ਸਕਾਟਲੈਂਡ ਪਾਰਲੀਮੈਂਟ ਵਿੱਚ ਵਿਸਾਖੀ ਦੇ ਜਸ਼ਨ, ਜੈਕਾਰਿਆਂ ਨਾਲ ਗੂੰਜਿਆ ਪਾਰਲੀਮੈਂਟ 

ਬੱਚਿਆਂ ਦੀ ਪੇਸ਼ਕਾਰੀ ਤੇ ਗੱਤਕੇ ਦੇ ਜੌਹਰ ਨੇ ਸਮਾਂ ਬੰਨ੍ਹਿਆ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਗੁਰਦੁਆਰਾ ਕੌਂਸਲ ਦੇ ਵਿਸ਼ੇਸ਼ ਉੱਦਮ ਤੇ ਸਕਾਟਲੈਂਡ ਦੀ ਪਹਿਲੀ ਔਰਤ ਐੱਮ ਐੱਸ ਪੀ ਪੈਮ ਗੋਸਲ ਦੇ ਸਹਿਯੋਗ ਨਾਲ ਸਕਾਟਿਸ਼ ਪਾਰਲੀਮੈਂਟ ਵਿੱਚ ਵਿਸਾਖੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ।

ਵੱਡੀ ਗਿਣਤੀ ਵਿੱਚ ਪਹੁੰਚੇ ਭਾਈਚਾਰੇ ਦੇ ਲੋਕਾਂ ਨੂੰ ਸ਼ੁਰੂਆਤੀ ਸੰਬੋਧਨ ਰਾਹੀਂ ਸਕਾਟਲੈਂਡ ਦੀ ਹੁਣ ਤੱਕ ਦੀ ਪਹਿਲੀ ਸਿੱਖ ਔਰਤ ਐੱਮ ਐੱਸ ਪੀ ਪੈਮ ਗੋਸਲ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ।

ਇਸ ਉਪਰੰਤ ਕੰਜਰਵੇਟਿਵ ਪਾਰਟੀ ਐੱਮ ਪੀ ਡਗਲਸ ਰੌਸ, ਲੇਬਰ ਪਾਰਟੀ ਲੀਡਰ ਅਨਸ ਸਰਵਰ, ਗਲਾਸਗੋ ਗੁਰਦੁਆਰਾ ਕੌਂਸਲ ਦੇ ਪ੍ਰਧਾਨ ਲਭਾਇਆ ਸਿੰਘ ਮਹਿਮੀ ਤੇ ਗੁਰਸ਼ਿੰਦਰ ਕੌਰ ਭੰਡਾਲ ਆਦਿ ਨੇ ਆਪਣੇ ਸੰਬੋਧਨ ਦੌਰਾਨ ਸੰਗਤਾਂ ਨੂੰ ਵਿਸਾਖੀ ਦੀ ਵਧਾਈ ਪੇਸ਼ ਕੀਤੀ। ਗਿਆਨੀ ਦਲਜੀਤ ਸਿੰਘ ਆਨੰਦ ਤੇ ਬਲਜੀਤ ਸਿੰਘ ਵੱਲੋਂ ਧਾਰਮਿਕ ਸ਼ਬਦ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇਸ ਉਪਰੰਤ ਮੰਚ ਸੰਚਾਲਨ ਕਰਦਿਆਂ ਗਲਾਸਗੋ ਗੁਰਦੁਆਰਾ ਕੌਂਸਲ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਚੌਧਰੀ (ਐੱਮ ਬੀ ਈ) ਨੇ ਜਿੱਥੇ ਸਕਾਟਲੈਂਡ ਤੇ ਯੂਕੇ ਵਿੱਚ ਵਿਸਾਖੀ ਦੀ ਸਰਕਾਰੀ ਛੁੱਟੀ ਕਰਵਾਉਣ ਲਈ ਉਪਰਾਲੇ ਤੇਜ਼ ਕਰਨ ਲਈ ਮੈਂਬਰ ਪਾਰਲੀਮੈਂਟ ਸਾਹਿਬਾਨਾਂ ਨੂੰ ਅਪੀਲ ਕੀਤੀ ਉੱਥੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਸਿੱਖ ਭਾਈਚਾਰੇ ਪ੍ਰਤੀ ਆਪਣੇ ਰਵੱਈਏ ਵਿੱਚ ਨਰਮੀ ਲਿਆਵੇ।

