ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦਾ ਮੁੱਦਾ ਅਮਰੀਕਾ ਦੇ ਸਿਆਸੀ ਗਲਿਆਰਿਆਂ ਵਿੱਚ ਪਹੁੰਚਿਆ

ਉੱਘੇ ਅਮਰੀਕੀ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਸਮੇਤ ਸਿੱਖਾਂ ਸੰਬੰਧੀ ਹੋਰ ਮਸਲਿਆਂ ਬਾਰੇ ਕੀਤੀ ਚਰਚਾ

 ਅੰਮ੍ਰਿਤਸਰ/ਨਿਊਯਾਰਕ – ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਰੀਬ ਦੋ ਲੱਖ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਰਿਹਾਈ ਨਾ ਕਰਦਿਆਂ ਲੋਕ ਸਭਾ ਵਿਚ ਸੌਹ ਚੁੱਕ ਸਮਾਗਮ ਤੋਂ ਦੂਰ ਰੱਖਣ ਦਾ ਮੁੱਦਾ ਅਮਰੀਕਾ ਦੇ ਸਿਆਸੀ ਗਲਿਆਰਿਆਂ ਵਿੱਚ ਪਹੁੰਚ ਗਿਆ ਹੈ। ਇਸ ਸੰਬੰਧੀ ਬੀਤੇ ਦਿਨ ਅਮਰੀਕਾ ਦੇ ਪ੍ਰਸਿੱਧ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਯੂ.ਐਸ. ਏ ਦੀ  ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ। ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਇਸ ਮੁਲਾਕਾਤ ਨੂੰ ਬਹੁਤ ਹੀ ਸਕਾਰਾਤਮਿਕ ਹੁੰਗਾਰਾ ਮਿਲਿਆ ਹੈ।

ਇਹ ਮੁਲਾਕਾਤ ਕਮਲਾ ਹੈਰਿਸ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਲਾਸ ਐਂਜਲਸ ਵਿਖੇ ਹੋਈ। ਜੋ ਲਗਭਗ ਇੱਕ ਘੰਟੇ ਦੇ ਤੱਕ ਚੱਲੀ। ਇਸ ਮੀਟਿੰਗ ਦੌਰਾਨ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਸਮੇਤ ਸਿੱਖਾਂ ਨਾਲ ਸੰਬੰਧਿਤ ਅਨੇਕਾਂ ਹੋਰ ਅਹਿਮ ਮੁੱਦਿਆਂ ਨੂੰ ਕਮਲਾ ਹੈਰਿਸ ਦੇ ਸਾਹਮਣੇ  ਰੱਖਿਆ। ਅਟਾਰਨੀ ਜਸਪ੍ਰੀਤ ਸਿੰਘ ਨੇ ਪੰਜਾਬ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ  ਤੋ ਚੁਣੇ ਗਏ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਪਹਿਲ ਦਿੱਤਾ ਗਿਆ ਅਤੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਐਨ.ਐੱਸ.ਏ. ਬਿਲਕੁਲ ਗ਼ਲਤ ਅਤੇ ਗੈਰ-ਕਾਨੂੰਨੀ ਹੈ। ਕਿਉਂਕਿ ਇਹ ਅੰਗਰੇਜ਼ਾਂ ਦੁਆਰਾ ਆਜ਼ਾਦੀ ਤੋਂ ਪਹਿਲਾ ਦੇ ਕਾਨੂੰਨਾਂ ਦੇ ਆਧਾਰ ਤੇ ਲਗਾਇਆ ਗਿਆ ਹੈ। ਜੋ ਉਹ ਦੂਜੇ ਲੋਕਾਂ ਨੂੰ ਦਬਾਉਣ ਲਈ ਲਗਾਉਂਦੇ ਸਨ। ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਕਮਲਾ ਹੈਰਿਸ ਨੂੰ ਇਹ ਵੀ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਭਾਰਤੀ ਲੋਕ ਸਭਾ ਇਲੈੱਕਸ਼ਨ ਦੌਰਾਨ ਖਡੂਰ ਸਾਹਿਬ ਤੋਂ ਭਾਰੀ ਬਹੁਮਤ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਜਿੱਤ ਦੇ ਬਾਅਦ ਉਹਨਾਂ ਦੇ ਉੱਪਰ ਲਗਾਈ  ਐਨ.ਐੱਸ.ਏ. ’ਤੇ ਇੱਕ ਹੋਰ ਸਾਲ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਹੈ। ਉੱਘੇ ਸਿੱਖ ਅਟਾਰਨੀ ਨੇ ਉਪ- ਰਾਸ਼ਟਰਪਤੀ ਕਮਲਾ ਹੈਰਿਸ ਨੂੰ ਦੱਸਿਆ ਕਿ ਮਨੁੱਖੀ ਅਧਿਕਾਰਾਂ ਦਾ ਭਾਰਤ ਵਿੱਚ ਘਾਣ  ਹੋ ਰਿਹਾ ਹੋਣ ਦਾ ਸਬੂਤ ਹੈ। ਅਤੇ ਅਜਿਹੇ ਕਾਨੂੰਨ ਗੈਰ ਸੰਵਿਧਾਨਿਕ ਤਰੀਕੇ ਨਾਲ ਲਗਾਏ ਜਾ ਰਹੇ ਹਨ।ਅਟਾਰਨੀ ਜਸਪ੍ਰੀਤ ਸਿੰਘ ਨੇ ਨਾਲ ਹੀ ਭਾਰਤੀ ਜੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਕਮਲਾ ਹੈਰਿਸ ਦੇ ਕੋਲ ਚੁੱਕਿਆ।ਉਹਨਾਂ ਦੱਸਿਆ ਅਨੇਕਾਂ ਸਿੱਖ ਸਜਾਵਾਂ ਪੂਰੀਆਂ  ਹੋਣ ਦੇ ਬਾਵਜੂਦ ਵੀ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਕੈਦ ਹਨ। ਜਲਦ ਹੀ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਤੀਸਰਾ ਮੁੱਦਾ ਉਹਨਾਂ ਨੇ ਭਾਰਤੀ ਸਰਕਾਰ ਵੱਲੋਂ ਅਮਰੀਕਾ ਵਿੱਚ ਰਹਿ ਰਹੇ ਕੁੱਝ ਸਿੱਖ ਲੀਡਰਾਂ ’ਤੇ ਹਮਲਾ ਕਰਵਾਉਣ ਦੀ ਵੀ ਕੀਤੀ ਗਈ ਕੋਸ਼ਿਸ਼ ਬਾਰੇ ਗੱਲਬਾਤ ਕੀਤੀ ਅਤੇ ਦੱਸਿਆ ਕਿ ਕਈ ਸਿੱਖ ਲੀਡਰਾਂ ਨੂੰ ਕਈ ਤਰਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਿਸ ਕਰਕੇ ਸਿੱਖ ਕਮਿਊਨਿਟੀ ਵਿੱਚ ਇੱਥੇ ਕਾਫ਼ੀ ਸਮੇਂ ਤੋਂ ਰੋਸ ਦੀ ਲਹਿਰ ਚੱਲ ਰਹੀ ਹੈ।

