੱਲ ਇਸ਼ਾਰਾ ਕੀਤਾ ਹੈ। ਡਾ. ਧਰਮ ਸਿੰਘ ਕਹਿੰਦੇ ਹਨ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚਲੇ ਸੰਦੇਸ਼ ਦੀ ਅੱਜ ਦੇ ਯੁੱਗ ਵਿਚ ਵੀ ਓਨੀ ਹੀ ਸਾਰਥਿਕਤਾ ਹੈ ਜਿੰਨੀ ਇਸ ਦੇ ਰਚਨਾਕਾਲ ਸਮੇਂ ਸੀ।ਡਾ. ਜਸਬੀਰ ਸਿੰਘ ਸਾਬਰ ਨੇ ਗੁਰੂ ਜੀ ਦੇ ਜੀਵਨ ਦਰਸ਼ਨ ਅਤੇ ਉਨ੍ਹਾਂ ਦੀ ਅਲਾਹੀ ਬਾਣੀ ਵਿਚ ਪ੍ਰਦਰਸ਼ਤ ਹੁੰਦੀ ਬਹਿਮੰਡੀ ਚੇਤਨਾ ਦੇ ਉਹ ਸਰੋਕਾਰ ਜੋ ਵਿਸ਼ਵ ਮਾਨਵ ਸਮਾਜ ਦੀਆਂ ਗੁੰਝਲਦਾਰ ਸਮੱਸਿਆਵਾਂ ਨੂੰ, ਸੁਲਝਾਉਣ ਲਈ ਅਜੋਕੇ ਸਮੇਂ ਵੀ ਗਾਡੀ ਰਾਹ ਦਰਸਾਉਣ ਦੇ ਸਮਰੱਥ ਹਨ ਉਨ੍ਹਾਂ ਨੂੰ ਉਭਾਰਨ ਦਾ ਯਤਨ ਕੀਤਾ ਹੈ।

 ਡਾ. ਸੁਰਜੀਤ ਸਿੰਘ ਭੱਟੀ ਤੇ ਡਾ. ਬਲਵਿੰਦਰਜੀਤ ਕੌਰ ਭੱਟੀ ਨੇ ਆਪਣੇ ਸਾਂਝੇ ਪੇਪਰ ਗੁਰੂ ਤੇਗ ਬਹਾਦਰ ਜੀ ਜੀਵਨ ਅਤੇ ਸ਼ਹਾਦਤ ਵਿਚ ਗੁਰੂ ਸਾਹਿਬ ਦੇ ਜੀਵਨ, ਯਾਤਰਾਵਾਂ, ਕਾਰਜਾਂ ਅਤੇ ਸ਼ਹਾਦਤ ਨੂੰ ਵਿਚਾਰਿਆ ਹੈ। ਡਾ. ਹਰਦੇਵ ਸਿੰਘ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੰਦਰ ਪ੍ਰਾਪਤ ਜੀਵਨ ਦੇ ਮੂਲ ਸਰੋਕਾਰਾਂ ਅਤੇ ਉਸ ਵਿਚੋਂ ਉਭਰਦੇ ਦਰਸ਼ਨ ਦੀ ਨਿਸ਼ਾਨਦੇਹੀ ਕੀਤੀ ਗਈ ਹੈ।ਡਾ. ਸਰਬਜਿੰਦਰ ਸਿੰਘ ਨੇ ਧਾਰਨਾ ਦਿੱਤੀ ਹੈ ਕਿ ਗੁਰੂ ਤੇਗ ਬਹਾਦਰ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਦੀਆਂ ਸਵੈ ਸ਼ਹਾਦਤਾਂ ਨਾਲ ਹੀ ਕੌਮੀਅਤਾਂ ਦੀ ਆਜ਼ਾਦੀ ਅਤੇ ਧਰਮ ਦੀ ਰਖਵਾਲੀ ਸੰਭਵ ਹੁੰਦੀ ਹੈ।ਡਾ. ਸਰਬਜੀਤ ਸਿੰਘ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਸੂਖਮ ਰੂਪ ਵਿਚ ਪਏ ਵਿਚਾਰਧਾਰਕ ਕਾਰਜ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ।ਡਾ. ਮਨਮੋਹਨ ਨੇ ਗੁਰੂ ਤੇਗ ਬਹਾਦਰ ਜੀ ਦੇ ਵੈਰਾਗਮਈ ਸਲੋਕਾਂ ਦੇ ਅਮੂਰਤਨ ਵਿਚ ਸੰਸਾਰ ਦੇ ਸੁੱਖ, ਵਾਸ਼ਨਾਵਾਂ ਅਤੇ ਲੋਭਾਇਮਾਨ ਪਦਾਰਥਾਂ ਤੋਂ ਉਪਰਾਮਤਾ ਅਤੇ ਪਰਮਾਰਥ ਦੀ ਖਿੱਚ ਵੱਲ ਸੰਕੇਤ ਹੈ।

ਡਾ. ਪਰਮਜੀਤ ਸਿੰਘ ਢੀਂਗਰਾ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਭਾਸ਼ਾਈ ਅਧਿਐਨ ਕਰਦਿਆਂ ਦੱਸਿਆ ਹੈ ਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਪਰੰਪਰਾ ਨੂੰ ਅੱਗੇ ਤੋਰਿਆ। ਡਾ. ਬੂਟਾ ਸਿੰਘ ਬਰਾੜ ਨੇ ਵੀ ‘ ਗੁਰੂ ਤੇਗ ਬਹਾਦਰ ਦੀ ਬਾਣੀ ਦੇ ਭਾਸ਼ਾਈ ਸਰੂਪ ਨੂੰ ਭਾਸ਼ਾ-ਸ਼ਾਸਤਰੀ ਨਜ਼ਰੀਏ ਤੋਂ ਵਿਚਾਰਿਆ ਹੈ।ਡਾ. ਜੀਤ ਸਿੰਘ ਜੋਸ਼ੀ ਨੇ ਬਾਣੀ ਦੇ `ਪ੍ਰਤੀਕ` ਸਿਰਜਣ ਦੇ ਅਮਲ ਨੂੰ ਇਕ ਮਹੱਤਵਪੂਰਨ ਸਭਿਆਚਾਰਕ ਦਸਤਾਵੇਜ਼ ਬਣਾਉਣ ਵਾਲਾ ਪੱਖ ਦਰਸਾਇਆ ਹੈ। ਡਾ. ਮਨਜਿੰਦਰ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਇਤਿਹਾਸਕ ਬਿਰਤਾਂਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬ੍ਰਹਿਮੰਡੀ ਪ੍ਰਵਚਨ ਦੇ ਪਰਿਪੇਖ ਵਿਚ ਸਮਝਣ ਦਾ ਯਤਨ ਕੀਤਾ ਹੈ। ਡਾ. ਰਜਿੰਦਰ ਸਿੰਘ ਨੇ   ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਪੌਰਾਣਿਕ ਵੇਰਵਿਆਂ ਦੇ ਰੂਪਾਂਤਰਨ ਰਾਹੀਂ ਅਰਥਾਂ ਦੀਆਂ ਪੈਦਾ ਹੁੰਦੀਆਂ ਨਵੀਆਂ ਸੰਭਾਵਨਾਵਾਂ ਨੂੰ ਪਛਾਣਨ ਦਾ ਯਤਨ ਕੀਤਾ ਹੈ। ਡਾ. ਗੁਰਪ੍ਰੀਤ ਸਿੰਘ ਨੇ ਗੁਰੂ ਸਾਹਿਬ ਦੁਆਰਾ ਪ੍ਰਚਾਰ ਯਾਤਰਾਵਾਂ ਸਮੇਂ ਕੀਤੇ ਲੋਕ ਭਲਾਈ ਦੇ ਕਾਰਜਾਂ ਦਾ ਵਿਵਰਨ ਦਿੱਤਾ ਹੈ।ਡਾ. ਹੀਰਾ ਸਿੰਘ ਨੇ 1972 ਤੋਂ 2018 ਈ. ਤੱਕ ਗੁਰੂ ਤੇਗ ਬਹਾਦਰ ਜੀ ਬਾਰੇ 80 ਤੋਂ ਵਧੇਰੇ ਪ੍ਰਕਾਸ਼ਿਤ ਪੁਸਤਕਾਂ ਅਤੇ ਵੱਖ-ਵੱਖ ਯੂਨੀਵਰਸਿਟੀਆਂ ਵਿਚ ਲਿਖੇ ਗਏ ਖੋਜ-ਪ੍ਰਬੰਧਾਂ ਬਾਰੇ ਮੁੱਲਵਾਨ ਸਰਵੇਖਣ ਪੇਸ਼ ਕੀਤਾ ਹੈ। ਪੋ੍ਰ. ਮਹਿਤਾਬ ਕੋਰ ਨੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਾਪਤ ਚਿੱਤਰਾਂ ਦੇ ਕਲਾਕ੍ਰਿਤਾਂ ਬਾਰੇ ਵਿਚਾਰ ਚਰਚਾ ਕੀਤੀ ਹੈ। ਡਾ. ਗੁਰਮੀਤ ਸਿੰਘ ਹੁੰਦਲ ਨੇ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਪੰਜਾਬੀ ਨਾਟਕਾਂ ਦਾ ਜ਼ਿਕਰ ਕਰਦੇ ਹੋਏ ਕੇਵਲ ਧਾਲੀਵਾਲ ਰਚਿਤ ਨਾਟਕ ‘ਸੀਸ’ ਦਾ ਅਧਿਐਨ ਪ੍ਰਸਤੁੱਤ ਕੀਤਾ ਹੈ।ਇਸ ਤਰ੍ਹਾਂ ਬਾਕੀ ਵਿਦਵਾਨਾਂ ਦੇ ਖੋਜ-ਪੱਤਰ ਗੁਰੂ ਸਾਹਿਬ ਦੇ ਜੀਵਨ, ਫ਼ਲਸਫ਼ੇ ਤੇ ਸ਼ਹਾਦਤ ਨੂੰ ਵਿਭਿੰਨ ਪੱਖਾਂ ਤੋਂ ਸਮਝਣ ਅਤੇ ਅਜੋਕੇ ਸਮਿਆਂ ਵਿਚ ਇਨ੍ਹਾਂ ਦੀ ਪ੍ਰਸੰਗਿਕਤਾ ਨੂੰ ਉਭਾਰਦੇ ਹਨ। ਆਸ ਕਰਦੇ ਹਾਂ ਕਿ ਭਵਿੱਖ ਵਿਚ ਇਹ ਪੁਸਤਕ ਖੋਜਾਰਥੀਆਂ ਲਈ ਹਵਾਲਾ ਪੁਸਤਕ ਵਜੋਂ ਬੁਨਿਆਦੀ ਖੋਜ-ਸਮੱਗਰੀ ਪ੍ਰਦਾਨ ਕਰਦੀ ਹੈ।

ਸੀਸੁ ਦੀਆ ਪਰੁ ਸੀ ਨਾ ਉਚਰੀ:- ਸੀਸੁ ਦੀਆ ਪਰੁ ਸੀ ਨਾ ਉਚਰੀ ਡਾ. ਸਰਬਜੀਤ ਕੌਰ ਸੰਧਾਵਾਲੀਆ ਪ੍ਰਕਾਸ਼ਕ: ਸਿੱਖ ਲਿਟਰੇਰੀ ਸਟਾਲ ਮਿਡਲੈਡ ਯੂ.ਕੇ ਹੱਥਲੀ ਪੁਸਤਕ ਵਿਚ ਲੇਖਿਕਾਂ ਨੇ ਸੋਢੀ ਕੁਲ ਦੇ ਆਭੂਸ਼ਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਨ ਜੀਵਨ, ਫਲਸਫੇ, ਸਫਰਾਂ, ਉਪਦੇਸ਼ਾਂ, ਬਾਣੀ ਅਤੇ ਅਦੁੱਤੀ ਸ਼ਹਾਦਤ ਨੂੰ ਬਿਆਨ ਕਰਦੀ ਹੱਥਲੀ ਪੁਸਤਕ ਨੂੰ 51 ਭਾਗਾਂ ਵਿੱਚ ਵੰਡਿਆ ਹੈ।ਨੌਵੇ ਗੁਰੂ ਜੀ ਦੇ ਇਲਾਹੀ ਪੈਡਿਆਂ ਦੇ ਨਕਸ਼, ਪੰਜਾਬ ਜਿਉਂਦਾ ਗੁਰੂ ਦੇ ਨਾਮ ਤੇ, ਗੁਰ ਲਾਧੋ ਰੇ, ਸਾ ਧਰਤਿ ਹਰੀਆਵਲੀ, ਬਿਲਾਸਪੁਰ, ਸ੍ਰੀ ਅਨੰਦਪੁਰ ਸਾਹਿਬ ਵਸਾਉਣਾ, ਮਾਝੇ, ਦੁਆਬੇ, ਮਾਲਵੇ, ਬਾਗਰ ਅਤੇ ਦੇਸ਼ ਦੇ ਹੋਰ ਸੂਬਿਆਂ ਦੀ ਯਾਤਰਾ ਜਿਵੇਂ, ਹਰਿਆਣੇ ਦੇ ਗੁਰ ਅਸਥਾਨ, ਉੱਤਰ ਪੂਰਬ ਦੀ ਯਾਤਰਾ, ਬਿਹਾਰ ਦੇ ਗੁਰੂ ਅਸਥਾਨ, ਅਸਾਮ ਫੇਰੀ, ਸ਼ਹੀਦੀ ਮਾਰਗ ਦੇ ਸ਼ੂਹੇ ਨਕਸ਼, ਤੇਗ ਹੇਠ ਬੈਠਣਾ ਹੈ ਇਸ਼ਕ, ਨੌਵੇਂ ਪਾਤਸ਼ਾਹ ਦੇ ਸਿਦਕਵਾਨ ਸਿੱਖ ਅਤੇ ਪ੍ਰੇਮੀ ਆਦਿ।ਗੁਰੂ ਸਾਹਿਬ ਜਿਹੜੇ ਵੀ ਮਾਰਗਾਂ, ਨਗਰਾਂ ਵਿਚ ਦੀ ਲੰਘੇ, ਪੜਾ ਕੀਤਾ, ਉਨ੍ਹਾਂ ਸਾਰਿਆਂ ਪਿੰਡਾਂ, ਸ਼ਹਿਰਾਂ, ਨਗਰਾਂ ਵਿੱਚ ਸੁੰਦਰ ਅਸਥਾਨ ਸੰਗਤਾਂ ਵੱਲੋਂ ਉਸਾਰੇ ਗਏ ਬਾਰੇ ਸੰਖੇਪ ਤੇ ਭਾਵਪੂਰਤ ਜਾਣਕਾਰੀ ਦਿੱਤੀ ਗਈ ਹੈ।ਪੁਸਤਕ ਗੁਰੂ ਸਾਹਿਬ ਦੇ ਜੀਵਨ ਗਾਥਾ ਬਿਆਨ ਕਰਦੀ ਉਨ੍ਹਾਂ ਦੀਆਂ ਯਾਤਰਾਵਾਂ ਤੇ ਸਿਦਕੀ ਸਿੱਖਾਂ/ਪ੍ਰੇਮੀਆਂ ਦਾ ਬਿਉਰਾ ਵੀ ਬਿਆਂ ਕਰਦੀ ਹੈ।ਗੁਰੂ ਜੀ ਨਾਲ ਸਬੰਧਤ 12 ਰੰਗਦਾਰ ਤਸਵੀਰਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।ਕਾਵਿ ਤੇ ਵਾਰਤਕ ਨਾਲ ਦਸ ਦੇ ਕਰੀਬ ਲੇਖਿਕਾ ਦੀਆਂ ਕਿਤਾਬਾਂ ਛਪ ਚੁੱਕੀਆਂ ਹਨ।

ਮਾਝੇ, ਦੁਆਬੇ ਅਤੇ ਮਾਲਵੇ ਦੀ ਧਰਤੀ ਜਿਥੇ ਨੌਵੇਂ ਪਾਤਸ਼ਾਹ ਦੇ ਪਵਿੱਤਰ ਚਰਨ ਪਏ, ਪਹਿਲਾ ਪ੍ਰਕਾਸ਼ ਅਸਥਾਨ ਗੁਰੂ ਕੇ ਮਹਿਲ, ਗੁਰਦੁਆਰਾ ਥੜਾ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਕੋਠਾ ਸਾਹਿਬ ਵੱਲਾ ਅੰਮ੍ਰਿਤਸਰ, ਗੁਰਦੁਆਰਾ ਗੁਰੂ ਕੇ ਬਾਗ, ਸ੍ਰੀ ਤਰਨਤਾਰਨ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਖੇਮਕਰਨ ਸਾਹਿਬ, ਚੋਲ੍ਹਾ ਸਾਹਿਬ, ਤਪੋ ਅਸਥਾਨ ਬਾਬਾ ਬਕਾਲਾ, ਸਠਿਆਲਾ, ਕਾਲੇਕੇ, ਗੁਰਦੁਆਰਾ ਅਮਾਨਤਸਰ ਸਾਹਿਬ ਬਿਆਸ ਦਰਿਆ ਕੰਢੇ, ਸ੍ਰੀ ਕਰਤਾਰਪੁਰ ਸਾਹਿਬ, ਪਲਾਹੀ ਨਗਰ, ਹਕੀਮਪੁਰ, ਚੱਕ ਗੁਰੂ, ਨਵਾਂ ਸ਼ਹਿਰ, ਸ੍ਰੀ ਕੀਰਤਪੁਰ ਸਾਹਿਬ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਚਰਨ ਕੰਵਲ ਸਾਹਿਬ, ਗੁਰਦੁਆਰਾ ਕੋਟ ਸਾਹਿਬ ਤਖ਼ਤ ਸਾਹਿਬ, ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਬਿਬਾਣਗੜ੍ਹ ਸਾਹਿਬ ਆਦਿ।

          ਏਸੇ ਤਰਾਂ ਮਾਲਵੇ ਦੀ ਯਾਤਰਾ ਦਾ ਵਰਨਣ ਹੈ।ਦੁੱਗਰੀ, ਕੋਟਲੀ, ਕੁਰਾਲੀ, ਗੁਰਦੁਆਰਾ ਪਾਤਿਸ਼ਾਹੀ ਨੌਵੀ ਮਾਨਪੁਰ, ਨੰਦਪੁਰ, ਕਲੌੜ, ਰੈਲੋਂ, ਬਹੇੜ, ਰੈਲੀ, ਬਸੀ ਪਠਾਣਾਂ, ਮਕਾਰੋਪੁਰ, ਭਗੜਾਨਾ, ਉਗਾਣੀ, ਨੌ ਲੱਖਾ, ਆਕੜ, ਟਹਿਲਪੁਰਾ, ਸੈਫ਼ਾਬਾਦ, ਮਗਰ ਸਾਹਿਬ, ਬੀਬੀਪੁਰ ਖੁਰਦ, ਬੁੱਧਸੁਰ, ਮਹਿਮਦਪੁਰ ਜੱਟਾਂ, ਰਾਏਪੁਰ, ਸੀਲ, ਸ਼ੇਖੂਪੁਰ, ਹਰਪਾਲਪੁਰ, ਕਬੂਲਪੁਰ-ਹਸਨਪੁਰ, ਨਸ਼ਿਮਲੀ ਅਤੇ ਬਹਿਲਪੁਰ, ਲੰਗ, ਸਿੰਭੜੋ, ਧੰਗੇੜਾ, ਅਗੌਲ, ਰੋਹਟਾ, ਥੂਹੀ ਰਾਮਗੜ੍ਹ ਬੌੜਾਂ, ਗੁਣੀਕੇ, ਆਲੋ ਹਰਖ, ਭਵਾਨੀਗੜ੍ਹ, ਫੱਗੂਵਾਲਾ ਇਹ ਕੋਈ ਇੱਕ ਸੌ ਦੇ ਕਰੀਬ ਅਸਥਾਨਾਂ ਦਾ ਹਵਾਲਾ ਦਿੱਤਾ ਗਿਆ ਹੈ।ਹਰਿਆਣੇ ਵਿੱਚ 17 ਕੁ ਅਸਥਾਨ ਨੌਵੇਂ ਪਾਤਸ਼ਾਹ ਨਾਲ ਸਬੰਧਤ ਸ਼ਾਮਲ ਕੀਤੇ ਗਏ ਹਨ।ੳੱਤਰ ਪੂਰਬ ਦੀ ਯਾਤਰਾ ਤੇ ਗੁਰੂ ਅਸਥਾਨ ਅਧਿਆਏ ਵਿਚ ਹਰਿਦੁਆਰ ਬਾਰੇ ਲੇਖਿਕਾ ਲਿਖਦੀ ਹੈ ਕਿ ਇਸ ਅਸਥਾਨ ਨੂੰ ਪਹਿਲੇ, ਤੀਸਰੇ, ਚੌਥੇ, ਛੇਵੇਂ, ਨੌਵੇਂ ਅਤੇ ਦੱਸਵੇਂ ਗੁਰੂ ਸਾਹਿਬਾਨ ਦੀ ਚਰਨ ਧੂੜ ਪ੍ਰਾਪਤ ਹੈ।ਗੜ੍ਹ ਮੁਕਤੇਸਵਰ, ਮਥੁਰਾ, ਇਟਾਵਾ, ਕਾਨਪੁਰ, ਕਾਨੂਪੁਰ, ਕੜਾ ਮੱਾਣਕਪੁਰ ਅਤੇ ਫਿਰ ਅਯੁੱਧਿਆ ਦਾ ਵਰਨਣ ਹੈ। ਅਯੁੱਧਿਆ ਵਿਚ ਪਹਿਲੇ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਪਧਾਰੇ, ਨਿਜਾਮਾਬਾਦ, ਜੋਨਪੁਰ, ਅਲਾਹਾਬਾਦ ਅਹਰੋਕਾ, ਮਿਰਜਾਪੁਰ, ਵਾਰਾਨਸੀ, ਗੁ: ਛੋਟੀ ਸੰਗਤ ਜਿਥੇ ਗੁਰੂ ਸਾਹਿਬ ਨਾਲ ਸਬੰਧਤ ਕੁਝ ਨਿਸ਼ਾਨੀਆਂ ਵੀ ਮੌਜੂਦ ਹਨ।ਏਸੇ ਤਰਾਂ ਹੀ ਬਿਹਾਰ ਵਿਖੇ 23 ਗੁਰੂ ਅਸਥਾਨ ਨੌਵੇਂ ਪਾ: ਨਾਲ ਸਬੰਧਤ ਹਨ ਦਾ ਵੇਰਵਾ ਦਰਜ ਹੈ। ਬੰਗਾਲ ਤੇ ਬੰਗਲਾ ਦੇਸ਼ ਵਿਚ ਦੱਸ ਅਸਥਾਨਾਂ ਦਾ ਸੰਖੇਪ ਵੇਰਵਾ ਹੈ।ਨੌਵੇਂ ਗੁਰੂ ਜੀ ਦੀਆਂ ਯਾਤਰਾਵਾਂ ਦਾ ਭਾਵਪੂਰਤ ਤੇ ਬਹੁਤ ਸੰਖੇਪ ਇਤਿਹਾਸ ਇਸ ਪੁਸਤਕ ਵਿਚ ਦਰਜ ਹੈ।

ਦਿਲਜੀਤ ਸਿੰਘ ਬੇਦੀ

          ਡਾ. ਸਾਹਿਬਾਂ ਲਿਖਦੀ ਹੈ ਗੁਰੂ ਜੀ ਦਾ ਸਮੁੱਚਾ ਜੀਵਨ ਅਛੋਹ ਸਿਖਰਾਂ ਦੀ ਕਹਾਣੀ ਹੈ। ਪਾਕੀਜ਼ਗੀ, ਸੰਜੀਦਗੀ, ਸਹਿਣਸ਼ੀਲਤਾ, ਸਹਿਜ, ਧੀਰਜ, ਮਿੱਠਤ, ਪ੍ਰੇਮ ਅਤੇ ਕਰੁਣਾ ਦੇ ਸਰੂਪ ਦਰਵੇਸ਼ ਪਾਤਸ਼ਾਹ ਜੀ ਨੇ ਧਰਮ, ਅਣਖ, ਸੱਚ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪ ਨੂੰ ਵੀ ਕੁਰਬਾਨ ਕਰ ਦਿੱਤਾ। ਇਸ ਪੁਰਤੇਜ, ਪੁਰਨੂਰ, ਪਰਮਸੁੰਦਰ, ਤਿਆਗ ਵੈਰਾਗ ਦੀ ਮੂਰਤੀ ਨੂੰ ਯਾਦ ਕਰਨ ਦਾ ਸੁਭਾਗ ਬਖਸ਼ਦੇ ਹੋਏ ਦਸਵੇਂ ਪਾਤਸ਼ਾਹ ਜੀ ਅਰਦਾਸ ਵਿਚ ਫੁਰਮਾਉਂਦੇ ਹਨ:- ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥ ਗੁਰੂ ਜੀ ਨੇ ਜਗਤ ਦੀ ਪੀੜਾ ਹਰਨ ਲਈ ਅੱਠ ਹਜ਼ਾਰ ਮੀਲ ਦਾ ਸਫ਼ਰ ਕੀਤਾ ਅਤੇ ਰਾਹਾਂ ਵਿਚ ਰੁੱਖ ਬੂਟੇ ਲਗਾਏ, ਖੂਹ, ਟੋਭੇ ਬਣਵਾਏ, ਅਨਾਥਾਂ, ਨਿਮਾਣਿਆਂ ਦਾ ਦਰਦ ਵੰਡਾਇਆ। ਉਨ੍ਹਾਂ ਸਮਿਆਂ ਵਿਚ ਜਦੋਂ ਇਸਤਰੀ ਦੇ ਨਾਮ ਤੇ ਕੋਈ ਜਾਇਦਾਦ ਨਹੀਂ ਸੀ ਹੁੰਦੀ, ਸ੍ਰੀ ਅਨੰਦਪੁਰ ਸਾਹਿਬ ਦੀ ਜ਼ਮੀਨ ਖ਼ਰੀਦ ਕੇ ਆਪਣੀ ਮਾਤਾ ਜੀ ਦੇ ਨਾਮ ਚੱਕ ਨਾਨਕੀ ਰੱਖਿਆ। ਆਪ ਜੀ ਦੀ ਪਾਵਨ ਛੋਹ ਨਾਲ ਸੁੱਕੇ ਬਾਗ਼ ਹਰੇ ਹੋ ਗਏ, ਕੌੜੀਆਂ ਨਿੰਮਾਂ ਮਿੱਠੀਆਂ ਹੋ ਗਈਆਂ, ਰੁੱਖ ਬਿਰਖ ਸਰਸ਼ਾਰ ਹੋ ਗਏ। ਕਾਵਿ, ਕਲਾ, ਰਾਗ ਦੇ ਧਨੀ ਸਾਜ਼ ਨਿਵਾਜ਼ ਮਹਾਂਦਾਨੀ ਪਾਤਸ਼ਾਹ ਜੀ ਨੇ ਆਪਣੇ ਅਦੁੱਤੀ ਸਰੀਰ ਦੀ ਚਾਦਰ ਨਾਲ ਸਭ ਦੀ ਸ਼ਰਮ ਧਰਮ ਨੂੰ ਕੱਜ ਲਿਆ। ਪੁਸਤਕ ਇਤਿਹਾਸਕ ਵੇਰਵਿਆਂ ਦੇ ਖੋਜਾਰਥੀਆਂ ਲਈ ਲਾਹੇਵੰਦੀ ਹੈ।ਲੇਖਿਕਾ ਨੇ ਨੌਵੇਂ ਪਾਤਸ਼ਾਹ ਨਾਲ ਸਬੰਧਤ ਨਾਵਾਂ ਥਾਵਾਂ ਨੂੰ ਇਕੱਤਰ ਕਰਨ ਲਈ ਚੰਗੀ ਘਾਲਣਾ ਘਾਲੀ ਹੈ।

ਦਿਲਜੀਤ ਸਿੰਘ ਬੇਦੀ
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ

ਦੀਵਾਲੀ ਵਿਸ਼ੇਸ਼

ਮਿਲਾਪ, ਪਿਆਰ, ਖੁਸ਼ੀਆਂ, ਆਪਸੀ ਭਾਈਚਾਰਕ ਸਾਂਝ ਅਤੇ ਉੱਚੀ-ਸੁੱਚੀ ਸੋਚ ਦੇ ਦੀਪ ਹਮੇਸ਼ਾ ਜਗਦੇ ਰਹਿਣ

            ਹਰ ਸਾਲ ਦੀਵਾਲੀ ਆਉਦੀਂ ਹੈ ਅਤੇ ਲੰਘ ਜਾਂਦੀ ਹੈ। ਇਹ ਸਿਲਸਿਲਾ ਹਜਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਹਰ ਸਾਲ ਦੀਵਾਲੀ ਕਿਸੇ ਲਈ ਖੁਸ਼ੀ ਭਰੀ ਹੁੰਦੀ ਹੈ ਅਤੇ ਕਿਸੇ ਲਈ ਦੁੱਖਾਂ ਭਰੀ। ਆਮ ਰੋਜਮਰਾ ਦੀ ਜਿੰਦਗੀ ਨਾਲੋਂ ਦੀਵਾਲੀ ਦੇ ਤਿਉਹਾਰ ਤੇ ਖੁਸ਼ੀਆਂ ਗਮੀਆਂ ਜਿਆਦਾ ਮਹਿਸੂਸ ਹੁੰਦੀਆਂ ਹਨ। ਹਰ ਇਨਸਾਨ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਦੀਪਾਂ ਦੇ ਇਸ ਤਿਉਹਾਰ ਦੀਵਾਲੀ ਦਾ ਨਿੱਘ ਆਪਣਿਆਂ ਦੇ ਨਾਲ ਮਨਾਇਆ ਜਾਵੇ। ਸਾਡੇ ਬੰਧਨ, ਸਾਡੇ ਰਿਸ਼ਤੇ-ਨਾਤੇ ਭਾਵੇਂ ਉਹ ਭੈਣ-ਭਰਾ ਦਾ ਹੋਵੇ, ਮਾਂ-ਬਾਪ, ਬੇਟੇ ਜਾਂ ਬੇਟੀ ਦਾ ਹੋਵੇ, ਪਿਆਰ ਦਾ ਹੋਵੇ, ਮੁਹੱਬਤ ਦਾ ਹੋਵੇ, ਇਨ੍ਹਾਂ ਵਿਚਲੇ ਨਿੱਘ ਨੂੰ ਪੂਰੀ ਤਰ੍ਹਾਂ ਮਾਨਣ ਲਈ ਸਾਡਾ ਮਨ ਉਨ੍ਹਾਂ ਨੂੰ ਸਾਡੇ ਕੋਲ ਹੋਣਾ ਲੋਚਦਾ ਹੈ। ਜੇਕਰ ਸਾਡਾ ਸੱਜਣ ਪਿਆਰਾ, ਸਾਡੇ ਭੈਣ ਭਰਾ, ਸਾਡੇ ਪਿਆਰ ਅਤੇ ਮੁਹੱਬਤ ਦੇ ਰਿਸ਼ਤੇ ਸਾਡੇ ਕੋਲ ਹੋਣ ਤਾਂ ਦੀਵਾਲੀ ਦੀਆਂ ਖੁਸ਼ੀਆਂ ਦੁਣੀਆ ਚੌਣੀਆਂ ਹੋ ਜਾਂਦੀਆਂ ਹਨ। ਅੱਜ-ਕੱਲ੍ਹ ਜਿਆਦਾਤਰ ਸਾਡੇ ਬੱਚੇ ਪੜ੍ਹਾਈ ਕਰਨ ਲਈ ਜਾਂ ਜਿੰਦਗੀ ਦੀ ਸਫਲਤਾ ਲਈ ਵਿਦੇਸ਼ਾਂ ਵਿੱਚ ਗਏ ਹੋਏ ਹਨ। ਸਾਨੂੰ ਸਾਡੇ ਬੱਚਿਆਂ ਦੀ ਵਿਦੇਸ਼ ਵਿੱਚ ਜਾਣ ਦੀ ਖੁਸ਼ੀ ਵੀ ਹੈ ਪਰ ਉਨ੍ਹਾਂ ਦੇ ਵਿਛੋੜੇ ਦਾ ਦਰਦ ਵੀ ਹੈ। ਬੱਚਿਆਂ ਬਿਨ੍ਹਾਂ ਕਾਹਦੀਆਂ ਦੀਵਾਲੀ ਦੀਆਂ ਖੁਸ਼ੀਆਂ। ਰੱਬ ਕਰੇ ਕਿ ਕਿਸੇ ਲਈ ਵੀ ਅਜਿਹੀ ਦੀਵਾਲੀ ਕਦੇ ਨਾ ਆਵੇ, ਜਿਸ ਵਿਚ ਕਿਸੇ ਦੇ ਵਿਛੋੜੇ ਦਾ ਦਰਦ ਹੋਵੇ।

           ਇਤਿਹਾਸਕ ਪਿਛੋਕੜ: ਵੈਸੇ ਦੀਵਾਲੀ ਦੇ ਤਿਉਹਾਰ ਪਿੱਛੇ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਹਰ ਧਰਮ ਦੇ ਲੋਕ ਆਪਣੇ-ਆਪਣੇ ਪੈਰੋਕਾਰਾਂ ਦੇ ਦੱਸੇ ਅਨੁਸਾਰ ਇਹ ਤਿਉਹਾਰ ਮਨਾਉਂਦੇ ਆ ਰਹੇ ਹਨ। ਦੀਵਾਲੀ ਦਾ ਸਬੰਧ ਪੰਜਾਬੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਮੌਕੇ ਤੋਂ ਹੀ ਜੁੜਿਆ ਹੋਇਆ ਹੈ ਪਰ ਇਸ ਦਾ ਵਿਸ਼ੇਸ਼ ਮਹੱਤਵ ਉਦੋਂ ਹੋਰ ਵਧਿਆ ਜਦੋਂ ਸਿੱਖਾਂ ਦੇ 6 ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਗ਼ਲਾਂ ਦੀ ਕੈਦ ਤੋਂ ਮੁਕਤ ਹੋ ਕੇ ਅਤੇ 52 ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਆਪਣੇ ਨਾਲ ਮੁਕਤ ਕਰਵਾ ਕੇ ਬਾਹਰ ਆਏ। ਇਸ ਖੁਸ਼ੀ ਵਿਚ ਲੋਕਾਂ ਨੇ ਦੀਪਮਾਲਾ ਕੀਤੀ। ਪ੍ਰਸਿੱਧ ਇਤਿਹਾਸਕਾਰ ਬਾਬਾ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਦੀਵੇ ਜਗਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤੀ ਸੀ। ਹਿੰਦੂ ਧਰਮ ਅਨੁਸਾਰ ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਬਨਵਾਸ ਕੱਟਕੇ ਲੰਕੇਸ਼ਵਰ ਰਾਵਣ ਤੇ ਉਸਦੀ ਸੈਨਾ ਨੂੰ ਹਰਾ ਕੇ ਸੀਤਾ ਨੂੰ ਆਜ਼ਾਦ ਕਰਾ ਕੇ ਅਯੁੱਧਿਆ ਆਏ। ਉਨ੍ਹਾਂ ਦੀ ਆਮਦ ਦੀ ਖੁਸ਼ੀ ਵਿਚ ਘਰਾਂ ਦੀਆਂ ਛੱਤਾਂ ਉੱਤੇ ਦੀਵੇ ਜਗਾਏ ਗਏ। ਆਰੀਆ ਸਮਾਜ ਦੇ ਨੇਤਾ ਸਵਾਮੀ ਦਇਆ ਨੰਦ ਅਤੇ ਜੈਨੀਆਂ ਦੇ ਨੇਤਾ ਮਹਾਂਵੀਰ ਜੀ ਨੂੰ ਏਸੇ ਦਿਨ ਨਿਰਵਾਣ ਪ੍ਰਾਪਤ ਹੋਇਆ। ਵੈਸੇ ਇਹ ਤਿਉਹਾਰ ਸਰਦੀ ਰੁੱਤ ਦੇ ਆਗਮਨ ਦਾ ਵੀ ਸੂਚਕ ਹੈ।

           ਸਰ੍ਹੋਂ ਦੇ ਤੇਲ ਦੇ ਦੀਵੇ: ਖੁਸ਼ੀਆਂ ਤੇ ਗਮੀਆਂ ਜਿੰਦਗੀ ਦਾ ਹਿੱਸਾ ਹਨ ਜੋ ਹਮੇਸ਼ਾ ਆਉਂਦੀਆਂ ਜਾਂਦੀਆਂ ਹੀ ਰਹਿਣਗੀਆਂ। ਇਸ ਤੋਂ ਉੱਪਰ ਉੱਠ ਕੇ ਜੇਕਰ ਦੀਵਾਲੀ ਦੇ ਤਿਉਹਾਰ ਦਾ ਵਿਸਲੇਸ਼ਨ ਕਰੀਏ ਤਾਂ ਦੀਵਾਲੀ ਸ਼ਬਦ ਦੀਪਾਵਾਲੀ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਦੀਵਿਆਂ ਦੀਆਂ ਮਾਲਾਵਾਂ ਜਾਂ ਕਤਾਰਾਂ। ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ ਪਹਿਲਾਂ ਲੋਕ ਦੀਵਾਲੀ ਵਾਲੀ ਰਾਤ ਆਪਣੇ ਘਰਾਂ ਦੀਆਂ ਕੰਧਾਂ, ਬਨੇਰਿਆਂ ਤੇ ਗੇਟਾਂ ਉਤੇ ਦੀਵੇ, ਮੋਮਬੱਤੀਆਂ ਆਦਿ ਜਗਾਉਂਦੇ ਸਨ। ਪਰ ਪਿਛਲੇ ਕੁਝ ਸਾਲਾਂ ਤੋਂ ਚਾਈਨਾ (ਚੀਨ) ਦੀਆਂ ਬਣੀਆਂ ਲੜੀਆਂ ਨੇ ਦੀਵੇ ਤੇ ਮੋਮਬੱਤੀਆਂ ਦੀ ਹੋਂਦ ਖ਼ਤਮ ਹੀ ਕਰ ਦਿੱਤੀ ਹੈ। ਸਿਰਫ ਰਸਮ ਪੂਰੀ ਕਰਨ ਲਈ ਹੀ ਘਰਾਂ ਵਿਚ ਪੰਜ ਸੱਤ ਦੀਵੇ ਜਗਾਏ ਜਾਂਦੇ ਹਨ। ਦੀਵਾਲੀ ਵਾਲੇ ਦਿਨ ਦੀਵੇ ਰੌਸ਼ਨ ਕਰਨੇ ਜਿੱਤ ਜਾਂ ਖੁਸ਼ੀ ਦਾ ਪ੍ਰਗਟਾਵਾ ਕਰਨਾ ਹੈ। ਦੀਵੇ ਆਪ ਜਲ ਕੇ ਦੂਸਰਿਆਂ ਦਾ ਮਾਰਗ ਰੋਸ਼ਨ ਕਰਦੇ ਹਨ ਜੋ ਸਾਨੂੰ ਆਪਣਾ ਆਪ ਵਾਰ ਕੇ ਦੂਸਰਿਆਂ ਦੇ ਕੰਮ ਆਉਣ ਦੀ ਪ੍ਰੇਰਨਾ ਦਿੰਦੇ ਹਨ। ਸਰ੍ਹੋਂ ਦੇ ਤੇਲ ਦੇ ਦੀਵੇ ਨਾ ਸਿਰਫ਼ ਰੋਸ਼ਨੀ ਨੂੰ ਆਕਰਸ਼ਿਤ ਕਰਦੇ ਹਨ ਸਗੋ ਕਈ ਦੁਸ਼ਮਣ ਕੀਟ-ਪਤੰਗਿਆਂ ਨੂੰ ਵੀ ਖਤਮ ਕਰ ਦਿੰੰਦੇੇ ਹਨ।

           ਦੀਵਾਲੀ ਅੰਮ੍ਰਿਤਸਰ ਦੀ: ਦੀਵਾਲੀ ਵੈਸੇ ਤਾਂ ਪੂਰੇ ਦੇਸ਼ ਵਿਚ ਮਨਾਈ ਜਾਂਦੀ ਹੈ ਪਰ ਪੰਜਾਬ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੀ ਦੀਵਾਲੀ ਦੀ ਸ਼ਾਨ ਹੀ ਵੱਖਰੀ ਹੈ। ਲੱਖਾਂ ਲੋਕ ਦੇਸ਼ਾਂ-ਵਿਦੇਸ਼ਾਂ ਤੋਂ ਇਥੇ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਆਉਂਦੇ ਹਨ। ਦੀਵਾਲੀ ਵਾਲੇ ਦਿਨ ਸ਼੍ਰੀ ਦਰਬਾਰ ਸਾਹਿਬ ਉੱਤੇ ਰੌਸ਼ਨੀ ਦੀ ਸਜਾਵਟ ਦਾ ਬੜਾ ਸੁਹਾਵਣਾ ਦ੍ਰਿਸ਼ ਹੁੰੰਦਾ ਹੈ। ਰਾਤ ਨੂੰ ਆਤਸ਼ਬਾਜੀ ਚਲਾਈ ਜਾਂਦੀ ਹੈ। ਆਤਸ਼ਬਾਜੀ ਵੇਖਣ ਵਾਲਿਆਂ ਦੀ ਰੌਣਕ ਇੰਨੀ ਜ਼ਿਆਦਾ ਹੁੰਦੀ ਹੈ ਕਿ ਪ੍ਰਕਰਮਾ ਵਿਚ ਖੜ੍ਹੇ ਹੋਣ ਦੀ ਥਾਂ ਨਹੀਂ ਮਿਲਦੀ। ਬਜ਼ਾਰਾਂ ਦੀ ਸਜਾਵਟ ਬੜੀ ਦਿਲ ਖਿੱਚਵੀਂ ਹੁੰੰਦੀ ਹੈ ਇਸੇ ਲਈ ਕਿਹਾ ਜਾਂਦਾ ਹੈ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।’

