ਲੰਡਨ ਦੇ ਪ੍ਰਸਿੱਧ ਹੋਟਲ ਕਾਰੋਬਾਰੀ ਜੋਗਿੰਦਰ ਸਾਂਗਰ ਦਾ ਦੇਹਾਂਤ

ਚੈਰਿਟੀ ਕਾਰਜਾਂ ਵਿੱਚ ਮੋਹਰੀ ਰਹਿ ਕੇ ਨਾਮ ਕਮਾਇਆ

ਲੰਡਨ – ਵਿਸ਼ਵ ਦੇ ਪੰਜਾਬੀ ਜਗਤ ਵਿੱਚ ਇਹ ਖ਼ਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਲੰਡਨ ਦੇ ਪ੍ਰਸਿੱਧ ਹੋਟਲ ਕਾਰੋਬਾਰੀ ਸ਼੍ਰੀ ਜੋਗਿੰਦਰ ਸਾਂਗਰ ਬੀਤੇ ਸ਼ੁੱਕਰਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ 82 ਸਾਲਾਂ ਦੇ ਸਨ।

ਜਲੰਧਰ ਦੇ ਹਲਕੇ ਫਿਲੌਰ ਨੇੜਲੇ ਪਿੰਡ ਅਪਰਾ ਦੇ ਜੰਮਪਲ ਜੋਗਿੰਦਰ ਸਾਂਗਰ ਨੇ ਇੰਗਲੈਂਡ ਆ ਕੇ ਮਿਹਨਤ ਮੁਸ਼ੱਕਤ ਕੀਤੀ ਅਤੇ ਜਲਦੀ ਟਰੈਵਲ ਏਜੰਸੀ ਦਾ ਕਾਰੋਬਾਰ ਸਥਾਪਿਤ ਕਰ ਲਿਆ ਸੀ। ਉਹ ਪਹਿਲੇ ਪੰਜਾਬੀ ਟਰੈਵਲ ਏਜੰਟ ਸਨ ਜਿਨ੍ਹਾਂ ਨੂੰ ਏਅਰ ਇੰਡੀਆ ਵਲੋਂ ਟਿਕਟ ਏਜੰਸੀ ਦਿੱਤੀ ਗਈ ਸੀ ਜਿਸ ਨੂੰ ਉਨ੍ਹਾਂ ਨੇ ਲੰਬਾ ਸਮਾਂ ‘‘ਹਿੰਦੋਸਤਾਨ ਟਰੈਵਲ’’ ਦੇ ਨਾਮ ਹੇਠ ਕਾਮਯਾਬੀ ਨਾਲ ਚਲਾਇਆ ਪਰ ਉਹ ਸ਼ੌਕੀਆ ਤੌਰ ’ਤੇ ਅਖ਼ੀਰ ਤੱਕ ਏਅਰ ਇੰਡੀਆ ਦੀਆਂ ਉੱਚ ਸ਼੍ਰੇਣੀ ਟਿਕਟਾਂ ਦਿਵਾਉਣ ਵਿੱਚ ਕਾਰਜਸ਼ੀਲ ਰਹੇ।

ਭਾਵੇਂ ਉਹ ਟਰੈਵਲ ਏਜੰਸੀ ਦਾ ਕਾਰੋਬਾਰ ਵੱਖ ਤੌਰ ’ਤੇ ਚਲਾਉਦੇ ਰਹੇ ਪਰ ਉਨ੍ਹਾਂ ਨੇ ਆਪਣਾ ਮੁੱਖ ਕਾਰੋਬਾਰ ਹੋਟਲਾਂ ਨੂੰ ਬਣਾਇਆ ਜਿਸ ਅਧੀਨ ਉਨ੍ਹਾਂ ਨੇ ਵਾਸ਼ਿੰਗਟਨ ਮੇਅਫੇਅਰ ਹੋਟਲ ਲੰਡਨ, ਕੋਰਟ ਹਾੳੂਸ ਹੋਟਲ ਲੰਡਨ (ਸੋਹੋ ਅਤੇ ਸ਼ੋਰਡਿੱਚ), ਕਨਸਿੰਗਟਨ ਲੰਡਨ ਵਿਖੇ ਸ਼ਾਨਦਾਰ ਬੈਂਟਲੀ ਹੋਟਲ ਅਤੇ ਲੰਡਨ ਹੀਥਰੋ ਦੇ ਮੁੱਢ ਹੈਸਟਨ ਹਾਈਡ ਹੋਟਲ ਸਥਾਪਿਤ ਕੀਤੇ। ਉਨ੍ਹਾਂ ਦੇ ਹੋਟਲਾਂ ਦੀ ਪ੍ਰਾਹੁਣਚਾਰੀ ਭਾਰਤ ਦੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਤੋਂ ਇਲਾਵਾ ਵੱਖ-ਵੱਖ ਮੁੱਖ ਮੰਤਰੀ, ਉੱਚ ਅਧਿਕਾਰੀ, ਬਾਲੀਵੁੱਡ ਦੇ ਉੱਚ ਕੋਟੀ ਦੇ ਅਭਿਨੇਤਾ ਮਾਣ ਚੁੱਕੇ ਹਨ।

