ਜਿਸ ਕਵਿਤਾ ਨੇ ਮੈਨੂੰ ਸਾਹਿੱਤ ਜਗਤ ਵਿੱਚ ਪਛਾਣ ਦਿੱਤੀ

-ਗੁਰਭਜਨ ਗਿੱਲ
ਵੱਕਾਸ ਹੈਦਰ ਦੇ ਬੱਚਿਆਂ ਨਾਲ ਮਿਲਣਾ ਸੱਜਰੀ ਸਵੇਰ ਜਿਹਾ ਅਹਿਸਾਸ ਸੀ। ਲਾਹੌਰੋਂ ਵਾਪਸੀ ’ਤੇ ਦਿਲ ਖੁੱਸ ਰਿਹਾ ਸੀ ਕਿ ਏਨੇ ਮੁਹੱਬਤੀ ਟੱਬਰ ਨੂੰ ਨਹੀਂ ਮਿਲੇ।
ਉਸ ਦੇ ਬੱਚੇ ਅੰਮੀ ਸਮੇਤ ਸਾਨੂੰ ਸੜਕ ’ਤੇ ਹੀ ਆ ਮਿਲੇ। ਜੀਉਣ ਜਾਗਣ ਮੁਹੱਬਤੀ ਰੂਹਾਂ। ਗੁਰਭਜਨ ਗਿੱਲ

ਕਈ ਵਾਰ ਦੋਸਤ ਮਿੱਤਰ ਤੇ ਮੀਡੀਆ ਕਰਮੀ ਸੱਜਣ ਪੁੱਛਦੇ ਹਨ ਕਿ ਉਹ ਕਿਹੜੀ ਰਚਨਾ ਸੀ ਜਿਸ ਨੇ ਪਹਿਲੀ ਪੱਕੀ ਪਕੇਰੀ ਪਛਾਣ ਦਿੱਤੀ। ਮੈਂ ਲਿਖਣਾ ਭਾਵੇਂ 1970 ‘ਚ ਹੀ ਸ਼ੁਰੂ ਕਰ ਦਿੱਤਾ ਸੀ ਪਰ ਮੈਨੂੰ ਨਾ ਭੁੱਲਣ ਯੋਗ ਪਛਾਣ ਇਸ ਕਵਿਤਾ ਨੇ ਦਿੱਤੀ। ਇਹ ਸਭ ਤੋਂ ਪਹਿਲਾਂ ਅਕਾਲੀ ਪੱਤਰਿਕਾ ਵਿੱਚ ਸ. ਗੁਰਬਖ਼ਸ਼ ਸਿੰਘ ਵਿਰਕ ਨੇ 1975 ’ਚ ਛਾਪੀ ਸੀ। ਉਦੋਂ ਅਕਾਲੀ ਪੱਤਰਿਕਾ ਪੰਜਾਬੀ ਦਾ ਸਭ ਤੋਂ ਵੱਡਾ ਅਖ਼ਬਾਰ ਹੋਣ ਦਾ ਦਾਅਵਾ ਕਰਦਾ ਸੀ। ਅਜੀਤ ’ਚ ਸਿਰਫ਼ ਗ਼ਜ਼ਲ ਹੀ ਛਪਦੀ ਸੀ, ਆਜ਼ਾਦ ਕਵਿਤਾ ਨਹੀਂ। ਇਸ ਦੇ ਸੰਪਾਦਕ ਸ਼ਾਦੀ ਸਿੰਘ ਐੱਮ ਏ ਨੇ ਆਪਣੇ ਕੈਬਿਨ ‘ਚ ਬੁਲਾ ਕੇ ਮੈਨੂੰ ਦੁਲਾਰਿਆ ਵੀ ਸੀ, ਛਪਣ ਉਪਰੰਤ ਜਲੰਧਰ ਵਿੱਚ ਅਖ਼ਬਾਰ ਦੇ ਦ਼ਫ਼ਤਰ ਜਾਣ ’ਤੇ। ਮਗਰੋਂ ਇਹੀ ਕਵਿਤਾ ਸਿਰਜਣਾ ’ਚ ਛਪੀ। ਇਸ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸਰਬ ਭਾਰਤੀ ਯੂਨੀਵਰਸਿਟੀਆਂ ਦੇ ਕਵਿਤਾ ਸਿਰਜਣ ਮੁਕਾਬਲੇ ’ਚ ਪਹਿਲਾ ਸਥਾਨ ਦਿੱਤਾ। ਇਸ ਕਵਿਤਾ ਨੇ ਹੀ ਸ਼ਿਵ ਕੁਮਾਰ ਦੀ ਯਾਦ ਵਿੱਚ ਸਥਾਪਿਤ ਗੋਲਡ ਮੈਡਲ ਯੂਨੀਵਰਸਿਟੀ ਕਨਵੋਕੇਸ਼ਨ ’ਤੇ ਭਾਰਤ ਦੇ ਉਪ ਰਾਸ਼ਟਰਪਤੀ ਡਾ. ਬੀ ਡੀ ਜੱਤੀ ਪਾਸੋਂ ਦਿਵਾਇਆ। ਇਸੇ ਨਾਮ ਹੇਠ ਮੇਰੀ ਪਹਿਲੀ ਕਾਵਿ ਕਿਤਾਬ 1978 ਵਿੱਚ ਛਪੀ। ਇਸ ਨੂੰ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਾਲ ਦੀ ਸਰਵੋਤਮ ਪੁਸਤਕ ਐਲਾਨ ਕੇ ਭਾਈ ਵੀਰ ਸਿੰਘ ਪੁਰਸਕਾਰ ਦਿੱਤਾ। ਇਨਾਮ ਰਾਸ਼ੀ ਤਾਂ ਪੰਜ ਸੌ ਰੁਪਏ ਹੀ ਸੀ ਪਰ ਉਸ ਨਾਲ ਮੈਂ ਆਪਣੇ ਕਿਰਾਏ ਦੇ ਮਕਾਨ ’ਚ ਪਹਿਲੀ ਵਾਰ ਦੋ ਛੱਤ ਵਾਲੇ ਦੇਸੀ ਪੱਖੇ ਅੰਬਰਸਰੋਂ ਮੰਗਵਾ ਕੇ ਲੁਆਏ। ਪੰਜਾਹ ਰੁਪਏ ਕੋਲੋਂ ਪਾ ਕੇ। ਲੁਆਈ ਵੱਖਰੀ। ਅੱਜ ਅਚਾਨਕ ਇਹ ਗੱਲ ਤੁਹਾਨੂੰ ਦੱਸਣ ਨੂੰ ਜੀਅ ਕੀਤਾ।

