ਦੁਨੀਆ ਭਰ ਵਿੱਚ ਵੱਸਦੇ ਸਮੁੱਚੇ ਪੰਜਾਬੀਆਂ ਦੀ ਸਾਂਝੀ ਮੁਹੱਬਤ ਦਾ ਸਿਰਨਾਵਾਂ ਬਣਿਆ ਸਾਊਥਾਲ ਦਾ ਅੰਤਰਰਾਸ਼ਟਰੀ ਅਦਬੀ ਮੇਲਾ

15 ਦੇਸ਼ਾਂ ਦੇ ਪੰਜਾਬੀਆਂ ਨੇ ਸ਼ਮੂਲੀਅਤ ਕੀਤੀ

15 ਮੁਲਕਾਂ ਦੇ 200 ਤੋਂ ਵੱਧ ਪੰਜਾਬੀਆਂ ਵਲੋਂ ਸਾਊਥਾਲ (ਯੂ ਕੇ) ਦੇ ਡੋਰਮਰਜ਼ ਵੈਲ ਹਾਈ ਸਕੂਲ ਵਿੱਚ ਪੰਜਾਬੀ ਅਦਬ ਦੀਆਂ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੇ ਅਹਿਮ ਏਜੰਡੇ ਤੇ ਸੰਵਾਦ ਰਚਾਉਣ ਲਈ ਹੋਈ ਦੋ ਰੋਜ਼ਾ ਅਹਿਮ ਇਕੱਤਰਤਾ ਸਾਰਥਕ ਸੰਵਾਦ, ਗਹਿਨ ਚਿੰਤਨ, ਨਿੱਘੀਆਂ ਮਿਲਣੀਆਂ, ਸ਼ਾਨਦਾਰ ਮੁਲਾਕਾਤਾਂ ਅਤੇ ਸਾਹਿਤ ਸਭਿਆਚਾਰ ਦੇ ਵੰਨ ਸੁਵੰਨੇ ਰੰਗ ਬਿਖੇਰਦੀ ਸੰਪੰਨ ਹੋਈ।

ਮੇਲੇ ਦੇ ਸੂਤਰਧਾਰ ਅਜ਼ੀਮ ਸ਼ੇਖ਼ਰ, ਰਾਜਿੰਦਰਜੀਤ ਸਿੰਘ ਅਤੇ ਅਬੀਰ ਬੁੱਟਰ ਨੇ ਮੀਡੀਆ ਦੇ ਨਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੇਲਾ ਵਿਸ਼ਵੀ ਦੌਰ ਵਿਚ ਪੰਜਾਬੀ ਸਮਾਜ ਦੇ ਸਾਮ੍ਹਣੇ ਖੜੀਆਂ ਚੁਣੌਤੀਆਂ ਅਤੇ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਵਿਚ ਸਾਰਥਕ ਚਿੰਤਨ ਦਾ ਪਲੇਟਫਾਰਮ ਬਣਿਆ ਹੈ। ਸਦੀ ਦੇ ਮਹਾਨ ਸ਼ਾਇਰ ਮਰਹੂਮ ਸੁਰਜੀਤ ਪਾਤਰ ਅਤੇ ਬਰਤਾਨੀਆ ਦੀ ਧਰਤੀ ਤੋਂ ਪਿਛਲੇ ਸਮੇਂ ਵਿੱਚ ਵਿਛੜੇ ਮਹਾਨ ਅਦੀਬਾਂ ਅੱਗੇ ਨਤਮਸਤਕ ਹੁੰਦੇ ਹੋਏ ਇਸ ਮੇਲੇ ਦੇ ਪਹਿਲੇ ਸ਼ੈਸ਼ਨ ਵਿਚ ਪ੍ਰਸਿੱਧ ਵਿਦਵਾਨ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਸਮਕਾਲੀ ਯੁੱਗ ਦੇ ਡਿਜੀਟਲ ਤਕਨੀਕੀ ਖੇਤਰਾਂ, ਗਿਆਨ- ਵਿਗਿਆਨ, ਰੁਜ਼ਗਾਰ ਦੇ ਨਾਲ-ਨਾਲ ਇਹ ਇਸਦੀ ਸਲਾਮਤੀ, ਨਿਰੰਤਰਤਾ ਤੇ ਪ੍ਰਫੁੱਲਤਾ ਲਈ ਵੱਡੀਆਂ ਵੰਗਾਰਾਂ ਹਨ, ਚਾਹੇ ਨਵੀਆਂ ਸੰਭਾਵਨਾਵਾਂ ਵੀ ਬਹੁਤ ਹਨ। ਸਰਕਾਰਾਂ ਦਾ ਵੋਟਾਂ ਮੁਤਾਬਕ ਸਿਆਸੀ ਸਭਿਆਚਾਰਕ ਦਖ਼ਲ ਬਹੁਤ ਵਧਿਆ ਹੈ ਅਤੇ ਬਣਦੇ ਉਪਰਾਲੇ ਬੇਹੱਦ ਥੋੜੇ ਤੇ ਅਣਮੰਨੇ ਜਿਹੇ ਹਨ।

ਪੰਜਾਬੀਆਂ ਨੂੰ ਸਿਆਸੀ, ਸੰਸਥਾਗਤ ਅਤੇ ਸਾਂਝੀ ਕਾਬਲੀਅਤ ਦੀ ਖੁੱਲ੍ਹਦਿਲੀ ਪਰ ਉਚੇਰੀ ਅਕਲਮੰਦੀ ਨਾਲ ਸੁਚੱਜੀ ਵਰਤੋਂ ਕਰਕੇ ਅਜੋਕੇ ਵਸੀਲਿਆਂ ਦਾ ਭਰਪੂਰ ਲਾਭ ਉਠਾਉਣ ਦੀ ਜ਼ਰੂਰਤ ਹੈ, ਤਾਂ ਹੀ ਅਸੀਂ ਵੱਡੀਆਂ ਪ੍ਰਾਪਤੀਆਂ ਤੇ ਉਚੇ ਮੁਕਾਮਾਂ ਦੇ ਯੋਗ ਹੋ ਸਕਾਂਗੇ।

ਸਾਂਝੇ ਪੰਜਾਬ ਦੀ ਨੁਮਾਇੰਦਗੀ ਕਰਦੇ ਪੰਜਾਬੀ ਜ਼ੁਬਾਨ ਦੇ ਵੱਡੇ ਸ਼ਾਇਰ ਬਾਬਾ ਨਜਮੀ ਨੇ ਕਿਹਾ ਕਿ ਇਹ ਦੌਰ ਮਜ਼ਹਬਾਂ, ਸਿਆਸਤਾਂ ਅਤੇ ਹੱਦਾਂ ਸਰਹੱਦਾਂ ਤੋਂ ਉੱਪਰ ਉੱਠ ਕੇ ਪੰਜਾਬੀਅਤ ਦਾ ਮਜ਼ਬੂਤ ਪੁਲ ਉਸਾਰਨ ਦਾ ਦੌਰ ਹੈ ਅਤੇ ਇਹ ਮੇਲਾ ਇਸ ਪਾਸੇ ਵੱਲ ਵੱਡੀ ਪੁਲਾਂਘ ਹੈ। ਦਲਵੀਰ ਕੌਰ ਨੇ ਪਹਿਲੇ ਦੌਰ ਦਾ ਸੰਚਾਲਨ ਕੀਤਾ।

