ਬਜ਼ੁਰਗਾਂ ਨਾਲ ਧੋਖਾਧੜੀ ਮਾਮਲੇ ਵਿਚ ਭਾਰਤੀ ਵਿਦਿਆਰਥੀ ਨੂੰ 5 ਸਾਲ ਤੋਂ ਵਧ ਕੈਦ

ਉਸ ਨੇ ਘੱਟੋ ਘੱਟ 25 ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਬਜ਼ੁਰਗਾਂ ਨਾਲ ਲੱਖਾਂ ਡਾਲਰਾਂ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਆਸਟਿਨ, ਟੈਕਸਾਸ ਵਿਚ ਇਕ ਭਾਰਤੀ ਵਿਦਿਆਰਥੀ ਨੂੰ 5 ਸਾਲ ਤੋਂ ਵਧ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕਿਸ਼ਨ ਰਜੇਸ਼ ਕੁਮਾਰ ਪਟੇਲ ਨੇ ਭੇਸ ਬਦਲ ਕੇ ਆਨ ਲਾਈਨ ਤਕਰੀਬਨ 27 ਲੱਖ ਡਾਲਰ ਦਾ ਘੁਟਾਲਾ ਕੀਤਾ।

20 ਸਾਲਾ ਪਟੇਲ ਨਵਸਾਰੀ, ਗੁਜਰਾਤ ਦਾ ਰਹਿਣਾ ਵਾਲਾ ਹੈ ਤੇ ਉਹ ਵਿਦਿਆਰਥੀ ਵੀਜੇ ਉਪਰ ਅਮਰੀਕਾ ਆਇਆ ਸੀ। ਉਸ ਨੇ ਸਹਿ ਸਾਜਿਸ਼ਕਾਰ ਧਰੁੱਵ ਰਾਜੇਸ਼ਭਾਈ ਮੰਗੂਕਿਆ ਤੇ ਹੋਰਨਾਂ ਨਾਲ ਮਿਲ ਕੇ ਇਕ ਕੌਮਾਂਤਰੀ ਸਕੀਮ ਬਣਾਈ ਜਿਸ ਤਹਿਤ ਉਨਾਂ ਨੇ ਸਰਕਾਰੀ ਅਫਸਰਾਂ ਦਾ ਭੇਸ ਧਾਰ ਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ।

ਅਦਾਲਤੀ ਰਿਕਾਰਡ  ਅਨੁਸਾਰ ਪਟੇਲ ਨੇ ਖੁਦ ਬਜ਼ੁਰਗਾਂ ਕੋਲੋਂ ਵੱਡੀਆਂ ਰਕਮਾਂ ਲਈਆਂ ਤੇ ਆਪਣਾ ਹਿੱਸਾ ਰੱਖ ਕੇ ਬਾਕੀ ਪੈਸਾ ਸਹਿ ਸਾਜਿਸ਼ਕਾਰਾਂ ਨੂੰ ਦਿੱਤਾ। ਉਸ ਨੇ ਘੱਟੋ ਘੱਟ 25 ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ। ਪਟੇਲ ਨੂੰ 24 ਅਗਸਤ, 2024 ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸ ਨੇ ਇਕ ਪੀੜਤ ਕੋਲੋਂ ਇਕ ਲੱਖ ਤੀਹ ਹਜਾਰ ਡਾਲਰ ਲਏ ਸਨ। ਉਸ ਨੂੰ ਸੰਘੀ ਹਿਰਾਸਤ ਵਿਚ ਲਿਆ ਗਿਆ।

ਬਾਅਦ ਵਿਚ ਅਦਾਲਤ ਵਿੱਚ ਉਸ ਨੇ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਮੰਨ ਲਿਆ ਸੀ। ਯੂ ਐਸ ਡਿਸਟ੍ਰਿਕਟ ਜੱਜ ਰਾਬਰਟ ਪਿਟਮੈਨ ਨੇ ਉਸ ਨੂੰ 63 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਕੱਟਣ ਉਪਰੰਤ ਉਸ ਨੂੰ ਵਾਪਿਸ ਭਾਰਤ ਭੇਜੇ ਜਾਣ ਦੀ ਵੀ ਸੰਭਾਵਨਾ ਹੈ। ਉਸ ਦਾ ਸਾਥੀ ਮੰਗੂਕਿਆ ਵੀ ਆਪਣੇ  ਵਿਰੁੱਧ ਲੱਗੇ  ਦੋਸ਼ਾਂ ਨੂੰ ਮੰਨ ਚੁੱਕਾ ਹੈ। ਉਸ ਨੂੰ ਅਜੇ ਸਜ਼ਾ ਸੁਣਾਈ ਜਾਣੀ ਹੈ।

Comments are closed, but trackbacks and pingbacks are open.