ਸ਼ੀਸ਼ਾ ਝੂਠ ਬੋਲਦਾ ਹੈ

ਮੇਰੇ ਸਿਰ ’ਤੇ ਇਹ ਕਿੱਦਾਂ ਦੀ ਸ਼ਾਮ ਢਲੀ ਹੈ

ਆਸਾਂ ਵਾਲੇ ਸਾਰੇ ਪੰਛੀ

ਬਿਨਾ ਚੋਗਿਉਂ ਮੁੜ ਆਏ ਨੇ

ਬਿਨ ਰੁਜ਼ਗਾਰ ਦਫ਼ਤਰੋਂ ਮੁੜ ਗਏ ਕਾਰਡ ਵਾਂਗੂੰ

ਵਿੱਥਾਂ ਵਿਰਲਾਂ ਦੇ ਵਿਚ

ਆ ਕੇ ਉਲਝ ਗਏ ਨੇ

ਮੇਰੇ ਸਿਰ ’ਤੇ ਇਹ ਕਿੱਦਾਂ ਦੀ ਸ਼ਾਮ ਢਲੀ ਹੈ

ਮਹਿਬੂਬਾ ਦਾ ਪੁੱਤਰ ਬਲਦੇ ਅੱਖਰਾਂ ਵਾਲਾ

ਘਰ ਦਾ ਪਰਛਾਵਾਂ ਪੈਂਦੇ ਹੀ

ਇਕ ਦਮ ਅੱਗ ਤੋਂ ਰਾਖ਼ ਬਣ ਗਿਆ

ਮੇਰੇ ਮੱਥੇ ਟਹਿਕਣ ਦੀ ਥਾਂ

ਦਾਗ਼ ਬਣ ਗਿਆ

ਇਹ ਕਿੱਦਾਂ ਦੀ ਸ਼ਾਮ ਕਿ ਸੁਪਨੇ ਮਾਤਮੀਆਂ ਦੇ ਵਾਂਗ ਬਰੂਹਾਂ ਮੱਲ ਬੈਠੇ ਨੇ ਕਾਲੇ ਸਿਆਹ ਚਿਹਰੇ ਲਟਕਾਈ ਵਾਲ ਖਿੰਡਾਈ ਕਿਸਦਾ ਪ੍ਰੇਤ ਡਰਾਵੇ ਦੇ ਦੇ ਘੂਰ ਰਿਹਾ ਹੈ

ਸ਼ਾਮ ਕਿਹੀ ਹੈ ?