ਦੂਜੇ ਸ਼ੈਸ਼ਨ ਵਿਚ ਪੰਜਾਬੀ ਬੋਲੀ ਦੇ ਗਲੋਬਲੀ ਸਰੋਕਾਰਾਂ ਬਾਰੇ ਬੋਲਦਿਆਂ ਪ੍ਰਸਿੱਧ ਚਿੰਤਕ ਡਾ. ਕੁਲਦੀਪ ਸਿੰਘ ਦੀਪ ਨੇ ਪ੍ਰਸਿੱਧ ਭਾਸ਼ਾ ਵਿਗਿਆਨੀ ਕੇ ਡੇਵਿਡ ਹੈਰੀਸਨ ਅਤੇ ਗਣੇਸ਼ ਦੇਵੀ ਦੇ ਹਵਾਲੇ ਨਾਲ ਕਿਹਾ ਕਿ ਭਾਸ਼ਾਈ ਹੀਣਤਾ, ਬਸਤੀਵਾਦੀ ਮਾਨਸਿਕਤਾ ਅਤੇ ਭਾਸ਼ਾਵਾਂ ਵਿਚ ਵਪਾਰ, ਰੁਜ਼ਗਾਰ ਅਤੇ ਸੰਚਾਰ ਦੀਆਂ ਘਟ ਰਹੀਆਂ ਸੰਭਾਵਨਾਵਾਂ ਦੇ ਦੌਰ ਵਿੱਚ ਦੁਨੀਆਂ ਦੀਆਂ 7000 ਭਾਸ਼ਾਵਾਂ ਵਿੱਚੋਂ 2500 ਭਾਸ਼ਾਵਾਂ ਲਈ ਵੱਡੀਆਂ ਚੁਣੌਤੀਆਂ ਹਨ। ਪੰਜਾਬੀ ਭਾਸ਼ਾ ਵੀ ਇਹਨਾਂ ਚੁਣੌਤੀਆਂ ਦੇ ਰੂਬਰੂ ਹੈ। ਸਾਨੂੰ ਆਪਣੀ ਭਾਸ਼ਾ ਉੱਪਰ ਪੈ ਰਹੇ ਗਲੋਬਲੀ ਫਿਰਕੂ, ਤਕਨੀਕੀ ਅਤੇ ਸਿਆਸੀ ਦਬਾਵਾਂ ਨੂੰ ਸਮਝਦੇ ਹੋਏ ਨਿੱਜੀ ਅਤੇ ਸਮੂਹਕ ਯਤਨ ਕਰਨੇ ਹੋਣਗੇ। ਪੂਰੀ ਦੁਨੀਆਂ ਵਿੱਚ ਵਸਦੇ 14 ਕਰੋੜ ਪੰਜਾਬੀਆਂ ਦਾ ਗਲੋਬਲੀ ਦੌਰ ਵਿਚ ਇੰਝ ਇਕ ਦੂਜੇ ਨਾਲ ਸੰਵਾਦ ਰਚਾਉਣਾ ਇਸ ਦਿਸ਼ਾ ਵੱਲ ਵੱਡਾ ਯਤਨ ਹੈ।

ਡਾ. ਧਨਵੰਤ ਕੌਰ ਨੇ ਕਿਹਾ ਕਿ ਇਕ ਪਾਸੇ ਸਾਮਰਾਜੀ ਤਾਕਤਾਂ ਨੇ ਆਪਣੇ ਵਿਸ਼ਵ ਅਮਨ ਵਿਰੋਧੀ ਮਨਸੂਬਿਆਂ ਦੇ ਤਹਿਤ ਸੰਸਾਰ ਨੂੰ ਜੰਗਾਂ ਦੀ ਭੱਠੀ ਵਿਚ ਝੋਕਣ ਲਈ ਪੂਰੀ ਤਾਕਤ ਲਗਾ ਰੱਖੀ ਹੈ, ਦੂਜੇ ਪਾਸੇ ਅਮਨ ਭਾਈਚਾਰੇ ਨੂੰ ਬਚਾਉਣ ਲਈ ਅਵਾਮੀ ਲੋਕ ਵੱਡੀ ਲੜਾਈ ਲੜ ਰਹੇ ਹਨ। ਪੰਜਾਬ ਅਦਬ ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਦੇ ਹਵਾਲੇ ਨਾਲ ਪੂਰੀ ਸ਼ਿੱਦਤ ਨਾਲ ਲੋਕ ਮੁਕਤੀ ਦੀਆਂ ਇਹਨਾਂ ਲਹਿਰਾਂ ਵਿਚ ਆਪਣੀ ਭੂਮਿਕਾ ਨਿਭਾ ਰਿਹਾ ਹੈ।

