ਪੰਜਾਬੀ ਕਲਚਰਲ ਕੌਂਸਲ ਤੇ ਵਰਲਡ ਗੱਤਕਾ ਫੈਡਰੇਸ਼ਨ ਵੱਲੋਂ ਤਨਮਨਜੀਤ ਢੇਸੀ ਨੂੰ ਸੰਸਦੀ ਚੋਣ ’ਚ ਜਿਤਾਉਣ ਦੀ ਅਪੀਲ

ਵੀਰਵਾਰ 4 ਜੁਲਾਈ ਨੂੰ ਪੈਣਗੀਆਂ ਵੋਟਾਂ

ਲੰਡਨ (ਸਰਬਜੀਤ ਸਿੰਘ ਬਨੂੜ) – ਪੰਜਾਬੀ ਕਲਚਰਲ ਕੌਂਸਲ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਸਾਂਝੇ ਬਿਆਨ ਵਿੱਚ ਬਰਤਾਨੀਆ ਦੇ ਸਲੋਹ ਸੰਸਦੀ ਹਲਕੇ ਤੋਂ ਚੋਣ ਲੜ ਰਹੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਵੀਰਵਾਰ 4 ਜੁਲਾਈ 2024 ਦੀਆਂ ਚੋਣਾਂ ਵਿੱਚ ਪੁਰਜ਼ੋਰ ਮੱਦਦ ਕਰਨ ਅਤੇ ਵੱਡੇ ਫ਼ਰਕ ਨਾਲ ਜਿਤਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਢੇਸੀ ਨੇ ਬਰਤਾਨਵੀ ਸੰਸਦ ਵਿੱਚ ਹਰ ਵਰਗ ਦਾ ਮਜ਼ਬੂਤੀ ਨਾਲ ਪੱਖ ਰੱਖਦੇ ਹੋਏ ਇੱਕ ਸਮਰਪਿੱਤ ਅਤੇ ਪ੍ਰਭਾਵਸ਼ਾਲੀ ਬੁਲਾਰੇ ਵਜੋਂ ਇਤਿਹਾਸ ਰਚਿਆ ਹੈ ਅਤੇ ਢੇਸੀ ਵੱਲੋਂ ਠੋਕਵੀਂ ਉਸਾਰੂ ਬਹਿਸ ਦੀ ਸਮਰੱਥਾ ਸਦਕਾ ਉਸ ਨੂੰ ਹਾੳੂਸ ਆਫ਼ ਕਾਮਨਜ਼ ਵਿੱਚ ਖਾਸ ਕਰਕੇ ਪ੍ਰਵਾਸੀਆਂ ਦੇ ਹਿੱਤਾਂ ਲਈ ਇੱਕ ਪ੍ਰਭਾਵਸ਼ਾਲੀ ਵਕੀਲ ਵਜੋਂ ਦੇਖਿਆ ਜਾਂਦਾ ਹੈ।

ਬਰਤਾਨੀਆ, ਵਿਸ਼ੇਸ਼ ਕਰਕੇ ਸਲੋਹ ਹਲਕੇ ਦੇ ਵੋਟਰਾਂ ਅਤੇ ਸਮਰਥੱਕਾਂ ਨੂੰ ਇਸ ਭਾਵਪੂਰਤ ਅਪੀਲ ਵਿੱਚ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇੰਨਾਂ ਚੋਣਾਂ ਨੇ ਬਰਤਾਨੀਆ ਦੇ ਮੂਲ ਨਿਵਾਸੀਆਂ ਅਤੇ ਸਮੂਹ ਪ੍ਰਵਾਸੀਆਂ ਲਈ ਤਨਮਨਜੀਤ ਢੇਸੀ ਦੀ ਮਿਸਾਲੀ ਲੀਡਰਸ਼ਿੱਪ ਵਿੱਚ ਆਪਣਾ ਵਿਸ਼ਵਾਸ ਮੁੜ੍ਹ ਪ੍ਰਗਟ ਕਰਨ ਦਾ ਇੱਕ ਬਿਹਤਰੀਨ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਢੇਸੀ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਸਲੋਹ ਹਲਕੇ ਦੇ ਲੋਕਾਂ ਦੀ ਅਣਥੱਕ ਸੇਵਾ ਕੀਤੀ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਜ਼ੋਰਦਾਰ ਢੰਗ ਨਾਲ ਬਰਤਾਨਵੀ ਸਦਨ ਦੇ ਸਾਹਮਣੇ ਉਠਾਇਆ ਹੈ।

