ਕਾਲੇ ਕਾਨੂੰਨਾਂ ਵਿਰੁਧ ਸੰਘਰਸ਼ ਵਿਚ ਕਿਸਾਨਾਂ ਦੀ ਸਫ਼ਲਤਾ

– ਨਿਮਰਤ ਕੌਰ

‘ਮਿਟੀ ਧੁੰਦ ਜਗ ਚਾਨਣ ਹੋਆ……ਸਤਿਗੁਰੂ ਨਾਨਕ ਪ੍ਰਗਟਿਆ’…। ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਤੇ ਕਿਸਾਨਾਂ ਦੀ ਜਿੱਤ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਾਡੇ ਇਤਿਹਾਸ ਵਿਚ ਦਰਜ ਕੀਤੇ ਪਹਿਲੇ ਕਿਸਾਨ ਬਾਬਾ ਨਾਨਕ ਹੀ ਸਨ ਜਿਨ੍ਹਾਂ ਨੇ ਅਪਣੀ ਕਿਸਾਨੀ ਦੀ ਕਿਰਤ ਉਤੇ ਨਿਰਭਰ ਰਹਿ ਕੇ ਹੀ ਅਪਣੇ ਆਪ ਦਾ ਤੇ ਪਰਵਾਰ ਦਾ ਨਿਰਬਾਹ ਵੀ ਕੀਤਾ ਤੇ ਮਦਦ ਮੰਗਣ ਆਏ ਹਰ ਗ਼ਰੀਬ ਦੀ ਰੱਜ ਕੇ ਮਦਦ ਕੀਤੀ ਤੇ ਸਿੱਖ ਫ਼ਲਸਫ਼ੇ ਨੂੰ ਜਨਮ ਦਿਤਾ।

ਪ੍ਰਧਾਨ ਮੰਤਰੀ ਮੋਦੀ ਨੇ ਇਕ ਸ਼ੁਭ ਦਿਨ ਨੂੰ ਅਪਣੀ 56 ਇੰਚ ਦੀ ਛਾਤੀ ਵਿਚ ਅਪਣਾ ਵੱਡਾ ਦਿਲ ਹੋਣ ਦਾ ਸਬੂਤ ਦੇਣ ਲਈ ਚੁਣਿਆ। ਇਕ ਪ੍ਰਧਾਨ ਮੰਤਰੀ ਵਲੋਂ ਇਸ ਕਦਰ ਸਾਡੀ ਤੇ ਅਪਣੀ ਗ਼ਲਤੀ ਦਾ ਅਹਿਸਾਸ ਕਰਨਾ ਛੋਟੀ ਗੱਲ ਨਹੀਂ। ਭਾਵੇਂ ਇਸ ਪਿੱਛੇ ਚੋਣਾਂ ਵਿਚ ਦਿਸਦੀ ਹਾਰ ਵੀ ਕੰਮ ਕਰ ਰਹੀ ਸੀ ਪਰ ਇਕ ਸਿਆਸਤਦਾਨ ਵਲੋਂ ਤੇ ਉਹ ਵੀ ਪੀ.ਐਮ ਮੋਦੀ ਵਰਗੇ ਸਿਆਸਤਦਾਨ ਵਲੋਂ ਅਪਣੇ ਕਦਮ ਵਾਪਸ ਚੁਕਣੇ, ਜਦਕਿ ਅੱਜ ਦੇ ਦਿਨ ਉਹ ਸ਼ਕਤੀਸ਼ਾਲੀ ਹਾਕਮ ਵੀ ਹਨ, ਕੋਈ ਛੋਟੀ ਗੱਲ ਵੀ ਨਹੀਂ।