ਤੀਜੇ ਸੈਸ਼ਨ ਵਿਚ ਪੰਜਾਬੀ ਦੇ ਵੱਡੇ ਮੈਗਜ਼ੀਨ ਤਾਸਮਨ ਦੇ ਪ੍ਰਵਾਸੀ ਅੰਕ ਨੂੰ ਲੋਕ ਅਰਪਿਤ ਕੀਤਾ ਗਿਆ। ਇਸ ਅੰਕ ਦੀ ਤਫ਼ਸੀਲ ਦਸਦਿਆਂ ਇਸਦੇ ਸੰਪਾਦਕ ਸਤਪਾਲ ਭੀਖੀ ਨੇ ਕਿਹਾ ਕਿ 424 ਪੰਨਿਆਂ ਦਾ ਇਹ ਅੰਕ ਪਰਵਾਸ ਦੇ ਮਸਲਿਆਂ, ਪਰਵਾਸ ਦੇ ਚਿੰਤਨ ਅਤੇ ਪ੍ਰਵਾਸ ਦੇ ਸਿਰਜਣਾਤਮਕ ਸਾਹਿਤ ਨੂੰ ਸਮਰਪਿਤ ਹੈ। ਇਹ ਅੰਕ ਜਿੱਥੇ ਸਮਕਾਲ ਵਿਚ ਪਰਵਾਸ ਦੇ ਬਦਲਦੇ ਸੰਦਰਭਾਂ ਨੂੰ ਪੇਸ਼ ਕਰਦਾ ਹੈ, ਉਥੇ ਪਰਵਾਸ ਵਿੱਚ ਵਸਦੀ ਦੂਜੀ ਅਤੇ ਤੀਜੀ ਪੀੜ੍ਹੀ ਦੀ ਮਾਨਸਿਕਤਾ ਨੂੰ ਸਮਝਣ ਦਾ ਅਹਿਮ ਯਤਨ ਹੈ।

ਇਸ ਤੋਂ ਬਾਅਦ ਅੰਤਰਰਾਸ਼ਟਰੀ ਕਵੀ ਦਰਬਾਰ ਦਾ ਆਗਾਜ਼ ਹੋਇਆ। ਤਿੰਨ ਘੰਟੇ ਲਮੇ ਇਸ ਸ਼ਾਇਰਾਨਾ ਦੌਰ ਵਿਚ 40 ਦੇ ਕਰੀਬ ਕਵੀਆਂ ਨੇ ਆਪਣੀਆਂ ਗ਼ਜ਼ਲਾਂ, ਗੀਤਾਂ ਅਤੇ ਨਜ਼ਮਾਂ ਨਾਲ ਮਹਿਫ਼ਲ ਵਿਚ ਕਾਵਿਕ ਰੰਗ ਭਰੇ। ਆਸਟ੍ਰੇਲੀਆ ਤੋਂ ਆਏ ਨਵੇਂ ਸ਼ਾਇਰ ਜੱਗੀ ਜੌਹਲ ਦੀਆਂ ਬਹੁਤ ਹੀ ਖੂਬਸੂਰਤ ਗ਼ਜ਼ਲਾਂ ਨਾਲ ਸ਼ੁਰੂ ਹੋਏ ਇਸ ਕਵੀ ਦਰਬਾਰ ਦੀ ਸਮਾਪਤੀ ਬਾਬਾ ਨਜਮੀ ਦੇ ਇਸ ਕਲਾਮ ਨਾਲ ਹੋਇਆ ਕਿ ‘ ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਢਾਹਵਾਂ ਮੰਦਰ ਨੂੰ, ਆਜਾ ਬਹਿ ਕੇ ਦੋਵੇਂ ਪੜ੍ਹੀਏ,ਇਕ ਦੂਜੇ ਦੇ ਅੰਦਰ ਨੂੰ ‘ ਇਸ ਕਵੀ ਦਰਬਾਰ ਦਾ ਸੰਚਾਲਨ ਸ਼ਾਇਰ ਮਨਜੀਤ ਪੁਰੀ ਅਤੇ ਪਰਮਜੀਤ ਦਿਓਲ ਨੇ ਕੀਤਾ। ਇਸ ਮਹਿਫ਼ਲ ਵਿਚ ਚੜ੍ਹਦੇ ਪੰਜਾਬ ਤੋਂ ਗੁਰਪ੍ਰੀਤ, ਸੰਦੀਪ ਸ਼ਰਮਾ, ਸਤਪਾਲ ਭੀਖੀ, ਜਗਦੀਪ ਸਿੱਧੂ, ਕੁਮਾਰ ਜਗਦੇਵ ਸਿੰਘ, ਸਿਮਰਨ ਅਕਸ, ਤਰਸਪਾਲ ਕੌਰ, ਹਰਵਿੰਦਰ ਚੰਡੀਗੜ੍ਹ, ਕਨੇਡੀਅਨ ਸ਼ਾਇਰ ਗੁਰਦੇਵ ਚੌਹਾਨ, ਸੁਰਜੀਤ ਟੋਰਾਂਟੋ, ਮਹਿੰਦਰਪਾਲ ਸਿੰਘ ਪਾਲ, ਪ੍ਰੀਤ ਮਨਪ੍ਰੀਤ, ਮੋਹਨ ਗਿੱਲ, ਪਰਮਜੀਤ ਦਿਓਲ, ਅਮਰੀਕਾ ਤੋਂ ਰਾਜ ਲਾਲੀ ਬਟਾਲਾ ਅਤੇ ਅਮਰਜੀਤ ਪੰਨੂ, ਲਹਿੰਦੇ ਪੰਜਾਬ ਤੋਂ ਸਾਬਰ ਅਲੀ ਸਾਬਰ, ਅਮੀਨ ਕੁੰਜਾਹੀ, ਸਪੇਨ ਤੋਂ ਦਾਦਰ ਪੰਡੋਰਵੀ, ਸਵੀਡਨ ਤੋਂ ਇੰਦਰਪਾਲ ਸਿੰਘ ਅਤੇ ਬਰਤਾਨੀਆ ਵਿਚੋਂ ਰਾਜਿੰਦਰਜੀਤ, ਅਜ਼ੀਮ ਸ਼ੇਖਰ, ਅਬੀਰ ਬੁੱਟਰ, ਅਮਨਦੀਪ ਅਮਨ, ਭੂਪਿੰਦਰ ਸੱਗੂ, ਨੇ ਭਾਗ ਲਿਆ। ਸ਼ਾਮ ਨੂੰ ਰੰਗਮੰਚ ਦੇ ਰੰਗ ਦੇ ਤਹਿਤ ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਸ਼ਬਦੀਸ਼ ਦੁਆਰਾ ਲਿਖਿਆ ਅਤੇ ਅਨੀਤਾ ਸ਼ਬਦੀਸ਼ ਦੀ ਅਦਾਕਾਰੀ ਦੇ ਖ਼ੂਬਸੂਰਤ ਰੰਗਾਂ ਵਿਚ ਰੰਗਿਆ ਨਾਟਕ ‘ ਗੁੰਮਸ਼ੁਦਾ ਔਰਤ ‘ ਪੇਸ਼ ਕੀਤਾ ਗਿਆ ਜੋ 21ਵੀ ਸਦੀ ਵਿੱਚ ਆਪਣੇ ਅਸਤਿੱਤਵ ਦਾ ਤਲਾਸ਼ ਕਰਦੀ ਔਰਤ ਦੇ ਦਮਿਤ ਸਰੋਕਾਰਾਂ ਨੂੰ ਪੇਸ਼ ਕਰਦਾ ਹੋਇਆ ਦਰਸ਼ਕਾਂ ਤੇ ਗਹਿਰੀ ਛਾਪ ਛੱਡ ਗਿਆ।

