ਐਡਿਨਬਰਾ ਦੀ ਰੋਜ਼ਦੀਪ ਕੁਲਾਰ ਨੂੰ ਆਪਣੇ ਤਿੰਨ ਸਾਲਾ ਬੱਚੇ ਨੂੰ ਕੁੱਟ ਕੁੱਟ ਕੇ ਮਾਰ ਦੇਣ ਦੇ ਦੋਸ਼ ਤਹਿਤ 11 ਸਾਲ ਦੀ ਸਜ਼ਾ ਸੁਣਾਈ ਗਈ

ਐਡਿਨਬਰਾ – ਆਪਣੇ 3 ਸਾਲਾ ਪੁੱਤਰ ਮਿਕਾਈਲ ਕੁਲਾਰ ਦੇ ਕਤਲ ਕੇਸ ਸਬੰਧੀ ਉਸ ਦੀ ਮਾਂ 34 ਸਾਲਾ ਰੋਜ਼ਦੀਪ ਅਦੀਕੋਆ ਨੂੰ ਸਥਾਨਕ ਅਦਾਲਤ ਨੇ 11 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਵਿਚ ਦੱਸਿਆ ਗਿਆ ਕਿ ਰੋਜ਼ਦੀਪ ਕੁਲਾਰ ਉਰਫ ਰੋਜ਼ਦੀਪ ਅਦੀਕੋਆ ਨੇ ਆਪਣੇ ਤਿੰਨ ਸਾਲਾ ਬੇਟੇ ਨੂੰ 12 ਤੋਂ 15 ਜਨਵਰੀ 2014 ਦਰਮਿਆਨ 3 ਦਿਨ ਲਗਾਤਾਰ ਕੁੱਟਿਆ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਉਸ ਦੀ ਲਾਸ਼ ਨੂੰ ਇਕ ਸੂਟਕੇਸ ਵਿਚ ਪਾ ਕੇ 20 ਮੀਲ ਦੂਰ ਕਿਰਕੈਲਡੀ ਫੀਫੇ ਵਿਖੇ ਆਪਣੀ ਭੈਣ ਦੇ ਘਰ ਦੇ ਪਿਛਵਾੜੇ ਦੱਬ ਆਈ ਸੀ। ਅਦਾਲਤ ਵਿਚ ਇਹ ਵੀ ਦੱਸਿਆ ਗਿਆ ਕਿ ਰੋਜ਼ਦੀਪ ਨੇ ਪੁਲਿਸ ਕੋਲ ਆਪਣੇ ਬੇਟੇ ਦੇ ਗੁੰਮ ਹੋਣ ਦੀ ਰਿਪੋਰਟ ਦਿੱਤੀ। ਪਰ ਸਥਾਨਕ ਲੋਕਾਂ ਦੀ ਮੱਦਦ ਨਾਲ ਪੁਲਿਸ ਨੇ 20 ਮੀਲ ਦੇ ਇਲਾਕੇ ਦੀ ਤਲਾਸ਼ ਕਰਨ ਤੋਂ ਬਾਅਦ ਮਿਕਾਈਲ ਕੁਲਾਰ ਦੀ ਲਾਸ਼ ਇਕ ਸੂਟਕੇਸ ਵਿੱਚੋਂ ਪ੍ਰਾਪਤ ਕੀਤੀ। ਜੱਜ ਲੌਰਡ ਗਲੀਨੀ ਨੇ ਸਜ਼ਾ ਸੁਣਾਉਂਦੇ ਰੋਜ਼ਦੀਪ ਨੂੰ ਕਿਹਾ ਕਿ ‘ਉਸ ਨੇ ਜੋ ਕੀਤਾ ਬਹੁਤ ਹੀ ਨਿਰਦਈ ਅਤੇ ਨਾ ਬਖ਼ਸਣਯੋਗ ਹੈ, ਤੂੰ ਮਿਕਾਈਲ ਦੀ ਜ਼ਿੰਦਗੀ ਹੀ ਨਹੀਂ ਖੋਹੀ, ਬਲਕਿ ਉਸ ਦੇ ਚਾਹੁਣ ਵਾਲਿਆਂ ਦੀ ਜ਼ਿੰਦਗੀ ਵਿਚ ਵੱਡਾ ਪਾੜਾ ਪਾਇਆ ਹੈ।
ਕਿਸੇ ਬੱਚੇ ਨੂੰ ਇਕ ਵਾਰ ਮਾਰਨਾ (ਚੋਟ ਪਹੁੰਚਾਉਣੀ) ਬੁਰੀ ਗੱਲ ਹੈ, ਲੇਕਿਨ ਉਸ ਨੂੰ ਵਾਰ–ਵਾਰ ਕੁੱਟਣਾ, ਥੱਪੜ ਅਤੇ ਘਸੁੰਨ ਮਾਰਨੇ ਜਦੋਂ ਕਿ ਉਹ ਬਿਮਾਰ ਹੈ, ਹੋਰ ਵੀ ਮਾੜੀ ਗੱਲ ਹੈ।’ ਉਸ ਨੇ ਇਹ ਵੀ ਕਿਹਾ ਕਿ ਬੱਚਿਆਂ ਪ੍ਰਤੀ ਭਾਵੇਂ ਉਸ ਦਾ ਮਾੜਾ ਰਿਕਾਰਡ ਨਹੀਂ ਪਰ ਇਹ ਸਮਝ ਨਹੀਂ ਆਉਂਦੀ ਕਿ ਉਸ ਨੇ ਅਜਿਹਾ ਕਿਉਂ ਕੀਤਾ। ਐਡਿਨਬਰਾ ਅਦਾਲਤ ਨੇ ਰੋਜ਼ਦੀਪ ਕੁਲਾਰ ਉਰਫ ਰੋਜ਼ਦੀਪ ਅਦੀਕੋਆ ਨੂੰ ਆਪਣੇ ਹੀ ਬੇਟੇ ਦੀ ਮਾਨਵਹੱਤਿਆ ਦੇ ਦੋਸ਼ ਵਿਚ 11 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਪੰਜ ਬੱਚਿਆਂ ਦੀ ਮਾਂ ਰੋਜ਼ਦੀਪ ਵਲੋਂ ਆਪਣੇ ਇਕ ਬੱਚੇ ਦੀ ਮਾਨਵਹੱਤਿਆ ਦੇ ਦੋਸ਼ ਦਾ ਇਕਬਾਲ ਕਰ ਲੈਣ ਕਰਕੇ ਉਸ ਨੂੰ ਕਤਲ ਦੀ ਕਾਰਵਾਈ ਤੋਂ ਬਖਸ਼ ਦਿੱਤਾ, ਜਿਸ ਦੇ ਲਈ ਵੱਧ ਤੋਂ ਵੱਧ 35 ਸਾਲ ਤੱਕ ਦੀ ਕੈਦ ਹੋ ਸਕਦੀ ਸੀ। ਹੁਣ ਉਹ ਕੇਵਲ 7 ਸਾਲ ਕੈਦ ਵਿਚ ਰਹੇਗੀ।
ਇਸ ਦੌਰਾਨ ਸਥਾਨਕ ਲੋਕਾਂ ਨੇ ਰੋਜ਼ਦੀਪ ਦੇ ਖਿਲਾਫ ਕਤਲ ਦੀ ਕਾਰਵਾਈ ਕੀਤੇ ਜਾਣ ਅਤੇ ਉਸ ਦੇ ਦੋਸ਼ ਨੂੰ ਗੰਭੀਰ ਦੱਸਦਿਆਂ ਉਸ ਨੂੰ ਲੰਮੇ ਸਮੇਂ ਲਈ ਜੇਲ੍ਹ ਭੇਜੇ ਜਾਣ ਦੀ ਮੰਗ ਕੀਤੀ ਸੀ। ਇਸ ਮਾਮਲੇ ਸਬੰਧੀ ਮਿਕਾਈਲ ਅਤੇ ਉਸ ਦੀ ਜੁੜਵਾਂ ਭੈਣ ਦੇ ਪਿਤਾ ਜ਼ਾਹਿਦ ਸਈਅਦ ਨੇ ਵੀ ਰੋਜ਼ਦੀਪ ਨੂੰ ਕਤਲ ਦੀ ਕਾਰਵਾਈ ਦਾ ਸਾਹਮਣਾ ਕਰਨ ਦੀ ਮੰਗ ਕੀਤੀ ਸੀ। ਪਰ ਅਦਾਲਤ ਵਿਚ ਜ਼ਾਹਿਦ ਦੀ ਇਸ ਕਰਕੇ ਆਲੋਚਨਾ ਕੀਤੀ ਗਈ ਕਿ ਉਹ ਮਿਕਾਈਲ ਅਤੇ ਉਸ ਦੀ ਜੌੜੀ ਭੈਣ ਨੂੰ ਕੇਵਲ ਤਿੰਨ ਵਾਰ ਮਿਲਿਆ। ਫੀਫੇ ਵਿਚ ਇਕ ਖਾਨਸਾਮੇ ਵਜੋਂ ਕੰਮ ਕਰਦੇ ਜ਼ਾਹਿਦ ਨੇ ਨਾ ਕਦੇ ਬੱਚਿਆਂ ਨੂੰ ਜਨਮ ਦਿਨ ਦਾ ਕਾਰਡ ਭੇਜਿਆ ਅਤੇ ਨਾ ਹੀ ਉਨ੍ਹਾਂ ਦੀ ਕੋਈ ਵਿੱਤੀ ਸਹਾਇਤਾ ਕੀਤੀ ਸੀ।
ਇਹ ਵੀ ਪਤਾ ਚੱਲਿਆ ਕਿ ਰੋਜ਼ਦੀਪ ਨੇ ਆਪਣੀ ਮਾਂ ਅਤੇ ਪਰਿਵਾਰ ਵਲੋਂ ਪ੍ਰਵਾਨਗੀ ਤੋਂ ਬਗੈਰ ਹੀ ਜ਼ਾਹਿਦ ਨਾਲ ਰਿਸ਼ਤਾ ਸਥਾਪਤ ਕੀਤਾ ਸੀ। ਇਹ ਵੀ ਸਮਝਿਆ ਜਾ ਰਿਹਾ  ਕਿ ਜ਼ਾਹਿਦ ਵਲੋਂ ਹੁਣ ਮਿਕਾਈਲ ਦੀ ਜੌੜੀ ਭੈਣ ਦੀ ਕਸਟੱਡੀ ਲਈ ਕੇਸ ਕੀਤਾ ਜਾ ਰਿਹਾ ।

You can leave a response, or trackback from your own site.

Leave a Reply

Powered By Indic IME