ਅੱਜ ਦਿਲ ਭਾਵੇਂ 700 ਸ਼ਹੀਦ ਕਿਸਾਨਾਂ ਨੂੰ ਯਾਦ ਕਰ ਕੇ ਦੁਖੀ ਵੀ ਹੈ, ਪਰ ਫਿਰ ਵੀ ਅੱਜ ਖ਼ੁਸ਼ੀ ਹੈ ਕਿ ਅੱਜ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ ਤੇ ਅਪਣੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਵਿਚ ਕਿਸੇ ਹੋਰ ਕਿਸਾਨ ਨੂੰ ਸ਼ਹੀਦ ਨਹੀਂ ਹੋਣਾ ਪਵੇਗਾ। ਪਰ ਇਸ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਇਕ ਖ਼ਾਸ ਕਮੇਟੀ ਤਹਿਤ ਅੱਗੇ ਖੇਤੀ ਨੂੰ ਪੋਰਟੇਬਲ ਤੇ ਐਮ.ਐਸ.ਪੀ. ਤਹਿਤ ਕਰਨ ਦੀ ਯੋਜਨਾ ਬਣਾਉਣ ਵਾਸਤੇ ਪੀ.ਐਮ ਮੋਦੀ ਨੇ ਵੀ ਸੋਚਿਆ ਤਾਂ ਹੈ।

ਕਿਸਾਨੀ ਸੰਘਰਸ਼ ਦੀ ਜਿੱਤ ਸਿਰਫ਼ ਕਾਨੂੰਨ ਰੱਦ ਹੋਣ ਤਕ ਸੀਮਤ ਨਹੀਂ ਬਲਕਿ ਇਸ ਸੰਘਰਸ਼ ਨੇ ਅਜਿਹੀਆਂ ਪ੍ਰਥਾਵਾਂ ਦੀ ਸ਼ੁਰੂਆਤ ਕੀਤੀ ਹੈ ਜਿਨ੍ਹਾਂ ਦਾ ਅਸਰ ਸਾਨੂੰ ਹੁਣ ਅਪਣੇ ਸਿਆਸਤਦਾਨਾਂ ਵਿਚ ਵੀ ਵੇਖਣ ਨੂੰ ਮਿਲੇਗਾ। ਅੱਜ ਪ੍ਰਧਾਨ ਮੰਤਰੀ ਮੋਦੀ ਨੇ ਅਪਣਾ ਫ਼ੈਸਲਾ ਦੇ ਕੇ ਤੇ ਅਸਲੀ ਕਮੇਟੀ ਵਿਚ ਕਿਸਾਨਾਂ ਤੇ ਮਾਹਰਾਂ ਨੂੰ ਸ਼ਾਮਲ ਕਰਨ ਦਾ ਐਲਾਨ ਕਰ ਕੇ ਵਿਖਾ ਦਿਤਾ ਹੈ ਕਿ ਉਹ ਸਮਝ ਗਏ ਹਨ ਕਿ ਲੋਕਤੰਤਰ ਵਿਚ ਇਕ ਤਰਫ਼ਾ ਫ਼ੈਸਲੇ ਨਹੀਂ ਚਲ ਸਕਦੇ ਤੇ ਨਾ ਹੀ ਕਰਨੇ ਚਾਹੀਦੇ ਹਨ।

ਨੋਟਬੰਦੀ ਵੇਲੇ ਲੋਕਾਂ ਦੀ ਚੁੱਪੀ ਨੇ ਪ੍ਰਧਾਨ ਮੰਤਰੀ ਨੂੰ ਇਕ ਇਸ਼ਾਰਾ ਦਿਤਾ ਤੇ ਉਨ੍ਹਾਂ ਨੇ ਸੋਚ ਲਿਆ ਕਿ ਮੇਰੀ ਗ਼ਲਤੀ ਵੀ ਲੋਕ ਚੁਪਚਾਪ ਸਵੀਕਾਰ ਕਰ ਲੈਣਗੇ। ਤਾਂ ਹੀ ਆਖਦੇ ਹਨ : ਜ਼ੁਲਮ ਕਰਨ ਵਾਲੇ ਦੇ ਨਾਲ-ਨਾਲ ਜ਼ੁਲਮ ਸਹਿਣ ਵਾਲਾ ਵੀ ਬਰਾਬਰ ਦਾ ਦੋਸ਼ੀ ਹੁੰਦਾ ਹੈ ਤੇ ਕਿਸਾਨਾਂ ਨੇ ਅਪਣੀ ਆਵਾਜ਼ ਬੁਲੰਦ ਕਰ ਕੇ ਵਿਖਾ ਦਿਤਾ ਹੈ ਕਿ ਜ਼ੁਲਮ ਦੇ ਖ਼ਿਲਾਫ਼ ਬੋਲਣ ਦਾ ਫੱਲ ਕਿੰਨਾ ਮਿਠਾ ਹੁੰਦਾ ਹੈ। ਏਕਤਾ ਦੀ ਤਾਕਤ ਵੀ ਸਮਝ ਲਈ ਤੇ ਸ਼ਾਂਤਮਈ ਵਿਰੋਧ ਦੀ ਵੀ ਤਾਕਤ ਸਮਝ ਲਈ। ਅੱਜ ਜੇ ਕਿਸੇ ਦੇ ਦਾਮਨ ਤੇ ਖ਼ੂਨ ਦੇ ਧੱਬੇ ਲੱਗੇ ਹੋਏ ਦਿਸਦੇ ਹਨ ਤਾਂ ਉਹ ਸਰਕਾਰ ਦਾ ਦਾਮਨ ਹੈ ਤੇ ਕਿਸਾਨਾਂ ਨੇ ਇਕ ਵੀ ਜਾਮ ’ਚ ਕਿਸੇ ਦਾ ਨੁਕਸਾਨ ਨਹੀਂ ਹੋਣ ਦਿਤਾ।

