ਯੂਕੇ: ਦੋ ਸਾਲਾਂ ਵਿੱਚ ਕੌਮੀ ਝੰਡਿਆਂ ਉੱਤੇ ਖਰਚ ਕੀਤੇ ਲੱਖਾਂ ਪੌਂਡ

ਯੂਕੇ ਸਰਕਾਰ ਦੁਆਰਾ ਯੂਨੀਅਨ ਫਲੈਗ ਦੇ ਸਨਮਾਨ ਵਿੱਚ ਹਜਾਰਾਂ ਪੌਂਡ ਖਰਚ ਕੀਤੇ ਹਨ।

ਬੋਰਿਸ ਜੌਹਨਸਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵਾਈਟਹਾਲ ਦੇ ਲਗਭਗ ਹਰ ਵਿਭਾਗ ਨੇ ਯੂਨੀਅਨ ਫਲੈਗ ‘ਤੇ ਹਜ਼ਾਰਾਂ ਪੌਂਡ ਖਰਚ ਕੀਤੇ ਹਨ।ਸਿਰਫ ਪਿਛਲੇ ਦੋ ਸਾਲਾਂ ਵਿੱਚ, ਕੈਬਨਿਟ ਨੇ ਰਾਸ਼ਟਰੀ ਝੰਡਿਆਂ ‘ਤੇ 163,000 ਪੌਂਡ ਤੋਂ ਵੱਧ ਖਰਚ ਕੀਤੇ ਹਨ।

ਰੱਖਿਆ ਮੰਤਰਾਲੇ (ਐਮ ਓ ਡੀ) ਅਤੇ ਡਿਜੀਟਲ, ਸਭਿਆਚਾਰ, ਮੀਡੀਆ ਅਤੇ ਖੇਡ ਵਿਭਾਗ (ਡੀ ਸੀ ਐਮ ਐਸ) ਨੇ 2020 ਅਤੇ 2021 ਦੇ ਵਿੱਚ ਕੌਮੀ ਝੰਡਿਆਂ ਉੱਪਰ ਸਭ ਤੋ ਵੱਧ ਖਰਚ ਕੀਤਾ ਹੈ।

 ਇਸ ਸਬੰਧੀ ਅੰਕੜੇ ਦਰਸਾਉਂਦੇ ਹਨ ਕਿ ਐਮ ਓ ਡੀ ਨੇ 2018 ਤੋਂ ਬਾਅਦ ਝੰਡੇ ‘ਤੇ 118,000 ਪੌਂਡ ਖਰਚੇ ਪਰ ਡੀ ਸੀ ਐਮ ਐਸ ਨੇ ਸਿਰਫ ਪਿਛਲੇ ਸਾਲ  ਵਿੱਚ ਹੀ 54,420.89 ਪੌਂਡ ਖਰਚ ਕੀਤੇ।

 ਫਰੀਡਮ ਆਫ ਇਨਫਰਮੇਸ਼ਨ ਦੀ ਬੇਨਤੀ ਵਿੱਚ ਪ੍ਰਾਪਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਯੂਨੀਅਨ ਫਲੈਗ ਉੱਤੇ ਸਰਕਾਰ ਦਾ ਖਰਚਾ ਪਿਛਲੇ ਚਾਰ ਸਾਲਾਂ ਵਿੱਚ ਝੰਡੇ ਦੀ ਖਰੀਦਦਾਰੀ ਦਾ 85% ਬਣਦਾ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਝੰਡੇ ਖਰਾਬ ਹੋ ਚੁੱਕੇ ਮੌਜੂਦਾ ਝੰਡਿਆਂ ਨੂੰ ਬਦਲਣ ਲਈ ਖਰੀਦੇ ਗਏ। ਟਰਾਂਸਪੋਰਟ ਵਿਭਾਗ ਨੇ 2018 ਤੋਂ ਹੁਣ ਤੱਕ 1,100 ਪੌਂਡ ਖਰਚ ਕੀਤੇ ਹਨ, ਜਿਸ ਵਿੱਚ ਪਿਛਲੇ ਸਾਲ ਦੇ 700 ਪੌਂਡ ਸ਼ਾਮਲ ਹਨ, ਜਦੋਂ ਕਿ ਹਾਊਸਿੰਗ, ਕਮਿਊਨਿਟੀ ਅਤੇ ਲੋਕਲ ਸਰਕਾਰ ਮੰਤਰਾਲੇ ਨੇ ਇਸ ਸਾਲ ਝੰਡੇ ਉੱਤੇ 90.05 ਪੌਂਡ ਖਰਚ ਕੀਤੇ ਹਨ, ਜਿਨ੍ਹਾਂ ਦਾ ਹਾਲ ਹੀ ਦੇ ਸਾਲਾਂ ਵਿੱਚ ਖਰੀਦਦਾਰੀ ਦਾ ਕੋਈ ਰਿਕਾਰਡ ਨਹੀਂ ਹੈ।

