ਅਮਰੀਕਾ ਦੇ ਗਰਾਸਰੀ ਸਟੋਰ ਵਿਚ ਹੋਈ ਗੋਲੀਬਾਰੀ ਵਿੱਚ ਮਰਨ ਵਾਲਿਆਂ ਵਿਚ ਇਕ ਭਾਰਤੀ ਵੀ ਸ਼ਾਮਿਲ

ਭਾਰਤੀ ਕੌਂਸਲਖਾਨੇ ਨੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਦਿੱਤਾ ਭਰੋਸਾ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਅਰਕੰਸਾਸ ਰਾਜ ਦੇ ਫੋਰਡਾਇਸੀ ਕਸਬੇ ਵਿਚ 3 ਦਿਨ ਪਹਿਲਾਂ ਮੈਡ ਬਚਰ ਗਰਾਸਰੀ ਸਟੋਰ ਵਿਚ ਹੋਈ ਗੋਲੀਬਾਰੀ ਵਿੱਚ ਮਾਰੇ ਗਏ 4 ਵਿਅਕਤੀਆਂ ਵਿਚ ਇਕ ਭਾਰਤੀ ਵੀ ਸ਼ਾਮਿਲ ਹੈ ਜਿਸ ਦੀ ਪਛਾਣ ਡਸਾਰੀ ਗੋਪੀਕ੍ਰਿਸ਼ਨਾ (32) ਵਜੋਂ ਹੋਈ ਹੈ ਜੋ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇਸ ਗੋਲੀਬਾਰੀ ਵਿਚ 2 ਪੁਲਸ ਅਫਸਰਾਂ ਸਮੇਤ 10 ਵਿਅਕਤੀ ਜ਼ਖਮੀ ਵੀ ਹੋਏ ਸਨ। ਹਮਲਵਾਰ ਵੀ ਪੁਲਿਸ ਦੀ ਗੋਲੀ ਨਾਲ  ਜ਼ਖਮੀ ਹੋ ਗਿਆ ਸੀ ਜਿਸ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ ਸੀ।

ਗੋਪੀਕ੍ਰਿਸ਼ਨਾ 8 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਤੇ ਉਹ ਬਚਰ ਗਰਾਸਰੀ ਸਟੋਰ ਵਿਚ ਕੰਮ ਕਰਦਾ ਸੀ। ਜਿਸ ਸਮੇ ਗੋਲੀਬਾਰੀ ਹੋਈ ਤਾਂ ਉਹ ਕਾਊਂਟਰ ‘ਤੇ ਬਿੱਲ ਬਣਾ ਰਿਹਾ ਸੀ। ਗੋਲੀਬਾਰੀ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਅਗਲੇ ਦਿਨ ਹਸਪਤਾਲ ਵਿਚ ਦਮ ਤੋੜ ਗਿਆ ਸੀ। ਉਹ ਆਪਣੇ ਪਿਛੇ ਪਤਨੀ ਤੇ ਇਕ ਪੁੱਤਰ ਛੱਡ ਗਿਆ ਹੈ। ਹੋਸਟਨ ਵਿਚ ਭਾਰਤੀ ਕੌਂਸਲਖਾਨੇ ਨੇ ਗੋਪੀਕ੍ਰਿਸ਼ਨਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਉਹ ਪਰਿਵਾਰ ਦੇ ਮੈਂਬਰਾਂ ਨਾਲ ਸੰਪਰਕ ਵਿਚ ਹੈ ਤੇ ਪਰਿਵਾਰ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਵੀ ਗੋਪੀਕ੍ਰਿਸ਼ਨਾ ਦੀ  ਮੌਤ ‘ਤੇ ਅਫਸੋਸ ਪ੍ਰਗਟਾਇਆ ਹੈ ਤੇ ਭਰੋਸਾ ਦਿੱਤਾ ਹੈ ਕਿ ਰਾਜ ਸਰਕਾਰ ਗੋਪੀਕ੍ਰਿਸ਼ਨਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਹਰ ਲੋੜੀਂਦੀ ਸਹਾਇਤਾ ਕਰੇਗੀ।

Comments are closed, but trackbacks and pingbacks are open.