ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – 3 ਸਾਲ ਦੇ ਵੀ ਵਧ ਸਮੇਂ ਤੋਂ ਪਹਿਲਾਂ ਇਕ ਭਾਰਤੀ ਪਰਿਵਾਰ ਦੇ 4 ਜੀਆਂ ਦੀ ਕੈਨੇਡਾ ਅਮਰੀਕਾ ਸਰਹੱਦ ਨੇੜੇ ਜੰਗਲੀ ਖੇਤਰ ਵਿਚ ਠੰਡ ਨਾਲ ਹੋਈ ਮੌਤ ਦੇ ਮਾਮਲੇ ਵਿਚ ਕੌਮਾਂਤਰੀ ਮਨੁੱਖੀ ਤਸਕਰੀ ਸਾਜਿਸ਼ ਦੇ ਭਾਰਤੀ ਮੂਲ ਦੇ ਰਿੰਗ ਲੀਡਰ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਉੱਤਰ ਪੱਛਮੀ ਮਿਨੀਸੋਟਾ ਦੀ ਸੰਘੀ ਅਦਾਲਤ ਦੇ ਜੱਜ ਨੇ ਇਹ ਫੈਸਲਾ ਸੁਣਾਇਆ। ਸੰਘੀ ਵਕੀਲਾਂ ਨੇ ਹਰਸ਼ਕੁਮਾਰ ਰਮਨਲਾਲ ਪਟੇਲ ਨੂੰ 20 ਸਾਲ ਸਜ਼ਾ ਦੇਣ ਦੀ ਸਿਫਾਰਿਸ਼ ਕੀਤੀ ਸੀ ਜਦ ਕਿ ਡਰਾਈਵਰ ਸਟੀਵ ਐਨਥਨੀ ਸ਼ਾਂਦ ਜਿਸ ਨੇ ਇਸ ਭਾਰਤੀ ਪਰਿਵਾਰ ਨੂੰ ਸੁਰੱਖਿਅਤ ਅਮਰੀਕਾ ਵਿਚ ਦਾਖਲ ਕਰਵਾਉਣ ਸੀ, ਨੂੰ 11 ਸਾਲ ਸਜ਼ਾ ਦੇਣ ਦੀ ਸਿਫਾਰਿਸ਼ ਕੀਤੀ ਸੀ। ਇਨਾਂ ਦੋਨਾਂ ਨੂੰ ਪਿਛਲੇ ਸਾਲ ਨਵੰਬਰ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਡਰਾਈਵਰ ਸ਼ਾਂਦ ਨੂੰ ਅਜੇ ਸਜ਼ਾ ਸੁਣਾਈ ਜਾਣੀ ਹੈ।
ਯੂ ਐਸ ਡਿਸਟ੍ਰਿਕਟ ਜੱਜ ਜੌਹਨ ਟੁਨਹੀਮ ਨੇ ਪਿੱਛਲੇ ਮਹੀਨੇ ਆਪਣੇ ਆਪ ਨੂੰ ਨਿਰਦੋਸ਼ ਦਸਦਿਆਂ ਦੋਸ਼ੀਆਂ ਵੱਲੋਂ ਮਾਮਲਾ ਖਤਮ ਕਰਨ ਦੀ ਕੀਤੀ ਬੇਨਤੀ ਰੱਦ ਕਰ ਦਿੱਤੀ ਸੀ। ਸੁਣਵਾਈ ਦੌਰਾਨ ਵਕੀਲਾਂ ਨੇ ਕਿਹਾ ਕਿ ਭਾਰਤੀ ਨਾਗਰਿਕ ਪਟੇਲ ਉਰਫ ”ਡਰਟੀ ਹੈਰੀ ਤੇ ਫਲੋਰਿਡਾ ਵਾਸੀ ਅਮਰੀਕੀ ਨਾਗਰਿਕ ਸ਼ਾਂਦ ‘ਆਧੁਨਿਕ ਗੈਰ ਕਾਨੂੰਨੀ ਆਪਰੇਸ਼ਨ’ ਦਾ ਹਿੱਸਾ ਸਨ ਜਿਸ ਤਹਿਤ ਇਨਾਂ ਨੇ ਦਰਜ਼ਨਾਂ ਲੋਕਾਂ ਨੂੰ ਵਿਦਿਆਰਥੀ ਵੀਜੇ ਉਪਰ ਭਾਰਤ ਤੋਂ ਕੈਨੇਡਾ ਲਿਆਂਦਾ ਤੇ ਉਪਰੰਤ ਉਨਾਂ ਨੂੰ ਗੈਰ ਕਾਨੂੰਨੀ ਢੰਗ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਕਰਵਾਇਆ।
ਇਥੇ ਜਿਕਰਯੋਗ ਹੈ ਕਿ ਇਸ ਬਹੁਤ ਹੀ ਦੁੱਖਦਾਈ ਘਟਨਾ ਵਿਚ ਜਗਦੀਸ਼ ਪਟੇਲ (39), ਉਸ ਦੀ ਪਤਨੀ ਵੈਸ਼ਾਲੀਬੇਨ (35), ਉਨਾਂ ਦੀ 11 ਸਾਲਾ ਧੀ ਵਿਹਾਂਗੀ ਤੇ 3 ਸਾਲਾ ਪੁੱਤਰ ਧਰਮਿਕ ਦੀ ਬਰਫ਼ ਵਿਚ ਜਮਣ ਕਾਰਨ ਮੌਤ ਹੋ ਗਈ ਸੀ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ 19 ਜਨਵਰੀ 2022 ਨੂੰ ਉਨਾਂ ਦੀਆਂ ਲਾਸ਼ਾਂ ਮਨੀਟੋਬਾ ਤੇ ਮਿਨੀਸੋਟਾ ਵਿਚਾਲੇ ਸਰਹੱਦ ਦੇ ਉੱਤਰ ਵਿਚ ਬਰਾਮਦ ਕੀਤੀਆਂ ਸਨ। ਇਹ ਪਰਿਵਾਰ ਗੁਜਰਾਤ ਦੇ ਡਿੰਗੂਚਾ ਪਿੰਡ ਦਾ ਰਹਿਣ ਵਾਲਾ ਸੀ।
Comments are closed, but trackbacks and pingbacks are open.