ਯੂਕੇ ਵਿੱਚ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੌਰਾਨ ਲਗਾਈਆਂ ਪਾਬੰਦੀਆਂ ਕਰਕੇ ਜਿਆਦਾਤਰ ਲੋਕਾਂ ਨੇ ਆਪਣੇ ਘਰਾਂ ਵਿੱਚ ਹੀ ਸਮਾਂ ਬਤੀਤ ਕੀਤਾ ਹੈ। ਘਰਾਂ ਵਿੱਚ ਰਹਿਣ ਕਰਕੇ 2020 ਵਿੱਚ ਲੋਕਾਂ ਨੇ ਪ੍ਰਤੀ ਦਿਨ ਔਸਤਨ ਪੰਜ ਘੰਟਿਆਂ ਤੋਂ ਵੱਧ ਟੈਲੀਵਿਜ਼ਨ ਅਤੇ ਵੀਡੀਓ ਆਦਿ ਨੂੰ ਵੇਖਿਆ ਹੈ। ਜਿਸ ਨਾਲ ਕਿ ਮਹਾਂਮਾਰੀ ਦੌਰਾਨ ਟੀ ਵੀ ਵੇਖਣ ਦੇ ਘੰਟਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
ਆਫਕਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਂਮਾਰੀ ਦੇ ਦੌਰਾਨ ਵੀਡਿਓ ਸਟ੍ਰੀਮਿੰਗ ਗਾਹਕਾਂ ਦੀ ਗਿਣਤੀ 50% ਵਧ ਕੇ 31 ਮਿਲੀਅਨ ਹੋ ਗਈ ਹੈ। ਟੀ ਵੀ ਵੇਖਣ ਸਬੰਧੀ ਆਫਕਾਮ ਦੇ ਸਲਾਨਾ ਅਧਿਐਨ ਅਨੁਸਾਰ ਔਸਤਨ ਬਾਲਗਾਂ ਨੇ ਲਾਈਵ ਟੀ ਵੀ, ਡੀ ਵੀ ਡੀ, ਸਟ੍ਰੀਮਿੰਗ ਸੇਵਾਵਾਂ ਅਤੇ ਯੂਟਿਊਬ ਆਦਿ ਪਲੇਟਫਾਰਮਾਂ ਤੇ ਪ੍ਰੋਗਰਾਮ ਦੇਖਣ ਵਿੱਚ ਪ੍ਰਤੀ ਦਿਨ ਪੰਜ ਘੰਟੇ ਅਤੇ 40 ਮਿੰਟ ਬਿਤਾਏ।
2020 ਵਿੱਚ ਕੁੱਲ ਮਿਲਾ ਕੇ 2019 ਨਾਲੋਂ 47 ਮਿੰਟ ਦਾ ਵਾਧਾ ਹੋਇਆ , ਜਿਸ ਵਿੱਚ ਰਵਾਇਤੀ ਪ੍ਰਸਾਰਣ ਟੀ ਵੀ ਦੇਖਣ ਵਿੱਚ ਬਿਤਾਇਆ ਔਸਤ ਸਮਾਂ ਤਿੰਨ ਘੰਟੇ ਅਤੇ 12 ਮਿੰਟ ਸੀ।
16 ਤੋਂ 24 ਸਾਲ ਦੀ ਉਮਰ ਦੇ ਲੋਕਾਂ ਲਈ ਪ੍ਰਸਾਰਣ ਟੀਵੀ ਦੇਖਣ ਵਿੱਚ ਬਿਤਾਇਆ ਔਸਤ ਸਮਾਂ ਇੱਕ ਘੰਟਾ ਅਤੇ 17 ਮਿੰਟ ਸੀ, ਜਦਕਿ ਬਾਲਗਾਂ ਨੇ ਨੈੱਟਫਲਿਕਸ, ਐਮਾਜ਼ਾਨ ਪ੍ਰਾਈਮ ਵੀਡੀਓ ਅਤੇ ਡਿਜ਼ਨੀ ਪਲੱਸ ਵਰਗੇ ਸਟ੍ਰੀਮਿੰਗ ਪਲੇਟਫਾਰਮਾਂ ਨੂੰ ਦੇਖਣ ਵਿੱਚ ਇੱਕ ਘੰਟਾ ਅਤੇ ਪੰਜ ਮਿੰਟ ਬਿਤਾਏ। ਆਫਕਾਮ ਦੇ ਅਨੁਸਾਰ, ਕੁੱਲ 52% ਘਰਾਂ ਵਿੱਚ ਨੈੱਟਫਲਿਕਸ ਹੈ।
ਟੀਵੀ ਅਤੇ ਆਨਲਾਈਨ ਵੀਡੀਓ ਤਾਲਾਬੰਦੀ ਦੌਰਾਨ ਜ਼ਿੰਦਗੀ ਲਈ ਇੱਕ ਮਹੱਤਵਪੂਰਨ ਨਸ਼ਾ ਸਾਬਤ ਹੋਏ ਹਨ, ਪਿਛਲੇ ਸਾਲ ਲੋਕਾਂ ਨੇ ਆਪਣੇ ਜਾਗਣ ਦੇ ਘੰਟਿਆਂ ਦਾ ਇੱਕ ਤਿਹਾਈ ਹਿੱਸਾ ਖ਼ਬਰਾਂ ਅਤੇ ਮਨੋਰੰਜਨ ਲਈ ਸਕ੍ਰੀਨਾਂ ਤੇ ਲਗਾਇਆ ।
ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)