            ਦੀਵਾਲੀ ਦੇ ਤੋਹਫੇ: ਤੋਹਫ਼ੇ ਹਾਸਲ ਕਰਕੇ ਤਾਂ ਖੁਸ਼ੀ ਮਹਿਸੂਸ ਹੁੰਦੀ ਹੀ ਹੈ ਤੋਹਫੇ ਦੇਣ ਵਿੱਚ ਵੀ ਵੱਖਰਾ ਹੀ ਅਨੰਦ ਤੇ ਖੁਸ਼ੀ ਮਿਲਦੀ ਹੈ। ਇਹ ਖੁਸ਼ੀ ਉਸ ਸਮੇਂ ਹੋਰ ਵੀ ਦੁੱਗਣੀ ਹੋ ਜਾਂਦੀ ਹੈ ਜਦੋਂ ਕੋਈ ਸਾਡਾ ਆਪਣਾ ਸਾਡੇ ਲਈ ਤੋਹਫ਼ਾ ਲੈ ਕੇ ਆਉਂਦਾ ਹੈ। ਵੈਸੇ ਤਾਂ ਹਰ ਕੋਈ ਇਹੀ ਕੋਸ਼ਿਸ਼ ਕਰਦਾ ਹੈ ਕਿ ਆਪਣਿਆਂ ਨੂੰ ਕੀਮਤੀ ਤੋਹਫ਼ੇ ਦਿੱਤੇ ਜਾਣ। ਇਹ ਜ਼ਰੂਰੀ ਨਹੀਂ ਕਿ ਤੋਹਫ਼ੇ ਦੀ ਕੀਮਤ ਪੈਸੇ ਵਿੱਚ ਜ਼ਿਆਦਾ ਹੋਵੇ। ਕੀਮਤ ਤਾਂ ਭਾਵਨਾਵਾਂ ਦੀ ਚਾਹੀਦੀ ਹੈ, ਕਦਰ ਦੀ ਚਾਹੀਦੀ ਹੈ, ਪਿਆਰ ਦੀ ਚਾਹੀਦੀ ਹੈ। ਸਾਡੇ ਸਮਾਜ ਵਿਚ ਬਹੱੁਤ ਲੋਕ ਅਜਿਹੇ ਹਨ ਜਿਹੜੇ ਤੋਹਫ਼ੇ ਨੂੰ ਇੱਕ ਆੜ ਸਮਝਦੇ ਹਨ। ਜੇਕਰ ਪਿਆਰ ਦੇ ਤੋਹਫ਼ੇ ਨੂੰ ਆੜ ਸਮਝਿਆ ਜਾਵੇ ਅਤੇ ਤੋਹਫ਼ੇ ਦਿੰਦੇ ਸਮੇਂ ਜਾਂ ਲੈਣ ਸਮੇਂ ਹੋਠਾਂ ਤੇ ਪਿਆਰ ਭਰੀ ਮੁਸਕਾਨ ਨਾ ਹੋਵੇ ਤਾਂ ਤੋਹਫ਼ਾ ਅਰਥਹੀਣ ਹੋ ਜਾਂਦਾ ਹੈ। ਜਦੋਂ ਵੀ ਕੋਈ ਸਾਨੂੰ ਤੋਹਫ਼ਾ ਦਿੰਦਾ ਹੈ ਤਾਂ ਉਸ ਤੋਹਫ਼ੇ ਦੀ ਕੀਮਤ ਪੈਸੇ ਵਿਚ ਦੇਖਣ ਦੀ ਬਜਾਏ ਉਸ ਦੀ ਕੀਮਤ ਭਾਵਨਾ ਤੇ ਪਿਆਰ ਵਿਚ ਦੇਖੀ ਜਾਵੇ ਤਾਂ ਉਹ ਜ਼ਿਆਦਾ ਖੁਸ਼ੀ ਤੇ ਸਕੂਨ ਪ੍ਰਦਾਨ ਕਰੇਗਾ। ਜੇਕਰ ਪੈਸੇ ਵਿੱਚ ਕੀਮਤੀ ਤੋਹਫ਼ੇ ਜ਼ਿਆਦਾ ਖੁਸ਼ੀ ਦਿੰਦੇ ਤਾਂ ਤੋਹਫ਼ਿਆਂ ਦਾ ਅਦਾਨ-ਪ੍ਰਦਾਨ ਸਿਰਫ਼ ਅਮੀਰ ਲੋਕਾਂ ਤੱਕ ਹੀ ਸੀਮਤ ਰਹਿ ਜਾਣਾ ਸੀ। ਵੈਸੇ ਤਾਂ ਪਿਆਰ ਨਾਲ ਦਿੱਤਾ ਹਰ ਤੋਹਫ਼ਾ ਕਦਰਦਾਨ ਦਿਲ ਨਾਲ ਲਾ ਕੇ ਰੱਖਦਾ ਹੈ ਪਰ ਫੇਰ ਸਾਨੂੰ ਤੋਹਫ਼ਾ ਖਰੀਦਣ ਸਮੇਂ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਤੋਹਫ਼ਾ ਜਿਸ ਨੂੰ ਦੇ ਰਹੇ ਹਾਂ ਇਹ ਤੋਹਫ਼ਾ ਉਸ ਵਾਸਤੇ ਕਿੰਨੀ ਕੁ ਅਹਿਮੀਅਤ ਰੱਖਦਾ ਹੈ। ਅਜਿਹਾ ਤੋਹਫ਼ਾ ਹੀ ਖਰੀਦੋ ਜਿਸ ਨੂੰ ਪਾ ਕੇ ਤੁਹਾਡਾ ਸਬੰਧੀ ਲੰਮੇ ਸਮੇਂ ਤੱਕ ਤੁਹਾਨੂੰ ਯਾਦ ਰੱਖੇ। ਜ਼ਿਆਦਾਤਰ ਦੀਵਾਲੀ ਦੇ ਮੌਕੇ ਤੇ ਪਟਾਕੇ ਤੋਹਫ਼ੇ ਦੇ ਤੌਰ ’ਤੇ ਦਿੱਤੇ ਜਾਂਦੇ ਹਨ। ਬੱਚਿਆਂ ਨੂੰ ਤੋਹਫਾ ਦੇਣ ਲਈ ਇਹ ਵਧੀਆ ਆਈਟਮ ਹੈ। ਬੱਚਿਆਂ ਨੂੰ ਤਾਂ ਨਿੱਤ ਨਵੀਂ ਚੀਜ ਚਾਹੀਦੀ ਹੁੰਦੀ ਹੈ, ਉਹ ਛੋਟੀ ਹੈ-ਵੱਡੀ ਹੈ, ਮਹਿੰਗੀ ਹੈ-ਸਸਤੀ ਹੈ! ਇਸ ਨਾਲ ਬੱਚਿਆਂ ਨੂੰ ਮਤਲਬ ਨਹੀਂ ਹੁੰਦਾਂ। ਪਰ ਵੱਡਿਆ ਨੂੰ ਤੋਹਫਾ ਦੇਣ ਲਈ ਪਟਾਕਿਆਂ ਦੀ ਬਜਾਏ ਅਜਿਹਾ ਤੋਹਫ਼ਾ ਦਿਓ ਜੋ ਲੰਮੇਂ ਸਮੇਂ ਤੱਕ ਉਨ੍ਹਾਂ ਨੂੰ ਤੁਹਾਡੀ ਯਾਦ ਦਵਾਉਣ। ਪਟਾਕੇ ਜਿੰਨਾ ਚਿਰ ਚਲਾਏ ਜਾਂਦੇ ਹਨ, ਓਨਾ ਚਿਰ ਤਾਂ ਖੁਸ਼ੀ ਮਹਿਸੂਸ ਹੁੰੰਦੀ ਹੈ ਪਰ ‘ਰਾਤ ਗਈ ਬਾਤ ਗਈ’ ਅਗਲੀ ਸਵੇਰ ਨੂੰ ਤੁਹਾਡੇ ਤੋਹਫ਼ੇ ਸੁਆਹ ਬਣੇ ਹੋਏ ਇਕੱਠੇ ਕਰਕੇ ਕੂੜੇ ਵਿੱਚ ਸੁੱਟ ਦਿੱਤੇ ਜਾਂਦੇ ਹਨ। ਅੱਜ ਕੱਲ੍ਹ ਮਹਿੰਗਾਈ ਦਾ ਜ਼ਮਾਨਾ ਹੈ ਇਸ ਲਈ ਆਪਣੇ ਬੱਜਟ ਨੂੰ ਦੇਖਦੇ ਹੋਏ ਹੀ ਖਰਚਾ ਕਰਨਾ ਚਾਹੀਦਾ ਹੈ। ਤੁਹਾਡਾ ਪਿਆਰ ਨਾਲ ਦਿੱਤਾ ਹੋਇਆ ਕਾਗਜ਼ ਦਾ ਇੱਕ ਟੁਕੜਾ ਵੀ ਤੁਹਾਡੇ ਆਪਣਿਆਂ ਨੂੰ ਅਜਿਹੀ ਖੁਸ਼ੀ ਦੇ ਸਕਦਾ ਹੈ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਪਰ ਜੇ ਤੋਹਫ਼ਾ ਲੈਣ ਵਾਲਾ ਬੇ-ਕਦਰਾ ਹੈ ਫੇਰ ਤੁਹਾਡਾ ਹਜ਼ਾਰਾਂ-ਲੱਖਾਂ ਦਾ ਤੋਹਫ਼ਾ ਵੀ ਉਸ ਨੂੰ ਖੁਸ਼ੀ ਨਹੀਂ ਦੇ ਸਕਦਾ।

          ਮਠਿਆਈਆਂ ਵਾਲੇ ਜ਼ਹਿਰ ਤੋਂ ਪ੍ਰਹੇਜ ਕਰੋ: ਆਪਾਂ ਆਮ ਹੀ ਖਬਰਾਂ ਵਿੱਚ ਪੜ੍ਹਦੇ, ਸੁਣਦੇ ਤੇ ਦੇਖਦੇ ਹਾਂ ਕਿ ਤਿਉਹਾਰਾਂ ਦੇ ਦਿਨ੍ਹਾਂ ਵਿੱਚ ਵੱਡੇ ਮੁਨਾਫ਼ਾਖੋਰ ਵਪਾਰੀ ਪੈਸੇ ਲਈ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਨੋ ਵੀ ਨਹੀਂ ਟੱਲਦੇ। ਨਕਲੀ ਦੁੱਧ ਅਤੇ ਨਕਲੀ ਦੁੱਧ ਤੋਂ ਤਿਆਰ ਮਠਿਆਈਆਂ ਤਿਉਹਾਰਾਂ ਦੇ ਦਿਨ੍ਹਾਂ ਵਿੱਚ ਆਮ ਹੀ ਫੜੀਆਂ ਜਾਂਦੀਆਂ ਹਨ। ਜਿਹੜੀਆਂ ਮਠਿਆਈਆਂ ਤਿਉਹਾਰਾਂ ਤੇ ਖਾਸ ਕਰਕੇ ਦੀਵਾਲੀ ਤੇ ਅਸੀਂ ਖਰੀਦਦੇ ਹਾਂ ਉਹ ਅਸਲੀ ਹਨ ਜਾਂ ਨਕਲੀ ਇਸ ਬਾਰੇ ਸਾਨੂੰ ਨਹੀਂ ਪਤਾ ਹੁੰਦਾ। ਕਈ ਵਾਰ ਤਾਂ ਮਠਿਆਈ ਤਿਆਰ ਕਰਨ ਵਾਲੇ ਹਲਵਾਈ ਨੂੰ ਵੀ ਨਹੀਂ ਪਤਾ ਹੁੰਦਾ ਕਿ ਜਿਹੜੇ ਦੱੁਧ ਤੋਂ ਉਹ ਮਠਿਆਈ ਤਿਆਰ ਕਰ ਰਿਹਾ ਹੈ ਉਹ ਅਸਲੀ ਦੁੱਧ ਹੈ ਜਾਂ ਨਕਲੀ। ਉਸ ਨੇ ਤਾਂ ਦੁੱਧ ਖਰੀਦ ਲਿਆ, ਦੁੱਧ ਵਾਲਾ ਕਿਥੋਂ ਲੈ ਕੇ ਆਇਆ, ਉਸ ਨੂੰ ਕਿਸ ਨੇ ਦਿੱਤਾ, ਅਸਲੀ ਦਿੱਤਾ ਜਾਂ ਨਕਲੀ? ਇਹ ਚੈਨ ਅਗਾਂਹ ਦੀ ਅਗਾਂਹ ਚੱਲਦੀ ਹੈ। ਦੀਵਾਲੀ ਦੇ ਤਿਉਹਾਰ ਤੇ ਤਾਂ ਮਠਿਆਈ ਵਾਲੇ ਜਹਿਰ ਤੋਂ ਬਚਿਆ ਹੀ ਜਾਵੇ ਤਾਂ ਚੰਗੀ ਗੱਲ ਹੈ। ਮਠਿਆਈ ਦੀ ਬਜਾਏ ਮੁਰੱਬਾ, ਡਰਾਈ ਫਰੂਟ, ਸੁੱਕਾ ਪੇਠਾ, ਚੰਗੀਆਂ ਕੰਪਨੀਆਂ ਦੇ ਬਿਸਕੁੱਟ, ਫਰੂਟ ਆਦਿ ਜਿਆਦਾ ਲਾਹੇਵੰਦ ਹਨ।

          ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਓ: ਹਰ ਸਾਲ ਦੀਵਾਲੀ ਤੇ ਕਈ ਅਣ-ਸੁਖਾਵੀਆਂ ਘਟਨਾਵਾਂ ਸੁਨਣ ਨੂੰ ਮਿਲਦੀਆਂ ਹਨ। ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ ਪਰ ਬੱਚਿਆਂ ਨਾਲ ਹਾਦਸੇ ਜਿਆਦਾ ਵਾਪਰਦੇ ਹਨ ਕਿਉਂਕਿ ਇੱਕ ਤਾਂ ਪਟਾਕੇ ਵਗੈਰਾ ਚਲਾਉਣੇ ਹੀ ਬੱਚਿਆਂ ਨੇ ਹੁੰਦੇ ਹਨ। ਦੂਸਰਾ ਅਜੇ ਉਨ੍ਹਾਂ ਨੂੰ ਜਿਆਦਾ ਸਮਝ ਨਹੀਂ ਹੁੰਦੀਂ ਅਤੇ ਉਹਨਾਂ ਦੇ ਮਨ ਵਿੱਚ ਇਸ ਪ੍ਰਤੀ ਕੋਈ ਡਰ ਨਹੀਂ ਹੁੰਦਾਂ ਇਸ ਕਾਰਨ ਉਹ ਸੇਫਟੀ ਵੱਲ ਜਿਆਦਾ ਧਿਆਨ ਨਹੀਂ ਦਿੰਦੇ। ਇਸ ਲਈ ਇਹ ਵੱਡਿਆ ਦਾ ਤੇ ਮਾਪਿਆਂ ਦਾ ਫਰਜ ਹੈ ਕਿ ਉਹ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ। ਪਟਾਕੇ ਚਲਾਉਣ ਸਮੇਂ ਢਿਲੇ ਕੱਪੜੇ ਨਾ ਪਾਏ ਜਾਣ, ਰੇਸ਼ਮੀ, ਸਿਲਕ ਆਦਿ ਜਿਸ ਕੱਪੜੇ ਨੂੰ ਜਲਦੀ ਅੱਗ ਪੈਂਦੀ ਹੈ ਉਨ੍ਹਾਂ ਕੱਪੜਿਆਂ ਨੂੰ ਪਾਉਣ ਤੋਂ ਪ੍ਰਹੇਜ ਕੀਤਾ ਜਾਵੇ। ਬੱਚਿਆਂ ਨੂੰ ਚਾਹੀਦੀ ਹੈ ਕਿ ਪਟਾਕੇ ਚਲਾਉਣ ਲੱਗੇ ਉਹ ਆਪਣਾ ਮੂੰਹ ਪਟਾਕਿਆਂ ਤੋਂ ਦੂਰ ਰੱਖਣ, ਆਪਣੀਆਂ ਅੱਖਾਂ ਦਾ ਖਾਸ ਕਰਕੇ ਧਿਆਨ ਰੱਖਣ, ਕਿਸੇ ਵੀ ਤਰ੍ਹਾਂ ਦੀ ਪਟਾਸ ਜਾ ਚੰਗਿਆੜੀ ਉਨ੍ਹਾਂ ਦੀਆਂ ਅੱਖਾਂ ਦੇ ਨੇੜੇ ਵੀ ਨਾ ਪਹੁੰਚੇ। ਕੋਈ ਵੀ ਪਟਾਕਾ ਮਿਸ ਹੋ ਜਾਵੇ ਤਾਂ ਉਸ ਨੂੰ ਜਾ ਕੇ ਹੱਥ ਨਾਲ ਨਾ ਚੁੱਕੋ।

           ਸਫਾਈ ਵਿੱਚ ਖੁਦਾਈ: ਦੀਵਾਲੀ ਦੀ ਰਾਤ ਨੂੰ ਅਸੀਂ ਜੋ ਪਟਾਕੇ ਚਲਾਉਦੇ ਹਾਂ ਉਸ ਨਾਲ ਵਾਤਾਵਰਣ ਵਿੱਚ ਪ੍ਰਦੂਸ਼ਨ ਤਾਂ ਫੈਲੇਗਾ ਹੀ, ਪਰ ਆਉ ਅਸੀਂ ਕੋਸ਼ਿਸ ਕਰੀਏ ਕਿ ਅਸੀਂ ਅਜਿਹੇ ਪਟਾਕੇ ਹੀ ਚਲਾਈਏ ਜਿਸ ਨਾਲ ਘੱਟ ਤੋਂ ਘੱਟ ਪ੍ਰਦੂਸ਼ਨ ਫੈਲੇ। ਜਿਸ ਤਰ੍ਹਾਂ ਅੱਜ ਕੱਲ੍ਹ ਪੈਰਾਸੂਟ ਚੱਲ ਰਹੇ ਹਨ ਜਿਸ ਨਾਲ ਪ੍ਰਦੂਸ਼ਨ ਘੱਟ ਫੈਲਦਾ ਹੈ ਅਤੇ ਉਹ ਅਸਮਾਨ ਵਿੱਚ ਰੋਸ਼ਨੀ ਜਿਆਦਾ ਸਮੇਂ ਲਈ ਕਰਦੇ ਹਨ। ਦੀਵਾਲੀ ਤੋਂ ਅਗਲੀ ਸਵੇਰ ਪਟਾਕਿਆਂ ਦੇ ਡੱਬੇ, ਉਨ੍ਹਾਂ ਪਲਾਸਟਿਕ ਦੇ ਲਿਫਾਫੇ, ਪਟਾਕਿਆਂ ਦੇ ਖਾਲੀ ਹੌਲ, ਅੱਧ ਜਲੀਆਂ ਮੋਮਬੱਤੀਆਂ, ਦੀਵੇ ਆਦਿ ਦਾ ਬੇਅੰਤ ਕੂੜਾ ਇਕੱਠਾ ਹੋ ਜਾਂਦਾ ਹੈ ਜੋ ਨਾਲੀਆਂ ਵਗੈਰਾ ਵਿੱਚ ਫਸ ਕੇ ਸੀਵਰੇਜ ਨੂੰ ਜਾਮ ਕਰ ਦਿੰਦਾ ਹੈ। ਇਸ ਲਈ ਇਸ ਸਭ ਨੂੰ ਇੱਕ ਥਾਂ ਇਕੱਠਾਂ ਕਰਕੇ  ਕੂੜਾ ਕਰਕਟ ਇਕੱਠਾ ਕਰਨ ਵਾਲੇ ਕਰਮਚਾਰੀਆਂ ਨੂੰ ਚੁੱਕਾ ਦਿਓ। ਆਮ ਹੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਸਫਾਈ ਵਿੱਚ ਹੀ ਖੁਦਾਈ ਹੈ।

          ਮਿਲਾਪ, ਪਿਆਰ ਤੇ ਖੁਸ਼ੀਆਂ ਦੇ ਦੀਪ ਹਮੇਸ਼ਾ ਜਗਦੇ ਰਹਿਣ: ਮੱਸਿਆ ਦੀ ਕਾਲੀ ਰਾਤ ਨੂੰ ਰੁਸ਼ਨਾਉਂਦਾ ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਹੁੰਦਾ ਹੈ, ਆਮ ਤੌਰ ‘ਤੇ ਇਹ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸ਼ੁਰੂ ਵਿਚ ਆਉਂਦਾ ਹੈ। ਦੇਸ਼ ਦੇ ਕੋਨੇ-ਕੋਨੇ ਕੁਝ ਵਿਦੇਸ਼ਾਂ ਵਿੱਚ ਮਨਾਏ ਜਾਣ ਵਾਲੇ ਸਾਡੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਤੇ ਚਾਹੇ ਪਟਾਕਿਆਂ ਵਗੈਰਾ ਤੇ ਕਰੋੜਾਂ ਰੁਪਏ ਖਰਚ ਹੋ ਜਾਂਦੇ ਹਨ ਪਰ ਇਸ ਦੇ ਬਦਲੇ ਜੋ ਬੇਅੰਤ ਖੁਸ਼ੀ ਪ੍ਰਾਪਤ ਹੁੰੰਦੀ ਹੈ ਉਸ ਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਸਮੂੰਹ ਪਾਠਕਾਂ ਦੇ ਘਰ ਮਿਲਾਪ, ਪਿਆਰ, ਖੁਸ਼ੀਆਂ, ਆਪਸੀ ਭਾਈਚਾਰਕ ਸਾਂਝ ਅਤੇ ਉੱਚੀ-ਸੁੱਚੀ ਸੋਚ ਦੇ ਦੀਪ ਹਮੇਸ਼ਾ ਜਗਦੇ ਰਹਿਣ। ਸਭ ਨੂੰ ਦੀਵਾਲੀ ਮੁਬਾਰਕ ਦੋਸਤੋ !

– ਭਵਨਦੀਪ ਸਿੰਘ ਪੁਰਬਾ

ਸਿੱਖਾਂ ਦੇ ਖਾਤਮੇ ਲਈ ਸ੍ਰੀ ਹਰਿਮੰਦਰ ਸਾਹਿਬ ਤੇ ਹੁੰਦੇ ਰਹੇ ਹਮਲਿਆਂ ਦੀ ਦਾਸਤਾਨ

ਸਿੱਖਾਂ ਦਾ ਧਾਰਮਿਕ ਤੇ ਰਾਜਸੀ ਪੱਖ ਤੋਂ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅੱਠੇ ਪਹਿਰ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਹੋਣ ਕਰਕੇ ਸਿੱਖ ਕੌਮ ਦਾ ਸ਼੍ਰੋਮਣੀ ਸਰਵਉੱਚ ਧਾਰਮਿਕ ਅਸਥਾਨ ਹੈ। ਸਿੱਖਾਂ ਨੇ ਇਸ ਤੋਂ ਸ਼ਕਤੀ ਊਰਜਾ ਤੇ ਪ੍ਰੇਰਨਾ ਲੈ ਕਿ ਹਮੇਸ਼ਾਂ ਦੁਸ਼ਮਣ ਸ਼ਕਤੀਆ ਦਾ ਟਾਕਰਾ ਕੀਤਾ ਹੈ। ਦੁਸ਼ਮਣ ਹਮਲਾਵਰਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਲਈ ਸਮੇਂ ਸਮੇਂ ਸ੍ਰੀ ਹਰਿਮੰਦਰ ਸਾਹਿਬ ਨੂੰ ਨੇਸਤੋਨਬੂਦ ਕਰਨ ਦੇ ਕੋਝੇ ਜਤਨ ਕੀਤੇ ਪਰ ਸਿੱਖਾਂ ਨੇ ਦੂਣ ਸਵਾਏ ਹੋ ਕੇ ਇਸ ਦੀ ਆਭਾ ਨੂੰ ਹੋਰ ਲਿਸ਼ਕਾਇਆ ਹੈ। ਹਰਿਮੰਦਰ ਦੀ ਆਭਾ ਤੇ ਸੋਭਾ ਦੁਨਿਆਵੀ ਸ਼ਬਦਾਂ ਦੇ ਕਲਾਵੇ ਵਿੱਚ ਸਮਾਂ ਨਹੀਂ ਸਕਦੇ ਇਸ ਦੇ ਖੇਡ ਨਿਰਾਲੀ, ਅਪਰੰਅਪਾਹ ਤੇ  ਵੱਡ ਪ੍ਰਤਾਪੀ ਹੈ। ਇਹ ਸੁਭਾਗੀ ਭੂਮੀ ਤੇ ਜਿਥੇ ਦਸ ਵਿਚੋਂ ਅੱਠ ਸਿੱਖ ਗੁਰੂ ਸਾਹਿਬਾਨ ਦੇ ਚਰਨ ਪਏ ਹਨ ਆਦਿ ਗ੍ਰੰਥ ਸਾਹਿਬ ਦਾ ਪ੍ਰਥਮ ਪ੍ਰਕਾਸ਼ ਹੋਇਆ ਹੈ।

ਲਖਪਤਰਾਇ ਵੱਲੋਂ ਹਮਲਾ:- “ਬਿਜੈ ਖਾਂ ਸੂਬਾ ਲਾਹੌਰ ਦੇ ਸਮੇਂ ਦੀਵਾਨ ਲਖਪਤ ਰਾਇ ਨੇ ਸਿੰਘਾਂ ਵੱਲੋਂ ਆਪਣੇ ਭਰਾ ਜਸਪਤ ਨੂੰ ਮਾਰ ਦੇਣ `ਤੇ ਸਿੱਖਾਂ ਦਾ ਖੁਰਾ-ਖੋਜ ਮਿਟਾ ਦੇਣ ਦਾ ਪ੍ਰਣ ਕਰ ਲਿਆ, ਜਿਸ ਦੇ ਫਲ ਸਰੂਪ ਸਿੰਘਾਂ ਉੱਪਰ ਬਿਪਤਾ ਦੇ ਪਹਾੜ ਟੁੱਟ ਪਏ। 1751 ਈਸਵੀ ਦੇ ਆਰੰਭ ਵਿੱਚ ਲਖਪਤ ਰਾਇ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਨੂੰ ਮਿੱਟੀ ਨਾਲ ਭਰਵਾ ਦਿੱਤਾ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ ਸਿੱਖਾਂ ਦੇ ਦਾਖਲੇ ਉੱਪਰ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ, ਪਰ ਥੋਹੜੇ ਹੀ ਸਮੇਂ ਬਾਅਦ ਖਾਲਸਾ ਦਲ ਦੀਆਂ ਅਕਾਲੀ ਫੌਜ਼ਾਂ ਨੇ ਤੁਰਕਾਂ ਦੀਆਂ ਫੌਜਾਂ ਨੂੰ ਕਰਾਰੀ ਹਾਰ ਦੇ ਕੇ ਸ਼ਹਿਰ ਉੱਪਰ ਆਪਣਾ ਕਬਜ਼ਾ ਕਰ ਲਿਆ। ਸਭ ਤੋਂ ਪਹਿਲਾਂ ਸਰੋਵਰ ਵਿੱਚ ਭਰੀ ਮਿੱਟੀ ਨੂੰ ‘ਕਾਰ-ਸੇਵਾ’ ਰਾਹੀਂ ਦਲ ਖਾਲਸੇ ਦੀਆਂ ਅਕਾਲੀ ਸਿੰਘਾਂ ਦੀਆਂ ਫੌਜ਼ਾਂ ਅਤੇ ਸ਼ਹਿਰ ਅਤੇ ਦੂਰ ਦੁਰਾਡੇ ਤੋਂ ਸੇਵਾ ਤੇ ਦਰਸ਼ਨਾਂ ਹਿਤ ਪੁੱਜੀਆਂ ਸੰਗਤਾਂ ਨੇ ਬੜੀ ਸ਼ਰਧਾ, ਪ੍ਰੇਮ ਭਾਵਨਾ ਤੇ ਸਿਦਕ ਨਾਲ ਬਾਹਰ ਕੱਢਿਆ। ਸਰੋਵਰ ਦੀ ਚਾਰ ਚੁਫੇਰਿਉਂ ਚੰਗੀ ਤਰ੍ਹਾਂ ਸਫਾਈ ਕੀਤੀ ਗਈ। ਬਾਅਦ ਵਿੱਚ ਹਰਟਾਂ ਵਾਲੇ ਖੂਹਾਂ ਤੋਂ ਸਾਫ, ਸਵੱਛ ਤੇ ਨਿਰਮਲ ਜਲ, ਸਰੋਵਰ ਵਿੱਚ ਪਾਇਆ ਗਿਆ।” (ਗਿ: ਗਿਆਨ ਸਿੰਘ ਸ਼ਮਸ਼ੇਰ ਖਾਲਸਾ ਛਾਪਾ ਪੱਥਰ ਪੰਨਾ 112 ਤੇ ਲਿਖਦੇ ਹਨ)”

ਮੀਰ ਮੰਨੂ ਵੱਲੋਂ ਹਮਲਾ:- ਮਾਰਚ 1752 ਈ: ਵਿੱਚ ਅਹਿਮਦ ਸ਼ਾਹ ਦੇ ਚੌਥੇ ਹੱਲੇ ਸਮੇਂ ਹੋਏ ਜੰਗ ਵਿੱਚ ਕੌੜਾ ਮੱਲ ਮਾਰਿਆ ਗਿਆ। ਮੀਰ ਮੰਨੂ ਨੇ ਸਿੰਘਾਂ ਉੱਪਰ ਜੋ ਜ਼ੁਲਮ ਕੀਤੇ ਉਹ ਬਿਆਨ ਤੋਂ ਬਾਹਰ ਹਨ। ਜੋ ਸਿੰਘ ਮਿਲਿਆ ਕਤਲ ਕਰ ਦਿੱਤਾ । ਮਾਈਆਂ ਬੀਬੀਆਂ ਨੂੰ ਜੇਲ੍ਹਾਂ ਵਿੱਚ ਪਾ ਦਿੱਤਾ ਤੇ ਉਨ੍ਹਾਂ ਤੋਂ ਸਵਾ-ਸਵਾ ਮਣ ਪੀਸਣੇ ਪਿਸ਼ਾਏ ਉਨ੍ਹਾਂ ਨੇ ਖੰਨੀ-ਖੰਨੀ ਰੋਟੀ `ਤੇ ਗੁਜ਼ਾਰਾ ਕੀਤਾ। ਜ਼ਾਲਮਾਂ ਨੇ ਉਨ੍ਹਾਂ ਦੇ ਬੱਚਿਆਂ ਨੂੰ ਟੋਟੇ-ਟੋਟੇ ਕਰ ਕੇ ਉਨ੍ਹਾਂ ਦੀਆਂ ਝੋਲੀਆਂ `ਚ ਪਾਏ ਪਰ ਉਹਨਾਂ ਸਿੰਘਣੀਆਂ ਨੇ ਸਿਦਕ ਨਾ ਹਾਰਿਆ ਤੇ ਆਪਣੇ ਧਰਮ `ਚ ਪੱਕੀਆਂ ਰਹੀਆਂ । ਉਦੋਂ ਦੀ ਇਹ ਕਹਾਵਤ ਮਸ਼ਹੂਰ ਹੈ : ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਜਿਉਂ ਜਿਉਂ ਸਾਨੂੰ ਵੱਢਦਾ, ਅਸੀ ਦੂਣ ਸਵਾਏ ਹੋਏ।

1753 ਈ: ਦੇ ਆਰੰਭ ਵਿੱਚ ਜਦ ਸਿੱਖਾਂ ਦਾ ਬੀਜ ਨਾਸ਼ ਕਰਨ ਦੇ ਮਨੋਰਥ ਨਾਲ ਸੂਬਾ ਲਾਹੌਰ ਮੀਰ ਮੰਨੂ ਨੇ ਸਿੱਖੀ ਦਾ ਸੋਮਾ ਸੁਕਾਉਣ ਲਈ ਸ੍ਰੀ ਅੰਮ੍ਰਿਤਸਰ ਸਰੋਵਰ ਨੂੰ ਮਿੱਟੀ ਨਾਲ ਭਰਵਾ ਦਿੱਤਾ ਤੇ ਅੰਮ੍ਰਿਤਸਰ ਸ਼ਹਿਰ ਅੰਦਰ ਸਿੰਘਾਂ ਦੇ ਦਾਖਲੇ ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ। ਜਵਾਬ ਵੱਜੋਂ ਸਿੰਘਾਂ ਨੇ ਇਕੱਠੇ ਹੋ ਕੇ ਅਜਿਹਾ ਜਬਰਦਸਤ ਹਮਲਾ ਕੀਤਾ ਕਿ ਤੁਰਕੀ ਫ਼ੌਜ ਅੰਮ੍ਰਿਤਸਰ ਛੱਡ ਕੇ ਲਾਹੌਰ ਜਾ ਵੜੀ। ਸਿੰਘਾਂ ਨੇ ਸ਼ਹਿਰ `ਤੇ ਕਬਜ਼ਾ ਕਰ ਕੇ ਅੰਮ੍ਰਿਤਸਰ ਸਰੋਵਰ ਦੀ ਕਾਰ-ਸੇਵਾ ਆਰੰਭ ਕੀਤੀ। ਪਕੜੇ ਹੋਏ ਮੁਸਲਮਾਨਾਂ ਪਾਸੋਂ ਉਨ੍ਹਾਂ ਦੇ ਹੀ ਹੱਥਾਂ ਨਾਲ ਸਰੋਵਰ ਦੀ ਸਫਾਈ ਕਰਵਾਈ, ਜਿਨ੍ਹਾਂ ਹੱਥਾਂ ਨਾਲ ਉਨ੍ਹਾਂ ਨੇ ਸਰੋਵਰ ਨੂੰ ਮਿੱਟੀ ਨਾਲ ਪੂਰ ਕੇ ਬੇ-ਅਦਬੀ ਕੀਤੀ ਸੀ। ਇਸ ਸਮੇਂ ਸੰਗਤਾਂ ਅਤੇ ਬੁੱਢਾ ਦਲ ਦੇ ਨਿਹੰਗ ਸਿੰਘਾਂ ਨੇ ਵੀ ਭਾਰੀ ਗਿਣਤੀ ਵਿੱਚ ਸ਼ਾਮਲ ਹੋ ਕੇ ਪਾਵਨ ਸਰੋਵਰ ਦੀ ਕਾਰ-ਸੇਵਾ ਨੂੰ ਬੜੇ ਸਿਦਕ, ਸ਼ਰਧਾ ਤੇ ਪ੍ਰੇਮ ਨਾਲ ਸਿਰੇ ਚੜਾ ਕੇ ਸਰੋਵਰ ਨੂੰ ਸਵੱਛ ਜਲ ਨਾਲ ਭਰਿਆ ਤੇ ਖੁਲ੍ਹੇ ਦਰਸ਼ਨ-ਇਸ਼ਨਾਨ ਕਰ ਕੇ ਜਨਮ ਸਫਲਾ ਕੀਤਾ।(ਕਰਮ ਸਿੰਘ ਹਿਸਟੋਰੀਅਨ, ਇਤਿਹਾਸਕ ਖੋਜ, ਪੰਨਾ ੯੩)

ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ:- ਅਹਿਮਦ ਸ਼ਾਹ ਦੁਰਾਨੀ ਸੰਮਤ 1814 ਬਿ: (28 ਜਨਵਰੀ 1757 ਈ:) ਨੂੰ ਲੁੱਟਣ ਦੇ ਖਿਆਲ ਨਾਲ ਦਿੱਲੀ ਦਾਖਲ ਹੋਇਆ। ਜੇਹੜਾ ਲੁੱਟ ਦਾ ਮਾਲ ਇਕੱਠਾ ਕਰ ਕੇ ਕਾਬਲ ਨੂੰ ਭੇਜਿਆ, ਉਸ ਨੂੰ ਅੰਬਾਲੇ ਤੇ ਸਮਾਣੇ ਦੇ ਵਿਚਕਾਰ ਆਲਾ ਸਿੰਘ ਪਟਿਆਲਾ ਨੇ ਖੋਹ ਲਿਆ । ਬਾਕੀ ਬਚਦਾ ਮਾਲ ਸਿੰਘਾਂ ਨੇ ਦੁਆਬੇ ਤੇ ਮਾਝੇ ਦੇ ਇਲਾਕਿਆਂ ਵਿੱਚ ਲੁੱਟ ਲਿਆ । ਅਹਿਮਦ ਸ਼ਾਹ ਆਪ 2 ਅਪ੍ਰੈਲ 1757 ਈ: ਨੂੰ ਦਿੱਲੀ ਤੋਂ ਚਲਿਆ ਜਦ ਪੰਜਾਬ ਆਇਆ ਤਾਂ ਸਿੰਘਾਂ ਉੱਪਰ ਖਿੱਝ ਕੇ ਅੰਮ੍ਰਿਤਸਰ ਆ ਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਅੰਮ੍ਰਿਤ ਸਰੋਵਰ ਦੀ ਬੇ-ਅਦਬੀ ਕੀਤੀ । ਇਸ ਬੇ-ਅਦਬੀ ਨੂੰ ਦੂਰ ਕਰਾਉਣ ਲਈ ਮਾਲਵੇ ਤੋਂ ਬਾਬਾ ਦੀਪ ਸਿੰਘ ਜੀ ਸਮੇਤ ਬਹੁਤ ਸਾਰੇ ਸਿੰਘ ਦੀਵਾਲੀ ਦੇ ਸਮੇਂ ਸ੍ਰੀ ਅੰਮ੍ਰਿਤਸਰ ਇਕੱਠੇ ਹੋਏ ।ਤੈਮੂਰ ਸ਼ਾਹ ਸੂਬਾ ਲਾਹੌਰ ਨੇ ਜਹਾਨ ਖਾਨ ਨੂੰ ਫੌਜ ਦੇ ਕੇ ਅੰਮ੍ਰਿਤਸਰ ਭੇਜਿਆ। ਨਵੰਬਰ 1757 ਈ: ਵਿੱਚ ਬਹੁਤ ਭਾਰੀ ਜੰਗ ਹੋਇਆ, ਜਿਸ ਵਿੱਚ ਬਾਬਾ ਦੀਪ ਸਿੰਘ ਜੀ ਬਹੁਤ ਸਾਰੇ ਸਿੰਘਾਂ ਸਮੇਤ ਸ਼ਹੀਦ ਹੋ ਗਏ । ਜਹਾਨ ਖਾਨ ਨੇ ਸ਼ਹਿਰ `ਤੇ ਕਬਜ਼ਾ ਕਰ ਕੇ ਬਹੁਤ ਸਾਰੀਆਂ ਸੁੰਦਰ ਇਮਾਰਤਾਂ ਢਾਹ ਦਿੱਤੀਆਂ । ਅੰਮ੍ਰਿਤ-ਸਰੋਵਰ ਦੀ ਬੇ-ਅਦਬੀ ਕੀਤੀ ਤੇ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ।

ਸਿੰਘਾਂ ਨੇ ਛੇਤੀ ਹੀ ਮੁੜ ਇਕੱਠੇ ਹੋ ਕੇ ਅੰਮ੍ਰਿਤਸਰ ਸ਼ਹਿਰ ਉੱਪਰ ਕਬਜ਼ਾ ਕਰ ਲਿਆ ਤੇ ਹਮਲਾ ਕਰ ਕੇ ਤੈਮੂਰ ਸ਼ਾਹ ਤੇ ਜਹਾਨ ਖਾਨ ਨੂੰ ਲਾਹੌਰੋਂ ਭੱਜਾ ਦਿੱਤਾ । 19 ਅਪ੍ਰੈਲ 1858 ਈ: ਨੂੰ ਏਮਾਨਬਾਦ ਝਨਾ ਨਦੀ ਦੇ ਕੰਢੇ ਸਿੰਘਾਂ ਨੇ ਦੁਰਾਨੀਆਂ ਦੀ ਫ਼ੌਜ ਨੂੰ ਹਾਰ ਦੇ ਕੇ ਕੁਝ ਪਠਾਣ ਫ਼ੌਜੀਆਂ ਨੂੰ ਕੈਦੀ ਬਣਾ ਲਿਆ ਤੇ ਉਨ੍ਹਾਂ ਨੂੰ ਨਾਲ ਲੈ ਕੇ ਖਾਲਸਾਈ ਫੌਜ਼ਾਂ ਅੰਮ੍ਰਿਤਸਰ ਆ ਗਏ। ਸਰੋਵਰ ਦੀ ਜਿਤਨੀ ਬੇ-ਅਦਬੀ ਅਹਿਮਦ ਸ਼ਾਹ, ਤੈਮੂਰ ਸ਼ਾਹ ਤੇ ਜਹਾਨ ਖਾਨ ਨੇ ਕੀਤੀ ਸੀ, ਉਤਨੀ ਹੀ ਟਹਿਲ ਸੇਵਾ ਇਨ੍ਹਾਂ ਦੁਰਾਨੀ ਪਠਾਣਾਂ ਪਾਸੋਂ ਕਰਵਾਈ। ਬੁੱਢਾ ਦਲ, ਗੁਰੂ ਕੀਆਂ ਸਿੱਖ ਸੰਗਤਾਂ ਨੇ ਕਾਰ-ਸੇਵਾ ਵਿੱਚ ਪੂਰੀ ਸਰਧਾ ਭਾਵਨਾ ਨਾਲ ਆਪਣਾ ਪੂਰਾ ਯੋਗਦਾਨ ਪਾਇਆ। ਪੂਰੀ ਸਫਾਈ ਤੋਂ ਬਾਅਦ ਟੁੱਟ-ਭੱਜ ਦੀ ਮੁਰੰਮਤ ਕਰ ਕੇ ਬਾਅਦ ਵਿੱਚ ਸਾਫ ਸਵੱਛ ਅੰਮ੍ਰਿਤ ਜਲ ਭਰ ਕੇ ਖੁੱਲ੍ਹੇ ਇਸ਼ਨਾਨ ਕੀਤੇ।” (ਹਰੀ ਰਾਮ ਗੁਪਤਾ, ਹਿਸਟਰੀ ਆਫ ਦੀ ਸਿਖਸ ਲਿਖਦੇ ਹਨ ਕਿ )

