ਯੂਕੇ: ਚਿੜੀਆਘਰ ਵਿੱਚ ਲੱਗੀ ਅੱਗ ਨੇ ਲਈ ਜਾਨਵਰਾਂ ਅਤੇ ਪੰਛੀਆਂ ਦੀ ਜਾਨ

ਯੂਕੇ ਦੇ ਇੱਕ ਮਸ਼ਹੂਰ ਚਿੜੀਆਘਰ ਵਿੱਚ ਸੋਮਵਾਰ ਨੂੰ ਲੱਗੀ ਭਿਆਨਕ ਅੱਗ ਨੇ ਦਰਜਨਾਂ ਜਾਨਵਰਾਂ ਅਤੇ ਪੰਛੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।ਯੂਕੇ ਦੇ ਐਸੇਕਸ ਵਿੱਚ ਮਾਲਡਨ ਪ੍ਰੋਮਨੇਡ ਪੈਟਿੰਗ ਚਿੜੀਆਘਰ ਵਿੱਚ ਸੋਮਵਾਰ ਦੀ ਸਵੇਰੇ ਅੱਗ ਲੱਗਣ ਦੇ ਬਾਅਦ ਅੱਗ ਬੁਝਾਊ ਕਰਮਚਾਰੀ ਕਾਰਵਾਈ ਕਰਦਿਆਂ ਚਿੜੀਆਘਰ ਪਹੁੰਚੇ ਜਿੱਥੇ ਜਾਨਵਰਾਂ ਅਤੇ ਪੰਛੀਆਂ ਦੀਆਂ 70 ਤੋਂ ਵੱਧ ਕਿਸਮਾਂ ਹਨ। ਇਹ ਅੱਗ ਇੱਕ ਫ੍ਰੀਜ਼ਰ ਵਿੱਚ ਨੁਕਸ ਪੈਣ ਕਰਕੇ ਲੱਗੀ ਮੰਨੀ ਜਾਂਦੀ ਹੈ।ਅੱਗ ਬੁਝਾਊ ਅਮਲੇ ਦੁਆਰਾ ਇੱਕ ਘੰਟੇ ਦੇ ਅੰਦਰ ਇਸ ਅੱਗ ਨੂੰ ਕਾਬੂ ਕੀਤਾ ਗਿਆ, ਪਰ ਲੱਗਭਗ 25 ਜਾਨਵਰਾਂ ਅਤੇ ਪੰਛੀਆਂ ਨੂੰ ਬਚਾਇਆ ਨਹੀਂ ਜਾ ਸਕਿਆ। ਜਿਹਨਾਂ ਵਿੱਚ ਕੱਛੂਕੁੰਮੇ, ਤੋਤੇ , ਮੀਰਕੇਟ ਅਤੇ ਹੋਰ ਜਾਨਵਰ ਸ਼ਾਮਲ ਸਨ।ਇਸ ਅੱਗ ਹਾਦਸੇ ਵਿੱਚੋਂ ਬਚੇ ਹੋਏ ਜਾਨਵਰਾਂ ਨੂੰ ਸੁਰੱਖਿਅਤ ਥਾਂ ‘ਤੇ ਭੇਜ ਦਿੱਤਾ ਗਿਆ ਸੀ।