ਭਾਰਤੀ ਮੂਲ ਦੇ ਅਮੀਰ ਬਰਤਾਨਵੀ ਟੱਬਰ ਦੇ ਚਾਰ ਜੀਆਂ ਨੂੰ ਜੇਲ੍ਹ ਦੀ ਸਜ਼ਾ

ਭਾਰਤ ਤੋਂ ਲਿਆਂਦੇ ਘਰੇਲੂ ਮੁਲਾਜ਼ਮਾ ਦੇ ਸੋਸ਼ਣ ਦਾ ਦੋਸ਼

ਲੰਡਨ – ਸਵਿਜ਼ਰਲੈਂਡ ਦੀ ਇੱਕ ਅਦਾਲਤ ਨੇ ਬਰਤਾਨੀਆ ਦੇ ਸਭ ਤੋਂ ਅਮੀਰ ਪਰਿਵਾਰਾਂ ’ਚੋਂ ਇਕ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਭਾਰਤ ਤੋਂ ਲਿਆਂਦੇ ਘਰੇਲੂ ਸਹਾਇਕਾਂ ਦਾ ਸ਼ੋਸ਼ਣ ਕਰਨ ਦੇ ਮਾਮਲੇ ’ਚ ਦੋਸ਼ੀ ਪਾਇਆ ਹੈ ਅਤੇ ਉਨ੍ਹਾਂ ਨੂੰ ਚਾਰ ਤੋਂ ਸਾਢੇ ਚਾਰ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ ਜਦਕਿ ਅਦਾਲਤ ਨੇ ਮਨੁੱਖੀ ਤਸਕਰੀ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਇਹ ਮਾਮਲਾ ਹਿੰਦੂਜਾ ਪਰਿਵਾਰ ਦੇ ਲੋਕ ਜੇਨੇਵਾ ਸਥਿਤ ਬੰਗਲੇ ਨਾਲ ਸਬੰਧਤ ਹੈ। ਇਕ ਰਿਪੋਰਟ ਅਨੁਸਾਰ ਸਵਿਜ਼ਰਲੈਂਡ ਦੀ ਅਦਾਲਤ ਨੇ ਪ੍ਰਕਾਸ਼ ਹਿੰਦੂਜਾ ਅਤੇ ਉਨ੍ਹਾਂ ਦੀ ਪਤਨੀ ਕਮਲ ਹਿੰਦੂਜਾ ਨੂੰ ਸਾਢੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੇ ਪੁੱਤ ਅਜੈ ਹਿੰਦੂਜਾ ਅਤੇ ਉਸ ਦੀ ਪਤਨੀ ਨਮਰਤਾ ਹਿੰਦੂਜਾ ਨੂੰ ਚਾਰ-ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਅਦਾਲਤ ਨੇ ਆਪਣੇ ਹੁਕਮ ’ਚ ਕਿਹਾ ਕਿ ਹਿੰਦੂਜਾ ਪਰਿਵਾਰ ਦੇ ਮੈਂਬਰ ਆਪਣੇ ਘਰੇਲੂ ਸਹਾਇਕਾਂ ਦਾ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਮਾਮੂਲੀ ਸਿਹਤ ਲਾਭ ਦੇਣ ਦੇ ਦੋਸ਼ੀ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਹਿੰਦੂਜਾ ਪਰਿਵਾਰ ਆਪਣੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਲਈ ਜੋ ਤਨਖ਼ਾਹ ਦੇ ਰਿਹਾ ਸੀ, ਉਹ ਸਵਿਟਜ਼ਰਲੈਂਡ ’ਚ ਅਜਿਹੀਆਂ ਨੌਕਰੀਆਂ ਲਈ ਤਨਖ਼ਾਹ ਦੇ 10ਵੇਂ ਹਿੱਸੇ ਤੋਂ ਵੀ ਘੱਟ ਸੀ। ਹਾਲਾਂਕਿ, ਅਦਾਲਤ ਨੇ ਮਨੁੱਖੀ ਤਸਕਰੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਮਜ਼ਦੂਰਾਂ ਨੂੰ ਪਤਾ ਸੀ ਕਿ ਉਹ ਕਿੱਥੇ ਜਾ ਰਹੇ ਸਨ ਅਤੇ ਉਨ੍ਹਾਂ ਨੇ ਉੱਥੇ ਕੀ ਕਰਨਾ ਹੈ। ਇਸਤਗਾਸਾ ਪੱਖ ਨੇ ਬਿ੍ਰਟੇਨ ਦੇ ਸਭ ਤੋਂ ਅਮੀਰ ਹਿੰਦੂਜਾ ਪਰਿਵਾਰ ’ਤੇ ਉਨ੍ਹਾਂ ਦੇ ਘਰੇਲੂ ਸਹਾਇਕਾਂ ਦੇ ਪਾਸਪੋਰਟ ਜ਼ਬਤ ਕਰਨ ਦਾ ਦੋਸ਼ ਲਗਾਇਆ ਸੀ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਇਕ ਕਰਮਚਾਰੀ ਦੀ ਤਨਖਾਹ ਨਾਲੋਂ ਆਪਣੇ ਕੁੱਤੇ ’ਤੇ ਜ਼ਿਆਦਾ ਖਰਚ ਕੀਤਾ। ਇਸ ਤੋਂ ਇਲਾਵਾ, ਕਰਮਚਾਰੀਆਂ ਨੂੰ ਸਵਿਸ ਫਰੈਂਕ ਦੀ ਬਜਾਏ ਰੁਪਏ ’ਚ ਭੁਗਤਾਨ ਕੀਤਾ ਜਾਂਦਾ ਸੀ। ਹਿੰਦੂਜਾ ਪਰਿਵਾਰ ਨੇ ਕਥਿਤ ਤੌਰ ’ਤੇ ਆਪਣੇ ਘਰੇਲੂ ਸਹਾਇਕਾਂ ਨੂੰ ਬੰਗਲਾ ਛੱਡਣ ’ਤੇ ਪਾਬੰਦੀ ਲਗਾ ਦਿੱਤੀ ਅਤੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਕੰਮ ਕਰਨ ਲਈ ਮਜ਼ਬੂਰ ਕੀਤਾ।

ਅਦਾਲਤ ਨੂੰ ਦੱਸਿਆ ਸੀ ਕਿ ਕਈ ਮੌਕਿਆਂ ’ਤੇ ਹਿੰਦੂਜਾ ਪਰਿਵਾਰ ਦੇ ਮੈਂਬਰਾਂ ਵਲੋਂ ਕਰਮਚਾਰੀਆਂ ਨੂੰ ਘੱਟ ਜਾਂ ਬਿਨਾਂ ਛੁੱਟੀ ਦੇ 18 ਘੰਟੇ ਤੱਕ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਹਿੰਦੂਜਾ ਪਰਿਵਾਰ ਅਦਾਲਤੀ ਫੈਸਲੇ ਖਿਲਾਫ਼ ਵੱਡੀ ਅਦਾਲਤ ਵਿੱਚ ਅਪੀਲ ਕਰਨਗੇ।

Comments are closed, but trackbacks and pingbacks are open.