ਅਹਿਮਦਸ਼ਾਹ ਦੁਰਾਨੀ ਦਾ ਅਠਵਾਂ ਹਮਲਾ:- 1819 ਬਿ: ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਭਾਰਤ ਉੱਪਰ ਆਪਣਾ ਅੱਠਵਾਂ ਹੱਲਾ ਕੀਤਾ । 5 ਫਰਵਰੀ ਸੰਨ 1762 ਈਸਵੀ ਨੂੰ ਮਾਲਵੇ ਵਿੱਚ ਕੁੱਪ ਰਹੀੜੇ ਦੇ ਮੈਦਾਨ ਵਿੱਚ ਸਿੰਘਾਂ ਨਾਲ ਵੱਡਾ ਘਲੂਘਾਰਾ ਹੋਇਆ, ਜਿਸ ਵਿੱਚ ਇਕੋ ਦਿਨ 30 ਹਜ਼ਾਰ ਸਿੰਘ ਸ਼ਹੀਦ ਹੋਇਆ। ਵਾਪਸ ਮੁੜਦਿਆਂ ਲਾਹੌਰ ਨੂੰ ਜਾਂਦਿਆਂ ਸਿੰਘਾਂ ਉੱਪਰ ਖਿਝੇ ਹੋਏ ਅਹਿਮਦ ਸ਼ਾਹ ਨੇ ਸਿੰਘਾਂ ਦਾ ਬੀਜ ਨਾਸ ਕਰਨ ਲਈ ਸ੍ਰੀ ਅੰਮ੍ਰਿਤਸਰ ਦਾ ਪਵਿੱਤਰ ਸਰੋਵਰ ਮਿੱਟੀ ਨਾਲ ਭਰਵਾ ਦਿੱਤਾ। 1819 ਬਿ: (10 ਅਪ੍ਰੈਲ 1762 ਈ:) ਨੂੰ ਅੰਦਰ ਬਾਰੂਦ ਦੇ ਕੁੱਪੇ ਰਖਵਾ ਕੇ ਤੇ ਅੱਗ ਲਗਵਾ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਨੂੰ ਉੱਡਵਾ ਦਿੱਤਾ। ਇਸ ਸਮੇਂ ਇਕ ਇੱਟ ਉੱਡ ਕੇ ਅਹਿਮਦ ਸ਼ਾਹ ਦੇ ਨੱਕ `ਤੇ ਜਾ ਵੱਜੀ ਜੋ ਉਸ ਲਈ ਜਾਨ-ਲੇਵਾ ਸਾਬਤ ਹੋਈ। ਫਿਰ ਥੋੜ੍ਹੇ ਹੀ ਸਮੇਂ ਬਾਅਦ ਸਿੰਘਾਂ ਨੇ ਇੱਕਠੇ ਹੋ ਕੇ ਅੰਮ੍ਰਿਤਸਰ ਸ਼ਹਿਰ ਉੱਪਰ ਕਬਜਾ ਕਰ ਲਿਆ । ਸ੍ਰੀ ਅੰਮ੍ਰਿਤਸਰ ਸਰੋਵਰ ਦੀ ਕਾਰ-ਸੇਵਾ ਆਪ ਕੀਤੀ ਤੇ ਸੰਗਤਾਂ ਪਾਸੋਂ ਕਰਵਾਈ। ਡਾ. ਸਰੂਪ ਸਿੰਘ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਵਿੱਚ ਲਿਖਦੇ ਹਨ ਕਿ “ਹਰ ਸਿੱਖ ਇਸ ਅਸਥਾਨ ਦੇ ਦਰਸ਼ਨ ਦੀਦਾਰਿਆਂ ਅਤੇ ਇਸ਼ਨਾਨ ਲਈ ਨਿਤ ਅਰਦਾਸਾਂ, ਕਰਦਾ ਰਹਿੰਦਾ ਹੈ ਅਤੇ ਆਪਣੀ ਜਾਨ ਹੂਲ ਕੇ ਵੀ ਇਸ ਸਰੋਵਰ ਵਿਚ ਇਸ਼ਨਾਨ ਕਰਨ ਵਿਚ ਪ੍ਰਮਾਤਮਾ ਦੀ ਮਿਹਰ ਸਮਝਦਾ ਹੈ। ਉਹ ਤਾਂ ਹਰਿਮੰਦਰ ਸਰੋਵਰ ਵਿਚ ਇਵੇਂ ਇਸ਼ਨਾਨ ਕਰਨ ਆਉਂਦਾ ਹੈ ਜਿਵੇਂ ਪਰਵਾਨਾ ਆਪਣੇ ਇਸ਼ਟ, ਸਮਾਂ ਤੇ ਕੁਰਬਾਣ ਹੋਣ ਹਿਤ ਚਾਈਂ ਚਾਈਂ ਆਉਂਦਾ ਹੈ । ਇਹ ਗੱਲ ਮੁਗ਼ਲ ਹਾਕਮਾਂ ਨੂੰ ਜਦੋਂ ਸਮਝ ਆਈ ਤਾਂ ਉਨ੍ਹਾਂ ਨੇ ਸਿੱਖਾਂ ਦੇ ਦਰਬਾਰ ਸਾਹਿਬ ਵਿਚ ਪ੍ਰਵੇਸ਼ ਨੂੰ ਰੋਕਣ ਲਈ ਸਖਤ ਪਹਿਰ ਬਣਾ ਦਿੱਤੇ। ਜਿਥੇ ਕਿਧਰੋ ਸਿੱਖ ਮਿਲਦਾ ਬਿਨਾਂ ਕਸੂਰ ਕਰਨ ਦੇ ਵੀ ਉਸ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਸਿੱਖ ਹੋਣਾ ਹੀ ਉਸ ਦਾ ਸਭ ਤੋਂ ਵੱਡਾ ਕਸੂਰ ਹੋ ਗਿਆ। ਉਹ ਸਿਖਾਂ ਦੇ ਨਾਲ ਇਨ੍ਹਾਂ ਦੀ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਅੰਮ੍ਰਿਤਮਈ ਤਲਾਬ (ਸਰੋਵਰ ਸਾਹਿਬ) ਦੇ ਵੀ ਦੁਸ਼ਮਣ ਹੋ ਗਏ। ਪਰ ਸਮੇਂ ਸਮੇਂ ਸਖ਼ਤੀਆਂ ਤੇ ਅਤਿਆਚਾਰਾਂ ਦੇ ਬਾਵਜੂਦ ਵੀ ਸਿੱਖ ਆਪਣੇ ਇਸ ਗੁਰਧਾਮ ਨਾਲ ਆਪਣਾ ਅਟੁੱਟ ਰਿਸ਼ਤਾ ਬਣਾਈ ਰੱਖਣ ਵਿਚ ਸਫਲ ਰਹੇ। ਜੇ ਅਬਦਾਲੀ ਨੇ ਸਿੱਖਾਂ ਨੂੰ ਨਿਰਬਲ ਤੋਂ ਕਮਜ਼ੋਰ ਕਰਨ ਲਈ ਹਰਿਮੰਦਰ ਸਾਹਿਬ ਨੂੰ ਢਾਹ ਦਿੱਤਾ, ਸਰੋਵਰ ਨੂੰ ਪੂਰ ਦਿੱਤਾ ਤਾਂ ਵੀ ਉਹ ਸਿੱਖਾਂ ਦਾ ਮਨੋ ਬਲ ਗੇਰਨ ਵਿਚ ਸਫਲ ਨਾ ਹੋ ਸਕਿਆ। ਜਬੈ ਬਾਣ ਲਾਗੈ ਤਬੈ ਰੋਸ ਜਾਗੈ ਦੀ ਭਾਵਨਾ ਤੇ ਅਧਾਰਤ ਜੀਵਨ ਬਤੀਤ ਕਰਦਿਆਂ ਆਪਣੀਆਂ ਵਡਮੁੱਲੀਆਂ ਪਰੰਪਰਾਵਾਂ ਦੀ ਸੋਭਾ ਵਧਾਉਂਦਿਆਂ ਸਿੱਖਾਂ ਨੇ ਉਸ ਨੂੰ ਚੈਨ ਨਾਲ ਇਕ ਪਲ ਵੀ ਨਹੀਂ ਰਹਿਣ ਦਿੱਤਾ। ਉਸ ਨੂੰ ਵਾਪਸ ਕਾਬਲ ਜਾਂਦਿਆਂ ਕਰਾਰੀ ਹਾਰ ਦਿੱਤੀ। ਉਸ ਦਾ ਲੜਕਾ ਜੰਗ ਵਿਚ ਮਾਰਿਆ ਗਿਆ। ਅਬਦਾਲੀ ਨੇ ਸੂਕਦੇ ਝਨਾ ਦਰਿਆ ਵਿਚ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਰਿਮੰਦਰ ਵੱਲ ਮਾੜੀ ਅੱਖ ਰੱਖਣ ਵਾਲਾ ਜਰਵਾਣਾ ਅਹਿਮਦ ਸ਼ਾਹ ਅਬਦਾਲੀ ਆਪਣਾ ਬਾਦਸ਼ਾਹੀ ਜਲੋ ਗਵਾ ਬੈਠਾ। ਸਿੱਖਾਂ ਨੇ ਉਸ ਦੇ ਪੈਰਾਂ ਥੱਲੇ ਧਮੂਚੇ ਡਾਹੀਂ ਰੱਖੇ ਉਸ ਨੂੰ ਇਤਨਾ ਡਰਾਇਆ ਕਿ ਉਹ ਮੁੜ ਭਾਰਤ ਤੇ ਹਮਲਾ ਕਰਨ ਜੋਗਾ ਨਾ ਰਿਹਾ। ਭਾਰਤ ਵਲ ਲਲਚਾਈਆਂ ਅੱਖਾਂ ਨਾਲ ਵੇਖਦਾ ਵੇਖਦਾ ਹੀ ਉਹ 1772 ਈ. ਵਿਚ ਮਰ ਗਿਆ। ਸਿੱਖ ਸੂਰਮਿਆਂ ਨੇ ਹਰਿਮੰਦਰ ਸਾਹਿਬ ਤੋਂ ਪ੍ਰੇਰਨਾ ਲੈ ਕੇ ਇਸ ਜਰਵਾਣੇ ਨੂੰ ਉਹ ਚਣੇ ਚਬਾਏ ਕਿ ਉਸ ਦੇ ਸਾਰੇ ਮਨਸੂਬੇ ਖਾਕ ਵਿਚ ਮਿਲ ਗਏ ਤੇ ਖਾਲਸੇ ਦੇ ਸ਼ਾਨ ਰੂਪੀ ਨਿਸ਼ਾਨ ਸਾਹਿਬ, ਅਬਦਾਲੀ ਦੇ ਘਰ ਤਕ ਤੇ ਝੂਲਣ ਲਗ ਪਏ। ਇਵੇਂ ਹਰਿਮੰਦਰ ਨੂੰ ਢਾਹੁਣ ਵਾਲਾ ਖੁਦ ਢਹਿ ਢੇਰੀ ਹੋ ਗਿਆ ਪਰ ਹਰਮੰਦਰ ਤਾਂ ਅਜ ਵੀ ਜੀਵਤ ਹੈ, ਸੁਜਿੰਦ ਹੈ ਤੇ ਕਿਆਮਤ ਤਕ ਇਵੇਂ ਹੀ ਰਹੇਗਾ।”

1821 ਬਿਕ੍ਰਮੀ ਦੀ ਦੀਵਾਲੀ ( 17 ਅਕਤੂਬਰ 1764 ਈਸਵੀ ) ਨੂੰ 60 ਹਜ਼ਾਰ ਸਿੰਘ ਅੰਮ੍ਰਿਤਸਰ ਇਕੱਠਾ ਹੋ ਗਿਆ । ਪੰਥ ਦੇ ਜਥੇਦਾਰ ਸ: ਜੱਸਾ ਸਿੰਘ ਆਹਲੂਵਾਲੀਏ ਦੇ ਹੱਥੋਂ ਸ੍ਰੀ ਹਰਿਮੰਦਰ ਸਾਹਿਬ ਦੀ ਨਵੀਂ ਉਸਾਰੀ ਦਾ ਨੀਂਹ ਪੱਥਰ ਰਖਵਾਇਆ । ਭਾਈ ਦੇਸ ਰਾਜ ਸੁਰ ਸਿੰਘ ਵਾਲੇ ਨੂੰ ਇਸ ਪਾਵਨ ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰ ਇਮਾਰਤ ਨੂੰ ਨਵੇਂ ਸਿਰਿਉਂ ਦੋਬਾਰਾ ਤਿਆਰ ਕਰਨ ਲਈ ਸਾਰੇ ਖਜ਼ਾਨੇ ਦਾ ਮੋਦੀ ਬਨਾਇਆ ਗਿਆ। (ਪ੍ਰਸਿੱਧ ਇਤਿਹਾਸਕਾਰ ਗੰਡਾ ਸਿੰਘ, ਅਹਿਮਦ ਸ਼ਾਹ ਅਬਦਾਲੀ(ਅੰਗ੍ਰੇਜ਼ੀ)

ਤਾਜੀਏ ਨਿਕਲਣੇ ਬੰਦ ਹੋਏ:- 25 ਫਰਵਰੀ 1809 ਨੂੰ ਮੁਹੱਰਮ ਦਾ ਦਿਨ ਸੀ। ਇਤਫਾਕ ਐਸਾ ਹੋਇਆ ਕਿ ਉਸ ਦਿਨ ਹੋਲਾ-ਮਹੱਲਾ ਮਨਾਣ ਲਈ ਬਹੁਤ ਸਾਰੇ ਨਿਹੰਗ ਸਿੰਘ ਵੀ ਅੰਮ੍ਰਿਤਸਰ ਇਕੱਠੇ ਹੋਏ ਸਨ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੁਪਹਿਰ ਬਾਅਦ ਦਾ ਦੀਵਾਨ ਸਜਿਆ ਹੋਇਆ ਸੀ ਤੇ ਕਥਾ ਕੀਰਤਨ ਦਾ ਪਰਵਾਹ ਜਾਰੀ ਸੀ।ਮੈਟਕਾਫ਼ ਦੇ ਨਾਲ ਆਏ ਕੁਝ ਸ਼ੀਆ ਮੁਸਲਮਾਨ ਤਾਜੀਏ ਕੱਢ ਕੇ ਦਰਬਾਰ ਸਾਹਿਬ ਦੇ ਕੋਲੋਂ ਲੰਘ ਰਹੇ ਸਨ। ਉਨ੍ਹਾਂ ਦੇ ਅਲੀ ਯਾ ਹੁਸੈਨ ਦੇ ਨਾਹਰਿਆਂ ਨਾਲ, ਭਾਰੀ ਸ਼ੋਰ ਪੈ ਗਿਆ। ਬੁੱਢਾ ਦਲ ਦੇ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਵੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਜੇ ਦੀਵਾਨ ਵਿੱਚ ਬੈਠੇ ਸਨ। ਬਾਹਰਲੇ ਸ਼ੋਰ ਸ਼ਰਾਬੇ ਕਾਰਣ ਸਜੇ ਹੋਏ ਦੀਵਾਨ ਵਿੱਚ ਵਿਘਨ ਪੈ ਗਿਆ। ਅਕਾਲੀ ਜੀ ਨੇ ਦੋ ਤਿੰਨ ਨਿਹੰਗਾਂ ਨੂੰ ਬਾਹਰ ਭੇਜਿਆ ਕਿ ਉਹ ਜਾ ਕੇ ਜਲੂਸ ਵਾਲਿਆਂ ਨੂੰ ਬੇਨਤੀ ਕਰਨ ਕਿ ਉਹ ਦਰਬਾਰ ਸਾਹਿਬ ਦੇ ਲਾਗੋਂ ਸ਼ਾਂਤੀ ਨਾਲ ਲੰਘ ਜਾਣ।ਅਕਾਲੀ ਸਿੰਘਾਂ ਦੀ ਬੇਨਤੀ ਮੰਨਣ ਦੀ ਬਜਾਇ ਮੈਟਕਾਫ ਦੇ ਸਿਪਾਹੀ ਸਿੰਘਾਂ ਦੇ ਗਲ ਪੈ ਗਏ ਤੇ ਆਪੋ ਵਿੱਚ ਹਥੋ- ਪਾਈ ਸ਼ੁਰੂ ਹੋ ਗਈ। ਇਸ ਰੌਲੇ-ਗੋਲੇ ਵਿੱਚ ਇਕ ਸਿੰਘ ਦੀ ਦਸਤਾਰ ਹੇਠਾਂ ਡਿੱਗ ਪਈ। ਜਦੋਂ ਇਸ ਘਟਨਾ ਦੀ ਖਬਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਨੂੰ ਪਹੁੰਚੀ ਤਾਂ ਉਹ ਕੁਝ ਕੁ ਅਕਾਲੀ ਸਿੰਘਾਂ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚ ਗਏ। ਅਕਾਲੀ ਸਿੰਘਾਂ ਕੋਲ ਬਹੁਤਾ ਕਰਕੇ ਤਲਵਾਰਾਂ ਤੇ ਭਾਲੇ ਹੀ ਸਨ ਜਦ ਕਿ ਮੈਟਕਾਫ ਦੇ ਸੈਨਿਕ ਬੰਦੂਕਾਂ ਤੇ ਗੋਲੀਆਂ ਨਾਲ ਲੈਸ ਸਨ। ਪਲੋ-ਪਲੀ ਦੋਹਾਂ ਪਾਸੋਂ ਵੱਡਾ ਨੁਕਸਾਨ ਹੋਇਆ ਕਈ ਬੰਦੇ ਮਾਰੇ ਗਏ। ਸਿੱਕਾ ਬਾਰੂਦ ਕੋਲ ਨਾ ਹੋਣ ਕਰਕੇ ਬਹੁਤਾ ਜਾਨੀ ਨੁਕਸਾਨ ਨਿਹੰਗ ਸਿੰਘ ਅਕਾਲੀਆਂ ਦਾ ਹੋਇਆ। ਪਰ ਮੈਟਕਾਫ ਦੇ ਸਿਪਾਹੀ ਆਪਣੀ ਹਾਲਤ ਵਿਗੜਦੀ ਵੇਖ ਕੇ ਉਥੋਂ ਭੱਜ ਗਏ ਕੁਝ ਇਕ ਨੇ ਇਸ ਘਟਨਾ ਦੀ ਖਬਰ ਮਹਾਰਾਜਾ ਰਣਜੀਤ ਸਿੰਘ ਨੂੰ ਜਾ ਦਿਤੀ ਜੋ ਉਸ ਸਮੇਂ ਗੋਬਿੰਦਗੜ੍ਹ ਦੇ ਕਿਲੇ ਵਿੱਚ ਠਹਿਰਿਆ ਹੋਇਆ ਸੀ। ਖਬਰ ਮਿਲਦਿਆਂ ਹੀ ਮਹਾਰਾਜਾ ਤੁਰੰਤ ਉਥੇ ਪਹੁੰਚ ਗਿਆ ਤੇ ਉਸ ਨੇ ਬੜੀ ਮੁਸ਼ਕਲ ਨਾਲ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਨੂੰ ਸ਼ਾਂਤ ਕਰਕੇ ਉਨ੍ਹਾਂ ਨੂੰ ਡੇਰੇ ਭੇਜਿਆ ਤੇ ਮੈਟਕਾਫ ਨੂੰ ਮਿਲ ਕੇ ਇਸ ਗੱਲ ਦਾ ਅਫਸੋਸ ਪ੍ਰਗਟ ਕੀਤਾ ਕਿ ਉਸ ਦੇ ਕੁਝ ਸਾਥੀਆਂ ਨਾਲ ਇਹ ਅਣਸੁਖਾਵੀ ਘਟਨਾ ਵਾਪਰੀ ਹੈ। ਇਸ ਝਗੜੇ ਦਾ ਫੌਰੀ ਤੇ ਇਕ ਸਥਾਈ ਅਸਰ ਇਹ ਜ਼ਰੂਰ ਹੋਇਆ ਕਿ ਉਸ ਦਿਨ ਤੋਂ ਸ੍ਰੀ ਦਰਬਾਰ ਸਾਹਿਬ ਲਾਗਿਉਂ ਤਾਜੀਏ ਨਿਕਲਣੇ ਬੰਦ ਹੋ ਗਏ।  

1848 ਵਿੱਚ ਨਿਹੰਗ ਅਕਾਲੀਆਂ ਨੂੰ ਫਾਂਸੀ:- ਈਸਟ ਇੰਡੀਆਂ ਕੰਪਨੀ ਦੀ ਕੋਰ ਰੈਜਮੈਂਟ ਦੀ ਫੌਜ਼ ਜੁੱਤੀਆਂ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਦਾਖਲ ਹੋਣ ਤੇ ਬੁੱਢਾ ਦਲ ਦੇ ਨਿਹੰਗ ਸਿੰਘ ਅਕਾਲੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਉਹ ਅਕਾਲੀਆਂ ਦੇ ਰੋਸ ਅਤੇ ਮਰਯਾਦਾ ਸਬੰਧੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਸਨ। ਇਹ ਮਾਮਲਾ ਬੁੰਗਾ ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਦੀਕ ਹੋਰ ਭੱਖ ਗਿਆ ਇਸ ਝੱਗੜੇ ਵਿੱਚ ਈਸਟ ਇੰਡੀਆ ਕੰਪਨੀ ਦੀ ਫੌਜ਼ ਦਾ ਇੱਕ ਸੂਬੇਦਾਰ ਮਾਰਿਆ ਗਿਆ ਕੋਰ ਦਾ ਕਮਾਂਡੈਂਟ ਤੇ ਕੁੱਝ ਹੋਰ ਸਿਪਾਹੀ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰੇ ਨਿਹੰਗ ਸਿੰਘ ਅਕਾਲੀਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦਰਬਾਰ ਵਿੱਚ ਪੇਸ਼ ਕੀਤਾ ਗਿਆ ਇਸ ਸਬੰਧੀ ਨਿਹੰਗ ਅਕਾਲੀ ਗੰਡਾ ਸਿੰਘ ਅਤੇ ਉਸ ਦੇ ਦੋ ਸਾਥੀਆਂ ਤੇ ਸੂਬੇਦਾਰ ਦਾ ਕਤਲ, ਕੋਰ ਕਮਾਂਡੈਂਟ ਤੇ ਉਸ ਦੇ ਸਾਥੀਆਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ਵਿੱਚ ਮੁਕੱਦਮਾ ਦਰਜ਼ ਕੀਤਾ ਗਿਆ ਅਤੇ ਇਹ ਦੋਸ਼ੀ ਸਾਬਤ ਹੋਣ ਤੇ ਨਿਹੰਗ ਗੰਡਾ ਸਿੰਘ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ ਬਾਕੀ ਬਚੇ ਛੇ ਕੈਦੀਆਂ ਬਿਬੇਕ ਸਿੰਘ, ਖੁਰਗ ਸਿੰਘ, ਹੀਰਾ ਸਿੰਘ, ਹੁਕਮ ਸਿੰਘ ਗੌਰ, ਮਸਤਾਨ ਸਿੰਘ, ਸਥਾਨ ਸਿੰਘ ਨੂੰ ਸੱਤ-ਸੱਤ ਸਾਲ ਲਈ ਬਾਮੁਸ਼ਕਤ ਕੈਦ ਸੁਣਾਈ ਗਈ। ਨਿਹੰਗ ਅਕਾਲੀ ਗੰਡਾ ਸਿੰਘ ਦੇ ਨਾਲ ਦੋ ਹੋਰ ਫਾਂਸੀ ਚੜ੍ਹ ਕੇ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਨਾਵਾਂ ਦਾ ਵੇਰਵਾ ਨਹੀਂ ਮਿੱਲ ਸਕਿਆ।ਨਿਹੰਗ ਅਕਾਲੀ ਗੰਡਾ ਸਿੰਘ ਬਾਰੇ ਇਹ ਵੀ ਵੇਰਵਾ ਮਿਲਦਾ ਹੈ ਕਿ ਮਾਝੇ ਦੇਸ਼ ਦੇ ਮਰਹੂਮ ਗਵਰਨਰ ਸ. ਲਹਿਣਾ ਸਿੰਘ ਮਜੀਠੀਏ ਨਾਲ ਵੀ ਉਸ ਦਾ ਝਗੜਾ ਰਿਹਾ ਤੇ ਮਜੀਠੀਏ ਨੇ ਉਸ ਦੀ ਜ਼ਾਇਦਾਦ ਵੀ ਲੁੱਟ ਲਈ ਸੀ।ਬਾਕੀ ਛੇ ਨਿਹੰਗ ਸਿੰਘ ਅਕਾਲੀਆਂ ਨੂੰ ਵਿਸ਼ੇਸ਼ ਤੌਰ ਤੇ ਬਰੇਲੀ ਜੇਲ੍ਹ ਵਿੱਚ ਸਖ਼ਤ ਪਹਿਰੇ ਹੇਠ ਰੱਖਿਆ ਗਿਆ, ਜੋਹਨ ਲਾਰੈਸ ਨੇ ਆਪਣੇ ਪੱਤਰ ਵਿੱਚ ਇਨ੍ਹਾਂ ਨੂੰ ਜਲਾਵਤਨੀ ਕਰਨ ਦੀ ਸਿਫਾਰਸ਼ ਭੇਜੀ ਸੀ।

ਦਿਲਜੀਤ ਸਿੰਘ ਬੇਦੀ

ਅੰਗਰੇਜ਼ ਅਫਸਰਾਂ ਦੀਆਂ ਕੁਰਸੀਆਂ :- ਨਨਕਾਣਾ ਸਾਹਿਬ ਦੇ ਸਾਕੇ ਦੇ ਰੋਸ ਵੱਜੋਂ ਜੱਥੇਦਾਰ ਤੇਜਾ ਸਿੰਘ ਭੁੱਚਰ ਨੇ ਸਾਰੀ ਜ਼ਿੰਦਗੀ ਕਾਲੇ ਬਸਤਰ ਪਹਿਨਣ ਦਾ ਫੈਸਲਾ ਕੀਤਾ ਤੇ ਸਾਰੀ ਜ਼ਿੰਦਗੀ ਕਾਲੇ ਬਸਤਰ ਪਹਿਨੇ। ਮਹੰਤਾਂ-ਪੁਜਾਰੀਆਂ ਸਮੇਂ ਅੰਗਰੇਜ਼ ਅਫਸਰ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਿਖੇ ਕੁਰਸੀਆਂ `ਤੇ ਬੈਠ ਕੇ ਦੀਵਾਲੀ ਵੇਖਿਆ ਕਰਦੇ ਸਨ। ਇਸ ਪਰੰਪਰਾ ਦਾ ਵੀ ਜੱਥੇਦਾਰ ਭੁੱਚਰ ਨੇ ਸਖ਼ਤ ਵਿਰੋਧ ਹੀ ਨਹੀਂ ਕੀਤਾ ਸਗੋਂ ਆਪ ਠੁੱਡੇ ਮਾਰ ਕੇ ਕੁਰਸੀਆਂ ਵਗਾਹ ਮਾਰੀਆਂ ਤੇ ਉਨ੍ਹਾਂ ਨੂੰ ਦਰੀਆਂ `ਤੇ ਬੈਠਣ ਲਈ ਕਹਿ ਦਿੱਤਾ। ਫਿਰ ਅੰਗਰੇਜ਼ ਸਰਕਾਰ ਦਾ ਤਸ਼ੱਦਦ ਜੱਥੇਦਾਰ `ਤੇ ਢਹਿ ਪਿਆ। ਉਸ `ਤੇ ਕਈ ਕੇਸ ਬਣਾ ਦਿੱਤੇ ਗਏ ਤੇ ਜੇਲ੍ਹ ਵਿਚ ਡੱਕ ਦਿੱਤਾ ਗਿਆ। ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਚ 16-17 ਜੂਨ 1921 ਦੀ ਦਰਮਿਆਨੀ ਰਾਤ ਨੂੰ ਪੁਲਿਸ ਨੇ ਅਚਨਚੇਤ ਛਾਪਾ ਮਾਰਿਆ, ਤਦ ਤੇਜਾ ਸਿੰਘ ਭੁੱਚਰ ਨੇ ਆਪਣੇ ਗੜਗਜ ਅਕਾਲੀ ਦੀਵਾਨ ਦੇ ਸਿੰਘਾਂ ਨੂੰ ਨਾਲ ਲੈ ਕੇ 5-6 ਮਹੀਨੇ ਐਜੀਟੇਸ਼ਨਲ ਕੀਤੀ ਤੇ ਕਰਵਾਈ, ਜਿਸਦੇ ਅਸਰ ਨਾਲ ਗੋਰਮਿੰਟ ਨੂੰ ਸਭ ਦੇ ਸਭ ਨਿਹੰਗ ਸਿੰਘਾਂ ਨੂੰ ਬਿਨਾਂ ਸ਼ਰਤ ਛੱਡਣਾ ਪਿਆ ਤੇ ਉਨ੍ਹਾਂ ਦਾ ਅਸਬਾਬ ਆਦਿ ਵਾਪਸ ਕਰ ਕੇ ਮੁਆਫੀ ਮੰਗਨੀ ਪਈ।’ (ਖਾਲਸਾ ਸੇਵਕ ਅੰਮ੍ਰਿਤਸਰ 10 ਨਵੰਬਰ 1939)

ਭਾਰਤੀ ਫੌਜ਼ ਵੱਲੋਂ ਹਮਲਾ:- 4, 5 ਤੇ 6 ਜੂਨ 1984 ਈ: ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਉੱਪਰ ਭਾਰਤੀ ਫ਼ੌਜ ਵੱਲੋਂ ਕੀਤੇ `ਨੀਲਾ ਤਾਰਾ` ਫੌਜੀ ਹਮਲੇ ਸਮੇਂ ਹੋਏ ਵੱਡੇ ਨੁਕਸਾਨ ਤੋਂ ਇਲਾਵਾ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਸ਼ਨੀ ਡਿਉਢੀ ਦੇ ਦਰਮਿਆਨ ਸਿਹਨ ਵਿੱਚ ਅਤੇ ਸਰੋਵਰ ਦੇ ਚੁਗਿਰਦੇ ਪ੍ਰਕਰਮਾ ਵਿੱਚ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਤੇ ਬੱਚੇ-ਬੱਚੀਆਂ ਦਾ ਖੂਨ ਡੁੱਲਿਆ, ਉਥੇ ਸਰੋਵਰ ਦੇ ਵਿੱਚ ਵੀ ਸ਼ਹੀਦਾਂ ਦੀਆਂ ਲਾਸ਼ਾਂ ਡਿੱਗਣ, ਮਾਰੂ ਹਥਿਆਰ ਤੇ ਸਿੱਕਾ ਬਾਰੂਦ ਵਿੱਚ ਸੁੱਟਣ, ਫ਼ੌਜੀਆਂ ਵੱਲੋਂ ਕਪੜੇ ਧੋਣ ਨਾਲ ਸਰੋਵਰ ਦਾ ਅੰਮ੍ਰਿਤ-ਜਲ ਵੀ ਗੰਧਲਾ ਤੇ ਅਪਵਿੱਤਰ ਹੋ ਗਿਆ ਸੀ। 29 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਅਖੰਡ ਪਾਠ ਅਰੰਭ ਕਰਕੇ 1 ਅਕਤੂਬਰ ਨੂੰ ਭੋਗ ਪੈਣ ਉਪਰੰਤ ਸਰੋਵਰ ਵਿਚੋਂ ਜਲ ਕੱਢਣ ਦੀ ਅਰੰਭਤਾ ਹੋਈ ਅਤੇ 12 ਅਕਤੂਬਰ 11 ਵਜੇ ਪੰਜ ਪਿਆਰਿਆਂ ਵੱਲੋਂ ਕਾਰਸੇਵਾ ਦੀ ਅਰੰਭਤਾ ਕੀਤੀ ਗਈ।

ਦਿਲਜੀਤ ਸਿੰਘ ਬੇਦੀ

ਖ਼ਬਰ ਚੈਨਲਾਂ ਲਈ ਸਵੈ-ਜਾਬਤਾ ਹੀ ਬਿਹਤਰ ਹੱਲ

ਸਵੈ-ਜਾਬਤਾ ਖ਼ਬਰ ਚੈਨਲਾਂ ਲਈ ਸੱਭ ਤੋਂ ਬਿਹਤਰ ਢੰਗ-ਤਰੀਕਾ ਹੈ। ਜੇਕਰ ਅਖ਼ਬਾਰਾਂ ਅਤੇ ਚੈਨਲ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿੰਦਿਆਂ ਖ਼ਬਰ ਨੂੰ ਖ਼ਬਰ ਵਾਂਗ ਪ੍ਰਕਾਸ਼ਿਤ ਕਰਨ ਤਾਂ ਕਿੰਤੂ ਪਰੰਤੂ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ।  ਕਿਸੇ ਅਖ਼ਬਾਰ ਜਾਂ ਚੈਨਲ ʼਤੇ ਉਲਾਰ ਜਾਂ ਪੱਖਪਾਤੀ ਹੋਣ ਦਾ ਇਲਜ਼ਾਮ ਵੀ ਨਹੀਂ ਲੱਗੇਗਾ।

ਦਰਅਸਲ ਸਮੱਸਿਆ ਉਦੋਂ ਆਰੰਭ ਹੋਈ ਜਦੋਂ ਖ਼ਬਰ ਚੈਨਲਾਂ ਨੇ ਅਸਲ ਖ਼ਬਰ ਨੂੰ ਹਾਸ਼ੀਏ ʼਤੇ ਧਕੇਲ ਕੇ, ਜੋ ਖ਼ਬਰ ਹੀ ਨਹੀਂ ਉਸਨੂੰ ਪ੍ਰਮੁੱਖਤਾ ਨਾਲ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਜਦ ਇਹ ਰੁਝਾਨ, ਇਹ ਉਲਾਰ ਦਹਾਕਿਆਂ ਤੱਕ ਲਗਾਤਾਰ ਬਣਿਆ ਰਿਹਾ ਤਾਂ ਦਰਸ਼ਕਾਂ ਦੀ ਖ਼ਬਰ ਚੈਨਲਾਂ ਵਿਚੋਂ ਦਿਲਚਸਪੀ ਘੱਟਦੀ ਗਈ।  ਰੁਚੀ ਹੀ ਨਹੀਂ ਘੱਟਦੀ ਗਈ ਸਗੋਂ ਵੱਡੀ ਪੱਧਰ ʼਤੇ ਨੁਕਤਾਚੀਨੀ ਹੋਣ ਲੱਗੀ।  ਸ਼ਕਾਇਤਾਂ ਹੋਣ ਲੱਗੀਆਂ। ਉਹ ਲਿਖਤੀ ਸ਼ਕਾਇਤਾਂ ਨਿਊਜ਼ ਬ੍ਰਾਡਕਾਸਟਿੰਗ ਐਂਡ ਡਿਜ਼ੀਟਲ ਐਸੋਸੀਏਸ਼ਨ (ਐਨ.ਬੀ.ਡੀ.ਏ.) ਅਤੇ ਸੁਪਰੀਮ ਕੋਰਟ ਤੱਕ ਵੀ ਪਹੁੰਚਦੀਆਂ ਰਹੀਆਂ।

ਹੁਣ 18 ਸਤੰਬਰ ਨੂੰ ਸੁਪਰੀਮ ਕੋਰਟ ਨੇ ਨਿਊਜ਼ ਬ੍ਰਾਡਕਾਸਟਿੰਗ ਐਂਡ ਡਿਜ਼ੀਟਲ ਐਸੋਸੀਏਸ਼ਨ ਨੂੰ ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ ਅਦਾਲਤ ਵਿਚ ਪੇਸ਼ ਹੋਣ ਲਈ ਇੱਕ ਮਹੀਨੇ ਦਾ ਸਮਾਂ ਦਿੰਦਿਆਂ ਕਿਹਾ ਹੈ ਕਿ ਉਹ ਖ਼ਬਰ ਚੈਨਲਾਂ ਦੇ ਸੈਲਫ਼-ਰੈਗੂਲੇਟਰੀ ਤੰਤਰ ਨੂੰ ਸਖ਼ਤ ਬਨਾਉਣ ਦਾ ਚਾਹਵਾਨ ਹੈ। ਐਨ.ਬੀ.ਡੀ.ਏ. ਨੇ ਪਹਿਲਾਂ ਮਾਣਯੋਗ ਅਦਾਲਤ ਨੂੰ ਕਿਹਾ ਸੀ ਕਿ ਅਸੀਂ ਨਵੀਆਂ ਹਦਾਇਤਾਂ ਲਈ ਅਧਿਕਾਰੀਆਂ ਨਾਲ ਵਿਚਾਰ-ਵਿਟਾਂਦਰਾ ਕਰ ਰਹੇ ਹਾਂ।

ਓਧਰ ਕੇਂਦਰ ਸਰਕਾਰ ਵੀ ਖ਼ਬਰ ਚੈਨਲਾਂ ਲਈ ਨਵੇਂ ਨਿਯਮ, ਨਵੀਆਂ ਸ਼ਰਤਾਂ, ਨਵੀਆਂ ਹਦਾਇਤਾਂ ਦਾ ਖਰੜਾ ਤਿਆਰ ਕਰ ਰਹੀ ਹੈ।  ਇਹ ਹਦਾਇਤਾਂ ਤਿੰਨ ਪਰਤਾਂ ਵਿਚ ਹੋਣਗੀਆਂ।  ਇਸ ਤਿੰਨ ਪਰਤੀ ਪ੍ਰਣਾਲੀ ਵਿਚ ਪਹਿਲਾ ਸਥਾਨ ਸਵੈ-ਜਾਬਤੇ, ਸਵੈ-ਨਿਗਰਾਨੀ ਨੂੰ ਹੀ ਦਿੱਤਾ ਗਿਆ ਹੈ। ਪਰੰਤੂ ਸਰਕਾਰ ਅਤੇ ਐਨ.ਬੀ.ਡੀ.ਏ. ਦਰਮਿਆਨ ਹਦਾਇਤਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਟਕਰਾ ਚਲ ਰਿਹਾ ਹੈ।  ਸੁਪਰੀਮ ਕੋਰਟ ਨੇ ਇਸ ਟਕਰਾ ਦੀ ਸਮੱਸਿਆ ਨੂੰ ਲਾਂਭੇ ਧਰ ਕੇ ਕੇਵਲ ਹਦਾਇਤਾਂ ʼਤੇ ਧਿਆਨ ਕੇਂਦਰਿਤ ਕਰਨ ਦਾ ਨਿਰਣਾ ਲਿਆ ਹੈ।  ਮਾਣਯੋਗ ਸੁਪਰੀਮ ਕੋਰਟ ਨੇ ਇਹ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਖ਼ਬਰ ਚੈਨਲਾਂ ʼਤੇ ਨਿਗਰਾਨੀ ਲਈ ਸਵੈ-ਜਾਬਤਾ ਪ੍ਰਬੰਧ ਵਿਚਲੀਆਂ ਕਮੀਆਂ-ਕਮਜ਼ੋਰੀਆਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਪਰੰਤੂ ਸੈਂਸਰਸ਼ਿਪ ਵਰਗਾ ਵਿਚਾਰ ਕਦੇ ਵੀ ਮਨ ਵਿਚ ਨਹੀਂ ਆਉਣਾ ਚਾਹੀਦਾ।

ਅਸਲ ਮੁੱਦਾ ਇਹ ਹੈ ਕਿ ਭਾਰਤੀ ਨਿਊਜ਼ ਚੈਨਲਾਂ ਨੂੰ ਬਿਹਤਰ ਅਨੁਸ਼ਾਸਨ ਦੀ ਜ਼ਰੂਰਤ ਹੈ ਜਿਸਦੇ ਦਾਇਰੇ ਵਿਚ ਰਹਿੰਦੇ ਹੋਏ ਅਭਿਵਿਅਕਤੀ ਦੀ ਆਜ਼ਾਦੀ ਵੀ ਬਣੀ ਰਹੇ। ਇਸ ਵੇਲੇ ਖ਼ਬਰ ਚੈਨਲ ਖੁਦ ਦੇ ਬਣਾਏ ਨਿਯਮਾਂ ਅਤੇ ਹਦਾਇਤਾਂ ਦੇ ਨਾਲ ਨਾਲ ਸਰਕਾਰੀ ਦਿਸ਼ਾ-ਨਿਰਦੇਸ਼ ਅਨੁਸਾਰ ਪ੍ਰਸਾਰਨ ਕਰ ਰਹੇ ਹਨ।  ਪਰੰਤੂ ਦਰਸ਼ਕ ਅਤੇ ਮਾਹਿਰ ਜਾਣਦੇ ਹਨ ਕਿ ਨਾ ਤਾਂ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਨਾ ਹੀ ਕੋਈ ਸਵੈ-ਜਾਬਤਾ, ਸਵੈ-ਅਨੁਸ਼ਾਸਨ ਲਾਗੂ ਹੈ।  ਜਿਸਦਾ ਜਿਵੇਂ ਮਨ ਕਰਦਾ ਹੈ ਉਵੇਂ ਆਪੋ ਆਪਣੇ ਹਿੱਤਾਂ, ਆਪੋ ਆਪਣੇ ਨਜ਼ਰੀਏ, ਆਪੋ ਆਪਣੀ ਸੋਚ-ਸਮਝ ਅਨੁਸਾਰ ਖ਼ਬਰਾਂ ਦਾ ਮੂੰਹ-ਮੁਹਾਂਦਰਾ ਘੜ ਲੈਂਦਾ ਹੈ।

ਪੱਤਰਕਾਰੀ ਖੇਤਰ ਦੇ ਮਾਹਿਰਾਂ, ਸੂਝਵਾਨ ਦਰਸ਼ਕਾਂ, ਸਰਕਾਰਾਂ ਅਤੇ ਅਦਾਲਤਾਂ ਦਾ ਮੰਨਣਾ ਹੈ ਕਿ ਅਜੋਕੇ ਹਫ਼ੜਾ-ਦਫ਼ੜੀ, ਭੱਜ ਦੌੜ, ਕਾਹਲ, ਸੱਭ ਤੋਂ ਪਹਿਲਾਂ, ਸੱਭ ਤੋਂ ਅੱਗੇ ਅਤੇ ਟੀ.ਆਰ.ਪੀ. ਦੇ ਦੌਰ ਵਿਚ ਸਵੈ-ਜਾਬਤਾ ਹੀ ਬਿਹਤਰੀਨ ਹੱਲ ਹੈ।  ਇਉਂ ਕਰਕੇ ਹੀ ਸੰਤੁਲਤ, ਸਿਹਤਮੰਦ ਅਤੇ ਸਮਾਜਕ ਸਰੋਕਾਰਾਂ ਨਾਲ ਜੁੜੀ ਮਿਆਰੀ ਪੱਤਰਕਾਰੀ ਨੂੰ ਬਚਾਇਆ ਜਾ ਸਕਦਾ ਹੈ।  ਭਾਰਤ ਅਤੇ ਪੰਜਾਬ ਦੀ ਕਦਰਾਂ-ਕੀਮਤਾਂ ਵਾਲੀ ਮਾਣਮੱਤੀ ਪੱਤਰਕਾਰ ʼਤੇ ਪਹਿਰਾ ਦਿੱਤਾ ਜਾ ਸਕਦਾ ਹੈ।

ਇੰਟਰਨੈਟ ਮੀਡੀਆ ਅਤੇ ਉਮਰ

ਇੰਟਰਨੈਟ ਮੀਡੀਆ ਇਕ ਪਾਸੇ ਆਪਹੁਦਰੇਪਨ ਦੀਆਂ ਸਾਰੀਆਂ ਹੱਦਾਂ ਪਾਰ ਗਿਆ ਹੈ ਦੂਸਰੇ ਪਾਸੇ ਉਮਰ ਦਾ ਸਵਾਲ ਉੱਠ ਖੜ੍ਹਾ ਹੋਇਆ ਹੈ। ਇੰਟਰਨੈਟ ਮੀਡੀਆ ਨੂੰ ਕੌਣ ਵਰਤ ਸਕਦਾ ਹੈ, ਕੌਣ ਨਹੀਂ? ਅੱਜ ਸਕੂਲ ਜਾਣ ਵਾਲੇ ਬੱਚੇ ਵੀ ਖੁਲ੍ਹੇਆਮ ਇਸਦੀ ਵਰਤੋਂ ਕਰ ਰਹੇ ਹਨ ਅਤੇ ਸਮਾਰਟਫੋਨ ਹਰ ਵੇਲੇ ਉਨ੍ਹਾਂ ਦੇ ਕੋਲ ਰਹਿੰਦਾ ਹੈ।

ਕਰਨਾਟਕ ਹਾਈਕੋਰਟ ਨੇ ਬੀਤੇ ਦਿਨੀਂ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਜਿਵੇਂ ਅਲਕੋਹਲ ਦੀ ਵਰਤੋਂ ਲਈ ਕਾਨੂੰਨੀ ਤੌਰ ʼਤੇ ਉਮਰ ਤੈਅ ਕੀਤੀ ਗਈ ਹੈ ਇਵੇਂ ਇੰਟਰਨੈਟ ਮੀਡੀਆ ਨੂੰ ਇਸਤੇਮਾਲ ਕਰਨ ਲਈ ਵੀ ਉਮਰ-ਸੀਮਾ ਨਿਰਧਾਰਤ ਕਰਨ ਦੀ ਲੋੜ ਹੈ। ਮਾਣਯੋਗ ਅਦਾਲਤ ਨੇ ਅੱਗੇ ਕਿਹਾ ਕਿ ਇੰਝ ਕਰਨ ਨਾਲ ਬਹੁਤ ਕੁਝ ਚੰਗਾ ਹੋਵੇਗਾ।

15-16 ਸਾਲ ਤੱਕ ਦੇ ਬੱਚਿਆਂ ਅਤੇ ਨੌਜਵਾਨਾਂ ਵਿਚ ਵੀ ਇਹ ਸਮਝ ਅਜੇ ਵਿਕਸਤ ਨਹੀਂ ਹੋਈ ਹੁੰਦੀ ਕਿ ਕੀ ਉਨ੍ਹਾਂ ਦੇ, ਦੇਸ਼ ਦੇ ਹਿੱਤ ਵਿਚ ਹੈ ਅਤੇ ਕੀ ਨਹੀਂ। ਕੇਵਲ ਉਮਰ-ਸੀਮਾ ਹੀ ਤੈਅ ਨਾ ਕੀਤੀ ਜਾਵੇ ਬਲ ਕਿ ਇੰਟਰਨੈਟ ਮੀਡੀਆ ਤੋਂ ਉਹ ਸਾਰੀ ਸਮੱਗਰੀ ਹਟਾਈ ਜਾਵੇ ਜਿਹੜੀ ਇਤਰਾਜ਼ਯੋਗ ਹੈ, ਗੈਰ-ਮਿਆਰੀ ਹੈ ਅਤੇ ਮਨ ʼਤੇ ਬੁਰਾ ਪ੍ਰਭਾਵ ਪਾਉਂਦੀ ਹੈ।

– ਪ੍ਰੋ. ਕਲਬੀਰ ਸਿੰਘ

ਪਹਿਲਾਂ ਖ਼ਾਸ ਖ਼ਾਸ ਖ਼ਬਰਾਂ — ਹੁਣ ਖ਼ਬਰਾਂ ਵਿਸਥਾਰ ਨਾਲ

ਜਦੋਂ ਤੋਂ ਰੇਡੀਓ ਹੋਂਦ ਵਿਚ ਆਇਆ ਹੈ ਖ਼ਬਰਾਂ ਇਸਦੇ ਅੰਗ ਸੰਗ ਰਹੀਆਂ ਹਨ।  ਬਲ ਕਿ ਖ਼ਬਰਾਂ ਇਸਦਾ ਅਹਿਮ ਅੰਗ ਰਹੀਆਂ ਹਨ।

