ਵੁਲਵਰਂਪਟਨ ਵਿਚ ਅਮਨਦੀਪ ਕੌਰ ਹੋਠੀ ਨੂੰ ਉਸ ਦੇ ਪ੍ਰੇਮੀ ਵਲੋਂ ਕਥਿਤ ਤੌਰ ‘ਤੇ ਕਤਲ ਕੀਤੇ ਜਾਣ ਸਬੰਧੀ ਮੁਕੱਦਮੇ ਦੀ ਸੁਣਵਾਈ ਸ਼ੁਰੂ

ਵੁਲਵਰਂਪਟਨ – ਇਸ ਸਾਲ ਮਾਰਚ ਮਹੀਨੇ  ਇਥੋਂ ਦੇ ਇਕ ਹੋਟਲ ਵਿਚੋਂ ਅਮਨਦੀਪ ਕੌਰ ਹੋਠੀ ਦੇ ਕਤਲ ਸਬੰਧੀ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋ ਗਈ । ਜਿਸ ਦੌਰਾਨ ਇਸ ਕਤਲ ਦੀ ਵਜ੍ਹਾ ਪ੍ਰੇਮ ਸਬੰਧ ਦੱਸੀ ਗਈ । ਹੋਠੀ ਦੇ ਪ੍ਰੇਮੀ ਗੁਰਮਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੇ ਓਦੋਂ ਗੁੱਸੇ ਵਿਚ ਆ ਕੇ ਉਸ ‘ਤੇ ਹਮਲਾ ਕਰ ਦਿੱਤਾ ਸੀ ਜਦੋਂ ਉਸ ਨੇ ਕਿਸੇ ਹੋਰ ਬੰਦੇ ਨਾਲ ਵਿਆਹ ਕਰਵਾਉਣ ਦੀ ਗੱਲ ਆਖੀ ਸੀ, ਜਿਸ ਤੋਂ ਬਾਅਦ ਉਸ ਨੇ ਖੁਦ ਨੂੰ ਮਾਰਨ ਦੀ ਵੀ ਅਸਫਲ ਕੋਸ਼ਿਸ਼ ਕੀਤੀ ਸੀ।
ਵੁਲਵਰਂਪਟਨ ਕਰਾਊਨ ਕੋਰਟ ਵਿਚ ਪਿਛਲੇ ਦਿਨੀਂ ਸ਼ੁਰੂ ਹੋਈ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਕਥਿਤ ਦੋਸ਼ੀ ਗੁਰਮਿੰਦਰ ਸਿੰਘ (29) ਵਾਸੀ ਗਰੀਨ ਲੇਨ, ਫੌਰੈਸਟ ਗੇਟ ਨੇ ਮੰਨਿਆ ਕਿ ਉਸ ਨੇ ਈਰਖਾ–ਵੱਸ ਖੁਦ ਨੂੰ ਖਤਮ ਕਰਨ ਦਾ ਮਨ ਬਣਾ ਲਿਆ ਸੀ ਜਦੋਂ ਉਸ ਦੀ ਪ੍ਰੇਮਿਕਾ ਅਮਨਦੀਪ ਕੌਰ ਹੋਠੀ, ਜਿਸ ਨੂੰ ਉਹ ਸਿਮਰਨ ਸੰਧੂ ਵਜੋਂ ਜਾਣਦਾ ਸੀ, ਨੇ ਉਸ ਨੂੰ ਦੱਸਿਆ ਸੀ ਕਿ ਉਸ ਦੇ ਪਰਿਵਾਰ ਵਾਲੇ ਕਿਸੇ ਹੋਰ ਬੰਦੇ ਨਾਲ ਉਸ ਦਾ ਵਿਆਹ ਕਰਨਾ ਚਾਹੁੰਦੇ ਸਨ।
