ਯੂਕੇ ਵਿੱਚ ਸਰਕਾਰ ਦੁਆਰਾ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਲੜੀ ਤਹਿਤ ਕੋਰੋਨਾ ਪੀੜਤ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਨੇੜਲੇ ਸੰਪਰਕਾਂ ਨੂੰ ਇਕਾਂਤਵਾਸ ਕਰਨ ਦੀ ਜਰੂਰਤ ਨੂੰ ਖਤਮ ਕਰਨ ਦੀ ਘੋਸ਼ਣਾ ਕੀਤੀ ਹੈ।
ਨਵੇਂ ਨਿਯੁਕਤ ਕੀਤੇ ਸਿਹਤ ਸਕੱਤਰ ਸਾਜਿਦ ਜਾਵੇਦ ਨੇ ਐਲਾਨ ਕੀਤਾ ਹੈ ਕਿ ਸਕਾਰਾਤਮਕ ਕੇਸ ਵਾਲੇ ਮਰੀਜ ਦੇ ਸੰਪਰਕ ਵਿਚ ਆਉਣ ਵਾਲੇ ਪੂਰੀ ਤਰ੍ਹਾਂ ਕੋਰੋਨਾ ਵੈਕਸੀਨ ਪ੍ਰਾਪਤ ਲੋਕਾਂ ਲਈ ਟੈਸਟ ਐਂਡ ਟਰੇਸ ਦੇ ਇਕਾਂਤਵਾਸ ਦੇ ਨਿਯਮ ਸਰਕਾਰ ਦੁਆਰਾ 16 ਅਗਸਤ ਤੋਂ ਹਟਾ ਦਿੱਤੇ ਜਾਣਗੇ। ਸੰਸਦ ਮੈਂਬਰਾਂ ਨੂੰ ਜਾਣਕਾਰੀ ਦਿੰਦਿਆਂ ਸਿਹਤ ਸੱਕਤਰ ਨੇ ਕਿਹਾ ਕਿ ਜਿਨ੍ਹਾਂ ਬਾਲਗਾਂ ਨੇ ਕੋਵਿਡ -19 ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰ ਲਈਆਂ ਹਨ, ਉਹਨਾਂ ਨੂੰ ਜਲਦੀ ਹੀ 10 ਦਿਨਾਂ ਤੱਕ ਘਰ ਵਿੱਚ ਅਲੱਗ ਹੋਣ ਤੋਂ ਛੋਟ ਮਿਲੇਗੀ।
ਹਾਲਾਂਕਿ, ਜਿਨ੍ਹਾਂ ਲੋਕਾਂ ਨੂੰ ਸਕਾਰਾਤਮਕ ਕੇਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸੰਪਰਕ ਟਰੇਸਰਾਂ ਦੁਆਰਾ ਸੂਚਿਤ ਕੀਤਾ ਜਾਂਦਾ ਹੈ, ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਪੋਲੀਮੇਰੇਸ ਚੇਨ ਰਿਐਕਸ਼ਨ (ਪੀ ਸੀ ਆਰ) ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਵੇਗੀ। ਇਸ ਦੌਰਾਨ ਜਿਹੜਾ ਵੀ ਵਿਅਕਤੀ ਸਕਾਰਾਤਮਕ ਟੈਸਟ ਕਰਦਾ ਹੈ, ਉਸ ਨੂੰ ਆਪਣੇ ਆਪ ਨੂੰ ਅਲੱਗ ਕਰਨਾ ਪਏਗਾ ਭਾਵੇਂ ਉਸ ਦੇ ਟੀਕਾ ਲੱਗਿਆ ਹੋਵੇ। ਮੌਜੂਦਾ ਨਿਯਮਾਂ ਦੇ ਤਹਿਤ, ਜੇ ਕਿਸੇ ਵਿਅਕਤੀ ਨੂੰ ਐੱਨ ਐੱਚ ਐੱਸ ਐਪ ਦੁਆਰਾ ਨੋਟਿਸ ਕੀਤਾ ਜਾਂਦਾ ਹੈ, ਜਾਂ ਕਿਸੇ ਸਕਾਰਾਤਮਕ ਕੇਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸੰਪਰਕ ਟਰੇਸਰਾਂ ਦੁਆਰਾ ਬੁਲਾਇਆ ਜਾਂਦਾ ਹੈ, ਤਾਂ ਉਸਨੂੰ 10 ਦਿਨਾਂ ਤੱਕ ਦੇ ਸਮੇਂ ਲਈ ਘਰ ਵਿੱਚ ਇਕਾਂਤਵਾਸ ਹੋਣਾ ਚਾਹੀਦਾ ਹੈ।
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)