ਦੂਜੇ ਦਿਨ ‘ ਸਮਕਾਲ ਅਤੇ ਸਾਹਿਤ ‘ ਦੇ ਸਿਰਲੇਖ ਤਹਿਤ ਪਹਿਲੇ ਸੈਸ਼ਨ ਵਿੱਚ ਕਵਿਤਾ ਦੇ ਸਮਕਾਲੀ ਸਰੋਕਾਰਾਂ ਦੀ ਤਲਾਸ਼ ਕਰਦਿਆਂ ਸਤਪਾਲ ਭੀਖੀ ਦੇ ਸੰਚਾਲਨ ਹੇਠ ਵਰਿੰਦਰ ਪਰਿਹਾਰ, ਗੁਰਪ੍ਰੀਤ, ਸਾਬਰ ਸਲੀ ਸਾਬਰ ਅਤੇ ਜਗਦੀਪ ਸਿੱਧੂ ਨੇ ਆਪਣੀਆਂ ਧਾਰਨਾਵਾਂ ਰਾਹੀਂ ਕਿਹਾ ਕਿ ਕਵਿਤਾ ਵਿਚ ਵਿਧਾਗਤ ਅਤੇ ਵਸਤੂਗਤ ਪ੍ਰਯੋਗ ਹੁੰਦੇ ਰਹਿਣੇ ਚਾਹੀਦੇ ਹਨ ਪਰ ਅੰਤਿਮ ਤੌਰ ਤੇ ਕਵਿਤਾ ਮਾਨਵੀ ਸਰੋਕਾਰਾਂ ਨਾਲ ਜੁੜਨੀ ਚਾਹੀਦੀ ਹੈ। ਕਵਿਤਾ ਵਿਚ ਸੰਚਾਰ, ਕਵਿਤਾ ਵਿਚ ਪਰਵਾਸ ਅਤੇ ਕਵਿਤਾ ਦੇ ਲੋਕ ਪੱਖੀ ਅਤੇ ਜੋਕ ਪੱਖੀ ਹੋਣ ਦੇ ਪਸਾਰ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਗਲਪ ਦੇ ਸੈਸ਼ਨ ਵਿੱਚ ਮਹਿੰਦਰਪਾਲ ਧਾਲੀਵਾਲ ਦੀ ਸੰਚਾਲਨਾ ਹੇਠ ਨਾਵਲਕਾਰ ਹਰਜੀਤ ਅਟਵਾਲ, ਗਲਪ ਆਲੋਚਕ ਡਾ. ਧਨਵੰਤ ਕੌਰ, ਪਰਵਾਸੀ ਕਹਾਣੀਕਾਰ ਗੁਰਮੀਤ ਪਨਾਗ ਅਤੇ ਨਵੇਂ ਨਾਵਲਕਾਰ ਜਸਵਿੰਦਰ ਰੱਤੀਆਂ ਨੇ ਗਲਪ ਦੇ ਵਿਭਿੰਨ ਪਾਸਾਰਾਂ ਤੇ ਚਰਚਾ ਕੀਤੀ। ਹਰਜੀਤ ਅਟਵਾਲ ਨੇ ਕਿਹਾ ਕਿ ਲਹਿਰਾਂ ਦਾ ਸਾਹਿਤ ਲਹਿਰਾਂ ਨਾਲ ਹੀ ਖਤਮ ਹੋ ਜਾਂਦਾ ਹੈ। ਧਨਵੰਤ ਕੌਰ ਨੇ ਕਿਹਾ ਕਿ ਬੇਸ਼ਕ ਸਾਹਿਤ ਸਾਹਿਤ ਹੀ ਹੁੰਦਾ ਹੈ, ਪਰ ਇਸ ਨੂੰ ਸਮਝਣ ਲਈ ਇਸ ਨੂੰ ਵੱਖ ਵੱਖ ਆਧਾਰਾਂ ਤੇ ਵੰਡਿਆਂ ਜਾਂਦਾ ਹੈ। ਗੁਰਮੀਤ ਪਨਾਗ ਅਤੇ ਜਸਵਿੰਦਰ ਰੱਤੀਆਂ ਨੇ ਨਵੀਂ ਪੰਜਾਬੀ ਕਹਾਣੀ ਅਤੇ ਗਲਪ ਦੇ ਪ੍ਰਵਾਸੀ ਸਰੋਕਾਰਾਂ ਤੇ ਭਰਪੂਰ ਚਰਚਾ ਕੀਤੀ।