ਅਦਾਲਤ ਨੂੰ ਦੱਸਿਆ ਗਿਆ ਕਿ ਅਮਨਦੀਪ ਕੌਰ ਹੋਠੀ (29) ਜੋ ਕਿ ਦੋ ਬੱਚਿਆਂ ਦੀ ਮਾਂ ਸੀ ਅਤੇ ਆਪਣੇ ਪਤੀ ਪਾਲ ਸਿੰਘ ਅਤੇ ਦੋ ਬੱਚਿਆਂ ਨਾਲ ਵੁਲਵਰਂਪਟਨ ਵਿਚ ਰਹਿੰਦੀ ਸੀ, ਦੀ ਲਾਸ਼ 5 ਮਾਰਚ ਨੂੰ ਬ੍ਰਿਟਾਨੀਆ ਹੋਟਲ ਵਿਚੋਂ ਮਿਲੀ ਸੀ ਜਿਸ ਦੀ ਗਰਦਨ ਕੱਟੀ ਹੋਈ ਸੀ। ਉਸ ਦੇ ਸਰੀਰ ‘ਤੇ ਚਾਕੂ ਦੇ ਘੱਟੋ ਘੱਟ 10 ਜ਼ਖਮ ਸਨ। ਉਸ ਤੋਂ ਪਹਿਲਾਂ ਸ਼ਾਮੀਂ 7ੰ15 ਕੁ ਵਜੇ ਉਸ ਨੇ ਆਪਣੇ ਪਤੀ ਨੂੰ ਦਰਦਮੰਦ ਢੰਗ ਨਾਲ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਉਸ ਦੇ ਕਿਸੇ ਹੋਰ ਬੰਦੇ ਨਾਲ ਸਬੰਧ ਸਨ। ਉਹਨੇ ਚੀਕਾਂ ਮਾਰ ਕੇ ਦੱਸਿਆ ਸੀ ਕਿ ਉਹ ਮਰ ਰਹੀ ਸੀ। ਜਿਸ ਦੇ ਪਤੀ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ। ਪਰ ਓਦੋਂ ਇਹ ਪਤਾ ਨਹੀਂ ਸੀ ਕਿ ਉਹ ਕਿਥੋਂ ਬੋਲ ਰਹੀ ਸੀ।
ਬਾਅਦ ਵਿਚ ਗੁਰਮਿੰਦਰ, ਜਿਸ ਨੇ ਅਮਨਦੀਪ ਦਾ ਕਥਿਤ ਕਤਲ ਕਰਨ ਉਪਰੰਤ ਖੁਦ ਦੀ ਗਰਦਨ ਕੱਟ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਨੇ ਅਗਲੀ ਸਵੇਰ ਨੂੰ ਐਮਰਜੈਂਸੀ ਸੇਵਾਵਾਂ ਨੂੰ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਮਰ ਰਿਹਾ ਸੀ, ਛੇਤੀ ਕਰੋ। ਉਸ ਨੇ ਉਸ ਵੇਲੇ ਸ੍ਰੀਮਤੀ ਹੋਠੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਸੀ। ਜਿਸ ਦੀ ਲਾਸ਼ ਐਮਰਜੈਂਸੀ ਸੇਵਾਵਾਂ ਦੇ ਅਮਲੇ ਨੇ ਹੋਟਲ ਦੇ ਉਸੇ ਕਮਰੇ ਵਿਚ ਪਈ ਵੇਖੀ ਸੀ। ਜਿਥੇ ਗੁਰਮਿੰਦਰ ਜ਼ਖਮੀ ਹਾਲਤ ਵਿਚ ਮਿਲਿਆ ਸੀ।
