ਢੇਸੀ ਸਮੇਤ 10 ਸਿੱਖ ਪਾਰਲੀਮੈਂਟ ਪੁੱਜੇ
ਲੰਡਨ – ਲੇਬਰ ਪਾਰਟੀ ਨੇ ਨੇਤਾ ਕੀਰ ਸਟਾਰਮਰ ਦੀ ਅਗਵਾਈ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ, ਉਨ੍ਹਾਂ ਸ਼ੁੱਕਰਵਾਰ ਨੂੰ ਬਕਿੰਘਮ ਪੈਲੇਸ ’ਚ ਕਿੰਗ ਚਾਰਲਸ ਤੀਜੇ 111 ਨਾਲ ਮੁਲਾਕਾਤ ਤੋਂ ਬਾਅਦ ਅਧਿਕਾਰਤ ਰੂਪ ਨਾਲ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬਣ ਗਏ। ਬ੍ਰਿਟੇਨ ਦੀਆਂ ਇਤਿਹਾਸਕ ਆਮ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ।
ਲੇਬਰ ਨੇਤਾ ਸਟਾਰਮਰ (61) ਆਪਣੀ ਪਤਨੀ ਵਿਕਟੋਰੀਆ ਸਟਾਰਮਰ ਨਾਲ ਰਾਜਮਹਿਲ ਪਹੁੰਚੇ। ਰਿਸ਼ੀ ਸੁਨਕ ਨੇ ਚੋਣਾਂ ’ਚ ਆਪਣੀ ਹਾਰ ਸਵੀਕਾਰ ਕਰ ਲਈ ਹੈ ਅਤੇ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਨੂੰ ਇਤਿਹਾਸ ਦੀ ਸਭ ਤੋਂ ਬੁਰੀ ਚੋਣ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਸ਼ੁੱਕਰਵਾਰ ਨੂੰ ਸਵੇਰੇ ਲੇਬਰ ਪਾਰਟੀ ਨੂੰ ਸੰਸਦ ’ਚ ਬਹੁਮਤ ਲਈ 410 ਸੀਟਾਂ ’ਤੇ ਜਿੱਤ ਮਿਲ ਗਈ। ਉਸ ਤੋਂ ਬਾਅਦ ਸਟਾਰਮਰ ਨੇ ਲੰਡਨ ’ਚ ਆਪਣਾ ਜੇਤੂ ਭਾਸ਼ਣ ਦਿੰਦੇ ਹੋਏ ਕਿਹਾ, ‘‘ਤਬਦੀਲੀ ਹੁਣ ਸ਼ੁਰੂ ਹੁੰਦੀ ਹੈ ਅਤੇ ਇਹ ਚੰਗਾ ਲੱਗਦਾ ਹੈ, ਮੈਨੂੰ ਇਮਾਨਦਾਰ ਹੋਣਾ ਚਾਹੀਦਾ।’’ ਉਨ੍ਹਾਂ ਕਿਹਾ, ‘‘ਇਸ ਤਰ੍ਹਾਂ ਦੇ ਜਨਾਦੇਸ਼ ਨਾਲ ਇਕ ਵੱਡੀ ਜ਼ਿੰਮੇਵਾਰੀ ਵੀ ਮਿਲਦੀ ਹੈ। ਸਾਡਾ ਕੰਮ ਇਸ ਦੇਸ਼ ਨੂੰ ਇਕੱਠੇ ਰੱਖਣ ਵਾਲੇ ਵਿਚਾਰਾਂ ਨੂੰ ਨਵੀਨੀਕਿਰਤ ਕਰਨ ਤੋਂ ਘੱਟ ਨਹੀਂ ਹੈ। ਰਾਸ਼ਟਰੀ ਨਵੀਨੀਕਰਨ।’’ ਬਾਅਦ ’ਚ ਨਵੇਂ ਪ੍ਰਧਾਨ ਮੰਤਰੀ ਸਟਾਰਮਰ ਬ੍ਰਿਟੇਨ ਦੇ 58ਵੇਂ ਨੇਤਾ ਵਜੋਂ ਅਹੁਦਾ ਸੰਭਾਲਣ ਲਈ ਡਾਊਨਿੰਗ ਸਟ੍ਰੀਟ ਪਹੁੰਚੇ। ਉਨ੍ਹਾਂ ਨੇ ਬਿ੍ਰਟੇਨ ਦੇ ਪਹਿਲੇ ਬਿ੍ਰਟਿਸ਼-ਏਸ਼ੀਆਈ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਨੇ ਤਬਦੀਲੀ ਲਈ ਵੋਟਿੰਗ ਕੀਤੀ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਅੱਗੇ ਵਧਣ ਦੀ ਲੋੜ ਹੈ।
ਰਿਪੋਰਟਾਂ ਅਨੁਸਾਰ ਸਿੱਖ ਭਾਈਚਾਰੇ ਦੇ 10 ਮੈਂਬਰ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ-ਸੰਸਦ ਲਈ ਚੁਣੇ ਗਏ ਹਨ। ਸਾਰੇ 10 ਨਵੇਂ ਚੁਣੇ ਗਏ ਸਿੱਖ ਸੰਸਦ ਮੈਂਬਰਾਂ ਵਿੱਚ ਪੰਜ ਔਰਤਾਂ ਅਤੇ ਪੰਜ ਮਰਦ ਸ਼ਾਮਿਲ ਹਨ, ਜੋ ਲੇਬਰ ਪਾਰਟੀ ਨਾਲ ਸਬੰਧਤ ਹਨ।
10 ਵਿੱਚੋਂ ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਹਨ, ਜੋ ਸਿੱਖ ਅਤੇ ਹੋਰ ਮੁੱਦਿਆਂ ’ਤੇ ਯੂ.ਕੇ ਦੀ ਸੰਸਦ ਵਿੱਚ ਆਵਾਜ਼ ਉਠਾਉਦੇ ਰਹੇ ਹਨ। ਇਹ ਦੋਵੇਂ ਲਗਾਤਾਰ ਤੀਜੀ ਵਾਰ ਚੁਣੇ ਗਏ ਹਨ, ਬਾਕੀ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ। ਆਪਣੀ ਜਿੱਤ ਤੋਂ ਬਾਅਦ ਢੇਸੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ, ‘‘ਸਲੋਹ ਦੇ ਚੰਗੇ ਲੋਕਾਂ ਦੁਆਰਾ ਉਨ੍ਹਾਂ ਦਾ ਐਮ.ਪੀ. ਵਜੋਂ ਦੁਬਾਰਾ ਚੁਣੇ ਜਾਣਾ ਬਹੁਤ ਸਨਮਾਨ ਦੀ ਗੱਲ ਹੈ। ਉਹਨਾਂ ਨੇ ਲੇਬਰ ਸਰਕਾਰ ਦੇ ਅਧੀਨ ਬਦਲਾਅ, ਏਕਤਾ ਅਤੇ ਤਰੱਕੀ ਨਾਲ ਵੋਟ ਦਿੱਤਾ ਜੋ ਕਿ ਮੈਂ ਉਨ੍ਹਾਂ ਨੂੰ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰਾਂਗਾ। ਉਨ੍ਹਾਂ ਸਾਰਿਆਂ ਲਈ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੇ ਯਤਨਾਂ ਅਤੇ ਟੀਮ ਵਰਕ ਨੇ ਇਹ ਸੰਭਵ ਕੀਤਾ ਹੈ।
ਪ੍ਰੀਤ ਕੌਰ ਗਿੱਲ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਬਰਮਿੰਘਮ ਐਜਬੈਸਟਨ ਲਈ ਐਮ.ਪੀ. ਵਜੋਂ ਦੁਬਾਰਾ ਚੁਣੇ ਜਾਣਾ ਇੱਕ ਸਨਮਾਨ ਅਤੇ ਖੁਸ਼ਕਿਸਮਤੀ ਹੈ। ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ’ਤੇ ਭਰੋਸਾ ਕੀਤਾ। ਮੈਂ ਉਨ੍ਹਾਂ ਲੋਕਾਂ ਅਤੇ ਜਗ੍ਹਾ ਦੀ ਸੇਵਾ ਕਰਨਾ ਜਾਰੀ ਰੱਖਾਂਗੀ ਅਤੇ ਜਿਨ੍ਹਾਂ ਨਾਲ ਮੈਂ ਪਿਆਰ ਕਰਦੀ ਹਾਂ।’’
ਕਿਰਿਥ ਆਹਲੂਵਾਲੀਆ 16,000 ਤੋਂ ਵੱਧ ਵੋਟਾਂ ਨਾਲ ਬੋਲਟਨ ਨਾਰਥ ਈਸਟ ਲਈ ਪਹਿਲੀ ਮਹਿਲਾ ਸੰਸਦ ਮੈਂਬਰ ਬਣੀ। ਸੋਨੀਆ ਕੁਮਾਰ ਡਡਲੇ ਸੰਸਦੀ ਸੀਟ ਤੋਂ ਪਹਿਲੀ ਮਹਿਲਾ ਸੰਸਦ ਮੈਂਬਰ ਵੀ ਹੈ। ਇਸੇ ਤਰ੍ਹਾਂ ਹਰਪ੍ਰੀਤ ਕੌਰ ਉੱਪਲ ਹਡਰਸਫੀਲਡ ਸੰਸਦੀ ਸੀਟ ਜਿੱਤ ਕੇ ਪਹਿਲੀ ਵਾਰ ਸੰਸਦ ਵਿੱਚ ਦਾਖ਼ਲ ਹੋਵੇਗੀ। ਲੇਬਰ ਪਾਰਟੀ ਦੀ ਸਤਵੀਰ ਕੌਰ ਨੇ ਸਾੳੂਥੈਂਪਟਨ ਟੈਸਟ ਸੀਟ ਤੋਂ 15,945 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਵੁਲਵਰਹੈਂਪਟਨ ਵੈਸਟ ਸੰਸਦੀ ਸੀਟ ਤੋਂ ਵਰਿੰਦਰ ਜੱਸ 8,000 ਵੋਟਾਂ ਨਾਲ ਜਿੱਤ ਕੇ ਪਹਿਲੀ ਵਾਰ ਸੰਸਦ ਵਿੱਚ ਦਾਖ਼ਲ ਹੋਏ। ਡਾਕਟਰ ਜੀਵਨ ਸੰਧਰ ਅਤੇ ਜਸ ਅਠਵਾਲ ਕ੍ਰਮਵਾਰ ਲੌਫਬਰੋ ਅਤੇ ਇਲਫੋਰਡ ਸਾਊਥ ਪਾਰਲੀਮੈਂਟ ਸੀਟਾਂ ਤੋਂ ਜਿੱਤੇ ਹਨ। ਗੁਰਿੰਦਰ ਸਿੰਘ ਜੋਸਨ ਸਮੈਦਿਕ ਤੋਂ ਜਿੱਤ ਕੇ ਪਹਿਲੀ ਵਾਰ ਐਮ.ਪੀ. ਬਣੇ। ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਵਿਰੋਧੀ ਧਿਰ ਵਿੱਚ ਰਹਿਣ ਤੋਂ ਬਾਅਦ ਬਿ੍ਰਟੇਨ ਦੀ ਲੇਬਰ ਪਾਰਟੀ ਇੱਕ ਖੜੋਤ ਵਾਲੀ ਆਰਥਿਕਤਾ ਅਤੇ ਨਿਰਾਸ਼ ਰਾਸ਼ਟਰ ਵਿਚਕਾਰ ਸੱਤਾ ਵਿੱਚ ਆਈ ਹੈ। ਹੁਣ ਤੱਕ ਲੇਬਰ ਨੇ 650 ਸੀਟਾਂ ਵਾਲੇ ਹਾਊਸ ਆਫ਼ ਕਾਮਨਜ਼ ਵਿੱਚ 410 ਅਤੇ ਕੰਜ਼ਰਵੇਟਿਵਾਂ ਨੇ 118 ਸੀਟਾਂ ਜਿੱਤੀਆਂ ਹਨ।
Comments are closed, but trackbacks and pingbacks are open.