ਨਾਟਕ, ਰੰਗਮੰਚ ਅਤੇ ਸਿਨੇਮਾ ਦੇ ਸਮਕਾਲੀ ਸਰੋਕਾਰਾਂ ਦੀ ਪਛਾਣ ਕਰਦਿਆਂ ਡਾ. ਕੁਲਦੀਪ ਸਿੰਘ ਦੀਪ ਦੀ ਸੰਚਾਲਨ ਹੇਠ ਕੁਮਾਰ ਜਗਦੇਵ ਸਿੰਘ, ਅਨੀਤਾ ਸ਼ਬਦੀਸ਼, ਡਾ. ਤਰਸਪਾਲ ਕੌਰ ਅਤੇ ਪਰਮਜੀਤ ਦਿਓਲ ਨੇ ਇਕ ਪਾਤਰੀ ਨਾਟਕ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ, ਬਾਲ ਰੰਗਮੰਚ ਦੀ ਅਣਹੋਂਦ, ਮੇਨ ਸਟਰੀਮ ਸਿਨੇਮਾ ਦਾ ਲੋਕ ਸਰੋਕਾਰਾਂ ਤੋਂ ਟੁੱਟੇ ਹੋਣਾ, ਔਰਤ ਨੂੰ ਰੰਗਮੰਚ ਤੇ ਆ ਰਹੀਆਂ ਚੁਣੌਤੀਆਂ ਅਤੇ ਗਲੋਬਲੀ ਦੌਰ ਵਿਚ ਨਾਟਕ ਅਤੇ ਰੰਗਮੰਚ ਦੇ ਸੰਕਟਾਂ ਤੇ ਭਰਪੂਰ ਚਰਚਾ ਕੀਤੀ।

ਸੰਵਾਦ ਦੇ ਆਖਰੀ ਸ਼ੈਸ਼ਨ ‘ ਵਾਹਗੇ ਦੇ ਆਰ ਪਾਰ ‘ ਦੇ ਤਹਿਤ ਨੁਜ਼ਹਤ ਅੱਬਾਸ ਦੀ ਸੰਚਾਲਨਾ ਹੇਠ ਪ੍ਰੋ. ਅਮਜਦ ਅਲੀ ਭੱਟੀ, ਸਵੀਡਨ ਤੋਂ ਪ੍ਰਸਿੱਧ ਚਿੰਤਕ ਸਾਈਂ ਸੁੱਚਾ ਅਤੇ ਹਰਵਿੰਦਰ ਸਿੰਘ ਚੰਡੀਗੜ੍ਹ ਨੇ ਦੋਵਾਂ ਪਾਸਿਓਂ ਦੇ ਪੰਜਾਬੀਆਂ ਦੀ ਡੂੰਘੀ ਸਾਂਝ ਅਤੇ ਅਹਿਸਾਸਾਂ ਨੂੰ ਸਾਹਮਣੇ ਰੱਖਦਿਆਂ ਅੱਜ ਦੇ ਦੌਰ ਸਾਂਝ ਦੀਆਂ ਨਵੀਆਂ ਸੰਭਾਵਨਾਵਾਂ ਤੇ ਚਰਚਾ ਕੀਤੀ। ਅਮਜਦ ਅਲੀ ਭੱਟੀ ਨੇ ਕਿਹਾ ਕਿ ਬੇਸ਼ਕ ਸਰਹੱਦਾਂ ਨਹੀਂ ਮਿਟਾਈਆਂ ਜਾ ਸਕਦੀਆਂ ਪਰ ਗਲੋਬਲੀ ਪ੍ਰਸੰਗ ਵਿਚ ਸਾਂਝ ਦੇ ਨਵੇਂ ਪੁਲ ਤਾਂ ਉਸਾਰੇ ਜਾ ਸਕਦੇ ਹਨ। ਹਰਵਿੰਦਰ ਸਿੰਘ ਅਤੇ ਸਾਈਂ ਸੁੱਚਾ ਨੇ ਕਿਹਾ ਕਿ ਇਹ ਮੇਲਾ ਵੀ ਇਸ ਸਾਂਝ ਨੂੰ ਮਜ਼ਬੂਤ ਕਰਨ ਦੀ ਸਾਰਥਕ ਪਹਿਲ ਹੈ।