 ਇਸਦੇ ਇਲਾਵਾ ਵਪਾਰ, ਊਰਜਾ ਅਤੇ ਉਦਯੋਗਿਕ ਰਣਨੀਤੀ ਵਿਭਾਗ ਨੇ ਇਸ ਸਾਲ 392 ਪੌਂਡ ਖਰਚ ਕੀਤੇ ਜਦੋਂ ਕਿ ਵਰਕ ਅਤੇ ਪੈਨਸ਼ਨ ਵਿਭਾਗ ਨੇ ਪਿਛਲੇ ਤਿੰਨ ਸਾਲਾਂ ਵਿੱਚ 1,045 ਪੌਂਡ ਖਰਚ ਕੀਤੇ। ਇਸਦੇ ਨਾਲ ਹੀ ਅੰਤਰਰਾਸ਼ਟਰੀ ਵਪਾਰ ਵਿਭਾਗ ਨੇ ਇਸ ਸਾਲ ਅਤੇ ਪਿਛਲੇ ਸਾਲ 653.05 ਪੌਂਡ ਖਰਚ ਕੀਤੇ। ਇਹਨਾਂ ਸਰਕਾਰੀ ਵਿਭਾਗਾਂ ਦੇ ਨਾਲ ਸਿੱਖਿਆ ਵਿਭਾਗ ਨੇ 2019 ਵਿੱਚ 134 ਪੌਂਡ ਅਤੇ ਵੇਲਜ਼ ਦਫਤਰ ਨੇ 2018 ਤੋਂ 824 ਪੌਂਡ ਖਰਚ ਕੀਤੇ ਹਨ।

 ਇਹ ਅੰਕੜੇ ਪ੍ਰੈਸ ਕਾਨਫਰੰਸਾਂ ਅਤੇ ਜ਼ੂਮ ਮੀਟਿੰਗਾਂ ਵਿੱਚ ਕਈ ਮੰਤਰੀਆਂ ਦੁਆਰਾ ਯੂਨੀਅਨ ਝੰਡੇ ਨੂੰ ਬੈਕਗ੍ਰਾਉਂਡ ਵਿੱਚ ਬੜੇ ਮਾਣ ਨਾਲ ਪੇਸ਼ ਕਰਨ ਤੋਂ ਬਾਅਦ ਸਾਹਮਣੇ ਆਏ ਹਨ। ਮਾਰਚ ਵਿੱਚ, ਡੀ ਸੀ ਐਮ ਐਸ ਦੇ ਨਵੇਂ ਨਿਰਦੇਸ਼ਾਂ ਨੇ ਸਰਕਾਰੀ ਇਮਾਰਤਾਂ ਦੇ ਉੱਪਰ ਹਰ ਰੋਜ਼ ਝੰਡਾ ਲਹਿਰਾਉਣ ਦੀ ਮੰਗ ਕੀਤੀ ਸੀ।

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)