ਇਸ ਤੋਂ ਇਲਾਵਾ ਢੇਸੀ ਵੱਲੋਂ ਯੂ.ਕੇ ਅਤੇ ਭਾਰਤ ਦੋਵਾਂ ਮੁਲਕਾਂ ਵਿੱਚ ਪੰਜਾਬੀ ਭਾਈਚਾਰੇ ਦੀਆਂ ਮੰਗਾਂ ਦੀ ਪੂਰਤੀ ਲਈ ਜ਼ੋਰਦਾਰ ਵਕਾਲਤ ਕੀਤੀ ਗਈ ਜਿਨ੍ਹਾਂ ਵਿੱਚ ਉਚੇਚੇ ਤੌਰ ’ਤੇ ਚੰਡੀਗੜ੍ਹ ਅਤੇ ਅੰਮਿ੍ਰਤਸਰ ਦੇ ਹਵਾਈ ਅੱਡਿਆਂ ਨੂੰ ਯੂ.ਕੇ ਨਾਲ ਜੋੜਨ ਲਈ ਇੱਥੋਂ ਲੰਡਨ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਾਸਤੇ ਲਗਾਤਾਰ ਪੈਰਵੀਂ ਕਰਨਾ ਸ਼ਾਮਿਲ ਹੈ।

ਗਰੇਵਾਲ ਨੇ ਪ੍ਰਵਾਸੀਆਂ ਭਾਰਤੀਆਂ ਵਿੱਚ ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਢੇਸੀ ਦੀ ਅਟੁੱਟ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਬਰਤਾਨਵੀ ਅਤੇ ਪ੍ਰਵਾਸੀ ਭਾਰਤੀ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਗਤੀਸ਼ੀਲ ਨੌਜਵਾਨ ਆਗੂ ਸਮੇਤ ਇਹ ਆਮ ਚੋਣਾਂ ਲੜ ਰਹੇ ਲੇਬਰ ਪਾਰਟੀ ਦੇ ਹੋਰ ਆਗੂਆਂ ਦਾ ਤਨੋਂ-ਮਨੋਂ ਸਮਰਥਨ ਕਰਨ ਅਤੇ ਸਲੋਹ ਵਿੱਚ ਆਪਣੇ ਦੋਸਤਾਂ-ਰਿਸ਼ਤੇਦਾਰਾਂ ਨੂੰ ਢੇਸੀ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ।

ਗੱਤਕਾ ਪ੍ਰਮੋਟਰ ਹਰਜੀਤ ਗਰੇਵਾਲ, ਜੋ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਵੀ ਹਨ, ਨੇ ਅੱਗੇ ਕਿਹਾ ਕਿ ਢੇਸੀ ਦਾ ਯੋਗਦਾਨ ਰਾਜਨੀਤੀ ਤੋਂ ਪਰ੍ਹੇ ਹੈ ਅਤੇ ਉਹ ਲਗਭਗ ਇੱਕ ਦਹਾਕੇ ਤੋਂ ਯੂ.ਕੇ ਗੱਤਕਾ ਫੈਡਰੇਸ਼ਨ ਦੀ ਅਗਵਾਈ ਕਰਦੇ ਹੋਏ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਗਾਤਾਰ ਕੌਮੀ ਪੱਧਰੀ ਗੱਤਕਾ ਚੈਂਪੀਅਨਸ਼ਿਪਾਂ ਦਾ ਆਯੋਜਨ ਕਰਵਾ ਰਹੇ ਹਨ। ਉਹ ਬਰਤਾਨੀਆ ਵਿੱਚ ਗੱਤਕਾ ਖੇਡ ਸਮੇਤ ਹੋਰ ਖੇਡਾਂ ਨੂੰ ਵੀ ਪ੍ਰਫੁੱਲਤ ਕਰ ਰਹੇ ਹਨ।

Comments are closed, but trackbacks and pingbacks are open.