ਬਰਤਾਨਵੀ ਪਾਰਲੀਮੈਂਟਰੀ ਚੋਣਾ ਦੇ ਮੱਦੇਨਜ਼ਰ ਸਿੱਖ ਵੋਟ ਮੁਹਿੰਮ ਦਾ ਅਗਾਜ਼

ਉਮੀਦਵਾਰਾਂ ਨੂੰ ਸਿੱਖ ਮੰਗਾਂ ਬਾਰੇ ਸਵਾਲ ਕਰਨ ਦੀ ਅਪੀਲ

ਲੰਡਨ (ਸਰਬਜੀਤ ਸਿੰਘ ਬਨੂੜ) – ਬਰਤਾਨੀਆ ਵਿੱਚ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ ਸਿੱਖਾਂ ਨੂੰ ਇਕਜੁੱਟ ਕਰਨ ਅਤੇ ਉਨ੍ਹਾਂ ਦੇ ਹੱਕਾਂ ਲਈ ਲੜਨ ਲਈ ‘ਤੁਹਾਡੀ ਵੋਟ, ਤੁਹਾਡੀ ਤਾਕਤ’ ਦਾ ਨਾਅਰਾ ਦਿੱਤਾ ਗਿਆ ਹੈ। ਸਿੱਖ ਵੋਟ ਮੁਹਿੰਮ ਦੇ ਲੀਡ ਕੋਆਰਡੀਨੇਟਰ ਮਨਪ੍ਰੀਤ ਸਿੰਘ ਨੇ ਇਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਸਿੱਖਾਂ ਨੂੰ ਇਕ ਮਜ਼ਬੂਤ, ਇਕਜੁੱਟ ਭਾਈਚਾਰੇ ਵਜੋਂ ਇਕੱਠੇ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਡੀ ਆਵਾਜ਼ ਸੁਣੀ ਜਾਵੇ। ਇਸ ਮੌਕੇ ਗੁਰੂ ਨਾਨਕ ਗੁਰਦੁਆਰੇ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਦਿਉਲ, ਪੰਥਕ ਆਗੂ ਜੋਗਾ ਸਿੰਘ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਸਾਡੇ ਲਈ ਇਹ ਯਕੀਨੀ ਬਣਾਉਣ ਦਾ ਸਮਾਂ ਹੈ ਕਿ ਸਾਡੀ ਆਵਾਜ਼ ਨੂੰ ਨਾ ਸਿਰਫ਼ ਸੁਣਿਆ ਜਾਵੇ, ਸਗੋਂ ਉਸ ‘ਤੇ ਅਮਲ ਵੀ ਕੀਤਾ ਜਾਵੇ। ਸਾਡੇ ਭਾਈਚਾਰੇ ਦੇ ਸੰਘਰਸ਼ਾਂ ਲਈ ਸੰਸਦ ਵਿੱਚ ਸਾਡੀ ਨੁਮਾਇੰਦਗੀ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਸਿੱਖ ਵੋਟ ਨੂੰ ਮਾਮੂਲੀ ਸਮਝਿਆ ਜਾਂਦਾ ਰਿਹਾ ਹੈ ਅਤੇ ਕੰਜ਼ਰਵੇਟਿਵ ਸਰਕਾਰ ਦੇ ਅਧੀਨ ਭਾਈਚਾਰੇ ਨੂੰ ਲਗਾਤਾਰ ਬੇਇਨਸਾਫ਼ੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸੱਤ ਸਾਲਾਂ ਤੋਂ ਬਿਨਾਂ ਕਿਸੇ ਦੋਸ਼ ਦੇ ਭਾਰਤ ਵਿੱਚ ਨਜ਼ਰਬੰਦ ਰਹੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਕੰਜ਼ਰਵੇਟਿਵ ਸਰਕਾਰ ਬਰਤਾਨੀਆ ਲਿਆਉਣ ਵਿੱਚ ਨਾਕਾਮਯਾਬ ਸਿੱਧ ਹੋਈ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਰਤ ਦੇ ਅਨਿਆਂ ਵਿਰੁੱਧ ਬੋਲਣ ਵਾਲਿਆਂ ਨੂੰ ਚੁੱਪ ਕਰਾਉਣ ਲਈ ਅਨੁਸੂਚੀ 7 ਦੇ ਕਾਨੂੰਨ ਦੀ ਦੁਰਵਰਤੋਂ ਦੇ ਨਾਲ, ਸਰਕਾਰ ਦੀ ਰੋਕਥਾਮ ਰਣਨੀਤੀ ਦੇ ਤਹਿਤ ਸਿੱਖ ਕਾਰਕੁੰਨਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਯੂ.ਕੇ ਵਿੱਚ ਹਰ ਸਿੱਖ ਨੂੰ ਆਪਣੇ ਸੰਸਦੀ ਉਮੀਦਵਾਰਾਂ ਤੋਂ ਤਿੰਨ ਅਹਿਮ ਸਵਾਲ ਅਨੁਸੂਚੀ 7 ਦੀ ਦੁਰਵਰਤੋਂ, ਯੂ.ਕੇ ਦੀਆਂ ਨੀਤੀਆਂ ‘ਤੇ ਭਾਰਤੀ ਦਬਾਅ ਅਤੇ ਹਰਿਮੰਦਰ ਸਾਹਿਬ ‘ਤੇ ਹਮਲੇ ਅਤੇ ਸਿੱਖ ਨਸਲਕੁਸ਼ੀ ਦੇ 40 ਸਾਲ ਪੂਰੇ ਹੋਣ ਦੇ ਸਮਾਗਮਾਂ ਨੂੰ ਸੰਸਦੀ ਪੱਧਰ ‘ਤੇ ਅਧਿਕਾਰਤ ਤੌਰ ‘ਤੇ ਯਾਦ ਕਰਨ ਲਈ ਪ੍ਰਚਾਰ ਕਰਨ ਬਾਰੇ ਕਿਹਾ ਗਿਆ ਹੈ।