ਉਹਨਾਂ ਨੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹੋਰ ਮਸਲਿਆਂ ਬਾਰੇ ਵੀ ਗੱਲਬਾਤ ਕੀਤੀ। ਪੰਜਵਾਂ ਅਹਿਮ ਮੁੱਦਾ ਉਹਨਾਂ ਨੇ ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਸੰਬੰਧੀ ਲਗਾਤਾਰ ਵੱਧ ਰਹੇ ਹੇਟ ਕ੍ਰਾਈਮ (ਨਸਲਕੁਸ਼ੀ) ਦਾ ਵੀ ਚੁੱਕਿਆ। ਉਹਨਾਂ ਦੱਸਿਆ ਕਿ ਆਏ ਦਿਨ ਸਿੱਖਾਂ ਨਾਲ ਨਸਲਕੁਸ਼ੀ ਦੀ ਭਾਵਨਾ ਰੱਖਦੇ ਹੋਏ ਕਈ ਮੰਦਭਾਗੀ ਘਟਨਾਵਾਂ ਵਾਪਰੀਆਂ ਹਨ। ਨਾਲ ਹੀ ਉਹਨਾਂ ਕਈ ਸਿੱਖ ਨੌਜਵਾਨਾਂ ਉੱਪਰ ਹੋਏ ਹਮਲਿਆਂ ਬਾਰੇ ਵੀ ਦੱਸਿਆ, ਇਹਨਾਂ ਸਾਰੇ ਮੁੱਦਿਆਂ ਨੂੰ ਸੁਣਨ ਤੋਂ ਬਾਅਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਹਨਾਂ ਉੱਪਰ ਪੂਰਾ ਧਿਆਨ ਦਿੱਤਾ ਅਤੇ ਇਹਨਾਂ ਉੱਪਰ ਲੋੜੀਂਦਾ ਅਤੇ ਹਰ ਸੰਭਵ ਕਦਮ ਚੁੱਕਣ ਦਾ ਭਰੋਸਾ ਵੀ ਦਿੱਤਾ। ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਸੰਬੰਧੀ ਭਾਰਤ ਦੀ ਸਰਕਾਰ ਨਾਲ ਉਹਨਾਂ ਦਾ ਰਾਬਤਾ ਕਾਇਮ ਹੈ।ਉਹਨਾਂ ਕਿਹਾ ਕਿ ਭਾਰਤ ਨਾਲ ਅਮਰੀਕਾ ਦੇ ਸੰਬੰਧ ਮਜ਼ਬੂਤ ਹਨ ਅਤੇ ਇਸ ਸਥਿਤੀ ਵਿੱਚ ਉਹ ਇੱਕ ਮਜ਼ਬੂਤ ਭਾਰਤ ਨੂੰ ਦੇਖਣਾ ਚਾਹੁੰਦੇ ਹਨ। ਕਮਲਾ ਹੈਰਿਸ ਨੇ ਇਹ ਵੀ ਕਿਹਾ ਕਿ ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਦਾ ਅਮਰੀਕੀ ਅਰਥ ਵਿਵਸਥਾ ਵਿੱਚ ਬਹੁਤ ਹੀ ਵੱਡਾ ਯੋਗਦਾਨ ਹੈ। ਅਤੇ ਉਹ ਅਤੇ ਉਹਨਾਂ ਦੀ ਸਰਕਾਰ ਹਮੇਸ਼ਾਂ ਇੱਥੇ ਰਹਿੰਦੇ ਸਿੱਖ ਭਾਈਚਾਰੇ ਦੇ ਅਧਿਕਾਰਾਂ ਦੀ ਹਰ ਤਰਾਂ ਦੇ ਨਾਲ ਰੱਖਿਆ ਲਈ ਵਚਨਬੱਧ ਹਨ। ਹੈਰਿਸ ਨੇ ਕਿਹਾ ਕਿ ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਉੱਪਰ ਜੇਕਰ ਕੋਈ ਵੀ ਹਮਲਾ ਹੁੰਦਾ ਹੈ, ਤਾਂ ਉਸ ਖਿਲਾਫ ਸਖ਼ਤ ਤੋ ਸਖ਼ਤ  ਕਾਰਵਾਈ ਕੀਤੀ ਜਾਵੇਗੀ।

Comments are closed, but trackbacks and pingbacks are open.