ਟੈਲੀਵਿਜ਼ਨ ਦੀ ਆਮਦ ਨਾਲ ਭਾਵੇਂ ਰੇਡੀਓ ਦਾ ਬੋਲਬਾਲਾ ਘੱਟ ਗਿਆ ਪਰ ਪਾਠਕ ਹੈਰਾਨ ਹੋਣਗੇ ਕਿ ਆਕਾਸ਼ਵਾਣੀ ਦੇ ਮੁਖ ਦਫ਼ਤਰ ਦਿੱਲੀ ਤੋਂ ਅੱਜ ਵੀ 52 ਘੰਟੇ ਤੋਂ ਵੱਧ ਸਮੇਂ ਲਈ ਦੇਸ਼ ਵਿਦੇਸ਼ ਦੀਆਂ 82 ਭਾਸ਼ਾਵਾਂ, ਬੋਲੀਆਂ ਵਿਚ 500 ਤੋਂ ਵੱਧ ਖ਼ਬਰ ਬੁਲਿਟਨ ਪ੍ਰਸਾਰਿਤ ਹੁੰਦੇ ਹਨ।  ਇਨ੍ਹਾਂ ਦਾ ਪ੍ਰਸਾਰਨ ਦੇਸ਼ ਦੀਆਂ 44 ਖੇਤਰੀ ਇਕਾਈਆਂ ਦੁਆਰਾ ਕੀਤਾ ਜਾਂਦਾ ਹੈ।  ਇਹ ਪ੍ਰਸਾਰਨ ਆਕਾਸ਼ਵਾਣੀ ਦੇ ਜੁਦਾ ਜੁਦਾ ਚੈਨਲਾਂ ʼਤੇ ਹੁੰਦਾ ਹੈ।

ਘਰੇਲੂ ਸੇਵਾਵਾਂ ਤਹਿਤ ਦਿੱਲੀ ਤੋਂ 89 ਖ਼ਬਰ ਬੁਲਿਟਨ ਪ੍ਰਸਾਰਿਤ ਕੀਤੇ ਜਾਂਦੇ ਹਨ।  ਐਫ਼.ਐਮ. ਮੋਲਡ ਚੈਨਲ ਤੋਂ ਇਹ ਬੁਲਿਟਨ ਹਰੇਕ ਘੰਟੇ ਦੇ ਵਕਫ਼ੇ ਬਾਅਦ ਪੇਸ਼ ਕੀਤੇ ਜਾਂਦੇ ਹਨ।

ਆਕਾਸ਼ਵਾਣੀ ਦੀ ਖ਼ਬਰ ਬੁਲਿਟਨ ਪੇਸ਼ ਕਰਨ ਦੀ ਆਪਣੀ ਵਿਸ਼ੇਸ਼ ਸ਼ੈਲੀ, ਆਪਣਾ ਵਿਸ਼ੇਸ਼ ਢੰਗ-ਤਰੀਕਾ ਰਿਹਾ ਹੈ।  ਉਸ ਢੰਗ-ਤਰੀਕੇ ਨੂੰ ਉਸਨੇ ਦਹਾਕਿਆਂ ਤੱਕ ਉਵੇਂ ਬਰਕਰਾਰ ਰੱਖਿਆ ਹੈ।  ਹਰੇਕ ਨਿਊਜ਼ ਰੀਡਰ ਬੁਲਿਟਨ ਦੇ ਆਰੰਭ ਵਿਚ ਕਹਿੰਦਾ ਹੈ, "ਪਹਿਲਾਂ ਖ਼ਾਸ ਖ਼ਾਸ ਖ਼ਬਰਾਂ …।"  ਖ਼ਾਸ ਖ਼ਾਸ ਖ਼ਬਰਾਂ ਪੜ੍ਹਨ ਤੋਂ ਬਾਅਦ ਕਿਹਾ ਜਾਂਦਾ ਹੈ, "ਹੁਣ ਖ਼ਬਰਾਂ ਵਿਸਥਾਰ ਨਾਲ…।"  ਫਿਰ ਜਦ ਦੂਰਦਰਸ਼ਨ ਦੀ ਸ਼ੁਰੂਆਤ ਹੋਈ ਤਾਂ ਇਸਦੇ ਸਾਰੇ ਖੇਤਰੀ ਚੈਨਲਾਂ ਨੇ ਵੀ ਇਸੇ ਸ਼ੈਲੀ ਨੂੰ ਅਪਣਾ ਲਿਆ।

ਖ਼ਬਰਾਂ ਦੇ ਖੇਤਰ ਵਿਚ ਰੇਡੀਓ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।  ਅੱਜ ਵੀ ਹੈ ਅਤੇ ਭਵਿੱਖ ਵਿਚ ਵੀ ਬਣੀ ਰਹੇਗੀ।  ਭਾਰਤ ਦੇ, ਦੁਨੀਆਂ ਦੇ ਕਈ ਹਿੱਸੇ ਹਨ ਜਿੱਥੇ ਟੈਲੀਵਿਜ਼ਨ ਦੀ ਪਹੁੰਚ ਨਹੀਂ ਹੈ।  ਲੋਕਾਂ ਦੇ ਅਜਿਹੇ ਵਰਗ, ਅਜਿਹੇ ਸਮੂਹ ਹਨ ਜਿਨ੍ਹਾਂ ਵਿਚ ਟੀ.ਵੀ. ਸੈੱਟ ਖਰੀਦਣ ਦੀ ਸਮਰੱਥਾ ਨਹੀਂ।  ਅਜਿਹੀਆਂ ਸਥਿਤੀਆਂ ਵਿਚ ਦੇਸ਼-ਦੁਨੀਆਂ ਦੀ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਰੇਡੀਓ ਬੇਹੱਦ ਕਾਰਗਰ ਮਾਧਿਅਮ ਹੈ।  ਸਰਕਾਰਾਂ ਦੇ ਫੈਸਲੇ, ਸਰਕਾਰਾਂ ਦੀਆਂ ਨੀਤੀਆਂ ਨੂੰ ਅਜਿਹੇ ਦੂਰ ਦੁਰਾਡੇ ਵੱਸਦੇ ਲੋਕਾਂ ਤੱਕ ਪਹੁੰਚਾੳਣ ਵਿਚ ਰੇਡੀਓ ਨੇ ਵੱਡਾ ਯੋਗਦਾਨ ਪਾਇਆ ਹੈ।

ਰੇਡੀਓ, ਟੈਲੀਵਿਜ਼ਨ ʼਤੇ ਖ਼ਬਰਾਂ ਪੜ੍ਹਨਾ ਇਕ ਹੁਨਰ, ਇਕ ਕਲਾ ਹੈ।  ਭਾਰਤ ਵਿਚ ਬਹੁਤ ਸਾਰੇ ਨਿਊਜ਼ ਐਂਕਰ ਹਨ ਜਿਨ੍ਹਾਂ ਨੇ ਇਸ ਖੇਤਰ ਵਿਚ ਨਿਵੇਕਲੀ ਪਹਿਚਾਣ ਬਣਾਈ ਹੈ। ਲੰਮਾ ਸਮਾਂ ਖ਼ਬਰਾਂ ਪੜ੍ਹਨ ਉਪਰੰਤ ਕਈ ਐਂਕਰਾਂ ਨੇ ਆਪਣੇ ਖ਼ਬਰ ਚੈਨਲ ਆਰੰਭ ਕਰ ਲਏ ਅਤੇ ਬੜੇ ਕਾਮਯਾਬ ਰਹੇ।  ਜਿਨ੍ਹਾਂ ਨੇ ਪਹਿਚਾਣ ਸਥਾਪਿਤ ਕੀਤੀ ਅਤੇ ਜਿਨ੍ਹਾਂ ਨੇ ਚੈਨਲ ਆਰੰਭ ਕਰਕੇ ਨਾਮਣਾ ਖੱਟਿਆ ਉਨ੍ਹਾਂ ਵਿਚ ਅਜਿਹਾ ਕੀ ਸੀ ਜਿਸਨੇ ਉਨ੍ਹਾਂ ਨੂੰ ਸ਼ੁਹਰਤ ਦਵਾਈ।

ਉਨ੍ਹਾਂ ਦੀ ਆਵਾਜ਼ ਸੁਣਨ ਵਾਲੇ ਦੇ ਦਿਲ ਦਿਮਾਗ ʼਤੇ, ਮਨ ʼਤੇ ਅਸਰ ਕਰਦੀ ਹੈ।  ਕੰਨਾਂ ਨੂੰ ਚੰਗੀ ਲੱਗਦੀ ਹੈ।  ਉਚਾਰਨ ਦੌਰਾਨ ਸ਼ਬਦਾਂ ਦੀ ਸਹੀ ਧ੍ਵਨੀ ਪੈਦਾ ਕਰਦੇ ਹਨ।  ਉਨ੍ਹਾਂ ਨੂੰ ਆਪਣੀ ਭਾਸ਼ਾ ਦੀ ਸਮਝ ਸੀ, ਪਕੜ ਸੀ।  ਸ਼ਬਦਾਂ ਦਾ ਉਚਾਰਨ ਸੰਬੰਧਤ ਭਾਸ਼ਾ ਦੇ ਮੁਹਾਵਰੇ ਅਨੁਸਾਰ ਹੁੰਦਾ ਸੀ।  ਉਹ ਪੂਰੇ ਸਵੈ-ਵਿਸ਼ਵਾਸ ਨਾਲ ਖ਼ਬਰਾਂ ਪੜ੍ਹਦੇ ਸਨ।  ਵਿਸ਼ਰਾਮ, ਅਰਧ-ਵਿਸ਼ਰਾਮ ਦੀ ਸਹੀ ਵਰਤੋਂ ਕਰਦਿਆਂ ਠੇਠ ਉਚਾਰਨ ਨੂੰ ਤਰਜੀਹ ਦਿੰਦੇ ਸਨ।  ਉਹ ਖ਼ਬਰਾਂ ਪੜ੍ਹਦੇ ਵਕਤ ਖ਼ਬਰ ਅਨੁਸਾਰ, ਘਟਨਾ ਮੁਤਾਬਕ ਹਾਵ-ਭਾਵ ਅਤੇ ਉਚਾਰਨ ਦਾ ਲਹਿਜ਼ਾ ਤਬਦੀਲ ਕਰਨ ਦੀ ਸਮਰੱਥਾ ਰੱਖਦੇ ਸਨ।  ਉਹ ਖ਼ਬਰਾਂ ਪੜ੍ਹਨ ਦੀ ਗਤੀ ਦਾ ਖਿਆਲ ਰੱਖਦਿਆਂ ਸਹਿਜ ਤੇ ਠਹਿਰਾਅ ਨਾਲ ਖ਼ਬਰਾਂ ਪੜ੍ਹਦੇ ਸਨ ਤਾਂ ਜੋ ਸਰੋਤੇ ਅਤੇ ਦਰਸ਼ਕ ਸਮਝ ਸਕਣ।  ਖ਼ਬਰ ਵਿਚ, ਘਟਨਾ ਵਿਚ ਵਿਸ਼ੇਸ਼ ਮਹੱਤਵ ਰੱਖਣ ਵਾਲੇ ਸ਼ਬਦਾਂ ʼਤੇ ਲੋੜ ਅਨੁਸਾਰ ਵਧੇਰੇ ਜ਼ੋਰ ਦਿੰਦੇ ਸਨ।  ਉਨ੍ਹਾਂ ਦੀ ਸ਼ਖਸੀਅਤ, ਉਨ੍ਹਾਂ ਦੀ ਦਿੱਖ, ਉਨ੍ਹਾਂ ਦੀ ਸਮਝ, ਉਨ੍ਹਾਂ ਦਾ ਸਲੀਕਾ, ਉਨ੍ਹਾਂ ਦਾ ਸਹਿਜ, ਉਨ੍ਹਾਂ ਦੀ ਪ੍ਰਤਿਭਾ ਦਰਸ਼ਕ-ਮਨਾਂ ਉੱਪਰ ਗਹਿਰਾ ਪ੍ਰਭਾਵ ਪਾਉਂਦੇ ਸਨ।  ਉਹ ਸੰਜੀਦਗੀ ਦਾ ਪੱਲਾ ਨਹੀਂ ਛੱਡਦੇ ਸਨ।  ਅੱਜ ਦੇ ਨਿਊਜ਼ ਐਂਕਰਾਂ ਅਤੇ ਉਨ੍ਹਾਂ ਵਿਚ ਇਹੀ ਬੁਨਿਆਦੀ ਅੰਤਰ ਸਨ।

ਆਰੰਭ ਤੋਂ ਅੰਤ ਤੱਕ ਇਕ ਰਿਦਮ, ਇਕ ਰਿਵਾਨਗੀ ਹੁੰਦੀ ਸੀ।  ਉਚਾਰਨ ਸਹੀ, ਸਪਸ਼ਟ ਤੇ ਸਮਝ ਵਿਚ ਆਉਣ ਵਾਲਾ ਹੁੰਦਾ ਸੀ।  ਲੋੜ ਅਨੁਸਾਰ ਆਵਾਜ਼ ਵਿਚ ਉਤਰਾਅ ਚੜ੍ਹਾਅ ਲਿਆਉਂਦੇ ਸਨ।  ਇੰਝ ਕਰਨ ਨਾਲ ਉਨ੍ਹਾਂ ਦੀ ਰੇਡੀਓ, ਟੀ.ਵੀ. ʼਤੇ ਪੇਸ਼ਕਾਰੀ ਮਿਆਰੀ, ਆਕਰਸ਼ਕ, ਦਿਲਚਸਪ, ਸੁਹਾਵਣੀ ਅਤੇ ਵੇਖਣ-ਸੁਣਨ ਯੋਗ ਹੋ ਜਾਂਦੀ ਸੀ।  ਸਰੋਤਿਆਂ, ਦਰਸ਼ਕਾਂ ਨੂੰ ਅਜਿਹੀ ਪੇਸ਼ਕਾਰੀ ਆਪਣੇ ਅਨੁਕੂਲ ਅਤੇ ੳੱਚ-ਮਿਆਰੀ ਲੱਗਦੀ ਸੀ।  ਉਹ ਉਨ੍ਹਾਂ ਨੂੰ ਵਾਰ ਵਾਰ ਵੇਖਣਾ-ਸੁਣਨਾ ਚਾਹੁੰਦੇ ਸਨ।  ਅਜਿਹੇ ਰੇਡੀਓ, ਟੀ.ਵੀ. ਐਂਕਰਾਂ ਦੀ ਲੰਮੀ ਸੂਚੀ ਹੈ।  ਭਾਵੇਂ 20-30-40 ਸਾਲ ਬੀਤ ਗਏ ਹਨ ਪਰੰਤੂ ਲੋਕ ਉਨ੍ਹਾਂ ਨੂੰ ਭੁੱਲੇ ਨਹੀਂ, ਅੱਜ ਵੀ ਯਾਦ ਕਰਦੇ ਹਨ।  ਕਿਸੇ ਖੇਤਰ-ਵਿਸ਼ੇਸ਼ ਵਿਚ ਐਵੇਂ ਨਾਂ ਨਹੀਂ ਬਣਦਾ।  ਲਗਾਤਰ ਮਿਹਨਤ ਕਰਨੀ ਪੈਂਦੀ ਹੈ।  ਕੁਰਬਾਨੀ ਦੇਣੀ ਪੈਂਦੀ ਹੈ।  ਸਮਾਂ ਦੇਣਾ ਪੈਂਦਾ ਹੈ।  ਧਿਆਨ ਲਗਾਉਣਾ ਪੈਂਦਾ ਹੈ।  ਕਾਸ਼ ਅੱਜ ਦੇ ਨਿਊਜ਼ ਐਂਕਰ ਵੀ ਅਜਿਹਾ ਕਰ ਪਾਉਂਦੇ।

- ਪ੍ਰੋ. ਕਲਬੀਰ ਸਿੰਘ

ਸਰਕਾਰ ਅਤੇ ਸੁਪਰੀਮ ਕੋਰਟ ਦੇ ਕੁਝ ਸਰਾਹੁਣਯੋਗ ਫੈਸਲੇ

ਸਰਕਾਰ, ਸੁਪਰੀਮ ਕੋਰਟ ਅਤੇ ਵੱਖ ਵੱਖ ਅਦਾਰਿਆਂ ਵੱਲੋਂ ਬੀਤੇ ਦਿਨੀਂ ਕੁਝ ਸਰਾਹੁਣਯੋਗ ਫੈਸਲੇ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।  ਸੁਪਰੀਮ ਕੋਰਟ ਨੇ ਆਪਣੇ ਇਕ ਮਹੱਤਵਪੂਰਨ ਫੈਸਲੇ ਦੌਰਾਨ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ, "ਇੰਟਰਨੈਟ ਮੀਡੀਆ ʼਤੇ ਗ਼ਲਤ ਪੋਸਟ ਪਾਉਣ ਦੇ ਨਤੀਜੇ ਭੁਗਤਣੇ ਪੈਣਗੇ।"  ਇੰਟਰਨੈਟ ਮੀਡੀਆ ਦੀ ਪਹੁੰਚ ਤੇ ਪ੍ਰਭਾਵ ਪ੍ਰਤੀ ਸਾਵਧਾਨ ਰਹਿਣ ਦੀ ਨਸੀਹਤ ਦਿੰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਤੁਸੀਂ ਕੋਈ ਅਪਮਾਨਜਨਕ ਟਿੱਪਣੀ ਕਰਦੇ ਹੋ ਤਾਂ ਉਸਦੇ ਨਤੀਜੇ ਭੁਗਤਣ ਲਈ ਵੀ ਤਿਆਰ ਰਹੋ।  ਸੁਪਰੀਮ ਕੋਰਟ ਨੇ ਇਹ ਸ਼ਬਦ 2018 ਦੇ ਇਕ ਕੇਸ, ਜਿਹੜਾ ਇਸਤ੍ਰੀ ਪੱਤਰਕਾਰ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਨਾਲ ਸਬੰਧਤ ਹੈ, ਦੇ ਪ੍ਰਸੰਗ ਵਿਚ ਕਹੇ।  ਦੋਸ਼ੀ ਦੇ ਵਕੀਲ ਦੀ ਦਲੀਲ ਬੜੀ ਹਾਸੋਹੀਣੀ ਸੀ ਕਿ ਪੋਸਟ ਲਿਖਣ ਵੇਲੇ ਉਸਨੇ ਅੱਖਾਂ ਵਿਚ ਕੋਈ ਦਵਾਈ ਪਾਈ ਹੋਈ ਸੀ ਜਿਸ ਕਾਰਨ ਉਹ ਆਪਣੇ ਲਿਖੇ ਨੂੰ ਸਹੀ ਤਰ੍ਹਾਂ ਪੜ੍ਹ ਨਹੀਂ ਸਕਿਆ।
ਇਕ ਹੋਰ ਫੈਸਲੇ ਵਿਚ ਭਾਰਤ ਦੇ ਐਨ.ਐਮ.ਸੀ. (ਨੈਸ਼ਨਲ ਮੈਡੀਕਲ ਕਮਿਸ਼ਨ) ਨੇ ਭਾਰਤ ਦੇ ਡਾਕਟਰਾਂ ਦੁਆਰਾ ਇੰਟਰਨੈਟ ਮੀਡੀਆ ਨੂੰ ਵਰਤਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ।  ਡਾਕਟਰਾਂ ਨੂੰ ਕਿਹਾ ਗਿਆ ਹੈ ਕਿ ਇੰਟਰਨੈਟ ਮੀਡੀਆ ʼਤੇ ਇਲਾਜ ਨਾ ਵੰਡਿਆ ਜਾਵੇ।  ਟੈਲੀਮੈਡੀਸਨ ਅਤੇ ਇੰਟਰਨੈਟ ਮੀਡੀਆ ਦਾ ਫ਼ਰਕ ਸਮਝਣ ਦੀ ਲੋੜ ਹੈ।  ਕਿਹਾ ਗਿਆ ਹੈ ਕਿ ਇੰਟਰਨੈਟ ਮੰਚਾਂ ʼਤੇ ਮਰੀਜ਼ਾਂ ਦੇ ਇਲਾਜ ਦੀ ਚਰਚਾ ਨਹੀਂ ਕਰਨੀ ਚਾਹੀਦੀ ਅਤੇ ਦਵਾਈ ਵੀ ਨਹੀਂ ਲਿਖਣੀ ਚਾਹੀਦੀ।  ਮਰੀਜ਼ਾਂ ਦੇ ਸਬੰਧ ਵਿਚ ਜਾਣਕਾਰੀ ਦੇਣੀ ਵੀ ਜਾਇਜ਼ ਨਹੀਂ।  ਹਾਂ ਜੇਕਰ ਕੋਈ ਮਰੀਜ਼ ਇੰਟਰਨੈਟ ਮੀਡੀਆ ਰਾਹੀਂ ਡਾਕਟਰ ਨਾਲ ਤਾਲਮੇਲ ਕਰਦਾ ਹੈ ਤਾਂ ਸਥਿਤੀ ਅਨੁਸਾਰ ਮਾਰਗ-ਦਰਸ਼ਨ ਕੀਤਾ ਜਾ ਸਕਦਾ ਹੈ।  ਡਾਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਰਜਰੀ ਦੀਆਂ ਵੀਡੀਓ ਵੀ ਜਾਰੀ ਨਾ ਕਰਨ।  ਹਾਂ ਇਸ ਸਬੰਧ ਵਿਚ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਜਿਹੜੀ ਤੱਥਾਂ ʼਤੇ ਆਧਾਰਿਤ ਹੋਵੇ।  ਕੋਈ ਵੀ ਜਾਣਕਾਰੀ ਭਰਮ ਫੈਲਾਉਣ ਵਾਲੀ ਨਾ ਹੋਵੇ।

ਇਸਦੇ ਨਾਲ ਹੀ ਡਾਕਟਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਕੇਵਲ ਜੈਨਰਿਕ ਦਵਾਈਆਂ ਹੀ ਲਿਖਣ।  ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਹੋਵੇਗੀ।  ਪਹਿਲੇ ਕਦਮ ʼਤੇ ਡਾਕਟਰ ਨੂੰ ਚੇਤਾਵਨੀ ਦਿੱਤੀ ਜਾਵੇਗੀ।  ਵਾਰ ਵਾਰ ਨਿਯਮ ਦੀ ਉਲੰਘਣਾ ਕਰਨ ʼਤੇ ਸੀਮਤ ਸਮੇਂ ਲਈ ਲਾਇਸੈਂਸ ਵੀ ਮੁਅੱਤਲ ਕੀਤਾ ਜਾਵੇਗਾ।  ਜੈਨਰਿਕ ਦਵਾਈਆਂ ਦੇ ਨਾਮ ਸਾਫ਼ ਵੱਡੇ ਅੱਖਰਾਂ ਵਿਚ ਲਿਖੇ ਜਾਣ।  ਕੋਸ਼ਿਸ਼ ਕੀਤੀ ਜਾਵੇ ਕਿ ਪਰਚੀ ਕੰਪਿਊਟਰ ʼਤੇ ਪ੍ਰਿੰਟ ਕੀਤੀ ਹੋਵੇ।

ਅਜਿਹੀਆਂ ਹੀ ਹਦਾਇਤਾਂ ਸਾਲ 2002 ਵਿਚ ਵੀ ਜਾਰੀ ਕੀਤੀਆਂ ਗਈਆਂ ਸਨ ਪਰੰਤੂ ਉਦੋਂ ਡਾਕਟਰਾਂ ਵਿਰੁੱਧ ਕਾਰਵਾਈ ਦਾ ਜ਼ਿਕਰ ਨਹੀਂ ਸੀ।  ਐਨ.ਐਮ.ਸੀ. ਦਾ ਕਹਿਣਾ ਹੈ ਕਿ ਜੈਨਰਿਕ ਦਵਾਈਆਂ 30 ਤੋਂ 80 ਫ਼ੀਸਦੀ ਤੱਥ ਸਸਤੀਆਂ ਹਨ।  ਜੈਨਰਿਕ ਦਵਾਈਆਂ ਲਿਖਣ ਨਾਲ ਸਿੱਧੇ ਤੌਰ ʼਤੇ ਸਿਹਤ ʼਤੇ ਹੋਣ ਵਾਲਾ ਕੁਲ ਖਰਚਾ ਘਟੇਗਾ।  ਸਿਹਤ ਮਿਆਰ ਅਤੇ ਸਿਹਤ-ਸੰਭਾਲ ਵਿਚ ਬਿਹਤਰੀ ਆਵੇਗੀ।

ਇੰਟਰਨੈਟ ਮੀਡੀਆ ʼਤੇ ਫਰਜੀ ਖ਼ਬਰਾਂ ਅਤੇ ਅਫ਼ਵਾਹਾਂ ਫੈਲਾੳਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਸਰਕਾਰ ਸਖ਼ਤ ਕਾਨੂੰਨ ਬਨਾੳਣ ਜਾ ਰਹੀ ਹੈ।  ਅਜਿਹੇ ਲੋਕਾਂ ਨੰ ਤਿੰਨ ਸਾਲਾਂ ਦੀ ਕੈਦ ਹੋ ਸਕੇਗੀ।  ਦੇਸ਼ ਦੀ ਸੁਰੱਖਿਆ, ਏਕਤਾ ਤੇ ਅਖੰਡਤਾ ਨੂੰ ਖ਼ਤਰੇ ਵਿਚ ਪਾਉਣ ਵਾਲੀ ਝੂਠੀ ਜਾਂ ਮਨਘੜਤ ਖ਼ਬਰ ਬਨਾਉਣ ਅਤੇ ਪ੍ਰਕਾਸ਼ਿਤ ਕਰਨ ਵਾਲੇ ਨੂੰ ਉਪਰੋਕਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹੁਣ ਜੇਕਰ ਕੋਈ ਕੰਪਨੀ ਜਾਂ ਅਦਾਰਾ ਲੋਕਾਂ ਦੇ ਡਾਟਾ ਦਾ ਦੁਰਉਪਯੋਗ ਕਰਦਾ ਹੈ ਤਾਂ ਉਸਨੂੰ ਅੱਗੇ ਹੋਰਨਾਂ ਕੰਪਨੀਆਂ, ਅਦਾਰਿਆਂ ਜਾਂ ਸਿਆਸੀ ਧਿਰਾਂ ਨੂੰ ਵੇਚਦਾ ਹੈ ਤਾਂ ਉਸਨੂੰ 250 ਕਰੋੜ ਰੁਪਏ ਤੱਕ ਜੁਰਮਾਨਾ ਦੇਣਾ ਪੈ ਸਕਦਾ ਹੈ।

ਸਰਕਾਰ ਵੱਲੋਂ ਸੰਸਦ ਵਿਚ ਪਾਸ ਕੀਤੇ ਗਏ ਡਿਜ਼ੀਟਲ ਨਿੱਜੀ ਡਾਟਾ ਸਰੱਖਿਆ (ਡੀ.ਪੀ.ਡੀ.ਪੀ.) ਬਿੱਲ ਵਿਚ ਇਸਦੀ ਵਿਵਸਥਾ ਕੀਤੀ ਗਈ ਹੈ।  ਰਾਸ਼ਟਰਪਤੀ ਦੇ ਦਸਤਖ਼ਤਾਂ ਨਾਲ ਇਸ ਬਿੱਲ ਨੰ ਕਾਨੂੰਨੀ ਰੂਪ ਮਿਲ ਗਿਆ ਹੈ।  ਇਸ ਕਾਨੂੰਨ ਨੂੰ ਲਾਗੂ ਹੋਣ ਵਿਚ ਪੰਜ ਸਾਲ ਦਾ ਸਮਾਂ ਲੱਗਿਆ ਹੈ।  ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿਚ ਅਜਿਹੇ ਡਾਟਾ ਸਰੱਖਿਆ ਕਾਨੂੰਨ ਹਨ ਪਰੰਤੂ ਇਹ ਭਾਰਤ ਵਿਚ ਨਹੀਂ ਸੀ।  ਸਰਕਾਰ ਦਾ, ਸਬੰਧਤ ਮਹਿਕਮੇ ਦਾ ਕਹਿਣਾ ਹੈ ਕਿ ਭਾਰਤ ਦੇ ਇਸ ਨਵੇਂ ਕਾਨੂੰਨ ਨੂੰ ਪੂਰੀ ਤਰ੍ਹਾਂ ਦੇਸ਼ ਦੀਆਂ ਲੋੜਾਂ ਅਤੇ ਪ੍ਰਸਥਿਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ।

ਸਿਮ ਕਾਰਡ ਨਾਲ ਸਬੰਧਤ ਵੀ ਬਹੁਤ ਸਾਰੇ ਧੋਖੇ ਅਤੇ ਫ਼ਰਾਡ ਆਰੰਭ ਹੋ ਗਏ ਹਨ।  ਨਕਲੀ ਸਿਮ, ਸਿਮ ਸਵੈਪਿੰਗ, ਫਰਜ਼ੀ ਆਧਾਰ ਅਤੇ ਮੋਬਾਈਲ ਨੰਬਰ ਨਾਲ ਹੇਰਾਫੇਰੀ ਲਗਾਤਾਰ ਵੱਧਦੀ ਜਾ ਰਹੀ ਹੈ।  ਕੇਂਦਰ ਸਰਕਾਰ ਸਿਮ ਕਾਰਡ ਲਈ ਪੁਲਿਸ-ਪੜਤਾਲ ਜ਼ਰੂਰੀ ਕਰਨ ਲੱਗੀ ਹੈ ਤਾਂ ਜੋ ਕੋਈ ਵੱਡੀ ਗਿਣਤੀ ਵਿਚ ਇਕੱਠੇ ਸਿਮ ਕਾਰਡ ਹਾਸਲ ਨਾ ਕਰ ਸਕੇ।  ਇਕ ਅਕਤੂਬਰ ਤੋਂ ਲਾਗ ਹੋਣ ਜਾ ਰਹੇ ਇਨ੍ਹਾਂ ਨਿਯਮਾਂ ਤਹਿਤ ਸਿਮ ਪ੍ਰਾਪਤੀ ਦੇ ਸਮੁੱਚੇ ਅਮਲ ਨੂੰ ਹੋਰ ਸਖ਼ਤ ਕੀਤਾ ਜਾ ਰਿਹਾ ਹੈ।  ਮਹਿਕਮੇ ਦੁਆਰਾ 52 ਲੱਖ ਤੋਂ ਵਧੇਰੇ ਮੋਬਾਈਲ ਕਨੈਕਸ਼ਨਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ 67000 ਡੀਲਰਾਂ ਨੂੰ ਬਲੈਕ ਲਿਸਟ ਕੀਤਾ ਗਿਆ ਹੈ।  ਇਹ ਕਾਰਵਾਈ ਮਈ-ਜੂਨ-ਜੁਲਾਈ 2023 ਮਹੀਨਿਆਂ ਦੌਰਾਨ ਕੀਤੀ ਗਈ ਹੈ।  ਨਵੇਂ ਨਿਯਮਾਂ ਤਹਿਤ ਪੁਲਿਸ ਅਤੇ ਬਾਇਓਮੀਟ੍ਰਿਕ ਪੜਤਾਲ ਜ਼ਰੂਰੀ ਕਰ ਦਿੱਤੀ ਗਈ ਹੈ।  ਸਾਰੇ ਡੀਲਰਾਂ ਦੀ ਰਜਿਸਟ੍ਰੇਸ਼ਨ ਹੋਵੇਗੀ।

ਸਮੇਂ ਨਾਲ ਅਜਿਹੀ ਸੋਧ-ਸੁਧਾਈ, ਅਦਲ-ਬਦਲ ਜ਼ਰੂਰੀ ਹੈ।  ਮਾਣਯੋਗ ਅਦਾਲਤਾਂ ਨੂੰ, ਸਬੰਧਤ ਮਹਿਕਮਿਆਂ ਨੂੰ, ਸਰਕਾਰਾਂ ਨੂੰ ਲੋਕਾਂ ਦੀ ਨਿੱਜਤਾ, ਲੋਕਾਂ ਦੀ ਸਰੱਖਿਆ ਪ੍ਰਤੀ ਇਸੇ ਤਰ੍ਹਾਂ ਸੁਚੇਤ ਰਹਿਣ ਦੀ ਲੋੜ ਹੈ।

ਪ੍ਰੋ. ਕੁਲਬੀਰ ਸਿੰਘ

ਅਨੰਦ ਮੈਰਿਜ ਐਕਟ ਦੇ ਨਾਮ ਤੇ ਸਿੱਖਾਂ ਨਾਲ ਖਿਲਵਾੜ ਕਿਉਂ ?

ਡਾ. ਦਲਜੀਤ ਸਿੰਘ

ਪਿਛਲੇ ਕੁਝ ਸਮੇਂ ਤੋਂ, ਹੁਣ ਫਿਰ ਆਨੰਦ ਮੈਰਿਜ ਐਕਟ, ਬੇਵਜ੍ਹਾ ਪੰਜਾਬ ਵਿੱਚ ਖਬਰਾਂ ਦਾ ਸਿਰਲੇਖ ਬਣਿਆ ਹੋਇਆ ਹੈ। ਅਸਲ ਵਿੱਚ ਸਾਲ 2012 ਤੋਂ ਹੀ ‘ਅਨੰਦ ਮੈਰਿਜ ਐਕਟ’ ਦੇ ਨਾਮ ਤੇ ਸਿਆਸੀ ਤੇ ਧਾਰਮਿਕ ਪ੍ਰੇਰਤ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਸ਼ੁਰੂ ਵਿੱਚ ਹੀ ਇੱਕ ਮਹੱਤਵਪੂਰਨ ਗੱਲ, ਮੈਂ ਪੁਰਜ਼ੋਰ ਸ਼ਬਦਾਂ ਵਿੱਚ ਕਹਿਣਾ ਚਾਹੁੰਦਾ ਹਾਂ, ਕਿ “ਆਨੰਦ ਮੈਰਿਜ ਐਕਟ”, “ਸਿੱਖ ਮੈਰਿਜ ਐਕਟ” ਨਹੀਂ ਹੈ। ਦੋਨਾਂ ਵਿੱਚ ਬਹੁਤ ਵੱਡਾ ਫਰਕ ਹੈ। ਸਿੱਖ ਮੈਰਿਜ ਐਕਟ ਵਿੱਚ ਕਰੀਬ 30 ਧਾਰਾਵਾਂ ਹੋਣਗੀਆਂ। ਜਿਸ ਵਿੱਚ ਵੱਖ-ਵੱਖ ਸ਼ਬਦਾਂ ਦੀ ਪਰਿਭਾਸ਼ਾ, ਵਿਆਹ ਦੀਆਂ ਸ਼ਰਤਾਂ, ਵਿਆਹ ਦੇ ਝਗੜਿਆਂ ਬਾਰੇ ਵੱਖ-ਵੱਖ ਪਟੀਸ਼ਨਾਂ, ਜਿਵੇਂ ਕਿ ਵਿਆਹ ਦਾ ਮੁੜ ਵਸੇਬਾ, ਵਿਆਹ ਬਾਰੇ ਨਿਆਇਕ ਅਲ੍ਹਦਗੀ, ਤਲਾਕ, ਗੁਜਾਰਾ ਭਤਾ, ਬੱਚਿਆਂ ਦੀ ਕਸਟਡੀ, ਜਾਇਦਾਦ ਦਾ ਨਿਪਟਾਰਾ, ਅਦਾਲਤ ਦਾ ਅਧਿਕਾਰ ਖੇਤਰ, ਅਪੀਲ ਦਾ ਨਿਰਧਾਰਤ ਸਮਾਂ ਆਦਿ। ਮੇਰੇ ਵੱਲੋਂ 15 ਮਈ 2012 ਨੂੰ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਹਾਲ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਿਲ ਸਿੱਖ ਪੰਥ ਦੀਆਂ ਸ਼ਖ਼ਸੀਅਤਾਂ ਦੇ ਸਾਹਮਣੇ, ਸੰਪੂਰਨ “ਸਿੱਖ ਮੈਰਿਜ ਐਕਟ” ਦਾ ਖਰੜਾ, ਉਸ ਵਕਤ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਸਾਰੀ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨ ਕੀਤਾ ਸੀ। ਜੱਥੇਦਾਰ ਸ੍ਰੀ ਅਕਾਲ ਸਾਹਿਬ ਇਹ ਵੀ ਕਿਹਾ ਸੀ ਕਿ ਅਸੀਂ ਇਹ ਸਿੱਖ ਮੈਰਿਜ ਐਕਟ ਦਾ ਡਰਾਫ ਇੰਟਰਨੈੱਟ ਤੇ ਪਾਵਾਂਗੇ ਅਤੇ ਸਿੱਖ ਜਗਤ ਤੋਂ ਇਸ ਬਾਰੇ ਰਾਇ ਮੰਗਾਂਗੇ ! ਕਾਨੂਨੀ ਪੱਖੋਂ, ਜਦੋਂ 1909 ਵਿੱਚ ਅਨੰਦ ਮੈਰਿਜ ਐਕਟ ਬਣਾਇਆ ਗਿਆ ਸੀ, ਤਾਂ ਇਸ ਦਾ ਸਿਰਫ ਇਕੋ ਇੱਕ ਉਦੇਸ਼ ਸੀ, ਕਿ “ਸਿੱਖਾਂ ਵਿੱਚ ਪ੍ਰਚੱਲਤ ‘ਅਨੰਦ ਕਾਰਜ’ ਰੀਤੀ ਦੁਆਰਾ ਕੀਤੇ ਵਿਆਹ ਦੀ ਵੈਦਤਾ (Validity ) ਬਾਰੇ ਖਦਸ਼ਿਆਂ ਨੂੰ ਦੂਰ ਕਰਨਾ”। ਇਸ ਕਰਕੇ ਇਸ ਐਕਟ ਵਿੱਚ ਉਪਰੋਕਤ ਦੱਸੀਆਂ ਗੱਲਾਂ ਬਾਰੇ ਕੋਈ ਹੋਰ ਧਾਰਾ ਨਹੀਂ ਜੋੜੀ ਗਈ ਸੀ। ਇਸ ਅਨੰਦ ਮੈਰਿਜ ਐਕਟ ਨੂੰ ਪਾਸ ਕਰਨ ਦਾ ਪਿਛੋਕੜ ਇਹ ਹੈ, ਕਿ 1900 ਦੇ ਕਰੀਬ ਹਿੰਦੂ ਪ੍ਰੋਹਿਤਾ ਵੱਲੋਂ ਇਹ ਦਾਅਵਾ ਕੀਤਾ ਜਾਣ ਲੱਗ ਪਿਆ ਸੀ, ਕਿ ਸਿੱਖਾਂ ਵਿੱਚ ਵੀ ਵਿਆਹ ਹਿੰਦੂ ਰਿਵਾਜਾਂ, ਜਾਣੀ ਕਿ ਬੇਦੀ ਦੇ ਦੁਆਲੇ ਜਾਂ ਅਗਨੀ ਦੇ ਦੁਆਲੇ ਫੇਰੇ ਲੈ ਕੇ ਹੀ ਕੀਤੇ ਜਾ ਸਕਦੇ ਹਨ ਅਤੇ ਆਨੰਦ ਕਾਰਜ ਜਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਲੇ ਲਾਵਾਂ ਰਾਹੀਂ ਕੀਤੇ ਵਿਆਹ ਜਾਇਜ ਨਹੀਂ ਹਨ। ਇਸ ਲਈ ਇਸ ਐਕਟ ਰਾਹੀਂ ਸਿੱਖਾਂ ਵਿੱਚ ਅਨੰਦ ਕਾਰਜ ਰੀਤੀ ਦੁਆਰਾ ਵਿਆਹਾਂ ਨੂੰ ਕਾਨੂੰਨੀ ਵੈਦਤਾਂ ਪ੍ਰਦਾਨ ਕੀਤੀ ਗਈ ਸੀ।

ਹੁਣ ਸਵਾਲ ਇਹ ਹੈ, ਕਿ 2012 ਤੋਂ ਹੀ ਭਾਰਤ ਵਿਚ ਆਨੰਦ ਮੈਰਿਜ ਐਕਟ ਦੇ ਨਾਮ ਤੇ ਸਿੱਖਾਂ ਨਾਲ ਖਿਲਵਾੜ ਕਿਵੇਂ ਸ਼ੁਰੂ ਹੋਇਆ। ਸ਼ਾਇਦ ਇਹ ਇਕ ਡੂੰਘੀ ਸਾਜਿਸ਼ ਅਧੀਨ ਵਾਪਰਦਾ ਆ ਰਿਹਾ ਹੈ। ਸੰਖੇਪ ਵਿੱਚ ਦੱਸਿਆ ਜਾਵੇ ਤਾਂ 2006 ਵਿੱਚ ਭਾਰਤੀ ਸੁਪਰੀਮ ਕੋਰਟ ਨੇ ਸੀਮਾਂ ਬਨਾਮ ਅਸ਼ਵਨੀ ਮੁਕੱਦਮੇ ਵਿੱਚ ਫ਼ੈਸਲਾ ਦਿੰਦੇ ਹੋਏ ਉਦੇਸ਼ ਦਿੱਤੇ ਕਿ ਭਾਰਤ ਵਿਚ ਵਿਆਹ ਦੀ ਲਾਜ਼ਮੀ ਰਜਿਸਟ੍ਰੇਸ਼ਨ ਲਈ ਕਨੂੰਨ ਬਣਾਇਆ ਜਾਵੇ। 12 ਮਈ 2012 ਨੂੰ ਉਸ ਵਕਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਅਗਵਾਹੀ ਵਿੱਚ ਇਹ ਫੈਸਲਾ ਕੀਤਾ ਗਿਆ, ਕਿ ਭਾਰਤ ਵਿੱਚ ਵਿਆਹ ਦੀ ਲਾਜ਼ਮੀ ਰਜਿਸਟ੍ਰੇਸ਼ਨ ਲਈ ਕਾਨੂੰਨ ਬਣਾਇਆ ਜਾਵੇਗਾ। ਪਰ ਪਤਾ ਨਹੀਂ, ਕਿਸ ਸਾਜਿਸ਼ ਅਧੀਨ ਜਾਂ ਅਗਿਆਨਤਾ ਕਰਕੇ ਆਨੰਦ ਮੈਰਿਜ ਐਕਟ ਵਿੱਚ ਵੀ, ਜੋ ਕਿ Validating Act ਹੈ ਨਾ ਕਿ Codifying, ਵਿੱਚ ਵੀ ਆਨੰਦ ਮੈਰਿਜ (ਅਮੈਂਡਮਟ) ਐਕਟ, 2012, ਪਾਸ ਕਰਕੇ, ਸਿੱਖਾਂ ਵਿੱਚ ਵਿਆਹ ਦੀ ਲਾਜ਼ਮੀ ਰਜਿਸਟ੍ਰੇਸ਼ਨ ਦੀ ਨਵੀਂ ਧਾਰਾ 6 ਜੋੜ ਦਿੱਤੀ ਗਈ।