ਗੁਰਮਿੰਦਰ ਨੇ ਦੱਸਿਆ ਸੀ ਕਿ ਉਹ ਤਕਰੀਬਨ ਇਕ ਸਾਲ ਤੋਂ ਅਮਨਦੀਪ ਨੂੰ ਮਿਲਿਆ ਸੀ, ਜਿਸ ਨੂੰ ਉਹ ਸਿਮਰਨ ਸੰਧੂ ਦੇ ਨਾਮ ਨਾਲ ਜਾਣਦਾ ਸੀ। ਉਸ ਨੂੰ ਉਹ ਫੇਸਬੁੱਕ ‘ਤੇ ਮਿਲਿਆ ਸੀ। ਗੁਰਮਿੰਦਰ ਨੂੰ ਅਮਨਦੀਪ ਫੋਨ ਕਰਨ ਲਈ ਵੀ ਵੱਖਰੇ ਮੋਬਾਈਲ ਫੋਨ ਦੀ ਵਰਤੋਂ ਕਰਦੀ ਸੀ, ਕਿਉਂਕਿ ਗੁਰਮਿੰਦਰ ਨੇ ਦੱਸਿਆ ਕਿ ਉਹ ਘੱਟੋ ਘੱਟ 9 ਵਾਰ ਵੁਲਵਰਂਪਟਨ ਆ ਕੇ ਅਮਨਦੀਪ ਨੂੰ ਮਿਲਿਆ ਸੀ। ਉਹ 4 ਮਾਰਚ ਨੂੰ ਵੀ ਵੁਲਵਰਂਪਟਨ ਆ ਕੇ ਰਿਹਾ ਸੀ ਅਤੇ ਉਸ ਨੂੰ ਮਿਲ ਕੇ ਗਿਆ ਸੀ। ਪਰ ਅਗਲੇ ਦਿਨ ਹੀ ਫਿਰ ਉਸ ਨੇ ਆਪਣੇ ਇਕ ਦੋਸਤ ਨੂੰ ਉਸ ਦੀ ਟਰੇਨ ਬੁੱਕ ਕਰਨ ਲਈ ਕਿਹਾ ਸੀ। ਗੁਰਮਿੰਦਰ ਨੇ ਦੱਸਿਆ ਕਿ ਉਹ ਅਮਨਦੀਪ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਅਤੇ ਉਸ ਤੋਂ ਬਗੈਰ ਨਹੀਂ ਰਹਿ ਸਕਦਾ ਸੀ।
ਅਦਾਲਤ ਵਿਚ ਇੰਟਰਪਰੇਟਰ ਦੀ ਮੱਦਦ ਨਾਲ ਗੁਰਮਿੰਦਰ ਨੇ ਦੱਸਿਆ ਸੀ ਕਿ ਉਹ ਅਮਨਦੀਪ ਨੂੰ ਪਿਆਰ ਕਰਦਾ ਸੀ ਅਤੇ ਉਹ ਵੀ ਕਹਿੰਦੀ ਸੀ ਕਿ ਉਹ ਕੇਵਲ ਤੇ ਕੇਵਲ ਉਸ ਨੂੰ ਪਿਆਰ ਕਰਦੀ ਸੀ। ਪਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਕਿਸੇ ਹੋਰ ਨਾਲ ਵਿਆਹ ਕਰਵਾਉਣ ਜਾ ਰਹੀ ਸੀ ਤਾਂ ਉਹ ਖੁਦ ਨਾਲ ਧੋਖਾ ਹੋਇਆ ਸਮਝਦਾ ਸੀ, ਉਹ ਉਸ ਦੇ ਬਗੈਰ ਮਰ ਜਾਣ ਬਾਰੇ ਸੋਚਦਾ ਸੀ। ਉਸ ਨੇ ਦੱਸਿਆ ਕਿ ਅਮਨਦੀਪ ਨੇ ਉਸ ਨੂੰ 2013 ਦੇ ਅਖੀਰ ਵਿਚ ਦੱਸਿਆ ਸੀ ਕਿ ਉਹ ਕਿਸੇ ਮਨਪ੍ਰੀਤ ਨਾਮ ਦੇ ਬੰਦੇ ਨਾਲ ਵਿਆਹ ਕਰਵਾਉਣ ਲਈ ਕੈਨੇਡਾ ਜਾ ਰਹੀ ਸੀ। ਜਿਸ ਤੋਂ ਬਾਅਦ ਉਹ ਫੇਸਬੁੱਕ ਅਤੇ ਸਕਾਈਪ ‘ਤੇ ਵੀ ਕਈ ਵਾਰ ਉਸ ਨਾਲ ਝਗੜਾ ਕਰ ਚੁੱਕਾ ਸੀ। ਪਰ ਉਹ ਕਹਿੰਦੀ ਸੀ ਕਿ ਇਹ ਕੇਵਲ ਝੂਠਾ ਵਿਆਹ ਸੀ।
ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਗੁਰਮਿੰਦਰ 2010 ਵਿਚ ਭਾਰਤ ਤੋਂ ਵਿਦਿਆਰਥੀ ਵੀਜ਼ੇ ‘ਤੇ ਯੂ ਕੇ ਆਇਆ ਸੀ। ਉਹ ਕਾਲਜ ਵਿਚ ਪੜ੍ਹਾਈ ਦੇ ਨਾਲ ਨਾਲ ਆਪਣੇ ਫਲੈਟ ਦੇ ਹੇਠਾਂ ਸੁਪਰਮਾਰਕੀਟ ਵਿਚ ਕੰਮ ਵੀ ਕਰਦਾ ਸੀ। ਉਸ ਦੀ ਅਮਨਦੀਪ ਨਾਲ ਜਾਣ–ਪਛਾਣ ਪਹਿਲੀ ਵਾਰ ਫੇਸਬੁੱਕ ‘ਤੇ ਸੁਨੇਹਾ ਭੇਜਣ ਨਾਲ ਹੋਈ ਸੀ ਜਿਸ ਨੂੰ ਉਹ ਸਿਮਰਨ ਸੰਧੂ ਸਮਝਦਾ ਸੀ। ਜਿਸ ਦੇ ਨਾਮ ‘ਤੇ ਉਸ ਨੇ ਆਪਣੀ ਬਾਂਹ ‘ਤੇ ਟੈਟੂ ਵੀ ਬਣਾਇਆ ਸੀ।
ਗੁਰਮਿੰਦਰ ਨੇ ਇਹ ਵੀ ਦੱਸਿਆ ਕਿ ਉਸ ਨੂੰ ਉਸ ਦਾ ਅਸਲੀ ਨਾਮ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪਤਾ ਚੱਲਿਆ ਸੀ। ਉਸ ਨੇ ਮੰਨਿਆ ਕਿ ਉਸ ਨੇ ਅਮਨਦੀਪ ‘ਤੇ ਚਾਕੂ ਨਾਲ ਹਮਲਾ ਕੀਤਾ ਪਰ ਉਸ ਨੇ ਕਤਲ ਦੇ ਦੋਸ਼ ਤੋਂ ਇਹ ਕਹਿੰਦਿਆਂ ਇਨਕਾਰ ਕੀਤਾ ਕਿ ਉਹ ਗੁੱਸੇ ਕਾਰਨ ਆਪਣੇ ਹੋਸ਼ ਵਿਚ ਨਹੀਂ ਸੀ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਉਸ ਨੇ ਖੁਦਕੁਸ਼ੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਇਸ ਕਰਕੇ ਹੋਏ ਜ਼ਖਮ ਕਰਕੇ ਉਸ ਨੂੰ ਚਾਰਜ ਕੀਤੇ ਜਾਣ ਸਮੇਂ ਉਹ ਬੋਲ ਵੀ ਨਹੀਂ ਸਕਦਾ ਸੀ। ਮੁਕੱਦਮੇ ਦੀ ਸੁਣਵਾਈ ਅਜੇ ਜਾਰੀ ।

You can leave a response, or trackback from your own site.

Leave a Reply

Powered By Indic IME