ਹੱਤਿਆ ਕਰਕੇ ਲਾਸ਼ ਸੀਵਰਜ ਵਿਚ ਰੋੜੀ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਤਕਰੀਬਨ ਡੇਢ ਸਾਲ ਪਹਿਲਾਂ ਕਤਲ ਕੀਤੀ ਗਈ ਭਾਰਤੀ ਮੂਲ ਦੀ ਸ਼ਲਿਨੀ ਸਿੰਘ ਦੀ ਹੈਮਿਲਟਨ ਖੇਤਰ ਦੇ ਸੀਵਰੇਜ ਦੇ ਗੰਦੇ ਪਾਣੀ ਵਿਚੋਂ ਗਲੀ ਸੜੀ ਲਾਸ਼ ਮਿਲਣ ਉਪਰੰਤ ਉਸ ਦੇ ਦੋਸਤ ਜੈਫਰੀ ਸਮਿੱਥ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਵਿਰੁੱਧ ਦੂਸਰਾ ਦਰਜਾ ਹੱਤਿਆ ਤੋਂ ਇਲਾਵਾ ਮਨੁੱਖੀ ਦੇਹ ਦੀ ਬੇਅਦਬੀ ਕਰਨ ਦੇ ਦੋਸ਼ ਲਾਏ ਗਏ ਹਨ।
ਪੁਲਿਸ ਨੇ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਜੈਫਰੀ ਸਮਿੱਥ ਸ਼ਲਿਨੀ ਸਿੰਘ ਦਾ ਦੋਸਤ ਸੀ ਤੇ ਉਹ ਬਿਨਾਂ ਵਿਆਹ ਕਰਵਾਏ ਇੱਕਠੇ ਰਹਿੰਦੇ ਸਨ। ਸ਼ਲਿਨੀ ਸਿੰਘ ਨੂੰ ਆਖਰੀ ਵਾਰ 4 ਦਸੰਬਰ 2023 ਨੂੰ ਵੇਖਿਆ ਗਿਆ ਸੀ ਜਦੋਂ ਉਸ ਦੀ ਮਾਂ ਅਨੀਤਾ ਸਿੰਘ ਨੇ ਉਸ ਨੂੰ ਫੋਨ ਕੀਤਾ ਸੀ। ਜਾਂਚਕਾਰਾਂ ਦਾ ਵਿਸ਼ਵਾਸ਼ ਹੈ ਕਿ ਇਸ ਤੋਂ ਛੇਤੀ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਦੀ ਲਾਸ਼ ਸੀਵਰੇਜ ਵਿਚ ਵਹਾਅ ਦਿੱਤੀ ਗਈ। ਕੁਝ ਹਫਤਿਆਂ ਦੀ ਜਾਂਚ ਉਪਰੰਤ ਪੁਲਿਸ ਇਸ ਸਿੱਟੇ ‘ਤੇ ਪੁੱਜੀ ਕਿ ਸ਼ਲਿਨੀ ਸਿੰਘ ਘਰ ਵਿਚੋਂ ਜੀਂਦੀ ਬਾਹਰ ਨਹੀਂ ਗਈ। ਜਾਂਚਕਾਰਾਂ ਸਬੂਤਾਂ ਦੀ ਭਾਲ ਵਿੱਚ ਜੁਟੇ ਹੋਏ ਸਨ ਤੇ ਆਖਰਕਾਰ ਉਨਾਂ ਨੂੰ ਗਲੈਨਬਰੁੱਕ ਲੈਂਡਫਿੱਲ ਖੇਤਰ ਵਿਚ ਸੀਵਰੇਜ ਦੇ ਗੰਦੇ ਪਾਣੀ ਵਿਚੋਂ ਮਨੁੱਖੀ ਲਾਸ਼ ਦੀ ਰਹਿੰਦ ਖੂੰਹਦ ਮਿਲੀ।
ਡੀ ਐਨ ਏ ਦੀ ਜਾਂਚ ਉਪਰੰਤ ਪੁਸ਼ਟੀ ਹੋਈ ਕਿ ਇਹ ਲਾਸ਼ ਸ਼ਲਿਨੀ ਸਿੰਘ ਦੀ ਹੈ। ਸਮਿੱਥ ਦਾ ਪਿਛੋਕੜ ਹਿੰਸਾ ਤੇ ਦਿਮਾਗੀ ਬਿਮਾਰੀ ਨਾਲ ਜੁੜਿਆ ਹੋਇਆ ਹੈ। ਉਹ ਕਈ ਸਾਲ ਮਾਨਸਿਕ ਰੋਗਾਂ ਦੇ ਡਾਕਟਰਾਂ ਦੀ ਨਿਗਰਾਨੀ ਵਿਚ ਰਿਹਾ ਹੈ।
Comments are closed, but trackbacks and pingbacks are open.