ਪਰ ਮਹੱਤਵਪੂਰਨ ਤੱਥ ਇਹ ਹੈ, ਕਿ ਇਸ ਧਾਰਾ ਵਿੱਚ ਇਹ ਦਰਜ ਕਰ ਦਿੱਤਾ ਗਿਆ ਕਿ ਇਹ ਸਭ ਕੁਝ ਹਿੰਦੂ ਵਿਆਹ ਐਕਟ, 1955 ਦੇ ਕਿਸੇ ਵੀ ਪ੍ਰਾਵਧਾਨ ਦੇ ਉਲਟ ਅਸਰ ਪਾਏ ਬਿਨਾਂ (without prejudice to anything contained in the Hindu Marriage Act,1955) ਜਾਂ ਸਰਲ ਸ਼ਬਦਾਂ ਵਿੱਚ ਕਹਿ ਲਈਏ ਕਿ ਹਿੰਦੂ ਮੈਰਿਜ ਐਕਟ, 1955 ਦੇ ਸਾਰੇ ਪ੍ਰਵਦਾਨ ਮਨਦੇ ਹੋਏ ਜਾਂ ਉਸ ਅਧੀਨ ਰਹਿੰਦੇ ਹੋਏ, ਵਿਆਹ ਰਜਿਸਟਰਡ ਕਰਨ ਦੇ ਰੂਲਜ ਬਣਾਏ ਜਾਣਗੇ। ਖਾਸ ਗੱਲ ਇਹ ਹੈ ਕਿ 2016 ਵਿੱਚ ਹੀ ਪੰਜਾਬ ਸਰਕਾਰ ਵੱਲੋਂ ‘ਪੰਜਾਬ ਆਨੰਦ ਮੈਰਿਜ ਰਜਿਸਟ੍ਰੇਸ਼ਨ ਰੂਲਜ, 2016’ ਬਣਾ ਕੇ ਨੋਟੀਫਾਈ ਕਰ ਦਿੱਤੇ ਗਏ ਸਨ। ਵੇਖਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਰੂਲਸ ਮੁਤਾਬਿਕ, ਨਾ ਤਾਂ ‘ਸਿੱਖ ਮੈਰਿਜ ਰਜਿਸਟਰ’ ਰੱਖਿਆ ਜਾਂਦਾ ਹੈ ਅਤੇ ਨਾ ਹੀ ‘ਸਿੱਖ ਵਿਆਹ ਸਰਟੀਫਿਕੇਟ’ ਦਿੱਤਾ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ 2012 ਵਿੱਚ ਜਦੋਂ ਅਮੇਂਡਮੈਂਟ ਕੀਤੀ ਗਈ, ਉਸ ਵਕਤ ਵੀ ਧਾਰਾ 6 ਵਿੱਚ ਸਿੱਖ ਵਿਆਹ ਜਾਂ ਸਿੱਖ ਮੈਰਿਜ ਰਜਿਸਟਰ ਬਾਰੇ ਨਹੀਂ ਲਿਖਿਆ ਗਿਆ। ਜਦਕਿ ਹਿੰਦੂ ਮੈਰਿਜ ਰਜਿਸਟ੍ਰੇਸ਼ਨ ਰੂਲਸ ਵਿੱਚ ‘ਹਿੰਦੂ ਮੈਰਿਜ ਰਜਿਸਟਰ’ ਅਤੇ ਹਿੰਦੂ ਵਿਆਹ ਦਾ ਜਿਕਰ ਕੀਤਾ ਹੋਇਆ ਹੈ।

ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ 2012 ਵਿੱਚ ਜਦੋਂ ਅਨੰਦ ਮੈਰਿਜ ਐਕਟ,1909 ਵਿੱਚ ਤਰਮੀਮ ਕਰਕੇ ਸਿਰਫ਼ ਮੈਰਿਜ ਰਜਿਸਟ੍ਰੇਸ਼ਨ ਲਈ ਧਾਰਾ 6 ਜੋੜੀ ਗਈ ਤਾਂ ਕੁਝ ਸਿੱਖੀ ਭੇਖ਼ ਵਿੱਚ, ਸਿੱਖ ਵਿਰੋਧੀ ਤਾਕਤਾਂ ਦੇ ਹੱਥ ਠੋਕੇ ਬਣ ਕੇ ਕੂੜ ਪ੍ਰਚਾਰ ਕੀਤਾ ਗਿਆ, ਕਿ ਸਿੱਖਾਂ ਦਾ ਵੱਖਰਾ ਵਿਆਹ ਐਕਟ ਬਣਾ ਦਿੱਤਾ ਗਿਆ ਹੈ, ਸਿੱਖਾਂ ਦੀ ਬਹੁਤ ਵੱਡੀ ਮੰਗ ਮੰਨੀ ਗਈ ਹੈ ਜਾਂ ਸਿੱਖਾਂ ਦੀ ਵੱਖਰੀ ਪਛਾਣ ਹੁਣ ਬਣੇਗੀ। ਅਜਿਹਾ ਕੁਝ ਵੀ ਨਹੀਂ ਹੋਇਆ ਅਤੇ ਇਹ ਸਭ ਕੁਝ ਝੂਠ ਤੇ ਬੇਬੁਨਿਆਦ ਪ੍ਰਚਾਰ ਸੀ। ਅੱਜ ਵੀ ਜੇ ਕਿਸੇ ਸਿੱਖ ਨੇ ਪਰਿਵਾਰਕ ਮਸਲਿਆਂ ਬਾਰੇ ਕੋਈ ਰਾਹਤ ਲੈਣੀ ਹੈ, ਤਾਂ ਉਨ੍ਹਾਂ ਨੂੰ ਹਿੰਦੂ ਮੈਰਿਜ ਐਕਟ, 1955 ਅਧੀਨ ਹੀ ਪਟੀਸ਼ਨ ਕਰਨੀ ਪੈਂਦੀ ਹੈ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਨਵੰਬਰ 2022 ਵਿੱਚ ਇਹ ਬਿਆਨ ਦਿੱਤੇ ਗਏ ਕਿ ਅਸੀਂ ਅਨੰਦ ਮੈਰਿਜ ਐਕਟ 2016 ਨੂੰ ਅਸਲੀ ਰੂਪ ਵਿੱਚ ਲਾਗੂ ਕਰਾਂਗੇ। ਜਦ ਕਿ ਅਸਲੀਅਤ ਇਹ ਹੈ ਕਿ ਅਨੰਦ ਮੈਰਿਜ ਐਕਟ ਤਾਂ 1909 ਵਾਲਾ ਹੀ ਹੈ ਅਤੇ ਉਦੋਂ ਤੋਂ ਹੀ ਲਾਗੂ ਚੱਲਿਆ ਆ ਰਿਹਾਂ ਹੈ। 2016 ਵਿੱਚ ਤਾਂ ‘ਪੰਜਾਬ ਆਨੰਦ ਮੈਰਿਜ ਰਜ਼ਿਸਟ੍ਰੇਸ਼ਨ ਰੂਲਸ’ ਬਣਾਏ ਗਏ ਸਨ ਅਤੇ ਨੋਟੀਫਾਈ ਵੀ ਹੋ ਚੁੱਕੇ ਹਨ। ਹੁਣ ਜੇ ਪੰਜਾਬ ਸਰਕਾਰ ਇਨ੍ਹਾਂ ਰੂਲਜ਼ ਵਿੱਚ ਕੁੱਝ ਤਬਦੀਲੀ ਕਰਕੇ ਵਿਆਹ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਨੂੰ ਕੁਝ ਸੁਖਾਲਾ ਬਣਾਉਣਾ ਚਾਹੁੰਦੀ ਹੈ, ਤਾਂ ਇੰਨਾ ਰੌਲਾ ਰੱਪਾ ਕਿਸ ਗੱਲ ਦਾ? ਧਾਰਮਿਕ ਜਾਂ ਰਾਜਨੀਤਕ ਲੀਡਰਾਂ ਅਧਾਰਤ ਵਿਵਾਦਤ ਕਮੇਟੀ ਬਣਾਉਣ ਦਾ ਕੀ ਫਾਇਦਾ। ਇਹ ਤਾਂ ਇਕ ਕਾਨੂੰਨੀ ਪ੍ਰਸ਼ਾਸਨਿਕ ਮੁੱਦਾ ਹੈ, ਤੇ ਸਰਕਾਰੀ ਪੱਧਰ ਤੇ ਆਮ ਕੰਮ ਦੀ ਤਰ੍ਹਾਂ ਫੈਸਲਾ ਲੈਕੇ ਲਾਗੂ ਹੋ ਸੱਕਦਾ ਹੈ।

ਸਰਕਾਰ ਨੂੰ ਤਾਂ ਸੱਚੇ ਦਿਲੋਂ ਸਿੱਖਾਂ ਦੀ ਪੁਰਜੋਰ ਮੰਗ ਕਿ ਉਨ੍ਹਾਂ ਦਾ ਆਪਣਾ ਸੰਪੂਰਨ “ਸਿੱਖ ਮੈਰਿਜ ਐਕਟ” ਹੋਵੇ ਤਾਂ ਕਿ ਉਨ੍ਹਾਂ ਨੂੰ “ਹਿੰਦੂ ਮੈਰਿਜ ਐਕਟ” ਵਿੱਚੋਂ ਬਾਹਰ ਕੱਢਿਆ ਜਾ ਸਕੇ, ਉਸ ਲਈ ਹੰਭਲਾ ਮਾਰਨਾ ਚਾਹੀਦਾ ਹੈ। ਜੇ ਭਾਰਤ ਵਿਚ ਘੱਟ ਗਿਣਤੀ ਪਾਰਸੀਆਂ ਦਾ ਆਪਣਾ ਪਾਰਸੀ ਮੈਰਿਜ ਅਤੇ ਡਾਇਵੋਰਸ ਐਕਟ ਹੋ ਸਕਦਾ ਹੈ, ਕ੍ਰਿਸਚਨ ਦਾ ਆਪਣਾ ਕ੍ਰਿਸ਼ਚਨ ਮੈਰਿਜ ਐਕਟ ਅਤੇ ਡਾਇਵੋਰਸ ਐਕਟ ਹੋ ਸਕਦਾ ਹੈ, ਮੁਸਲਮਾਨਾਂ ਦਾ ਆਪਣਾ ਵਿਆਹ ਅਤੇ ਤਲਾਕ ਦਾ ਕਾਨੂੰਨ ਹੋ ਸਕਦਾ ਹੈ ਤਾਂ ਸਿੱਖਾਂ ਦਾ ਆਪਣਾ ‘ਸਿੱਖ ਮੈਰਿਜ ਐਕਟ’ ਕਿਉਂ ਨਹੀਂ? ਜੇ ਪੰਜਾਬ ਸਰਕਾਰ ਸਿੱਖਾਂ ਲਈ ਸੱਚੇ ਦਿਲੋਂ ਇਮਾਨਦਾਰੀ ਨਾਲ ਕੁਝ ਕਰਨਾ ਚਾਹੁੰਦੀ ਹੈ ਤਾਂ ਇਸ ਦਿਸ਼ਾ ਵੱਲ ਉਨ੍ਹਾਂ ਵਲੋਂ ਚੁੱਕੇ ਕਦਮ ਸ਼ਲਾਘਾਯੋਗ ਹੋਣਗੇ!

ਡਾ. ਦਲਜੀਤ ਸਿੰਘ
LL.B. ,LL.M., Ph.D
ਸਾਬਕਾ : ਪ੍ਰੋਫੈਸਰ ਆਫ ਲਾਅ ਅਤੇ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ
email: vcdaljitsingh@gmail.com:
Mobile +919814518877 (WhatsApp)

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲਣ ਦਾ ਵਿਧੀ ਵਿਧਾਨ

ਬਘੇਲ ਸਿੰਘ ਧਾਲੀਵਾਲ

ਬੀਤੇ ਦਿਨੀਂ ਸਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ ਦੀ ਹੰਗਾਮੀ ਮੀਟਿੰਗ ਬੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਹੁਦੇ ਤੋ ਹਟਾ ਕੇ ਨਵਾਂ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ ਹੈ। ਸਰੋਮਣੀ ਕਮੇਟੀ ਦੇ ਇਸ ਫੈਸਲੇ ਨੇ ਜਥੇਦਾਰ ਦੀ ਨਿਯੁਕਤੀ ਸਬੰਧੀ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ। ਕੋਈ ਸਮਾ ਸੀ ਜਦੋ ਜਥੇਦਾਰ ਸਰਬ ਪ੍ਰਮਾਣਿਤ ਹੁੰਦਾ ਸੀ,ਅਤੇ ਜਥੇਦਾਰ ਦਾ ਹੁਕਮ ਸਿੱਖ ਮਹਾਰਾਜਾ ਵੀ ਨਿਮਾਣਾ ਹੋਕੇ ਮੰਨਦਾ ਰਿਹਾ ਹੈ। ਸਿੱਖ ਕੌਮ ਲਈ ਉਹ ਦੌਰ ਕਿੰਨਾ ਸੁਨਿਹਰੀ ਹੋਵੇਗਾ,ਜਦੋ 12 ਮਿਸਲਾਂ ਵਿੱਚ ਵੰਡੇ ਪੰਥ ਖਾਲਸੇ ਵਿੱਚੋਂ ਇੱਕ ਮਿਸਲ ਦੇ ਜਰਨੈਲ ਰਣਜੀਤ ਸਿੰਘ ਦੀ ਕਾਬਲੀਅਤ ਨੂੰ ਦੇਖਦਿਆਂ ਬਾਬਾ ਸਾਹਿਬ ਸਿੰਘ ਬੇਦੀ ਨੇ ਰਾਜ ਤਿਲਕ ਲਗਾ ਕੇ ਕੌਂਮ ਨੂੰ ਅਜਿਹਾ ਪ੍ਰਭਾਵੀ ਮਹਾਰਾਜਾ ਦਿੱਤਾ,ਜਿਹੜਾ ਦੁਨੀਆਂ ਦੇ ਅਜੇਤੂ ਬਾਦਸਾਹਾਂ ਨੂੰ ਕਦਮਾਂ ਵਿੱਚ ਬੈਠਣ ਲਈ ਮਜਬੂਰ ਕਰ ਦੇਵੇਗਾ। ਸਿੱਖ ਜਰਨੈਲਾਂ ਨੇ ਜਿੱਥੇ ਮਹਾਰਾਜੇ ਦੀ ਤਾਕਤ ਅੱਗੇ ਸਮੱਰਪਣ ਕੀਤਾ,ਓਥੇ ਸ੍ਰੀ ਗੁਰੂ ਨਾਨਕ ਸਾਹਬ ਜੀ ਦੀ ਅੰਸ ਬੰਸ ਦੇ ਹੁਕਮਾਂ ਨੂੰ ਵੀ ਖਿੜੇ ਮੱਥੇ ਪਰਵਾਂਨ ਕਰਕੇ ਹਲੇਮੀ ਸਿੱਖ ਬਾਦਸ਼ਾਹਤ ਦੀ ਸਥਾਪਤੀ ਤੇ ਮੋਹਰ ਲਾਈ। ਸਿੱਖ ਕੌਂਮ ਦੇ ਉਸ ਸਰਬ ਪਰਮਾਣਤ ਮਹਾਰਾਜੇ ਨੇ ਆਪਣੇ ਗੁਰੂ ਨੂੰ ਹਾਜਰ ਨਾਜਰ ਸਮਝ ਕੇ ਸਿੱਖ ਜਰਨੈਲਾਂ ਦੀ ਮਦਦ ਨਾਲ ਅਜਿਹਾ ਮਿਸਾਲੀ ਰਾਜ ਪ੍ਰਬੰਧ ਕਾਇਮ ਕੀਤਾ,ਜਿਸ ਦੀ ਦੁਨੀਆਂ ਚ ਤੂਤੀ ਬੋਲਦੀ ਰਹੀ।ਦੁਨੀਆਂ ਨੂੰ ਲੱਟਣ ਕੁੱਟਣ ਵਾਲੇ ਅਫਗਾਨੀ ਧਾੜਵੀ ਬਾਦਸ਼ਾਹ ਵੀ ਝੁਕ ਕੇ ਸਲਾਮਾਂ ਕਰਨ ਲਈ ਮਜਬੂਰ ਹੋ ਗਏ। ਦੁਨੀਆਂ ਦਾ ਵੇਸਕੀਮਤੀ ਕੋਹਿਨੂਰ ਹੀਰਾ ਵੀ ਅਫਗਾਨਸਿਤਾਨ ਦੇ ਬਾਦਸ਼ਾਹਾਂ ਤੋ ਖੁੱਸ ਗਿਆ ਤੇ ਉਹ ਹੀਰਾ ਦਹਾਕਿਆਂ  ਵੱਧੀ ਸ਼ੇਰੇ ਪੰਜਾਬ ਦੇ ਡੌਲ਼ਿਆਂ ਦਾ ਸਿੰਗਾਰ ਬਣਿਆ ਰਿਹਾ। ਉਹ ਅਜਿਹਾ ਸੁਨਿਹਰੀ ਦੌਰ ਸੀ,ਜਦੋ ਸਿੱਖ ਮਹਾਰਾਜੇ ਦਾ ਨਾਮ ਸੁਣਕੇ ਵੱਡੇ ਵੱਡੇ ਹੰਕਾਰੀਆਂ ਦਾ ਗੁਮਾਨ ਕਾਫੂਰ ਹੋ ਜਾਂਦਾ ਸੀ,ਪਰੰਤੂ ਮਹਾਰਾਜਾ ਵੀ ਜੇਕਰ ਕਿਸੇ ਤੋ ਖੌਫ਼ ਖਾਂਦਾ ਸੀ।ਉਹ ਜਥੇਦਾਰ ਬਾਬਾ ਫੂਲਾ ਸਿੰਘ ਜੀ ਅਕਾਲੀ ਤੋ,ਕਿਉਂਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਸਿੱਖ ਕੌਂਮ ਨੂੰ ਜਨਮ ਸਿੱਧ ਅਜਾਦੀ ਦਾ ਅਧਿਕਾਰ ਦੇਣ ਵਾਲੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਅਜਾਦ ਪ੍ਰਭੂਸੱਤਾ ਦੇ ਪਰਤੀਕ ਉਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚ ਸੰਸਥਾ ਦੇ ਸੇਵਾਦਾਰ ਸਨ,ਜਿੰਨਾਂ ਦੇ ਹੁਕਮਾਂ ਨੂੰ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨੂੰ ਝੁਕਾਉਣ ਵਾਲਾ ਮਹਾਰਾਜਾ ਵੀ ਇਲਾਹੀ ਹੁਕਮ ਸਮਝਕੇ ਖਿੜੇ ਮੱਥੇ ਪਰਵਾਂਨ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਅਜੋਕੇ ਸਿੱਖ ਆਗੂਆਂ ਵਾਂਗ ਨਿੱਜ ਲੋਭੀ ਨਹੀ,ਬਲਕਿ ਗੁਰੂ ਦੇ ਭੈਅ  ਚ ਰਹਿਣ ਵਾਲਾ ਕੌਂਮ ਪ੍ਰਸਤ ਮਹਾਰਾਜਾ ਸੀ। ਜੇਕਰ ਉਹਨਾਂ ਨੇ ਅਫਗਾਨਾਂ ਤੋ ਸੁਨਿਹਰੀ  ਦਰਵਾਜ਼ੇ ਲੈ ਕੇ ਆਂਦੇ,ਉਹ ਆਪਣੇ ਨਿੱਜੀ ਮਹਿਲ  ਲਈ ਨਹੀ ਬਲਕਿ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਵਿੱਚ ਲਗਵਾ ਦਿੱਤੇ ਗਏ।ਇਸੇਤਰਾਂ ਹੈਦਰਾਬਾਦ ਦੇ ਨਿਜਾਮ ਨੇ ਸੋਨੇ ਦੀ ਚਾਨਣੀ ਭੇਟਾ ਕੀਤੀ ਤਾਂ ਮਹਾਰਾਜੇ ਨੇ ਕਿਹਾ ਕਿ ਮੈਂ ਮਿੱਟੀ ਦਾ ਪੁਤਲਾ ਜੋ ਕੁੱਝ ਵੀ ਹਾਂ ਆਪਣੇ ਗੁਰੂ ਦੀ ਬਦੌਲਤ ਹਾਂ,ਇਸ ਲਈ ਇਹ ਸੋਨੇ ਦੀ ਚਾਨਣੀ ਮੇਰੇ ਸਤਿਗੁਰੂ ਜੀ ਦੇ ਦਰਬਾਰ ਸੱਚਖੰਡ ਵਿਖੇ ਹੀ ਸੋਭਦੀ ਹੈ,ਜੋ ਸ੍ਰੀ ਹਰਿਮੰਦਰ ਦਰਬਾਰ ਸਾਹਿਬ ਭੇਟਾ ਕਰ ਦਿੱਤੀ। ਸੰਨ੍ਹ 1849 ਤੋਂ ਬਾਅਦ ਇਨ੍ਹਾਂ ਸਭ ਕੀਮਤੀ ਵਸਤੂਆਂ ‘ਚੋਂ ਬਹੁਤਾ ਕੁਝ ਤਾਂ ਸਿੱਖ ਰਾਜ ਦੇ ਦੋਖੀ ਲੁਟੇਰੇ ਫਿਰੰਗੀ ਲੁੱਟ ਕੇ ਇੰਗਲੈਂਡ ਲੈ ਪਹੁੰਚੇ, ਬਾਕੀ ਬਹੁਤ ਅਨਮੋਲ ਖਜ਼ਾਨਾ 1984 ਦੇ ਘੱਲੂਘਾਰੇ ਵਿਚ ਤਬਾਹ ਹੋ ਗਿਆ। ਅੱਜ ਦੇ ਸੰਦਰਭ ਵਿੱਚ ਸਿੱਖ ਕੌਂਮ ਲਈ ਇਹ ਕਿੰਨਾ ਹੈਰਾਨੀਜਨਕ ਜਾਪਦਾ ਹੈ,ਕਿਉਕਿ ਮੌਜੂਦਾ ਸਮੇ ਦੇ ਸਿੱਖ ਆਗੂਆਂ ਨੇ ਤਾਂ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਵੀ ਖੁਦ ਕਰਵਾਏ ਅਤੇ ਜਦੋ ਹਾਕਮ ਬਣੇ ਤਾਂ ਸਿੱਖ ਨੌਜਵਾਨਾਂ ਦੇ ਕਾਤਲ ਬਣੇ।ਉਹਨਾਂ ਨੇ ਤਾਂ ਗੁਆਂਢੀ ਮੁਲਕ ਦੇ ਹਾਕਮਾਂ ਵੱਲੋਂ ਭੇਂਟ ਕੀਤੇ ਭੇਡੂ ਤੱਕ ਵੀ ਨਹੀ ਛੱਡੇ,ਉਹ ਵੀ ਘਰ ਲੈ ਆਏ,ਤੇ ਹੋਰ ਪਤਾ ਨਹੀ ਕਿੰਨਾ ਕੁੱਝ।ਕਿੰਨਾ ਅੰਤਰ ਹੈ ਮੌਜੂਦਾ ਅਤੇ ਪੁਰਾਤਨ ਸਮਿਆਂ ਦੀ ਸਿੱਖ ਲੀਡਰਸ਼ਿੱਪ ਵਿੱਚ। ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਲਈ ਜਗੀਰਾਂ ਲਾਈਆਂ,ਇਤਿਹਾਸ ਮੁਤਾਬਿਕ 64 ਲੱਖ ਰੁਪਏ ਦਰਬਾਰ  ਸਾਹਿਬ ਦੀ ਸ਼ਾਨੋ ਸ਼ੌਕਤ ਲਈ ਮਹਾਰਾਜੇ ਦੇ ਪਰਿਵਾਰ ਨੇ ਦਾਨ ਦਿੱਤਾ,ਪਰੰਤੂ ਮੌਜੂਦਾ ਸਮੇ ਚ ਗੁਰਦੁਆਰਿਆਂ ਦੀਆਂ ਜਮੀਨਾਂ ਤੇ ਖੁਦ ਜਾਂ ਆਪਣੇ ਚਹੇਤਿਆਂ ਨੂੰ ਕਬਜੇ ਕਰਵਾ ਦਿੱਤੇ ਹਨ ਤੇ ਦਾਨ ਦੇਣ ਦੀ ਬਜਾਏ ਗੁਰੂ ਕੀ ਗੋਲਕ ਤੱਕ ਨੂੰ ਲੁੱਟਿਆ ਜਾ ਰਿਹਾ ਹੈ। ਪੁਰਾਤਨ ਸਿੱਖਾਂ ਨੇ ਆਪਣੀ ਰਾਜਸੀ ਤਾਕਤ ਨੂੰ ਆਪਣੇ ਗੁਰੂ ਦੀ ਬਖਸ਼ਿਸ਼ ਸਮਝਿਆ,ਇਸ ਲਈ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਬ ਉੱਚ ਮੰਨਦੇ ਰਹੇ ਹਨ।ਇਸ ਦੀ ਇੱਕ ਮਿਸਾਲ ਇਹ ਵੀ ਹੈ ਕਿ ਜਿਹੜਾ ਵੱਡੇ ਤਪਤੇਜ ਵਾਲਾ ਮਹਾਰਾਜਾ ਵੱਡੇ ਤੋ ਵੱਡੇ ਗੁਨਾਹ ਲਈ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀ ਸੀ ਦਿੰਦਾ,ਉਹ ਸਿੱਖ ਮਹਾਰਾਜੇ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਫੂਲਾ ਸਿੰਘ ਅਕਾਲੀ ਨੇ ਕੋਈ ਅਵੱਗਿਆ ਕਰਨ ਬਦਲੇ ਬਸਤਰ ਉਤਾਰਕੇ ਦਰਖਤ ਨਾਲ ਬੰਨ੍ਹਕੇ ਕੋੜੇ ਮਾਰਨ ਦੀ ਸਜਾ ਸੁਣਾ ਦਿੱਤੀ ਸੀ,ਜਿਸ ਨੂੰ ਉਸ  ਹਲੇਮੀ ਬਾਦਸਾਹਤ ਦੇ ਤਾਜਦਾਰ ਨੇ ਖਿੜੇ ਮੱਥੇ ਪਰਵਾਨ ਕੀਤਾ ਸੀ,ਭਾਂਵੇਂ ਮੋਹਤਵਰ ਸਿੱਖ ਆਗੂਆਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਨ ਤੇ ਮਹਾਰਾਜੇ ਨੂੰ ਕੋੜੇ ਮਾਰਨ ਦੀ ਸਜ਼ਾ ਮੁਆਫ ਕਰ ਦਿੱਤੀ ਗਈ ਸੀ,ਪਰ ਰਾਜਨੀਤੀ ਤੇ ਧਰਮ ਦੇ ਕੁੰਡੇ ਦੀ ਇਹ ਅਮਲੀ ਮਿਸਾਲ ਇਤਿਹਾਸ ਦੇ  ਸੁਨਿਹਰੇ ਪੰਨਿਆਂ ਵਿੱਚ ਦਰਜ ਹੋ ਗਈ।ਹੁਣ ਜਦੋ ਮੌਜੂਦਾ ਦੌਰ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਹੋ ਰਹੀ ਤੌਹੀਨ ਦੇਖੀ ਸੁਣੀ ਤੇ ਪੜੀ ਜਾਂਦੀ ਹੈ,ਤਾਂ ਸਿੱਖ ਕੌਂਮ ਕੋਲ ਅਕਾਲ ਪੁਰਖ ਅੱਗੇ ਅਰਜੋਈ ਕਰਨ ਤੋ ਇਲਾਵਾ ਹੋਰ ਕੋਈ ਚਾਰਾ ਨਹੀ ਹੁੰਦਾ। ਇਸ ਸਾਰੇ ਵਰਤਾਰੇ ਲਈ ਉਹ ਸਿੱਖ ਆਗੂ ਜੁੰਮੇਵਾਰ ਹਨ,ਜਿੰਨਾਂ ਨੇ ਆਪਣੀ ਕੁਰਸੀ ਦੀ ਭੁੱਖ ਨੂੰ ਪੂਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮਾਮੂਲੀ ਮੁਲਾਜਮ ਬਣਾ ਕੇ ਰੱਖ ਦਿੱਤਾ ਹੈ,ਜਿਸ ਨੂੰ ਜਦੋ ਜੀਅ ਚਾਹੇ ਜਿਵੇਂ ਚਾਹੇ ਆਪਣੇ ਹਿਤ ਚ ਵਰਤਿਆ ਜਾ ਸਕਦਾ ਹੈ ਅਤੇ ਜੇਕਰ ਉਹ ਰੱਤੀ ਭਰ ਵੀ ਵਫਾਦਾਰੀ ਵਿੱਚ ਕੁਤਾਹੀ ਕਰਦਾ ਹੈ ਤਾਂ ਬਗੈਰ ਕੌਂਮ ਦੀ ਰਾਇ ਲਏ,ਬਗੈਰ ਪ੍ਰਵਾਹ ਕੀਤਿਆਂ ਆਹੁਦੇ ਤੋ ਹਟਾਇਆ ਜਾ ਸਕਦਾ ਹੈ ਅਤੇ ਮੁੜ ਮਨਮਰਜੀ ਦਾ ਜਥੇਦਾਰ ਲਾਇਆ ਜਾ ਸਕਦਾ ਹੈ।ਇਹਦੇ ਲਈ ਪੰਥਕ ਧਿਰਾਂ ਲੰਮੇ ਸਮੇ ਤੋ ਰੌਲਾ ਪਾਉਂਦੀਆਂ ਆ ਰਹੀਆਂ ਹਨ ਕਿ ਜਥੇਦਾਰ ਨੂੰ ਹਟਾਉਣ ਅਤੇ ਨਿਯੁਕਤੀ ਦਾ ਬਾਕਾਇਦਾ ਸਰਬ ਪ੍ਰਮਾਣਤ ਵਿਧੀ ਵਿਧਾਨ  ਬਨਾਉਣਾ ਚਾਹੀਦਾ ਹੈ,ਅਤੇ ਸਮਾ ਸੀਮਾ ਤਹਿ ਕੀਤੀ ਜਾਣੀ ਚਾਹੀਦੀ ਹੈ, ਤਾਂ ਕਿ ਜਥੇਦਾਰ ਮੁਕੰਮਲ ਅਜ਼ਾਦਾਨਾ ਤੌਰ ਤੇ ਕੌਂਮ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਸਕਣ।ਅੱਜ ਸਿੱਖਾਂ ਦੇ ਹਾਲਾਤ ਇਹ ਬਣ ਗਏ ਹਨ ਕਿ ਸਰੋਮਣੀ ਅਕਾਲੀ ਦਲ,ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਬਾਦਲ ਪਰਿਵਾਰ ਦੀ ਨਿੱਜੀ ਮਾਲਕੀ ਬਣਕੇ ਰਹਿ ਗਈ ਹੈ।

ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਢੰਗ ਨਾਲ  ਆਹੁਦੇ ਤੋ ਹਟਾਇਆ ਗਿਆ ਹੈ,ਇਹਦੇ ਤੋ ਸਪੱਸਟ ਹੁੰਦਾ ਹੈ ਕਿ ਸ੍ਰ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਪਿਤਾ ਮਰਹੂਮ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਿੱਖਿਆ ਨੂੰ ਪੱਲੇ ਬੰਨ ਕੇ ਰਾਜਨੀਤੀ ਵਿੱਚ ਅੱਗੇ ਵਧਣ ਦਾ ਫੈਸਲਾ ਕਰ ਲਿਆ ਹੈ।ਉਹਨਾਂ ਨੂੰ ਇਹ ਕਦੇ ਵੀ ਮਨਜੂਰ ਨਹੀ ਕਿ ਉਹਨਾਂ ਦਾ ਲਾਇਆ ਜਥੇਦਾਰ ਕੋਈ ਕੌਂਮ ਦੇ ਵਡੇਰੇ ਹਿਤਾਂ ਦੇ ਬਦਲੇ ਬਾਦਲ ਪਰਿਵਾਰ ਦੇ ਨਿੱਜੀ ਹਿਤਾਂ ਨੂੰ ਠੇਸ ਪਹੁੰਚਾਉਣ ਦੀ ਗੁਸਤਾਖੀ ਕਰੇ। ਬਹਾਨਾ ਭਾਂਵੇਂ ਕੋਈ ਵੀ ਬਣਾਇਆ ਗਿਆ ਹੋਵੇ,ਪਰੰਤੂ ਸਚਾਈ ਇਹ ਹੈ ਕਿ ਸਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਰੋਮਣੀ ਕਮੇਟੀ ਦਾ ਆਪਣਾ  ਚੈਨਲ ਚਲਾਉਣ ਵਾਲਾ ਜਥੇਦਾਰ ਦਾ ਹੁਕਮ,ਸਰੋਮਣੀ ਅਕਾਲੀ ਦਲ ਨੂੰ ਸਰਮਾਏਦਾਰਾਂ ਦੇ ਚੁੰਗਲ ਚੋ ਕੱਢਣ ਵਾਲਾ ਬਿਆਨ  ਅਤੇ ਪੱਤਰਕਾਰਾਂ ਦੀ ਇਕੱਤਰਤਾ ਵਿੱਚ ਸਟੇਜ ਤੋਂ ਜਨਤਕ ਤੌਰ ਜਥੇਦਾਰ ਸਾਹਿਬ ਵੱਲੋਂ ਖਾਲਸਾ ਰਾਜ ਦੇ ਝੰਡਿਆਂ ਦੇ ਮਾਮਲੇ ਵਿੱਚ ਕੌਂਮ ਦੇ ਅਕਸ਼ ਨੂੰ ਢਾਹ ਲਾਉਣ ਵਾਲੇ ਟੀਵੀ ਚੈਨਲਾਂ ਅਤੇ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਨਾ ਕਰਨ ਬਦਲੇ ਸਰੋਮਣੀ ਕਮੇਟੀ ਨੂੰ ਪਾਈ ਝਾੜ ਉਹਨਾਂ ਤੇ ਭਾਰੀ ਪੈ ਗਈ ਹੈ। ਬਿਨਾ ਸ਼ੱਕ ਸਰੋਮਣੀ ਅਕਾਲੀ ਦਲ ਤੇ ਉਹ ਲੋਕ ਕਾਬਜ ਹਨ,ਜਿਹੜੇ ਪਹਿਲਾਂ ਹੀ ਨਿੱਜੀ ਹਿਤਾਂ ਖਾਤਰ ਕੌਂਮ ਦਾ ਐਨਾ ਵੱਡਾ ਨੁਕਸਾਨ ਕਰ ਚੁੱਕੇ ਹਨ,ਜਿਸ ਦੀ ਭਰਪਾਈ ਸੰਭਵ ਹੀ ਨਹੀ ਹੈ। ਸੋ ਜਥੇਦਾਰ ਨੂੰ ਬਦਲਣ ਦਾ ਫੈਸਲਾ ਅਤੇ ਢੰਗ ਦੋਨੋ ਹੀ ਅਤਿ ਨਿੰਦਣਯੋਗ ਹਨ,ਭਵਿੱਖ ਵਿੱਚ ਅਜਿਹੀਆਂ ਕੌਂਮ ਵਿਰੋਧੀ ਮਨਮਾਨੀਆਂ ਨੂੰ ਰੋਕਣ ਲਈ ਜਥੇਦਾਰ ਦੀ ਨਿਯੁਕਤੀ ਦਾ ਸਰਬ ਪਰਮਾਣਿਤ ਵਿਧੀ ਵਿਧਾਨ ਸਰਬਤ ਖਾਲਸੇ ਰਾਹੀ ਹੀ ਸੰਭਵ ਹੋ ਸਕਦਾ ਹੈ,ਇਸ ਲਈ ਸਰਬਤ ਖਾਲਸਾ ਵਰਗੀ ਮਹਾਂਨ ਪਰੰਪਰਾ ਨੂੰ ਪੁਨਰ ਸੁਰਜੀਤ ਕਰਨ ਲਈ ਪਹਿਲਾਂ ਕੌਂਮ ਨੂੰ ਗੁਰੂ ਆਸ਼ੇ ਅਨੁਸਾਰ ਸਫਾਂ ਵਿਛਾ ਕੇ ਬੈਠਣ ਦੀ ਜਰੂਰਤ ਹੈ।

ਬਘੇਲ ਸਿੰਘ ਧਾਲੀਵਾਲ
99142-58142

ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ‘ਤੇ ਭਾਰਤੀ ਫੌਜਾਂ ਦਾ ਹਮਲਾ,ਜਿਸਨੇ ਮੁਗਲਾਂ ਦੇ ਜੁਲਮਾਂ ਨੂੰ ਬੌਨਾ ਕੀਤਾ

ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਕੀਤਾ ਗਿਆ ਫੌਜੀ ਹਮਲਾ ਸਿੱਖਾਂ ਤੇ ਹੋਏ ਪਹਿਲੇ ਦੋ ਵੱਡੇ ਹਮਲਿਆਂ ਤੋ ਵੀ ਵੱਡਾ ਹਮਲਾ ਹੈ,ਜਿੰਨਾਂ ਨੂੰ ਸਿੱਖ ਇਤਿਹਾਸ ਵਿੱਚ ਵੱਡੇ ਛੋਟੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ ਹੈ।ਤੀਜੇ ਘੱਲੂਘਾਰੇ ਵਿੱਚ ਜੋ ਸਿੱਖ ਮਹਿਲਾਵਾਂ ਦਾ ਜਿਣਸੀ ਸ਼ੋਸ਼ਣ ਕੀਤਾ ਗਿਆ,ਉਸ ਨੇ ਜਿੱਥੇ ਭਾਰਤ ਦੇ ਅਖੌਤੀ ਲੋਕਤੰਤਰ ਦਾ ਪਰਦਾਫਾਸ ਕੀਤਾ ਹੈ,ਓਥੇ ਭਾਰਤੀ ਫੌਜ ਦੇ ਇਸ ਘਿਨਾਉਣੇ ਜੁਲਮਾਂ ਨੇ ਮੁਗਲਾਂ ਦੇ ਜੁਲਮਾਂ ਨੂੰ ਬਹੁਤ ਛੋਟਾ ਕਰ ਦਿੱਤਾ ਹੈ।ਪਹਿਲਾ ਘੱਲੂਘਾਰਾ ਸਿੱਖਾਂ ਅਤੇ ਮੁਗਲਾਂ ਦਰਮਿਆਨ ਮਈ 1746 ਈ: ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ‘ਚ ਵਾਪਰਿਆ।ਜਿੱਥੇ ਦਿਵਾਨ ਲਖਪਤ ਰਾਏ ਨੇ ਅਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਲਹੌਰ ਦੇ ਸ਼ਾਹੀ ਲਗਵਰਨਰ ਯਾਹੀਆ ਖਾਨ ਤੋ ਵੱਡੀ ਸ਼ਾਹੀ ਫੌਜ ਇਕੱਤਰ ਕੀਤੀ ਸੀ। ਇਸ ਗਹਿਗੱਚ ਲੜਾਈ ਦੌਰਾਨ 11,000 ਤੋਂ ਵੱਧ ਸਿੰਘ-ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ 2000 ਦੇ ਕਰੀਬ ਸਿੰਘ ਜੰਗਲ ਵਿੱਚ ਲੱਗੀ ਅੱਗ ਤੇ ਬਿਆਸ ਦਰਿਆ ਨੂੰ ਪਾਰ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। ਸੈਂਕੜੇ ਸਿੰਘਾਂ ਨੂੰ ਲਖਪਤ ਰਾਏ ਬੰਦੀ ਬਣਾ ਕੇ ਲਹੌਰ ਲੈ ਗਿਆ, ਜਿਥੇ ਉਨ੍ਹਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਸਿੱਖ ਇਤਿਹਾਸ ਵਿੱਚ ਇਹ ਸਾਕਾ ਛੋਟੇ ਘੱਲੂਘਾਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵੱਡਾ ਘੱਲੂਘਾਰਾ ਫਰਵਰੀ, 1762 ਈ: ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ। ਇਸ ਘਲੂਘਾਰੇ ਵਿਚ ਸਿੱਖਾਂ ਦੀ ਫੌਜ 50,000 ਤੇ ਅਬਦਾਲੀ ਦੀ 2 ਲੱਖ ਤੋ ਵੱਧ ਸੀ। ਸਿੱਖਾਂ ਦੇ 16-18 ਹਜ਼ਾਰ ਬਾਲ ਬੱਚੇ ਤੇ ਔਰਤਾਂ ਤੇ 10-12 ਹਜ਼ਾਰ ਸਿੱਖ ਫੌਜ ਸਮੇਤ ਕੁੱਲ ਕਰੀਬ 30-35 ਹਜ਼ਾਰ ਸਿੱਖ ਸ਼ਹੀਦ ਹੋਏ ਸਨ।ਪ੍ਰੰਤੂ ਵੀਹਵੀਂ ਸਦੀ ਵਿੱਚ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਨੇ ਇਤਿਹਾਸ ਦੇ ਵਰਕਿਆਂ ਵਿੱਚ ਦਰਜ ਮੁਗਲਾਂ ਦੇ ਜੁਲਮਾਂ ਨੂੰ ਬੌਨਾ ਕਰ ਦਿੱਤਾ ਹੈ। ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਚ ਹੋਏ ਇਸ ਹਮਲੇ ਦੌਰਾਨ ਭਾਰਤੀ ਫੌਜ ਵੱਲੋਂ ਸਿੱਖ ਸ਼ਰਧਾਲੂ ਬੱਚੇ,ਬੱਚੀਆਂ,ਬੁੱਢੇ,  ਬੁੱਢੀਆਂ,ਨੌਜੁਆਨ,ਮੁੰਡੇ  ਕੁੜੀਆਂ ਮਹਿਲਾਵਾਂ ਸਮੇਤ ਵੱਡੀ ਗਿਣਤੀ ਵਿੱਚ ਬੇਰਹਿਮੀ ਨਾਲ ਸਰੀਰਕ,ਮਾਨਸਿਕ ਅਤੇ ਜਿਣਸੀ ਕਸਟ ਦੇਣ ਤੋ ਬਾਅਦ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ, ਅਤੇ ਬਾਕੀਆਂ ਨੂੰ ਗਿਰਫਤਾਰ ਕਰਕੇ ਅੰਨਾ ਜੁਲਮ ਕਰਨ ਤੋਂ ਬਾਅਦ ਜੇਲਾਂ ਵਿੱਚ  ਸੁੱਟ ਦਿੱਤਾ ਗਿਆ ਸੀ।ਜੂਨ 84 ਦੇ ਇਸ ਹਮਲੇ ਦਾ ਅਤੇ ਮੁਗਲਾਂ ਦੇ ਹਮਲਿਆਂ ਵਿੱਚ ਇਹ ਅੰਤਰ ਸੀ ਕਿ ਉਸ ਮੌਕੇ ਹੋਏ ਜੁਲਮਾਂ ਵਿੱਚ ਸਿੱਖ ਬੀਬੀਆਂ ਕਦੇ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਨਹੀ ਸਨ ਹੋਈਆਂ,ਪਰ ਜੂਨ 1984  ਦੇ ਹਮਲੇ ਦੌਰਾਨ ਮਹਿਲਾਵਾਂ ਨੂੰ ਜਾਣਬੁੱਝ ਕੇ ਨਿਸਾਨਾ ਬਣਾਇਆ ਗਿਆ।ਸਿੱਖ ਜੂਨ ਦੇ ਇਸ ਹਫਤੇ ਨੂੰ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੇ ਹਨ। 1 ਜੂਨ 1984 ਦਾ ਪਹਿਲਾ ਦਿਨ ਪੰਜਾਬ ਲਈ ਤੇ ਖਾਸ ਕਰਕੇ ਸਿੱਖਾਂ ਲਈ ਉਹ ਮਨਹੂਸ ਦਿਨ ਸੀ, ਜਿਸ ਦਿਨ ਭਾਰਤੀ ਫੌਜਾਂ ਨੇ ਆਪਣੇ ਹੀ ਮੁਲਕ ਦੇ ਇੱਕ ਅਜਿਹੇ ਫਿਰਕੇ ਨੂੰ ਸਬਕ ਸਿਖਾਉਣ ਲਈ ਚੜ੍ਹਾਈ ਕੀਤੀ ਸੀ, ਜਿਸ ਨੇ ਭਾਰਤ ਦੇ ਗਲੋਂ ਵਿਦੇਸ਼ੀ ਗੁਲਾਮੀ ਦਾ ਜੂਲਾ ਲਾਹੁਣ ਲਈ ਮਹੱਤਵਪੂਰਨ ਯੋਗਦਾਨ ਹੀ ਨਹੀਂ ਪਾਇਆ ਬਲਕਿ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਨੂੰ ਅੰਗੇਰਜ ਸਾਮਰਾਜ ਦੀ ਦੋ ਸਦੀਆਂ ਪੁਰਾਣੀ ਗੁਲਾਮੀ ਤੋਂ ਮੁਕੰਮਲ ਅਜਾਦੀ ਦਿਵਾਈ ਸੀ। ਜੂਨ 1984 ਦਾ ਸ੍ਰੀ ਹਰਮੰਦਿਰ ਸਾਹਿਬ ਤੇ ਫੌਜੀ ਹਮਾਲ ਭਾਰਤ ਦੇ ਹਿੰਦੂ ਕੱਟੜਵਾਦ ਵੱਲੋਂ ਘੱਟ ਗਿਣਤੀਆਂ ਨੂੰ ਖਤਮ ਕਰਨ ਲਈ ਕੀਤੇ ਜਵਰ ਜੁਲਮ ਦਾ ਸਿਖਰ ਕਿਹਾ ਜਾ ਸਕਦਾ ਹੈ। ਇਸ ਹਮਲੇ ਦੌਰਾਨ ਫੋਜ ਦੀ ਹਾਈਕਮਾਂਡ ਵੱਲੋਂ ਫੌਜੀਆਂ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਜੁੜੀਆਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਸਬਕ ਸਿਖਾਉਣ ਲਈ ਜੋ ਹਦਾਇਤਾਂ ਦਿੱਤੀਆਂ ਗਈਆਂ, ਉਹ ਬਹੁਤ ਹੀ ਦਿਲ ਕੰਬਾਊ ਸਨ। ਫੌਜ ਦੀ ਹਾਈਕਮਾਂਡ ਵੱਲੋਂ ਭਾਰਤੀ ਫੌਜ ਦੇ ਜਵਾਨਾਂ ਨੂੰ ਦਰਵਾਰ ਸਾਹਿਬ ਕੰਪਲੈਕਸ ਵਿੱਚ ਘਿਰ ਚੁੱਕੀਆਂ ਸਿੱਖ ਬੀਬੀਆਂ ਨਾਲ ਬਲਾਤਕਾਰ ਤੱਕ ਕਰਨ ਦੀ ਖੁੱਲ ਦਿੱਤੀ ਗਈ ਤੇ ਫੌਜੀ ਹਮਲੇ ਦੀ ਕਮਾਂਡ ਸਾਂਭ ਰਹੇ ਜਰਨੈਲਾਂ ਨੂੰ ਇਹ ਗੱਲ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਜੇਕਰ ਕੋਈ ਫੌਜੀ ਜਵਾਨ ਸਿੱਖ ਔਰਤ ਨਾਲ ਬਲਾਤਕਾਰ ਕਰਦਾ ਹੈ ਤਾਂ ਉਸ ਨੂੰ ਕੋਈ ਵੀ ਸਜਾ ਨਾ ਦਿੱਤੀ ਜਾਵੇ ਭਾਵ ਕਿਸੇ ਵੀ ਜੁਰਮ ਬਦਲੇ ਕਿਸੇ ਵੀ ਫੋਜੀ ਜਵਾਨ ਦਾ ਕੋਰਟ ਮਾਰਸ਼ਲ ਨਾ ਕੀਤਾ ਜਾਵੇ। ਭਾਰਤੀ ਫੌਜ ਦੇ ਇਹ ਰਾਜ ਦਰਵਾਰ ਸਾਹਿਬ ਤੇ ਫੌਜੀ ਹਮਲੇ ਦੇ ਕਮਾਂਡਰ ਰਹੇ ਜਰਨੈਲ ਕੁਲਦੀਪ ਬਰਾੜ ਨੇ ਆਪਣੀ ਕਿਤਾਬ ਵਿੱਚ ਉਜਾਗਰ ਕੀਤੇ ਹਨ। ਫੌਜੀ ਜਰਨੈਲ ਅਨੁਸਾਰ ਸ੍ਰੀ ਹਰਮੰਦਰ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਵਿੱਚ ਭਾਰਤੀ ਫੌਜ ਨੂੰ ਚੀਨ ਅਤੇ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਤੋਂ ਵੱਧ ਸ਼ਕਤੀ ਦਾ ਇਸਤੇਮਾਲ ਕਰਨਾ  ਪਿਆ। ਉਪਰੋਕਤ  ਤੱਥਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਸੋਚ ਆਪਣਿਆਂ ਵਾਲੀ ਨਹੀਂ ਬਲਕਿ ਦੁਸ਼ਮਣਾਂ ਵਾਲੀ ਰਹੀ।ਇਹੋ ਗੱਲ ਮਿਉਂਦੇ ਜੀਅ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਰਹੇ ਹਨ ਕਿ ਸਾਡੀ ਅਲੱਗ ਹੋਣ ਦੀ ਕੋਈ ਮੰਗ ਨਹੀ, ਪਰ ਰਹਿਣਾ ਅਸੀ ਇੱਕ ਨੰਬਰ ਦੇ ਸਹਿਰੀ ਬਣ ਕੇ ਹੈ,ਦੂਜੇ ਦਰਜੇ ਦੇ ਸਹਿਰੀ ਬਣ ਕੇ ਰਹਿਣਾ ਮਨਜੂਰ ਨਹੀ। ਇਹ ਸਮਝ ਵੀ ਪੈਂਦੀ ਹੈ ਕਿ ਭਾਰਤ ਸਰਕਾਰ ਵੱਲੋਂ ਇਹ ਫੌਜੀ ਹਮਲਾ ਮਹਿਜ ਦੇਸ਼ ਦੇ ਅਮਨ ਕਾਨੂੰਨ ਨੂੰ ਬਣਾਈ ਰੱਖਣ ਲਈ ਨਹੀ ਬਲਕਿ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਦੁਸ਼ਮਣ ਸਮਝਕੇ ਦੂਸਰੇ ਮੁਲਕ ਤੇ ਕੀਤੇ ਜਾਣ ਵਾਲੇ ਹਮਲੇ ਦੀ ਤਰਜ ਤੇ ਬਕਾਇਦਾ ਓਪਰੇਸ਼ਨ ਬਲਿਊ ਸਟਾਰ ਦਾ ਨਾਮ ਦੇ ਕੇ ਕੀਤਾ ਗਿਆ ਸੀ। ਸਿੱਖ ਕੌਮ ਦੀ ਆਣ ਸ਼ਾਨ ਦੇ ਪ੍ਰਤੀਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੇਂਦਰ ਦੀ ਇਸ ਬਦਨੀਤੀ ਤੋਂ ਚੰਗੀ ਤਰਾਂ ਵਾਕਫ ਸਨ ਇਸੇ ਲਈ ਉਨਾਂ ਨੂੰ  ਭਾਰਤ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਫੌਜੀ ਹਮਲੇ ਦੇ  ਪ੍ਰਤੀਕਰਮ ਵਜੋਂ ਇਹ ਐਲਾਨ ਕੀਤੀ ਗਿਆ ਸੀ ਕਿ ਜੇਕਰ ਭਾਰਤ ਸਰਕਾਰ ਸ੍ਰੀ ਹਰਮੰਦਰ ਸਾਹਿਬ ਤੇ ਫੌਜੀ ਹਮਲਾ ਕਰਦੀ ਹੈ ਤਾਂ ਉਸ ਦਿਨ ਖਾਲਿਸਤਾਨ ਦੀ ਨੀਂਹ ਟਿੱਕ ਜਾਵੇਗੀ। ਇਹ ਕਿਹਾ ਜਾਣਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਇਹ ਆਸ ਨਹੀਂ ਸੀ ਕਿ ਕੇਦਰ ਸਰਕਾਰ ਐਨਾ ਵੱਡਾ ਹਮਲਾ ਦਰਬਾਰ ਸਾਹਿਬ ਤੇ ਕਰ ਸਕਦੀ ਹੈ, ਉਸ ਦੂਰਅੰਦੇਸ਼ ਸੰਤ  ਸਿਪਾਹੀ ਦੀ  ਤੌਹੀਨ ਕਰਨ ਦੇ ਸਮਾਨ ਹੈ।, ਜਿਹੜਾ ਚਲਾਕ ਦੁਸ਼ਮਣ ਦੇ ਅੰਦਰਲੀ ਹਰੇਕ ਮੰਦ ਭਾਵਨਾ ਨੂੰ ਚੰਗੀ ਤਰਾਂ ਸਮਝਦਾ ਤੇ ਜਾਣਦਾ ਸੀ। ਜਰਨਲ ਸੁਬੇਗ ਸਿੰਘ ਵੱਲੋਂ ਦਰਬਾਰ ਸਾਹਿਬ ਵਿੱਚ ਕੀਤੀ ਮੋਰਚਾਬੰਦੀ ਅਤੇ ਸੰਤਾਂ ਵੱਲੋਂ ਫੌਜੀ ਹਮਲੇ ਦੇ ਡਟਵੇਂ ਮੁਕਾਬਲੇ ਲਈ ਪਹਿਲਾਂ ਹੀ ਕੀਤਾ ਗਿਆ ਅਸਲਾ ਅਤੇ ਗੋਲੀ ਸਿੱਕੇ ਦਾ ਪ੍ਰਬੰਧ ਕਿਸੇ ਵੀ ਅਜਿਹੀ ਦੰਦਕਥਾ ਦੀ ਗੁੰਜਾਇਸ਼ ਨਹੀਂ ਛੱਡਦਾ ਜਿਸ ਤੋ ਇਹ ਅੰਦਾਜਾ ਲਾਇਆ ਜਾ ਸਕੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਮਲੇ ਤੋਂ ਅਣਜਾਣ ਸਨ। ਅਜਿਹਾ ਕਹਿ ਕੇ ਉਨਾਂ ਦੀ ਸਿੱਖ ਇਤਿਹਾਸ ਵਿੱਚ ਦਰਜ ਵੱਡੀ ਸੂਰਮਗਤੀ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਚਾਈ ਤਾਂ ਇਹ ਹੈ ਕਿ ਕੇਂਦਰ ਦੀ ਬਦਨੀਤੀ ਤੇ  ਬੇਗਾਨੇਪਣ ਵਾਲੀ ਮੰਦ ਭਾਵਨਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੀ ਸਿੱਖ ਕੌਮ ਨੂੰ ਸੁਚੇਤ ਕਰ ਰਹੇ ਸਨ। ਜਿਸ ਤੋਂ ਕੇਂਦਰ ਸਰਕਾਰ ਅਤੇ ਸਿੱਖ ਵਿਰੋਧੀ ਸ਼ਕਤੀਆਂ ਖੌਫਜਦਾ ਸਨ, ਕਿਉਕਿ ਕੇਂਦਰ ਵੱਲੋਂ ਸੰਤ ਜਰਨੈਲ  ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਪੰਜਾਬ ਦੇ ਰਾਜ ਭਾਗ ਸਮੇਤ ਹਰ ਤਰਾਂ ਦੇ ਲਾਲਚ ਦੇਣ ਦੇ ਬਾਵਜੂਦ ਵੀ ਨਿਸ਼ਾਨੇ ਤੋਂ ਭਟਕਾਇਆ ਨਹੀਂ ਸੀ ਜਾ ਸਕਿਆ।

ਬਘੇਲ ਸਿੰਘ ਧਾਲੀਵਾਲ

ਅਖੀਰ ਕੇਂਦਰ ਨੇ ਇਸ ਫੌਜੀ ਹਮਲੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦਾ ਮਨ ਬਣਾ ਲਿਆ, ਇੱਕ ਤਾਂ ਸਿੱਖ ਮੰਗਾਂ ਮਨਵਾਉਣ ਲਈ ਕੇਂਦਰ ਨਾਲ ਟੱਕਰ ਲੈ ਕੇ ਪੂਰੀ ਦੂਨੀਆਂ ਦਾ ਧਿਆਨ ਖਿੱਚਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਖਤਮ ਕਰਨਾ ਅਤੇ  ਦੂਜਾ ਫੌਜੀ ਹਮਲੇ ਅਤੇ ਪੁਲਿਸ ਸਮੇਤ ਨੀਮ ਫੋਰਸਾਂ ਦੀ ਮੱਦਦ ਨਾਲ ਕੇਂਦਰ ਲਈ ਖਤਰੇ ਪੈਦਾ ਕਰਨ ਵਾਲੀ ਨੌਜਵਾਨ ਸਿੱਖ ਪੀਹੜੀ ਦਾ ਖਾਤਮਾ ਕਰਕੇ ਅਜਿਹੀ ਦਹਿਸ਼ਤ ਪੈਦਾ ਕਰਨੀ ਤਾਂ ਕਿ ਭਵਿੱਖ ਵਿੱਚ ਸਰਕਾਰ ਨਾਲ ਟੱਕਰ ਲੈਣ ਤੋਂ ਪਹਿਲਾਂ ਸਿੱਖ ਸੌ ਵਾਰ ਸੋਚਣ। ਇਹ ਵੀ ਕੌੜਾ ਸੱਚ ਕਿਸੇ ਤੋਂ ਲੁਕਿਆ ਨਹੀਂ ਰਿਹਾ ਕਿ ਦਰਵਾਰ ਸਾਹਿਬ ਤੇ ਕੀਤੇ ਗਏ ਫੌਜੀ ਹਮੇਲ ਲਈ ਸਿੱਖ ਵਿਰੋਧੀ ਭਾਜਪਾ,ਕੌਮਨਿਸਟਾਂ ਸਮੇਤ ਰਵਾਇਤੀ ਅਕਾਲੀ ਲੀਡਰਸ਼ਿੱਪ ਪੂਰੀ ਤਰਾਂ ਕੇਂਦਰ ਦੇ ਨਾਲ ਸੀ, ਜਿਸ ਨਾਲ ਕੇਂਦਰ ਨੂੰ ਸਿੱਖ ਨਸਲਕੁਸ਼ੀ ਕਰਨ ਲਈ ਹੌਂਸਲਾ ਮਿਲਿਆ ਤੇ ਉਨਾਂ ਨੇ ਬੇ-ਫਿਕਰ ਤੇ ਬੇ-ਕਿਰਕ ਹੋ ਕੇ ਸਿੱਖ ਕੌਮ ਦਾ ਰੱਜ ਕੇ ਘਾਣ ਕੀਤਾ। ਰਹਿੰਦੀ ਦੁਨੀਆਂ ਤੱਕ ਹਰ ਸਾਲ ਜੂਨ ਮਹੀਨੇ ਦੇ ਪਹਿਲੇ ਹਫਤੇ ਸਿੱਖਾਂ ਦੇ ਹਿਰਦਿਆਂ ਵਿਚਲੇ ਜਖਮ ਤਾਜਾ ਹੁੰਦੇ ਰਹਿਣਗੇ। ਜੂਨ ਮਹੀਨੇ ਦਾ ਇਹ ਪਹਿਲਾ ਹਫਤਾ ਜਿੱਥੇ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਆਪਣੇ ਪੁਰਖਿਆਂ ਦੀਆਂ ਲਾਮਿਸ਼ਾਲ ਕੁਰਬਾਨੀਆਂ ਕਰਕੇ ਪ੍ਰੇ੍ਰਰਨਾ ਸਰੋਤ ਹੋਵੇਗਾ, ਉਥੇ ਸਿੱਖ ਕੌਂਮੀ ਜਜ਼ਬੇ ਨੂੰ ਖਤਮ ਕਰਨ ਲਈ ਕੇਂਦਰੀ ਤਾਕਤਾਂ ਦੇ ਮਦਦਗਾਰ ਬਣੇ ਅਕਾਲੀ ਆਗੂਆਂ ਦੇ ਦੋਗਲੇ ਕਿਰਦਾਰ ਨੂੰ ਨੰਗਾ ਕਰਦਾ ਰਹੇਗਾ,ਜਿਸ ਨਾਲ ਉਹਨਾਂ ਦੀਆਂ ਨਸਲਾਂ ਸ਼ਰਮਸਾਰ ਹੁੰਦੀਆਂ ਰਹਿਣਗੀਆਂ।

ਬਘੇਲ ਸਿੰਘ ਧਾਲੀਵਾਲ
99142-58142

ਜੂਨ 1984 ਦਾ ਤੀਜਾ ਘੱਲੂਘਾਰਾ

ਜੂਨ 84 ਤੋ ਪਹਿਲਾਂ ਸਿੱਖਾਂ ਖਿਲਾਫ ਸਿਰਜੇ ਗਏ ਵਿਰਤਾਂਤ

ਜੂਨ ਦੇ ਪਹਿਲੇ ਹਫਤੇ ਨੂੰ ਸਿੱਖ ਕੌਂਮ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੀ ਹੈ।ਹਰ ਸਾਲ ਹੀ ਜੂਨ ਦੇ ਪਹਿਲੇ ਹਫਤੇ 1984 ਦਾ ਉਹ ਮੰਜਰ ਸਿੱਖ ਚੇਤਿਆਂ ਵਿੱਚ ਰਿਸਦੇ ਨਸੂਰ ਦੀ ਤਰਾਂ ਤਾਜਾ ਹੋ ਜਾਂਦਾ ਹੈ,ਜਦੋ ਭਾਰਤੀ ਫੌਜਾਂ ਵੱਲੋਂ ਪਵਿੱਤਰ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਸਮੇਤ ਕੋਈ ਤਿੰਨ ਦਰਜਨ ਤੋ ਵੱਧ ਗੁਰਦੁਆਰਾ ਸਹਿਬਾਨਾਂ ਤੇ ਇੱਕੋ ਸਮੇ ਹਮਲਾ ਕਰਕੇ ਜਿੱਥੇ ਹਜਾਰਾਂ ਨਿਰਦੋਸ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਬਹੁਤ ਸਾਰੇ ਸ਼ਰਧਾਲੂਆਂ ਨੂੰ ਬੰਦੀ ਬਣਾ ਕੇ ਫੌਜੀ ਕੈਂਪਾਂ ਵਿੱਚ ਕੈਦ ਕਰ ਲਿਆ, ਓਥੇ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਧਹਿ ਢੇਰੀ ਕਰ ਦਿੱਤਾ ਗਿਆ ਅਤੇ ਸਿੱਖ ਮਰਿਯਾਦਾ ਨੂੰ ਵੀ ਬੁਰੀ ਤਰਾਂ ਤਹਿਸ ਨਹਿਸ ਕੀਤਾ ਗਿਆ। ਸਿੱਖ ਮਨਾਂ ਚ ਤੀਜੇ ਘੱਲੂਘਾਰੇ ਵਜੋਂ ਡੂੰਘੇ ਉੱਤਰੇ ਅਤੇ ਨਾ ਭਰਨਯੋਗ ਜਖਮ ਦੇਣ ਵਾਲੇ ਜੂਨ ਮਹੀਨੇ ਦੇ ਪਹਿਲੇ ਹਫਤੇ ਨੂੰ ਚੇਤੇ ਕਰਨ ਤੋ ਪਹਿਲਾਂ ਇਸ ਦੇ ਸੰਖੇਪ ਇਤਿਹਾਸ ਤੇ ਜਰੂਰ ਨਜਰਸਾਨੀ ਕਰਨੀ ਬਣਦੀ ਹੈ। ਸਿੱਖਾਂ ਦੀ ਕੇਂਦਰ ਨਾਲ ਲੜਾਈ ਦਾ ਮੁੱਢ ਤਾਂ ਭਾਂਵੇ ਅਜਾਦੀ ਤੋ ਬਾਅਦ ਉਸ ਸਮੇ ਹੀ ਬੱਝ ਗਿਆ ਸੀ,ਜਦੋ ਗਾਂਧੀ,ਨਹਿਰੂ ਅਤੇ ਪਟੇਲ ਦੀ ਤਿੱਕੜੀ ਸਿੱਖਾਂ ਦੀਆਂ 93 ਫੀਸਦੀ ਕੁਰਬਾਨੀਆਂ ਮਿੱਟੀ ਘੱਟੇ ਚ ਰੋਲ ਕੇ ਉਹਨਾਂ ਨੂੰ ਅਜਾਦੀ  ਦਾ ਨਿੱਘ ਮਾਨਣ ਲਈ ਅਜਾਦ ਖਿੱਤਾ  ਦੇਣ ਦੇ ਵਾਅਦੇ ਤੋ ਅਸਲੋਂ ਹੀ ਮੁਨਕਰ ਹੋ ਗਈ। ਏਥੇ ਹੀ ਬੱਸ ਨਹੀ,ਸਗੋਂ ਪੰਜਾਬ ਅੰਦਰ ਡੇਰਾਵਾਦ ਦਾ ਪਾਸਾਰ ਵੀ ਸਿੱਖੀ ਦੀਆਂ ਜੜਾਂ ਖੋਖਲੀਆਂ ਕਰਨ ਦੀ ਨੀਅਤ ਨਾਲ ਕੀਤਾ ਗਿਆ।ਨਿਰੰਕਾਰੀਆਂ ਦੇ ਸਿੱਖੀ ਤੇ ਵਾਰ ਵਾਰ ਹਮਲੇ ਵੀ ਕੇਂਦਰ ਦੀ ਕਾਂਗਰਸ ਜਮਾਤ ਅਤੇ ਜਨਸੰਘ ਦੀ ਮਿਲੀਭੁਗਤ ਦਾ ਨਤੀਜਾ ਸਨ।ਇਹਨਾਂ ਹਮਲਿਆਂ ਦੀ ਸਿਖਰ 13 ਅਪ੍ਰੈਲ 1978 ਦੀ ਵਿਸਾਖੀ ਮੌਕੇ ਦੇਖੀ ਗਈ,ਜਦੋਂ ਤਤਕਾਲੀ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਸ੍ਰੀ ਅਮ੍ਰਿਤਸਰ ਵਿੱਚ ਮਾਨਵ ਏਕਤਾ ਦੇ ਨਾਮ ਹੇਠ ਨਿਰੰਕਾਰੀ ਸਮਾਗਮ ਕਰਨ ਲਈ ਪਹੁੰਚ ਗਿਆ।ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਨਿਰੰਕਾਰੀਆਂ ਦੇ ਇਸ ਕੁਫਰ ਦੇ ਸਮਾਗਮ ਨੂੰ ਰੋਕਣ ਲਈ ਅਖੰਡ ਕੀਰਤਨੀ ਜਥੇ ਦੇ ਭਾਈ ਫੌਜਾ ਸਿੰਘ ਦੀ ਅਗਵਾਈ ਵਿੱਚ ਪੰਜ ਪੰਜ ਸਿੰਘਾਂ ਦੇ ਪੰਜ ਜਥੇ ਭੇਜੇ ਗਏ,ਪ੍ਰੰਤੂ ਨਿਰੰਕਾਰੀ ਮੁਖੀ ਵੱਲੋਂ ਬਣਾਏ ਗਏ ਹਥਿਆਰਬੰਦ ਸੰਗਠਨ ‘ਨਿਰੰਕਾਰੀ ਸੇਵਾ ਦਲ’ਦੇ ਕਾਰਕੁਨਾਂ ਅਤੇ ਪੁਲਿਸ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ 13 ਸਿੰਘ ਸ਼ਹੀਦ ਹੋ ਗਏ ਤੇ ਬਾਕੀ ਸਿੰਘ ਗੰਭੀਰ ਜਖਮੀ ਹੋ ਗਏ ਸਨ।ਇਹ 13 ਸਿੰਘ ਇਸ ਦੌਰ ਦੇ ਪਹਿਲੇ ਸਿੱਖ ਸ਼ਹੀਦ ਮੰਨੇ ਜਾਂਦੇ ਹਨ,ਜਿਸਤੋਂ ਬਾਅਦ ਹਕੂਮਤ ਅਤੇ ਭਾਰਤੀ ਮੀਡੀਏ ਦੀ ਬਦੌਲਤ ਸਿੱਖਾਂ ਨੂੰ ਮੱਲੋ ਮੱਲੀ ਟਕਰਾਅ ਵਾਲੇ ਰਾਹ ਤੋਰਨ ਦੇ ਲਗਾਤਾਰ ਵਿਰਤਾਂਤ ਸਿਰਜੇ ਜਾਣ ਲੱਗੇ। ਹਿੰਦੂ ਸਿੱਖਾਂ ਵਿੱਚ ਪਾੜਾ ਵਧਾਉਣ ਲਈ ਜਲੰਧਰ ਦੀ ਪ੍ਰੈਸ ਮੁੱਖ ਤੌਰ ਤੇ ਜਿੰਮੇਵਾਰ ਮੰਨੀ ਜਾਂਦੀ ਹੈ।ਇਹ ਭਾਂਵੇਂ ਸਿੱਖਾਂ ਦਾ ਧਾਰਮਿਕ ਮਸਲਾ ਸੀ,ਪਰ ਜਲੰਧਰ ਦੀ ਪ੍ਰੈਸ ਨੇ ਇਸ ਨੂੰ ਹਿੰਦੂ ਸਿੱਖਾਂ ਦਾ ਮਸਲਾ ਬਣਾ ਕੇ ਪੇਸ ਕੀਤਾ।1981 ਵਿੱਚ ਕੀਤਾ ਗਿਆ ਲਾਲਾ ਜਗਤ ਨਰਾਇਣ ਦਾ ਕਤਲ ਵੀ ਇਸੇ ਸਦੰਰਭ ਵਿੱਚ ਦੇਖਿਆ ਜਾਂਦਾ ਹੈ।ਇਹ ਸਿਲਸਿਲਾ ਅੱਗੇ ਵੱਧਦਾ ਗਿਆ।ਇਸ ਦੌਰਾਨ ਹੀ ਸਿੱਖ ਸਟੂਡੈਂਟਸ ਫੈਡਰੇਸਨ ਦੇ ਪ੍ਰਧਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਭ ਤੋ ਕਰੀਬੀ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਹਰਾ ਸਿੰਘ ਦੀ ਹੋਈ ਗਿਰਫਤਾਰੀ ਦੇ ਵਿਰੋਧ ਵਿੱਚ ਅਤੇ ਉਹਨਾ ਦੀ ਬਿਨਾ ਸ਼ਰਤ ਰਿਹਾਈ ਲਈ 19 ਜੁਲਾਈ 1982  ਨੂੰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਮੋਰਚਾ ਅਰੰਭ ਦਿੱਤਾ।ਉਹਨਾਂ ਵੱਲੋਂ ਹਰ ਰੋਜ 51 ਸਿੱਖਾਂ ਦਾ ਜਥਾ  ਗਿਰਫਤਾਰੀ ਦੇਣ ਲਈ ਭੇਜਿਆ ਜਾਂਦਾ ਸੀ।ਬਾਅਦ ਵਿੱਚ ਇਸ ਮੋਰਚੇ ਨੂੰ ਸਰੋਮਣੀ ਅਕਾਲੀ ਦਲ ਨੇ ਅਪਣਾਅ ਲਿਆ।ਸ਼ਰੋਮਣੀ ਅਕਾਲੀ ਦਲ ਵੱਲੋ ਇਹ ਮੋਰਚਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ  ਅਗਵਾਈ ਵਿੱਚ ਲਾਇਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ ਕਰਕੇ ਧਰਮਯੁੱਧ ਮੋਰਚੇ ਦੇ ਨਾਮ ਹੇਠ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਅਰੰਭਿਆ ਗਿਆ ਇਹ ਧਰਮਯੁੱਧ ਮੋਰਚਾ ਕੇਂਦਰ ਸਰਕਾ੍ਰ ਤੋ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਲਈ ਲਾਇਆ ਗਿਆ ਸੀ।ਮੋਰਚੇ ਦੀ ਅਰੰਭਤਾ ਸਮੇ,ਜਿਸ ਦਿਨ ਅਰਦਾਸ ਕਰਕੇ ਸਰੋਮਣੀ ਅਕਾਲੀ ਦਲ ਵੱਲੋਂ ਮੋਰਚਾ ਸੁਰੂ ਗਿਆ ਸੀ,ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤਾਂ ਉਸ ਦਿਨ ਤੋ ਹੀ ਇਸ ਗੱਲ ਤੇ ਦ੍ਰਿੜ ਹੋ ਗਏ ਸਨ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਤੋਂ ਘੱਟ ਕੁੱਝ ਵੀ ਪਰਵਾਨ ਨਹੀ ਹੋਵੇਗਾ, ਪ੍ਰੰਤੂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਵੱਲੋਂ ਇਹਨਾਂ ਬਚਨਾਂ ਤੇ ਪਹਿਰਾ ਨਹੀ ਦਿੱਤਾ ਜਾ ਸਕਿਆ। ਉਸ ਮੌਕੇ ਉਹਨਾਂ ਵੱਲੋ ਵੀ ਇਹ ਗੱਲਾਂ ਬੜੀ ਸ਼ਿੱਦਤ ਨਾਲ ਕਹੀਆਂ ਤੇ ਪਰਚਾਰੀਆਂ ਜਾਂਦੀਆਂ ਰਹੀਆਂ ਸਨ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਤੋ ਘੱਟ ਕੁੱਝ ਵੀ ਪਰਵਾਨ ਨਹੀ ਹੋਵੇਗਾ। ਅਕਾਲੀ ਦਲ ਨੇ ਇਸ ਮੋਰਚੇ ਨੂੰ ‘ਜੰਗ ਹਿੰਦ ਪੰਜਾਬ’ ਦਾ ਨਾਂਅ ਦਿੱਤਾ ਸੀ ਅਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਬਾਰ-ਬਾਰ ਸਟੇਜ ਤੋਂ ਸਿੱਖ ਕੌਮ ਨੂੰ ਯਕੀਨ ਦੁਆਇਆ ਸੀ ਕਿ ਇਹ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ।ਉਹਨਾਂ ਇਹ ਵੀ ਬੜੀ ਦ੍ਰਿੜਤਾ ਨਾਲ ਕਿਹਾ ਸੀ ਕਿ ਸਰਕਾਰ ਨਾਲ ਸਮਝੌਤੇ ਲਈ ਗੱਲਬਾਤ ਦਿੱਲੀ ਨਹੀਂ ਅੰਮ੍ਰਿਤਸਰ ਵਿੱਚ ਹੋਵੇਗੀ ਅਤੇ ਸਭ ਤੋ ਵੱਡੀ ਗੱਲ ਕਿ ਸਮਝੌਤਾ ਸਿੱਖ ਕੌਮ ਦੀ ਪ੍ਰਵਾਨਗੀ ਤੋਂ ਬਿਨਾਂ ਪ੍ਰਵਾਨ ਨਹੀਂ ਕੀਤਾ ਜਾਵੇਗਾ। ਇਸ ਮੋਰਚੇ ਦੌਰਾਨ ਸਰੋਮਣੀ ਅਕਾਲੀ ਦਲ ਨੇ ਸਿੱਖਾਂ ਨੂੰ ਭਾਵਨਾਤਮਕ ਤੌਰ ਤੇ ਵੱਡੀ ਪੱਧਰ ਤੇ ਜਜਬਾਤੀ ਕਰ ਦਿੱਤਾ ਸੀ। 1983 ਦੀ ਵਿਸਾਖੀ ਦੇ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਮਰਜੀਵੜਿਆਂ ਤੋਂ ਪ੍ਰਣ ਪੱਤਰ ਭਰਾ ਕੇ ਪ੍ਰਣ ਵੀ ਕਰਵਾਏ ਗਏ ਸਨ। ਨਤੀਜੇ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪ੍ਰਣ ਪੱਤਰ ਭਰਨ ਵਾਲੇ ਮਰਜੀਵੜਿਆਂ ਦੀ ਗਿਣਤੀ ਲੱਖਾਂ ਵਿੱਚ ਪੁੱਜ ਗਈ। ਇਸ ਦੌਰਾਨ ਕੋਈ ਢਾਈ ਲੱਖ ਦੇ ਕਰੀਬ ਸਿੰਘਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ ਸਨ। ਸੈਕੜੇ ਸਿੰਘ ਜੇਲ੍ਹਾਂ ਦੇ ਘਟੀਆ ਪ੍ਰਬੰਧ ਕਾਰਨ ਤੇ ਪੁਲਿਸ ਤਸ਼ੱਦਦ ਕਾਰਨ ਸ਼ਹੀਦ ਹੋਏ ਸਨ । ਤਰਨਤਾਰਨ ਰੇਲਵੇ ਫਾਟਕ ‘ਤੇ ਬੱਸ ਨਾਲ ਰੇਲ ਦੀ ਹੋਈ ਟੱਕਰ ਵਿੱਚ 34 ਸਿੰਘ ਅਪਣੀਆਂ ਜਾਨਾਂ ਤੋ ਹੱਥ ਧੋ ਬੈਠੇ ਸਨ ਅਤੇ ਦਿੱਲੀ ਵਿਖੇ ਇਹਨਾਂ ਸਿੰਘਾਂ ਦੀਆਂ ਅਸਥੀਆਂ ਦੇ ਮਾਰਚ ਉਪਰ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਚਾਰ ਸਿੰਘ ਹੋਰ ਸ਼ਹੀਦ ਹੋ ਗਏ ਸਨ।ਅਜਿਹੀਆਂ ਦਰਦਨਾਕ ਮੌਤਾਂ ਅਤੇ ਸਰਕਾਰੀ ਜਬਰ ਦੇ ਕਿੱਸੇ ਸਿੱਖਾਂ ਦੇ ਹੌਸਲਿਆਂ ਨੂੰ ਹੋਰ ਬੁਲੰਦ ਅਤੇ ਰੋਹ ਨੂੰ ਹੋਰ ਪਰਚੰਡ ਕਰ ਰਹੇ ਸਨ। ਇਹ ਉਹ ਸਮਾ ਸੀ ਜਦੋ ਮੋਰਚਾ ਅਪਣੇ ਪੂਰੇ ਜੋਬਨ ਤੇ ਪਹੁੰਚ ਚੁੱਕਾ ਸੀ।ਕੋਈ ਵੀ ਧਿਰ ਮੋਰਚੇ ਤੋ ਬਾਹਰ ਨਹੀ ਸੀ ਰਹੀ।ਸੁਮੱਚੀਆਂ ਪੰਥਕ ਜਥੇਬੰਦੀਆਂ ਇਸ ਵਿੱਚ ਸ਼ਾਮਲ ਹੋ ਗਈਆਂ ਸਨ। ਦਿਸ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਕਸਰ ਹੀ ਅਪਣੀਆਂ ਤਕਰੀਰਾਂ ਵਿੱਚ ਕਿਹਾ ਕਰਦੇ ਸਨ ਕਿ ਇਸ ਵਾਰ ਜਾਂ ਤਾ ਮੋਰਚਾ ਫਤਿਹ ਹੋਵੇਗਾ ਜਾਂ ਫਿਰ ਸ਼ਹੀਦੀਆਂ ਹੋਣਗੀਆਂ,ਵਿੱਚ ਵਿਚਾਲੇ ਕੁੱਝ ਨਹੀ ਹੋ ਸਕੇਗਾ।ਪਿੰਡਾਂ,ਸਹਿਰਾਂ,ਕਸਬਿਆਂ ਤੋ ਸਿੱਖਾਂ ਦੇ ਵੱਡੇ-ਵੱਡੇ ਜਥੇ ਗ੍ਰਿਫ਼ਤਾਰੀਆਂ ਦੇਣ ਲਈ ਵਹੀਰਾਂ ਘੱਤ ਕੇ ਪਹੁੰਚ ਰਹੇ ਸਨ।ਧਰਮਯੁੱਧ ਮੋਰਚੇ ਦੀ ਧਾਂਕ ਪੂਰੇ ਭਾਰਤ ਵਿੱਚ ਹੀ ਨਹੀ,ਬਲਕਿ ਪੂਰੀ ਦੁਨੀਆਂ ਵਿੱਚ ਪੈ ਰਹੀ ਸੀ । ਦੂਜੇ ਪਾਸੇ ਮੀਡੀਏ ਦੀ ਭੂਮਿਕਾ ਧਰਮਯੁੱਧ ਮੋਰਚੇ ਦੌਰਾਨ ਸਿੱਖਾਂ ਪ੍ਰਤੀ ਹਾਂਅ ਪੱਖੀ ਨਹੀ ਬਲਕਿ ਭੇਦਭਾਵ ਵਾਲੀ ਹੀ ਰਹੀ ਹੈ। ਇੱਕ ਪਾਸੇ ਸਰਕਾਰ ਦੇ ਡੰਡਾਤੰਤਰ ਦੀ ਦਹਿਸਤ ਅਤੇ ਦੂਜੇ ਪਾਸੇ ਰਾਸ਼ਟਰਵਾਦ ਦਾ  ਭੂਤ ਅਮ੍ਰਿਤਸਰ ਦੇ ਬਹੁ ਗਿਣਤੀ ਪੱਤਰਕਾਰਾਂ ਨੂੰ ਸੱਚ ਲਿਖਣ ਤੋ ਸਖਤੀ ਨਾਲ ਵਰਜ ਰਿਹਾ ਸੀ। ਦੂਰ ਦੁਰਾਡੇ ਤੋ ਅਮ੍ਰਿਤਸਰ ਵਿੱਚ ਡੇਰੇ ਜਮਾ ਕੇ ਬੈਠਣ ਵਾਲੇ ਗੈਰ ਸਿੱਖ ਪੱਤਰਕਾਰਾਂ ਦੀ ਮਾਨਸਿਕਤਾ ਵਿੱਚ ਪਹਿਲਾਂ ਹੀ ਸਿੱਖਾਂ ਪ੍ਰਤੀ ਕੋਈ ਬਹੁਤੀ ਸਕਾਰਾਤਮਕ ਸੋਚ ਨਹੀ ਸੀ,ਜਿਸ ਕਰਕੇ ਉਹ ਸ੍ਰੀ ਦਰਬਾਰ ਸਾਹਿਬ ਤੋ ਚੱਲ ਰਹੀਆਂ ਗਤੀਵਿਧੀਆਂ ਨੂੰ ਅਲੱਗਵਾਦ ਦੇ ਨਜਰੀਏ ਤੋ ਹੀ ਦੇਖਦੇ,ਸੋਚਦੇ ਅਤੇ ਲਿਖਦੇ ਰਹੇ ਹਨ,ਮੀਡੀਏ ਦੀ ਸਰਕਾਰ ਪੱਖੀ ਅਤੇ ਰਾਸ਼ਟਰਵਾਦੀ ਸੋਚ ਕਾਰਨ ਪੂਰੇ ਭਾਰਤ ਵਿੱਚ ਸਿੱਖਾਂ ਪ੍ਰਤੀ ਦੇਸ ਦੇ ਲੋਕਾਂ ਦੀ ਸੋਚ ਸਕਾਰਾਤਮਕ ਨਹੀ ਰਹੀ ਸੀ।ਇਹ ਸਾਰਾ ਵਿਰਤਾਂਤ ਬਾਕਾਇਦਾ ਸਿਰਜਿਆ ਗਿਆ,ਜਿਸ ਲਈ ਭਾਰਤੀ ਖੂਫੀਆ ਏਜੰਸੀਆਂ ਪੂਰੀ ਤਰਾਂ  ਚੌਕਸ ਰਹਿ ਕੇ ਕੰਮ ਕਰਦੀਆਂ ਰਹੀਆਂ,ਏਜੰਸੀਆਂ ਲਈ ਸ੍ਰੀ ਦਰਬਾਰ ਸਾਹਿਬ ਦੀਆਂ ਖੁਫੀਆਂ ਰਿਪੋਰਟਾਂ ਲੈਣ ਲਈ ਬਹੁਤ ਸਾਰੇ ਪੱਤਰਕਾਰ ਉਹਨਾਂ ਲਈ ਭੁਗਤਾਨ ਵਰਕਰ ਦੇ ਤੌਰ ਤੇ ਕੰਮ ਕਰਦੇ ਸਨ,ਜਿਹੜੇ ਅਖਬਾਰਾਂ ਅਤੇ ਨਿਊਜ ਏਜੰਸੀਅਸ਼ ਲਈ ਰਿਪੋਰਟਿੰਗ ਕਰਨ ਦੀ ਘੱਟ ਅਤੇ ਖੁਫੀਆ ਏਜੰਸੀਆਂ ਲਈ ਜਿਆਦਾ ਜੁੰਮੇਵਾਰ ਵਜੋਂ ਕੰਮ ਕਰਦੇ ਸਨ। ਏਜੰਸੀਆਂ ਵੱਲੋਂ ਇਸ ਕੰਮ ਲਈ ਪੈਸਾ ਪਾਣੀ ਵਾਂਗੂੰ  ਵਹਾਇਆ ਗਿਆ। ਬਹੁਤ ਸਾਰੇ ਨਾਮਵਰ ਪੱਤਰਕਾਰਾਂ ਦੀ ਭੂਮਿਕਾ ਸ਼ੱਕ ਦੇ ਘੇਰੇ ਚ ਰਹੀ।ਬਹੁਤ ਸਾਰਿਆਂ ਨੇ ਸਰੋਮਣੀ ਅਕਾਲੀ ਦਲ ਅਤੇ ਸੰਤ ਹਰਚੰਦ ਸਿੰਘ ਨਾਲ ਨੇੜਤਾ ਬਣਾ ਲਈ ਅਤੇ ਕੁੱਝ ਗਿਣੇ ਚੁਣੇ ਪੱਤਰਕਾਰ ਸੰਤ ਭਿੰਡਰਾਂ ਵਾਲਿਆਂ ਦੇ ਖੇਮੇ ਚ ਰਹਿ ਗਏ। (ਇਹ ਕੌੜਾ ਸੱਚ ਸ੍ਰ ਜਸਪਾਲ ਸਿੰਘ ਸਿੱਧੂ ਨੇ ਅਪਣੀ ਪੁਸਤਕ ‘ਸੰਤ ਭਿਡਰਾਂ ਵਾਲੇ ਦੇ ਰੂ-ਬ-ਰੂ ਜੂਨ 84 ਦੀ ਪੱਤਰਕਾਰੀ’  ਵਿੱਚ ਬੜੀ ਬੇਬਾਕੀ ਨਾਲ ਦਰਜ ਕੀਤਾ ਹੈ)ਇਸ ਸਮੇ ਦੌਰਾਨ ਭਾਰਤੀ ਫੋਰਸਾਂ ਅਤੇ ਏਜੰਸੀਆਂ ਨੇ,ਜਿੰਨਾਂ ਵਿੱਚ ਆਈ ਬੀ ਅਤੇ ਰਾਅ ਸਮੇਤ ਅੱਧੀ ਦਰਜਨ ਏਜੰਸੀਆਂ ਨੇ ਪੰਜਾਬ ਤੇ ਤਿੱਖੀ ਨਜਰ ਰੱਖੀ ਅਤੇ ਹਾਲਾਤਾਂ ਨੂੰ ਭਾਪ ਲਿਆ। ਫੌਜੀ ਹਮਲਾ ਇੱਕ ਸੋਚੀ ਸਮਝੀ ਸਕੀਮ ਤਹਿਤ ਕੀਤਾ ਗਿਆ ਸੀ,ਇਸ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੇਤ ਕੋਈ ਤਿੰਨ ਦਰਜਨ ਤੌ ਵੱਧ ਗੁਦੁਆਰਾ ਸਾਹਿਬਾਨ ਫੌਜੀ ਕਹਿਰ ਦਾ ਸ਼ਿਕਾਰ ਹੋਏ ਸਨ। ਇਸ ਸਮੇ ਦੌਰਾਨ ਪੱਤਰਕਾਰੀ ਦੇ ਖੇਤਰ ਚ ਕੰਮ ਕਰਦੇ ਬਹੁਤ ਸਾਰੇ ਵਿਅਕਤੀਆਂ ਨੇ ਅਪਣੀਆਂ ਕਲਮਾਂ ਨੂੰ ਖੁੰਡਾ ਕਰ ਲਿਆ ਸੀ ਤੇ ਗੈਰਤ ਚੰਦ ਛਿਲੜਾਂ ਬਦਲੇ ਗਿਰਵੀ ਕਰ ਦਿੱਤੀ ਸੀ।ਇਹ ਸਰਕਾਰੀ ਦਹਿਸਤ ਅਤੇ ਰਾਸ਼ਟਰਵਾਦ ਦੇ ਸਾਂਝੇ ਪਰਭਾਵ ਦਾ ਕਮਾਲ਼ ਸੀ ਕਿ ਪੱਤਰਕਾਰਾਂ ਦੀਆਂ ਖਬਰਾਂ ਪੰਜਾਬ ਦਾ ਅਸਲ ਸੱਚ ਦਿਖਾਉਣ ਦੀ ਬਜਾਏ ਭਾਰਤੀ ਸਿਸਟਮ ਅਨੁਸਾਰ ਲਿਖ ਕੇ ਅਜਿਹਾ ਮਹੌਲ ਸਿਰਜਣ ਵਿੱਚ ਅਪਣਾ ਯੋਗਦਾਨ ਪਾ ਰਹੀਆਂ ਸਨ,ਜਿਹੜਾ ਕੁੱਝ ਦਿਨਾਂ  ਬਾਅਦ ਸੱਚਖੰਡ  ਸ੍ਰੀ ਦਰਬਾਰ ਸਾਹਿਬ ਤੇ ਹੋਣ ਵਾਲੀ ਫੌਜੀ ਕਾਰਵਾਈ ਲਈ ਸਾਜਗਾਰ ਸਿੱਧ ਹੋਇਆ।