ਇਸ ਉਪਰੰਤ ਉਹਨਾਂ ਬੱਚਿਆਂ ਦੀ ਪੇਸ਼ਕਾਰੀ ਦੀ ਸ਼ੁਰੂਆਤ ਕਰਨ ਲਈ ਹਿੰਮਤ ਖੁਰਮੀ ਨੂੰ ਸੱਦਾ ਦਿੱਤਾ।ਹਿੰਮਤ ਖੁਰਮੀ ਨੇ “ਏਸੇ ਗੱਲੋਂ ਜੱਗ ਤੋਂ ਨਿਆਰਾ ਖ਼ਾਲਸਾ” ਕਵਿਤਾ ਵਿਲੱਖਣ ਅੰਦਾਜ ‘ਚ ਬੋਲ ਕੇ ਖੂਬ ਤਾੜੀਆਂ ਬਟੋਰੀਆਂ ਤੇ ਸੰਗਤਾਂ ਵੱਲੋਂ ਮਾਣ ਹਿਤ ਜੈਕਾਰਿਆਂ ਦੀ ਝੜੀ ਲਾ ਦਿੱਤੀ।

ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਦੇ ਪੰਜਾਬੀ ਸਕੂਲ ਦੀ ਤਰਫੋਂ ਸ੍ਰੀਮਤੀ ਅਮਰਜੀਤ ਕੌਰ ਤੇ ਸਤਬਿੰਦਰ ਕੌਰ ਦੀ ਅਗਵਾਈ ਹੇਠ ਸੁਖਮਨੀ ਕੌਰ, ਨਿਮਰਤ ਕੌਰ, ਜੈਦੀਪ ਸਿੰਘ ਦਿਓਲ, ਅਰਵਿਨ ਸਿੰਘ, ਅਮ੍ਰਿਤਪਾਲ ਸਿੰਘ ਅਟਵਾਲ, ਬ੍ਰਹਮਜੋਤ ਕੌਰ, ਹਰਲੀਨ ਕੌਰ ਗਿੱਲ, ਗੁਰਲੀਨ ਕੌਰ ਗਿੱਲ, ਸੁਬੀਰ ਸਿੰਘ, ਸ਼ੁਭਮਨਦੀਪ ਸਿੰਘ, ਹਰਗੁਣ ਕੌਰ, ਸਿਮਰਲੀਨ ਕੌਰ ਨੇ ਵਿਸਾਖੀ, ਖਾਲਸਾ ਦਿਵਸ ਤੇ ਸਿੱਖ ਧਰਮ ਨਾਲ ਸਬੰਧਤ ਜਾਣਕਾਰੀ ਭਾਵਪੂਰਤ ਢੰਗ ਨਾਲ ਸਾਂਝੀ ਕੀਤੀ।

ਇਸ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੱਤਕਾ ਅਖਾੜਾ ਗਲਾਸਗੋ ਦੇ ਵਿਦਿਆਰਥੀਆਂ ਨੇ ਭਾਈ ਵਿਕਰਮ ਸਿੰਘ ਦੀ ਅਗਵਾਈ ਹੇਠ ਗੱਤਕੇ ਦੇ ਜੌਹਰ ਦਿਖਾ ਕੇ ਕਮਾਲ ਕੀਤੀ।

ਇਸ ਸਮੇਂ ਪੈਮ ਗੋਸਲ ਦੇ ਮਾਤਾ ਜੀ ਬਲਵੀਰ ਕੌਰ ਗੋਸਲ, ਡਾ: ਇੰਦਰਜੀਤ ਸਿੰਘ, ਰੇਸ਼ਮ ਸਿੰਘ ਕੂਨਰ, ਚਰਨ ਦਾਸ, ਗੁਰਨਾਮ ਸਿੰਘ ਧਾਮੀ, ਕਸ਼ਮੀਰ ਸਿੰਘ ਉੱਪਲ, ਸਵਰਨ ਕੌਰ ਚੌਧਰੀ (ਬੀ ਈ ਐੱਮ), ਦਰਸ਼ਨ ਸਿੰਘ, ਜਗਦੀਸ਼ ਸਿੰਘ, ਕਰਤਾਰ ਸਿੰਘ ਵਿਰ੍ਹੀਆ,  ਗੁਰਬਖਸ਼ ਸਿੰਘ ਸੱਗੂ, ਕੁਲਵੰਤ ਸਿੰਘ ਲੋਟੇ, ਅਮਰ ਚੁੰਬਰ, ਜਸਪਾਲ ਸਿੰਘ ਮਠਾੜੂ, ਲੀਡਰ ਸਾਬ੍ਹ, ਪਾਲ ਸਿੰਘ, ਰਘਵੀਰ ਸਿੰਘ ਦਿਓਲ, ਮਨਦੀਪ ਸਿੰਘ, ਗੁਰਮੀਤ ਕੌਰ, ਸਵਿੰਦਰ ਸਿੰਘ, ਲੀਨਾ ਕੌਰ, ਦਵਿੰਦਰ ਕੌਰ, ਰਮਨ ਕੌਰ, ਜਸਵੀਰ ਸਿੰਘ, ਜਗਰੂਪ ਸਿੰਘ ਰੂਪਾ, ਭੋਗਲ ਪਰਿਵਾਰ ਸਮੇਤ, ਭਜਨ ਸਿੰਘ ਆਦਿ ਸਮੇਤ ਭਾਈਚਾਰੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ। 

Comments are closed, but trackbacks and pingbacks are open.