ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨਿਊ ਜਰਸੀ ਦੇ ਮੇਅਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਬੀਤੇ ਦਿਨ ਸੰਘੀ ਏਜੰਟਾਂ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਹਿਰਾਸਤ ਵਿਚ ਲੈਣ ਉਪਰੰਤ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਜਦ ਕਿ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਅਯੋਜਿਤ ਕਾਰਵਾਈ ਸੀ।
ਨਿਊਆਰਕ ਦੇ ਮੇਅਰ ਰਸ ਬਰਾਕਾ ਨੇ ਕਿਹਾ ਹੈ ਕਿ ਸੰਘੀ ਏਜੰਟਾਂ ਨੇ ਇਕ ਸਥਾਨਕ ਕਾਰੋਬਾਰੀ ਅਦਾਰੇ ਉਪਰ ਛਾਪਾ ਮਾਰਿਆ ਤੇ ਬਿਨਾਂ ਦਸਤਾਵੇਜ ਲੋਕਾਂ ਦੇ ਨਾਲ ਨਾਲ ਅਮਰੀਕੀ ਸ਼ਹਿਰੀਆਂ ਨੂੰ ਵੀ ਪ੍ਰੇਸ਼ਾਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸੰਘੀ ਏਜੰਟਾਂ ਨੇ ਬਿਨਾਂ ਵਾਰੰਟ ਵਿਖਾਇਆਂ ਇਹ ਕਾਰਵਾਈ ਕੀਤੀ ਹੈ ਤੇ ਅਜਿਹਾ ਕਰਕੇ ਉਨਾਂ ਨੇ ਗੈਰ ਕਾਨੂੰਨੀ ਢੰਗ ਤਰੀਕੇ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੈ। ਮੇਅਰ ਅਨੁਸਾਰ ਹਿਰਾਸਤ ਵਿਚ ਲਏ ਲੋਕਾਂ ਵਿਚ ਇਕ ਅਮਰੀਕੀ ਫੌਜ ਦਾ ਸਾਬਕਾ ਜਵਾਨ ਵੀ ਸ਼ਾਮਿਲ ਹੈ ਜਿਸ ਦੇ ਫੌਜ ਦੇ ਦਸਤਾਵੇਜ਼ਾਂ ਦੀ ਯੋਗਤਾ ਅੱਗੇ ਸਵਾਲੀਆ ਚਿਨ ਲਾ ਕੇ ਉਸ ਦਾ ਅਪਮਾਨ ਕੀਤਾ ਗਿਆ ਹੈ। ਇਮੀਗ੍ਰੇਸ਼ਨ ਪ੍ਰਬੰਧਕ ਜੂਲੀਆ ਓਰਟਿਜ਼ ਤੇ ਨਿਊਆਰਕ ਦੇ ਇਕ ਸਥਾਨਕ ਪ੍ਰਵਾਸ ਹੱਕਾਂ ਬਾਰੇ ਸਮੂੰਹ ਨੇ ਕਿਹਾ ਹੈ ਕਿ ਛਾਪੇ ਦੌਰਾਨ ਏਜੰਟਾਂ ਦੁਆਰਾ ਕੁਲ 8 ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ ਤੇ 3 ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਦੇ ਇਕ ਬੁਲਾਰੇ ਨੇ ਇਕ ਅਮਰੀਕੀ ਸ਼ਹਿਰੀ ਨੂੰ ਹਿਰਾਸਤ ਵਿਚ ਲੈਣ ਦੀ ਪੁਸ਼ਟੀ ਕੀਤੀ ਹੈ ਪਰੰਤੂ ਇਸ ਸਬੰਧੀ ਅਗਲੀ ਜਾਂਚ ਪੜਤਾਲ ਬਾਰੇ ਕੁਝ ਨਹੀਂ ਕਿਹਾ ਹੈ। ਬੁਲਾਰੇ ਨੇ ਕਿਹਾ ਹੈ ਕਿ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਅਧਿਕਾਰੀਆਂ ਵੱਲੋਂ ਕਾਰਵਾਈ ਦੌਰਾਨ ਉਨਾਂ ਦਾ ਸਾਹਮਣਾ ਅਮਰੀਕੀ ਸ਼ਹਿਰੀਆਂ ਨਾਲ ਵੀ ਹੋ ਸਕਦਾ ਹੈ ਤੇ ਉਹ ਉਨਾਂ ਨੂੰ ਆਪਣੀ ਪਛਾਣ ਦੱਸਣ ਲਈ ਕਹਿ ਸਕਦੇ ਹਨ ਜਿਵੇਂ ਕਿ ਨਿਊਆਰਕ, ਨਿਊਜਰਸੀ ਵਿਚ ਇਕ ਕੰਮ ਵਾਲੇ ਸਥਾਨ ‘ਤੇ ਛਾਪੇ ਦੌਰਾਨ ਹੋਇਆ ਹੈ।
Comments are closed, but trackbacks and pingbacks are open.