ਬਘੇਲ ਸਿੰਘ ਧਾਲੀਵਾਲ
99142-58142

ਕੈਨੇਡਾ ਵਿਚ ਅਪਰਾਧ ਬਨਾਮ ਪੰਜਾਬੀ ਡਾਇਸਪੋਰਾ

ਪੰਜਾਬੀ ਲੰਮੇ ਸਮੇਂ ਤੋਂ ਪਰਵਾਸ ਕਰਨ ਦੇ ਆਦੀ ਰਹੇ ਹਨ। ਸ਼ੁਰੂ ’ਚ ਇਸ ਦਾ ਮਕਸਦ ਰੋਜ਼ੀ ਰੋਟੀ ਅਤੇ ਖ਼ੁਸ਼ਹਾਲੀ ਦੀ ਤਲਾਸ਼ ਸੀ ਪਰ ਹੁਣ ਜੀਵਨ ਸ਼ੈਲੀ, ਬਿਹਤਰੀਨ ਸਿੱਖਿਆ ਅਤੇ ਸਿਆਸੀ ਪਨਾਹ ਵੀ ਜੁੜ ਗਈ ਹੈ। ਸਰਕਾਰਾਂ ਦੇ ਖੋਖਲੇ ਵਾਅਦਿਆਂ, ਨਸ਼ਾ ਅਤੇ ਅਮਨ ਕਾਨੂੰਨ ਦੀ ਸਥਿਤੀ ਪ੍ਰਤੀ ਮਾਪਿਆਂ ਦੀ ਚਿੰਤਾ, ਰੁਜ਼ਗਾਰ ਦੇ ਮੌਕਿਆਂ ਦਾ ਘੱਟ ਹੋਣਾ ਅਤੇ ਆਪਣੇ ਹੀ ਦੇਸ਼ ਵਿੱਚ ਚੰਗਾ ਭਵਿੱਖ ਨਜ਼ਰ ਨਾ ਆਉਣਾ ਨੌਜਵਾਨਾਂ ’ਚ ਵਿਕਸਿਤ ਦੇਸ਼ਾਂ ਵੱਲ ਪਰਵਾਸ ਦੇ ਰੁਝਾਨ ਨੂੰ ਹੋਰ ਵੀ ਵਧਾ ਰਿਹਾ ਹੈ।

ਕੈਨੇਡਾ ਪ੍ਰਵਾਸੀਆਂ ਲਈ ਸਭ ਤੋਂ ਵਧ ਤਰਜੀਹੀ ਮੁਲਕ ਹੈ। ਅਨੇਕਤਾ ’ਚ ਏਕਤਾ, ਸਹਿਣਸ਼ੀਲਤਾ ਅਤੇ ਬਿਨਾਂ ਕਿਸੇ ਵਿਤਕਰੇ ਦੇ ਇੱਥੇ ਆਉਣ ਵਾਲੇ ਪਰਵਾਸੀਆਂ ਨੂੰ ਆਪਣੇ ’ਚ ਰਲੇਵੇਂ ਦਾ ਮੌਕਾ ਦੇਣਾ ਕੈਨੇਡੀਅਨ ਜੀਵਨ ਸ਼ੈਲੀ ਦੀਆਂ ਵਿਸ਼ੇਸ਼ਤਾਵਾਂ ਹਨ। ਪੰਜਾਬੀ ਭਾਈਚਾਰੇ ਨੇ ਆਪਣੀ ਲਿਆਕਤ, ਮਿਹਨਤੀ ਸੁਭਾਅ, ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸਰੋਕਾਰਾਂ ਨਾਲ ਕੈਨੇਡਾ ਵਿਚ ਆਪਣੀ ਵਿਲੱਖਣ ਤੇ ਪ੍ਰਭਾਵਸ਼ਾਲੀ ਪਛਾਣ ਬਣਾ ਲਈ ਹੈ। ਅੱਜ ਕੈਨੇਡਾ ਵਿਚ 9,42,170 ਪੰਜਾਬੀਆਂ ਦੀ ( 2.6 ਪ੍ਰਤੀਸ਼ਤ) ਆਬਾਦੀ ਹੈ। ਕੈਨੇਡਾ ਦੇ 338 ਸੀਟਾਂ ਵਾਲੇ ਸਦਨ ’ਚ 18 ਸੰਸਦ ਮੈਂਬਰ ਪੰਜਾਬੀ ਮੂਲ ਦੇ ਹਨ। ਟਰੂਡੋ ਸਰਕਾਰ ’ਚ ਹੁਣ ਹਰਜੀਤ ਸਿੰਘ ਸਜਣ ਸਮੇਤ 2 ਸਿੱਖ ਕੈਬਨਿਟ ਮੰਤਰੀ ਹਨ, ਨਵਦੀਪ ਸਿੰਘ ਬੈਂਸ ਘਰੇਲੂ ਕਾਰਨਾਂ ਕਰਕੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕਾ ਹੈ। 2015 ਵਿਚ 4 ਸਿੱਖ ਕੈਬਨਿਟ ਮੰਤਰੀ ਸਨ। ਕੈਨੇਡਾ ਵਿਚ ਵੱਸਦਾ ਪ੍ਰਵਾਸੀ ਪੰਜਾਬੀ ਭਾਈਚਾਰਾ ਆਪਣੀ ਕਾਬਲੀਅਤ ਅਤੇ ਪ੍ਰਾਪਤੀਆਂ ਨਾਲ ਮਾਤ ਭੂਮੀ ਦਾ ਮਾਣ ਵਧਾ ਰਿਹਾ ਹੈ ਉੱਥੇ ਹੀ ਉਹ ਕੈਨੇਡਾ ਦੇ ਵਿਕਾਸ ’ਚ ਵੀ ਵੱਡਾ ਯੋਗਦਾਨ ਪਾ ਰਿਹਾ ਹੈ। ਸਨਮਾਨਜਨਕ ਵਾਤਾਵਰਣ ਸਿਰਜਣ ਕਾਰਨ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਈ 1914 ਦੌਰਾਨ ਕਾਮਾਕਾਟਾ ਮਾਰੂ ਕਾਂਡ ਦੀ ਇਤਿਹਾਸਕ ਵਧੀਕੀ ਅਤੇ ਦੁਖਦਾਇਕ ਵਰਤਾਰੇ ਪ੍ਰਤੀ ਇਕ ਸਦੀ ਬਾਅਦ ਹਾਊਸ ਆਫ਼ ਕਾਮਨਜ਼ ਵਿਚ ਮੁਆਫ਼ੀ ਮੰਗਦਿਆਂ ਪੰਜਾਬੀ ਖ਼ਾਸਕਰ ਸਿੱਖ ਭਾਈਚਾਰੇ ਦੀ ਭੂਮਿਕਾ ਅਤੇ ਪ੍ਰਭਾਵ ਨੂੰ ਪ੍ਰਤੀਬਿੰਬਤ ਕੀਤਾ।

ਇਸ ਮੁਕਾਮ ’ਤੇ ਪਹੁੰਚਣ ਦੇ ਬਾਵਜੂਦ ਕੁਝ ਅਨਸਰ ਅਤੇ ਘਟਨਾਵਾਂ ਹਨ ਜੋ ਸਿੱਖ ਤੇ ਪੰਜਾਬੀ ਭਾਈਚਾਰੇ ਦੀ ਛਵੀ ਨੂੰ ਕੈਨੇਡਾ ਵਿਚ ਨੁਕਸਾਨ ਪਹੁੰਚਾ ਰਹੀਆਂ ਹਨ। ਪਿਛਲੇ ਸਾਲ ਅਗਸਤ ਵਿਚ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਪੁਲੀਸ ਵੱਲੋਂ ਜਾਰੀ 11 ਖ਼ਤਰਨਾਕ ਗੈਂਗਸਟਰ ਦੀ ਸੂਚੀ ਵਿਚ 9 ਪੰਜਾਬੀ ਮੂਲ ਦੇ ਲੋਕਾਂ ਦਾ ਸ਼ਾਮਿਲ ਹੋਣਾ ਕੈਨੇਡਾ ’ਚ ਪੰਜਾਬੀ ਭਾਈਚਾਰੇ ਲਈ ਨਮੋਸ਼ੀ ਦਾ ਸਬੱਬ ਬਣਿਆ ਰਿਹਾ। ਉਸ ਸਮੇਂ ਇਹ ਪਹਿਲੀ ਵਾਰ ਸੀ ਕਿ ਪੁਲੀਸ ਨੇ ਸੂਬੇ ਵਿਚ ਹੱਤਿਆਵਾਂ ਅਤੇ ਗੋਲੀਬਾਰੀ ਦੇ ਮਾਮਲਿਆਂ ਨਾਲ ਜੁੜੇ ਇਨ੍ਹਾਂ ਗੈਂਗਸਟਰਾਂ ਤੋਂ ਆਪਣੇ ਨਾਗਰਿਕਾਂ ਨੂੰ ਨਾ ਕੇਵਲ ਦੂਰ ਰਹਿਣ ਸਗੋਂ ਇਨ੍ਹਾਂ ਤੋਂ ਆਪਣੇ ਦੋਸਤਾਂ ਅਤੇ ਪਰਿਵਾਰਾਂ ਲਈ ਵੀ ਖ਼ਤਰਾ ਦੱਸਦਿਆਂ ਇਨ੍ਹਾਂ ਅਪਰਾਧੀਆਂ ਨਾਲ ਰਾਬਤਾ ਤਕ ਨਾ ਕਰਨ ਲਈ ਕਿਹਾ ਸੀ। ਇਸੇ ਤਰਾਂ ਤਿੰਨ ਜਨਵਰੀ 2023 ਨੂੰ ਕੈਨੇਡਾ ਪੁਲਿਸ ਨੇ ਦੋ ਖ਼ਤਰਨਾਕ ਗੈਂਗਸਟਰਾਂ ਦਾ ਪੋਸਟਰ ਜਾਰੀ ਕੀਤਾ ਹੈ। ਉਹ ਦੋਵੇਂ ਪੰਜਾਬੀ ਮੂਲ ਦੇ ਹਨ। ਪੰਜਾਬੀ ਮੂਲ ਦੇ ਨੌਜਵਾਨਾਂ ਦਾ ਗੈਂਗਸਟਰ ਅਪਰਾਧਿਕ ਗਤੀਵਿਧੀਆਂ ਦਾ ਨੈੱਟਵਰਕ ਬੀਸੀ ਤੋਂ ਇਲਾਵਾ ਅਲਬਰਟਾ, ਸਸਕੈਚਵਨ, ਮੈਨੀਟੋਬਾ, ਓਂਟਾਰੀਓ, ਕਿਊਬਿਕ, ਬਰੈਂਪਟਨ ਸਮੇਤ ਸਮੁੱਚੇ ਕੈਨੇਡਾ ਵਿਚ ਫੈਲਿਆ ਹੋਇਆ ਹੈ। ਅੱਜ ਗੈਂਗਸਟਰ ਅਤੇ ਕੱਟੜਪੰਥੀਆਂ ਵੱਲੋਂ ਕੈਨੇਡਾ ਨੂੰ ਸੁਰੱਖਿਅਤ ਛੁਪਣਗਾਹ ਬਣਾ ਲਿਆ ਗਿਆ ਹੈ। ਜੋ ਕੈਨੇਡਾ ਤੋਂ ਇਲਾਵਾ ਪੰਜਾਬ ਵਿਚ ਆਪਣਾ ਨੈੱਟਵਰਕ ਚਲਾ ਰਹੇ ਹਨ। ਜਿਵੇਂ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਨਾਲ ਚਰਚਾ ਵਿਚ ਆਇਆ ਗੋਲਡੀ ਬਰਾੜ, ਪੰਜਾਬ ਪੁਲੀਸ ਇੰਟੈਲੀਜੈਂਸ ਦੇ ਹੈੱਡਕੁਆਟਰ ਮੋਹਾਲੀ ਵਿਖੇ ਗਰਨੇਡ ਹਮਲੇ ਦਾ ਕਥਿਤ ਮੁੱਖ ਸਾਜ਼ਿਸ਼ਕਾਰ ਲਖਬੀਰ ਸਿੰਘ ਲੰਡਾ, ਭਾਰਤੀ ਏਜੰਸੀ ਐਨ ਆਈ ਏ ਵੱਲੋਂ ਇਨਾਮੀ ਹਰਦੀਪ ਸਿੰਘ ਨਿੱਝਰ, ਗੈਂਗਸਟਰ ਅਰਸ਼ ਡਾਲਾ, ਰਮਨਾ ਜੱਜ, ਰਿੰਕੂ ਰੰਧਾਵਾ, ਬਾਬਾ ਡੱਲਾ ਅਤੇ ਸੁੱਖਾ ਦੋਨਕੇ ਸ਼ਾਮਲ ਹਨ। ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਦੀਆਂ ਤਾਰਾਂ ਦਾ ਕੈਨੇਡਾ ਤੱਕ ਵੀ ਜੁੜੀਆਂ ਹੋਣ ਦੀਆਂ ਖ਼ਬਰਾਂ ਨਾਲ ਵੀ ਆਮ ਕੈਨੇਡੀਅਨ ਨਾਗਰਿਕਾਂ ’ਚ ਆਪਣੇ ਦੇਸ਼ ਦੀ ਅਮਨ ਸ਼ਾਂਤੀ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਆਮ ਕੈਨੇਡੀਅਨ ਅਮਨ ਪਸੰਦ ਸ਼ਹਿਰੀ ਸਮਝ ਦੇ ਹਨ ਕਿ ਜੋ ਲੋਕ ਕੈਨੇਡਾ ਵਿੱਚ ਬੈਠ ਕੇ ਪੰਜਾਬ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ’ਚ ਵੱਡੀ ਭੂਮਿਕਾ ਨਿਭਾਅ ਰਹੇ ਹਨ, ਉਹ ਉਨ੍ਹਾਂ ਲਈ ਵੀ ਕਿਸੇ ਸਮੇਂ ਖ਼ਤਰਾ ਬਣ ਸਕਦੇ ਹਨ।

ਕੈਨੇਡਾ ’ਚ ਗੈਂਗਵਾਰ ਦੀ ਗਲ ਕੀਤੀ ਜਾਵੇ ਤਾਂ ਬ੍ਰਦਰ ਕੀਪਰ ਗੈਂਗ ਦੇ ਮਨਿੰਦਰ ਸਿੰਘ ਧਾਲੀਵਾਲ ਤੇ ਉਸ ਦੇ ਇਕ ਮਿੱਤਰ ਦੀ 25 ਜੁਲਾਈ 2022 ਨੂੰ ਕੈਨੇਡਾ ਦੇ ਵਿਸਲਰ ਵਿਲੇਜ ਵਿਚ ਗੈਂਗਵਾਰ ਦੀ ਇਕ ਫਾਇਰਿੰਗ ਦੌਰਾਨ ਮੌਤ ਹੋ ਗਈ। ਇਸ ਸੰਬੰਧੀ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਗੁਰਸਿਮਰਨ ਸਹੋਤਾ ਅਤੇ ਤਨਵੀਰ ਖੱਖ ਪੰਜਾਬੀ ਸਨ। ਮਨਿੰਦਰ ਦਾ ਛੋਟਾ ਭਰਾ ਹਰਬ ਧਾਲੀਵਾਲ 17 ਅਪ੍ਰੈਲ, 2021 ਨੂੰ ਹੀ ਗੈਂਗਵਾਰ ’ਚ ਮਾਰ ਦਿੱਤਾ ਗਿਆ ਸੀ। ਇਹ ਦੋਵੇਂ ਬਰਿੰਦਰ ਧਾਲੀਵਾਲ ਦੇ ਭਰਾ ਸਨ, ਜਿਸ ਨੂੰ ਕੈਨੇਡੀਅਨ ਗੈਂਗਸਟਰਾਂ ਦੀ ਦੁਨੀਆ ’ਚ ’ ਸ਼ਰੈੱਕ’ ਵਜੋਂ ਜਾਣਿਆ ਜਾਂਦਾ ਹੈ।

ਬ੍ਰਿਟਿਸ਼ ਕੋਲੰਬੀਆ ਪੁਲੀਸ ਨੇ ਅੱਜ ਤੋਂ ਕਰੀਬ 20 ਸਾਲ ਪਹਿਲਾਂ ਹੀ ਭਾਵ 2004 ਦੀ ਸਲਾਨਾ ਪੁਲਿਸ ਰਿਪੋਰਟ ਦੇ ਹਵਾਲੇ ਨਾਲ ਖ਼ੁਲਾਸਾ ਕੀਤਾ ਕਿ ਪੰਜਾਬੀ-ਕੈਨੇਡੀਅਨ ਗੈਂਗ ਕੈਨੇਡਾ ਵਿਚ ਅਪਰਾਧਾਂ ਲਈ ਜ਼ਿੰਮੇਵਾਰ ਟੌਪ-3 ਗਰੁੱਪਾਂ ਵਿਚ ਹੀ ਨਹੀਂ ਸਗੋਂ ਦੂਜਿਆਂ ਨਾਲੋਂ ਕਾਫ਼ੀ ਅੱਗੇ ਸਨ। ਵੈਨਕੂਵਰ ਪੁਲੀਸ ਦੀ ਸਾਲ 2005 ਦੀ ਰਿਪੋਰਟ ਅਨੁਸਾਰ ਪੰਜਾਬ ਨਾਲ ਸਬੰਧਿਤ ਗੈਂਗਸਟਰਾਂ ਦੀ ਵੈਨਕੂਵਰ ’ਚ ਸ਼ੁਰੂਆਤ 1980 ਦੇ ਦਹਾਕੇ ਵਿੱਚ ਭੁਪਿੰਦਰ ਸਿੰਘ ਬਿੰਦੀ ਜੌਹਲ ਵੱਲੋਂ ਨਸ਼ੇ ਰਾਹੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਨਾਲ ਹੋਈ। ਇਸ ਤੋਂ ਬਾਅਦ ਸੰਘੇੜਾ ਕ੍ਰਾਈਮ ਆਰਗੇਨਾਈਜ਼ੇਸ਼ਨ ਅਤੇ ਬੁੱਟਰ ਗਰੁੱਪ ਪਰਵਾਸੀਆਂ ਦੀ ਸਭ ਤੋਂ ਵਧ ਬਦਨਾਮ ਗਰੁੱਪਾਂ ’ਚ ਸਨ। ਇਸ ਤੋਂ ਇਲਾਵਾ ਧਾਲੀਵਾਲ ਪਰਿਵਾਰ, ਮੱਲ੍ਹੀ-ਬੁੱਟਰ ਸੰਗਠਨ ਆਦਿ ਪੰਜਾਬੀ ਮਾਫ਼ੀਆ ਚਰਚਾ ਵਿੱਚ ਰਹੇ ਹਨ। ਪੰਜਾਬੀ-ਕੈਨੇਡੀਅਨ ਕ੍ਰਾਈਮ ਸਿੰਡੀਕੇਟ ਮੁੱਖ ਤੌਰ ‘ਤੇ ਉਨ੍ਹਾਂ ਨੌਜਵਾਨ ਦਾ ਸਮੂਹ ਹੈ ਜੋ ਪੰਜਾਬੀ ਪਰਿਵਾਰਾਂ ਵਿੱਚ ਪੈਦਾ ਹੋਏ ਹਨ। ਅਪ੍ਰੈਲ 2021 ਦੌਰਾਨ ਯੌਰਕ ਰਿਜਨਲ ਪੁਲੀਸ ਨੇ ਪੱਛਮੀ ਕੈਨੇਡਾ, ਯੂ ਐਸ ਅਤੇ ਭਾਰਤ ਤਕ ਫੈਲਿਆ ਹੋਇਆ ਅੰਤਰਰਾਸ਼ਟਰੀ ਨਸ਼ਾ ਤਸਕਰ ਨੈੱਟਵਰਕ ਨੂੰ ਖ਼ਤਮ ਕਰਦਿਆਂ ਜਿਨ੍ਹਾਂ 27 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਉਨ੍ਹਾਂ ਵਿਚ 23 ਪੰਜਾਬੀ ਮੂਲ ਦੇ ਸਨ। ਇਸੇ ਤਰਾਂ ਜੂਨ 2022 ਦੌਰਾਨ ਇਕੱਲੇ ਬਰੈਪਟਨ ਵਿਚ ਪੰਜਾਬ ਦੇ ਘੱਟੋ ਘਟ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ’ਤੇ ਹਥਿਆਰਾਂ ਨਾਲ ਜੁੜੇ ਅਪਰਾਧਿਕ ਮਾਮਲੇ ਦਰਜ ਹਨ। ਇਸ ਤੋਂ ਪਹਿਲਾਂ 8 ਦਸੰਬਰ 2021 ਨੂੰ ਕੈਲਗਰੀ ਪੁਲੀਸ ਨੇ ਭਾਰਤੀ ਮੂਲ ਦੇ 9 ਇੰਡੋ ਕੈਨੇਡੀਅਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਕੇਵਲ ਇਕ ਸਾਲ ’ਚ 20 ਤੋਂ ਵੱਧ ਹਿੰਸਕ ਘਟਨਾਵਾਂ ਲਈ ਜ਼ਿੰਮੇਵਾਰ ਸਨ।

ਗਲ ਇੱਥੇ ਹੀ ਖ਼ਤਮ ਨਹੀਂ ਹੁੰਦੀ 14 ਜੁਲਾਈ 2022 ਨੂੰ ਸਰੀ ਵਿਖੇ ਕਾਰੋਬਾਰੀ ਤੇ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੀ ’ਟਾਰਗੈਟ ਕਿਲਿੰਗ’ ਅਤੇ ਉਸ ਤੋਂ ਦਸ ਦਿਨ ਬਾਅਦ ਹੀ ਗੈਂਗਸਟਰ ਮਨਿੰਦਰ ਸਿੰਘ ਧਾਲੀਵਾਲ ਦੀ ਹੱਤਿਆ ਨੇ ਦਹਿਸ਼ਤ ਪੈਦਾ ਕਰਦਿਆਂ ਅਮਨ ਸ਼ਾਂਤੀ ਨੂੰ ਪ੍ਰਭਾਵਿਤ ਕੀਤਾ। ਬੱਬਰ ਖ਼ਾਲਸਾ ਨਾਲ ਸੰਬੰਧਿਤ ਸ: ਮਲਿਕ ਦੀ ਹੱਤਿਆ ਨਾਲ ਕਰੀਬ ਚਾਰ ਦਹਾਕੇ ਪਹਿਲਾਂ ਏਅਰ ਇੰਡੀਆ ਦੀ ’ਕਨਿਸ਼ਕ’ ਨੂੰ ਉਡਾਉਣ ਦੀ ਖੇਡੀ ਗਈ ਖ਼ੂਨੀ ਖੇਡ ਦੀ ਯਾਦ ਫਿਰ ਤੋਂ ਤਾਜ਼ੀ ਹੋ ਗਈ। 23 ਜੂਨ 1985 ’ਚ ਵਾਪਰੇ ਉਕਤ ਕਨਿਸ਼ਕ ਕਾਂਡ ਜਿਸ ਵਿਚ  268 ਕੈਨੇਡੀਅਨ ਨਾਗਰਿਕਾਂ ਸਮੇਤ 331 ਲੋਕ ਮਾਰੇ ਗਏ ਸਨ, ’ਚ ਮਲਿਕ ਦੀ ਕਥਿਤ ਸ਼ਮੂਲੀਅਤ ਲਈ ਉਸ ਨੂੰ ਕੈਨੇਡੀਅਨ ਲੋਕ ਮਾਨਸਿਕਤਾ ਨੇ ਕਦੀ ਵੀ ਮੁਆਫ਼ ਨਹੀਂ ਕੀਤਾ। ਜਿਸ ਦੀ ਚਰਚਾ ਮਲਿਕ ਦੇ ਕਤਲ ਤੋਂ ਬਾਅਦ ਕੈਨੇਡੀਅਨ ਮੀਡੀਆ ਵਿੱਚ ਦੇਖਣ ਨੂੰ ਮਿਲੀ। ਬੇਸ਼ੱਕ ਵਿਸ਼ਵ ਹਵਾਈ ਖੇਤਰ ਦੇ ਇਤਿਹਾਸ ਵਿਚ 9/11 ਤੋਂ ਪਹਿਲਾਂ ਦੇ ਇਸ ਭਿਆਨਕ ਅਤਿਵਾਦੀ ਹਮਲੇ ਸੰਬੰਧੀ ਮਲਿਕ ਨੂੰ ਸੁਪਰੀਮ ਕੋਰਟ ਆਫ਼ ਬ੍ਰਿਟਿਸ਼ ਕੋਲੰਬੀਆ ਨੇ ਪੁਖ਼ਤਾ ਸਬੂਤ ਨਾ ਹੋਣ ਕਾਰਨ 2005 ’ਚ ਬਰੀ ਕਰ ਦਿੱਤਾ ਸੀ। ਵਿਸ਼ਵ ਅਤਿਵਾਦ ਦੀ ਚੁਨੌਤੀ ਦੇ ਸਨਮੁੱਖ ਕੈਨੇਡਾ ਸਰਕਾਰ ਵੱਲੋਂ ਕ੍ਰਿਮੀਨਲ ਕੋਡ ਤਹਿਤ ਸੂਚੀਬੱਧ ਕੀਤੇ ਗਏ 77 ਅਤਿਵਾਦੀ ਸਮੂਹਾਂ ਵਿਚ ਬੱਬਰ ਖ਼ਾਲਸਾ ਸਮੇਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਰਗੇ ਸਿੱਖ ਜਥੇਬੰਦੀਆਂ ਦਾ ਸ਼ਾਮਿਲ ਹੋਣਾ ਅਤੇ ਕੈਨੇਡਾ ਵੱਲੋਂ ਦੇਸ਼ ਨੂੰ ਅਤਿਵਾਦ ਦੇ ਖ਼ਤਰੇ ਬਾਰੇ 2018 ਦੌਰਾਨ ਜਾਰੀ ਰਿਪੋਰਟ ’ਚ ’’ਸਿੱਖ ਕੱਟੜਪੰਥੀਆਂ’’ ਦੇ ਵਧਦੇ ਖ਼ਤਰੇ ਦਾ ਜ਼ਿਕਰ ਕੀਤਾ ਜਾਣਾ ਸਿੱਖ ਭਾਈਚਾਰੇ ਲਈ ਨਮੋਸ਼ੀ ਦਾ ਸਬੱਬ ਬਣਿਆ ਰਿਹਾ।

ਕੈਨੇਡਾ ’ਚ ਗੈਂਗਵਾਰ ਅਤੇ ਅਪਰਾਧ ਤੋਂ ਬਾਅਦ ਨਸ਼ਾ ਤਸਕਰੀ ’ਚ ਵੀ ਪੰਜਾਬੀਆਂ ਦਾ ਪੂਰਾ ਬੋਲ ਬਾਲਾ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਪੰਜਾਬੀ ਮੂਲ ਦੇ ਗੈਂਗਸਟਰਾਂ ਦੀ ਵੱਡੀ ਭੂਮਿਕਾ ਦੇਖੀ ਗਈ ਹੈ। ਕੈਨੇਡਾ ਸਰਕਾਰ ਦੀ ਇਕ ਰਿਪੋਰਟ ਅਨੁਸਾਰ ਪਿਛਲੇ 10 ਸਾਲਾਂ ਤੋਂ ਪੰਜਾਬੀ ਮੂਲ ਦੇ ਗੈਂਗਸਟਰਾਂ ਦਾ ਇੰਨਾ ਪ੍ਰਭਾਵ ਵਧ ਗਿਆ ਹੈ ਕਿ ਪੰਜਾਬੀ ਗੈਂਗਸਟਰਾਂ ਨੇ ਕੈਨੇਡਾ ਵਿਚ ਚੱਲ ਰਹੇ ਡਰੱਗ ਕਾਰਟੈਲ ’ਤੇ ਮੁਕੰਮਲ ਕਬਜ਼ਾ ਕਰ ਲਿਆ ਹੈ। ਸਟੱਡੀ ਵੀਜ਼ੇ ਵਾਲੇ ਅਨੇਕਾਂ ਨੌਜਵਾਨ ਅਤੇ ਵਰਕ ਪਰਮਿਟ ਵਾਲਿਆਂ ਤੋਂ ਇਲਾਵਾ ਕਈ ਟਰੱਕ ਡਰਾਈਵਰ ਜਲਦੀ ਅਮੀਰ ਹੋਣ ਦੀ ਚਾਹਤ ਵਿਚ ਡਰੱਗ ਮਾਫ਼ੀਆ ਵੱਲ ਖਿੱਚੇ ਜਾ ਰਹੇ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕ੍ਰਿਸਮਿਸ  2020 ਮੌਕੇ ਕੈਲਗਰੀ ਦੇ ਇਕ ਟਰੱਕ ਡਰਾਈਵਰ ਅਮਰਪ੍ਰੀਤ ਸਿੰਘ ਸੰਧੂ ਕੋਲੋਂ 28.5 ਮਿਲੀਅਨ ਡਾਲਰ ਦੀ 288.14 ਕਿੱਲੋ ਮੈਥਾਮਫੇਟਾਮਾਈਨ ਪਕੜਨ ਦਾ ਦਾਅਵਾ ਕੀਤਾ। ਮਿਸੀਗਾਸਾ ਪੁਲਿਸ ਨੇ 2.5 ਲੱਖ ਡਾਲਰ ਦੀ ਨਸ਼ੀਲੇ ਪਦਾਰਥਾਂ ਦੀ ਫੜੀ ਖੇਪ ਨਾਲ 5 ਤਸਕਰ ਫੜੇ ਜਿਨ੍ਹਾਂ ਵਿੱਚੋਂ ਤਿੰਨ ਪੰਜਾਬੀ ਮੂਲ ਦੇ ਤਸਕਰ ਪਾਏ ਗਏ। ਅਗਸਤ 2021 ਨੂੰ ਬਰੈਂਪਟਨ ਦੇ 46 ਸਾਲਾ ਗੁਰਦੀਪ ਸਿੰਘ ਮਾਂਗਟ ਨੂੰ 83 ਕਿੱਲੋ ਨਸ਼ੀਲੇ ਪਦਾਰਥ ਕੋਕੀਨ ਦੀ ਤਸਕਰੀ ਵਿਚ ਗ੍ਰਿਫ਼ਤਾਰ ਕੀਤਾ ਗਿਆ। ਜੁਲਾਈ 2021 ਨੂੰ ਕਿਊਬਕ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਕੋਲੋਂ 112.50 ਕਿੱਲੋ ਕੋਕੀਨ ਫੜੀ ਗਈ। ਜੂਨ 2021 ਵਿਚ ਟੋਰਾਂਟੋ ਤੋਂ 9 ਪੰਜਾਬੀ ਮੂਲ ਦੇ ਨੌਜਵਾਨ 61 ਮਿਲੀਅਨ ਡਾਲਰ ਤੋਂ ਵੱਧ ਕੀਮਤ ਦੇ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤੇ ਗਏ। ਜੋ ਕਿ ਕੈਨੇਡੀਅਨ ਪੁਲੀਸ ਇਤਿਹਾਸ ’ਚ ਇਕ ਵੱਡੀ ਪ੍ਰਾਪਤੀ ਸੀ। ਬਰੈਂਪਟਨ ਪੁਲਿਸ ਵੱਲੋਂ ਅਪ੍ਰੈਲ 2021 ਵਿਚ ਕੈਨੇਡਾ ਵਿਚ ਕੋਕੀਨ ਦੀ ਤਸਕਰੀ ਲਈ ਫੜੇ ਗਏ 30 ਵਿਚੋਂ 25 ਪੰਜਾਬੀ ਮੂਲ ਦੇ ਲੋਕ ਸਨ। ਪਿਛਲੇ ਸਾਲ ਅਕਤੂਬਰ ’ਚ ਬਰੈਂਪਟਨ ਤੋਂ 25 ਸਾਲਾ ਦਰਨਪ੍ਰੀਤ ਸਿੰਘ ਕੋਕੀਨ ਦੀਆਂ 84 ਇੱਟਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਕੈਨੇਡਾ ’ਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੀ ਇਕ ਲੰਮੀ ਸੂਚੀ ਹੈ।

ਕੈਨੇਡਾ ਦੇ ਪਬਲਿਕ ਹੈਲਥ ਏਜੰਸੀ ਦੁਆਰਾ ਹਰ ਸਾਲ ਨਸ਼ੇ ਦੀ ਓਵਰਡੋਜ਼ ਕਾਰਨ ਕੈਨੇਡੀਅਨਾਂ ਦੀ ਮੌਤ ਦਰ ’ਚ ਭਾਰੀ ਵਾਧੇ ਬਾਰੇ ਚਿੰਤਾਜਨਕ ਖ਼ੁਲਾਸਾ ਕੈਨੇਡਾ ’ਚ ਡਰਗ ਮਾਫ਼ੀਆ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਹੋਣ ਜਾਂ ਗੈਂਗਵਾਰ ਨਾਲ ਹੋ ਰਹੀਆਂ ਹੱਤਿਆਵਾਂ, ਕੈਨੇਡਾ ਦੀ ਸਮਾਜਿਕ ਅਤੇ ਅਮਨ ਸ਼ਾਂਤੀ ਨੂੰ ਭੰਗ ਕਰ ਰਹੀਆਂ ਹਨ।  ਗੈਂਗ ਕਲਚਰ ਅਤੇ ਨਸ਼ਿਆਂ ਤੋਂ ਦੁਖੀ ਹੋ ਕੇ ਪੰਜਾਬ ਦੇ ਮਾਪੇ ਆਪਣੇ ਬਚਿਆਂ ਨੂੰ ਕੈਨੇਡਾ ਭੇਜ ਰਹੇ ਹਨ, ਹੁਣ ਸਵਾਲ ਉੱਠਦਾ ਹੈ ਕਿ ਹਜ਼ਾਰਾਂ ਮੀਲ ਦੂਰ ਭੇਜੇ ਗਏ ਆਪਣੇ ਬੱਚਿਆਂ ’ਤੇ ਉਹ ਕਿਵੇਂ ਸਖ਼ਤ ਨਜ਼ਰ ਰੱਖ ਸਕਦੇ ਹਨ ਅਤੇ ਕੈਨੇਡਾ ਦੇ ਮਾਪੇ ਇਸੇ ਸਥਿਤੀ ’ਚ ਆਪਣੇ ਬਚਿਆਂ ਨੂੰ ਕਿਥੇ ਲੁਕਾ ਸਕਦੇ ਹਨ? ਇਸ ਲਈ ਆਮ ਕੈਨੇਡੀਅਨ ਨਾਗਰਿਕਾਂ ’ਚ ਪੈਦਾ ਹੋਈ ’ਖੌਫ’ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।

ਪ੍ਰੋ: ਸਰਚਾਂਦ ਸਿੰਘ ਖਿਆਲਾ
ਫ਼ੋਨ 9781355522
ਭਾਜਪਾ ਆਗੂ ਅਤੇ ਸਲਾਹਕਾਰ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ।

ਭਗਤ ਸਿੰਘ ਦਾ ਮੁਕੱਦਮਾ : ਬਸਤੀਵਾਦੀ ਕਾਨੂੰਨ ਦਾ ਦੰਭ

ਕਈ ਕਾਰਕੁਨ ਅਤੇ ਵਿਦਵਾਨ ਹਨ ਜੋ ਭਗਤ ਸਿੰਘ ਨੂੰ ਇਕ ਲਾਸਾਨੀ ਤੇ ਨਿਡਰ ਇਨਕਲਾਬੀ ਵਜੋਂ ਹੀ ਪੇਸ਼ ਕਰਨਾ ਚਾਹੁੰਦੇ ਹਨ ਜਿਸ ਕਰ ਕੇ ਉਨ੍ਹਾਂ ਦਾ ਮੁੱਖ ਸਰੋਕਾਰ ਭਗਤ ਸਿੰਘ ਦੇ ਜੀਵਨ ਦੀਆਂ ਘਟਨਾਵਾਂ ਤੱਕ ਮਹਿਦੂਦ ਰਿਹਾ ਹੈ। ਐੱਸ ਇਰਫ਼ਾਨ ਹਬੀਬ (ਇਤਿਹਾਸਕਾਰ ਪ੍ਰੋ. ਇਰਫ਼ਾਨ ਹਬੀਬ ਨਹੀਂ) ਦੀ ਰਚਨਾ ‘ਟੂ ਮੇਕ ਦਿ ਡੈੱਫ ਹੀਅਰ: ਇਡਿਓਲੋਜੀ ਐਂਡ ਪ੍ਰੋਗਰਾਮ ਆਫ ਭਗਤ ਸਿੰਘ ਐਂਡ ਹਿਜ਼ ਕਾਮਰੇਡਜ਼’ (ਬੋਲ਼ਿਆਂ ਨੂੰ ਸੁਣਾਉਣ ਲਈ: ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਵਿਚਾਰਧਾਰਾ ਤੇ ਪ੍ਰੋਗਰਾਮ) ਜਿਹੀਆਂ ਕੁਝ ਦਾਨਿਸ਼ਵਰੀ ਕਿਰਤਾਂ ਵੀ ਮਿਲਦੀਆਂ ਹਨ ਜਿਨ੍ਹਾਂ ਵਿਚ ਭਗਤ ਸਿੰਘ ਨੂੰ ਇਕ ਚਿੰਤਕ ਦੇ ਤੌਰ ’ਤੇ ਅਧਿਐਨ ਕੀਤਾ ਗਿਆ ਹੈ। ਕੂਈਨਜ਼ ਮੈਰੀ ਯੂਨੀਵਰਸਿਟੀ ਵਿਚ ਸਾਊਥ ਏਸ਼ੀਅਨ ਹਿਸਟਰੀ ਦੇ ਸੀਨੀਅਰ ਲੈਕਚਰਰ ਡਾ. ਕ੍ਰਿਸ ਮੋਫਟ ਵਲੋਂ ਲਿਖੀ ਕਿਤਾਬ ‘ਇੰਡੀਆ’ਜ਼ ਰੈਵੋਲੂਸ਼ਨਰੀ ਇਨਹੈਰੀਟੈਂਸ: ਪੌਲਿਟਿਕਸ ਐਂਡ ਪ੍ਰੋਮਿਸ ਆਫ ਭਗਤ ਸਿੰਘ’ (ਹਿੰਦੁਸਤਾਨ ਦੀ ਇਨਕਲਾਬੀ ਵਿਰਾਸਤ: ਭਗਤ ਸਿੰਘ ਦੀ ਸਿਆਸਤ ਅਤੇ ਅਹਿਦ) ਵਿਚ ਵੀ ਭਗਤ ਸਿੰਘ ਦੀ ਸੋਚ ਅਤੇ ਬਾਅਦ ਵਿਚ ਤਿੱਖੀ ਸੁਰ ਵਾਲੀ ਸਿਆਸਤ ’ਤੇ ਉਨ੍ਹਾਂ ਦੇ ਪਏ ਪ੍ਰਭਾਵ ਬਾਰੇ ਚਰਚਾ ਕੀਤੀ ਗਈ ਹੈ।

ਜਦੋਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫ਼ਾਂਸੀ ਦਿੱਤੀ ਗਈ ਸੀ, ਉਦੋਂ ਬਰਤਾਨੀਆ ਵਿਚ ਲੇਬਰ ਪਾਰਟੀ ਦੀ ਸਰਕਾਰ ਸੀ ਅਤੇ ਏਜੀ ਨੂਰਾਨੀ ਦੀ ਲਿਖੀ ‘ਦ ਟ੍ਰਾਇਲ ਆਫ ਭਗਤ ਸਿੰਘ’ (ਭਗਤ ਸਿੰਘ ਦਾ ਮੁਕੱਦਮਾ) ਨੇ ਬਸਤੀਵਾਦੀ ਸ਼ਾਸਨ ਦੀਆਂ ਕਾਨੂੰਨੀ ਕਮਜ਼ੋਰੀਆਂ, ਬਰਤਾਨੀਆ ਦੀ ਲੇਬਰ ਸਰਕਾਰ ਦੇ ਸਿਆਸੀ ਦੀਵਾਲੀਏਪਣ ਅਤੇ ਭਗਤ ਸਿੰਘ ਦੇ ਕੇਸ ਨੂੰ ਲੈ ਕੇ ਕਾਂਗਰਸ ਦੀ ਅਗਵਾਈ ਹੇਠ ਕੌਮੀ ਸੁਤੰਤਰਤਾ ਸੰਗਰਾਮ ਦੇ ਆਗੂ ਵਜੋਂ ਮਹਾਤਮਾ ਗਾਂਧੀ ਦੀ ਸਿਆਸਤ ਦਾ ਬਿਆਨ ਕਰਨ ਵਿਚ ਮੋਹਰੀ ਕਿਰਦਾਰ ਨਿਭਾਇਆ ਸੀ। ਕਿੰਗਜ਼ ਕਾਲਜ ਲੰਡਨ ਵਿਚ ਕਾਨੂੰਨ ਦੇ ਪ੍ਰੋਫੈਸਰ ਡਾ. ਸਤਵਿੰਦਰ ਜੱਸ ਵਲੋਂ ਹਾਲ ਵਿਚ ਲਿਖੀ ਗਈ ਕਿਤਾਬ ‘ਐਗਜ਼ੀਕਿਊਸ਼ਨ ਆਫ ਭਗਤ ਸਿੰਘ: ਲੀਗਲ ਹੈਰੇਸੀਜ਼ ਆਫ ਦ ਰਾਜ’ (ਭਗਤ ਸਿੰਘ ਨੂੰ ਫ਼ਾਂਸੀ: ਰਾਜ ਦੀਆਂ ਕਾਨੂੰਨੀ ਅਸਹਿਮਤੀਆਂ) ਸ੍ਰੀ ਨੂਰਾਨੀ ਦੇ ਕਾਰਜ ਨੂੰ ਅਗਾਂਹ ਵਧਾਉਣ ਦਾ ਸ਼ਾਨਦਾਰ ਉਦਮ ਹੈ। ਇਸ ਦੀ ਗੁਣਵੱਤਾ ਨਾ ਕੇਵਲ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਮੁਕੱਦਮੇ ਦੇ ਬੁਨਿਆਦੀ ਕਾਨੂੰਨੀ ਨੁਕਸਾਂ ਨੂੰ ਉਜਾਗਰ ਕਰਨ ਵਿਚ ਸਗੋਂ ਮੁਕੱਦਮੇ ਦੇ ਬਹੁਤ ਸਾਰੇ ਸਿਆਸੀ ਪਹਿਲੂਆਂ ਨੂੰ ਨਿਤਾਰਨ ਵਿਚ ਪਈ ਹੈ।