ਵੱਸਦਾ ਸ਼ਹਿਰ ਪਰਾਇਆ ਵਾਂਗੂੰ ਜਾਪ ਰਿਹਾ ਹੈ

ਸੜਕਾਂ ਨਾਗਣੀਆਂ ਦੇ ਵਾਂਗੂੰ

ਦੋ-ਮੂੰਹਾਂ ਤੋਂ ਡੱਸ ਰਹੀਆਂ ਨੇ

ਕਿਸ ਪਾਸੇ ਵੱਲ ਜਾਵੇਂਗਾ ?

ਕਹਿ ਹੱਸ ਰਹੀਆਂ ਨੇ

ਸ਼ਾਮ ਢਲੀ ਹੈ

ਘਰ ਵੱਲ ਪਰਤ ਰਹੇ ਨੇ ਲੋਕੀਂ,

ਮੋਢਿਆਂ ਉੱਤੇ ਧੌਣ ਟਿਕਾਈ

ਕਿਹੜੇ ਨੇ ਇਹ ਬਾਹਾਂ ਵਾਲੇ ਟੁੰਡੇ ਲੋਕੀਂ ?

ਰੋਜ਼ ਸਵੇਰੇ

ਆਪਣੇ ਪਰਛਾਵੇਂ ਦੇ ਪਿੱਛੇ ਲੱਗ ਤੁਰਦੇ ਨੇ

ਸ਼ਾਮ ਢਲਦਿਆਂ

ਆਪਣੇ ਪਰਛਾਵੇਂ ਤੋਂ ਡਰ ਕੇ

ਅੱਗੇ ਅੱਗੇ ਨੱਸ ਤੁਰਦੇ ਨੇ

ਪਤਾ ਨਹੀਂ ਕਿਓਂ ?

ਨਿੱਤ ਦਾ ਇਹ ਬੌਣਾ ਜਿਹਾ ਜੀਵਨ

ਡਾਇਰੀ ਦੇ ਮੱਥੇ ’ਤੇ ਮੜ੍ਹ ਕੇ

ਮਾਣ ਜਹੇ ਨਾਲ

ਹਿੱਕਾਂ ਕੱਢ ਕੇ ਫਿਰ ਤੁਰਦੇ ਨੇ

ਮੇਰੇ ਸਿਰ ਤੇ ਇਹ ਕਿੱਦਾਂ ਦੀ ਸ਼ਾਮ ਢਲੀ ਹੈ

ਆਪਣੇ ਅੰਦਰ

ਝਾਤੀ ਪਾਉਣੋਂ ਡਰ ਲੱਗਦਾ ਹੈ।

ਕਿੰਜ ਦਾ ਕੋੜ੍ਹ ਜੋ ਮੇਰੇ ਹੱਡੀਂ ਰਚ ਚੁੱਕਾ ਹੈ

ਨਹੀਂ! ਨਹੀਂ ! ਇਹ ਕੋੜ੍ਹ ਮੇਰਾ ਆਪਣਾ ਤਾਂ ਨਹੀਂ ਹੈ ਮੈਂ ਜਿਸ ਤਪਦਿਕ ਮਾਰੀ ਕੌਮ ਦਾ ਵਾਰਿਸ ਬਣਿਆ ਉਸਦੇ ਹੱਥੀਂ ਕੋੜ੍ਹ ਕਈ ਸਦੀਆਂ ਦਾ ਤੁਰਿਆ ਗੰਦੇ ਨਾਵਲ ਬਲਿਊ ਫਿਲਮਾਂ ਤੱਕਦਾ ਬਾਬਲ ਕਿਸੇ ਬੇਟੇ ਤੋਂ ਚੰਗੇ ਚਾਲ-ਚਲਣ ਦੀਆਂ ਯਾਰੋ ਰੀਝਾਂ ਰੱਖਦੈ

