ਸਕਾਟਲੈਂਡ ਵਿੱਚ ਤੇਜੀ ਨਾਲ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨਾਲ ਸਰਕਾਰੀ ਅੰਕੜਿਆਂ ਦੇ ਅਨੁਸਾਰ ਪੰਜ ਸਕਾਟਿਸ਼ ਹੈਲਥ ਬੋਰਡ ਯੂਰਪ ਵਿੱਚ ਸਭ ਤੋਂ ਵੱਧ ਕੋਵਿਡ ਕੇਸ ਦਰ ਵਾਲੇ 10 ਖੇਤਰਾਂ ਵਿੱਚ ਸ਼ਾਮਲ ਹਨ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂ ਐੱਚ ਓ) ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ ਟਾਈਸਾਈਡ ਵਾਇਰਸ ਨਾਲ ਪ੍ਰਭਾਵਿਤ ਖਤਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ, ਜਿੱਥੇ 14 ਦਿਨਾਂ ਦੀ ਦਰ 1146 ਹੈ।
ਇਸਦੇ ਬਾਅਦ ਲੋਥੀਅਨ 1079 ਮਾਮਲਿਆਂ ਦੇ ਨਾਲ ਦੂਜੇ ਨੰਬਰ ‘ਤੇ ਹੈ ਜਦਕਿ ਗ੍ਰੇਟਰ ਗਲਾਸਗੋ ਅਤੇ ਕਲਾਈਡ 824 ਦੀ ਦਰ ਨਾਲ ਚੌਥੇ ਨੰਬਰ ‘ਤੇ ਹਨ।ਇਸਦੇ ਇਲਾਵਾ ਸਕਾਟਲੈਂਡ ਦਾ ਫਾਈਫ 646 ਕੇਸਾਂ ਨਾਲ ਅੱਠਵੇਂ ਨੰਬਰ ਅਤੇ ਲੈਨਾਰਕਸ਼ਾਇਰ 14 ਦਿਨਾਂ ‘ਚ 631 ਦੀ ਦਰ ਨਾਲ ਨੌਂਵੇਂ ਨੰਬਰ ‘ਤੇ ਹੈ।ਪਿਛਲੇ ਹਫ਼ਤੇ ਸਕਾਟਲੈਂਡ ਨੇ ਤਿੰਨ ਦਿਨਾਂ ਵਿੱਚ ਆਪਣੇ ਨਵੇਂ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਕੇਸਾਂ ਦਾ ਰਿਕਾਰਡ ਤੋੜ ਦਿੱਤਾ ਸੀ।
ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਕੇਸਾਂ ਦੇ ਵਧਣ ਕਾਰਨ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।ਸਕਾਟਲੈਂਡ ਦੀ ਸਰਕਾਰ ਦੇ ਬੁਲਾਰੇ ਅਨੁਸਾਰ ਨਵੇਂ ਕੇਸਾਂ ਦੀ ਗਿਣਤੀ ਅਜੇ ਵੀ ਚਿੰਤਾ ਦਾ ਕਾਰਨ ਬਣੀ ਹੋਈ ਹੈ ਅਤੇ ਪ੍ਰਸ਼ਾਸਨ ਦੁਆਰਾ ਸਥਿਤੀ ਉੱਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਸਿਹਤ ਸਕੱਤਰ ਹਮਜ਼ਾ ਯੂਸਫ਼ ਅਨੁਸਾਰ ਨਵੇਂ ਮਾਮਲਿਆਂ ਵਿੱਚ ਵਾਇਰਸ ਦਾ ਡੈਲਟਾ ਰੂਪ ਸਾਹਮਣੇ ਆ ਰਿਹਾ ਹੈ।
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)