ਸ੍ਰੀ ਜੱਸ ਨੇ ਭਗਤ ਸਿੰਘ ਦੇ ਮੁਕੱਦਮੇ ਦੇ ਕਾਨੂੰਨੀ ਨੁਕਸਾਂ ਦੀ ਨਿਸ਼ਾਨਦੇਹੀ ਕਰਨ ਲਈ ‘ਦਮਨਕਾਰੀ ਬਸਤੀਵਾਦੀ ਕਾਨੂੰਨਵਾਦ’ ਦੇ ਸੰਕਲਪ ਨੂੰ ਅਪਣਾਇਆ ਹੈ। ਮੁਕੱਦਮੇ ਪਿਛਲੀ ਸਿਆਸਤ ਇਹ ਸੀ ਕਿ ਇਹ ਕੋਈ ਨਿਆਂ ਦੇ ਤਰਾਜ਼ੂ ਦੀ ਅਜਮਾਇਸ਼ ਨਹੀਂ ਸੀ ਸਗੋਂ ਇਕ ਮਿਸਾਲੀ ਸਜ਼ਾ ਯਕੀਨੀ ਬਣਾਉਣ ਦਾ ਹਰਬਾ ਸੀ। ਇਕ ਸਪੈਸ਼ਲ ਟ੍ਰਿਬਿਊਨਲ ਕਾਇਮ ਕੀਤਾ ਗਿਆ ਜਿਸ ਦੇ ਫ਼ੈਸਲੇ ਖ਼ਿਲਾਫ਼ ਹਾਈ ਕੋਰਟ ਵਿਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ, ਬਚਾਓ ਪੱਖ ਦੇ ਵਕੀਲਾਂ ਨੂੰ ਇਸਤਗਾਸਾ ਵਲੋਂ ਪੇਸ਼ ਕੀਤੇ ਗਏ ਗਵਾਹਾਂ ਨਾਲ ਜਿਰ੍ਹਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਕਾਨੂੰਨੀ ਵਿਧੀਆਂ ਦੀ ਐਨੀ ਘੋਰ ਉਲੰਘਣਾ ਕੀਤੀ ਗਈ ਕਿ ਸਪੈਸ਼ਲ ਟ੍ਰਿਬਿਊਨਲ ਕਾਇਮ ਕਰਨ ਲਈ ਜਾਰੀ ਕੀਤੇ ਆਰਡੀਨੈਂਸ ਦੀ ਹਿੰਦੁਸਤਾਨ ਦੀ ਕੇਂਦਰੀ ਅਸੈਂਬਲੀ ਜਾਂ ਬਰਤਾਨਵੀ ਪਾਰਲੀਮੈਂਟ ਵਲੋਂ ਕਦੇ ਪ੍ਰੋੜ੍ਹਤਾ ਨਹੀਂ ਕੀਤੀ ਗਈ।

ਹਾਲਾਂਕਿ ਡਾ. ਜੱਸ ਦੇ ਕਾਰਜ ਦਾ ਕੇਂਦਰਬਿੰਦੂ ਮੁਕੱਦਮੇ ਦੇ ਕਾਨੂੰਨੀ ਪਾਸਾਰ ਰਹੇ ਹਨ ਪਰ ਇਸ ਵਿਚ ਮੁਕੱਦਮੇ ਦੇ ਕਈ ਸਿਆਸੀ ਪਹਿਲੂਆਂ ਨੂੰ ਵੀ ਉਜਾਗਰ ਕੀਤਾ ਗਿਆ ਹੈ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਇਨਕਲਾਬੀ ਸਮਾਜਵਾਦ ਅਤੇ ਇਸ ਦੇ ਆਲਮੀ ਆਯਾਮ ਨੂੰ ਜਿਹੋ ਜਿਹੇ ਖ਼ਤਰੇ ਵਜੋਂ ਲਿਆ ਗਿਆ, ਉਵੇਂ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੀ ਕਾਂਗਰਸ ਪਾਰਟੀ ਨੂੰ ਕਦੇ ਨਹੀਂ ਲਿਆ ਗਿਆ ਅਤੇ ਇਸ ਦਾ ਮੁਕੱਦਮੇ ਦੀ ਤਾਸੀਰ ’ਤੇ ਉਹ ਪ੍ਰਭਾਵ ਪਿਆ ਜਿਸ ’ਚੋਂ ਭਗਤ ਸਿੰਘ ਦੀ ਸਜ਼ਾ-ਏ-ਮੌਤ ਨਿਕਲੀ। ਰੂਸ ਵਿਚ 1917 ਦੇ ਬੋਲਸ਼ਵਿਕ ਇਨਕਲਾਬ ਦਾ ਪੈਗ਼ਾਮ ਸੀ ਕਿ ਇਹ ਇਨਕਲਾਬ ਇਕ ਅਜਿਹੀ ਸ਼ੁਰੂਆਤ ਹੈ ਜਿਸ ਤਹਿਤ ਬਸਤੀਵਾਦੀ ਸਾਮਰਾਜਾਂ ਨੂੰ ਨੇਸਤੋਨਾਬੂਦ ਕਰ ਕੇ ਇਕ ਨਵੇਂ ਸੰਸਾਰ ਨਿਜ਼ਾਮ ਦੀ ਸਿਰਜਣਾ ਹੋਵੇਗੀ। ਇਸ ਮੁਕੱਦਮੇ ਨੇ ਬਰਤਾਨਵੀ ਸਮਾਜਵਾਦੀਆਂ ਦਾ ਧਿਆਨ ਵੀ ਖਿੱਚਿਆ ਸੀ। ਬਰਤਾਨੀਆ ਦੀ ਕਮਿੂਨਿਸਟ ਪਾਰਟੀ ਦੇ ਸਕੱਤਰੇਤ ਵਲੋਂ ਬਰਤਾਨੀਆ ਦੇ ਆਪਣੇ ਸਾਥੀਆਂ ਦੇ ਨਾਂ ਇਕ ਸੰਦੇਸ਼ ਜਾਰੀ ਕਰ ਕੇ ਉਨ੍ਹਾਂ ਦਾ ਧਿਆਨ ਲਾਹੌਰ ਸਾਜ਼ਿਸ਼ ਕੇਸ ਦੇ ਮੁਕੱਦਮੇ ਵੱਲ ਦਿਵਾਇਆ ਗਿਆ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਗਈ ਕਿ ਉਹ ਮੀਟਿੰਗਾਂ ਤੇ ਰੋਸ ਪ੍ਰਦਰਸ਼ਨ ਕਰ ਕੇ ਮੰਗ ਕਰਨ ਕਿ ‘ਕਾਮਰੇਡ ਭਗਤ ਸਿੰਘ ਨੂੰ ਲੇਬਰ ਸਰਕਾਰ ਵਲੋਂ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ।’ ਭਗਤ ਸਿੰਘ ਦੀ ਸਿਆਸੀ ਸੋਚ ਦੇ ਅਜਿਹੇ ਆਲਮੀ ਅਸਰ ਕਰ ਕੇ ਬਸਤੀਵਾਦੀ ਹਾਕਮਾਂ ਨੇ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦੋਸ਼ੀ ਕਰਾਰ ਦੇ ਕੇ ਫ਼ਾਂਸੀ ਦੇਣ ਲਈ ਮੁਕੱਦਮੇ ਦੀ ਕਾਰਵਾਈ ਤੇਜ਼ ਕਰ ਦਿੱਤੀ।

ਡਾ. ਜੱਸ ਦੀ ਕਿਤਾਬ ਜਸਟਿਸ ਆਗ਼ਾ ਹੈਦਰ ਵਲੋਂ ਪਾਏ ਪ੍ਰਸ਼ੰਸਾਯੋਗ ਯੋਗਦਾਨ ਨੂੰ ਉਭਾਰਦੀ ਹੈ। ਜਸਟਿਸ ਹੈਦਰ ਔਕਸਫੋਰਡ ਤੋਂ ਗ੍ਰੈਜੂਏਟ ਸਨ ਅਤੇ ਇਸ ਮੁਕੱਦਮੇ ਵਿਚ ਇਕ ਹਿੰਦੁਸਤਾਨੀ ਜੱਜ ਵਜੋਂ ਸ਼ਾਮਿਲ ਸਨ। ਮੁਕੱਦਮੇ ਦੀ ਕਾਰਵਾਈ, ਖ਼ਾਸਕਰ ਪੁਲੀਸ ਵਲੋਂ ਅਦਾਲਤੀ ਅਹਾਤੇ ਅੰਦਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਕੁੱਟਮਾਰ ਦੀ ਘਟਨਾ ਨੂੰ ਲੈ ਕੇ ਉਨ੍ਹਾਂ ਆਪਣੀ ਨਾਖੁਸ਼ੀ ਦਰਜ ਕਰਵਾ ਕੇ ਜ਼ਬਰਦਸਤ ਹੌਸਲੇ ਦਾ ਕੰਮ ਕੀਤਾ ਸੀ। ਬਾਅਦ ਵਿਚ ਜਸਟਿਸ ਆਗ਼ਾ ਹੈਦਰ ਨੂੰ ਸਪੈਸ਼ਲ ਟ੍ਰਿਬਿਉੂਨਲ ਤੋਂ ਬਰਤਰਫ਼ ਕਰ ਦਿੱਤਾ ਗਿਆ ਸੀ। ਭਾਰਤ ਜਾਂ ਪਾਕਿਸਤਾਨ ਵਿਚ ਜਸਟਿਸ ਆਗ਼ਾ ਹੈਦਰ ਦੇ ਇਸ ਯੋਗਦਾਨ ਨੂੰ ਯਾਦ ਨਹੀਂ ਕੀਤਾ ਜਾਂਦਾ। ਉਨ੍ਹਾਂ ਤੋਂ ਇਲਾਵਾ ਡਾ. ਜੱਸ ਨੇ ਅਮੋਲਕ ਰਾਮ ਕਪੂਰ ਹੁਰਾਂ ਦੇ ਜੀਵਨ ’ਤੇ ਵੀ ਰੌਸ਼ਨੀ ਪਾਈ ਹੈ ਜਿਨ੍ਹਾਂ ਨੇ ਦੇਸ਼ਭਗਤੀ ਦੇ ਜਜ਼ਬੇ ਸਦਕਾ ਔਕੜਾਂ ਦੇ ਬਾਵਜੂਦ ਸਾਮਰਾਜਵਾਦ ਖ਼ਿਲਾਫ਼ ਭਗਤ ਸਿੰਘ ਦੀ ਬਗ਼ਾਵਤ ਦੀ ਡਟਵੀਂ ਹਮਾਇਤ ਕੀਤੀ ਸੀ।

ਭਗਤ ਸਿੰਘ ਦੇ ਮੁਕੱਦਮੇ ਵਿਚ ਪਾਏ ਕਾਨੂੰਨੀ ਯੋਗਦਾਨ ਵਿਚ ਡੀ ਐੱਨ ਪ੍ਰਿਟ ਦਾ ਨਾਂ ਉੱਘੜ ਕੇ ਸਾਹਮਣੇ ਆਉਂਦਾ ਹੈ ਜੋ ਲੰਡਨ ਵਿਚ ਇਕ ਖੱਬੇ-ਪੱਖੀ ਵਕੀਲ ਸਨ ਅਤੇ ਜਿਨ੍ਹਾਂ ਸਪੈਸ਼ਲ ਟ੍ਰਿਬਿਊਨਲ ਦੇ ਫ਼ੈਸਲੇ ਖ਼ਿਲਾਫ਼ ਲੰਡਨ ਵਿਚ ਪ੍ਰਿਵੀ ਕੌਂਸਲ ਕੋਲ ਅਪੀਲ ਦਾਇਰ ਕੀਤੀ ਸੀ। ਪ੍ਰਿਟ ਆਲ੍ਹਾ ਦਰਜੇ ਦੇ ਵਕੀਲ ਸਨ ਅਤੇ ਉਨ੍ਹਾਂ ਨੇ ਜਿਨ੍ਹਾਂ ਨਾਮੀ ਹਸਤੀਆਂ ਦੇ ਕੇਸਾਂ ਦੀ ਪੈਰਵੀ ਕੀਤੀ ਸੀ ਉਨ੍ਹਾਂ ਵਿਚ 1931-32 ਵਿਚ ਹੋ ਚੀ ਮਿੰਨ੍ਹ, ਜੋਮੋ ਕੇਨਿਅੱਤਾ (ਜੋ 1952 ਵਿਚ ਕੀਨੀਆ ਦੇ ਪਹਿਲੇ ਰਾਸ਼ਟਰਪਤੀ ਬਣੇ ਸਨ), 1934 ਵਿਚ ਬਰਤਾਨੀਆ ਦੇ ਬਜ਼ੁਰਗ ਸਮਾਜਵਾਦੀ ਆਗੂ ਟੌਮ ਮਾਨ, ਯੂਕੇ ਪੁਲੀਸ ਖ਼ਿਲਾਫ਼ ਨੈਸ਼ਨਲ ਅਨਐਂਪਲਾਇਡ ਵਰਕਰਜ਼ ਮੂਵਮੈਂਟ, ਬਰਤਾਨੀਆ ਵਿਚ ਨੈਸ਼ਨਲ ਕੌਂਸਲ ਫਾਰ ਸਿਵਿਲ ਲਿਬਰਟੀਜ਼ ਅਤੇ ਜੰਗ ਤੋਂ ਬਾਅਦ ਮਲੇਸ਼ੀਆ ਤੇ ਸਿੰਗਾਪੁਰ ਵਿਚ ਚੱਲੇ ਪਹਿਲੇ ਦੇਸ਼ਧ੍ਰੋਹ ਦੇ ਮੁਕੱਦਮੇ ਵਿਚ 1954 ’ਚ ਸਿੰਗਾਪੁਰ ਵਿਚ ਯੂਨੀਵਰਸਿਟੀ ਸੋਸ਼ਲਿਸਟ ਕਲੱਬ ਦੀ ਪੈਰਵੀ ਸ਼ਾਮਲ ਸੀ। 1972 ਵਿਚ ਜਦੋਂ ਪ੍ਰਿਟ ਦਾ ਦੇਹਾਂਤ ਹੋਇਆ ਤਾਂ ‘ਨਿਊਯੌਰਕ ਟਾਈਮਜ਼’ ਅਖ਼ਬਾਰ ਵਿਚ ਪ੍ਰਿਟ ਵਲੋਂ ਕੀਤੀ ਹੋ ਚੀ ਮਿੰਨ੍ਹ ਅਤੇ ਜੋਮੋ ਕੇਨਿਅੱਤਾ ਦੀ ਪੁਰਜ਼ੋਰ ਪੈਰਵੀ ਨੂੰ ਨੁਮਾਇਆ ਕਰਦੀ ਸੁਰਖੀ ਛਾਪੀ ਗਈ ਸੀ ਪਰ ਇਸ ਰਿਪੋਰਟ ਵਿਚ ਭਗਤ ਸਿੰਘ ਦੇ ਮੁਕੱਦਮੇ ਦਾ ਕੋਈ ਜ਼ਿਕਰ ਨਹੀਂ ਸੀ ਕਿਉਂਕਿ ਉਦੋਂ ਤੱਕ ਭਗਤ ਸਿੰਘ ਦੀ ਪੈਰਵੀ ਦਾ ਇਤਿਹਾਸ ਲਿਖਿਆ ਨਹੀਂ ਗਿਆ ਸੀ। ਡਾ. ਜੱਸ ਦੀ ਕਿਤਾਬ ਭਗਤ ਸਿੰਘ ਦੀ ਪੈਰਵੀ ਕਰਨ ਵਾਲੇ ਇਸ ਮਹਾਨ ਵਕੀਲ ਦੇ ਕਾਨੂੰਨੀ ਕਰੀਅਰ ਦੇ ਇਤਿਹਾਸ ਵਿਚ ਰਹੀ ਵੱਡੀ ਉਕਾਈ ਨੂੰ ਦਰੁਸਤ ਕਰਦੀ ਹੈ।

ਬਸਤੀਵਾਦੀ ਹਾਕਮ ਇਸ ਮੁਕੱਦਮੇ ਨੂੰ ਕਿੰਨੀ ਅਹਿਮੀਅਤ ਦਿੰਦੇ ਸਨ, ਉਸ ਦਾ ਅੰਦਾਜ਼ਾ ਵਾਅਦਾ ਮੁਆਫ਼ ਗਵਾਹਾਂ ਅਤੇ 23 ਮਾਰਚ 1931 ਦੀ ਸ਼ਾਮ ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇਣ ਤੇ ਅੰਤਮ ਰਸਮਾਂ ਕਰਨ ਵੇਲੇ ਮੌਜੂਦ ਵਿਅਕਤੀਆਂ ਨੂੰ ਦਿੱਤੇ ਗਏ ਇਨਾਮਾਂ ਤੋਂ ਲਾਇਆ ਜਾ ਸਕਦਾ ਹੈ। ਫ਼ਾਂਸੀ ਦੇਣ ਤੋਂ ਬਾਅਦ ਤਿੰਨੋ ਇਨਕਲਾਬੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਸਾੜ ਕੇ ਦਰਿਆ ਵਿਚ ਵਹਾਉਣ ਵਾਲੇ ਪੁਲੀਸ ਦੇ ਡਿਪਟੀ ਸੁਪਰਡੈਂਟ ਸੁਦਰਸ਼ਨ ਸਿੰਘ ਨੂੰ ਐਡੀਸ਼ਨਲ ਪੁਲੀਸ ਸੁਪਰਡੈਂਟ ਵਜੋਂ ਤਰੱਕੀ ਦਿੱਤੀ ਗਈ ਅਤੇ ਉਹ ਐਸਪੀ ਵਜੋਂ ਸੇਵਾਮੁਕਤ ਹੋਇਆ। ਚਾਰ ਵਾਅਦਾ ਮੁਆਫ਼ ਗਵਾਹਾਂ ’ਚੋਂ ਹੰਸ ਰਾਜ ਨੂੰ ਲੰਡਨ ਸਕੂਲ ਆਫ ਇਕੋਨੌਮਿਕਸ ਵਿਚ ਪੜ੍ਹਨ ਲਈ ਸਪਾਂਸਰਸ਼ਿਪ ਦਿੱਤੀ ਗਈ, ਜੈ ਗੋਪਾਲ ਨੂੰ 20 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ ਅਤੇ ਫਨਿੰਦਰ ਨਾਥ ਘੋਸ਼ ਤੇ ਮਨਮੋਹਨ ਬੈਨਰਜੀ ਨੂੰ ਬਿਹਾਰ ਵਿਚ ਚੰਪਾਰਨ ਦੇ ਉਨ੍ਹਾਂ ਦੇ ਜੱਦੀ ਇਲਾਕੇ ਅੰਦਰ 50-50 ਏਕੜਾਂ ਦੀ ਜਾਗੀਰ ਦਿੱਤੀ ਗਈ। ਇਨ੍ਹਾਂ ਤੋਂ ਇਲਾਵਾ ਉਸ ਵਕਤ ਮੌਜੂਦ ਇਕਮਾਤਰ ਵਿਅਕਤੀ ਡਿਪਟੀ ਜੇਲ੍ਹ ਸੁਪਰਡੈਂਟ ਖ਼ਾਨ ਸਾਹਿਬ ਮੁਹੰਮਦ ਅਕਬਰ ਖ਼ਾਨ ਨੂੰ ਸਜ਼ਾ ਦਿੱਤੀ ਗਈ ਜੋ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦਿੱਤੇ ਜਾਣ ਸਮੇਂ ਆਪਣੇ ਹੰਝੂ ਨਾ ਰੋਕ ਪਾਏ ਸਨ ਅਤੇ ਫਿੱਸ ਪਏ ਸਨ। ਬਸਤੀਵਾਦੀ ਹਾਕਮਾਂ ਲਈ ਅਜਿਹੇ ਨਾਜ਼ੁਕ ਮੌਕੇ ’ਤੇ ਆਪਣੇ ਕਿਸੇ ਅਹਿਲਕਾਰ ਵਲੋਂ ਦਿਖਾਈ ਜਾਂਦੀ ਹਮਦਰਦੀ ਜਾਂ ਨਰਮਦਿਲੀ ਨੂੰ ਰਾਜ ਪ੍ਰਤੀ ਧ੍ਰੋਹ ਦੀ ਕਾਰਵਾਈ ਵਜੋਂ ਦੇਖਿਆ ਗਿਆ। ਇਸ ਤਰ੍ਹਾਂ, ਦਮਨਕਾਰੀ ਬਸਤੀਵਾਦੀ ਕਾਨੂੰਨਵਾਦੀ ਵਿਵਸਥਾ ਨੂੰ ਨੰਗੇ ਚਿੱਟੇ ਰੂਪ ਵਿਚ ਅਮਲ ਵਿਚ ਲਿਆਂਦਾ ਗਿਆ।

ਅਸਲ ਵਿਚ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਚੱਲੇ ਇਸ ਮੁਕੱਦਮੇ ਅਤੇ ਨਾਇਨਸਾਫ਼ੀ ਨੇ ਬਰਤਾਨਵੀ ਆਗੂਆਂ ਵਲੋਂ ਫੈਲਾਏ ਜਾਂਦੇ ਇਸ ਮਿੱਥ ਨੂੰ ਤਾਰ-ਤਾਰ ਕਰ ਦਿੱਤਾ ਕਿ ਉਨ੍ਹਾਂ ਨੇ ਬਸਤੀਵਾਦੀ ਹਿੰਦੁਸਤਾਨ ਅੰਦਰ ਕਾਨੂੰਨ ਦਾ ਰਾਜ ਕਾਇਮ ਕੀਤਾ ਹੈ। ਇਸ ਮੁਕੱਦਮੇ ਦੌਰਾਨ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਦੁੱਤੀ ਦਲੇਰੀ ਤੇ ਜ਼ਹੀਨਤਾ ਦਾ ਮੁਜ਼ਾਹਰਾ ਕਰਦੇ ਹੋਏ ਬਰਤਾਨਵੀ ਸਾਮਰਾਜੀ ਸ਼ਾਸਨ ਦੇ ਕਾਨੂੰਨ ਅਤੇ ਸਿਆਸਤ ਨੂੰ ਪੂਰੀ ਤਰ੍ਹਾਂ ਬੇਪਰਦ ਕਰ ਕੇ ਰੱਖ ਦਿੱਤਾ।

ਪ੍ਰੋ. ਪ੍ਰੀਤਮ ਸਿੰਘ

——————————————————————————————————————

‘ਦੇਸ ਪ੍ਰਦੇਸ’ ਦੇ ਮੁੱਖ ਸੰਪਾਦਕ ਸਰਦਾਰ ਗੁਰਬਖ਼ਸ਼ ਸਿੰਘ ਵਿਰਕ ਨੂੰ ਯਾਦ ਕਰਦਿਆਂ…

ਸ. ਗੁਰਬਖ਼ਸ਼ ਸਿੰਘ ਵਿਰਕ ਜੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। ਇਹ ਖ਼ਬਰ ਤੁਹਾਡੇ ਤੱਕ ਪਹਿਲਾਂ ਹੀ ਪਹੁੰਚ ਚੁੱਕੀ ਹੈ। ਉਹਨਾਂ ਦੇ ਤੁਰ ਜਾਣ ’ਤੇ ਪੰਜਾਬੀ ਬੋਲੀ ਅਤੇ ਪੰਜਾਬੀਆਂ ਨੂੰ ਬਹੁਤ ਵੱਡਾ ਸਦਮਾ ਪਹੁੰਚਿਆ ਹੈ। ‘ਦੇਸ ਪ੍ਰਦੇਸ’ ਪ੍ਰਤੀ ਜੋ ਉਹਨਾਂ ਦੀਆਂ ਸੇਵਾਵਾਂ ਸਨ ਉਹ ਮੇਰੀ ਕਲਮ ਬਿਆਨ ਨਹੀਂ ਕਰ ਸਕਦੀ। ਉਹਨਾਂ ਦਾ ਸੁਭਾਅ ਅਤੇ ਗੱਲ ਕਰਨ ਦਾ ਲਹਿਜਾ ਹਰ ਇੱਕ ਨੂੰ ਆਪਣਾ ਬਣਾ ਲੈਂਦਾ ਸੀ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਬੋਲੀ ਲਈ ਸਮਰਪਿੱਤ ਕਰ ਦਿੱਤੀ।

ਮੈਂ 1991 ਵਿੱਚ ਜਦੋਂ ਯੂ.ਕੇ ਵਿੱਚ ਆਇਆ ਸੀ। ਜਸਵੰਤ ਸਿੰਘ ਠੇਕੇਦਾਰ ਨੇ ਮੈਨੂੰ ਬਾਨੀ ਸ਼ਹੀਦ ਤਰਸੇਮ ਸਿੰਘ ਪੁਰੇਵਾਲ ਨਾਲ ਮਿਲਾਇਆ ਸੀ। ਵੀਰਵਾਰ ਨੂੰ 20 ਪੌਂਡ ਦੀ ਦਿਹਾੜੀ ’ਤੇ ਕੰਮ ਸ਼ੁਰੂ ਕੀਤਾ ਸੀ। ਉਸੇ ਦਿਨ ਸਰਬਜੀਤ ਵਿਰਕ ਨਾਲ ਮੁਲਾਕਾਤ ਹੋਈ ਸੀ ਫਿਰ ਦੁਪਹਿਰ ਦੀ ਰੋਟੀ ਵੇਲੇ ਜਦੋਂ ਸਾਰੇ ਖਾਣਾ ਖਾਣ ਲਈ ਪਹੁੰਚੇ ਤਾਂ ਸਭ ਨਾਲ ਮੁਲਾਕਾਤ ਹੋਈ। ਪਰ ਸਭ ਤੋਂ ਮਗਰੋਂ ਅੰਕਲ ਜੀ ਖਾਣਾ ਖਾਣ ਪਹੁੰਚੇ। ਫਿਰ ਸਰਬਜੀਤ ਨੇ ਦੱਸਿਆ ਮੇਰੇ ਡੈਡੀ ਹਨ। ਫਿਰ ਰਘਬੀਰ ਚੰਦਨ, ਬਿੰਦਰ, ਬਹਾਦਰ ਸਿੰਘ ਸਾਰਿਆਂ ਨਾਲ ਮੁਲਾਕਾਤ ਹੋਈ।

ਹੋਲੀ ਹੋਲੀ ਮੇਰੀ ਲਗਨ ‘ਦੇਸ ਪ੍ਰਦੇਸ’ ਪ੍ਰਤੀ ਵਧਦੀ ਗਈ। ਅਚਾਨਕ ਸ. ਤਰਸੇਮ ਸਿੰਘ ਪੁਰੇਵਾਲ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ। ਜਿਸ ਕਰਕੇ ਕਈ ਅਦਲਾ ਬਦਲੀਆਂ ਹੋਈਆਂ। ਮੈਂ ਸਰਬਜੀਤ ਨਾਲ ਕਬੱਡੀ ਟੂਰਨਾਮੈਂਟ ਅਤੇ ਹੋਰ ਫੰਕਸ਼ਨ ’ਤੇ ਜਾਣ ਲੱਗਾ। ਛੋਟੇ ਮੋਟੇ ਕਬੱਡੀ ਵਾਰੇ ਲੇਖ ਲਿਖਣ ਲੱਗਾ। ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਤਾਂ ਮੈਨੂੰ ਪਾਰਟ ਟਾਈਮ ‘ਦੇਸ ਪ੍ਰਦੇਸ’ ਨੇ ਡਲੀਵਰੀ ਦਾ ਕੰਮ ਦੇ ਦਿੱਤਾ।

ਫਿਰ ਜਦੋਂ ਵੀ ਮੇਰੀ ਕੋਈ ਰਿਪੋਰਟ ਛਪਣ ਲਈ ਪਹੁੰਚਣੀ ਵਿਰਕ ਸਾਹਿਬ ਨੇ ਮੈਨੂੰ ਉਪਰ ਦਫ਼ਤਰ ਵਿੱਚ ਬੁਲਾ ਲੈਣਾ ਪਹਿਲਾਂ ਪ੍ਰੀਵਾਰ ਦੀ ਰਾਜੀ ਖੁਸ਼ੀ ਪੁੱਛਣੀ। ਫਿਰ ਕਹਿਣਾ ਕੇ ਇਹ ਪੇਪਰ ਲੋਕਾਂ ਦਾ ਹੈ, ਨਾਂ ਕਿ ਦੋ ਚਾਰ ਸੋ ਬੰਦੇ ਦਾ ਆ, ਇਹ ਕੀ ਲਿਖਿਆ। ਪਿਆਰ ਨਾਲ ਝਾੜ ਪਾ ਕੇ ਪੂਰੀ ਤਸੱਲੀ ਕਰਵਾ ਦਿੰਦੇ ਸੀ। ਕਿਸੇ ਚੰਗੇ ਲਿਖਾਰੀ ਦੀ ਰਚਨਾ ਪਿ੍ਰੰਟ ਕਰਵਾ ਕੇ ਮੈਨੂੰ ਦੇ ਦਿੰਦੇ ਸੀ ਤੇ ਆਖਦੇ ਇਹਨੂੰ ਜਾ ਕੇ ਪੜ੍ਹ ਤੇ ਫਿਰ ਦੁਬਾਰਾ ਲਿਖਕੇ ਆਵੀ। ਉਹਨਾਂ ਨੇ ਮੈਨੂੰ ਲਿਖਣ ਦਾ ਢੰਗ ਸਿਖਾਇਆ। ਮੈਂ ਵੀ ਮਿਹਨਤ ਕਰਦਾ ਗਿਆ। ਵਿਰਕ ਸਾਹਿਬ ਨੇ ਮੇਰੇ ’ਤੇ ਇਹੋ ਜਿਹੀ ਕਿਰਪਾ ਕੀਤੀ ਕਿ ਉਹਨਾਂ ਦੀ ਛੱਤਰ ਛਾਇਆ ਹੇਠ ‘ਦੇਸ ਪ੍ਰਦੇਸ’ ਵਿੱਚ ਤਕਰੀਬਨ ਛੇ ਸੋ ਤੋਂ ਉਪਰ ਕਬੱਡੀ ਰਿਪੋਰਟਾਂ, ਲੇਖ, ਹੋਰ ਪਤਾ ਨਹੀਂ ਕਿੰਨੀਆਂ ਰਚਨਾਵਾਂ ‘ਦੇਸ ਪ੍ਰਦੇਸ’ ਵਿੱਚ ਛਪੀਆਂ ਸਨ।

ਮੈਂ ਜੋ ਕੁੱਝ ਵੀ ਹਾਂ ਸ. ਵਿਰਕ ਸਾਹਿਬ ਅਤੇ ‘ਦੇਸ ਪ੍ਰਦੇਸ’ ਕਰਕੇ ਹਾਂ। ਸਭ ਤੋਂ ਵੱਡੀ ਖੂਬੀ ਉਹਨਾਂ ਵਿੱਚ ਇਹ ਵੀ ਸੀ ਕਿ ਨਵੇਂ ਲਿਖਾਰੀਆਂ ਨੂੰ ਬਹੁਤ ਉਤਸ਼ਾਹਿਤ ਕਰਦੇ ਸਨ ਕਿਉਕਿ ‘ਦੇਸ ਪ੍ਰਦੇਸ’ ਪੰਜਾਬੀ ਬੋਲੀ ਦਾ ਇੱਕ ਅਜਿਹਾ ਸਮੁੰਦਰ ਸੀ ਜਿਸ ਵਿੱਚ ਅਣਗਿਣਤ ਕਵੀਆਂ, ਕਹਾਣੀਕਾਰਾਂ, ਨਾਵਲਕਾਰਾਂ, ਗੀਤਕਾਰਾਂ, ਸਾਹਿਤਕਾਰਾਂ, ਖੁੱਲੀ ਕਵਿਤਾ ਦੇ ਲੇਖਕਾਂ ਨੇ ਤਾਰੀਆਂ ਲਾ ਕੇ ਆਪਣਾ ਨਾ ਰੋਸ਼ਨ ਕੀਤਾ। ਇਹ ਸਭ ‘ਦੇਸ ਪ੍ਰਦੇਸ’ ਦੀ ਹੀ ਦੇਣ ਹੈ।

ਸ. ਤਰਸੇਮ ਸਿੰਘ ਪੁਰੇਵਾਲ ਨੇ ਇਹ ਜੋ ਇੰੰਗਲੈਂਡ ਵਿੱਚ ਬੂਟਾ ਲਾਇਆ ਸੀ, ਸ. ਵਿਰਕ ਸਾਹਿਬ ਪੂਰੀ ਲਗਨ ਅਤੇ ਮਿਹਨਤ ਨਾਲ ‘ਦੇਸ ਪ੍ਰਦੇਸ’ ਨੂੰ ਬੁਲੰਦੀਆਂ ਤੱਕ ਪਹੁੰਚਾਇਆ। ਸ. ਵਿਰਕ ਸਾਹਿਬ ਸੱਤੇ ਹੀ ਦਿਨ ਪੇਪਰ ਲਈ ਹੀ ਕੰਮ ਕਰਦੇ ਰਹਿੰਦੇ ਸਨ। ਕਰੰਟ ਵਿਸ਼ਿਆ ’ਤੇ ਉਹਨਾਂ ਦੀ ਸੰਪਾਦਕੀ ਪੜ੍ਹ ਕੇ ਬੰਦੇ ਦੇ ਲੂਅ ਖੜ੍ਹੇ ਹੋ ਜਾਂਦੇ ਸਨ। ਉਹ ਬਿਨਾਂ ਕਿਸੇ ਭੈਅ ਡਰ ਤੋਂ ਸੱਚ ਲਿਖਣ ਦੀ ਹਿੰਮਤ ਰੱਖਦੇ ਸਨ। ਕਿਉਕਿ ਮੇਰਾ ਸਫ਼ਰ ਵੀ ਤਕਰੀਬਨ 30 ਸਾਲ ਉਹਨਾਂ ਦੇ ਨਾਲ ਰਿਹਾ ਹੈ। ਉਹ ਬਹੁਤ ਹੀ ਵਧੀਆ ਇਨਸਾਨ ਸਨ। ਉਹ ਕਦੇ ਵੀ ਮਾਣ ਸਨਮਾਨਾਂ ਦੇ ਚੱਕਰ ਵਿੱਚ ਨਹੀਂ ਪੈਂਦੇ ਸਨ। ਉਹਨਾਂ ਦੀ ਜ਼ਿੰਦਗੀ ਦਾ ਇਕੋ ਇਕ ਮਕਸਦ ਪੰਜਾਬੀ ਬੋਲੀ, ਸੱਭਿਆਚਾਰ ਅਤੇ ਵਿਰਸੇ ਨੂੰ ਚੜ੍ਹਦੀਆਂ ਕਲਾਂ ਵਿੱਚ ਲਿਜਾਣਾ ਸੀ। ਅਸੀਂ ਸਾਰੇ ਹੀ ਹੱਥ ਜੋੜ ਕੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕੇ ਸ. ਗੁਰਬਖ਼ਸ਼ ਸਿੰਘ ਵਿਰਕ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਆਪਣੇ ਚਰਨਾਂ ਵਿੱਚ ਥਾ ਦੇਵੇ। ਪਿੱਛੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ।

ਮਾਫ਼ ਕਰਨਾ ਇੱਕ ਗੱਲ ਲਿਖਣੀ ਤਾਂ ਮੈਂ ਭੁੱਲ ਹੀ ਗਿਆ ਕਿ ਜਦੋਂ ਵੀ ਮੈਂ ਕੋਈ ਲੇਖ ਲਿਖਣਾ ਮੈਂ ਚਾਹੁੰਦਾ ਸੀ ਕਿ ਸੰਤੋਖ ਸਿੰਘ ਢੇਸੀ ਨੇ ਨਾਲ ਐਮ.ਏ. ਡੀ.ਪੀ.ਡੀ. ਲੱਗ ਜਾਵੇ। ਵਿਰਕ ਸਾਹਿਬ ਹਰੇਕ ਵਾਰ ਕੱਟ ਦਿੰਦੇ ਸੀ। ਹੋਲੀ ਹੋਲੀ ਮੈਂ ਵੀ ਲਿਖਣੋਂ ਹੱਟ ਗਿਆ। ਜਦੋਂ ਦੋ ਕਬੱਡੀ ਦੀਆਂ ਫੈਡਰੇਸ਼ਨਾਂ ਬਣੀਆਂ ਸਨ, ਉਸ ਬਾਰੇ ਅਤੇ ਕਬੱਡੀ ’ਚ ਜਦੋਂ ਨਸ਼ੇ ਦੀ ਵਰਤੋਂ ਸ਼ੁਰੂ ਹੋਈ ਤਾਂ ਮੈਂ ਕਈ ਆਰਟੀਕਲ ਲਿਖੇ ਤਾਂ ਸਰਬਜੀਤ ਵਿਰਕ ਮੈਨੂੰ ਜਦੋਂ ਨਿਗਟੈਵ ਪਲੇਟਾਂ ਬਣਾਉਣ ਲਈ ਸਫ਼ੇ ਦੇ ਕਿ ਗਿਆ ਤਾਂ ਕਹਿਣ ਲੱਗਾ ਅੱਜ ਤਾਂ ਪਾਰਟੀ ਬਣਦੀ ਆ। ਮੈਂ ਕਿਹਾ ਕਿਹੜੀ ਗੱਲੋਂ ਕਹਿੰਦਾ ਪੜ੍ਹ ਲੈ, ਮੇਰੀਆਂ ਅੱਖਾਂ ’ਚੋਂ ਪਾਣੀ ਆ ਗਿਆ। ਸਰਬਜੀਤ ਕਹਿੰਦਾ ਅਸਲੀ ਅੱਜ ਤੈਨੂੰ ਐਮ.ਏ. ਡੀ.ਪੀ.ਡੀ ਦੀ ਡਿਗਰੀ ਮਿਲੀ ਹੈ। ਵਿਰਕ ਸਾਹਿਬ ਦੀ ਅੱਖ ਬੜੀ ਪਾਰਖੂ ਸੀ। ਹੁਣ ਭਾਵੇਂ ‘ਦੇਸ ਪ੍ਰਦੇਸ’ ਦੇ ਹਾਲਾਤ ਥੋੜ੍ਹੇ ਨਾਜ਼ਕ ਹਨ ਕਿਉਕਿ ਕਰੋਨਾ ਦੇ ਕਹਿਰ ਕਰਕੇ ਬਹੁਤ ਜ਼ਿਆਦਾ ਅਸਰ ਪਿਆ। ਸੱਚ ਲਿਖਣ ਕਰਕੇ ਤਰਸੇਮ ਸਿੰਘ ਪੁਰੇਵਾਲ ਨੂੰ ਕੁਰਬਾਨੀ ਕਰਨੀ ਪਈ। ਕੁਝ ਸਾਲ ਪਹਿਲਾਂ ਵੀ ਸੱਚ ਲਿਖਣ ਕਰਕੇ ‘ਦੇਸ ਪ੍ਰਦੇਸ’ ਨੂੰ ਬਹੁਤ ਵੱਡਾ ਧੱਕਾ ਲੱਗਾ ਸੀ। ਪਰ ‘ਦੇਸ ਪ੍ਰਦੇਸ’ ਘਬਰਾਇਆ ਨਹੀਂ। ਕਰੋਨਾ ਨੇ ਜ਼ਰੂਰ ਸੱਭ ਨੂੰ ਹਿਲਾ ਕੇ ਰੱਖ ਦਿੱਤਾ। ਸੱਚ ਲਿਖਣ ਕਰਕੇ ਮੈਂ ਖੁੱਦ ਧੱਕੇ ਖਾਂਦਾ ਰਿਹਾ। ਆਓ ਸਾਰੇ ਅਰਦਾਸ ਕਰੀਏ ਕਿ ‘ਦੇਸ ਪ੍ਰਦੇਸ’ ਦੀ ਕਾਪੀ ਮੁੜ ਤੁਹਾਡੇ ਹੱਥਾਂ ਵਿੱਚ ਹੋਵੇ। ਸ. ਗੁਰਬਖ਼ਸ਼ ਸਿੰਘ ਵਿਰਕ ਦੇ ਅਧੂਰੇ ਸੁਪਨੇ ਪੂਰੇ ਕਰ ਸਕੀਏ। ਉਹਨਾਂ ਦੇ ਸਪੁੱਤਰ ਸ. ਸਰਬਜੀਤ ਸਿੰਘ ਵਿਰਕ ਦੀ ਪੂਰੀ ਕੋਸ਼ਿਸ ਕਰ ਰਹੇ ਹਨ ਕਿ ‘ਦੇਸ ਪ੍ਰਦੇਸ’ ਮੁੜ ਪੰਜਾਬੀ ਬੋਲੀ ਦੀ ਸੇਵਾ ਕਰੇ। ਬੱਸ ਤੁਹਾਡੇ ਪਿਆਰ ਅਤੇ ਸਹਿਯੋਗ ਦੀ ਜ਼ਰੂਰਤ ਹੈ।

ਬਹੁਤ ਸਾਰੇ ਸੱਜਣਾ ਨੇ ਫ਼ੋਨ ’ਤੇ ਅਫ਼ਸੋਸ ਜ਼ਾਹਿਰ ਕੀਤਾ, ਸਾਊਥਾਲ ਕਬੱਡੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਪੰਮੀ ਰੰਧਾਵਾ, ਰਛਪਾਲ ਸਿੰਘ ਅਟਵਾਲ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ, ਸੁਰਿੰਦਰ ਸਿੰਘ ਮਾਣਕ, ਸੁਖਵੀਰ ਸਿੰਘ ਬਾਸੀ, ਲਹਿੰਬਰ ਸਿੰਘ ਲੱਦੜ, ਭਿੰਦਾ ਸੰਧੂ, ਸੱਤਾ ਮੁਠੱਡਾ, ਭਿੰਦਾ ਮੁਠੱਡਾ, ਸਾਬੀ ਮਿਡਵੇ, ਪਾਲਾ ਸਹੋਤਾ, ਰਣਜੀਤ ਢੰਡਾ, ਗੋਲਡੀ ਸੰਧੂ, ਕੁਲਵੰਤ ਚੱਠਾ, ਨਛੱਤਰ ਕਲਸੀ, ਬਿੰਦਰ ਸਲੋਹ, ਬਹਾਦਰ ਸ਼ੇਰਗਿੱਲ, ਬਲਦੇਵ ਬੁੱਲਟ, ਸੁਖਦੇਵ ਔਜਲਾ, ਕੰਮਾ ਔਜਲਾ, ਨੇਕਾ ਮੈਰੀਪੁਰ, ਪਿੰਦੂ ਜੋਹਲ, ਜਸਕਰਣ ਜੌਹਲ, ਪ੍ਰਤਾਪ ਸੀ.ਪੀ.ਐਮ, ਕੁਲਵੰਤ ਸੰਘਾ, ਸੁੱਖੀ+ਪੰਮਾ, ਜੋਗਾ ਢੰਡਵਾੜ, ਅਮਰਜੀਤ ਔਜਲਾ, ਤਾਰੀ ਸਰਪੰਚ, ਮੋਨਾ ਗਿੱਲ, ਕਾਕਾ ਚੀਮਾ, ਬਾਈ ਚੀਮਾ, ਬਿੱਲਾ ਗਿੱਲ, ਰਮਨ ਭੈਣੀ, ਰੰਧਾਵਾ ਸਕੈਪਫੋਲਡਰ, ਸਤਨਾਮ ਪੁਰੇਵਾਲ, ਸ਼ਿੰਗਾਰਾ ਸਿੰਘ ਪੁਲਸੀਆ, ਮਨਪ੍ਰੀਤ ਸਿੰਘ ਬੱਧਨੀ, ਰਵੀ ਬੋਲੀਨਾ ਆਦਿ ਸਾਰਿਆਂ ਦਾ ਬਹੁਤ ਧੰਨਵਾਦ।

-ਸੰਤੋਖ ਸਿੰਘ ਢੇਸੀ
ਐਮ. ਏ. ਡੀ.ਪੀ.ਡੀ