ਹਡਰਸਫੀਲਡ ਦੇ ਗੁਰਦੁਆਰੇ ਵਿਚ ਪ੍ਰਧਾਨ ਦੀ ਤਕਰੀਰ ਦੌਰਾਨ ਹੋਏ ਲੜਾਈ–ਝਗੜੇ ਦੇ ਮਾਮਲੇ ਚ ਸ਼ਾਮਿਲ ਚਾਰ ਸਿੱਖਾਂ ਨੂੰ ਬਰੀ ਕਰ ਦਿੱਤਾ

ਹਡਰਸਫੀਲਡ – ਇਥੇ ਗੁਰੂ ਨਾਨਕ ਗੁਰਦੁਆਰਾ ਵਿਖੇ ਹੋਈ ਲੜਾਈ–ਝਗੜੇ ਦੇ ਮਾਮਲੇ ਵਿਚ ਸਧਾਰਨ ਹਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚਾਰ ਸਿੱਖ ਭਾਈਬੰਦਾਂ ਵਲੋਂ ਸ਼ਾਂਤੀ ਬਣਾ ਕੇ ਰੱਖਣ ਦੀ ਰਜ਼ਾਮੰਦੀ ਦੇਣ ਤੋਂ ਬਾਅਦ ਚਾਰਾਂ ਨੂੰ ਬਰੀ ਕਰ ਦਿੱਤਾ ਗਿਆ ।
ਇਥੇ ਦੱਸਣਯੋਗ  ਕਿ ਬੀਤੀ 2 ਫਰਵਰੀ ਨੂੰ ਗੁਰੂ ਨਾਨਕ ਗੁਰਦੁਆਰਾ ਪ੍ਰੌਸਪੈਕਟ ਸਟਰੀਟ, ਸਪਰਿੰਗਵੁੱਡ ਵਿਖੇ ਇਕ ਧਾਰਮਿਕ ਦੀਵਾਨ ਦੌਰਾਨ ਲੜਾਈ–ਝਗੜਾ ਹੋਇਆ ਸੀ। ਜਿਸ ਦੌਰਾਨ ਸੰਗਤ ਦੇ ਕੁਝ ਮੈਂਬਰਾਂ ਨੇ ਦੋਸ਼ ਲਗਾਇਆ ਕਿ ਜਦੋਂ ਗੁਰੂਘਰ ਦੇ ਪ੍ਰਧਾਨ ਇੰਦਰਪਾਲ ਸਿੰਘ ਰੰਧਾਵਾ ਵਲੋਂ ਕੁਝ ਤਕਰੀਰ ਕੀਤੀ ਜਾ ਰਹੀ ਸੀ ਤਾਂ ਸੰਗਤ ਦੇ ਇਕ ਮੈਂਬਰ ਨੇ ਉਠ ਕੇ ਉਸ ਦਾ ਵਿਰੋਧ ਕੀਤਾ ਸੀ। ਜਿਸ ‘ਤੇ ਸੰ ਰੰਧਾਵਾ ਦੇ ਕੁਝ ਸਮਰਥਕਾਂ ਵਲੋਂ ਦਖਲ ਦੇਣ ‘ਤੇ ਮਾਮਲਾ ਹੱਥੋਪਾਈ ‘ਤੇ ਪਹੁੰਚ ਗਿਆ ਸੀ। ਜਿਸ ਦੌਰਾਨ ਕੁਝ ਬਜ਼ੁਰਗ ਬੀਬੀਆਂ ਨੂੰ ਵੀ ਧੱਕੇ ਮਾਰੇ ਜਾਣ ਦੇ ਦਾਅਵੇ ਕੀਤੇ ਗਏ।
ਇਸ ਮਾਮਲੇ ਵਿਚ ਚਾਰ ਬੰਦਿਆਂ ਅਮਰੀਕ ਸਿੰਘ (46) ਵਾਸੀ ਬੈਂਕਫੀਲਡ ਪਾਰਕ ਐਵੇਨਿਊ, ਟੇਲਰ ਹਿੱਲ, ਗੁਰਪ੍ਰੀਤ ਜੌਹਲ (24) ਅਤੇ ਹਰਜਿੰਦਰ ਜੌਹਲ (51) ਦੋਵੇਂ ਵਾਸੀ ਸੈਵਿਲ ਡਰਾਈਵ, ਲੀਫੈਕਸ ਦੇ ਖਿਲਾਫ ਸਧਾਰਨ ਹਮਲੇ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਨ੍ਹਾਂ ਦੀ ਪਿਛਲੇ ਦਿਨੀਂ ਕਿਰਲੀਜ਼ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ੀ ਸੀ। ਇਹ ਸੁਣਵਾਈ ਇਕ ਹਫਤੇ ਤੱਕ ਚੱਲਣੀ ਸੀ ਪਰ ਸੁਣਵਾਈ ਤੋਂ ਪਹਿਲਾਂ ਚਾਰਾਂ ਬੰਦਿਆਂ ਵਲੋਂ ਦੋ ਸਾਲ ਲਈ ਸ਼ਾਂਤੀ ਬਣਾ ਕੇ ਰੱਖਣ ਦੀ ਰਜ਼ਾਮੰਦੀ ਦੇ ਦਿੱਤੇ ਜਾਣ ‘ਤੇ ਪ੍ਰਾਸੀਕਿਊਸ਼ਨ ਨੇ ਇਹ ਕੇਸ ਵਾਪਸ ਲੈ ਲਿਆ।
