ਦੁਨੀਆਂ ਭਰ ਦੀਆਂ ਸਿੱਖ ਸੰਗਤਾਂ 26 ਦਸੰਬਰ 2021 ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ ਕਰਨ

ਜਲੰਧਰ- ਪੰਥ ਸੇਵਾ ਨੂੰ ਸਮਰਪਿਤ ਸਿੱਖ ਨੌਜਵਾਨਾਂ ਨੇ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਨੂੰ 26 ਦਸੰਬਰ 2021 ਨੂੰ ਸਮੂਹ ਬੰਦੀ ਸਿੰਘਾਂ ਦੀ ਚੜ੍ਹਦੀਕਲਾ ਅਤੇ 25 ਸਾਲ ਤੋਂ ਵੱਧ ਉਮਰਕੈਦ ਕੱਟ ਚੁੱਕੇ 9 ਬੰਦੀ ਸਿੰਘਾਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ,ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਦੀਪ ਸਿੰਘ ਖੇੜਾ ਦੀ ਪੱਕੀ ਰਿਹਾਈ ਲਈ ਅਰਦਾਸ ਸਮਾਗਮ ਕਰਨ ਦੀ ਅਪੀਲ ਕੀਤੀ ।

ਇਸ ਮੌਕੇ ਪੰਥ ਸੇਵਕ ਜਥਾ ਦੁਆਬਾ ਦੇ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਦੇਸ਼-ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸਿੱਖ ਸੰਪਰਦਾਵਾਂ, ਸਿੱਖ ਸੰਸਥਾਵਾਂ ਤੇ ਜਥੇਬੰਦੀਆਂ, ਸੇਵਾ ਸਭਾਵਾਂ ਵੀ 26 ਦਸੰਬਰ 2021 ਨੂੰ ਆਪਣੇ ਨੇੜਲੇ ਗੁਰਦੁਆਰਾ ਸਾਹਿਬਾਨ ਵਿੱਚ ਬੰਦੀ ਸਿੰਘਾਂ ਦੀ ਚੜ੍ਹਦੀਕਲਾ ਅਤੇ ਰਿਹਾਈ ਲਈ ਅਰਦਾਸ ਸਮਾਗਮ ਕਰਵਾਉਣ।ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਕਰੇ ਕੇਜਰੀਵਾਲ ਸਰਕਾਰ-

ਬੀਤੇ 26 ਸਾਲਾਂ ਤੋਂ ਕੈਦ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਵਿਚਲੇ ਸਾਰੇ ਕਾਨੂੰਨੀ ਅੜਿੱਕੇ ਹੁਣ ਦੂਰ ਹੋ ਚੁੱਕੇ ਹਨ ਇਸ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਬਿਨਾ ਦੇਰੀ ਪ੍ਰੋ. ਭੁੱਲਰ ਦੀ ਰਿਹਾਈ ਦੇ ਪਰਵਾਨੇ ਉੱਤੇ ਦਸਤਖਤ ਕਰਕੇ ਰਿਹਾਈ ਕਰਨੀ ਚਾਹੀਦੀ ਹੈ।

ਇਹ ਮਸਲਾ ਚੁੱਕਦਿਆਂ ਅੱਜ ਪੰਜਾਬ ਵਿਚਲੇ ਸਿੱਖ ਨੌਜਵਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਲ 1995 ਤੋਂ ਜੇਲ੍ਹ ਵਿਚ ਕੈਦ ਪ੍ਰੋ. ਭੁੱਲਰ ਦੀ ਰਿਹਾਈ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਸਹਿਮਤੀ ਦੇ ਚੁੱਕੀ ਹੈ ਅਤੇ ਜੇਲ੍ਹ ਪ੍ਰਸ਼ਾਸਨ, ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੇ ਵੀ ਉਸਦੀ ਰਿਹਾਈ ਨਾਲ ਸਹਿਮਤੀ ਪ੍ਰਗਾਟਾਈ ਹੈ ਤੇ ਹੁਣ ਸਿਰਫ ਕੇਜਰੀਵਾਲ ਸਰਕਾਰ ਦੇ ਦਸਤਖਤਾਂ ਉੱਤੇ ਨਿਰਭਰ ਹੈ।

ਇਸ ਮੌਕੇ ਪ੍ਰੋ. ਭੁੱਲਰ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਲ 2019 ਵਿਚ ਪ੍ਰੋ. ਭੁੱਲਰ ਦੀ ਪੱਕੀ ਰਿਹਾਈ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਵਿਰੁਧ ਸੁਪਰੀਮ ਕੋਰਟ ਵਿਚ ਪਈ ਇਕ ਪਟੀਸ਼ਨ ਕਾਰਨ ਪ੍ਰੋ. ਭੁੱਲਰ ਦੀ ਰਿਹਾਈ ਦਾ ਮਾਮਲਾ ਲਮਕ ਗਿਆ ਸੀ। ਪਰ ਹੁਣ ਸੁਪਰੀਮ ਕੋਰਟ ਨੇ ਇਹ ਪਟੀਸ਼ਨ ਖਾਰਜ ਕਰਕੇ ਇਹ ਰੁਕਾਵਟ ਵੀ ਦੂਰ ਕਰ ਦਿੱਤੀ ਹੈ। ਉਹਨਾ ਕਿਹਾ ਕਿ ਦਿੱਲੀ ਸਰਕਾਰ ਨੂੰ ਤਾਜਾ ਸਥਿਤੀ ਤੋਂ ਜਾਣੂ ਕਰਵਾਇਆ ਜਾ ਚੁੱਕਾ ਹੈ ਤੇ ਕੇਜਰੀਵਾਲ ਸਰਕਾਰ ਨੂੰ ਬਿਨਾ ਦੇਰੀ ਪ੍ਰੋ. ਭੁੱਲਰ ਦੀ ਰਿਹਾਈ ਕਰਨੀ ਚਾਹੀਦੀ ਹੈ ਕਿਉਂਕਿ ਪਹਿਲਾਂ ਕੇਜਰੀਵਾਲ ਖੁਦ ਵੀ ਉਹਨਾ ਦੀ ਰਿਹਾਈ ਦੀ ਮੰਗ ਕਰਦੇ ਰਹੇ ਹਨ।

ਇਸ ਮੌਕੇ ਅਜੈਪਾਲ ਸਿੰਘ ਬਰਾੜ, ਪਰਮਜੀਤ ਸਿੰਘ ਮੰਡ, ਸੁਖਦੀਪ ਸਿੰਘ ਮੀਕੇ, ਦਵਿੰਦਰ ਸਿੰਘ ਸੇਖੋਂ, ਜੁਝਾਰ ਸਿੰਘ, ਇੰਦਰਪਾਲ ਸਿੰਘ, ਪਰਦੀਪ ਸਿੰਘ ਇਆਲੀ, ਅਤੇ ਪਰਮਜੀਤ ਸਿੰਘ ਗਾਜ਼ੀ ਵੀ ਹਾਜ਼ਰ ਸਨ

Comments are closed, but trackbacks and pingbacks are open.