ਸਕਾਟਲੈਂਡ: ਨਿਕੋਲਾ ਸਟਰਜਨ ਦਾ ਫਸਟ ਮਨਿਸਟਰ ਵਜੋਂ ਲੰਬੇ ਸਮੇਂ ਤੱਕ ਸੇਵਾਵਾਂ ਦੇਣ ਦਾ ਇਰਾਦਾ

2023 ‘ਚ ਸਕਾਟਲੈਂਡ ਦੀ “ਆਜ਼ਾਦੀ” ਲਈ ਰੈਫਰੰਡਮ ਵੱਲ ਇਸ਼ਾਰਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਕਿਹਾ ਹੈ ਕਿ ਉਹ ਆਪਣੇ ਭਵਿੱਖ ਬਾਰੇ ਅਟਕਲਾਂ ਦੇ ਵਿਚਕਾਰ ਫਸਟ ਮਨਿਸਟਰ ਵਜੋਂ ਬਹੁਤ ਲੰਬੇ ਸਮੇਂ ਲਈ ਸੇਵਾਵਾਂ ਨਿਭਾਏਗੀ। ਐੱਸ ਐੱਨ ਪੀ ਨੇਤਾ ਸਟਰਜਨ ਅਨੁਸਾਰ ਉਸਦਾ ਕਿਤੇ ਵੀ ਜਾਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਹੋਲੀਰੂਡ ਚੋਣਾਂ ਵਿੱਚ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇਗੀ। ਐੱਸ ਐੱਨ ਪੀ ਨੇ ਸਕਾਟਿਸ਼ ਸੰਸਦ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਆਪਣੀ ਸਥਿਤੀ ਨੂੰ ਆਸਾਨੀ ਨਾਲ ਬਰਕਰਾਰ ਰੱਖਣ ਤੋਂ ਬਾਅਦ ਸਟਰਜਨ ਨੂੰ ਮਈ ਵਿੱਚ ਦੂਜੀ ਵਾਰ ਫਸਟ ਮਨਿਸਟਰ ਵਜੋਂ ਦੁਬਾਰਾ ਚੁਣਿਆ ਸੀ। ਹਾਲਾਂਕਿ, ਰਾਜਨੀਤਿਕ ਵਿਰੋਧੀਆਂ ਦੇ ਦਾਅਵੇ ਅਨੁਸਾਰ ਸਟਰਜਨ 2026 ਵਿੱਚ ਖਤਮ ਹੋਣ ਵਾਲੀ ਪੂਰੀ ਮਿਆਦ ਦੀ ਸੇਵਾ ਨਹੀਂ ਕਰੇਗੀ। ਇਸ ਤੋਂ ਪਹਿਲਾਂ ਸਟਰਜਨ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਉਸ ਦੀ ਰਾਜਨੀਤੀ ਤੋਂ ਬਾਅਦ ਦੀ ਜ਼ਿੰਦਗੀ ‘ਤੇ ਨਜ਼ਰ ਹੈ। ਪਰ ਉਸਨੇ ਇੱਕ ਇੰਟਰਵਿਊ ਵਿੱਚ, ਫਸਟ ਮਨਿਸਟਰ ਵਜੋਂ ਲੰਬਾ ਸਮਾਂ ਸੇਵਾਵਾਂ ਨਿਭਾਉਣ ਦੇ ਆਪਣੇ ਇਰਾਦੇ ਨੂੰ ਪ੍ਰਗਟ ਕੀਤਾ ਹੈ। ਸਟਰਜਨ ਨੇ ਇਹ ਵੀ ਕਿਹਾ ਕਿ ਉਹ 2023 ਦੇ ਅੰਤ ਤੋਂ ਪਹਿਲਾਂ ਸੁਤੰਤਰਤਾ ‘ਤੇ ਜਨਮਤ ਰਾਇਸ਼ੁਮਾਰੀ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇਗੀ।

Comments are closed, but trackbacks and pingbacks are open.