ਵੈਸਟ ਬ੍ਰਾਮਿਚ – ਮਿਡਲੈਂਡ ਦੇ ਇਕ ਪੰਜਾਬੀ ਨੌਜਵਾਨ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੀ ਸਾਬਕਾ ਮਾਸ਼ੂਕਾ ਨੂੰ ਮੁੜ ਤੋਂ ਯਾਰੀ ਗੰਢਣ ਦੀਆਂ ਮਿੰਨਤਾਂ ਕਰਨ ਉਪਰੰਤ ਇਕ ਲਾਰੀ ਦੇ ਮੂਹਰੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।
ਸਥਾਨਕ ਕੋਰੋਨਰ ਦੀ ਅਦਾਲਤ ਵਿਚ 22 ਸਾਲਾ ਅਮਰਦੀਪ ਮੱਲ੍ਹੀ ਵਾਸੀ ਹੌਬਰਟ ਰੋਡ, ਟਿਪਟਨ ਦੀ ਮੌਤ ਸਬੰਧੀ ਸਰਕਾਰੀ ਜਾਂਚ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ 11 ਮਈ 2012 ਨੂੰ ਤੜਕਸਾਰ ਮੱਲ੍ਹੀ ਦੀ ਵੈਸਟ ਬ੍ਰਾਮਿਚ ਵਿਚ ਬਲੈਕ ਕੰਟਰੀ ਨਿਊ ਰੋਡ ‘ਤੇ ਇਕ ਲਾਰੀ ਨਾਲ ਟਕਰਾਉਣ ਕਰਕੇ ਮੌਤ ਹੋ ਗਈ ਸੀ। ਸ਼ਰਾਬੀ ਹਾਲਤ ਵਿਚ ਮੱਲ੍ਹੀ ਸੜਕ ਵਿਚ ਆਉਣ ਤੋਂ ਬਾਅਦ ਇਕ ਲਾਰੀ ਹੇਠ ਆਉਣ ਤੋਂ ਬਚ ਗਿਆ ਸੀ ਕਿਉਂਕਿ ਉਸ ਲਾਰੀ ਡਰਾਈਵਰ ਨੇ ਸਮੇਂ ਨਾਲ ਮੱਲ੍ਹੀ ਨੂੰ ਵੇਖ ਕੇ ਬਰੇਕ ਲਗਾ ਦਿੱਤੀ ਸੀ ਪਰ ਉਸ ਲਾਰੀ ਕਾਰਨ ਨਾਲ ਦੀ ਲੇਨ ਵਿਚੋਂ ਲੰਘ ਰਹੀ ਲਾਰੀ ਦਾ ਡਰਾਈਵਰ ਮੱਲ੍ਹੀ ਨੂੰ ਵੇਖ ਨਹੀਂ ਸਕਿਆ ਸੀ। ਜਿਸ ਨਾਲ ਟਕਰਾਉਣ ਕਰਕੇ ਮੱਲ੍ਹੀ ਦੀ ਮੌਤ ਹੋਈ ਸੀ।
ਵੈਸਟ ਮਿਡਲੈਂਡ ਪੁਲਿਸ ਦੇ ਜਾਂਚ ਅਧਿਕਾਰੀ ਨੇ ਸੁਣਵਾਈ ਦੌਰਾਨ ਦੱਸਿਆ ਸੀ ਕਿ ਇਸ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਮੱਲ੍ਹੀ ਨੇ ਆਪਣੀ ਸਾਬਕਾ ਮਾਸ਼ੂਕਾ ਪ੍ਰਿਆ ਸੋਹਲ ਨੂੰ ਕਈ ਫੋਨ ਅਤੇ ਟੈਕਸਟ ਸੁਨੇਹੇ ਭੇਜੇ ਸਨ। ਯੂਨੀਵਰਸਿਟੀ ਵਿਦਿਆਰਥਣ ਪ੍ਰਿਆ ਨੇ ਪੁਲਿਸ ਨੂੰ ਦੱਸਿਆ ਸੀ ਕਿ ਮੱਲ੍ਹੀ ਉਨ੍ਹਾਂ ਦੇ ਟੁੱਟੇ ਰਿਸ਼ਤੇ ਨੂੰ ਮੰਨਣ ਲਈ ਤਿਆਰ ਨਹੀਂ ਸੀ। ਜਦ ਕਿ ਇਹ ਰਿਸ਼ਤਾ ਮੱਲ੍ਹੀ ਦੇ 2011 ਵਿਚ ਜੇਲ੍ਹ ਜਾਣ ਤੋਂ ਬਾਅਦ ਟੁੱਟ ਚੁੱਕਾ ਸੀ। ਉਸ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਤੋਂ ਕੁਝ ਮਿੰਟ ਪਹਿਲਾਂ ਮੱਲ੍ਹੀ ਦਾ ਫੋਨ ਸੁਣਿਆ ਸੀ ਜਦੋਂ ਉਸ ਦੀ ਆਵਾਜ਼ ਸ਼ਰਾਬ ਕਾਰਨ ਲੜਖੜਾ ਰਹੀ ਸੀ। ਮੱਲ੍ਹੀ ਦੇ ਦੋ ਦੋਸਤਾਂ ਨੇ ਵੀ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਉਸ ਦੇ ਨਾਲ ਗੱਲ ਕੀਤੀ ਸੀ। ਇਕ ਦੋਸਤ ਨੇ ਉਸ ਨੂੰ ਲੇਟ ਹੋਣ ਕਰਕੇ ਨਾਈਟ ਕਲੱਬ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਚੱਲਿਆ ਸੀ ਕਿ ਮੱਲ੍ਹੀ ਨੇ ਕਾਫੀ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਕੋਰੋਨਰ ਨੇ ਮੱਲ੍ਹੀ ਦੀ ਮੌਤ ਇਕ ਸੜਕੀ ਹਾਦਸੇ ਕਾਰਣ ਹੋਈ ਰਿਕਾਰਡ ਕੀਤਾ।
2021-07-01