ਵੁਲਵਰਂਪਟਨ ਵਿਚ 53 ਸਾਲਾ ਯੂਰਪੀ ਔਰਤ ਨਾਲ ਜਾਅਲੀ ਵਿਆਹ ਕਰਵਾਉਣ ਵਾਲੇ ਅਫਗਾਨੀ ਨੌਜਵਾਨ ਨੂੰ ਜੇਲ੍ਹ ਹੋ ਗਈ

ਵੁਲਵਰਂਪਟਨ – ਯੂ ਕੇ ਵਿਚ ਪੱਕੇ ਹੋਣ ਲਈ ਯੂਰਪੀ ਔਰਤਾਂ ਨਾਲ ਜਾਅਲੀ ਵਿਆਹ ਕਰਵਾਉਣ ਦੀ ਸਾਜ਼ਿਸ਼ ਤਹਿਤ ਇਕ ਅਫਗਾਨੀ ਨੌਜਵਾਨ ਨੂੰ ਜੇਲ੍ਹ ਦੀ ਸਜ਼ਾ ਸੁਣਾਈ
ਗਈ ਜਦ ਕਿ ਉਸ ਦੀ 53 ਸਾਲਾ ਚੈੱਕ ਨਾਗਰਿਕ ਲਾੜੀ ਅਤੇ ਅਜਿਹੇ ਜਾਅਲੀ ਵਿਆਹਾਂ ਦੀ ਸਾਜ਼ਿਸ਼ ਰਚਣ ਵਾਲੇ ਏਸ਼ੀਅਨ ਬੰਦੇ ਨੂੰ ਪਹਿਲਾਂ ਹੀ ਜੇਲ੍ਹ ਭੇਜਿਆ ਜਾ ਚੁੱਕਾ ।
ਵੁਲਵਰਂਪਟਨ ਕਰਾਊਨ ਕੋਰਟ ਵਿਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਅਫਗਾਨੀ ਨਾਗਰਿਕ ਅਤਾਉੱਲਾ ਗੁਲ ਨੇ ਯੂ ਕੇ ਵਿਚ ਪੱਕੇ ਹੋਣ ਲਈ
ਦਾਅਵਾ ਕੀਤਾ ਸੀ ਕਿ ਉਸ ਦੇ 53 ਸਾਲਾ ਚੈੱਕ ਔਰਤ ਵੀਰਾ ਹੋਰਵਾਟੋਵਾ ਨਾਲ ਨਜ਼ਦੀਕੀ ਸਬੰਧ ਸਨ ਜਦ ਕਿ ਇਹ ਦੋਵੇਂ ਇਕ ਦੂਜੇ ਨੂੰ ਜਾਣਦੇ ਤੱਕ ਨਹੀਂ ਸਨ। ਇਸ
ਜਾਅਲੀ ਵਿਆਹ ਦੀ ਭਣਕ ਪੈ ਜਾਣ ‘ਤੇ ਹੋਮ ਆਫਿਸ ਦੇ ਅਧਿਕਾਰੀਆਂ ਅਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਹ ਵਿਆਹ ਰੁਕਵਾ ਦਿੱਤਾ ਸੀ।
ਅਦਾਲਤ ਨੂੰ ਦੱਸਿਆ ਗਿਆ ਕਿ ਇਸ ਵਿਆਹ ਲਈ ਅਰਜ਼ੀ ਮੁਹੰਮਦ ਅਖਤਰ ਵਲੋਂ ਪਾਈ ਗਈ ਸੀ ਜੋ ਕਿ ਖੁਦ ਨੂੰ ਕਾਨੂੰਨੀ ਮਾਹਿਰ ਦੱਸਦਾ ਸੀ। ਜਦ ਕਿ ਹੋਰਵਾਟੋਵਾ ਉਸ ਦੀ
ਗੁਆਂਢਣ ਸੀ। ਮੁਹੰਮਦ ਅਤੇ ਹੋਰਵਾਟੋਵਾ ਨੇ ਮਿਲ ਕੇ ਹੋਰ ਵੀ ਅਜਿਹੇ ਕਈ ਜਾਅਲੀ ਵਿਆਹਾਂ ਦੀ ਸਾਜ਼ਿਸ਼ ਰਚੀ ਸੀ। ਜਿਨ੍ਹਾਂ ਵਿਚ ਦੋ ਪੰਜਾਬੀ ਵੀ ਜਾਅਲੀ ਲਾੜੇ ਬਣੇ ਸਨ।
ਜਿਨ੍ਹਾਂ ਨੂੰ ਉਨ੍ਹਾਂ ਦੀਆਂ ਜਾਅਲੀ ਲਾੜੀਆਂ ਸਮੇਤ ਪਹਿਲਾਂ ਹੀ ਸਜ਼ਾ ਸੁਣਾਈ ਜਾ ਚੁੱਕੀ ।
ਮੁਹੰਮਦ ਅਖਤਰ ਇਸ ਅਫਗਾਨੀ ਲਾੜੇ ਦੇ ਵਿਆਹ ਲਈ ਗਵਾਹ ਵੀ ਬਣਿਆ ਸੀ। ਜਿਸ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਬਾਅਦ ਵਿਚ ਉਸ ਦੇ ਡੰਨਸਟਾਲ ਰੋਡ
ਸਥਿਤ ਘਰ ਦੀ ਤਲਾਸ਼ੀ ਦੌਰਾਨ ਉਥੋਂ ਇਸ ਧੋਖਾਧੜੀ ਸਬੰਧੀ ਕਈ ਦਸਤਾਵੇਜ਼ੀ ਸਬੂਤ ਮਿਲੇ ਸਨ। ਜਿਨ੍ਹਾਂ ਵਿਚੋਂ ਪਤਾ ਚੱਲਦਾ ਸੀ ਕਿ ਗੁਲ ਗਲੋਂ ਹੋਰਵਾਟੋਵਾ ਨਾਲ ਨਜ਼ਦੀਕੀ