ਇਸ ਪ੍ਰੈੱਸ ਕਾਨਫ਼ਰੰਸ ਵਿੱਚ ਸੰਤ ਸਾਲਾਂ ਤੋਂ ਜਗਤਾਰ ਸਿੰਘ ਜੌਹਲ ਦੀ ਨਜ਼ਰਬੰਦੀ, ਕੈਨੇਡ ਵਿੱਚ ਹਰਦੀਪ ਸਿੰਘ ਨਿੱਝਰ ਦਾ ਬੇਰਹਿਮੀ ਨਾਲ ਕਤਲ, ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਇੱਕ ਨਾਕਾਮ ਸਾਜ਼ਿਸ਼, ਵਿੱਚ ਸਬੂਤਾਂ ਦੇ ਨਾਲ ਭਾਰਤੀ ਰਾਜ ਦੀ ਸ਼ਮੂਲੀਅਤ, ਯੂ.ਕੇ ਵਿੱਚ ਅਵਤਾਰ ਸਿੰਘ ਖੰਡਾਂ ਦੀ ਸ਼ੱਕੀ ਮੌਤ ਵਰਗੇ ਮੁੱਦੇ ਭਾਰੂ ਰਹੇ। ਉਨ੍ਹਾਂ ਕਿਹਾ ਕਿ ਤਿੰਨਾਂ ਨੇ ਸਿੱਖ ਸਵੈ ਨਿਰਣੇ ਦੇ ਅਧਿਕਾਰ ਦੀ ਵਕਾਲਤ ਕੀਤੀ ਸੀ ਇਹ ਅਲੱਗ-ਥਲੱਗ ਘਟਨਾਵਾਂ ਨਹੀਂ ਹਨ ਸਗੋਂ ਅੰਤਰ-ਰਾਸ਼ਟਰੀ ਦਮਨ ਦੇ ਵਿਆਪਕ ਪੈਟਰਨ ਦਾ ਹਿੱਸਾ ਹਨ।

Comments are closed, but trackbacks and pingbacks are open.