ਸਾਊਥਾਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ

ਪੰਜਾਬੀ ਪੱਬ ਸਕਾਟਮੈਨ ਦੀ ਭੰਨਤੋੜ

ਸਾਊਥਾਲ – ਇੱਥੋਂ ਦੀ ਸਕਾਟਸ ਰੋਡ ’ਤੇ ਸਥਿੱਤ ਪ੍ਰਸਿੱਧ ਪੰਜਾਬੀ ਪੱਬ ਦੀ ਗੁੰਡਿਆਂ ਵਲੋਂ ਭੰਨਤੋੜ ਕਰਕੇ ਗੁੰਡਾਗਰਦੀ ਦਾ ਨੰਗਾ ਨਾਚ ਨਚਾਇਆ ਗਿਆ ਹੈ ਜਿਸ ਸਬੰਧਿਤ ਸਥਾਨਕ ਪੁਲਿਸ ਕਿਸੇ ਨਤੀਜੇ ’ਤੇ ਪਹੁੰਚ ਨਹੀਂ ਰਹੀ ਹੈ।

ਸਕਾਟਸਮੈਨ ਪੱਬ ਦੇ ਮਾਲਕ ਸੁਰਿੰਦਰ ਸਿੰਘ ਸ਼ਿੰਦਾ ਨੇ ‘ਦੇਸ ਪ੍ਰਦੇਸ’ ਨੂੰ ਦੱਸਿਆ ਕਿ ਸ਼ਨੀਵਾਰ 11 ਜਨਵਰੀ 2025 ਦੀ ਰਾਤ ਨੂੰ ਉਹ ਆਮ ਵਾਂਗ ਲੋਕਾਂ ਦੀ ਸੇਵਾ ਕਰਨ ਬਾਅਦ 12 ਵਜੇ ਤੋਂ ਬਾਅਦ ਪੱਬ ਬੰਦ ਕਰਕੇ ਘਰ ਚਲੇ ਗਏ ਸਨ ਜੋ ਪੱਬ ਦੇ ਨਜ਼ਦੀਕ ਹੈ।

ਜਦ ਉਹ ਸਵੇਰੇ ਐਤਵਾਰ ਪੱਬ ਖੋਹਲਣ ਲਈ ਪੁੱਜੇ ਤਾਂ ਉਨਾਂ ਦੇਖਿਆ ਕਿ ਪੱਬ ਦੇ ਬੂਹੇ ਬਾਰੀਆ ਤੋੜੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਬਾਹਰ ਖੜ੍ਹੀ ਗੱਡੀ ਦੇ ਸ਼ੀਸ਼ੇ ਵੀ ਭੰਨੇ ਹੋਏ ਸਨ। ਪੁਲਿਸ ਬੁਲਾਉਣ ’ਤੇ ਸਾਰੀ ਜਾਂਚ ਕੀਤੀ ਗਈ ਅਤੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਹਮਲਾਵਾਰਾਂ ਦੀ ਕਾਰ ਦਿਖਾਈ ਦਿੱਤੀ ਪਰ ਉਸ ਕਾਰ ਦਾ ਨੰਬਰ ਸਪੱਸ਼ਟ ਦਿਖਾਈ ਨਹੀਂ ਦਿੱਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਹਮਲਾਵਾਰਾਂ ਦੀ ਗੱਡੀ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਈ ਦਿਨ ਬੀਤਣ ਬਾਅਦ ਵੀ ਕੋਈ ਸਿੱਟਾ ਨਹੀਂ ਨਿਕਲਿਆ ਜਿਸ ਤੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਸਾਫ਼ ਨਜ਼ਰ ਆ ਰਹੀ ਹੈ।

ਸਕਾਟਸਮੈਨ ਦੇ ਮਾਲਕ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਬਾਅਦ ਕਈ ਲੋਕ ਆਪਸ ਵਿੱਚ ਉਲਝ ਜਾਂਦੇ ਹਨ ਪਰ ਉਹ ਹਮੇਸ਼ਾ ਸਮਝੌਤਾ ਕਰਵਾ ਦਿੰਦੇ ਹਨ ਪਰ ਇਹ ਤੋੜ ਫੋੜ ਕਰਨ ਵਾਲੇ ਲੋਕਾਂ ਨੇ ਕਿਉ ਕੀਤਾ ਅਤੇ ਪੁਲਿਸ ਅਜੇ ਤੱਕ ਕਿਸੇ ਨੂੰ ਗਿ੍ਰਫ਼ਤਾਰ ਨਹੀਂ ਕਰ ਸਕੀ, ਇਹ ਸਵਾਲ ਬਣਿਆ ਹੋਇਆ ਹੈ। ਜੇਕਰ ਕਿਸੇ ਨੇ ਇਸ ਹਮਲੇ ਨੂੰ ਦੇਖਿਆ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।

Comments are closed, but trackbacks and pingbacks are open.