ਸਬੰਧ ਦਾ ਦਾਅਵਾ ਕੀਤਾ ਜਾਣਾ ਸੀ। ਜਿਸ ਦੇ ਲਈ ਜੋੜੇ ਦੀਆਂ ਕਈ ਤਸਵੀਰਾਂ ਖਿੱਚੀਆਂ ਗਈਆਂ ਸਨ। ਮੁਹੰਮਦ ਵਲੋਂ ਹੋਰ ਕਈ ਭਾਰਤੀ ਉਪ ਮਹਾਦੀਪ ਦੇ ਬੰਦਿਆਂ ਨੂੰ
ਯੂਰਪੀ ਲਾੜੀਆਂ ਨਾਲ ਜਾਅਲੀ ਵਿਆਹ ਕਰਵਾ ਕੇ ਪੱਕੇ ਹੋਣ ਦੀ ਸਾਜ਼ਿਸ਼ ਵੀ ਰਚੀ ਗਈ ਸੀ। ਜਿਸ ਦੇ ਲਈ ਕਈ ਜਾਅਲੀ ਪ੍ਰਵਾਸੀਆਂ ਤੋਂ ਹਜ਼ਾਰਾਂ ਪੌਂਡ ਫੀਸ ਲਈ ਜਾਂਦੀ
ਸੀ।
ਅਦਾਲਤ ਨੂੰ ਦੱਸਿਆ ਗਿਆ ਕਿ ਗੁਲ ਦਾ ਵਿਦਿਆਰਥੀ ਵੀਜ਼ਾ 22 ਅਕਤੂਬਰ 2012 ਨੂੰ ਖਤਮ ਹੋ ਚੁੱਕਾ ਸੀ। ਉਸ ਨੂੰ ਇਸ ਸਾਲ 28 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ
ਸੀ। ਜਦੋਂ ਉਸ ਨੇ ਖੁਦ ਨੂੰ ਇਮੀਗਰੇਸ਼ਨ ਅਧਿਕਾਰੀਆਂ ਦੇ ਹਵਾਲੇ ਕੀਤਾ ਸੀ। ਉਸ ਨੇ ਮੰਨਿਆ ਕਿ ਉਸ ਨੇ ਅਕਤੂਬਰ 2012 ਅਤੇ ਅਪ੍ਰੈਲ 2014 ਦਰਮਿਆਨ ਇਮੀਗਰੇਸ਼ਨ ਸਬੰਧੀ ਕਾਨੂੰਨ ਦੀ ਉਲੰਘਣਾ ਕੀਤੀ। ਉਸ ਦੇ ਸਫਾਈ ਪੱਖ ਦੇ ਵਕੀਲ ਨੇ ਦੱਸਿਆ ਸੀ ਕਿ ਗੁਲ ਨੇ ਇਕ ਵਿਅਕਤੀ ਨੂੰ ਵਕੀਲ ਸਮਝ ਕੇ 2,500 ਪੌਂਡ ਦਿੱਤੇ ਸਨ ਤਾਂ ਕਿ ਉਸ ਦੀ ਯੋਗ ਇਮੀਗਰੇਸ਼ਨ ਅਰਜ਼ੀ ਪਾਈ ਜਾ ਸਕੇ। ਜਿਸ ਬਾਰੇ ਉਸ ਨੇ ਇਲਾਕੇ ਦੇ ਐਮ ਪੀ ਨੂੰ ਵੀ ਖ਼ਤ ਲਿਖ ਕੇ ਪੁੱਛਿਆ ਸੀ ਕਿ ਉਸ ਦੀ ਅਰਜ਼ੀ ਬਾਰੇ ਕੀ ਹੋਇਆ। ਜਦ ਕਿ ਉਸ ਨੂੰ ਪਤਾ ਲੱਗਿਆ ਸੀ ਕਿ ਉਸ ਦੀ ਅਰਜ਼ੀ ਕਿਸੇ ਰਿਕਾਰਡ ਵਿਚ ਨਹੀਂ ਸੀ।
ਅਦਾਲਤ ਨੇ ਇਸ ਮਾਮਲੇ ਵਿਚ ਗੁਲ ਨੂੰ 8 ਮਹੀਨੇ ਕੈਦ ਦੀ ਸਜ਼ਾ ਸੁਣਾਈ। ਜਿਸ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਡਿਪੋਰਟ ਕਰ ਦਿੱਤਾ ਜਾਵੇਗਾ। ਉਸ ਦੀ ਲਾੜੀ ਹੋਰਵਾਟੋਵਾ ਨੂੰ
ਪਹਿਲਾਂ ਇਕ ਸੁਣਵਾਈ ਦੌਰਾਨ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਦ ਕਿ ਅਖਤਰ ਨੂੰ ਪੰਜ ਸਾਲ ਲਈ ਜੇਲ੍ਹ ਭੇਜਿਆ ਜਾ ਚੁੱਕਾ । ਇਹ ਦੋਵੇਂ ਜਾਅਲੀ ਵਿਆਹ
ਕਰਵਾਉਣ ਵਾਲੇ ਗ੍ਰੋਹ ਦੇ ਮੁੱਖ ਕਰਿੰਦੇ ਮੰਨੇ ਗਏ ਹਨ।

You can leave a response, or trackback from your own site.

Leave a Reply

Powered By Indic IME