ਸ਼ਾਮ ਢਲੀ ਹੈ

ਮੇਰੇ ਮਿੱਤਰਾਂ ਦੀ ਮਹਿਫ਼ਲ ਅੱਜ ਫੇਰ ਜੁੜੀ ਹੈ।

ਆਪੋ ਆਪਣੇ ਰੰਗਲੇ ਬਚਪਨ ਦਾ ਚਰਚਾ ਹੈ

ਮੈਨੂੰ ਆਪਣੇ ਬਚਪਨ ਤੋਂ ਅੱਜ ਤੀਕ ਦਾ ਹਰ ਪਲ

ਅੱਖ ਵਿਚ ਪਏ ਕਸੀਰਾਂ ਵਾਂਗੂੰ ਤੰਗ ਕਰਦਾ ਹੈ

ਮੈਨੂੰ ਕੁਝ ਵੀ ਰੰਗ ਬਰੰਗਾ ਚੇਤਾ ਨਹੀਂ ਹੈ

ਮੇਰੀਆਂ ਅੱਖਾਂ ਸਾਹਵੇਂ ਬਾਪੂ ਹੂੰਘ ਰਿਹਾ ਹੈ

ਮੇਰੀਆਂ ਅੱਖਾਂ ਸਾਹਵੇਂ ਮਾਂ ਬੀਮਾਰ ਦਾ ਗ਼ਮ ਹੈ

ਆਉਂਦੀ ਰਾਤ ਦਾ ਫ਼ਿਕਰ

ਤੇ ਅਗਲੇ ਡੰਗ ਦਾ ਝੋਰਾ

ਰਹਿ ਰਹਿ ਕੇ ਡੰਗ ਮਾਰ ਰਿਹਾ ਹੈ

ਜੇ ਕੋਈ ਪੁੱਛੇ ਮੈਂ ਸਾਰਾ ਦਿਨ ਕੀਹ ਕਰਦਾ ਹਾਂ

ਚੁੱਪ ਕਰਕੇ ਫੱਟ ਕਹਿ ਦੇਂਦਾ ਹਾਂ

ਥਲ ਵਿਚੋਂ ਮੱਛੀਆਂ ਫੜਦਾ ਹਾਂ

ਕਿੰਜ ਦੀ ਹੈ ਇਹ ਸ਼ਾਮ

ਕਿ ਸ਼ੀਸ਼ਾ ਝੂਠ ਬੋਲ ਕੇ ਹੱਸ ਰਿਹਾ ਹੈ

ਮੇਰਾ ਖੱਖਰੀ ਚਿਹਰਾ

ਚੰਦਰਾ ਅਜੇ ਸਬੂਤਾ ਦੱਸ ਰਿਹਾ ਹੈ ।

ਮੈਨੂੰ ਮੇਰਾ ਮਨ ਪੁੱਛਦਾ ਹੈ

ਤੇਰੇ ਸ਼ਬਦ-ਕੋਸ਼ ਵਿਚ

ਖਰ੍ਹਵੇ ਅੱਖ਼ਰਾਂ ਦੀ ਭਰਮਾਰ ਕਿਉਂ ਹੈ

ਕਈ ਜਨਮਾਂ ਦੀ ਪੀੜ ਭਟਕਣਾ

ਤੇਰੇ ਪੱਲੇ ਆਮ ਕਿਉਂ ਹੈ ?

ਆਪਣੇ ਹੀ ਬੋਲਾਂ ’ਤੇ ਤੇਰਾ ਕਬਜ਼ਾ ਨਹੀਂ ਹੈ

ਤੂੰ ਕਿਉਂ ਐਵੇਂ ਬੋਲ ਵਿਹੂਣਾ ਭਟਕ ਰਿਹਾ ਏਂ

ਕਿਉਂ ਆਪਣੇ ਪ੍ਰਛਾਵਿਉਂ ਡਰ ਕੇ

ਅੱਧ ਵਿਚਕਾਹੇ ਲਟਕ ਰਿਹਾ ਏਂ

ਕਿਉਂ ਚਿੜੀਆਂ ਦੇ ਵਾਂਗੂੰ

ਆਪਣੇ ਅਕਸ ’ਤੇ ਨੂੰਗੇ ਮਾਰ ਰਿਹਾ ਏ ?

ਤੇਰਾ ਏਦਾਂ ਸੁੰਨ ਬੈਠੇ ਬਿਲਕੁਲ ਨਹੀਂ ਸਰਨਾ

ਆਪਣੇ ਈ ਕੋੜ੍ਹਾਂ ਤੋਂ ਡਰਕੇ

ਤੂੰ ਕਿੰਨਾ ਚਿਰ ਅਟਕ ਲਵੇਂਗਾ ?

ਇਹ ਬੇਚੈਨੀ ਉਮਰਾ ਭਰਦੀ

ਤੂੰ ਕਿੰਨਾ ਚਿਰ ਭਟਕ ਲਵੇਂਗਾ ?

ਅਜੇ ਤਾਂ ਗਲ ਵਿਚ ਰੱਸਾ ਪਾਇਆ

ਤੂੰ ਕਿੰਨਾ ਚਿਰ ਲਟਕ ਲਵੇਂਗਾ ?

– ਗੁਰਭਜਨ ਗਿੱਲ