ਬਰਤਾਨੀਆ ਦੀ ਕਾਲੇ ਮੂਲ ਦੀ ਪਹਿਲੀ ਔਰਤ ਪੁਲਿਸ ਅਧਿਕਾਰੀ ਦੀ ਹੋਈ ਮੌਤ

ਬਰਤਾਨੀਆ ਦੀ ਕਾਲੇ ਮੂਲ ਦੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਦੀ 83 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ।ਬਰਤਾਨੀਆ ਵਿੱਚ ਕਾਲੇ ਮੂਲ ਦੇ ਭਾਈਚਾਰੇ ਲਈ ਇਹ ਮਾਣ ਪ੍ਰਾਪਤ ਕਰਨ ਵਾਲੀ ਇਸ ਮਹਿਲਾ ਦਾ ਨਾਮ ਸਿਸਲਿਨ ਫੇ ਐਲਨ ਸੀ।ਐਲਨ 1968 ਵਿੱਚ 29 ਸਾਲ ਦੀ ਉਮਰ ‘ਚ ਕ੍ਰਾਈਡਨ, ਦੱਖਣੀ ਲੰਡਨ ਵਿੱਚ ਇੱਕ ਨਰਸ ਵਜੋਂ ਕੰਮ ਕਰਨ ਤੋਂ ਬਾਅਦ, ਮੈਟ ਪੁਲਿਸ ਵਿੱਚ ਭਰਤੀ ਹੋਈ ਸੀ।ਉਸਨੇ ਮੈਟ ਪੁਲਿਸ ਵਿੱਚ ਚਾਰ ਸਾਲਾਂ ਲਈ ਆਪਣੀਆਂ ਸੇਵਾਵਾਂ ਦਿੱਤੀਆਂ।

ਐਲਨ ਨੇ ਪਹਿਲਾਂ  ਕ੍ਰਾਈਡਨ ਅਤੇ ਬਾਅਦ ਵਿੱਚ ਮਿਸਿੰਗ ਪਰਸਨ ਬਿਊਰੋ ਵਿੱਚ ਡਿਊਟੀ ਕੀਤੀ।ਫਿਰ ਉਹ ਜਮੈਕਾ ਚਲੀ ਗਈ,  ਜਿੱਥੇ ਉਸਨੇ ਇੱਕ ਪੁਲਿਸ ਅਧਿਕਾਰੀ ਵਜੋਂ ਕੰਮ ਕਰਨਾ ਜਾਰੀ ਰੱਖਿਆ।ਕ੍ਰਾਈਡਨ ਕੁਈਨਜ਼ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰਨ ਸਮੇਂ ਐਲਨ ਨੇ ਪੁਲਿਸ ਵਿਭਾਗ ਵਿੱਚ ਮਰਦਾਂ ਅਤੇ ਔਰਤ ਅਫਸਰਾਂ ਦੀ ਭਰਤੀ ਦਾ ਇਸ਼ਤਿਹਾਰ ਵੇਖ ਕੇ ਆਪਣੇ ਕੈਰੀਅਰ ਵਿੱਚ ਤਬਦੀਲੀ ਲਿਆਉਣ ਦਾ ਫੈਸਲਾ ਕੀਤਾ।

ਉਸਨੇ ਪੀਲ ਹਾਊਸ ਵਿੱਚ ਸਿਖਲਾਈ ਪ੍ਰਾਪਤ ਕੀਤੀ ਅਤੇ ਪਹਿਲੀ ਪੋਸਟਿੰਗ ਉਸਦੇ ਪਰਿਵਾਰ ਦੇ ਨਜ਼ਦੀਕ ਕ੍ਰਾਈਡਨ ਵਿੱਚ ਫਿਲ ਰੋਡ ਥਾਣੇ ਵਿੱਚ ਸੀ।2020 ਵਿੱਚ ਐਲਨ ਨੂੰ ਨੈਸ਼ਨਲ ਬਲੈਕ ਪੁਲਿਸ ਐਸੋਸੀਏਸ਼ਨ (ਐੱਨ ਬੀ ਪੀ ਏ) ਦੁਆਰਾ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਪ੍ਰਾਪਤ ਹੋਇਆ।ਜਮੈਕਾ ਵਿਖੇ ਰਹਿ ਰਹੀ ਐਲਨ ਦੀ 5 ਜੁਲਾਈ ਨੂੰ ਓਚੋ ਰੀਓਸ ਸਥਿਤ ਉਸਦੇ ਘਰ ਵਿਖੇ ਮੌਤ ਹੋ ਗਈ।ਇਸ ਮੌਕੇ ਦੁੱਖ ਪ੍ਰਗਟ ਕਰਦਿਆਂ ਐੱਨ ਬੀ ਪੀ ਏ ਦੇ ਪ੍ਰੈਜੀਡੈਂਟ ਐਂਡੀ ਜਾਰਜ ਅਨੁਸਾਰ ਬਰਤਾਨਵੀ ਪੁਲਿਸ ਵਿੱਚ ਉਸ ਦੇ ਯੋਗਦਾਨ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾਸਕਦਾ।

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)