ਕਿਸਾਨਾਂ ਨੇ ਤਾਂ ਅਪਣੇ ਉਤੇ ਲਾਠੀਆਂ ਵਰ੍ਹਾਉਣ ਵਾਲਿਆਂ ਨੂੰ ਵੀ ਲੰਗਰ ਛਕਾਇਆ। ਜੇ ਖੱਟਰ ਸਰਕਾਰ ਨੇ ਦੇਸ਼ ਦੀਆਂ ਸੜਕਾਂ ਪੁੱਟ ਕੇ ਦੇਸ਼ ਦੇ ਖ਼ਜ਼ਾਨੇ ਦਾ ਨੁਕਸਾਨ ਕੀਤਾ ਤਾਂ ਕਿਸਾਨਾਂ ਨੇ ਉਹ ਸਾਰੇ ਟੋਏ ਵੀ ਅਪਣੇ ਕੋਲੋਂ ਪੈਸੇ ਖ਼ਰਚ ਕੇ ਭਰ ਦਿਤੇ। ਕਿਸਾਨ ਜਦ ਵੀ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਆਉਣਗੇ ਤਾਂ ਉਹ ਸੜਕਾਂ ਦੇ ਕਿਨਾਰਿਆਂ ਨੂੰ ਹਰਿਆਵਲ ਨਾਲ ਭਰ ਕੇ ਆਉਣਗੇ।  ਕਿਸਾਨਾਂ ਨੂੰ, ਪ੍ਰਧਾਨ ਮੰਤਰੀ ਦੀ ਨਿਮਰਤਾ ਤੋਂ ਇਕ ਸਬਕ ਲੈਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਹੱਥ ਨੂੰ ਅਪਣੀ ਤਾਕਤ ਸਮਝਦੇ ਹੋਏ ਇਕ ਬਹਾਦਰ ਵਾਂਗ ਫੜਨਾ ਚਾਹੀਦਾ ਹੈ। ਇਸ ਕੇਮਟੀ ਨੂੰ ਅਪਣੇ ਆਉਣ ਵਾਲੇ ਕਲ ਨੂੰ ਸੁਰੱਖਿਅਤ ਬਣਾਉਣ ਵਿਚ ਪ੍ਰਧਾਨ ਮੰਤਰੀ ਦਾ ਸਾਥ ਦੇਣਾ ਚਾਹੀਦਾ ਹੈ। ਅਸੀਂ ਕਿਸਾਨਾਂ ਦੀ ਬਹਾਦਰੀ ਦੇਖੀ ਹੈ, ਉਨ੍ਹਾਂ ਦੀ ਨਿਮਰਤਾ ਦੇਖੀ ਹੈ, ਉਨ੍ਹਾਂ ਦਾ ਜੋਸ਼ ਤੇ ਹੋਸ਼ ਵੀ ਵੇਖਿਆ ਹੈ ਤੇ ਹੁਣ ਉਨ੍ਹਾਂ ਦੀ ਸਿਆਸੀ ਚਤੁਰਾਈ ਵੇਖਣ ਦੀ ਵੀ ਤਾਂਘ ਹੈ।