ਇਸ ਸਬੰਧੀ ਸਫਾਈ ਪੱਖ ਦੇ ਵਕੀਲ ਨੇ ਦੱਸਿਆ ਕਿ ਇਹ ਚਾਰੇ ਸਿੱਖ ਭਾਈਚਾਰੇ ਦੇ ਸਤਿਕਾਰਤ ਮੈਂਬਰ ਹਨ। ਇਨ੍ਹਾਂ ਵਿਚੋਂ ਕੋਈ ਵੀ ਗੁਰੂਘਰ ਦੀ ਬਦਨਾਮੀ ਨਹੀਂ ਚਾਹੁੰਦਾ। ਬੇਸ਼ੱਕ ਗੁਰੂਘਰ ਵਿਚ ਕੁਝ ਤਣਾਅ ਸੀ ਪਰ ਉਹ ਕੋਈ ਵੀ ਮੈਂਬਰ ਇਸ ਤਣਾਅ ਨੂੰ ਗੁਰੂਘਰ ਵਿਚ ਜਾਰੀ ਨਹੀਂ ਰੱਖਣਾ ਚਾਹੁੰਦਾ।
ਡਿਸਟ੍ਰਿਕਟ ਜੱਜ ਨੇ ਕਿਹਾ ਕਿ ਇਹ ਮੰਨਿਆ ਗਿਆ  ਕਿ ਗੁਰੂਘਰ ਵਿਚ 2 ਜਨਵਰੀ ਨੂੰ ਕੁਝ ਗੜਬੜ ਹੋਈ ਜਿਸ ਵਿਚ ਕੁਝ ਲੋਕ ਸ਼ਾਮਿਲ ਸਨ। ਪਰ ਇਸ ਮਾਮਲੇ ਵਿਚ ਚਾਰਾਂ ਵਿਅਕਤੀਆਂ ਨੇ ਸ਼ਾਂਤੀ ਬਣਾ ਕੇ ਰੱਖਣਾ ਸਵੀਕਾਰ ਕੀਤਾ । ਉਸ ਨੇ ਉਮੀਦ ਜ਼ਾਹਿਰ ਕੀਤੀ ਕਿ ਅਜਿਹਾ ਮੁੜ ਤੋਂ ਨਹੀਂ ਹੋਵੇਗਾ। ਇਥੇ ਇਹ ਵੀ ਦੱਸਣਯੋਗ  ਕਿ ਇਸ ਝਗੜੇ ਤੋਂ ਇਕ ਹਫਤੇ ਬਾਅਦ ਸੰਗਤ ਦੇ ਕੁਝ ਮੈਂਬਰਾਂ ਨੇ ਗੁਰੂਘਰ ਦੇ ਪ੍ਰਧਾਨ ਤੋਂ ਅਸਤੀਫਾ ਮੰਗਦਿਆਂ ਰੋਸ ਪ੍ਰਦਰਸ਼ਨ ਵੀ ਕੀਤਾ ਸੀ। ਉਨ੍ਹਾਂ ਦੀ ਮੰਗ ਸੀ ਕਿ ਗੁਰੂਘਰ ਦੀ ਕਮੇਟੀ ਇਸ ਬਾਰੇ ਜਾਂਚ ਕਰੇ ਅਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਦੂਜੇ ਪਾਸੇ ਕਮੇਟੀ ਵਲੋਂ ਕੁਝ ਵਿਅਕਤੀਆਂ ‘ਤੇ ਧਾਰਮਿਕ ਕਾਰਵਾਈਆਂ ਵਿਚ ਵਿਘਨ ਪਾਉਣ, ਤੱਥਾਂ ਨੂੰ ਤਰੋੜ–ਮਰੋੜ ਕੇ ਪੇਸ਼ ਕਰਨ ਅਤੇ ਅਫਵਾਹਾਂ ਫੈਲਾਉਣ ਦੇ ਦੋਸ਼ ਲਗਾਏ ਗਏ ਹਨ।

You can leave a response, or trackback from your own site.

Leave a Reply

Powered By Indic IME