ਜੋਗਿੰਦਰ ਸਾਂਗਰ ‘ਦੇਸ ਪ੍ਰਦੇਸ’ ਦੇ ਬਾਨੀ ਸੰਪਾਦਕ ਤਰਸੇਮ ਸਿੰਘ ਪੁਰੇਵਾਲ, ਬ੍ਰਮਿੰਘਮ ਦੇ ਉੱਘੇ ਕਾਰੋਬਾਰੀ ਅਵਤਾਰ ਸਿੰਘ ਕੰਗ, ਕਾਰੋਬਾਰੀ ਰੇਸ਼ਮ ਮੰਡੇਰ ਅਤੇ ਪੰਜਾਬ ਦੇ ਐਮ.ਪੀ. ਬਲਬੀਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਸਹਿਯੋਗ ਨਾਲ ਇੰਗਲੈਂਡ ਦੀ ਕਬੱਡੀ ਟੀਮ ਪਹਿਲੀ ਵਾਰ ਭਾਰਤ ਲੈ ਕੇ ਗਏ ਸਨ। ਉਨ੍ਹਾਂ ਨੇ ਇੰਡੀਅਨ ਸਪੋਰਟਸ ਐਸੋਸੀਏਸ਼ਨ ਅਧੀਨ ਵਿਸ਼ਵ ਭਰ ਵਿੱਚ ਕਈ ਟੂਰਨਾਮੈਂਟ ਕਰਵਾਏ ਜਿਨ੍ਹਾਂ ਵਿਚੋਂ ਗੁਰੂ ਨਾਨਕ ਸਿੱਖ ਸਕੂਲ ਹੇਜ਼ ਵਿਖੇ ਕਰਵਾਇਆ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ ਜਿਸ ਵਿੱਚ ਪੰਜਾਬੀਆਂ ਨੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ ਸੀ।

ਸ਼੍ਰੀ ਜੋਗਿੰਦਰ ਸਾਂਗਰ ਆਪਣੇ ਪਿੱਛੇ ਪਤਨੀ ਸੁਨੀਤਾ ਸਾਂਗਰ, ਸਪੁੱਤਰ ਗਰੀਸ਼ ਸਾਂਗਰ ਅਤੇ ਬੇਟੀ ਰੀਮਾ ਛੱਡ ਗਏ ਹਨ। ਇੰਗਲੈਂਡ ਦੇ ਸਮੁੱਚੇ ਭਾਈਚਾਰੇ ਵਲੋਂ ਸ਼੍ਰੀ ਸਾਂਗਰ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਸ਼੍ਰੀ ਸਾਂਗਰ ਦਾ ‘ਦੇਸ ਪ੍ਰਦੇਸ’ ਅਦਾਰੇ ਨਾਲ ਨਿੱਘਾ ਪਿਆਰ ਸੀ ਜੋ ਉਨ੍ਹਾਂ ਅੰਤ ਸਮੇਂ ਤੱਕ ਨਿਭਾਉਦਿਆਂ ਨਵਾਂ ਸਾਲ 2025 ਦੀਆਂ ਸ਼ੁੱਭਕਾਮਨਾਵਾਂ ਵੀ ਭੇਜੀਆਂ ਸਨ। ਉਹ ਕੁਝ ਸਮੇਂ ਤੋਂ ਬਿਮਾਰ ਸਨ ਪਰ ਫਿਰ ਵੀ ਪੰਜਾਬੀ ਭਾਈਚਾਰੇ ਦੀ ਖ਼ਬਰਸਾਰ ਉਹ ਸਰਬਜੀਤ ਸਿੰਘ ਵਿਰਕ ਰਾਹੀਂ ‘ਦੇਸ ਪ੍ਰਦੇਸ’ ਤੋਂ ਲੈਂਦੇ ਰਹੇ ਸਨ। ਅਦਾਰਾ ‘ਦੇਸ ਪ੍ਰਦੇਸ’ ਵਾਹਿਗੁਰੂ ਅੱਗੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹੈ।

Comments are closed, but trackbacks and pingbacks are open.