ਸਮੁੱਚੇ ਮੇਲੇ ਦੇ ਆਖਰੀ ਸੈਸ਼ਨ ਵਿਚ ਪੰਜਾਬ ਦੇ ਪ੍ਰਸਿੱਧ ਸੂਫੀ ਫ਼ਨਕਾਰ ਮਾਣਕ ਅਲੀ ਨੇ ਸੰਜੀਦਾ ਗਾਇਕੀ ਪੇਸ਼ ਕਰਦਿਆਂ ਵੱਖ ਵੱਖ ਸ਼ਾਇਰਾਂ ਦੀਆਂ ਗ਼ਜ਼ਲਾਂ, ਗੀਤਾ, ਸ਼ਿਅਰਾਂ ਦੇ ਨਾਲ ਨਾਲ ਪੰਜਾਬ ਦਾ ਲੋਕ ਰੰਗ ਛੱਲਾ ਅਤੇ ਦਮਾਦਮ ਮਸਤ ਕਲੰਦਰ ਪੇਸ਼ ਕਰਕੇ ਸੰਗੀਤਕ ਛੂਹਾਂ ਨਾਲ ਮੇਲੇ ਨੂੰ ਸਿਖਰ ਤੇ ਪਹੁੰਚਾ ਦਿੱਤਾ। ਮੇਲੇ ਵਿੱਚ ਪ੍ਰਸਿੱਧ ਬੁੱਤ-ਘਾੜੇ ਕੰਵਲ ਧਾਲੀਵਾਲ ਦੁਆਰਾ ਲਗਾਈ ਬੁੱਤ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ। ਯੂਰਪੀ ਪੰਜਾਬੀ ਸੱਥ ਤੇ ਸਿੱਖ ਮਿਸ਼ਨਰੀ ਸੁਸਾਇਟੀ ਦੀਆਂ ਪੁਸਤਕ ਪ੍ਰਦਰਸ਼ਨੀਆਂ ‘ਚ ਵੀ ਲੋਕਾਂ ਨੇ ਭਰਪੂਰ ਦਿਲਚਸਪੀ ਦਿਖਾਈ। ਸਮਾਗਮ ਨੂੰ ਹੋਰਾਂ ਤੋਂ ਇਲਾਵਾ ਰਘਵੀਰ ਪਰਮਜੀਤ ਪ੍ਰੀਤ ਸੰਧਾਵਾਲੀਆ, ਦਰਸ਼ਨ ਢਿੱਲੋਂ, ਮਨਜੀਤ ਕੌਰ ਪੱਡਾ, ਗੁਰਨਾਮ ਗਰੇਵਾਲ, ਕੁਲਵੰਤ ਢਿੱਲੋਂ, ਮੋਤਾ ਸਿੰਘ ਸਰਾਏ, ਪ੍ਰਬੰਧਕ ਗੁਰਦੁਆਰਾ ਸਿੰਘ ਸਭਾ ਸਾਊਥਾਲ, ਗੁਰਦੁਆਰਾ ਗੁਰੂ ਅਮਰਦਾਸ, ਪ੍ਰਤਾਪ ਸਿੰਘ ਮੋਮੀ, ਹਰਿੰਦਰ ਸਿੰਘ (ਲੱਕੀ) ਦਾ ਭਰਪੂਰ ਸਹਿਯੋਗ ਰਿਹਾ।

Comments are closed, but trackbacks and pingbacks are open.